Tuesday, November 20, 2018

ਮੋਦੀ ਸਰਕਾਰ 31 ਫੀਸਦੀ ਵੋਟਾਂ ਲੈ ਕੇ ਦੇਸ਼ ਤੇ ਰਾਜ ਕਰ ਰਹੀ ਹੈ

ਖੱਬੀਆਂ ਧਿਰਾਂ ਦੇ ਚੇਤਨਾ ਮਾਰਚ ਜੱਥੇ ਨੇ ਕੀਤੀ ਚੋਂ ਸੁਧਾਰਾਂ ਦੀ ਮੰਗ 
ਮਾਛੀਵਾੜਾ ਸਾਹਿਬ: (ਐਮ ਐਸ ਭਾਟੀਆ//ਸ਼ੈਕੀ ਸ਼ਰਮਾ//ਪੰਜਾਬ ਸਕਰੀਨ)::
ਸ਼੍ਰੀ ਚਰਨ ਕੰਵਲ ਚੌਕ ਵਿੱਚ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਵੱਲੋਂ ਸਾਂਝੇ ਤੌਰ 'ਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ 15 ਨਵੰਬਰ ਤੋਂ ਹੂਸੈਨੀਵਾਲਾ ਤੋਂ ਆਰੰਭ ਹੋਏ ਜੱਥਾ ਚੇਤਨਾ ਮਾਰਚ ਦਾ ਮਾਛੀਵਾੜਾ ਸਾਹਿਬ ਪਹੁੰਚਣ 'ਤੇ ਦੋਵਾ ਪਾਰਟੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਜੱਥੇ  ਦੀ ਅਗਵਾਈ ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ,  ਸੂਬਾ ਕਮੇਟੀ ਮੈਂਬਰ ਸੀ ਪੀ ਆਈ ਕਸ਼ਮੀਰ ਸਿੰਘ ਗਦਾਈਆ,  ਕਾਮਰੇਡ ਭੂਪ ਚੰਦ ਚੰਨੋ ਕਰ ਰਹੇ ਸਨ। ਇਸ ਮੌਕੇ ਕਾਮਰੇਡ ਡੀ ਪੀ ਮੌੜ ਨੇ ਸੰਬੋਧਨ ਕੀਤਾ ਅਤੇ ਏ ਆਈ ਐਸ ਐਫ ਦੇ ਜਿਲ੍ਹਾ ਜਨਰਲ ਸਕੱਤਰ ਦੀਪਕ ਕੁਮਾਰ ਨੇ ਸਵਾਗਤ ਕੀਤਾ। ਬੁਲਾਰਿਆਂਂ ਨੇ ਕਿਹਾ ਕਿ ਮੋਦੀ ਸਰਕਾਰ 31 ਫੀਸਦੀ ਵੋਟਾਂ ਲੈ ਕੇ ਦੇਸ਼ ਤੇ ਰਾਜ ਕਰ ਰਹੀ ਹੈ ਕਿ ਚੋਣ ਸਿਸਟਮ ਵਿੱਚ ਸੁਧਾਰਾਂ ਦੀ ਜਰੂਰਤ ਹੈ। ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਦੇਸ਼ ਅੰਦਰ ਆਰ ਐੱਸ ਐੱਸ ਰਾਜ ਚਲਾ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਰਾਫੇਲ ਦੇ ਸੌਦੇ ਵਿੱਚ ਵੱਡੀ ਠੱਗੀ ਮਾਰੀ ਹੈ। ਸਰਦਾਰ ਪਟੇਲ ਦੀ ਮੂਰਤੀ ਬਣਾਉਣ ਵਿੱਚ ਮਾਰੀ ਠੱਗੀ ਬਾਰੇ ਬੋਲਦਿਆਂ ਕਿਹਾ ਕਿ ਇਹ ਮੂਰਤੀ ਚੀਨ ਨੇ ਸਿਰਫ 342 ਕਰੋੜ ਵਿਚ ਤਿਆਰ ਕਰਕੇ ਦਿੱਤੀ ਸੀ, ਜਿਸ 'ਤੇ 33 ਕਰੋੜ ਰੁਪਏ ਦਾ ਖਰਚ ਕੀਤਾ ਦਿਖਾਇਆ ਗਿਆ ਹੈ। ਇਸਤਰੀ ਸਭਾ ਬਲਾਕ ਮਾਛੀਵਾੜਾ ਦੇ ਜਨਰਲ ਸਕੱਤਰ ਰਵੀਕਾਂਤਾ ਨੇ ਧੰਨਵਾਦ ਕੀਤਾ। ਇਸ ਮੌਕੇ ਇਸਤਰੀ ਸਭਾ ਦੇ ਚੇਅਰਪਰਸਨ ਸਰਬਜੀਤ ਕੌਰ ਗਿੱਲ, ਜਨਰਲ ਸਕੱਤਰ ਰਵੀਕਾਂਤਾ, ਗੁਰਮੀਤ ਕੌਰ, ਸੀ ਪੀ ਆਈ ਮਾਛੀਵਾੜਾ ਅਤੇੇ ਸਮਰਾਲਾ ਦੇ ਜਨਰਲ ਸਕੱਤਰ ਕਾਮਰੇਡ ਜਗਦੀਸ਼ ਰਾਏ ਬੌਬੀ,  ਸੀ ਪੀ ਆਈ (ਐੱਮ) ਦੇ ਕਾਮਰੇਡ ਭਜਨ ਸਿੰੰਘ ਸਮਰਾਲਾ ਹਰਪਾਲ ਸਿੰਘ ਪੂਰਬਾ ਤਹਿਸੀਲ ਸਕੱਤਰ ਸੀ ਪੀ ਆਈ (ਐੱਮ), ਪਰਮਜੀਤ ਸਿੰਘ ਨੀਲੋਂ, ਕਾਮਰੇਡ ਚਮਕੌਰ ਸਿੰਘ ਸਹਾਇਕ ਸਕੱਤਰ ਸੀ ਪੀ ਆਈ ਜਿਲਾ ਲੁਧਿਆਣਾ, ਐੱਮ ਐੱਸ ਭਾਟੀਆ ਵਿੱੱਤ ਸਕੱਤਰ ਜਿਲ੍ਹਾ ਲੁਧਿਆਣਾ, ਕਾਮਰੇਡ ਐਸ ਪੀ ਸਿੰਘ, ਸਰਵ ਭਾਰਤ ਨੌਜਵਾਨ ਸਭਾ ਦੇ ਪ੍ਰਧਾਨ ਅਰਵਿੰਦ ਕੁਮਾਰ ਸੋਨੂੰ, ਜੀ ਐਸ ਚੌਹਾਨ,  ਏ ਆਈ ਐਸ ਐਫ ਮਾਛੀਵਾੜਾ ਦੇ ਪ੍ਰਧਾਨ ਰਾਜੀਵ ਕੁਮਾਰ ਏ ਆਈ ਐਸ ਐਫ ਦੇ ਜੁਆਇੰਟ ਸਕੱਤਰ ਭਾਵਿਸ਼ ਮਾਹਾਤੋ, ਏ ਆਈ ਐਸ ਐਫ ਦੇ ਕੈਸ਼ੀਅਰ ਸੰਨੀ ਕੁਮਾਰ, ਬਲਵੀਰ ਸਿੰਘ ਕੁੁੱਲ ਹਿੰਦ ਖੇਤ ਮਜ਼ਦੂਰ, ਜਸਦੇਵ ਸਿੰਘ ਜਸੀ, ਮਲਕੀਤ ਸਿੰਘ, ਗੁਰਨਾਮ ਸਿੰਘ, ਚੰੰਦ ਰਾਮ, ਦੇਵ ਸਿੰਘ, ਕਿਸਾਨ ਆਗੂ ਨਿੱਕਾ ਖੇੜਾ,  ਈਸਰ ਸਿੰਘ, ਬਿਆਸ ਦੇੇੇਵ,  ਪ੍ਰਕਾਸ਼, ਸੁੁਖਵਿੰਦਰ ਸਿੰਘ, ਹਰਸ਼ ਕੁਮਾਰ, ਨਿਰਮਲ ਸਿੰਘ, ਨਵਪ੍ਰੀਤ ਸਿੰਘ ਮੰਡ ਖਾਨਪੁਰ ਆਦਿ ਸ਼ਾਮਿਲ ਸਨ।

Saturday, November 10, 2018

17 ਦਸੰਬਰ ਦੀ ਸਾਂਝੀ ਰੈਲੀ ਲਈ ਪੰਜਾਬ ਭਰ ਵਿੱਚ ਸਗਰਗਰਮੀਆਂ

Nov 10, 2018, 5:06 PM
ਲੁਧਿਆਣਾ ਦੇ ਹਰ ਕੋਨੇ ਵਿੱਚ-ਹਰ ਬਰਾਂਚ ਵਿੱਚ ਤਿੱਖਾ ਜੋਸ਼ 
ਲੁਧਿਆਣਾ: 11 ਨਵੰਬਰ 2018: (ਕਾਮਰੇਡ ਸਕਰੀਨ ਬਿਊਰੋ)::
