Wednesday, February 21, 2024

ਸ਼ੁਭਕਰਨ ਦੀ ਸ਼ਹਾਦਤ: 23 ਫਰਵਰੀ ਨੂੰ ਦੇਸ਼ ਭਰ ਵਿੱਚ ਕਾਲਾ ਦਿਨ ਮਨਾਉਣ ਦਾ ਸੱਦਾ

21st February 2024 at 21:50

ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਸਰਕਾਰੀ ਜਬਰ ਦੀ ਤਿੱਖੀ ਨਿਖੇਧੀ 


ਲੁੁਧਿਆਣਾ: 21 ਫਰਵਰੀ 2024: (ਐਮ.ਐਸ.ਭਾਟੀਆ//ਕਾਮਰੇਡ ਸਕਰੀਨ ਡੈਸਕ)::

ਕਿਸਾਨ ਅੰਦੋਲਨ ਦਾ ਦੂਜਾ ਅਧਿਆਇ ਵੀ ਪਹਿਲਾਂ ਵਾਂਗ ਤਿੱਖਾ ਹੁੰਦਾ ਜਾ ਰਿਹਾ ਹੈ। ਨੌਜਵਾਨ ਕਿਸਾਨ ਸ਼ੁਭ ਕਰਮਨ ਦੀ ਸ਼ਹਾਦਤ ਨੇ ਇਸ ਅੰਦੋਲਨ ਵਿੱਚ ਨਵੀ ਜਾਂ ਪਾ ਦਿੱਤੀ ਹੈ। ਉਮਰ ਸਿਰਫ 23 ਸਾਲ ਪਰ ਉਹ ਆਪਣੇ ਦਰਦ ਅਤੇ ਆਪਣੇ ਦਰਦ ਨੂੰ ਵੱਖਰੀਆਂ ਸਹਿਣ ਦੀ ਬਜਾਏ ਦੇਸ਼ ਅਤੇ ਦੁਨੀਆ ਦੀ ਕਿਸਾਨੀ ਦੇ ਦਰਦ ਨਾਲ ਇੱਕ ਕਰਕੇ ਪਛਾਣਦਾ ਰਿਹਾ। ਉਹ ਕਿਸਾਨ ਅੰਦੋਲਨ ਦੇ ਪਹਿਲੇ ਅਧਿਆਏ ਦੌਰਾਨ ਵੀ ਸਰਗਰਮ ਸੀ ਅਤੇ ਹੁਣ ਪੂਰੇ ਜੋਸ਼ ਵਿਚ ਆਇਆ। ਉਸਦੇ ਸਰ ਵਿਚ ਮਾਰੀ ਗਈ ਗੋਲੀ ਨੇ ਜਾਂ ਲੈ ਲਈ। ਕੇਂਦਰੀ ਟਰੇਡ ਯੂਨੀਅਨਾਂ ਦੇ ਪਲੇਟਫਾਰਮ ਨੇ ਇਸਦਾ ਗੰਭੀਰ ਨੋਟਿਸ ਲਿਆ ਅਤੇ ਅੱਜ 21 ਫਰਵਰੀ 2024 ਨੂੰ ਹੇਠ ਲਿਖਿਆ ਬਿਆਨ ਜਾਰੀ ਕੀਤਾ। 

ਇਹਨਾਂ ਟਰੇਡ ਯੂਨੀਅਨਾਂ ਨੇ ਨੌਜਵਾਨ ਕਿਸਾਨ ਦੀ ਬੇਰਹਿਮੀ ਨਾਲ ਹੱਤਿਆ ਅਤੇ ਦਰਜਨਾਂ ਦੇ ਜ਼ਖਮੀ ਹੋਣ ਦੀ ਵੀ ਸਖ਼ਤ ਨਿੰਦਾ ਕੀਤੀ। ਇਸਦੇ ਨਾਲ ਹੀ ਇਸ ਨੌਜਵਾਨ ਕਿਸਾਨ ਦੀ ਸ਼ਹਾਦਤ ਦੇ ਖਿਲਾਫ ਦੇਸ਼ ਵਿਆਪੀ ਰੋਸ ਦਾ ਵੀ ਸੱਦਾ ਦਿੱਤਾ। ਇਸ ਨੌਜਵਾਨ ਦੀ ਆਪਣੇ ਹੀ ਦੇਸ਼ ਦੀ ਸਰਕਾਰ ਵੱਲੋਂ ਕੀਤੀ ਗਈ ਹੱਤਿਆ ਨਾਲ ਪੈਦਾ ਹੋਏ ਗਮ ਅਤੇ ਗੁੱਸੇ ਨੂੰ ਸੇਧ ਦੇਂਦੀਆਂ ਇਹਨਾਂ ਮਜ਼ਦੂਰ ਸੰਗਠਨਾਂ ਨੇ 23 ਫਰਵਰੀ ਨੂੰ ਕਾਲੇ ਦਿਨ ਵੱਜੋਂ ਮਨਾਉਣ ਦਾ ਸੱਦਾ ਦਿੱਤਾ ਹੈ। 

ਕੇਂਦਰੀ ਟਰੇਡ ਯੂਨੀਅਨਾਂ ਦਾ ਇਹ ਮੰਚ ਅੱਜ ਹਰਿਆਣਾ ਪੁਲਿਸ ਅਤੇ ਕੇਂਦਰੀ ਬਲਾਂ ਵੱਲੋਂ ਖਨੌਰੀ ਅਤੇ ਸ਼ੰਭੂ ਸਰਹੱਦਾਂ 'ਤੇ ਕਿਸਾਨਾਂ 'ਤੇ ਬੇਰਹਿਮ ਅਤੇ ਬਿਨਾਂ ਭੜਕਾਹਟ ਦੇ ਧੱਕੇਸ਼ਾਹੀ ਅਤੇ ਜ਼ੁਲਮ ਦੀ ਸਖ਼ਤ ਨਿਖੇਧੀ ਕਰਦਾ ਹੈ। ਇੱਕ ਨੌਜਵਾਨ ਦੀ ਜਾਨ ਚਲੀ ਗਈ। ਸ਼ੁਭਕਰਨ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਬੱਲੋ ਪਿੰਡ ਦੀ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ ਅਤੇ ਖਨੌਰੀ ਅਤੇ ਸ਼ੰਭੂ ਸਰਹੱਦ 'ਤੇ ਦਰਜਨਾਂ ਕਿਸਾਨ ਜ਼ਖਮੀ ਹੋ ਗਏ। ਕਿਸਾਨਾਂ 'ਤੇ  ਲਾਠੀਚਾਰਜ, ਪਲਾਸਟਿਕ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਵਰਤੇ ਗਏ ਹਨ, ਜਿਨ੍ਹਾਂ ਦਾ ਕਸੂਰ ਇਹ ਹੈ ਕਿ ਉਹ ਸਰਕਾਰ ਤੋਂ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਿਸ ਲੈਣ ਸਮੇਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਕਰਨ ਲਈ ਦੇਸ਼ ਦੀ ਰਾਜਧਾਨੀ ਪਹੁੰਚਣਾ ਚਾਹੁੰਦੇ ਸਨ। ਖੇਤੀ ਕਾਨੂੰਨਾਂ ਦੇ ਆਧਾਰ 'ਤੇ ਉਨ੍ਹਾਂ ਨੇ ਦਿੱਲੀ ਦੀਆਂ ਸਰਹੱਦਾਂ ਤੋਂ ਆਪਣਾ ਵਿਰੋਧ ਵੀ ਉਠਾਇਆ ਸੀ। ਉਹਨਾਂ ਕਦੇ ਨਹੀਂ ਸੋਚਿਆ ਸੀ ਕਿ ਮੋਦੀ ਸਰਕਾਰ ਆਪਣੇ ਹੀ ਵਾਅਦੇ ਪੂਰੇ ਕਰਨ ਤੋਂ ਪਿਛੇ ਹਟ ਜਾਏਗੀ। 

16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ, ਸੁਤੰਤਰ ਫੈਡਰੇਸ਼ਨਾਂ/ਐਸੋਸੀਏਸ਼ਨਾਂ ਦੇ ਪਲੇਟਫਾਰਮ ਦੁਆਰਾ ਉਦਯੋਗਿਕ/ਖੇਤਰੀ ਹੜਤਾਲ ਅਤੇ ਗ੍ਰਾਮੀਣ ਭਾਰਤ ਬੰਦ ਦੇ ਨਾਲ ਦੇਸ਼ ਵਿਆਪੀ ਜਨ ਲਾਮਬੰਦੀ ਲਈ ਦਿੱਤੇ ਗਏ ਸਾਂਝੇ ਸੱਦੇ ਲਈ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਵਧਾਈ ਦਿੰਦੇ ਹੋਏ ਨੋਟ ਕਰਦੇ ਹਾਂ ਕਿ ਅੰਦੋਲਨ ਦੀ ਇਸ ਸਫਲਤਾ ਨੇ ਕੇਂਦਰ ਵਿਚਲੇ ਹਾਕਮਾਂ ਨੂੰ ਘਬਰਾਹਟ ਵਿਚ ਪਾ ਦਿੱਤਾ ਹੈ। ਕੇਂਦਰ ਵਿੱਚ ਸੱਤਾਧਾਰੀ ਅਤੇ ਰਾਜਾਂ ਵਿੱਚ ਸੱਤਾਧਾਰੀ ਉਨ੍ਹਾਂ ਦੀ ਪਾਰਟੀ ਕਿਸੇ ਵੀ ਵਿਰੋਧੀ ਧਿਰ ਨੂੰ ਕੁਚਲਣ ਲਈ ਹਰ ਤਰ੍ਹਾਂ ਦੀ ਸਾਜ਼ਿਸ਼ ਰਚ ਰਹੀ ਹੈ ਅਤੇ ਹਰ ਤਰ੍ਹਾਂ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਕਰਨ ਲਈ ਤੁਲੀ ਹੋਈ ਹੈ।

ਅਸੀਂ ਸਮੂਹ ਖੇਤਰ ਦੀਆਂ ਜਥੇਬੰਦ ਅਤੇ ਅਸੰਗਠਿਤ ਜਥੇਬੰਦੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ 23 ਫਰਵਰੀ ਨੂੰ ਕਾਲੇ ਦਿਵਸ ਵਜੋਂ ਮਨਾਉਣ ਅਤੇ ਦੇਸ਼ ਵਿਆਪੀ ਰੋਸ ਮੁਜ਼ਾਹਰੇ ਕਰਨ, ਕਾਲੇ ਬਿੱਲੇ ਲਗਾ ਕੇ, ਦੁਪਹਿਰ ਦੇ ਖਾਣੇ ਦੇ ਸਮੇਂ ਦੇ ਧਰਨੇ, ਰੋਸ ਧਰਨੇ, ਜਲੂਸ, ਟਾਰਚ ਲਾਈਟ/ਮੋਮਬੱਤੀ ਦੀ ਰੋਸ਼ਨੀ ਦੇ ਵਿਰੋਧ ਵਿੱਚ ਜਿਸ ਵੀ ਰੂਪ ਵਿੱਚ ਉਹ ਆਪਣੇ ਦੁੱਖ ਦਾ ਪ੍ਰਗਟਾਵਾ ਕਰ ਸਕਦੇ ਹਨ ਕਰਨ।  

ਇਸ ਦੌਰਾਨ ਅਸੀਂ ਸਮੇਂ ਦੇ ਨਾਲ ਵਿਕਸਤ ਹੋਈ ਮਜ਼ਦੂਰ-ਕਿਸਾਨ ਏਕਤਾ ਨੂੰ ਜਾਰੀ ਰੱਖਣ ਲਈ ਦੁਹਰਾਉਂਦੇ ਹਾਂ ਅਤੇ ਇਸ ਮਜ਼ਦੂਰ ਵਿਰੋਧੀ, ਕਿਸਾਨ-ਵਿਰੋਧੀ ਅਤੇ ਦੇਸ਼-ਵਿਰੋਧੀ ਨੀਤੀਆਂ ਨੂੰ ਹੱਲਾਸ਼ੇਰੀ ਦੇਣ ਵਾਲੀ ਇਸ ਸਰਕਾਰ ਦਾ ਮੁਕਾਬਲਾ ਕਰਨ ਲਈ ਐਸਕੇਐਮ ਵੱਲੋਂ ਭਵਿੱਖ ਵਿੱਚ ਦਿੱਤੇ ਗਏ ਕਿਸੇ ਵੀ ਸੱਦੇ ਨਾਲ ਇੱਕਮੁੱਠ ਹੋ ਕੇ ਕਾਰਵਾਈ ਕਰਾਂਗੇ।

ਹੁਣ ਦੇਖਣਾ ਹੈ ਕਿ ਸਮੇਂ ਦੇ ਨਾਲ ਵਿਕਸਿਤ ਹੋਈ ਕਿਸਾਨ ਮਜ਼ਦੂਰ ਏਕਤਾ ਦੇਸ਼ ਅਤੇ ਦੁਨੀਆ ਨੂੰ ਪੂੰਜੀਵਾਦ ਦੇ ਗਲਬੇ ਚੋਣ ਮੁਕਤ ਕਰਨ ਕਰਾਉਣ ਲਈ ਕਿੰਨੀ ਜਲਦੀ ਕੋਈ ਵੱਡਾ ਐਕਸ਼ਨ ਕਰਦੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Friday, February 16, 2024

ਭਾਰਤ ਬੰਦ ਨੇ ਦਿਖਾਇਆ ਦੇਸ਼ ਅਤੇ ਦੁਨੀਆ ਨੂੰ ਲੋਕ ਸ਼ਕਤੀ ਦਾ ਜੋਸ਼ ਅਤੇ ਜਲਵਾ

Friday 16th February 2024 at 4:43 PM

ਭਾਰਤ ਬੰਦ ਨੇ ਮੋਦੀ ਸਰਕਾਰ ਦੇ ਖਿਲਾਫ ਰੋਹ ਅਤੇ ਰੋਸ ਨੂੰ ਸਾਹਮਣੇ ਲਿਆਂਦਾ 


ਲੁਧਿਆਣਾ: 16 ਫਰਵਰੀ 2024: (ਮੀਡੀਆ ਲਿੰਕ//ਕਾਮਰੇਡ ਸਕਰੀਨ ਡੈਸਕ)::

