Monday, January 2, 2023

ਜਲਦੀ ਹੀ ਦੇਸ਼ ਸੇਵਕ ਛਪਣ ਲੱਗੇਗਾ ਤਿੰਨਾਂ ਭਾਸ਼ਾਵਾਂ ਵਿੱਚ-ਕਾਮਰੇਡ ਸੇਖੋਂ

1st January 2023 at 06:10 PM  

‘ਦੇਸ਼ ਸੇਵਕ’ ਦੀ ਸ਼ਮਾ ਬੁੱਝਣ ਨਹੀਂ ਦਿੱਤੀ ਜਾਵੇਗੀ:ਕਾਮਰੇਡ ਯੂਸੁਫ਼ ਤਾਰੀਗਾਮੀ


ਚੰਡੀਗੜ੍ਹ: ਪਹਿਲੀ ਜਨਵਰੀ 2023: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ)::

ਪੰਜਾਬ ਵਿੱਚ ਮੀਡੀਆ ਅਦਾਰਿਆਂ ਵੱਲੋਂ ਆਪਣੀ ਵਰ੍ਹੇਗੰਢ ਮਨਾਉਣ ਦੇ ਸਮਾਗਮਾਂ ਦੀ ਘਾਟ ਅਕਸਰ ਖਟਕਦੀ ਹੈ। ਜੇਕਰ ਇਹ ਮਨਾਈਆਂ ਵੀ ਜਾਂਦੀਆਂ ਹਨ ਤਾਂ ਸਿਰਫ ਸਬੰਧਤ ਮੀਡੀਆ ਅਦਾਰਿਆਂ ਦੇ ਦਫਤਰਾਂ ਦੀ ਚਾਰਦੀਵਾਰੀ ਦੇ ਅੰਦਰ ਹੀ ਰਹਿ  ਜਾਂਦੀਆਂ ਹਨ ਜਿਹਨਾਂ ਦੀ ਖਬਰ ਅਗਲੇ ਸਬੰਧਤ ਅਖਬਾਰ ਵਿਚ ਛਪ ਜਾਂਦੀ ਹੈ।  

ਅਜਿਹੇ ਮਾਹੌਲ ਵਿੱਚ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਈ ਗਈ ‘ਦੇਸ਼ ਸੇਵਕ’ ਦੀ 27ਵੀਂ ਵਰ੍ਹੇਗੰਢ ਜਿਸ ਵਿੱਚ ਆਮ ਕਿਰਤੀਆਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਆਗੂ ਹੁੰਮਹੁਮਾ ਕੇ ਦੂਰ ਦੁਰਾਡਿਓਂ ਪੁੱਜੇ ਹੋਏ ਸਨ। ਬਿਰਧ ਅਵਸਥਾ ਵਾਲਾ ਕਰਤਾਰ ਸਿੰਘ ਲੁਧਿਆਣਾ ਦੇ ਇੱਕ ਪਿੰਡ ਵਿੱਚੋਂ ਆਇਆ ਸੀ ਜਿਸਦੀ ਉਮਰ 75 ਸਾਲਾਂ ਤੋਂ ਵੱਧ ਚੁੱਕੀ ਸੀ। ਇਹਨਾਂ ਸਾਰਿਆਂ ਨੇ ਧਰਮ-ਨਿਰਪੱਖ਼, ਜਮਹੂਰੀ ਤੇ ਲੋਕ ਪੱਖੀ ਪੈਂਤੜਾ ਕਾਇਮ ਰੱਖਣ ਦਾ ਅਹਿਦ ਵੀ ਲਿਆ ਅਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੇ ਯਤਨ ਜਾਰੀ ਰੱਖਣ ਦਾ ਸੰਕਲਪ ਵੀ ਦੁਹਰਾਇਆ ਹੈ। ਸੀਪੀਆਈ ਐਮ ਦੇ ਸੂਬਾ ਸਕੱਤਰ ਅਤੇ ਰੋਜ਼ਾਨਾ ਦੇਸ਼ਸ਼ਵਕ ਦੇ ਐਮ ਡੀ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਦੇਸ਼ ਸੇਵਕ ਵੱਲੋਂ ਨਿਭਾਈ ਭੂਮਿਕਾ ਬਾਰੇ ਵਿਚ ਕਾਫੀ ਕੁਝ ਯਾਦ ਕਰਾਇਆ। ਸਥਾਨਕ ਸੈਕਟਰ 29-ਡੀ ਦੇ ਬਾਬਾ ਸੋਹਨ ਸਿੰਘ ਭਕਨਾ ਭਵਨ ਵਿਖੇ ਸਵੇਰ ਹੁੰਦਿਆਂ ਸਾਰ ਹੀ ਰੌਣਕਾਂ ਲੱਗੀਆਂ ਹੋਈਆਂ ਸਨ। ਗਰਮਾਗਰਮ ਚਾਹ ਅਤੇ ਪਕੌੜੇ ਅਟੁੱਟ ਲੰਗਰ ਵਾਂਗ ਵਰਤ ਰਹੇ ਸਨ। ਸਰਦੀਆਂ ਨੂੰ ਚੀਰਦੀ ਜਜ਼ਬਾਤਾਂ ਦੀ ਗਰਮਜੋਸ਼ੀ ਦਰਮਿਆਨ ‘ਦੇਸ਼ ਸੇਵਕ’ ਦੀ 27ਵੀਂ ਵਰ੍ਹੇਗੰਢ ਸ਼ਾਨਦਾਰ ਢੰਗ ਨਾਲ ਮਨਾਈ ਗਈ।

