Sunday, February 27, 2022

ਸਾਥੀ ਹਰਕੰਵਲ ਸਿੰਘ ਦੀ ਮਾਤਾ ਦਾ ਦਿਹਾਂਤ

ਪਾਸਲਾ ਅਤੇ ਹੋਰਨਾਂ ਨੇ ਦੁੱਖ ਸਾਂਝਾ ਕੀਤਾ

ਜਲੰਧਰ: 27 ਫਰਵਰੀ 2022: (ਕਾਮਰੇਡ ਸਕਰੀਨ ਬਿਊਰੋ)::
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਦੇ ਮਾਤਾ ਰਤਨ ਕੌਰ(110 ਸਾਲ) ਸਦੀਵੀਂ ਵਿਛੋੜਾ ਦੇ ਗਏ ਹਨ।
ਮਾਤਾ ਜੀ ਦਿਹਾਂਤ 'ਤੇ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੂਬਾ ਪ੍ਰਧਾਨ 'ਤੇ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਅਤੇ ਪਰਗਟ ਸਿੰਘ ਜਾਮਾਰਾਏ, 'ਸੰਗਰਾਮੀ ਲਹਿਰ' ਦੇ ਸੰਪਾਦਕੀ ਮੰਡਲ ਵੱਲੋਂ ਸਾਥੀ ਮਹੀਪਾਲ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਸਾਥੀ ਦਰਸ਼ਨ ਨਾਹਰ ਤੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ, ਸੀਟੀਯੂ ਪੰਜਾਬ ਦੇ ਪ੍ਰਧਾਨ ਵਿਜੈ ਮਿਸ਼ਰਾ ਤੇ ਜਨਰਲ ਸਕੱਤਰ ਸਾਥੀ ਨੱਥਾ ਸਿੰਘ, ਨੌਜਵਾਨ ਆਗੂ ਧਰਮਿੰਦਰ ਸਿੰਘ ਸਿੰਬਲੀ ਅਤੇ ਦਫਤਰ ਇੰਚਾਰਜ ਸਾਥੀ ਗੁਰਦਰਸ਼ਨ ਬੀਕਾ, 'ਮੁਲਾਜ਼ਮ ਲਹਿਰ' ਦੇ ਸੰਪਾਦਕ ਮੰਡਲ ਵੱਲੋਂ ਸਾਥੀ ਵੇਦ ਪ੍ਰਕਾਸ਼ ਸ਼ਰਮਾ, ਪਸਸਫ ਦੇ ਪ੍ਰਧਾਨ ਸਤੀਸ਼ ਰਾਣਾ ਤੇ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਸਮੇਤ ਅਨੇਕਾਂ ਸਿਆਸੀ ਹਸਤੀਆਂ ਤੇ ਜਨਤਕ ਆਗੂਆਂ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਦਾ ਦੁੱਖ ਵੰਡਿਆਇਆ ਹੈ।
ਆਗੂਆਂ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਜਮਹੂਰੀ ਸੰਘਰਸ਼ਾਂ ਦੀ ਕਾਮਯਾਬੀ ਲਈ ਉਨ੍ਹਾਂ ਦੇ ਯੋਗਦਾਨ ਨੂੰ ਆਦਰ ਸਹਿਤ ਯਾਦ ਕੀਤਾ ਹੈ।
ਮਾਤਾ ਜੀ ਨਮਿੱਤ ਅੰਤਮ ਅਰਦਾਸ 9 ਮਾਰਚ ਨੂੰ ਪਿੰਡ ਮੁਰਾਦਪੁਰ, ਜਿਲ੍ਹਾ ਹੁਸ਼ਿਆਰਪੁਰ ਵਿਖੇ ਹੋਵੇਗੀ।
ਜਾਰੀ ਕਰਤਾ: ਮਹੀਪਾਲ (99153-12806)

Sunday, February 20, 2022

ਇਹ ਹੁੰਦੀ ਹੈ ਅਸਲੀ ਕਾਮਰੇਡੀ ਹਿੰਮਤ

ਇਹ ਹੁੰਦਾ ਹੈ ਅਸਲੀ ਕਾਮਰੇਡੀ ਰੰਗ 

ਬਿਮਾਰੀ ਦੇ ਬਾਵਜੂਦ ਚੜ੍ਹਦੀਕਲਾ ਵਿੱਚ ਕਾਮਰੇਡ ਗੁਰਨਾਮ ਸਿੱਧੂ ਰਿਸ਼ੀ ਨਗਰ ਵਿੱਚ ਆਪਣੇ ਨਿਵਾਸ ਵਿਖੇ 

ਲੁਧਿਆਣਾ: 19 ਫਰਵਰੀ 2022: (ਕਾਮਰੇਡ ਸਕਰੀਨ ਬਿਊਰੋ):: 