ਭਾਰਤ ਬੰਦ ਦਾ ਅਸਰ ਤਕਰੀਬਨ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਵੇਰ ਤੋਂ ਸ਼ਾਮ ਤੱਕ ਦੇਖਣ ਨੂੰ ਮਿਲਿਆ। ਇਸ ਭਾਰਤ ਬੰਦ ਦਾ ਅਸਰ ਲੁਧਿਆਣਾ, ਮੋਹਾਲੀ, ਮਾਨਸਾ, ਫਰੀਦਕੋਟ, ਖਰੜ, ਜਲੰਧਰ ਕਈ ਥਾਵਾਂ 'ਤੇ ਤਾਂ ਬਹੁਤ ਹੀ ਜ਼ੋਰਦਾਰ ਰਿਹਾ। ਇਸ ਬੰਦ ਦਾ ਮਕਸਦ ਅਤੇ ਸੁਨੇਹਾ ਇੱਕ ਇੱਕ ਘਰ ਤੱਕ ਪਹੁੰਚਿਆ ਲੱਗ ਰਿਹਾ ਸੀ। ਲੋਕਾਂ ਨੇ ਆਪਣੇ ਕਾਰੋਬਾਰੀ ਅਦਾਰੇ ਬੰਦ ਕਰਕੇ ਦੇਖਣ ਨੂੰ ਮਿਲਿਆ। ਸੜਕਾਂ ਤੇ ਚਲਦਿਆਂ ਮੱਧ ਵਰਗੀ ਦੁਕਾਨਾਂ ਦੇ ਕਾਰੋਬਾਰੀ ਆਪੋ ਆਪਣੀਆਂ ਦੁਕਾਨਾਂ ਬੰਦ ਕਰਕੇ ਉਹਨਾਂ ਦੇ ਬਾਹਰ ਸਟੂਲ ਕੁਰਸੀਆਂ ਡਾਹ ਕੇ ਬੈਠੇ ਸਨ। ਇਹ ਲੋਕ ਵੀ ਬੰਦ ਦੀ ਹਮਾਇਤ ਕਰਦੇ ਹੋਏ ਰਾਹ ਜਾਂਦੇ ਲੋਕਾਂ ਨੂੰ ਬੰਦ ਸਫਲ ਬਣਾਉਣ ਲਈ ਪ੍ਰੇਰ ਰਹੇ ਸਨ। ਜਿਹੜੇ ਲੋਕ ਧਰਨਿਆਂ ਅਤੇ ਰੈਲੀਆਂ ਵਾਲਿਆਂ ਥਾਂਵਾਂ ਦੇ ਨਜ਼ਦੀਕ ਸਨ ਉਹ ਬੜੇ ਧਿਆਨ ਨਾਲ ਬੁਲਾਰਿਆਂ ਨੂੰ ਸੁਣ ਰਹੇ ਸਨ। ਜਿੱਥੇ ਜਿੱਥੇ ਨਾਕੇ ਕਿਸਾਨ ਮਜ਼ਦੂਰ ਨਾਕੇ ਲੱਗੇ ਹੋਏ ਸਨ ਉਥੋਂ ਲੰਘਦੇ ਮੁੰਡੇ ਕੁੜੀਆਂ ਬਹੁਤ ਹੀ ਧਿਆਨ ਅਤੇ ਸਨਮਾਣ ਨਾਲ ਆਪੋ ਆਪਣੇ ਮੋਬਾਈਲ ਨਾਲ ਧਰਨੇ ਦੀਆਂ ਵੀਡੀਓ ਬਣਾ ਕੇ ਆਪਣੇ ਦੂਰ ਦੁਰਾਡੇ ਰਹਿੰਦੇ ਜਾਣਕਾਰਾਂ ਤੱਕ ਭੇਜ ਰਹੇ ਸਨ। 

ਰਸਤੇ ਵਿੱਚ ਸੜਕਾਂ ਤੇ ਕਰਫਿਊ ਵਰਗੀ ਸੁੰਨਸਾਨ ਸੀ। ਇਸਦੇ ਬਾਵਜੂਦ ਕਿਸਾਨਾਂ ਮਜ਼ਦੂਰਾਂ ਦੇ ਵਾਲੰਟੀਅਰ ਮੈਡੀਕਲ ਲੋੜਾਂ ਅਤੇ ਹੋਰ ਜ਼ਰੂਰੀ ਕੰਮਾਂ ਲਈ ਘਰੋਂ ਨਿਕਲੇ ਲੋਕਾਂ ਨੂੰ ਸਹਾਇਤਾ ਦੇਂਦੇ ਹੋਏ ਦਿੰਦੇ ਰਸਤਿਆਂ ਦਾ ਦਿਸ਼ਾ ਨਿਰਦੇਸ਼ ਦੇ ਕੇ ਵੱਖ ਵੱਖ ਪਾਸੇ ਭੇਜ ਰਹੇ ਸਨ।  ਜਿਹੜੇ ਬਿਨਾ ਲੋੜ ਦੇ ਨਿਕਲੇ ਹੋਏ ਸਨ ਉਹਨਾਂ ਦੀਆਂ ਗੱਡੀਆਂ ਨੇੜਲੇ ਕੱਟ ਤੋਂ ਯੂ ਤਰਨ ਕਰਵਾ ਕੇ ਵਾਪਿਸ ਭੇਜੀਆਂ ਜਾ ਰਹੀਆਂ ਸਨ।  ਧਰਨਿਆਂ ਅਤੇ ਰੈਲੀਆਂ ਵਾਲਿਆਂ ਥਾਂਵਾਂ 'ਤੇ ਪਾਣੀ, ਚਾਹ, ਬਿਸਕੁਟ, ਚਿਪਸ ਅਤੇ ਲੰਗਰਾਂ ਦੇ ਵੀ ਪ੍ਰਬੰਧ ਸਨ। ਟਰੈਕਟਰਾਂ, ਟਰਾਲੀਆਂ ਅਤੇ ਵੱਡੇ ਟਰਾਲਿਆਂ ਨਾਲ ਸੜਕਾਂ ਤੇ ਨਾਕੇ ਲਗਾ ਕੇ ਉਸ ਟਰੈਫਿਕ ਨੂੰ ਰੋਕਿਆ ਵੀ ਜਾ ਰਿਹਾ ਸੀ ਜਿਹੜਾ ਭਾਰਤ ਬੰਦ ਦੀ ਗੰਭੀਰਤਾ ਨੂੰ ਨਹੀਂ ਸੀ ਸਮਝ ਰਿਹਾ। 

ਇਸ  ਭਾਰਤ ਬੰਦ ਦੌਰਾਨ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਨਾਦਰਸ਼ਾਹੀ ਵਿਹਾਰ ਦੇ ਵਿਰੁੱਧ ਲੋਕ ਖੁੱਲ੍ਹ ਕੇ ਆਏ ਸੜਕਾਂ 'ਤੇ ਆਏ। ਵੱਖ ਵੱਖ ਥਾਂਵਾਂ ਤੇ ਹੋਈਆਂ ਰੈਲੀਆਂ ਦੌਰਾਨ ਬੁਲਾਰਿਆਂ ਨੇ 

ਕਿਸਾਨ ਅੰਦੋਲਨ ਨਾਲ ਸਰਕਾਰ ਦੇ ਵਤੀਰੇ ਦੀ ਸਖਤ ਨਿਖੇਧੀ ਕੀਤੀ। ਕਿਸਾਨਾਂ ਤੇ ਮਜ਼ਦੂਰਾਂ ਤੇ ਅੱਤਿਆਚਾਰ ਦੀ ਪੁਰਜ਼ੋਰ ਨਿੰਦਾ ਕਰਦਿਆਂ ਇਸ ਨੂੰ ਮੰਦਭਾਗਾ ਦੱਸਿਆ ਗਿਆ। 

ਇਸਦੇ ਨਾਲ ਹੀ ਚੋਣ ਬਾਂਡ ਨੂੰ ਖਤਮ ਕਰਨ ਵਾਲੇ ਸੁਪਰੀਮ ਕੋਰਟ ਦੇ ਫੈਸਲੇ ਦੀ ਪ੍ਰਸੰਸਾ ਕੀਤੀ ਗਈ ਅਤੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਇਹ ਫੈਸਲਾ ਮੋਦੀ ਸਰਕਾਰ ਦੇ ਕਾਰਪੋਰੇਟ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਦਾ ਹੈ ਇਸ ਲਈ ਇਹ ਹੋਣਾ ਹੀ ਚਾਹੀਦਾ ਸੀ। 

ਮਜ਼ਦੂਰ ਕਿਸਾਨ ਏਕਤਾ ਦੇ ਗੂੰਜਦੇ ਨਾਅਰਿਆਂ ਦਰਮਿਆਨ  ਇੱਥੇ ਬੱਸ ਸਟੈਂਡ ਲੁਧਿਆਣਾ ਵਿਖੇ  ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚਾ, ਸੈਕਟੋਰਲ ਫੈਡਰੇਸ਼ਨਾਂ/ਐਸੋਸੀਏਸ਼ਨਾਂ ਵਲੋਂ ਦੇਸ਼ ਵਿਆਪੀ ਹੜਤਾਲ ਅਤੇ ਭਾਰਤ ਬੰਦ ਦੇ ਸੱਦੇ 'ਤੇ ਕੀਤੀ ਗਈ ਰੈਲੀ ਵਿਚ ਦਿੱਤੇ। ਇਹ ਸੱਦਾ ਮੋਦੀ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਮੁਲਾਜ਼ਮ ਵਿਰੋਧੀ ਕਿਸਾਨ ਵਿਰੋਧੀ ਅਤੇ ਹੱਕ ਮੰਗਦੇ ਲੋਕਾਂ ਦੇ ਉੱਪਰ ਦਮਨਕਾਰੀ ਨੀਤੀਆਂ ਵਿਰੁੱਧ ਦਿੱਤਾ ਗਿਆ ਹੈ। ਇਸ ਰੈਲੀ ਦੀ ਪ੍ਰਧਾਨਗੀ  ਐਮ ਐਸ ਭਾਟੀਆ, ਜੋਗਿੰਦਰ ਰਾਮ ਅਤੇ ਜਗਦੀਸ਼ ਚੰਦ ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। 

ਇਸ ਰੈਲੀ ਤੋਂ ਬਾਅਦ ਹਜ਼ਾਰਾਂ ਮਜ਼ਦੂਰਾਂ, ਮੁਲਾਜ਼ਮਾਂ,ਕਿਸਾਨਾਂ ਅਤੇ ਸਮਾਜ ਦੇ ਹੋਰ ਵਰਗਾਂ ਦੇ ਲੋਕਾਂ ਨੇ ਮਿੰਨੀ ਸਕੱਤਰੇਤ ਵੱਲ ਮਾਰਚ ਕੀਤਾ ਜਿਥੇ ਰੈਲੀ ਕੀਤੀ ਗਈ। ਦੋਵੇਂ ਥਾਵਾਂ ਤੇ ਕੀਤੀਆਂ ਰੈਲੀਆਂ ਨੂੰ  ਏਟਕ, ਸੀਟੂ ਅਤੇ ਸੀਟੀਯੂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਮੋਦੀ ਸਰਕਾਰ ਵੱਲੋਂ ਸ਼ੰਭੂ ਸਰਹੱਦ ’ਤੇ ਕਿਸਾਨਾਂ ’ਤੇ ਕੀਤੇ ਜਾ ਰਹੇ ਜਬਰ ਅਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਡਰੋਨਾਂ ਨਾਲ ਅੱਥਰੂ ਗੈਸ ਦੇ ਗੋਲੇ ਅਤੇ ਪਲਾਸਟਿਕ ਦੀਆਂ ਗੋਲੀਆਂ ਚਲਾਉਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਸਾਡੇ ਦੇਸ਼ ਦੇ ਸੰਵਿਧਾਨ ਵਲੋਂ ਸਾਰੇ ਨਾਗਰਿਕਾਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਅਤੇ ਵਿਰੋਧ ਦੇ ਅਧਿਕਾਰ ਦੇ ਵਿਰੁੱਧ ਹੈ। ਕੇਂਬਦਰ ਅਤੇ ਹਰਿਆਣਾ ਸਰਕਾਰ ਵੱਲੋਂ ਆਪਣੇ ਹੀ ਨਾਗਰਿਕਾਂ ਉੱਤੇ ਇਹ ਅਣਮਨੁੱਖੀ ਜ਼ੁਲਮ ਹੈ। 

ਬੁਲਾਰਿਆਂ ਨੇ ਯਾਦ ਕਰਾਇਆ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਬਿੱਲ ਵਾਪਸ ਲੈ ਲਏ ਸਨ ਤਾਂ ਅਸੀਂ ਵੀ ਅੰਦੋਲਨ ਖਤਮ ਕਰ ਦਿੱਤਾ ਸੀ ਪਰ ਹੁਣ ਸਰਕਾਰ ਕਿਸਾਨੀ ਮੰਗਾਂ 'ਤੇ ਵਚਨਬੱਧਤਾ ਨੂੰ ਪੂਰਾ ਕਰਨ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਗਈ ਹੈ। ਰੈਲੀ ਵਿੱਚ ਬੁਲਾਰਿਆਂ ਨੇ ਦੋਸ਼ ਲਾਇਆ ਕਿ ਮਜ਼ਦੂਰਾਂ ਖ਼ਿਲਾਫ਼ ਲਗਾਤਾਰ ਕਾਨੂੰਨ ਬਣਾਏ ਜਾ ਰਹੇ ਹਨ ਅਤੇ ਸਰਕਾਰ ਕਾਰਪੋਰੇਟਾਂ ਦੀ ਸੇਵਾ ਕਰਨ ’ਤੇ ਤੁਲੀ ਹੋਈ ਹੈ। 

ਇਹਨਾਂ ਨੀਤੀਆਂ ਰਾਹੀਂ ਜਿੱਥੇ ਗਰੀਬ ਲੋਕਾਂ ਨੂੰ ਰੋਜ਼ੀ-ਰੋਟੀ ਅਤੇ ਨੌਕਰੀਆਂ ਦੇ ਹੱਕ ਤੋਂ ਵਾਂਝੇ ਕੀਤਾ ਜਾ ਰਿਹਾ ਹੈ ਅਤੇ ਉਹ ਬੇਤਹਾਸ਼ਾ ਮਹਿੰਗਾਈ ਦੀ ਮਾਰ ਵੀ ਝੱਲ ਰਹੇ ਹਨ, ਉੱਥੇ ਕਾਰਪੋਰੇਟ ਸੈਕਟਰ ਨੂੰ ਟੈਕਸ ਕਟੌਤੀ ਦੇ ਰੂਪ ਵਿੱਚ ਉਨ੍ਹਾਂ ਵਲੋਂ ਨਾ ਚੁਕਾਏ ਗਏ ਕਰਜ਼ਿਆਂ ਨੂੰ ਐਨਪੀਏ ਕਰਾਰ ਦੇ ਕੇ ਵੱਡੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ ਜਿਸ ਦੀ ਭਰਪਾਈ ਆਮ ਲੋਕਾਂ ਤੇ ਵਾਧੂ ਟੈਕਸ ਲਾ ਕੇ ਕੀਤੀ ਜਾ ਰਹੀ ਹੈ। 

