Tuesday, January 31, 2023

ਸੀਪੀਆਈ-ਮਹਾਤਮਾ ਗਾਂਧੀ ਅਤੇ ਗਾਂਧੀ ਜੀ ਦਾ ਸਾਹਿਤ

ਗਾਂਧੀ ਜੀ ਦੇ ਵਿਚਾਰਾਂ ਦਾ ਜਾਦੂ ਫਿਰ ਜਗਾਉਣਾ ਜ਼ਰੂਰੀ ਹੈ  


ਲੁਧਿਆਣਾ: 30 ਜਨਵਰੀ 2023: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ)::
ਮੌਜੂਦਾ ਦੌਰ ਜ਼ਿਆਦਾ ਨਾਜ਼ੁਕ ਹੈ। ਆਉਣ ਵਾਲਾ ਸਮਾਂ ਵੀ ਕਾਫੀ ਭਿਣਕ ਲੱਗ ਰਿਹਾ ਹੈ। ਸੀਪੀਆਈ ਸਮੇਤ ਮਹਾਤਮਾ ਗਾਂਧੀ ਜੀ ਦੇ ਸਮੂਹ ਹਮਾਇਤੀਆਂ ਨੂੰ ਗਾਂਧੀ ਜੀ ਦਾ ਫਲਸਫਾ ਤੇਜ਼ੀ ਨਾਲ ਲੋਕਾਂ ਦੇ ਦਿਲਾਂ ਤੱਕ ਲਿਜਾਣਾ ਚਾਹੀਦਾ ਹੈ। ਗਾਂਧੀ ਜੀ ਦੇ ਨਾਂਵਾਂ ਹੇਠ ਕੰਮ ਕਰਦੇ ਅਦਾਰਿਆਂ ਨੂੰ ਵੀ ਪੂਰੀ ਤਰ੍ਹਾਂ ਨਾਲ ਅਤੇ ਤੇਜ਼ੀ ਨਾਲ ਗਾਂਧੀ ਜੀ ਦੇ ਰੰਗ ਵਿਚ ਰੰਗਿਆ ਜਾਣਾ ਚਾਹੀਦਾ ਹੈ। ਇਹਨਾਂ ਸੰਗਠਨਾਂ ਅਤੇ ਅਦਾਰਿਆਂ ਵਿੱਚ ਗਾਂਧੀ ਜੀ ਦਾ ਫਲਸਫਾ ਬੜੇ ਅਸਰਦਾਇਕ ਢੰਗ ਨਾਲ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਵਪਾਰਕ ਲਾਭਾਂ ਅਤੇ ਫਾਇਦਿਆਂ ਤੋਂ ਉੱਪਰ ਉੱਠ ਕੇ ਇਥੋਂ ਗਾਂਧੀਵਾਦ ਦੀ ਇੱਕ ਲਹਿਰ ਖੜੀ ਹੋ ਸਕਦੀ ਹੈ। ਇਹ ਸਿਰਫ ਰਵਾਇਤੀ ਜਿਹੇ ਬੇਅਸਰ ਮਿਊਜ਼ੀਅਮ ਵਾਂਗ ਨਹੀਂ ਰਹਿਣੇ ਚਾਹੀਦੇ ਬਲਕਿ ਜਿਊਂਦੀਆਂ ਜਾਗਦੀਆਂ  ਯਾਦਗਾਰੀ ਨਿਸ਼ਾਨੀਆਂ ਵਾਂਗ ਸਰਗਰਮ ਹੋਣੇ ਚਾਹੀਦੇ ਹਨ। ਇਹਨਾਂ ਇਮਾਰਤਾਂ ਵਿਚ ਦਾਖਲ ਹੁੰਦਿਆਂ ਹੀ ਵਿਅਕਤੀ ਦੇ ਦਿਲ ਦਿਮਾਗ 'ਤੇ ਗਾਂਧੀ ਜੀ ਦੇ ਰੰਗ ਦਾ ਨਸ਼ਾ ਛਾ ਜਾਣਾ ਚਾਹੀਦਾ ਹੈ। ਇਹ ਇੱਕ ਹਕੀਕਤ ਹੈ ਕਿ ਗਾਂਧੀ ਜੀ ਦੇ ਵਿਚਾਰਾਂ ਵਿਚ ਉਹ ਸ਼ਕਤੀ ਅਜੇ ਵੀ ਮੌਜੂਦ ਹੈ। ਜਿਹੜੀ ਹਲੂਣਾ ਦੇ ਸਕਦੀ ਹੈ। ਜਿਹੜੀ ਅੱਜ ਵੀ ਅਹਿੰਸਾ ਦੀ ਸ਼ਕਤੀ ਦੇ ਚਮਤਕਾਰਾਂ ਨੂੰ ਲੋਕਾਂ ਸਾਹਮਣੇ ਲਿਆ ਸਕਦੀ ਹੈ। 

ਮਹਾਤਮਾ ਗਾਂਧੀ ਜੀ ਦੀ ਦੇਣ ਵੀ ਬਹੁਤ ਵੱਡੀ ਹੈ ਅਤੇ ਉਹਨਾਂ ਦਾ ਫਲਸਫਾ ਵੀ ਬਹੁਤ ਵੱਡਾ ਹੈ। ਇਸ ਫਲਸਫੇ ਨੇ ਕਿੰਨਾ ਸਦਮਾ ਪਹੁੰਚਾਇਆ ਹੋਵੇਗਾ ਉਹਨਾਂ ਦੇ ਵਿਰੋਧੀਆਂ ਨੂੰ ਕਿ ਉਹਨਾਂ ਦੇ ਵਿਰੋਧੀਆਂ ਨੇ ਉਹਨਾਂ ਦਾ ਕਤਲ ਤੱਕ ਕਰ ਦਿੱਤਾ। ਦੂਜੇ ਪਾਸੇ ਉਹਨਾਂ ਦੇ ਹਮਾਇਤੀਆਂ ਨੇ ਬਸ ਉਹਨਾਂ ਦੇ ਨਾਮ ਦੀ ਮਾਲਾ ਬਹੁਤ ਜਪੀ ਅਤੇ ਉਹਨਾਂ ਦੇ ਨਾਮ 'ਤੇ ਆਪਣੇ ਸੰਗਠਨਾਂ ਅਤੇ ਅਦਾਰਿਆਂ ਦੇ ਨਾਮ ਵੀ ਰੱਖੇ ਪਰ ਗਾਂਧੀ ਦੇ ਵਿਚਾਰਾਂ ਦਾ ਜਿਹੜਾ ਜਾਦੂ ਸੀ ਉਸ ਦੇ ਮਰਮ ਤੱਕ ਨਹੀਂ ਪੁੱਜ ਸਕੇ। ਇਸ ਸਚਾਈ ਦੇ ਬਾਵਜੂਦ ਵੀ ਗਾਂਧੀ ਜੀ ਦੇ ਫਲਸਫੇ ਨੂੰ ਲੋਕਾਂ ਦੇ ਦਿਲਾਂ ਵਿਚ ਉਤਾਰਨ ਦਾ ਕੰਮ ਓਨਾ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ। ਹੁਣ ਸੀ ਪੀ ਆਈ ਨੇ ਮਹਾਤਮਾ ਗਾਂਧੀ ਜੀ ਦੇ ਕਾਤਲ ਨੱਥੂਰਾਮ ਗੋਡਸੇ ਦੇ ਪ੍ਰਸੰਸਕਾਂ ਦੀ ਤਿੱਖੀ ਆਲੋਚਨਾ ਕਰ ਕੇ ਇਸ ਦਿਸ਼ਾ ਵੱਲ ਜਾਣੇ ਅਣਜਾਣੇ ਕਦਮ ਜ਼ਰੂਰ ਪੁੱਟੇ ਹਨ। ਇਹ ਸ਼ੁਰੂਆਤ ਬਹੁਤ ਜਲਦੀ ਹਾਂ ਪੱਖੀ ਨਤੀਜੇ ਲਿਆਏਗੀ। ਇਥੇ ਕਲਿੱਕ ਕਰ ਕੇ ਪੜ੍ਹ ਸਕਦੇ ਹੋ ਪੂਰੀ ਖਬਰ। 

ਇਸ ਮਕਸਦ ਲਈ ਸੈਮੀਨਾਰ ਅਤੇ ਨੁੱਕੜ ਮੀਟਿੰਗਾਂ ਦੇ ਨਾਲ ਨਾਲ ਨੁੱਕੜ ਨਾਟਕ ਵੀ ਖੇਡੇ ਜਾਣਾ ਤਾਂ ਬਹੁਤ ਚੰਗਾ ਹੋਵੇ। ਇਪਟਾ ਅਤੇ ਪ੍ਰਗਤੀਸ਼ੀਲ ਵਿਚਾਰਾਂ ਵਾਲੇ ਸੰਗਠਨ ਇਸ ਪਾਸੇ ਚੰਗਾ ਯੋਗਦਾਨ ਪਾ ਸਕਦੇ ਹਨ। ਲੋੜ ਪਵੇ ਤਾਂ ਗੋਡਸੇ ਅਤੇ ਗਾਂਧੀ ਜੀ ਦੇ ਵਿਚਾਰਾਂ ਬਾਰੇ ਖੁਲ੍ਹੇ ਸੈਮੀਨਾਰ ਵੀ ਕਰਾਏ ਜਾਣੇ ਚਾਹੀਦੇ ਹਨ। ਗਾਂਧੀ ਜੀ ਦੇ ਹਮਾਇਤੀਆਂ ਨੂੰ ਆਪੋ ਆਪਣੇ 

ਅੱਜ ਦੇ ਦੌਰ ਵਿੱਚ ਕਮਿਊਨਿਸਟ ਲਹਿਰ ਨਾਲ ਜੁੜੇ ਪੁਰਾਣੇ ਬਜ਼ੁਰਗਾਂ ਨੂੰ  ਜ਼ਿਆਦਾ ਸਰਗਰਮ ਹੋਣ ਦੀ ਲੋੜ ਹੈ ਕਿਓਂਕਿ ਉਹ ਜਾਂਦੇ ਹਨ ਕਿ ਕਿਵੇਂ ਬਹੁਤ ਸਾਰੇ ਪ੍ਰਗਤੀਸ਼ੀਲ ਸੋਚ ਵਾਲੇ ਲੋਕ ਗਾਂਧੀ ਜੀ ਤੋਂ ਪ੍ਰੇਰਿਤ ਹੋ ਕੇ ਦੇਸ਼ ਭਗਤੀ ਵਾਲੀ ਜਜ਼ਬਿਆਂ ਨਾਲ ਰੰਗੇ ਗਏ ਅਤੇ ਫਿਰ ਖੱਬੀਆਂ ਧਿਰਾਂ ਵਿਚ ਵੀ ਸਰਗਰਮ ਹੋਏ। 

ਲੁਧਿਆਣਾ ਦੇ ਇੱਕ ਸਰਗਰਮ ਸਿਆਸੀ ਆਗੂ ਅਤੇ ਵਕੀਲ ਗੁਰਿੰਦਰ ਸੂਦ ਗਾਂਧੀ ਜੀ ਦੇ ਜਨਮਦਿਨ ਅਤੇ ਸ਼ਹੀਦੀ ਦਿਵਸ ਮੌਕੇ ਗਾਂਧੀ ਜੀ ਦੇ ਵਿਚਾਰਾਂ ਵਾਲਾ ਸਾਹਿਤ, ਪੁਸਤਕਾਂ ਅਤੇ ਤਸਵੀਰਾਂ ਕਈ ਸਾਲ ਵੰਡਦੇ ਰਹੇ। ਹੋ ਸਕਦਾ ਹੈ ਕੀ ਬਹੁਤ ਸਾਰੇ ਲੋਕਾਂ ਨੇ ਇਹ ਸਾਹਿਤ ਅਤੇ ਕਿਤਾਬਾਂ ਕੇਵਲ ਆਪਣੀਆਂ ਸ਼ੈਲਫਾਂ 'ਤੇ ਸਜਾ ਕੇ ਰੱਖ ਦਿੱਤੀਆਂ ਹੋਣ ਪਰ ਬਹੁਤ ਸਾਰੇ ਲੋਕ ਪੜ੍ਹਨ ਵਾਲੇ ਵੀ ਸਨ। ਇਹਨਾਂ ਪੜ੍ਹਨ ਵਾਲੇ ਲੋਕਾਂ ਨੇ ਗਾਂਧੀ ਦੇ ਵਿਚਾਰਾਂ ਨੂੰ ਪੜ੍ਹਿਆ ਅਤੇ ਪ੍ਰਭਾਵਿਤ ਵੀ ਹੋਏ। ਇਹਨਾਂ ਨੇ ਹੀ ਗੁਰਿੰਦਰ ਸੂਦ ਹੁਰਾਂ ਕੋਲੋਂ ਪ੍ਰੇਰਨਾ ਲੈ ਕੇ ਇਹਨਾਂ ਕਿਤਾਬਾਂ ਦੇ ਕਈ ਕਈ ਸੈਟ ਉਹਨਾਂ ਵਾਂਗ ਹੀ ਵੰਡੇ। 

ਗਾਂਧੀ ਜੀ ਦੀ ਜੀਵਨੀ ਸੱਚ ਨਾਲ ਮੇਰੇ ਤਜਰਬੇ ਬਹੁਤ ਹੀ ਵਿਸ਼ੇਸ਼ ਰਚਨਾ ਹੈ ਜਿਹੜੀ ਛੇ ਭਾਗਾਂ ਵਿੱਚ ਹੈ। ਕੁਝ ਪ੍ਰਕਾਸ਼ਕਾਂ ਨੇ ਹਿੰਦੀ ਵਿੱਚ ਸੰਪਾਦਨ ਕਰ ਕੇ ਇਸਦੇ ਸਾਰਾਂਸ਼ ਨੂੰ ਇੱਕ ਭਾਗ ਵਿਚ ਵੀ ਛਾਪਿਆ ਹੈ ਪਰ ਸਾਰੇ ਛੇ ਭਾਗ ਪੜ੍ਹਨ ਵਾਲੇ ਹਨ ਜਿਹੜੇ ਅੰਗਰੇਜ਼ੀ ਅਤੇ ਹਿੰਦੀ ਵਿਚ ਮਿਲ ਜਾਂਦੇ ਹਨ। ਇਹਨਾਂ ਵਿਚ ਬਹੁਤ ਸਾਰੀਆਂ ਗੱਲਾਂ ਪੂਰੀ ਤਰ੍ਹਾਂ ਗੈਰ ਸਿਆਸੀ ਹੈ। ਇੱਕ ਸ਼ੁੱਧ ਲਾਈਫ ਸਟਾਈਲ ਵੀ ਕਿਹਾ ਜਾ ਸਕਦਾ ਹੈ। ਆਪਣੇ ਇਹਨਾਂ ਤਜਰਬਿਆਂ ਬਾਰੇ ਜਿੰਨਾ ਸੱਚ ਗਾਂਧੀ ਜੀ ਨੇ ਆਪਣੀ ਇਸ ਸਵੈ ਜੀਵਨੀ ਵਿਚ ਬੋਲੀ ਹੈ ਉਸਨੂੰ ਜ਼ੁਬਾਨ 'ਤੇ ਲਿਆਉਣਾ ਆਸਾਨ ਨਹੀਂ ਹੁੰਦਾ। 

ਅਸਲ ਵਿੱਚ ਸੱਚ ਨਾਲ ਮੇਰੇ ਤਜਰਬੇ ਮਹਾਤਮਾ ਗਾਂਧੀ ਜੀ ਦੀ ਅਜਿਹੀ ਆਤਮਕਥਾ ਹੈ ਜਿਸਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਮੂਲ ਰੂਪ ਵਿੱਚ ਇਹ ਆਤਮਕਥਾ ਉਨ੍ਹਾਂ ਨੇ ਗੁਜਰਾਤੀ ਵਿੱਚ ਲਿਖੀ ਸੀ। ਉਸ ਵੇਲੇ ਇਸ ਨੂੰ ਹਫਤਾਵਾਰ ਕਿਸਤਾਂ ਵਿੱਚ ਲਿਖਿਆ ਅਤੇ ਛਾਪਿਆ ਗਿਆ ਸੀ। ਉਦੋਂ ਇਹ ਜੀਵਨੀ ਉਨ੍ਹਾਂ ਦੇ ਰਸਾਲੇ ਨਵਜੀਵਨ ਵਿੱਚ 1925 ਤੋਂ 1929 ਤੱਕ ਛਪੀ ਸੀ। ਅੰਗਰੇਜ਼ੀ ਅਨੁਵਾਦ ਉਨ੍ਹਾਂ ਦੇ ਦੂਜੇ ਰਸਾਲੇ ਯੰਗ ਇੰਡੀਆ ਵਿੱਚ ਵੀ ਇਹ ਕਿਸ਼ਤਵਾਰ ਛਪੀ ਸੀ।

