Friday, April 16, 2021

ਚੰਡੀਗੜ੍ਹ:CPI ਜ਼ਿਲ੍ਹਾ ਕੌਂਸਲ, ਚੰਡੀਗੜ੍ਹ ਅਤੇ ਏਟਕ, ਵੱਲੋਂ ਜਨਤਕ ਐਕਸ਼ਨ

Friday: 16th  April 2021 at 14:36 WhatsApp 

ਵਧਦੀ ਮਹਿੰਗਾਈ ਖਿਲਾਫ਼ ਰੋਸ ਧਰਨਾ ਅਤੇ ਰੈਲੀ ਆਯੋਜਿਤ 


ਚੰਡੀਗੜ੍ਹ: 16 ਅਪ੍ਰੈਲ 2021: (*ਕਰਮ ਸਿੰਘ ਵਕੀਲ//ਕਾਮਰੇਡ ਸਕਰੀਨ ਬਿਊਰੋ)::

ਭਾਵੇਂ ਕੇਂਦਰ ਦੀ ਭਾਜਪਾ ਸਰਕਾਰ ਵੱਖ ਵੱਖ  ਵਸੀਲਿਆਂ ਨਾਲ ਲੋਕ ਮਸਲਿਆਂ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਕਰਨ ਦਾ ਜਤਨ ਕਰ ਰਹੀ ਹੈ ਪਰ  ਖੱਬੀਆਂ ਧਿਰਾਂ ਲਗਾਤਾਰ ਇਹਨਾਂ ਜਤਨਾਂ ਨੂੰ ਨਾਕਾਮ ਕਰ ਰਹੀਆਂ ਹਨ। ਮਹਿੰਗਾਈ ਅਤੇ ਬੇਰੋਜ਼ਗਾਰੀ ਵਰਗੇ ਅਹਿਮ ਮਸਲਿਆਂ ਨੂੰ ਉਜਾਗਰ ਕਰਨ ਲਈ ਸੀਪੀਆਈ ਅਤੇ ਸੀਪੀਆਈ ਨਾਲ ਜੁੜੇ ਟਰੇਡ ਯੂਨੀਅਨ ਸੰਗਠਨ ਏਟਕ ਰੈਲੀ ਅਤੇ ਧਰਨੇ ਦਾ ਆਯੋਜਨ ਕੀਤਾ ਗਿਆ। 

