Friday, April 16, 2021

ਚੰਡੀਗੜ੍ਹ:CPI ਜ਼ਿਲ੍ਹਾ ਕੌਂਸਲ, ਚੰਡੀਗੜ੍ਹ ਅਤੇ ਏਟਕ, ਵੱਲੋਂ ਜਨਤਕ ਐਕਸ਼ਨ

Friday: 16th  April 2021 at 14:36 WhatsApp 

ਵਧਦੀ ਮਹਿੰਗਾਈ ਖਿਲਾਫ਼ ਰੋਸ ਧਰਨਾ ਅਤੇ ਰੈਲੀ ਆਯੋਜਿਤ 


ਚੰਡੀਗੜ੍ਹ: 16 ਅਪ੍ਰੈਲ 2021: (*ਕਰਮ ਸਿੰਘ ਵਕੀਲ//ਕਾਮਰੇਡ ਸਕਰੀਨ ਬਿਊਰੋ)::

ਭਾਵੇਂ ਕੇਂਦਰ ਦੀ ਭਾਜਪਾ ਸਰਕਾਰ ਵੱਖ ਵੱਖ  ਵਸੀਲਿਆਂ ਨਾਲ ਲੋਕ ਮਸਲਿਆਂ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਕਰਨ ਦਾ ਜਤਨ ਕਰ ਰਹੀ ਹੈ ਪਰ  ਖੱਬੀਆਂ ਧਿਰਾਂ ਲਗਾਤਾਰ ਇਹਨਾਂ ਜਤਨਾਂ ਨੂੰ ਨਾਕਾਮ ਕਰ ਰਹੀਆਂ ਹਨ। ਮਹਿੰਗਾਈ ਅਤੇ ਬੇਰੋਜ਼ਗਾਰੀ ਵਰਗੇ ਅਹਿਮ ਮਸਲਿਆਂ ਨੂੰ ਉਜਾਗਰ ਕਰਨ ਲਈ ਸੀਪੀਆਈ ਅਤੇ ਸੀਪੀਆਈ ਨਾਲ ਜੁੜੇ ਟਰੇਡ ਯੂਨੀਅਨ ਸੰਗਠਨ ਏਟਕ ਰੈਲੀ ਅਤੇ ਧਰਨੇ ਦਾ ਆਯੋਜਨ ਕੀਤਾ ਗਿਆ। 

ਜ਼ਿਲ੍ਹਾ ਕੌਂਸਲ, ਚੰਡੀਗੜ੍ਹ ਵੱਲੋਂ ਵਧਦੀ ਮਹਿੰਗਾਈ ਖਿਲਾਫ਼ ਵਿਸ਼ਾਲ ਰੋਸ ਧਰਨਾ ਅਤੇ ਰੈਲੀ  ਪਲਾਜ਼ਾ, ਚੰਡੀਗੜ੍ਹ ਵਿਖੇ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਸਾਥੀ ਰਾਜ ਕੁਮਾਰ, ਸਕੱਤਰ, ਜ਼ਿਲ੍ਹਾ ਕੌਂਸਲ, ਚੰਡੀਗੜ੍ਹ ਨੇ ਦਸਿਆ ਕਿ ਚੰਡੀਗੜ੍ਹ ਅਤੇ ਦੇਸ਼ ਵਿਚ ਪਾਣੀ, ਬਿਜਲੀ, ਰਸੋਈ ਗੈਸ, ਰੋਜਾਨਾ ਵਰਤੋਂ ਵਾਲੇ ਖਾਦ ਪਦਾਰਥਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਫੈਕਟਰੀ ਕਾਮਿਆਂ ਦੇ ਹੱਕਾਂ ਨੂੰ ਨਵੇਂ ਕਿਰਤ ਕੋਡ ਬਣਾ ਕੇ ਮਧੋਲਿਆ ਜਾ ਰਿਹਾ ਹੈ। ਸਰਕਾਰੀ ਅਦਾਰੇ ਜਿੰਵੇਂ ਪਾਣੀ, ਬਿਜਲੀ ਅਤੇ ਰੇਲਵੇ ਨੂੰ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸਾਸ਼ਨ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਵੇਚ ਕੇ ਉਨ੍ਹਾਂ ਨੂੰ ਲੋਕਾਈ ਦੀ ਲੁੱਟ ਲਈ ਖੁੱਲੀ ਛੁੱਟੀ ਦੇ ਰਹੀ ਹੈ। ਹੁਣ ਤਾਂ ਸਰਕਾਰ ਨਿਆ ਪਾਲਿਕਾ ਦੇ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਕਿਹਾ ਅਸੀਂ ਚੰਡੀਗੜ੍ਹ ਪ੍ਰਸਾਸ਼ਨ ਵਲੋਂ ਸੀ. ਟੀ. ਯੂ. ਵਿਚ ਪ੍ਰਤੀ ਕਿਲੋਮੀਟਰ ਰੇਟ ਉਤੇ  ਇਲੈਕਟਰੌਨਿਕ ਬੱਸਾਂ ਚਲਾਉਣ ਦੇ ਸਖਤ ਖਿਲਾਫ ਹਾਂ ਕਿਉਂ ਕਿ ਇਲੈਕਟਰੌਨਿਕ ਬੱਸ ਪੁਰਾਣੀ ਬੱਸ ਨਾਲੋਂ 8 ਗੁਣਾ ਮਹਿੰਗੀ ਕੀਮਤ ਦੀ ਹੈ, ਸਵਾਰੀਆਂ 52 ਦੇ ਮੁਕਾਬਲੇ ਸਿਰਫ਼ 22 ਬਿਠਾਵੇਗੀ, ਉਸ ਦੀ ਲਾਗਤ 17-18 ਰੁਪਏ ਕਿਲੋਮੀਟਰ ਥਾਂ 60 ਤੋਂ 65 ਰੁਪਏ ਪ੍ਰਤੀ ਕਿਲੋਮੀਟਰ ਹੋਵੇਗੀ, ਸਰਕਾਰੀ ਡਰਾਇਵਰਾਂ ਦੀ ਛਾਂਟੀ ਕਰਕੇ ਠੇਕੇ ਉਤੇ ਡਰਾਇਵਰ ਰੱਖੇ ਜਾਣਗੇ ਅਤੇ ਅਜੋਕੇ ਸਮੇਂ ਬੱਸਾਂ 300 ਕਿਲੋਮੀਟਰ ਰੋਜਾਨਾ ਚਲਦੀਆਂ ਹਨ ਪਰ ਇਲੈਕਟਰੌਨਿਕ ਬੱਸਾਂ ਇਕ ਵਾਰ ਚਾਰਜ ਹੋਣ ਨਾਲ ਸਿਰਫ 180 ਕਿਲੋਮੀਟਰ ਚੱਲ ਸਕਣਗੀਆਂ, ਇਸ ਤਰਾਂ ਇਹ ਘਾਟੇ ਦਾ ਸੌਦਾ ਹੈ। ਦੇਸ਼ ਦਾ ਸਰਮਾਇਆ ਖਰਾਬ ਹੋਵੇਗਾ। ਇਹ ਸਕੀਮ ਲੋਕਾਂ ਦੀਆਂ ਸੁਵਿਧਾਵਾਂ ਦੇ ਨਾਂ ਉੇਤੇ ਇਕ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਅੱਜ ਸੰਘਰਸ਼ ਸਮੇਂ ਦੀ ਲੋੜ ਹੈ ਜੋ ਹਰ ਖਾਸ-ਤੇ-ਆਮ ਲੋਕ ਹਿਤਾਂ ਦੀ ਰਾਖੀ ਲਈ ਕਰ ਰਿਹਾ ਹੈ ਪਰ ਸਮੇਂ ਦੀ ਸਰਕਾਰ ਸੁੱਤੀ ਪਈ ਹੈ। ਆਮ ਜਨਤਾ ਨੂੰ ਝੂਠ-ਤੇ-ਝੂਠ ਬੋਲ ਕੇ ਭਰਮਾਉਣ ਦੀ ਕੌਸ਼ਿਸ ਕਰ ਰਹੀ ਹੈ।

ਏਟਕ ਦੇ ਜਨਰਲ ਸਕੱਤਰ ਸਤਿਆਵੀਰ ਨੇ ਕਿਹਾ ਦੇਸ਼ ਦੀ ਸਰਕਾਰ ਕਿਰਤ ਕਾਨੂੰਨਾਂ ਦਾ ਘਾਣ ਕਰ ਰਹੀ ਹੈ। ਕਿਰਤੀ ਪੱਖੀ ਸਾਰੇ ਕਿਰਤ ਕਾਨੂੰਨ ਸਰਕਾਰ ਨੇ ਰੱਦ ਕਰਕੇ ਸਿਰਫ ਚਾਰ ਕਿਰਤ ਕੋਡ ਬਣਾਏ ਹਨ ਜੋ ਕਾਰਪੋਰੇਟਾਂ ਨੂੰ ਕਿਰਤੀਆਂ ਦੀ ਲੁੱਟ ਕਰਨ ਦੀ ਖੁੱਲੀ ਛੋਟ ਦੇ ਰਹੇ ਹਨ। ਉਨ੍ਹਾਂ ਕਿਹਾ ਸਰਕਾਰ ਕਾਮਿਆਂ ਨੂੰ 8 ਘੰਟੇ ਕੰਮ ਦਿਹਾੜੀ ਦਾ ਹੱਕ ਦੇਵੇ, ਘੱਟੋ-ਘੱਟ ਉਜਰਤਾਂ ਬਹਾਲ ਰੱਖੇ, ਉਵਰ ਟਾਇਮ ਦਾ ਰੇਟ ਦੇਵੇ ਅਤੇ ਕਾਮਿਆਂ ਅਤੇ ਯੂਨੀਅਨਾਂ ਵੱਲੋਂ ਸੰਘਰਸ਼ ਕਰਕੇ ਲਈਆਂ ਹੱਕੀ ਸਹੂਲਤਾਂ ਭਵਿੱਖ ਵਿਚ ਵੀ ਬਹਾਲ ਰੱਖੇ ਨਹੀਂ ਤਾਂ ਕਿਰਤੀ ਤਿੱਖੇ ਸੰਘਰਸ਼ ਕਰਨਗੇ। 

ਸੀ. ਟੀ. ਯੂ. ਯੂਨੀਅਨ ਤੋਂ ਸਾਥੀ ਭੁਪਿੰਦਰ ਸਿੰਘ ਨੇ ਕਿਹਾ ਸੀ. ਟੀ. ਯੂ ਮੁਨਾਫਾ ਦਿੰਦਾ ਅਦਾਰਾ ਹੈ ਇਸ ਦਾ ਨਿੱਜੀਕਰਨ ਸਿਰਫ ਕੁਝ ਮੰਤਰੀਆਂ ਵੱਲੋਂ ਚਲਾਈਆਂ ਬਿਜਲੀ ਬੱਸਾਂ ਨੂੰ ਚੰਡੀਗੜ੍ਹ ਵਿਚ ਲਾਗੂ ਕਰਕੇ ਸਾਡਾ ਨੁਕਸਾਨ ਕੀਤਾ ਜਾ ਰਿਹਾ ਹੈ। ਮੁਲਾਜਮ ਮਾਰੂ ਨੀਤੀਆਂ ਨੂੰ ਚੰਡੀਗੜ੍ਹ ਪ੍ਰਸਾਸ਼ਨ ਅਤੇ ਕੇਂਦਰ ਸਰਕਾਰ ਫੌਰੀ ਤੌਰ ਉਤੇ ਬੰਦ ਕਰੇ। 

ਧਰਨੇ ਅਤੇ ਰੈਲੀ ਨੂੰ ਕਰਮ ਸਿੰਘ ਵਕੀਲ, ਪ੍ਰੀਤਮ ਸਿੰਘ ਹੁੰਦਲ, ਜੋਗਿੰਦਰ ਸ਼ਰਮਾ ਨੇ ਵੀ ਸੰਬੋਧਨ ਕੀਤਾ। ਉਪਰੋਕਤ ਤੋਂ ਇਲਾਵਾ ਸ਼ੰਗਾਰਾ ਸਿੰਘ, ਪ੍ਰਲਾਦ ਸਿੰਘ, ਦਰਸ਼ਨ ਸਿੰਘ ਬਾਗੜੀ, ਰਣਬੀਰ ਰਾਣਾ, ਓਮ ਪ੍ਰਕਾਸ਼, ਬਲਵੀਰ ਸਿੰਘ, ਸੁਰਜੀਤ ਕੌਰ ਕਾਲੜਾ ਅਤੇ ਕਾਲੀ ਰਮਨਾ ਸਮੇਤ ਪੰਜਾਹ ਤੋਂ ਵੱਧ ਵੱਖ-ਵੱਖ ਅਦਾਰਿਆਂ ਅਤੇ ਯੂਨੀਅਨਾਂ ਦੇ ਮੁਖੀਆਂ ਨੇ ਵੀ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਬਾਖੂਬੀ ਕਰਦਿਆਂ ਧੰਨਵਾਦ ਸ਼ਬਦ ਕਰਮ ਸਿੰਘ ਵਕੀਲ ਨੇ ਪੇਸ਼ ਕੀਤੇ।

*ਕਰਮ ਸਿੰਘ ਵਕੀਲ ਸਰਗਰਮ ਸਾਹਿਤਕਾਰ ਹੋਣ ਦੇ ਨਾਲ ਨਾਲ ਸਰਗਰਮ ਆਗੂ ਅਤੇ ਪੱਤਰਕਾਰ ਵੀ ਹਨ।  ਲਈ ਨੰਬਰ ਹੈ: +91 98143-44446