ਜ਼ਿੰਦਗੀ ਦੀਆਂ ਗਰਦਿਸ਼ਾਂ ਦਾ ਸਾਹਮਣਾ ਮੁਸਕਰਾ ਕੇ ਕਰਨਾ ਕੋਈ ਸੌਖਾ ਨਹੀਂ ਹੁੰਦਾ ਪਰ ਮੈਂ ਅਜਿਹੇ ਕਈ ਕਾਮਰੇਡ ਦੇਖੇ ਹਨ ਜਿਹਨਾਂ ਨੇ ਨਾ ਸਿਰਫ ਹੱਸ ਕੇ ਮੁਸੀਬਤਾਂ ਝੱਲੀਆਂ ਬਲਕਿ ਮੁਸੀਬਤਾਂ ਦੀਆਂ ਹਨੇਰੀਆਂ ਨੂੰ ਬਾਜ਼ ਵਾਂਗ ਆਪਣੀ ਸਵਾਰੀ ਵੀ ਬਣਾਇਆ। ਅਜਿਹੇ ਕਾਮਰੇਡਾਂ ਵਿੱਚੋਂ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਵੀ ਸਨ, ਕਾਮਰੇਡ ਮਦਨ ਲਾਲ ਦੀਦੀ ਵੀ ਅਤੇ ਕੁਝ ਹੋਰ ਵੀ। ਮੌਜੂਦਾ ਦੌਰ ਵਿਚ ਜੇ ਲੁਧਿਆਣਾ ਵੱਲ ਨਜ਼ਰ ਮਾਰੀਏ ਤਾਂ ਕਾਮਰੇਡ ਕਰਤਾਰ ਬੁਆਣੀ, ਡਾਕਟਰ ਅਰੁਣ ਮਿੱਤਰਾ, ਕਾਮਰੇਡ ਰਮੇਸ਼ ਰਤਨ ਅਤੇ ਕਾਮਰੇਡ ਗੁਰਨਾਮ ਸਿੱਧੂ ਹੁਰਾਂ ਵਿੱਚ ਵੀ ਇਹੀ ਖੂਬੀਆਂ ਹਨ। ਨਿਊਰੋ ਸਰਜਰੀ ਮਗਰੋਂ ਪੈਦਾ ਹੋਈ ਬੇਬਸੀ ਵੀ ਕਾਮਰੇਡ ਗੁਰਨਾਮ ਸਿੱਧੂ ਹੁਰਾਂ ਦੀ ਮੁਸਕਰਾਹਟ ਅਤੇ ਹਿੰਮਤ ਨੂੰ ਨਹੀਂ ਖੋਹ ਸਕੀ। ਉਹ ਹੁਣ ਵੀ ਸ਼ਾਇਰੀ ਦੀ ਗੱਲ ਕਰਦੇ ਹਨ। ਗੀਤ ਦੀ ਗੱਲ ਕਰਦੇ ਹਨ। ਜ਼ਫ਼ਰਨਾਮੇ ਦੀ ਗੱਲ ਕਰਦੇ ਹਨ। ਕਵਿਤਾ ਦਾ ਜ਼ਿਕਰ ਛਿੜਦਿਆਂ ਹੀ ਉਹ ਯਾਦ ਕਰਾਉਂਦੇ ਹਨ ਹਰਿਭਜਨ ਸਿੰਘ (ਡਾ.) ਦੀ ਗੱਲ ਅਤੇ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਦੀ ਇੱਕ ਲਿਖਤ। 

ਪ੍ਰਿੰਸੀਪਲ ਸਰਵਣ ਸਿੰਘ ਇਸ ਮਹਾਨ ਸ਼ਾਇਰ ਦੀ ਗੱਲ ਕਰਦਿਆਂ ਆਪਣੀ ਲਿਖਤ ਵਿੱਚ ਦੱਸਦੇ ਹਨ-ਏਨਾ ਕੁਝ ਛਪਵਾ ਲੈਣ ਦੇ ਬਾਵਜੂਦ ਉਹ ਦੱਸਦਾ ਹੁੰਦਾ ਸੀ ਕਿ ਉਹਦਾ ਲਿਖਿਆ ਬਹੁਤ ਕੁਝ ਗੁਆਚ ਗਿਆ ਤੇ ਕੁਝ ਲਿਖਿਆ ਹੋਇਆ ਛਪਣ ਖੁਣੋਂ ਰਹਿ ਗਿਆ! ਉਹ ਲਿਖਦਾ ਹੈ, “ਬਹੁਤ ਕੁਝ ਤਾਂ ਮੈਂ ਲਾਹੌਰ ਹੀ ਛੱਡ ਆਇਆ ਸਾਂ, ਆਪਣੇ ਨਾਲ ਦਿੱਲੀ ਲਿਆਉਣ ਦੀ ਲੋੜ ਮਹਿਸੂਸ ਨਾ ਕੀਤੀ। ਇਕ ਤਾਂ ਆਪਣੀ ਯਾਦ-ਸ਼ਕਤੀ ਹੀ ਮੈਨੂੰ ਪੂਰਬ-ਲਿਖੇ ਦੀ ਸੰਭਾਲ ਵੱਲ ਧਿਆਨ ਨਹੀਂ ਸੀ ਦੇਣ ਦੇਂਦੀ। ਦੂਜੇ ਅਚੇਤ ਜਿਹਾ ਅਹਿਸਾਸ ਸੀ ਕਿ ਗੁਆਚ ਗਏ ਦਾ ਫਿਕਰ ਨਾ ਕਰ, ਹੋਰ ਰਚ ਲਵਾਂਗਾ: 

