Friday, December 14, 2018

ਸੀਪੀਆਈ ਲੁਧਿਆਣਾ ਵਲੋਂ ਪੁਲਿਸ ਦੇ ਖਿਲਾਫ ਪਰੈਸ ਕਾਨਫਰੰਸ

Dec 14, 2018, 6:11 PM
ਲਾਕਾਨੂੰਨੀ ਅਤੇ ਅਣਗਹਿਲੀ ਵਿਰੁੱਧ ਮੋਰਚਾ ਲਾਉਣ ਦੀ ਵੀ ਚੇਤਾਵਨੀ 
ਲੁਧਿਆਣਾ:14 ਦਸੰਬਰ 2018: (ਪੰਜਾਬ ਸਕਰੀਨ ਬਿਊਰੋ)::
ਅਮਨ ਕਾਨੂੰਨ, ਪੁਲਿਸ ਅਤੇ ਪਰਸ਼ਾਸਨ ਨਾਲ ਬਹੁਤ ਸਹਿਯੋਗੀ ਭਾਵਨਾ ਵਾਲੀਆਂ ਪਾਰਟੀਆਂ ਵੱਜੋਂ ਗਿਣੀਆਂ ਜਾਂਦੀਆਂ ਖੱਬੀਆਂ ਪਾਰਟੀਆਂ ਨੇ ਵੀ ਹੁਣ ਸਖਤੀ ਵਾਲੇ ਆਪਣੇ ਪੁਰਾਣੇ ਖਾੜਕੂ ਯੁਗ ਵਾਲੀ ਨੀਤੀ ਅਪਨਾਉਣੀ ਸ਼ੁਰੂ ਕਰ ਦਿੱਤੀ ਹੈ। ਅੱਜ ਸੀਪੀਆਈ ਨੇ ਆਪਣੇ ਲੁਧਿਆਣਾ ਵਾਲੇ ਪਾਰਟੀ ਦਫਤਰ ਵਿੱਚ ਪੁਲਿਸ ਦੇ ਖਿਲਾਫ ਬਾਕਾਇਦਾ ਇੱਕ ਪਰੈਸ ਕਾਨਫਰੰਸ ਵੀ ਕੀਤੀ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ (ਭਾ ਕ ਪਾ) ਨੇ ਨਗਰ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਵਿੱਚ ਲਗਾਤਾਰ ਆ ਰਹੀ ਗਿਰਾਵਟ ਦਾ ਵਿਸ਼ੇਸ਼ ਕਰਕੇ ਜ਼ਿਕਰ ਕੀਤਾ। ਪਾਰਟੀ ਨੇ ਕਿਹਾ ਕਿ ਇਸ ਕਰਕੇ ਆਮ ਸ਼ਹਿਰੀ ਦਾ ਜੀਵਨ ਅਸੁੱਰਖਿਅਤ ਹੁੰਦਾ ਜਾ ਰਿਹਾ ਹੈ।  ਪਾਰਟੀ ਨੇ ਸਥਿਤੀ ਉੱਤੇ ਡੂੰਘੀ ਚਿੰਤਾ ਦਾ ਪਰਗਟਾਵਾ ਵੀ ਕੀਤਾ।  ਬੜੇ ਦੁੱਖ ਦੀ ਗੱਲ ਹੈ ਕਿ ਪੁਲਿਸ ਤੇ ਪਰਸ਼ਾਸਨ ਜਿਸਨੇ ਕਿ ਕਾਨੂੰਨ ਦੀ ਰਖਵਾਲੀ ਕਰਨੀ ਹੈ, ਇਸ ਸਥਿਤੀ ਬਾਰੇ ਬਿਲਕੁਲ ਅੱਖਾਂ ਮੀਟੀ ਬੈਠੇ ਹਨ ਤੇ ਕੇਵਲ ਮਗਰਮੱਛ ਦੇ ਹੰਝੂ ਡੋਲ ਰਹੇ ਹਨ। ਇਸ ਕਾਰਨ ਨਗਰ ਵਿੱਚ ਅਪਰਾਧ ਲਗਾਤਾਰ ਵਧ ਰਹੇ ਹਨ ਅਤੇ ਮਾਫ਼ੀਆ ਦਾ ਬੋਲਬਾਲਾ ਹੁੰਦਾ ਜਾ ਰਿਹਾ ਹੈ। ਇਸ ਬਾਬਤ ਕਈ ਵੱਡੇ ਵੱਡੇ ਕੇਸ, ਸਮੇਤ ਕਤਲ ਤੇ ਬਲਾਤਕਾਰ ਤੇ ਲੜਕੀਆਂ ਨੂੰ ਕੁਕਰਮ ਵੱਲ ਧੱਕਣ ਦੀਆਂ ਹੇਠ ਲਿਖੀਆਂ ਕੁਝ ਮਿਸਾਲਾਂ ਦੇ ਰਹੇ ਹਾਂ ਜਿਹਨਾਂ ਦੇ ਹਲ ਲਈ ਪੁਲਿਸ ਵਲੋਂ ਕੇਵਲ ਅਲਫ਼ਾਜ਼ੀ  ਹਮਦਰਦੀ ਦਿੱਤੀ ਜਾਂਦੀ ਹੈ ਤੇ ਦੋਸ਼ੀ ਆਮ ਫਿਰਦੇ ਹਨ। ਇਹਨਾਂ ਪਰਿਸਥਿਤੀਆਂ ਵਿੱਚ ਕਾਨੂੰਨ ਦੀ ਹਾਲਤ ਠੀਕ ਹੋ ਹੀ ਨਹੀਂ ਸਕਦੀ। 
ਸੀਪੀਆਈ ਨੇ ਇਸ ਸਬੰਧੀ ਕੁਝ ਮਾਮਲਿਆਂ ਦੀ ਲਿਸਟ ਵੀ ਮੀਡੀਆ ਨੂੰ  ਜਾਰੀ ਕੀਤੀ। 
1. ਐਫ਼ ਆਈ ਆਰ ਨੰ 191 ਥਾਣਾ ਪੀ ਏ ਯੂ ਮਿਤੀ 26 ਅਕਤੂਬਰ 2018 ਨੂੰ ਪੁਲਿਸ ਥਾਣਾ ਪੀ ਏ ਯੂ ਅਧੀਨ   ਧਾਰਾਵਾਂ 376, 365, 384, 120 ਬੀ, 506 ਆਈ ਪੀ ਸੀ ਅੰਤਰਗਤ ਕੇਸ ਦਰਜ ਹੋਇਆ ਸੀ ਪਰ ਡੇਢ ਮਹੀਨਾ ਹੋਣ ਦੇ ਬਾਅਦ ਵੀ ਮੁੱਖ ਦੋਸ਼ੀ ਫੜਿਆ ਨਹੀਂ ਗਿਆ।
2. ਐਫ਼ ਆਈ ਆਰ ਨੰ 156 ਥਾਣਾ ਪੀ ਏ ਯੂ ਮਿਤੀ 5 stnbr 2018, ਧਾਰਾ 363 ਤੇ 366 ਏ ਅਧੀਨ ਨਾਬਾਲਿਗ ਲੜਕੀ ਬਾਬਤ ਕੇਸ ਦਰਜ ਹੋੲਆ ਪਰ ਕੋਈ ਕਾਰਵਾਈ ਨਹੀਂ ਹੋਈ।
3. ਐਫ਼ ਆਈ ਆਰ ਨੰ 0218 ਚੌਕੀ ਜਗਤਪੁਰੀ ਥਾਣਾ ਹੈਬੋਵਾਲ 7 ਦਿਸੰਬਰ  ਨੂੰ ਪੀੜਿਤਾਂ ਦੀ ਬੇਰਹਿਮੀ ਦੇ ਨਾਲ ਮਾਰ ਕੁੱਟ ਕੀਤੀ ਗਈ ਪਰ ਉਲਟ ਕੇਸ ਪੀਡਿਤਾਂ ਤੇ ਹੀ ਬਣਾ ਦਿੱਤਾ ਗਿਆ।
4. ਐਫ਼ ਆੲ ਆਰ ਨੰ 0253 ਮਿਤੀ 18 ਨਵੰਬਰ 2018 ਚੌਕੀ ਰੂਪ ਨਗਰ, ਛਾਬੜਾ ਕਲੋਨੀ ਧਾਂਦਰਾ ਰੋਡ ਅਧੀਨ ਕਾਰਵਾਈ ਤਾਂ ਕੀ ਕਰਨੀ ਪੁਲਿਸ ਉਲਟ ਪੀੜਿਤ ਨੂੰ ਜਗ੍ਹਾ ਖਾਲੀ ਕਰਨ ਦੇ ਲਈ ਧਮਕੀਆਂ ਦੇ ਰਹੀ ਹੈ।
5. ਐਫ਼ ਆੲ ਆਰ ਨੰ 188 ਥਾਣਾ ਸਰਾਭਾ ਨਗਰ ਨਾਬਾਲਿਗ ਲੜਕੀ ਦੇ ਗਾਇਬ ਹੋਣ ਬਾਰੇ ਜਿਸ ਬਾਬਤ ਸ਼ੱਕ ਹੈ ਕਿ ਉਸਨੂੰ ਧੰਧੇ ਵਿੱਚ ਧੱਕ ਦਿੱਤਾ ਗਿਆ ਹੈ,  ਕੋਈ ਕਾਰਵਾਈ ਨਹੀਂ ਹੋਈ।
6. ਪਰਤਾਪ ਸਿੰਘ ਵਾਲਾ ਦੇ ਕੇਸ ਜਿਸ ਵਿੱਚ ਪੀੜਿਤਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਸੀ ਤੇ ਹਾਈ ਕੋਰਟ ਨੇ ਦੋਸ਼ੀਆਂ ਨੂੰ ਫੜਨ ਦੇ ਲਈ ਹੁਕਮ ਦਿੱਤਾ ਪਰ ਹਾਲੇ ਤੱਕ ਕਾਰਵਾਈ ਨਹੀਂ ਹੋਈ ਤੇ ਮਾਨਯੋਗ ਹਾਈ ਕੋਰਟ ਦੀ ਉਲੰਘਣਾ ਕੀਤੀ ਜਾ ਰਹੀ ਹੈ।
7. ਸੁੰਦਰ ਨਗਰ ਚੌਕੀ ਅਧੀਨ ਕਤਲ ਦਾ ਕੇਸ ਪਿਛਲੇ ਦੋ ਸਾਲਾਂ ਤੋਂ ਚਲਦਾ ਹੈ ਪਰ ਕੋਈ ਕਾਰਵਾਈ ਨਹੀਂ ਹੋਈ।
8. ਮਈ 2018 ਵਿੱਚ ਨਸ਼ਿਆਂ ਸਮੇਤ ਗੱਡੀ ਫੜੀ ਗਈ ਸੀ ਪਰ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਹੀ ਨਹੀਂ ਕੀਤੀ ਬਲਕਿ ਐਵੀਡੈਂਸ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ।
ਪਾਰਟੀ ਨੇ ਇਹ ਵੀ ਕਿਹਾ ਕਿ ਇਹਨਾਂ ਹਾਲਾਤਾਂ ਵਿੱਚ ਸ਼ਹਿਰੀਆਂ ਨੂੰ ਹਾਲਾਤ ਸੁਖਾਵੇਂ ਹੋਣ ਦੀ ਕੋਈ ਉੱਮੀਦ ਨਹੀਂ ਰੱਖਣੀ ਚਾਹੀਦੀ। ਇਸਤੋਂ ਇਲਾਵਾ ਅਨੇਕਾਂ ਐਸੇ ਕੇਸ ਹਨ ਜਿੱਥੇ ਕਿ ਸਥਾਨਕ ਪੁਲਿਸ ਦੋਸ਼ੀਆਂ, ਅਪਰਾਧੀਆਂ ਤੇ ਮਾਫ਼ੀਆ ਦੇ ਨਾਲ ਰਲੀ ਹੋਈ ਹੈ ਤੇ ਗਰੀਬ ਲੋਕ ਪੁਲਿਸ ਦੀ ਅਣਗਹਿਲੀ ਦੇ ਕਾਰਨ ਪਰੇਸ਼ਾਨ ਹਨ। ਪੁਲਿਸ ਅਤੇ ਪਰਸ਼ਾਸਨ ਨੂੰ ਚਾਹੀਦਾ ਹੈ ਕਿ  ਉਪਰੋਕਤ ਕੇਸਾਂ ਵਿੱਚ ਦਿੱਤੇ ਦੋਸ਼ੀਆਂ ਨੂੰ ਪਹਿਲ ਦੇ ਅਧਾਰ ਤੇ ਫੜੇ ਤਾਂ ਕਿ ਆਮ ਸ਼ਹਿਰੀਆਂ ਦਾ ਵਿਸ਼ਵਾਸ ਬਣਿਆ ਰਹੇ।  ਪਾਰਟੀ ਇਸ ਲਾਕਾਨੂੰਨੀ ਅਤੇ ਪੁਲਿਸ ਦੀ ਅਣਗਹਿਲੀ ਵਿਰੁੱਧ ਮੋਰਚਾ ਲਾਏਗੀ। ਪਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ -ਸੀ ਪੀ ਆਈ ਦੇ ਜ਼ਿਲਾ ਸਕੱਤਰ- ਕਾਮਰੇਡ ਡੀ ਪੀ ਮੌੜ ਦੇ ਨਾਲ ਨਾਲ ਉਘੇ ਲੀਡਰ ਡਾ: ਅਰੁਣ ਮਿੱਤਰਾ, ਚਮਕੌਰ ਸਿੰਘ, ਐਮ ਐਸ ਭਾਟੀਆ, ਗੁਰਨਾਮ ਸਿੰਘ ਸਿੱਧੂ ਅਤੇ ਕਈ  ਹੋਰ। ਸੀਪੀਆਈ ਨੇ ਇਸ ਮੌਕੇ ਪੀੜਿਤ ਪਰਿਵਾਰਾਂ ਨੂੰ ਵੀ ਮੀਡੀਆ ਸਾਹਮਣੇ ਲਿਆਂਦਾ। ਹੁਣ ਦੇਖਣਾ ਹੈ ਕਿ ਪਾਰਟੀ ਵੱਲੋਂ ਉਠਾਏ ਗਏ ਇਹ ਮਾਮਲੇ ਕਿੰਨੀ ਜਲਦੀ ਹਲ ਹੁੰਦੇ ਹਨ।  