Thursday, March 25, 2021

ਟਰੇਡ ਯੂਨੀਅਨਾਂ ਵੱਲੋਂ ਭਾਰਤ ਬੰਦ ਦੀ ਸਫਲਤਾ ਲਈ ਤਿਆਰੀ ਮੁਜ਼ਾਹਰੇ

  25th March 2021 at 1:46 PM

 26 ਮਾਰਚ ਦੇ ਭਾਰਤ ਬੰਦ ਲਈ ਲੋਕਾਂ ਤੋਂ ਸਹਿਯੋਗ ਮੰਗਿਆ 


ਲੁਧਿਆਣਾ
: 25 ਮਾਰਚ 2021:(ਪੁਸ਼ਪਿੰਦਰ ਕੌਰ//ਕਾਮਰੇਡ ਸਕਰੀਨ):: 
ਕਿਸਾਨ ਅੰਦੋਲਨ ਕੇਂਦਰ ਸਰਕਾਰ ਨੂੰ ਬਰਾਬਰ ਦੀ ਟੱਕਰ ਦੇ ਰਿਹਾ ਹੈ।
ਆਏ ਦਿਨ ਨਵੇਂ ਤੋਂ ਨਵਾਂ ਪ੍ਰੋਗਰਾਮ ਦੇ ਕੇ ਲੋਕਾਂ ਨੂੰ ਪੂਰੀ ਤਰਾਂ ਆਪਣੇ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਤੋਂ ਲੈ ਕੇ ਦਿੱਲੀ ਤਕ ਅਤੇ ਦਿੱਲੀ ਤੋਂ ਲੈ ਕੇ ਬਾਕੀ ਸੂਬਿਆਂ ਤੱਕ ਕਿਸਾਨਾਂ ਦੇ ਅੰਦੋਲਨ ਦੀ ਧਮਕ ਸੁਣੀ ਜਾ ਸਕਦੀ ਹੈ। ਹੁਣ ਇਹ ਧਮਕ ਦੁਨੀਆ ਭਰ ਵਿੱਚ ਪੈ ਰਹੀ ਹੈ। ਅੰਦੋਲਨ ਨੂੰ ਪੂਰੀ ਤਰਾਂ ਸ਼ਾਂਤਮਈ ਢੰਗ ਨਾਲ ਚਲਾਉਣਾ ਅਤੇ ਭੜਕਾਹਟ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ ਪਰ ਕਿਸਾਨਾਂ ਦੀ ਲੀਡਰਸ਼ਿਪ ਨੇ  ਵਿੱਚ ਵੀ ਨਵੇਂ ਰਿਕਾਰਡ ਕਾਇਮ ਕੀਤੇ ਹਨ। ਪੱਥਰਾਂ ਅਤੇ ਨੁਕੀਲੀਆਂ ਕਿੱਲਾਂ ਜੁਆਬ ਫੁੱਲਾਂ ਨਾਲ ਦਿੱਤਾ ਹੈ। ਹੁਣ 26 ਮਾਰਚ ਨੂੰ ਭਾਰਤ ਬੰਦ ਦੀ ਸਫਲਤਾ ਲਈ ਜਿੱਥੇ ਕਿਸਾਨ ਸਰਗਰਮ ਹਨ ਉੱਥੇ ਮਜ਼ਦੂਰਾਂ ਦੀਆਂ ਜੱਥੇਬੰਦੀਆਂ ਵੀ ਮੈਦਾਨ ਵਿੱਚ ਹਨ। ਖੱਬੀਆਂ ਅਤੇ ਸੈਕੂਲਰ ਟਰੇਡ ਯੂਨੀਅਨਾਂ ਨੇ ਭਾਰਤ ਬੰਦ ਦੀ ਸਫਲਤਾ ਲਈ ਚਲਾਈ ਹੋਈ ਤੂਫ਼ਾਨੀ ਮੁਹਿੰਮ ਅਧੀਨ ਅੱਜ ਕਈ ਥਾਂਈ ਮੁਜ਼ਾਹਰੇ ਕੀਤੇ।
ਅੱਜ ਜਦੋਂ ਸਾਡੀ ਟੀਮ ਬਸ ਸਟੈਂਡ ਤੋਂ ਭਾਰਤ ਨਗਰ ਚੌਂਕ ਨੇੜੇ ਪੁੱਜੀ ਤਾਂ ਉੱਥੇ ਟਰੇਡ ਯੂਨੀਅਨਾਂ ਦੇ ਆਗੂ ਅਤੇ ਵਰਕਰ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਇਹਨਾਂ ਸਾਰਿਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਬੰਦ ਨੂੰ ਸਫਲ ਬਣਾਉਣਾ ਬਹੁਤ ਜ਼ਰੂਰੀ ਹੈ।  ਇਸ ਭਾਰਤ ਬੰਦ ਦਾ ਸੱਦਾ ਦਸ ਪ੍ਰਮੁੱਖ ਕੇਂਦਰੀ ਟਰੇਡ ਯੂਨੀਅਨਾਂ ਨੇ ਦਿੱਤਾ ਹ੍ਹੋਇਆ ਹੈ। ਇਹ ਸੱਦਾ ਇਸ ਗੱਲ ਦਾ ਪ੍ਰਤੀਕ ਵੀ ਹੈ ਕਿ ਇਸ ਕਿਸਾਨ ਅੰਦੋਲਨ ਨਾਲ ਸਿਰਫ ਕਿਸਾਨ ਹੀ ਨਹੀਂ ਬਲਕਿ ਹਰ ਵਰਗ ਦੇ ਕਿਰਤੀ, ਕਾਮੇ ਅਤੇ ਮਜ਼ਦੂਰ ਵੀ ਜੁੜੇ ਹੋਏ ਹਨ। 
ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਦੇਸ਼ ਭਰ ਵਿਚ ਛੱਬੀ ਮਾਰਚ ਨੂੰ ਹੋ ਰਿਹਾ ਭਾਰਤ ਬੰਦ ਇਸ ਜੰਗ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਹੈ। ਇਹ ਭਾਰਤ ਬੰਦ ਜਿੱਥੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਾ ਹੈ ਉੱਥੇ ਇਸ ਗੱਲ ਤੇ ਜ਼ੋਰ ਵੀ ਦੇਂਦਾ ਹੈ ਕਿ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਬਿਨਾ ਇਹ ਅੰਦੋਲਨ ਮੁੱਕਣ ਵਾਲਾ ਨਹੀਂ। 
ਇਸਦੇ ਨਾਲ ਹੀ ਇਹ ਅੰਦੋਲਨ ਚਾਰ ਮਜ਼ਦੂਰ ਵਿਰੋਧੀ ਲੇਬਰ ਕੋਡ ਰੱਦ ਕਰਨ ਤੇ ਵੀ ਜ਼ੋਰ ਦੇਂਦਾ ਹੈ। ਅੱਜ ਮਜ਼ਦੂਰ ਵਰਗ ਇਹਨਾਂ ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਵੀ ਸੜਕਾਂ ਤੇ ਹੈ। ਇਹਨਾਂ ਮਜ਼ਦੂਰ ਵਿਰੋਧੀ ਲੇਬਰ ਕੋਡਾਂ ਨੇ ਮਜ਼ਦੂਰਾਂ ਦੇ ਉਹਨਾਂ ਹੱਕਾਂ ਤੇ ਵੀ ਡਾਕਾ ਮਾਰਿਆ ਹੈ ਜਿਹੜੇ ਉਹਨਾਂ ਲੰਮੇ ਸੰਘਰਸ਼ਾਂ ਮਗਰੋਂ ਹਾਸਲ ਕੀਤੇ ਹਨ। ਮਈ ਦਿਵਸ ਦੇ ਸ਼ਹੀਦਾਂ ਦੀ ਸੰਹੁ ਖਾ ਕੇ ਇਹਨਾਂ ਮਜ਼ਦੂਰ ਆਗੂਆਂ ਅਤੇ ਵਰਕਰਾਂ ਨੇ  ਦੁਹਰਾਇਆ ਹੈ ਕਿ ਉਹ ਇਸ ਮਜ਼ਦੂਰ ਵਿਰੋਧੀ ਸਰਕਾਰ ਨੂੰ ਪੂਰੀ ਤਰਾਂ ਉਖਾੜ ਸੁੱਟਣਗੇ। ਭਾਈ ਲਾਲੋ ਦੇ ਸਾਥੀ ਹੁਣ ਅੱਜ ਦੇ ਮਲਕ ਭਾਗੋਆਂ ਦੇ ਖਿਲਾਫ ਇੱਕਜੁੱਟ ਹੋ ਕੇ ਸੰਘਰਸ਼ ਕਰ ਰਹੇ ਹਨ। ਇਹਨਾਂ ਨੂੰ ਬਾਬੇ ਨਾਨਕ ਦੀ ਬਾਣੀ ਵੀ ਸੇਧ ਦੇ ਰਹੀ ਹੈ ਅਤੇ ਇਸਦੇ ਨਾਲ ਕਾਰਲ ਮਾਰਕਸ ਦਾ ਫਲਸਫਾ ਵੀ। ਜੋਰੀ ਗੇ ਦਾਨ ਵੇ ਲਾਲੋ ਵਾਲੀ ਬਾਣੀ ਵੀ ਹੁਣ ਇੱਕ ਵਾਰ ਫੇਰ ਗੂੰਜ ਰਹੀ ਹੈ। ਅੰਬਾਨੀਆਂ ਅਡਾਨੀਆਂ ਦੇ ਖਿਲਾਫ ਇਹਨਾਂ ਕਿਰਤੀਆਂ ਦਾ ਤਿੱਖਾ ਰੋਸ ਹੁਣ ਤਿੱਖਾ ਰੋਹ ਵੀ ਬਣਦਾ ਜਾ ਰਿਹਾ ਹੈ। ਏਹਨਾਂ ਅੱਜ ਦੇ ਮਲਕ ਭਾਗੋਆਂ ਦਾ ਇੱਕ ਇੱਕ ਗੋਦਾਮ ਅਤੇ ਇੱਕ ਅਦਾਰਾ ਇਹਨਾਂ ਰੋਹ ਭਰੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਨਜ਼ਰਾਂ ਵਿੱਚ ਹੈ ਜਿੱਥੋਂ ਲੁੱਕ ਲੂਕਾ ਕੇ ਕਿਸੇ ਚੀਜ਼ ਦੀ ਕੋਈ ਆਵਾਜਾਈ ਨਹੀਂ ਹੋਣੀ। 
ਮਜ਼ਦੂਰਾਂ ਅਤੇ ਕਿਸਾਨਾਂ ਦੇ ਨਾਲ ਨਾਲ ਆਮ ਸ਼ਹਿਰੀਆਂ ਅਤੇ  ਆਮ ਲੋਕਾਂ ਦੀਆਂ ਮੰਗਾਂ ਵੀ ਇਸ ਅੰਦੋਲਨ ਨਾਲ ਜੁੜੀਆਂ ਹੋਈਆਂ ਹਨ। ਬਿਜਲੀ ਬਿੱਲ 2020 ਨੂੰ ਵਾਪਸ ਲੈਣ ਦੀ ਮੰਗ ਇਹੀ ਸਾਬਿਤ ਕਰਦੀ ਹੈ।  ਜੇ ਇਹ ਬਿੱਲ ਪਾਸ ਹੋ ਗਿਆ ਤਾਂਆਰਥਿਕ ਪੱਖੋਂ ਕਮਜ਼ੋਰ ਘਰਾਂ ਵਿੱਚ ਹਨੇਰਾ ਹੋਣ ਵਾਲੀ ਨੌਬਤ ਆ ਜਾਏਗੀ। ਇਹੀ ਕਾਰਨ ਹੈ ਕਿ ਕਰਜ਼ਿਆਂ ਨੂੰ ਪ੍ਰਸ਼ਾਦ ਵਾਂਗ ਵੰਡਣ ਵਾਲੀਆਂ ਬਹੁਤ ਸਾਰੀਆਂ ਵਿੱਤੀ ਕਾਰੋਬਾਰ ਵਾਲੀਆਂ ਕੰਪਨੀਆਂ ਹੁਣ ਇਸ ਇਸ਼ਤਿਹਾਰ ਵਾਲੇ ਸੁਨੇਹੇ ਮੋਬਾਈਲਾਂ ਰਾਹੀਂ ਜਾ ਰਹੇ ਹਨ ਕਿ ਬਿਜਲੀ ਦਾ ਬਿੱਲ ਦੇਣ ਵਾਸਤੇ ਕਰਜ਼ੇ ਲੈ ਲਓ। ਅੰਦਾਜ਼ਾ ਲਗਾ ਲਓ ਕਿ ਹੁਣ ਮੱਧ ਵਰਗੀ ਲੋਕਾਂ ਤੇ ਕਿਹੋਜਿਹੇ ਦਿਨ ਆਉਣ ਵਾਲੇ ਹਨ। 
ਇਹਨਾਂ ਸਾਰੀਆਂ ਮੰਗਾਂ ਦੇ ਨਾਲ ਨਾਲ ਜੇਲ੍ਹਾਂ ਵਿੱਚ ਛੱਬੀ ਜਨਵਰੀ ਨੂੰ ਦਿੱਲੀ ਵਿਚ ਬੰਦ ਬੇਦੋਸ਼ੇ ਲੋਕਾਂ ਨੂੰ ਰਿਹਾਅ ਕਰਨ ਵਾਲੀ ਮੰਗ ਵੀ ਸ਼ਾਮਲ ਹੈ।  ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ ਘੱਟ ਕਰਨ ਅਤੇ ਬੇਤਹਾਸ਼ਾ ਮਹਿੰਗਾਈ ਨੂੰ ਰੋਕਣ ਵਾਲਾ ਮੁੱਦਾ ਵੀ ਏਜੰਡੇ ਵਿੱਚ ਹੈ। ਮੋਦੀ ਸਰਕਾਰ ਦੀਆਂ ਫਾਸ਼ੀਵਾਦੀ ਨੀਤੀਆਂ ਬੰਦ ਕਰਨ , ਲੋਕ ਵਿਰੋਧੀ ਕਾਨੂੰਨ ਯੂਏਪੀਏ ਨੂੰ ਰੱਦ ਕਰਨ ਅਤੇ ਹੋਰ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਦਿੱਤਾ ਗਿਆ ਹੈ ਦੇਸ਼ ਭਰ ਵਿਚ ਛੱਬੀ ਮਾਰਚ ਨੂੰ ਭਾਰਤ ਬੰਦ ਦਾ ਸੱਦਾ।  ਇਸ ਸਬੰਧ ਵਿਚ ਅੱਜ ਇੰਟਕ, ਏਟਕ ਅਤੇ ਸੀਟੂ ਵੱਲੋਂ ਸਾਂਝੇ ਤੌਰ ਤੇ ਭਾਰਤ ਨਗਰ ਚੌਕ ਵਿਖੇ ਤਖ਼ਤੀਆਂ ਅਤੇ ਝੰਡੇ ਲੈ ਕੇ  ਸਵੇਰੇ ਦਸ ਵਜੇ ਤੋਂ ਬਾਰਾਂ ਵਜੇ ਤਕ ਦੋ ਘੰਟੇ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ। ਇਸ ਮੁਜ਼ਾਹਰੇ ਵਿੱਚ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ, ਰਮੇਸ਼ ਰਤਨ, ਜਤਿੰਦਰਪਾਲ ਸਿੰਘ, ਸਰਬਜੀਤ ਸਿੰਘ ਸਰਹਾਲੀ, ਵਿਜੇ ਕੁਮਾਰ, ਰਾਮ ਲਾਲ, ਐੱਮ ਐੱਸ ਭਾਟੀਆ,  ਗੁਰਜੀਤ ਸਿੰਘ ਜਗਪਾਲ, ਬਲਦੇਵ ਮੌਦਗਿੱਲ, ਐਸ ਕੇ ਤਿਵਾੜੀ,  ਵਿਨੋਦ ਕੁਮਾਰ,  ਮਨਪ੍ਰੀਤ ਸਿੰਘ ਨਿਹਾਲ, ਅਰਜੁਨ ਪ੍ਰਸਾਦ, ਪ੍ਰਕਾਸ਼ ਸਿੰਘ ਈਸੇਵਾਲ, ਮਾਸਟਰ ਫਿਰੋਜ਼, ਮਹੀਪਾਲ, ਗਿਆਸੂਦੀਨ ਸਾਮਾ, ਕਮਲਜੀਤ ਸਿੰਘ ਸੰਧੂ,  ਸੋਨੀ ਦੇਵੀ ਅਤੇ ਅਜੇ  ਸ਼ਾਮਿਲ ਸਨ। 
ਇਸ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਲੁਧਿਆਣਾ ਵਿੱਚ ਇੱਕ ਸੰਯੁਕਤ ਕਮੇਟੀ ਵੀ ਬਣਾਈ ਲਈ ਹੈ ਜਿਸਦੇ ਕੋਆਰਡੀਨੇਟਰ ਹਨ ਸਰਗਰਮ ਰਹਿਣ ਵਾਲੇ ਕਾਮਰੇਡ ਐਮ ਐਸ ਭਾਟੀਆ ਜਿਹਨਾਂ ਦਾ ਮੋਬਾਈਲ ਵਾਲਾ ਨੰਬਰ ਹੈ- 9988491002

Sunday, March 21, 2021

ਕਿਸਾਨ ਅੰਦੋਲਨ ਨੇ ਸੰਘਰਸ਼ਾਂ ਦੀ ਦਸਤਾਵੇਜ਼ੀ ਸਾਂਭ ਸੰਭਾਲ ਵੀ ਸਿਖਾਈ

 ਸੁਖਦਰਸ਼ਨ ਨੱਤ ਨੇ ਸਾਹਮਣੇ ਲਿਆਂਦੀ ਕਾਮਰੇਡ ਬੀਰ ਦੀ ਸ਼ਖ਼ਸੀਅਤ 

ਲੁਧਿਆਣਾ//ਟਿਕਰੀ ਬਾਰਡਰ: 21 ਮਾਰਚ 2021: (ਮੀਡੀਆ ਲਿੰਕ ਰਵਿੰਦਰ//ਸੋਸ਼ਲ ਮੀਡੀਆ/ਇੰਟਰਨੈਟ)::