ਇਹ ਸਵਾਮੀ ਆਨੰਦ ਅਤੇ ਗਾਂਧੀ ਜੀ ਦੇ ਹੋਰ ਸਹਿ-ਕਰਮੀਆਂ ਵਲੋਂ ਉਨ੍ਹਾਂ ਨੂੰ ਆਪਣੀਆਂ ਜਨ-ਮਹਿੰਮਾਂ ਦੀ ਪਿੱਠਭੂਮੀ ਦੀ ਵਿਆਖਿਆ ਕਰਨ ਲਈ ਜੋਰ ਦੇਣ ਉੱਤੇ ਲਿਖੀ ਗਈ ਸੀ। ਸੰਨ 1999 ਵਿੱਚ ਗਲੋਬਲ ਰੂਹਾਨੀ ਅਤੇ ਧਾਰਮਿਕ ਅਥਾਰਟੀਜ ਦੀ ਇੱਕ ਕਮੇਟੀ ਨੇ ਇਸ ਕਿਤਾਬ ਨੂੰ "20ਵੀਂ ਸਦੀ ਦੀਆਂ 100 ਸਭ ਤੋਂ ਵਧੀਆ ਕਿਤਾਬਾਂ" ਵਿੱਚੋਂ ਇੱਕ ਵਜੋਂ ਚੁਣਿਆ। ਜਿਸ ਜਿਸ ਨੇ ਵੀ ਇਸ ਨੂੰ ਬਿਨਾ ਕਿਸੇ ਲੱਗ ਲਪੇਟ ਦੇ ਪੜ੍ਹਿਆ ਹੈ ਉਹ ਇਸਤੋਂ ਪ੍ਰਭਾਵਿਤ ਹੋਇਆ ਹੈ। 

ਇਥੇ ਇੱਕ ਵਿਸ਼ੇਸ਼ ਆਯੋਜਨ ਦਾ ਜ਼ਿਕਰ ਵੀ ਜ਼ਰੂਰੀ ਲੱਗਦਾ ਹੈ। ਨਾਮਧਾਰੀਆਂ ਨੇ ਇੱਕ ਵਾਰ ਦਿੱਲੀ ਦੇ ਵਿਗਿਆਨ ਭਵਨ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਕੀਤਾ ਤਾਂ ਉਸ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਦੇ ਕੁਝ ਚੋਣਵੇਂ ਲੇਖਕਾਂ ਅਤੇ ਪੱਤਰਕਾਰਾਂ ਨੂੰ ਵੀ ਲਿਜਾਇਆ ਗਿਆ। ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਦੀ ਅਗਵਾਈ ਹੇਠਾਂ ਡਾਕਟਰ ਗੁਲਜ਼ਾਰ ਪੰਧੇਰ, ਜਸਵੀਰ ਝੱਜ, ਕੁਲਵਿੰਦਰ ਕੌਰ ਕਿਰਨ, ਗੁਰਸੇਵਕ ਢਿੱਲੋਂ ਅਤੇ ਕੁਝ ਹੋਰ ਕਲਮਕਾਰ ਵੀ ਇਸ ਟੀਮ ਵਿਚ ਸਨ। ਇਹਨਾਂ ਸਾਰੀਆਂ ਨੂੰ ਗਾਂਧੀ ਧਾਮ ਵਿਖੇ ਰਾਤ ਰੁਕਵਾਇਆ ਗਿਆ। ਇਥੋਂ ਦਾ ਮਾਹੌਲ ਤਾਂ ਬਹੁਤ ਹੀ ਸ਼ਾਂਤ ਅਤੇ ਗਾਂਧੀ ਦੀ ਯਾਦ ਦੁਆਉਣ ਵਾਲਾ ਹੈ ਪਰ ਸਿਆਸੀ ਰੰਗਤ ਕਾਰਨ ਗਾਂਧੀ ਜੀ ਦੇ ਸੁਨੇਹੇ ਵੀ ਆਪਣੇ ਅਸਲ ਰੰਗ ਵਿਚ ਨਜ਼ਰ ਨਹੀਂ ਆਉਂਦੇ। ਅਜਿਹੇ ਮਾਹੌਲ ਵਿੱਚ ਪ੍ਰੋਫੈਸ ਜਗਮੋਹਨ ਸਿੰਘ ਹੁਰਾਂ ਨੇ ਮੀਡੀਆ ਨਾਲ ਕਈ ਗੱਲਾਂ ਕੀਤੀਆਂ ਜਿਹੜੀਆਂ ਮੌਜੂਦਾ ਦੌਰ ਵਿੱਚ ਵੀ ਗਾਂਧੀ ਜੀ ਦੀ ਮੌਜੂਦਗੀ ਨੂੰ ਉੱਥੇ ਸਾਕਾਰ ਕਰਦੀਆਂ  ਸਨ। ਇੰਝ ਲੱਗਦਾ ਸੀ ਜਿਵੇਂ ਗਾਂਧੀ ਜੀ ਅਦ੍ਰਿਸ਼ ਰੂਪ ਵਿਚ ਇਥੇ ਸਾਡੇ ਕੋਲ ਆ ਗਏ ਹੋਣ। ਅਜਿਹੇ ਜਾਦੂਈ ਤਜਰਬੇ ਸਾਨੂੰ ਪੰਜਾਬ ਅਤੇ ਹੋਫਰਨਾਂ ਥਾਂਵਾਂ 'ਤੇ ਵੀ ਕਰਨੇ ਚਾਹੀਦੇ ਹਨ। 

ਐਫ ਆਈ ਬੀ ਵਾਲੇ ਡਾਕਟਰ ਭਾਰਤ ਰਾਮ ਤਾਂ ਹੁਣ ਇਸ ਦੁਨੀਆ ਵਿਚ ਨਹੀਂ ਰਹੇ ਲੇਕਿਨ ਤਿਰੰਗੇ ਦੇ ਨਾਲ ਨਾਲ ਉਹਨਾਂ ਦਾ ਗਾਂਧੀ ਜੀ ਨਾਲ ਵੀ ਬਹੁਤ ਇਸ਼ਕ ਸੀ। ਉਹ ਗਾਂਧੀ ਜੀ ਦੇ ਵਿਚਾਰਾਂ ਨੂੰ ਬਹੁਤ ਹੀ ਅਸਰਦਾਇਕ ਢੰਗ ਨਾਲ ਤਕਰੀਬਨ ਹਰ ਰੋਜ਼ ਲੋਕਾਂ ਸਾਹਮਣੇ ਰੱਖਦੇ ਸਨ। ਗਾਂਧੀ ਜੀ ਦੀ ਅਹਿੰਸਾ ਨਾਲ ਪ੍ਰਤੀਬੱਧਤਾ, ਮਾਨਸਿਕ ਸ਼ਕਤੀਆਂ ਦੇ ਤਜਰਬੇ, ਵਰਤ-ਉਪਵਾਸ ਵਾਲੇ ਤਜਰਬੇ, ਤਾਂ ਅਤੇ ਮਨ ਨੂੰ ਕਾਬੂ ਰੱਖਣ ਵਾਲੇ ਫਾਰਮੂਲੇ ਆਦਿ ਬਹੁਤ ਕੁਝ ਹੈ ਉਸ ਸਵੈ ਜੀਵਨੀ ਵਿੱਚ। ਖੁਦ ਦਾ ਲਿਹਾਜ਼ ਕੀਤੇ ਬਿਨਾ ਉਹਨਾਂ ਬਹੁਤ ਕੁਝ ਖੋਹਲ ਕੇ ਦੱਸਿਆ ਹੈ ਇਹਨਾਂ ਪੁਸਤਕਾਂ ਵਿੱਚ। 

ਇਹ ਲਿਖਤ ਵੀ ਜ਼ਰੂਰ ਦੇਖੋ ਪੰਜਾਬ ਸਕਰੀਨ ਵਿੱਚ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Thursday, January 19, 2023

ਅੰਧਵਿਸ਼ਵਾਸ ਵਾਲੇ ਸ਼ੋਸ਼ਣ ਦੇ ਖਿਲਾਫ ਤਰਕਸ਼ੀਲਾਂ ਵੱਲੋਂ ਸਰਗਰਮੀਆਂ ਹੋਰ ਤੇਜ਼

Thursday: 19th January 2023 at 1:30 PM

MLA ਗੁਰਪ੍ਰੀਤ ਗੋਗੀ ਅਤੇ ਜੀਵਨ ਸਿੰਘ ਸੰਗੋਵਾਲ ਨੂੰ ਵੀ ਦਿੱਤੇ ਮੰਗ ਪੱਤਰ 


ਲੁਧਿਆਣਾ
: 19 ਜਨਵਰੀ 2023:  (ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::

ਤਰਕਸ਼ੀਲ ਸੁਸਾਇਟੀ ਇੱਕ ਵਾਰ ਫਿਰ ਪੂਰੇ ਜੋਸ਼ੋ ਖਰੋਸ਼ ਨਾਲ ਮੈਦਾਨ ਵਿੱਚ ਹੈ। ਮਿੰਟਾਂ ਸਕਿੰਟਾਂ ਵਿੱਚ ਤੰਤਰ ਅਤੇ ਕਾਲੇ ਜਾਦੂ ਨਾਲ ਲੋਕਾਂ ਦੀਆਂ ਮੁਸੀਬਤਾਂ ਦੂਰ ਕਰਨ ਦੇ ਦਾਅਵਿਆਂ ਦੀ ਹਕੀਕਤ ਲੋਕਾਂ ਸਾਹਮਣੇ ਬੇਨਕਾਬ ਕਰਨ ਲਈ ਤਰਕਸ਼ੀਲ ਪਹਿਲਾਂ ਵੀ ਕਾਫੀ ਕੁਝ ਕਰ ਚੁੱਕੇ ਹਨ ਪਰ ਇਹ ਲੋਕ ਕਦੇ ਇਹਨਾਂ ਹਰਕਤਾਂ ਤੋਂ ਬਾਜ਼ ਨਹੀਂ ਆਏ। ਕਾਨੂੰਨ ਵੀ ਇਹਨਾਂ ਨੂੰ ਰੋਕਣ ਲਈ ਸਰਗਰਮ ਨਹੀਂ ਹੁੰਦਾ। ਲੰਮੇ ਚੌੜੇ ਇਸ਼ਤਿਹਾਰ ਦੇ ਕੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਲੋਕ ਮਿੰਟਾਂ ਅਤੇ ਘੰਟਿਆਂ ਵਿੱਚ ਲੋਕਾਂ ਨੂੰ ਮੁਸੀਬਤਾਂ ਤੋਂ ਛੁਟਕਾਰਾ ਦੁਆ ਸਕਦੇ ਹਨ। ਇਹਨਾਂ ਝੂਠੇ ਲਾਰਿਆਂ ਨਾਲ ਇਹ ਸਮਾਜ ਵਿਰੋਧੀ ਅਨਸਰ ਉਪਾਵਾਂ ਦੇ ਨਾਂਅ ਹੇਠ ਲੋਕਾਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ। ਤਰਕਸ਼ੀਲ ਸੋਸਾਇਟੀ  “ਪੰਜਾਬ ਕਾਲਾ ਜਾਦੂ ਮੰਤਰ ਅਤੇ ਅੰਧਵਿਸ਼ਵਾਸ ਰੋਕੂ ਕਾਨੂੰਨ” ਬਣਾਉਣ ਹਿੱਤ ਵੱਖ ਵੱਖ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੀ ਮੁਹਿੰਮ ਚਲਾ ਰਹੀ ਹੈ। 

ਜ਼ਿਕਰਯੋਗ ਹੈ ਕਿ ਅੱਜ ਦੇ ਇਸ ਆਧੁਨਿਕ ਸਮਾਜ ਵਿੱਚ ਵਿੱਦਿਆਂ ਦੀਆਂ ਬਹੁਤ ਸਾਰੀਆਂ ਸਿਖਰਾਂ ਸਰ ਕਰ ਲੈਣ ਦੇ ਬਾਵਜੂਦ ਅਜੇ ਵੀ ਲੋਕਾਂ ਦਾ ਵੱਡਾ ਹਿੱਸਾ ਅੰਧਵਿਸ਼ਵਾਸ ਰਹਿਣ ਹੁੰਦੇ ਸ਼ੋਸ਼ਣ ਦਾ ਸ਼ਿਕਾਰ ਹੈ। ਪੜ੍ਹੇ ਲੋਈਖੇ ਇੰਜੀਨੀਅਰ ਬਿੱਲੀ  ਦੇ ਰਸਤਾ ਕਟ ਜਾਣ  'ਤੇ ਰੁਕ ਜਾਂਦੇ ਹਨ ਜਾਂ ਰਸਤਾ ਬਦਲ ਲੈਂਦੇ ਹਨ। ਪੜ੍ਹੇ ਲਿਖੇ ਡਾਕਟਰ ਘਰੋਂ ਤੁਰਨ ਲੱਗਿਆਂ ਨਿੱਛ ਆ ਜਾਣ ਤੇ ਦੋ ਮਿੰਟ ਰੁਕਣ ਦੀ ਗੱਲ ਸੋਚਣ ਲੱਗ ਪੈਂਦੇ ਹਨ। ਜੇ ਆਧੁਨਿਕ ਪੜ੍ਹਾਈ ਲਿਖਾਈ ਦੇ ਬਾਵਜੂਦ ਇਹ ਹਾਲ ਹੈ ਤਾਂ ਉਹਨਾਂ ਵਿਚਾਰਿਆਂ ਦਾ ਕੀ ਬੰਦਾ ਹੋਵੇਗਾ ਜਿਹੜੇ ਪੜ੍ਹਨ ਲਿਖਣ ਤੋਂ ਵੀ ਵਾਂਝੇ ਰਹੀ ਗਏ। ਇਹਨਾਂ ਲੋਕਾਂ ਦਾ ਸ਼ੋਸ਼ਣ ਕੁਝ ਅਖੌਤੀ  ਬਾਬੇ ਪੂਰੇ ਜੋਰਸ਼ੋਰ ਨਾਲ ਕਰਦੇ ਹਨ। ਮਿੰਟਾਂ ਸਕਿੰਟਾਂ ਅਤੇ ਨਿਸਚਿਤ ਘੰਟਿਆਂ ਦੇ ਅੰਦਰ ਅੰਦਰ ਅਨਹੋਣੀਆਂ ਕਰਨ ਦਾ ਚਮਤਕਾਰ ਦਿਖਾਉਣ ਦੇ ਇਸ਼ਤਿਹਾਰ ਵੱਧ ਚੜ੍ਹ ਕੇ ਕੀਤੇ ਜਾਂਦੇ ਹਨ। 

