Friday, April 3, 2020

ਕੋਰੋਨਾ ਨਾਲ ਜੰਗ ਨੂੰ ਲੈ ਕੇ ਲੈਫਟ ਵੱਲੋਂ ਮੋਦੀ ਦੀ ਤਿੱਖੀ ਆਲੋਚਨਾ

3rd April 2020 at 5:19 PM
ਪ੍ਰਧਾਨਮੰਤਰੀ ਜੀ ਨੌਟੰਕੀਆਂ ਛਡੋ, ਰਾਹਤ ਦਿਓ ਤੇ ਮੂਲ ਢਾਂਚਾ ਉਸਾਰੋ
ਚੰਡੀਗੜ੍ਹ: 03 ਅਪਰੈਲ 2020: (ਕਾਮਰੇਡ ਸਕਰੀਨ ਬਿਊਰੋ):: 
ਕੋਰੋਨਾ ਸੰਕਟ ਕਾਰਨ ਗੰਭੀਰ ਹੋਈ ਜ਼ਿੰਦਗੀ ਦੀ ਇਸ ਜੰਗ ਵਿੱਚ ਖੱਬੀਆਂ ਧਿਰਾਂ ਇੱਕ ਵਾਰ ਫੇਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸਖਤ ਆਲੋਚਨਾ ਕਰ ਰਹੀਆਂ ਹਨ। ਪੰਜ ਅਪ੍ਰੈਲ ਨੂੰ ਮੋਮਬੱਤੀਆਂ ਜਗਾਉਣ ਦਾ ਸੱਦੇ ਨੇ ਸਮੁੱਚੀਆਂ ਲੋਕ ਪੱਖੀ ਧਿਰਾਂ ਨੂੰ ਨਿਰਾਸ਼ ਕੀਤਾ ਹੈ। ਹੁਣ ਜਦੋਂ ਕਿ ਦੂਜਿਆਂ ਸੂਬਿਆਂ ਵਿੱਚੋਂ ਆਈ ਲੇਬਰ ਭੁੱਖਮਰੀ ਕਰਨ ਆਪੋ ਆਪਣੇ ਘਰਾਂ ਨੂੰ ਪਰਤ ਰਹੀ ਹੈ ਉਦੋਂ ਉਮੀਦ ਸੀ ਕਿ ਰਾਜ ਅਤੇ ਕੇਂਦਰ ਸਰਕਾਰਾਂ ਫੌਰੀ ਆਰਥਿਕ ਰਾਹਤ ਦੇ ਕੁਝ ਅਹਿਮ ਐਲਾਨ ਕਰਨਗੀਆਂ। ਇਹਨਾਂ ਐਲਾਨਾਂ ਦੀ ਉਡੀਕ ਵਿੱਚ ਬੈਠੀ ਜਨਤਾ ਨੂੰ ਰਾਤ ਦੇ 9 ਵਜੇ 9 ਮਿੰਟਾਂ ਤੱਕ ਮੋਮਬੱਤੀਆਂ, ਦੀਵੇ ਅਤੇ ਟਾਰਚਾਂ ਜਗਾਉਣ ਦਾ ਸੱਦਾ ਬਹੁਤ ਅੱਖਰਿਆ ਹੈ। ਭਾਵੇਂ ਨਾਲ ਜੁੜੇ ਬੁਧੀਜੀਵੀ ਕੇਡਰ ਨੇ ਇਸ ਐਲਾਨ ਦੇ ਵੀ ਬਹੁਤ ਸਾਰੇ ਹਾਂ ਪੱਖੀ ਅਰਥ ਕੱਢ ਕੇ ਇਸਨੂੰ ਪ੍ਰਚਾਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਪਰ ਆਮ ਜਨਤਾ ਨਾਲ ਜੁੜੀਆਂ ਜੱਥੇਬੰਦੀਆਂ ਨੇ ਇਸ ਐਲਾਨ ਦੀ ਸਖਤ ਨਿਖੇਧੀ ਕੀਤੀ ਹੈ। ਖੱਬੀਆਂ ਧਿਰਾਂ ਨੇ ਇਸਨੂੰ ਨੌਟੰਕੀ ਆਖਿਆ ਹੈ। 