ਗੱਲ ਸ਼ਾਇਦ ਦੋ ਚਾਰ ਸਾਲ ਪੁਰਾਣੀ ਹੋ ਗਈ ਹੋਣੀ ਹੈ। ਇੱਕ ਵਾਰ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਬਾਦਲ ਹੁਰਾਂ ਨੂੰ ਕਿਸੇ ਪਿੰਡ ਦੇ ਕੁਝ ਕਾਮਰੇਡ ਮਿਲਣ ਚਲਕੇ ਗਏ। ਕੋਈ ਪ੍ਰਸ਼ਾਸਨਿਕ ਕੰਮ ਸੀ ਸ਼ਾਇਦ। ਰਸਮੀ ਜਾਣ ਪਛਾਣ ਹੋਈ ਤਾਂ ਮਿਲਣ ਗਏ ਜਨਤਕ ਆਗੂਆਂ ਦੇ ਕਾਮਰੇਡ ਹੋਣ ਦੀ ਗੱਲ ਸਾਹਮਣੇ ਆਈ। ਸੁਣ ਕੇ ਸੁਖਬੀਰ ਬਾਦਲ ਮੁਸਕਰਾ ਪਏ ਤੇ ਸੁਆਗਤੀ ਸੁਰ ਵਿੱਚ ਬੋਲੇ ਆਓ ਬਈ ਕਾਮਰੇਡੋ! ਆਓ ਬੈਠੋ। ਨਾਲ ਹੀ  ਲਹਿਜ਼ੇ ਵਿੱਚ ਤਿੱਖੀ ਜਿਹੀ ਟਿੱਪਣੀ ਵੀ ਕੀਤੀ ਬਈ ਅਜੇ ਤੁਸੀਂ ਹੈਗੇ ਓਂ? ਮੈਂ ਤਾਂ ਸਮਝਿਆ ਸੀ ਕਿ ਕਾਮਰੇਡ ਮੁੱਕਮੁਕਾ ਗਏ। ਅਜਿਹੀ ਸੋਚ ਬਣਨ ਵਿੱਚ ਹਕੀਕਤਾਂ ਵੀ ਸਨ ਪਰ ਭਰਮ ਭੁਲੇਖੇ ਜ਼ਿਆਦਾ ਸਨ। ਇਹਨਾਂ ਭਰਮ ਭੁਲੇਖਿਆਂ ਨੂੰ ਤੋੜਿਆ ਸਮੇਂ ਸਮੇਂ ਚੱਲੇ ਲੋਕ ਅੰਦੋਲਨਾਂ ਨੇ। ਸੁਖਬੀਰ ਬਾਦਲ ਵਾਲੀ ਸੋਚ ਤੋਂ ਬਾਅਦ ਹੁਣ ਅਜਿਹਾ ਸਮਾਂ ਵੀ ਆਇਆ ਕਿ ਹੁਣ  ਸੱਤਾ ਧਿਰ ਨੂੰ ਕਿਸਾਨ ਅੰਦੋਲਨ ਵਿੱਚ ਕਾਮਰੇਡ ਅਤੇ ਨਕਸਲੀ ਹੀ ਨਜ਼ਰ ਆਉਣ ਲੱਗੇ। ਇਸ ਅੰਦੋਲਨ ਦੇ ਪ੍ਰਬੰਧਾਂ ਨੂੰ ਵਿਰੋਧੀਆਂ ਦੀਆਂ ਅਣਗਿਣਤ ਸਾਜ਼ਿਸ਼ਾਂ ਦੇ ਬਾਵਜੂਦ ਬੜੇ ਹੀ ਸੰਤੁਲਿਤ ਢੰਗ ਨਾਲ ਚਲਾਉਣਾ ਕੋਈ ਸੌਖਾ ਵੀ ਨਹੀਂ। ਕਾਮਰੇਡਾਂ ਨੇ ਕਿਸਾਨ ਅੰਦੋਲਨ ਨੂੰ ਹਰ ਮੌਕੇ ਆਪਣਾ ਸਹਿਯੋਗ ਦਿੱਤਾ ਪਰ ਕਦੇ ਉਹਨਾਂ ਦੇ ਨੀਤੀ ਪ੍ਰੋਗਰਾਮਾਂ ਵਿੱਚ ਦਖਲ ਨਾ ਦਿੱਤਾ। ਇਸ ਅੰਦੋਲਨ ਦੌਰਾਨ ਹੀ ਜਿੱਥੇ ਮਸਫੁੱਟ ਗੱਭਰੂ ਵੀ ਵੱਡੀ ਗਿਣਤੀ ਵਿਹੁੱਚ ਸਾਹਮਣੇ ਆਏ ਉੱਥੇ ਘਰਾਂ ਵਿੱਚ ਬੈਠੇ ਬਜ਼ੁਰਗਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਹੁਣ 300 ਤੋਂ ਵੱਧ ਦੀਆਂ ਸ਼ਹੀਦੀਆਂ ਨੇ ਇੱਕ ਨਵਾਂ ਇਤਿਹਾਸ ਰਚਿਆ ਹੈ। ਇਸ ਇਤਿਹਾਸਿਕ ਕਿਸਾਨ ਅੰਦੋਲਨ ਨੇ ਜਿੱਥੇ ਥੋਹੜੇ ਜਿਹੇ ਸਮੇਂ ਵਿੱਚ ਹੀ ਲੋਕ ਸ਼ਕਤੀ ਦੀਆਂ ਹੋਰ ਬਹੁਤ ਸਾਰੀਆਂ ਖੂਬੀਆਂ ਸਾਹਮਣੇ ਲਿਆਂਦੀਆਂ ਹਨ ਉੱਥੇ ਕਮਿਊਨਿਸਟ ਲਹਿਰ ਦੀ ਅਮਰਤਾ ਵਾਲਾ ਪੱਖ ਵੀ ਸਾਹਮਣੇ ਲਿਆਂਦਾ ਹੈ। ਬਹੁਤ ਸਾਰੇ ਜੁਝਾਰੂਆਂ ਦੇ ਚਿਹਰੇ ਸਾਹਮਣੇ ਆਏ ਹਨ ਜਿਹਨਾਂ ਨੂੰ ਅਸੀਂ ਜਾਣੇ ਅਣਜਾਣੇ ਵਿਸਾਰਿ ਬੈਠੇ ਸਾਂ।  ਕਾਮਰੇਡ ਸੁਖਦਰਸ਼ਨ ਨੱਤ ਜਿੱਥੇ ਪਰਿਵਾਰ ਸਮੇਤ ਮੋਰਚੇ ਵਿੱਚ ਡਟੇ ਹੋਏ ਹਨ ਉੱਥੇ ਕਿਸਾਨ ਅੰਦੋਲਨ ਅਤੇ ਕਮਿਊਨਿਸਟ ਲਹਿਰ ਦੀ ਦਸਤਾਵੇਜ਼ੀ ਸਾਂਭ ਸੰਭਾਲ ਵਰਗੀ ਅਹਿਮ ਜ਼ਿੰਮੇਵਾਰੀ ਵੀ  ਨਿਭਾ ਰਹੇ ਹਨ। ਆਪਣੀ ਇੱਕ ਨਵੀਂ ਪੋਸਟ ਵਿੱਚ ਉਹਨਾਂ ਸਾਹਮਣੇ ਲਿਆਂਦਾ ਹੈ ਕਾਮਰੇਡ ਕਿਰਪਾਲ ਸਿੰਘ ਬੀਰ ਹੁਰਾਂ ਦੀ ਸ਼ਖਸ਼ੀਅਤ ਨੂੰ। 

ਕਾਮਰੇਡ ਸੁਖਦਰਸ਼ ਨੱਤ ਦੱਸਦੇ ਹਨ: 1948-49 ਤੋਂ ਕਮਿਊਨਿਸਟ ਅੰਦੋਲਨ ਨਾਲ ਜੁੜਿਆ ਕਾਮਰੇਡ ਕਿਰਪਾਲ ਸਿੰਘ ਬੀਰ ਅੱਜ ਵੀ ਆਪਣੇ ਚੁਣੇ ਹੋਏ ਇਕ ਨਵਾਂ ਸਮਾਜਵਾਦੀ ਸਮਾਜ ਸਿਰਜਣ ਦੇ ਜੀਵਨ ਉਦੇਸ਼ ਲਈ ਅਡੋਲ ਨਿਹਚੇ ਨਾਲ ਨੌਜਵਾਨਾਂ ਵਾਂਗ ਸਰਗਰਮ ਹੈ। ਬੀਤੇ 65 ਸਾਲਾਂ ਵਿਚ ਭਾਵੇਂ ਦੇਸ਼ ਅਤੇ ਸੰਸਾਰ ਦੀ ਕਮਿਊਨਿਸਟ ਲਹਿਰ ਨੂੰ ਸਿਧਾਂਤ ਤੇ ਸੰਗਠਨ ਦੋਵਾਂ ਖੇਤਰਾਂ ਵਿਚ ਵੱਡੀ ਉਥਲ-ਪੁਥਲ ਅਤੇ ਧੱਕਿਆਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਕਾਮਰੇਡ ਬੀਰ ਦੀ ਪ੍ਰਤੀਬੱਧਤਾ ਅਤੇ ਸਮਝਦਾਰੀ ਵਿਚ ਕੋਈ ਦੁਬਿਧਾ ਜਾਂ ਧੁੰਦਲਾਪਣ ਨਹੀਂ ਆਇਆ। ਉਸ ਦਾ ਬੁਨਿਆਦੀ ਸਮਰਪਣ ਆਪਣੀ ਮੰਜ਼ਿਲ ‘ਇਨਕਲਾਬ ਅਤੇ ਮਜ਼ਦੂਰ-ਕਿਸਾਨਾਂ ਦੀ ਜਮਾਤੀ ਜਦੋਜਹਿਦ ਪ੍ਰਤੀ ਹੈ, ਨਾ ਕਿ ਇਨਕਲਾਬੀ ਜਦੋਜਹਿਦ ਦੇ ਸੰਦ ਭਾਵ ਕਿਸੇ ਖਾਸ ਕਮਿਊਨਿਸਟ ਪਾਰਟੀ ਪ੍ਰਤੀ।ਇਸੇ ਲਈ ਸਮੇਂ ਸਮੇਂ ਜਿਸ ਵੀ ਕਮਿਊਨਿਸਟ ਪਾਰਟੀ ਨੇ ਇਨਕਲਾਬੀ ਜਦੋਜਹਿਦ ਵਲੋਂ ਮੁੱਖ ਮੋੜਿਆ, ਤਾਂ ਅਨੇਕਾਂ ਹੋਰਨਾਂ ਵਾਂਗ ਉਸ ਪਾਰਟੀ ਨਾਲ ਜ਼ਜਬਾਤੀ ਤੌਰ ’ਤੇ ‘ਮਾਂ ਪਾਰਟੀ ਮੰਨ ਕੇ ਚਿੰਬੜੇ ਰਹਿਣ ਦੀ ਬਜਾਏ, ਕਾਮਰੇਡ ਬੀਰ ਬਿਨਾਂ ਹਿਚਕ ਉਸ ਨਵੀਂ ਕਮਿਊਨਿਸਟ ਪਾਰਟੀ ਨਾਲ ਜਾ ਜੁੜੇ, ਜੋ ਜਮਾਤੀ ਜਦੋਜਹਿਦ ਨੂੰ ਅੱਗੇ ਵਧਾਉਣ ਦੇ ਯਤਨ ਕਰ ਰਹੀ ਸੀ। ਇਸੇ ਦਾ ਨਤੀਜਾ ਹੈ ਕਿ ਲਾਲ ਕਮਿਊਨਿਸਟ ਪਾਰਟੀ ਤੋਂ ਆਰੰਭ ਕਰਨ ਵਾਲਾ ਕਿਰਪਾਲ ਬੀਰ ਸੀ. ਪੀ. ਆਈ., ਸੀ. ਪੀ. ਆਈ. (ਐਮ.) ਤੇ ਐਮ. ਸੀ. ਪੀ. ਆਈ. ਵਿਚੋਂ ਹੁੰਦਾ ਹੋਇਆ 1995 ਵਿਚ ਨਕਸਲਵਾਦੀ ਧਾਰਾ ਦੀ ਪ੍ਰਤੀਨਿਧ ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਤੱਕ ਪਹੁੰਚ ਗਿਆ ਅਤੇ ਕਈ ਸਾਲ ਉਸ ਨੇ ਇਸ ਦੀ ਮਾਨਸਾ ਜ਼ਿਲਾ ਕਮੇਟੀ ਦੇ ਸਕੱਤਰ ਦੀ ਜਿੰਮੇਵਾਰੀ ਨਿਭਾਈ। ਉਂਝ ਆਪਣੀ ਸੋਚ ਵਿਚਲੇ ਖੁੱਲ੍ਹੇਪਣ ਅਤੇ ਮਾਲਵੇ ਦੇ ਸਭ ਤੋਂ ਵੱਡੀ ਉਮਰ ਦੇ ਚੰਦ ਚੋਣਵੇਂ ਕਮਿਊਨਿਸਟ ਕਾਰਕੁੰਨਾਂ ਵਿਚੋਂ ਇਕ ਹੋਣ ਕਰਕੇ ਇਲਾਕੇ ਦੀ ਆਮ ਜਨਤਾ ਕਾਮਰੇਡ ਬੀਰ ਨੂੰ ਕਿਸੇ ਪਾਰਟੀ ਵਿਸ਼ੇਸ਼ ਦੀ ਬਜਾਏ, ਸਮੁੱਚੀ ਕਮਿਊਨਿਸਟ ਲਹਿਰ ਦੇ ਨੁਮਾਇੰਦੇ ਦੇ ਰੂਪ ਵਿਚ ਹੀ ਦੇਖਦੀ ਹੈ।

ਮਿਲਣ ਗਿਲਣ ਵਾਲੇ ਸੱਜਣ ਮਿੱਤਰ ਵੀ ਦੱਸਦੇ ਹਨ ਕਿ ਕਾਮਰੇਡ ਬੀਰ ਨੂੰ ਮਿਲ ਕੇ ਹਮੇਸ਼ਾ ਉਤਸ਼ਾਹ ਤੇ ਖੁਸ਼ੀ ਮਿਲਦੀ ਹੈ ਉਹ ਸਦਾ ਹੀ ਚੜਦੀਕਲਾ ਵਿਚ ਅਤੇ ਕਰਨ ਵਾਲੇ ਨਵੇਂ ਕੰਮਾਂ ਦੀਆਂ ਸਕੀਮਾਂ ਨਾਲ ਭਰਪੂਰ ਹੁੰਦੇ ਹਨ। ਕੁਝ ਸਾਲ ਪਹਿਲਾਂ ਤੱਕ ਆਪਣੇ ਪਰਿਵਾਰਕ ਤੇ ਸਿਆਸੀ ਰੁਝੇਵਿਆਂ ਲਈ ਪਿੰਡ ਬੀਰ ਖੁਰਦ ਤੋਂ 25-30 ਕਿਲੋਮੀਟਰ ਦੂਰ ਪੈਂਦੇ ਸ਼ਹਿਰ ਮਾਨਸਾ ਤੱਕ ਸਾਇਕਲ ਤੇ ਆਉਣਾ-ਜਾਣਾ ਉਨ੍ਹਾਂ ਲਈ ਆਮ ਗੱਲ ਸੀ।ਇਲਾਕੇ ਵਿਚਲੇ ਹਰ ਅਹਿਮ ਸਾਂਝੇ ਸਮਾਜਿਕ ਤੇ ਰਾਜਸੀ ਇਕੱਠ ਵਿਚ ਕਾਮਰੇਡ ਬੀਰ ਤੁਹਾਨੂੰ ਲਾਜ਼ਮੀ ਹਾਜ਼ਰ ਮਿਲਣਗੇ ਅਤੇ ਉਨਾਂ ਦੀ ਮੌਜੂਦਗੀ ਆਪਣੀ ਹੋਂਦ ਦੀ ਪੂਰੀ ਛਾਪ ਵੀ ਛੱਡੇਗੀ। ਸਧਾਰਨ ਮਜ਼ਦੂਰਾਂ-ਕਿਸਾਨਾਂ, ਔਰਤਾਂ, ਨੌਜਵਾਨਾਂ ਤੋਂ ਲੈ ਕੇ ਇਲਾਕੇ ਦੇ ਦੁਕਾਨਦਾਰਾਂ, ਮੁਲਾਜ਼ਮਾਂ, ਵਕੀਲਾਂ, ਪੋਫ਼ੈਸਰਾਂ, ਪੱਤਰਕਾਰਾਂ ਅਤੇ ਸਾਹਿਤਕਾਰਾਂ ਤੱਕ ਕਿਰਪਾਲ ਬੀਰ ਦੀਆਂ ਲਿਹਾਜ਼ਾਂ ਹਨ। ਉਸ ਕੋਲ ਇਨ੍ਹਾਂ ਸਾਰਿਆਂ ਨਾਲ਼ ਸਮਾਜਿਕ ਤੇ ਸਿਆਸੀ ਵਿਚਾਰ ਚਰਚਾ ਕਰਨ ਲਈ ਸਦਾ ਭਰਪੂਰ ਤੇ ਢੁੱਕਵਾਂ ਮਸਾਲਾ ਮੌਜੂਦ ਰਹਿੰਦਾ ਹੈ। 

ਇਹ ਵੀ ਜ਼ਰੂਰ ਪੜ੍ਹੋ:

Sunday, February 14, 2021

ਸ਼ਹੀਦਾਂ ਦੇ ਨਾਂਅ ਤੇ ਸਿਆਸੀ ਲਾਹਾ ਨਹੀਂ ਲੈਣ ਦਿਆਂਗੇ

 Sunday;14th February 2021: 6:48 PM

 ਸਿਟੀਜ਼ਨ ਐਕਸ਼ਨ ਫਰੰਟ ਵੱਲੋਂ ਮੋਦੀ ਸਰਕਾਰ  ਖਿਲਾਫ ਤਿੱਖਾ ਸਮਾਗਮ 


ਲੁਧਿਆਣਾ
: (ਐਮ ਐਸ ਭਾਟੀਆ//ਸਤੀਸ਼ ਸੱਚਦੇਵਾ//ਜਸਪ੍ਰੀਤ ਕੌਰ ਸਮਤਾ//ਪੰਜਾਬ ਸਕਰੀਨ)::