ਇਸ ਸ਼ੋਸ਼ਣ ਦੇ ਖਿਲਾਫ ਕਈ ਵਾਰ ਪੁਲਿਸ ਕੋਲ ਵੀ ਸ਼ਿਕਾਇਤਾਂ ਆਉਂਦੀਆਂ ਹਨ ਅਤੇ ਪੁਲਿਸ ਕਾਰਵਾਈ ਵੀ ਕਰਦੀ ਹੈ ਪਰ ਅਜੇ ਵੀ ਪੁਲਿਸ ਅਤੇ ਕਾਨੂੰਨ ਕੋਲ ਲੁੜੀਂਦੀਆਂ ਤਾਕਤਾਂ ਨਹੀਂ ਹਨ। ਸਮਾਜ ਦਾ ਵੱਡਾ ਹਿੱਸਾ ਅਜੇ ਵੀ ਇਹਨਾਂ ਚਮਤਕਾਰੀ ਬਾਬਿਆਂ ਅਤੇ ਸਾਧਾਂ ਨੂੰ ਬੜੇ ਹੀ ਭੈਅ ਭੀਤ ਕਰਨ ਵਾਲੇ ਡਰ ਦੀ ਭਾਵਨਾ ਨਾਲ ਦੇਖਦਾ ਹੈ। ਖੁਦ ਨੂੰ ਰੱਬ ਵਾਂਗ ਅਖਵਾਉਂਦੇ ਇਹਨਾਂ ਲੋਕਾਂ ਨੇ ਕਿਰਤੀਆਂ ਦੀ ਕਿਰਤ ਤੇ ਲੰਮੇ ਸਮੇਂ ਤੋਂ ਡਾਕਾ ਮਾਰਿਆ ਹੋਇਆ ਹੈ।  ਇਸ ਸਾਰੇ ਵਰਤਾਰੇ ਵਿਰੁੱਧ ਲੰਮੇ ਸਮੇਂ ਤੋਂ ਸਰਗਰਮ ਤਰਕਸ਼ੀਲ ਸੰਗਠਨ ਕੁਝ ਨਾ ਕੁਝ ਸਰਗਰਮੀ ਕਰਦੇ ਰਹਿੰਦੇ ਹਨ। ਹੁਣ ਇਹਨਾਂ ਤਰਕਸ਼ੀਲਾਂ ਨੇ ਵੱਖ ਵੱਖ ਵਿਧਾਇਕਾਂ ਨੂੰ ਮਿਲ ਕੇ ਮੰਗ ਪੱਤਰ ਦੇਣ ਦਾ ਸਿਲਸਿਲਾ ਅੰਭਿਆ ਹੈ ਤਾਂਕਿ ਇਸ ਸੰਬੰਧੀ ਲੁੜੀਂਦੇ ਕਾਨੂੰਨ ਬਣਾਏ ਵੀ ਜਾ ਸਕਣ ਅਤੇ ਲਾਗੂ ਵੀ ਕਰਵਾਏ  ਜਾ ਸਕਣ। ਤਰਕਸ਼ੀਲ ਵਫਦਾਂ ਨੇ ਐਮ ਐਲੇ ਗੁਰਪ੍ਰੀਤ ਸਿੰਘ ਗੋਗੀ ਅਤੇ ਜੀਵਨ ਸਿੰਘ ਸੰਗੋਵਾਲ ਨਾਲ ਵੀ ਮੁਲਾਕਾਤਾਂ ਕੀਤੀਆਂ। 

ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੂਬੇ ਭਰ ਵਿੱਚ ਅੰਧਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਸੰਬੰਧੀ ਚਲਾਈ ਜਾ ਰਹੀ ਮੁਹਿੰਮ ਦੀ  ਅੱਜ ਤਰਕਸ਼ੀਲ ਸੁਸਾਇਟੀ ਦੀ ਲੁਧਿਆਣਾ ਇਕਾਈ ਜ਼ੋਰਸ਼ੋਰ ਨਾਲ ਚਲਾ ਰਹੀ ਹੈ।  ਤਰਕਸ਼ੀਲ ਸੁਸਾਇਟੀ ਵੱਲੋਂ ਇਸ ਕਾਨੂੰਨ ਸੰਬੰਧੀ ਪੇਸ਼ ਕੀਤੇ ਖਰੜੇ ਅਨੁਸਾਰ , ਪੰਜਾਬ ਵਿਧਾਨ ਸਭਾ ਵਿੱਚ ਪਾਸ ਕਰਕੇ ਇੱਕ ਕਾਨੂੰਨ ਵਜੋਂ ਲਾਗੂ ਕਰਨ ਲਈ ਕੀਤੀ ਅਪੀਲ ਨੂੰ ਲੁਧਿਆਣਾ ਪੱਛਮੀ ਹਲਕਾ ਦੇ ਐਮ ਐਲ ਏ ਗੁਰਪ੍ਰੀਤ ਗੋਗੀ ਨੇ ਉਤਸ਼ਾਹ ਜਨਕ ਹੁੰਗਾਰਾ ਭਰਿਆ। 

ਤਰਕਸ਼ੀਲ ਵਫ਼ਦ ਵਿੱਚ ਲੁਧਿਆਣਾ ਦੇ ਜ਼ੋਨ ਮੁੱਖੀ ਜਸਵੰਤ ਜੀਰਖ, ਇਕਾਈ ਮੁੱਖੀ ਬਲਵਿੰਦਰ ਸਿੰਘ, ਵਿੱਤ ਮੁੱਖੀ ਧਰਮਪਾਲ ਸਿੰਘ ਅਤੇ ਕਰਤਾਰ ਸਿੰਘ ਸ਼ਾਮਲ ਸਨ। ਤਰਕਸ਼ੀਲ ਵਫ਼ਦ ਵੱਲੋਂ ਐਮ ਐਲ ਏ ਗੁਰਪ੍ਰੀਤ ਗੋਗੀ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਕਾਨੂੰਨ ਮਹਾਰਾਸ਼ਟਰ ,ਕਰਨਾਟਕਾ, ਛੱਤੀਸਗੜ੍ਹ ਆਦਿ ਦੀਆਂ ਸਰਕਾਰਾਂ ਵੱਲੋਂ ਇਸ ਕਾਨੂੰਨ ਸਬੰਧੀ ਆਪਣੀ ਸੰਵਿਧਾਨਿਕ ਜ਼ੁੰਮੇਵਾਰੀ ਨਿਭਾਉਂਦਿਆਂ, ਲਾਗੂ ਕੀਤਾ ਹੋਇਆ ਹੈ। ਭਾਵੇਂ ਪੰਜਾਬ ਵਿਧਾਨ ਸਭਾ ਵਿੱਚ ਵੀ 2018 ਅਤੇ 2019 ਵਿੱਚ ਇਸ ਬਾਰੇ ਚਰਚਾ ਤਾਂ ਹੋਈ, ਪਰ ਅਜੇ ਤੱਕ ਲਾਗੂ ਨਹੀਂ ਹੋਇਆ ਜਿਸ ਸੰਬੰਧੀ ਵਿਧਾਨ ਸਭਾ ਦੀਆਂ ਕਾਰਵਾਈਆਂ ਵੀ ਸ੍ਰੀ ਗੋਗੀ ਜੀ ਨੂੰ ਮੰਗ ਪੱਤਰ ਸਮੇਤ ਸੌਂਪੀਆਂ ਗਈਆਂ। 

ਤਰਕਸ਼ੀਲ ਆਗੂਆਂ ਨੇ ਕਿਹਾ ਪੰਜਾਬ ਵਿੱਚ ਭੋਲ਼ੇ ਭਾਲੇ ਲੋਕਾਂ ਨੂੰ ਅਖੌਤੀ ਕਰਾਮਾਤੀ ਬਾਬਿਆਂ, ਜੋਤਸ਼ੀਆਂ, ਤਾਂਤਰਿਕਾਂ ਆਦਿ ਦੀ ਲੁੱਟ ਤੋਂ ਛੁਟਕਾਰਾ ਦਿਵਾਉਣ ਲਈ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਨੂੰ ਕਾਨੂੰਨੀ ਮਾਨਤਾ ਦੇ ਕੇ ਲਾਗੂ ਕੀਤਾ ਜਾਵੇ। ਸ੍ਰੀ ਗੋਗੀ ਨੇ ਸਾਰੀ ਵਾਰਤਾ ਸਮਝਦਿਆਂ ਬਹੁਤ ਹੀ ਉਤਸ਼ਾਹ ਵਿਖਾਉਂਦਿਆਂ ਕਿਹਾ ਕਿ ਇਹ ਕਾਨੂੰਨ ਬਣਨਾ ਬਹੁੱਤ ਜ਼ਰੂਰੀ ਹੈ, ਮੈਂ ਵਿਧਾਨ ਸਭਾ ਵਿੱਚ ਇਸ ਸਬੰਧੀ ਕਾਨੂੰਨ ਬਣਾਉਣ ਲਈ ਜ਼ੋਰਦਾਰ ਆਵਾਜ਼ ਉਠਾਵਾਂਗਾ।

ਇਸੇ ਮੁਹਿੰਮ ਅਧੀਨ ਤਰਕਸ਼ੀਲ ਸੁਸਾਇਟੀ ਵੱਲੋਂ ਵਿੱਢੀ ਮੁਹਿੰਮ ਤਹਿਤ ਐਮ ਐਲ ਏ (ਹਲਕਾ ਗਿੱਲ) ਜੀਵਨ ਸਿੰਘ ਸੰਗੋਵਾਲ ਨੂੰ ਵੀ ਮੰਗ ਪੱਤਰ ਦਿੱਤਾ ਗਿਆ। ਪੰਜਾਬ ਵਿੱਚ ਅੰਧਵਿਸ਼ਵਾਸ ਫੈਲਾਉਣ ਵਾਲਿਆਂ ਵਿਰੁੱਧ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੂਬੇ ਭਰ ਵਿੱਚ ਅੰਧਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਸੰਬੰਧੀ ਚਲਾਈ ਜਾ ਰਹੀ ਮੁਹਿੰਮ ਦੌਰਾਨ, ਅੱਜ ਸੁਸਾਇਟੀ ਦੀ ਲੁਧਿਆਣਾ ਇਕਾਈ ਨੇ ਸ. ਜੀਵਨ ਸਿੰਘ ਸੰਗੋਵਾਲ ਐਮ ਐਲ ਏ (ਹਲਕਾ ਗਿੱਲ ਲੁਧਿਆਣਾ) ਨੂੰ ਇਸ ਕਾਨੂੰਨ ਸੰਬੰਧੀ ਪੇਸ਼ ਕੀਤਾ ਖਰੜਾ ਪੰਜਾਬ ਵਿਧਾਨ ਸਭਾ ਵਿੱਚ ਪਾਸ ਕਰਕੇ, ਇੱਕ ਕਾਨੂੰਨ ਵਜੋਂ ਲਾਗੂ ਕਰਨ ਲਈ ਮੰਗ ਪੱਤਰ ਦਿੱਤਾ। ਐਮ ਐਲ ਏ ਜੀਵਨ ਸਿੰਘ ਸੰਗੋਵਾਲ ਵੱਲੋਂ ਉਤਸ਼ਾਹਿਤ ਹੁੰਗਾਰਾ ਭਰਦਿਆਂ ਵਿਧਾਨ ਸਭਾ ਇਜਲਾਸ ਵਿੱਚ ਇਸ ਬਾਰੇ ਆਵਾਜ਼ ਉਠਾਉਣ ਦਾ ਭਰੋਸਾ ਦਿੱਤਾ ਅਤੇ ਸਾਰਾ ਮੁੱਦਾ ਪੂਰੇ ਵੇਰਵੇ ਨਾਲ ਸਮਝਾਇਆ। 

ਤਰਕਸ਼ੀਲ ਸੁਸਾਇਟੀ ਦੇ ਵਫ਼ਦ ਵਿੱਚ ਲੁਧਿਆਣਾ ਦੇ ਜ਼ੋਨ ਮੁੱਖੀ ਜਸਵੰਤ ਜੀਰਖ, ਇਕਾਈ ਮੁੱਖੀ ਬਲਵਿੰਦਰ ਸਿੰਘ, ਕਰਤਾਰ ਸਿੰਘ ਅਤੇ ਪ੍ਰਮਜੀਤ ਸਿੰਘ ਸ਼ਾਮਲ ਸਨ। ਤਰਕਸ਼ੀਲ ਵਫ਼ਦ ਵੱਲੋਂ ਐਮ ਐਲ ਏ ਜੀਵਨ ਸਿੰਘ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਕਾਨੂੰਨ ਮਹਾਰਾਸ਼ਟਰ ,ਕਰਨਾਟਕਾ, ਛੱਤੀਸਗੜ੍ਹ ਆਦਿ ਦੀਆਂ ਸਰਕਾਰਾਂ ਵੱਲੋਂ ਆਪਣੀ ਸੰਵਿਧਾਨਿਕ ਜ਼ੁੰਮੇਵਾਰੀ ਨਿਭਾਉਂਦਿਆਂ , ਲਾਗੂ ਕੀਤਾ ਹੋਇਆ ਹੈ ।ਭਾਵੇਂ ਪੰਜਾਬ ਵਿਧਾਨ ਸਭਾ ਵਿੱਚ ਵੀ 2018 ਅਤੇ 2019 ਵਿੱਚ ਇਸ ਬਾਰੇ ਚਰਚਾ ਤਾਂ ਹੋਈ , ਪਰ ਅਜੇ ਤੱਕ ਲਾਗੂ ਨਹੀਂ ਹੋਇਆ , ਜਿਸ ਸੰਬੰਧੀ ਵਿਧਾਨ ਸਭਾ ਦੀਆਂ ਕਾਰਵਾਈਆਂ ਵੀ ਐਮ ਐਲ ਏ ਜੀ ਨੂੰ ਮੰਗ ਪੱਤਰ ਸਮੇਤ ਸੌਂਪੀਆਂ ਗਈਆਂ।ਤਰਕਸ਼ੀਲ ਆਗੂਆਂ ਨੇ ਕਿਹਾ ਪੰਜਾਬ ਵਿੱਚ ਭੋਲ਼ੇ ਭਾਲੇ ਲੋਕਾਂ ਨੂੰ ਅਖੌਤੀ ਕਰਾਮਾਤੀ ਬਾਬਿਆਂ, ਜੋਤਸ਼ੀਆਂ, ਤਾਂਤਰਿਕਾਂ ਅਤੇ ਚੇਲਿਆਂ ਆਦਿ ਦੀ ਲੁੱਟ ਤੋਂ ਛੁਟਕਾਰਾ ਦਿਵਾਉਣ , ਪਰਿਵਾਰਾਂ ਦੀ ਹੁੰਦੀ ਬਰਬਾਦੀ ਅਤੇ ਅੰਧਵਿਸ਼ਵਾਸ ਫੈਲਣੋਂ ਰੋਕਣ ਲਈ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਨੂੰ ਕਾਨੂੰਨੀ ਮਾਨਤਾ ਦੇ ਕੇ ਲਾਗੂ ਕੀਤਾ ਜਾਵੇ। ਉਹਨਾਂ  ਸਾਰੀ ਵਾਰਤਾ ਸਮਝਦਿਆਂ ਇਸ ਸੰਬੰਧੀ ਵਿਧਾਨ ਸਭਾ ਵਿੱਚ ਕਾਨੂੰਨ ਬਣਾਉਣ ਲਈ ਜ਼ੋਰਦਾਰ ਆਵਾਜ਼ ਉਠਾਉਣ ਲਈ ਉਤਸ਼ਾਹ ਜਨਕ ਸਹਿਮਤੀ ਪ੍ਰਗਟਾਈ।

ਹੁਣ ਦੇਖਣਾ ਹੈ ਕਿ ਜਿਸ ਸਮਾਜ ਵਿੱਚ ਖੁਦ ਸਿਆਸੀ ਆਗੂ ਇਹਨਾਂ ਬਾਬਿਆਂ ਅਤੇ ਡੇਰਿਆਂ ਤੋਂ ਅਸ਼ੀਰਵਾਦ ਲੈ ਕੇ ਚੋਣਾਂ ਲੜਦੇ ਹੋਣ ਜਾਂ ਅਹੁਦਾ ਸੰਭਾਲਦੇ ਹੋਣ ਉਹਨਾਂ ਕੋਲੋਂ ਇਸ ਸਬੰਧੀ ਕੀ ਆਸ ਰੱਖੀ ਜਾ ਸਕਦੀ ਹੈ? ਕੀ ਲੋਕਾਂ ਦੀ ਲਾਮਬੰਦੀ ਬਿਨਾ ਸਿਰਫ ਕਾਨੂੰਨ ਨਾਲ ਇਹ ਮਸਲਾ ਹੱਲ ਹੋ ਸਕੇਗਾ? ਅਜਿਹੇ ਸੁਆਲਾਂ ਦੇ ਜੁਆਬ ਨੇੜ ਭਵਿੱਖ ਵਿੱਚ ਹੀ ਨਜ਼ਰ ਆ ਜਾਣੇ ਹਨ। ਹਵਨ ਅਤੇ ਤੰਤਰਾਂ ਮੰਤਰਾਂ ਦੀਆਂ ਸਾਧਨਾਵਾਂ ਨੂੰ ਪੂਰੇ ਮਨੋਯੋਗ ਨਾਲ ਪੂਰੀਆਂ ਕਰਨਬ ਵਾਲੇ ਪ੍ਰਮੁੱਖ ਸਿਆਸੀ ਆਗੂ ਤਰਕਸ਼ੀਲਾਂ ਦੀ ਗੱਲ ਕਿੰਨੀ ਕੁ ਮੰਨਣਗੇ ਇਸਦਾ ਪਤਾ ਸਮਾਂ ਆਉਣ 'ਤੇ ਵੀ ਲੱਗੇਗਾ ਪਰ ਤਰਕਸ਼ੀਲਾਂ ਨੂੰ ਇਸ ਸੰਬੰਧੀ ਵੀ ਤਰਕ ਨਾਲ ਸੋਚਣਾ ਹੀ ਚਾਹੀਦਾ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Monday, January 9, 2023

ਮਾਰਕਸ ਦੇ ਸ਼ੇਰ ਵਰਗੇ ਸਿਰ ਦੀ ਗੱਲ ਕਰਨ ਵਾਲੇ ਪਾਸ਼ ਨੂੰ ਯਾਦ ਕਰਦਿਆਂ

ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ!

