Tuesday, August 6, 2024

ਫ਼ਲਸਤੀਨੀਆਂ ਦੀ ਨਸਲਕੁਸ਼ੀ ਪਿੱਛੇ ਅਮਰੀਕੀ ਸਾਮਰਾਜੀ ਜੁੰਡਲੀ ਦਾ ਹੱਥ

 Tuesday 6th August 2024 at 19:09 WhatsApp

ਰੈਲੀ ਵਿੱਚ ਪੁੱਛਿਆ ਗਿਆ ਕਿ ਕੀ ਜੰਗ ਕਿਸੇ ਮਸਲੇ ਦਾ ਹੱਲ ਹੈ? 


ਚੰਡੀਗੜ੍ਹ: 06 ਅਗਸਤ 2024: (ਕਰਮ ਵਕੀਲ//ਕਾਮਰੇਡ ਸਕਰੀਨ)::

ਫ਼ਲਸਤੀਨੀ ਲੋਕਾਂ ਦੀ ਬੇਰਹਿਮੀ ਨਾਲ ਹੋ ਰਹੀ ਨਸਲਕੁਸ਼ੀ ਖਿਲਾਫ਼ ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਭਾਰਤੀ ਕਮਿਊਨਿਸਟ ਪਾਰਟੀ (ਐਮ. ਐਲ. ਲਿਬਰੇਸ਼ਨ)  ਆਇਲੂ, ਐਪਸੋ, ਸੀਟੂ, ਏਟਕ ਅਤੇ ਈਅਲ  ਵਲੋਂ ਪਲਾਜ਼ਾ, ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਗਈ। 

ਇਸ ਰੈਲੀ ਨੂੰ ਬੰਤ ਬਰਾੜ, ਸੂਬਾ ਸਕੱਤਰ, ਸੀਪੀਆਈ ਨੇ ਸੰਬੋਧਨ ਕਰਦੇ ਕਿਹਾ ਕਿ ਇਜ਼ਰਾਈਲੀ ਸਰਕਾਰ ਅਤੇ ਇਜ਼ਰਾਈਲੀ ਫੌਜ ਨੇ ਫ਼ਲਸਤੀਨੀ ਲੋਕਾਂ ਦੇ ਮਾਨਵੀ ਅਧਿਕਾਰਾਂ ਨੂੰ ਮਧੋਲ ਕੇ ਰੱਖ ਦਿੱਤਾ ਹੈ। ਨਿਹੱਥੇ ਹਜ਼ਾਰਾਂ ਬੱਚੇ ਅਤੇ ਔਰਤਾਂ ਦਾ ਬੇਰਹਿਮੀ ਨਾਲ ਲੋਕ ਮਾਰੂ ਬੰਬ ਦਾਗ਼ ਦਾਗ਼ ਕੇ ਕਤਲ ਕੀਤਾ ਗਿਆ ਹੈ। ਹਸਪਤਾਲ ਅਤੇ ਸ਼ਰਨਾਰਥੀ ਕਾਫਲੇ ਵੀ ਨਹੀਂ ਬਖਸ਼ੇ ਗਏ ਇਹ ਕਿੱਥੋਂ ਦੀ ਇਨਸਾਨੀਅਤ ਅਤੇ ਇਨਸਾਫ਼ ਦਾ ਪਾਠ ਜੰਗੀ ਖੇਮਿਆਂ ਦੇ ਸਰਦਾਰ ਮਾਨਵਤਾ ਨੂੰ ਪੜ੍ਹਾ ਰਹੇ ਹਨ? ਕੀ ਜਿਊਣ ਦਾ ਹੱਕ ਸਿਰਫ਼ ਹੈਕੜਬਾਜ ਜੰਗ-ਜੂਆਂ ਨੂੰ ਹੀ ਹੈ? ਕੀ ਜੰਗ ਕਿਸੇ ਮਸਲੇ ਦਾ ਹੱਲ ਹੈ? ਆਮ ਜਨਤਾ ਨੂੰ ਘਰੋਂ ਉਜਾੜਨਾ ਤੇ ਨਸਲਕੁਸ਼ੀ ਕਰਦੇ ਹੋਏ ਫ਼ਲਸਤੀਨੀਆਂ ਦਾ ਮੁਲਕ ਹੀ ਬਰਬਾਦ ਕਰਨਾ ਕਿਸੇ ਤਰਾਂ ਵੀ ਜਾਇਜ਼ ਨਹੀਂ। ਅਸੀਂ ਸਾਰੇ ਫ਼ਲਸਤੀਨੀ ਜਨਤਾ ਨਾਲ ਗਹਿਰੀ ਸੰਵੇਦਨਾ ਵਿਅਕਤ ਕਰਦੇ ਹਾਂ। 

ਦੇਵੀ ਦਿਆਲ ਸ਼ਰਮਾ ਸਾਬਕਾ ਸਕੱਤਰ ਸੀਪੀਆਈ, ਜਸਪਾਲ ਦੱਪਰ (ਵਕੀਲ ਨੇਤਾ), ਕਰਮ ਸਿੰਘ ਵਕੀਲ ਪ੍ਰਧਾਨ ਆਲ ਇੰਡੀਆ ਲਾਇਰਜ਼ ਯੂਨੀਅਨ, ਐਂਨ ਡੀ ਤਿਵਾੜੀ - ਸਕੱਤਰ (ਪੀਐਸ ਐੱਸ ਵਿਗਿਆਨਕ), ਆਸ਼ਾ ਰਾਣਾ ਐਡਵਾ ਸੂਬਾ ਉਪ ਪ੍ਰਧਾਨ, ਬਲਕਾਰ ਸਿੱਧੂ ਰੰਗਕਰਮੀ, ਜੋਬੀ ਰਫੈਲ, ਰਾਜ ਕੁਮਾਰ ਸਕੱਤਰ ਸੀਪੀਆਈ, ਮੁਹੰਮਦ ਸ਼ਹਿਨਾਜ਼ ਗੋਰਸੀ ਸਕੱਤਰ, ਸੀਪੀਆਈ (ਐਮ), ਆਰ ਐੱਲ ਮੋਦਗਿਲ ਜਨਰਲ ਸਕੱਤਰ- ਐਪਸੋ, ਸਤੀਆਵੀਰ ਸਕੱਤਰ ਏਟਕ ਅਤੇ ਸਗੀਰ ਅਹਿਮਦ ਆਇਲੂ ਨੇਤਾ ਨੇ ਹਾਜ਼ਰ ਇਕਠ ਨੂੰ ਸੰਬੋਧਨ ਕਰਦੇ ਹੋਏ ਫ਼ਲਸਤੀਨੀ ਲੋਕਾਂ ਲਈ ਹਾਅ ਦਾ ਨਾਅਰਾ ਮਾਰੀਆ ਅਤੇ ਹਮਲਾਵਰ ਇਜ਼ਰਾਈਲ ਦੀ ਨਿੰਦਾ ਕੀਤਾ।  

ਅੰਤ ਵਿੱਚ ਫ਼ਲਸਤੀਨੀ ਲੋਕਾਂ ਉਤੇ ਥੋਪੀ ਬੇਲੋੜੀ ਜੰਗ ਬੰਦ ਕਰਨ ਅਤੇ ਫ਼ਲਸਤੀਨ ਵਿਚ ਅਮਨ ਸ਼ਾਂਤੀ ਬਹਾਲ ਕਰਨ ਦੀ ਮੰਗ ਕਰਦੇ ਅਕਾਸ਼ ਗੁੰਜਾਊ ਨਾਅਰੇ ਲਾ ਕੇ ਰੈਲੀ ਦੀ ਸਮਾਪਤੀ ਕੀਤੀ ਗਈ। ਮੰਚ ਸੰਚਾਲਨ ਕਰਮ ਸਿੰਘ ਵਕੀਲ ਨੇ ਕੀਤਾ। 

Friday, August 2, 2024

ਫਾਸ਼ੀਵਾਦ ਵਿਰੁੱਧ ਵਿਸ਼ਾਲ ਲੋਕਤੰਤਰਿਕ ਮੋਰਚਾ; ਸਮੇਂ ਦੀ ਪੁਕਾਰ

Thursday 1st August 2024 at 12:50 PM

ਲੁਧਿਆਣਾ ਤੋਂ *ਸੀਨੀਅਰ ਕਾਮਰੇਡ ਰਮੇਸ਼ ਰਤਨ ਦੀ ਵਿਸ਼ੇਸ਼ ਲਿਖਤ 


ਭਾਰਤ ਦੇ ਸਹਿਰਾਂ  ਅਤੇ ਸੜਕਾਂ ਦੇ ਨਾਮ ਬਦਲਣ ਤੋਂ ਸੁਰੂ ਹੋ ਕੇ ਪਾਰਲੀਮੈਂਟ ਦੇ ਹਾਲ ਦੇ ਨਾਮ ਬਦਲਣ ਤੱਕ, ਫੌਜਦਾਰੀ ਕਾਨੂੰਨਾਂ ਵਿਚ ਪੁਲਿਸ ਰਾਜ ਕਾਇਮ ਕਰਨ ਵਾਲੀਆਂ ਲੋਕਤੰਤਰ ਵਿਰੋਧੀ ਧਾਰਾ ਜੋੜਨ ਅਤੇ ਹੁਣ ਧਾਰਮਿਕ ਯਾਤਰਾਵਾਂ ਨੂੰ ਫਿਰਕਾ ਪ੍ਰਸਤੀ ਫੈਲਾਉਣ  ਲਈ ਵਰਤਣ  ਕਾਰਨ 'ਸੰਘੀ' ਸ਼ਬਦ ਦੇ ਮਾਇਨੇ ਵੀ ਉਸੇ ਤਰ੍ਹਾਂ ਬਦਲ ਰਹੇ ਹਨ, ਜਿਵੇਂ   ਹਿਟਲਰ ਅਤੇ ਮੁਸੋਲਿਨੀ ਵਲੋਂ ਅਪਣਾਈ ਨੀਤੀ ਨੇ 'ਫਾਸਿਸਟ' ਸ਼ਬਦ ਨੂੰ ਅੱਜੋਕੀ  ਰਾਜਨੀਤਕ ਭਾਸ਼ਾ ਦਾ ਸਭ ਤੋਂ ਭਿਆਨਕ ਨਫਰਤ ਵਾਲਾ ਸ਼ਬਦ ਬਣਾ ਦਿੱਤਾ ਸੀ। 

ਸ਼ਬਦਾਂ ਦੇ ਅਰਥ ਇਤਿਹਾਸ ਦੇ ਖਾਸ ਮੋੜ ਤੇ ਬਦਲਦੇ ਹਨ।   ਜਿਵੇਂ 1789 ਚ ਫ਼ਰਾਂਸ ਦੇ ਇਨਕਲਾਬ ਨੇ ਰਾਜਨੀਤਕ ਧਰਾਤਲ  ਤੇ 'ਖੱਬੇ' ਦਾ ਅਰਥ ਅੱਗੇਵਧੂ ਅਤੇ 'ਸੱਜੇ' ਦਾ ਅਰਥ ਪਛਾਖੜੀ ਕਰ ਦਿੱਤਾ ਸੀ ।

 ਕਦੇ ਸਾਰਥਕ ਅਰਥਾਂ ਵਿਚ ਏਕੇ ਲਈ ਵਰਤੇ ਜਾਣ ਵਾਲੇ ਇਟਾਲੀਅਨ ਸ਼ਬਦ  'ਫਾਸਿਸਟ'  ਦੇ ਅਜੋਕੇ ਮਾਇਨੇ ਬਿਲਕੁਲ ਉਲਟ ਹੋ ਗਏ ਹਨ। ਅੱਜਕਲ ਔਕਸਫੋਰਡ ਅਤੇ ਕੈਂਬ੍ਰਿਜ ਡਿਕਸ਼ਨਰੀਆਂ ਸਮੇਤ ਹਰ ਥਾਂ ਇਸ ਦਾ ਮਤਲਬ ਸਰੇਆਮ ਧਕੇਸਾਹ ਸਰਕਾਰ ਵਜੋਂ ਹੀ ਲਿਖਿਆ ਹੋਇਆ ਹੈ। ਜਵਾਹਰ ਲਾਲ ਨਹਿਰੂ  ਵੀ ਫਾਸ਼ੀਵਾਦ ਨੂੰ ਸਰਮਾਏ ਦਾ ਸਭ ਤੋਂ ਭੈੜਾ ਰਾਜਨੀਤਕ ਰੂਪ ਆਖਦਾ ਹੈ। 

ਅਸਲ ਵਿਚ ਇਹ ਪੂੰਜੀਵਾਦੀ ਡਿਕਟੇਟਰਸ਼ਿਪ ਦੀ ਸਭ ਤੋਂ ਭਿਆਨਕ ਕਿਸਮ ਹੈ। ਇਸ ਵਿੱਚ ਸਰਕਾਰ, ਨਾਗਰਿਕਾਂ ਦੀ ਆਜ਼ਾਦੀ ਖਤਮ ਕਰਨ  ਤਕ ਸੀਮਤ ਨਹੀ ਰਹਿੰਦੀ।  ਸਰਕਾਰੀ ਨੀਤੀਆਂ ਦੇ ਹੱਕ ਵਿੱਚ ਨਾਗਰਿਕਾਂ ਵਲੋਂ ਗੁਣਗਾਨ ਕਰਵਾਉਣ ਲਈ ਖਾਸ ਜਾਤੀ ਜਾਂ ਧਰਮ ਦੇ ਲੋਕਾਂ ਵਿਚ ਦੂਜਿਆ ਪ੍ਰਤੀ ਨਫਰਤ ਤੇ ਵੈਰਭਾਵ ਫੈਲਾਉਣ ਲਈ ਸਰਕਾਰੀ ਸਹਿ ਅਤੇ ਸਰਪ੍ਰਸਤੀ ਹਾਸਲ ਹੁੰਦੀ ਹੈ ।

ਅੰਧ- ਰਾਸ਼ਟਰਵਾਦ ਨੂੰ ਦੂਜੇ ਦੇਸ਼ਾ ਪ੍ਰਤੀ ਜੰਗੀ ਜਨੂੰਨ ਭੜਕਾਉਣ ਲਈ ਵਰਤਿਆ ਜਾਂਦਾ ਹੈ।  ਚਾਵਾਂ ਨਾਲ ਪਾਲੇ ਪਲੋਸੇ ਕਰੋੜਾਂ ਨੋਜਵਾਨਾ ਤੇ ਮਾਸੂਮ ਵਿਅਕਤੀਆ ਨੂੰ ਮੋਤ ਦੇ ਮੂੰਹ ਧਕੇਲ ਦਿੱਤਾ ਜਾਂਦਾ ਹੈ 

ਇਹ ਤਥ ਫਾਸ਼ੀਵਾਦ ਦੇ ਮੈਨੀਫੇਸਟੋ ਦੀ ਲਿਖਤ ਅਤੇ ਅਮਲ ਵਿੱਚਲੇ ਜਮੀਨ- ਆਸਮਾਨ ਵਰਗੇ ਅੰਤਰ ਤੋਂ ਸਪੱਸ਼ਟ ਹੁੰਦਾ ਹੈ। 

ਇਟਲੀ ਦੇ ਮੁਸੋਲਿਨੀ ਵਲੋਂ ਅਲਸੇਸਟੇ ਅੰਬਰਿਸ ਤੇ ਫਿਲੀਪੋ ਮਾਰੀਨੇਟੀ ਤੋ ਲਿਖਵਾਏ 'ਫਾਸਿਸਟ-ਮੈਨੀਫੈਸਟੋ'  ਵਿਚ  ਸੁਪਨਾ ਤਾਂ 'ਕੌਮੀ- ਸਮਾਜਵਾਦ' ਸਥਾਪਤ ਕਰਨ ਦਾ ਵਿਖਾਇਆ ਗਿਆ।

ਜਦ ਇਟਲੀ ਵਿੱਚ ਫਾਸ਼ੀਵਾਦੀ ਮੁਸੋਲਿਨੀ ਅਤੇ ਜਰਮਨ ਵਿੱਚ ਹਿਟਲਰ ਦੀ ਨਾਜ਼ੀ ਪਾਰਟੀ ਨੇ ਸੱਤਾ ਤੇ ਕਬਜ਼ਾ ਕਰ ਲਿਆ ਤਾਂ ਅਮਲ ਵਿੱਚ ਰਾਸ਼ਟਰ ਦਾ ਮਤਲਬ ਤਾਂ ਚੰਦ ਪੂੰਜੀਪਤੀਆਂ ਦੀ ਸੇਵਾ ਕਰਨ ਵਿਚ ਸਿਮਟ ਗਿਆ ਤੇ ਸਮਾਜਵਾਦ ਦਾ ਤਾਂ ਕੋਈ ਨਾਮੋ-ਨਿਸ਼ਾਨ ਵੀ ਨਜ਼ਰ ਨਹੀ ਆਇਆ ਪਰ ਦੇਸ਼ ਨੂੰ ਜੰਗ ਦੀ ਭੱਠੀ ਵਿਚ ਝੋਂਕ  ਦਿੱਤਾ। 