ਕਿਸਾਨ ਅੰਦੋਲਨ ਦੇ ਨਾਂਅ ਤੇ ਦੇਸ਼ ਵਿੱਚ ਪੈਦਾ ਹੋਏ ਆਰਥਿਕ ਜਨਅੰਦੋਲਨ ਨੂੰ ਹੋਰ ਮਜ਼ਬੂਰ ਕਰਨ ਦਾ ਕੋਈ ਵੀ ਅਜਿਹਾ ਮੌਕਾ ਨਹੀਂ ਜਿਸਨੂੰ ਕਿਸਾਨ ਆਗੂ ਅਤੇ ਖੱਬੀਆਂ ਪਾਰਟੀਆਂ ਦੇ ਲੀਡਰ ਹੱਥੋਂ ਛੱਡ ਰਹੇ ਹੋਣ। ਆਪਣੀ ਇਸ ਮੁਹਿੰਮ ਅਧੀਨ ਹੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਖੱਬੀਆਂ ਪਾਰਟੀਆਂ ਨਾਲ ਜੁੜੇ ਆਗੂਆਂ ਅਤੇ ਵਰਕਰਾਂ ਨੇ ਹੁਣ ਪੁਲਵਾਮਾ ਦੇ ਸ਼ਹੀਦਾਂ ਨੂੰ ਯਾਦ ਕਰਕੇ ਭਾਰਤੀ ਜਨਤਾ ਪਾਰਟੀ ਕੋਲੋਂ ਇਹ ਮੁੱਦਾ ਵੀ ਖੋਹ ਲਿਆ ਹੈ। ਚੇਤੇ ਰਹੇ ਕਿ ਪੁਲਵਾਮਾ ਵਾਲੇ ਦੁਖਦਾਈ ਹਮਲੇ ਨੂੰ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਅੱਗੇ ਹੁੰਦਿਆਂ ਬੜੇ ਹੀ ਜ਼ੋਰਸ਼ੋਰ ਨਾਲ ਇਸ ਘਟਨਾ ਦੀ ਨਿਖੇਧੀ ਕੀਤੀ ਸੀ। ਪੁਲਵਾਮਾ ਹਮਲੇ ਨੂੰ ਚੋਣਾਂ ਜਿੱਤਣ ਦੀ ਸਾਜ਼ਿਸ਼ ਨਾਲ ਜੋੜ ਕੇ ਵੀ ਦੱਸਿਆ ਜਾਂਦਾ ਰਿਹਾ ਹੈ। ਇਸ ਵਾਰ ਕਿਸਾਨਾਂ ਨੇ ਵੀ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਕੌਮੀ ਸੁਰਖੀਆਂ ਵਿੱਚ ਆਪਣੀ ਥਾਂ ਇੱਕ ਵਾਰ ਫੇਰ ਰਾਖਵੀਂ ਕਰ ਲਈ। 

ਸੰਯੁਕਤ ਕਿਸਾਨ ਮੋਰਚਾ ਨੇ ਸੱਦਾ ਦਿੱਤਾ ਸੀ ਕਿ ਦੇਸ਼ ਭਰ ਵਿੱਚ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਈ। ਚੇਤੇ ਰਹੇ ਕਿ ਇਹ ਹਮਲਾ 14 ਫ਼ਰਵਰੀ 2019  ਨੂੰ ਪੁਲਵਾਮਾ ਵਿਖੇ ਹੋਇਆ ਸੀ ਜਿਸ ਵਿਹਚਕ ਸੀਆਰਪੀਐਫ ਦੇ 40 ਜਾਵਾਂ ਸ਼ਹੀਦ ਹੋ ਗਏ ਸਨ। ਕਿਸਾਨਾਂ ਦੇ ਸੱਦੇ ਭਰਵਾਂ ਹੁੰਗਾਰਾ ਮਿਲਿਆ ਅਤੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਿਟੀਜਨ ਐਕਸ਼ਨ ਫਰੰਟ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ 'ਤੇ ਇਕ ਸਮਾਗਮ ਕੀਤਾ ਗਿਆ। ਇਸ ਫਰੰਟ ਵਿਹਚਕ ਬਹੁਤੇ ਆਗੂ ਖੱਬੀਆਂ ਧਿਰਾਂ ਨਾਲ ਹੀ ਸਬੰਧਤ ਸਨ। ਇਸ ਵਿਚ ਸ਼ਹਿਰ ਦੇ ਹਰ ਵਰਗ ਵੱਲੋਂ ਹਿੱਸਾ ਲਿਆ ਗਿਆ। ਵੱਡੀ ਗਿਣਤੀ ਵਿਚ ਨੌਜਵਾਨ, ਵਿਦਿਆਰਥੀ, ਔਰਤਾਂ ਅਤੇ ਬਜ਼ੁਰਗ  ਇਸ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਹੋਏ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਸਾਡੇ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਬੀ ਜੇ ਪੀ ਤੇ  ਆਰਐੱਸਐੱਸ ਨੇ ਮਈ 2019 ਵਿੱਚ ਵੱਟਣ ਦੀ ਕੋਸ਼ਿਸ਼ ਕੀਤੀ। ਬੜੇ ਅਫ਼ਸੋਸ ਦੀ ਗੱਲ ਹੈ ਕਿ ਇਹ ਪਾਰਟੀ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵੀ ਆਪਣੀ ਵੋਟਾਂ ਦੀ ਰਾਜਨੀਤੀ ਲਈ ਵਰਤ ਰਹੀਆਂ ਹਨ। ਅੱਜ ਦੇਸ਼ ਭਰ ਵਿੱਚ ਹੋਏ ਇਹਨਾਂ ਸਮਾਗਮਾਂ ਦੌਰਾਨ ਬੀਜੇਪੀ ਵੱਲੋਂ ਇਹਨਾਂ ਸ਼ਹਾਦਤਾਂ ਦਾ ਮੁੱਲ ਵੱਟਣ ਵਾਲਾ ਇਹ ਪੱਖ ਉਭਾਰ ਕੇ ਸਾਹਮਣੇ ਲਿਆਂਦਾ ਗਿਆ। ਇਸ ਤਰਾਂ ਇਹਨਾਂ ਸ਼ਰਧਾਂਜਲੀ ਸਮਾਗਮਾਂ ਦੌਰਾਨ ਬੀਜੇਪੀ ਦੇ ਖਿਲਾਫ ਚੱਲ ਰਹੀ ਕਿਸਾਨ ਹਵਾ ਹੋਰ ਮਜ਼ਬੂਤ ਹੋਈ। 

ਲੁਧਿਆਣਾ ਵਾਲੇ ਸ਼ਰਧਾਂਜਲੀ ਸਮਾਗਮ ਵਿੱਚ ਇਹ ਗੱਲ ਕਈ ਬੁਲਾਰਿਆਂ ਨੇ ਦੁਹਰਾਈ ਕਿ ਸਰਹੱਦਾਂ ਤੇ ਸਾਡੇ ਦੇਸ਼ ਦੀ ਰਾਖੀ ਕਰਨ ਵਾਲੇ ਇਹ ਨੌਜਵਾਨ ਮਜ਼ਦੂਰਾਂ ਅਤੇ ਕਿਸਾਨਾਂ ਦੇ ਪੁੱਤਰ  ਹਨ। ਦਿੱਲੀ ਦੇ ਬਾਰਡਰ ਤੇ ਪਿਛਲੇ 75 ਦਿਨਾਂ ਤੋਂ ਵੀ ਜ਼ਿਆਦਾ ਕੜਕਦੀ ਠੰਢ ਵਿੱਚ ਬੈਠੇ ਇਹ ਕਿਸਾਨ, ਮਜ਼ਦੂਰ,  ਬਜ਼ੁਰਗ ,ਔਰਤਾਂ ਅਤੇ ਬੱਚੇ ਉਨ੍ਹਾਂ ਹੀ ਨੌਜਵਾਨਾਂ ਦੇ ਪਰਿਵਾਰਾਂ ਦੇ ਮੈਂਬਰ ਹਨ ਜੋ ਸਰਹੱਦ ਤੇ ਸਾਡੇ ਦੇਸ਼ ਦੀ ਰੱਖਿਆ ਕਰ ਰਹੇ ਹਨ। ਇਨ੍ਹਾਂ ਨੂੰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ  ਕਦੀ ਅੱਤਵਾਦੀ', ਕਦੀ ਨਕਸਲੀਏ ਤੇ ਕਦੀ ਦੇਸ਼ ਧ੍ਰੋਹੀ ਕਹਿ ਕੇ ਬੇਇੱਜ਼ਤ ਕਰ ਰਿਹਾ ਹੈ। ਕੇਂਦਰ ਸਰਕਾਰ ਦੇ ਇਹਨਾਂ ਫਤਵਿਆਂ ਬਾਰੇ ਵੀ ਬਹੁਤ ਛੇਤੀ ਜੁਆਬੀ ਮੁਹਿੰਮ ਦੀਆਂ ਕਨਸੋਆਂ ਮਿਲ ਰਹੀਆਂ ਹਨ। 

ਸਿਟੀਜ਼ਨ ਐਕਸ਼ਨ ਫਰੰਟ ਦੇ ਸਮਾਗਮ ਵਿੱਚ ਬੋਲੇ ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਨੇ ਰਾਜ ਸਭਾ ਅਤੇ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਨ ਦੇ ਧੰਨਵਾਦ ਦੇ ਤੌਰ ਤੇ ਬੋਲਦਿਆਂ ਬਹੁਤ ਹੀ ਹੇਠਲੇ ਦਰਜੇ  ਦੀ ਭਾਸ਼ਾ ਵਰਤੀ ਹੈ, ਜਿਸ ਕਰ ਕੇ ਜਿੱਥੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਾਖ ਘਟੀ ਹੈ ਉਥੇ ਅੰਤਰਰਾਸ਼ਟਰੀ ਪੱਧਰ ਤੇ ਸਾਡੇ  ਦੇਸ਼ ਦੀ ਇੱਜ਼ਤ ਵੀ ਘਟੀ ਹੈ। ਉਨ੍ਹਾਂ ਨੇ ਛੱਬੀ ਜਨਵਰੀ ਨੂੰ  ਸਰਕਾਰ ਵੱਲੋਂ ਸਾਜ਼ਿਸ਼ਮਈ ਢੰਗ ਦੇ ਨਾਲ ਕਿਲ੍ਹੇ ਦੀ ਘਟਨਾ ਕਰਵਾ ਕੇ ਨਜਾਇਜ਼ ਫੜੋ ਫੜ੍ਹਾਈ ਦੀ ਵੀ ਨਿਖੇਧੀ ਕੀਤੀ ਤੇ ਨਿਰਦੋਸ਼ ਲੋਕਾਂ ਦੀ ਰਿਹਾਈ ਦੀ ਵੀ ਮੰਗ ਕੀਤੀ। ਇਸ ਰਿਹਾਈ ਦੀ ਮੰਗ ਨੇ ਕਿਸਾਨ ਅੰਦੋਲਨ ਨੂੰ ਅਜੇ ਕਈ ਪੱਖਾਂ ਤੋਂ ਹੋਰ ਮਜ਼ਬੂਤ ਕਰਨਾ ਹੈ। ਜਿਸ ਨਾਲ ਬਹੁਤ ਸਾਰੇ ਪਰਿਵਾਰ ਅਤੇ ਪਿੰਡ ਇਸ ਅੰਦੋਲਨ ਨਾਲ ਜੁੜ ਰਹੇ ਹਨ। 

ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹਾ ਵਾਲੇ ਸਾਰੇ ਘਟਨਾਕ੍ਰਮ ਨਾਲ ਇੱਕ ਵਾਰ ਮਹਿਸੂਸ ਹੋਇਆ ਸੀ ਕਿ ਸ਼ਾਇਦ ਕਿਸਾਨ ਅੰਦੋਲਨ ਹੁਣ ਪੂਰੀ ਤਰ੍ਹਾਂ ਤੂਤ ਜਾਏਗਾ ਪਰ ਕਿਸਾਨ ਲੀਡਰਾਂ ਨੇ ਇਸ ਨੂੰ ਬੜੀ ਹੀ ਸਿਆਣਪ ਨਾਲ ਸੰਭਾਲਿਆ ਅਤੇ ਇੱਕ ਵਾਰ ਫੇਰ ਮਜ਼ਬੂਤ ਕਰ ਕੇ ਦਿਖਾ ਦਿੱਤਾ। ਤਿੱਕੜੀ ਬਾਰਡਰ ਤੇ ਬੈਟਜੀ ਕਿਸਾਨ ਲੀਡਰਸ਼ਿਪ ਨੇ ਅੰਦੋਲਨ ਨੂੰ ਮੁੜ ਮਜ਼ਬੂਤ ਕਰਨ ਦੀ ਮੁਹਿੰਮ ਵਿਹੁੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈ। ਇਹੀ ਮੁਹਿੰਮ ਇਸ ਅੰਦੋਲਨ ਨੂੰ ਸਾਰੇ ਪਿੰਡਾਂ ਤੱਕ ਲਿਜਾ ਰਹੀ ਹੈ। 

ਬਹਿਬਲ ਚੌਂਕ ਲੁਧਿਆਣਾ ਵਾਲੇ ਸਰਾਭਾ ਪਾਰਕ ਵਿਚ ਹੋਏ ਸਮਾਗਮ ਦੇ ਬੁਲਾਰਿਆਂ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਬਿਲ ਗੇਟਸ ਸਾਰੀ ਖੇਤੀਬਾੜੀ ਦੇ ਵਪਾਰ ਨੂੰ ਹੜੱਪਣਾ ਚਾਹੁੰਦਾ ਹੈ ਉਸੇ ਤਰ੍ਹਾਂ ਮੋਦੀ ਵਰਲਡ ਬੈਂਕ ਤੇ ਆਈ ਐਮ ਐਫ ਦੇ ਇਸ਼ਾਰੇ ਤੇ  ਅੰਬਾਨੀ ਤੇ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਦੇਸ਼ ਦੀ ਖੇਤੀਬਾੜੀ  ਸੰਭਾਲਨਾ ਚਾਹੁੰਦਾ ਹੈ। ਹਾਲ ਹੀ ਵਿੱਚ ਉੱਤਰਾਖੰਡ ਅਤੇ ਤਰਾਈ ਦੇ ਖੇਤਰਾਂ ਵਿੱਚ ਆਈ ਤ੍ਰਾਸਦੀ ਲਈ ਵਰਲਡ ਬੈਂਕ ਦੀਆਂ ਨੀਤੀਆਂ ਦੇ ਤਹਿਤ ਕਾਰਪੋਰੇਟਾਂ ਦੇ  ਪੱਖ ਪੂਰਨ ਲਈ ਅਤੇ ਵਾਤਾਵਰਨ ਮਾਹਿਰਾਂ  ਦੀਆਂ ਚਿਤਾਵਨੀਆਂ ਦਾ ਧਿਆਨ ਰੱਖੇ ਬਿਨਾਂ ਆਮ ਨਾਗਰਿਕ ਦੇ ਹੋਏ ਜਾਨੀ ਤੇ ਮਾਲੀ ਨੁਕਸਾਨ ਲਈ  ਸਰਕਾਰ ਆਪਣੀ ਜੁੰਮੇਵਾਰੀ ਤੋਂ ਭੱਜ ਨਹੀਂ ਸਕਦੀ।  ਇਹੀ ਨੀਤੀਆਂ ਕਿਸਾਨਾਂ ਦੇ ਖਿਲਾਫ ਵਰਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਉਨ੍ਹਾਂ ਦੀ  ਜ਼ਮੀਨ ਹੜੱਪਣ ਦੀ ਸਰਕਾਰ ਦੀ ਨੀਅਤ ਸਾਫ਼ ਨਜ਼ਰ ਆਉਂਦੀ ਹੈ।  ਕਿਸਾਨ ਅੰਦੋਲਨ ਆਮ ਲੋਕਾਂ ਵਿੱਚ ਇਸ ਡੂੰਘੇ ਆਰਥਿਕ ਮਸਲੇ ਨੂੰ ਬੜੀ ਸਫਲਤਾ ਨਾਲ ਲਿਜਾਣ ਵਿਛਕ ਲਗਾਤਾਰ ਕਾਮਯਾਬ ਹੋ ਰਿਹਾ ਹੈ। 