ਇਸ ਵਾਰ 17 ਦਸੰਬਰ ਦੀ ਸਾਂਝੀ ਲੁਧਿਆਣਾ ਰੈਲੀ ਉਸ ਵੇਲੇ ਹੋ ਰਹੀ ਹੈ ਜਦੋਂ ਪੰਜਾਬ ਦੇ ਨਾਲ ਨਾਲ  ਦੇਸ਼ ਦੇ ਬਾਕੀ ਹਿਸਿਆਂ ਦੀ ਜਨਤਾ ਵੀ ਸਰਕਾਰਾਂ ਤੋਂ ਬੁਰੀ ਤਰਾਂ ਨਿਰਾਸ਼ ਹੋ ਚੁਕੀ ਹੈ। ਦੇਸ਼ ਦੀ ਜਨਤਾ ਨੂੰ ਇਨਕ਼ਲਾਬ ਦੇ ਰਸਤੇ 'ਤੇ ਲਿਆਉਣ ਲਈ ਸਰਗਰਮ ਸੀਪੀਆਈ ਅਤੇ ਸੀਪੀਐਮ ਦੇ ਕਾਰਕੁੰਨ ਸੂਬੇ ਦੇ ਹਰ ਕੋਨੇ ਵਿੱਚ ਸਰਗਰਮ ਹਨ। ਦੋਹਾਂ ਪਾਰਟੀਆਂ ਦੀ ਲੀਡਰਸ਼ਿਪ ਵੀ ਸੂਬੇ ਦੇ ਤੁਫਾਨੀ ਦੌਰੇ ਕਰ ਰਹੀ ਹੈ। ਅਫਸਰਸ਼ਾਹੀ, ਦਿਨ-ਬ-ਦਿਨ ਵਧ ਰਹੀ ਕੁਰੱਪਸ਼ਨ ਅਤੇ ਆਏ ਦਿਨ ਹੋ ਰਹੀਆਂ ਵਧੀਕੀਆਂ ਦੀ ਸਤਾਈ ਹੋਈ ਜਨਤਾ ਇੱਕ ਵਾਰ ਫੇਰ ਖੱਬੀਆਂ ਧਿਰਾਂ ਵੱਲ ਬੜੀਆਂ ਉਮੀਦਾਂ  ਨਾਲ ਦੇਖ ਰਹੀ ਹੈ। ਆਏ ਦਿਨ ਹੋ ਰਹੀਆਂ ਖੁਦਕੁਸ਼ੀਆਂ, ਦਿਨ ਦਿਹਾੜੇ ਵੱਧ ਰਿਹਾ ਜੁਰਮ, ਮਿਹਨਤਾਨਾ ਮੰਗਣ ਤੇ ਮਾਰੇ ਜਾ ਰਹੇ ਦਾਬੇ ਅਤੇ ਹੋਰਨਾਂ ਹਾਲਾਤਾਂ ਨੇ ਇੱਕ ਵਾਰ ਫੇਰ ਇਹੀ ਅਹਿਸਾਸ ਕਰਾਇਆ ਹੈ ਕਿ ਰਾਜਭਾਗ ਦਾ ਆਵਾ ਊਤ-ਇਨਕਲਾਬ ਨੇ ਕਰਨਾ ਸੂਤ। 
17 ਦਸੰਬਰ ਨੂੰ ਲੁਧਿਆਣਾ ਦੀ ਅਨਾਜ ਮੰਡੀ ਵਿੱਚ ਹੋਣ ਵਾਲੀ ਸਾਂਝੀ ਖੱਬੀ ਰੈਲੀ ਇਸ ਇਨਕਲਾਬ ਲਈ ਤਿੱਖੇ ਹੋਏ ਸੰਘਰਸ਼ਾਂ ਦਾ ਹੀ ਐਲਾਨ ਹੋਵੇਗੀ। ਫਾਸ਼ੀਵਾਦ ਅਤੇ ਪੂੰਜੀਵਾਦ ਦੇ ਖਿਲਾਫ ਜ਼ੋਰਦਾਰ ਜੰਗ ਦਾ ਬਿਗਲ ਵਜਾਏਗੀ ਇਹ ਰੈਲੀ।ਹੱਕ ਮੰਗਣ ਵਾਲਿਆਂ ਨੂੰ ਲਾਠੀਆਂ ਗੋਲੀਆਂ ਨਾਲ ਡਰਾਉਣ ਵਾਲਿਆਂ ਖਿਲਾਫ ਇੱਕ ਜ਼ੋਰਦਾਰ ਹੱਲਾ ਬੋਲੇਗੀ ਇਹ ਰੈਲੀ। 
ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਅੱਜ ਸੀਪੀਆਈ ਦੀ ਲੁਧਿਆਣਾ ਐਗਜ਼ੈਕੁਟਿਵ  ਦੇ ਮੈਂਬਰ ਸ਼ਾਮਲ ਹੋਏ। ਤੇਜ਼ੀ ਨਾਲ ਵਧ ਰਹੇ ਆਰਥਿਕ ਪਾੜੇ ਤੋਂ ਚਿੰਤਿਤ ਹੋਏ ਇਹਨਾਂ ਮੈਂਬਰਾ ਨੇ ਲੋਕਾਂ ਨਾਲ ਆਪਣੀ ਇੱਕਜੁੱਟਤਾ ਹੋਰ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ। ਅੱਜ ਦੀ ਮੀਟਿੰਗ ਨੇ ਸੂਬੇ ਅਤੇ ਦੇਸ਼ ਦੇ ਨਾਲ ਨਾਲ ਜ਼ਿਲੇ ਦੇ ਮਸਲੇ ਵੀ ਵਿਚਾਰੇ।