ਜ਼ਿਲ੍ਹਾ ਕੌਂਸਲ, ਚੰਡੀਗੜ੍ਹ ਵੱਲੋਂ ਵਧਦੀ ਮਹਿੰਗਾਈ ਖਿਲਾਫ਼ ਵਿਸ਼ਾਲ ਰੋਸ ਧਰਨਾ ਅਤੇ ਰੈਲੀ  ਪਲਾਜ਼ਾ, ਚੰਡੀਗੜ੍ਹ ਵਿਖੇ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਸਾਥੀ ਰਾਜ ਕੁਮਾਰ, ਸਕੱਤਰ, ਜ਼ਿਲ੍ਹਾ ਕੌਂਸਲ, ਚੰਡੀਗੜ੍ਹ ਨੇ ਦਸਿਆ ਕਿ ਚੰਡੀਗੜ੍ਹ ਅਤੇ ਦੇਸ਼ ਵਿਚ ਪਾਣੀ, ਬਿਜਲੀ, ਰਸੋਈ ਗੈਸ, ਰੋਜਾਨਾ ਵਰਤੋਂ ਵਾਲੇ ਖਾਦ ਪਦਾਰਥਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਫੈਕਟਰੀ ਕਾਮਿਆਂ ਦੇ ਹੱਕਾਂ ਨੂੰ ਨਵੇਂ ਕਿਰਤ ਕੋਡ ਬਣਾ ਕੇ ਮਧੋਲਿਆ ਜਾ ਰਿਹਾ ਹੈ। ਸਰਕਾਰੀ ਅਦਾਰੇ ਜਿੰਵੇਂ ਪਾਣੀ, ਬਿਜਲੀ ਅਤੇ ਰੇਲਵੇ ਨੂੰ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸਾਸ਼ਨ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਵੇਚ ਕੇ ਉਨ੍ਹਾਂ ਨੂੰ ਲੋਕਾਈ ਦੀ ਲੁੱਟ ਲਈ ਖੁੱਲੀ ਛੁੱਟੀ ਦੇ ਰਹੀ ਹੈ। ਹੁਣ ਤਾਂ ਸਰਕਾਰ ਨਿਆ ਪਾਲਿਕਾ ਦੇ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਕਿਹਾ ਅਸੀਂ ਚੰਡੀਗੜ੍ਹ ਪ੍ਰਸਾਸ਼ਨ ਵਲੋਂ ਸੀ. ਟੀ. ਯੂ. ਵਿਚ ਪ੍ਰਤੀ ਕਿਲੋਮੀਟਰ ਰੇਟ ਉਤੇ  ਇਲੈਕਟਰੌਨਿਕ ਬੱਸਾਂ ਚਲਾਉਣ ਦੇ ਸਖਤ ਖਿਲਾਫ ਹਾਂ ਕਿਉਂ ਕਿ ਇਲੈਕਟਰੌਨਿਕ ਬੱਸ ਪੁਰਾਣੀ ਬੱਸ ਨਾਲੋਂ 8 ਗੁਣਾ ਮਹਿੰਗੀ ਕੀਮਤ ਦੀ ਹੈ, ਸਵਾਰੀਆਂ 52 ਦੇ ਮੁਕਾਬਲੇ ਸਿਰਫ਼ 22 ਬਿਠਾਵੇਗੀ, ਉਸ ਦੀ ਲਾਗਤ 17-18 ਰੁਪਏ ਕਿਲੋਮੀਟਰ ਥਾਂ 60 ਤੋਂ 65 ਰੁਪਏ ਪ੍ਰਤੀ ਕਿਲੋਮੀਟਰ ਹੋਵੇਗੀ, ਸਰਕਾਰੀ ਡਰਾਇਵਰਾਂ ਦੀ ਛਾਂਟੀ ਕਰਕੇ ਠੇਕੇ ਉਤੇ ਡਰਾਇਵਰ ਰੱਖੇ ਜਾਣਗੇ ਅਤੇ ਅਜੋਕੇ ਸਮੇਂ ਬੱਸਾਂ 300 ਕਿਲੋਮੀਟਰ ਰੋਜਾਨਾ ਚਲਦੀਆਂ ਹਨ ਪਰ ਇਲੈਕਟਰੌਨਿਕ ਬੱਸਾਂ ਇਕ ਵਾਰ ਚਾਰਜ ਹੋਣ ਨਾਲ ਸਿਰਫ 180 ਕਿਲੋਮੀਟਰ ਚੱਲ ਸਕਣਗੀਆਂ, ਇਸ ਤਰਾਂ ਇਹ ਘਾਟੇ ਦਾ ਸੌਦਾ ਹੈ। ਦੇਸ਼ ਦਾ ਸਰਮਾਇਆ ਖਰਾਬ ਹੋਵੇਗਾ। ਇਹ ਸਕੀਮ ਲੋਕਾਂ ਦੀਆਂ ਸੁਵਿਧਾਵਾਂ ਦੇ ਨਾਂ ਉੇਤੇ ਇਕ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਅੱਜ ਸੰਘਰਸ਼ ਸਮੇਂ ਦੀ ਲੋੜ ਹੈ ਜੋ ਹਰ ਖਾਸ-ਤੇ-ਆਮ ਲੋਕ ਹਿਤਾਂ ਦੀ ਰਾਖੀ ਲਈ ਕਰ ਰਿਹਾ ਹੈ ਪਰ ਸਮੇਂ ਦੀ ਸਰਕਾਰ ਸੁੱਤੀ ਪਈ ਹੈ। ਆਮ ਜਨਤਾ ਨੂੰ ਝੂਠ-ਤੇ-ਝੂਠ ਬੋਲ ਕੇ ਭਰਮਾਉਣ ਦੀ ਕੌਸ਼ਿਸ ਕਰ ਰਹੀ ਹੈ।