ਸਿਟੀਜ਼ਨ ਐਕਸ਼ਨ ਫਰੰਟ ਵਾਲੇ ਸਮਾਗਮ ਦੇ ਬੁਲਾਰਿਆਂ ਨੇ ਇਹ ਵੀ ਕਿਹਾ ਕਿ ਇੱਥੇ ਇਹ ਵਰਣਨਯੋਗ ਹੈ ਕਿ ਕੋਵਿਡ 19 ਦੇ ਦੌਰਾਨ ਜਿੱਥੇ ਸਾਰੇ ਉਦਯੋਗ ਘਾਟੇ ਵਿਚ ਰਹੇ ਉੱਥੇ ਸਿਰਫ਼ ਖੇਤੀਬਾੜੀ ਹੀ ਇਹੋ ਜਿਹਾ ਕਿੱਤਾ  ਸੀ ਜਿਸ ਨੇ ਦੇਸ਼ ਦੀ ਜੀਡੀਪੀ ਵਿੱਚ ਹਿੱਸਾ ਪਾਇਆ। ਪਾਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਪਬਲਿਕ ਸੈਕਟਰ ਦੇ ਇਹਨਾਂ ਮਹੱਤਵਪੂਰਨ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਇਨ੍ਹਾਂ  ਕਾਰਪੋਰੇਟਾਂ ਕੋਲ ਵੇਚ ਰਿਹਾ ਹੈ। ਦੂਜੇ ਪਾਸੇ ਪੈਨਗਾਂਗ  ਦੇ ਇਲਾਕੇ ਵਿਚ ਸੈਨਾ ਦੀ ਵਾਪਸੀ ਦੇ ਨਾਮ ਤੇ ਮੋਦੀ ਸਰਕਾਰ ਨੇ ਚੀਨ ਦੇ ਅੱਗੇ ਗੋਡੇ ਟੇਕ ਦਿੱਤੇ ਹਨ। 

ਇਸ ਸ਼ਰਧਾਂਜਲੀ ਸਮਾਗਮ ਵਿੱਚ ਕੌਮੀ ਸਿੱਖਿਆ ਨੀਤੀ ਦਾ ਮੁੱਦਾ ਵੀ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਇਆ। ਅਧਿਆਪਕ ਆਗੂ ਚਰਨ ਸਿੰਘ ਸਰਾਭਾ ਨੇ ਕਿਹਾ ਕਿ ਸਿੱਖਿਆ ਦਾ ਬੜੀ ਤੇਜ਼ੀ ਨਾਲ ਭਗਵਾਕਰਨ ਕੀਤਾ ਜਾ ਰਿਹਾ ਹੈ। ਸਾਡੀਆਂਸਾਰੀਆਂ ਹੀ ਸੰਵਿਧਾਨਕ ਸੰਸਥਾਵਾਂ ਅਪਾਹਜ ਕਰ ਦਿੱਤੀਆਂ ਗਈਆਂ ਹਨ। ਇਲੈਕਟ੍ਰੌਨਿਕ ਮੀਡੀਏ ਤੇ ਤਾਂ ਮੋਦੀ ਤੇ ਆਰਐਸਐਸ ਨੇ ਪਹਿਲਾਂ ਹੀ ਕਬਜ਼ਾ ਕੀਤਾ ਹੋਇਆ ਹੈ। ਲੋਕਤੰਤਰ ਖ਼ਤਰੇ ਵਿਚ ਹੈ।  ਜੇਕਰ ਲੋਕ ਅਜੇ ਵੀ ਨਾ ਜਾਗੇ ਤਾਂ ਇਹ ਮੋਦੀ ਸਰਕਾਰ ਹਿਟਲਰ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਸਾਬਤ ਹੋਵੇਗੀ। 

ਇਸ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਰਾਜਿੰਦਰਪਾਲ ਸਿੰਘ ਔਲਖ, ਡਾ ਗਗਨਦੀਪ ਸਿੰਘ, ਜਗਦੀਸ਼ ਚੰਦ,  ਨੌਜਵਾਨ ਆਗੂ ਪ੍ਰਵੇਜ਼ ਔਲਖ ਅਤੇ ਐਮ ਐਸ ਭਾਟੀਆ ਨੇ ਵੀ ਸੰਬੋਧਨ ਕੀਤਾ।  ਸਮਾਗਮ ਦੇ ਅੰਤ ਵਿਚ ਇਕ ਕੈਂਡਲ ਮਾਰਚ ਕੱਢਿਆ ਗਿਆ ਜੋ ਭਾਈਬਾਲਾ ਚੌਕ ਤੋਂ ਸ਼ੁਰੂ ਹੋ ਕੇ ਭਾਰਤ ਨਗਰ ਚੌਕ ਵਿਖੇ ਖ਼ਤਮ ਹੋਇਆ। ਮਾਰਚ ਕਰਦੇ ਹੋਏ ਲੋਕਾਂ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੈਨਰ ਫੜੇ ਹੋਏ ਸਨ। ਇਸੇ ਦੌਰਾਨ ਕੁਝ ਕਾਰਕੁੰਨ ਇਹ ਕਹਿੰਦੇ ਸੁਣੇ ਗਏ ਕਿ ਨਕਸਲੀ ਸ਼ਬਦ ਨੂੰ ਇੱਕ ਗਾਹਲ ਵਾਂਗ ਕਿਓਂ ਵਰਤਿਆ ਜਾ ਰਿਹਾ ਹੈ? ਛੇਤੀ ਹੀ ਇਸ ਮੁੱਦੇ ਸਬੰਧੀ ਨਕਸਲੀ ਵਿਚਾਰਧਾਰਾ ਨਾਲ ਜੁੜੇ ਸੰਗਠਨ ਇੱਕ ਰਣਨੀਤੀ ਬਣਾਉਣ ਤੇ ਸਰਗਰਮ ਹੋਏ ਲੱਗਦੇ ਹਨ। 

Saturday, February 6, 2021

ਕਿਸਾਨਾਂ ਦੇ ਹੱਕ ਵਿੱਚ ਹਰ ਥਾਂ ਸਫਲ ਰਿਹਾ ਚੱਕਾ ਜਾਮ

 ਡੇਹਲੋਂ, ਆਲਮਗੀਰ ਅਤੇ ਵੇਰਕਾ ਮਿਲਕ ਪਲਾਂਟ ਤੇ ਹੋਏ ਵੱਡੇ ਇਕੱਠ 


ਲੁਧਿਆਣਾ: 6  ਫਰਵਰੀ 2021: (ਐਮ ਐਸ ਭਾਟੀਆ//ਜਸਪ੍ਰੀਤ ਸਮਤਾ//ਕਾਮਰੇਡ ਸਕਰੀਨ)::

'ਸੰਯੁਕਤ ਕਿਸਾਨ ਮੋਰਚੇ' ਦੇ ਸੱਦੇ ਤੇ ਕੱਲ੍ਹ ਲੁਧਿਆਣਾ, ਡੇਹਲੋਂ, ਆਲਮਗੀਰ ਅਤੇ ਪੰਜਾਬ ਦੇ ਨਾਲ ਨਾਲ ਦੇਸ਼ ਭਰ ਚ ਵੱਖ ਵੱਖ ਥਾਵਾਂ ਤੇ "ਚੱਕਾ ਜਾਮ" ਸਫਲਤਾਪੂਰਵਕ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀ, ਕਿਸਾਨ, ਅੰਗਣਵਾੜੀ ਵਰਕਰਜ਼, ਅਧਿਆਪਕ, ਪੱਤਰਕਾਰ ਅਤੇ ਪ੍ਰੋਫੈਸਰ ਆਦਿ ਵਰਗ ਦੇ ਲੋਕਾਂ ਵੱਲੋਂ ਭਰਵੀ ਸ਼ਮੂਲੀਅਤ ਕੀਤੀ ਗਈ। ਚੱਕਾ ਜਾਮ ਦੌਰਾਨ ਵੱਖ-ਵੱਖ ਥਾਵਾਂ ਤੇ ਲੋਕਾਂ ਤੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬੇ ਜੀ ਪੀ ਦੀ ਫਾਸ਼ੀਵਾਦੀ ਹਕੂਮਤ ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਕੇ ਆਪਣੀ ਜ਼ਿੱਦ ਤੇ ਅੜੀ ਹੋਈ ਹੈ। ਇਸ ਲੰਮੇ ਸੰਘਰਸ਼ ਤੋਂ ਬਾਅਦ ਉਹ ਸਿਰਫ ਕਾਨੁੂੰਨਾਂ ਵਿੱਚ ਸੋਧ ਕਰਨ ਲਈ ਹੀ ਰਾਜ਼ੀ ਹੋਈ ਹੈ ਜਿਸਨੂੰ ਕਿਸਾਨਾਂ ਵੱਲੋ ਨਾ-ਮਨਜ਼ੂਰ ਕੀਤਾ ਗਿਆ ਹੈ। ਇੱਕ ਪਾਸੇ ਤਾ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਵੱਲੋਂ  ਗੱਲਬਾਤ ਜਾਰੀ ਹੈ ਪਰ ਦੂਜੇ ਪਾਸੇ ਬਾਰਡਰਾਂ ਨੂੰ ਕੰਡਿਆਲੀ ਤਾਰ ਲਗਾ ਕੇ ਸੀਲ ਕੀਤਾ ਜਾ ਰਿਹਾ ਹੈ ਜਿਵੇਂ ਦੁਸ਼ਮਣ ਦੇਸ਼ਾਂ ਦੇ ਖਿਲਾਫ ਕੀਤਾ  ਜਾਂਦਾ ਹੈ। ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਦੁਸ਼ਮਣਾਂ ਵਾਂਗ ਸਮਝਣ ਵਾਲੀ ਇਸ ਸਰਕਟਰ ਦੀ ਹਰ ਗੱਲ ਦੋਗਲੀ ਹੈ।  ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ 

ਲੋਕ ਪੱਖੀ ਮੀਡੀਆ ਹਰ ਥਾਂ ਪਹੁੰਚਿਆ 


ਇਸਦੇ ਨਾਲ ਹੀ ਗਰਾਉਂਡ ਜ਼ੀਰੋ ਤੋਂ ਰਿਪੋਰਟ ਕਰਨ ਵਾਲੇ ਨਿਰਪੱਖ ਪੱਤਰਕਾਰਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਧਰਨਿਆਂ ਵਿੱਚ ਪੁੱਜੇ ਲੋਕਾਂ ਵੱਲੋਂ ਮਨਦੀਪ ਪੂਨੀਆਂ ਨਾਮ ਦੇ ਪੱਤਰਕਾਰ ਨੂੰ ਗਿਰਫਤਾਰੀ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਉਹਨਾਂ ਕਿਹਾ ਕਿ ਅਜਿਹਾ ਕੀਤਾ ਜਾਣਾ ਪ੍ਰੇੈਸ ਦੀ ਆਜ਼ਾਦੀ ਤੇ ਬਹੁਤ ਵੱਡਾ ਹਮਲਾ ਹੈ।

ਇਸ ਗੱਲ ਤੇ ਵੀ ਡੂੰਘਾ ਅਫਸੋਸ ਪ੍ਰਗਟਾਇਆ ਗਿਆ ਕਿ ਇਸ ਅੰਦੋਲਨ ਨੂੰ ਸਮਰਥਨ ਦੇਣ ਵਾਲੇ ਲੋਕਾਂ ਉੱਪਰ ਤਰ੍ਹਾਂ ਤਰ੍ਹਾਂ ਦਾ ਤਸ਼ੱਦਦ ਢਾਹਿਆ ਜਾ ਰਿਹਾ ਹੈ। ਇਸ ਦੌਰਾਨ ਔਰਤਾਂ ਵੱਲੋਂ ਵੀ 'ਸੰਯੁਕਤ ਕਿਸਾਨ ਮੋਰਚੇ' ਦੁਆਰਾ ਦਿੱਤੇ ਜਾ ਰਹੇ ਸੱਦਿਆ ਵਿੱਚ ਭਰਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਵਿਦਿਆਰਥੀਆਂ-ਨੌਜਵਾਨਾਂ ਦੇ ਨਾਲ ਨਾਲ ਹੁਣ ਸੰਘਰਸ਼ ਵਿੱਚ ਨਿਰਪੱਖ ਪੱਤਰਕਾਰ ਭਾਈਚਾਰਾ ਵੀ ਅੰਦੋਲਨ ਦੇ ਹੱਕ ਵਿੱਚ ਉਤਰ ਆਇਆ ਹੈ। ਦੇਸ਼ ਵਿਦੇਸ਼ ਤੋਂ ਕਿਸਾਨੀ ਲਹਿਰ ਨੁੂੰ ਭਰਵੀਂ ਹਮਾਇਤ ਮਿਲ ਰਹੀ ਹੈ ਪਰ ਇਹਨਾਂ ਹਕੀਕਤਾਂ ਦੇ ਬਾਵਜੂਦ ਮੋਦੀ ਸਰਕਾਰ ਆਪਣੀ ਜ਼ਿੱਦ ਤੇ ਅੜੀ ਹੋਈ ਹੈ। ਵੱਖ ਵੱਖ ਥਾਵਾਂ ਤੇ ਹੋਏ ਚੱਕਾ ਜਾਮ ਨੂੰ ਲੋਕਾਂ ਵੱਲੋਂ ਸ਼ਾਂਤੀ ਪੂਰਵਕ ਨੇਪਰੇ ਚਾੜਿਆ ਗਿਆ। ਇਸ ਦੌਰਾਨ ਆਮ ਲੋਕਾਂ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ। 

ਪ੍ਰੋਫੈਸਰ ਜਗਮੋਹਨ ਸਿੰਘ 


ਲੁਧਿਆਣਾ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੇ ਭਾਣਜੇ ਡਾ. ਜਗਮੋਹਨ ਸਿੰਘ ਨੇ ਕਿਹਾ ਮੋਦੀ ਹਕੂਮਤ ਸਿਰਫ ਪੂੰਜੀਪਤੀਆਂ ਦੀ ਸੇਵਾ ਵਿੱਚ ਹੀ ਲੱਗੀ ਹੋਈ ਹੈ ਉਹ ਹਰ ਇੱਕ ਕਾਨੂੰਨ ਆਮ ਲੋਕਾਂ ਦੇ ਵਿਰੋਧ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਬਣਾ ਰਹੀ ਹੈ ਜਿਸਦੇ ਕਰਕੇ ਲੋਕ ਸੜਕਾਂ ਤੇ ਉਤਰਨ ਲਈ ਮਜਬੂਰ ਹਨ। ਇਹਨਾਂ ਧਰਨਿਆਂ ਦੌਰਾਨ ਲੋਕਪੱਖੀ ਮੀਡੀਆ ਦੇ ਇੱਕ ਸਰਗਰਮ ਹਿੱਸੇ ਵੱਜੋਂ ਕੱਲ 'ਕਾਮਰੇਡ ਸਕਰੀਨ' ਅਤੇ 'ਪੰਜਾਬ ਸਕਰੀਨ' ਦੀਆਂ ਟੀਮਾਂ ਨੇ ਵੀ ਵੱਖ ਵੱਖ ਥਾਵਾਂ ਤੇ ਜਾ ਕੇ ਕਵਰੇਜ ਕੀਤੀ। ਬੁਲਾਰਿਆਂ ਨੇ ਵੀ ਲੋਕਾਂ ਨੂੰ ਸਮਝਾਇਆ ਕਿ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਨੁਕਸਾਨ ਸਿਰਫ਼ ਕਿਸਾਨਾਂ ਨੂੰ ਹੀ ਨਹੀਂ ਸਗੋਂ ਆਮ ਖਪਤਕਾਰ ਨੂੰ ਵੀ ਹੋਣਾ ਹੈ। ਏਟਕ ਦੀ ਕੌਮੀ ਜਨਰਲ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਬੜੇ ਹੀ ਬਾਦਲੀਲ ਢੰਗ ਨਾਲ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ  ਬੇਨਕਾਬ ਕਰਦਿਆਂ ਸਾਬਤ ਕੀਤਾ ਕਿ ਇਹ ਨੀਤੀਆਂ ਲੋਕ ਵਿਰੋਧੀ ਹਨ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਸਾਥੀ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਅਮਰੀਕਾ ਮਨੁੱਖੀ ਅਧਿਕਾਰਾਂ ਦੀ ਗੱਲ ਤਾਂ ਕਰ ਰਿਹਾ ਹੈ ਪਰ ਇਨ੍ਹਾਂ ਕਾਲੇ ਕਾਨੂੰਨਾਂ ਬਾਰੇ  ਉਹ ਕਾਰਪੋਰੇਟ ਦਾ ਪੱਖ ਹੀ ਪੂਰ ਰਿਹਾ ਹੈ।  