ਜੀਟੀ ਰੋਡ: 5 ਜਨਵਰੀ 2023:( ਰੈਕਟਰ ਕਥੂਰੀਆ//ਸਾਹਿਤ ਸਕਰੀਨ):: 

ਮੌਤ ਅਤੇ ਮੌਤ ਵਰਗੀਆਂ ਸਥਿਤੀਆਂ ਦੀ ਕਲਪਨਾ, ਮੌਤ ਦਾ ਅੰਦਾਜ਼ਾ, ਮੌਤ ਮਗਰੋਂ ਹੋਣ ਵਾਲੀਆਂ ਅਨਹੋਣੀਆਂ ਅਤੇ ਹੋਣੀਆਂ ਦਾ ਅਨੁਮਾਨ--ਜਾਂ ਲੰਮੀ ਤਪਸਿਆ ਵਾਲੇ ਸਾਧਕ ਕਰ ਸਕਦੇ ਹਨ ਜਾਂ ਫਿਰ ਸ਼ਾਇਰ। ਹਰ ਰੋਜ਼, ਹਰ ਪਾਲ ਮਰਦੀਆਂ ਹੋਈਆਂ ਖਾਹਿਸ਼ਾਂ, ਟੁੱਟਦੇ ਹੋਏ ਸੁਪਨਿਆਂ ਨੂੰ ਨੰਗੀਆਂ ਅੱਖਾਂ ਨਾਲ ਦੇਖਣਾ ਪਰ ਇਸਦੇ ਬਾਵਜੂਦ ਆਪਣੇ ਆਪ ਨੂੰ ਹੌਂਸਲੇ ਵਿਚ ਰੱਖਣਾ ਕੋਈ ਸੌਖਾ ਨਹੀਂ ਹੁੰਦਾ। ਫਾਂਸੀ ਦੇ ਤਖਤੇ ਤੇ ਖੜੋ ਕੇ ਅੰਮ੍ਰਿਤ ਦਾ ਪਿਆਲਾ ਪੀਣ ਦੀ ਹਿੰਮਤ ਅਤੇ ਜਾਚ ਵੀ ਵਿਰਲਿਆਂ ਨੂੰ ਹੀ ਆਉਂਦੀ ਹੈ। ਪਾਸ਼ ਦੀਆਂ ਇਹਨਾਂ ਕਾਵਿ ਸਤਰਾਂ ਨੂੰ ਜ਼ਰਾ ਦਿਲ ਲਗਾ ਕੇ ਪੜ੍ਹੋ। ਫਿਰ ਆਪਣੇ ਦਿਲ ਤੋਂ ਵੀ ਪੁੱਛਿਆ ਅਤੇ ਆਲੇ ਦੁਆਲੇ ਵਾਲੇ ਸਰਗਰਮ ਸਾਥੀਆਂ ਤੋਂ ਵੀ ਕਿ ਕਿੰਨਿਆਂ ਕੁ ਨੇ ਇਹਨਾਂ ਅਹਿਸਾਸਾਂ ਨੂੰ ਸਮਝਿਆ--ਪਾਸ਼ ਨੇ ਲਿਖਿਆ ਸੀ:

ਮੇਰੇ ਯਾਰੋ, ਆਪਣੀ ਕੱਲੇ ਜੀਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ

ਜੋ ਹਰ ਘੜੀ ਘਸੀ ਜਾ ਰਹੀ ਹੇ

ਪਾਸ਼ ਤੋਂ ਬਾਅਦ ਕਿਸ ਨੇ ਕੀਤਾ ਇਸ ਕਵਿਤਾ ਦੀਆਂ ਅਗਲੀਆਂ ਸਤਰਾਂ ਵਿਚਲੇ ਦਰਦ ਦਾ ਅਹਿਸਾਸ ਕਿ ਹੋਣੀ ਇਹੀ ਹੋਣ ਵਾਲੀ ਹੈ---!ਕਿਸ ਨੂੰ ਸੀ ਇਹਨਾਂ ਖਦਸ਼ਿਆਂ ਦੇ ਸੱਚ ਨਿਕਲਣ ਦਾ ਦਰਦ--?

ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ

ਨਾ
ਔਖੇ ਵੇਲਿਆਂ ਵਿਚ ਰਕਮ ਬਣਨਾ ਹੈ

ਪਾਸ਼ ਦੀ ਕਵਿਤਾ ਵਿਚਲੇ ਸੰਸੇ ਹਲੂਣਦੇ ਵੀ ਹਨ ਅਤੇ ਸੁਆਲ ਵੀ ਖੜੇ ਕਰਦੇ ਹਨ---

ਮੇਰੇ ਯਾਰੋ ਸਾਡੇ ਵਕਤ ਦਾ ਇਤਿਹਾਸ

ਬੱਸ ਏਨਾ ਨਾ ਰਹਿ ਜਾਵੇ

ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ

ਜੀਣਾ ਸਮਝ ਬੈਠੇ ਸਾਂ

ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ

ਹੱਡਾਂ ਦੇ ਖੁਰਨ ਨਾਲ ਮਿਣੇ ਗਏ

ਨਕਸਲਬਾੜੀ ਲਹਿਰ ਦੌਰਾਨ ਰਚੇ ਗਏ ਸਾਹਿਤ ਵਿੱਚ ਪਾਸ਼ ਮੋਹਰਲੀ ਕਤਾਰ ਵਿੱਚ ਸੀ। ਇਹਨਾਂ ਕਵਿਤਾਵਾਂ ਨੇ ਬਹੁਤ ਸਾਰੇ ਦਿਲਾਂ ਵਿੱਚ ਕ੍ਰਾਂਤੀ ਦੀ ਮਸ਼ਾਲ ਰੌਸ਼ਨ ਕੀਤੀ ਸੀ। ਆਮ ਜਿਹੀ ਪੋਸ਼ਾਕ, ਆਮ ਜਿਹੀ ਸ਼ਖ਼ਸੀਅਤ ਪਰ ਉਸਦੀਆਂ ਨਜ਼ਰਾਂ ਉਸਦੇ ਖਾਮੋਸ਼ ਰਹਿੰਦਿਆਂ ਵੀ ਬਹੁਤ ਬੁਲੰਦ ਆਵਾਜ਼ ਵਿੱਚ ਤਿੱਖੇ ਸੁਆਲ ਪੁੱਛਦੀਆਂ ਸਨ। ਪੜ੍ਹੋ ਪਾਸ਼ ਦੀ ਇਤਿਹਾਸਿਕ ਕਵਿਤਾ:

ਸਾਡੇ ਸਮਿਆਂ ਵਿਚ//ਪਾਸ਼ 

ਇਹ ਸਭ ਕੁੱਝ ਸਾਡੇ ਹੀ ਸਮਿਆਂ 'ਚ ਹੋਣਾ ਸੀ

ਕਿ ਸਮੇ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ

ਤੇ ਕੱਚੀਆਂ ਕੰਧਾਂ ਉਤੇ ਲਮਕਦੇ ਕਲੰਡਰਾਂ ਨੇ

ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ

ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲੇਆਂ

ਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ

ਸਾਡੇ ਈ ਵੇਲਿਆਂ ਦਾ ਗੀਤ ਬਣਨਾ ਸੀ

ਗਰੀਬ ਦੀ ਧੀ ਵਾਂਗ ਵਧ ਰਿਹਾ

ਇਸ ਦੇਸ਼ ਦੇ ਸਨਮਾਨ ਦਾ ਬੂਟਾ

ਸਾਡੇ ਰੋਜ਼ ਘਟਦੇ ਕੱਦਾਂ ਦਿਆਂ ਮੌਰਾਂ 'ਤੇ ਹੀ ਉੱਗਣਾ ਸੀ

ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ

ਸਾਡੀ ਰੂਹ 'ਚ ਪਸਰੇ ਰੇਗਿਸਤਾਨ ਚੋਂ ਹੀ ਉਡਣੀ ਸੀ

ਮੇਰੇ ਤੁਹਾਡੇ ਦਿਲਾਂ ਦੀ ਹੀ ਸੜਕ ਦੇ ਮੱਥੇ ਤੇ ਜੰਮਣਾ ਸੀ

ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ

ਦੁਸਹਿਰੇ ਦੇ ਮੈਦਾਨ ਅੰਦਰ

ਖੁੱਸੀ ਹੋਈ ਸੀਤਾ ਨਹੀਂ, ਬੱਸ ਤੇਲ ਦੀ ਕੇਨੀ ਮੰਗਦੇ ਹੋਏ

ਰਾਵਣ ਸਾਡੇ ਹੀ ਬੁੜ੍ਹਿਆਂ ਨੇ ਬਣਨਾ ਸੀ

ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਵਿਚ ਹੋਣੀ ਸੀ

ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣਕੇ

ਖੁਦ ਹਿਟਲਰ ਦਾ ਡਰਨਾ

ਸਾਡੇ ਹੀ ਮੱਥਿਆਂ 'ਚ ਗੱਡਣਾ ਸੀ

ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ

ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ

ਬਣ ਜਾਣਾ ਸੀ ਸਿੰਘਾਸਣ ਦੇ ਪੌਡੇ-

ਮਾਰਕਸ ਦਾ ਸ਼ੇਰ ਵਰਗਾ ਸਿਰ

ਦਿੱਲੀ ਦੀਆਂ ਭੂਲ-ਭੁਲਾਈਆਂ ਵਿਚ ਮਿਆਂਕਦਾ ਫਿਰਦਾ

ਅਸੀਂ ਹੀ ਤੱਕਣਾ ਸੀ

ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ

ਬੜੀ ਵਾਰੀ, ਹੀ ਪੱਕੇ ਪੁਲਾਂ ਤੇ

ਲੜਾਈਆਂ ਹੋਈਆਂ

ਜਬਰ ਦੀਆਂ ਛਵੀਆਂ ਦੇ ਐਪਰ

ਘੁੰਡ ਨਾਂ ਮੁੜ ਸਕੇ

ਮੇਰੇ ਯਾਰੋ, ਆਪਣੀ ਕੱਲੇ ਜੀਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ

ਜੋ ਹਰ ਘੜੀ ਘਸੀ ਜਾ ਰਹੀ ਹੇ

ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ

ਨਾ ਔਖੇ ਵੇਲਿਆਂ ਵਿਚ ਰਕਮ ਬਣਨਾ ਹੈ

ਮੇਰੇ ਯਾਰੋ ਸਾਡੇ ਵਕਤ ਦਾ ਇਤਿਹਾਸ

ਬੱਸ ਏਨਾ ਨਾ ਰਹਿ ਜਾਵੇ

ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ

ਜੀਣਾ ਸਮਝ ਬੈਠੇ ਸਾਂ

ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ

ਹੱਡਾਂ ਦੇ ਖੁਰਨ ਨਾਲ ਮਿਣੇ ਗਏ

ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ

ਕਿ ਉਨ੍ਹਾਂ ਨਫ਼ਰਤ ਨਿਤਾਰ ਲਈ

ਗੁਜ਼ਰਦੇ ਗੰਧਲੇ ਸਮੁੰਦਰਾਂ ਚੋਂ

ਕਿ ਉਨ੍ਹਾਂ ਵਿੰਨ੍ਹ ਸੁਟਿਆ ਪਿਲਪਲੀ ਮੁਹੱਬਤ ਦਾ ਤੰਦੂਆ

ਉਹ ਤਰ ਕੇ ਜਾ ਖੜੇ ਹੋਏ

ਹੁਸਨ ਦੀਆਂ ਸਰਦਲਾਂ ਉਤੇ

ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਵੇਗਾ

ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ।               ---ਪਾਸ਼ 

ਕੌਣ ਗੱਲ ਕਰੇਗਾ ਪਾਸ਼ ਦੀਆਂ ਇਹਨਾਂ ਸਤਰਾਂ ਦੀ ਅਤੇ ਅੱਜ ਦੇ ਸਮਿਆਂ ਦੀ ਗੱਲ?

ਮਾਰਕਸ ਦਾ ਸ਼ੇਰ ਵਰਗਾ ਸਿਰ

ਦਿੱਲੀ ਦੀਆਂ ਭੂਲ-ਭੁਲਾਈਆਂ ਵਿਚ ਮਿਆਂਕਦਾ ਫਿਰਦਾ

ਅਸੀਂ ਹੀ ਤੱਕਣਾ ਸੀ

ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ

ਇੱਕ ਵਾਰ ਫੇਰ ਧਿਆਨ ਨਾਲ ਪੜ੍ਹਿਓ, ਸੋਚਿਓ ਅਤੇ ਵਿਚਾਰਿਓ ਕਿ ਅਸੀਂ ਉਹਨਾਂ ਨੂੰ ਕੀ ਜੁਆਬ ਦੇਣਾ ਹੈ ਜਿਹਨਾਂ ਨੇ ਆਪਣੀਆਂ ਉਮਰਾਂ ਇਸ ਉਡੀਕ ਵਿੱਚ ਲਾ ਦਿੱਤੀਆਂ ਕਿ ਏਧਰੋਂ ਆਇਆ ਇਨਕਲਾਬ! ਓਧਰੋਂ ਆਇਆ ਇਨਕਲਾਬ!ਸਾਨੂੰ ਪੂਰੀ ਇਮਾਨਦਾਰੀ ਨਾਲ ਵਿਚਾਰਨਾ ਅਤੇ ਦੱਸਣਾ ਚਾਹੀਦਾ ਹੈ ਕਿ ਅਜੇ ਕਿੰਨੀਆਂ ਪੀੜ੍ਹੀਆਂ ਹੋਰ ਇਸ ਉਡੀਕ ਵਿਚ ਵਿਚ ਰਹਿਣਗੀਆਂ? ਸਾਨੂੰ ਆਪ ਨੂੰ ਪਤਾ ਵੀ ਹੋਣਾ ਚਾਹੀਦਾ ਹੈ ਅਤੇ ਦੱਸਣਾ ਵੀ ਚਾਹੀਦਾ ਹੈ ਕਿ ਕਦੋਂ ਆਏਗਾ ਇਨਕਲਾਬ ਜਦੋਂ ਕਿਰਤੀਆਂ ਦੇ ਸੁਪਨਿਆਂ ਨੂੰ ਸਾਕਾਰ ਹੁੰਦਾ ਦੇਖਿਆ ਜਾ ਸਕੇਗਾ। ਕਦੋਂ ਆਖਿਰ ਕਦੋਂ?

