Sunday, February 14, 2021

ਸ਼ਹੀਦਾਂ ਦੇ ਨਾਂਅ ਤੇ ਸਿਆਸੀ ਲਾਹਾ ਨਹੀਂ ਲੈਣ ਦਿਆਂਗੇ

 Sunday;14th February 2021: 6:48 PM

 ਸਿਟੀਜ਼ਨ ਐਕਸ਼ਨ ਫਰੰਟ ਵੱਲੋਂ ਮੋਦੀ ਸਰਕਾਰ  ਖਿਲਾਫ ਤਿੱਖਾ ਸਮਾਗਮ 


ਲੁਧਿਆਣਾ
: (ਐਮ ਐਸ ਭਾਟੀਆ//ਸਤੀਸ਼ ਸੱਚਦੇਵਾ//ਜਸਪ੍ਰੀਤ ਕੌਰ ਸਮਤਾ//ਪੰਜਾਬ ਸਕਰੀਨ)::

ਕਿਸਾਨ ਅੰਦੋਲਨ ਦੇ ਨਾਂਅ ਤੇ ਦੇਸ਼ ਵਿੱਚ ਪੈਦਾ ਹੋਏ ਆਰਥਿਕ ਜਨਅੰਦੋਲਨ ਨੂੰ ਹੋਰ ਮਜ਼ਬੂਰ ਕਰਨ ਦਾ ਕੋਈ ਵੀ ਅਜਿਹਾ ਮੌਕਾ ਨਹੀਂ ਜਿਸਨੂੰ ਕਿਸਾਨ ਆਗੂ ਅਤੇ ਖੱਬੀਆਂ ਪਾਰਟੀਆਂ ਦੇ ਲੀਡਰ ਹੱਥੋਂ ਛੱਡ ਰਹੇ ਹੋਣ। ਆਪਣੀ ਇਸ ਮੁਹਿੰਮ ਅਧੀਨ ਹੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਖੱਬੀਆਂ ਪਾਰਟੀਆਂ ਨਾਲ ਜੁੜੇ ਆਗੂਆਂ ਅਤੇ ਵਰਕਰਾਂ ਨੇ ਹੁਣ ਪੁਲਵਾਮਾ ਦੇ ਸ਼ਹੀਦਾਂ ਨੂੰ ਯਾਦ ਕਰਕੇ ਭਾਰਤੀ ਜਨਤਾ ਪਾਰਟੀ ਕੋਲੋਂ ਇਹ ਮੁੱਦਾ ਵੀ ਖੋਹ ਲਿਆ ਹੈ। ਚੇਤੇ ਰਹੇ ਕਿ ਪੁਲਵਾਮਾ ਵਾਲੇ ਦੁਖਦਾਈ ਹਮਲੇ ਨੂੰ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਅੱਗੇ ਹੁੰਦਿਆਂ ਬੜੇ ਹੀ ਜ਼ੋਰਸ਼ੋਰ ਨਾਲ ਇਸ ਘਟਨਾ ਦੀ ਨਿਖੇਧੀ ਕੀਤੀ ਸੀ। ਪੁਲਵਾਮਾ ਹਮਲੇ ਨੂੰ ਚੋਣਾਂ ਜਿੱਤਣ ਦੀ ਸਾਜ਼ਿਸ਼ ਨਾਲ ਜੋੜ ਕੇ ਵੀ ਦੱਸਿਆ ਜਾਂਦਾ ਰਿਹਾ ਹੈ। ਇਸ ਵਾਰ ਕਿਸਾਨਾਂ ਨੇ ਵੀ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਕੌਮੀ ਸੁਰਖੀਆਂ ਵਿੱਚ ਆਪਣੀ ਥਾਂ ਇੱਕ ਵਾਰ ਫੇਰ ਰਾਖਵੀਂ ਕਰ ਲਈ। 

ਸੰਯੁਕਤ ਕਿਸਾਨ ਮੋਰਚਾ ਨੇ ਸੱਦਾ ਦਿੱਤਾ ਸੀ ਕਿ ਦੇਸ਼ ਭਰ ਵਿੱਚ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਈ। ਚੇਤੇ ਰਹੇ ਕਿ ਇਹ ਹਮਲਾ 14 ਫ਼ਰਵਰੀ 2019  ਨੂੰ ਪੁਲਵਾਮਾ ਵਿਖੇ ਹੋਇਆ ਸੀ ਜਿਸ ਵਿਹਚਕ ਸੀਆਰਪੀਐਫ ਦੇ 40 ਜਾਵਾਂ ਸ਼ਹੀਦ ਹੋ ਗਏ ਸਨ। ਕਿਸਾਨਾਂ ਦੇ ਸੱਦੇ ਭਰਵਾਂ ਹੁੰਗਾਰਾ ਮਿਲਿਆ ਅਤੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਿਟੀਜਨ ਐਕਸ਼ਨ ਫਰੰਟ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ 'ਤੇ ਇਕ ਸਮਾਗਮ ਕੀਤਾ ਗਿਆ। ਇਸ ਫਰੰਟ ਵਿਹਚਕ ਬਹੁਤੇ ਆਗੂ ਖੱਬੀਆਂ ਧਿਰਾਂ ਨਾਲ ਹੀ ਸਬੰਧਤ ਸਨ। ਇਸ ਵਿਚ ਸ਼ਹਿਰ ਦੇ ਹਰ ਵਰਗ ਵੱਲੋਂ ਹਿੱਸਾ ਲਿਆ ਗਿਆ। ਵੱਡੀ ਗਿਣਤੀ ਵਿਚ ਨੌਜਵਾਨ, ਵਿਦਿਆਰਥੀ, ਔਰਤਾਂ ਅਤੇ ਬਜ਼ੁਰਗ  ਇਸ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਹੋਏ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਸਾਡੇ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਬੀ ਜੇ ਪੀ ਤੇ  ਆਰਐੱਸਐੱਸ ਨੇ ਮਈ 2019 ਵਿੱਚ ਵੱਟਣ ਦੀ ਕੋਸ਼ਿਸ਼ ਕੀਤੀ। ਬੜੇ ਅਫ਼ਸੋਸ ਦੀ ਗੱਲ ਹੈ ਕਿ ਇਹ ਪਾਰਟੀ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵੀ ਆਪਣੀ ਵੋਟਾਂ ਦੀ ਰਾਜਨੀਤੀ ਲਈ ਵਰਤ ਰਹੀਆਂ ਹਨ। ਅੱਜ ਦੇਸ਼ ਭਰ ਵਿੱਚ ਹੋਏ ਇਹਨਾਂ ਸਮਾਗਮਾਂ ਦੌਰਾਨ ਬੀਜੇਪੀ ਵੱਲੋਂ ਇਹਨਾਂ ਸ਼ਹਾਦਤਾਂ ਦਾ ਮੁੱਲ ਵੱਟਣ ਵਾਲਾ ਇਹ ਪੱਖ ਉਭਾਰ ਕੇ ਸਾਹਮਣੇ ਲਿਆਂਦਾ ਗਿਆ। ਇਸ ਤਰਾਂ ਇਹਨਾਂ ਸ਼ਰਧਾਂਜਲੀ ਸਮਾਗਮਾਂ ਦੌਰਾਨ ਬੀਜੇਪੀ ਦੇ ਖਿਲਾਫ ਚੱਲ ਰਹੀ ਕਿਸਾਨ ਹਵਾ ਹੋਰ ਮਜ਼ਬੂਤ ਹੋਈ। 