ਤਿੰਨ ਘੰਟਿਆਂ ਤੱਕ ਸ਼ਾਂਤਮਈ ਬੰਦ ਰਿਹਾ 


ਸੰਯੁਕਤ ਕਿਸਾਨ ਮੋਰਚਾ  ਦੇ ਸੱਦੇ ਤੇ ਮੋਦੀ ਸਰਕਾਰ ਵੱਲੋਂ ਗ਼ੈਰ ਸੰਵਿਧਾਨਕ ਤਰੀਕੇ ਨਾਲ ਪਾਸ ਕੀਤੇ  ਤਿੰਨ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ  ਚੱਲ ਰਹੇ ਸੰਘਰਸ਼ ਦੇ ਹਿੱਸੇ ਵਜੋਂ ਅੱਜ ਲੁਧਿਆਣਾ ਵਿੱਚ ਵੀ ਕਈ ਥਾਂਈ ਤਿੰਨ ਘੰਟੇ ਲਈ ਟਰੈਫਿਕ ਜਾਮ ਕੀਤਾ ਗਿਆ।  ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਕਿਸਾਨ, ਵਿਦਿਆਰਥੀ ,ਮਜ਼ਦੂਰ, ਮੁਲਾਜ਼ਮ, ਔਰਤਾਂ ਅਤੇ ਬਜ਼ੁਰਗ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ  ਫ਼ਿਰੋਜ਼ਪੁਰ-ਲੁਧਿਆਣਾ  ਰੋਡ ਤੇ ਧਰਨੇ ਦੀ ਸ਼ਕਲ ਵਿੱਚ ਬੈਠੇ। ਇਹ ਧਰਨਾ ਦੁਪਹਿਰ ਬਾਰਾਂ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਚੱਲਿਆ। ਸਭ ਤੋਂ ਪਹਿਲਾਂ ਇਸ ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। 

ਕਾਮਰੇਡ ਅਮਰਜੀਤ ਕੌਰ 


ਪਹਿਲਾਂ ਤੋਂ ਐਲਾਨੇ ਗਏ ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ  ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਕੌਮੀ ਜਨਰਲ ਸਕੱਤਰ ਅਮਰਜੀਤ ਕੌਰ ਨੇ  ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਲੋਕਾਂ ਦੇ ਚੁਣੇ ਹੋਏ ਪਾਰਲੀਮੈਂਟ ਮੈਂਬਰਾਂ ਨੂੰ ਵੀ ਅਮਿਤ ਸ਼ਾਹ ਦੇ ਇਸ਼ਾਰੇ ਤੇ ਪੁਲੀਸ ਨੇ ਕਿਸਾਨਾਂ ਨਾਲ ਨਹੀਂ ਮਿਲਣ ਦਿੱਤਾ। ਇਕ ਪਾਸੇ ਤਾਂ  ਪ੍ਰਧਾਨਮੰਤਰੀ ਮੋਦੀ ਕਹਿੰਦੇ ਹਨ ਕਿ ਮੈਂ ਸਿਰਫ ਇਕ ਫੋਨ ਕਾਲ ਦੂਰ ਹਾਂ, ਪਰ ਦੂਜੇ ਪਾਸੇ  ਬਾਰਡਰ ਤੇ ਤਿੰਨ ਕਿਲੋਮੀਟਰ ਦੇ ਇਲਾਕੇ ਵਿੱਚ  ਸੀਮਿੰਟ ਵਿੱਚ ਵੱਡੀਆਂ ਵੱਡੀਆਂ ਕਿੱਲਾ ਲਾ ਕੇ ਇਸ ਦੂਰੀ ਨੂੰ ਹੋਰ ਵਧਾ ਰਹੇ ਸਨ। ਉਨ੍ਹਾਂ ਕਿਹਾ ਕਿ ਬੈਰੀਕੇਡ ਇਸ ਤਰ੍ਹਾਂ ਲਗਾਏ ਜਾ ਰਹੇ ਹਨ ਜਿਸ ਤਰ੍ਹਾਂ ਕਿਸੇ ਦੁਸ਼ਮਣ ਦੀ ਫ਼ੌਜ ਵੱਡੇ ਵੱਡੇ ਟੈਂਕ ਲੈ ਕੇ ਆ ਰਹੀ ਹੋਵੇ। ਫਿਰ ਇਹ ਸਭ ਕਿਸ ਦੇ ਕਹਿਣ ਤੇ ਹੋ ਰਿਹਾ ਹੈ, ਜਦੋਂ ਕਿ ਕਿਸਾਨ ਤਾਂ ਹਰ ਵੇਲੇ ਗੱਲਬਾਤ ਲਈ ਤਿਆਰ ਹਨ। ਛੱਬੀ ਜਨਵਰੀ ਦੀਆ ਦਿੱਲੀ ਦੀਆਂ ਘਟਨਾਵਾਂ ਬਾਰੇ ਆਗੂਆਂ ਨੇ ਕਿਹਾ ਕਿ ਇਹ ਸਰਕਾਰ ਦੀ ਪਹਿਲਾਂ ਤੋਂ ਹੀ ਬਣਾਈ ਗਈ ਸਾਜ਼ਿਸ਼  ਦੇ ਅਧੀਨ ਕੀਤਾ ਗਿਆ ਹੈ। ਇਹ ਸਿਰਫ਼ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਹੈ। ਦਿੱਲੀ ਪੁਲੀਸ ਨੇ ਗ੍ਰਹਿ ਮੰਤਰੀ  ਅਮਿਤ ਸ਼ਾਹ ਦੇ ਇਸ਼ਾਰੇ ਤੇ ਇਹ ਸਭ ਕੁਝ ਕੀਤਾ ਹੈ, ਜਿਵੇਂ ਕਿ ਜਾਰੀ ਹੋ ਰਹੀਆ ਵੀਡੀਓ ਵਿਚ ਸਾਫ ਦਿਖਾਈ ਦਿੰਦਾ ਹੈ। ਉਨ੍ਹਾਂ  ਇਹ ਵੀ ਕਿਹਾ ਕਿ ਕਿਸਾਨਾਂ ਨਾਲ ਜੋ ਰੂਟ ਤੈਅ ਹੋਏ ਸਨ ਉਨ੍ਹਾਂ ਨੂੰ ਬੰਦ ਕਰ ਕੇ ਕਿਸਾਨਾਂ ਨੂੰ ਦੂਸਰੇ ਰਸਤਿਆਂ ਤੇ  ਭੇਜਿਆ ਜਾ ਰਿਹਾ ਸੀ।  ਇਹ ਉਹ ਰਸਤੇ ਸਨ ਜਿਹੜੇ ਇੰਡੀਆ ਗੇਟ ਅਤੇ ਲਾਲ ਕਿਲੇ ਵੱਲ ਜਾਂਦੇ ਸਨ।  ਉਨ੍ਹਾਂ ਨੇ ਮੰਗ ਕੀਤੀ ਕਿ ਇਸ ਸਾਰੇ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਦੀ ਇਖਲਾਕੀ ਤੌਰ ਤੇ ਜ਼ਿੰਮੇਵਾਰੀ ਲੈਂਦੇ ਹੋਏ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ

ਕਾਮਰੇਡ ਮੰਗਰਾਮ ਪਾਸਲਾ ਨੇ ਵੀ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲਿਆ 

ਸੀ ਟੀ ਯੂ ਦੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ  ਜਦੋਂ ਦਾ ਆਇਆ ਹੈ ਉਹ  ਸਰਕਾਰੀ ਅਦਾਰਿਆਂ ਨੂੰ ਅਡਾਨੀ ਅੰਬਾਨੀਆਂ ਨੂੰ  ਕੌਡੀਆਂ ਦੇ ਭਾਅ  ਵੇਚ ਰਿਹਾ ਹੈ। ਸਾਨੂੰ  ਇਸ ਗੱਲ ਤੇ ਤਸੱਲੀ ਹੈ  ਕਿ ਸਰਕਾਰ ਦੇ ਲੱਖ ਦੁਰਪ੍ਰਚਾਰ ਦੇ ਬਾਵਯੂਦ ਦਿਨ ਬ ਦਿਨ ਅੰਦੋਲਨ ਹੋਰ ਮਜ਼ਬੂਤ ਹੋ ਰਿਹਾ ਹੈ।  ਉਨ੍ਹਾਂ ਐਲਾਨ ਕੀਤਾ ਕਿ ਸੰਯੁਕਤ ਮੋਰਚੇ ਦਾ ਇਹ ਅੰਦੋਲਨ ਅਤੇ ਧਰਨਾ ਉਸ ਦਿਨ ਹੀ ਖ਼ਤਮ ਹੋਏਗਾ ਜਿਸ ਦਿਨ ਇਹ ਕਾਲੇ ਕਨੂੰਨ ਵਾਪਸ ਲਏ ਜਾਣਗੇ । ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਕੋਲ ਮੌਕਾ ਹੈ ਕਿ ਉਹ ਮੌਜੂਦਾ  ਚੱਲਦੇ ਸੈਸ਼ਨ ਵਿੱਚ ਇਨ੍ਹਾਂ ਨੂੰ ਵਾਪਸ ਲਵੇ  ਅਤੇ ਐੱਮਐੱਸਪੀ ਦਾ ਕਾਨੂੰਨ ਬਣਾਇਆ  ਜਾਵੇ। ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ

ਪ੍ਰੋਫੈਸਰ ਜੈਪਾਲ ਸਿੰਘ ਅਤੇ ਹੋਰ ਆਗੂ ਵੀ ਬੋਲੇ


ਅਧਿਆਪਕ ਆਗੂ ਕਾਮਰੇਡ ਚਰਨ ਸਿੰਘ ਸਰਾਭਾ ਨੇ ਕਿਹਾ ਕਿ ਕਾਰਪੋਰੇਟ ਦੇ ਆਉਣ ਨਾਲ ਖਾਣ ਪੀਣ ਦੀਆਂ ਵਸਤਾਂ ਦੀਆਂ  ਕੀਮਤਾਂ ਅਸਮਾਨੀ ਛੂਹ ਜਾਣਗੀਆਂ ਅਤੇ ਆਮ ਆਦਮੀ ਦੀ   ਪਹੁੰਚ ਤੋਂ ਬਾਹਰ ਹੋ ਜਾਣਗੀਆਂ।  ਪ੍ਰੋ ਜੈਪਾਲ ਸਿੰਘ   ਨੇ ਕਿਹਾ ਕਿ ਖੇਤੀ ਮੰਤਰੀ ਤੋਮਰ ਨੇ ਬੜੀ  ਬੇਸ਼ਰਮੀ ਨਾਲ ਪਾਰਲੀਮੈਂਟ ਵਿੱਚ ਬੋਲ ਰਹੇ ਸਨ ਕਿ ਮੈਨੂੰ ਦੱਸਿਆ ਜਾਵੇ ਇਸ ਕਾਨੂੰਨ ਵਿੱਚ ਕਾਲਾ ਕੀ ਹੈ, ਜਦੋਂ ਕੇ ਸੱਚ ਇਹ ਹੈ ਕਿ ਕਿਸਾਨਾਂ  ਨੇ ਦੂਜੀ ਹੀ ਮੀਟਿੰਗ ਵਿਚ ਉਨ੍ਹਾਂ ਦੇ ਕਾਲੇ ਪਨ ਬਾਰੇ ਦੱਸ ਦਿੱਤਾ ਸੀ।  ਏ ਆਈ ਐੱਸ ਐਫ ਜਿਲਾ ਲੁਧਿਆਣਾ ਦੇ ਜਨਰਲ ਸਕੱਤਰ ਦੀਪਕ ਕੁਮਾਰ ਨੇ ਸੰਬੋਧਨ ਕਰਦੇ ਹੋਏ ਕਿਹਾ  ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਾਲਾ ਬਾਜ਼ਾਰੀ ਦਾ ਉਹ ਦੌਰ ਫੇਰ ਸ਼ੁਰੂ ਹੋ ਜਾਵੇਗਾ।  

ਗੀਤ ਸੰਗੀਤ ਵੀ ਜਾਰੀ ਰਿਹਾ


ਬੀਹਾਈਵ ਥੀਏਟਰ ਗਰੁੱਪ ਨੇ  ਕਿਸਾਨਾਂ ਨਾਲ ਸਬੰਧਤ ਗੀਤ   "ਮੋਦੀ ਯਾਰ ਸ਼ੈਤਾਨਾਂ ਦਾ" ਦੀ ਪੇਸ਼ਕਾਰੀ ਕੀਤੀ। ਡਾ: ਕੇ ਐਸ ਸੰਘਾ ਜਨਰਲ ਸਕੱਤਰ  ਪੀ ਏ ਯੂ ਨੇ ਕਿਹਾ ਕਿ ਸਰਕਾਰ ਦਾ ਮਨਸ਼ਾ ਕਿਸਾਨਾਂ ਨੂੰ ਖੇਤੀ ਚੋਂ ਕੱਢ ਕੇ ਸ਼ਹਿਰਾਂ ਵਿੱਚ ਮਜ਼ਦੂਰ ਦੇ ਤੌਰ ਤੇ ਵਰਤਣ ਦਾ ਹੈ। ਲੇਖਕਾਂ  ਦੇ ਆਗੂ ਡਾ: ਗੁਲਜ਼ਾਰ ਪੰਧੇਰ ਨੇ ਵੀ ਸੰਬੋਧਨ ਕੀਤਾ।   ਹੋਰਨਾਂ ਤੋਂ ਇਲਾਵਾ ਜਿਨ੍ਹਾਂ ਨੇ ਇਸ ਇਕੱਠ ਨੂੰ ਸੰਬੋਧਨ ਕੀਤਾ ਉਹਨਾਂ ਵਿੱਚ ਆਈ ਡੀ ਪੀ ਡੀ  ਦੇ ਸੀਨੀਅਰ ਮੀਤ ਪ੍ਰਧਾਨ   ਡਾ. ਅਰੁਣ ਮਿੱਤਰਾ ਵੀ ਸ਼ਾਮਲ ਰਹੇ। ਜੁਆਇੰਟ ਕਾਊੰਸਲ ਆਫ਼ ਟਰੇਡ ਯੂਨੀਅਨਜ਼ ਦੇ ਜਨਰਲ ਸਕੱਤਰ ਡੀ ਪੀ ਮੌੜ ਨੇ ਸੰਬੋਧਨ ਕੀਤਾ ।ਐਗਰੀਕਲਚਰ ਟੈਕਨੋਕਰੇਟਸ ਦੇ ਲੀਡਰ ਰਜਿੰਦਰਪਾਲ ਸਿੰਘ ਔਲਖ ਨੇ ਸੰਬੋਧਨ ਕੀਤਾ। ਜਨਵਾਦੀ ਇਸਤਰੀ ਸਭਾ ਦੀ ਆਗੂ  ਸਿਮਰਨਜੀਤ ਕੌਰ ਨੇ ਵੀ ਹਾਜ਼ਰੀ ਲਵਾਈ। ਰੇਲਵੇ ਦੇ ਆਗੂ ਪਰਮਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਾਥੀ ਚਮਕੌਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।  (ਡੈਸਕ ਇਨਪੁਟ:ਕਾਰਤਿਕਾ ਸਿੰਘ)