ਡੁਲ੍ਹ ਜਾਣ ਦੇ, ਰੁਲ ਜਾਣ ਦੇ, ਗੁਮਦਾ ਹੈ ਜੋ ਗੁਮ ਜਾਣ ਦੇ

ਮੁਕਣੀ ਨਹੀਂ ਇਹ ਦਾਸਤਾਂ, ਹਰ ਦਮ ਕਹਾਣੀ ਹੋਰ ਹੈ। 

ਦਰਿਆ ਤੋਂ ਪਹਿਲਾਂ ਦੌੜ ਕੇ ਪਹੁੰਚਾਂਗੇ ਸਾਗਰ ‘ਤੇ ਅਸੀਂ

ਇਸ ਦੇ ਕਦਮ ਵੀ ਤੇਜ਼ ਪਰ ਆਪਣੀ ਰਵਾਨੀ ਹੋਰ ਹੈ। 

ਕਿਉਂ ਰੋਕਦੈਂ ਨਾਦਾਨੀਆਂ, ਨਾਸਮਝ ਨਾਫ਼ਰਮਾਨੀਆਂ

ਉਮਰਾ ਸਿਆਣੀ ਵਾਲਿਆ ਉਮਰਾ ਅੰਝਾਣੀ ਹੋਰ ਹੈ। 

ਕਲ੍ਹ ਵੀ ਗੁਨਾਹ ਕਰਨੇ ਅਸੀਂ, ਉਸ ਤੋਂ ਵਧ ਅੱਜ ਕਰਨ ਦੇ

ਬੀਬਾ ਜਵਾਨੀ ਹੋਰ ਹੈ ਚੜ੍ਹਦੀ ਜਵਾਨੀ ਹੋਰ ਹੈ। 

ਲੈ ਤਾਰਿਆਂ ਦੀ ਮੁੱਠ ਲੈ ਜਾ ਆਪਣੇ ਘਰ ਵਾਸਤੇ

ਸਾਡਾ ਫਿ਼ਕਰ ਨਾ ਕਰ ਕਿ ਦੌਲਤ ਆਸਮਾਨੀ ਹੋਰ ਹੈ।

ਏਨੀ ਸਮਰਥ ਸ਼ਾਇਰੀ ਵਾਲੇ ਸ਼ਾਇਰ ਦੀਆਂ ਕਿਤਾਬਾਂ ਛਪਣਾ ਵੀ ਸੌਖਾ ਨਹੀਂ ਸੀ। ਪ੍ਰਿੰਸੀਪਲ,ਸ੍ਰਵਨ ਸਿੰਘ ਇਸ ਸਬੰਧੀ ਦੱਸਦਿਆਂ ਲਿਖਦੇ ਹਨ-ਧੁਰੋਂ ਵਰੋਸਾਏ ਇਸ ਕਵੀ/ਲੇਖਕ ਦੀਆਂ ਪਹਿਲੀਆਂ ਪੁਸਤਕਾਂ ਸੌਖੀਆਂ ਨਹੀਂ ਸਨ ਛਪੀਆਂ। ਮੁਫ਼ਤ ਕਿਤਾਬ ਛਾਪਣ ਵਾਲਾ ਪ੍ਰਕਾਸ਼ਕ ਤਾਂ ਕੋਈ ਹੈ ਨਹੀਂ ਸੀ। ਪਹਿਲੀ ਕਿਤਾਬ ਛਪਵਾਉਣ ਦਾ ਖਰਚਾ 1956 ਵਿਚ ਚਾਰ-ਪੰਜ ਸੌ ਰੁਪਏ ਦਾ ਸੀ। ਉਹਨੀ ਦਿਨੀਂ ਏਨੀ ਰਕਮ ‘ਕੱਠੀ ਕਰਨੀ ਸੌਖੀ ਨਹੀਂ ਸੀ। ਦੋ ਸੌ ਦੋਸਤਾਂ ਤੋਂ ਫੜੇ ਤੇ ਤਿੰਨ ਸੌ ਪ੍ਰਾਵੀਡੈਂਟ ਫੰਡ ‘ਚੋਂ ਕਢਾਏ। ਦੂਜੀ ਕਿਤਾਬ ‘ਤਾਰ-ਤੁਪਕਾ’ ਵੀ ਆਪਣੇ ਖਰਚ ‘ਤੇ ਛਾਪਣੀ ਪਈ। ਦੁਬਾਰਾ ਮੰਗ-ਪਿੰਨ ਕੇ ਪੈਸਿਆਂ ਦਾ ਜੁਗਾੜ ਕੀਤਾ। ਤੀਜੀ ਕਿਤਾਬ ‘ਅਧਰੈਣੀ’ ਮੋਹਨ ਸਿੰਘ ਨੇ ਮੁਫ਼ਤ ਛਾਪੀ ਤਾਂ ਅਗਲੀਆਂ ਪੁਸਤਕਾਂ ਛਪਣ ਦਾ ਰਾਹ ਹਮਵਾਰ ਹੋ ਗਿਆ। ਉਸ ਦਾ ਕਥਨ ਹੈ, “ਪੰਜਾਬੀ ਕਵਿਤਾ ਕਮਾਈ ਵਾਲਾ ਧੰਦਾ ਨਹੀਂ, ਫ਼ਕੀਰੀ ਦੀ ਮੌਜ ਹੈ।”

ਉਹਦੀਆਂ ਕਵਿਤਾ ਦੀਆਂ ਲਗਭਗ ਸਾਰੀਆਂ ਹੀ ਕਿਤਾਬਾਂ ਭਾਪਾ ਪ੍ਰੀਤਮ ਸਿੰਘ ਨੇ ਛਾਪੀਆਂ। ‘ਟੁੱਕੀਆਂ ਜੀਭਾਂ ਵਾਲੇ’ ਸੰਗ੍ਰਹਿ ਐਮਰਜੈਂਸੀ ਦੀਆਂ ਕਵਿਤਾਵਾਂ ਨਾਲ ਸੰਬੰਧਿਤ ਸੀ। ਇਹ ਸੰਗ੍ਰਹਿ ਛਾਪਣ ਬਾਰੇ ਉਸ ਨੇ ਭਾਪੇ ਨੂੰ ਬੇਨਤੀ ਕਰਨੀ ਉਚਿਤ ਨਾ ਸਮਝੀ। ਇਕ ਤਾਂ ਉਹ ਭਾਪੇ ਤੋਂ ਨਾਂਹ ਨਹੀਂ ਸੀ ਕਹਾਉਣੀ ਚਾਹੁੰਦਾ, ਦੂਜੇ ਉਹਨੂੰ ਕਿਸੇ ਸੰਕਟ ਵਿਚ ਨਹੀਂ ਸੀ ਪਾਉਣਾ ਚਾਹੁੰਦਾ। ਸੰਨ ਚੁਰਾਸੀ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਛਾਪਣ ਲਈ ਵੀ ਉਹ ਭਾਪਾ ਪ੍ਰੀਤਮ ਸਿੰਘ ਨੂੰ ਨਾ ਕਹਿ ਸਕਿਆ ਜੋ ਅਜੇ ਤਕ ਅਣਛਪਿਆ ਪਿਆ ਹੈ।