Monday, December 10, 2018

ਜਦੋਂ ਸਾਥੀ ਡਾਂਗ ਦੇ ਮੁਕਾਬਲੇ ਖੜੋਤੇ ਸੰਘੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ

ਮੁੱਖ ਮੰਤਰੀ ਮੁਸਾਫ਼ਿਰ ਨੂੰ ਦਸ ਹਜ਼ਾਰ ਵੋਟਾਂ ਦੀ ਬਹੁਗਿਣਤੀ ਨਾਲ ਹਰਾਇਆ 
ਕਿਤਾਬਾਂ ਚੋਂ: 10 ਦਸੰਬਰ 2018: (ਕਾਮਰੇਡ ਸਕਰੀਨ ਟੀਮ):: 
ਇਹ ਕਿਤਾਬ ਮਾਰਚ 1981 ਵਿੱਚ ਛਪੀ ਸੀ 
ਸਰਮਾਏ ਦੀ ਵਰਤੋਂ, ਗੁੰਡਾਗਰਦੀ, ਪ੍ਰਸ਼ਾਸਨ ਦੀ ਦੁਰਵਰਤੋਂ ਅਤੇ ਸਿਆਸੀ ਚਾਲਾਂ ਬਹੁਤ ਪਹਿਲਾਂ ਤੋਂ ਹੀ ਚੋਣ ਪ੍ਰਣਾਲੀ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕਿਆ ਹੈ। ਇਸ ਦੀ ਰੋਕਥਾਮ ਲਈ ਬਹੁਤ ਸਾਰੇ ਕਾਨੂੰਨ ਬਣੇ, ਭੂਤ ਸਾਰਿਆਂ ਨਿਗਰਾਨੀਆਂ ਦਾ ਪ੍ਰਬੰਧ ਕੀਤਾ ਗਿਆ ਪਰ ਚੋਣ ਸਿਸਟਮ ਨੂੰ ਲੱਗੇ ਇਸ ਘੁਣ ਨੇ ਦੇਸ਼ ਦੇ ਜਮਹੂਰੀ ਢਾਂਚੇ ਨੂੰ ਖੋਖਲਾ ਕਰਕੇ ਰੱਖ ਦਿੱਤਾ। ਅੱਜ ਇਸ ਸਬੰਧ ਵਿੱਚ ਅਸੀਂ ਚਰਚਾ ਕਰ ਰਹੇ ਹਨ ਹਾਂ ਇੱਕ ਵਿਸ਼ੇਸ਼ ਪੁਸਤਕ "ਅੰਮ੍ਰਿਤਸਰ ਦੀ ਮਜਦੂਰ ਤਹਿਰੀਕ ਦਾ ਸੰਖੇਪ ਇਤਿਹਾਸ" ਦੇ ਚੈਪਟਰ ਨੰਬਰ 9 ਦੀ। ਇਸ ਚੈਪਟਰ ਦਾ ਸਿਰਲੇਖ ਹੈ- "ਮਜ਼ਦੂਰਾਂ ਦਾ ਚੋਣਾਂ ਵਿੱਚ ਰੋਲ"ਪਹਿਲੀ  ਵਾਰ ਮਾਰਚ 1981 ਵਿੱਚ ਪ੍ਰਕਾਸ਼ਿਤ ਇਸ ਪੁਸਤਕ ਨੂੰ ਲਿਖਿਆ ਸੀ ਸਵਰਗੀ ਕਾਮਰੇਡ ਪ੍ਰਦੁੱਮਣ ਸਿੰਘ ਹੁਰਾਂ ਨੇ। ਅੰਗਰੇਜ਼ੀ ਵਿੱਚ ਲਿਖੀ ਗਈ ਇਸ ਪੁਸਤਕ ਨੂੰ ਪੰਜਾਬੀ ਅਤੇ ਹਿੰਦੀ ਵਿੱਚ ਵੀ ਅਨੁਵਾਦ ਕਰਕੇ ਪ੍ਰਕਾਸ਼ਿਤ ਕੀਤਾ ਗਿਆ। 
 ਇਸਦੇ ਸਫ਼ਾ ਨੰਬਰ 127 'ਤੇ ਉਹਨਾਂ ਜੋ ਕੁਝ ਲਿਖਿਆ ਉਸਤੋਂ ਸਾਫ ਜ਼ਾਹਿਰ ਹੈ ਕਿ ਅੱਜ ਬੇਹੱਦ ਗੰਭੀਰ ਸਮੱਸਿਆ ਬਣ ਚੁੱਕਿਆ ਘੁਣ ਅਸਲ ਵਿੱਚ ਬਹੁਤ ਪਹਿਲਾਂ ਹੀ ਲੱਗ ਚੁੱਕਿਆ ਸੀ। ਇਸਦੇ ਬਾਵਜੂਦ ਲਾਲਝੰਡੇ ਨੇ ਹਮੇਸ਼ਾਂ ਜਿੱਤਾਂ ਪ੍ਰਾਪਤ ਕੀਤੀਆਂ ਕਿਓਂਕਿ ਉਸ ਵੇਲੇ ਕਮਿਊਨਿਸਟ ਪਾਰਟੀਆਂ ਲੋਕਾਂ ਦੇ ਬਹੁਤ ਨੇੜੇ ਸਨ।  ਪੂੰਜੀਵਾਦੀ ਸਾਜ਼ਿਸ਼ੀ ਚਾਲਾਂ ਵੀ ਕਮਿਊਨਿਸਟਾਂ ਸਾਹਮਣੇ ਨਾਕਾਮ ਹੋ ਜਾਂਦੀਆਂ ਸਨ। ਸੀਪੀਆਈ ਦੇ ਸ਼ਾਨਦਾਰ ਇਤਿਹਾਸ ਦਾ ਜ਼ਿਕਰ ਅਸੀਂ ਇਥੇ ਹੂ-ਬ-ਹੂ ਦੇ ਰਹੇ ਹਾਂ। 
     1967 ਵਿੱਚ ਅੰਮ੍ਰਿਤਸਰ ਦੀ ਹਲਕਾ ਬੰਦੀ ਬਦਲ ਗਈ ਅਤੇ ਹਰੀਪੁਰਾ, ਡੈਮਗੰਜ, ਇਸਲਾਮਾਬਾਦ, ਪੁਤਲੀਘਰ, ਪੁਰਾਣੀ ਜੇਲ੍ਹ ਆਦਿ ਦੇ ਮਜ਼ਦੂਰ ਇਲਾਕਿਆਂ ਦੇ ਨਾਲ ਛਿਹਰਟਾ ਅਤੇ ਨੇੜੇ ਦੇ ਪਿੰਡਾਂ ਨੂੰ ਮਿਲਾ ਕੇ, ਇੱਕ ਵੱਖਰਾ ਹਲਕਾ ਬਣਾਇਆ ਗਿਆ। ਇਸ ਹਲਕੇ ਵਿੱਚ ਮਾਡਲ ਤੂੰ, ਕੈਨੇਡੀ ਐਵੀਨਿਊ, ਮਕਬੂਲ ਰੋਡ, ਰੇਸ ਕੋਰਸ ਰੋਡ ਅਤੇ ਹੁਕਮ ਸਿੰਘ ਰੋਡ ਆਦਿ ਦੇ ਮੱਧ ਸ਼੍ਰੇਣੀ ਵਾਲੇ ਇਲਾਕੇ ਵੀ ਸ਼ਾਮਲ ਸਨ। ਕਮਿਊਨਿਸਟ ਪਾਰਟੀ ਵੱਲੋਂ ਇਸ ਚੋਣ ਵਿੱਚ ਸਾਥੀ ਡਾਂਗ ਉਮੀਦਵਾਰ ਸਨ ਅਤੇ ਮੁਕਾਬਲੇ ਵਿੱਚ ਕਾਂਗਰਸ ਦੇ ਉਮੀਦਵਾਰ-ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਸਨ। ਤੀਜਾ ਉਮੀਦਵਾਰ ਜਨਸੰਘ ਦਾ ਸੀ। ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਸਮੁੱਚੇ ਸਰਕਾਰੀ ਪ੍ਰਬੰਧ ਨੂੰ ਵਰਤਿਆ ਗਿਆ। ਛੇ ਹਜ਼ਾਰ ਜਾਅਲੀ ਵੋਟਾਂ ਬਣਾਈਆਂ ਗਈਆਂ। ਲੱਖਾਂ ਰੁਪਏ ਖਰਚ ਕੀਤੇ ਗਏ। ਜਨਸੰਘੀ ਉਮੀਦਵਾਰ ਨੇ ਫਿਰਕਾਪ੍ਰਸਤੀ ਨੂੰ ਜ਼ੋਰ ਨਾਲ ਫੈਲਾਉਣ ਦੀ ਕੋਸ਼ਿਸ਼ ਕੀਤੀ ਅਤੇ ਅੰਨੇਵਾਹ ਪੈਸੇ ਖਰਚ ਕੀਤਾ। 
     ਪਰ ਦੂਜੇ ਪਾਸੇ ਇਸ ਹਲਕੇ ਦੇ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ ਦਰਮਿਆਨੇ ਤਬਕੇ ਦੇ ਲੋਕਾਂ ਅਤੇ ਔਰਤਾਂ ਨੇ ਇੱਕ ਸ਼ਾਨਦਾਰ ਏਕਤਾ ਕਾਇਮ ਕੀਤੀ। ਮਜ਼ਦੂਰ ਜਮਾਤ ਨੇ ਬਹੁਤ ਜ਼ਿਆਦਾ ਕੁਰਬਾਨੀ ਅਤੇ ਆਪਾ-ਵਾਰੂ ਢੰਗ ਨਾਲ ਇਸ ਚੋਣ ਵਿੱਚ ਕੰਮ ਕੀਤਾ। ਨਤੀਜੇ ਵੱਜੋਂ ਮਜ਼ਦੂਰ ਨੇਤਾ ਕਾਮਰੇਡ ਡਾਂਗ ਸ਼੍ਰੀ ਮੁਸਾਫ਼ਿਰ ਨੂੰ ਲਗ ਪਗ ਦਸ ਹਜ਼ਾਰ ਵੋਟਾਂ ਦੀ ਬਹੁ ਗਿਣਤੀ ਨਾਲ ਲੱਕ ਤੋੜਵੀਂ ਹਰ ਦੇ ਕੇ ਸਫਲ ਹੋ ਗਏ। ਜਨਸੰਘੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ। ਛਿਹਰਟੇ ਅਤੇ ਅੰਮ੍ਰਿਤਸਰ ਦੀ ਮਜ਼ਦੂਰ ਜਮਾਤ ਦੀ ਪੁਰਾਣੀ ਖਾਹਿਸ਼ ਪੂਰੀ ਹੋਈ ਅਤੇ ਉਹਨਾਂ ਦੀ ਆਵਾਜ਼ ਪੰਜਾਬ ਅਸੰਬਲੀ ਵਿੱਚ ਪੁੱਜ ਗਈ। ਪੰਜਾਬ ਅਸੰਬਲੀ ਚੋਣ ਇਹ ਆਵਾਜ਼ ਫਿਰ ਵਜ਼ਾਰਤ ਵਿੱਚ ਵੀ ਪਹੁੰਚੀ, ਭਾਵੇਂ ਕਿ ਕਾਮਰੇਡ ਡਾਂਗ ਕੇਵਲ ਛੇ ਮਹੀਨਿਆਂ ਲਈ ਹੀ ਵਜ਼ੀਰ ਰਹੇ ਉਸ ਵੇਲੇ ਅੰਮ੍ਰਿਤਸਰ ਹੀ ਨਹੀਂ ਸਗੋਂ ਪੰਜਾਬ ਭਰ ਦੇ ਮਜ਼ਦੂਰਾਂ ਨੂੰ ਇਸ ਗੱਲ 'ਤੇ ਮਾਣ ਸੀ ਕਿ ਮਜ਼ਦੂਰ ਜਮਾਤ ਦੀਆਂ ਜੱਦੋਜਹਿਦਾਂ ਬਾਰੇ ਸਰਕਰ ਦੇ ਪੁਰਾਣੇ ਵਤੀਰੇ ਵਿੱਚ ਕੁਝ ਤਬਦੀਲੀ ਆਈ ਜਿਸ ਨੂੰ ਕਾਇਮ ਰੱਖਣ ਲਈ ਇੱਕ ਵਾਰੀ ਕਾਮਰੇਡ ਡਾਂਗ ਨੂੰ ਅਸਤੀਫੇ ਦੀ ਧਮਕੀ ਵੀ ਦੇਣੀ ਪਈ। 