ਇਸ ਮੀਟਿੰਗ ਵਿੱਚ ਆਉਣ ਵਾਲੇ ਲਗਾਤਾਰ ਸੰਘਰਸ਼ਾਂ ਦੀ ਸਫਲਤਾ ਲਈ ਵਿਚਾਰਾਂ ਕੀਤੀਆਂ ਗਈਆਂ। ਅੱਜ ਦੀ ਮੀਟਿੰਗ ਵਿੱਚ ਜਿੱਥੇ 24 ਨਵੰਬਰ ਦੀ ਖੇਤ ਮਜ਼ਦੂਰ ਯੂਨੀਅਨ ਦੀ ਬਠਿੰਡਾ ਰੈਲੀ ਵਿੱਚ ਸ਼ਾਮਲ ਹੋਣ ਅਤੇ ਅਤੇ 27 ਨਵੰਬਰ ਦੇ ਮੋਹਾਲੀ ਵਿੱਚ ਹੋਣ ਵਾਲੇ ਮਜ਼ਦੂਰਾਂ ਮੁਲਾਜ਼ਮਾਂ ਦੇ ਵਿਸ਼ਾਲ ਰੋਸ ਵਖਾਵੇ ਨੂੰ ਸਫਲ ਬਣਾਉਣ ਬਾਰੇ ਵਿਚਾਰਾਂ ਕੀਤੀਆਂ ਉੱਥੇ 17 ਦਸੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਸਾਂਝੀ ਰੈਲੀ ਦੀ ਸਫਲਤਾ ਦਾ ਮੁੱਦਾ ਵੀ ਸਿਰਮੌਰ ਰਿਹਾ। ਸੀਪੀਆਈ ਅਤੇ ਸੀਪੀਐਮ ਦੀ ਇਹ ਸਾਂਝੀ ਰੈਲੀ ਅਸਲ ਵਿੱਚ ਖੱਬੀਆਂ ਧਿਰਾਂ ਦੇ ਏਕੇ ਦਾ ਉਹ ਐਲਾਨ ਹੈ ਜਿਸ ਨੇ ਪੰਜਾਬ ਅਤੇ ਕੇਂਦਰ ਦੀਆਂ ਸੱਤਾਧਾਰੀ ਧਿਰਾਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ।  ਲੁਧਿਆਣਾ ਦੀ ਇਹ ਵਿਸ਼ਾਲ ਰੈਲੀ ਇੱਕ ਵਾਰ ਫੇਰ ਲਾਲ ਹਨੇਰੀ ਦਾ ਅਹਿਸਾਸ ਫਾਸ਼ੀ ਤਾਕਤਾਂ ਨੂੰ ਕਰੇਗੀ।
ਇਸ ਮੌਕੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਨਾ ਤਾਂ ਪੰਜਾਬ ਸਰਕਾਰ ਨੇ ਆਪਣੇ ਮੈਨੀਫੈਸਟੋ ਮੁਤਾਬਿਕ ਲੋਕਾਂ ਦੀ ਕੋਈ ਮੰਗ ਪੂਰੀ ਕੀਤੀ ਹੈ ਅਤੇ ਨਾ ਹੀ ਕੇਂਦਰ ਸਰਕਾਰ ਨੇ ਆਮ ਲੋਕਾਂ ਉੱਤੇ ਵਧ ਰਹੇ ਮਹਿੰਗਾਈ ਦੇ ਬੋਝ ਨੂੰ ਠੱਲ੍ਹ ਪਾਉਣ ਲਈ ਕੋਈ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦਿਨ-ਬ-ਦਿਨ ਉਜੜਦਾ ਜਾ ਰਿਹਾ ਹੈ। ਨੌਜਵਾਨ ਦੇਸ਼ ਛੱਡ ਕੇ ਵਿਦੇਸ਼ਾਂ ਵਲ ਜਾ ਰਹੇ ਹਨ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕਿਰਤੀ ਵਰਗ ਭੁੱਖਾ ਮਰ ਰਿਹਾ ਹੈ।  ਅਧਿਆਪਕ ਅਤੇ ਮੁਲਾਜ਼ਮ ਮਰਨ ਵਰਤਾਂ ‘ਤੇ ਬੈਠੇ ਹਨ। ਮਜ਼ਦੂਰਾਂ ਨੂੰ ਨਾ ਕੰਮ ਮਿਲ ਰਿਹਾ ਹੈ ਅਤੇ ਨਾ ਹੀ ਬਣਦੀ ਮਜ਼ਦੂਰੀ। ਬੇਰੋਜ਼ਗਾਰੀ ਅਤੇ ਆਰਥਿਕ ਪਾੜਾ ਲਗਾਤਾਰ ਵਧ ਰਿਹਾ ਹੈ। ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਸੀਪੀਆਈ ਅਤੇ ਸੀਪੀਐਮ ਦੀ 17 ਦਸੰਬਰ ਵਾਲੀ ਰੈਲੀ ਇੱਕ ਇਤਿਹਾਸਿਕ ਮੋੜ ਸਾਬਿਤ ਹੋਵੇਗੀ ਜਿਸ ਨਾਲ ਸਿਆਸੀ ਸਮੀਕਰਨਾਂ ਦਾ ਇੱਕ ਨਵਾਂ ਲੋਕ ਪੱਖੀ ਰੂਪ ਸਾਹਮਣੇ ਆਵੇਗਾ। ਅੱਜ ਦੀ ਇਸ ਮੀਟਿੰਗ ਵਿੱਚ ਕੁਝ ਸਥਾਨਕ ਮਸਲੇ ਵੀ ਵਿਚਾਰੇ ਗਏ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨਾਲ ਵੱਧ ਰਹੀਆਂ ਵਧੀਕੀਆਂ ਵੀ ਚਰਚਾ ਦਾ ਮੁੱਖ ਕੇਂਦਰ ਰਹੀਆਂ।
ਭਰੋਸੇਯੋਗ ਸੂਤਰਾਂ ਮੁਤਾਬਿਕ ਵੱਖ ਵੱਖ ਮੁਸੀਬਤਾਂ ਦਾ ਸ਼ਿਕਾਰ ਹੋਏ ਆਮ ਗਰੀਬ ਲੋਕ ਸੀਪੀਆਈ ਅਤੇ ਸੀਪੀਆਈ ਨਾਲ ਸਬੰਧਿਤ ਟਰੇਡ ਯੂਨੀਅਨਾਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ। ਪਾਰਟੀ ਨੇ ਲੋਕਾਂ ਨਾਲ ਹੋ ਰਹੀਆਂ ਇਹਨਾਂ ਵਧੀਕੀਆਂ ਦਾ ਵੇਰਵਾ ਇਕੱਤਰ ਕਰ ਲਿਆ ਹੈ। ਇਹਨਾਂ ਚੋਣ ਕਿ ਮਸਲੇ ਅਜਿਹੇ ਵੀ ਹਨ ਜਿਹਨਾਂ ਨੂੰ ਸਬੰਧਤ ਅਧਿਕਾਰੀਆਂ ਕੋਲ ਉਠਾਇਆ ਵੀ ਗਿਆ ਹੈ। ਇਹਨਾਂ ਵਧੀਕੀਆਂ ਦੀ ਲਿਸਟ ਕਿਸੇ ਵੀ ਵੇਲੇ ਜਾਰੀ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਦੱਸਿਆ ਜਾਏਗਾ ਕਿ ਕਿਸਤਰਾਂ ਸਰਕਾਰੀ ਮਹਿਕਮੇ ਲੋਕਾਂ ਨੂੰ ਖੱਜਲਖੁਆਰ ਕਰਕੇ ਉਹਨਾਂ ਦੀਆਂ ਦਿਹਾੜਿਆਂ ਵੀ ਤੋੜਦੇ ਹਨ ਅਤੇ ਉਹਨਾਂ ਨਾਲ ਹਰਾਸਮੈਂਟ ਵੀ ਕਰਦੇ ਹਨ। 

Friday, November 9, 2018

96 ਕਰੋੜ ਦੀਆਂ ਗੱਡੀਆਂ ਲਈ ਪੈਸੇ ਹਨ ਪਰ ਲੋਕਾਂ ਲਈ ਖਜ਼ਾਨਾ ਖਾਲੀ?

Nov 9, 2018, 5:53 PM
ਸੀਪੀਆਈ ਲੋਕ ਯੁੱਧ ਲਈ ਫਿਰ ਨਿੱਤਰੀ ਮੈਦਾਨ ਵਿੱਚ 
ਚੰਡੀਗੜ੍ਹ: 09 ਨਵੰਬਰ 2018 (ਕਾਮਰੇਡ ਸਕਰੀਨ ਡੈਸਕ)::
ਸੀਪੀਆਈ ਦੀ ਪੰਜਾਬ ਟੀਮ ਫਿਰ ਸਰਗਰਮ ਹੈ। ਇਸ ਵਾਰ ਕਿਸਾਨੀ ਮੰਗਾਂ ਦੇ ਨਾਲ ਨਾਲ ਸ਼ਹਿਰੀ ਲੋਕਾਂ ਦੇ ਮਸਲਿਆਂ ਨੂੰ ਵੀ ਸ਼ਿੱਦਤ ਨਾਲ ਉਠਾਇਆ ਗਿਆ ਹੈ। ਸੀਪੀਆਈ ਦੀ ਪੰਜਾਬ ਸੂਬਾ ਕਾਰਜਕਾਰਣੀ ਨੇ ਪੰਜਾਬ ਸਰਕਾਰ ਦੇ ਉਹਨਾਂ ਬਹਾਨਿਆਂ ਦਾ ਵੀ ਪਰਦਾਫਾਸ਼ ਕੀਤਾ ਹੈ ਜਿਹਨਾਂ ਅਧੀਨ ਕਿਹਾ ਜਾਂਦਾ ਹੈ ਕਿ ਸਾਡਾ ਤਾਂ ਖਜ਼ਾਨਾ ਹੀ ਖਾਲੀ ਹੈ। ਸੂਬਾ ਐਗਜ਼ੈਕੁਟਿਵ ਕਮੇਟੀ ਨੇ ਕਿਹਾ  ਜੇ ਖਜ਼ਾਨਾ ਖਾਲੀ ਹੈ ਤਾਂ ਮੰਤਰੀਆਂ ਦੀ ਸੁਰੱਖਿਆ ਦੇ ਨਾਂਅ ਹੇਠ 96 ਕਰੋੜ ਦੀਆਂ ਗੱਡੀਆਂ ਕਿੱਥੋਂ ਖਰੀਦੀਆਂ ਜਾ ਰਹੀਆਂ ਹਨ? ਹਾਲ ਹੀ ਵਿੱਚ ਲੁਧਿਆਣਾ 'ਚ ਹੋਈ ਮੀਟਿੰਗ ਮਗਰੋਂ ਇਸ ਮੁਹਿੰਮ ਦੀ ਸਫਲਤਾ ਲਈ ਸਥਾਨਕ ਮੀਟਿੰਗ ਦਾ ਸਿਲਸਿਲਾ ਵੀ ਤੂਫ਼ਾਨੀ ਪੱਧਰ 'ਤੇ ਤੇਜ਼ ਕਰ ਦਿੱਤਾ ਗਿਆ ਹੈ। 
ਇਸ ਮੀਟਿੰਗ ਦੌਰਾਨ ਮੰਡੀਆਂ ਵਿੱਚ ਹੋ ਰਹੀ ਕਿਸਾਨਾਂ ਦੀ ਖੱਜਲ ਖੁਆਰੀ ਅਤੇ ਲੁੱਟ ਖਸੁੱਟ ਦਾ ਮਾਮਲਾ ਪਹਿਲ ਦੇ ਅਧਾਰ 'ਤੇ ਉਠਾਇਆ ਗਿਆ। ਸੀਪੀਆਈ ਦੀ ਪੰਜਾਬ ਸੂਬਾ ਕਾਰਜਕਾਰਣੀ ਨੇ ਝੋਨੇ ਦੀ ਕਥਿਤ ਵਧੇਰੇ ਸਲਾਭ ਦੇ ਨਾਂ ਉਤੇ ਕਿਸਾਨਾਂ ਦੀ ਮੰਡੀਆਂ ਵਿਚ ਹੁੰਦੀ ਖੱਜਲ ਖੁਆਰੀ ਲਈ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਇਕ ਤਾਂ ਬਾਰਸ਼ਾਂ ਲੇਟ ਹੋਈਆਂ ਅਤੇ ਬਰਸਾਤਾਂ ਦਾ ਇਹ ਮੌਸਮ ਖਤਮ ਵੀ ਲੇਟ ਹੋਇਆ।  ਦੂਜਾ ਸਰਕਾਰ ਦੇ ਸੁਝਾਅ ਅਤੇ ਦਬਾਅ ਕਾਰਨ ਝੋਨਾ ਬੀਜਿਆ ਵੀ ਲੇਟ ਗਿਆ ਸੀ। ਇਸ ਲਈ ਝੋਨੇ ਵਿਚ ਨਮੀ ਮੁਕਾਬਲਤਨ ਮਾਮੂਲੀ ਜਿਹੀ ਜ਼ਿਆਦਾ ਹੈ ਜਿਸ ਵਿਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈ।
ਇਸ ਮਸਲੇ ਸਬੰਧੀ ਪਾਸ ਕੀਤੇ ਗਏ ਮਤੇ ਵਿੱਚ ਕਿਸਾਨਾਂ ਦੀ ਡਟਵੀਂ ਹਮਾਇਤ ਕੀਤੀ ਗਈ। ਸੀਪੀਆਈ ਦੇ ਸੂਬਾ ਸਕੱਤਰ ਨੇ ਦੱਸਿਆ ਕਿ ਪਾਰਟੀ ਮੰਗ ਕਰਦੀ ਹੈ ਕਿ ਝੋਨੇ ਦੀ ਨਮੀ ਦਾ ਮਾਪਦੰਡ 17 ਫੀਸਦੀ ਦੀ ਥਾਂ 24 ਫੀਸਦੀ ਕੀਤਾ ਜਾਵੇ। ਇਸ ਤੋਂ ਇਲਾਵਾ ਨਮੀ ਨੂੰ ਸੁਕਾਉਣ ਲਈ ਕਿਸਾਨਾਂ ਨੂੰ ਪ੍ਰਤਿ ਬੋਰੀ 15 ਰੁਪਏ ਦਾ ਵਾਧੂ ਖਰਚਾ ਪੈ ਰਿਹਾ ਹੈ। ਇਕ ਤਾਂ ਕਿਸਾਨ ਦੀ ਫਸਲ ਖਰੀਦੀ ਨਹੀਂ ਜਾ ਰਹੀ, ਦੂਜਾ ਉਹਨਾਂ ਉਤੇ ਵਾਧੂ ਹੋਰ ਬੋਝ ਪੈ ਰਿਹਾ ਹੈ।