ਮਾਰਕਸ ਦੇ ਸ਼ੇਰ ਵਰਗੇ ਸਿਰ ਦੀ ਗੱਲ ਕਰਨ ਵਾਲੇ ਪਾਸ਼ ਨੂੰ ਯਾਦ ਕਰਦਿਆਂ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Sunday, January 8, 2023

ਕਾਮਰੇਡ ਗੀਤਾ ਮੁਖਰਜੀ - ਇਕ ਵਿੱਲਖਣ ਸਖਸ਼ੀਅਤ

Saturday 7th January 2023 at 9:23 AM

ਅੱਜ ਉਨ੍ਹਾਂ ਦੇ 100ਵੇਂ ਜਨਮ ਦਿਨ ਤੇ ਯਾਦ ਕਰਵਾ ਰਹੇ ਹਨ ਪੱਤਰਕਾਰ ਐਮ ਐਸ ਭਾਟੀਆ 

ਲੁਧਿਆਣਾ: 7 ਜਨਵਰੀ 2023: (ਐਮ ਐਸ ਭਾਟੀਆ//ਕਾਮਰੇਡ ਸਕਰੀਨ ਡੈਸਕ)::

ਉੱਘੀ ਸੰਸਦ ਮੈਂਬਰ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਸਰਗਰਮ ਆਗੂ ਕਾਮਰੇਡ ਗੀਤਾ ਮੁਖਰਜੀ ਦੀ ਮੌਤ ਦੇ ਦੋ ਫੌਰੀ ਨਤੀਜੇ ਨਿਕਲੇ ਸਨ। ਸਿਆਸੀ ਪੱਖੋਂ, ਸੀ.ਪੀ.ਆਈ. ਨੇ ਇੱਕ  ਪ੍ਰਤੀਬੱਧ ਆਗੂ ਗੁਆ ਦਿੱਤਾ ਅਤੇ ਦੂਜਾ  ਨੌਜਵਾਨ ਕਮਿਊਨਿਸਟਾਂ ਕੋਲ  ਪੁਰਾਣਿਆਂ  ਦੇ ਪੂਰਨਿਆਂ ਤੇ ਚੱਲਣ  ਲਈ ਇੱਕ ਆਗੂ ਘੱਟ ਗਿਆ। ਸੰਨ 1990 ਵਿੱਚ ਉਨਾਂ  ਦਾ ਦਿਲ ਦਾ ਆਪ੍ਰੇਸ਼ਨ ਹੋਇਆ ਸੀ, ਪਰ ਇਸ ਨਾਲ ਉਹ ਆਪਣੇ-ਆਪ ਨੂੰ  ਪਾਰਟੀ ਅਤੇ ਸੰਸਦੀ ਗਤੀਵਿਧੀਆਂ ਨੂੰ ਜਾਰੀ ਰੱਖਣ ਤੋਂ ਨਹੀਂ ਰੋਕ ਸਕੇ। ਉਹ ਲੋਕ ਸਭਾ ਵਿੱਚ ਸੀਪੀਆਈ ਦੇ ਡਿਪਟੀ ਲੀਡਰ ਸਨ।

ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਸੰਸਦ ਦੀਆਂ ਕੁੱਲ ਸੀਟਾਂ ਦਾ ਇੱਕ ਤਿਹਾਈ 'ਔਰਤਾਂ ਲਈ ਰਾਖਵੇਂਕਰਨ' ਦੀ ਵਿਵਸਥਾ ਕਰਦਾ 'ਮਹਿਲਾ ਰਿਜ਼ਰਵੇਸ਼ਨ ਬਿੱਲ' 'ਤੇ ਸੰਸਦ ਦੀ ਸੰਯੁਕਤ ਚੋਣ ਕਮੇਟੀ ਦੀ ਚੇਅਰਪਰਸਨ ਹੋਣ ਦੇ ਨਾਤੇ   ਉਹ ਇਸ ਬਿੱਲ ਨੂੰ ਇਸ ਦੇ ਤਰਕਪੂਰਨ ਦੇਖਣ ਲਈ ਦ੍ਰਿੜ ਸਨ। ਸਿੱਟਾ ਇਹ ਹੋਇਆ  ਕਿ 3 ਮਾਰਚ ਨੂੰ, ਦਿਲ ਦਾ ਦੌਰਾ ਪੈਣ ਤੋਂ ਇੱਕ ਦਿਨ ਪਹਿਲਾਂ, ਉਨਾਂ ਨੇ ਰਾਜ ਵਿੱਚ ਸਰਕਾਰ ਬਣਾਉਣ ਲਈ ਐਨ.ਡੀ.ਏ ਨੂੰ ਸੱਦਾ ਦੇਣ ਦੇ ਬਿਹਾਰ ਦੇ ਰਾਜਪਾਲ ਦੇ ਫੈਸਲੇ ਵਿਰੁੱਧ ਸਦਨ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨਾਂ ਨੇ ਸਰਕਾਰ ਦੀ ਇਸ ਕਾਰਵਾਈ ਨੂੰ "ਗੈਰ-ਜਮਹੂਰੀ" ਕਰਾਰ ਦਿੱਤਾ ਸੀ।

ਭਾਵੇਂ ਉਹ ਬਿਮਾਰ ਸਨ ਪਰ ਉਹ ਬਿਹਾਰ ਦੇ ਵਿਕਾਸ ਅਤੇ ਗੁਜਰਾਤ ਵਿਚ ਕਰਮਚਾਰੀਆਂ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਦੇ ਗੁਜਰਾਤ ਸਰਕਾਰ ਦੇ ਫੈਸਲੇ ਦੇ ਵਿਵਾਦ ਦੇ ਮੱਦੇਨਜ਼ਰ ਸੰਸਦ ਵਿੱਚ ਜਾਣਾ ਚਾਹੁੰਦੇ ਸਨ, ਹਾਲਾਂਕਿ ਉਹ ਹੋਰ ਮੁੱਦਿਆਂ ਲਈ ਬਰਾਬਰ ਵਚਨਬੱਧ ਸਨ। 1996 ਤੋਂ, ਜਦੋਂ ਉਨਾਂ ਨੇ ਸੰਯੁਕਤ ਚੋਣ ਕਮੇਟੀ ਦੀ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ, ਉਦੋਂ ਤੋਂ ਉਨਾਂ ਦਾ ਮੁੱਖ ਕੰਮ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਪਾਸ ਕਰਨਾ ਯਕੀਨੀ ਬਣਾਉਣਾ ਸੀ, ਇਸ ਲਈ ਇੱਥੋਂ ਤੱਕ ਕਿ ਉਨਾਂ ਨੇ ਇਹ ਕਹਿ ਕੇ ਆਈ.ਕੇ.ਗੁਜਰਾਲ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਲੈਣ ਤੋਂ ਇਨਕਾਰ ਕਰ ਦਿਤਾ ਕਿ ਉਹ ਬਿਲ 'ਤੇ ਪੂਰਾ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ। ਉਨਾਂ ਨੇ ਮਹਿਲਾ ਬਿੱਲ ਦੇ ਮੁੱਦੇ 'ਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਹ ਲੋਕ ਵੀ ਸ਼ਾਮਲ ਸਨ ਜੋ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਲਈ ਵੱਖਰਾ ਕੋਟਾ ਚਾਹੁੰਦੇ ਸਨ। ਉਨਾਂ ਨੂੰ ਉਨਾਂ ਦੇ ਮਜ਼ਬੂਤ ​​ਰਾਜਨੀਤਿਕ ਵਿਸ਼ਵਾਸ ਅਤੇ ਵਿਚਾਰਧਾਰਕ ਵਚਨਬੱਧਤਾ ਦੇ ਨਾਲ, ਪਾਰਟੀ ਲਾਈਨ ਤੋਂ ਬਾਹਰ ਦੇ ਲੋਕਾਂ ਦੁਆਰਾ ਵੀ ਪਸੰਦ ਕੀਤਾ ਗਿਆ ਸੀ।

ਗੀਤਾ ਮੁਖਰਜੀ ਦਾ ਜਨਮ 8 ਜਨਵਰੀ 1924 ਨੂੰ
ਲੇਖਕ ਐਮ ਐਸ ਭਾਟੀਆ 
ਮਾਤਾ ਸ੍ਰੀਮਤੀ ਸ਼ੈਲਾ ਬਾਲਾ ਰਾਏਚੌਧਰੀ ਅਤੇ ਪਿਤਾ ਸ੍ਰੀ ਪ੍ਰਫੁੁਲ ਕੁਮਾਰ ਰਾਏਚੌਧਰੀ ਦੇ ਘਰ ਹੋਇਆ  ਸੀ। ਉਨਾਂ ਦੇ ਪਿਤਾ ਇੱਕ ਰਾਏ ਬਹਾਦੁਰ ਸਨ। ਉਹ ਜੇਸੋਰ, ਜੋ ਹੁਣ ਬੰਗਲਾਦੇਸ਼ ਵਿੱਚ ਹੈ ਵਿਖੇ ਸਕੂਲ ਪੜਨ  ਗਏ। ਇੱਕ ਵਿਦਿਆਰਥੀ ਦੇ ਰੂਪ ਵਿੱਚ, ਗੀਤਾ ਮੁਖਰਜੀ 1939 ਵਿੱਚ ਬੰਗਾਲ ਪ੍ਰੋਵਿੰਸ਼ੀਅਲ ਸਟੂਡੈਂਟਸ ਫੈਡਰੇਸ਼ਨ (ਬੀਪੀਐਸਐਫ) ਵਿੱਚ ਸ਼ਾਮਲ ਹੋ ਗਈ। ਉਸ ਸਮੇਂ, ਬੀਪੀਐਸਐਫ ਅੰਡੇਮਾਨ ਅਤੇ ਨਿਕੋਬਾਰ ਟਾਪੂ ਵਿੱਚ ਕੈਦ ਵਿਅਕਤੀਆਂ ਦੀ ਵਾਪਸੀ ਅਤੇ ਰਿਹਾਈ ਦੀ ਮੰਗ ਲਈ ਇੱਕ ਅੰਦੋਲਨ ਦੀ ਅਗਵਾਈ ਕਰ ਰਹੀ ਸੀ। ਉਹ 1947 ਤੋਂ 1951 ਤੱਕ ਸਟੂਡੈਂਟਸ ਫੈਡਰੇਸ਼ਨ ਦੀ ਸਕੱਤਰ ਰਹੀ। ਉਨਾਂ ਨੇ ਬੰਗਾਲੀ ਸਾਹਿਤ ਦਾ ਅਧਿਐਨ ਕੀਤਾ ਅਤੇ ਕਲਕੱਤਾ ਦੇ ਆਸ਼ੂਤੋਸ਼ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। 1942 ਵਿੱਚ, ਉਹ ਸੀਪੀਆਈ ਵਿੱਚ ਸ਼ਾਮਲ ਹੋ ਗਏ ਅਤੇ ਬਿਸ਼ਵਨਾਥ ਮੁਖਰਜੀ ਨਾਲ ਵਿਆਹ ਕੀਤਾ, ਜੋ ਪਹਿਲਾਂ ਹੀ ਇੱਕ ਸਥਾਪਤ ਵਿਦਿਆਰਥੀ ਕਮਿਊਨਿਸਟ ਆਗੂ ਸਨ। ਉਹ ਪਹਿਲੀ ਵਾਰ 1945 ਦੀ ਡਾਕ ਕਾਮਿਆਂ ਦੀ ਹੜਤਾਲ ਦੌਰਾਨ ਸੁਰਖੀਆਂ ਵਿੱਚ ਆਏ ਸਨ। 29 ਜੁਲਾਈ, 1945 ਨੂੰ ਉਨਾਂ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ, ਜਿੱਥੇ ਉਹ ਇਕਲੌਤੀ ਮਹਿਲਾ ਵਿਦਿਆਰਥੀ ਸਪੀਕਰ ਸੀ।

ਜਦੋਂ 1948 ਵਿਚ ਕਮਿਊਨਿਸਟ ਪਾਰਟੀ 'ਤੇ ਪਾਬੰਦੀ ਲਗਾਈ ਗਈ ਸੀ ਤਾਂ ਉਨਾਂ ਨੂੰ ਅਤੇ ਵਿਸ਼ਵਨਾਥ ਮੁਖਰਜੀ ਨੂੰ ਪ੍ਰੈਜ਼ੀਡੈਂਸੀ ਜੇਲ੍ਹ, ਕਲਕੱਤਾ ਵਿਚ ਛੇ ਮਹੀਨਿਆਂ ਲਈ ਬਿਨਾਂ ਮੁਕੱਦਮੇ ਦੇ ਨਜ਼ਰਬੰਦ ਰੱਖਿਆ ਗਿਆ ਸੀ। ਗੀਤਾ ਮੁਖਰਜੀ ਵਿਦਿਆਰਥੀ, ਕਿਸਾਨ ਅਤੇ ਔਰਤਾਂ ਦੇ ਅੰਦੋਲਨਾਂ ਵਿੱਚ ਆਪਣੀ ਸਰਗਰਮ ਭੂਮਿਕਾ ਲਈ ਸਭ ਤੋਂ ਮਸ਼ਹੂਰ ਸਨ। 1960 ਦੇ ਦਹਾਕੇ ਦੇ ਬਹੁਤ ਸਾਰੇ ਵਿਦਿਆਰਥੀਆਂ ਲਈ, ਉਹ ਇੱਕ ਰੋਲ ਮਾਡਲ ਸਨ। 1964 ਵਿੱਚ ਕਮਿਊਨਿਸਟ ਪਾਰਟੀ ਦੀ ਵੰਡ ਤੋਂ ਬਾਅਦ ਉਹ ਸੀਪੀਆਈ ਦੇ ਨਾਲ ਰਹੇ। ਉਹ 1967 ਅਤੇ 1972 ਵਿੱਚ ਮਿਦਨਾਪੁਰ ਜ਼ਿਲ੍ਹੇ ਦੇ ਤਾਮਲੂਕ ਹਲਕੇ ਤੋਂ ਪੱਛਮੀ ਬੰਗਾਲ ਅਸੈਂਬਲੀ ਲਈ  ਅਤੇ 1978 ਵਿੱਚ ਉਹ ਪੰਸਕੁਰਾ ਤੋਂ ਲੋਕ ਸਭਾ ਲਈ ਚੁਣੇ ਗਏ ਸਨ ਅਤੇ ਉਦੋਂ ਤੋਂ ਉਸ ਹਲਕੇ ਦੀ  ਨੁਮਾਇੰਦਗੀ ਕੀਤੀ ਸੀ। ਉਹ 7 ਵਾਰ ਸੰਸਦ ਮੈਂਬਰ ਚੁਣੇ ਗਏ।

ਉਨਾਂ ਨੂੰ 1978 ਵਿੱਚ ਪਾਰਟੀ ਦੀ ਕੌਮੀ ਕੌਂਸਲ ਲਈ ਅਤੇ 1981 ਵਿੱਚ ਇਸਦੀ ਕੌਮੀ ਕਾਰਜਕਾਰਨੀ ਲਈ ਚੁਣਿਆ ਗਿਆ ਸੀ। 1998 ਵਿੱਚ ਚੇਨਈ ਵਿੱਚ ਹੋਈ ਪਾਰਟੀ ਦੀ 17ਵੀਂ ਕਾਂਗਰਸ ਵਿੱਚ ਉਹ ਸੀਪੀਆਈ ਦੀ ਕੌਮੀ ਸਕੱਤਰਾਂ ਵਿੱਚੋਂ ਇੱਕ ਚੁਣੇ ਗਏ ਸਨ। ਇਸ ਤਰ੍ਹਾਂ  ਗੀਤਾ ਮੁਖਰਜੀ  ਕਿਸੇ ਵੀ ਭਾਰਤੀ ਕਮਿਊਨਿਸਟ ਪਾਰਟੀ ਦੀ ਪਹਿਲੀ ਮਹਿਲਾ ਸਕੱਤਰੇਤ ਮੈਂਬਰ ਬਣੇ। ਉਨ੍ਹਾਂ ਦੀ ਪ੍ਰਧਾਨਗੀ ਹੇਠ ਮਹਿਲਾ ਰਿਜ਼ਰਵੇਸ਼ਨ ਬਿੱਲ 'ਤੇ ਸੰਸਦ ਦੀ ਸੰਯੁਕਤ ਚੋਣ ਕਮੇਟੀ ਦੀ ਰਿਪੋਰਟ ਰਿਕਾਰਡ ਸਮੇਂ ਵਿੱਚ ਪੂਰੀ ਹੋ ਗਈ ਸੀ।

ਗੀਤਾ ਮੁਖਰਜੀ ਨੇ ਵੱਖ-ਵੱਖ ਅੰਦੋਲਨਾਂ ਵਿਚ ਹਿੱਸਾ ਲਿਆ ਜਿਨ੍ਹਾਂ ਵਿਚ ਮਹਿਲਾ ਬੀੜੀ ਵਰਕਰਾਂ ਦਾ ਮੁੱਦਾ ਵੀ ਸ਼ਾਮਲ ਸੀ। ਹਾਲਾਂਕਿ, ਉਨਾਂ ਨੇ ਲਿੰਗ ਮੁੱਦਿਆਂ 'ਤੇ ਖਾਸ ਤੌਰ 'ਤੇ ਮਜ਼ਬੂਤ ​​ਸਥਿਤੀਆਂ ਲਈਆਂ। 

ਉਹ 1965 ਤੋਂ ਸੀਪੀਆਈ ਦੇ ਮਹਿਲਾ ਵਿੰਗ ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਅਨ ਵੂਮੈਨ (ਐਨਐਫਆਈਡਬਲਯੂ) ਦੀ  ਕਾਰਜਕਾਰੀ ਕੌਂਸਲ ਮੈਂਬਰ,1986 ਵਿੱਚ ਨੈਸ਼ਨਲ ਕਮਿਸ਼ਨ ਆਨ ਰੂਰਲ ਲੇਬਰ ਦੇ ਅਤੇ 1988 ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਮੈਂਬਰ ਵੀ ਰਹੇ ਸੀ। ਉਹ ਪ੍ਰੈਸ ਕੌਂਸਲ ਦੀ ਮੈਂਬਰ ਵੀ ਸਨ।

ਉਹ ਹਮੇਸ਼ਾ ਚਾਹੁੰਦੇ ਸਨ ਕਿ ਪਾਰਟੀ ਦੀਆਂ ਜਨਤਕ ਜਥੇਬੰਦੀਆਂ ਉਨਾਂ ਨੂੰ ਮੁੱਦਿਆਂ ਅਤੇ ਵਿਕਾਸ ਬਾਰੇ ਜਾਣਕਾਰੀ ਦੇਣ ਤਾਂ ਜੋ ਉਹ ਉਨ੍ਹਾਂ ਨੂੰ ਸੰਸਦ ਵਿੱਚ ਉਠਾ ਸਕਣ। ਕੋਈ ਸਵਾਲ ਉਠਾਉਣ ਤੋਂ ਪਹਿਲਾਂ, ਉਹ ਯਕੀਨੀ ਬਣਾਉਂਦੇ ਸੀ ਕਿ ਉਨਾਂ ਨੇ ਵਿਸ਼ੇ ਨੂੰ ਚੰਗੀ ਤਰਾਂ ਸਮਝ ਲਿਆ ਹੈ।

ਗੀਤਾ ਮੁਖਰਜੀ ਦੇ ਜੀਵਨ ਵਿੱਚ ਸਿਧਾਂਤ ਅਤੇ ਅਭਿਆਸ ਵਿੱਚ ਕੋਈ ਵਿਰੋਧਤਾਈ ਨਹੀਂ ਸੀ। ਇੱਕ ਕੱਟੜ ਆਸ਼ਾਵਾਦੀ, ਨਿਮਰਤਾ, ਸਾਦਗੀ ਅਤੇ ਪੂਰਨ ਵਿਚਾਰਧਾਰਕ ਦ੍ਰਿੜਤਾ ਵਾਲੀ ਔਰਤ ਸੀ।  1964 ਵਿੱਚ ਕਮਿਊਨਿਸਟ ਪਾਰਟੀ ਵਿੱਚ ਫੁੱਟ, 1980 ਦੇ ਦਹਾਕੇ ਦੇ ਅਖੀਰ ਅਤੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਪੂਰਬੀ ਯੂਰਪ ਅਤੇ ਸੋਵੀਅਤ ਯੂਨੀਅਨ ਵਿੱਚ ਸਿਆਸੀ ਉਥਲ-ਪੁਥਲ ਦੇ ਬਾਵਜੂਦ, ਗੀਤਾ ਮੁਖਰਜੀ ਦੀ ਕੌਮੀ ਜਮਹੂਰੀ ਇਨਕਲਾਬ ਪ੍ਰਤੀ ਵਚਨਬੱਧਤਾ ਅਡੋਲ ਰਹੀ।

ਉਹ ਬਹੁਤ ਹੀ ਚੰਗੀ ਲੇਖਿਕਾ ਵੀ ਸਨ। ਉਨਾਂ ਨੇ ਬੱਚਿਆਂ ਲਈ ਕੁਝ ਕਿਤਾਬਾਂ ਵੀ ਲਿਖੀਆਂ। ਭਾਰਤ ਉਪਕਥਾ (ਭਾਰਤ ਦੀਆਂ ਲੋਕ-ਕਥਾਵਾਂ) ਅਤੇ ਛੋਟੋਦਰ ਰਬਿੰਦਰਨਾਥ (ਬੱਚਿਆਂ ਲਈ ਟੈਗੋਰ) ਇਨ੍ਹਾਂ ਵਿੱਚੋਂ ਦੋ ਹਨ। ਉਨਾਂ ਨੇ ਬਰੂਨੋ ਅਪਿਟਜ਼ ਦੇ ਸ਼ਾਹਕਾਰ 'ਨੇਕਡ ਅਮੰਗ ਵੁਲਵਜ਼' ਦਾ ਬੰਗਾਲੀ ਵਿੱਚ ਅਨੁਵਾਦ ਕੀਤਾ। ਉਹ ਕਵਿਤਾ ਨੂੰ ਪਿਆਰ ਕਰਦੇ ਸਨ ਅਤੇ ਕਾਜ਼ੀ ਨਜ਼ਰੁਲ ਇਸਲਾਮ ਅਤੇ ਰਾਬਿੰਦਰਨਾਥ ਟੈਗੋਰ ਨੂੰ ਪੜ੍ਹਦੇ ਅਤੇ ਸੁਣਾਉਂਦੇ ਸਨ।

4 ਮਾਰਚ 2000 ਨੂੰ  ਉਹ ਸਾਨੂੰ ਸਦਾ ਲਈ ਵਿਛੋੜਾ ਦੇ ਗਏ। ਰਾਸ਼ਟਰਪਤੀ ਕੇ.ਆਰ. ਨਾਰਾਇਣਨ ਨੇ ਉਨ੍ਹਾ ਦੀ ਮੌਤ ਤੇ ਕਿਹਾ ਸੀ ਕਿ ਗੀਤਾ ਮੁਖਰਜੀ ਇੱਕ ਭਾਵੁਕ ਅਤੇ ਹਮਦਰਦ ਸਿਆਸੀ ਕਾਰਕੁਨ ਹਨ। ਉਹ ਨਾ ਸਿਰਫ਼ ਕਮਿਊਨਿਸਟ ਲਹਿਰ ਵਿੱਚ ਸਗੋਂ ਦੇਸ਼ ਵਿੱਚ ਔਰਤਾਂ ਅਤੇ ਹੋਰ ਜਮਹੂਰੀ ਅੰਦੋਲਨਾਂ ਵਿੱਚ ਵੀ ਇੱਕ ਖਲਾਅ  ਛੱਡ ਗਏ ਹਨ।

ਖੱਬੇ ਪੱਖੀ ਅੰਦੋਲਨ ਲਈ ਇਹਨਾਂ ਦੇ ਦੇਹਾਂਤ ਇਸ ਲਈ ਵੀ ਵੱਡਾ ਘਾਟਾ ਹੈ ਕਿਓਂਕਿ ਸਮੇਂ ਦੇ ਨਾਲ ਨਾਲ ਇਸਤਰੀ ਅੰਦੋਲਨ ਅਤੇ ਖੱਬੇ ਪੱਖੀ ਜਨ ਅੰਦੋਲਨਾਂ ਨੂੰ ਚੁਣੌਤੀਆਂ ਤਾਂ ਵੱਧ ਰਹੀਆਂ ਹਨ ਪਰ ਉਹਨਾਂ ਵਰਗੀਆਂ ਸ਼ਖਸੀਅਤਾਂ ਨਵੇਂ ਦੌਰ ਵਿੱਚ ਪੈਦਾ ਨਹੀਂ ਹੋ ਰਹੀਆਂ। ਕਾਮਰੇਡ ਗੀਤ ਮੁਖਰਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਖੱਬੀਆਂ ਧਿਰਾਂ ਕੇਵਲ ਉਹਨਾਂ ਲੋਕਾਂ ਨੂੰ ਹੀ ਅੱਗੇ ਲਿਆਉਣ ਜਿਹਨਾਂ ਵਿੱਚ ਗੀਤ ਮੁਖਰਜੀ ਦੀਆਂ ਖੂਬੀਆਂ ਰਗੀਆਂ ਸੰਭਾਵਨਾਵਾਂ ਮੌਜੂਦ ਹੋਣ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Monday, January 2, 2023

ਜਲਦੀ ਹੀ ਦੇਸ਼ ਸੇਵਕ ਛਪਣ ਲੱਗੇਗਾ ਤਿੰਨਾਂ ਭਾਸ਼ਾਵਾਂ ਵਿੱਚ-ਕਾਮਰੇਡ ਸੇਖੋਂ

1st January 2023 at 06:10 PM  

‘ਦੇਸ਼ ਸੇਵਕ’ ਦੀ ਸ਼ਮਾ ਬੁੱਝਣ ਨਹੀਂ ਦਿੱਤੀ ਜਾਵੇਗੀ:ਕਾਮਰੇਡ ਯੂਸੁਫ਼ ਤਾਰੀਗਾਮੀ


ਚੰਡੀਗੜ੍ਹ: ਪਹਿਲੀ ਜਨਵਰੀ 2023: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ)::

ਪੰਜਾਬ ਵਿੱਚ ਮੀਡੀਆ ਅਦਾਰਿਆਂ ਵੱਲੋਂ ਆਪਣੀ ਵਰ੍ਹੇਗੰਢ ਮਨਾਉਣ ਦੇ ਸਮਾਗਮਾਂ ਦੀ ਘਾਟ ਅਕਸਰ ਖਟਕਦੀ ਹੈ। ਜੇਕਰ ਇਹ ਮਨਾਈਆਂ ਵੀ ਜਾਂਦੀਆਂ ਹਨ ਤਾਂ ਸਿਰਫ ਸਬੰਧਤ ਮੀਡੀਆ ਅਦਾਰਿਆਂ ਦੇ ਦਫਤਰਾਂ ਦੀ ਚਾਰਦੀਵਾਰੀ ਦੇ ਅੰਦਰ ਹੀ ਰਹਿ  ਜਾਂਦੀਆਂ ਹਨ ਜਿਹਨਾਂ ਦੀ ਖਬਰ ਅਗਲੇ ਸਬੰਧਤ ਅਖਬਾਰ ਵਿਚ ਛਪ ਜਾਂਦੀ ਹੈ।  

ਅਜਿਹੇ ਮਾਹੌਲ ਵਿੱਚ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਈ ਗਈ ‘ਦੇਸ਼ ਸੇਵਕ’ ਦੀ 27ਵੀਂ ਵਰ੍ਹੇਗੰਢ ਜਿਸ ਵਿੱਚ ਆਮ ਕਿਰਤੀਆਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਆਗੂ ਹੁੰਮਹੁਮਾ ਕੇ ਦੂਰ ਦੁਰਾਡਿਓਂ ਪੁੱਜੇ ਹੋਏ ਸਨ। ਬਿਰਧ ਅਵਸਥਾ ਵਾਲਾ ਕਰਤਾਰ ਸਿੰਘ ਲੁਧਿਆਣਾ ਦੇ ਇੱਕ ਪਿੰਡ ਵਿੱਚੋਂ ਆਇਆ ਸੀ ਜਿਸਦੀ ਉਮਰ 75 ਸਾਲਾਂ ਤੋਂ ਵੱਧ ਚੁੱਕੀ ਸੀ। ਇਹਨਾਂ ਸਾਰਿਆਂ ਨੇ ਧਰਮ-ਨਿਰਪੱਖ਼, ਜਮਹੂਰੀ ਤੇ ਲੋਕ ਪੱਖੀ ਪੈਂਤੜਾ ਕਾਇਮ ਰੱਖਣ ਦਾ ਅਹਿਦ ਵੀ ਲਿਆ ਅਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੇ ਯਤਨ ਜਾਰੀ ਰੱਖਣ ਦਾ ਸੰਕਲਪ ਵੀ ਦੁਹਰਾਇਆ ਹੈ। ਸੀਪੀਆਈ ਐਮ ਦੇ ਸੂਬਾ ਸਕੱਤਰ ਅਤੇ ਰੋਜ਼ਾਨਾ ਦੇਸ਼ਸ਼ਵਕ ਦੇ ਐਮ ਡੀ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਦੇਸ਼ ਸੇਵਕ ਵੱਲੋਂ ਨਿਭਾਈ ਭੂਮਿਕਾ ਬਾਰੇ ਵਿਚ ਕਾਫੀ ਕੁਝ ਯਾਦ ਕਰਾਇਆ। ਸਥਾਨਕ ਸੈਕਟਰ 29-ਡੀ ਦੇ ਬਾਬਾ ਸੋਹਨ ਸਿੰਘ ਭਕਨਾ ਭਵਨ ਵਿਖੇ ਸਵੇਰ ਹੁੰਦਿਆਂ ਸਾਰ ਹੀ ਰੌਣਕਾਂ ਲੱਗੀਆਂ ਹੋਈਆਂ ਸਨ। ਗਰਮਾਗਰਮ ਚਾਹ ਅਤੇ ਪਕੌੜੇ ਅਟੁੱਟ ਲੰਗਰ ਵਾਂਗ ਵਰਤ ਰਹੇ ਸਨ। ਸਰਦੀਆਂ ਨੂੰ ਚੀਰਦੀ ਜਜ਼ਬਾਤਾਂ ਦੀ ਗਰਮਜੋਸ਼ੀ ਦਰਮਿਆਨ ‘ਦੇਸ਼ ਸੇਵਕ’ ਦੀ 27ਵੀਂ ਵਰ੍ਹੇਗੰਢ ਸ਼ਾਨਦਾਰ ਢੰਗ ਨਾਲ ਮਨਾਈ ਗਈ।

ਸਮਾਗਮ ਇੱਕ ਘੰਟਾ ਦੇਰ ਨਾਲ ਸ਼ੁਰੂ ਹੋ ਸਕਿਆ ਪਰ ਸ਼ੁਰੂ ਹੋਣ ਮਗਰੋਂ ਬਿਨਾ ਰੁਕੇ ਜਾਰੀ ਰਿਹਾ ,ਇੱਕ ਇੱਕ ਪਲ ਇੱਕ ਇੱਕ ਬੁਲਾਰਾ ਅਨਮੋਲ ਸੀ ਜਿਸਨੂੰ ਖੁੰਝਾਉਣਾ ਘਾਟੇਵਾਲਾ ਸੌਦਾ ਹੀ ਸੀ। ਇਸ ਯਾਦਗਾਰੀ ਸਮਾਗਮ ਦੀ ਪ੍ਰਧਾਨਗੀ ਸੀਪੀਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਨੇ ਕੀਤੀ ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਨੇ ਨਿਭਾਈ।

ਇਸ ਵਿਚ ਸ਼ਮੂਲੀਅਤ ਕਰਨ ਲਈ ਬਹੁਤ ਸਾਰੇ ਲੋਕ ਉਚੇਚ ਨਾਲ ਆਏ ਹੋਏ ਸਨ। ਇਸ ਸਮਾਗਮ ਵਿੱਚ ਸੀਪੀਆਈ (ਐਮ) ਦੇ ਕੇਂਦਰੀ ਕਮੇਟੀ ਮੈਂਬਰ ਅਤੇ ਜੰਮੂ ਕਸ਼ਮੀਰ ਤੋਂ ਕਈ ਵਾਰ ਵਿਧਾਇਕ ਰਹੇ ਕਾਮਰੇਡ ਮੁਹੰਮਦ ਯੂਸੁਫ਼ ਤਾਰੀਗਾਮੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਪ੍ਰਧਾਨਗੀ ਮੰਡਲ ਵਿੱਚ ‘ਦੇਸ਼ ਸੇਵਕ’ ਦੇ ਐਮਡੀ ਤੇ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ, ਕਾਮਰੇਡ ਗੁਰਨੇਕ ਸਿੰਘ ਭੱਜਲ, ਕਾਮਰੇਡ ਸੁੱਚਾ ਸਿੰਘ ਅਜਨਾਲਾ, ਕਾਮਰੇਡ ਸੁਖਪ੍ਰੀਤ ਸਿੰਘ ਜੌਹਲ, ਕਾਮਰੇਡ ਅਬਦੁੱਲ ਸਤਾਰ, ‘ਦੇਸ਼ ਸੇਵਕ’ ਦੇ ਰੈਜੀਡੈਂਟ ਐਡੀਟਰ-ਕਮ-ਜਨਰਲ ਮੈਨੇਜਰ ਚੇਤਨ ਸ਼ਰਮਾ, ਐਡੀਟਰ ਰਿਪੁਦਮਨ ਰਿੱਪੀ ਤੇ ‘ਦੇਸ਼ ਸੇਵਕ’ ਦੇ ਛਾਪਕ ਤੇ ਪ੍ਰਕਾਸ਼ਕ ਰਣਜੀਤ ਸਿੰਘ ਸ਼ਾਮਲ ਹੋਏ। ਪੰਜਾਬ ਦਾ ਸ਼ਾਇਦ ਹੀ ਕੋਈ ਕੋਨਾ ਹੋਵੇ ਜਿੱਥੋਂ ਦੇਸ਼ ਸੇਵਕ ਨਾਲ ਜੁੜੇ ਲੋਕ ਨਾਂ ਪਹੁੰਚੇ ਹੋਣ। 