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ)  ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਕੌਮੀ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤੂਪੁਰਾ, ਸੀਪੀਆਈ (ਐਮਐਲ) ਨਿਊ ਡੈਮੋਕਰੇਸੀ ਦੇ ਸੂਬਾ ਸਕੱਤਰ ਸਾਥੀ ਅਜਮੇਰ ਸਿੰਘ, ਐਮਸੀਪੀਆਈ (ਯੂ) ਦੇ ਆਗੂ ਸਾਥੀ ਕਿਰਨਜੀਤ ਸੇਖੋਂ, ਇਨਕਲਾਬੀ ਕੇਂਦਰ ਪੰਜਾਬ ਦੇ ਕਨਵੀਨਰ ਸਾਥੀ ਕੰਵਲਜੀਤ ਖੰਨਾ, ਲੋਕ ਸੰਗਰਾਮ ਮੰਚ ਪੰਜਾਬ ਦੇ ਆਗੂ ਸਾਥੀ ਤਾਰਾ ਸਿੰਘ ਮੋਗਾ, ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਲਾਲ ਗੋਲੇਵਾਲਾ ਅਤੇ ਇਨਕਲਾਬੀ ਜਮਹੂਰੀ ਮੋਰਚਾ ਪੰਜਾਬ ਦੇ ਕਨਵੀਨਰ ਸਾਥੀ ਨਰਿੰਦਰ ਨਿੰਦੀ ਨੇ ਅੱਜ ਇਥੇ ਜਾਰੀ ਕੀਤੇ ਇਕ ਸਾਂਝੇ ਬਿਆਨ ਵਿਚ ਦੇਸ (ਅਤੇ ਦੁਨੀਆਂ) ਉਤੇ ਕੋਰੋਨਾ ਦੇ ਭਿਆਨਕ ਹਮਲੇ ਵਿਰੁਧ ਸਾਰੇ ਦੇਸ ਵਾਸੀਆਂ ਨੂੰ ਮਿਲ ਕੇ ਲੜਣ, ਇਸ ਲਈ ਪ੍ਰਸ਼ਾਸਨ ਵਲੋਂ ਚੁਕੇ ਜਾ ਰਹੇ ਕਦਮਾਂ ਜਿਵੇੱ ਇਕਾਂਤਵਾਸ ਅਤੇ ਸਮਾਜਿਕ ਦੂਰੀ, ਦੀ ਪਾਲਣਾ ਕਰਨ ਅਤੇ ਮਿਲਵਰਤਣ ਦੇਣ ਦੇ ਨਾਲ ਨਾਲ ਆਮ ਗਰੀਬ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਪ੍ਰਤਿ ਪ੍ਰਸ਼ਾਸਨ ਦੀ ਲਾਪ੍ਰਵਾਹੀ ਨੂੰ ਮੁਜਰਮਾਨਾ ਆਖਿਆ ਜਿਸਨੇ ਲਾਕਡਾਊਨ ਤੇ ਕਰਫਿਊ ਵਰਗੇ ਜ਼ਰੂਰੀ ਕਦਮ ਚੁਕਣ ਤੋਂ ਪਹਿਲਾਂ ਜ਼ਰੂਰੀ ਤਿਆਰੀ ਨਹੀਂ ਕੀਤੀ ਅਤੇ ਇਸਦੇ ਨਿਕਲਣ ਵਾਲੇ ਚੰਗੇ ਨਤੀਜਿਆਂ ਦੇ ਨਾਲ ਨਾਲ ਆਉਣ ਵਾਲੇ ਮਾੜੇ ਨਤੀਜਿਆਂ ਨੂੰ ਅਣਡਿੱਠ ਕਰਨ ਦੀ ਕੁਤਾਹੀ ਕੀਤੀ।