ਲੁਧਿਆਣਾ ਵਾਲੇ ਸ਼ਰਧਾਂਜਲੀ ਸਮਾਗਮ ਵਿੱਚ ਇਹ ਗੱਲ ਕਈ ਬੁਲਾਰਿਆਂ ਨੇ ਦੁਹਰਾਈ ਕਿ ਸਰਹੱਦਾਂ ਤੇ ਸਾਡੇ ਦੇਸ਼ ਦੀ ਰਾਖੀ ਕਰਨ ਵਾਲੇ ਇਹ ਨੌਜਵਾਨ ਮਜ਼ਦੂਰਾਂ ਅਤੇ ਕਿਸਾਨਾਂ ਦੇ ਪੁੱਤਰ  ਹਨ। ਦਿੱਲੀ ਦੇ ਬਾਰਡਰ ਤੇ ਪਿਛਲੇ 75 ਦਿਨਾਂ ਤੋਂ ਵੀ ਜ਼ਿਆਦਾ ਕੜਕਦੀ ਠੰਢ ਵਿੱਚ ਬੈਠੇ ਇਹ ਕਿਸਾਨ, ਮਜ਼ਦੂਰ,  ਬਜ਼ੁਰਗ ,ਔਰਤਾਂ ਅਤੇ ਬੱਚੇ ਉਨ੍ਹਾਂ ਹੀ ਨੌਜਵਾਨਾਂ ਦੇ ਪਰਿਵਾਰਾਂ ਦੇ ਮੈਂਬਰ ਹਨ ਜੋ ਸਰਹੱਦ ਤੇ ਸਾਡੇ ਦੇਸ਼ ਦੀ ਰੱਖਿਆ ਕਰ ਰਹੇ ਹਨ। ਇਨ੍ਹਾਂ ਨੂੰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ  ਕਦੀ ਅੱਤਵਾਦੀ', ਕਦੀ ਨਕਸਲੀਏ ਤੇ ਕਦੀ ਦੇਸ਼ ਧ੍ਰੋਹੀ ਕਹਿ ਕੇ ਬੇਇੱਜ਼ਤ ਕਰ ਰਿਹਾ ਹੈ। ਕੇਂਦਰ ਸਰਕਾਰ ਦੇ ਇਹਨਾਂ ਫਤਵਿਆਂ ਬਾਰੇ ਵੀ ਬਹੁਤ ਛੇਤੀ ਜੁਆਬੀ ਮੁਹਿੰਮ ਦੀਆਂ ਕਨਸੋਆਂ ਮਿਲ ਰਹੀਆਂ ਹਨ। 

ਸਿਟੀਜ਼ਨ ਐਕਸ਼ਨ ਫਰੰਟ ਦੇ ਸਮਾਗਮ ਵਿੱਚ ਬੋਲੇ ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਨੇ ਰਾਜ ਸਭਾ ਅਤੇ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਨ ਦੇ ਧੰਨਵਾਦ ਦੇ ਤੌਰ ਤੇ ਬੋਲਦਿਆਂ ਬਹੁਤ ਹੀ ਹੇਠਲੇ ਦਰਜੇ  ਦੀ ਭਾਸ਼ਾ ਵਰਤੀ ਹੈ, ਜਿਸ ਕਰ ਕੇ ਜਿੱਥੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਾਖ ਘਟੀ ਹੈ ਉਥੇ ਅੰਤਰਰਾਸ਼ਟਰੀ ਪੱਧਰ ਤੇ ਸਾਡੇ  ਦੇਸ਼ ਦੀ ਇੱਜ਼ਤ ਵੀ ਘਟੀ ਹੈ। ਉਨ੍ਹਾਂ ਨੇ ਛੱਬੀ ਜਨਵਰੀ ਨੂੰ  ਸਰਕਾਰ ਵੱਲੋਂ ਸਾਜ਼ਿਸ਼ਮਈ ਢੰਗ ਦੇ ਨਾਲ ਕਿਲ੍ਹੇ ਦੀ ਘਟਨਾ ਕਰਵਾ ਕੇ ਨਜਾਇਜ਼ ਫੜੋ ਫੜ੍ਹਾਈ ਦੀ ਵੀ ਨਿਖੇਧੀ ਕੀਤੀ ਤੇ ਨਿਰਦੋਸ਼ ਲੋਕਾਂ ਦੀ ਰਿਹਾਈ ਦੀ ਵੀ ਮੰਗ ਕੀਤੀ। ਇਸ ਰਿਹਾਈ ਦੀ ਮੰਗ ਨੇ ਕਿਸਾਨ ਅੰਦੋਲਨ ਨੂੰ ਅਜੇ ਕਈ ਪੱਖਾਂ ਤੋਂ ਹੋਰ ਮਜ਼ਬੂਤ ਕਰਨਾ ਹੈ। ਜਿਸ ਨਾਲ ਬਹੁਤ ਸਾਰੇ ਪਰਿਵਾਰ ਅਤੇ ਪਿੰਡ ਇਸ ਅੰਦੋਲਨ ਨਾਲ ਜੁੜ ਰਹੇ ਹਨ। 

ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹਾ ਵਾਲੇ ਸਾਰੇ ਘਟਨਾਕ੍ਰਮ ਨਾਲ ਇੱਕ ਵਾਰ ਮਹਿਸੂਸ ਹੋਇਆ ਸੀ ਕਿ ਸ਼ਾਇਦ ਕਿਸਾਨ ਅੰਦੋਲਨ ਹੁਣ ਪੂਰੀ ਤਰ੍ਹਾਂ ਤੂਤ ਜਾਏਗਾ ਪਰ ਕਿਸਾਨ ਲੀਡਰਾਂ ਨੇ ਇਸ ਨੂੰ ਬੜੀ ਹੀ ਸਿਆਣਪ ਨਾਲ ਸੰਭਾਲਿਆ ਅਤੇ ਇੱਕ ਵਾਰ ਫੇਰ ਮਜ਼ਬੂਤ ਕਰ ਕੇ ਦਿਖਾ ਦਿੱਤਾ। ਤਿੱਕੜੀ ਬਾਰਡਰ ਤੇ ਬੈਟਜੀ ਕਿਸਾਨ ਲੀਡਰਸ਼ਿਪ ਨੇ ਅੰਦੋਲਨ ਨੂੰ ਮੁੜ ਮਜ਼ਬੂਤ ਕਰਨ ਦੀ ਮੁਹਿੰਮ ਵਿਹੁੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈ। ਇਹੀ ਮੁਹਿੰਮ ਇਸ ਅੰਦੋਲਨ ਨੂੰ ਸਾਰੇ ਪਿੰਡਾਂ ਤੱਕ ਲਿਜਾ ਰਹੀ ਹੈ। 

ਬਹਿਬਲ ਚੌਂਕ ਲੁਧਿਆਣਾ ਵਾਲੇ ਸਰਾਭਾ ਪਾਰਕ ਵਿਚ ਹੋਏ ਸਮਾਗਮ ਦੇ ਬੁਲਾਰਿਆਂ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਬਿਲ ਗੇਟਸ ਸਾਰੀ ਖੇਤੀਬਾੜੀ ਦੇ ਵਪਾਰ ਨੂੰ ਹੜੱਪਣਾ ਚਾਹੁੰਦਾ ਹੈ ਉਸੇ ਤਰ੍ਹਾਂ ਮੋਦੀ ਵਰਲਡ ਬੈਂਕ ਤੇ ਆਈ ਐਮ ਐਫ ਦੇ ਇਸ਼ਾਰੇ ਤੇ  ਅੰਬਾਨੀ ਤੇ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਦੇਸ਼ ਦੀ ਖੇਤੀਬਾੜੀ  ਸੰਭਾਲਨਾ ਚਾਹੁੰਦਾ ਹੈ। ਹਾਲ ਹੀ ਵਿੱਚ ਉੱਤਰਾਖੰਡ ਅਤੇ ਤਰਾਈ ਦੇ ਖੇਤਰਾਂ ਵਿੱਚ ਆਈ ਤ੍ਰਾਸਦੀ ਲਈ ਵਰਲਡ ਬੈਂਕ ਦੀਆਂ ਨੀਤੀਆਂ ਦੇ ਤਹਿਤ ਕਾਰਪੋਰੇਟਾਂ ਦੇ  ਪੱਖ ਪੂਰਨ ਲਈ ਅਤੇ ਵਾਤਾਵਰਨ ਮਾਹਿਰਾਂ  ਦੀਆਂ ਚਿਤਾਵਨੀਆਂ ਦਾ ਧਿਆਨ ਰੱਖੇ ਬਿਨਾਂ ਆਮ ਨਾਗਰਿਕ ਦੇ ਹੋਏ ਜਾਨੀ ਤੇ ਮਾਲੀ ਨੁਕਸਾਨ ਲਈ  ਸਰਕਾਰ ਆਪਣੀ ਜੁੰਮੇਵਾਰੀ ਤੋਂ ਭੱਜ ਨਹੀਂ ਸਕਦੀ।  ਇਹੀ ਨੀਤੀਆਂ ਕਿਸਾਨਾਂ ਦੇ ਖਿਲਾਫ ਵਰਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਉਨ੍ਹਾਂ ਦੀ  ਜ਼ਮੀਨ ਹੜੱਪਣ ਦੀ ਸਰਕਾਰ ਦੀ ਨੀਅਤ ਸਾਫ਼ ਨਜ਼ਰ ਆਉਂਦੀ ਹੈ।  ਕਿਸਾਨ ਅੰਦੋਲਨ ਆਮ ਲੋਕਾਂ ਵਿੱਚ ਇਸ ਡੂੰਘੇ ਆਰਥਿਕ ਮਸਲੇ ਨੂੰ ਬੜੀ ਸਫਲਤਾ ਨਾਲ ਲਿਜਾਣ ਵਿਛਕ ਲਗਾਤਾਰ ਕਾਮਯਾਬ ਹੋ ਰਿਹਾ ਹੈ। 

ਸਿਟੀਜ਼ਨ ਐਕਸ਼ਨ ਫਰੰਟ ਵਾਲੇ ਸਮਾਗਮ ਦੇ ਬੁਲਾਰਿਆਂ ਨੇ ਇਹ ਵੀ ਕਿਹਾ ਕਿ ਇੱਥੇ ਇਹ ਵਰਣਨਯੋਗ ਹੈ ਕਿ ਕੋਵਿਡ 19 ਦੇ ਦੌਰਾਨ ਜਿੱਥੇ ਸਾਰੇ ਉਦਯੋਗ ਘਾਟੇ ਵਿਚ ਰਹੇ ਉੱਥੇ ਸਿਰਫ਼ ਖੇਤੀਬਾੜੀ ਹੀ ਇਹੋ ਜਿਹਾ ਕਿੱਤਾ  ਸੀ ਜਿਸ ਨੇ ਦੇਸ਼ ਦੀ ਜੀਡੀਪੀ ਵਿੱਚ ਹਿੱਸਾ ਪਾਇਆ। ਪਾਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਪਬਲਿਕ ਸੈਕਟਰ ਦੇ ਇਹਨਾਂ ਮਹੱਤਵਪੂਰਨ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਇਨ੍ਹਾਂ  ਕਾਰਪੋਰੇਟਾਂ ਕੋਲ ਵੇਚ ਰਿਹਾ ਹੈ। ਦੂਜੇ ਪਾਸੇ ਪੈਨਗਾਂਗ  ਦੇ ਇਲਾਕੇ ਵਿਚ ਸੈਨਾ ਦੀ ਵਾਪਸੀ ਦੇ ਨਾਮ ਤੇ ਮੋਦੀ ਸਰਕਾਰ ਨੇ ਚੀਨ ਦੇ ਅੱਗੇ ਗੋਡੇ ਟੇਕ ਦਿੱਤੇ ਹਨ। 