ਸਮਾਗਮ ਇੱਕ ਘੰਟਾ ਦੇਰ ਨਾਲ ਸ਼ੁਰੂ ਹੋ ਸਕਿਆ ਪਰ ਸ਼ੁਰੂ ਹੋਣ ਮਗਰੋਂ ਬਿਨਾ ਰੁਕੇ ਜਾਰੀ ਰਿਹਾ ,ਇੱਕ ਇੱਕ ਪਲ ਇੱਕ ਇੱਕ ਬੁਲਾਰਾ ਅਨਮੋਲ ਸੀ ਜਿਸਨੂੰ ਖੁੰਝਾਉਣਾ ਘਾਟੇਵਾਲਾ ਸੌਦਾ ਹੀ ਸੀ। ਇਸ ਯਾਦਗਾਰੀ ਸਮਾਗਮ ਦੀ ਪ੍ਰਧਾਨਗੀ ਸੀਪੀਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਨੇ ਕੀਤੀ ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਨੇ ਨਿਭਾਈ।

ਇਸ ਵਿਚ ਸ਼ਮੂਲੀਅਤ ਕਰਨ ਲਈ ਬਹੁਤ ਸਾਰੇ ਲੋਕ ਉਚੇਚ ਨਾਲ ਆਏ ਹੋਏ ਸਨ। ਇਸ ਸਮਾਗਮ ਵਿੱਚ ਸੀਪੀਆਈ (ਐਮ) ਦੇ ਕੇਂਦਰੀ ਕਮੇਟੀ ਮੈਂਬਰ ਅਤੇ ਜੰਮੂ ਕਸ਼ਮੀਰ ਤੋਂ ਕਈ ਵਾਰ ਵਿਧਾਇਕ ਰਹੇ ਕਾਮਰੇਡ ਮੁਹੰਮਦ ਯੂਸੁਫ਼ ਤਾਰੀਗਾਮੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਪ੍ਰਧਾਨਗੀ ਮੰਡਲ ਵਿੱਚ ‘ਦੇਸ਼ ਸੇਵਕ’ ਦੇ ਐਮਡੀ ਤੇ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ, ਕਾਮਰੇਡ ਗੁਰਨੇਕ ਸਿੰਘ ਭੱਜਲ, ਕਾਮਰੇਡ ਸੁੱਚਾ ਸਿੰਘ ਅਜਨਾਲਾ, ਕਾਮਰੇਡ ਸੁਖਪ੍ਰੀਤ ਸਿੰਘ ਜੌਹਲ, ਕਾਮਰੇਡ ਅਬਦੁੱਲ ਸਤਾਰ, ‘ਦੇਸ਼ ਸੇਵਕ’ ਦੇ ਰੈਜੀਡੈਂਟ ਐਡੀਟਰ-ਕਮ-ਜਨਰਲ ਮੈਨੇਜਰ ਚੇਤਨ ਸ਼ਰਮਾ, ਐਡੀਟਰ ਰਿਪੁਦਮਨ ਰਿੱਪੀ ਤੇ ‘ਦੇਸ਼ ਸੇਵਕ’ ਦੇ ਛਾਪਕ ਤੇ ਪ੍ਰਕਾਸ਼ਕ ਰਣਜੀਤ ਸਿੰਘ ਸ਼ਾਮਲ ਹੋਏ। ਪੰਜਾਬ ਦਾ ਸ਼ਾਇਦ ਹੀ ਕੋਈ ਕੋਨਾ ਹੋਵੇ ਜਿੱਥੋਂ ਦੇਸ਼ ਸੇਵਕ ਨਾਲ ਜੁੜੇ ਲੋਕ ਨਾਂ ਪਹੁੰਚੇ ਹੋਣ। 

ਇਸ ਮੌਕੇ ਦੇਸ਼ ਸੇਵਕ ਦੇ ਮਿਸ਼ਨ ਨੂੰ ਹੋਰ ਅੱਗੇ ਤੋਰਨ ਦੀ ਗੱਲ ਵੀ ਹੋਈ। ਇਸ ਦੌਰਾਨ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਨਵੇਂ ਸਾਲ ਦਾ ਤੋਹਫ਼ਾ ਮਿਲਿਆ ਹੈ, ਕਿਉਂਕਿ ਉਹ ਆਪਣਿਆਂ ਵਿੱਚ ਬੈਠ ਕੇ ਆਪਣੇ ਦਿਲ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਦੇਸ਼ ਸੇਵਕ’ ਜਿਸ ਨੂੰ ਕਿ 1920ਵਿਆਂ ਵਿੱਚ ਬਰਤਾਨਵੀ ਹਕੂਮਤ ਨੇ ਬੰਦ ਕਰਵਾ ਦਿੱਤਾ ਸੀ, ਨੂੰ ਮੁੜ ਸ਼ੁਰੂ ਕਰਨ ਦੀ ਤਾਂਘ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਅੰਦਰ ਲਗਾਤਾਰ ਬਣੀ ਰਹੀ ਅਤੇ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਸਮ੍ਹਾਂ ਨੂੰ 1 ਜਨਵਰੀ 1996 ਨੂੰ ਦੁਬਾਰਾ ਰੌਸ਼ਨ ਕੀਤਾ। ਇਸ ਤਰ੍ਹਾਂ ਦੇਸ਼ ਸੇਵਕ ਦਾ ਸੰਘਰਸ਼ਾਂ ਭਰਿਆ ਇਤਿਹਾਸ ਇੱਕ ਵਾਰ ਫੇਰ ਸਾਹਮਣੇ ਆਇਆ ਜਿਸ ਤੋਂ ਅਜੇ ਵੀ ਬਹੁਤ ਸਾਰੇ ਲੋਕ ਅਣਜਾਣ ਵਾਂਗ ਹੀ ਹਨ। 

