Sunday, January 28, 2024

ਅੱਠ ਘੰਟੇ ਕੰਮ ਵਾਲੀ ਦਿਹਾੜੀ ਅਤੇ 26 ਹਜ਼ਾਰ ਰੁਪਏ ਮਹੀਨਾ ਤਨਖਾਹ ਦੀ ਮੰਗ

Sunday: 28th January 2024 at 5:29 PM

 8 ਫਰਵਰੀ ਨੂੰ ਸਰਕਾਰਾਂ ਦੀਆਂ ਕਿਰਤ ਵਿਰੋਧੀ ਨੀਤੀਆਂ ਵਿਰੁੱਧ ਮੁਜ਼ਾਹਰੇ 


ਲੁਧਿਆਣਾ:28 ਜਨਵਰੀ 2024: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::

ਹੱਡ ਭੰਨਵੀਂ ਮਿਹਨਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਕਿਰਤੀ ਵਰਗ ਨੂੰ ਲਗਾਤਾਰ ਸ਼ੋਸ਼ਣ ਦਾ ਸ਼ਿਕਾਰ ਬਣਨਾ ਪੈ ਰਿਹਾ ਹੈ। ਉਸਦੀਆਂ ਉਜਰਤਾਂ ਘਟਾ ਦਿੱਤੀਆਂ ਗਈਆਂ ਹਨ ਅਤੇ ਦਿਹਾੜੀ ਦੇ ਘੰਟੇ ਵਧਾਏ ਜਾ ਰਹੇ ਹਨ। ਬਹੁਤ ਸਾਰੇ ਮਜ਼ਦੂਰਾਂ ਨੂੰ ਤਾਂ ਮਈ ਦਿਵਸ ਵਾਲੇ ਦਿਨ ਵੀ ਛੁੱਟੀ ਨਹੀਂ ਮਿਲਦੀ। ਉਸਦੀ ਸਿਹਤ ਸੰਭਾਲ ਦੇ ਮਾਮਲੇ  ਵਿੱਚ ਵੀ ਉਸਦੇ ਅਧਿਕਾਰਾਂ ਦਾ ਉਸਨੂੰ ਪੂਰਾ ਲਾਹਾ ਨਹੀਂ ਮਿਲ ਰਿਹਾ। ਇਹਨਾਂ ਕਿਰਤ ਵਿਰੋਧੀ ਨੀਤੀਆਂ ਦੇ ਖਿਲਾਫ ਅੱਠ ਫਰਵਰੀ ਨੂੰ ਦੇਸ਼ ਭਰ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣੇ ਹਨ। ਮਜ਼ਦੂਰਾਂ ਵੱਲੋਂ ਕੀਤੇ ਜਾ ਰਹੇ ਇਸ ਵਿਰੋਧ ਦਿਵਸ ਦਾ ਸੱਦਾ ਬਹੁਤ ਸਾਰੇ ਮਜ਼ਦੂਰ ਸੰਗਠਨਾਂ ਨੇ ਸਾਂਝੇ ਤੌਰ 'ਤੇ ਦਿੱਤਾ ਹੈ। ਇਸਦੀ ਸਫਲਤਾ ਲਈ ਤਿਆਰੀਆਂ ਵੀ ਜ਼ੋਰਸ਼ੋਰ ਨਾਲ ਜਾਰੀ ਹਨ। 

ਵੱਖ-ਵੱਖ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੰਚ ‘ਮਜਦੂਰ ਅਧਿਕਾਰ ਸੰਘਰਸ਼ ਅਭਿਆਨ’ (ਮਾਸਾ) ਨੇ 8 ਫਰਵਰੀ ਨੂੰ ਦੇਸ਼ ਪੱਧਰੀ ਮਜ਼ਦੂਰ ਵਿਰੋਧ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੈ। ਇਸ ਦਿਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਜਦੂਰਾਂ ਦੀਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਮੁਜ਼ਦੂਰਾਂ ਦੀਆਂ ਸਮੱਸਿਆਵਾਂ, ਮੰਗਾਂ-ਮਸਲਿਆਂ ’ਤੇ ਭਾਰਤ ਅਤੇ ਸੂਬਾਂ ਸਰਕਾਰਾਂ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਸ ਸੱਦੇ ਨੂੰ ਹਮਾਇਤ ਦਿੰਦੇ ਹੋਏ ‘ਕਾਰਖਾਨਾ ਮਜਦੂਰ ਯੂਨੀਅਨ, ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ’, ਅਤੇ ਪੇਂਡੂ ਮਜਦੂਰ ਯੂਨੀਅਨ (ਮਸ਼ਾਲ) ਵੱਲੋਂ ਲੁਧਿਆਣਾ ਵਿਖੇ ਸਮਰਾਲਾ ਚੌਂਕ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਹ ਫੈਸਲਾ ਅੱਜ ਤਿੰਨੋਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ।