ਇਸ ਸ਼ਰਧਾਂਜਲੀ ਸਮਾਗਮ ਵਿੱਚ ਕੌਮੀ ਸਿੱਖਿਆ ਨੀਤੀ ਦਾ ਮੁੱਦਾ ਵੀ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਇਆ। ਅਧਿਆਪਕ ਆਗੂ ਚਰਨ ਸਿੰਘ ਸਰਾਭਾ ਨੇ ਕਿਹਾ ਕਿ ਸਿੱਖਿਆ ਦਾ ਬੜੀ ਤੇਜ਼ੀ ਨਾਲ ਭਗਵਾਕਰਨ ਕੀਤਾ ਜਾ ਰਿਹਾ ਹੈ। ਸਾਡੀਆਂਸਾਰੀਆਂ ਹੀ ਸੰਵਿਧਾਨਕ ਸੰਸਥਾਵਾਂ ਅਪਾਹਜ ਕਰ ਦਿੱਤੀਆਂ ਗਈਆਂ ਹਨ। ਇਲੈਕਟ੍ਰੌਨਿਕ ਮੀਡੀਏ ਤੇ ਤਾਂ ਮੋਦੀ ਤੇ ਆਰਐਸਐਸ ਨੇ ਪਹਿਲਾਂ ਹੀ ਕਬਜ਼ਾ ਕੀਤਾ ਹੋਇਆ ਹੈ। ਲੋਕਤੰਤਰ ਖ਼ਤਰੇ ਵਿਚ ਹੈ।  ਜੇਕਰ ਲੋਕ ਅਜੇ ਵੀ ਨਾ ਜਾਗੇ ਤਾਂ ਇਹ ਮੋਦੀ ਸਰਕਾਰ ਹਿਟਲਰ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਸਾਬਤ ਹੋਵੇਗੀ। 

ਇਸ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਰਾਜਿੰਦਰਪਾਲ ਸਿੰਘ ਔਲਖ, ਡਾ ਗਗਨਦੀਪ ਸਿੰਘ, ਜਗਦੀਸ਼ ਚੰਦ,  ਨੌਜਵਾਨ ਆਗੂ ਪ੍ਰਵੇਜ਼ ਔਲਖ ਅਤੇ ਐਮ ਐਸ ਭਾਟੀਆ ਨੇ ਵੀ ਸੰਬੋਧਨ ਕੀਤਾ।  ਸਮਾਗਮ ਦੇ ਅੰਤ ਵਿਚ ਇਕ ਕੈਂਡਲ ਮਾਰਚ ਕੱਢਿਆ ਗਿਆ ਜੋ ਭਾਈਬਾਲਾ ਚੌਕ ਤੋਂ ਸ਼ੁਰੂ ਹੋ ਕੇ ਭਾਰਤ ਨਗਰ ਚੌਕ ਵਿਖੇ ਖ਼ਤਮ ਹੋਇਆ। ਮਾਰਚ ਕਰਦੇ ਹੋਏ ਲੋਕਾਂ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੈਨਰ ਫੜੇ ਹੋਏ ਸਨ। ਇਸੇ ਦੌਰਾਨ ਕੁਝ ਕਾਰਕੁੰਨ ਇਹ ਕਹਿੰਦੇ ਸੁਣੇ ਗਏ ਕਿ ਨਕਸਲੀ ਸ਼ਬਦ ਨੂੰ ਇੱਕ ਗਾਹਲ ਵਾਂਗ ਕਿਓਂ ਵਰਤਿਆ ਜਾ ਰਿਹਾ ਹੈ? ਛੇਤੀ ਹੀ ਇਸ ਮੁੱਦੇ ਸਬੰਧੀ ਨਕਸਲੀ ਵਿਚਾਰਧਾਰਾ ਨਾਲ ਜੁੜੇ ਸੰਗਠਨ ਇੱਕ ਰਣਨੀਤੀ ਬਣਾਉਣ ਤੇ ਸਰਗਰਮ ਹੋਏ ਲੱਗਦੇ ਹਨ। 

Saturday, February 6, 2021

ਕਿਸਾਨਾਂ ਦੇ ਹੱਕ ਵਿੱਚ ਹਰ ਥਾਂ ਸਫਲ ਰਿਹਾ ਚੱਕਾ ਜਾਮ

 ਡੇਹਲੋਂ, ਆਲਮਗੀਰ ਅਤੇ ਵੇਰਕਾ ਮਿਲਕ ਪਲਾਂਟ ਤੇ ਹੋਏ ਵੱਡੇ ਇਕੱਠ 


ਲੁਧਿਆਣਾ: 6  ਫਰਵਰੀ 2021: (ਐਮ ਐਸ ਭਾਟੀਆ//ਜਸਪ੍ਰੀਤ ਸਮਤਾ//ਕਾਮਰੇਡ ਸਕਰੀਨ)::