ਸੁਤੰਤਰ ਅਤੇ ਲੋਕ ਪੱਖੀ ਮੀਡੀਆ ਦੇ ਰਸਤਿਆਂ ਵਿੱਚ ਆ ਰਹੀਆਂ ਔਕੜਾਂ ਦੇ ਗੱਲ ਵੀ ਹੋਈ। ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ਇਸ ਸਮ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਬੁੱਝਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਹੀ ਮਾਅਨਿਆਂ ਵਿੱਚ ਪੱਤਰਕਾਰੀ ਕਰਨੀ ਬਹੁਤ ਔਖਾ ਕੰਮ ਹੈ। ਸੰਪਾਦਕ ਨੂੰ ਕਲਮ ਚੁੱਕਣ ਤੋਂ ਪਹਿਲਾਂ ਸੋਚਣਾ ਪੈਂਦਾ ਹੈ, ਕਿਉਂਕਿ ਹੁਕਮਰਾਨਾਂ ਦੇ ਪਾਜ ਉਘੇੜਨ ’ਤੇ ਉਨ੍ਹਾਂ ਵੱਲੋਂ ਈਡੀ, ਸੀਬੀਆਈ ਜਾਂ ਕਿਸੇ ਹੋਰ ਏਜੰਸੀ ਵੱਲੋਂ ਉਸ ਸੰਪਾਦਕ ’ਤੇ ਕਾਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ‘ਦੇਸ਼ ਸੇਵਕ’ ਨੂੰ ਹੁਣ ਤੱਕ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਨਾ ਪਵੇਗਾ ਜਿਹਨਾਂ ਦਾ ਸਾਹਮਣਾ ਕਰਨ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। 

ਇਸ ਯਾਦਗਾਰੀ ਸਮਾਗਮ ਮੌਕੇ ‘ਦੇਸ਼ ਸੇਵਕ’ ਦਾ ਕੈਲੰਡਰ ਤੇ ਡਾਇਰੀ ਵੀ ਜਾਰੀ ਕੀਤੇ ਗਏ। ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ‘ਦੇਸ਼ ਸੇਵਕ’ ਆਪਣੀ ਜ਼ਿੰਮੇਵਾਰੀ ਤੋਂ ਕਦੇ ਪਿੱਛੇ ਨਹੀਂ ਹਟਿਆ ਅਤੇ ਇਹ ਆਪਣੇ ਪਾਠਕਾਂ ਨੂੰ ਜਵਾਬਦੇਹ ਹੈ ਤੇ ਰਹੇਗਾ। ਉਨ੍ਹਾਂ ਕਿਹਾ ਕਿ ਇਸ ਅਖ਼ਬਾਰ ਨੇ ਦਬੇ ਕੁਚਲੇ ਲੋਕਾਂ ਦੀ ਜ਼ੁਬਾਨ ਬਣ ਕੇ ਉਨ੍ਹਾਂ ਦੇ ਮੁੱਦੇ ਪ੍ਰਮੁੱਖਤਾ ਨਾਲ ਚੁੱਕੇ ਹਨ। ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ਅੱਜ ਜਦੋਂ ਦੇਸ਼ ਦੇ ਹਾਲਾਤ ਹੁਕਮਰਾਨਾਂ ਵੱਲੋਂ ਕਿਸੇ ਹੋਰ ਹੀ ਪਾਸੇ ਮੋੜ ਦਿੱਤੇ ਗਏ ਹਨ, ਉਸ ਸਮੇਂ ਵਿੱਚ ‘ਦੇਸ਼ ਸੇਵਕ’ ਦੀ ਜ਼ਿੰਮੇਵਾਰ ਹੋਰ ਵੀ ਵਧ ਜਾਂਦੀ ਹੈ ਕਿ ਹੁਕਮਰਾਨਾਂ ਦੀਆਂ ਲੋਕਮਾਰੂ ਨੀਤੀਆਂ ਦੇ ਖ਼ਿਲਾਫ਼ ਆਵਾਜ਼ ਚੁੱਕੀ ਜਾਵੇ। ਉਨ੍ਹਾਂ ਕਿਹਾ ਕਿ ਅੱਜ ਸੰਵਿਧਾਨਿਕ ਸੰਸਥਾਵਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਹੁਕਮਰਾਨ ਆਪਣੇ ਨਿੱਜੀ ਮੁਫ਼ਾਦਾਂ ਲਈ ਇਨ੍ਹਾਂ ਦੀ ਦੁਰਵਰਤੋਂ ਕਰ ਰਹੇ ਹਨ।