ਇਹ ਤੱਥ ਹੁਣ ਬਹੁਤ ਲੋਕ ਜਾਣਦੇ ਹਨ ਕਿ ਕੌਮ  ਦੇ ਨਾਮ ਤੇ ਹਿਟਲਰ ਨੇ ਪਹਿਲਾਂ ਯਹੂਦੀਆਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ। ਅਗਲੇ ਦੌਰ ਵਿਚ ਟ੍ਰੇਡ ਯੂਨੀਅਨ ਲੀਡਰ,  ਬੁੱਧੀਜੀਵੀ, ਅਤੇ ਵਿਰੋਧੀ ਪਾਰਟੀਆ ਦੇ ਆਗੂਆਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂ ਸਿੱਧੇ ਹੀ ਮਰਵਾਉਣ ਲਈ ਪ੍ਰਾਈਵੇਟ ਜਥੇਬੰਦ ਫੋਰਸ ਵਰਤੀ ਗਈ।

ਭਾਰਤ ਵਿੱਚ ਵੀ ਨਵਾਂ ਬਣਾਇਆ ਗਿਆ 'ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023  ਦੀ ਧਾਰਾ 148 ਅਤੇ ਇਸ ਦੇ ਨਾਲ ਲੱਗਦੀਆਂ ਧਾਰਾਵਾਂ ਬਹੁਤ ਹੀ ਖਤਰਨਾਕ ਹਨ।  ਪੁਰਾਣੇ ਕਾਨੂੰਨ ਵਿੱਚ ਮੁਜ਼ਾਹਰੇ, ਜਲਸੇ, ਜਲੂਸ ਨੂੰ ਹਿੰਸਕ ਹੋਣ ਤੇ ਖਿਡਾਉਣ ਲਈ ਗੋਲੀ ਚਲਾਉਣ ਦੇ ਆਦੇਸ਼ ਦੇਣ ਲਈ ਮੈਜਿਸਟ੍ਰੇਟ ਪੱਧਰ ਦੇ ਅਧਿਕਾਰੀ ਤੋਂ ਆਗਿਆ ਲੈਣੀ ਹੁੰਦੀ ਸੀ। ਨਵੇਂ ਕਾਨੂੰਨ ਦੀ ਧਾਰਾ 148 ਮੁਤਾਬਿਕ ਕੋਈ ਸਬ-ਇੰਸਪੈਕਟਰ ਕਿਸੇ  ਜਨਤਕ ਇਕੱਠ ਨੂੰ ਮੌਕੇ ਉੱਤੇ ਗੈਰ ਕਾਨੂੰਨੀ ਐਲਾਨ ਕਰ ਸਕਦਾ ਹੈ ।

ਧਾਰਾ 148 (2)  ਮੁਤਾਬਿਕ ਉਹ ਕਿਸੇ ਇਕੱਠ ਜਾਂ ਰੈਲੀ ਨੂੰ ਖਦੇੜਨ ਲਈ ਕਿਸੇ ਵੀ ਵਿਅਕਤੀ ਦੀ ਸਹਾਇਤਾ ਲੈ ਸਕਦਾ ਹੈ । ਇਸ ਉਦੇਸ਼ ਲਈ ਉਹਨਾਂ ਵਿਅਕਤੀਆ ਦਾ ਹਥਿਆਰਬੰਦ ਬਲਾਂ ਦਾ ਮੈਂਬਰ ਹੋਣਾ ਜਰੂਰੀ ਨਹੀਂ।  ਸਪੱਸ਼ਟ ਹੈ ਕਿ ਪੁਲਸ ਨੂੰ ਨਿੱਜੀ ਜਾਂ ਪ੍ਰਾਈਵੇਟ ਹਥਿਆਰਬੰਦ ਗਰੋਹ/ ਸਕੁਐਡ ਦੀ ਵਰਤਣ ਦਾ ਹੱਕ ਹਾਸਲ ਹੋ ਗਿਆ ਹੈ ।

ਚਿੰਤਾ ਦਾ ਵਿਸ਼ਾ ਹੈ ਕਿ ਭਾਰਤ ਵਿੱਚ ਫਾਸਿਸਟ ਰੁਝਾਨ  ਫਿਰਕਾਪ੍ਰਸਤੀ ਦੇ ਰਥ ਤੇ ਸਵਾਰ ਹੋ ਕੇ ਫੈਲ ਰਿਹਾ ਹੈ। 

ਇਤਹਾਸ ਗਵਾਹ ਹੈ ਕਿ  ਫਿਰਕਾਪ੍ਰਸਤੀ ਦਾ ਜ਼ਹਿਰ ਬਹੁਤ ਹੀ ਤੇਜੀ ਨਾਲ ਫੈਲ ਜਾਂਦਾ ਹੈ।

ਭਾਰਤ ਦੇ ਅਜ਼ਾਦੀ ਸੰਗਰਾਮ ਸਮੇਂ ਪੰਜਾਬ ਦੇ ਲੋਕ, ਸੈਫੂਦੀਨ ਕਿਚਲੂ ਅਤੇ ਡਾਕਟਰ ਸਤਪਾਲ ਦੀ ਅਗਵਾਈ ਚ ਸੰਘਰਸ਼ ਕਰ ਰਹੇ ਸਨ। ਜਲਿਆਂਵਾਲੇ ਬਾਗ ਦੀ ਜ਼ਮੀਨ ਸਾਂਝੇ ਖੂਨ ਨਾਲ ਲਾਲ ਹੋਈ ਸੀ। ਫਿਰ ਅੰਗਰੇਜੀ ਸਹਿ ਨਾਲ ਫਿਰਕਾਪ੍ਰਸਤੀ ਪਰੋਸੀ ਗਈ। ਇਸ ਦੇ ਡੰਗ ਨੇ ਲੋਕਾਂ ਨੂੰ ਗੁਰੂਆਂ ਅਤੇ ਪੀਰਾਂ ਦਾ ਵਿਰਸਾ ਭੁਲਾ ਦਿੱਤਾ ਅਤੇ 1947 ਦੇ ਕੁਝ ਹੀ ਸਮੇ ਵਿਚ ਲੱਖਾਂ ਲੋਕ ਇੱਕ ਦੂਜੇ ਦੇ ਕਾਤਲ ਬਣ ਗਏ ਸਨ।

ਅਜਿਹੇ ਜਨੂੰਨ ਚੋਂ ਮੁੜ ਹੋਸ਼ ਆਉਣ ਤੱਕ ਭਿਆਨਕ ਤਬਾਹੀ ਹੋ ਚੁੱਕੀ ਹੁੰਦੀ ਹੈ। 

ਬੁੱਧੀਮਤਾ ਚ ਅਬੱਲ ਮੰਨੇ ਜਾਣ ਵਾਲੇ ਜਰਮਨਾਂ ਨੂੰ ਵੀ ਨਾਜ਼ੀਵਾਦ ਸਮਝਣ ਲਈ  ਦੇਸ਼ ਦੀ ਲਗਭਗ ਇਕ ਪੂਰੀ ਨੋਜਵਾਨ ਪੀੜੀ ਨੂੰ ਜੰਗ ਦੀ ਬਲੀਵੇਦੀ ਤੇ ਝੋਕਣਾ ਪਿਆ ਸੀ।

ਇਟਲੀ, ਜਰਮਨ ਤੇ ਜਪਾਨ ਵਲੋ ਸ਼ੁਰੂ ਕੀਤੀ ਦੂਜੀ ਸੰਸਾਰ ਜੰਗ ਦੌਰਾਨ ਲਗਭਗ ਪੰਜ ਕਰੋੜ ਲੋਕਾਂ ਨੂੰ ਆਪਣੀ ਜਾਨ ਗੁਆਣੀ ਪਈ। ਦਸ ਕਰੋੜ ਤੋ ਵੱਧ ਇਨਸਾਨ ਜਖ਼ਮੀ ਹੋਣ ਦਾ ਸੰਤਾਪ ਝਲਦੇ ਰਹੇ । ਹੀਰੋਸੀਮਾ ਤੇ ਨਾਗਾਸਾਕੀ ਵਾਲੇ ਜਪਾਨੀਆਂ ਦੀਆ  ਕਿੰਨੀਆਂ ਹੀ ਪੀੜੀਆਂ ਐਟਮੀ ਰੇਡੀਏਸਨ ਕਾਰਨ ਸਰੀਰਕ ਤੇ ਮਾਨਸਿਕ ਪੀੜਾਂ ਭੁਗਤਦੀਆਂ ਰਹੀਆ ਹਨ । 

ਬੁਲਗਾਰੀਆ ਦੇ ਪ੍ਰਧਾਨ ਮੰਤਰੀ ਅਤੇ ਕਮਿਉਨਿਸਟ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਦਮਿਤਰੋਵ ਨੇ ਚੇਤਾਵਨੀ ਦਿੱਤੀ ਸੀ ਕਿ ਫਾਸ਼ੀਵਾਦ ਇਕ ਬੁਰਜੁਆ ਸਰਕਾਰ ਵਲੋ ਦੂਜੀ ਬੁਰਜੁਆ ਸਰਕਾਰ ਵਿਚ ਤਬਦੀਲ ਹੋਣ ਨਾਲੋ ਬੁਨਿਆਦੀ ਤੌਰ ਤੇ ਵੱਖਰਾ ਅਮਲ ਹੈ । ਇਹ ਖੁਲਾ, ਸਰੇਆਮ ਦਹਿਸ਼ਤ ਅਤੇ ਨਾਗਰਿਕਾਂ ਵਿੱਚ ਨਫ਼ਰਤ ਦੀ ਰਾਜਨੀਤੀ ਤੇ ਅਧਾਰਿਤ ਡਿਕਟੇਟਰਸ਼ਿਪ ਵਲ ਵਧਣ ਦਾ ਸਿਲਸਲਾ ਹੈ। ਸਮਾਜ, ਖਾਸਕਰ ਰਾਜਨੀਤਕ ਲੋਕਾਂ ਵਲੋ ਇਸ ਅੰਤਰ ਨੂੰ ਨਾ ਸਮਝਣਾ ਬਜੱਰ ਗਲਤੀ ਸਿੱਧ ਹੁੰਦੀ ਹੈ। 

ਉਸ ਨੇ ਇਹ ਵੀ ਦੱਸਿਆ ਸੀ ਕਿ ਅਜਿਹੇ ਕਾਰੇ ਕਰਵਾਉਣ ਵਾਲਾ ਫਾਸ਼ੀਵਾਦ ਆਮ ਤੌਰ ਤੇ ਡੇਮੋਕ੍ਰੇਟਿਕ ਦੇਸ਼ਾਂ ਅੰਦਰ ਦੂਜੀਆ ਸਰਮਾਏਦਾਰ ਪੱਖੀ ਪਾਰਟੀਆ ਨੂੰ ਇੱਕ ਹੱਦ ਤਕ ਆਪਣੀਆ ਰਾਜਨੀਤਕ ਗਤੀਵਿਧੀਆ ਜਾਰੀ ਰੱਖਣ ਦੀ ਇਜਾਜ਼ਤ ਵੀ ਜਾਰੀ ਰੱਖਦਾ ਹੈ ਤਾਂ ਕਿ ਉਨ੍ਹਾਂ ਦੇ ਅਸਲੀ ਚੇਹਰੇ ਦਾ ਪਰਦਾਫਾਸ਼ ਨਾ ਹੋਏ। 

ਪਰ ਕਈ ਦੇਸ਼ਾਂ ਅੰਦਰ ਉਹ ਇਕ ਹੀ ਝਟਕੇ ਵਿੱਚ ਜਿਵੇਂ ਕਿ ਫ਼ੋਜੀ ਰਾਜਪਲਟੇ ਆਦਿ ਰਾਹੀਂ ਸੱਤਾ ਤੇ ਕਾਬਜ ਹੋ ਜਾਂਦੇ ਹਨ। 

ਉਹ ਰਾਵਣ ਵਲੋਂ ਸਾਧੂ ਦਾ ਭੇਸ ਧਾਰਨ ਅਤੇ ਮਾਰੀਚ ਦੇ ਸੋਨੇ ਦਾ ਹਿਰਨ ਬਨਣ ਵਾਂਗ ਆਮ ਲੋਕਾਂ ਨੂੰ ਭਰਮਾਉਣ ਲਈ ਛਲ ਕਰਦੇ ਹੁੰਦੇ ਹਨ।ਫਾਸ਼ੀਵਾਦੀ ਝੂਠੇ ਹੁੰਦੈ ਹਨ। ਉਹਨਾ  ਦੀ ਕਹਿਣੀ ਕੋਈ 'ਰਘੁਕੁਲ ਰੀਤ' ਵਾਲਾ ਪ੍ਰਾਣਾ ਤੋ ਵੀ ਵੱਧ ਮਹੱਤਵ ਰਖਣ ਵਾਲਾ ਬਚਨ ਨਹੀ ਹੁੰਦੀ। 

ਇਹ ਜੁਮਲੇਬਾਜ਼ ਲੀਡਰਾਂ ਵਰਗੇ ਹੁੰਦੇ ਹਨ ਜੋ ਰਿਆਸਤ ਦੇ ਕਿਲੇ ਦੀ ਦੀਵਾਰ ਤੇ ਖਲੋ ਔਰਤ ਜਾਤ ਦੀ ਇਜ਼ਤ ਦੀਆਂ ਗਲਾਂ ਕਰਦੇ ਪਰ ਅਮਲ ਵਿੱਚ ਬਲਾਤਕਾਰੀਆਂ ਤੇ ਬੱਚੀਆਂ  ਦੇ ਕਾਤਲਾਂ ਨਾਲ ਜਾ ਭੁਗਤਦੇ ਹਨ। 

ਕਮਿਉਨਿਸਟ ਇੰਟਰਨੈਸ਼ਨਲ ਦੀ 7ਵੀ ਕਾਂਗਰਸ ਨੇ ਨੋਟ ਕੀਤਾ ਸੀ ਕਿ ਫਾਸ਼ੀਵਾਦੀ ਅਲੱਗ ਅਲੱਗ ਦੇਸ਼ਾਂ ਵਿੱਚ ਵੱਖਰੇ ਵੱਖਰੇ ਰੂਪ ਬਦਲ ਕੇ ਆਉਂਦੇ ਹਨ। 

ਇੰਗਲੈਂਡ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਰਜਨੀ ਪਾਮ ਦੱਤ ਨੇ ਸਾਮਰਾਜੀ ਦੇਸ਼ਾਂ ਦੀ ਜਮਹੂਰੀਅਤ ਦੇ ਦੋਗਲੇ ਚਰਿੱਤਰ ਨੂੰ ਨੰਗਾ ਕੀਤਾ ਹੈ । 

ਉਸ ਅਨੁਸਾਰ ਫਾਸ਼ੀਵਾਦ  ਨਿਰਾਪੁਰਾ ਇਟਲੀ ਤੇ ਜਰਮਨ ਦੇ ਵਹਿਸ਼ੀਆਨਾ ਰਾਜਨੀਤਕ ਰੂਪ ਤੱਕ ਸੀਮਤ ਨਹੀਂ ਸੀ ਸਗੋਂ ਤਾਨਾਸ਼ਾਹੀ ਦੇ ਰੁਝਾਨ ਕੁਝ ਕੁ ਅੰਤਰਾ ਨਾਲ ਯੂਰੋਪ ਦੇ ਕਈ ਹੋਰ ਦੇਸਾਂ ਵਿਚ ਵੀ ਸਨ। 

ਉਹ ਤਿੱਖੇ ਸਵਾਲ ਉਠਾਉਂਦਾ ਹੈ ਕਿ,

ਕੀ ਇੰਗਲੈਂਡ, ਫਰਾਂਸ ਤੇ ਅਮਰੀਕਾ ਦੇ ਆਗੂ ਜੰਗ ਸਮੇਂ ਕੋਈ ਭੋਲੈਭਾਲੇ ਸਾਂਤੀਦੂਤ ਸਨ ?

ਕੀ ਇੰਗਲੈਂਡ ਵਿਚ ਫਾਸ਼ੀਵਾਦ ਦੇ ਵੱਡੇ ਅਲੰਬਰਦਾਰ, 'ਔਸਵਾਲਡ ਮੋਸਲੇ' ਦੀ ਸਾਰੀ ਸਿਖਿਆ ਦਾ ਆਧਾਰ ਮਸੋਲੀਨੀ ਦੀ 'ਕਾਲੀ ਕਮੀਜ' ਵਾਲੀ ਲਹਿਰ ਹੀ ਸੀ ਜਾਂ ਉਸ ਦੀ ਸੋਚ, ਜਲੀਆਂਵਾਲੇ ਬਾਗ ਚ ਭਾਣਾ ਵਰਤਾਉਣ ਵਾਲੇ ਜਰਨੈਲ ਵਾਂਗ ਇੰਗਲੈਂਡ ਸਰਕਾਰ ਦੀਆਂ ਨੀਤੀਆਂ ਤੋਂ ਵੀ ਪ੍ਰਭਾਵਿਤ ਸੀ ? 