ਇਸ ਵਿਰੁੱਧ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ, ਛੋਟੇ ਤੇ ਦਰਮਿਆਨੇ ਕਾਰੋਬਾਰੀਆਂ, ਛੋਟੇ ਦੁਕਾਨਦਾਰਾਂ ਅਤੇ ਹੋਰਾਂ ਨੇ ਬਿਗਲ ਵਜਾਇਆ ਹੈ। ਅੱਜ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲੈ ਹੈ। ਇਸ ਸੱਦੇ ਦੇ ਹੁੰਗਾਰੇ ਵਿੱਚ ਹੀ ਵਿੱਚ ਹੀ ਕਿਸਾਨਾਂ ਨੇ ਹਰ ਪਿੰਡ ਵਿੱਚ ਬੰਦ ਰੱਖਿਆ ਅਤੇ ਦੇਸ਼ ਭਰ ਵਿੱਚ ਮਜ਼ਦੂਰ ਹੜਤਾਲ ’ਤੇ ਚਲੇ ਗਏ ਹਨ। ਇਸ ਭਾਰਤ ਬੰਦ ਦੀ ਸਫਲਤਾ, ਲੋਕਾਂ ਵਿੱਚ ਵੱਧ ਰਹੇ ਰੋਸ ਦਾ ਪ੍ਰਤੀਕ ਵੀ ਹੈ ਅਤੇ ਸਬੂਤ ਵੀ ਹੈ। 

ਹਰ ਮੋਰਚੇ 'ਤੇ ਫੇਲ ਹੋ ਕੇ ਸਰਕਾਰ ਵੋਟਾਂ ਬਟੋਰਨ ਲਈ ਹੁਣ ਸਮਾਜ ਨੂੰ ਫਿਰਕੂ ਲੀਹਾਂ 'ਤੇ ਵੰਡਣ ਅਤੇ ਫਿਰਕੂ ਦੰਗੇ ਕਰਵਾਉਣ ਦੀ ਖਤਰਨਾਕ ਖੇਡ ਦਾ ਵੀ ਸਹਾਰਾ ਲੈ ਰਹੀ ਹੈ। ਉਹ ਸਾਰੀਆਂ ਸੰਵਿਧਾਨਕ ਸੰਸਥਾਵਾਂ ਦੀ ਖੁਦਮੁਖਤਿਆਰੀ ਨੂੰ ਖਤਮ ਕਰਕੇ ਉਨ੍ਹਾਂ ਨੂੰ ਆਪਣੀ ਕਠਪੁਤਲੀ ਬਣਾ ਰਹੇ ਹਨ। ਦੇਸ਼ ਦਾ ਸੰਘੀ ਢਾਂਚਾ ਗੰਭੀਰ ਖ਼ਤਰੇ ਵਿੱਚ ਹੈ। ਬੁਲਾਰਿਆਂ ਨੇ ਚੋਣ ਬਾਂਡ ਸਕੀਮ ਨੂੰ ਗੈਰ-ਸੰਵਿਧਾਨਕ ਘੋਸ਼ਿਤ ਕਰਨ ਵਾਲੇ  ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਇਸ ਫੈਸਲੇ ਨੇ ਸਾਫ ਕਰ ਦਿੱਤਾ ਹੈ ਕਿ ਅਜੋਕੀ ਸਦੀ ਦੀ ਇਹ ਸਭ ਤੋਂ ਭਰਿਸ਼ਟਾਚਾਰੀ ਸਰਕਾਰ ਹੈ।

ਪ੍ਰਦਰਸ਼ਨਕਾਰੀਆਂ ਨੇ ਹੋਰਨਾਂ ਸਮੇਤ ਹੇਠ ਲਿਖੀਆਂ ਪ੍ਰਮੁੱਖ ਮੰਗਾਂ 'ਤੇ ਜ਼ੋਰ ਦਿੱਤਾ:

• ਜਨਤਕ ਖੇਤਰ ਦੇ ਉਦਯੋਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ।

• ਚਾਰ ਲੇਬਰ ਕੋਡਾਂ ਨੂੰ  ਰੱਦ ਕਰਕੇ  44 ਕਾਨੂੰਨ ਲਾਗੂ ਕੀਤੇ ਜਾਣ

•ਕਿਸਾਨਾਂ ਦੀਆਂ ਪੈਦਾਵਾਰਾਂ ਲਈ  ਐਮਐਸਪੀ@ ਸੀ2+50% ਦੇ ਫਾਰਮੂਲੇ ਅਨੁਸਾਰ ਕਾਨੂੰਨੀ ਗਾਰੰਟੀ ਅਤੇ ਖਰੀਦ ਗਾਰੰਟੀ ਪ੍ਰਦਾਨ ਕੀਤੀ ਜਾਵੇ।

•ਕਾਮਿਆਂ ਲਈ ਘੱਟੋ-ਘੱਟ ਉਜਰਤ 26000/- ਪ੍ਰਤੀ ਮਹੀਨਾ ਕੀਤੀ ਜਾਵੇ।

• ਆਂਗਨਵਾੜੀ, ਆਸ਼ਾ ਵਰਕਰ, ਮਿਡ ਡੇ ਮੀਲ ਵਰਕਰ ਅਤੇ ਹੋਰਨਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਘੱਟੋ-ਘੱਟ ਉਜਰਤ ਅਧੀਨ ਲਿਆਂਦਾ ਜਾਵੇ ਅਤੇ ਉਨਾਂ ਨੂੰ ਕਾਮਿਆਂ ਦਾ ਦਰਜਾ ਦੇ ਕੇ ਸਾਰੇ ਲਾਭ ਦਿੱਤੇ ਜਾਣ।

• ਫੌਜ ਵਿੱਚ ਅਗਨੀਪਥ ਸਕੀਮ ਅਧੀਨ ਅਗਨੀ ਵੀਰਾਂ ਦੀ ਆਰਜ਼ੀ ਭਰਤੀ ਨੂੰ ਵਾਪਸ ਲਿਆ ਜਾਵੇ ਅਤੇ ਪਹਿਲਾਂ ਵਾਂਗ ਪੱਕੀ ਭਰਤੀ ਕੀਤੀ ਜਾਵੇ।

• ਅਮੀਰ ਪੱਖੀ ਅਤੇ ਲੋਕ ਵਿਰੋਧੀ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕੀਤਾ ਜਾਵੇ।

• ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।

• ਰਿਟਾਇਰੀਆਂ ਦੀਆਂ  ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ।

• ਮੁਫਤ ਸਿਹਤ ਸਹੂਲਤ ਲਈ ਸਮੂਹ ਨਿਰਮਾਣ ਮਜ਼ਦੂਰਾਂ ਨੂੰ  ਈਐਸਆਈ ਸਕੀਮ ਅਧੀਨ ਲਿਆਂਦਾ ਜਾਵੇ।

•ਹਿੱਟ ਐਂਡ ਰਨ  ਕਾਨੂੰਨ ਲਾਗੂ ਨਾ ਕੀਤਾ ਜਾਵੇ ਅਤੇ ਸਬੰਧਤ ਧਿਰਾਂ ਨਾਲ ਗੱਲਬਾਤ ਕਰਕੇ ਹੀ ਬਣਾਇਆ ਜਾਵੇ।

• ਬਿਜਲੀ (ਸੋਧ) ਬਿੱਲ, 2022 ਵਾਪਸ ਲਿਆ ਜਾਵੇ। ਪ੍ਰੀ-ਪੇਡ ਸਮਾਰਟ ਮੀਟਰ ਨਾ ਲਗਾਏ ਜਾਣ।

• ਮਨਰੇਗਾ ਦੇ ਤਹਿਤ ਪ੍ਰਤੀ ਸਾਲ 200 ਦਿਨ ਕੰਮ ਅਤੇ 700/- ਪ੍ਰਤੀ ਦਿਨ ਦੀ ਗਰੰਟੀ।

•8 ਘੰਟੇ ਦੀ ਥਾਂ 12 ਘੰਟੇ ਦਾ ਨੋਟੀਫਿਕੇਸ਼ਨ ਤੁਰੰਤ ਰੱਦ ਕੀਤਾ ਜਾਵੇ।

•ਘੱਟੋ ਘੱਟ ਉਜਰਤ ਰਿਵਾਈਜ ਕੀਤੀ ਜਾਵੇ।

•ਈਐਸਆਈ ਵੱਲੋਂ ਪਟਿਆਲਾ ਜਾਂ ਪੀਜੀਆਈ ਚੰਡੀਗੜ੍ਹ ਦੀ ਥਾਂ ਲੁਧਿਆਣਾ ਦੇ ਹਸਪਤਾਲਾਂ ਵਿੱਚ ਹੀ ਰੈਫਰ ਕੀਤਾ ਜਾਵੇ।

• ਭੋਜਨ ਸੁਰੱਖਿਆ ਦੀ ਗਾਰੰਟੀ  ਅਤੇ ਜਨਤਕ ਵੰਡ ਪ੍ਰਣਾਲੀ ਦਾ ਵਿਸਤਾਰ ਕਰਨਾ।

• ਸਾਰੇ ਸ਼ਹੀਦ ਕਿਸਾਨਾਂ ਦੀ ਸਿੰਘੂ ਸਰਹੱਦ 'ਤੇ ਯਾਦਗਾਰ ਬਣਾਈ ਜਾਵੇ, ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਮੁੜ ਵਸੇਬਾ ਕੀਤਾ ਜਾਵੇ, ਸਾਰੇ ਬਕਾਇਆ ਕੇਸ ਵਾਪਸ ਲਏ ਜਾਣ।

• ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਰਖਾਸਤ ਕਰਕੇ ਉਸ 'ਤੇ  ਮੁਕੱਦਮਾ ਚਲਾਇਆ ਜਾਵੇ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ 2024 'ਚ ਮੁੜ ਸੱਤਾ 'ਚ ਆਉਣ ਤੋਂ ਰੋਕਣਾ ਬਹੁਤ ਜ਼ਰੂਰੀ ਹੋ ਗਿਆ ਹੈ, ਨਹੀਂ ਤਾਂ ਇਸ ਦੇਸ਼ 'ਚ ਨਾ ਸਿਰਫ ਕਿਸਾਨ ਅਤੇ ਮਜ਼ਦੂਰ ਦੇ ਹੱਕਾਂ ਦਾ ਘਾਣ ਕਰਨ ਦੀ ਨੀਤੀ ਜਾਰੀ ਰਹੇਗੀ ਸਗੋਂ ਸਰਕਾਰੀ ਜਾਇਦਾਦਾਂ ਨੂੰ ਕਾਰਪੋਰੇਟ ਸੈਕਟਰ ਦੇ ਹੱਥੀਂ ਕੌਡੀਆਂ ਦੇ ਭਾਅ ਵੇਚ ਦਿੱਤਾ ਜਾਵੇਗਾ। ਸਮਾਜ ਵਿੱਚ ਧਰਮ ਦੇ ਨਾਮ ਤੇ ਵੰਡੀਆਂ ਪੈਦਾ ਕਰਨ ਨਾਲ ਸਾਡੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੰਵਿਧਾਨ ਨੂੰ ਖਤਰਾ ਪੈਦਾ ਹੋ ਜਾਵੇਗਾ। 

ਅੱਜ ਲੁਧਿਆਣਾ ਵਾਲੀ ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਏਟਕ ਪੰਜਾਬ ਦੇ ਪ੍ਰਧਾਨ ਬੰਤ ਸਿੰਘ ਬਰਾੜ, ਸੀਟੀਯੂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮੰਗਤ ਰਾਮ ਪਾਸਲਾ, ਡੀ ਪੀ ਮੌੜ, ਸੁਖਵਿੰਦਰ ਸਿੰਘ ਲੋਟੇ, ਜਗਦੀਸ਼ ਚੰਦ, ਵਿਜੇ ਕੁਮਾਰ, ਚਮਕੌਰ ਸਿੰਘ ਬਰਮੀ, ਡਾ: ਰਜਿੰਦਰ ਪਾਲ ਸਿੰਘ ਔਲਖ, ਡਾਕਟਰ ਅਰੁਣ ਮਿਤਰਾ,  ਬਲਰਾਮ ਸਿੰਘ, ਰਾਮ ਲਾਲ,ਚਰਨ ਸਰਾਭਾ,  ਸੁਭਾਸ਼ ਰਾਨੀ, ਜੋਗਿੰਦਰ ਰਾਮ, ਤਹਿਸੀਲਦਾਰ ਯਾਦਵ, ਹਰਬੰਸ ਸਿੰਘ ਪੰਧੇਰ, ਸ਼ਮਸ਼ੇਰ ਸਿੰਘ, ਤਹਿਸੀਲਦਾਰ, ਪ੍ਰੋਫੈਸਰ ਜਗਮੋਹਨ ਸਿੰਘ ਜਮਹੂਰੀ ਅਧਿਕਾਰ ਸਭਾ,ਬਲਦੇਵ ਕ੍ਰਿਸ਼ਨ ਮੋਦਗਿਲ ਇੰਟਕ, ਮਹਿੰਦਰ ਪਾਲ ਸਿੰਘ ਮੋਹਾਲੀ ਏਟਕ, ਹਰਜਿੰਦਰ ਸਿੰਘ ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਸ਼ਾਮਲ ਸਨ।


ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, February 13, 2024

ਮੋਦੀ ਸਰਕਾਰ ਦੇ ਜਬਰ ਦਾ ਜੁਆਬ 16 ਨੂੰ ਭਾਰਤ ਬੰਦ ਕਰ ਕੇ ਦਿਓ-CPI

 Tuesday 13th February 2024 at 19:31

ਕਾਮਰੇਡਾਂ ਨੇ ਕਿਸਾਨਾਂ ਉੱਤੇ ਜਬਰ ਦਾ ਫਿਰ ਲਿਆ ਗੰਭੀਰ ਨੋਟਿਸ 


ਲੁਧਿਆਣਾ: 13 ਫਰਵਰੀ 2024: (ਐਮ ਐਸ ਭਾਟੀਆ//ਇਨਪੁਟ-ਕਾਮਰੇਡ ਸਕਰੀਨ ਡੈਸਕ)::

ਕਿਸਾਨ ਵਿਰੋਧੀ ਗੋਦੀ ਮੀਡੀਆ ਨੇ ਕਿਸਾਨਾਂ ਦੀਆਂ ਮੰਗਾਂ ਅਤੇ ਕਿਸਾਨਾਂ ਦੇ ਅੰਦੋਲਨ ਬਾਰੇ ਘਚੋਲਾ ਪਾਊ ਨੀਤੀਆਂ ਨਹੀਂ ਛੱਡੀਆਂ। ਇਸ ਮੀਡੀਆ ਨਾਲ ਜੁੜੇ ਲੋਕ ਲਗਾਤਾਰ ਕਿਸਾਨਾਂ ਬਾਰੇ ਭੰਬਲਭੂਸੇ ਫੈਲਾਉਣ ਵਿਚ ਮੋਹਰੀ ਰਹਿੰਦੇ ਹਨ। ਇਸ ਵਾਰ ਵੀ ਇਹ ਚਾਲਾਂ ਜਾਰੀ ਹਨ। ਇਹਨਾਂ ਸਾਜ਼ਿਸ਼ੀ ਵਰਤਾਰਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸੀਪੀਆਈ ਦੀ ਲੁਧਿਆਣਾ ਨੇ ਇਕਾਈ ਨੇ ਵੀ ਕਿਸਾਨਾਂ ਉੱਤੇ ਜਬਰ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਇਸਦੀ ਤਿੱਖੀ ਨਿਖੇਧੀ ਕੀਤੀ ਹੈ। 