Tuesday, November 20, 2018

ਮੋਦੀ ਸਰਕਾਰ 31 ਫੀਸਦੀ ਵੋਟਾਂ ਲੈ ਕੇ ਦੇਸ਼ ਤੇ ਰਾਜ ਕਰ ਰਹੀ ਹੈ

ਖੱਬੀਆਂ ਧਿਰਾਂ ਦੇ ਚੇਤਨਾ ਮਾਰਚ ਜੱਥੇ ਨੇ ਕੀਤੀ ਚੋਂ ਸੁਧਾਰਾਂ ਦੀ ਮੰਗ 
ਮਾਛੀਵਾੜਾ ਸਾਹਿਬ: (ਐਮ ਐਸ ਭਾਟੀਆ//ਸ਼ੈਕੀ ਸ਼ਰਮਾ//ਪੰਜਾਬ ਸਕਰੀਨ)::
ਸ਼੍ਰੀ ਚਰਨ ਕੰਵਲ ਚੌਕ ਵਿੱਚ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਵੱਲੋਂ ਸਾਂਝੇ ਤੌਰ 'ਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ 15 ਨਵੰਬਰ ਤੋਂ ਹੂਸੈਨੀਵਾਲਾ ਤੋਂ ਆਰੰਭ ਹੋਏ ਜੱਥਾ ਚੇਤਨਾ ਮਾਰਚ ਦਾ ਮਾਛੀਵਾੜਾ ਸਾਹਿਬ ਪਹੁੰਚਣ 'ਤੇ ਦੋਵਾ ਪਾਰਟੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਜੱਥੇ  ਦੀ ਅਗਵਾਈ ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ,  ਸੂਬਾ ਕਮੇਟੀ ਮੈਂਬਰ ਸੀ ਪੀ ਆਈ ਕਸ਼ਮੀਰ ਸਿੰਘ ਗਦਾਈਆ,  ਕਾਮਰੇਡ ਭੂਪ ਚੰਦ ਚੰਨੋ ਕਰ ਰਹੇ ਸਨ। ਇਸ ਮੌਕੇ ਕਾਮਰੇਡ ਡੀ ਪੀ ਮੌੜ ਨੇ ਸੰਬੋਧਨ ਕੀਤਾ ਅਤੇ ਏ ਆਈ ਐਸ ਐਫ ਦੇ ਜਿਲ੍ਹਾ ਜਨਰਲ ਸਕੱਤਰ ਦੀਪਕ ਕੁਮਾਰ ਨੇ ਸਵਾਗਤ ਕੀਤਾ। ਬੁਲਾਰਿਆਂਂ ਨੇ ਕਿਹਾ ਕਿ ਮੋਦੀ ਸਰਕਾਰ 31 ਫੀਸਦੀ ਵੋਟਾਂ ਲੈ ਕੇ ਦੇਸ਼ ਤੇ ਰਾਜ ਕਰ ਰਹੀ ਹੈ ਕਿ ਚੋਣ ਸਿਸਟਮ ਵਿੱਚ ਸੁਧਾਰਾਂ ਦੀ ਜਰੂਰਤ ਹੈ। ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਦੇਸ਼ ਅੰਦਰ ਆਰ ਐੱਸ ਐੱਸ ਰਾਜ ਚਲਾ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਰਾਫੇਲ ਦੇ ਸੌਦੇ ਵਿੱਚ ਵੱਡੀ ਠੱਗੀ ਮਾਰੀ ਹੈ। ਸਰਦਾਰ ਪਟੇਲ ਦੀ ਮੂਰਤੀ ਬਣਾਉਣ ਵਿੱਚ ਮਾਰੀ ਠੱਗੀ ਬਾਰੇ ਬੋਲਦਿਆਂ ਕਿਹਾ ਕਿ ਇਹ ਮੂਰਤੀ ਚੀਨ ਨੇ ਸਿਰਫ 342 ਕਰੋੜ ਵਿਚ ਤਿਆਰ ਕਰਕੇ ਦਿੱਤੀ ਸੀ, ਜਿਸ 'ਤੇ 33 ਕਰੋੜ ਰੁਪਏ ਦਾ ਖਰਚ ਕੀਤਾ ਦਿਖਾਇਆ ਗਿਆ ਹੈ। ਇਸਤਰੀ ਸਭਾ ਬਲਾਕ ਮਾਛੀਵਾੜਾ ਦੇ ਜਨਰਲ ਸਕੱਤਰ ਰਵੀਕਾਂਤਾ ਨੇ ਧੰਨਵਾਦ ਕੀਤਾ। ਇਸ ਮੌਕੇ ਇਸਤਰੀ ਸਭਾ ਦੇ ਚੇਅਰਪਰਸਨ ਸਰਬਜੀਤ ਕੌਰ ਗਿੱਲ, ਜਨਰਲ ਸਕੱਤਰ ਰਵੀਕਾਂਤਾ, ਗੁਰਮੀਤ ਕੌਰ, ਸੀ ਪੀ ਆਈ ਮਾਛੀਵਾੜਾ ਅਤੇੇ ਸਮਰਾਲਾ ਦੇ ਜਨਰਲ ਸਕੱਤਰ ਕਾਮਰੇਡ ਜਗਦੀਸ਼ ਰਾਏ ਬੌਬੀ,  ਸੀ ਪੀ ਆਈ (ਐੱਮ) ਦੇ ਕਾਮਰੇਡ ਭਜਨ ਸਿੰੰਘ ਸਮਰਾਲਾ ਹਰਪਾਲ ਸਿੰਘ ਪੂਰਬਾ ਤਹਿਸੀਲ ਸਕੱਤਰ ਸੀ ਪੀ ਆਈ (ਐੱਮ), ਪਰਮਜੀਤ ਸਿੰਘ ਨੀਲੋਂ, ਕਾਮਰੇਡ ਚਮਕੌਰ ਸਿੰਘ ਸਹਾਇਕ ਸਕੱਤਰ ਸੀ ਪੀ ਆਈ ਜਿਲਾ ਲੁਧਿਆਣਾ, ਐੱਮ ਐੱਸ ਭਾਟੀਆ ਵਿੱੱਤ ਸਕੱਤਰ ਜਿਲ੍ਹਾ ਲੁਧਿਆਣਾ, ਕਾਮਰੇਡ ਐਸ ਪੀ ਸਿੰਘ, ਸਰਵ ਭਾਰਤ ਨੌਜਵਾਨ ਸਭਾ ਦੇ ਪ੍ਰਧਾਨ ਅਰਵਿੰਦ ਕੁਮਾਰ ਸੋਨੂੰ, ਜੀ ਐਸ ਚੌਹਾਨ,  ਏ ਆਈ ਐਸ ਐਫ ਮਾਛੀਵਾੜਾ ਦੇ ਪ੍ਰਧਾਨ ਰਾਜੀਵ ਕੁਮਾਰ ਏ ਆਈ ਐਸ ਐਫ ਦੇ ਜੁਆਇੰਟ ਸਕੱਤਰ ਭਾਵਿਸ਼ ਮਾਹਾਤੋ, ਏ ਆਈ ਐਸ ਐਫ ਦੇ ਕੈਸ਼ੀਅਰ ਸੰਨੀ ਕੁਮਾਰ, ਬਲਵੀਰ ਸਿੰਘ ਕੁੁੱਲ ਹਿੰਦ ਖੇਤ ਮਜ਼ਦੂਰ, ਜਸਦੇਵ ਸਿੰਘ ਜਸੀ, ਮਲਕੀਤ ਸਿੰਘ, ਗੁਰਨਾਮ ਸਿੰਘ, ਚੰੰਦ ਰਾਮ, ਦੇਵ ਸਿੰਘ, ਕਿਸਾਨ ਆਗੂ ਨਿੱਕਾ ਖੇੜਾ,  ਈਸਰ ਸਿੰਘ, ਬਿਆਸ ਦੇੇੇਵ,  ਪ੍ਰਕਾਸ਼, ਸੁੁਖਵਿੰਦਰ ਸਿੰਘ, ਹਰਸ਼ ਕੁਮਾਰ, ਨਿਰਮਲ ਸਿੰਘ, ਨਵਪ੍ਰੀਤ ਸਿੰਘ ਮੰਡ ਖਾਨਪੁਰ ਆਦਿ ਸ਼ਾਮਿਲ ਸਨ।