ਕੀ 30ਵਿਆਂ ਚ ਇੰਗਲੈਂਡ ਸਰਕਾਰ ਵਲੋਂ  ਕੈਰੀਵਿਅਨ ਦੇਸ਼ਾਂ ਦੇ ਮਜਦੂਰਾਂ ਅਤੇ ਸਰਕਾਰ ਵਿਰੁੱਧ ਆਵਾਜ ਬੁਲੰਦ ਕਰਨ ਵਾਲਿਆ ਨੂੰ ਕੋਹ ਕੋਹ ਕੇ ਮਾਰਨਾ  ਹਿਟਲਰੀ ਫੋਜ ਵਲੋਂ ਦੂਜੀਆ ਨਸਲ ਵਾਲਿਆ ਨੂੰ ਮਾਰਨ ਨਾਲੋ  ਵੱਖਰਾ ਸੀ ?

ਕੀ ਅਮਰੀਕਨ ਸਾਮਰਾਜ ਨੇ ਸਵਾ ਕਰੋੜ ਨੀਗਰੋ ਇੰਨਸਾਨਾ ਨੂੰ ਗੁਲਾਮ ਬਣਾਉਣ ਸਮੇਂ ਘੱਟ ਗੁਜਾਰੀ ਸੀ ?  ਆਦਿ  ਕਈ ਹਵਾਲੇ ਦੇ ਕੇ ਉਸ ਨੇ ਫਾਸਿਸਟ ਢੰਗ ਅਤੇ  ਅਮਲ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ । 

ਅਜੋਕੇ ਸਮੇਂ ਵਿਚ ਫਾਸ਼ੀਵਾਦ:- 

 20ਵੀਂ ਸਦੀ ਵਿਚ ਫਾਸ਼ੀਵਾਦ ਕਈ ਦੇਸ਼ਾਂ ਵਿੱਚ ਅਲੱਗ ਅਲੱਗ ਰੂਪਾਂ ਵਿਚ ਸਾਡੇ ਸਾਹਮਣੇ ਆਇਆ, ਪਰੰਤੂ ਇਹਨਾਂ ਵਿੱਚ ਕੁਝ ਪਹਿਲੂ ਸਾਂਝੇ ਸਨ। ਜਿਵੇਂ ਕਿ ਇਕ ਖ਼ਾਸ ਲੀਡਰ ਨੂੰ ਸਰਬੋਤਮ ਸ਼ਕਤੀਮਾਨ ਵਜੋਂ ਪੇਸ਼ ਕਰਨਾ , ਅਰਧ ਸੈਨਿਕ ਅਧਾਰ ਤੇ ਜਥੇਬੰਦੀ ਖੜੀ ਕਰਨਾ, ਅੰਧ- ਰਾਸ਼ਟਰਵਾਦ ਨੂੰ ਫੈਲਾਉਣਾ ਅਤੇ ਰੰਗ, ਨਸਲ , ਧਰਮ ਭੇਦ ਆਦਿ ਆਧਾਰ ਤੇ ਇੱਕ ਖਾਸ ਤਬਕੇ ਨੂੰ ਵਿਸ਼ੇਸ਼  ਮਹੱਤਵ ਦੇਣਾ ।

ਭਾਂਵੇ ਇਤਿਹਾਸ ਵਿੱਚੋਂ ਬਹੁਤ ਕੁਝ ਸਿੱਖਣ ਲਈ ਹੁੰਦਾ ਹੈ ਪਰ ਅਜੋਕੇ ਸਮੇਂ ਵਿੱਚ ਹਰ ਵਰਤਾਰੇ ਵਾਂਗ  ਫਾਸਿਸਟ ਰੁਝਾਨਾਂ ਵਿਚ ਆਈ ਤਬਦੀਲੀ ਨੂੰ ਸਮਝਣਾ  ਜਰੂਰੀ ਹੈ। 

 ਅਜਕਲ ਫਾਸਿਸਟ ਧੜੇ ਦੇਸ਼ ਦੇ ਸੰਵਿਧਾਨ, ਕਾਨੂੰਨ ਅਤੇ ਜਮਹੂਰੀਅਤ ਨੂੰ ਵਰਤ ਕੇ ਅੱਗੇ ਵਧ ਰਹੇ ਹਨ। ਇਹ ਬਹੁਤ ਹੀ ਬਿਉਂਤਮਈ ਢੰਗਾਂ ਨਾਲ ਉਦਾਰਵਾਦੀ ਡੈਮੋਕਰੇਸੀ ਨੂੰ ਕਮਜ਼ੋਰ ਕਰਦੇ ਹਨ ਅਤੇ ਦੇਸ਼ ਦੀਆਂ ਸੰਸਥਾਵਾਂ ਨੂੰ ਅਧੀਨ ਕਰਕੇ ਆਪਣੀ ਅੱਤਿਆਚਾਰੀ ਅਤੇ ਏਕਾਧਿਕਾਰ ਹਕੂਮਤ ਕਾਇਮ ਕਰਦੇ ਹਨ।  ਭਾਰਤ ਵਿਚ ਸੱਤਾ ਅਜਿਹੇ ਹੀ ਢੰਗ ਤਰੀਕੇ ਵਰਤ ਕੇ ਵਿਰੋਧੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।  ਲੋਕਾਂ ਦੀ ਸਮਝ ਨੂੰ ਸਰਕਾਰੀ ਨੀਤੀਆਂ ਦੇ ਸਮਰਥਨ ਵਾਸਤੇ ਮੋੜਨ ਲਈ ਇਹ ਪਹਿਲਾਂ ਵੀ ਪ੍ਰਪੇਗੰਡੇ ਦੇ ਸਾਧਨਾ ਦਾ ਇਸਤੇਮਾਲ ਕਰਦੇ ਸਨ ਪਰ ਹੁਣ ਮੀਡੀਆ ਦਾ ਇਸਤੇਮਾਲ ਅਨੇਕਾਂ ਗੁਣਾ ਵੱਧ ਗਿਆ ਹੈ। 

ਉਹ ਸੱਤਾ ਹਾਸਲ ਕਰਨ ਉਪਰੰਤ ਸ਼ਾਂਤ ਨਹੀਂ ਹੁੰਦੇ ਸਗੋਂ ਖ਼ਾਸ ਬਹੁਸੰਮਤੀ ਤਬਕੇ ਦੀ ਸਹਿਮਤੀ ਨਾਲ  ਤਾਨਾਸ਼ਾਹੀ ਨੂੰ ਹੋਰ ਵਧਾਉਂਦੇ ਹਨ। 

ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕ ਉਸ ਦੀਆਂ ਤਾਨਾਸ਼ਾਹੀ ਨੀਤੀਆਂ ਨੂੰ ਸਿਰਫ ਬਰਦਾਸ਼ਤ ਹੀ ਨਾ ਕਰਨ ਸਗੋਂ ਪੂਰੇ ਜੋਸ਼ ਨਾਲ ਇਸ ਦਾ ਸਮਰਥਨ ਵੀ ਕਰਨ। 

ਲੋਕ ਸੱਚਾਈ ਤੋਂ ਦੂਰ ਰਹਿਣ ਅਤੇ ਭਰਮ ਵਿੱਚ ਜੀ ਕੇ ਖੁਸ਼ੀ ਮਹਿਸੂਸ ਕਰਨ। 

ਕਾਰਨ:- 

ਫਾਸ਼ੀਵਾਦ ਦੇ ਅਮਲ ਨੂੰ ਸਮੁੱਚੇ ਤੌਰ ਚ ਸਮਝਣ ਲਈ ਅਨੇਕ ਮਾਹਿਰਾਂ ਨੇ ਇਸ ਦੇ ਰਾਜਸੀ, ਆਰਥਿਕ, ਇਤਿਹਾਸਕ , ਸਮਾਜਿਕ ਤੇ ਮਾਨਸਿਕ ਖੇਤਰ ਆਦਿ ਦਾ ਅਧਿਅਨ ਕੀਤਾ ਹੈ। ਉਨ੍ਹਾਂ ਨੇ ਇਸ ਦੇ ਬੀਜ, ਜੜ੍ਹ, ਰੂਪਾਂ ਦੇ ਨਾਲ ਹੀ ਸਮਾਜਿਕ ਮੂਰਖਪਣੇ ਅਤੇ ਪਿਸ਼ਾਚਕ ਵਿਰਤੀਆਂ ਤੇ ਵੀ ਝਾਤ ਪਵਾਈ ਹੈ । 

ਰਜਨੀ ਪਾਮ ਦੱਤ  ਦੀ ਖੋਜ ਫਾਸ਼ੀਵਾਦ ਦੀਆਂ ਇਤਿਹਾਸਕ ਜੜਾਂ ਨੂੰ ਸਾਮਰਾਜੀ ਦੇਸ਼ਾਂ ਦੀ ਲੁਟ ਅਤੇ ਮੰਡੀਆ ਖਾਤਰ ਜੰਗ ਨਾਲ ਜੁੜਿਆ ਵੇਖਦੀ ਹੈ । 

ਫਾਸ਼ੀਵਾਦ ਵਧਣ ਦੇ ਰਾਜਸੀ ਤੇ ਆਰਥਿਕ ਖੇਤਰ ਦੇ ਕਾਰਨ ਤਾਂ ਸਿੱਧੇ ਹੀ ਮੰਡੀਆ ਅਤੇ ਕੱਚੇ ਮਾਲ ਦੀ ਲੁੱਟ ਦੇ ਵਟਵਾਰੇ ਵਿੱਚ ਅਸਾਨੀ ਨਾਲ ਹੀ ਲਭ ਜਾਂਦੇ ਹਨ । 

ਮਾਨਸਿਕ ਕਾਰਨ:- 

ਫਾਸ਼ੀਵਾਦ ਵਿਰੁੱਧ ਲੜਨ ਲਈ  ਉਹ ਪ੍ਰਕਿਆ ਨੂੰ ਵੀ ਖੋਜਣਾ ਤੇ ਸਮਝਣਾ  ਜਰੂਰੀ ਹੈ, ਜਿਸ ਕਾਰਨ ਘਰਾਂ ਵੱਲ ਪੈਦਲ ਪਰਤ ਰਹੇ, ਭੁੱਖੇ ਪਿਆਸੇ ਲੋਕ ਸਿਰਾਂ ਉਪਰ ਡੰਡੈ ਖਾਂਦੇ, ਆਪਣੇ ਇਨਸਾਨੀ ਤੇ ਜਮਹੂਰੀ ਅਧਿਕਾਰਾਂ ਨੂੰ ਹੁਕਮਰਾਨਾਂ ਦੇ ਬੁਟਾਂ ਹੇਠ ਕੁਚਲਿਆ ਜਾਂਦਾ ਅਣਡਿੱਠ ਕਰ ਛੱਤਾਂ ਤੇ ਚੜ ਤਾੜਿਆ ਵਜਾਉਣ ਲੱਗ ਪੈਂਦੇ ਹਨ ਤੇ ਮੁੜ ਉਹਨਾਂ ਨੂੰ ਹੀ ਸੱਤਾ ਦੀ ਵਾਗਡੋਰ ਸੰਭਾਲ ਦੇਂਦੇ ਹਨ।

ਇਸ ਸਬੰਧੀ ਬੁੱਧੀਜੀਵੀ ਦੋ ਤਰ੍ਹਾਂ ਦੇ ਵਿਚਾਰ ਪੇਸ਼ ਕਰਦੇ ਹਨ। 

ਇਕ ਤਾਂ ਚੇਮਬਰਲੇਨ ਤੇ ਲੇਂਗਬਿਹੇਨ ਵਰਗੇ  ਵਿਚਾਰਵਾਨਾਂ, ਲੇਖਕਾ, ਕਲਾਕਾਰਾਂ, ਪ੍ਰਚਾਰਕਾਂ ਆਦਿ ਦੀ ਵਡੀ ਗਿਣਤੀ ਹੈ ਜੋ ਸਮਾਜਿਕ ਬਰਾਬਰੀ ਦੇ ਹੀ ਵਿਰੁੱਧ ਹਨ। 

ਭਾਰਤ ਦੇ ਅਨੇਕਾਂ ਖਿੱਤਿਆਂ ਅੰਦਰ ਜਾਤੀ ਦੇ ਆਧਾਰ ਤੇ ਕਿਸੇ ਦੂਜੀ ਜਾਤੀ ਦੇ ਨੋਜਵਾਨ ਵਲੋ ਘੋੜੀ ਤੇ ਚੜ੍ਹਨ ਜਾਂ ਮੁਛਾਂ ਰਖਣ ਕਾਰਨ ਅਤੇ ਕਈ ਥਾਵਾਂ ਤੇ ਔਰਤਾਂ ਵਲੋ ਪੈਰ ਵਿਚ ਜੁਤੀ ਪਾਉਣ ਤੇ ਸਰੇਆਮ ਬੇਇੱਜ਼ਤੀ ਅਤੇ ਕਤਲ ਤੱਕ ਕਰ ਦਿੱਤੇ ਜਾਂਦੇ ਹਨ । 

ਅਜਿਹੇ ਲੋਕ ਵੀ ਹਨ ਜੋ ਕਠੂਆ ਵਿੱਚ ਅੱਠ ਸਾਲ ਦੀ ਬੱਚੀ ਨਾਲ ਰੇਪ ਅਤੇ ਕਤਲ ਕਰਨ ਨੂੰ ਨਿੰਦਣਯੋਗ ਅਪਰਾਧ ਮੰਨਣ ਦੀ ਵਜਾਏ ਜ਼ਾਲਮ ਮੁਜਰਮਾਂ ਦੇ ਹਕ ਵਿੱਚ ਪੰਚਾਇਤਾਂ ਕਰਦੇ ਹਨ। ਮਨੀਪੁਰ ਵਿੱਚ ਇਸਤਰੀਆਂ ਦੀ ਬੇਇਜਤੀ ਕਰਨ ਵਰਗੇ ਅਨੇਕ ਘਿਨਾਉਣੇ ਅਪਰਾਧਾਂ ਦੀ ਸਮਰਥਕ ਮਾਨਸਿਕਤਾ ਵਾਲੇ ਲੋਕ ਫਾਸ਼ੀਵਾਦ ਪਾਸੇ ਜਾਣ ਲਈ  'ਚੋਰ ਨਾਲੋ ਪੰਡ ਕਾਹਲੀ' ਦੀ ਤਰਾਂ ਪਹਿਲਾਂ ਹੀ ਫਾਸਿਸਟ ਸ਼ਕਤੀਆਂ ਲਈ ਤਿਆਰ ਮਾਲ ਹੁੰਦੇ ਹਨ ।

ਦੂਜੇ  ਵਿਲਹੇਮ ਰੀਸ ਤੇ ਰੋਬਰਟ ਕੋਲਸ  ਵਰਗੇ ਮਨੋਵਿਗਿਆਨਕ ਆਖਦੇ ਹਨ ਕਿ ਫਾਸ਼ੀਵਾਦ ਉਸ ਸੋਚ ਚੋ ਪੈਦਾ ਹੁੰਦਾ ਹੈ ਜੋ ਸਾਡੇ  ਦਿਮਾਗਾਂ, ਮਨ ਤੇ ਰੂਹ ਅੰਦਰ ਸਥਾਪਤ ਕਰ ਦਿੱਤੀ ਗਈ ਹੈ । 

 ਇਸ  ਆਧਾਰ ਤੇ ਹੀ ਉਸਾਰਿਆ ਮਰਦ ਪ੍ਰਧਾਨਗੀ ਵਰਗਾ ਸੰਕਲਪ ਹੈ। ਜਿਸ ਕਾਰਨ ਅਸੀ ਸ੍ਰੇਸ਼ਟ ਅਤੇ ਅਧੀਨਗੀ ਆਦਿ ਵੰਡੀਆ ਨੂੰ ਧੁਰੋਂ ਲਿਖਿਆ ਮੰਨਣ ਲੱਗ ਪਏ ਹਾਂ । 

ਹੁਕਮਰਾਨਾਂ ਦੀ ਸੋਭਾ ਤੇ  ਸਹੂਲਤਾਂ ਸਬੰਧੀ ਗੁਣਗਾਨ ਸੁਣਨ ਵਾਲਾ ਆਮ ਵਿਅਕਤੀ ਆਪਣੇ ਹੁਕਮਰਾਨ ਵਰਗਾ ਬਨਣ ਲਈ ਬੇਤਾਬ ਹੋ ਜਾਂਦਾ ਹੈ । ਯਥਾ ਰਾਜਾ ਤਥੀ ਪ੍ਰਜਾ ਦੇ ਕਥਨ ਅਨੁਸਾਰ ਉਸ ਵਿੱਚ ਵੀ ਦੋਹਰਾ ਚਰਿੱਤਰ ਪੈਦਾ ਹੋ ਜਾਂਦਾ ਹੈ ।

   ਕਾਰਪੋਰੇਟ ਘਰਾਣਿਆ ਦੇ ਕੰਟਰੋਲ ਅਧੀਨ ਅਨੇਕਾਂ ਟੀ ਵੀ ਚੈਨਲ ਵਿਚੋਂ ਬਹੁਤੇ  ਸਾਰਾ ਸਮਾਂ ਫਿਰਕਾਪ੍ਰਸਤੀ ਹੀ ਪਰੋਸਦੇ ਹਨ । ਉਹ ਲੋਕਾਂ ਦੀ ਸਮਝਣ ਸਕਤੀ ਦਾ ਵੀ ਘਾਣ ਕਰ ਰਹੇ ਹਨ।