ਇਸੇ ਦੌਰਾਨ ਉੱਘੇ ਕਾਮਰੇਡ ਲੇਖਕ ਡਾ. ਗੁਲਜ਼ਾਰ ਪੰਧੇਰ ਜਿੱਥੇ ਬਣੇ ਕਿਸਾਨਾਂ ਦੇ ਤਕਨੀਕੀ ਸਲਾਹਕਾਰ ਬਣ ਕੇ ਮੈਦਾਨ ਵਿੱਚ ਨਿੱਤਰੇ ਹਨ ਉੱਥੇ ਇੱਕ ਹੋਰ ਲੇਖਕ  ਡਾ. ਬੀ ਐਸ ਔਲਖ ਵੀ ਇੱਕ ਵਾਰ ਫਿਰ ਆਏ ਕਿਸਾਨਾਂ ਦੇ ਨਾਲ ਖੁੱਲ੍ਹ ਕੇ ਆਏ ਹਨ। ਚੇਤੇ ਰਹੇ ਕਿ ਇਹ ਉਹੀ ਡਾਕਟਰ ਔਲਖ ਹਨ ਜਿਹੜੇ ਗਊ ਹੱਤਿਆ ਅਤੇ ਈ ਵੀ ਐਮ ਮਸ਼ੀਨਾਂ ਦੀ ਖੋਜਪੂਰਨ ਹਕੀਕਤ ਬਾਰੇ ਸਨਸਨੀਖੇਜ਼ ਖੁਲਾਸੇ ਕਰਨ  ਦੇ ਮਾਮਲੇ ਵਿੱਚ ਬਹੁਤ ਵਾਰ ਚਰਚਾ ਵਿਚ ਆ  ਚੁੱਕੇ ਹਨ। 

ਅੱਜ ਸਰਕਾਰ ਦੇ ਕਿਸਾਨ ਵਿਰੋਧੀ ਰਵਈਏ ਦੇ ਖਿਲਾਫ ਸੀਪੀਆਈ ਦੇ ਲੁਧਿਆਣਾ ਯੂਨਿਟ ਦੀ ਇੱਕ ਬਹੁਤ ਹੀ ਅਹਿਮ ਮੀਟਿੰਗ  ਹੋਈ। ਪਾਰਟੀ ਨੇ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਖਿਲਾਫ ਅਪਣਾਏ ਰਵਈਏ ਦੀ ਤਿੱਖੀ  ਨਿਖੇਧੀ ਕੀਤੀ ਹੈ। ਕਿਸਾਨਾਂ ਉੱਤੇ ਸਰਕਾਰ ਦੇ ਇਸ ਜਬਰ ਜ਼ੁਲਮ ਨੂੰ ਬੇਹੱਦ ਮੰਦਭਾਗਾ ਅਤੇ ਸ਼ਰਮਨਾਕ ਦੱਸਦਿਆਂ ਕਾਮਰੇਡਾਂ ਨੇ ਕਿਹਾ ਲੋਕ ਇਸਦਾ ਮੂੰਹਤੋੜ ਜੁਆਬ ਦੇਣਗੇ। ਕਿਸਾਨਾਂ 'ਤੇ ਮੋਦੀ ਸਰਕਾਰ ਵੱਲੋਂ ਅੱਤਿਆਚਾਰ ਦਾ ਜਵਾਬ 16 ਤਰੀਕ ਨੂੰ ਭਾਰਤ ਬੰਦ ਕਰਕੇ ਦਿੱਤਾ ਜਾਏਗਾ।

ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਯੂਨਿਟ ਨੇ ਗੋਲੀ ਚਲਾਉਣ ਅਤੇ ਡਰੋਨਾ ਰਾਹੀਂ ਅਥਰੂ ਗੈਸ ਛੱਡਣ ਦੀ ਪੁਰਜੋਰ ਨਿਖੇਧੀ ਕਰਦਿਆਂ ਲੋਕ ਇੱਕ ਇੱਕ ਪਾਲ ਦਾ ਹਿਸਾਬ ਲੈਣਗੇ। ਕਿਸਾਨਾਂ ਦੇ ਖਿਲਾਫ ਜਬਰ ਹੀ ਇਸ ਕੇਂਦਰ ਸਰਕਾਰ ਦੇ ਕਫ਼ਨ ਵਿਚ ਕਿਲ ਸਾਬਿਤ ਹੋਵੇਗਾ। 

ਅੱਜ ਇਥੋਂ ਜਾਰੀ ਬਿਆਨ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੀ ਜ਼ਿਲ੍ਹਾ ਇਕਾਈ ਨੇ ਕਿਸਾਨਾਂ ਦੇ ਉੱਪਰ ਮੋਦੀ ਸਰਕਾਰ ਵੱਲੋਂ  ਬਾਰਡਰਾਂ  ਤੇ ਕੀਤੇ ਜਾ ਰਹੇ ਅੱਤਿਆਚਾਰ ਦੀ ਪੁਰਜੋਰ  ਨਿਖੇਧੀ ਕੀਤੀ ਹੈ। ਇਸ ਨੇ ਸਾਫ ਦਿਖਾ ਦਿੱਤਾ ਹੈ ਕਿ ਮੌਜੂਦਾ ਮੋਦੀ ਸਰਕਾਰ ਬਿਲਕੁਲ ਹੀ ਲੋਕ ਦੋਖੀ ਹੈ ਅਤੇ ਪਹਿਲਾਂ ਤੋਂ ਮੰਨੀਆਂ ਹੋਈਆਂ ਮੰਗਾਂ ਨੂੰ ਮੰਨਣਾ ਤਾਂ ਕੀ, ਉਲਟ ਅੰਦੋਲਨ ਕਰ ਰਹੇ ਜਾਂ ਹੱਕੀ ਮੰਗਾਂ ਲਈ ਆਵਾਜ਼ ਚੁੱਕਦੇ ਲੋਕਾਂ ਤੇ ਡਰੋਨਾ ਰਾਹੀਂ ਅੱਤਿਆਚਾਰ ਕੀਤਾ ਜਾ ਰਿਹਾ ਹੈ। 

ਸਰਕਾਰ ਵੱਡੇ ਵੱਡੇ ਪੱਥਰ ਰੱਖ ਕੇ ਰਸਤੇ ਰੋਕ ਕੇ ਲੋਕਾਂ ਲਈ ਮੁਸ਼ਕਲਾਂ ਖੜੀਆਂ ਕਰ ਰਹੀ ਹੈ। ਸੀ ਪੀ ਆਈ ਦੇ ਆਗੂਆਂ ਨੇ ਕਿਹਾ ਕਿ ਇਸ ਦੇਸ਼ ਵਿੱਚ ਲੋਕਤੰਤਰ ਹੈ ਅਤੇ ਕਿਸੇ ਨੂੰ ਵੀ ਅਮਨ ਅਮਾਨ ਤੇ ਸ਼ਾਂਤੀ ਦੇ ਨਾਲ ਆਪਣੀ ਗੱਲ ਕਹਿਣ ਤੇ ਪ੍ਰਦਰਸ਼ਨ ਕਰਨ ਦਾ ਹੱਕ ਹੈ ਪਰ ਮੌਜੂਦਾ ਮੋਦੀ ਸਰਕਾਰ ਵੱਲੋਂ ਇਹਨਾਂ ਹੱਕਾਂ ਦਾ ਵੀ ਘਾਣ ਕੀਤਾ ਜਾ ਰਿਹਾ ਹੈ। ਇਸ ਸਰਕਾਰ ਵੱਲੋਂ ਸਾਰੀਆਂ ਨੀਤੀਆਂ ਹੀ ਕਾਰਪੋਰੇਟ ਪੱਖੀ ਅਪਣਾਈਆਂ ਜਾ ਰਹੀਆਂ ਹਨ। 

ਅੱਜ ਕਿਸਾਨ ਮਜ਼ਦੂਰ ਮੁਲਾਜ਼ਮ ਛੋਟੇ ਦੁਕਾਨਦਾਰ ਅਤੇ ਸਮਾਜ ਦੇ ਅਨੇਕਾਂ ਹੋਰ ਵਰਗ ਜਿਵੇਂ ਨੌਜਵਾਨ ਵਿਦਿਆਰਥੀ, ਇਸਤਰੀਆਂ ਮੋਦੀ ਸਰਕਾਰ ਦੇ ਅੱਤਿਆਚਾਰਾਂ ਦੇ ਵਿਰੁੱਧ ਆਵਾਜ਼ ਚੁੱਕ ਰਹੇ ਹਨ। ਹਰ ਪਾਸਿਓਂ ਅਸਫਲ ਹੋਣ ਤੇ ਹੁਣ ਮੋਦੀ ਸਰਕਾਰ ਗੈਰ ਜਰੂਰੀ ਮੁੱਦਿਆਂ ਤੇ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਧਰਮ ਦੇ ਨਾਮ ਤੇ ਵੰਡੀਆਂ ਪਾ ਕੇ ਸਮਾਜ ਵਿੱਚ ਅਰਾਜਕਤਾ ਫੈਲਾ ਰਹੀ ਹੈ। ਇਸ ਦੇ ਵਿਰੋਧ ਵਿੱਚ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਨੇ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾ /ਸੈਕਟੋਰਲ  ਫੈਡਰੇਸ਼ਨਾਂ /ਐਸੋਸੀਏਸ਼ਨਾਂ ਦੇ ਬੈਨਰ ਹੇਠ 16 ਫਰਵਰੀ ਨੂੰ ਹੜਤਾਲ ਅਤੇ ਭਾਰਤ ਬੰਦ ਦਾ ਐਲਾਨ ਕੀਤਾ ਹੈ।

ਭਾਰਤੀ ਕਮਿਊਨਿਸਟ ਪਾਰਟੀ ਨੇ ਲੋਕਾਂ ਨੂੰ ਇਸ ਬੰਦ ਦਾ ਸਮਰਥਨ ਕਰਨ ਦੀ ਜੋਰਦਾਰ ਅਪੀਲ ਕੀਤੀ ਹੈ। ਬਿਆਨ ਜਾਰੀ ਕਰਨ ਵਾਲਿਆਂ ਵਿੱਚ ਕਾਮਰੇਡ ਡੀ ਪੀ ਮੌੜ, ਡਾ ਅਰੁਣ ਮਿੱਤਰਾ, ਚਮਕੌਰ ਸਿੰਘ ਬਰਮੀ, ਐਮ ਐਸ ਭਾਟੀਆ, ਡਾ ਰਜਿੰਦਰਪਾਲ ਸਿੰਘ ਔਲਖ ਸ਼ਾਮਲ ਹਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, January 29, 2024

ਏਟਕ ਭਵਨ ਦਿੱਲੀ ਵਿਖੇ ਲਾਇਆ ਗਿਆ ਲਾਲਾ ਲਾਜਪਤ ਰਾਏ ਦਾ ਬੁੱਤ

Sunday 28th January 2024 at 21:30

ਏਟਕ ਦੇ ਸੰਸਥਾਪਕ ਪ੍ਰਧਾਨ ਸਨ ਲਾਲਾ ਲਾਜਪਤ ਰਾਏ 


ਨਵੀਂ ਦਿੱਲੀ
//ਲੁੁਧਿਆਣਾ:28 ਜਨਵਰੀ 2024:(ਐਮ.ਐਸ.ਭਾਟੀਆ/ਮੀਡੀਆ ਲਿੰਕ ਰਵਿੰਦਰ/ਕਾਮਰੇਡ ਸਕਰੀਨ)::

30 ਜਨਵਰੀ ਵਾਲੇ ਦਿਨ ਅਸੀਂ ਹਰ ਸਾਲ ਮਨਾਉਂਦੇ ਹਾਂ ਮਹਾਤਮਾ ਗਾਂਧੀ ਜੀ ਦੀ ਸ਼ਹਾਦਤ ਦਾ ਦਿਨ। ਉਹਨਾਂ ਵੇਲਿਆਂ ਵਿੱਚ ਵੀ ਅਸਹਿਣਸ਼ੀਲਤਾ ਦੀ  ਸਿਖਰ ਵਰਗਾ ਹੀ ਮਾਹੌਲ ਸੀ। ਉਸ ਦਿਨ ਇਸ ਸ਼ਹਾਦਤ ਬਾਰੇ ਇੱਕ ਸ਼ਾਇਰ ਨੇ ਲਿਖਿਆ ਸੀ: ਤੀਹ ਜਨਵਰੀ ਸੰਨ ਅਠਤਾਲੀ-ਸੰਧਿਆ ਦਾ ਸੀ ਵੇਲਾ! ਡੁੱਬਾ ਸੂਰਜ ਭਾਰਤ ਮਾਂ ਦਾ ਹੋਣਾ ਨਹੀਂ ਸਵੇਲਾ!

ਸੱਚਮੁੱਚ ਅੱਜ ਤਾਈਂ ਉਹ ਸੁਪਨੇ ਸਾਕਾਰ ਨਹੀਂ ਹੋਏ। ਹਿੰਸਾ ਦੀ ਸਿਆਸਤ, ਫਿਰਕਾਪ੍ਰਸਤੀ ਦੀ ਸਿਆਸਤ ਅਤੇ ਇਸਦੇ ਨਾਲ ਹੀ ਅਸਹਿਣਸ਼ੀਲਤਾ ਵਾਲੀ ਸਿਆਸਤ ਵਿੱਚ ਲਗਾਤਾਰ ਵਾਧਾ ਜਾਰੀ ਹੈ। ਅਸੀਂ ਕਿਥੋਂ ਕਿਥੇ ਪਹੁੰਚ ਗਏ ਹਾਂ? ਕਿਹਨਾਂ ਅਸਮਾਨੀਂ ਉਚਾਈਆਂ ਦੇ ਸੁਪਨੇ ਦੇਖੇ ਸਨ ਪਰ ਦਲਦਲ ਵਾਲੀਆਂ ਕਿਹਨਾਂ ਖੱਡਾਂ ਡਿੱਗ ਪਏ  ਹਾਂ? ਕਿੱਥੇ ਜਾਣਾ ਸੀ ਪਰ ਕਿਥੇ ਪਹੁੰਚ ਗਏ ਹਾਂ?