ਉਹਨਾਂ ਕਿਹਾ ਕਿ ਦੇਸ ਵਿਚ ਮਰੀਜ਼ਾਂ ਦੀ ਤੇ ਮੌਤਾਂ ਦੀ ਗਿਣਤੀ ਵਧ ਰਹੀ ਹੈ। ਡਾਕਟਰੀ ਸਟਾਫ ਘਟ ਹੈ, ਹਸਪਤਾਲ ਘਟ ਹਨ, ਨਾਲ ਹੀ ਡਾਕਟਰੀ ਅਮਲੇ ਨੂੰ ਨਿਜੀ ਸੁਰਖਿਆ ਦੀਆਂ ਕਿਟਾਂ ਵੀ ਪੂਰੀਆਂ ਨਹੀਂ ਹਨ, ਵੈਂਟੀਲੇਟਰ ਨਹੀਂ ਹਨ, ਦਿਹਾੜੀਦਾਰ ਕਾਮੇ ਅਤੇ ਦੂਜੇ ਸੀਮਤ ਸਾਧਨਾਂ ਵਾਲੇ ਤਬਕੇ ਭੁੱਖ-ਮਰੀ ਦੀ ਹਾਲਤ ਵਿਚ ਹਨ, ਭੁਖੇ-ਭਾਣੇ, ਪਰ ਕੇਂਦਰ ਦੀ ਸਰਕਾਰ ਇਸ ਸਭ ਕਾਸੇ ਨਾਲ ਨਿਪਟਣ ਲਈ ਆਵੱਸ਼ਕ ਮੂਲ ਢਾਂਚਾ ਉਸਾਰਨ ਪ੍ਰਤਿ ਲਾਪ੍ਰਵਾਹੀ ਵਰਤ ਰਹੀ ਹੈ, ਉਲਟਾ ਨੌਟੰਕੀਆਂ ਕਰ ਰਹੀ ਹੈ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਅੱਜ ਸਵੇਰੇ ਦੇਸ ਦੇ ਨਾਂ ਦਿਤੇ ਸੁਨੇਹੇ ਕਿ ਪੰਜ ਅਪਰੈਲ ਨੂੰ ਰਾਤ ਨੂੰ ਘਰਾਂ ਵਿਚ ਹਨੇਰਾ ਕਰਕੇ 9 ਵਜੇ ਘਰਾਂ ਦੇ ਬਨੇਰਿਆਂ, ਬਾਲਕੌਨੀਆਂ ਵਿਚ ਦੀਵੇ, ਮੋਮਬੱਤੀਆਂ ਜਾਂ ਮੋਬਾਇਲ ਦੀਆਂ ਟਾਰਚਾਂ ਜਗਾਈਆਂ ਜਾਣ ਨੂੰ ਉਹਨਾਂ ਨੇ ਕੇੱਦਰੀ ਸਰਕਾਰ ਵਲੋਂ ਦੇਸ ਦੇ ਕੋਰੋਨਾ ਬਿਮਾਰੀ ਨਾਲ ਅਤੇ ਭੁੱਖ ਨਾਲ ਮਰ ਰਹੇ ਲੋਕਾਂ ਨਾਲ ਮਜ਼ਾਕ ਆਖਦਿਆਂ ਇਸ ਤਰ੍ਹਾਂ ਦੀਆਂ ਨੌਟੰਕੀਆਂ ਜਿਵੇਂ ਥਾਲੀਆਂ ਵਜਾਉਣਾ, ਦੀਵੇ ਜਗਾਉਣਾ ਬੰਦ ਕਰਨ ਨੂੰ ਕਿਹਾ। ਪਤਾ ਨਹੀਂ ਕਿਸ ਖੁਸ਼ੀ ਵਿਚ ਇਹ ਦੀਪਮਾਲਾ ਕੀਤੀ ਜਾ ਰਹੀ ਹੈ।  