ਏਟਕ ਦੇ ਜਨਰਲ ਸਕੱਤਰ ਸਤਿਆਵੀਰ ਨੇ ਕਿਹਾ ਦੇਸ਼ ਦੀ ਸਰਕਾਰ ਕਿਰਤ ਕਾਨੂੰਨਾਂ ਦਾ ਘਾਣ ਕਰ ਰਹੀ ਹੈ। ਕਿਰਤੀ ਪੱਖੀ ਸਾਰੇ ਕਿਰਤ ਕਾਨੂੰਨ ਸਰਕਾਰ ਨੇ ਰੱਦ ਕਰਕੇ ਸਿਰਫ ਚਾਰ ਕਿਰਤ ਕੋਡ ਬਣਾਏ ਹਨ ਜੋ ਕਾਰਪੋਰੇਟਾਂ ਨੂੰ ਕਿਰਤੀਆਂ ਦੀ ਲੁੱਟ ਕਰਨ ਦੀ ਖੁੱਲੀ ਛੋਟ ਦੇ ਰਹੇ ਹਨ। ਉਨ੍ਹਾਂ ਕਿਹਾ ਸਰਕਾਰ ਕਾਮਿਆਂ ਨੂੰ 8 ਘੰਟੇ ਕੰਮ ਦਿਹਾੜੀ ਦਾ ਹੱਕ ਦੇਵੇ, ਘੱਟੋ-ਘੱਟ ਉਜਰਤਾਂ ਬਹਾਲ ਰੱਖੇ, ਉਵਰ ਟਾਇਮ ਦਾ ਰੇਟ ਦੇਵੇ ਅਤੇ ਕਾਮਿਆਂ ਅਤੇ ਯੂਨੀਅਨਾਂ ਵੱਲੋਂ ਸੰਘਰਸ਼ ਕਰਕੇ ਲਈਆਂ ਹੱਕੀ ਸਹੂਲਤਾਂ ਭਵਿੱਖ ਵਿਚ ਵੀ ਬਹਾਲ ਰੱਖੇ ਨਹੀਂ ਤਾਂ ਕਿਰਤੀ ਤਿੱਖੇ ਸੰਘਰਸ਼ ਕਰਨਗੇ। 

ਸੀ. ਟੀ. ਯੂ. ਯੂਨੀਅਨ ਤੋਂ ਸਾਥੀ ਭੁਪਿੰਦਰ ਸਿੰਘ ਨੇ ਕਿਹਾ ਸੀ. ਟੀ. ਯੂ ਮੁਨਾਫਾ ਦਿੰਦਾ ਅਦਾਰਾ ਹੈ ਇਸ ਦਾ ਨਿੱਜੀਕਰਨ ਸਿਰਫ ਕੁਝ ਮੰਤਰੀਆਂ ਵੱਲੋਂ ਚਲਾਈਆਂ ਬਿਜਲੀ ਬੱਸਾਂ ਨੂੰ ਚੰਡੀਗੜ੍ਹ ਵਿਚ ਲਾਗੂ ਕਰਕੇ ਸਾਡਾ ਨੁਕਸਾਨ ਕੀਤਾ ਜਾ ਰਿਹਾ ਹੈ। ਮੁਲਾਜਮ ਮਾਰੂ ਨੀਤੀਆਂ ਨੂੰ ਚੰਡੀਗੜ੍ਹ ਪ੍ਰਸਾਸ਼ਨ ਅਤੇ ਕੇਂਦਰ ਸਰਕਾਰ ਫੌਰੀ ਤੌਰ ਉਤੇ ਬੰਦ ਕਰੇ। 

ਧਰਨੇ ਅਤੇ ਰੈਲੀ ਨੂੰ ਕਰਮ ਸਿੰਘ ਵਕੀਲ, ਪ੍ਰੀਤਮ ਸਿੰਘ ਹੁੰਦਲ, ਜੋਗਿੰਦਰ ਸ਼ਰਮਾ ਨੇ ਵੀ ਸੰਬੋਧਨ ਕੀਤਾ। ਉਪਰੋਕਤ ਤੋਂ ਇਲਾਵਾ ਸ਼ੰਗਾਰਾ ਸਿੰਘ, ਪ੍ਰਲਾਦ ਸਿੰਘ, ਦਰਸ਼ਨ ਸਿੰਘ ਬਾਗੜੀ, ਰਣਬੀਰ ਰਾਣਾ, ਓਮ ਪ੍ਰਕਾਸ਼, ਬਲਵੀਰ ਸਿੰਘ, ਸੁਰਜੀਤ ਕੌਰ ਕਾਲੜਾ ਅਤੇ ਕਾਲੀ ਰਮਨਾ ਸਮੇਤ ਪੰਜਾਹ ਤੋਂ ਵੱਧ ਵੱਖ-ਵੱਖ ਅਦਾਰਿਆਂ ਅਤੇ ਯੂਨੀਅਨਾਂ ਦੇ ਮੁਖੀਆਂ ਨੇ ਵੀ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਬਾਖੂਬੀ ਕਰਦਿਆਂ ਧੰਨਵਾਦ ਸ਼ਬਦ ਕਰਮ ਸਿੰਘ ਵਕੀਲ ਨੇ ਪੇਸ਼ ਕੀਤੇ।

*ਕਰਮ ਸਿੰਘ ਵਕੀਲ ਸਰਗਰਮ ਸਾਹਿਤਕਾਰ ਹੋਣ ਦੇ ਨਾਲ ਨਾਲ ਸਰਗਰਮ ਆਗੂ ਅਤੇ ਪੱਤਰਕਾਰ ਵੀ ਹਨ।  ਲਈ ਨੰਬਰ ਹੈ: +91 98143-44446