ਹਾਲਾਤ ਬੇਹੱਦ ਚਿੰਤਾਜਨਕ ਹਨ। ਖਤਰਨਾਕ ਵੀ ਹਨ। ਆਮ ਲੋਕਾਂ ਨਾਲ ਸਬੰਧਤ ਆਰਥਿਕ ਸਮਸਿਆਵਾਂ ਲਗਾਤਾਰ ਨਜ਼ਰਅੰਦਾਜ਼ ਹੋ ਰਹੀਆਂ ਹਨ। ਹਨੇਰਾ ਵੱਧ ਰਿਹਾ। ਮੱਸਿਆ ਦੀ ਕਾਲੀ ਰਾਤ ਮਗਰੋਂ ਹੀ ਨਜ਼ਰ ਆਉਂਦਾ ਹੈ ਨਾ ਨਵਾਂ ਚੰਦਰਮਾ ਜਿਹੜਾ ਪੂਰਨਮਾਸ਼ੀ ਦਾ ਸੁਨੇਹਾ ਦੇਂਦਾ ਹੈ! ਬਸ ਹੁਣ ਉਹੀ ਉਮੀਦ ਬਾਕੀ ਬੱਚੀ ਹੈ। 

ਮੌਜੂਦਾ ਹਨੇਰੇ ਮਾਹੌਲ ਵਿੱਚ ਦੇਸ਼ ਦੀਆਂ ਲੋਕ ਪੱਖੀ ਤਾਕਤਾਂ ਨੇ ਇੱਕ ਵਾਰ ਫੇਰ ਉਹਨਾਂ ਸ਼ਖਸੀਅਤਾਂ ਤੋਂ ਉਮੀਦ ਲਾਈ ਹੈ ਜਿਹਨਾਂ ਦੇਸ਼ ਦੀ ਜਨਤਾ ਨੂੰ ਖੁਸ਼ਹਾਲੀ ਵਾਲੀ ਆਜ਼ਾਦੀ ਦੇਣ ਲਈ ਪਹਿਲਾਂ ਵੀ ਅਪਸਨਾ ਸਭ ਕੁਝ ਵਾਰ ਦਿੱਤਾ ਸੀ। ਇਹਨਾਂ ਕੁਰਬਾਨੀਆਂ ਵੇਲੇ ਵੀ ਉਹਨਾਂ ਸ਼ਹੀਦਾਂ ਨੇ ਬਹੁਤ ਸਾਰੇ ਸੁਪਨੇ ਦੇਖੇ ਸਨ। ਸਿਰਫ ਸੁਪਨੇ ਹੀ ਨਹੀਂ ਦੇਖੇ ਬਲਕਿ ਆਪਣੀਆਂ ਜੁਆਨੀਆਂ ਅਤੇ ਅਨਮੋਲ ਜਿੰਦੜੀਆਂ ਵੀ ਵਾਰ ਦਿੱਤੀਆਂ ਸਨ। 

ਉਹੀ ਸ਼ਹੀਦ ਅਤੇ ਉਹਨਾਂ ਦੇ ਅਸਲੀ ਵਾਰਿਸ ਹੀ ਇੱਕ ਵਾਰ ਫੇਰ ਸਾਨੂੰ ਨਵੀਂ ਹਿੰਮਤ ਅਤੇ ਜੋਸ਼ ਦੇ ਸਕਦੇ ਹਨ। ਸ਼ਾਇਦ ਇਸੇ ਭਾਵਨਾ ਨੂੰ ਸਾਹਮਣੇ ਰੱਖ ਕੇ ਧਾਰਮਿਕ ਲੋਕ ਆਖਿਆ ਕਰਦੇ ਹਨ ਕਿ ਮਿਸ਼ਨ ਅਤੇ ਸ਼ਹੀਦ ਨੂੰ ਜ਼ਾਦ ਰੱਖੀਏ ਤਾਂ ਸ਼ਹੀਦਾਂ ਦੀ ਫੌਜ ਬਾਕਾਇਦਾ ਸਹਾਈ ਹੁੰਦੀ ਹੈ। ਸ਼ਹੀਦਾਂ ਦਾ ਪਹਿਰਾ ਹਰ ਖਤਰੇ ਅਤੇ ਹਮਲੇ ਤੋਂ ਰਾਖੀ ਕਰਦਾ ਹੈ ਅਤੇ ਸੰਗਰਾਮ ਵਿੱਚ ਹਰ ਹਾਲ ਵਿੱਚ ਜਿੱਤ ਮਿਲਦੀ ਹੈ। ਅੰਤਿਮ ਜਿੱਤ ਸੱਚ ਵਾਲਿਆਂ ਦੀ ਹੀ ਹੁੰਦੀ ਹੈ। 

ਮਹਾਤਮਾ ਗਾਂਧੀ ਜੀ ਦੇ ਬਲੀਦਾਨ ਤੋਂ ਐਨ ਦੋ ਕੁ ਦਿਨ ਪਹਿਲਾਂ ਲਾਲਾ ਲਾਜਪੱਤ ਰਾਏ ਹੁਰਾਂ ਦਾ ਜਨਮ ਦਿਨ ਪੈਦਾ ਹੈ। ਅੱਜ ਦੀ ਤਾਰੀਖ ਅਰਥਾਤ 28 ਜਨਵਰੀ ਲਾਲ ਜੀ ਦਾ ਜਨਮਦਿਨ ਮਨਾਇਆ ਜਾਂਦਾ ਹੈ। ਇਸ ਵਾਰਿਸ ਦਿਨ ਨੂੰ ਇਤਿਹਾਸਿਕ ਤਰੀਕੇ ਨਾਲ ਮਨਾਇਆ ਗਿਆ।  ਉਹੀ ਲਾਲਾ  ਜਿਹਨਾਂ ਦੇ ਜਿਸਮ 'ਤੇ ਲੱਗੀਆਂ ਲਾਠੀਆਂ ਬ੍ਰਿਟਿਸ਼ ਸਰਕਾਰ ਦੇ ਕਫ਼ਨ ਵਿੱਚ ਕਿੱਲ ਸਾਬਿਤ ਹੋਈਆਂ। ਉਹਨਾਂ ਦੀ ਸ਼ਹਾਦਤ ਨੇ ਆਜ਼ਾਦੀ ਸੰਗਰਾਮ ਦੌਰਾਨ ਜੂਝ ਰਹੇ ਨਰਮ ਦਲੀਆਂ ਅਤੇ ਗਰਮ ਦਲੀਆਂ ਦੀ ਏਕਤਾ ਨੂੰ ਹੋਰ ਵੀ ਮਜ਼ਬੂਤ ਕੀਤਾ। ਉਨਾਂ ਦੀ ਸ਼ਹਾਦਤ ਅਤੇ ਸੰਗਰਾਮ ਨੂੰ ਲੈ ਕੇ ਆਜ਼ਾਦੀ ਤੋਂ ਬਾਅਦ ਵੀ ਬੜੇ ਘਚੋਲੇ ਅਤੇ ਧੁੰਦ ਪੈਦਾ ਕਰਨ ਦੀਆਂ ਕੋਸ਼ਿਸ਼ਾਂ  ਹੋਈਆਂ ਪਰ ਸ਼ਹੀਦਾਂ ਦਾ ਨਾਮ ਅੱਜ ਵੀ ਅਮਰ ਹੈ। 

ਇਸ ਤਰ੍ਹਾਂ 28 ਜਨਵਰੀ ਦੇੇਸ਼ ਦੇ ਟਰੇਡ ਯੂਨੀਅਨ ਅੰਦੋਲਨ ਲਈ ਇੱਕ ਯਾਦਗਾਰ ਦਿਨ ਵੀ ਹੈ, ਕਿਉਂਕਿ ਭਾਰਤ ਦੇ ਪਹਿਲੇ ਰਾਸ਼ਟਰੀ ਕੇਂਦਰ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏ.ਆਈ.ਟੀ.ਯੂ.ਸੀ.) ਦੇ ਸੰਸਥਾਪਕ ਪ੍ਰਧਾਨ ਲਾਲਾ ਲਾਜਪਤ ਰਾਏ ਦੇ ਬੁੱਤ ਦਾ ਅੱਜ ਉਨ੍ਹਾਂ ਦੇ ਜਨਮ ਦਿਨ, 28 ਜਨਵਰੀ ਤੋਂ ਪਰਦਾ ਹਟਾਇਆ ਗਿਆ।  ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਦੇ ਆਗੂਆਂ ਨੇ ਇਸ ਮੌਕੇ ਹਾਜ਼ਰੀ ਭਰੀ ਅਤੇ ਇਕੱਠ ਨੂੰ ਸੰਬੋਧਨ ਕੀਤਾ।  ਬੁੱਤ ਤੋਂ ਪਰਦਾ ਹਟਾਉਣ ਦੀ ਰਸਮ  ਏ.ਆਈ.ਟੀ.ਯੂ.ਸੀ. ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਕੀਤੀ ਅਤੇ ਇਸ ਤੋਂ ਬਾਅਦ ਲਾਲਾ ਲਾਜਪਤ ਰਾਏ ਦੀ ਪੜਪੋਤੀ ਅਨੀਤਾ ਗੋਇਲ ਅਤੇ ਅਮਰਜੀਤ ਕੌਰ  ਵੱਲੋਂ ਇੱਕ ਰੁੱਖ ਲਗਾਇਆ।  ਇਹ ਰੁੱਖ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਟੀਮ ਵੱਲੋਂ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਆਂ ਦੇ 50 ਪਿੰਡਾਂ ਤੋਂ ਇਕੱਠੀ ਕੀਤੀ ਮਿੱਟੀ ਨਾਲ ਇਕ ਰੁੱਖ ਵੀ ਲਗਾਇਆ ਗਿਆ।  ਇਪਟਾ ਦੀ ਟੀਮ ਨੇ ਇਸ ਮੌਕੇ ਗੀਤ ਵੀ ਪੇਸ਼ ਕੀਤੇ। ਜ਼ਿਕਰਯੋਗ ਹੈ ਕਿ ਮਜ਼ਦੂਰਾਂ ਦੇ ਭਲੇ ਦੀ ਗੱਲ ਕਰਨ ਵਾਲੀ ਸਿਆਸਤ ਨੂੰ ਹਮੇਸ਼ਾਂ ਲੋਕ ਪੱਖੀ ਗਈਂ ਸੰਗੀਤ ਨੇ ਨਵੀਂ ਹਿੰਮਤ ਅਤੇ ਨਵਾਂ ਜੋਸ਼ ਦਿੱਤਾ ਹੈ। ਸ਼ਹਿਰ ਲੁਧਿਆਣਵੀ, ਕੈਫ਼ੀ ਆਜ਼ਮੀ, ਜਾ ਨਿਸਾਰ ਅਖਤਰ, ਫ਼ੈਜ਼ ਅਹਿਮਦ ਫ਼ੈਜ਼, ਡਾਕਟਰ ਜਗਤਾਰ, ਪਾਸ਼, ਸੰਤ ਰਾਮ ਉਦਾਸੀ ਅਤੇ ਲਾਲ ਸਿੰਘ ਦਿਲ ਆਦਿ ਇਹਨਾਂ ਸਭਨਾਂ ਨੇ ਮਜ਼ਦੂਰਾਂ ਨੂੰ ਇਹੀ ਸਿਖਾਇਆ ਹੈ ਕਿ ਸੂਲੀਆਂ ਦੇ ਨਾਲ ਵੀ ਕਿੰਝ ਗੀਤ ਗਏ ਜਾਣਗੇ!

ਪਹਿਨ ਕਰ ਪਾਂਵ ਮੈਂ ਜ਼ੰਜ਼ੀਰ ਭੀ ਰਕਸ ਕੀਆ ਜਾਤਾ ਹੈ!

ਆ ਬਤਾ ਦੇਂ ਕਿ ਤੁਝੇ ਕਿਸੇ ਜੀਅ ਜਾਤਾ ਹੈ!  (ਫਿਲਮ ਦੋਸਤ ਵਿੱਚ  ਅਨੰਦ ਬਖਸ਼ੀ ਸਾਹਿਬ ਦੇ ਗੀਤ ਦੀਆਂ ਸਤਰਾਂ!)

ਬੁੱਤ ਤੋਂ ਪਰਦਾ ਉਠਾਉਣ ਤੋਂ ਬਾਅਦ ਏਟਕ ਦੇ ਕੌਮੀ ਸਕੱਤਰ ਮੋਹਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਅਮਰਜੀਤ ਕੌਰ ਜਨਰਲ ਸਕੱਤਰ ਏ.ਆਈ.ਟੀ.ਯੂ.ਸੀ.,ਲਾਲਾ ਲਾਜਪਤ ਰਾਏ ਦੀ ਪੜਪੋਤੀ ਅਨੀਤਾ ਗੋਇਲ, ਉੱਤਰ ਪ੍ਰਦੇਸ਼ ਏਟਕ ਦੇ ਪ੍ਰਧਾਨ ਵੀ.ਕੇ.ਸਿੰਘ- ਜਿਨਾਂ ਨੇ ਲਾਲਾ ਲਾਜਪਤ ਰਾਏ ਦਾ ਇਹ ਬੁੱਤ ਬਣਵਾਇਆ ਸੀ ਅਤੇ  ਸੀਟੂ ਤੋਂ ਅਮਿਤਵ ਗੁਹਾ, ਇੰਟਕ ਤੋਂ ਅਮਜਦ, ਐਚ.ਐਮ.ਐਸ. ਤੋਂ ਸ੍ਰੀਮਤੀ ਮਨਜੀਤ, ਏਟਕ ਤੋਂ ਆਰ ਕੇ ਸ਼ਰਮਾ, ਏਆਈਸੀਸੀਟੀਯੂ ਤੋਂ ਰਾਜੀਵ ਡਿਮਰੀ, ਸੇਵਾ ਤੋਂ ਸੁਮਨ,ਐਲਪੀਐਫ ਤੋਂ ਰਾਸ਼ਿਦ ਖਾਨ, ਟੀਯੂਸੀਸੀ ਤੋਂ ਧਰਮਿੰਦਰ, ਯੂਟੀਯੂਸੀ ਤੋਂ ਸ਼ਤਰੂਜੀਤ ਸਿੰਘ ਅਤੇ ਆਈਟੀਯੂਸੀ ਤੋਂ ਨਰਿੰਦਰ।

ਏਟਕ ਦੀ ਧੜੱਲੇਦਾਰ ਆਗੂ ਕਾਮਰੇਡ ਅਮਰਜੀਤ ਕੌਰ ਨੇ ਮਜ਼ਦੂਰ ਵਰਗ ਨੂੰ ਸੱਦਾ ਦਿੱਤਾ ਕਿ ਉਹ ਆਰਐਸਐਸ-ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਹਮਲਾਵਰ ਹਮਲੇ ਦਾ ਟਾਕਰਾ ਕਰਨ ਲਈ ਅੱਗੇ ਆਉਣ, ਜੋ ਸਾਡੇ ਦੇਸ਼ ਦੀ ਆਜ਼ਾਦੀ, ਸਵੈ-ਨਿਰਭਰਤਾ ਅਤੇ ਪ੍ਰਭੂਸੱਤਾ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ।  ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਸਾਰੇ ਧਰਮਾਂ ਅਤੇ ਵਿਸ਼ਵਾਸਾਂ ਦੇ ਸਤਿਕਾਰ, ਭਾਸ਼ਾਵਾਂ, ਸਭਿਆਚਾਰਾਂ, ਸਾਡੇ ਪਹਿਰਾਵੇ, ਖਾਣ-ਪੀਣ ਦੀਆਂ ਆਦਤਾਂ ਅਤੇ ਭਿੰਨ-ਭਿੰਨ ਤਿਉਹਾਰਾਂ ਦੇ ਬਹੁਲਵਾਦ ਨੂੰ ਇਸ ਸ਼ਾਸਨ ਅਧੀਨ ਚੁਣੌਤੀ ਦਿੱਤੀ ਗਈ ਹੈ।  