Thursday, January 21, 2021

ਕਾਮਰੇਡ ਭਰਤ ਪ੍ਰਕਾਸ਼ ਦੀ ਯਾਦ ਵਿਚ

   ਸਿਰੜੀ ਇਨਕਲਾਬੀ ਦੀ ਜਨਮ ਸ਼ਤਾਬਦੀ  

                                  --ਗੁਰਨਾਮ ਕੰਵਰ         

ਮੱਧ-1940ਵਿਆਂ ਤੋਂ ਲੈ ਕੇ ਮੱਧ-2010ਵਿਆਂ ਤਕ 70 ਸਾਲ ਕਮਿਊਨਿਸਟ ਪਾਰਟੀ ਦੇ ਝੰਡੇ ਹੇਠ ਇਨਕਲਾਬੀ ਸਰਗਰਮੀਆਂ ਕਰਨ ਵਾਲੇ ਕਾਮਰੇਡ ਭਰਤ ਪ੍ਰਕਾਸ਼ ਦੀ ਅੱਜ (21 ਜਨਵਰੀ 2021 ਨੂੰ) ਜਨਮ ਸ਼ਤਾਬਦੀ ਹੈ। ਜੇ ਸਾਢੇ ਚਾਰ ਸਾਲ ਪਹਿਲਾਂ ਉਹ 13 ਜੁਲਾਈ 2016 ਨੂੰ ਸਾਥੋਂ ਵਿਛੜ ਨਾ ਜਾਂਦੇ ਤਾਂ ਹੁਣ ਉਨ੍ਹਾਂ ਨੇ ਆਪਣੀ ਉਮਰ ਦੀ ਪੌੜੀ ਦੇ ਸੌਵੇਂ ਡੰਡੇ ਨੂੰ ਸਰ ਕਰ ਲੈਣਾ ਸੀ। ਉਨ੍ਹਾਂ ਦਾ ਜਨਮ 21 ਜਨਵਰੀ 1921 ਨੂੰ ਲੁਧਿਆਣਾ ਜ਼ਿਲੇ ਦੇ ਖੰਨਾ ਸ਼ਹਿਰ ਦੇ ਸਰਦੇ ਪੁਜਦੇ ਚੌਧਰੀ ਦੇਸ ਰਾਜ ਦੇ ਘਰ ਹੋਇਆ ਸੀ। ਉਨ੍ਹਾਂ ਦੇ ਤਿੰਨੇ ਮੁੰਡੇ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਹੋਏ ਸਨ। ਵੱਡੇ ਭੀਸ਼ਮ ਪ੍ਰਕਾਸ ਅੰਤਮ ਸਾਹਾਂ ਤਕ ਕਾਂਗਰਸ ਦੇ ਆਗੂ ਰਹੇ, ਜਦੋਂ ਪੰਜਾਬ ਦੇ ਕਾਲੇ ਦਿਨਾਂ ਵਿਚ ਅੱਤਵਾਦੀਆਂ ਨੇ ਉਨ੍ਹਾਂ ਨੂੰ ਸ਼ਹੀਦ ਕਰ ਦਿਤਾ ਸੀ। ਭਰਤ ਪ੍ਰਕਾਸ਼ ਅਤੇ ਛੋਟੇ ਲੜਕੇ ਚੰਦਰ ਪ੍ਰਕਾਸ਼ ‘ਰਾਹੀ’ ਮਾਰਕਸਵਾਦ-ਲੈਨਿਨਵਾਦ ਦੇ ਧਾਰਨੀ ਹੋਕੇ ਕਮਿਊਨਿਸਟ ਲਹਿਰ ਨਾਲ ਪ੍ਰਣਾਏ ਗਏ। ਭਰਤ ਜੀ 1946 ਦੇ ਲਾਗੇ ਹਵਾਈ ਫੌਜ ਦੀ ਨੌਕਰੀ ਛੱਡਕੇ ਆਏ ਅਤੇ ਪਾਰਟੀ ਦੇ ਮੈਂਬਰ ਬਣ ਗਏ ਅਤੇ 1947 ਦੇ ਫਸਾਦਾਂ ਵਿਚ ਨਿਧੜਕ ਹੋ ਕੇ ਮੁਸਲਮਾਨਾਂ ਦੀ ਹਿੰਦੂ ਸਿੱਖ ਫਿਰਕੂ ਫਸਾਦੀਆਂ ਕੋਲੋਂ ਰਾਖੀ ਕੀਤੀ। ਚੰਦਰ ਪ੍ਰਕਾਸ਼ ਜੀ ਅਧਿਆਪਕ ਲਹਿਰ ਵਿਚ ਸਰਗਰਮ ਰਹੇ ਅਤੇ ਇਕ ਕਾਮਯਾਬ ਪ੍ਰਿੰਸੀਪਲ ਵਜੋਂ ਸੇਵਾ-ਮੁਕਤ ਹੋਏ ਅਤੇ ਅੱਜ ਕਲ੍ਹ ਪਟਿਆਲੇ ਰਹਿੰਦੇ ਅਤੇ ਅਗਾਂਹਵਧੂ ਕਿਤਾਬਾਂ ਲਿਖ ਰਹੇ ਹਨ।

ਕਾਮਰੇਡ ਭਰਤ ਪ੍ਰਕਾਸ਼ ਲਗਾਤਾਰ ਆਖਰੀ ਸਮੇਂ ਤਕ ਮਾਰਕਸਵਾਦ-ਲੈਨਿਨਵਾਦ ਅਤੇ ਇਤਿਹਾਸ ਦੀਆਂ ਪੁਸਤਕਾਂ ਦਾ ਅਧਿਅਨ ਕਰਦੇ ਸਨ। ਸਿਧਾਂਤਕ ਸਕੂਲਾਂ ਵਿਚ ਉਹ ਆਜ਼ਾਦੀ ਦਾ ਘੋਲ ਅਤੇ ਸੀਪੀਆਈ ਦਾ ਰੋਲ ਅਤੇ ਅਮਨ ਲਹਿਰ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਬਾਰੇ ਤਰਕਪੂਰਨ ਜੋਸ਼ੀਲੇ ਲੈਕਚਰ ਦਿਆ ਕਰਦੇ ਸਨ, ਜੋ ਖਾਸ ਕਰਕੇ ਨੌਜਵਾਨਾਂ ਨੂੰ ਬਹੁਤ ਪਸੰਦ ਆਉਂਦੇ ਸਨ।

1960ਵਿਆਂ ਦੇ ਆਰੰਭ ਵਿਚ ਜਦੋਂ ਕਮਿਊਨਿਸਟ ਪਾਰਟੀ ਵਿਚ ਦੁਫੇੜ ਪੈ ਗਈ, ਤਾਂ ਉਨ੍ਹਾਂ ਸਰਵਸਾਥੀ ਮਲਹੋਤਰਾ ਜੀ, ਡਾਂਗ ਜੀ ਅਤੇ ਆਨੰਦ ਜੀ ਅਤੇ ਉਨ੍ਹਾਂ ਦੀ ਟੀਮ ਨਾਲ ਮਿਲਕੇ ਸੀਪੀਆਈ ਨੂੰ ਪੰਜਾਬ ਵਿਚ ਮੁੜ ਪੈਰਾਂ ਤੇ ਖੜ੍ਹਾ ਕੀਤਾ ਅਤੇ ਪੰਜਾਬ ਵਿਚ ਇਸ ਨੂੰ ਸ਼ਕਤੀਸ਼ਾਲੀ ਸਿਆਸੀ ਜਥੇਬੰਦੀ ਬਣਾਇਆ। ਉਹ ਅਮਨ ਤੇ ਇਕਮੁੱਠਤਾ ਜਥੇਬੰਦੀ ਐਪਸੋ ਦੇ ਪੰਜਾਬ ਇਕਾਈ ਦੇ ਜਨਰਲ ਸਕੱਤਰ ਅਤੇ ਕੌਮੀ ਲੀਡਰਸ਼ਿਪ ਦਾ ਅਹਿਮ ਹਿੱਸਾ ਸਨ। ਉਹ ਸੀਪੀਆਈ ਦੀ ਸੂਬਾ ਕੌਂਸਲ ਅਤੇ ਕਾਰਜਕਾਰਣੀ ਦੇ ਅੱਧੀ ਸਦੀ ਅਤੇ ਲੰਮਾ ਸਮਾਂ ਇਸ ਦੀ ਕੌਮੀ ਕੌਂਸਲ (ਕੇਂਦਰੀ ਕੰਟਰੋਲ ਕਮਿਸ਼ਨ) ਦੇ ਅਤਿਅੰਤ ਸਰਗਰਮ ਆਗੂ ਮੈਂਬਰ ਰਹੇ। ਉਨ੍ਹਾਂ ਜ਼ਿਲਾ ਲੁਧਿਆਣਾ ਦੇ ਪਾਰਟੀ ਸਕੱਤਰ ਵਜੋਂ ਲੰਮਾ ਸਮਾਂ ਜ਼ਿੰਮੇਵਾਰੀ ਨਿਭਾਈ ਅਤੇ ਇਸ ਸਨਅਤੀ ਸ਼ਹਿਰ ਅਤੇ ਜ਼ਿਲੇ ਵਿਚ (ਅਤੇ ਨਾਲ ਹੀ ਸਨਅਤੀ ਕੇਂਦਰ ਮੰਡੀ ਗੋਬਿੰਦਗੜ੍ਹ ਵਿਚ) ਤਾਕਤਵਰ ਪਾਰਟੀ ਉਸਾਰਨ ਵਿਚ ਅਗਵਾਨੂੰ ਭੂਮਿਕਾ ਨਿਭਾਈ।

ਸਾਥੀ ਭਰਤ ਜੀ ਅਸੂਲਾਂ ਦੇ ਪੱਕੇ ਆਦਰਸ਼ ਕਮਿਊਨਿਸਟ ਆਗੂ ਸਨ। ਉਨ੍ਹਾਂ ਦਾ ਸਾਰਾ ਪਰਿਵਾਰ ਹੀ ਕਮਿਊਨਿਸਟ ਕਾਜ਼ ਨੂੰ ਪ੍ਰਣਾਇਆ ਹੋਇਆ ਹੈ। ਉਨ੍ਹਾਂ ਦਾ ਲੜਕਾ ਅਤੇ ਲੜਕੀਆਂ ਪੜ੍ਹਾਈ ਸਮੇਂ ਤੋਂ ਹੀ ਪਾਰਟੀ ਨਾਲ ਜੁੜੀਆਂ ਰਹੀਆਂ ਅਤੇ ਅੰਦੋਲਨਾਂ ਵਿਚ ਸਰਗਰਮ ਹਿੱਸਾ ਪਾਉਂਦੀਆਂ ਰਹੀਆਂ। ਉਨ੍ਹਾਂ ਦੀਆਂ ਛੇ ਦੀਆਂ ਛੇ ਲੜਕੀਆਂ ਹੀ ਕਮਿਊਨਿਸਟ ਕੁਲਵਕਤੀਆਂ ਜਾਂ ਜੁੱਜ਼ਵਕਤੀਆਂ ਨਾਲ ਵਿਆਹੀਆਂ ਹਨ ਅਤੇ ਅੱਜ ਵੀ ਪਾਰਟੀ ਅੰਦੋਲਨਾਂ ਵਿਚ ਪਰਿਵਾਰ ਸਣੇ ਹਿੱਸਾ ਪਾਉਂਦੀਆਂ ਹਨ। ਉਨ੍ਹਾਂ ਦੀ ਨਵੀਂ ਪੀੜ੍ਹੀ ਵੀ ਉਨ੍ਹਾਂ ਦੇ ਝੰਡੇ ਨੂੰ ਲੈ ਕੇ ਚਲ ਰਹੀ ਹੈ। ਉਨ੍ਹਾਂ ਦਾ ਇਕ ਜਵਾਈ-ਪੁੱਤਰ ਹਰਪਾਲ ਖੋਖਰ ਭਰ ਜਵਾਨੀ ਵਿਚ ਦੇਸ਼ ਦੀ ਏਕਤਾ ਅਖੰਡਤਾ ਅਤੇ ਆਪਸੀ ਸਦਭਾਵਨਾ ਦੀ ਲੜਾਈ ਵਿਚ 1992 ਵਿਚ ਸ਼ਹੀਦੀ ਪ੍ਰਾਪਤ ਕਰ ਗਿਆ ਸੀ।

ਅੰਤ ਉਤੇ ਅਸੀਂ, ਕਾਮਰੇਡ ਭਰਤ ਜੀ ਬਾਰੇ ਸਾਥੀ ਹਰਦੇਵ ਅਰਸ਼ੀ, ਜੋ ਉਨ੍ਹਾਂ ਦੇ ਸਦੀਵੀ ਵਿਛੋੜੇ ਸਮੇਂ ਸੀਪੀਆਈ ਪੰਜਾਬ ਦੇ ਸੂਬਾ ਸਕੱਤਰ ਸਨ, ਦੇ ਸ਼ਬਦਾਂ ਰਾਹੀਂ ਉਨ੍ਹਾਂ ਦੀ ਜਨਮ ਸ਼ਤਾਬਦੀ ਉਤੇ ਉਨ੍ਹਾਂ ਦੇ ਆਦਰਸ਼ ਅਤੇ ਝੰਡੇ ਨੂੰ ਬੁਲੰਦ ਰੱਖਣ ਦਾ ਅਹਿਦ ਕਰਦੇ ਹਾਂ:

‘‘ਉਹ ਸਦਾ ਮੇਰੇ ਮਨ ਵਿਚ ਸ਼ਾਨਦਾਰ ਕਮਿਊਨਿਸਟ ਅਤੇ ਵਧੀਆ ਇਨਸਾਨ ਦੀ ਜਿਉਂਦੀ-ਜਾਗਦੀ ਤਸਵੀਰ ਬਣ ਕੇ ਸ਼ੁਸ਼ੋਭਿਤ ਰਹੇ ਅਤੇ ਨਿਰਸੁਆਰਥ ਪਾਰਟੀ ਸੇਵਾ ਅਤੇ ਲੋਕ ਘੋਲਾਂ ਵਿਚ ਸ਼ਮੂਲੀਅਤ ਲਈ ਪ੍ਰੇਰਨਾ ਦਾ ਸੋਮਾ ਬਣੇ ਰਹੇ........ ਮੁਲਕ ਵਿਚ ਭਾਰੂ ਹੋਈ ਫਾਸ਼ੀ ਰੁਚੀਆਂ ਵਾਲੀ ਭਾਜਪਾ ਸਰਕਾਰ ਦੇ ਸਤਾਧਾਰੀ ਹੋਣ ਉਤੇ ਉਹ ਚਿੰਤਤ ਜ਼ਰੂਰ ਸਨ ਪਰ ਸੈਕੂਲਰ ਤਾਕਤਾਂ ਵਲੋਂ ਮਿਲਕੇ ਇਸ ਚੁਣੌਤੀ ਦਾ ਸਾਹਮਣਾ ਕਰ ਲੈਣ ਅਤੇ ਕਮਿਊਨਿਸਟਾਂ ਦੇ ਮੁੜ ਉਭਾਰ ਉਤੇ ਉਹਨਾਂ ਨੂੰ ਪੂਰਾ ਭਰੋਸਾ ਸੀ।........ ਸਾਮਰਾਜੀ ਖਤਰੇ, ਫਿਰਕੂ ਖਤਰੇ, ਧਰਮ-ਨਿਰਪਖਤਾ ਨੂੰ ਫਾਸ਼ੀ ਰੁਚੀਆਂ ਵਾਲੇ ਖਤਰੇ ਤੋਂ ਉਹ ਬਹੁਤ ਡੂੰਘਾਈ ਨਾਲ ਵਾਕਫ ਅਤੇ ਚਿੰਤਤ ਸਨ ਅਤੇ ਇਹਨਾਂ ਕਾਲੀਆਂ ਤਾਕਤਾਂ ਦੀਆਂ ਵਿਰੋਧੀ ਸ਼ਕਤੀਆਂ ਦੀ ਏਕਤਾ ਉਤੇ ਜ਼ੋਰ ਦਿੰਦੇ ਸਨ। ਅੱਜ ਜਦੋਂ ਸੰਸਾਰ ਵਿਚ ਸਾਮਰਾਜੀ ਤਾਕਤਾਂ ਚੜ੍ਹਤ ਲਈ ਸਿਰਲੱਥ ਜਤਨਸ਼ੀਲ ਹਨ, ਦਹਿਸ਼ਤਗਰਦ ਤਾਕਤਾਂ ਲੋਕਾਂ ਅਤੇ ਕੌਮਾਂ ਲਈ ਭਾਰੀ ਖਤਰਾ ਬਣੀਆਂ ਹੋਈਆਂ ਹਨ, ਗੁਟ-ਨਿਰਲੇਪਤਾ ਨਿਤਾਣੀ ਬਣਾ ਦਿਤੀ ਗਈ ਹੈ, ਸਾਡੇ ਦੇਸ ਦੇ ਹੁਕਮਰਾਨ ਸਾਮਰਾਜੀ ਤਾਕਤਾਂ ਦੀ ਫਰਮਾ ਬਰਦਾਰੀ ਕਰ ਰਹੇ ਹਨ, ਦੇਸ ਦੇ ਧਰਮ-ਨਿਰਪਖ, ਜਮਹੂਰੀ, ਸਾਂਝੇ ਸਭਿਆਚਾਰ ਦੇ ਤਾਣੇ-ਬਾਣੇ ਉਤੇ ਹਮਲੇ ਹੋ ਰਹੇ ਹਨ, ਉਚੇਰੀ ਸਿਖਿਆ ਅਤੇ ਕਲਮਾਂ ਦੀ ਆਜ਼ਾਦੀ ਉਤੇ (ਖਾਸ ਕਰਕੇ ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਉਤੇ) ਹਮਲੇ ਹੋ ਰਹੇ ਹਨ ਤਾਂ ਸਾਥੀ ਭਰਤ ਪ੍ਰਕਾਸ਼ ਜਿਹੇ ਬੇਦਾਗ਼, ਸਾਦਾ, ਈਮਾਨਦਾਰ, ਦਿਆਨਤਦਾਰ, ਦ੍ਰਿੜ ਲੜਾਕੇ ਤੇ ਕਮਿਊਨਿਸਟ ਕਾਜ਼ ਨੂੰ ਕਹਿਣੀ ਤੇ ਕਰਨੀ ਪਖੋਂ ਪਰਣਾਏ ਆਗੂਆਂ ਦੀ ਅਤਿਅੰਤ ਜ਼ਰੂਰਤ ਹੈ। ਉਹਨਾਂ ਦੇ ਜਾਣ ਨਾਲ ਆਜ਼ਾਦੀ ਸਮੇਂ ਤੋਂ ਲੈ ਕੇ ਹੁਣ ਤਕ ਦੀ ਇਕ ਸ਼ਾਨਦਾਰ ਪੀੜ੍ਹੀ ਦਾ ਬੇਸ਼ੱਕ ਅੰਤ ਹੋ ਗਿਆ ਹੈ, ਪਰ ਉਸ ਸ਼ਾਨਦਾਰ ਕਮਿਊਨਿਸਟ ਅਤੇ ਸ਼ਾਨਦਾਰ ਇਨਸਾਨ ਦੀਆਂ ਪਾਈਆਂ ਪੈੜਾਂ ਸਦਾ ਪ੍ਰੇਰਨਾ ਸਰੋਤ ਬਣੀਆਂ ਰਹਿਣਗੀਆਂ ਤੇ ਉਹਨਾਂ ਦੇ ਅਧੂਰੇ ਮਿਸ਼ਨ ਨੂੰ ਨੇਪਰੇ ਚਾੜ੍ਹਨ ਲਈ ਸਾਡੇ ਸੰਕਲਪ ਨੂੰ ਟੁੰਬਦੀਆਂ ਰਹਿਣਗੀਆਂ।’’