ਇਸ ਮੌਕੇ ਦੇਸ਼ ਸੇਵਕ ਦੇ ਮਿਸ਼ਨ ਨੂੰ ਹੋਰ ਅੱਗੇ ਤੋਰਨ ਦੀ ਗੱਲ ਵੀ ਹੋਈ। ਇਸ ਦੌਰਾਨ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਨਵੇਂ ਸਾਲ ਦਾ ਤੋਹਫ਼ਾ ਮਿਲਿਆ ਹੈ, ਕਿਉਂਕਿ ਉਹ ਆਪਣਿਆਂ ਵਿੱਚ ਬੈਠ ਕੇ ਆਪਣੇ ਦਿਲ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਦੇਸ਼ ਸੇਵਕ’ ਜਿਸ ਨੂੰ ਕਿ 1920ਵਿਆਂ ਵਿੱਚ ਬਰਤਾਨਵੀ ਹਕੂਮਤ ਨੇ ਬੰਦ ਕਰਵਾ ਦਿੱਤਾ ਸੀ, ਨੂੰ ਮੁੜ ਸ਼ੁਰੂ ਕਰਨ ਦੀ ਤਾਂਘ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਅੰਦਰ ਲਗਾਤਾਰ ਬਣੀ ਰਹੀ ਅਤੇ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਸਮ੍ਹਾਂ ਨੂੰ 1 ਜਨਵਰੀ 1996 ਨੂੰ ਦੁਬਾਰਾ ਰੌਸ਼ਨ ਕੀਤਾ। ਇਸ ਤਰ੍ਹਾਂ ਦੇਸ਼ ਸੇਵਕ ਦਾ ਸੰਘਰਸ਼ਾਂ ਭਰਿਆ ਇਤਿਹਾਸ ਇੱਕ ਵਾਰ ਫੇਰ ਸਾਹਮਣੇ ਆਇਆ ਜਿਸ ਤੋਂ ਅਜੇ ਵੀ ਬਹੁਤ ਸਾਰੇ ਲੋਕ ਅਣਜਾਣ ਵਾਂਗ ਹੀ ਹਨ। 

ਸੁਤੰਤਰ ਅਤੇ ਲੋਕ ਪੱਖੀ ਮੀਡੀਆ ਦੇ ਰਸਤਿਆਂ ਵਿੱਚ ਆ ਰਹੀਆਂ ਔਕੜਾਂ ਦੇ ਗੱਲ ਵੀ ਹੋਈ। ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ਇਸ ਸਮ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਬੁੱਝਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਹੀ ਮਾਅਨਿਆਂ ਵਿੱਚ ਪੱਤਰਕਾਰੀ ਕਰਨੀ ਬਹੁਤ ਔਖਾ ਕੰਮ ਹੈ। ਸੰਪਾਦਕ ਨੂੰ ਕਲਮ ਚੁੱਕਣ ਤੋਂ ਪਹਿਲਾਂ ਸੋਚਣਾ ਪੈਂਦਾ ਹੈ, ਕਿਉਂਕਿ ਹੁਕਮਰਾਨਾਂ ਦੇ ਪਾਜ ਉਘੇੜਨ ’ਤੇ ਉਨ੍ਹਾਂ ਵੱਲੋਂ ਈਡੀ, ਸੀਬੀਆਈ ਜਾਂ ਕਿਸੇ ਹੋਰ ਏਜੰਸੀ ਵੱਲੋਂ ਉਸ ਸੰਪਾਦਕ ’ਤੇ ਕਾਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ‘ਦੇਸ਼ ਸੇਵਕ’ ਨੂੰ ਹੁਣ ਤੱਕ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਨਾ ਪਵੇਗਾ ਜਿਹਨਾਂ ਦਾ ਸਾਹਮਣਾ ਕਰਨ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। 

ਇਸ ਯਾਦਗਾਰੀ ਸਮਾਗਮ ਮੌਕੇ ‘ਦੇਸ਼ ਸੇਵਕ’ ਦਾ ਕੈਲੰਡਰ ਤੇ ਡਾਇਰੀ ਵੀ ਜਾਰੀ ਕੀਤੇ ਗਏ। ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ‘ਦੇਸ਼ ਸੇਵਕ’ ਆਪਣੀ ਜ਼ਿੰਮੇਵਾਰੀ ਤੋਂ ਕਦੇ ਪਿੱਛੇ ਨਹੀਂ ਹਟਿਆ ਅਤੇ ਇਹ ਆਪਣੇ ਪਾਠਕਾਂ ਨੂੰ ਜਵਾਬਦੇਹ ਹੈ ਤੇ ਰਹੇਗਾ। ਉਨ੍ਹਾਂ ਕਿਹਾ ਕਿ ਇਸ ਅਖ਼ਬਾਰ ਨੇ ਦਬੇ ਕੁਚਲੇ ਲੋਕਾਂ ਦੀ ਜ਼ੁਬਾਨ ਬਣ ਕੇ ਉਨ੍ਹਾਂ ਦੇ ਮੁੱਦੇ ਪ੍ਰਮੁੱਖਤਾ ਨਾਲ ਚੁੱਕੇ ਹਨ। ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ਅੱਜ ਜਦੋਂ ਦੇਸ਼ ਦੇ ਹਾਲਾਤ ਹੁਕਮਰਾਨਾਂ ਵੱਲੋਂ ਕਿਸੇ ਹੋਰ ਹੀ ਪਾਸੇ ਮੋੜ ਦਿੱਤੇ ਗਏ ਹਨ, ਉਸ ਸਮੇਂ ਵਿੱਚ ‘ਦੇਸ਼ ਸੇਵਕ’ ਦੀ ਜ਼ਿੰਮੇਵਾਰ ਹੋਰ ਵੀ ਵਧ ਜਾਂਦੀ ਹੈ ਕਿ ਹੁਕਮਰਾਨਾਂ ਦੀਆਂ ਲੋਕਮਾਰੂ ਨੀਤੀਆਂ ਦੇ ਖ਼ਿਲਾਫ਼ ਆਵਾਜ਼ ਚੁੱਕੀ ਜਾਵੇ। ਉਨ੍ਹਾਂ ਕਿਹਾ ਕਿ ਅੱਜ ਸੰਵਿਧਾਨਿਕ ਸੰਸਥਾਵਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਹੁਕਮਰਾਨ ਆਪਣੇ ਨਿੱਜੀ ਮੁਫ਼ਾਦਾਂ ਲਈ ਇਨ੍ਹਾਂ ਦੀ ਦੁਰਵਰਤੋਂ ਕਰ ਰਹੇ ਹਨ।

ਉਨ੍ਹਾਂ ਜੰਮੂ ਕਸ਼ਮੀਰ ’ਚ ਧਾਰਾ 370 ਖ਼ਤਮ ਕਰਨ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕੀ ਇਹ ਸਾਡੇ ਸੰਵਿਧਾਨ ਦੀ ਧਾਰਾ ਨਹੀਂ ਹੈ, ਜਾਂ ਇਹ ਵਿਦੇਸ਼ੀ ਸੰਵਿਧਾਨ ਦੀ ਧਾਰਾ ਹੈ? ਉਨ੍ਹਾਂ ਕਿਹਾ ਕਿ ਜਦੋਂ ਭਾਰਤ ਦਾ ਸੰਵਿਧਾਨ ਲਿਖਿਆ ਗਿਆ ਤਾਂ ਇਸ ਧਾਰਾ ਨੂੰ ਵੀ ਉਸ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਉਥੇ ਉਨ੍ਹਾਂ ਨੂੰ ਸੂਬੇ ਬਣਾਉਣ ਦੀ ਮੰਗ ਉਠ ਰਹੀ ਹੈ। ਇਸ ਦੇ ਉਲਟ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਖ਼ਤਮ ਕਰ ਕੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਉਥੇ ਦੇ ਲੋਕਾਂ ਨਾਲ ਜੋ ਬੀਤੀ ਹੈ, ਉਹ ਜੱਗ ਜਾਹਿਰ ਹੈ। ਇੱਥੇ ਲੋਕਾਂ ਦੇ ਬੋਲਣ, ਸੁਣਨ, ਪਹਿਨਣ, ਖ਼ਾਣ-ਪੀਣ, ਚੱਲਣ-ਫਿਰਨ ’ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਇਹ ਦੱਸੇ ਕੀ ਇਹ ਲੋਕ ਭਾਰਤ ਦੇ ਬਸ਼ਿੰਦੇ ਨਹੀਂ ਹਨ? ਜੋ ਉਨ੍ਹਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਕੀਤਾ ਗਿਆ।

ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕ ਜਮਹੂਰੀਅਤ ਪਸੰਦ ਲੋਕ ਹਨ, ਇਨ੍ਹਾਂ ਨੇ 1947 ਵਿੱਚ ਵੰਡ ਵੇਲੇ ਆਪਸੀ ਭਾਈਚਾਰਕ ਸਾਂਝ ਦਾ ਪੱਲਾ ਨਹੀਂ ਛੱਡਿਆ ਤੇ ਇਸ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਸੰਗਰਾਮ ਵਿੱਚ ਵੀ ਆਪਣਾ ਬਣਦਾ ਹਿੱਸਾ ਪਾਇਆ।

ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਤੇ ਜੰਮੂ ਕਸ਼ਮੀਰ ਜੋ ਕਿ ਦੋਵੇਂ ਹੀ ਸਰਹੱਦੀ ਸੂਬੇ ਹਨ, ਉਤੇ ਖਾਸ ਪਬੰਦੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਸੂਬਿਆਂ ਦੇ ਲੋਕ ਭਖਾਰੀ ਨਹੀਂ ਹਨ, ਉਹ ਚਾਹੁੰਦੇ ਹਨ ਕਿ ਉਨ੍ਹਾਂ ਨਾਲ ਸ਼ਹਿਰੀਆਂ ਵਾਲਾ ਸਲੂਕ ਕੀਤਾ ਜਾਵੇ। ਇਹ ਆਪਣੇ ਹੱਕ ਹਕੂਕ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 50 ਕਿਲੋਮੀਟਰ ਦਾ ਖੇਤਰ ਬੀਐਸਐਫ਼ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਸ ਤੋਂ ਹੁਕਮਰਾਨਾਂ ਦੇ ਇਰਾਦੇ ਭਾਂਪੇ ਜਾ ਸਕਦੇ ਹਨ। ਉਨ੍ਹਾਂ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿੱਥੇ ਆਜ਼ਾਦੀ ਦੇ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਇਆ, ਉਥੇ ਹੀ ਅੱਤਵਾਦ ਦੇ ਦੌਰ ’ਚ ਭਾਈਚਾਰਕ ਸਾਂਝ ਕਾਇਮ ਰੱਖੀ ਤੇ ਦਿੱਲੀ ਦੇ ਬਾਰਡਰ ’ਤੇ ਲੜੇ ਗਏ ‘ਕਿਸਾਨ ਅੰਦੋਲਨ’ ਵਿੱਚ ਆਪਣੀ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਕਿਸਾਨ ਚਾਹੇ ਜੰਮੂ ਕਸ਼ਮੀਰ ਦਾ ਹੋਵੇ, ਚਾਹੇ ਉਹ ਪੰਜਾਬ ਦਾ ਉਹ ਡਟ ਕੇ ਖੇਤੀ ਕਰੇਗਾ ਤੇ ਇਸ ਦੀ ਹਿਫ਼ਾਜਤ ਵੀ ਕਰੇਗਾ ਤੇ ਫ਼ਸਲਾਂ ਦਾ ਮੁੱਲ ਵੀ ਖ਼ੁਦ ਤੈਅ ਕਰੇਗਾ। ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ਭਾਜਪਾ ਨੂੰ ਹੁਣ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਦੇਸ਼ ਦੀ ਜਨਤਾ ਹੁਣ ਬਹੁਤੀ ਦੇਰ ਉਸ ਦੀ ਧੁੰਨ ’ਤੇ ਨੱਚਣ ਵਾਲੀ ਨਹੀਂ ਹੈ। ਅਖ਼ੀਰ ਵਿੱਚ ਉਨ੍ਹਾਂ ‘ਦੇਸ਼ ਸੇਵਕ’ ਦੀ ਸਮੁੱਚੀ ਮੈਨੇਜਮੈਂਟ ਨੂੰ 27ਵੀਂ ਵਰ੍ਹੇਗੰਢ ਦੀ ਮੁਬਾਰਕਬਾਦ ਪੇਸ਼ ਕਰਦਿਆਂ ਆਪਣੇ ਹਰ ਸਹਿਯੋਗ ਦਾ ਭਰੋਸਾ ਦਿਵਾਇਆ।

ਰੋਜ਼ਾਨਾ ਦੇਸ਼ ਸੇਵਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸੇਖੋਂ ਹੁਰਾਂ ਨੇ ਵੀ ਮੰਚ ਤੋਂ ਅਜਿਹੇ ਕਈ ਮਾਮਲੇ ਗਿਣਵਾਏ ਜਿਹਨਾਂ ਦੀਆਂ ਖਬਰਾਂ ਛਾਪਣ ਦੀ ਦਲੇਰੀ ਸਭ ਤੋਂ ਪਹਿਲਾਂ ਸਿਰਫ ਦੇਸ਼ ਸੇਵਕ ਨੇ ਹੀ ਦਿਖਾਈ। ਇਹਨਾਂ ਵਿੱਚ ਇੱਕ ਪ੍ਰਸਿੱਧ ਡੇਰੇ ਵਾਲੀ ਖਬਰ ਵੀ ਸ਼ਾਮਲ ਸੀ। ਕਾਮਰੇਡ ਸੇਖੋਂ ਨੇ ਦੱਸਿਆ ਕਿ ਜਦੋਂ ਸੰਨ 2002 ਵਿੱਚ ਇਸ ਖਬਰ ਵਾਲੀ ਉਹ ਗੁੰਮਨਾਮ ਚਿੱਠੀ ਪ੍ਰਕਾਸ਼ਿਤ ਕੀਤੀ ਗਈ ਤਾਂ ਉਸ ਦਿਨ ਦਾ ਖਬਰ 200/- ਤੋਂ 500/- ਰੁਪਏ ਪ੍ਰਤੀ ਅਖਬਾਰ ਬਲੈਕ ਵਿਚ ਵੀ ਵਿਕਿਆ। ਲੋਕਾਂ ਵਿਚ ਦੇਸ਼ ਸੇਵਕ ਆਪਣੀ ਨਿਰਪੱਖਤਾ ਅਤੇ ਦਲੇਰੀ ਕਾਰਨ ਹਰਮਨ ਪਿਆਰਾ ਹੋਇਆ। ਕਾਮਰੇਡ ਸੇਖੋਂ ਨੇ ਕਿਹਾ ਕਿ ਛੇਤੀ ਹੋ ਦੇਸ਼ ਸੇਵਕ ਨੂੰ ਤਿੰਨ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰਨ ਦੇ ਹੀਲੇ ਵਸੀਲੇ ਕੀਤੇ ਜਾ ਰਹੇ ਹਨ ਤਾਂਕਿ ਇਹ ਅਖਬਾਰ ਉੱਤਰ ਭਾਰਤ ਦਾ ਇੱਕ ਮਜ਼ਬੂਤ ਮੀਡੀਆ ਬਣ ਕੇ ਸਾਹਮਣੇ ਆਏ।  