ਲਾਲਾ ਲਾਜਪਤ ਰਾਏ ਨੇ ਜ਼ਾਲਮ ਸਾਮਰਾਜੀਆਂ ਅਤੇ ਪੂੰਜੀਪਤੀਆਂ ਵਿਰੁੱਧ ਮਜ਼ਦੂਰ ਜਮਾਤ ਦੇ ਨਾਲ ਖੜੇ ਹੋ ਕੇ ਭਾਰਤੀ ਲੋਕਾਂ ਦੇ ਸੁਪਨਿਆਂ  ਨੂੰ ਪੂਰਾ ਕਰਨ ਲਈ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਦੇ ਦਿੱਤੀ ਅਤੇ ਆਜ਼ਾਦ ਭਾਰਤ ਦਾ ਸੁਪਨਾ ਲਿਆ।  ਉਨ੍ਹਾਂ ਦੀ ਯਾਦ ਵਿੱਚ, ਅਸੀਂ ਉਨ੍ਹਾਂ ਲੋਕਾਂ ਵਿਰੁੱਧ ਲੜਾਈ ਜਾਰੀ ਰੱਖਣ ਦਾ ਪ੍ਰਣ ਕਰਦੇ ਹਾਂ ਜੋ 'ਭਾਰਤ ਦੇ ਵਿਚਾਰ' ਨੂੰ ਤਬਾਹ ਕਰ ਰਹੇ ਹਨ ਅਤੇ ਦੇਸ਼ ਦੇ ਮਜ਼ਦੂਰ ਅਤੇ ਕਿਸਾਨ ਇਨ੍ਹਾਂ ਦੁਸ਼ਮਣਾਂ ਨੂੰ ਸੱਤਾ ਦੀਆਂ ਕੁਰਸੀਆਂ ਤੋਂ ਬੇਦਖਲ ਕਰਨਗੇ।

ਸ਼੍ਰੀਮਤੀ ਅਨੀਤਾ ਗੋਇਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲਾਲਾ ਲਾਜਪਤ ਰਾਏ ਦੀ ਸ਼ਖਸੀਅਤ ਸਰਬਪੱਖੀ ਅਤੇ ਬਹੁਪੱਖੀ ਸੀ।  ਦੇਸ਼ ਦੀ ਆਜ਼ਾਦੀ ਲਈ ਇੱਕ ਮੋਹਰੀ ਲੜਾਕੂ ਹੋਣ ਤੋਂ ਇਲਾਵਾ, ਉਹਨਾਂ ਨੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਇਆ ਅਤੇ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ।

ਸਮੂਹ ਟਰੇਡ ਯੂਨੀਅਨ ਆਗੂਆਂ ਨੇ ਮਜ਼ਦੂਰਾਂ-ਕਿਸਾਨਾਂ ਦੀ ਵਧ ਰਹੀ ਏਕਤਾ ਨੂੰ ਮਜ਼ਬੂਤ ​​ਕਰਨ ਅਤੇ 16 ਫਰਵਰੀ ਨੂੰ ਸਾਂਝੇ ਕਿਸਾਨ ਮੋਰਚੇ ਦੇ ਸੱਦੇ 'ਤੇ ਟਰੇਡ ਯੂਨੀਅਨਾਂ/ਫੈੱਡਰੇਸ਼ਨਾਂ ਅਤੇ ਜੱਥੇਬੰਦੀਆਂ ਵੱਲੋਂ ਉਦਯੋਗਿਕ/ਖੇਤਰੀ ਹੜਤਾਲ ਅਤੇ ਪੇਂਡੂ ਬੰਦ ਦੇ ਨਾਲ-ਨਾਲ ਦੇਸ਼ ਭਰ ਵਿੱਚ ਜਨਤਕ ਲਾਮਬੰਦੀ ਦੇ ਆਗਾਮੀ ਪ੍ਰੋਗਰਾਮਾਂ  ਦਾ ਸੱਦਾ ਦਿੱਤਾ ਹੈ। ਇਸ ਨੂੰ ਸਫਲ ਬਣਾਉਣ ਲਈ ਲੜਾਈ ਜਾਰੀ ਰੱਖਣੀ ਹੈ।

ਇਸ ਤੋਂ ਬਾਅਦ ਇਸ  ਨਿਜ਼ਾਮ ਨੂੰ ਹਟਾਉਣ ਲਈ ਮੁਹਿੰਮ ਜਾਰੀ ਰਹੇਗੀ, ਜੋ  ਸਾਡੇ ਦੇਸ਼ ਦੇ ਖਿਲਾਫ ਇੱਕ  ਕਾਰਪੋਰੇਟ-ਫਿਰਕੂ ਗਠਜੋੜ ਹੈ।  ਲੋਕਾਂ ਨੂੰ ਬਚਾਉਣ ਅਤੇ ਦੇਸ਼ ਨੂੰ ਬਚਾਉਣ ਲਈ ਅੱਗੇ ਵਧਣ ਦਾ ਇਹ ਸਪੱਸ਼ਟ ਸੰਦੇਸ਼ ਦਿੱਤਾ ਗਿਆ।

ਕੁਨਾਲ ਰਾਵਤ ਨੇ ਆਪਣੇ ਧੰਨਵਾਦੀ ਮਤੇ ਵਿੱਚ ਕਿਹਾ ਕਿ ਏਟਕ ਦੇ ਸੰਸਥਾਪਕ ਪ੍ਰਧਾਨ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਵਾਰ ਦਿੱਤੀ, ਅੱਜ ਸਾਨੂੰ ਆਜ਼ਾਦੀ, ਇਸ ਦੇ ਲਾਭ ਅਤੇ ਸਾਡੇ ਸੰਵਿਧਾਨ ਦੀ ਰੱਖਿਆ ਦਾ ਫਰਜ਼ ਸੌਂਪਿਆ ਗਿਆ ਹੈ।ਇਸ ਫਰਾਈ ਦੀ ਪਾਲਣਾ ਸਾਡਾ ਸਭਨਾ ਦਾ ਮੁਢਲਾ ਅਤੇ ਇਖਲਾਕੀ ਫਰਜ਼ ਵੀ ਹੈ। ਦੇਸ਼ ਦਾ ਮਜ਼ਦੂਰ ਵਰਗ ਇਕ ਹੋਰ ਤਬਦੀਲੀ ਲਈ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Sunday, January 28, 2024

ਅੱਠ ਘੰਟੇ ਕੰਮ ਵਾਲੀ ਦਿਹਾੜੀ ਅਤੇ 26 ਹਜ਼ਾਰ ਰੁਪਏ ਮਹੀਨਾ ਤਨਖਾਹ ਦੀ ਮੰਗ

Sunday: 28th January 2024 at 5:29 PM

 8 ਫਰਵਰੀ ਨੂੰ ਸਰਕਾਰਾਂ ਦੀਆਂ ਕਿਰਤ ਵਿਰੋਧੀ ਨੀਤੀਆਂ ਵਿਰੁੱਧ ਮੁਜ਼ਾਹਰੇ 


ਲੁਧਿਆਣਾ:28 ਜਨਵਰੀ 2024: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::

ਹੱਡ ਭੰਨਵੀਂ ਮਿਹਨਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਕਿਰਤੀ ਵਰਗ ਨੂੰ ਲਗਾਤਾਰ ਸ਼ੋਸ਼ਣ ਦਾ ਸ਼ਿਕਾਰ ਬਣਨਾ ਪੈ ਰਿਹਾ ਹੈ। ਉਸਦੀਆਂ ਉਜਰਤਾਂ ਘਟਾ ਦਿੱਤੀਆਂ ਗਈਆਂ ਹਨ ਅਤੇ ਦਿਹਾੜੀ ਦੇ ਘੰਟੇ ਵਧਾਏ ਜਾ ਰਹੇ ਹਨ। ਬਹੁਤ ਸਾਰੇ ਮਜ਼ਦੂਰਾਂ ਨੂੰ ਤਾਂ ਮਈ ਦਿਵਸ ਵਾਲੇ ਦਿਨ ਵੀ ਛੁੱਟੀ ਨਹੀਂ ਮਿਲਦੀ। ਉਸਦੀ ਸਿਹਤ ਸੰਭਾਲ ਦੇ ਮਾਮਲੇ  ਵਿੱਚ ਵੀ ਉਸਦੇ ਅਧਿਕਾਰਾਂ ਦਾ ਉਸਨੂੰ ਪੂਰਾ ਲਾਹਾ ਨਹੀਂ ਮਿਲ ਰਿਹਾ। ਇਹਨਾਂ ਕਿਰਤ ਵਿਰੋਧੀ ਨੀਤੀਆਂ ਦੇ ਖਿਲਾਫ ਅੱਠ ਫਰਵਰੀ ਨੂੰ ਦੇਸ਼ ਭਰ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣੇ ਹਨ। ਮਜ਼ਦੂਰਾਂ ਵੱਲੋਂ ਕੀਤੇ ਜਾ ਰਹੇ ਇਸ ਵਿਰੋਧ ਦਿਵਸ ਦਾ ਸੱਦਾ ਬਹੁਤ ਸਾਰੇ ਮਜ਼ਦੂਰ ਸੰਗਠਨਾਂ ਨੇ ਸਾਂਝੇ ਤੌਰ 'ਤੇ ਦਿੱਤਾ ਹੈ। ਇਸਦੀ ਸਫਲਤਾ ਲਈ ਤਿਆਰੀਆਂ ਵੀ ਜ਼ੋਰਸ਼ੋਰ ਨਾਲ ਜਾਰੀ ਹਨ। 

ਵੱਖ-ਵੱਖ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੰਚ ‘ਮਜਦੂਰ ਅਧਿਕਾਰ ਸੰਘਰਸ਼ ਅਭਿਆਨ’ (ਮਾਸਾ) ਨੇ 8 ਫਰਵਰੀ ਨੂੰ ਦੇਸ਼ ਪੱਧਰੀ ਮਜ਼ਦੂਰ ਵਿਰੋਧ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੈ। ਇਸ ਦਿਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਜਦੂਰਾਂ ਦੀਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਮੁਜ਼ਦੂਰਾਂ ਦੀਆਂ ਸਮੱਸਿਆਵਾਂ, ਮੰਗਾਂ-ਮਸਲਿਆਂ ’ਤੇ ਭਾਰਤ ਅਤੇ ਸੂਬਾਂ ਸਰਕਾਰਾਂ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਸ ਸੱਦੇ ਨੂੰ ਹਮਾਇਤ ਦਿੰਦੇ ਹੋਏ ‘ਕਾਰਖਾਨਾ ਮਜਦੂਰ ਯੂਨੀਅਨ, ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ’, ਅਤੇ ਪੇਂਡੂ ਮਜਦੂਰ ਯੂਨੀਅਨ (ਮਸ਼ਾਲ) ਵੱਲੋਂ ਲੁਧਿਆਣਾ ਵਿਖੇ ਸਮਰਾਲਾ ਚੌਂਕ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਹ ਫੈਸਲਾ ਅੱਜ ਤਿੰਨੋਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ।

ਇਸ ਸੰਬੰਧੀ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਲਖਵਿੰਦਰ ਨੇ ਦੱਸਿਆ ਕਿ ਇਹ ਰੋਸ ਮੁਜ਼ਾਹਰਾ ਮਜ਼ਦੂਰਾਂ-ਕਿਰਤੀਆਂ ਦੀ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਵੱਲੋਂ ਲੁੱਟ-ਖਸੁੱਟ, ਭਾਰਤ ਅਤੇ ਸੂਬਾ ਸਰਕਾਰਾਂ ਵੱਲੋਂ ਲੋਕ ਹੱਕ ਕੁਚਲਣ ਅਤੇ ਫਾਸ਼ੀਵਾਦੀ ਤਾਕਤਾਂ ਵੱਲੋਂ ਧਰਮ ਦੇ ਨਾਂ ’ਤੇ ਨਫ਼ਰਤ ਭੜਕਾਉਣ ਖਿਲਾਫ਼ ਕੀਤਾ ਜਾਵੇਗਾ। ਇਸ ਰੋਸ ਮੁਜਾਹਰੇ ਰਾਹੀਂ ਭਾਰਤ ਅਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਜਾਵੇਗੀ ਕਿ ਅੱਠ ਘੰਟੇ ਕੰਮ ਵਾਲੀ ਦਿਹਾੜੀ ਮੁਤਾਬਿਕ ਘੱਟੋ-ਘੱਟ ਮਾਸਿਕ ਤਨਖਾਹ 26 ਹਜ਼ਾਰ ਰੁਪਏ ਕੀਤੀ ਜਾਵੇ, ਬਰਾਬਰ ਕੰਮ ਲਈ ਔਰਤਾਂ ਨੂੰ ਮਰਦਾਂ ਬਰਾਬਰ ਤਨਖਾਹ ਦਿੱਤੀ ਜਾਵੇ, ਮੋਦੀ ਸਰਕਾਰ ਮਜ਼ਦੂਰ ਵਿਰੋਧੀ ਚਾਰ ਨਵੇਂ ਕਿਰਤ ਕਨੂੰਨ/ਕੋਡ ਵਾਪਿਸ ਲਵੇ, ਸੂਬਾ ਸਰਕਾਰਾਂ ਵੱਲੋਂ ਵੀ ਕਿਰਤ ਕਨੂੰਨਾਂ ਵਿੱਚ ਕੀਤੀਆਂ ਗਈਆਂ ਸਾਰੀਆਂ ਸੋਧਾਂ ਰੱਦ ਹੋਣ, ਪੰਜਾਬ ਦੀ ਭਗਵੰਤ ਮਾਨ ਸਰਕਾਰ ਓਵਰਟਾਇਮ ਕੰਮ ਦੇ ਘੰਟੇ ਵਧਾਉਣ ਦਾ ਨੋਟੀਫਿਕੇਸ਼ਨ ਰੱਦ ਕਰੇ, ਮੌਜੂਦਾ ਸਾਰੇ ਕਨੂੰਨੀ ਕਿਰਤ ਹੱਕ ਸਖਤੀ ਨਾਲ਼ ਲਾਗੂ ਕੀਤੇ ਜਾਣ, ਲੱਕ ਤੋੜ ਮਹਿੰਗਾਈ ’ਤੇ ਰੋਕ ਲਾਈ ਜਾਵੇ, ਕਿਰਤੀ ਲੋਕਾਂ ਉੱਪਰ ਲਾਏ ਗਏ ਸਾਰੇ ਸਿੱਧੇ-ਅਸਿੱਧੇ ਟੈਕਸ ਰੱਦ ਕੀਤੇ ਜਾਣ, ਸਰਮਾਏਦਾਰਾਂ ’ਤੇ ਵਧਦੀ ਆਮਦਨ ਮੁਤਾਬਿਕ ਟੈਕਸ ਲਾਏ ਜਾਣ, ਮਜਦੂਰਾਂ-ਕਿਰਤੀਆਂ ਨੂੰ ਰਾਸ਼ਨ, ਸਿਹਤ, ਬਸ-ਟ੍ਰੇਨ ਸਫਰ, ਰਿਹਾਇਸ਼ ਅਤੇ ਹੋਰ ਬੁਨਿਆਦੀ ਜਰੂਰਤਾਂ ਸਬੰਧੀ ਸਾਰੀਆਂ ਸਹੂਲਤਾਂ ਸਰਕਾਰ ਵੱਲੋਂ ਮੁਫਤ ਮਿਲਣ, ਜਮਹੂਰੀ ਹੱਕਾਂ ’ਤੇ ਫਿਰਕੂ ਫਾਸ਼ੀਵਾਦੀ ਹਮਲੇ ਬੰਦ ਹੋਣ, ਧਰਮ-ਜਾਤ ਦੇ ਨਾਂ ’ਤੇ ਨਫ਼ਰਤ ਭੜਕਾਉਣੀ ਬੰਦ ਕੀਤੀ ਜਾਵੇ।