 ਇਸ ਪ੍ਰਭਾਵ ਅਧੀਨ ਦੋਗਲਾ ਚਰਿੱਤਰ ਸਿਰਫ ਮੁੱਠੀ ਭਰ ਰਾਜਨੀਤਕ ਲੋਕਾਂ ਤੱਕ ਸੀਮਤ ਨਹੀ ਰਹਿ ਗਿਆ । ਸਮਾਜ  ਦੇ ਕਰੋੜਾਂ ਵਿਅਕਤੀ ਅਤੇ ਅਨੇਕ ਸੰਸਥਾਵਾਂ ਦੋਹਰਾ ਵਿਵਹਾਰ ਕਰਨ ਲੱਗ ਪਏ ਹਨ।  ਸਵੇਰੇ ਮਹਾਤਮ ਗਾਂਧੀ ਦੀ ਸਮਾਧੀ ਤੇ ਫੁੱਲ ਭੇਂਟ ਕਰਨ ਵਾਲੇ ਸਾਮ ਨੂੰ ਗੋਡਸੇ ਦੇ ਹੱਕ ਵਿਚ ਸਮਾਗਮਾਂ ਚ ਸਾਮਿਲ ਮਿਲ ਜਾਂਦੇ ਹਨ।  

 ਦਮਿਤਰੋਵ ਵੀ ਆਖਦਾ ਸੀ ਕਿ ਫਾਸ਼ੀਵਾਦ ਪਹਿਲਾਂ ਤੋਂ ਹੀ ਮੌਜੂਦ ; ਨਸਲ, ਰੰਗ, ਧਰਮ , ਉਮਰ, ਭਾਸਾ, ਲਿੰਗ ਅਤੇ ਆਰਥਿਕ ਵਖਰੇਵਿਆਂ ਆਦਿ ਦੇ ਮੋਢਿਆਂ ਤੇ ਚੜ੍ਹ ਕੇ ਅੱਗੇ ਵਧਦਾ ਹੈ । 

ਫਾਸ਼ੀਵਾਦੀ ਪ੍ਰਾਪੇਗੰਡਾ ਸਭ ਸਮੱਸਿਆਵਾਂ ਦਾ ਦੋਸ਼ ਦੂਜੀ ਜਾਤੀ, ਧਰਮ, ਲਿੰਗ ਆਦਿ ਸਿਰ ਮੜ੍ਹਦੇ ਹੈ। 

ਉਹ ਸਭ ਮਸਲਿਆ ਦੇ ਹੱਲ ਲਈ ਖਾਸ ਵਿਅਕਤੀ ਨੂੰ ਫਿਲਮੀ ਅੰਦਾਜ ਵਿਚ ਅਵਤਾਰ ਵਾਂਗ ਪੇਸ਼ ਕਰਦੇ ਹਨ।  ਵਿਰੋਧੀਆਂ ਤੇ ਇਹ ਹਰ ਸਮੇਂ ਕਿਸੇ ਨਾ ਕਿਸੇ ਵੱਖਰੇ ਪੱਖ ਤੋਂ ਵਾਰ ਕਰਦੇ ਰਹਿੰਦੇ ਹਨ। 

ਫਾਸ਼ੀਵਾਦ ਵਿਰੁੱਧ ਮੁਹਿੰਮ :-   ਅਜਿਹੀ ਮੁਹਿੰਮ ਜਥੇਬੰਦ ਕਰਨ ਲਈ ਦਮਿਤਰੋਵ ਵੱਲੋ ਸੁਝਾਏ ਕਈ ਢੰਗ ਅਜ ਵੀ ਸਾਰਥਕ ਹਨ। ਉਸ ਦਾ ਕਹਿਣਾ ਹੈ ਕਿ 

ਪਹਿਲਾਂ ਤਾਂ ਫਾਸ਼ੀਵਾਦ ਵਿਰੁੱਧ ਲਾਮਬੰਦੀ ਕਰਨ ਲਈ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਤੌਰ ਤੇ ਵੱਖਰੇ ਵੱਖਰੇ ਵਿਸ਼ਾਲ ਪਲੈਟਫਾਰਮਾਂ ਨੂੰ ਇਨਸਾਨੀ ਅਤੇ ਜਮਹੂਰੀ ਕਦਰਾਂ ਦੀ ਰਾਖੀ ਲਈ ਤਿਆਰ ਕਰਨਾ ਪੈਂਦਾ ਹੈ ।

ਦੂਜੇ ਫਾਸ਼ੀਵਾਦ ਨੂੰ ਸਹਿਯੋਗ ਦੇਣ ਵਾਲੇ ਤਬਕਿਆਂ, ਧਾਰਮਿਕ ਤੇ ਵਿਚਾਰਧਾਰਕ ਸੋਮਿਆਂ ਦਾ ਸਮੁਚਿਤ ਅਧਿਅਨ ਕਰ ਕੇ ਇਸ ਅੰਦਰਲੇ ਚੰਗੇ, ਗੈਰਜਰੂਰੀ, ਅਪ੍ਰਸੰਗਿਕ, ਸਮੇਂ ਦੇ ਵਿਰੁੱਧ ਜਾ ਰਹੇ ਆਦਿ ਦਾ ਵਿਖਰੇਵਾਂ ਕਰਨਾ ਲਾਜਮੀ  ਹੈ ।

ਸਾਨੂੰ ਆਪਣੇ ਇਤਿਹਾਸ, ਮਿਥਿਹਾਸ , ਧਰਮਾਂ ਤੇ ਸੱਭਿਆਚਾਰ ਦੇ ਨਾਲ ਨਾਲ ਸਮਾਜਿਕ ਤਬਕਿਆਂ,  ਰਾਜਨੀਤਕ ਪਾਰਟੀਆ,  ਸਮਾਜਿਕ ਸੰਗਠਨਾ ਦੇ ਤਤਾਂ ਵਿੱਚੋ ਕਾਂਟ ਛਾਂਟ ਕਰਨੀ ਚਾਹੀਦੀ ਹੈ ।

ਦਮਿਤਰੋਵ ਦਾ ਮੰਨਣਾ ਹੈ ਕਿ ਅਜਿਹਾ ਕੋਈ ਸਮਾਜਿਕ ਸੰਗਠਨ ਜਾਂ ਪਾਰਟੀ ਨਹੀਂ ਹੈ ਜਿਸ ਵਿੱਚਲੇ ਸਾਰੇ ਲੋਕ ਇਕੋ ਜਿਹੇ ਚੰਗੇ ਜਾਂ ਮਾੜੇ ਹੋਣ। 

ਫਾਸ਼ੀਵਾਦ ਵਿਰੋਧੀ ਪਲੈਟਫਾਰਮ ਨੂੰ ਤਾਂ ਆਪਣੀ ਵਿਸ਼ਾਲਤਾ ਵਿਚ ਸਭ ਥਾਂਈ ਬੈਠੇ ਉਹਨਾ ਸਧਾਰਨ  ਵਿਅਕਤੀਆ ਤਕ ਵੀ ਪਹੁੰਚਣ ਦੀ ਕੋਸ਼ਿਸ਼ ਕਰਨੀ ਚਹੀਦੀ ਹੈ ਜੋ ਦੰਗਾਈ ਤੇ ਜੰਗਲੀ ਪਿਸ਼ਾਚਪੁਣੇ ਦਾ ਤਾਂ ਹਿੱਸਾ ਨਹੀ ਬਨਣਾ ਚਾਹੰਦੇ ਪ੍ਰੰਤੂ ਕਿਸੇ ਪ੍ਰਭਾਵ ਵਸ ਉਹਨਾ ਦੇ ਸੰਗਠਨ ਵਿਚ ਸ਼ਾਮਲ ਹੋ ਗਏ ਹਨ। 

ਫਾਸ਼ੀਵਾਦ ਵਿਰੁੱਧ  ਨਿਸਚਿਤ ਕਾਮਯਾਬੀ ਪ੍ਰਾਪਤ ਕਰਨ ਲਈ ਵਿਸ਼ਾਲ ਲਹਿਰ ਚਲਾ ਕੇ ਹੀ ਜਮਹੂਰੀਅਤ ਤੇ ਸੰਵਿਧਾਨਿਕ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਜਾ ਸਕਦੀ ਹੈ । 

ਸਮਾਜ ਨੂੰ ਬਰਾਬਰੀ, ਇਨਸਾਫ ਤੇ ਇਨਸਾਨੀਅਤ ਵਲ ਦੇ ਪਾਸੇ ਦਾ ਮੋੜਾ ਦੇ ਕੇ ਹੀ ਜੰਗ ਦੇ ਖਤਰੇ ਘੱਟਾਏ ਜਾ ਸਕਦੇ ਹਨ ।  ਕੁਦਰਤੀ ਸਰੋਤਾ ਦਾ ਵੀ ਧਿਆਨ ਰੱਖਿਆ ਜਾ ਸਕਦਾ ਹੈ।

ਆਉਣ ਵਾਲੀਆ ਨਸਲਾਂ ਤੇ ਬਚਿਆਂ ਲਈ ਸੁਨਿਹਰੀ ਭਵਿੱਖ ਦੇ ਚਾਹਵਾਨਾਂ ਨੂੰ ਭਿਆਨਕ- ਫਿਰਕੂ ਨਫਰਤ ਫੈਲਾਉਣ ਵਾਲਿਆ ਵਿਰੁੱਧ  ਮੁਹਿੰਮ ਵਿਚ ਖੱਬੀਆਂ ਪਾਰਟੀਆਂ, ਡੈਮੋਕ੍ਰੇਟਿਕ ਪਾਰਟੀਆਂ, ਡੈਮੋਕਰੇਟਿਕ ਬੁੱਧੀਜੀਵੀਆਂ, ਜੰਗ ਵਿਰੋਧੀ ਤਬਕਿਆਂ, ਵਾਤਾਵਰਨ ਪ੍ਰੇਮੀਆਂ ਦੇ  ਨਾਲ ਨਾਲ ਮਿਹਨਤਕਸ਼ ਲੋਕਾਂ,ਇਸਤਰੀਆਂ, ਕਿਸਾਨਾਂ, ਮਜ਼ਦੂਰਾਂ, ਨੋਜਵਾਨਾਂ ਦੇ ਸੰਗਠਨ ਆਦਿ ਨੂੰ ਫਾਸ਼ਿਸਟਾਂ ਵਿਰੁੱਧ ਸਾਂਝੀ ਮੁਹਿੰਮ ਵਿੱਚ ਸ਼ਾਮਲ ਕਰਵਾਉਣਾ ਸਮੇਂ ਦੀ ਪੁਕਾਰ ਹੈ ।

*ਕਾਮਰੇਡ ਰਮੇਸ਼ ਰਤਨ ਸੀਪੀਆਈ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਹਨ

98142 73870

Tuesday, July 30, 2024

ਨਰੇਗਾ ਕਾਮਿਆਂ ਤੇ ਮੇਟਾਂ ਨਾਲ ਸਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ

Tuesday 30th July 2024 at 4:52 PM

ਬੀਡੀਪੀੳ ਦਫਤਰ ਚੋਮੋਂ ਬਲਾਕ ਮਲੌਦ ਵਿਖੇ ਏਟਕ ਵੱਲੋਂ ਵਿਸ਼ਾਲ ਧਰਨਾ


ਮਲੌਦ: 30 ਜੁਲਾਈ 2024: (ਐਮ ਐਸ ਭਾਟੀਆ//ਕਾਮਰੇਡ ਸਕਰੀਨ ਡੈਸਕ):: 

ਏਟਕ ਇੱਕ ਵਾਰ ਫੇਰ ਮੈਦਾਨ ਵਿੱਚ ਹੈ। ਇਸ ਵਾਰ ਵਿਰੋਧ ਦਾ ਨਿਸ਼ਾਨਾ ਹੈ ਨਰੇਗਾ ਕਾਮਿਆਂ ਨਾਲ ਹੁੰਦੀ ਧੱਕੇਸ਼ਾਹੀ। ਵਰਕਰਾਂ ਦਾ ਦੋਸ਼ ਹੈ ਕਿ ਇਹ ਧੱਕੇਸ਼ਾਹੀ ਸਰਕਾਰ ਦੀ ਸ਼ਹਿ ਅਤੇ ਧੱਕੇਸ਼ਾਹੀ ਤੇ ਕੀਤੀ ਜਾਂਦੀ ਹੈ। ਸੰਘਰਸ਼ ਚਲਾ ਰਹੇ ਜੁਝਾਰੂ ਲੀਡਰਾਂ ਦਾ ਕਹਿਣਾ ਹੈ ਕਿ     ਨਰੇਗਾ ਕਾਮਿਆਂ ਨਾਲ਼ ਤੇ ਮੇਟਾਂ ਨਾਲ਼ ਸਰਕਾਰ ਦੇ ਇਸ਼ਾਰੇ ਤੇ ਕੀਤੀ ਜਾ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ,ਇਸ ਧੱਕੇਸ਼ਾਹੀ ਦਾ ਜਵਾਬ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿ ਏਟਕ ਵੱਲੋ ਜਥੇਬੰਦਕ ਤਰੀਕੇ ਨਾਲ ਦਿੱਤਾ ਜਾਵੇਗਾ।  ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿ ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਤੇ ਏਟਕ ਦੇ ਸੂਬਾਈ ਆਗੂ ਸੀ ਪੀ ਆਈ ਦੇ ਜ਼ਿਲ੍ਹਾ ਲੁਧਿਆਣਾ ਸਕੱਤਰ ਡੀ ਪੀ ਮੌੜ , ਏਟਕ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਿੰਦਰ ਸਿੰਘ ਭਾਟੀਆ ਨੇ ਮਲੋਦ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਧਰਨਾ ਨਰੇਗਾ ਕਾਮਿਆਂ ਨੇ ਲਾਇਆ ਸੀ। 

ਇਹਨਾਂ ਆਗੂਆਂ ਨੇ ਕਿਹਾ ਕਿ ਨਰੇਗਾ 2005 ਵਿੱਚ ਕਮਿਊਨਿਸਟ ਪਾਰਟੀਆਂ ਦੀ ਮਦਦ ਨਾਲ ਹੋਂਦ ਵਿੱਚ ਆਇਆ ਸੀ ਇਸ ਐਕਟ ਰਾਹੀਂ ਪਿੰਡ ਵਿੱਚ ਹੱਥੀਂ ਕੰਮ ਕਰਨ ਵਾਲਾ 100 ਦਿਨ ਕੰਮ ਪ੍ਰਾਪਤ ਕਰ ਸਕਦਾ ਹੈ ਪਰ ਸਾਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 100 ਦਿਨ ਕੰਮ ਪ੍ਰਾਪਤ ਕਰਨ ਵਾਲੇ ਬਹੁਤ ਥੋੜ੍ਹੇ ਪਿੰਡ ਹੀ ਹੋਣਗੇ। ਪੰਜਾਬ ਦੇ ਗਿਣਤੀ ਦੇ ਬੀ ਡੀ ਪੀ ਓ ਬਲਾਕ ਹੋਣਗੇ ਜਿਥੇ ਕੰਮ ਪ੍ਰਾਪਤ ਕਰਨ ਵਾਲੇ ਕਾਮਿਆਂ ਦੀ ਅਰਜ਼ੀ ਦਰਜ ਕੀਤੀ ਜਾਂਦੀ ਹੈ। 

ਲੀਡਰਾਂ ਨੇ ਦੱਸਿਆ ਕਿ ਬਹੁ ਗਿਣਤੀ ਬੀ ਡੀ ਪੀ ਓ ਬਲਾਕ ਦਫ਼ਤਰਾਂ ਵਿੱਚ ਕਾਮਿਆਂ ਦੀ ਅਰਜ਼ੀ ਦਰਜ ਹੀ ਨਹੀਂ ਕੀਤੀ ਜਾਂਦੀ।  ਕਾਮਿਆਂ ਨੇ ਹਾਜ਼ਰੀ ਲਈ ਮੇਟ ਦੀ ਚੋਣ ਆਪਣੇ ਵਿੱਚੋਂ ਹੀ ਕੀਤੀ ਜਾਣੀ ਹੈ,ਪਰ ਅਫ਼ਸਰ ਸ਼ਾਹੀ ਸਰਕਾਰ ਦੇ ਇਸ਼ਾਰਿਆ ਆਪਣੇ ਚਹੇਤਿਆਂ ਨੂੰ ਮੇਟ ਜ਼ਬਰਦਸਤੀ ਲੱਗਾ ਰਹੀਂ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

ਇਸ ਧਰਨੇ ਨੂੰ ਸੰਬੋਧਨ ਕਰਦਿਆਂ ਭਗਵਾਨ ਸਿੰਘ, ਜੋਰਾ ਸਿੰਘ, ਗੁਰਮੇਲ ਸਿੰਘ ਮੇਹਲੀ ਬਲਜੀਤ ਸਿੰਘ ਸੀਹਾਂ ਦੋਦ ਨਰੇਗਾ ਆਗੂਆਂ ਨੇ ਕਿਹਾ ਕਿ ਬੀ ਡੀ ਪੀ ਓ ਦਫ਼ਤਰ ਮਲੋਦ ਦੇ ਅਧਿਕਾਰੀ ਮਜ਼ਦੂਰਾਂ ਦੀਆਂ ਅਰਜ਼ੀਆਂ ਦਰਜ ਨਹੀਂ ਕਰਦੇ ਤੇ ਨਾ ਹੀ ਨਿਯੁਕਤੀ ਪੱਤਰ ਦਿੰਦੇ ਹਨ। ਜੇਕਰ ਇਹਨਾਂ ਅਧਿਕਾਰੀਆਂ ਦਾ ਰਵੱਈਆ ਇਹੀ ਰਿਹਾ ਤਾਂ ਬੀ ਡੀ ਪੀ ਓ ਦਫ਼ਤਰ ਮਲੌਦ ਦੇ ਬਾਹਰ ਪੱਕਾ ਮੋਰਚਾ ਵੀ ਲਾ ਦਿੱਤਾ ਜਾਵੇਗਾ। ਇਸ ਧਰਨੇ ਨੂੰ ਅਵਤਾਰ ਸਿੰਘ ਮਲਕੀਤ ਸਿੰਘ ਰਾਮਗੜ੍ਹ,ਲਾਭ ਸਿੰਘ , ਹਰਬੰਸ ਸਿੰਘ ਰੱਬੋ, ਹਰਬੰਸ ਸਿੰਘ ਨੇ ਵੀ ਸੰਬੋਧਨ ਕੀਤਾ। 

ਹੁਣ ਦੇਖਣਾ ਹੈ ਕਿ ਸਰਕਾਰ ਇਹਨਾਂ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਜਲਦੀ ਮੰਨ ਲੈਂਦੀ ਹੈ ਜਾਂ ਫਿਰ ਇਹਨਾਂ ਵਰਕਰਾਂ ਨੂੰ ਤਿੱਖੇ ਸੰਘਰਸ਼ਾਂ ਲਈ ਮਜਬੂਰ ਕਰਦੀ ਹੈ। 

Saturday, July 13, 2024

ਸੰਸਾਰ ਅਮਨ ਦੇ ਝੰਡਾ ਬਰਦਾਰ ਸਨ ਕਾਮਰੇਡ ਭਰਤ ਪ੍ਰਕਾਸ਼|//ਮਨਿੰਦਰ ਭਾਟੀਆ

 Thursday 11th July 2024 at 15:06 

ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ! 