ਉਨ੍ਹਾਂ ਜੰਮੂ ਕਸ਼ਮੀਰ ’ਚ ਧਾਰਾ 370 ਖ਼ਤਮ ਕਰਨ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕੀ ਇਹ ਸਾਡੇ ਸੰਵਿਧਾਨ ਦੀ ਧਾਰਾ ਨਹੀਂ ਹੈ, ਜਾਂ ਇਹ ਵਿਦੇਸ਼ੀ ਸੰਵਿਧਾਨ ਦੀ ਧਾਰਾ ਹੈ? ਉਨ੍ਹਾਂ ਕਿਹਾ ਕਿ ਜਦੋਂ ਭਾਰਤ ਦਾ ਸੰਵਿਧਾਨ ਲਿਖਿਆ ਗਿਆ ਤਾਂ ਇਸ ਧਾਰਾ ਨੂੰ ਵੀ ਉਸ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਉਥੇ ਉਨ੍ਹਾਂ ਨੂੰ ਸੂਬੇ ਬਣਾਉਣ ਦੀ ਮੰਗ ਉਠ ਰਹੀ ਹੈ। ਇਸ ਦੇ ਉਲਟ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਖ਼ਤਮ ਕਰ ਕੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਉਥੇ ਦੇ ਲੋਕਾਂ ਨਾਲ ਜੋ ਬੀਤੀ ਹੈ, ਉਹ ਜੱਗ ਜਾਹਿਰ ਹੈ। ਇੱਥੇ ਲੋਕਾਂ ਦੇ ਬੋਲਣ, ਸੁਣਨ, ਪਹਿਨਣ, ਖ਼ਾਣ-ਪੀਣ, ਚੱਲਣ-ਫਿਰਨ ’ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਇਹ ਦੱਸੇ ਕੀ ਇਹ ਲੋਕ ਭਾਰਤ ਦੇ ਬਸ਼ਿੰਦੇ ਨਹੀਂ ਹਨ? ਜੋ ਉਨ੍ਹਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਕੀਤਾ ਗਿਆ।

ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕ ਜਮਹੂਰੀਅਤ ਪਸੰਦ ਲੋਕ ਹਨ, ਇਨ੍ਹਾਂ ਨੇ 1947 ਵਿੱਚ ਵੰਡ ਵੇਲੇ ਆਪਸੀ ਭਾਈਚਾਰਕ ਸਾਂਝ ਦਾ ਪੱਲਾ ਨਹੀਂ ਛੱਡਿਆ ਤੇ ਇਸ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਸੰਗਰਾਮ ਵਿੱਚ ਵੀ ਆਪਣਾ ਬਣਦਾ ਹਿੱਸਾ ਪਾਇਆ।

ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਤੇ ਜੰਮੂ ਕਸ਼ਮੀਰ ਜੋ ਕਿ ਦੋਵੇਂ ਹੀ ਸਰਹੱਦੀ ਸੂਬੇ ਹਨ, ਉਤੇ ਖਾਸ ਪਬੰਦੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਸੂਬਿਆਂ ਦੇ ਲੋਕ ਭਖਾਰੀ ਨਹੀਂ ਹਨ, ਉਹ ਚਾਹੁੰਦੇ ਹਨ ਕਿ ਉਨ੍ਹਾਂ ਨਾਲ ਸ਼ਹਿਰੀਆਂ ਵਾਲਾ ਸਲੂਕ ਕੀਤਾ ਜਾਵੇ। ਇਹ ਆਪਣੇ ਹੱਕ ਹਕੂਕ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 50 ਕਿਲੋਮੀਟਰ ਦਾ ਖੇਤਰ ਬੀਐਸਐਫ਼ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਸ ਤੋਂ ਹੁਕਮਰਾਨਾਂ ਦੇ ਇਰਾਦੇ ਭਾਂਪੇ ਜਾ ਸਕਦੇ ਹਨ। ਉਨ੍ਹਾਂ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿੱਥੇ ਆਜ਼ਾਦੀ ਦੇ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਇਆ, ਉਥੇ ਹੀ ਅੱਤਵਾਦ ਦੇ ਦੌਰ ’ਚ ਭਾਈਚਾਰਕ ਸਾਂਝ ਕਾਇਮ ਰੱਖੀ ਤੇ ਦਿੱਲੀ ਦੇ ਬਾਰਡਰ ’ਤੇ ਲੜੇ ਗਏ ‘ਕਿਸਾਨ ਅੰਦੋਲਨ’ ਵਿੱਚ ਆਪਣੀ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਕਿਸਾਨ ਚਾਹੇ ਜੰਮੂ ਕਸ਼ਮੀਰ ਦਾ ਹੋਵੇ, ਚਾਹੇ ਉਹ ਪੰਜਾਬ ਦਾ ਉਹ ਡਟ ਕੇ ਖੇਤੀ ਕਰੇਗਾ ਤੇ ਇਸ ਦੀ ਹਿਫ਼ਾਜਤ ਵੀ ਕਰੇਗਾ ਤੇ ਫ਼ਸਲਾਂ ਦਾ ਮੁੱਲ ਵੀ ਖ਼ੁਦ ਤੈਅ ਕਰੇਗਾ। ਕਾਮਰੇਡ ਯੂਸੁਫ਼ ਤਾਰੀਗਾਮੀ ਨੇ ਕਿਹਾ ਕਿ ਭਾਜਪਾ ਨੂੰ ਹੁਣ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਦੇਸ਼ ਦੀ ਜਨਤਾ ਹੁਣ ਬਹੁਤੀ ਦੇਰ ਉਸ ਦੀ ਧੁੰਨ ’ਤੇ ਨੱਚਣ ਵਾਲੀ ਨਹੀਂ ਹੈ। ਅਖ਼ੀਰ ਵਿੱਚ ਉਨ੍ਹਾਂ ‘ਦੇਸ਼ ਸੇਵਕ’ ਦੀ ਸਮੁੱਚੀ ਮੈਨੇਜਮੈਂਟ ਨੂੰ 27ਵੀਂ ਵਰ੍ਹੇਗੰਢ ਦੀ ਮੁਬਾਰਕਬਾਦ ਪੇਸ਼ ਕਰਦਿਆਂ ਆਪਣੇ ਹਰ ਸਹਿਯੋਗ ਦਾ ਭਰੋਸਾ ਦਿਵਾਇਆ।