Tuesday, January 19, 2021

CPI ਚੰਡੀਗੜ੍ਹ ਵਲੋਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

Tuesday:19th  January 2021 at 06:43 PM: WhatsApp

ਹਰ ਦੇਸ਼ ਵਾਸੀ ਕਿਸਾਨ ਅੰਦੋਲਨ ਦੀ ਸਫਲਤਾ ਲਈ ਆਪਣਾ ਯੋਗਦਾਨ ਪਾਵੇ 


ਚੰਡੀਗੜ੍ਹ
: 19 ਜਨਵਰੀ 2021: (ਕਰਮ ਵਕੀਲ//ਕਾਮਰੇਡ ਸਕਰੀਨ):: 

ਸੀਪੀਆਈ ਵੱਲੋਂ ਦੇਸ਼ ਅਤੇ ਦੁਨੀਆ ਦੇ ਉਹਨਾਂ ਸਾਰੇ ਮੁੱਦਿਆਂ, ਮਸਲਿਆਂ ਅਤੇ ਅੰਦੋਲਨਾਂ ਬਾਰੇ ਪਾਰਟੀ ਦੀ ਪਹੁੰਚ ਅਤੇ ਸੋਚ  ਆਪਣੀਆਂ ਸਾਰੀਆਂ ਇਕਾਈਆਂ ਦੇ ਮੈਂਬਰਾਂ ਤੱਕ ਹਰ ਵਾਰ ਪਹੁੰਚਾਈ ਜਾਂਦੀ ਹੈ। ਅੱਜ ਵੀ ਇਸ ਸਿਲਸਿਲੇ ਅਧੀਨ ਹੀ ਵੱਖ ਥਾਂਵਾਂ ਤੇ ਕੌਂਸਿਲ ਮੀਟਿੰਗਾਂ ਹੋਈਆਂ। ਜ਼ਿਲਾ ਕੌਂਸਿਲ ਚੰਡੀਗੜ੍ਹ ਦੀ ਮੀਟਿੰਗ ਵਿੱਚ ਅੱਜ ਵੀ ਹੇਠਲੇ ਮੁੱਦਿਆਂ ਅਤੇ ਮਸਲਿਆਂ ਬਾਰੇ ਵਿਚਾਰਾਂ ਹੋਈਆਂ। ਕਿਸਾਨੀ ਮਸਲਿਆਂ ਨੂੰ ਲੈ ਕੇ ਚੱਲ ਰਹੇ ਅੰਦੋਲਨ ਅਤੇ ਕੌਮਾਂਤਰੀ ਪ੍ਰਸਿੱਧੀ ਵਾਲੇ ਇਸ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਦੀ ਅੜੀ ਅਤੇ ਹੱਠਧਰਮੀ ਬਾਰੇ ਅੱਜ ਵੀ ਚਰਚਾ ਹੋਈ।  

ਜ਼ਿਲ੍ਹਾ ਕੌਂਸਲ, ਚੰਡੀਗੜ੍ਹ (ਸੀ. ਪੀ. ਆਈ) ਦੀ ਅੱਜ ਵਾਲੀ ਇਹ ਬੈਠਕ ਸਰਵਸ਼੍ਰੀ ਸਾਥੀ ਬੁੱਧੀ ਰਾਮ, ਐੱਸ ਐੱਸ ਕਾਲੀਰਮਨਾ, ਸੁਰਜੀਤ ਕੌਰ ਕਾਲੜਾ ਅਤੇ ਬਲਕਾਰ ਸਿੱਧੂ ਦੀ ਸਾਂਝੀ ਪ੍ਰਧਾਨਗੀ ਵਿਚ ਹੋਈ। ਹੋਰਨਾਂ ਕੌਂਸਿਲ ਮੈਂਬਰਾਂ ਨੇ ਵੀ ਇਸ ਵਿੱਚ ਪੂਰੀ ਗੰਭੀਰਤਾ ਨਾਲ ਭਾਗ ਲਿਆ।    

ਜ਼ਿਲ੍ਹਾ ਕੌਂਸਲ ਸਕੱੱਤਰ-ਸਾਥੀ ਰਾਜ ਕੁਮਾਰ ਨੇ ਕੌਂਸਲ ਦੀ ਕਾਰਵਾਈ ਚਲਾਉਂਦਿਆਂ ਸਭ ਤੋਂ ਪਹਿਲਾਂ ਪਿਛਲੇ ਸਮੇਂ ਵਿਚ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਬੀਬੀ ਬਿਮਲਾ ਦੇਵੀ (ਡੱਡੂ ਮਾਜਰਾ), ਮਨਜੀਤ ਕੌਰ ਮੀਤ ਦੇ ਪਤੀ ਗੁਰਦੇਵ ਸਿੰਘ ਵਕੀਲ (ਸਾਬਕਾ ਫੌਜੀ), ਕਰੋਨਾ ਮਹਾਂਮਾਰੀ ਦੌਰਾਨ ਮਹਾਂਨਗਰੀਆਂ ਅਤੇ ਦੂਰ-ਦੁਰਾਡੇ ਤੋਂ ਆਪਣੇ ਘਰਾਂ/ਪਿੰਡਾਂ ਨੂੰ ਜਾਂਦੇ ਸਮੇਂ ਮਾਰੇ ਗਏ ਦੇਸ਼ ਵਾਸੀਆਂ, ਕਰੋਨਾ ਮਹਾਂਮਾਰੀ ਕਾਰਨ ਮਾਰੇ ਗਏ ਦੇਸ਼ ਵਾਸੀਆਂ ਅਤੇ ਮੌਜੂਦਾ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਤਕਰੀਬਨ ਇਕ ਸੌ ਦੇ ਨੇੜੇ ਸੰਘਰਸ਼ ਕਰਦੇ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਪਿਛਲੇ ਸਮੇਂ ਵਿਚ ਜ਼ਿਲ੍ਹਾ ਕੌਂਸਲ ਵੱਲੋਂ ਕੀਤੇ ਸਮਾਗਮਾਂ, ਧਰਨਿਆਂ, ਰੈਲੀਆਂ ਅਤੇ ਹੋਰ ਕੰਮਾਂ ਦਾ ਵੀ ਲੇਖਾ-ਜੋਖਾ ਮੀਟਿੰਗ ਅੱਗੇ ਪੇਸ਼ ਕੀਤਾ। ਉਨ੍ਹਾਂ ਸਾਰੇ ਕੌਂਸਲ ਮੈਂਬਰਾਂ ਨੂੰ ਵਧ-ਚੜ੍ਹ ਕੇ ਕਿਸਾਨ ਅੰਦੋਲਨ ਦੌਰਾਨ ਚੰਡੀਗੜ੍ਹ ਇਲਾਕੇ ਵਿਚ, ਸ਼ੰਭੂ ਬਾਡਰ ਅਤੇ ਦਿੱਲੀ ਵਿਖੇ ਟਿਕਰੀ ਅਤੇ ਸਿੰਘੂ ਬਾਡਰ ਉਤੇ ਸ਼ਮੂਲੀਅਤ ਕਰਕੇ ਅਪਣਾ ਬਣਦਾ ਯੋਗਦਾਨ ਪਾਉਣ ਲਈ ਮੁਬਾਰਕਬਾਦ ਪੇਸ਼ ਕੀਤੀ। ਉਨ੍ਹਾਂ ਕਿਹਾ ਮੌਜੂਦਾ ਕਿਸਾਨ ਅੰਦੋਲਨ ਲੋਕਾਂ ਅਤੇ ਕਿਸਾਨ ਵਿਰੋਧੀ ਪਾਸ ਹੋਏ ਕਾਲੇ ਕਾਨੂੰਨਾਂ ਖਿਲਾਫ ਹੈ, ਜਿਨ੍ਹਾਂ ਦਾ ਅਸਰ ਸਾਰੇ ਦੇਸ਼ ਵਾਸੀਆਂ ਉਤੇ ਪੈ ਰਿਹਾ ਹੈ, ਜੋ ਭਵਿੱਖ ਵਿਚ ਹੋਰ ਪ੍ਰਚੰਡ ਹੋ ਕੇ ਪਵੇਗਾ, ਇਸ ਲਈ ਇਹ ਸੰਘਰਸ਼ ਅਸਲ ਵਿਚ ਹਰ ਦੇਸ਼ ਵਾਸੀ ਦਾ ਆਪਣਾ ਸੰਘਰਸ਼ ਬਣ ਗਿਆ ਹੈ ਅਤੇ ਜਿਸ ਨੂੰ ਸਫਲ ਕਰਨ ਲਈ ਸਾਨੂੰ ਅਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

ਜ਼ਿਲ੍ਹਾ ਕੌਂਸਲ ਦੇ ਅਗਜ਼ੈਕਟਿਵ ਮੈਂਬਰ ਕਰਮ ਸਿੰਘ ਵਕੀਲ ਨੇ ਕੌਂਸਲ ਵੱਲੋਂ ਤਿੰਨ ਮਤੇ ਪੇਸ਼ ਕੀਤੇ ਗਏ ਜਿਹੜੇ ਦੇਸ਼ ਦੀ ਮੌਜੂਦਾ ਸਥਿਤੀ ਨਾਲ ਸਿਧੇ ਤੌਰ ਤੇ ਜੁੜੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਇਹਨਾਂ ਮਤੀਆਂ ਅਤੇ ਇਹਨਾਂ ਵਿਚਲੀਆਂ ਮੰਗਾਂ ਦੇ ਸਾਰ ਅਤੇ ਸੁਨੇਹੇ ਨੂੰ ਸਮਝਣਾ ਹਰ ਇੱਕ ਲਈ ਜ਼ਰੂਰੀ ਹੈ। ਇਹ ਮਤੇ ਅਤੇ ਮੰਗਾਂ ਇਸ ਪ੍ਰਕਾਰ ਹਨ। 

ੳ) ਭਾਰਤ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਸਾਰੀਆਂ ਹੱਕੀ ਮੰਗਾਂ ਸਵਿਕਾਰਦੇ ਹੋਏ ਕਿਸਾਨ ਅਤੇ ਲੋਕ ਵਿਰੋਧੀ ਖੇਤੀ ਸਬੰਧੀ ਪਾਸ ਕੀਤੇ, ਤਿੰਨੇ ਕਾਲੇ ਕਾਨੂੰਨ ਫੌਰੀ ਤੌਰ ਉਤੇ ਵਾਪਸ ਲਵੇ। 

ਅ) ਭਾਰਤ ਸਰਕਾਰ ਨਵੇਂ ਬਣਾਏ ਕਿਰਤ ਕਾਨੂੰਨ ਵਾਪਸ ਲਵੇ ਅਤੇ ਕੰਮ ਘੰਟਿਆਂ ਵਿਚ ਕੀਤੀਆਂ ਬੇਲੋੜੀਆਂ ਤਬਦੀਲੀਆਂ (8 ਘੰਟੇ ਦਿਹਾੜੀ ਥਾਂ 12 ਘੰਟੇ ਆਦਿ) ਫੌਰੀ ਤੌਰ ਉਤੇ ਵਾਪਸ ਲਵੇ। 

ੲ) ਭਾਰਤ ਸਰਕਾਰ ਅਤੇ ਚੰਡੀਗੜ੍ਹ ਪ੍ਰਸਾਸ਼ਨ ਫੌਰੀ ਤੌਰ ਉਤੇ ਵੱਧ ਰਹੀ ਮਹਿੰਗਾਈ, ਪਾਣੀ ਅਤੇ ਬਿਜਲੀ ਦੇ ਵੱਧੇ ਰੇਟਾਂ ਉਤੇ, ਅਰਾਜਕਤਾ, ਬਦਅਮਨੀ ਅਤੇ ਔਰਤਾਂ ਤੇ ਬੱਚਿਆਂ ਖਿਲਾਫ ਵੱਧ ਰਹੀਆਂ ਗੈਰ ਮਨੁੱਖੀ ਘਟਨਾਵਾਂ ਉਤੇ ਫੌਰੀ ਤੌਰ ਉਤੇ ਕਾਬੂ ਪਾਵੇ ਤਾਂ ਕਿ ਦੇਸ਼ ਵਾਸੀ ਅਮਨ-ਚੈਨ ਨਾਲ ਜੀਵਨ ਬਤੀਤ ਕਰ ਸਕਣ।

ਜ਼ਿਲ੍ਹਾ ਕੌਂਸਲ ਦੇ ਸਾਬਕਾ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਮੌਜੂਦਾ ਸਕੱਤਰ ਸਾਥੀ ਰਾਜ ਕੁਮਾਰ ਵੱਲੋਂ ਪੇਸ਼ ਕੀਤੀ ਪਿਛਲੇ ਕੰਮਾਂ ਦੀ ਰਿਪੋਰਟ ਉਤੇ ਸੰਤੁਸ਼ਟੀ ਜਤਾਉਦੇ ਹੋਏ ਸ਼ਲ਼ਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇਸ਼ ਨੂੰ ਕਾਰਪੋਰੇਟਾਂ ਦੇ ਹੱਥੀਂ ਵੇਚਣ ਉਤੇ ਉਤਾਰੂ ਹੈ ਇਸ ਲਈ ਸਮੇਂ ਦੀ ਲੋੜ ਹੈ ਕਿ ਆਮ ਲੋਕ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡੱਟ ਕੇ ਸਾਹਮਣਾ ਕਰਦੇ ਹੋਏ ਆਪਣਾ ਵਿਰੋਧ ਪੂਰੀ ਸ਼ਿੱਦਤ ਨਾਲ ਦਰਜ ਕਰਾਉਣ। ਸਾਥੀ ਐੱਸ. ਐੱਸ ਕਾਲੀਰਮਨਾ, ਸਤਿਆਵੀਰ, ਬੁੱਧੀ ਰਾਮ, ਜੋਗਿੰਦਰ ਸ਼ਰਮਾ, ਸੁਰਜੀਤ ਕੌਰ ਕਾਲੜਾ, ਪ੍ਰੀਤਮ ਸਿੰਘ ਹੁੰਦਲ, ਸੇਵਕ ਸਿੰਘ, ਰਣਵੀਰ ਸਿੰਘ, ਪ੍ਰਲਾਦ ਸਿੰਘ, ਸੰਗਾਰਾ ਸਿੰਘ ਅਤੇ ਸੁਭਾਸ਼ ਕੁਮਾਰ ਨੇ ਵੀ ਵਿਚਾਰ ਪੇਸ਼ ਕੀਤੇ ਅਤੇ ਭਵਿੱਖ ਵਿਚ ਹੋਰ ਸਰਗਰਮੀ ਨਾਲ ਲੋਕ ਪੱਖੀ ਕੰਮ ਕਰਨ ਉਤੇ ਜ਼ੋਰ ਦਿੱਤਾ।