Monday, January 9, 2023

ਮਾਰਕਸ ਦੇ ਸ਼ੇਰ ਵਰਗੇ ਸਿਰ ਦੀ ਗੱਲ ਕਰਨ ਵਾਲੇ ਪਾਸ਼ ਨੂੰ ਯਾਦ ਕਰਦਿਆਂ

ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ!

ਜੀਟੀ ਰੋਡ: 5 ਜਨਵਰੀ 2023:( ਰੈਕਟਰ ਕਥੂਰੀਆ//ਸਾਹਿਤ ਸਕਰੀਨ):: 

ਮੌਤ ਅਤੇ ਮੌਤ ਵਰਗੀਆਂ ਸਥਿਤੀਆਂ ਦੀ ਕਲਪਨਾ, ਮੌਤ ਦਾ ਅੰਦਾਜ਼ਾ, ਮੌਤ ਮਗਰੋਂ ਹੋਣ ਵਾਲੀਆਂ ਅਨਹੋਣੀਆਂ ਅਤੇ ਹੋਣੀਆਂ ਦਾ ਅਨੁਮਾਨ--ਜਾਂ ਲੰਮੀ ਤਪਸਿਆ ਵਾਲੇ ਸਾਧਕ ਕਰ ਸਕਦੇ ਹਨ ਜਾਂ ਫਿਰ ਸ਼ਾਇਰ। ਹਰ ਰੋਜ਼, ਹਰ ਪਾਲ ਮਰਦੀਆਂ ਹੋਈਆਂ ਖਾਹਿਸ਼ਾਂ, ਟੁੱਟਦੇ ਹੋਏ ਸੁਪਨਿਆਂ ਨੂੰ ਨੰਗੀਆਂ ਅੱਖਾਂ ਨਾਲ ਦੇਖਣਾ ਪਰ ਇਸਦੇ ਬਾਵਜੂਦ ਆਪਣੇ ਆਪ ਨੂੰ ਹੌਂਸਲੇ ਵਿਚ ਰੱਖਣਾ ਕੋਈ ਸੌਖਾ ਨਹੀਂ ਹੁੰਦਾ। ਫਾਂਸੀ ਦੇ ਤਖਤੇ ਤੇ ਖੜੋ ਕੇ ਅੰਮ੍ਰਿਤ ਦਾ ਪਿਆਲਾ ਪੀਣ ਦੀ ਹਿੰਮਤ ਅਤੇ ਜਾਚ ਵੀ ਵਿਰਲਿਆਂ ਨੂੰ ਹੀ ਆਉਂਦੀ ਹੈ। ਪਾਸ਼ ਦੀਆਂ ਇਹਨਾਂ ਕਾਵਿ ਸਤਰਾਂ ਨੂੰ ਜ਼ਰਾ ਦਿਲ ਲਗਾ ਕੇ ਪੜ੍ਹੋ। ਫਿਰ ਆਪਣੇ ਦਿਲ ਤੋਂ ਵੀ ਪੁੱਛਿਆ ਅਤੇ ਆਲੇ ਦੁਆਲੇ ਵਾਲੇ ਸਰਗਰਮ ਸਾਥੀਆਂ ਤੋਂ ਵੀ ਕਿ ਕਿੰਨਿਆਂ ਕੁ ਨੇ ਇਹਨਾਂ ਅਹਿਸਾਸਾਂ ਨੂੰ ਸਮਝਿਆ--ਪਾਸ਼ ਨੇ ਲਿਖਿਆ ਸੀ:

ਮੇਰੇ ਯਾਰੋ, ਆਪਣੀ ਕੱਲੇ ਜੀਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ

ਜੋ ਹਰ ਘੜੀ ਘਸੀ ਜਾ ਰਹੀ ਹੇ

ਪਾਸ਼ ਤੋਂ ਬਾਅਦ ਕਿਸ ਨੇ ਕੀਤਾ ਇਸ ਕਵਿਤਾ ਦੀਆਂ ਅਗਲੀਆਂ ਸਤਰਾਂ ਵਿਚਲੇ ਦਰਦ ਦਾ ਅਹਿਸਾਸ ਕਿ ਹੋਣੀ ਇਹੀ ਹੋਣ ਵਾਲੀ ਹੈ---!ਕਿਸ ਨੂੰ ਸੀ ਇਹਨਾਂ ਖਦਸ਼ਿਆਂ ਦੇ ਸੱਚ ਨਿਕਲਣ ਦਾ ਦਰਦ--?

ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ

ਨਾ
ਔਖੇ ਵੇਲਿਆਂ ਵਿਚ ਰਕਮ ਬਣਨਾ ਹੈ

ਪਾਸ਼ ਦੀ ਕਵਿਤਾ ਵਿਚਲੇ ਸੰਸੇ ਹਲੂਣਦੇ ਵੀ ਹਨ ਅਤੇ ਸੁਆਲ ਵੀ ਖੜੇ ਕਰਦੇ ਹਨ---

ਮੇਰੇ ਯਾਰੋ ਸਾਡੇ ਵਕਤ ਦਾ ਇਤਿਹਾਸ

ਬੱਸ ਏਨਾ ਨਾ ਰਹਿ ਜਾਵੇ

ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ

ਜੀਣਾ ਸਮਝ ਬੈਠੇ ਸਾਂ

ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ

ਹੱਡਾਂ ਦੇ ਖੁਰਨ ਨਾਲ ਮਿਣੇ ਗਏ

ਨਕਸਲਬਾੜੀ ਲਹਿਰ ਦੌਰਾਨ ਰਚੇ ਗਏ ਸਾਹਿਤ ਵਿੱਚ ਪਾਸ਼ ਮੋਹਰਲੀ ਕਤਾਰ ਵਿੱਚ ਸੀ। ਇਹਨਾਂ ਕਵਿਤਾਵਾਂ ਨੇ ਬਹੁਤ ਸਾਰੇ ਦਿਲਾਂ ਵਿੱਚ ਕ੍ਰਾਂਤੀ ਦੀ ਮਸ਼ਾਲ ਰੌਸ਼ਨ ਕੀਤੀ ਸੀ। ਆਮ ਜਿਹੀ ਪੋਸ਼ਾਕ, ਆਮ ਜਿਹੀ ਸ਼ਖ਼ਸੀਅਤ ਪਰ ਉਸਦੀਆਂ ਨਜ਼ਰਾਂ ਉਸਦੇ ਖਾਮੋਸ਼ ਰਹਿੰਦਿਆਂ ਵੀ ਬਹੁਤ ਬੁਲੰਦ ਆਵਾਜ਼ ਵਿੱਚ ਤਿੱਖੇ ਸੁਆਲ ਪੁੱਛਦੀਆਂ ਸਨ। ਪੜ੍ਹੋ ਪਾਸ਼ ਦੀ ਇਤਿਹਾਸਿਕ ਕਵਿਤਾ:

ਸਾਡੇ ਸਮਿਆਂ ਵਿਚ//ਪਾਸ਼ 

ਇਹ ਸਭ ਕੁੱਝ ਸਾਡੇ ਹੀ ਸਮਿਆਂ 'ਚ ਹੋਣਾ ਸੀ

ਕਿ ਸਮੇ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ

ਤੇ ਕੱਚੀਆਂ ਕੰਧਾਂ ਉਤੇ ਲਮਕਦੇ ਕਲੰਡਰਾਂ ਨੇ

ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ

ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲੇਆਂ

ਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ

ਸਾਡੇ ਈ ਵੇਲਿਆਂ ਦਾ ਗੀਤ ਬਣਨਾ ਸੀ

ਗਰੀਬ ਦੀ ਧੀ ਵਾਂਗ ਵਧ ਰਿਹਾ

ਇਸ ਦੇਸ਼ ਦੇ ਸਨਮਾਨ ਦਾ ਬੂਟਾ

ਸਾਡੇ ਰੋਜ਼ ਘਟਦੇ ਕੱਦਾਂ ਦਿਆਂ ਮੌਰਾਂ 'ਤੇ ਹੀ ਉੱਗਣਾ ਸੀ

ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ

ਸਾਡੀ ਰੂਹ 'ਚ ਪਸਰੇ ਰੇਗਿਸਤਾਨ ਚੋਂ ਹੀ ਉਡਣੀ ਸੀ

ਮੇਰੇ ਤੁਹਾਡੇ ਦਿਲਾਂ ਦੀ ਹੀ ਸੜਕ ਦੇ ਮੱਥੇ ਤੇ ਜੰਮਣਾ ਸੀ

ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ

ਦੁਸਹਿਰੇ ਦੇ ਮੈਦਾਨ ਅੰਦਰ

ਖੁੱਸੀ ਹੋਈ ਸੀਤਾ ਨਹੀਂ, ਬੱਸ ਤੇਲ ਦੀ ਕੇਨੀ ਮੰਗਦੇ ਹੋਏ

ਰਾਵਣ ਸਾਡੇ ਹੀ ਬੁੜ੍ਹਿਆਂ ਨੇ ਬਣਨਾ ਸੀ

ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਵਿਚ ਹੋਣੀ ਸੀ

ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣਕੇ

ਖੁਦ ਹਿਟਲਰ ਦਾ ਡਰਨਾ

ਸਾਡੇ ਹੀ ਮੱਥਿਆਂ 'ਚ ਗੱਡਣਾ ਸੀ

ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ

ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ

ਬਣ ਜਾਣਾ ਸੀ ਸਿੰਘਾਸਣ ਦੇ ਪੌਡੇ-

ਮਾਰਕਸ ਦਾ ਸ਼ੇਰ ਵਰਗਾ ਸਿਰ

ਦਿੱਲੀ ਦੀਆਂ ਭੂਲ-ਭੁਲਾਈਆਂ ਵਿਚ ਮਿਆਂਕਦਾ ਫਿਰਦਾ

ਅਸੀਂ ਹੀ ਤੱਕਣਾ ਸੀ

ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ

ਬੜੀ ਵਾਰੀ, ਹੀ ਪੱਕੇ ਪੁਲਾਂ ਤੇ

ਲੜਾਈਆਂ ਹੋਈਆਂ

ਜਬਰ ਦੀਆਂ ਛਵੀਆਂ ਦੇ ਐਪਰ

ਘੁੰਡ ਨਾਂ ਮੁੜ ਸਕੇ

ਮੇਰੇ ਯਾਰੋ, ਆਪਣੀ ਕੱਲੇ ਜੀਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ

ਜੋ ਹਰ ਘੜੀ ਘਸੀ ਜਾ ਰਹੀ ਹੇ

ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ

ਨਾ ਔਖੇ ਵੇਲਿਆਂ ਵਿਚ ਰਕਮ ਬਣਨਾ ਹੈ

ਮੇਰੇ ਯਾਰੋ ਸਾਡੇ ਵਕਤ ਦਾ ਇਤਿਹਾਸ

ਬੱਸ ਏਨਾ ਨਾ ਰਹਿ ਜਾਵੇ

ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ

ਜੀਣਾ ਸਮਝ ਬੈਠੇ ਸਾਂ

ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ

ਹੱਡਾਂ ਦੇ ਖੁਰਨ ਨਾਲ ਮਿਣੇ ਗਏ

ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ

ਕਿ ਉਨ੍ਹਾਂ ਨਫ਼ਰਤ ਨਿਤਾਰ ਲਈ

ਗੁਜ਼ਰਦੇ ਗੰਧਲੇ ਸਮੁੰਦਰਾਂ ਚੋਂ

ਕਿ ਉਨ੍ਹਾਂ ਵਿੰਨ੍ਹ ਸੁਟਿਆ ਪਿਲਪਲੀ ਮੁਹੱਬਤ ਦਾ ਤੰਦੂਆ

ਉਹ ਤਰ ਕੇ ਜਾ ਖੜੇ ਹੋਏ

ਹੁਸਨ ਦੀਆਂ ਸਰਦਲਾਂ ਉਤੇ

ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਵੇਗਾ

ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ।               ---ਪਾਸ਼ 

ਕੌਣ ਗੱਲ ਕਰੇਗਾ ਪਾਸ਼ ਦੀਆਂ ਇਹਨਾਂ ਸਤਰਾਂ ਦੀ ਅਤੇ ਅੱਜ ਦੇ ਸਮਿਆਂ ਦੀ ਗੱਲ?

ਮਾਰਕਸ ਦਾ ਸ਼ੇਰ ਵਰਗਾ ਸਿਰ

ਦਿੱਲੀ ਦੀਆਂ ਭੂਲ-ਭੁਲਾਈਆਂ ਵਿਚ ਮਿਆਂਕਦਾ ਫਿਰਦਾ

ਅਸੀਂ ਹੀ ਤੱਕਣਾ ਸੀ

ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ

ਇੱਕ ਵਾਰ ਫੇਰ ਧਿਆਨ ਨਾਲ ਪੜ੍ਹਿਓ, ਸੋਚਿਓ ਅਤੇ ਵਿਚਾਰਿਓ ਕਿ ਅਸੀਂ ਉਹਨਾਂ ਨੂੰ ਕੀ ਜੁਆਬ ਦੇਣਾ ਹੈ ਜਿਹਨਾਂ ਨੇ ਆਪਣੀਆਂ ਉਮਰਾਂ ਇਸ ਉਡੀਕ ਵਿੱਚ ਲਾ ਦਿੱਤੀਆਂ ਕਿ ਏਧਰੋਂ ਆਇਆ ਇਨਕਲਾਬ! ਓਧਰੋਂ ਆਇਆ ਇਨਕਲਾਬ!ਸਾਨੂੰ ਪੂਰੀ ਇਮਾਨਦਾਰੀ ਨਾਲ ਵਿਚਾਰਨਾ ਅਤੇ ਦੱਸਣਾ ਚਾਹੀਦਾ ਹੈ ਕਿ ਅਜੇ ਕਿੰਨੀਆਂ ਪੀੜ੍ਹੀਆਂ ਹੋਰ ਇਸ ਉਡੀਕ ਵਿਚ ਵਿਚ ਰਹਿਣਗੀਆਂ? ਸਾਨੂੰ ਆਪ ਨੂੰ ਪਤਾ ਵੀ ਹੋਣਾ ਚਾਹੀਦਾ ਹੈ ਅਤੇ ਦੱਸਣਾ ਵੀ ਚਾਹੀਦਾ ਹੈ ਕਿ ਕਦੋਂ ਆਏਗਾ ਇਨਕਲਾਬ ਜਦੋਂ ਕਿਰਤੀਆਂ ਦੇ ਸੁਪਨਿਆਂ ਨੂੰ ਸਾਕਾਰ ਹੁੰਦਾ ਦੇਖਿਆ ਜਾ ਸਕੇਗਾ। ਕਦੋਂ ਆਖਿਰ ਕਦੋਂ?

ਮਾਰਕਸ ਦੇ ਸ਼ੇਰ ਵਰਗੇ ਸਿਰ ਦੀ ਗੱਲ ਕਰਨ ਵਾਲੇ ਪਾਸ਼ ਨੂੰ ਯਾਦ ਕਰਦਿਆਂ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments:

Post a Comment