Saturday, November 10, 2018

17 ਦਸੰਬਰ ਦੀ ਸਾਂਝੀ ਰੈਲੀ ਲਈ ਪੰਜਾਬ ਭਰ ਵਿੱਚ ਸਗਰਗਰਮੀਆਂ

Nov 10, 2018, 5:06 PM
ਲੁਧਿਆਣਾ ਦੇ ਹਰ ਕੋਨੇ ਵਿੱਚ-ਹਰ ਬਰਾਂਚ ਵਿੱਚ ਤਿੱਖਾ ਜੋਸ਼ 
ਲੁਧਿਆਣਾ: 11 ਨਵੰਬਰ 2018: (ਕਾਮਰੇਡ ਸਕਰੀਨ ਬਿਊਰੋ)::
ਇਸ ਵਾਰ 17 ਦਸੰਬਰ ਦੀ ਸਾਂਝੀ ਲੁਧਿਆਣਾ ਰੈਲੀ ਉਸ ਵੇਲੇ ਹੋ ਰਹੀ ਹੈ ਜਦੋਂ ਪੰਜਾਬ ਦੇ ਨਾਲ ਨਾਲ  ਦੇਸ਼ ਦੇ ਬਾਕੀ ਹਿਸਿਆਂ ਦੀ ਜਨਤਾ ਵੀ ਸਰਕਾਰਾਂ ਤੋਂ ਬੁਰੀ ਤਰਾਂ ਨਿਰਾਸ਼ ਹੋ ਚੁਕੀ ਹੈ। ਦੇਸ਼ ਦੀ ਜਨਤਾ ਨੂੰ ਇਨਕ਼ਲਾਬ ਦੇ ਰਸਤੇ 'ਤੇ ਲਿਆਉਣ ਲਈ ਸਰਗਰਮ ਸੀਪੀਆਈ ਅਤੇ ਸੀਪੀਐਮ ਦੇ ਕਾਰਕੁੰਨ ਸੂਬੇ ਦੇ ਹਰ ਕੋਨੇ ਵਿੱਚ ਸਰਗਰਮ ਹਨ। ਦੋਹਾਂ ਪਾਰਟੀਆਂ ਦੀ ਲੀਡਰਸ਼ਿਪ ਵੀ ਸੂਬੇ ਦੇ ਤੁਫਾਨੀ ਦੌਰੇ ਕਰ ਰਹੀ ਹੈ। ਅਫਸਰਸ਼ਾਹੀ, ਦਿਨ-ਬ-ਦਿਨ ਵਧ ਰਹੀ ਕੁਰੱਪਸ਼ਨ ਅਤੇ ਆਏ ਦਿਨ ਹੋ ਰਹੀਆਂ ਵਧੀਕੀਆਂ ਦੀ ਸਤਾਈ ਹੋਈ ਜਨਤਾ ਇੱਕ ਵਾਰ ਫੇਰ ਖੱਬੀਆਂ ਧਿਰਾਂ ਵੱਲ ਬੜੀਆਂ ਉਮੀਦਾਂ  ਨਾਲ ਦੇਖ ਰਹੀ ਹੈ। ਆਏ ਦਿਨ ਹੋ ਰਹੀਆਂ ਖੁਦਕੁਸ਼ੀਆਂ, ਦਿਨ ਦਿਹਾੜੇ ਵੱਧ ਰਿਹਾ ਜੁਰਮ, ਮਿਹਨਤਾਨਾ ਮੰਗਣ ਤੇ ਮਾਰੇ ਜਾ ਰਹੇ ਦਾਬੇ ਅਤੇ ਹੋਰਨਾਂ ਹਾਲਾਤਾਂ ਨੇ ਇੱਕ ਵਾਰ ਫੇਰ ਇਹੀ ਅਹਿਸਾਸ ਕਰਾਇਆ ਹੈ ਕਿ ਰਾਜਭਾਗ ਦਾ ਆਵਾ ਊਤ-ਇਨਕਲਾਬ ਨੇ ਕਰਨਾ ਸੂਤ। 
17 ਦਸੰਬਰ ਨੂੰ ਲੁਧਿਆਣਾ ਦੀ ਅਨਾਜ ਮੰਡੀ ਵਿੱਚ ਹੋਣ ਵਾਲੀ ਸਾਂਝੀ ਖੱਬੀ ਰੈਲੀ ਇਸ ਇਨਕਲਾਬ ਲਈ ਤਿੱਖੇ ਹੋਏ ਸੰਘਰਸ਼ਾਂ ਦਾ ਹੀ ਐਲਾਨ ਹੋਵੇਗੀ। ਫਾਸ਼ੀਵਾਦ ਅਤੇ ਪੂੰਜੀਵਾਦ ਦੇ ਖਿਲਾਫ ਜ਼ੋਰਦਾਰ ਜੰਗ ਦਾ ਬਿਗਲ ਵਜਾਏਗੀ ਇਹ ਰੈਲੀ।ਹੱਕ ਮੰਗਣ ਵਾਲਿਆਂ ਨੂੰ ਲਾਠੀਆਂ ਗੋਲੀਆਂ ਨਾਲ ਡਰਾਉਣ ਵਾਲਿਆਂ ਖਿਲਾਫ ਇੱਕ ਜ਼ੋਰਦਾਰ ਹੱਲਾ ਬੋਲੇਗੀ ਇਹ ਰੈਲੀ। 
ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਅੱਜ ਸੀਪੀਆਈ ਦੀ ਲੁਧਿਆਣਾ ਐਗਜ਼ੈਕੁਟਿਵ  ਦੇ ਮੈਂਬਰ ਸ਼ਾਮਲ ਹੋਏ। ਤੇਜ਼ੀ ਨਾਲ ਵਧ ਰਹੇ ਆਰਥਿਕ ਪਾੜੇ ਤੋਂ ਚਿੰਤਿਤ ਹੋਏ ਇਹਨਾਂ ਮੈਂਬਰਾ ਨੇ ਲੋਕਾਂ ਨਾਲ ਆਪਣੀ ਇੱਕਜੁੱਟਤਾ ਹੋਰ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ। ਅੱਜ ਦੀ ਮੀਟਿੰਗ ਨੇ ਸੂਬੇ ਅਤੇ ਦੇਸ਼ ਦੇ ਨਾਲ ਨਾਲ ਜ਼ਿਲੇ ਦੇ ਮਸਲੇ ਵੀ ਵਿਚਾਰੇ।
ਇਸ ਮੀਟਿੰਗ ਵਿੱਚ ਆਉਣ ਵਾਲੇ ਲਗਾਤਾਰ ਸੰਘਰਸ਼ਾਂ ਦੀ ਸਫਲਤਾ ਲਈ ਵਿਚਾਰਾਂ ਕੀਤੀਆਂ ਗਈਆਂ। ਅੱਜ ਦੀ ਮੀਟਿੰਗ ਵਿੱਚ ਜਿੱਥੇ 24 ਨਵੰਬਰ ਦੀ ਖੇਤ ਮਜ਼ਦੂਰ ਯੂਨੀਅਨ ਦੀ ਬਠਿੰਡਾ ਰੈਲੀ ਵਿੱਚ ਸ਼ਾਮਲ ਹੋਣ ਅਤੇ ਅਤੇ 27 ਨਵੰਬਰ ਦੇ ਮੋਹਾਲੀ ਵਿੱਚ ਹੋਣ ਵਾਲੇ ਮਜ਼ਦੂਰਾਂ ਮੁਲਾਜ਼ਮਾਂ ਦੇ ਵਿਸ਼ਾਲ ਰੋਸ ਵਖਾਵੇ ਨੂੰ ਸਫਲ ਬਣਾਉਣ ਬਾਰੇ ਵਿਚਾਰਾਂ ਕੀਤੀਆਂ ਉੱਥੇ 17 ਦਸੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਸਾਂਝੀ ਰੈਲੀ ਦੀ ਸਫਲਤਾ ਦਾ ਮੁੱਦਾ ਵੀ ਸਿਰਮੌਰ ਰਿਹਾ। ਸੀਪੀਆਈ ਅਤੇ ਸੀਪੀਐਮ ਦੀ ਇਹ ਸਾਂਝੀ ਰੈਲੀ ਅਸਲ ਵਿੱਚ ਖੱਬੀਆਂ ਧਿਰਾਂ ਦੇ ਏਕੇ ਦਾ ਉਹ ਐਲਾਨ ਹੈ ਜਿਸ ਨੇ ਪੰਜਾਬ ਅਤੇ ਕੇਂਦਰ ਦੀਆਂ ਸੱਤਾਧਾਰੀ ਧਿਰਾਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ।  ਲੁਧਿਆਣਾ ਦੀ ਇਹ ਵਿਸ਼ਾਲ ਰੈਲੀ ਇੱਕ ਵਾਰ ਫੇਰ ਲਾਲ ਹਨੇਰੀ ਦਾ ਅਹਿਸਾਸ ਫਾਸ਼ੀ ਤਾਕਤਾਂ ਨੂੰ ਕਰੇਗੀ।
ਇਸ ਮੌਕੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਨਾ ਤਾਂ ਪੰਜਾਬ ਸਰਕਾਰ ਨੇ ਆਪਣੇ ਮੈਨੀਫੈਸਟੋ ਮੁਤਾਬਿਕ ਲੋਕਾਂ ਦੀ ਕੋਈ ਮੰਗ ਪੂਰੀ ਕੀਤੀ ਹੈ ਅਤੇ ਨਾ ਹੀ ਕੇਂਦਰ ਸਰਕਾਰ ਨੇ ਆਮ ਲੋਕਾਂ ਉੱਤੇ ਵਧ ਰਹੇ ਮਹਿੰਗਾਈ ਦੇ ਬੋਝ ਨੂੰ ਠੱਲ੍ਹ ਪਾਉਣ ਲਈ ਕੋਈ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦਿਨ-ਬ-ਦਿਨ ਉਜੜਦਾ ਜਾ ਰਿਹਾ ਹੈ। ਨੌਜਵਾਨ ਦੇਸ਼ ਛੱਡ ਕੇ ਵਿਦੇਸ਼ਾਂ ਵਲ ਜਾ ਰਹੇ ਹਨ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕਿਰਤੀ ਵਰਗ ਭੁੱਖਾ ਮਰ ਰਿਹਾ ਹੈ।  ਅਧਿਆਪਕ ਅਤੇ ਮੁਲਾਜ਼ਮ ਮਰਨ ਵਰਤਾਂ ‘ਤੇ ਬੈਠੇ ਹਨ। ਮਜ਼ਦੂਰਾਂ ਨੂੰ ਨਾ ਕੰਮ ਮਿਲ ਰਿਹਾ ਹੈ ਅਤੇ ਨਾ ਹੀ ਬਣਦੀ ਮਜ਼ਦੂਰੀ। ਬੇਰੋਜ਼ਗਾਰੀ ਅਤੇ ਆਰਥਿਕ ਪਾੜਾ ਲਗਾਤਾਰ ਵਧ ਰਿਹਾ ਹੈ। ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਸੀਪੀਆਈ ਅਤੇ ਸੀਪੀਐਮ ਦੀ 17 ਦਸੰਬਰ ਵਾਲੀ ਰੈਲੀ ਇੱਕ ਇਤਿਹਾਸਿਕ ਮੋੜ ਸਾਬਿਤ ਹੋਵੇਗੀ ਜਿਸ ਨਾਲ ਸਿਆਸੀ ਸਮੀਕਰਨਾਂ ਦਾ ਇੱਕ ਨਵਾਂ ਲੋਕ ਪੱਖੀ ਰੂਪ ਸਾਹਮਣੇ ਆਵੇਗਾ। ਅੱਜ ਦੀ ਇਸ ਮੀਟਿੰਗ ਵਿੱਚ ਕੁਝ ਸਥਾਨਕ ਮਸਲੇ ਵੀ ਵਿਚਾਰੇ ਗਏ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨਾਲ ਵੱਧ ਰਹੀਆਂ ਵਧੀਕੀਆਂ ਵੀ ਚਰਚਾ ਦਾ ਮੁੱਖ ਕੇਂਦਰ ਰਹੀਆਂ।
ਭਰੋਸੇਯੋਗ ਸੂਤਰਾਂ ਮੁਤਾਬਿਕ ਵੱਖ ਵੱਖ ਮੁਸੀਬਤਾਂ ਦਾ ਸ਼ਿਕਾਰ ਹੋਏ ਆਮ ਗਰੀਬ ਲੋਕ ਸੀਪੀਆਈ ਅਤੇ ਸੀਪੀਆਈ ਨਾਲ ਸਬੰਧਿਤ ਟਰੇਡ ਯੂਨੀਅਨਾਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ। ਪਾਰਟੀ ਨੇ ਲੋਕਾਂ ਨਾਲ ਹੋ ਰਹੀਆਂ ਇਹਨਾਂ ਵਧੀਕੀਆਂ ਦਾ ਵੇਰਵਾ ਇਕੱਤਰ ਕਰ ਲਿਆ ਹੈ। ਇਹਨਾਂ ਚੋਣ ਕਿ ਮਸਲੇ ਅਜਿਹੇ ਵੀ ਹਨ ਜਿਹਨਾਂ ਨੂੰ ਸਬੰਧਤ ਅਧਿਕਾਰੀਆਂ ਕੋਲ ਉਠਾਇਆ ਵੀ ਗਿਆ ਹੈ। ਇਹਨਾਂ ਵਧੀਕੀਆਂ ਦੀ ਲਿਸਟ ਕਿਸੇ ਵੀ ਵੇਲੇ ਜਾਰੀ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਦੱਸਿਆ ਜਾਏਗਾ ਕਿ ਕਿਸਤਰਾਂ ਸਰਕਾਰੀ ਮਹਿਕਮੇ ਲੋਕਾਂ ਨੂੰ ਖੱਜਲਖੁਆਰ ਕਰਕੇ ਉਹਨਾਂ ਦੀਆਂ ਦਿਹਾੜਿਆਂ ਵੀ ਤੋੜਦੇ ਹਨ ਅਤੇ ਉਹਨਾਂ ਨਾਲ ਹਰਾਸਮੈਂਟ ਵੀ ਕਰਦੇ ਹਨ। 