ਸੀਪੀਆਈ ਪੰਜਾਬ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਇਸ ਮੀਟਿੰਗ ਦੇ ਫੈਸਲਿਆਂ ਤੋਂ ਮੀਡੀਆ ਨੂੰ ਜਾਣੂ ਕਰਾਇਆ। ਜ਼ਿਕਰਯੋਗ ਹੈ ਕਿ ਪਾਰਟੀ ਦੀ ਇਹ ਮੀਟਿੰਗ ਲੁਧਿਆਣਾ ਵਿਖੇ ਸਾਥੀ ਜਗਜੀਤ ਸਿੰਘ ਜੋਗਾ ਦੀ ਪ੍ਰਧਾਨਗੀ ਹੇਠ ਹੋਈ ਸੀ। ਸੂਬਾ ਕਾਰਜਕਾਰਣੀ ਦੀ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸਾਥੀ ਬਰਾੜ ਨੇ ਦਸਿਆ ਕਿ ਪਾਰਟੀ ਲੋਕਾਂ ਦੇ ਮਸਲਿਆਂ ਨੂੰ ਉਠਾਉਣ ਵਿੱਚ ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਇਤਿਹਾਸ ਰਚੇਗੀ। ਉਹਨਾਂ ਦੱਸਿਆ ਕਿ ਕਾਰਜਕਾਰਣੀ ਨੇ ਇਕ ਹੋਰ ਮਤਾ ਪਾਸ ਕਰਕੇ ਪੰਜਾਬ ਵਿਚ ਫਿਰ ਬੱਸਾਂ ਦੇ ਕਿਰਾਏ ਵਧਾਏ ਜਾਣ ਦੀ ਵੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਸਾਲ ਵਿਚ ਕਈ ਵਾਰ ਇਹ ਕਿਰਾਏ ਵਧਾ ਕੇ ਆਮ ਲੋਕਾਂ ਦੀਆਂ ਜੇਬਾਂ ਉਤੇ ਕੱਟ ਮਾਰੀ ਗਈ ਹੈ। ਨਾਲੇ ਥੋੜਾ ਚਿਰ ਪਹਿਲਾਂ ਹੀ ਬਿਜਲੀ ਦੇ ਰੇਟ ਵਧਾਏ ਗਏ ਹਨ। ਪਾਰਟੀ ਨੇ ਕਿਹਾ ਕਿ ਦੂਜੇ ਪਾਸੇ ਮੰਤਰੀਆਂ ਦੀ ਸੁਰਖਿਆ ਦੇ ਝੂਠੇ ਬਹਾਨੇ ਨਾਲ 96 ਕਰੋੜ ਦੀਆਂ ਨਵੀਆਂ ਗੱਡੀਆਂ ਖਰੀਦੀਆਂ ਜਾ ਰਹੀਆਂ ਹਨ। ਪਾਰਟੀ ਮੰਗ ਕਰਦੀ ਹੈ ਕਿ ਕਿਰਾਏ ਵਧਾਉਣ ਦਾ ਇਹ ਫੈਸਲਾ ਵਾਪਸ ਲਿਆ ਜਾਵੇ ਅਤੇ ਸਰਕਾਰੀ ਖਜ਼ਾਨੇ ਦੀ ਮੰਤਰੀਆਂ ਵਿਧਾਇਕਾਂ ਵਲੋਂ ਲੁੱਟ-ਖਸੁੱਟ ਬੰਦ ਕੀਤੀ ਜਾਵੇ।
ਸਾਥੀ ਬਰਾੜ ਨੇ ਅਗੇ ਦਸਿਆ ਕਿ ਸੂਬਾ ਕਾਰਜਕਾਰਣੀ ਨੇ ਮੰਗ ਕੀਤੀ ਕਿ ਪਟਿਆਲੇ ਵਿਚ ਸਾਂਝਾ ਅਧਿਆਪਕ ਮੋਰਚਾ ਦੇ ਝੰਡੇ ਹੇਠ ਤਕਰੀਬਨ ਇਕ ਮਹੀਨੇ ਤੋਂ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਪੂਰੇ ਸਕੇਲਾਂ ਨਾਲ ਰੈਗੂਲਰ ਕੀਤਾ ਜਾਵੇ ਅਤੇ 45 ਹਜ਼ਾਰ ਰੁੁਪੈ ਤੋਂ ਵਧ ਤਨਖਾਹ ਲੈਣ ਵਾਲੇ ਅਧਿਆਪਕਾਂ ਨੂੰ ਪੰਦਰਾਂ ਹਜ਼ਾਰ ਰੁਪੈ ਉਤੇ ਰੈਲੂਗਰ ਕਰਨ ਦਾ ਕੋਝਾ ਮਜ਼ਾਕ ਬੰਦ ਕੀਤਾ ਜਾਵੇ।