ਉਸ ਨੇ ਲਿਖਿਆ, “ਮੇਰੀ ਕਵਿਤਾ ਦਾ ਮੂਲ ਆਧਾਰ ਬਿੰਬ ਹੈ। ਇਹੋ ਮੇਰੀ ਸ਼ਕਤੀ ਹੈ ਤੇ ਸ਼ਾਇਦ ਇਹੋ ਮੇਰੀ ਸੀਮਾ ਹੈ। ਮੈਂ ਸਿਧਾਂਤ ਦੀ ਨੀਂਹ ਉਪਰ ਆਪਣੀ ਕਵਿਤਾ ਦੀ ਉਸਾਰੀ ਨਹੀਂ ਕਰ ਸਕਦਾ। ਮੈਂ ਬਿੰਬ ਨੂੰ ਉਡੀਕਦਾ ਹਾਂ...ਮੇਰੇ ਬਿੰਬ ਦਾ ਸੁਭਾਅ ਨਾਟਕੀ ਹੈ...ਮੈਂ ਮਾਂਗਵੇਂ ਸਿਧਾਂਤ ਨੂੰ ਆਪਣੀ ਕਵਿਤਾ ਦਾ ਆਧਾਰ ਨਹੀਂ ਬਣਾ ਸਕਦਾ, ਉਹ ਭਾਵੇਂ ਕਿੰਨਾ ਵੀ ਮੁੱਲਵਾਨ ਕਿਉਂ ਨਾ ਹੋਵੇ।”

ਪ੍ਰਿੰਸੀਪਲ ਸ੍ਰਵਨ ਸਿੰਘ ਦੀ ਲਿਖਤ ਬਾਰੇ ਪਤਾ ਲੱਗਣ ਤੇ ਮੈਨੂੰ ਇਹੀ ਮਹਿਸੂਸ ਹੋਇਆ ਕਿ ਡਾ. ਹਰਿਭਜਨ ਸਿੰਘ ਵਿੱਚ ਵੀ ਕਾਮਰੇਡੀ ਹਿੰਮਤ ਸੀ। ਬਾਕਾਇਦਾ ਇੱਕ ਕਾਮਰੇਡੀ ਰੰਗ ਸੀ। ਅਜਿਹਾ ਰੰਗ ਜਿਹੜਾ ਸਾਰੀ ਸਾਰੀ ਉਮਰ ਕਾਮਰੇਡ ਰਹਿ ਕਿ ਵੀ ਬਹੁਤਿਆਂ ਵਿੱਚ ਨਹੀਂ ਸੀ ਆ ਸਕਿਆ।  ਬਹੁਤੇ ਤਾਂ ਐਵੇਂ ਹੀ ਕਾਮਰੇਡ ਬਣ ਗਏ ਸਨ। ਉਹਨਾਂ ਦੇ ਰੰਗ ਢੰਗ ਨਹੀਂ ਸਨ ਬਦਲੇ।   ਬਿੱਲੀ ਵੱਲੋਂ ਰਸਤਾ ਕੱਟ ਜਾਣ ਤੇ ਉਹ ਕੁਝ ਦੇਰ ਰੁਕ ਜਾਂਦੇ, ਘਰੋਂ ਨਿਕਲਣ ਲਗਿਆ ਨਿੱਛ ਆ ਜਾਣ ਤੇ ਵੀ ਉਹ ਰੁਕਣਾ ਠੀਕ ਸਮਝਦੇ। ਕੋਈ ਸ਼ਰਾਰਤੀ ਜੇ ਕਰ ਘਰ ਅੱਗੇ ਟੂਣਾ ਟਾਣਾ ਕਰ ਜਾਏ ਤਾਂ ਘਬਰਾ ਜਾਂਦੇ। ਵਿਆਹ ਸ਼ਾਦੀਆਂ ਦੀਆਂ ਰਸਮਾਂ ਜੋਤਸ਼ੀਆਂ ਤੋਂ ਪੁਛੇ ਬਿਨਾ ਕਦੇ ਨ ਕਰਦੇ। 

ਇਹਨਾਂ ਨਾਮ ਦੇ ਕਾਮਰੇਡਾਂ ਨੂੰ ਜਗਾਉਣ ਲਈ ਇਥੇ ਦਿੱਤੀ ਜਾ ਰਹੀ ਹੈ ਹਰਿਭਜਨ ਸਿੰਘ (ਡਾ.) ਹੁਰਾਂ ਦੀ ਇੱਕ ਕਾਵਿ ਰਚਨਾ-ਸ਼ਾਇਦ ਇਹਨਾਂ ਦੇ ਦਿਲਾਂ ਵਿੱਚੋਂ ਕਿਸੇ ਅਣਦਿੱਸਦੀ ਸ਼ਕਤੀ ਦਾ ਡਰ ਨਿਕਲ ਸਕੇ। ਜ਼ਰਾ ਪੜ੍ਹੋ ਇਹ ਰਚਨਾ-

ਅੱਧੀ ਤੋਂ ਵੀ ਬਹੁਤੀ

ਉਸ ਤੋਂ ਵੀ ਬਹੁਤੀ ਉਮਰਾ ਬੀਤ ਗਈ ਹੈ

ਰੱਬ ਨੇ ਮੈਨੂੰ ਤੇ ਮੈਂ ਰੱਬ ਨੂੰ

ਯਾਦ ਕਦੇ ਨਹੀਂ ਕੀਤਾ

ਉਸ ਨੂੰ ਪਤਾ ਨਹੀਂ ਕਿ ਮੈਂ ਹਾਂ

ਮੈਨੂੰ ਪਤਾ ਨਹੀਂ ਕਿ ਉਹ ਹੈ

ਕਦੀ ਕਦਾਈਂ ਭੁੱਲ ਭੁਲੇਖੇ

ਇਕ ਦੂਜੇ ਨੂੰ ਮਿਲੇ ਸੜਕ ’ਤੇ ਝੂਠ ਵਾਂਗਰਾਂ

ਇਕ ਦੂਜੇ ਨੂੰ ਪਿੱਠਾਂ ਦੇ ਕੇ ਲੰਘ ਜਾਵਾਂਗੇ

ਰੱਬ ਨੇ ਮੈਥੋਂ ਕੀ ਲੈਣਾ ਏਂ

ਤੇ ਮੈਂ ਰੱਬ ਤੋਂ ਕੀ ਲੈਣਾ ?