Friday, November 9, 2018

96 ਕਰੋੜ ਦੀਆਂ ਗੱਡੀਆਂ ਲਈ ਪੈਸੇ ਹਨ ਪਰ ਲੋਕਾਂ ਲਈ ਖਜ਼ਾਨਾ ਖਾਲੀ?

Nov 9, 2018, 5:53 PM
ਸੀਪੀਆਈ ਲੋਕ ਯੁੱਧ ਲਈ ਫਿਰ ਨਿੱਤਰੀ ਮੈਦਾਨ ਵਿੱਚ 
ਚੰਡੀਗੜ੍ਹ: 09 ਨਵੰਬਰ 2018 (ਕਾਮਰੇਡ ਸਕਰੀਨ ਡੈਸਕ)::
ਸੀਪੀਆਈ ਦੀ ਪੰਜਾਬ ਟੀਮ ਫਿਰ ਸਰਗਰਮ ਹੈ। ਇਸ ਵਾਰ ਕਿਸਾਨੀ ਮੰਗਾਂ ਦੇ ਨਾਲ ਨਾਲ ਸ਼ਹਿਰੀ ਲੋਕਾਂ ਦੇ ਮਸਲਿਆਂ ਨੂੰ ਵੀ ਸ਼ਿੱਦਤ ਨਾਲ ਉਠਾਇਆ ਗਿਆ ਹੈ। ਸੀਪੀਆਈ ਦੀ ਪੰਜਾਬ ਸੂਬਾ ਕਾਰਜਕਾਰਣੀ ਨੇ ਪੰਜਾਬ ਸਰਕਾਰ ਦੇ ਉਹਨਾਂ ਬਹਾਨਿਆਂ ਦਾ ਵੀ ਪਰਦਾਫਾਸ਼ ਕੀਤਾ ਹੈ ਜਿਹਨਾਂ ਅਧੀਨ ਕਿਹਾ ਜਾਂਦਾ ਹੈ ਕਿ ਸਾਡਾ ਤਾਂ ਖਜ਼ਾਨਾ ਹੀ ਖਾਲੀ ਹੈ। ਸੂਬਾ ਐਗਜ਼ੈਕੁਟਿਵ ਕਮੇਟੀ ਨੇ ਕਿਹਾ  ਜੇ ਖਜ਼ਾਨਾ ਖਾਲੀ ਹੈ ਤਾਂ ਮੰਤਰੀਆਂ ਦੀ ਸੁਰੱਖਿਆ ਦੇ ਨਾਂਅ ਹੇਠ 96 ਕਰੋੜ ਦੀਆਂ ਗੱਡੀਆਂ ਕਿੱਥੋਂ ਖਰੀਦੀਆਂ ਜਾ ਰਹੀਆਂ ਹਨ? ਹਾਲ ਹੀ ਵਿੱਚ ਲੁਧਿਆਣਾ 'ਚ ਹੋਈ ਮੀਟਿੰਗ ਮਗਰੋਂ ਇਸ ਮੁਹਿੰਮ ਦੀ ਸਫਲਤਾ ਲਈ ਸਥਾਨਕ ਮੀਟਿੰਗ ਦਾ ਸਿਲਸਿਲਾ ਵੀ ਤੂਫ਼ਾਨੀ ਪੱਧਰ 'ਤੇ ਤੇਜ਼ ਕਰ ਦਿੱਤਾ ਗਿਆ ਹੈ। 
ਇਸ ਮੀਟਿੰਗ ਦੌਰਾਨ ਮੰਡੀਆਂ ਵਿੱਚ ਹੋ ਰਹੀ ਕਿਸਾਨਾਂ ਦੀ ਖੱਜਲ ਖੁਆਰੀ ਅਤੇ ਲੁੱਟ ਖਸੁੱਟ ਦਾ ਮਾਮਲਾ ਪਹਿਲ ਦੇ ਅਧਾਰ 'ਤੇ ਉਠਾਇਆ ਗਿਆ। ਸੀਪੀਆਈ ਦੀ ਪੰਜਾਬ ਸੂਬਾ ਕਾਰਜਕਾਰਣੀ ਨੇ ਝੋਨੇ ਦੀ ਕਥਿਤ ਵਧੇਰੇ ਸਲਾਭ ਦੇ ਨਾਂ ਉਤੇ ਕਿਸਾਨਾਂ ਦੀ ਮੰਡੀਆਂ ਵਿਚ ਹੁੰਦੀ ਖੱਜਲ ਖੁਆਰੀ ਲਈ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਇਕ ਤਾਂ ਬਾਰਸ਼ਾਂ ਲੇਟ ਹੋਈਆਂ ਅਤੇ ਬਰਸਾਤਾਂ ਦਾ ਇਹ ਮੌਸਮ ਖਤਮ ਵੀ ਲੇਟ ਹੋਇਆ।  ਦੂਜਾ ਸਰਕਾਰ ਦੇ ਸੁਝਾਅ ਅਤੇ ਦਬਾਅ ਕਾਰਨ ਝੋਨਾ ਬੀਜਿਆ ਵੀ ਲੇਟ ਗਿਆ ਸੀ। ਇਸ ਲਈ ਝੋਨੇ ਵਿਚ ਨਮੀ ਮੁਕਾਬਲਤਨ ਮਾਮੂਲੀ ਜਿਹੀ ਜ਼ਿਆਦਾ ਹੈ ਜਿਸ ਵਿਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈ।
ਇਸ ਮਸਲੇ ਸਬੰਧੀ ਪਾਸ ਕੀਤੇ ਗਏ ਮਤੇ ਵਿੱਚ ਕਿਸਾਨਾਂ ਦੀ ਡਟਵੀਂ ਹਮਾਇਤ ਕੀਤੀ ਗਈ। ਸੀਪੀਆਈ ਦੇ ਸੂਬਾ ਸਕੱਤਰ ਨੇ ਦੱਸਿਆ ਕਿ ਪਾਰਟੀ ਮੰਗ ਕਰਦੀ ਹੈ ਕਿ ਝੋਨੇ ਦੀ ਨਮੀ ਦਾ ਮਾਪਦੰਡ 17 ਫੀਸਦੀ ਦੀ ਥਾਂ 24 ਫੀਸਦੀ ਕੀਤਾ ਜਾਵੇ। ਇਸ ਤੋਂ ਇਲਾਵਾ ਨਮੀ ਨੂੰ ਸੁਕਾਉਣ ਲਈ ਕਿਸਾਨਾਂ ਨੂੰ ਪ੍ਰਤਿ ਬੋਰੀ 15 ਰੁਪਏ ਦਾ ਵਾਧੂ ਖਰਚਾ ਪੈ ਰਿਹਾ ਹੈ। ਇਕ ਤਾਂ ਕਿਸਾਨ ਦੀ ਫਸਲ ਖਰੀਦੀ ਨਹੀਂ ਜਾ ਰਹੀ, ਦੂਜਾ ਉਹਨਾਂ ਉਤੇ ਵਾਧੂ ਹੋਰ ਬੋਝ ਪੈ ਰਿਹਾ ਹੈ।
ਸੀਪੀਆਈ ਪੰਜਾਬ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਇਸ ਮੀਟਿੰਗ ਦੇ ਫੈਸਲਿਆਂ ਤੋਂ ਮੀਡੀਆ ਨੂੰ ਜਾਣੂ ਕਰਾਇਆ। ਜ਼ਿਕਰਯੋਗ ਹੈ ਕਿ ਪਾਰਟੀ ਦੀ ਇਹ ਮੀਟਿੰਗ ਲੁਧਿਆਣਾ ਵਿਖੇ ਸਾਥੀ ਜਗਜੀਤ ਸਿੰਘ ਜੋਗਾ ਦੀ ਪ੍ਰਧਾਨਗੀ ਹੇਠ ਹੋਈ ਸੀ। ਸੂਬਾ ਕਾਰਜਕਾਰਣੀ ਦੀ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸਾਥੀ ਬਰਾੜ ਨੇ ਦਸਿਆ ਕਿ ਪਾਰਟੀ ਲੋਕਾਂ ਦੇ ਮਸਲਿਆਂ ਨੂੰ ਉਠਾਉਣ ਵਿੱਚ ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਇਤਿਹਾਸ ਰਚੇਗੀ। ਉਹਨਾਂ ਦੱਸਿਆ ਕਿ ਕਾਰਜਕਾਰਣੀ ਨੇ ਇਕ ਹੋਰ ਮਤਾ ਪਾਸ ਕਰਕੇ ਪੰਜਾਬ ਵਿਚ ਫਿਰ ਬੱਸਾਂ ਦੇ ਕਿਰਾਏ ਵਧਾਏ ਜਾਣ ਦੀ ਵੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਸਾਲ ਵਿਚ ਕਈ ਵਾਰ ਇਹ ਕਿਰਾਏ ਵਧਾ ਕੇ ਆਮ ਲੋਕਾਂ ਦੀਆਂ ਜੇਬਾਂ ਉਤੇ ਕੱਟ ਮਾਰੀ ਗਈ ਹੈ। ਨਾਲੇ ਥੋੜਾ ਚਿਰ ਪਹਿਲਾਂ ਹੀ ਬਿਜਲੀ ਦੇ ਰੇਟ ਵਧਾਏ ਗਏ ਹਨ। ਪਾਰਟੀ ਨੇ ਕਿਹਾ ਕਿ ਦੂਜੇ ਪਾਸੇ ਮੰਤਰੀਆਂ ਦੀ ਸੁਰਖਿਆ ਦੇ ਝੂਠੇ ਬਹਾਨੇ ਨਾਲ 96 ਕਰੋੜ ਦੀਆਂ ਨਵੀਆਂ ਗੱਡੀਆਂ ਖਰੀਦੀਆਂ ਜਾ ਰਹੀਆਂ ਹਨ। ਪਾਰਟੀ ਮੰਗ ਕਰਦੀ ਹੈ ਕਿ ਕਿਰਾਏ ਵਧਾਉਣ ਦਾ ਇਹ ਫੈਸਲਾ ਵਾਪਸ ਲਿਆ ਜਾਵੇ ਅਤੇ ਸਰਕਾਰੀ ਖਜ਼ਾਨੇ ਦੀ ਮੰਤਰੀਆਂ ਵਿਧਾਇਕਾਂ ਵਲੋਂ ਲੁੱਟ-ਖਸੁੱਟ ਬੰਦ ਕੀਤੀ ਜਾਵੇ।
ਸਾਥੀ ਬਰਾੜ ਨੇ ਅਗੇ ਦਸਿਆ ਕਿ ਸੂਬਾ ਕਾਰਜਕਾਰਣੀ ਨੇ ਮੰਗ ਕੀਤੀ ਕਿ ਪਟਿਆਲੇ ਵਿਚ ਸਾਂਝਾ ਅਧਿਆਪਕ ਮੋਰਚਾ ਦੇ ਝੰਡੇ ਹੇਠ ਤਕਰੀਬਨ ਇਕ ਮਹੀਨੇ ਤੋਂ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਪੂਰੇ ਸਕੇਲਾਂ ਨਾਲ ਰੈਗੂਲਰ ਕੀਤਾ ਜਾਵੇ ਅਤੇ 45 ਹਜ਼ਾਰ ਰੁੁਪੈ ਤੋਂ ਵਧ ਤਨਖਾਹ ਲੈਣ ਵਾਲੇ ਅਧਿਆਪਕਾਂ ਨੂੰ ਪੰਦਰਾਂ ਹਜ਼ਾਰ ਰੁਪੈ ਉਤੇ ਰੈਲੂਗਰ ਕਰਨ ਦਾ ਕੋਝਾ ਮਜ਼ਾਕ ਬੰਦ ਕੀਤਾ ਜਾਵੇ।
ਸਾਥੀ ਬਰਾੜ ਨੇ ਅਗੇ ਦਸਿਆ ਕਿ ਕਾਰਜਕਾਰਣੀ ਨੇ ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ ਅਤੇ ਲੋਕ ਮੰਗਾਂ ਲਈ  17 ਦਸੰਬਰ ਨੂੰ ਲੁਧਿਆਣਾ ਵਿਖੇ  ਹੋਣ ਵਾਲੀ ਸਾਂਝੀ ਵਿਸ਼ਾਲ ਰਾਜਸੀ ਰੈਲੀ ਅਤੇ ਇਸਦੀ ਤਿਆਰੀ ਲਈ ਸੀਪੀਆਈ, ਸੀਪੀਆਈ(ਐਮ) ਵਲੋੱ 15 ਨਵੰਬਰ ਤੋਂ 21 ਨਵੰਬਰ ਤਕ ਚਲਾਏ ਜਾਣ ਵਾਲੇ ਸਾਂਝੇ ਜਥਾ ਮਾਰਚਾਂ ਦੇ ਪਰੋਗਰਾਮ ਨੂੰ ਅੰਤਮ ਛੋਹਾਂ ਦਿਤੀਆਂ ਅਤੇ ਸਾਰੇ ਜ਼ਿਲਿਆਂ ਨੂੰ ਕਿਹਾ ਕਿ ਆਪਣੀਆਂ ਸਾਂਝੀਆਂ ਜ਼ਿਲਾ ਮੀਟਿੰਗਾਂ ਕਰਕੇ ਦਿਤੀਆਂ ਤਰੀਕਾਂ ਉਤੇ ਠੀਕ ਕਿਸ ਥਾਂ ਉਤੇ ਕਿੰਨੇ ਵਜੇ ਜਥੇ ਦੇ ਸੁਆਗਤ ਵਿਚ ਪਰੋਗਰਾਮ ਕੀਤਾ ਜਾਣਾ ਹੈ ਬਾਰੇ ਫੈਸਲਾ ਕਰ ਲੈਣ। ਕਾਰਜਕਾਰਣੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਦੀ ਮੈਂਬਰਸ਼ਿਪ ਦੇ ਬਰਾਬਰ ਰੈਲੀ ਵਿਚ ਸੀਪੀਆਈ ਦੇ ਸਾਥੀ ਲਾਮਬੰੰਦ ਕਰਕੇ ਲਿਆਂਦੇ ਜਾਣਗੇ। ਇਸਦੇ ਖਰਚੇ ਲਈ ਵਿਸ਼ੇਸ਼ ਰੈਲੀ ਫੰਡ ਦੇ ਕੋਟੇ ਵੀ ਲਾਏ    ਗਏ।  
ਕਾਰਜਕਾਰਣੀ ਨੇ ਇਹ 24-25 ਨਵੰਬਰ ਨੂੰ ਹੋ ਰਹੀ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਬਠਿੰਡਾ ਵਿਖੇ ਗੋਲਡਨ ਜੁਬਲੀ ਸਮਾਗਮ, ਏਟਕ ਵਲੋਂ ਹੋ ਰਹੀ 27 ਨਵੰਬਰ ਨੂੰ ਸਾਂਝੀ ਮੋਹਾਲੀ ਰੈਲੀ ਅਤੇ ਕਿਸਾਨਾਂ ਵਲੋਂ 30 ਨਵੰਬਰ ਨੂੰ ਹੋ ਰਹੀ ਸਾਂਝੀ ਦਿੱਲੀ ਕਿਸਾਨ ਰੈਲੀ ਦਾ ਸਮਰਥਨ ਕੀਤਾ ਅਤੇ ਪਾਰਟੀ ਇਕਾਈਆਂ ਨੂੰ ਉਹਨਾਂ ਦੀ ਹਰ ਪਖੋਂ ਮਦਦ ਕਰਨ ਦੀ ਅਪੀਲ ਕੀਤੀ।
ਮੀਟਿੰਗ ਵਿਚ ਹੋਈ ਵਿਚਾਰ ਚਰਚਾ ਵਿਚ ਸੂਬਾ ਕਾਰਜਕਾਰਣੀ ਮੈਂਬਰਾਂ ਅਤੇ ਜ਼ਿਲਾ ਸਕੱਤਰਾਂ ਤੋਂ ਇਲਾਵਾ ਸਰਵਸਾਥੀ ਬੰਤ ਬਰਾੜ, ਡਾ. ਜੋਗਿੰਦਰ ਦਿਆਲ, ਹਰਦੇਵ  ਸਿੰਘ ਅਰਸ਼ੀ, ਜਗਜੀਤ ਸਿੰਘ ਜੋਗਾ, ਭੂਪਿੰਦਰ ਸਾਂਬਰ ਨੇ ਭਾਗ ਲਿਆ ਅਤੇ ਫੈਸਲੇ ਸਰਬਸੰਮਤੀ ਨਾਲ ਕੀਤੇ ਗਏ। 

Saturday, July 21, 2018

ਅੱਤਵਾਦ ਵਲੋਂ ਦਿੱਤੇ ਜ਼ਖ਼ਮ, 31 ਸਾਲਾਂ ਬਾਅਦ ਵੀ 'ਅੱਲ੍ਹੇ '

Saturday July21, 2018 at 05:34 AM
(Death Anniversary Com. Sawarn Singh Sohal And Family Members )
"ਬਰਸੀ 'ਤੇ ਵਿਸ਼ੇਸ਼"
ਜੁਲਾਈ ਮਹੀਨਾ ਸ਼ੁਰੂ ਹੁੰਦਿਆਂ ਹੀ ਪੁਰਾਣੀਆਂ ਯਾਦਾਂ ਆ ਘੇਰਾ ਪਾਉਂਦੀਆਂ। ਪੰਜਾਬ ਦਾ ਉਹ ਕਾਲਾ ਦੌਰ, ਜਿਸ ਵਿਚ ਅਣਗਿਣਤ ਜਾਨਾਂ ਗਈਆਂ, ਬੱਚੇ ਤੋਂ ਲੈਕੇ ਬੁੱਢੇ ਤੱਕ ਨੂੰ ਗੋਲੀ ਦਾ ਸ਼ਿਕਾਰ ਬਣਾਇਆ ਗਿਆ। ਕੲੀ ਘਰਾਂ ਦਾ ਤਾਂ ਕੁੰਡਾ ਖੋਲ੍ਹਣ ਵਾਲਾ ਵੀ ਕੋਈ ਨਾਂਹ ਬਚਿਆ,ਅੱਜ ਵੀ ਯਾਦ ਕਰਕੇ ਦਿਲ ਕੰਬ ਜਾਂਦਾ। 21 ਜੁਲਾਈ 1987 ਕਦੇ ਨਾ ਭੁੱਲਣ ਵਾਲਾ ਉਹ ਦਿਨ, ਅੱਜ ਵੀ ਯਾਦ ਹੈ। ਅੱਜ ਕਾਮਰੇਡ ਸਵਰਨ ਸੋਹਲ ਤੇ ਪਰਵਾਰ ਦੇ ਚਾਰ ਮੈਂਬਰਾਂ ਦੀ 31ਵੀਂ ਬਰਸੀ ਹੈ। ਕਾਮਰੇਡ ਸਵਰਨ ਸੋਹਲ ਇੱਕ ਫੌਜੀ ਸਨ। ਉਹ 1965 ਦੀ ਜੰਗ ਤੋਂ ਐਨ੍ਹ ਪਹਿਲਾਂ ਆਪਣੀ ਭੈਣ ਦੇ ਵਿਆਹ ਵਿੱਚ ਵੀ ਸ਼ਾਮਲ ਨਾ ਹੋ ਸਕੇ। ਬਾਅਦ ‘ਚ ਆਪਣੀ ਇੱਛਾ ਨਾਲ ਬਿਨਾਂ ਪੈਨਸ਼ਨ ਦੇ ਨੌਕਰੀ ਛੱਡ ਕੇ ਆ ਗਏ। ਪਿੰਡ ਸੋਹਲ ਜਿਲ੍ਹਾ ਤਰਨਤਾਰਨ (ਪੁਰਾਣਾ ਅੰਮਿਤਸਰ) ਜਿੱਥੇ ਸਾਡਾ ਜਨਮ ਹੋਇਆ ਪਾਪਾ ਦਾ ਨਾਨਕਾ ਪਿੰਡ ਸੀ। ਏਥੇ ਇੱਕ ਮੱਧਵਰਗੀ ਸਫਲ ਕਿਸਾਨ ਵਜੋਂ ਖੇਤੀ ਕਰਦਿਆਂ ਜਿੰਦਗੀ ਵਧੀਆ ਗੁਜਰ ਰਹੀ ਸੀ। ਪਿੰਡ ਵਿੱਚ ਕਾਮਰੇਡ ਕੁੰਦਨ ਲਾਲ ( ਕਾ: ਦਵਿੰਦਰ ਸੋਹਲ ਅਤੇ ਅਸ਼ੋਕ ਸੋਹਲ ਦੇ ਪਿਤਾ) ਨਾਲ ਨੇੜਤਾ ਹੀ ਉਹਨਾਂ ਨੂੰ ਕਮਿਊਨਿਸਟ ਬਨਣ ਵੱਲ ਲੈ ਆਈ। ਉਹ ਬਹੁਤ ਜਲਦੀ ਹੀ ਇੱਕ ਨਿਧੜਕ ਆਗੂ ਵਜੋਂ ਉਭਰੇ। ਜਿਲ੍ਹਾ ਕਿਸਾਨ ਸਭਾ ਅਤੇ ਇਲਾਕਾ ਪਾਰਟੀ ਦੋਹਾਂ ਦੇ ਸਹਾਇਕ ਸਕੱਤਰ ਬਣ ਗਏ। ਪਾਰਟੀ ਅਤੇ ਕਿਸਾਨ ਸਭਾ ਵੱਲੋਂ ਲੜੇ ਜਾਂਦੇ ਹਰ ਘੋਲ ਦੀ ਮੂਹਰਲੀ ਕਤਾਰ ਵਿੱਚ ਹੁੰਦੇ। ਕਈ ਮੋਰਚਿਆਂ ਦੌਰਾਨ ਭਾਵੇਂ ਜੇਲ੍ਹ ਵੀ ਜਾਣਾ ਪਿਆ ਪਰ ਉਹਨਾਂ ਕਦੇ ਹਿੰਮਤ ਅਤੇ ਹੌਂਸਲਾ ਕਮਜੋਰ ਨਾ ਪੈਣ ਦਿੱਤਾ। ਲੋਕਾਂ ਵਿੱਚ ਕੰਮ ਕਰਦਿਆਂ ਉਹਨਾਂ ਦੀ ਵਧ ਰਹੀ ਹਰਮਨਪਿਆਰਤਾ ਨੂੰ ਇਲਾਕੇ ਅਤੇ ਪਿੰਡ ਦੇ ਧਨਾਢ ਪਸੰਦ ਨਹੀਂ ਕਰਦੇ ਸਨ। ਉਹ ਕਮਿਊਨਿਸਟਾਂ ਦੇ ਵਧਦੇ ਆਧਾਰ ਨੂੰ ਰਾਜਨੀਤਕ ਤੌਰ ’ਤੇ ਆਪਣੇ ਲਈ ਖਤਰਾ ਮਹਿਸੂਸ ਕਰਨ ਲੱਗੇ। ਇਸ ਦੌਰਾਨ ਪੰਜਾਬ ਅੰਦਰ ਅੱਤਵਾਦ ਦਾ ਦੌਰ ਚੱਲ ਪਿਆ। ਸਰਮਾਏ ਦੀ ਸਿਆਸਤ ਨੇ ਨੌਜਵਾਨਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਦਿੱਤੇ। ਪੈਸੇ ਅਤੇ ਹਥਿਆਰਾਂ ਦਾ ਲਾਲਚ ਦੇ ਕੇ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ। ਘਰਾਂ ਦੀ ਕਮਜੋਰ ਆਰਥਿਕ ਸਥਿਤੀ ਨੇ ਬਲਦੀ ‘ਤੇ ਤੇਲ ਪਾਇਆ। ਪੰਜਾਬ ਦੇ ਹੱਸਦੇ-ਵੱਸਦੇ ਘਰਾਂ ਵਿੱਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਘਰਾਂ ਵਿੱਚ ਖੁਸ਼ੀਆਂ ਦੀ ਥਾਂ ਮਾਤਮ ਛਾ ਗਿਆ। ਹਰ ਪਾਸੇ ਡਰ ਦਾ ਮਾਹੌਲ ਲੋਕਾਂ ਨੂੰ ਦਿਨੇ ਹੀ ਘਰਾਂ ਅੰਦਰ ਬੰਦ ਰਹਿਣ ਨੂੰ ਮਜਬੂਰ ਕਰਨ ਲੱਗਾ। ਜੋ ਵੀ ਅੱਤਵਾਦੀਆਂ ਖਿਲਾਫ ਬੋਲਦਾ, ਉਸ ਨੂੰ ਗੋਲੀ ਨਾਲ ਚੁੱਪ ਕਰਾ ਦਿੱਤਾ ਜਾਂਦਾ। ਕਮਿਊਨਿਸਟ ਪਾਰਟੀ ਵੱਲੋਂ ਇਸ ਮਾੜੇ ਮਾਹੌਲ ਖਿਲਾਫ ਜੂਨ 1987 ‘ਚ ਇਤਿਹਾਸਕ ਦਸ ਦਿਨਾਂ ਮਾਰਚ ਕੀਤਾ ਗਿਆ। ਜਦੋਂ ਪਿੰਡ ਸੋਹਲ ਵਿੱਚ ਇਸ ਸਬੰਧੀ ਜਲਸਾ ਕੀਤਾ ਜਾ ਰਿਹਾ ਸੀ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਘੁਰ-ਘੁਰ ਕਰਨੀ ਸ਼ੁਰੂ ਕਰ ਦਿੱਤੀ। ਕਾਮਰੇਡ ਸੋਹਲ ਨੇ ਸਟੇਜ ਤੋਂ ਸਿੱਧਾ ਵੰਗਾਰਦਿਆਂ ਕਿਹਾ, ‘ਏਥੇ ਸ਼ਰਾਰਤ ਨਹੀਂ ਚੱਲੇਗੀ, ਜਿਸ ਕਿਸੇ ਨੂੰ ਜਿਆਦਾ ਤੰਗੀ ਹੈ, ਬਾਹਰ ਨਿੱਕਲ ਕੇ ਵੇਖ ਲਵੇ।’ ਸ਼ਰਾਰਤੀਆਂ ਨੇ ਓਥੋਂ ਖਿਸਕਣਾ ਹੀ ਠੀਕ ਸਮਝਿਆ। ਪਰ ਆਪਣੇ ਖਿਲਾਫ ਉਠੀ ਇਹ ਆਵਾਜ਼ ਅੱਤਵਾਦੀਆਂ ਨੂੰ ਕਿਵੇਂ ਰਾਸ ਆ ਸਕਦੀ ਸੀ। ਉਹ ਇਸ ਆਵਾਜ਼ ਨੂੰ ਬੰਦ ਕਰਨ ਲਈ ਤਰਲੋ ਮੱਛੀ ਹੁੰਦੇ, ਮੌਕੇ ਦੀ ਤਲਾਸ਼ ਕਰਨ ਲੱਗੇ। ਇਹ ਮੌਕਾ ਉਹਨਾਂ ਨੂੰ ਜਲਦੀ ਹੀ ਮਿਲ ਗਿਆ। 21 ਜੁਲਾਈ 1987 ਨੂੰ ਦਿਨ ਵੇਲੇ ਪਿੰਡ ਵਿੱਚ ਖਰਾਬ ਹੋਈ ਕਣਕ ਦੀ ਫਸਲ ਦਾ ਮੁਆਵਜਾ ਵੰਡਿਆ ਜਾ ਰਿਹਾ ਸੀ। ਇਸਦੀ ਵੰਡ ਵਿੱਚ ਹੇਰਾ ਫੇਰੀ ਨਾ ਹੋਵੇ ਤਾਂ ਕਾਮਰੇਡ ਸੋਹਲ ਕਿਸਾਨ ਸਭਾ ਦੇ ਆਗੂ ਵਜੋਂ ਓਥੇ ਹਾਜਰ ਰਹੇ। ਅੱਤਵਾਦੀ ਜੋ ਉਹਨਾਂ ਨਾਲ ਸਿੱਧੇ ਮੁਕਾਬਲੇ ਵਿੱਚ ਨਹੀਂ ਸਨ ਪੈਣਾ ਚਹੁੰਦੇ, ਸਿਰਫ ਉਸ ਦਿਨ ਅਵੇਸਲੇ ਹੋਣ ’ਤੇ ਹਨੇਰੇ ਦਾ ਲਾਹਾ ਉਠਾ ਗਏ। ਰਾਤ ਰੋਜ ਦੀ ਤਰ੍ਹਾਂ ਉਹ ਅਤੇ ਘਰ ‘ਚ ਕੰਮ ਕਰਦਾ ਕਾਮਾ ਹੀਰਾ ਸਿੰਘ (ਜਿਸਨੂੰ ਆਪਣੇ ਪੁੱਤ ਵਾਂਗ ਹੀ ਸਮਝਦੇ ਸਨ) ਛੱਤ ਉੱਤੇ ਤੇ ਬਾਕੀ ਸਾਰਾ ਪਰਵਾਰ ਵਿਹੜੇ ‘ਚ ਸੁੱਤਾ ਪਿਆ ਸੀ, 11 ਵਜੇ ਦੇ ਲਗਭਗ ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਭ ਤੋਂ ਬੇਖ਼ਬਰ ਜਦੋਂ ਹੀ ਮੈਂ ਮੰਜੇ ਤੇ ਪਾਸਾ ਲਿਆ ਤਾਂ ਛੱਤ ਤੇ ਖੜੇ ਇੱਕ ਬੰਦੇ ਨੇ ਗੋਲੀ ਚਲਾ ਦਿੱਤੀ ਜੋ ਮੇਰੀ ਸੱਜੀ ਲੱਤ ਵਿੱਚ ਵੱਜੀ, ਮੇਰੀਆਂ ਚੀਕਾਂ ਨਿੱਕਲ ਗਈਆਂ। ਸਾਡੀ ਸਭ ਤੋਂ ਵੱਡੀ ਭੈਣ ਭੁਪਿੰਦਰ ਨੇ ਭੱਜ ਕੇ ਮੈਨੂੰ ਚੁੱਕ ਲਿਆ ਤੇ ਵਿਹੜੇ ਦੇ ਇੱਕ ਪਾਸੇ ਰੁੱਖ ਕੋਲ ਖੜੀ ਟਰਾਲੀ ਦੀ ਓਟ ‘ਚ ਲੈ ਗਈ। ਇੱਥੇ ਦੋ ਭੈਣਾਂ ਸਭ ਤੋਂ ਛੋਟੀ ਕੁਲਵਿੰਦਰ ਅਤੇ ਮੇਰੇ ਤੋਂ ਵੱਡੀ ਵੀਰਇੰਦਰ ਜਿਸਦੀ ਰੀੜ ਦੀ ਹੱਡੀ ਕੋਲ ਗੋਲੀ ਲੱਗੀ ਸੀ, ਵੀ ਸਾਹ ਰੋਕੀ ਲੁਕ ਕੇ ਬੈਠੀਆਂ ਸਨ। ਤਕਰੀਬਨ ਅੱਧਾ ਘੰਟਾ ਗੋਲੀਆਂ ਚੱਲਦੀਆਂ ਰਹੀਆਂ, ਉਹਨਾਂ ਆਪਣੇ ਵੱਲੋਂ ਪੂਰਾ ਪਰਵਾਰ ਖਤਮ ਕਰਨ ਦੀ ਤਸੱਲੀ ਤੱਕ ਗੋਲੀ ਚਲਾਈ। ਪਰ ਉਹ ਘਰ ਦੇ ਅੰਦਰ ਆਉਣ ਦੀ ਹਿੰਮਤ ਨਾ ਕਰ ਸਕੇ। ਜਦੋਂ ਕਾਫੀ ਦੇਰ ਤੱਕ ਸ਼ਾਂਤੀ ਰਹੀ ਤਾਂ ਅਸੀਂ ਉੱਠ ਖੜੀਆਂ ਅਤੇ ਵੇਖਿਆ ਛੋਟੀ ਭੈਣ ਰਾਜਵਿੰਦਰ ਮੰਜੇ ਤੇ ਪਈ ਦਰਦ ਨਾਲ ਹੂੰਗ ਰਹੀ ਸੀ ,ਜਿਸਦੇ ਸਿਰ ਅਤੇ ਸਰੀਰ ਉੱਪਰ ਅਣਗਿਣਤ ਗੋਲੀਆਂ ਵੱਜੀਆਂ ਸਨ, ਉਸਦੀ ਹਾਲਤ ਬੜੀ ਗੰਭੀਰ ਸੀ, ਅਖੀਰ ਉਸਨੇ ਵੀ ਦਮ ਤੋੜ ਦਿੱਤਾ। ਸਾਡੀ ਮਾਂ ਜਮੀਨ ‘ਤੇ ਡਿੱਗੀ ਪਈ ਸੀ, ਜਿਸਦੀ ਛਾਤੀ ਗੋਲੀਆਂ ਨਾਲ ਛਨਣੀ ਸੀ। ਦਾਦੀ, ਜੋ ਸ਼ਾਇਦ ਉੱਠਣ ਦੀ ਕੋਸ਼ਿਸ਼ ਕਰਦਿਆਂ ਗੋਲੀਆਂ ਦਾ ਸ਼ਿਕਾਰ ਹੋਈ ਹੋਵੇਗੀ, ਉਸਦਾ ਬੇਜਾਨ ਸਰੀਰ ਅੱਧਾ ਮੰਜੇ ਤੋਂ ਉੱਪਰ ਅਤੇ ਅੱਧਾ ਥੱਲੇ ਸੀ। ਭੂਆ ਪ੍ਰਸਿੰਨੀ ਅਤੇ ਸਭ ਤੋਂ ਵੱਡੀ ਭੈਣ ਨੇ ਸਭ ਤੋਂ ਪਹਿਲਾ ਕੰਮ ਵੀਰ ਗੁਰਬਿੰਦਰ ਨੂੰ ਲੱਭਣ ਦਾ ਕੀਤਾ, ਜੋ ਮੋਟਰ ਵਾਲੀ ਕੋਠੜੀ ਵਿੱਚ ਲੁਕ ਕੇ ਬੈਠ ਗਿਆ ਸੀ। ਉਸਨੇ ਭੂਆ ਨੂੰ ਹੌਲੀ ਜਿਹੇ ਕਿਹਾ ‘ਮੈਂ ਠੀਕ ਹਾਂ, ਮੇਰਾ ਫਿਕਰ ਨਾ ਕਰੋ ਦੂਜਿਆਂ ਨੂੰ ਦੇਖੋ।’ ( ਅਸਲ ਵਿੱਚ ਉਸਨੂੰ ਪਾਪਾ ਨੇ ਪਹਿਲਾਂ ਹੀ ਇਸ ਬਾਰੇ ਸੁਚੇਤ ਕੀਤਾ ਹੋਇਆ ਸੀ, ਕਿ ਕਿਸੇ ਵੇਲੇ ਕੁਝ ਵੀ ਵਾਪਰ ਸਕਦਾ, ‘ਤੂੰ ਮੇਰੀ ਚਿੰਤਾ ਨਾ ਕਰੀਂ, ਆਪਣੀ ਜਾਨ ਬਚਾਉਣ ਦੀ ਕੋਸ਼ਿਸ ਕਰੀਂ।’) 
ਛੱਤ ਤੇ ਕੀ ਵਾਪਰ ਚੁੱਕਾ, ਕਿਸੇ ਨੂੰ ਕੁਝ ਪਤਾ ਨਹੀਂ ਸੀ ਅਤੇ ਨਾ ਹੀ ਵੇਖਣ ਦਾ ਹੌਸਲਾ। ਭੂਆ ਤੇ ