Saturday, January 20, 2024

ਗ਼ਦਰੀ ਬਾਬਿਆਂ ਦੀ ਵਿਚਾਰਧਾਰਾ ਬਾਰੇ ਖਰੜ ਵਿਖੇ ਪ੍ਰਭਾਵਸ਼ਾਲੀ ਵਿਚਾਰ ਚਰਚਾ

ਚਿੰਤਕਾਂ ਨੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਸਮਝਣ ਦਾ ਦਿੱਤਾ ਸੁਨੇਹਾ

ਖਰੜ: 20 ਜਨਵਰੀ 2024: (ਕਾਮਰੇਡ ਅਮੋਲਕ ਸਿੰਘ ਦੇ ਸੋਸ਼ਲ ਮੀਡੀਆ ਪ੍ਰੋਫ਼ਾਈਲ ਤੋਂ ਧੰਨਵਾਦ ਸਾਹਿਤ)::

ਅੱਜ ਦੇ ਨਾਜ਼ੁਕ ਹਾਲਾਤ ਵਿੱਚ ਜਿਹੜਾ ਸੈਮੀਨਾਰ ਖਰੜ ਵਿੱਚ ਹੋਇਆ ਉਹ ਬੜੀ ਹਿੰਮਤ ਵਾਲਾ ਉਪਰਾਲਾ ਸੀ। ਦਰਪੇਸ਼ ਖਤਰਿਆਂ ਅਤੇ ਚੁਣੌਤੀਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਵਾਲਾ ਇਹ ਉਪਰਾਲਾ ਬਹੁਤ ਸਾਰੇ ਲੋਕਾਂ ਵਿਚ ਨਵੀਂ ਚੇਤਨਾ ਜਗਾਉਣ ਵਿਚ ਸਫਲ ਵੀ ਰਿਹਾ। ਇਸ ਸੰਬੰਧੀ ਸਬੰਧਤ ਮੀਡੀਆ ਨੇ ਕਵਰੇਜ ਵੀ ਕੀਤੀ ਹੈ। ਇੱਕ ਰਿਪੋਰਟ ਕਾਮਰੇਡ ਅਮੋਲਕ ਸਿੰਘ ਹੁਰਾਂ ਦੇ ਸਫ਼ੇ 'ਤੇ ਵੀ ਸਾਹਮਣੇ ਆਈ ਹੈ ਜਿਸਨੂੰ ਅਸੀਂ ਹੂਬਹੂ ਇਥੇ ਵੀ ਛਾਪ ਰਹੇ ਹਾਂ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਵੀ ਰਹੇਗੀ ਹੀ। --ਮੀਡੀਆ ਲਿੰਕ ਰਵਿੰਦਰ 


ਮੌਜੂਦਾ ਸਮੇਂ ਮਨੁੱਖੀ ਬੌਧਿਕ ਵਿਕਾਸ ਦੀਆਂ, ਸਮੱਸਿਆਵਾਂ ਬਹੁਤ ਵੱਡੀਆਂ ਹਨ।
ਜਿਨ੍ਹਾਂ, ਨੂੰ ਸਮਝਣ ਲਈ ਸਾਨੂੰ ਪੰਜਾਬ ਦੀ ਜਾਨਦਾਰ ਵਿਰਾਸਤ ਨੂੰ ਸਮਝਣਾ ਪਵੇਗਾ ,ਸਾਨੂੰ ਆਪਣੇ ਇਤਿਹਾਸਕ ਨਾਇਕਾ ਤੋਂ ਪ੍ਰੋਰਿਤ ਵੀ ਹੋਣਾ ਪਵੇਗਾ ਅਤੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਨੂੰ ਪ੍ਰਵਾਨ ਕਰਨਾ ਹੋਵੇਗਾ । ਇਹ ਵਿਚਾਰ ਪ੍ਰਗਤੀਸ਼ੀਲ ਲੇਖਕ ਅਤੇ ਚਿੰਤਕ ਡਾ਼ ਕੁਲਦੀਪ ਸਿੰਘ ਦੀਪ ਨੇ ਪ੍ਰਗਟ ਕੀਤੇ । ਉਹ ਸਥਾਨਕ ਸ੍ਰੀ ਗੁਰੂ ਰਵੀਦਾਸ ਭਵਨ ਵਿਖੇ, ਗ਼ਦਰੀ ਬਾਬੇ ਵਿਚਾਰਧਾਰਕ ਮੰਚ ਖਰੜ ਵੱਲੋਂ ਅਯੋਜਿਤ ਸੈਮੀਨਾਰ,‘ ਗ਼ਦਰੀ ਬਾਬੇ ਕੌਣ ਸਨ, ਅਜੋਕੇ ਸਮੇ ਵਿੱਚ ਉਨ੍ਹਾਂ ਦੀ ਵਿਚਾਰਧਾਰਕ ਸਾਰਥਿਕਤਾ ’ ਦੇ ਵਿਸੇ਼ ਉਤੇ ਕੁੰਜੀਵਤ ਭਾਸ਼ਣ ਦੇ ਰਹੇ ਸਨ । ਉਨ੍ਹਾਂ ਇਸ ਮੌਕੇ ‘ਤੇ ਦੇਸ਼ ‘ਤੇ ਅੰਗਰੇਜਾਂ ਵੱਲੋਂ ਕੀਤੇ ਕਬਜ਼ੇ , 1857 ਦੇ ਗ਼ਦਰ ਦੀ ਗੱਲ ਕੀਤੀ । ਭਾਈ ਮਹਾਰਾਜ ਸਿੰਘ ਜਿਹੇ ਨਾਇਕਾਂ ਦੇ ਬਲੀਦਾਨ, ਕੂਕਾ ਲਹਿਰ ਦੌਰਾਨ ਮਲੇਰਕੋਟਲਾ ਦੀ ਧਰਤੀ ਤੇ ਅੰਗਰੇਜ ਹੁਕਮਰਾਨਾ ਵੱਲੋਂ 70 ਕੂਕਿਆਂ ਨੂੰ ਤੋਪਾਂ ਨਾਲ ਉਡਾਉਣ ਦੇ ਇਤਹਾਸਿਕ ਸਾਕੇ ਦੀ, ਬੱਬਰ ਅਕਾਲੀ ਲਹਿਰ ਦੀ ਅਤੇ 1913 ਵਿੱਚ ਅਮਰੀਕਾ ਦੀ ਧਰਤੀ ਤੇ ਸਥਾਪਿਤ ਕੀਤੀ ਗਈ ਗ਼ਦਰ ਪਾਰਟੀ ਦੀ ਵਿਆਖਿਆ ਕੀਤੀ। ਉਨ੍ਹਾਂ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ,ਪੰਡਤ ਕਾਂਸੀ ਰਾਮ ਮੜੌਲੀ ਅਤੇ ਦਰਜਨਾਂ ਗ਼ਦਰੀ ਦੇਸ਼ ਭਗਤਾਂ ਨੇ, ਸਾਡੇ ਜੀਵਨ ਵਿੱਚ ਰੰਗ ਭਰਨ ਲਈ ਆਪਣਾ ਬਲੀਦਾਨ ਦਿੱਤਾ ਸੀ।ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਇਸ ਸੰਗਰਾਮ  ਨੂੰ ਹੋਰ ਅੱਗੇ ਤੋਰਿਆ। ਉਨ੍ਹਾਂ ਦੱਸਿਆ ਕਿ ਦਿੱਲੀ ਕਿਸਾਨ ਸੰਗਰਾਮ ਵੀ ਇਸੇ ਇਤਿਹਾਸ ਤੋਂ ਪ੍ਰੇਰਿਤ ਸੀ। ਉਨ੍ਹਾਂ ਇਹ ਦੁੱਖ ਪ੍ਰਗਟ ਕੀਤਾ ਕਿ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਸ਼ਬਦ ਅਤੇ ਸਮਝ ਤੋਂ ਕੋਰਾ ਰਹਿ ਰਿਹਾ ਹੈ, ਉਹ ਇਤਿਹਾਸ ਤੋਂ ਪ੍ਰੋਰਿਤ ਨਹੀਂ ਹੋ ਰਿਹਾ ਸਗੋਂ ਕਾਮਯਾਬੀ ਦੇ ਨੇੜਲੇ ਰਸਤੇ ਵਜੋਂ ਵਿਦੇਸ਼ਾ ਵੱਲ ਭੱਜ ਰਿਹਾ ਹੈ ।

ਇਸ ਮੌਕੇ  ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਅਸੀਂ ਦੇਸ਼ ਭਗਤ ਯਾਦਗਾਰ ਹਾਲ ਵਿਸ਼ੇਸ਼ ਮੀਟਿੰਗ ਕਰਕੇ ਜ਼ੋ ਭਵਿੱਖ਼ ਦੀਆਂ ਸਰਗਰਮੀਆਂ ਸਬੰਧੀ ਸੋਚਿਆ ਸੀ ਉਸ ਦਿਸ਼ਾ ਵੱਲ ਇਹ ਪਹਿਲਾ ਸਫ਼ਲ ਉੱਦਮ ਹੈ ਅਗਲੇ ਦਿਨਾਂ 'ਚ ਅੰਮ੍ਰਿਤਸਰ ਖੇਤਰ ਵਿਚ ਵੀ ਗ਼ਦਰ ਲਹਿਰ ਦੀ ਬੁਨਿਆਦੀ ਸਮਝ ਲੋਕਾਂ ਵਿਚ ਲਿਜਾਣ ਲਈ ਅਜਿਹੇ ਯਤਨ ਹੋਣਗੇ। ਇਹ ਲੜੀ ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਚੰਗੇ ਨਤੀਜੇ ਸਾਹਮਣੇ ਲਿਆਵੇਗੀ ਜਿਸਦਾ ਸ਼ਾਨਦਾਰ ਨਤੀਜਾ ਗ਼ਦਰੀ ਬਾਬਿਆਂ ਦੇ ਮੇਲੇ ਤੇ ਵੇਖਣ ਨੂੰ ਮਿਲੇਗਾ।

ਇਸ ਮੌਕੇ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਇਸਦੇ ਸਭਿਆਚਾਰਕ ਵਿੰਗ ਦੇ ਕਨਵੀਨਰ  ਅਮੋਲਕ ਸਿੰਘ ਨੇ ਗ਼ਦਰ ਲਹਿਰ ਦੀ ਵਿਆਖਿਆ ਕਰਦਿਆਂ ਦੱਸਿਆ ਕਿ, ਗ਼ਦਰ ਲਹਿਰ  ਦੇ ਸੁਪਨਿਆ ਦੀ ਆਜ਼ਾਦੀ ਲਈ ਗ਼ਦਰੀ ਬਾਬੇ , ਸਾਡੇ ਭਗਤ ਸਰਾਭੇ, ਬਰਾਬਰੀ ਅਧਾਰਿਤ ਅਤੇ ਲੁੱਟ ਰਹਿਤ ਸਮਾਜ ਦੀ ਗੱਲ ਕਰਦੇ ਅਥਾਹ  ਕੁਰਬਾਨੀਆਂ ਕਰਦੇ ਰਹਿ ਗਏ। ਉਹਨਾਂ ਕਿਹਾ ਕਿ ਗ਼ਦਰੀ ਬਾਬਿਆਂ ਦਾ ਸਪਸ਼ਟ ਐਲਾਨ ਸੀ ਕਿ ਸਾਡੀ ਜੱਦੋਜਹਿਦ ਆਜ਼ਾਦੀ, ਬਰਾਬਰੀ, ਜਮਹੂਰੀਅਤ ਅਤੇ ਧਰਮ ਨਿਰਪੱਖ ਰਾਜ ਅਤੇ ਸਮਾਜ ਦੀ ਸਿਰਜਣਾ ਕਰਨੀ ਹੈ। ਉਨ੍ਹਾਂ ਸੁਚੇਤ ਕੀਤਾ ਕਿ ਦੇਸ਼ ਦੇ ਹੁਕਮਰਾਨ ਸਾਰੇ ਦੇਸ਼ ਨੂੰ ਇੱਕੋ ਇੱਕ ਵਿਸ਼ੇਸ਼ ਰੰਗ ਵਿੱਚ ਰੰਗਣ ਲਈ  ਪੱਬਾਂ ਭਾਰ ਹੋਏ ਹਨ। ਜੇਕਰ ਉਹ ਆਪਣੇ ਮਕਸਦ ਵਿੱਚ ਸਫਲ ਹੋ ਜਾਂਦੇ ਹਨ ਤਾਂ ਹਕੂਮਤੀ ਪੰਜਾ ਹਰੇਕ ਨਿਆਂ-ਪਸੰਦ ਦੇ ਗਲ਼ ਤੱਕ ਅੱਪੜੇਗਾ।ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਸੰਤੁਲਿਤ-ਚਿੰਤਨ ਅਤੇ ਜੁਗਲਬੰਦੀ ਕਰਨ ਦੀ ਜਰੂਰਤ ਹੈ ।

ਜਾਣੇ-ਪਹਿਚਾਣੇ  ਵਿਦਵਾਨ ਪੱਤਰਕਾਰ ਬਲਵਿੰਦਰ ਜੰਮੂ ਨੇ ਕਿਹਾ ਕਿ ਸੰਵਾਦ, ਪੁਸਤਕ ਸਭਿਆਚਾਰ, ਤਰਕ ਅਤੇ ਜਾਗਦੇ ਲੋਕਾਂ ਦੇ ਸੰਘਰਸ਼ ਹਵਾ ਦਾ ਰੁਖ਼ ਬਦਲ ਸਕਦੇ ਹਨ। ਉਹਨਾਂ ਕਿਹਾ ਕਿ ਖਰੜ ਵਿਖੇ ਹੋਈ ਅੱਜ ਦੀ ਚਰਚਾ ਚੰਗੇਰੇ ਕੱਲ੍ਹ ਦੀ ਆਸ ਬੰਨ੍ਹਾਉਂਦੀ ਹੈ।ਇਸ ਮੌਕੇ ਕਰਨੈਲ ਸਿੰਘ ,ਸਤਵੀਰ,ਗੁਰਦੇਵ ਅਰਨੀਵਾਲਾ,ਸੁਖਵਿੰਦਰ ਸਿੰਘ ਦੁੰਮਣਾ,ਹਰਨਾਮ ਸਿੰਘ ਡੱਲਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਦਰਜਨਾ ਸਰੋਤਿਆਂ ਨੇ ਆਪੋ-ਆਪਣੇ ਸਵਾਲ ਰੱਖੇ, ਜਿਨ੍ਹਾਂ ਦੇ ਜਵਾਬ ਡਾ. ਕੁਲਦੀਪ ਸਿੰਘ ਦੀਪ ਅਤੇ ਅਮੋਲਕ ਸਿੰਘ ਵੱਲੋਂ ਦਿੱਤੇ ਗਏ। ਇਸ ਮੌਕੇ ਤੇ ਸ਼ਹੀਦ ਕਾਂਸੀ ਰਾਮ ਮੜੌਲੀ ਦੇ ਪੋਤਰੇ, ਗੁਰਦੀਪ ਸਿੰਘ ਮੋਹਾਲੀ, ਸਵਰਨ ਭੰਗੂ ਚਮਕੌਰ ਸਾਹਿਬ, ਰੰਗ ਕਰਮੀ ਸੰਜੀਵਨ,ਕ੍ਰਿਪਾਲ ਸਿੰਘ ਮੁੰਡੀ ਖਰੜ ,ਗੁਰਮੀਤ ਸਿੰਗਲ,ਭੁਪਿੰਦਰ ਸਿੰਘ ਭਾਗੋਮਾਜਰਾ ,ਗੁਰਮੀਤ ਸਿੰਘ ਖਰੜ ,ਸਤਵਿੰਦਰ ਸਿੰਘ ਮੜੌਲੀਵੀ,ਕੇਵਲ ਜੋਸ਼ੀ,ਦਲਜੀਤ ਸਿੰਘ ਮੜੌਲੀ ,ਅਸੋ਼ਕ ਕੁਮਾਰ ਰੋਪੜ , ਸੁਰਿੰਦਰ ਰਸੂਲਪੁਰੀ ਆਦਿ ਸ਼ਾਮਲ ਸਨ। ਮੰਚ ਦੀ ਤਰਫ਼ੋਂ ਕਰਨੈਲ ਜੀਤ ਨੇ ਧੰਨਵਾਦ ਕੀਤਾ।

ਕੁੱਲ ਮਿਲਾ ਕੇ ਵਿਚਾਰ-ਚਰਚਾ ਵਿੱਚ ਇਤਿਹਾਸ, ਵਿਰਾਸਤ, ਅਜੋਕੀਆਂ ਚੁਣੌਤੀਆਂ, ਫ਼ਲਸਤੀਨ, ਗ੍ਰਿਫ਼ਤਾਰ ਬੁੱਧੀਜੀਵੀਆਂ, ਪ੍ਰਵਾਸ , ਪੰਜਾਬ ਦੀ ਜੁਆਨੀ ਅਤੇ ਲੋਕ ਲਹਿਰ ਉਸਾਰਨ ਲਈ ਔਰਤਾਂ ਦੀ ਸ਼ਮੂਲੀਅਤ ਦੀ ਮਹੱਤਤਾ ਅਤੇ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਵਿਚਾਰਾਂ ਕੇਂਦਰ ਵਿਚ ਰਹੀਆਂ।

ਮੰਚ ਸੰਚਾਲਨ ਦੀ ਜਿੰਮੇਵਾਰੀ ਸੰਤਵੀਰ ਅਤੇ ਸੁਖਵਿੰਦਰ ਦੂਮਣਾ ਨੇ ਨਿਭਾਈ। ਇਸ ਸੈਮੀਨਾਰ 'ਚ ਖਰੜ, ਮੁਹਾਲੀ, ਰੋਪੜ, ਚਮਕੌਰ ਸਾਹਿਬ ਤੋਂ ਵੀ ਤਰਕਸ਼ੀਲ, ਜਮਹੂਰੀ, ਸਾਹਿਤਕ ,ਵਕੀਲ, ਰੰਗ ਕਰਮੀ ਅਤੇ ਟ੍ਰੇਡ ਯੂਨੀਅਨਾਂ ਦੇ ਆਗੂ ਸ਼ਾਮਲ ਹੋਏ।

ਫੋਟੋਆਂ: ਰੈਕਟਰ ਕਥੂਰੀਆ ਅਤੇ ਸਾਥੀਆਂ ਤੋਂ ਧੰਨਵਾਦ


No comments:

Post a Comment