ਮੂਲ ਮੁੱਦਿਆਂ ਵੱਲ ਧਿਆਨ ਨਾ ਦਿੰਦੀ ਸਰਕਾਰ ਦੀਆਂ ਇਹਨਾਂ ਨੌਟੰਕੀਆਂ ਦੀ ਖੱਬੀਆਂ ਪਾਰਟੀਆਂ ਨੇ ਸਖਤ ਨਿਖੇਧੀ ਕੀਤੀ ਅਤੇ ਲੋਕਾਂ ਨੂੰ ਇਹਨਾਂ ਦੀ ਜ਼ੋਰਦਾਰ ਨਿੰਦਾ ਕਰਨ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੁਨੇਹਾ ਜਿਸ ਵਿਚ ਲੋਕਾਂ ਦੀਆਂ ਮੁਸ਼ਕਲਾਂ ਦੇ ਹਲ ਦਾ ਜ਼ਿਕਰ ਨਹੀਂ, ਡਾਕਟਰ ਅਮਲੇ ਲਈ ਸੁਰੱਖਿਆ ਕਿਟਾਂ ਦਾ ਜ਼ਿਕਰ ਨਹੀਂ, ਦੁਨੀਆਂ ਦੇ ਸਭ ਤੋਂ ਵਡੇ ਲੋਕਤੰਤਰ ਦਾ ਨਾ ਕੇਵਲ ਮਜ਼ਾਕ ਹੈ ਸਗੋਂ ਅੰਧ-ਵਿਸ਼ਵਾਸ ਫੈਲਾ ਰਿਹਾ ਹੈ, ਦਕਿਆਨੂਸੀ ਸੋਚ ਨੂੰ ਬੜ੍ਹਾਵਾ ਦੇ ਰਿਹਾ ਹੈ ਜਦੋਂਕਿ ਸੰਕਟ ਨਾਲ ਲੜਣ ਵਾਸਤੇ ਸਾਰੇ ਦੇਸ ਵਾਸੀਆਂ, ਸਾਰੀਆਂ ਤਾਕਤਾਂ ਦਾ ਸਹਿਯੋਗ ਅਤੇ ਵਿਗਿਆਨਕ ਖੋਜ ਤੇ ਸੋਚ ਦੀ ਜ਼ਰੂਰਤ ਹੈ ਜਿਸ ਨਾਲ ਮੂਲ ਢਾਂਚਾ ਉਸਾਰਿਆ ਜਾਵੇ, ਲੋਕਾਂ ਨੂੰ ਰਾਹਤ ਦਿਤੀ ਜਾਵੇ ਅਤੇ ਇਸ ਮਾਹਾਮਾਰੀ ਨੂੰ ਹਰਾਇਆ ਜਾਵੇ ਜਿਸ ਵਿਚ ਖੱਬੀਆਂ ਪਾਰਟੀਆਂ ਮਿਲਵਰਤਣ ਦੇ ਰਹੀਆਂ ਹਨ ਅਤੇ ਉਸਦੇ ਵਲੰਟੀਅਰ ਲੋੜਵੰਦਾਂ ਦੀ ਸਹਾਇਤਾ ਵੀ ਕਰ ਰਹੇ ਹਨ ਅਤੇ ਨਾਲ ਹੀ ਪ੍ਰਸ਼ਾਸਨ ਦੀਆਂ ਕਮੀਆਂ ਕਮਜ਼ੋਰੀਆਂ ਤੇ ਉਂਗਲ ਰੱਖ ਰਹੇ ਹਨ। ਉਹਨਾਂ ਨੇ ਆਪਣੇ ਸਾਥੀਆਂ ਨੂੰ ਪੂਰੀ ਸਾਵਧਾਨੀ ਵਰਤਕੇ ਲੋਕ ਸੇਵਾ ਕਰਨ ਲਈ ਕਿਹਾ।