ਰੋਜ਼ਾਨਾ ਦੇਸ਼ ਸੇਵਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸੇਖੋਂ ਹੁਰਾਂ ਨੇ ਵੀ ਮੰਚ ਤੋਂ ਅਜਿਹੇ ਕਈ ਮਾਮਲੇ ਗਿਣਵਾਏ ਜਿਹਨਾਂ ਦੀਆਂ ਖਬਰਾਂ ਛਾਪਣ ਦੀ ਦਲੇਰੀ ਸਭ ਤੋਂ ਪਹਿਲਾਂ ਸਿਰਫ ਦੇਸ਼ ਸੇਵਕ ਨੇ ਹੀ ਦਿਖਾਈ। ਇਹਨਾਂ ਵਿੱਚ ਇੱਕ ਪ੍ਰਸਿੱਧ ਡੇਰੇ ਵਾਲੀ ਖਬਰ ਵੀ ਸ਼ਾਮਲ ਸੀ। ਕਾਮਰੇਡ ਸੇਖੋਂ ਨੇ ਦੱਸਿਆ ਕਿ ਜਦੋਂ ਸੰਨ 2002 ਵਿੱਚ ਇਸ ਖਬਰ ਵਾਲੀ ਉਹ ਗੁੰਮਨਾਮ ਚਿੱਠੀ ਪ੍ਰਕਾਸ਼ਿਤ ਕੀਤੀ ਗਈ ਤਾਂ ਉਸ ਦਿਨ ਦਾ ਖਬਰ 200/- ਤੋਂ 500/- ਰੁਪਏ ਪ੍ਰਤੀ ਅਖਬਾਰ ਬਲੈਕ ਵਿਚ ਵੀ ਵਿਕਿਆ। ਲੋਕਾਂ ਵਿਚ ਦੇਸ਼ ਸੇਵਕ ਆਪਣੀ ਨਿਰਪੱਖਤਾ ਅਤੇ ਦਲੇਰੀ ਕਾਰਨ ਹਰਮਨ ਪਿਆਰਾ ਹੋਇਆ। ਕਾਮਰੇਡ ਸੇਖੋਂ ਨੇ ਕਿਹਾ ਕਿ ਛੇਤੀ ਹੋ ਦੇਸ਼ ਸੇਵਕ ਨੂੰ ਤਿੰਨ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰਨ ਦੇ ਹੀਲੇ ਵਸੀਲੇ ਕੀਤੇ ਜਾ ਰਹੇ ਹਨ ਤਾਂਕਿ ਇਹ ਅਖਬਾਰ ਉੱਤਰ ਭਾਰਤ ਦਾ ਇੱਕ ਮਜ਼ਬੂਤ ਮੀਡੀਆ ਬਣ ਕੇ ਸਾਹਮਣੇ ਆਏ।  

ਇਸ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਇਹ ਮਿਸ਼ਨ ਸੀ ਕਿ ਫਿਰਕੂ ਵੰਡਵਾਦੀ ਤੇ ਰੂੜੀਵਾਦ ਨੂੰ ਭਾਂਜ ਦੇਣ ਵਾਲਾ ਇੱਕ ਅਖ਼ਬਾਰ ਹੋਣਾ ਚਾਹੀਦਾ ਹੈ। ਇਸੇ ਮਿਸ਼ਨ ਦੇ ਤਹਿਤ ਉਨ੍ਹਾਂ ਨੇ ਅੱਜ ਤੋਂ 27 ਸਾਲ ਪਹਿਲਾਂ ‘ਦੇਸ਼ ਸੇਵਕ’ ਨੂੰ ਮੁੜ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਇਸ ਅਰਸੇ ਦੌਰਾਨ ਵੱਡੀਆਂ ਮੁਸ਼ਕਲਾਂ ਆਈਆਂ ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ‘ਦੇਸ਼ ਸੇਵਕ’ ਆਪਣੀ ਚਾਲੇ ਤੁਰਦਾ ਰਿਹਾ। 