ਕਿਵੇਂ ਲੱਗੀ ਇਹ ਕਾਵਿ ਰਚਨਾ? ਇੰਝ ਨਹੀਂ ਲੱਗਿਆ ਕਿ ਇਹ ਹੁੰਦੀ ਹੈ ਅਸਲੀ ਕਾਮਰੇਡੀ ਹਿੰਮਤ! 

ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। 

Monday, February 7, 2022

ਜੰਗ ਦੇ ਖਿਲਾਫ ਅਮਨ ਦਾ ਹੋਕਾ ਦੇਣ ਵਾਲੀ ਇੱਕ ਹੋਰ ਸ਼ਖ਼ਸੀਅਤ ਚਲੀ ਗਈ

ਸੇਠੀ ਪਰਿਵਾਰ ਨੂੰ ਡੂੰਘਾ ਸਦਮਾ//ਨਹੀਂ ਰਹੇ ਸ਼੍ਰੀਮਤੀ ਕਿਰਪਾਲ ਕੌਰ 
ਅੰਮ੍ਰਿਤਸਰ: 7 ਫਰਵਰੀ 2022: (*ਰੈਕਟਰ ਕਥੂਰੀਆ//ਕਾਮਰੇਡ ਸਕਰੀਨ ਬਿਊਰੋ)::
ਜਿਹਨਾਂ ਸ਼ਖ਼ਸੀਅਤਾਂ ਨੇ ਚੜ੍ਹਦੀ ਜਵਾਨੀ ਤੋਂ ਲੈ ਕੇ ਆਖ਼ਿਰੀ ਸਾਹਾਂ ਤੱਕ ਇੱਕ ਅਜਿਹੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਲਗਾ ਦਿੱਤੀ ਜਿਸ ਵਿਚ ਹਰ ਕਿਰਤੀ, ਹਰ ਮਿਹਨਤਕਸ਼ ਖੁਸ਼ਹਾਲ ਹੋਵੇ ਉਹਨਾਂ ਵਿੱਚੋਂ ਇੱਕ ਹੋਰ ਸ਼ਖ਼ਸੀਅਤ ਕਿਰਪਾਲ ਕੌਰ ਵੀ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਨੇ ਇਸਤਰੀ ਸਭਾ ਅਤੇ ਹੋਰ ਮੋਰਚਿਆਂ ਦੇ ਨਾਲ ਨਾਲ ਕਈ ਸਕੂਲ ਚਲਾ ਕੇ ਉਹਨਾਂ ਬੱਚਿਆਂ ਤੱਕ ਵੀ ਵਿੱਦਿਆਂ ਪਹੁੰਚਾਈ ਜਿਹਨਾਂ ਤੱਕ ਕਿਸੇ ਨ ਕਿਸੇ ਕਾਰਨ ਵਿੱਦਿਆਂ ਨਹੀਂ ਸੀ ਪਹੁੰਚ ਰਹੀ। ਗਰੀਬੀ ਦੇ ਝੰਬੇ ਹੋਏ ਇਹਨਾਂ ਬੱਚਿਆਂ ਲਈ ਕਿਤਾਬਾਂ ਦਾ ਪ੍ਰਬੰਧ, ਵਰ੍ਦੀਆਂ ਦਾ ਪ੍ਰਬੰਧ, ਲੁੜੀਂਦੇ ਭੋਜਨ ਦਾ ਪ੍ਰਬੰਧ ਅਤੇ ਉਹਨਾਂ ਪਰਿਵਾਰਾਂ ਦੇ ਬਾਲਗ ਮੈਂਬਰਾਂ ਲਈ ਰੋਜ਼ਗਾਰ ਅਤੇ ਨੌਕਰੀਆਂ ਦਾ ਪ੍ਰਬੰਧ ਉਹਨਾਂ ਦੇ ਮਿਸ਼ਨ ਵਿੱਚ ਉਸ ਵੇਲੇ ਸ਼ਾਮਿਲ ਸੀ ਜਦੋਂ ਸਰਕਾਰਾਂ ਨੇ ਵੀ ਇਸ ਮਕਸਦ ਦੀਆਂ ਸਕੀਮਾਂ ਨਹੀਂ ਸਨ ਕਢੀਆਂ। ਉਹਨਾਂ ਨੇ ਆਪਣੀ ਹਿੰਮਤ ਨਾਲ ਸੰਸਥਾਵਾਂ ਅਤੇ ਸਰਕਾਰਾਂ ਦਾ ਕੰਮ ਕੀਤਾ।
ਬਿਨਾ ਕਿਸੇ ਸਰਕਾਰੀ ਸਹਾਇਤਾ ਦੇ ਲੋਕਾਂ ਨੂੰ ਆਪਣੇ ਪੈਰਾਂ ਸਿਰ ਖੜਾ ਕਰਨਾ ਅਤੇ ਉਹਨਾਂ ਦੇ ਬੱਚਿਆਂ ਤੱਕ ਵਿੱਦਿਆਂ ਦਾ ਚਾਨਣ ਪਹੁੰਚਾਉਣ ਲਈ ਉਹਨਾਂ ਬਹੁਤ ਸਾਰੇ ਹੀਲੇ ਵਸੀਲੇ ਕੀਤੇ।
ਇਸ ਮਿਸ਼ਨ ਨੂੰ ਸਫਲ ਬਨਾਉਣ ਲਈ ਉਹਨਾਂ ਰੰਗਮੰਚ ਨੂੰ ਵੀ ਮਾਧਿਅਮ ਬਣਾਇਆ। ਇਪਟਾ ਅਤੇ ਇਸਕਸ ਦੀ ਚੜ੍ਹਤ ਵਾਲੇ ਜ਼ਮਾਨੇ ਵਿੱਚ ਵੀ ਦੁਨੀਆ ਭਰ ਵਿੱਚ ਸਾਮਰਾਜੀ ਤਾਕਤਾਂ ਨੇ ਜੰਗ ਦੀਆਂ ਅਗਨੀਆਂ ਭੜਕਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ। 
ਜੰਗ ਨੁੰ ਹੀ ਇੱਕੋ ਇੱਕੋ ਰੋਜ਼ਗਾਰ ਬਣਾ ਦਿੱਤਾ ਗਿਆ ਸੀ। ਉਦੋਂ ਸਾਹਿਰ ਲੁਧਿਆਣਵੀ ਸਾਹਿਬ ਦੀ ਇੱਕ ਰਚਨਾ ਜੰਗ ਦੇ ਖਿਲਾਫ ਸਾਹਮਣੇ ਆਈ ਸੀ ਜਿਸਨੂੰ ਰੰਗਮੰਚ ਤੇ ਲਿਆਂਦਾ ਪ੍ਰਿੰਸੀਪਲ ਕਿਰਪਾਲ ਕੌਰ ਨੇ। ਇਹ ਕੰਮ ਬੜੀ ਮਿਹਨਤ ਦਾ ਸੀ ਪਰ ਉਹਨਾਂ ਬੜੀ ਸਹਿਜਤਾ ਨਾਲ ਕੀਤਾ।
ਸਕੂਲ ਦੇ ਬੱਚਿਆਂ ਅਤੇ ਸਟਾਫ ਵਿੱਚੋਂ ਹੀ ਕਲਾਕਾਰਾਂ ਦੀ ਚੋਣ ਕਰਨੀ, ਜਾਣਕਾਰ ਗੀਤਕਾਰਾਂ, ਸੰਗੀਤਕਾਰਾਂ, ਡਰਾਮਾ ਨਿਰਦੇਸ਼ਕਾਂ ਦੀ ਸਹਾਇਤਾ ਨਾਲ ਅੰਮ੍ਰਿਤਸਰ ਦੀ ਰੋਡਵੇਜ਼ ਕਲੋਨੀ ਵਾਲੇ ਸਕੂਲ ਦੇ ਗਰਾਊਂਡ ਵਿੱਚ ਇਹਨਾਂ ਦਾ ਸ਼ਾਨਦਾਰ ਮੰਚਨ ਹੁੰਦਾ ਸੀ।