ਮਜ਼ਦੂਰ ਜੱਥੇਬੰਦੀਆਂ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਮਜਦੂਰਾਂ-ਕਿਰਤੀਆਂ ਨੂੰ ਇਹਨਾਂ ਰੋਸ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਵਿਰੋਧ ਦਿਵਸ ਦੀ ਸਫਲਤਾ ਲਈ ਲੁਧਿਆਣਾ ਵਿੱਚ ਵੀ ਵਿਸ਼ੇਸ਼ ਤਿਆਰੀਆਂ ਜ਼ੋਰਾਂ 'ਤੇ ਹਨ। ਕਈ ਮਜ਼ਦੂਰ ਸੰਗਠਨ ਇਸ ਮਕਸਦ ਲਈ ਸਰਗਰਮ ਹਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, January 20, 2024

ਗ਼ਦਰੀ ਬਾਬਿਆਂ ਦੀ ਵਿਚਾਰਧਾਰਾ ਬਾਰੇ ਖਰੜ ਵਿਖੇ ਪ੍ਰਭਾਵਸ਼ਾਲੀ ਵਿਚਾਰ ਚਰਚਾ

ਚਿੰਤਕਾਂ ਨੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਸਮਝਣ ਦਾ ਦਿੱਤਾ ਸੁਨੇਹਾ

ਖਰੜ: 20 ਜਨਵਰੀ 2024: (ਕਾਮਰੇਡ ਅਮੋਲਕ ਸਿੰਘ ਦੇ ਸੋਸ਼ਲ ਮੀਡੀਆ ਪ੍ਰੋਫ਼ਾਈਲ ਤੋਂ ਧੰਨਵਾਦ ਸਾਹਿਤ)::

ਅੱਜ ਦੇ ਨਾਜ਼ੁਕ ਹਾਲਾਤ ਵਿੱਚ ਜਿਹੜਾ ਸੈਮੀਨਾਰ ਖਰੜ ਵਿੱਚ ਹੋਇਆ ਉਹ ਬੜੀ ਹਿੰਮਤ ਵਾਲਾ ਉਪਰਾਲਾ ਸੀ। ਦਰਪੇਸ਼ ਖਤਰਿਆਂ ਅਤੇ ਚੁਣੌਤੀਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਵਾਲਾ ਇਹ ਉਪਰਾਲਾ ਬਹੁਤ ਸਾਰੇ ਲੋਕਾਂ ਵਿਚ ਨਵੀਂ ਚੇਤਨਾ ਜਗਾਉਣ ਵਿਚ ਸਫਲ ਵੀ ਰਿਹਾ। ਇਸ ਸੰਬੰਧੀ ਸਬੰਧਤ ਮੀਡੀਆ ਨੇ ਕਵਰੇਜ ਵੀ ਕੀਤੀ ਹੈ। ਇੱਕ ਰਿਪੋਰਟ ਕਾਮਰੇਡ ਅਮੋਲਕ ਸਿੰਘ ਹੁਰਾਂ ਦੇ ਸਫ਼ੇ 'ਤੇ ਵੀ ਸਾਹਮਣੇ ਆਈ ਹੈ ਜਿਸਨੂੰ ਅਸੀਂ ਹੂਬਹੂ ਇਥੇ ਵੀ ਛਾਪ ਰਹੇ ਹਾਂ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਵੀ ਰਹੇਗੀ ਹੀ। --ਮੀਡੀਆ ਲਿੰਕ ਰਵਿੰਦਰ 


ਮੌਜੂਦਾ ਸਮੇਂ ਮਨੁੱਖੀ ਬੌਧਿਕ ਵਿਕਾਸ ਦੀਆਂ, ਸਮੱਸਿਆਵਾਂ ਬਹੁਤ ਵੱਡੀਆਂ ਹਨ।
ਜਿਨ੍ਹਾਂ, ਨੂੰ ਸਮਝਣ ਲਈ ਸਾਨੂੰ ਪੰਜਾਬ ਦੀ ਜਾਨਦਾਰ ਵਿਰਾਸਤ ਨੂੰ ਸਮਝਣਾ ਪਵੇਗਾ ,ਸਾਨੂੰ ਆਪਣੇ ਇਤਿਹਾਸਕ ਨਾਇਕਾ ਤੋਂ ਪ੍ਰੋਰਿਤ ਵੀ ਹੋਣਾ ਪਵੇਗਾ ਅਤੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਨੂੰ ਪ੍ਰਵਾਨ ਕਰਨਾ ਹੋਵੇਗਾ । ਇਹ ਵਿਚਾਰ ਪ੍ਰਗਤੀਸ਼ੀਲ ਲੇਖਕ ਅਤੇ ਚਿੰਤਕ ਡਾ਼ ਕੁਲਦੀਪ ਸਿੰਘ ਦੀਪ ਨੇ ਪ੍ਰਗਟ ਕੀਤੇ । ਉਹ ਸਥਾਨਕ ਸ੍ਰੀ ਗੁਰੂ ਰਵੀਦਾਸ ਭਵਨ ਵਿਖੇ, ਗ਼ਦਰੀ ਬਾਬੇ ਵਿਚਾਰਧਾਰਕ ਮੰਚ ਖਰੜ ਵੱਲੋਂ ਅਯੋਜਿਤ ਸੈਮੀਨਾਰ,‘ ਗ਼ਦਰੀ ਬਾਬੇ ਕੌਣ ਸਨ, ਅਜੋਕੇ ਸਮੇ ਵਿੱਚ ਉਨ੍ਹਾਂ ਦੀ ਵਿਚਾਰਧਾਰਕ ਸਾਰਥਿਕਤਾ ’ ਦੇ ਵਿਸੇ਼ ਉਤੇ ਕੁੰਜੀਵਤ ਭਾਸ਼ਣ ਦੇ ਰਹੇ ਸਨ । ਉਨ੍ਹਾਂ ਇਸ ਮੌਕੇ ‘ਤੇ ਦੇਸ਼ ‘ਤੇ ਅੰਗਰੇਜਾਂ ਵੱਲੋਂ ਕੀਤੇ ਕਬਜ਼ੇ , 1857 ਦੇ ਗ਼ਦਰ ਦੀ ਗੱਲ ਕੀਤੀ । ਭਾਈ ਮਹਾਰਾਜ ਸਿੰਘ ਜਿਹੇ ਨਾਇਕਾਂ ਦੇ ਬਲੀਦਾਨ, ਕੂਕਾ ਲਹਿਰ ਦੌਰਾਨ ਮਲੇਰਕੋਟਲਾ ਦੀ ਧਰਤੀ ਤੇ ਅੰਗਰੇਜ ਹੁਕਮਰਾਨਾ ਵੱਲੋਂ 70 ਕੂਕਿਆਂ ਨੂੰ ਤੋਪਾਂ ਨਾਲ ਉਡਾਉਣ ਦੇ ਇਤਹਾਸਿਕ ਸਾਕੇ ਦੀ, ਬੱਬਰ ਅਕਾਲੀ ਲਹਿਰ ਦੀ ਅਤੇ 1913 ਵਿੱਚ ਅਮਰੀਕਾ ਦੀ ਧਰਤੀ ਤੇ ਸਥਾਪਿਤ ਕੀਤੀ ਗਈ ਗ਼ਦਰ ਪਾਰਟੀ ਦੀ ਵਿਆਖਿਆ ਕੀਤੀ। ਉਨ੍ਹਾਂ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ,ਪੰਡਤ ਕਾਂਸੀ ਰਾਮ ਮੜੌਲੀ ਅਤੇ ਦਰਜਨਾਂ ਗ਼ਦਰੀ ਦੇਸ਼ ਭਗਤਾਂ ਨੇ, ਸਾਡੇ ਜੀਵਨ ਵਿੱਚ ਰੰਗ ਭਰਨ ਲਈ ਆਪਣਾ ਬਲੀਦਾਨ ਦਿੱਤਾ ਸੀ।ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਇਸ ਸੰਗਰਾਮ  ਨੂੰ ਹੋਰ ਅੱਗੇ ਤੋਰਿਆ। ਉਨ੍ਹਾਂ ਦੱਸਿਆ ਕਿ ਦਿੱਲੀ ਕਿਸਾਨ ਸੰਗਰਾਮ ਵੀ ਇਸੇ ਇਤਿਹਾਸ ਤੋਂ ਪ੍ਰੇਰਿਤ ਸੀ। ਉਨ੍ਹਾਂ ਇਹ ਦੁੱਖ ਪ੍ਰਗਟ ਕੀਤਾ ਕਿ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਸ਼ਬਦ ਅਤੇ ਸਮਝ ਤੋਂ ਕੋਰਾ ਰਹਿ ਰਿਹਾ ਹੈ, ਉਹ ਇਤਿਹਾਸ ਤੋਂ ਪ੍ਰੋਰਿਤ ਨਹੀਂ ਹੋ ਰਿਹਾ ਸਗੋਂ ਕਾਮਯਾਬੀ ਦੇ ਨੇੜਲੇ ਰਸਤੇ ਵਜੋਂ ਵਿਦੇਸ਼ਾ ਵੱਲ ਭੱਜ ਰਿਹਾ ਹੈ ।

ਇਸ ਮੌਕੇ  ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਅਸੀਂ ਦੇਸ਼ ਭਗਤ ਯਾਦਗਾਰ ਹਾਲ ਵਿਸ਼ੇਸ਼ ਮੀਟਿੰਗ ਕਰਕੇ ਜ਼ੋ ਭਵਿੱਖ਼ ਦੀਆਂ ਸਰਗਰਮੀਆਂ ਸਬੰਧੀ ਸੋਚਿਆ ਸੀ ਉਸ ਦਿਸ਼ਾ ਵੱਲ ਇਹ ਪਹਿਲਾ ਸਫ਼ਲ ਉੱਦਮ ਹੈ ਅਗਲੇ ਦਿਨਾਂ 'ਚ ਅੰਮ੍ਰਿਤਸਰ ਖੇਤਰ ਵਿਚ ਵੀ ਗ਼ਦਰ ਲਹਿਰ ਦੀ ਬੁਨਿਆਦੀ ਸਮਝ ਲੋਕਾਂ ਵਿਚ ਲਿਜਾਣ ਲਈ ਅਜਿਹੇ ਯਤਨ ਹੋਣਗੇ। ਇਹ ਲੜੀ ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਚੰਗੇ ਨਤੀਜੇ ਸਾਹਮਣੇ ਲਿਆਵੇਗੀ ਜਿਸਦਾ ਸ਼ਾਨਦਾਰ ਨਤੀਜਾ ਗ਼ਦਰੀ ਬਾਬਿਆਂ ਦੇ ਮੇਲੇ ਤੇ ਵੇਖਣ ਨੂੰ ਮਿਲੇਗਾ।

ਇਸ ਮੌਕੇ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਇਸਦੇ ਸਭਿਆਚਾਰਕ ਵਿੰਗ ਦੇ ਕਨਵੀਨਰ  ਅਮੋਲਕ ਸਿੰਘ ਨੇ ਗ਼ਦਰ ਲਹਿਰ ਦੀ ਵਿਆਖਿਆ ਕਰਦਿਆਂ ਦੱਸਿਆ ਕਿ, ਗ਼ਦਰ ਲਹਿਰ  ਦੇ ਸੁਪਨਿਆ ਦੀ ਆਜ਼ਾਦੀ ਲਈ ਗ਼ਦਰੀ ਬਾਬੇ , ਸਾਡੇ ਭਗਤ ਸਰਾਭੇ, ਬਰਾਬਰੀ ਅਧਾਰਿਤ ਅਤੇ ਲੁੱਟ ਰਹਿਤ ਸਮਾਜ ਦੀ ਗੱਲ ਕਰਦੇ ਅਥਾਹ  ਕੁਰਬਾਨੀਆਂ ਕਰਦੇ ਰਹਿ ਗਏ। ਉਹਨਾਂ ਕਿਹਾ ਕਿ ਗ਼ਦਰੀ ਬਾਬਿਆਂ ਦਾ ਸਪਸ਼ਟ ਐਲਾਨ ਸੀ ਕਿ ਸਾਡੀ ਜੱਦੋਜਹਿਦ ਆਜ਼ਾਦੀ, ਬਰਾਬਰੀ, ਜਮਹੂਰੀਅਤ ਅਤੇ ਧਰਮ ਨਿਰਪੱਖ ਰਾਜ ਅਤੇ ਸਮਾਜ ਦੀ ਸਿਰਜਣਾ ਕਰਨੀ ਹੈ। ਉਨ੍ਹਾਂ ਸੁਚੇਤ ਕੀਤਾ ਕਿ ਦੇਸ਼ ਦੇ ਹੁਕਮਰਾਨ ਸਾਰੇ ਦੇਸ਼ ਨੂੰ ਇੱਕੋ ਇੱਕ ਵਿਸ਼ੇਸ਼ ਰੰਗ ਵਿੱਚ ਰੰਗਣ ਲਈ  ਪੱਬਾਂ ਭਾਰ ਹੋਏ ਹਨ। ਜੇਕਰ ਉਹ ਆਪਣੇ ਮਕਸਦ ਵਿੱਚ ਸਫਲ ਹੋ ਜਾਂਦੇ ਹਨ ਤਾਂ ਹਕੂਮਤੀ ਪੰਜਾ ਹਰੇਕ ਨਿਆਂ-ਪਸੰਦ ਦੇ ਗਲ਼ ਤੱਕ ਅੱਪੜੇਗਾ।ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਸੰਤੁਲਿਤ-ਚਿੰਤਨ ਅਤੇ ਜੁਗਲਬੰਦੀ ਕਰਨ ਦੀ ਜਰੂਰਤ ਹੈ ।