ਇਸ ਸੰਬੰਧੀ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਲਖਵਿੰਦਰ ਨੇ ਦੱਸਿਆ ਕਿ ਇਹ ਰੋਸ ਮੁਜ਼ਾਹਰਾ ਮਜ਼ਦੂਰਾਂ-ਕਿਰਤੀਆਂ ਦੀ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਵੱਲੋਂ ਲੁੱਟ-ਖਸੁੱਟ, ਭਾਰਤ ਅਤੇ ਸੂਬਾ ਸਰਕਾਰਾਂ ਵੱਲੋਂ ਲੋਕ ਹੱਕ ਕੁਚਲਣ ਅਤੇ ਫਾਸ਼ੀਵਾਦੀ ਤਾਕਤਾਂ ਵੱਲੋਂ ਧਰਮ ਦੇ ਨਾਂ ’ਤੇ ਨਫ਼ਰਤ ਭੜਕਾਉਣ ਖਿਲਾਫ਼ ਕੀਤਾ ਜਾਵੇਗਾ। ਇਸ ਰੋਸ ਮੁਜਾਹਰੇ ਰਾਹੀਂ ਭਾਰਤ ਅਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਜਾਵੇਗੀ ਕਿ ਅੱਠ ਘੰਟੇ ਕੰਮ ਵਾਲੀ ਦਿਹਾੜੀ ਮੁਤਾਬਿਕ ਘੱਟੋ-ਘੱਟ ਮਾਸਿਕ ਤਨਖਾਹ 26 ਹਜ਼ਾਰ ਰੁਪਏ ਕੀਤੀ ਜਾਵੇ, ਬਰਾਬਰ ਕੰਮ ਲਈ ਔਰਤਾਂ ਨੂੰ ਮਰਦਾਂ ਬਰਾਬਰ ਤਨਖਾਹ ਦਿੱਤੀ ਜਾਵੇ, ਮੋਦੀ ਸਰਕਾਰ ਮਜ਼ਦੂਰ ਵਿਰੋਧੀ ਚਾਰ ਨਵੇਂ ਕਿਰਤ ਕਨੂੰਨ/ਕੋਡ ਵਾਪਿਸ ਲਵੇ, ਸੂਬਾ ਸਰਕਾਰਾਂ ਵੱਲੋਂ ਵੀ ਕਿਰਤ ਕਨੂੰਨਾਂ ਵਿੱਚ ਕੀਤੀਆਂ ਗਈਆਂ ਸਾਰੀਆਂ ਸੋਧਾਂ ਰੱਦ ਹੋਣ, ਪੰਜਾਬ ਦੀ ਭਗਵੰਤ ਮਾਨ ਸਰਕਾਰ ਓਵਰਟਾਇਮ ਕੰਮ ਦੇ ਘੰਟੇ ਵਧਾਉਣ ਦਾ ਨੋਟੀਫਿਕੇਸ਼ਨ ਰੱਦ ਕਰੇ, ਮੌਜੂਦਾ ਸਾਰੇ ਕਨੂੰਨੀ ਕਿਰਤ ਹੱਕ ਸਖਤੀ ਨਾਲ਼ ਲਾਗੂ ਕੀਤੇ ਜਾਣ, ਲੱਕ ਤੋੜ ਮਹਿੰਗਾਈ ’ਤੇ ਰੋਕ ਲਾਈ ਜਾਵੇ, ਕਿਰਤੀ ਲੋਕਾਂ ਉੱਪਰ ਲਾਏ ਗਏ ਸਾਰੇ ਸਿੱਧੇ-ਅਸਿੱਧੇ ਟੈਕਸ ਰੱਦ ਕੀਤੇ ਜਾਣ, ਸਰਮਾਏਦਾਰਾਂ ’ਤੇ ਵਧਦੀ ਆਮਦਨ ਮੁਤਾਬਿਕ ਟੈਕਸ ਲਾਏ ਜਾਣ, ਮਜਦੂਰਾਂ-ਕਿਰਤੀਆਂ ਨੂੰ ਰਾਸ਼ਨ, ਸਿਹਤ, ਬਸ-ਟ੍ਰੇਨ ਸਫਰ, ਰਿਹਾਇਸ਼ ਅਤੇ ਹੋਰ ਬੁਨਿਆਦੀ ਜਰੂਰਤਾਂ ਸਬੰਧੀ ਸਾਰੀਆਂ ਸਹੂਲਤਾਂ ਸਰਕਾਰ ਵੱਲੋਂ ਮੁਫਤ ਮਿਲਣ, ਜਮਹੂਰੀ ਹੱਕਾਂ ’ਤੇ ਫਿਰਕੂ ਫਾਸ਼ੀਵਾਦੀ ਹਮਲੇ ਬੰਦ ਹੋਣ, ਧਰਮ-ਜਾਤ ਦੇ ਨਾਂ ’ਤੇ ਨਫ਼ਰਤ ਭੜਕਾਉਣੀ ਬੰਦ ਕੀਤੀ ਜਾਵੇ।

ਮਜ਼ਦੂਰ ਜੱਥੇਬੰਦੀਆਂ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਮਜਦੂਰਾਂ-ਕਿਰਤੀਆਂ ਨੂੰ ਇਹਨਾਂ ਰੋਸ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਵਿਰੋਧ ਦਿਵਸ ਦੀ ਸਫਲਤਾ ਲਈ ਲੁਧਿਆਣਾ ਵਿੱਚ ਵੀ ਵਿਸ਼ੇਸ਼ ਤਿਆਰੀਆਂ ਜ਼ੋਰਾਂ 'ਤੇ ਹਨ। ਕਈ ਮਜ਼ਦੂਰ ਸੰਗਠਨ ਇਸ ਮਕਸਦ ਲਈ ਸਰਗਰਮ ਹਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments:

Post a Comment