ਉਨ੍ਹਾਂ ਕਿਹਾ ਕਿ ‘ਦੇਸ਼ ਸੇਵਕ’ ਨੇ ਕਈ ਖ਼ਬਰਾਂ ਨੂੰ ਪ੍ਰਮੁੱਖ਼ਤਾ ਨਾਲ ਛਾਪਿਆ, ਜਿਨ੍ਹਾਂ ਦਾ ਸਰੋਕਾਰ ਸਮਾਜ ਦੇ ਨਾਲ ਸੀ। ਉਨ੍ਹਾਂ ਕਿਹਾ ਕਿ ‘ਦੇਸ਼ ਸੇਵਕ’ ’ਚ 25 ਸਤੰਬਰ 2002 ਨੂੰ ਸਿਰਸਾ ਦੇ ਅਖੌਤੀ ਸਾਧ ਵੱਲੋਂ ਜਿਨਸੀ ਸ਼ੋਸ਼ਣ ਦੀ ਸ਼ਿਕਾਰ ਇੱਕ ਲੜਕੀ ਵੱਲੋਂ ਲਿਖੀ ਗਈ ਗੁੰਮਨਾਮ ਚਿੱਠੀ ਪ੍ਰਕਾਸ਼ਿਤ ਕੀਤੀ ਗਈ, ਜਿਸ ਦਾ ਸੋਮੋਟੋ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਜਦੋਂ 25 ਅਗਸਤ 2017 ਵਿੱਚ ਇਸ ਅਖੌਤੀ ਸਾਧ ਨੂੰ ਸਜ਼ਾ ਸੁਣਾਈ ਤਾਂ 26 ਅਗਸਤ 2017 ਦੇ ਅੰਗਰੇਜ਼ੀ ਟ੍ਰਿਬਿਊਨ ਨੇ ਆਪਣੀ ਛਾਪੀ ਖ਼ਬਰ ਵਿੱਚ ‘ਦੇਸ਼ ਸੇਵਕ’ ਵੱਲੋਂ ਨਿਭਾਈ ਭੂਮਿਕਾ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਅਤੇ ‘ਦੇਸ਼ ਸੇਵਕ’ ਵਿੱਚ ਅਖੌਤੀ ਸਾਧ ਦੇ ਖ਼ਿਲਾਫ਼ ਲੱਗੀ ਕਾਤਰ ਵੀ ਪ੍ਰਕਾਸ਼ਿਤ ਕੀਤੀ। 

ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਦਾ ਸੁਫ਼ਨਾ ਸੀ ਕਿ ‘ਦੇਸ਼ ਸੇਵਕ’ ਤਿੰਨ ਭਾਸ਼ਾਵਾਂ ਵਿੱਚ ਛਪੇ ਅਤੇ ਇਹ ਉਤਰੀ ਭਾਰਤ ਦਾ ਪ੍ਰਮੁੱਖ ਅਖ਼ਬਾਰ ਬਣੇ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਦਾ ਇਹ ਸੁਫ਼ਨਾ ਪੂਰਾ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਕਾਮਰੇਡ ਸੇਖੋਂ ਨੇ ਇਸ ਦੌਰਾਨ ਜ਼ਿਕਰ ਕੀਤਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਜਿਸ ਸਕੂਲ ਵਿੱਚੋਂ 9ਵੀਂ ਵਿੱਚ ਪੜ੍ਹਦਿਆਂ ਨਾਮ ਕੱਟ ਦਿੱਤਾ ਗਿਆ ਸੀ, ਪਾਰਟੀ ਦੀ ਮੰਗ ’ਤੇ ਸਰਕਾਰ ਨੇ ਉਸ ਸਕੂਲ ਦਾ ਬਦਲ ਕੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਰੱਖਿਆ ਹੈ। ਇਸੇ ਤਰ੍ਹਾਂ ਜੰਡਿਆਲਾ ਤੋਂ ਨਵਾਂ ਪਿੰਡਾ ਤੱਕ ਸਾਢੇ 24 ਕਿਲੋਮੀਟਰ ਲੰਬੀ ਸੜਕ ਦਾ ਨਾਮ ਵੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਨਾਂ ’ਤੇ ਰੱਖਿਆ ਗਿਆ ਹੈ। 

ਉਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ਵਿੱਚ ਕਾਮਰੇਡ ਸੁਰਜੀਤ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ 23 ਮਾਰਚ 1932 ਵਿੱਚ ਕਾਂਗਰਸ ਵੱਲੋਂ ਡੀਸੀ ਦਫ਼ਤਰਾਂ ’ਤੇ ਯੂਨੀਅਨ ਜੈਕ ਉਤਾਰ ਕੇ ਤਿਰੰਗੇ ਲਹਿਰਾਉਣ ਦਾ ਸੱਦਾ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਇਹ ਸੱਦਾ ਵਾਪਸ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਕਾਮਰੇਡ ਸੁਰਜੀਤ ਦੀ ਉਮਰ 16 ਸਾਲ ਸੀ ਤੇ ਉਹ ਹੁਸ਼ਿਆਰਪੁਰ ਕਾਂਗਰਸ ਦੇ ਦਫ਼ਤਰ ਵਿੱਚ ਪਹੁੰਚ ਗਏ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਦਿੱਤੇ ਗਏ ਸੱਦੇ ਦਾ ਕੀ ਬਣਿਆ ਹੈ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਸੱਦਾ ਵਾਪਸ ਲੈ ਲਿਆ ਗਿਆ ਹੈ। ਕਾਮਰੇਡ ਸੁਰਜੀਤ ਨੂੰ ਕਿਹਾ ਗਿਆ ਕਿ ਜੇ ਤੁਹਾਡੀ ਮਰਜ਼ੀ ਹੈ ਤਾਂ ਫਿਰ ਤੁਸੀਂ ਖ਼ੁਦ ਤਿਰੰਗਾ ਚੜ੍ਹਾਓ। 

ਇਸ ’ਤੇ ਕਾਮਰੇਡ ਸੁਰਜੀਤ ਡੀਸੀ ਦਫ਼ਤਰ ਪਹੁੰਚੇ ਤੇ ਉਨ੍ਹਾਂ ਨੇ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਲਹਿਰਾ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਸ ਥਾਂ ਨੂੰ ਕਾਮਰੇਡ ਸੁਰਜੀਤ ਦੀ ਯਾਦਗਾਰ ਵਜੋਂ ਵਿਕਸਤ ਕਰਨ ਦੀ ਮੰਗ ਕੀਤੀ ਹੈ। ਕਾਮਰੇਡ ਸੇਖੋਂ ਨੇ ਦੱਸਿਆ ਕਿ 23 ਮਾਰਚ ਨੂੰ ਇਸੇ ਥਾਂ ’ਤੇ ਜਿੱਥੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਜਨਮ ਦਿਨ ਮਨਾਇਆ ਜਾਵੇਗਾ, ਉਥੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਵਸ ਵੀ ਪਾਰਟੀ ਮਨਾਏਗੀ। ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੇਚੁਰੀ ਪਹੁੰਚਣਗੇ।

ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ‘ਦੇਸ਼ ਸੇਵਕ’ ਦੇ ਰੈਜੀਡੈਂਟ ਐਡੀਟਰ-ਕਮ-ਜਨਰਲ ਮੈਨੇਜਰ ਚੇਤਨ ਸ਼ਰਮਾ ਨੇ ਕਿਹਾ ਕਿ ਨਵੀਂ ਮੈਨੇਜਮੈਂਟ ਨੇ ਪੰਜ ਸਾਲ ਪਹਿਲਾਂ ਅਦਾਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ ਸੀ। ਇਸ ਦੌਰਾਨ ਕਈ ਉਤਰਾਅ ਚੜ੍ਹਾਅ ਦੇਖੇ ਗਏ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਦੀ ਸੋਚ ’ਤੇ ਪਹਿਰਾ ਦਿੰਦਿਆਂ ‘ਦੇਸ਼ ਸੇਵਕ’ ਦੀ ਬਿਹਤਰੀ ਲਈ ਦਿਨ-ਰਾਤ ਇੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਦਾ ਸੁਫ਼ਨਾ ਸੀ ਕਿ ‘ਦੇਸ਼ ਸੇਵਕ’ ਹੋਰ ਭਾਸ਼ਾਵਾਂ ਵੀ ਛਪੇ, ਇਸ ਲਈ 2020 ਵਿੱਚ ਅਦਾਰੇ ਵੱਲੋਂ ਪੰਜਾਬੀ ਅਤੇ ਅੰਗਰੇਜ਼ੀ ਦੀ ਵੈਬਸਾਈਟ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਢਾਈ ਸਾਲਾਂ ਵਿੱਚ ਇੱਕ ਕਰੋੜ 97 ਲੱਖ ਦਰਸ਼ਕ ਇਸ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਮੀਡੀਆ ਦਾ ਕੀ ਹਾਲ ਹੈ, ਇਹ ਸਭ ਜਾਣਦੇ ਹਨ, ਪਰ ‘ਦੇਸ਼ ਸੇਵਕ’ ਨੇ ਨਿਰਪੱਖ਼ ਪੱਤਰਕਾਰੀ ਦਾ ਪੱਲਾ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਜਲਦ ਹੀ ‘ਦੇਸ਼ ਸੇਵਕ’ ਇੱਕ ਹੋਰ ਭਾਸ਼ਾ ਵਿੱਚ ਵੀ ਸ਼ੁਰੂ ਹੋਣ ਜਾ ਰਿਹਾ ਹੈ।