ਜਾਣੇ-ਪਹਿਚਾਣੇ  ਵਿਦਵਾਨ ਪੱਤਰਕਾਰ ਬਲਵਿੰਦਰ ਜੰਮੂ ਨੇ ਕਿਹਾ ਕਿ ਸੰਵਾਦ, ਪੁਸਤਕ ਸਭਿਆਚਾਰ, ਤਰਕ ਅਤੇ ਜਾਗਦੇ ਲੋਕਾਂ ਦੇ ਸੰਘਰਸ਼ ਹਵਾ ਦਾ ਰੁਖ਼ ਬਦਲ ਸਕਦੇ ਹਨ। ਉਹਨਾਂ ਕਿਹਾ ਕਿ ਖਰੜ ਵਿਖੇ ਹੋਈ ਅੱਜ ਦੀ ਚਰਚਾ ਚੰਗੇਰੇ ਕੱਲ੍ਹ ਦੀ ਆਸ ਬੰਨ੍ਹਾਉਂਦੀ ਹੈ।ਇਸ ਮੌਕੇ ਕਰਨੈਲ ਸਿੰਘ ,ਸਤਵੀਰ,ਗੁਰਦੇਵ ਅਰਨੀਵਾਲਾ,ਸੁਖਵਿੰਦਰ ਸਿੰਘ ਦੁੰਮਣਾ,ਹਰਨਾਮ ਸਿੰਘ ਡੱਲਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਦਰਜਨਾ ਸਰੋਤਿਆਂ ਨੇ ਆਪੋ-ਆਪਣੇ ਸਵਾਲ ਰੱਖੇ, ਜਿਨ੍ਹਾਂ ਦੇ ਜਵਾਬ ਡਾ. ਕੁਲਦੀਪ ਸਿੰਘ ਦੀਪ ਅਤੇ ਅਮੋਲਕ ਸਿੰਘ ਵੱਲੋਂ ਦਿੱਤੇ ਗਏ। ਇਸ ਮੌਕੇ ਤੇ ਸ਼ਹੀਦ ਕਾਂਸੀ ਰਾਮ ਮੜੌਲੀ ਦੇ ਪੋਤਰੇ, ਗੁਰਦੀਪ ਸਿੰਘ ਮੋਹਾਲੀ, ਸਵਰਨ ਭੰਗੂ ਚਮਕੌਰ ਸਾਹਿਬ, ਰੰਗ ਕਰਮੀ ਸੰਜੀਵਨ,ਕ੍ਰਿਪਾਲ ਸਿੰਘ ਮੁੰਡੀ ਖਰੜ ,ਗੁਰਮੀਤ ਸਿੰਗਲ,ਭੁਪਿੰਦਰ ਸਿੰਘ ਭਾਗੋਮਾਜਰਾ ,ਗੁਰਮੀਤ ਸਿੰਘ ਖਰੜ ,ਸਤਵਿੰਦਰ ਸਿੰਘ ਮੜੌਲੀਵੀ,ਕੇਵਲ ਜੋਸ਼ੀ,ਦਲਜੀਤ ਸਿੰਘ ਮੜੌਲੀ ,ਅਸੋ਼ਕ ਕੁਮਾਰ ਰੋਪੜ , ਸੁਰਿੰਦਰ ਰਸੂਲਪੁਰੀ ਆਦਿ ਸ਼ਾਮਲ ਸਨ। ਮੰਚ ਦੀ ਤਰਫ਼ੋਂ ਕਰਨੈਲ ਜੀਤ ਨੇ ਧੰਨਵਾਦ ਕੀਤਾ।

ਕੁੱਲ ਮਿਲਾ ਕੇ ਵਿਚਾਰ-ਚਰਚਾ ਵਿੱਚ ਇਤਿਹਾਸ, ਵਿਰਾਸਤ, ਅਜੋਕੀਆਂ ਚੁਣੌਤੀਆਂ, ਫ਼ਲਸਤੀਨ, ਗ੍ਰਿਫ਼ਤਾਰ ਬੁੱਧੀਜੀਵੀਆਂ, ਪ੍ਰਵਾਸ , ਪੰਜਾਬ ਦੀ ਜੁਆਨੀ ਅਤੇ ਲੋਕ ਲਹਿਰ ਉਸਾਰਨ ਲਈ ਔਰਤਾਂ ਦੀ ਸ਼ਮੂਲੀਅਤ ਦੀ ਮਹੱਤਤਾ ਅਤੇ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਵਿਚਾਰਾਂ ਕੇਂਦਰ ਵਿਚ ਰਹੀਆਂ।

ਮੰਚ ਸੰਚਾਲਨ ਦੀ ਜਿੰਮੇਵਾਰੀ ਸੰਤਵੀਰ ਅਤੇ ਸੁਖਵਿੰਦਰ ਦੂਮਣਾ ਨੇ ਨਿਭਾਈ। ਇਸ ਸੈਮੀਨਾਰ 'ਚ ਖਰੜ, ਮੁਹਾਲੀ, ਰੋਪੜ, ਚਮਕੌਰ ਸਾਹਿਬ ਤੋਂ ਵੀ ਤਰਕਸ਼ੀਲ, ਜਮਹੂਰੀ, ਸਾਹਿਤਕ ,ਵਕੀਲ, ਰੰਗ ਕਰਮੀ ਅਤੇ ਟ੍ਰੇਡ ਯੂਨੀਅਨਾਂ ਦੇ ਆਗੂ ਸ਼ਾਮਲ ਹੋਏ।

ਫੋਟੋਆਂ: ਰੈਕਟਰ ਕਥੂਰੀਆ ਅਤੇ ਸਾਥੀਆਂ ਤੋਂ ਧੰਨਵਾਦ


Tuesday, January 9, 2024

ਅਦਾਲਤੀ ਫੈਸਲਾ ਫਿਰਕਾਪ੍ਰਸਤ ਸਿਆਸਤ ਦੇ ਮੂੰਹ ਤੇ ਕਰਾਰੀ ਚਪੇੜ-ਕਾ: ਸੋਖੋਂ

9 January 2024 at 11:18 Aਮ WhatsApp  

ਬਿਲਕੀਸ ਮਾਮਲੇ ਵਿੱਚ ਅਦਾਲਤੀ ਫੈਸले ਮਗਰੋਂ ਖੱਬੀਆਂ ਧਿਰਾਂ ਵੀ ਖੁਸ਼ 


ਬਠਿੰਡਾ: 9 ਜਨਵਰੀ 2024:(ਬੀ ਐਸ ਭੁੱਲਰ//ਇਨਪੁੱਟ-ਕਾਮਰੇਡ ਸਕਰੀਨ ਡੈਸਕ)::

ਬਿਲਕੀਸ ਗੈਂਗ ਰੇਪ ਮਾਮਲੇ ਵਿੱਚ ਆਏ ਅਦਾਲਤੀ ਫੈਸਲੇ ਮਗਰੋਂ ਲੋਕਾਂ ਦਾ ਵਿਸ਼ਵਾਸ ਇੱਕ ਵਾਰ ਫੇਰ ਨਿਆਂ ਪਾਲਿਕਾ ਵਾਲੇ ਸਿਸਟਮ ਵਿੱਚ ਪੱਕਾ ਹੋਇਆ ਹੈ। ਅਦਾਲਤੀ ਸਿਸਟਮ ਨੂੰ ਟਿੱਚ ਸਮਝਣ ਦਾ ਜਿਹੜਾ ਭਰਮ ਕੁਝ ਤਾਕਤਾਂ ਵੱਲੋਂ ਪਾਲਿਆ ਜਾ ਰਿਹਾ ਸੀ ਉਹ ਭਰਮ ਇੱਕ ਵਾਰ ਫੇਰ ਟੁੱਟਿਆ ਹੈ। ਦੇਸ਼ ਦੇ ਅਦਾਲਤੀ ਸਿਸਟਮ ਨੇ ਇਸ ਫੈਸਲੇ ਨਾਲ ਦੇਸ਼ ਦਾ ਨਾਮ ਦੁਨੀਆ ਭਰ ਵਿਚ ਉੱਚਾ ਕੀਤਾ ਹੈ। 

ਸੀਪੀਆਈਐਮ ਨੇ ਇਸ ਫੈਸਲੇ ਨੂੰ  ਫਿਰਕਾਪ੍ਰਸਤ ਸਿਆਸਤ ਦੇ ਮੂੰਹ ਤੇ ਕਰਾਰੀ ਚਪੇੜ ਆਖਿਆ ਹੈ। ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਬਿਲਕੀਸ ਕੇਸ ਸਬੰਧੀ ਦਿੱਤਾ ਤਾਜਾ ਫੈਸਲਾ ਸੱਚ ਦੀ ਜਿੱਤ ਹੈ ਅਤੇ ਮਨੁੱਖਤਾ ਦੇ ਭਲੇ ਲਈ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਫੈਸਲੇ ਨਾਲ ਆਮ ਲੋਕਾਂ ਦਾ ਨਿਆਂਪਾਲਿਕਾ ਵਿੱਚ  ਵਿਸ਼ਵਾਸ਼ ਹੋਰ ਵਧਿਆ ਹੈ ਅਤੇ ਫਿਰਕਾਪ੍ਰਸਤ ਸਿਆਸਤ ਦੇ ਮੂੰਹ ਤੇ ਕਰਾਰੀ ਚਪੇੜ ਵੱਜੀ ਹੈ।

ਇਥੇ ਇਹ ਵਰਨਣਯੋਗ ਹੈ ਕਿ ਘੱਟਗਿਣਤੀ ਮੁਸਲਮਾਨ ਭਾਈਚਾਰੇ ਦੇ ਪਰਿਵਾਰ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਕਰਨ ਦੇ ਕੇਸਾਂ 'ਚ ਸਜਾ ਭੁਗਤ ਰਹੇ ਗਿਆਰਾਂ ਦੋਸੀਆਂ ਨੂੰ ਭਾਜਪਾ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਨੇ ਤਾਕਤ ਦੀ ਨਜਾਇਜ ਵਰਤੋਂ ਕਰਕੇ ਸਜਾ ਮੁਆਫ ਕਰਦਿਆਂ ਅਗੇਤੀ ਰਿਹਾਈ ਕਰ ਦਿੱਤੀ ਸੀ, ਜਦੋਂ ਕਿ ਇਹ ਮਾਮਲਾ ਮਹਾਰਾਸ਼ਟਰ ਰਾਜ ਨਾਲ ਸਬੰਧਤ ਸੀ। ਇੱਥੇ ਹੀ ਬੱਸ ਨਹੀਂ ਦੋਸੀਆਂ ਦਾ ਜੇਲ੍ਹ ਤੋਂ ਬਾਹਰ ਆਉਣ ਤੇ ਹਿੰਦੂ ਸੰਗਠਨਾਂ ਨੇ ਹਾਰ ਪਾ ਕੇ ਸੁਆਗਤ ਕੀਤਾ ਸੀ।  

ਕਾਮਰੇਡ ਸੇਖੋਂ ਨੇ ਕਿਹਾ ਕਿ ਇਹ ਕੇਸ ਫਿਰਕਾਪ੍ਰਸਤੀ ਦਾ ਸਿਖਰ ਹੀ ਸੀ। ਹਿੰਦੂ ਗੁੰਡਿਆਂ ਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਤੇ ਹਮਲੇ ਕੀਤੇ, ਸਮੂਹਿਕ ਬਲਾਤਕਾਰ ਕਰਕੇ ਕਤਲ ਕੀਤੇ, ਔਰਤਾਂ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਿਆ। ਇਕ ਦਲੇਰ ਔਰਤ ਬਿਲਕੀਸ ਨੇ ਲੰਬੀ ਲੜਾਈ ਲੜ ਕੇ ਦੋਸ਼ੀਆਂ ਨੂੰ ਸਜਾ ਦਿਵਾਈ। ਇਹ ਭਾਜਪਾ ਦੀ ਫਿਰਕਾਪ੍ਰਸਤ ਤੇ ਘੱਟ ਗਿਣਤੀਆਂ ਤੇ ਹਮਲਿਆਂ ਦੀ ਸਾਜਿਸ਼ ਦਾ ਇਕ ਹਿੱਸਾ ਹੀ ਸੀ ਕਿ ਕਾਨੂੰਨ ਦੀਆਂ ਹੱਦਾਂ ਉਲੰਘ ਕੇ ਭਾਜਪਾ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਨੇ ਦੋਸ਼ੀਆਂ ਦੀ ਸਜਾ ਮੁਆਫ ਕਰਕੇ ਅਗੇਤੀ ਰਿਹਾਈ ਕਰ ਦਿੱਤੀ। ਪੀੜ੍ਹਤ ਔਰਤ ਬਿਲਕੀਸ ਨੇ ਇਨਸਾਫ ਲਈ ਮੁੜ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ, ਜਿਸ ਦਾ ਫੈਸਲਾ ਕਰਦਿਆਂ ਅਦਾਲਤ ਨੇ ਸਜਾ ਮੁਆਫੀ ਰੱਦ ਕਰਕੇ ਦੋਸ਼ੀਆਂ ਨੂੰ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ ਹੈ।

ਇਸ ਸੰਬੰਧ ਵਿੱਚ ਕਾਮਰੇਡ ਸੇਖੋਂ ਨੇ ਇਹ ਵੀ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਦੇਸ਼ ਵਾਸੀਆਂ ਦਾ ਨਿਆਂਪਾਲਿਕਾ 'ਚ ਵਿਸ਼ਵਾਸ਼ ਵਧਿਆ ਹੈ, ਫਿਰਕਾਪ੍ਰਸਤ ਸਿਆਸਤ ਤੇ ਸੱਟ ਵੱਜੀ ਹੈ ਅਤੇ ਭਾਜਪਾ ਦੀਆਂ ਔਰਤ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਹੋਇਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਫੈਸਲੇ ਤੋਂ ਸਬਕ ਲੈ ਕੇ ਘੱਟ ਗਿਣਤੀਆਂ ਦੀ ਰਾਖੀ ਲਈ  ਇਕਮੁੱਠਤਾ ਨਾਲ ਫਿਰਕਾਪ੍ਰਸਤੀ ਨੂੰ ਭਾਂਜ ਦੇਣ।

ਹੁਣ ਦੇਖਣਾ ਹੈ ਕਿ ਅਦਾਲਤ ਦੇ ਇਸ ਫੈਸਲੇ ਮਗਰੋਂ ਖੱਬੀਆਂ ਅਤੇ ਹੋਰ ਸੈਕੂਲਰ ਧਿਰਾਂ ਲੋਕਾਂ ਨੂੰ ਆਪਣੀ ਸਿਆਸਤ ਦੇ ਹੱਕ ਵਿਚ ਕਰਨ ਲਈ ਕਿੰਨਾ ਕੁ ਸਫਲ ਹੁੰਦੀਆਂ ਹਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।