'ਸੰਯੁਕਤ ਕਿਸਾਨ ਮੋਰਚੇ' ਦੇ ਸੱਦੇ ਤੇ ਕੱਲ੍ਹ ਲੁਧਿਆਣਾ, ਡੇਹਲੋਂ, ਆਲਮਗੀਰ ਅਤੇ ਪੰਜਾਬ ਦੇ ਨਾਲ ਨਾਲ ਦੇਸ਼ ਭਰ ਚ ਵੱਖ ਵੱਖ ਥਾਵਾਂ ਤੇ "ਚੱਕਾ ਜਾਮ" ਸਫਲਤਾਪੂਰਵਕ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀ, ਕਿਸਾਨ, ਅੰਗਣਵਾੜੀ ਵਰਕਰਜ਼, ਅਧਿਆਪਕ, ਪੱਤਰਕਾਰ ਅਤੇ ਪ੍ਰੋਫੈਸਰ ਆਦਿ ਵਰਗ ਦੇ ਲੋਕਾਂ ਵੱਲੋਂ ਭਰਵੀ ਸ਼ਮੂਲੀਅਤ ਕੀਤੀ ਗਈ। ਚੱਕਾ ਜਾਮ ਦੌਰਾਨ ਵੱਖ-ਵੱਖ ਥਾਵਾਂ ਤੇ ਲੋਕਾਂ ਤੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬੇ ਜੀ ਪੀ ਦੀ ਫਾਸ਼ੀਵਾਦੀ ਹਕੂਮਤ ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਕੇ ਆਪਣੀ ਜ਼ਿੱਦ ਤੇ ਅੜੀ ਹੋਈ ਹੈ। ਇਸ ਲੰਮੇ ਸੰਘਰਸ਼ ਤੋਂ ਬਾਅਦ ਉਹ ਸਿਰਫ ਕਾਨੁੂੰਨਾਂ ਵਿੱਚ ਸੋਧ ਕਰਨ ਲਈ ਹੀ ਰਾਜ਼ੀ ਹੋਈ ਹੈ ਜਿਸਨੂੰ ਕਿਸਾਨਾਂ ਵੱਲੋ ਨਾ-ਮਨਜ਼ੂਰ ਕੀਤਾ ਗਿਆ ਹੈ। ਇੱਕ ਪਾਸੇ ਤਾ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਵੱਲੋਂ  ਗੱਲਬਾਤ ਜਾਰੀ ਹੈ ਪਰ ਦੂਜੇ ਪਾਸੇ ਬਾਰਡਰਾਂ ਨੂੰ ਕੰਡਿਆਲੀ ਤਾਰ ਲਗਾ ਕੇ ਸੀਲ ਕੀਤਾ ਜਾ ਰਿਹਾ ਹੈ ਜਿਵੇਂ ਦੁਸ਼ਮਣ ਦੇਸ਼ਾਂ ਦੇ ਖਿਲਾਫ ਕੀਤਾ  ਜਾਂਦਾ ਹੈ। ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਦੁਸ਼ਮਣਾਂ ਵਾਂਗ ਸਮਝਣ ਵਾਲੀ ਇਸ ਸਰਕਟਰ ਦੀ ਹਰ ਗੱਲ ਦੋਗਲੀ ਹੈ।  ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ 

ਲੋਕ ਪੱਖੀ ਮੀਡੀਆ ਹਰ ਥਾਂ ਪਹੁੰਚਿਆ 


ਇਸਦੇ ਨਾਲ ਹੀ ਗਰਾਉਂਡ ਜ਼ੀਰੋ ਤੋਂ ਰਿਪੋਰਟ ਕਰਨ ਵਾਲੇ ਨਿਰਪੱਖ ਪੱਤਰਕਾਰਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਧਰਨਿਆਂ ਵਿੱਚ ਪੁੱਜੇ ਲੋਕਾਂ ਵੱਲੋਂ ਮਨਦੀਪ ਪੂਨੀਆਂ ਨਾਮ ਦੇ ਪੱਤਰਕਾਰ ਨੂੰ ਗਿਰਫਤਾਰੀ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਉਹਨਾਂ ਕਿਹਾ ਕਿ ਅਜਿਹਾ ਕੀਤਾ ਜਾਣਾ ਪ੍ਰੇੈਸ ਦੀ ਆਜ਼ਾਦੀ ਤੇ ਬਹੁਤ ਵੱਡਾ ਹਮਲਾ ਹੈ।

ਇਸ ਗੱਲ ਤੇ ਵੀ ਡੂੰਘਾ ਅਫਸੋਸ ਪ੍ਰਗਟਾਇਆ ਗਿਆ ਕਿ ਇਸ ਅੰਦੋਲਨ ਨੂੰ ਸਮਰਥਨ ਦੇਣ ਵਾਲੇ ਲੋਕਾਂ ਉੱਪਰ ਤਰ੍ਹਾਂ ਤਰ੍ਹਾਂ ਦਾ ਤਸ਼ੱਦਦ ਢਾਹਿਆ ਜਾ ਰਿਹਾ ਹੈ। ਇਸ ਦੌਰਾਨ ਔਰਤਾਂ ਵੱਲੋਂ ਵੀ 'ਸੰਯੁਕਤ ਕਿਸਾਨ ਮੋਰਚੇ' ਦੁਆਰਾ ਦਿੱਤੇ ਜਾ ਰਹੇ ਸੱਦਿਆ ਵਿੱਚ ਭਰਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਵਿਦਿਆਰਥੀਆਂ-ਨੌਜਵਾਨਾਂ ਦੇ ਨਾਲ ਨਾਲ ਹੁਣ ਸੰਘਰਸ਼ ਵਿੱਚ ਨਿਰਪੱਖ ਪੱਤਰਕਾਰ ਭਾਈਚਾਰਾ ਵੀ ਅੰਦੋਲਨ ਦੇ ਹੱਕ ਵਿੱਚ ਉਤਰ ਆਇਆ ਹੈ। ਦੇਸ਼ ਵਿਦੇਸ਼ ਤੋਂ ਕਿਸਾਨੀ ਲਹਿਰ ਨੁੂੰ ਭਰਵੀਂ ਹਮਾਇਤ ਮਿਲ ਰਹੀ ਹੈ ਪਰ ਇਹਨਾਂ ਹਕੀਕਤਾਂ ਦੇ ਬਾਵਜੂਦ ਮੋਦੀ ਸਰਕਾਰ ਆਪਣੀ ਜ਼ਿੱਦ ਤੇ ਅੜੀ ਹੋਈ ਹੈ। ਵੱਖ ਵੱਖ ਥਾਵਾਂ ਤੇ ਹੋਏ ਚੱਕਾ ਜਾਮ ਨੂੰ ਲੋਕਾਂ ਵੱਲੋਂ ਸ਼ਾਂਤੀ ਪੂਰਵਕ ਨੇਪਰੇ ਚਾੜਿਆ ਗਿਆ। ਇਸ ਦੌਰਾਨ ਆਮ ਲੋਕਾਂ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ। 