ਜਦੋਂ ਪੈਰ ਪੈਰ 'ਤੇ ਖਤਰੇ ਸਨ। ਹਰ ਪਾਸਿਓਂ ਸ਼ੂਕਦੀ ਆਉਂਦੀ ਗੋਲੀ ਵਾਲਾ ਮਾਹੌਲ ਸੀ। ਉਦੋਂ ਵੀ  ਕਾਮਰੇਡ ਭਾਰਤ ਪ੍ਰਕਾਸ਼ ਭਾਰਤੀ ਕਮਿਊਨਿਸਟ ਪਾਰਟੀ ਦੇ ਜਾਂਬਾਜ਼ ਸਿਪਾਹੀ ਵਾਂਗ ਇਸ ਮੈਦਾਨ-ਏ-ਜੰਗ ਵਿੱਚ ਡਟੇ ਰਹੇ। ਜਦੋਂ ਸਾਰਾ ਪੰਜਾਬ ਹੀ ਜੰਗ ਦਾ ਮੈਦਾਨ ਬਣ ਚੁੱਕਿਆ ਸੀ ਉਦੋਂ ਵੀ ਕਾਮਰੇਡ ਭਾਰਤ ਪ੍ਰਕਾਸ਼ ਯੋਧਿਆਂ ਵਾਂਗ ਇਸ ਜੰਗ ਦੇ ਮੈਦਾਨ ਵਿਚ ਰਹੇ। ਉਹਨਾਂ ਨੂੰ ਯਾਦ ਕਰਦਿਆਂ ਕਾਮਰੇਡ ਐਮ ਐਸ ਭਾਟੀਆ ਨੇ ਇੱਕ ਵਿਸ਼ੇਸ਼ ਲਿਖਤ ਭੇਜੀ ਹੈ ਜਿਹੜੀ ਇਥੇ ਉਵੇਂ ਦੀ ਉਵੇਂ ਪ੍ਰਕਸ਼ਿਤ ਕੀਤੀ ਜਾ ਰਹੀ ਹੈ। ਕਾਮਰੇਡ ਭਾਰਤ ਪ੍ਰਕਾਸ਼ ਹੁਰਾਂ ਨਾਲ ਸਬੰਧਤ ਹੋਰ ਬਹੁਤ ਸਾਰੀਆਂ ਗੱਲਾਂ ਅਸੀਂ ਨੇੜ ਭਵਿੱਖ ਵਿੱਚ ਕਰਦੇ ਰਹਾਂਗੇ।                             --ਸੰਪਾਦਕ 

ਅੱਜ ਕਾਮਰੇਡ ਭਰਤ ਪ੍ਰਕਾਸ਼ ਜੀ ਨੂੰ  8ਵੀਂ ਬਰਸੀ ਮੌਕੇ ਯਾਦ ਕਰਦਿਆਂ

ਲੁਧਿਆਣਾ ਤੋਂ *ਐਮ ਐਸ ਭਾਟੀਆ ਵੱਲੋਂ ਬਰਸੀ ਮੌਕੇ ਭੇਜੀ ਗਈ ਵਿਸ਼ੇਸ਼ ਲਿਖਤ 


1967 ਵਿੱਚ ਅਸੀਂ ਖੰਨੇ ਆਏ ਸੀ ਅਤੇ ਉੱਥੇ 1974 ਤੱਕ ਰਹੇ। ਮੈਂ ਉਥੇ ਤੀਸਰੀ ਤੋਂ ਦਸਵੀਂ ਜਮਾਤ ਤੱਕ ਪੜਿਆ। ਮੇਰੇ ਜੀਜਾ ਜੀ, ਜੋ ਕਿ ਡਾਕਖਾਨੇ ਵਿੱਚ ਕੰਮ ਕਰਦੇ ਸਨ, ਇਨਕਲਾਬੀ ਖਿਆਲਾਂ ਦੇ ਧਾਰਨੀ ਸਨ। ਉਹ ਦੱਸਦੇ ਹੁੰਦੇ ਸਨ ਕਿ ਖੰਨੇ ਦੇ ਵਿੱਚ ਦੋ ਲਾਲ ਝੰਡੇ ਵਾਲੀ ਪਾਰਟੀ ਦੇ ਲੀਡਰ ਹਨ ਜੋ ਜਦੋਂ ਸਟੇਜ ਤੋਂ ਬੋਲਦੇ ਹਨ ਤਾਂ ਸਟੇਜ ਕੰਬਦੀ ਹੈ। ਉਹ ਲੋਕਾਂ ਦੇ ਮੁੱਦੇ ਲੈ ਕੇ ਬੋਲਦੇ ਹਨ, ਜਿਆਦਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਹਨ ਅਤੇ ਸੱਤਾ ਨੂੰ ਲਲਕਾਰਦੇ ਸਨ। ਉਹ ਲੋਕਾਂ ਦੇ ਅਸਲੀ ਲੀਡਰ ਹਨ। ਜਿਹਨਾਂ ਦਾ ਬੜਾ ਨਾਮ ਹੁੰਦਾ ਸੀ।
 
ਇਹ ਲੀਡਰ ਸਨ ਕਾਮਰੇਡ ਭਰਤ ਪ੍ਰਕਾਸ਼ ਅਤੇ ਕਾਮਰੇਡ ਗੁਰਬਖਸ਼ ਸਿੰਘ। ਉਸ ਵੇਲੇ ਤਾਂ ਮੈਂ ਬੱਚਾ ਸੀ ਲੇਕਿਨ ਜਦੋਂ 1978 ਵਿੱਚ ਮੈਂ ਬੈਂਕ ਵਿੱਚ ਲੱਗਿਆ ਅਤੇ ਫਿਰ 1982 ਵਿੱਚ ਟ੍ਰਾਂਸਫਰ ਹੋ ਕੇ ਲੁਧਿਆਣੇ ਆਇਆ ਤਾਂ ਬੈਂਕਾਂ ਦੇ ਆਗੂ ਕਾਮਰੇਡ ਅਮਰਨਾਥ ਸ਼ਰਮਾ ਅਕਸਰ ਕਾਮਰੇਡ ਭਰਤ ਪ੍ਰਕਾਸ਼ ਜੀ ਨੂੰ ਦੁਨੀਆਂ ਵਿੱਚ ਅਮਨ ਅਤੇ ਸ਼ਾਂਤੀ 'ਤੇ ਲੈਕਚਰ ਕਰਨ ਲਈ ਬੁਲਾਉਂਦੇ ਹੁੰਦੇ ਸਨ। 

ਕਾਮਰੇਡ ਭਰਤ ਪ੍ਰਕਾਸ਼ ਉਸ ਵੇਲੇ ਆਲ ਇੰਡੀਆ ਪੀਸ ਐਂਡ ਸਾਲੀਡੈਰਿਟੀ ਔਰਗੇਨਾਈਜੇਸ਼ਨ ਦੇ ਪੰਜਾਬ ਦੇ ਜਨਰਲ ਸਕੱਤਰ ਸਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਿਰਕੱਢ ਆਗੂ ਸਨ। ਉਹ ਅਕਸਰ ਵਿਸ਼ਵ ਸ਼ਾਂਤੀ ਦੇ ਹੱਕ ਦੀਆਂ ਧਿਰਾਂ ਅਤੇ ਸਾਮਰਾਜ ਜੋ ਦੁਨੀਆ ਵਿੱਚ ਜੰਗ ਲਾਈ ਰੱਖਣ ਦੀ ਨੀਤੀ ਤੇ ਚਲਦਾ ਹੈ, ਬਾਰੇ ਵਿਸਤਾਰ ਨਾਲ ਦੱਸਦੇ ਕਿ ਸਮਾਜਵਾਦ ਪੱਖੀ ਅਤੇ ਸਾਮਰਾਜਵਾਦ ਪੱਖੀ ਦੇਸ਼ਾਂ ਦਾ ਨਿਖੇੜਾ ਅਸੀਂ ਕਰਨ ਲੱਗ ਪਏ। ਉਹਨਾਂ ਕੋਲ ਬਹੁਤ ਗਿਆਨ ਸੀ ਅਤੇ ਰਾਜਨੀਤੀ ਵਿੱਚ ਉਹ ਬਹੁਤ ਸਪਸ਼ਟ ਸਨ। ਉਹ ਆਪਣੀ ਗੱਲ ਨੂੰ ਸਪਸ਼ਟ ਤੌਰ ਤੇ ਰੱਖਦੇ ਸਨ ਭਾਵੇਂ ਕਿ ਕਈ ਵਾਰੀ ਉਹਨਾਂ ਦੀ ਗੱਲ ਕੌੜੀ ਵੀ ਲੱਗਦੀ ਸੀ ਪਰ ਉਹ ਇਸ  ਦੀ ਪਰਵਾਹ ਨਹੀਂ ਕਰਦੇ ਸਨ ਕਿਉਂਕਿ ਉਹਨਾਂ ਦੀਆਂ ਕਹੀਆਂ ਗੱਲਾਂ ਦੀ ਬਹੁਤ ਸਾਰੇ ਲੋਕਾਂ ਨੂੰ ਬਾਅਦ ਵਿੱਚ ਸਮਝ ਆਉਂਦੀ ਸੀ। ਉਹ  ਰੋਸ਼ਨ ਦਿਮਾਗ ਦੇ ਮਾਲਕ,ਕਮਿਊਨਿਸਟ, ਬੁੱਧੀਜੀਵੀ ਮਾਰਕਸਵਾਦੀ ਵਿਚਾਰਧਾਰਾ ਅਤੇ ਮਾਨਵਵਾਦੀ ਵਿਗਿਆਨ ਨੂੰ ਡੂੰਘੀ ਤਰ੍ਹਾਂ ਸਮਝਣ ਵਾਲੇ ਸਨ।
 
ਇਸਦੇ ਨਾਲ ਹੀ ਉਹ ਪੂੰਜੀਵਾਦ ਦੀ ਅਖੌਤੀ ਤਰੱਕੀ ਦੀਆਂ ਸੰਭਾਵਨਾਵਾਂ,ਸਾਮਰਾਜੀ ਖਤਰੇ, ਫਿਰਕੂ ਖਤਰੇ ਅਤੇ ਧਰਮ ਨਿਰਪੱਖਤਾ ਨੂੰ ਫਾ਼ਸੀ਼ ਰੁਚੀਆਂ ਵਾਲੇ ਖਤਰਿਆਂ ਤੋਂ ਉਹ ਬਹੁਤ ਡੂੰਘਾਈ ਨਾਲ ਜਾਣੂ ਸਨ। ਇਹਨਾਂ ਖਤਰਿਆਂ ਨੂੰ  ਲੈ ਕੇ ਉਹ ਚਿੰਤਤ ਵੀ ਸਨ ਅਤੇ ਇਹਨਾਂ ਕਾਲੀਆਂ ਤਾਕਤਾਂ ਦੀਆਂ ਵਿਰੋਧੀ ਸ਼ਕਤੀਆਂ ਦਰਮਿਆਨ ਏਕਤਾ ਉੱਤੇ ਅਕਸਰ ਜ਼ੋਰ ਵੀ ਦਿੰਦੇ ਸਨ। 

ਕਾਮਰੇਡ ਹਰਦੇਵ ਅਰਸ਼ੀ ਨੇ ਉਹਨਾਂ ਬਾਰੇ ਲਿਖਿਆ ਹੈ ਕਿ ਅੱਜ ਜਦੋਂ ਸੰਸਾਰ ਵਿੱਚ ਸਾਮਰਾਜੀ ਤਾਕਤਾਂ ਚੜਤ ਲਈ ਯਤਨਸ਼ੀਲ ਹਨ, ਦਹਿਸ਼ਤਗਰਦ ਤਾਕਤਾਂ ਲੋਕਾਂ ਅਤੇ ਕੌਮਾਂ ਲਈ ਭਾਰੀ ਖਤਰਾ ਬਣੀਆਂ ਹੋਈਆਂ ਹਨ, ਗੁੱਟ ਨਿਰਲੇਪਤਾ ਨਿਤਾਣੀ  ਬਣਾ ਦਿੱਤੀ ਗਈ ਹੈ। ਸਾਡੇ ਦੇਸ਼ ਦੇ ਹੁਕਮਰਾਨ ਸਾਮਰਾਜੀ ਤਾਕਤਾਂ ਦੀ ਫਰਮਾਂਬਰਦਾਰੀ ਕਰ ਰਹੇ ਹਨ। ਦੇਸ਼ ਦੇ ਧਰਮ ਨਿਰਪੱਖ, ਜਮਹੂਰੀ, ਸਾਂਝੇ ਸੱਭਿਆਚਾਰ ਦੇ ਤਾਣੇ ਬਾਣੇ ਉੱਤੇ ਹਮਲੇ ਹੋ ਰਹੇ ਹਨ। ਉਚੇਰੀ ਸਿੱਖਿਆ ਅਤੇ ਕਲਮਾਂ ਦੀ ਆਜ਼ਾਦੀ ਉੱਤੇ ਹਮਲੇ ਹੋ ਰਹੇ ਹਨ, ਤਾਂ ਸਾਥੀ ਭਰਤ ਪ੍ਰਕਾਸ਼ ਜਿਹੇ ਬੇਦਾਗ,ਸਾਦਾ ਇਮਾਨਦਾਰ, ਦਿਆਨਤਦਾਰ, ਦਲੇਰ, ਲੜਾਕੇ ਤੇ ਕਮਿਊਨਿਸਟ ਕਾਜ ਨੂੰ ਕਹਿਣੀ ਤੇ ਕਰਨੀ ਦੇ ਪੱਖੋਂ ਪਰਨਾਏ ਆਗੂਆਂ ਦੀ ਅਤਿਅੰਤ ਜਰੂਰਤ ਹੈ। 

ਕਾਮਰੇਡ ਭਰਤ ਪ੍ਰਕਾਸ਼ ਜੀ ਨੇ ਲੁਧਿਆਣਾ ਜ਼ਿਲ੍ਹੇ ਦੀ ਪਾਰਟੀ ਦੀ ਅਗਵਾਈ ਵੀ ਕੀਤੀ ਅਤੇ ਉਨਾਂ ਦੀ ਅਗਵਾਈ ਵਿੱਚ ਪਾਰਟੀ ਬਹੁਤ ਮਜਬੂਤ ਹੋਈ। 

ਉਸ ਵੇਲੇ ਦੇ ਵਿਦਿਆਰਥੀ ਆਗੂ ਕਰਤਾਰ ਸਿੰਘ ਬੁਆਣੀ ਨੇ  ਭਰਤ ਜੀ ਤੋਂ ਬਹੁਤ ਕੁਝ ਸਿੱਖਿਆ ਅਤੇ ਮਾਰਕਸਵਾਦ ਬਾਰੇ ਉਹਨਾਂ ਦੀ ਵਿਚਾਰਧਾਰਾ ਪ੍ਰਪੱਕ ਹੋਈ| ਬਾਅਦ ਵਿੱਚ ਕਾਮਰੇਡ  ਬੁਆਣੀ ਲੁਧਿਆਣਾ ਜ਼ਿਲ੍ਹਾ ਦੇ ਸਕੱਤਰ ਬਣੇ ਅਤੇ ਲੰਮਾ ਸਮਾਂ ਪਾਰਟੀ ਦੀ ਅਗਵਾਈ ਕਰਕੇ  2018 ਵਿੱਚ ਆਪਣੀ ਸਿਹਤ ਠੀਕ ਨਾ ਹੋਣ ਕਰਕੇ ਇਸ ਅਹੁਦੇ ਤੋਂ ਹਟ ਗਏ ਹਨ। 