ਰੋਜ਼ਾਨਾ ‘ਦੇਸ਼ ਸੇਵਕ’ ਦੇ ਸੰਪਾਦਕ ਰਿਪੁਦਮਨ ਰਿੱਪੀ ਨੇ ਇਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ‘ਦੇਸ਼ ਸੇਵਕ’ ਨੇ ਜਮਹੂਰੀ ਤੇ ਧਰਮ ਨਿਰਪੱਖ਼ ਕਦਰਾਂ-ਕੀਮਤਾਂ ’ਤੇ ਹਮੇਸ਼ਾ ਪਹਿਰਾ ਦਿੱਤਾ ਹੈ ਅਤੇ ਲਗਾਤਾਰ ਲੋਕ ਪੱਖ਼ੀ ਪੈਂਤੜਾ ਅਪਣਾਈ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਆਮ ਲੋਕ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਹੇਠ ਜੀਅ ਰਹੇ ਹਨ ਅਤੇ ਸਮਾਜਿਕ ਪੱਧਰ ’ਤੇ ਹੁਕਮਰਾਨਾਂ ਵੱਲੋਂ ਧਰਮ ਦੇ ਆਧਾਰ ’ਤੇ ਜ਼ਹਿਰ ਭਰੀ ਫਿਰਕਾਪ੍ਰਸਤੀ ਫੈਲਾਈ ਜਾ ਰਹੀ ਹੈ, ਜੋ ਕਿ ਲੋਕਾਂ ਵਿੱਚ ਵੰਡੀਆਂ ਪਾ ਰਹੀ ਹੈ, ਇਸ ਸਮੇਂ ‘ਦੇਸ਼ ਸੇਵਕ’ ਜਿਹੇ ਅਖ਼ਬਾਰਾਂ ਦੀ ਅਹਿਮੀਅਤ ਬਹੁਤ ਵਧ ਜਾਂਦੀ ਹੈ।

ਇਸ ਦੌਰਾਨ ‘ਦੇਸ਼ ਸੇਵਕ’ ਦਾ ਸਾਲ 2023 ਦਾ ਕੈਲੰਡਰ ਤੇ ਡਾਇਰੀ ਵੀ ਰਿਲੀਜ਼ ਕੀਤੀ ਗਈ। ਅਖ਼ੀਰ ਵਿੱਚ ਕਾਮਰੇਡ ਭੂਪ ਚੰਦ ਚੰਨੋ ਵੱਲੋਂ ਸਮਾਗਮ ਵਿੱਚ ਪਹੁੰਚੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ।  ਵੀ. ਪੀ. ਸਿੰਘ ਨਾਗਰਾ ਅਤੇ ਹੋਰ ਸਾਰੇ ਵੀ ਅੰਤ ਤੱਕ ਪੂਰੀ ਤਰ੍ਹਾਂ ਸਰਗਰਮ ਰਹੇ। ਕੁਲ ਮਿਲਾ ਕੇ ਸਮਾਗਮ ਬਹੁਤ ਹੀ ਯਾਦਗਾਰੀ ਸੀ ਪਾਰ ਬਹੁਤ ਸਾਰੇ ਪੁਰਾਣੇ ਸਾਥੀ ਜਿਹੜੇ ਇਸ ਸਾਰੇ ਪਰਿਵਾਰ ਦੇ ਸਗਰਮ ਮੈਂਬਰ ਵੀ ਰਹੇ ਉਹਨਾਂ ਦੀ ਗੈਰਮੌਜੂਦਗੀ ਖਟਕਦੀ ਰਹੀ। ਸਮਾਗਮ ਵਿਚ ਪਹੁੰਚਣਾ ਵਾਲੇ ਦੇਸ਼ ਸੇਵਕ ਦੇ ਪਰਵਾਨਿਆਂ ਦੀ ਸਹੀ ਗਿਣਤੀ ਦਾ ਅੰਦਾਜ਼ਾ ਲਾਉਣ ਵਿੱਚ ਵੀ ਪ੍ਰਬੰਧਕ ਖੁੰਝ ਗਏ। ਹਾਲ ਵਿਛਕ ਖੜੇ ਹੋਣਾ ਵੀ ਬਹੁਤ ਮੁਸ਼ਕਲ ਸੀ ਜਿਸ ਕਾਰਨ ਮੀਡੀਆ ਨੂੰ ਵੀ ਕਵਰੇਜ ਵਿੱਚ ਦਿੱਕਤ ਆਈ। ਲੰਗਰ ਵੀ ਇਸੇ ਲਾਇ ਥੁੜਿਆ ਕਿਓਂਕਿ ਆਉਣ ਵਾਲੇ ਮਹਿਮਾਨ ਅਤੇ ਪਰਿਵਾਰਿਕ ਮੈਂਬਰ ਅੰਦਾਜ਼ਿਆਂ ਨੂੰ ਗਲਤ ਸਾਬਤ ਕਰ ਕੇ ਬਹੁਤ ਹੀ ਵੱਡੀ ਗਿਣਤੀ ਵਿੱਚ ਪੁੱਜੇ। ਖੈਰ ਵੱਡੇ ਸਮਾਗਮਾਂਵਿੱਚ  ਇਹ ਸਭ ਵੀ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਹੋ ਹੀ ਜਾਂਦਾ ਹੈ। ਉਮੀਦ ਹੈ 28ਵੀਂ ਵਰ੍ਹੇਗੰਢ ਹੋਰ ਵੀ ਜ਼ਿਆਦਾ ਵਿਸ਼ਾਲ ਪੱਧਰ 'ਤੇ ਮਨਾਈ ਜਾਏਗੀ।  

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments:

Post a Comment