ਪ੍ਰੋਫੈਸਰ ਜਗਮੋਹਨ ਸਿੰਘ 


ਲੁਧਿਆਣਾ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੇ ਭਾਣਜੇ ਡਾ. ਜਗਮੋਹਨ ਸਿੰਘ ਨੇ ਕਿਹਾ ਮੋਦੀ ਹਕੂਮਤ ਸਿਰਫ ਪੂੰਜੀਪਤੀਆਂ ਦੀ ਸੇਵਾ ਵਿੱਚ ਹੀ ਲੱਗੀ ਹੋਈ ਹੈ ਉਹ ਹਰ ਇੱਕ ਕਾਨੂੰਨ ਆਮ ਲੋਕਾਂ ਦੇ ਵਿਰੋਧ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਬਣਾ ਰਹੀ ਹੈ ਜਿਸਦੇ ਕਰਕੇ ਲੋਕ ਸੜਕਾਂ ਤੇ ਉਤਰਨ ਲਈ ਮਜਬੂਰ ਹਨ। ਇਹਨਾਂ ਧਰਨਿਆਂ ਦੌਰਾਨ ਲੋਕਪੱਖੀ ਮੀਡੀਆ ਦੇ ਇੱਕ ਸਰਗਰਮ ਹਿੱਸੇ ਵੱਜੋਂ ਕੱਲ 'ਕਾਮਰੇਡ ਸਕਰੀਨ' ਅਤੇ 'ਪੰਜਾਬ ਸਕਰੀਨ' ਦੀਆਂ ਟੀਮਾਂ ਨੇ ਵੀ ਵੱਖ ਵੱਖ ਥਾਵਾਂ ਤੇ ਜਾ ਕੇ ਕਵਰੇਜ ਕੀਤੀ। ਬੁਲਾਰਿਆਂ ਨੇ ਵੀ ਲੋਕਾਂ ਨੂੰ ਸਮਝਾਇਆ ਕਿ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਨੁਕਸਾਨ ਸਿਰਫ਼ ਕਿਸਾਨਾਂ ਨੂੰ ਹੀ ਨਹੀਂ ਸਗੋਂ ਆਮ ਖਪਤਕਾਰ ਨੂੰ ਵੀ ਹੋਣਾ ਹੈ। ਏਟਕ ਦੀ ਕੌਮੀ ਜਨਰਲ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਬੜੇ ਹੀ ਬਾਦਲੀਲ ਢੰਗ ਨਾਲ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ  ਬੇਨਕਾਬ ਕਰਦਿਆਂ ਸਾਬਤ ਕੀਤਾ ਕਿ ਇਹ ਨੀਤੀਆਂ ਲੋਕ ਵਿਰੋਧੀ ਹਨ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਸਾਥੀ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਅਮਰੀਕਾ ਮਨੁੱਖੀ ਅਧਿਕਾਰਾਂ ਦੀ ਗੱਲ ਤਾਂ ਕਰ ਰਿਹਾ ਹੈ ਪਰ ਇਨ੍ਹਾਂ ਕਾਲੇ ਕਾਨੂੰਨਾਂ ਬਾਰੇ  ਉਹ ਕਾਰਪੋਰੇਟ ਦਾ ਪੱਖ ਹੀ ਪੂਰ ਰਿਹਾ ਹੈ।  

ਤਿੰਨ ਘੰਟਿਆਂ ਤੱਕ ਸ਼ਾਂਤਮਈ ਬੰਦ ਰਿਹਾ 


ਸੰਯੁਕਤ ਕਿਸਾਨ ਮੋਰਚਾ  ਦੇ ਸੱਦੇ ਤੇ ਮੋਦੀ ਸਰਕਾਰ ਵੱਲੋਂ ਗ਼ੈਰ ਸੰਵਿਧਾਨਕ ਤਰੀਕੇ ਨਾਲ ਪਾਸ ਕੀਤੇ  ਤਿੰਨ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ  ਚੱਲ ਰਹੇ ਸੰਘਰਸ਼ ਦੇ ਹਿੱਸੇ ਵਜੋਂ ਅੱਜ ਲੁਧਿਆਣਾ ਵਿੱਚ ਵੀ ਕਈ ਥਾਂਈ ਤਿੰਨ ਘੰਟੇ ਲਈ ਟਰੈਫਿਕ ਜਾਮ ਕੀਤਾ ਗਿਆ।  ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਕਿਸਾਨ, ਵਿਦਿਆਰਥੀ ,ਮਜ਼ਦੂਰ, ਮੁਲਾਜ਼ਮ, ਔਰਤਾਂ ਅਤੇ ਬਜ਼ੁਰਗ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ  ਫ਼ਿਰੋਜ਼ਪੁਰ-ਲੁਧਿਆਣਾ  ਰੋਡ ਤੇ ਧਰਨੇ ਦੀ ਸ਼ਕਲ ਵਿੱਚ ਬੈਠੇ। ਇਹ ਧਰਨਾ ਦੁਪਹਿਰ ਬਾਰਾਂ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਚੱਲਿਆ। ਸਭ ਤੋਂ ਪਹਿਲਾਂ ਇਸ ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। 

ਕਾਮਰੇਡ ਅਮਰਜੀਤ ਕੌਰ 


ਪਹਿਲਾਂ ਤੋਂ ਐਲਾਨੇ ਗਏ ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ  ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਕੌਮੀ ਜਨਰਲ ਸਕੱਤਰ ਅਮਰਜੀਤ ਕੌਰ ਨੇ  ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਲੋਕਾਂ ਦੇ ਚੁਣੇ ਹੋਏ ਪਾਰਲੀਮੈਂਟ ਮੈਂਬਰਾਂ ਨੂੰ ਵੀ ਅਮਿਤ ਸ਼ਾਹ ਦੇ ਇਸ਼ਾਰੇ ਤੇ ਪੁਲੀਸ ਨੇ ਕਿਸਾਨਾਂ ਨਾਲ ਨਹੀਂ ਮਿਲਣ ਦਿੱਤਾ। ਇਕ ਪਾਸੇ ਤਾਂ  ਪ੍ਰਧਾਨਮੰਤਰੀ ਮੋਦੀ ਕਹਿੰਦੇ ਹਨ ਕਿ ਮੈਂ ਸਿਰਫ ਇਕ ਫੋਨ ਕਾਲ ਦੂਰ ਹਾਂ, ਪਰ ਦੂਜੇ ਪਾਸੇ  ਬਾਰਡਰ ਤੇ ਤਿੰਨ ਕਿਲੋਮੀਟਰ ਦੇ ਇਲਾਕੇ ਵਿੱਚ  ਸੀਮਿੰਟ ਵਿੱਚ ਵੱਡੀਆਂ ਵੱਡੀਆਂ ਕਿੱਲਾ ਲਾ ਕੇ ਇਸ ਦੂਰੀ ਨੂੰ ਹੋਰ ਵਧਾ ਰਹੇ ਸਨ। ਉਨ੍ਹਾਂ ਕਿਹਾ ਕਿ ਬੈਰੀਕੇਡ ਇਸ ਤਰ੍ਹਾਂ ਲਗਾਏ ਜਾ ਰਹੇ ਹਨ ਜਿਸ ਤਰ੍ਹਾਂ ਕਿਸੇ ਦੁਸ਼ਮਣ ਦੀ ਫ਼ੌਜ ਵੱਡੇ ਵੱਡੇ ਟੈਂਕ ਲੈ ਕੇ ਆ ਰਹੀ ਹੋਵੇ। ਫਿਰ ਇਹ ਸਭ ਕਿਸ ਦੇ ਕਹਿਣ ਤੇ ਹੋ ਰਿਹਾ ਹੈ, ਜਦੋਂ ਕਿ ਕਿਸਾਨ ਤਾਂ ਹਰ ਵੇਲੇ ਗੱਲਬਾਤ ਲਈ ਤਿਆਰ ਹਨ। ਛੱਬੀ ਜਨਵਰੀ ਦੀਆ ਦਿੱਲੀ ਦੀਆਂ ਘਟਨਾਵਾਂ ਬਾਰੇ ਆਗੂਆਂ ਨੇ ਕਿਹਾ ਕਿ ਇਹ ਸਰਕਾਰ ਦੀ ਪਹਿਲਾਂ ਤੋਂ ਹੀ ਬਣਾਈ ਗਈ ਸਾਜ਼ਿਸ਼  ਦੇ ਅਧੀਨ ਕੀਤਾ ਗਿਆ ਹੈ। ਇਹ ਸਿਰਫ਼ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਹੈ। ਦਿੱਲੀ ਪੁਲੀਸ ਨੇ ਗ੍ਰਹਿ ਮੰਤਰੀ  ਅਮਿਤ ਸ਼ਾਹ ਦੇ ਇਸ਼ਾਰੇ ਤੇ ਇਹ ਸਭ ਕੁਝ ਕੀਤਾ ਹੈ, ਜਿਵੇਂ ਕਿ ਜਾਰੀ ਹੋ ਰਹੀਆ ਵੀਡੀਓ ਵਿਚ ਸਾਫ ਦਿਖਾਈ ਦਿੰਦਾ ਹੈ। ਉਨ੍ਹਾਂ  ਇਹ ਵੀ ਕਿਹਾ ਕਿ ਕਿਸਾਨਾਂ ਨਾਲ ਜੋ ਰੂਟ ਤੈਅ ਹੋਏ ਸਨ ਉਨ੍ਹਾਂ ਨੂੰ ਬੰਦ ਕਰ ਕੇ ਕਿਸਾਨਾਂ ਨੂੰ ਦੂਸਰੇ ਰਸਤਿਆਂ ਤੇ  ਭੇਜਿਆ ਜਾ ਰਿਹਾ ਸੀ।  ਇਹ ਉਹ ਰਸਤੇ ਸਨ ਜਿਹੜੇ ਇੰਡੀਆ ਗੇਟ ਅਤੇ ਲਾਲ ਕਿਲੇ ਵੱਲ ਜਾਂਦੇ ਸਨ।  ਉਨ੍ਹਾਂ ਨੇ ਮੰਗ ਕੀਤੀ ਕਿ ਇਸ ਸਾਰੇ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਦੀ ਇਖਲਾਕੀ ਤੌਰ ਤੇ ਜ਼ਿੰਮੇਵਾਰੀ ਲੈਂਦੇ ਹੋਏ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ

ਕਾਮਰੇਡ ਮੰਗਰਾਮ ਪਾਸਲਾ ਨੇ ਵੀ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲਿਆ 

ਸੀ ਟੀ ਯੂ ਦੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ  ਜਦੋਂ ਦਾ ਆਇਆ ਹੈ ਉਹ  ਸਰਕਾਰੀ ਅਦਾਰਿਆਂ ਨੂੰ ਅਡਾਨੀ ਅੰਬਾਨੀਆਂ ਨੂੰ  ਕੌਡੀਆਂ ਦੇ ਭਾਅ  ਵੇਚ ਰਿਹਾ ਹੈ। ਸਾਨੂੰ  ਇਸ ਗੱਲ ਤੇ ਤਸੱਲੀ ਹੈ  ਕਿ ਸਰਕਾਰ ਦੇ ਲੱਖ ਦੁਰਪ੍ਰਚਾਰ ਦੇ ਬਾਵਯੂਦ ਦਿਨ ਬ ਦਿਨ ਅੰਦੋਲਨ ਹੋਰ ਮਜ਼ਬੂਤ ਹੋ ਰਿਹਾ ਹੈ।  ਉਨ੍ਹਾਂ ਐਲਾਨ ਕੀਤਾ ਕਿ ਸੰਯੁਕਤ ਮੋਰਚੇ ਦਾ ਇਹ ਅੰਦੋਲਨ ਅਤੇ ਧਰਨਾ ਉਸ ਦਿਨ ਹੀ ਖ਼ਤਮ ਹੋਏਗਾ ਜਿਸ ਦਿਨ ਇਹ ਕਾਲੇ ਕਨੂੰਨ ਵਾਪਸ ਲਏ ਜਾਣਗੇ । ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਕੋਲ ਮੌਕਾ ਹੈ ਕਿ ਉਹ ਮੌਜੂਦਾ  ਚੱਲਦੇ ਸੈਸ਼ਨ ਵਿੱਚ ਇਨ੍ਹਾਂ ਨੂੰ ਵਾਪਸ ਲਵੇ  ਅਤੇ ਐੱਮਐੱਸਪੀ ਦਾ ਕਾਨੂੰਨ ਬਣਾਇਆ  ਜਾਵੇ। ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ

ਪ੍ਰੋਫੈਸਰ ਜੈਪਾਲ ਸਿੰਘ ਅਤੇ ਹੋਰ ਆਗੂ ਵੀ ਬੋਲੇ


ਅਧਿਆਪਕ ਆਗੂ ਕਾਮਰੇਡ ਚਰਨ ਸਿੰਘ ਸਰਾਭਾ ਨੇ ਕਿਹਾ ਕਿ ਕਾਰਪੋਰੇਟ ਦੇ ਆਉਣ ਨਾਲ ਖਾਣ ਪੀਣ ਦੀਆਂ ਵਸਤਾਂ ਦੀਆਂ  ਕੀਮਤਾਂ ਅਸਮਾਨੀ ਛੂਹ ਜਾਣਗੀਆਂ ਅਤੇ ਆਮ ਆਦਮੀ ਦੀ   ਪਹੁੰਚ ਤੋਂ ਬਾਹਰ ਹੋ ਜਾਣਗੀਆਂ।  ਪ੍ਰੋ ਜੈਪਾਲ ਸਿੰਘ   ਨੇ ਕਿਹਾ ਕਿ ਖੇਤੀ ਮੰਤਰੀ ਤੋਮਰ ਨੇ ਬੜੀ  ਬੇਸ਼ਰਮੀ ਨਾਲ ਪਾਰਲੀਮੈਂਟ ਵਿੱਚ ਬੋਲ ਰਹੇ ਸਨ ਕਿ ਮੈਨੂੰ ਦੱਸਿਆ ਜਾਵੇ ਇਸ ਕਾਨੂੰਨ ਵਿੱਚ ਕਾਲਾ ਕੀ ਹੈ, ਜਦੋਂ ਕੇ ਸੱਚ ਇਹ ਹੈ ਕਿ ਕਿਸਾਨਾਂ  ਨੇ ਦੂਜੀ ਹੀ ਮੀਟਿੰਗ ਵਿਚ ਉਨ੍ਹਾਂ ਦੇ ਕਾਲੇ ਪਨ ਬਾਰੇ ਦੱਸ ਦਿੱਤਾ ਸੀ।  ਏ ਆਈ ਐੱਸ ਐਫ ਜਿਲਾ ਲੁਧਿਆਣਾ ਦੇ ਜਨਰਲ ਸਕੱਤਰ ਦੀਪਕ ਕੁਮਾਰ ਨੇ ਸੰਬੋਧਨ ਕਰਦੇ ਹੋਏ ਕਿਹਾ  ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਾਲਾ ਬਾਜ਼ਾਰੀ ਦਾ ਉਹ ਦੌਰ ਫੇਰ ਸ਼ੁਰੂ ਹੋ ਜਾਵੇਗਾ।  

ਗੀਤ ਸੰਗੀਤ ਵੀ ਜਾਰੀ ਰਿਹਾ


ਬੀਹਾਈਵ ਥੀਏਟਰ ਗਰੁੱਪ ਨੇ  ਕਿਸਾਨਾਂ ਨਾਲ ਸਬੰਧਤ ਗੀਤ   "ਮੋਦੀ ਯਾਰ ਸ਼ੈਤਾਨਾਂ ਦਾ" ਦੀ ਪੇਸ਼ਕਾਰੀ ਕੀਤੀ। ਡਾ: ਕੇ ਐਸ ਸੰਘਾ ਜਨਰਲ ਸਕੱਤਰ  ਪੀ ਏ ਯੂ ਨੇ ਕਿਹਾ ਕਿ ਸਰਕਾਰ ਦਾ ਮਨਸ਼ਾ ਕਿਸਾਨਾਂ ਨੂੰ ਖੇਤੀ ਚੋਂ ਕੱਢ ਕੇ ਸ਼ਹਿਰਾਂ ਵਿੱਚ ਮਜ਼ਦੂਰ ਦੇ ਤੌਰ ਤੇ ਵਰਤਣ ਦਾ ਹੈ। ਲੇਖਕਾਂ  ਦੇ ਆਗੂ ਡਾ: ਗੁਲਜ਼ਾਰ ਪੰਧੇਰ ਨੇ ਵੀ ਸੰਬੋਧਨ ਕੀਤਾ।   ਹੋਰਨਾਂ ਤੋਂ ਇਲਾਵਾ ਜਿਨ੍ਹਾਂ ਨੇ ਇਸ ਇਕੱਠ ਨੂੰ ਸੰਬੋਧਨ ਕੀਤਾ ਉਹਨਾਂ ਵਿੱਚ ਆਈ ਡੀ ਪੀ ਡੀ  ਦੇ ਸੀਨੀਅਰ ਮੀਤ ਪ੍ਰਧਾਨ   ਡਾ. ਅਰੁਣ ਮਿੱਤਰਾ ਵੀ ਸ਼ਾਮਲ ਰਹੇ। ਜੁਆਇੰਟ ਕਾਊੰਸਲ ਆਫ਼ ਟਰੇਡ ਯੂਨੀਅਨਜ਼ ਦੇ ਜਨਰਲ ਸਕੱਤਰ ਡੀ ਪੀ ਮੌੜ ਨੇ ਸੰਬੋਧਨ ਕੀਤਾ ।ਐਗਰੀਕਲਚਰ ਟੈਕਨੋਕਰੇਟਸ ਦੇ ਲੀਡਰ ਰਜਿੰਦਰਪਾਲ ਸਿੰਘ ਔਲਖ ਨੇ ਸੰਬੋਧਨ ਕੀਤਾ। ਜਨਵਾਦੀ ਇਸਤਰੀ ਸਭਾ ਦੀ ਆਗੂ  ਸਿਮਰਨਜੀਤ ਕੌਰ ਨੇ ਵੀ ਹਾਜ਼ਰੀ ਲਵਾਈ। ਰੇਲਵੇ ਦੇ ਆਗੂ ਪਰਮਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਾਥੀ ਚਮਕੌਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।  (ਡੈਸਕ ਇਨਪੁਟ:ਕਾਰਤਿਕਾ ਸਿੰਘ)