ਸਾਥੀ ਬਰਾੜ ਨੇ ਅਗੇ ਦਸਿਆ ਕਿ ਕਾਰਜਕਾਰਣੀ ਨੇ ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ ਅਤੇ ਲੋਕ ਮੰਗਾਂ ਲਈ  17 ਦਸੰਬਰ ਨੂੰ ਲੁਧਿਆਣਾ ਵਿਖੇ  ਹੋਣ ਵਾਲੀ ਸਾਂਝੀ ਵਿਸ਼ਾਲ ਰਾਜਸੀ ਰੈਲੀ ਅਤੇ ਇਸਦੀ ਤਿਆਰੀ ਲਈ ਸੀਪੀਆਈ, ਸੀਪੀਆਈ(ਐਮ) ਵਲੋੱ 15 ਨਵੰਬਰ ਤੋਂ 21 ਨਵੰਬਰ ਤਕ ਚਲਾਏ ਜਾਣ ਵਾਲੇ ਸਾਂਝੇ ਜਥਾ ਮਾਰਚਾਂ ਦੇ ਪਰੋਗਰਾਮ ਨੂੰ ਅੰਤਮ ਛੋਹਾਂ ਦਿਤੀਆਂ ਅਤੇ ਸਾਰੇ ਜ਼ਿਲਿਆਂ ਨੂੰ ਕਿਹਾ ਕਿ ਆਪਣੀਆਂ ਸਾਂਝੀਆਂ ਜ਼ਿਲਾ ਮੀਟਿੰਗਾਂ ਕਰਕੇ ਦਿਤੀਆਂ ਤਰੀਕਾਂ ਉਤੇ ਠੀਕ ਕਿਸ ਥਾਂ ਉਤੇ ਕਿੰਨੇ ਵਜੇ ਜਥੇ ਦੇ ਸੁਆਗਤ ਵਿਚ ਪਰੋਗਰਾਮ ਕੀਤਾ ਜਾਣਾ ਹੈ ਬਾਰੇ ਫੈਸਲਾ ਕਰ ਲੈਣ। ਕਾਰਜਕਾਰਣੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਦੀ ਮੈਂਬਰਸ਼ਿਪ ਦੇ ਬਰਾਬਰ ਰੈਲੀ ਵਿਚ ਸੀਪੀਆਈ ਦੇ ਸਾਥੀ ਲਾਮਬੰੰਦ ਕਰਕੇ ਲਿਆਂਦੇ ਜਾਣਗੇ। ਇਸਦੇ ਖਰਚੇ ਲਈ ਵਿਸ਼ੇਸ਼ ਰੈਲੀ ਫੰਡ ਦੇ ਕੋਟੇ ਵੀ ਲਾਏ    ਗਏ।  
ਕਾਰਜਕਾਰਣੀ ਨੇ ਇਹ 24-25 ਨਵੰਬਰ ਨੂੰ ਹੋ ਰਹੀ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਬਠਿੰਡਾ ਵਿਖੇ ਗੋਲਡਨ ਜੁਬਲੀ ਸਮਾਗਮ, ਏਟਕ ਵਲੋਂ ਹੋ ਰਹੀ 27 ਨਵੰਬਰ ਨੂੰ ਸਾਂਝੀ ਮੋਹਾਲੀ ਰੈਲੀ ਅਤੇ ਕਿਸਾਨਾਂ ਵਲੋਂ 30 ਨਵੰਬਰ ਨੂੰ ਹੋ ਰਹੀ ਸਾਂਝੀ ਦਿੱਲੀ ਕਿਸਾਨ ਰੈਲੀ ਦਾ ਸਮਰਥਨ ਕੀਤਾ ਅਤੇ ਪਾਰਟੀ ਇਕਾਈਆਂ ਨੂੰ ਉਹਨਾਂ ਦੀ ਹਰ ਪਖੋਂ ਮਦਦ ਕਰਨ ਦੀ ਅਪੀਲ ਕੀਤੀ।
ਮੀਟਿੰਗ ਵਿਚ ਹੋਈ ਵਿਚਾਰ ਚਰਚਾ ਵਿਚ ਸੂਬਾ ਕਾਰਜਕਾਰਣੀ ਮੈਂਬਰਾਂ ਅਤੇ ਜ਼ਿਲਾ ਸਕੱਤਰਾਂ ਤੋਂ ਇਲਾਵਾ ਸਰਵਸਾਥੀ ਬੰਤ ਬਰਾੜ, ਡਾ. ਜੋਗਿੰਦਰ ਦਿਆਲ, ਹਰਦੇਵ  ਸਿੰਘ ਅਰਸ਼ੀ, ਜਗਜੀਤ ਸਿੰਘ ਜੋਗਾ, ਭੂਪਿੰਦਰ ਸਾਂਬਰ ਨੇ ਭਾਗ ਲਿਆ ਅਤੇ ਫੈਸਲੇ ਸਰਬਸੰਮਤੀ ਨਾਲ ਕੀਤੇ ਗਏ।