ਇਸੇ ਤਰ੍ਹਾਂ ਨੌਜਵਾਨ ਸਭਾ ਤੇ ਕੰਮ ਕਰਦੇ ਆਗੂ ਗੁਰਮੇਲ ਸਿੰਘ ਹੂੰਝਣ ਨੇ ਵੀ ਭਰਤ ਜੀ ਤੋਂ ਸਿੱਖ ਕੇ ਆਪਣੀ ਵਿਚਾਰਧਾਰਾ ਨੂੰ ਪਰਪੱਕ ਕੀਤਾ  ਅਤੇ ਜਿਲਾ ਲੁਧਿਆਣਾ ਦੀ ਪਾਰਟੀ ਦੇ ਆਗੂ ਦੇ ਤੌਰ ਤੇ ਆਪਣੀ ਸ਼ਹਾਦਤ ਤੱਕ ਕੰਮ ਕਰਦੇ ਰਹੇ। ਇਸੇ ਤਰ੍ਹਾਂ ਕਾਮਰੇਡ ਰਮੇਸ਼ ਰਤਨ ਜੋ ਉਸ ਵੇਲੇ ਵਿਦਿਆਰਥੀ ਲਹਿਰ ਵਿੱਚ ਸਰਗਰਮ ਸਨ ਨੇ ਵੀ ਕਾਮਰੇਡ ਭਰਤ ਜੀ ਤੋਂ ਫਿਲਾਸਫੀ ਦੀ ਸਿੱਖਿਆ ਲਈ ਅਤੇ ਆਪਣਾ ਸਾਰਾ ਜੀਵਨ ਕੁਲਵਕਤੀ ਦੇ ਤੌਰ ਤੇ ਪਾਰਟੀ ਨੂੰ ਸਮਰਪਿਤ ਕੀਤਾ। ਅੱਜ ਕੱਲ ਉਹ ਪੰਜਾਬ ਦੇ  ਕੰਟਰੋਲ ਕਮਿਸ਼ਨ ਦੇ ਚੇਅਰਮੈਨ ਹਨ। 

ਡਾਕਟਰ ਅਰੁਣ ਮਿੱਤਰਾ  ਨੇ ਉਹਨਾਂ ਬਾਰੇ ਲਿਖਿਆ ਹੈ ਕਿ ਭਰਤ ਜੀ ਉਹਨਾਂ ਨੂੰ ਬੜਾ ਪਿਆਰ ਕਰਦੇ ਸਨ। ਇੱਕ ਵਾਰ ਉਹਨਾਂ ਪਿਆਰ ਨਾਲ ਕਿਹਾ " ਯੰਗਮੈਨ ਤੂੰ ਬੜਾ ਸੁਚੱਜਾ ਮੁੰਡਾ ਹੈਂ ਅੱਜ ਕੱਲ ਤੂੰ ਕਾਲਜ ਦੇ ਸੰਘਰਸ਼ ਵਿੱਚ ਲੱਗਿਆ ਹੋਇਆ ਹੈਂ। ਵੈਸੇ ਤਾਂ ਮੈਨੂੰ ਲੱਗਦਾ ਹੈ ਕਿ ਤੂੰ ਖੁਦ ਹੀ ਇਸ ਸੰਘਰਸ਼ ਵਿੱਚੋਂ ਰਾਜਨੀਤਕ ਚੇਤਨਤਾ ਪ੍ਰਾਪਤ ਕਰ ਲਵੇਂਗਾ ਪਰ ਫਿਰ ਵੀ ਤੇਰੇ ਨਾਲ ਡਾਇਲਾਗ ਕਰਨਾ ਜਰੂਰੀ ਹੈ। 

ਰਿਪਦੁਮਨ ਸਿੰਘ ਰੂਪ  ਜੀ ਨੇ ਇੱਕ ਜਗ੍ਹਾ ਲਿਖਿਆ ਹੈ ਕਿ ਕਾਮਰੇਡ ਭਰਤ ਪ੍ਰਕਾਸ਼ ਦੀ ਡਿਊਟੀ ਮੰਡੀ ਗੋਬਿੰਦਗੜ੍ਹ ਦੇ ਲੇਬਰ ਫਰੰਟ ਉੱਤੇ ਲੱਗੀ ਹੁੰਦੀ ਸੀ। ਉਹ ਸਥਾਨਕ ਆਗੂਆਂ ਦੀ ਸਹਾਇਤਾ ਲਈ ਉਥੇ ਆਉਂਦੇ ਜਾਂਦੇ ਸਨ। ਕਾਮਰੇਡ ਭਰਤ ਪ੍ਰਕਾਸ਼ ਅਤੇ ਸੰਤੋਖ ਸਿੰਘ ਧੀਰ ਹੋਰਾਂ ਨੇ ਇੱਕ ਵਾਰ ਸਾਰੇ ਕਾਰਖਾਨਿਆਂ ਦੀ ਹੜਤਾਲ ਮਗਰੋਂ ਰਾਤ ਨੂੰ ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰਾਂ ਵਿੱਚੋਂ ਮਸ਼ਾਲਾਂ ਨਾਲ ਜਲੂਸ ਕੱਢਿਆ ਜਿਹੜਾ ਗੋਬਿੰਦਗੜ੍ਹ ਦੇ ਸੰਘਰਸ਼ਾਂ ਦੇ ਇਤਿਹਾਸ ਵਿੱਚ ਸਦਾ ਯਾਦ ਰਹੇਗਾ। ਇੱਕ ਵਾਰ ਮਜ਼ਦੂਰਾਂ ਦੇ ਹੱਥ ਇੱਕ ਹੈਂਕੜਬਾਜ ਕਾਰਖਾਨੇਦਾਰ ਆ ਗਿਆ ਜਿਹੜਾ ਹੱਥ ਵਿੱਚ ਬੰਦੂਕ ਚੁੱਕੀ ਮਜ਼ਦੂਰਾਂ ਨੂੰ ਗਾਲਾਂ ਕੱਢ ਰਿਹਾ ਸੀ। ਮਜ਼ਦੂਰਾਂ ਨੇ ਉਸਦੀ ਉਹ ਖਿਚਾਈ ਕੀਤੀ ਕਿ ਉਹ ਗਿੜਗਿੜਾਉਂਦਾ ਕਾਮਰੇਡ ਭਰਤ ਪ੍ਰਕਾਸ਼ ਦੇ ਪੈਰੀ ਢਹਿ ਪਿਆ।  

ਕਾਮਰੇਡ ਗੁਰਨਾਮ ਕੰਵਰ ਉਨਾਂ ਦੇ ਪਰਿਵਾਰ ਬਾਰੇ ਲਿਖਦੇ ਹਨ ਕਿ ਉਨਾਂ ਦੀਆਂ ਛੇ ਬੇਟੀਆਂ  ਅਤੇ ਇੱਕ ਬੇਟਾ ਸੀ।  ਬੇਟੀਆਂ ਵਿੱਚੋਂ ਪੰਜ-ਊਸ਼ਾ, ਸਵਰਨਾ, ਸੁਨੀਤਾ,ਮਧੂ  ਅਤੇ ਨੀਲੂ ਪੋਸਟ  ਗਰੈਜੂਏਟ  ਅਤੇ ਪ੍ਰਵੀਨ ਗਰੈਜੂਏਟ ਅਤੇ ਆਈ ਟੀ ਆਈ ਟਰੇਂਡ ਹੈ। ਬੇਟਾ ਮਹਿੰਦਰਜੀਤ ਸਟੇਟ ਬੈਂਕ ਪਟਿਆਲਾ ਤੋਂ ਰਿਟਾਇਰ ਹੋਇਆ ਹੈ। 

ਆਪਣੀ ਲੰਮੀ ਉਮਰ ਦੌਰਾਨ ਉਹਨਾਂ ਨੇ ਕਈ ਸਦਮੇ ਵੀ ਝੱਲੇ। ਪਹਿਲਾਂ ਉਹਨਾਂ ਦੇ ਵੱਡੇ ਭਰਾ ਭੀਸ਼ਮ ਪ੍ਰਕਾਸ਼ ਜੋ ਕਾਂਗਰਸੀ ਆਗੂ ਸਨ, ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਸ਼ਹੀਦ ਕਰ ਦਿੱਤਾ। ਫਿਰ ਉਹਨਾਂ ਦੇ ਦਾਮਾਦ ਹਰਪਾਲ ਖੋਖਰ ਨੂੰ 1992 ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹਨਾਂ ਦਾ ਦੋਹਤਾ ਮਨੀਤ ਕੰਵਰ 30 ਸਾਲ ਦੀ ਉਮਰ ਵਿੱਚ ਵਿਛੋੜਾ ਦੇ ਗਿਆ ਅਤੇ ਫਿਰ ਉਹਨਾਂ ਦਾ ਦਾਮਾਦ ਨਾਭੇ ਦਾ ਕਮਿਊਨਿਸਟ ਆਗੂ ਗੁਰਦੇਵ ਸਿੰਘ ਐਡਵੋਕੇਟ ਦਿਲ ਦੇ ਦੌਰੇ ਕਰਕੇ ਸਦੀਵੀਂ ਵਿਛੋੜਾ ਦੇ ਗਿਆ। ਇਸੇ ਸਮੇਂ ਦੌਰਾਨ ਉਨਾਂ ਦੀ ਨੂੰਹ ਸੰਦੇਸ਼ ਕੈਂਸਰ ਦੀ ਬਿਮਾਰੀ ਨਾਲ ਅੱਧਵਾਟੇ ਹੀ ਪਰਿਵਾਰ ਨੂੰ ਛੱਡ ਗਈ। 

ਕਾਮਰੇਡ ਗੁਲਜਾਰ ਗੋਰੀਆ ਲਿਖਦੇ ਹਨ ਕਿ ਕਾਮਰੇਡ ਭਰਤ ਪ੍ਰਕਾਸ਼ ਨੇ ਇੱਕ ਸੰਸਥਾ ਦੇ ਤੌਰ ਤੇ ਕੰਮ ਕੀਤਾ। ਜਦੋਂ ਵੀ ਕਿਸੇ ਮੀਟਿੰਗ ਵਿੱਚ ਜਾਣਾ ਪੂਰੀ ਤਿਆਰੀ ਨਾਲ ਜਾਣਾ। ਸਭ ਤੋਂ ਪਹਿਲਾਂ ਪਹਿਲ ਕਦਮੀ ਕਰਕੇ ਹੱਥ ਖੜਾ ਕਰਨਾ ਤੇ ਬਹਿਸ ਵਿੱਚ ਹਿੱਸਾ ਲੈਣਾ ਅਤੇ ਪੂਰੀ ਦਲੀਲ ਨਾਲ ਗੱਲ ਕਰਨੀ। ਬੁੱਧੀਜੀਵੀਆਂ ਨਾਲ ਮਿਲ ਕੇ ਬਹੁਤ ਖੁਸ਼ ਹੋਣਾ। ਈਸੜੂ ਵਿਖੇ ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਬਰਸੀ ਮਨਾਉਣ ਦੀ ਰਿਵਾਇਤ ਸ਼ੁਰੂ ਕਰਨ ਵਿੱਚ ਕਾਮਰੇਡ ਭਰਤ ਪ੍ਰਕਾਸ਼ ਮੋਢੀਆਂ ਵਿੱਚੋਂ ਸਨ। ਉਹ ਹਰ ਸਾਲ ਪੰਧੇਰ ਖੇੜੀ ਵਿਖੇ ਕਾਮਰੇਡ ਗੁਰਮੇਲ ਹੂੰਝਣ ਅਤੇ ਜੋਗਿੰਦਰ ਸਿੰਘ ਦੀ ਬਰਸੀ ਤੇ ਹਾਜ਼ਰੀ ਜਰੂਰ ਲਗਵਾਉਂਦੇ ਸਨ।  

ਲੇਖਕ ਐਮ ਐਸ ਭਾਟੀਆ 
1987 ਵਿੱਚ ਜਦੋਂ ਪੰਜਾਬ ਵਿੱਚ ਅੱਤਵਾਦ ਜ਼ੋਰਾਂ ਤੇ ਸੀ। ਉਸ ਵੇਲੇ ਪੰਜਾਬ ਦੀ ਪਾਰਟੀ ਨੇ ਜਨ ਸੰਪਰਕ ਮੁਹਿੰਮ ਸ਼ੁਰੂ ਕੀਤੀ ਸੀ।  ਜਿਸ ਵਿੱਚ ਨਾਅਰਾ ਸੀ 'ਨਾ ਹਿੰਦੂ ਰਾਜ ਨਾ ਖਾਲਿਸਤਾਨ ਜੁਗ ਜੁਗ ਜੀਵੇ ਹਿੰਦੁਸਤਾਨ'! ਹੈਬੋਵਾਲ ਵਿਖੇ ਜਲਸਾ ਕਰਨ ਲਈ ਮੁਨਾਦੀ ਕਰਨ ਦਾ ਕੰਮ ਮੈਂ (ਅਰਥਾਤ ਐਮ ਐਸ ਭਾਟੀਆ) ਕੀਤਾ ਅਤੇ ਰਿਕਸ਼ਾ ਤੇ ਸਾਰੇ ਇਲਾਕੇ ਵਿੱਚ ਜਲਸੇ ਦੀ ਮੁਨਾਦੀ ਕੀਤੀ। ਇਸ ਜਲਸੇ ਨੂੰ ਕਾਮਰੇਡ ਭਰਤ ਜੀ, ਕਾਮਰੇਡ ਬਲਬੀਰ ਚੰਦ ਛਿਬੜ ਜੀ ਅਤੇ ਹੋਰ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ ਸੀ। 

ਕਾਮਰੇਡ ਭਾਰਤ ਜੀ ਦਾ ਜਨਮ 21 ਜਨਵਰੀ 1921 ਨੂੰ ਹੋਇਆ। ਮਿਲਟਰੀ ਦੀ ਨੌਕਰੀ ਛੱਡਣ ਤੋਂ ਬਾਅਦ 1948 ਵਿੱਚ ਉਹ ਕਮਿਊਨਿਸਟ ਪਾਰਟੀ ਨਾਲ ਬਾਕਾਇਦਾ ਤੌਰ 'ਤੇ ਜੁੜ ਗਏ। ਕਦੀ ਅੰਡਰਗਰਾਊਂਡ, ਕਦੀ ਜੇਲ੍ਹਾਂ ਵਿੱਚ 68 ਸਾਲ ਦੀ ਰਾਜਨੀਤਿਕ ਜ਼ਿੰਦਗੀ ਬਤੀਤ ਕਰਕੇ ਆਖਰ ਲਾਲ ਝੰਡੇ ਦੀ ਛਤਰ ਛਾਇਆ ਹੇਠ  13 ਜੁਲਾਈ 2016 ਨੂੰ ਅੰਤਮ ਵਿਦਾਇਗੀ ਲੈ ਗਏ। ਅੱਜ ਉਹਨਾਂ   ਦੀ ਬਰਸੀ ਦੇ ਮੌਕੇ ਅਸੀਂ ਅਹਿਦ ਕਰਦੇ ਹਾਂ ਕਿ ਉਹਨਾਂ ਵੱਲੋਂ ਪਾਏ ਪੂਰਨਿਆਂ ਤੇ ਚੱਲ ਕੇ ਪਾਰਟੀ ਨੂੰ ਅਤੇ ਸਮਾਜ ਨੂੰ ਅੱਗੇ ਲੈ ਕੇ ਜਾਵਾਂਗੇ, ਫਿਰਕਾਪ੍ਰਸਤ ਤਾਕਤਾਂ ਦੇ ਵਿਰੁੱਧ ਅਤੇ ਅਗਾਂਹ ਵਧੂ  ਲੋਕਾਂ ਦਾ ਵਿਸ਼ਾਲ ਏਕਾ ਬਣਾਉਣ ਵਿੱਚ ਪਹਿਲ ਕਦਮੀ ਕਰਾਂਗੇ| 

ਸੰਸਾਰ ਅਮਨ ਜਿੰਦਾਬਾਦ।      ਇਨਕਲਾਬ    ਜਿੰਦਾਬਾਦ। 

*ਕਾਮਰੇਡ ਐਮ ਐਸ ਭਾਟੀਆ ਲੁਧਿਆਣਾ ਵਿੱਚ ਸੀਪੀਆਈ ਦੇ ਸਰਗਰਮ ਆਗੂਆਂ ਵਿੱਚੋਂ ਇੱਕ ਹਨ। ਇਸਦੇ ਨਾਲ ਹੀ ਉਹ ਟਰੇਡ ਯੂਨੀਅਨ ਫਰੰਟ ਵੀ ਸੰਭਾਲਦੇ ਹਨ ਅਤੇ ਮੀਡੀਆ ਵਾਲਾ ਮੋਰਚਾ ਵੀ। ਬੈਂਕਿੰਗ ਖੇਤਰ ਨਾਲ ਸਬੰਧਤ ਰਹੇ ਹੋਣ ਕਾਰਨ ਉਹਨਾਂ ਨੂੰ ਦੇਸ਼ ਦੇ ਆਰਥਿਕ ਮਾਮਲਿਆਂ ਦੀ ਵੀ ਡੂੰਘੀ ਸਮਝ ਹੈ। ਉਹਨਾਂ ਨਾਲ ਸੰਪਰਕ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ:: +91-99884-91002