ਇਸ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਇਹ ਮਿਸ਼ਨ ਸੀ ਕਿ ਫਿਰਕੂ ਵੰਡਵਾਦੀ ਤੇ ਰੂੜੀਵਾਦ ਨੂੰ ਭਾਂਜ ਦੇਣ ਵਾਲਾ ਇੱਕ ਅਖ਼ਬਾਰ ਹੋਣਾ ਚਾਹੀਦਾ ਹੈ। ਇਸੇ ਮਿਸ਼ਨ ਦੇ ਤਹਿਤ ਉਨ੍ਹਾਂ ਨੇ ਅੱਜ ਤੋਂ 27 ਸਾਲ ਪਹਿਲਾਂ ‘ਦੇਸ਼ ਸੇਵਕ’ ਨੂੰ ਮੁੜ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਇਸ ਅਰਸੇ ਦੌਰਾਨ ਵੱਡੀਆਂ ਮੁਸ਼ਕਲਾਂ ਆਈਆਂ ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ‘ਦੇਸ਼ ਸੇਵਕ’ ਆਪਣੀ ਚਾਲੇ ਤੁਰਦਾ ਰਿਹਾ। 

ਉਨ੍ਹਾਂ ਕਿਹਾ ਕਿ ‘ਦੇਸ਼ ਸੇਵਕ’ ਨੇ ਕਈ ਖ਼ਬਰਾਂ ਨੂੰ ਪ੍ਰਮੁੱਖ਼ਤਾ ਨਾਲ ਛਾਪਿਆ, ਜਿਨ੍ਹਾਂ ਦਾ ਸਰੋਕਾਰ ਸਮਾਜ ਦੇ ਨਾਲ ਸੀ। ਉਨ੍ਹਾਂ ਕਿਹਾ ਕਿ ‘ਦੇਸ਼ ਸੇਵਕ’ ’ਚ 25 ਸਤੰਬਰ 2002 ਨੂੰ ਸਿਰਸਾ ਦੇ ਅਖੌਤੀ ਸਾਧ ਵੱਲੋਂ ਜਿਨਸੀ ਸ਼ੋਸ਼ਣ ਦੀ ਸ਼ਿਕਾਰ ਇੱਕ ਲੜਕੀ ਵੱਲੋਂ ਲਿਖੀ ਗਈ ਗੁੰਮਨਾਮ ਚਿੱਠੀ ਪ੍ਰਕਾਸ਼ਿਤ ਕੀਤੀ ਗਈ, ਜਿਸ ਦਾ ਸੋਮੋਟੋ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਜਦੋਂ 25 ਅਗਸਤ 2017 ਵਿੱਚ ਇਸ ਅਖੌਤੀ ਸਾਧ ਨੂੰ ਸਜ਼ਾ ਸੁਣਾਈ ਤਾਂ 26 ਅਗਸਤ 2017 ਦੇ ਅੰਗਰੇਜ਼ੀ ਟ੍ਰਿਬਿਊਨ ਨੇ ਆਪਣੀ ਛਾਪੀ ਖ਼ਬਰ ਵਿੱਚ ‘ਦੇਸ਼ ਸੇਵਕ’ ਵੱਲੋਂ ਨਿਭਾਈ ਭੂਮਿਕਾ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਅਤੇ ‘ਦੇਸ਼ ਸੇਵਕ’ ਵਿੱਚ ਅਖੌਤੀ ਸਾਧ ਦੇ ਖ਼ਿਲਾਫ਼ ਲੱਗੀ ਕਾਤਰ ਵੀ ਪ੍ਰਕਾਸ਼ਿਤ ਕੀਤੀ। 

ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਦਾ ਸੁਫ਼ਨਾ ਸੀ ਕਿ ‘ਦੇਸ਼ ਸੇਵਕ’ ਤਿੰਨ ਭਾਸ਼ਾਵਾਂ ਵਿੱਚ ਛਪੇ ਅਤੇ ਇਹ ਉਤਰੀ ਭਾਰਤ ਦਾ ਪ੍ਰਮੁੱਖ ਅਖ਼ਬਾਰ ਬਣੇ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਦਾ ਇਹ ਸੁਫ਼ਨਾ ਪੂਰਾ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਕਾਮਰੇਡ ਸੇਖੋਂ ਨੇ ਇਸ ਦੌਰਾਨ ਜ਼ਿਕਰ ਕੀਤਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਜਿਸ ਸਕੂਲ ਵਿੱਚੋਂ 9ਵੀਂ ਵਿੱਚ ਪੜ੍ਹਦਿਆਂ ਨਾਮ ਕੱਟ ਦਿੱਤਾ ਗਿਆ ਸੀ, ਪਾਰਟੀ ਦੀ ਮੰਗ ’ਤੇ ਸਰਕਾਰ ਨੇ ਉਸ ਸਕੂਲ ਦਾ ਬਦਲ ਕੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਰੱਖਿਆ ਹੈ। ਇਸੇ ਤਰ੍ਹਾਂ ਜੰਡਿਆਲਾ ਤੋਂ ਨਵਾਂ ਪਿੰਡਾ ਤੱਕ ਸਾਢੇ 24 ਕਿਲੋਮੀਟਰ ਲੰਬੀ ਸੜਕ ਦਾ ਨਾਮ ਵੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਨਾਂ ’ਤੇ ਰੱਖਿਆ ਗਿਆ ਹੈ। 

ਉਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ਵਿੱਚ ਕਾਮਰੇਡ ਸੁਰਜੀਤ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ 23 ਮਾਰਚ 1932 ਵਿੱਚ ਕਾਂਗਰਸ ਵੱਲੋਂ ਡੀਸੀ ਦਫ਼ਤਰਾਂ ’ਤੇ ਯੂਨੀਅਨ ਜੈਕ ਉਤਾਰ ਕੇ ਤਿਰੰਗੇ ਲਹਿਰਾਉਣ ਦਾ ਸੱਦਾ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਇਹ ਸੱਦਾ ਵਾਪਸ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਕਾਮਰੇਡ ਸੁਰਜੀਤ ਦੀ ਉਮਰ 16 ਸਾਲ ਸੀ ਤੇ ਉਹ ਹੁਸ਼ਿਆਰਪੁਰ ਕਾਂਗਰਸ ਦੇ ਦਫ਼ਤਰ ਵਿੱਚ ਪਹੁੰਚ ਗਏ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਦਿੱਤੇ ਗਏ ਸੱਦੇ ਦਾ ਕੀ ਬਣਿਆ ਹੈ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਸੱਦਾ ਵਾਪਸ ਲੈ ਲਿਆ ਗਿਆ ਹੈ। ਕਾਮਰੇਡ ਸੁਰਜੀਤ ਨੂੰ ਕਿਹਾ ਗਿਆ ਕਿ ਜੇ ਤੁਹਾਡੀ ਮਰਜ਼ੀ ਹੈ ਤਾਂ ਫਿਰ ਤੁਸੀਂ ਖ਼ੁਦ ਤਿਰੰਗਾ ਚੜ੍ਹਾਓ। 

ਇਸ ’ਤੇ ਕਾਮਰੇਡ ਸੁਰਜੀਤ ਡੀਸੀ ਦਫ਼ਤਰ ਪਹੁੰਚੇ ਤੇ ਉਨ੍ਹਾਂ ਨੇ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਲਹਿਰਾ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਸ ਥਾਂ ਨੂੰ ਕਾਮਰੇਡ ਸੁਰਜੀਤ ਦੀ ਯਾਦਗਾਰ ਵਜੋਂ ਵਿਕਸਤ ਕਰਨ ਦੀ ਮੰਗ ਕੀਤੀ ਹੈ। ਕਾਮਰੇਡ ਸੇਖੋਂ ਨੇ ਦੱਸਿਆ ਕਿ 23 ਮਾਰਚ ਨੂੰ ਇਸੇ ਥਾਂ ’ਤੇ ਜਿੱਥੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਜਨਮ ਦਿਨ ਮਨਾਇਆ ਜਾਵੇਗਾ, ਉਥੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਵਸ ਵੀ ਪਾਰਟੀ ਮਨਾਏਗੀ। ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੇਚੁਰੀ ਪਹੁੰਚਣਗੇ।

ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ‘ਦੇਸ਼ ਸੇਵਕ’ ਦੇ ਰੈਜੀਡੈਂਟ ਐਡੀਟਰ-ਕਮ-ਜਨਰਲ ਮੈਨੇਜਰ ਚੇਤਨ ਸ਼ਰਮਾ ਨੇ ਕਿਹਾ ਕਿ ਨਵੀਂ ਮੈਨੇਜਮੈਂਟ ਨੇ ਪੰਜ ਸਾਲ ਪਹਿਲਾਂ ਅਦਾਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ ਸੀ। ਇਸ ਦੌਰਾਨ ਕਈ ਉਤਰਾਅ ਚੜ੍ਹਾਅ ਦੇਖੇ ਗਏ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਦੀ ਸੋਚ ’ਤੇ ਪਹਿਰਾ ਦਿੰਦਿਆਂ ‘ਦੇਸ਼ ਸੇਵਕ’ ਦੀ ਬਿਹਤਰੀ ਲਈ ਦਿਨ-ਰਾਤ ਇੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਦਾ ਸੁਫ਼ਨਾ ਸੀ ਕਿ ‘ਦੇਸ਼ ਸੇਵਕ’ ਹੋਰ ਭਾਸ਼ਾਵਾਂ ਵੀ ਛਪੇ, ਇਸ ਲਈ 2020 ਵਿੱਚ ਅਦਾਰੇ ਵੱਲੋਂ ਪੰਜਾਬੀ ਅਤੇ ਅੰਗਰੇਜ਼ੀ ਦੀ ਵੈਬਸਾਈਟ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਢਾਈ ਸਾਲਾਂ ਵਿੱਚ ਇੱਕ ਕਰੋੜ 97 ਲੱਖ ਦਰਸ਼ਕ ਇਸ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਮੀਡੀਆ ਦਾ ਕੀ ਹਾਲ ਹੈ, ਇਹ ਸਭ ਜਾਣਦੇ ਹਨ, ਪਰ ‘ਦੇਸ਼ ਸੇਵਕ’ ਨੇ ਨਿਰਪੱਖ਼ ਪੱਤਰਕਾਰੀ ਦਾ ਪੱਲਾ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਜਲਦ ਹੀ ‘ਦੇਸ਼ ਸੇਵਕ’ ਇੱਕ ਹੋਰ ਭਾਸ਼ਾ ਵਿੱਚ ਵੀ ਸ਼ੁਰੂ ਹੋਣ ਜਾ ਰਿਹਾ ਹੈ।

ਰੋਜ਼ਾਨਾ ‘ਦੇਸ਼ ਸੇਵਕ’ ਦੇ ਸੰਪਾਦਕ ਰਿਪੁਦਮਨ ਰਿੱਪੀ ਨੇ ਇਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ‘ਦੇਸ਼ ਸੇਵਕ’ ਨੇ ਜਮਹੂਰੀ ਤੇ ਧਰਮ ਨਿਰਪੱਖ਼ ਕਦਰਾਂ-ਕੀਮਤਾਂ ’ਤੇ ਹਮੇਸ਼ਾ ਪਹਿਰਾ ਦਿੱਤਾ ਹੈ ਅਤੇ ਲਗਾਤਾਰ ਲੋਕ ਪੱਖ਼ੀ ਪੈਂਤੜਾ ਅਪਣਾਈ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਆਮ ਲੋਕ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਹੇਠ ਜੀਅ ਰਹੇ ਹਨ ਅਤੇ ਸਮਾਜਿਕ ਪੱਧਰ ’ਤੇ ਹੁਕਮਰਾਨਾਂ ਵੱਲੋਂ ਧਰਮ ਦੇ ਆਧਾਰ ’ਤੇ ਜ਼ਹਿਰ ਭਰੀ ਫਿਰਕਾਪ੍ਰਸਤੀ ਫੈਲਾਈ ਜਾ ਰਹੀ ਹੈ, ਜੋ ਕਿ ਲੋਕਾਂ ਵਿੱਚ ਵੰਡੀਆਂ ਪਾ ਰਹੀ ਹੈ, ਇਸ ਸਮੇਂ ‘ਦੇਸ਼ ਸੇਵਕ’ ਜਿਹੇ ਅਖ਼ਬਾਰਾਂ ਦੀ ਅਹਿਮੀਅਤ ਬਹੁਤ ਵਧ ਜਾਂਦੀ ਹੈ।

ਇਸ ਦੌਰਾਨ ‘ਦੇਸ਼ ਸੇਵਕ’ ਦਾ ਸਾਲ 2023 ਦਾ ਕੈਲੰਡਰ ਤੇ ਡਾਇਰੀ ਵੀ ਰਿਲੀਜ਼ ਕੀਤੀ ਗਈ। ਅਖ਼ੀਰ ਵਿੱਚ ਕਾਮਰੇਡ ਭੂਪ ਚੰਦ ਚੰਨੋ ਵੱਲੋਂ ਸਮਾਗਮ ਵਿੱਚ ਪਹੁੰਚੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ।  ਵੀ. ਪੀ. ਸਿੰਘ ਨਾਗਰਾ ਅਤੇ ਹੋਰ ਸਾਰੇ ਵੀ ਅੰਤ ਤੱਕ ਪੂਰੀ ਤਰ੍ਹਾਂ ਸਰਗਰਮ ਰਹੇ। ਕੁਲ ਮਿਲਾ ਕੇ ਸਮਾਗਮ ਬਹੁਤ ਹੀ ਯਾਦਗਾਰੀ ਸੀ ਪਾਰ ਬਹੁਤ ਸਾਰੇ ਪੁਰਾਣੇ ਸਾਥੀ ਜਿਹੜੇ ਇਸ ਸਾਰੇ ਪਰਿਵਾਰ ਦੇ ਸਗਰਮ ਮੈਂਬਰ ਵੀ ਰਹੇ ਉਹਨਾਂ ਦੀ ਗੈਰਮੌਜੂਦਗੀ ਖਟਕਦੀ ਰਹੀ। ਸਮਾਗਮ ਵਿਚ ਪਹੁੰਚਣਾ ਵਾਲੇ ਦੇਸ਼ ਸੇਵਕ ਦੇ ਪਰਵਾਨਿਆਂ ਦੀ ਸਹੀ ਗਿਣਤੀ ਦਾ ਅੰਦਾਜ਼ਾ ਲਾਉਣ ਵਿੱਚ ਵੀ ਪ੍ਰਬੰਧਕ ਖੁੰਝ ਗਏ। ਹਾਲ ਵਿਛਕ ਖੜੇ ਹੋਣਾ ਵੀ ਬਹੁਤ ਮੁਸ਼ਕਲ ਸੀ ਜਿਸ ਕਾਰਨ ਮੀਡੀਆ ਨੂੰ ਵੀ ਕਵਰੇਜ ਵਿੱਚ ਦਿੱਕਤ ਆਈ। ਲੰਗਰ ਵੀ ਇਸੇ ਲਾਇ ਥੁੜਿਆ ਕਿਓਂਕਿ ਆਉਣ ਵਾਲੇ ਮਹਿਮਾਨ ਅਤੇ ਪਰਿਵਾਰਿਕ ਮੈਂਬਰ ਅੰਦਾਜ਼ਿਆਂ ਨੂੰ ਗਲਤ ਸਾਬਤ ਕਰ ਕੇ ਬਹੁਤ ਹੀ ਵੱਡੀ ਗਿਣਤੀ ਵਿੱਚ ਪੁੱਜੇ। ਖੈਰ ਵੱਡੇ ਸਮਾਗਮਾਂਵਿੱਚ  ਇਹ ਸਭ ਵੀ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਹੋ ਹੀ ਜਾਂਦਾ ਹੈ। ਉਮੀਦ ਹੈ 28ਵੀਂ ਵਰ੍ਹੇਗੰਢ ਹੋਰ ਵੀ ਜ਼ਿਆਦਾ ਵਿਸ਼ਾਲ ਪੱਧਰ 'ਤੇ ਮਨਾਈ ਜਾਏਗੀ।  

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।