ਫਿਰ ਰਾਮਲੀਲਾ ਅਤੇ ਹੋਰ ਰਾਤ ਦੇ ਪ੍ਰੋਗਰਾਮਾਂ ਵਾਲੇ ਵੀ ਇਸ ਸਕੂਲ ਦੀਆਂ ਟੀਮਾਂ ਕੋਲੋਂ ਅਮਨ ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਇਹਨਾਂ ਪ੍ਰੋਗਰਾਮਾਂ ਦੇ ਸ਼ੋਅ ਕਰਾਉਣ ਦੀ ਮੰਗ ਕਰਨ ਲੱਗੇ। ਇਹ ਸ਼ਾਇਦ ਪਹਿਲੀ ਵਾਰ ਸੀ ਕਿ ਅਮਨ ਸ਼ਾਂਤੀ ਦੇ ਇਸ ਸੁਨੇਹੇ ਕਾਰਣ ਰਾਮਲੀਲਾ ਵਾਲੇ, ਮੰਦਰਾਂ ਵਾਲੇ, ਗੁਰਦੁਆਰਿਆਂ ਵਾਲੇ ਲਾਲ ਝੰਡੇ ਦੇ ਨੇੜੇ ਆਉਣ ਲੱਗ ਪਏ ਸਨ।
ਉਹਨਾਂ ਦਿਨਾਂ ਵਿਚ ਹੀ  ਅਮਰਜੀਤ ਗੁਰਦਾਸਪੁਰੀ ਹੁਰਾਂ ਦਾ ਇੱਕ ਗੀਤ ਆਇਆ ਸੀ-
ਮੁੜਿਆ ਲਾਮਾਂ ਤੋਂ
ਸਾਡੇ ਘਰੀਂ ਬੜਾ ਰੁਜ਼ਗਾਰ
ਮੁੜਿਆ ਲਾਮਾਂ ਤੋਂ
ਕਿ ਕਣਕਾਂ ਨਿੱਸਰ ਪਈਆਂ 
ਘਰ ਆਏ ਕੇ ਝਾਤੀ ਮਾਰ
ਮੁੜਿਆ ਲਾਮਾਂ ਤੋਂ!
ਉਹਨਾਂ ਦਿਨਾਂ ਵਿੱਚ ਇਸ ਗੀਤ ਤੇ ਅਧਾਰਿਤ ਸੰਗੀਤ ਨਾਟਕ ਰਿਕਾਰਡ ਤੋੜ ਗਿਣਤੀ ਤੱਕ ਖੇਡੇ ਗਏ। ਇਹਨਾਂ ਪ੍ਰੋਗਰਾਮਾਂ ਦੀ ਪ੍ਰਸੰਸਾ ਸੁਣ ਕੇ ਉੱਘੀ ਚਿੱਤਰਕਾਰ ਫੁੱਲਾਂ ਰਾਣੀ ਉਚੇਚੇ ਤੌਰ ਤੇ ਪ੍ਰਿੰਸੀਪਲ ਕਿਰਪਾਲ ਕੌਰ ਨੂੰ ਮਿਲਣ ਆਈ। ਉਹਨਾਂ ਦੇ ਨਾਲ ਉੱਘੀ ਲੇਖਿਕਾ ਅਤੇ ਮਾਸਿਕ ਕੰਵਲ ਦੀ ਸੰਪਾਦਕਾ ਅਨਵੰਤ ਕੌਰ ਅਤੇ ਕੁਝ ਹੋਰ ਸ਼ਖ਼ਸੀਅਤਾਂ ਵੀ ਸਨ।