Thursday, May 2, 2024

"ਕਾਂਗਰਸ ਨਾ ਤਾਂ ਫਿਰਕੂ ਰਾਜਨੀਤੀ ਕਰਦੀ ਹੈ ਅਤੇ ਨਾ ਹੀ ਖੇਤਰੀ ਰਾਜਨੀਤੀ"

Thursday 2nd May 2024, 6:53 PM

"ਕਾਂਗਰਸ ਨਾ ਤਾਂ ਫਿਰਕੂ ਰਾਜਨੀਤੀ ਕਰਦੀ ਹੈ ਅਤੇ ਨਾ ਹੀ ਖੇਤਰੀ ਰਾਜਨੀਤੀ"

ਰਾਜਾ ਵੜਿੰਗ ਦੇ ਰੋਡ ਸ਼ੋਅ ਵਿੱਚ ਗੈਰ ਕਾਂਗਰਸੀ ਵੀ ਉਤਸ਼ਾਹ ਨਾਲ ਪੁੱਜੇ 

ਰਾਜਾ ਵੜਿੰਗ ਦਾ ਸ਼ਹਿਰ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ ਕੀਤਾ, ਹਜ਼ਾਰਾਂ ਕਾਂਗਰਸੀ ਵਰਕਰ ਪਹੁੰਚੇ


ਲੁਧਿਆਣਾ
: 2 ਮਈ 2024: (ਮੀਡੀਆ ਲਿੰਕ//ਕਾਮਰੇਡ ਸਕਰੀਨ ਡੈਸਕ)::
 

ਲੁਧਿਆਣਾ ਵਿੱਚ ਚੋਣ ਜੰਗ ਦਾ ਉਤਸ਼ਾਹ ਸੀ। ਲੋਕ ਸੜਕਾਂ ਤੇ ਸਨ। ਫਿਰਕੂ ਅਤੇ ਖੇਤਰੀ  ਖਿਲਾ ਇੱਕ ਵੱਡਾ ਰੋਸ ਸ਼ੋਅ ਹੋ ਰਿਹਾ ਸੀ। ਵਰਕਰਾਂ ਦੇ ਨਾਲ ਨਾਲ ਆਮ ਲੋਕਾਂ ਵਿੱਚ ਜੋਸ਼ੋਖਰੋਸ਼ ਅਤੇ ਪੂਰਾ ਉਤਸ਼ਾਹ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਅੱਜ ਇੱਥੇ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਰੈੱਡ ਕਾਰਪੇਟ 'ਤੇ ਸਵਾਗਤ ਕੀਤਾ। 

ਲੁਧਿਆਣਾ ਸ਼ਹਿਰ ਵਿੱਚ ਦਾਖਲ ਹੁੰਦੇ ਹੀ ਉਨ੍ਹਾਂ ਦਾ ਸਵਾਗਤ ਪਾਰਟੀ ਦੇ ਸੀਨੀਅਰ ਆਗੂਆਂ ਭਾਰਤ ਭੂਸ਼ਣ ਆਸ਼ੂ, ਰਾਕੇਸ਼ ਪਾਂਡੇ, ਕੈਪਟਨ ਸੰਦੀਪ ਸੰਧੂ, ਸੁਰਿੰਦਰ ਡਾਵਰ, ਸੰਜੇ ਤਲਵਾੜ, ਕੁਲਦੀਪ ਸਿੰਘ ਵੈਦ, ਈਸ਼ਵਰਜੋਤ ਸਿੰਘ ਚੀਮਾ ਆਦਿ ਨੇ ਕੀਤਾ।

ਲੁਧਿਆਣਾ ਤੋਂ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਹਿਲੀ ਵਾਰ ਸ਼ਹਿਰ ਵਿੱਚ ਵੜਿੰਗ ਦੇ ਸਵਾਗਤ ਲਈ ਪਾਰਟੀ ਦੇ ਝੰਡੇ ਅਤੇ ਬੈਨਰ ਲੈ ਕੇ ਆਏ ਕਾਂਗਰਸੀ ਵਰਕਰਾਂ ਵਿੱਚ ਬੇਮਿਸਾਲ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ।

ਵਫ਼ਾਦਾਰ ਵਰਕਰਾਂ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋ ਕੇ ਪਾਰਟੀ ਨਾਲ ਧੋਖਾ ਕਰਨ ਵਾਲੇ ਰਵਨੀਤ ਬਿੱਟੂ ਦੇ ਵਿਰੁੱਧ ਚੋਣ ਲੜਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਲੁਧਿਆਣਾ ਤੋਂ ਪਾਰਟੀ ਦਾ ਉਮੀਦਵਾਰ ਬਣਾਉਣਾ ਮਾਣ ਵਾਲੀ ਗੱਲ ਹੈ।

ਉਨ੍ਹਾਂ ਕਿਹਾ ਕਿ ਨਾ ਸਿਰਫ ਬਿੱਟੂ ਨੇ ਪਾਰਟੀ ਨਾਲ ਧੋਖਾ ਕੀਤਾ ਹੈ, ਸਗੋਂ ਪਾਰਟੀ ਦੇ ਲੱਖਾਂ ਵਰਕਰਾਂ ਨਾਲ ਵੀ ਵਿਸ਼ਵਾਸਘਾਤ ਕੀਤਾ ਹੈ ਜਿਨ੍ਹਾਂ ਨੇ ਉਸ ਨੂੰ ਵੋਟਾਂ ਪਾਈਆਂ ਅਤੇ 2014 ਅਤੇ 2019 ਦੀਆਂ ਦੋਵੇਂ ਚੋਣਾਂ ਵਿੱਚ ਲਗਾਤਾਰ ਸਾਥ ਦਿੱਤਾ ਹੈ।

ਇਸ ਮੌਕੇ ਵੜਿੰਗ ਨੇ ਕਿਹਾ ਕਿ ਉਹ ਲੁਧਿਆਣਾ ਵਿੱਚ ਆਪਣੇ ਪਹਿਲੇ ਦਿਨ ਪਾਰਟੀ ਵਰਕਰਾਂ ਵੱਲੋਂ ਦਿਖਾਏ ਗਏ ਪਿਆਰ ਅਤੇ ਸਨੇਹ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਖੁਸ਼ ਦਿੱਖ ਰਹੇ ਵੜਿੰਗ ਨੇ ਵਰਕਰਾਂ ਨੂੰ ਕਿਹਾ "ਤੁਸੀਂ ਮੇਰੇ ਉਤੇ ਜਿਹੜਾ ਪਿਆਰ ਵਰ੍ਹਾਇਆ ਹੈ, ਉਸ ਨਾਲ ਮੈ ਬਹੁਤ ਸ਼ੁਕਰਗੁਜ਼ਾਰ ਅਤੇ ਅਹਿਸਾਨ ਮਹਿਸੂਸ ਕਰਦਾ ਹਾਂ"। ਉਨ੍ਹਾਂ ਨੇ ਕਿਹਾ “ਚੰਗੀ ਸ਼ੁਰੂਆਤ ਦਾ ਮਤਲੱਬ ਅੱਧੀ ਲੜਾਈ ਘੱਟ ਜਾਂਦੀ ਹੈ। ” ਉਨ੍ਹਾਂਨੇ ਭਰੋਸਾ ਜਤਾਇਆ ਕਿ ਪਾਰਟੀ ਵਰਕਰ ਇਸ ਲੜਾਈ ਨੂੰ ਪੂਰੇ ਅੰਜਾਮ ਤੱਕ ਲੈ ਕੇ ਜਾਣਗੇ।

ਪੀਪੀਸੀਸੀ ਪ੍ਰਧਾਨ ਨੇ ਕਿਹਾ ਕਿ ਪੰਜਾਬ 'ਚ ਕੋਈ ਵੀ ਪਾਰਟੀ ਕਾਂਗਰਸ ਪਾਰਟੀ ਜਿੰਨੀ ਹਰਮਨ ਪਿਆਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨਾ ਤਾਂ ਫਿਰਕੂ ਰਾਜਨੀਤੀ ਕਰਦੀ ਹੈ ਅਤੇ ਨਾ ਹੀ ਭਾਜਪਾ, ਅਕਾਲੀ ਜਾਂ ਆਮ ਆਦਮੀ ਪਾਰਟੀ ਦੀ ਤਰਾਂ ਖੇਤਰੀ ਰਾਜਨੀਤੀ ਕਰਦੀ ਹੈ। ਉਨ੍ਹਾਂ ਨੇ ਕਿਹਾ “ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਅਤੇ ਹਰ ਕੋਈ ਸਾਡਾ ਸਮਰਥਨ ਕਰਦਾ ਹੈ।

ਰੋਡ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਦੇ ਆਪਣੇ ਮਿਸ਼ਨ ਵਿੱਚ ਪੂਰੀ ਤਰ੍ਹਾਂ ਇੱਕਜੁੱਟ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਪੰਜਾਬ ਵਿੱਚ ਕਿਤੇ ਵੀ ਕੋਈ ਚੁਣੌਤੀ ਜਾਂ ਮੁਕਾਬਲਾ ਨਜ਼ਰ ਨਹੀਂ ਆਇਆ। 

ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਕਾਂਗਰਸ ਹੈ ਅਤੇ ਦੂਜੇ ਪਾਸੇ ਹੋਰ ਹਨ ਅਤੇ ਜੇਕਰ ਸਾਰੇ ਇਕੱਠੇ ਹੋ ਜਾਣ ਤਾਂ ਵੀ ਸਾਡਾ ਮੁਕਾਬਲਾ ਨਹੀਂ ਕਰ ਸਕਦੇ।ਜ਼ਿਕਰਯੋਗ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ ਨੇ ਲੋਕਸਭਾ ਚੋਣਾਂ  ਪਾਰਟੀ ਦੀ ਹਮਾਇਤ ਕੀਤੀ ਹੋਇਆ ਹੈ ਅਤੇ ਪਾਰਟੀ ਵਰਕਰ ਪੂਰੀ ਸਰਗਰਮੀ ਨਾਲ ਲੁਧਿਆਣਾ ਵਿੱਚ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦਾ ਸਾਥ ਦੇ ਰਹੇ ਹਨ। 

Wednesday, April 17, 2024

ਫਰੀਦਕੋਟ, ਅੰਮ੍ਰਿਤਸਰ ਅਤੇ ਖਡੂਰ ਸਾਹਿਬ ਵਿੱਚ ਦਿਖਾਏਗਾ ਲਾਲ ਝੰਡਾ ਆਪਣਾ ਜਲਵਾ

Tuesday17th April 2024

ਸੀਪੀਆਈ ਵੱਲੋਂ ਪੰਜਾਬ ਵਿੱਚ ਤਿੰਨ ਸੀਟਾਂ 'ਤੇ ਚੋਣ ਲੜਣ ਦਾ ਐਲਾਨ  

ਲੁਧਿਆਣਾ: 17 ਅਪ੍ਰੈਲ 2024: (ਕਾਮਰੇਡ ਸਕਰੀਨ ਡੈਸਕ):: 

ਉੱਤੋੜਿੱਤੀ ਹੋਈਆਂ ਦਲ ਬਦਲੀਆਂ ਨੇ ਨਾ ਸਿਰਫ ਇੱਕ ਸ਼ਰਮਨਾਕ ਇਤਿਹਾਸ ਸਿਰਜਿਆ ਹੈ ਬਲਕਿ ਸਿਆਸੀ ਮਾਹੌਲ ਨੂੰ ਵੀ ਬੁਰੀ ਤਰ੍ਹਾਂ ਗੰਧਲਾ ਜਿਹਾ ਕਰ ਦਿੱਤਾ ਗਿਆ ਹੈ। ਇਸ ਸਾਰੇ ਵਰਤਾਰੇ ਨੇ ਵਿਚਾਰਾਂ ਅਤੇ ਵਿਚਾਰਧਾਰਾ ਦੇ ਰੰਗ ਨੂੰ ਕਾਫੀ ਹੱਦ ਤੱਕ ਮੱਧਮ ਕਰਦਿਆਂ ਸਿਰਫ ਅਤੇ ਸਿਰਫ ਸੱਤਾ-ਪ੍ਰੇਮ ਵਾਲੇ ਰੰਗ ਨੂੰ ਹੀ ਉਭਾਰਿਆ ਹੈ। ਇਸਦੇ ਬਾਵਜੂਦ ਖੱਬੀਆਂ ਧਿਰਾਂ ਆਪਣੇ ਵਿਚਾਰਧਾਰਕ ਸਟੈਂਡ ਤੇ ਅਜੇ ਵੀ ਪੂਰੀ ਤਰ੍ਹਾਂ ਲਹਿਰ ਦੇ ਰਹੀਆਂ ਹਨ। ਵਿਰੋਧੀ ਵਰਤਾਰਿਆਂ ਅਤੇ ਮੁਹਿੰਮਾਂ ਦੇ ਬਾਵਜੂਦ ਕਮਿਊਨਿਸਟ ਅਜੇ ਵੀ ਆਪਣੀ ਵਿਚਾਰਧਾਰਕ ਪਹੁੰਚ 'ਤੇ ਕਾਇਮ ਹਨ। ਬੁਰੀ ਤਰ੍ਹਾਂ ਪ੍ਰਦੂਸ਼ਿਤ ਅਤੇ ਵਿਰੋਧੀ ਮਹਲ ਦੇ ਬਾਵਜੂਦ ਕਮਿਊਨਿਸਟ ਪਾਰਟੀਆਂ ਚੋਣਾਂ ਲੜ ਰਹੀਆਂ ਹਨ। ਭਾਰਤੀ ਕਮਊਨਿਸਟ ਪਾਰਟੀ ਵੱਲੋਂ ਸੰਸਦ ਦੀਆਂ ਚੋਣਾਂ ਮੌਕੇ ਪੰਜਾਬ ਵਿੱਚ ਤਿੰਨ ਸੀਟਾਂ ਲੜਨ ਦਾ ਐਲਾਨ ਕੀਤਾ ਗਿਆ ਹੈ। 

ਅੱਜ ਇੱਥੇ ਲੁਧਿਆਣਾ ਵਿਖੇ ਭਾਰਤੀ ਕਮਊਨਿਸਟ ਪਾਰਟੀ ਦੀ ਸੂਬਾ ਐਗਜੈਕਟਿਵ ਦੀ ਮੀਟਿੰਗ ਕਾਮਰੇਡ ਡੀ ਪੀ ਮੌੜ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪਾਰਲੀਮੈਂਟ ਦੀਆਂ  ਆਉਂਦੀਆਂ ਚੋਣਾਂ ਬਾਰੇ ਵੇਰਵੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਮੌਕੇ ਸਭ ਤੋਂ ਪਹਿਲਾਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਚੋਣਾਂ ਵਿੱਚ ਪਾਰਟੀ ਦੇ ਸਟੈਂਡ ਦੀ ਵਿਸਥਾਰ ਨਾਲ ਵਿਆਖਿਆ ਕੀਤੀ। 

ਇਸ ਉਪਰੰਤ ਫੈਸਲਾ ਹੋਇਆ ਕਿ ਪੰਜਾਬ ਵਿੱਚ ਪਾਰਟੀ ਤਿੰਨ ਸੀਟਾਂ ਤੇ ਚੋਣ ਲੜੇਗੀ ਜਿਨ੍ਹਾਂ ਵਿੱਚ ਫਰੀਦਕੋਟ, ਅੰਮ੍ਰਿਤਸਰ ਅਤੇ ਖਡੂਰ ਸਾਹਿਬ ਸ਼ਾਮਿਲ ਹਨ। ਇਸ ਤੋਂ ਇਲਾਵਾ ਜਲੰਧਰ ਵਿਖੇ ਸੀ ਪੀ ਆਈ (ਐਮ) ਦੇ ਉਮੀਦਵਾਰ ਦਾ ਸਮਰਥਨ ਕੀਤਾ ਜਾਏਗਾ। 

ਮੀਟਿੰਗ ਵਿੱਚ ਵੱਖ ਵੱਖ ਸਾਥੀਆਂ ਨੇ ਇਹਨਾਂ ਵਿਚਾਰਾਂ ਦੀ ਰੌਸ਼ਨੀ ਵਿੱਚ ਹੀ ਕਿਹਾ ਕਿ ਅੱਜ ਦੇਸ਼ ਦੀ ਸਥਿਤੀ ਬਹੁਤ ਹੀ ਨਾਜ਼ੁਕ ਦੌਰ ਤੇ ਖੜੀ ਹੈ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਆਰ ਐਸ ਐਸ ਦੀ ਵਿਚਾਰਧਾਰਾ ਨੂੰ ਪ੍ਰਣਾਈ  ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਦੇ ਦੌਰਾਨ ਦੇਸ਼ ਵਿੱਚ ਸਮਾਜਿਕ ਸਦਭਾਵਨਾ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ, ਕਾਮਿਆਂ ਦੇ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ, ਕਿਸਾਨਾਂ ਦੇ ਉੱਪਰ ਲਗਾਤਾਰ ਜੁਲਮ ਢਾਏ ਗਏ ਹਨ ਤੇ ਮੰਗੀਆਂ ਹੋਈਆਂ ਮੰਗਾਂ ਤੋਂ ਸਰਕਾਰ ਪੂਰੀ ਤਰ੍ਹਾਂ  ਮੁੱਕਰ ਗਈ ਹੈ। 