ਕਮਿਊਨਿਸਟ ਤੇ ਇਨਕਲਾਬੀ ਪਾਰਟੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਹਸਪਤਾਲਾਂ ਦੀ ਘਾਟ ਨੂੰ ਪੂਰਾ ਕਰਨ ਲਈ ਪ੍ਰਾਈਵੇਟ ਹਸਪਤਾਲਾਂ ਨੂੰ, ਜੇ ਪੂਰੀ ਤਰ੍ਹਾਂ ਨਹੀਂ ਤਾਂ ਘਟੋ-ਘੱਟ ਆਰਜ਼ੀ ਤੌਰ ਤੇ ਹੀ, ਸਰਕਾਰੀ ਹੱਥਾਂ ਵਿਚ ਲਿਆ ਜਾਵੇ ਅਤੇ  ਉਥੇ ਕੋਰੋਨਾ ਮਰੀਜ਼ਾਂ ਦੇ ਇਲਾਜ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਹਨਾਂ ਨੂੰ ਕੌਮੀ ਬਿਪਤਾ ਦੇ ਸਮੇਂ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਵਰਤਿਆ ਜਾਵੇ।
ਹਸਪਤਾਲਾਂ ਵਿਚ ਸਹੂਲਤਾਂ ਦੀ ਘਾਟ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਦੇਸ ਦੇ ਚੋਟੀ ਦੇ ਹਸਪਤਾਲ ਪੀਜੀਆਈ ਵਿਚ ਐਮਰਜੰਸੀ ਨੂੰ ਵਿਚ ਕੰਮ ਕਰਦੇ ਕਈ ਡਾਕਟਰ ਤੇ ਨਰਸਾਂ ਕੋਰੋਨਾ ਦੇ ਅਸਰਾਂ ਕਾਰਨ ਹੁਣ ਪੀਜੀਆਈ ਵਿਚ ਹੀ ਰੱਖ ਲਏ ਹਨ ਤੇ ਉਹਨਾਂ ਨੂੰ ਘਰ ਜਾਣ ਦੀ ਇਜਾਜ਼ਤ ਨਹੀਂ ਹੈ। ਤੇ ਉਹ ਉਥੇ ਹੀ ਡਾਕਟਰੀ ਨਿਗਰਾਨੀ ਅਧੀਨ ਹਨ। ਇਹ ਇਸ ਲਈ ਵਾਪਰਿਆ ਕਿਉਂਕਿ ਉਹਨਾਂ ਕੋਲ ਪੂਰੀ ਸੁਰਖਿਆ ਕਿਟ ਨਹੀਂ ਸੀ। ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਧਰ ਫੌਰਨ ਧਿਆਨ ਦੇਣਾ ਚਾਹੀਦਾ ਹੈ।
ਪਾਰਟੀਆਂ ਨੇ ਮੰਗ ਕੀਤੀ ਕਿ ਸਰਕਾਰ ਗੈਰ-ਜਥੇਬੰਦ ਖੇਤਰ ਦੇ ਮਜ਼ਦੂਰਾਂ ਜਿਵੇਂ ਸਕੀਮ ਵਰਕਰਾਂ, ਮਨਰੇਗਾ, ਉਸਾਰੀ ਕਾਮਿਆਂ, ਖੇਤ ਮਜ਼ਦੂਰਾਂ, ਰੇਹੜੀ, ਰਿਕਸ਼ਾ ਵਾਲਿਆਂ, ਬੁਢਾਪਾ ਅਤੇ ਵਿਧਵਾ ਪੈਨਸ਼ਨਰਾਂ ਅਤੇ ਸੱਲਮ ਬਸਤੀਆਂ ਦੇ ਵਾਸੀਆਂ ਦੇ ਖਾਤਿਆਂ ਵਿਚ ਫੌਰੀ 10-10 ਹਜ਼ਾਰ ਰੁਪੈ ਪਾਵੇ।