ਆਪ ਸਾਰੀ ਉਮਰ ਲਾਲ ਝੰਡੇ ਅਤੇ ਕਿਰਤੀ ਵਰਗ ਦੇ ਭਲੇ ਲਈ ਸਮਰਪਿਤ ਰਹਿਣ ਵਾਲੇ ਉੱਘੇ ਕਮਿਊਨਿਸਟ ਆਗੂ ਕਾਮਰੇਡ ਪ੍ਰਦੁਮਣ ਸਿੰਘ ਦੀ ਧਰਮਪਤਨੀ ਅਤੇ ਰਿਟਾਇਰਡ ਸਿਵਲ ਸਰਜਨ ਡਾ. ਆਰ ਐਸ ਸੇਠੀ ਦੀ ਮਾਤਾ ਜੀ ਸਨ। ਉਹਨਾਂ ਦੇ ਦੋ ਬੇਟਿਆਂ ਦੇ ਵਿਦੇਸ਼ ਤੋਂ ਪਰਤਣ ਮਗਰੋਂ ਅੱਜ ਅੰਮ੍ਰਿਤਸਰ ਦੇ ਸ੍ਰੀ ਦੁਰਗਿਆਣਾ ਤੀਰਥ ਵਾਲੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਸ਼ਾਮ ਸਾਢੇ ਚਾਰ ਵਜੇ ਕੀਤਾ ਜਾਣਾ ਹੈ।

ਇਹਨਾਂ ਦੇ ਦੋ ਬੇਟਿਆਂ ਵਿੱਚੋਂ ਇੱਕ ਭੁਪਿੰਦਰ ਸੇਠੀ ਵੱਖ ਵੱਖ ਮੁਲਕਾਂ ਵਿੱਚ ਰਹਿੰਦੇ ਅਮਨ ਪਸੰਦ ਲੋਕਾਂ ਦਰਮਿਆਨ ਰਾਬਤਾ ਮਜ਼ਬੂਤ ਬਣਾਉਣ ਲਈ ਸਰਗਰਮ ਰਹਿੰਦਾ ਹੈ ਜਦਕਿ ਕੰਵਲ ਸੇਠੀ ਲੋਕਾਂ ਦੇ ਬੇਹਦ ਸੂਖਮ ਜਜ਼ਬਾਤਾਂ ਨੂੰ ਅਤੇ ਇਹਨਾਂ ਵਿਚਲੀਆਂ ਉਲਝਣਾਂ ਨੂੰ ਸਾਹਮਣੇ ਲਿਆਉਣ ਲਈ ਕਈ ਫ਼ਿਲਮਾਂ ਬਣਾ ਚੁੱਕਿਆ ਹੈ ਅਤੇ ਕਈ ਅਜੇ ਹੋਰ ਪ੍ਰੋਡਕਸ਼ਨ ਅਧੀਨ ਹਨ। 

ਉਹਨਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਦੀ ਤਾਰੀਖ ਵੀ ਕਿਸੇ ਵੱਖਰੀ ਪੋਸਟ ਵਿੱਚ ਜਲਦੀ ਹੀ ਦੱਸੀ ਜਾਵੇਗੀ।
ਅਖੀਰ ਵਿੱਚ ਇੱਕ ਗੱਲ ਹੋਰ ਕਈ ਲਾਲ ਝੰਡੇ ਵਾਲਾ ਪਰਿਵਾਰ ਹੋਣ ਦੇ ਬਾਵਜੂਦ ਪ੍ਰਿੰਸੀਪਲ ਕਿਰਪਾਲ ਕੌਰ ਹੁਰਾਂ ਦਾ ਗੁਰਬਾਣੀ ਅਤੇ ਗੁਰੂ ਘਰ ਨਾਲ ਬਹੁਤ ਪ੍ਰੇਮ ਸੀ। ਉਹ ਖੁਦ ਵੀ ਸਾਹਿਤ ਰਚਨਾ ਕਰੀਏ ਕਰਦੇ ਸਨ ਪਰ ਕਦੇ ਇਹਨਾਂ ਰਚਨਾਵਾਂ ਨੀਂ ਛਪਵਾਇਆ ਨਹੀ ਗਿਆ। ਕੋਸ਼ਿਸ਼ ਹੈ ਉਹਨਾਂ ਦੀਆਂ ਡਾਇਰੀਆਂਵਿੱਚੋਂ ਉਹਨਾਂ ਦੀਆਂ ਕਾਵਿ ਰਚਨਾਵਾਂ ਦਾ ਸੰਕਲਨ ਤਿਆਰ ਹੋ ਸਕੇ।
*ਰੈਕਟਰ ਕਥੂਰੀਆ ਸਵਰਗੀ ਪ੍ਰਿੰਸੀਪਲ ਕਿਰਪਾਲ ਕੌਰ ਹੁਰਾਂ ਦਾ ਭਤੀਜਾ ਹੈ

Tuesday, February 1, 2022

ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਦੇ ਹੱਕ ਵਿੱਚ ਦੋਰਾਹਾ ਦੇ ਲੋਕ ਪੂਰੇ ਜੋਸ਼ ਵਿੱਚ

1st February 2022 at 3:33 PM

 ਦੋਰਾਹਾ ਵਿਖੇ ਸੀਪੀਆਈ ਦਾ ਚੋਣ ਦਫਤਰ ਖੁਲ੍ਹੇਗਾ ਤਿੰਨ ਫਰਵਰੀ ਨੂੰ 


ਦੋਰਾਹਾ
: 1 ਫਰਵਰੀ 2022: (ਐਮ ਐਸ ਭਾਟੀਆ//ਹਰਮਿੰਦਰ ਸੇਠ//ਕਾਮਰੇਡ ਸਕਰੀਨ)::