ਜਿਸ ਤਰੀਕੇ ਨਾਲ ਬਿਲਕਿਸ ਬਾਨੋ ਦੇ ਹਤਿਆਰਿਆਂ ਤੇ ਬਲਾਤਕਾਰੀਆਂ ਨੂੰ ਰਿਹਾ ਕੀਤਾ ਗਿਆ ਜਾਂ ਫਿਰ ਇਸੇ ਸਮੇਂ ਦੌਰਾਨ ਹੀ  ਇਸਤਰੀ ਪਹਿਲਵਾਨਾਂ ਦੇ ਦੋਸ਼ੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਦਾ ਬਚਾਓ ਕਰਕੇ ਔਰਤ ਪਹਿਲਵਾਨਾਂ ਤੇ ਜੁਲਮ ਢਾਏ ਗਏ ਇਹ ਅਤੀ ਨਿਖੇਧੀ ਯੋਗ ਘਟਨਾਵਾਂ ਹਨ। 

ਬੇਰੋਜ਼ਗਾਰੀ ਤੇ ਮਹਿੰਗਾਈ ਦੇ ਕਾਰਨ ਅੱਜ ਹਾਹਾਕਾਰ ਮਚਿਆ ਹੋਇਆ ਹੈ। ਸਿੱਖਿਆ ਤੇ  ਸਿਹਤ ਸੇਵਾਵਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਹਰ ਪੱਖੋਂ ਅਸਫਲ ਭਾਜਪਾ ਸਰਕਾਰ ਲੋਕਾਂ ਵਿੱਚ ਵੰਡੀਆਂ ਪਾ ਕੇ ਤੇ ਧਰਮ ਤੇ ਰਾਜਨੀਤੀ ਨੂੰ ਰਲਗਢ ਕਰਕੇ ਮੁੜ ਸੱਤਾ ਵਿੱਚ ਆਉਣ ਦੀ ਫਿਰਾਕ ਵਿੱਚ ਹੈ। ਜਿਸ ਤਰੀਕੇ ਨਾਲ ਪਰਮਾਣੂ ਬੰਬਾਂ ਬਾਰੇ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਹੈ ਉਹ ਬਹੁਤ ਹੀ ਖਤਰਨਾਕ ਗੱਲ ਹੈ।

ਇਸ ਲਈ ਇਹ ਜ਼ਰੂਰੀ ਹੈ ਕਿ ਭਾਜਪਾ ਦੀ ਸਰਕਾਰ ਨੂੰ ਗੱਦੀਓਂ ਲਾਇਆ ਜਾਏ  ਤਾਂ ਜੋ ਦੇਸ਼ ਵਿੱਚ ਸਦਭਾਵਨਾ ਦਾ ਮਾਹੌਲ ਬਣੇ ਅਤੇ ਲੋਕ ਹਿਤੂ ਸਰਕਾਰ ਦਾ ਗਠਨ ਹੋਵੇ। ਇਸ ਬਾਰੇ ਭਾਰਤੀ ਕਮਿਊਨਿਸਟ ਪਾਰਟੀ ਇੰਡੀਆ ਗਠਬੰਧਨ ਦੇ ਨਾਲ ਪੂਰੀ ਤਰ੍ਹਾਂ ਡੱਟ ਕੇ ਖੜੀ ਹੈ।  

ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ  ਜਗਰੂਪ ਸਿੰਘ ਅਤੇ   ਕਾਮਰੇਡ ਹਰਦੇਵ ਅਰਸ਼ੀ ਨੇ ਆਪਣੇ ਵਿਚਾਰ ਦਿੱਤੇ।

Wednesday, February 21, 2024

ਸ਼ੁਭਕਰਨ ਦੀ ਸ਼ਹਾਦਤ: 23 ਫਰਵਰੀ ਨੂੰ ਦੇਸ਼ ਭਰ ਵਿੱਚ ਕਾਲਾ ਦਿਨ ਮਨਾਉਣ ਦਾ ਸੱਦਾ

21st February 2024 at 21:50

ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਸਰਕਾਰੀ ਜਬਰ ਦੀ ਤਿੱਖੀ ਨਿਖੇਧੀ 


ਲੁੁਧਿਆਣਾ: 21 ਫਰਵਰੀ 2024: (ਐਮ.ਐਸ.ਭਾਟੀਆ//ਕਾਮਰੇਡ ਸਕਰੀਨ ਡੈਸਕ)::

ਕਿਸਾਨ ਅੰਦੋਲਨ ਦਾ ਦੂਜਾ ਅਧਿਆਇ ਵੀ ਪਹਿਲਾਂ ਵਾਂਗ ਤਿੱਖਾ ਹੁੰਦਾ ਜਾ ਰਿਹਾ ਹੈ। ਨੌਜਵਾਨ ਕਿਸਾਨ ਸ਼ੁਭ ਕਰਮਨ ਦੀ ਸ਼ਹਾਦਤ ਨੇ ਇਸ ਅੰਦੋਲਨ ਵਿੱਚ ਨਵੀ ਜਾਂ ਪਾ ਦਿੱਤੀ ਹੈ। ਉਮਰ ਸਿਰਫ 23 ਸਾਲ ਪਰ ਉਹ ਆਪਣੇ ਦਰਦ ਅਤੇ ਆਪਣੇ ਦਰਦ ਨੂੰ ਵੱਖਰੀਆਂ ਸਹਿਣ ਦੀ ਬਜਾਏ ਦੇਸ਼ ਅਤੇ ਦੁਨੀਆ ਦੀ ਕਿਸਾਨੀ ਦੇ ਦਰਦ ਨਾਲ ਇੱਕ ਕਰਕੇ ਪਛਾਣਦਾ ਰਿਹਾ। ਉਹ ਕਿਸਾਨ ਅੰਦੋਲਨ ਦੇ ਪਹਿਲੇ ਅਧਿਆਏ ਦੌਰਾਨ ਵੀ ਸਰਗਰਮ ਸੀ ਅਤੇ ਹੁਣ ਪੂਰੇ ਜੋਸ਼ ਵਿਚ ਆਇਆ। ਉਸਦੇ ਸਰ ਵਿਚ ਮਾਰੀ ਗਈ ਗੋਲੀ ਨੇ ਜਾਂ ਲੈ ਲਈ। ਕੇਂਦਰੀ ਟਰੇਡ ਯੂਨੀਅਨਾਂ ਦੇ ਪਲੇਟਫਾਰਮ ਨੇ ਇਸਦਾ ਗੰਭੀਰ ਨੋਟਿਸ ਲਿਆ ਅਤੇ ਅੱਜ 21 ਫਰਵਰੀ 2024 ਨੂੰ ਹੇਠ ਲਿਖਿਆ ਬਿਆਨ ਜਾਰੀ ਕੀਤਾ। 

ਇਹਨਾਂ ਟਰੇਡ ਯੂਨੀਅਨਾਂ ਨੇ ਨੌਜਵਾਨ ਕਿਸਾਨ ਦੀ ਬੇਰਹਿਮੀ ਨਾਲ ਹੱਤਿਆ ਅਤੇ ਦਰਜਨਾਂ ਦੇ ਜ਼ਖਮੀ ਹੋਣ ਦੀ ਵੀ ਸਖ਼ਤ ਨਿੰਦਾ ਕੀਤੀ। ਇਸਦੇ ਨਾਲ ਹੀ ਇਸ ਨੌਜਵਾਨ ਕਿਸਾਨ ਦੀ ਸ਼ਹਾਦਤ ਦੇ ਖਿਲਾਫ ਦੇਸ਼ ਵਿਆਪੀ ਰੋਸ ਦਾ ਵੀ ਸੱਦਾ ਦਿੱਤਾ। ਇਸ ਨੌਜਵਾਨ ਦੀ ਆਪਣੇ ਹੀ ਦੇਸ਼ ਦੀ ਸਰਕਾਰ ਵੱਲੋਂ ਕੀਤੀ ਗਈ ਹੱਤਿਆ ਨਾਲ ਪੈਦਾ ਹੋਏ ਗਮ ਅਤੇ ਗੁੱਸੇ ਨੂੰ ਸੇਧ ਦੇਂਦੀਆਂ ਇਹਨਾਂ ਮਜ਼ਦੂਰ ਸੰਗਠਨਾਂ ਨੇ 23 ਫਰਵਰੀ ਨੂੰ ਕਾਲੇ ਦਿਨ ਵੱਜੋਂ ਮਨਾਉਣ ਦਾ ਸੱਦਾ ਦਿੱਤਾ ਹੈ। 

ਕੇਂਦਰੀ ਟਰੇਡ ਯੂਨੀਅਨਾਂ ਦਾ ਇਹ ਮੰਚ ਅੱਜ ਹਰਿਆਣਾ ਪੁਲਿਸ ਅਤੇ ਕੇਂਦਰੀ ਬਲਾਂ ਵੱਲੋਂ ਖਨੌਰੀ ਅਤੇ ਸ਼ੰਭੂ ਸਰਹੱਦਾਂ 'ਤੇ ਕਿਸਾਨਾਂ 'ਤੇ ਬੇਰਹਿਮ ਅਤੇ ਬਿਨਾਂ ਭੜਕਾਹਟ ਦੇ ਧੱਕੇਸ਼ਾਹੀ ਅਤੇ ਜ਼ੁਲਮ ਦੀ ਸਖ਼ਤ ਨਿਖੇਧੀ ਕਰਦਾ ਹੈ। ਇੱਕ ਨੌਜਵਾਨ ਦੀ ਜਾਨ ਚਲੀ ਗਈ। ਸ਼ੁਭਕਰਨ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਬੱਲੋ ਪਿੰਡ ਦੀ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ ਅਤੇ ਖਨੌਰੀ ਅਤੇ ਸ਼ੰਭੂ ਸਰਹੱਦ 'ਤੇ ਦਰਜਨਾਂ ਕਿਸਾਨ ਜ਼ਖਮੀ ਹੋ ਗਏ। ਕਿਸਾਨਾਂ 'ਤੇ  ਲਾਠੀਚਾਰਜ, ਪਲਾਸਟਿਕ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਵਰਤੇ ਗਏ ਹਨ, ਜਿਨ੍ਹਾਂ ਦਾ ਕਸੂਰ ਇਹ ਹੈ ਕਿ ਉਹ ਸਰਕਾਰ ਤੋਂ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਿਸ ਲੈਣ ਸਮੇਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਕਰਨ ਲਈ ਦੇਸ਼ ਦੀ ਰਾਜਧਾਨੀ ਪਹੁੰਚਣਾ ਚਾਹੁੰਦੇ ਸਨ। ਖੇਤੀ ਕਾਨੂੰਨਾਂ ਦੇ ਆਧਾਰ 'ਤੇ ਉਨ੍ਹਾਂ ਨੇ ਦਿੱਲੀ ਦੀਆਂ ਸਰਹੱਦਾਂ ਤੋਂ ਆਪਣਾ ਵਿਰੋਧ ਵੀ ਉਠਾਇਆ ਸੀ। ਉਹਨਾਂ ਕਦੇ ਨਹੀਂ ਸੋਚਿਆ ਸੀ ਕਿ ਮੋਦੀ ਸਰਕਾਰ ਆਪਣੇ ਹੀ ਵਾਅਦੇ ਪੂਰੇ ਕਰਨ ਤੋਂ ਪਿਛੇ ਹਟ ਜਾਏਗੀ। 

16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ, ਸੁਤੰਤਰ ਫੈਡਰੇਸ਼ਨਾਂ/ਐਸੋਸੀਏਸ਼ਨਾਂ ਦੇ ਪਲੇਟਫਾਰਮ ਦੁਆਰਾ ਉਦਯੋਗਿਕ/ਖੇਤਰੀ ਹੜਤਾਲ ਅਤੇ ਗ੍ਰਾਮੀਣ ਭਾਰਤ ਬੰਦ ਦੇ ਨਾਲ ਦੇਸ਼ ਵਿਆਪੀ ਜਨ ਲਾਮਬੰਦੀ ਲਈ ਦਿੱਤੇ ਗਏ ਸਾਂਝੇ ਸੱਦੇ ਲਈ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਵਧਾਈ ਦਿੰਦੇ ਹੋਏ ਨੋਟ ਕਰਦੇ ਹਾਂ ਕਿ ਅੰਦੋਲਨ ਦੀ ਇਸ ਸਫਲਤਾ ਨੇ ਕੇਂਦਰ ਵਿਚਲੇ ਹਾਕਮਾਂ ਨੂੰ ਘਬਰਾਹਟ ਵਿਚ ਪਾ ਦਿੱਤਾ ਹੈ। ਕੇਂਦਰ ਵਿੱਚ ਸੱਤਾਧਾਰੀ ਅਤੇ ਰਾਜਾਂ ਵਿੱਚ ਸੱਤਾਧਾਰੀ ਉਨ੍ਹਾਂ ਦੀ ਪਾਰਟੀ ਕਿਸੇ ਵੀ ਵਿਰੋਧੀ ਧਿਰ ਨੂੰ ਕੁਚਲਣ ਲਈ ਹਰ ਤਰ੍ਹਾਂ ਦੀ ਸਾਜ਼ਿਸ਼ ਰਚ ਰਹੀ ਹੈ ਅਤੇ ਹਰ ਤਰ੍ਹਾਂ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਕਰਨ ਲਈ ਤੁਲੀ ਹੋਈ ਹੈ।

ਅਸੀਂ ਸਮੂਹ ਖੇਤਰ ਦੀਆਂ ਜਥੇਬੰਦ ਅਤੇ ਅਸੰਗਠਿਤ ਜਥੇਬੰਦੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ 23 ਫਰਵਰੀ ਨੂੰ ਕਾਲੇ ਦਿਵਸ ਵਜੋਂ ਮਨਾਉਣ ਅਤੇ ਦੇਸ਼ ਵਿਆਪੀ ਰੋਸ ਮੁਜ਼ਾਹਰੇ ਕਰਨ, ਕਾਲੇ ਬਿੱਲੇ ਲਗਾ ਕੇ, ਦੁਪਹਿਰ ਦੇ ਖਾਣੇ ਦੇ ਸਮੇਂ ਦੇ ਧਰਨੇ, ਰੋਸ ਧਰਨੇ, ਜਲੂਸ, ਟਾਰਚ ਲਾਈਟ/ਮੋਮਬੱਤੀ ਦੀ ਰੋਸ਼ਨੀ ਦੇ ਵਿਰੋਧ ਵਿੱਚ ਜਿਸ ਵੀ ਰੂਪ ਵਿੱਚ ਉਹ ਆਪਣੇ ਦੁੱਖ ਦਾ ਪ੍ਰਗਟਾਵਾ ਕਰ ਸਕਦੇ ਹਨ ਕਰਨ।  

ਇਸ ਦੌਰਾਨ ਅਸੀਂ ਸਮੇਂ ਦੇ ਨਾਲ ਵਿਕਸਤ ਹੋਈ ਮਜ਼ਦੂਰ-ਕਿਸਾਨ ਏਕਤਾ ਨੂੰ ਜਾਰੀ ਰੱਖਣ ਲਈ ਦੁਹਰਾਉਂਦੇ ਹਾਂ ਅਤੇ ਇਸ ਮਜ਼ਦੂਰ ਵਿਰੋਧੀ, ਕਿਸਾਨ-ਵਿਰੋਧੀ ਅਤੇ ਦੇਸ਼-ਵਿਰੋਧੀ ਨੀਤੀਆਂ ਨੂੰ ਹੱਲਾਸ਼ੇਰੀ ਦੇਣ ਵਾਲੀ ਇਸ ਸਰਕਾਰ ਦਾ ਮੁਕਾਬਲਾ ਕਰਨ ਲਈ ਐਸਕੇਐਮ ਵੱਲੋਂ ਭਵਿੱਖ ਵਿੱਚ ਦਿੱਤੇ ਗਏ ਕਿਸੇ ਵੀ ਸੱਦੇ ਨਾਲ ਇੱਕਮੁੱਠ ਹੋ ਕੇ ਕਾਰਵਾਈ ਕਰਾਂਗੇ।

ਹੁਣ ਦੇਖਣਾ ਹੈ ਕਿ ਸਮੇਂ ਦੇ ਨਾਲ ਵਿਕਸਿਤ ਹੋਈ ਕਿਸਾਨ ਮਜ਼ਦੂਰ ਏਕਤਾ ਦੇਸ਼ ਅਤੇ ਦੁਨੀਆ ਨੂੰ ਪੂੰਜੀਵਾਦ ਦੇ ਗਲਬੇ ਚੋਣ ਮੁਕਤ ਕਰਨ ਕਰਾਉਣ ਲਈ ਕਿੰਨੀ ਜਲਦੀ ਕੋਈ ਵੱਡਾ ਐਕਸ਼ਨ ਕਰਦੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।