ਦੋਰਾਹਾ ਉਹਨਾਂ ਇਲਾਕਿਆਂ ਵਿੱਚ ਰਿਹਾ ਹੈ ਜਿਹਨਾਂ ਨੇ ਖੱਬੀਆਂ ਤਾਕਤਾਂ ਦੀ ਚੜ੍ਹਤ ਲਈ ਹਰ ਹਾਲਤ ਵਿੱਚ ਆਪਣਾ ਯੋਗਦਾਨ ਦਿੱਤਾ। ਖੱਬੀਆਂ ਪਾਰਟੀਆਂ ਵੱਖ ਵੱਖ ਬੈਨਰਾਂ ਦੇ ਬਾਵਜੂਦ ਇਸ ਇਲਾਕੇ ਵਿੱਚ ਕਾਮਯਾਬ ਰਹੀਆਂ। ਸੰਘਰਸ਼ਾਂ ਦੀ ਲੋੜ ਪਈ ਤਾਂ ਦੋਰਾਹੇ ਦੇ ਲੋਕ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਰਹੇ। ਇਸ ਵਾਰ ਫੇਰ ਦੋਰਾਹੇ ਦੇ ਲੋਕਾਂ ਨੇ ਜ਼ੋਰ ਪਾ ਕੇ ਸੀਪੀਆਈ ਕੋਲੋਂ ਦੋਰਾਹੇ ਦੀਆਂ ਸਰਗਰਮੀਆਂ ਦੀ ਮੰਗ ਮਨਵਾਈ ਹੈ। ਕਾਮਰੇਡ ਭਗਵਾਨ ਸਿੰਘ ਸੋਮਲ ਨੂੰ ਖੜਾ ਕਰਨ ਦਾ ਫੈਸਲਾ ਦੋਰਾਹਾ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਵੀ ਕੀਤਾ ਗਿਆ। ਭਗਵਾਨ ਸੋਮਲ ਦੇ ਹੱਕ ਵਿੱਚ ਦੋਰਾਹਾ ਵਿਖੇ ਹੋਈ ਪਹਿਲੀ ਮੀਟਿੰਗ ਦੌਰਾਨ ਲੋਕਾਂ ਨੇ  ਭਾਰੀ ਉਤਸ਼ਾਹ ਦਿਖਾਇਆ। 

ਅੱਜ ਹਲਕਾ ਪਾਇਲ ਦੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਆਗੂਆਂ ਅਤੇ ਵਰਕਰਾਂ ਦੀ ਇਕ ਮੀਟਿੰਗ ਮੇਨ ਬਾਜ਼ਾਰ ਦੋਰਾਹਾ ਵਿਖੇ ਹੋਈ । ਇਸ ਵਿਚ ਹਲਕਾ ਪਾਇਲ ਦੇ ਬਲਾਕ ਦੋਰਾਹਾ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਕਾਮਰੇਡ ਭਗਵਾਨ ਸਿੰਘ ਦਾ ਚੋਣ ਦਫ਼ਤਰ 3 ਤਰੀਕ ਨੂੰ 12.00 ਵਜੇ  ਦੋਰਾਹਾ ਦੇ ਮੇਨ ਬਾਜ਼ਾਰ ਵਿਚ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਅੱਜ ਦੀ ਮੀਟਿੰਗ ਵਿਚ ਆਗੂਆਂ ਅਤੇ ਵਰਕਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਚੋਣ ਮੁਹਿੰਮ ਨੂੰ ਘਰ ਘਰ ਲੈ ਕੇ ਜਾਣਗੇ ਅਤੇ ਪਾਰਟੀ ਦੇ ਉਮੀਦਵਾਰ ਕਾਮਰੇਡ ਭਗਵਾਨ ਸਿੰਘ ਸੋਮਲਖੇੜੀ ਨੂੰ ਵੱਡੇ ਫ਼ਰਕ ਨਾਲ ਇਸ ਹਲਕੇ ਤੋਂ ਜਿਤਾਉਣਗੇ। 

ਮੀਟਿੰਗ ਵਿਚ ਉਮੀਦਵਾਰ ਕਾਮਰੇਡ ਭਗਵਾਨ ਸਿੰਘ ਤੋਂ ਇਲਾਵਾ ਲੁਧਿਆਣਾ ਤੋਂ  ਪਾਰਟੀ ਆਗੂ ਡਾ ਅਰੁਣ ਮਿੱਤਰਾ,  ਗੁਲਜ਼ਾਰ ਗੋਰੀਆ, ਚਮਕੌਰ ਸਿੰਘ ,ਐੱਮ ਐੱਸ ਭਾਟੀਆ ,ਚਰਨ ਸਰਾਭਾ ਅਤੇ ਵਿਜੇ ਕੁਮਾਰ ਨੇ ਹਿੱਸਾ ਲਿਆ।  ਦੋਰਾਹਾ  ਦੇ ਬਲਾਕ ਸਕੱਤਰ ਨਿਰੰਜਣ ਸਿੰਘ, ਹਰਵਿੰਦਰ ਸੇਠ, ਪਰਮਜੀਤ ਸਿੰਘ ਸਿਹੌੜਾ ਅਤੇ ਐਸ ਐਸ ਮਣਕੂ ਨੇ ਹਿੱਸਾ ਲਿਆ। ਸਮਰਾਲਾ ਬਲਾਕ ਤੋਂ ਕਾਮਰੇਡ ਕੇਵਲ  ਸਿੰਘ ਮਜਾਲੀਆ ਅਤੇ ਖੰਨਾ ਬਲਾਕ ਤੋਂ ਕਾਮਰੇਡ ਗੁਰਮੀਤ ਸਿੰਘ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਕਾਮਰੇਡ ਰਾਮਆਧਾਤਰ ਸਿੰਘ ਅਤੇ ਰਾਮ ਚੰਦ ਵੀ ਸ਼ਾਮਲ ਹੋਏ।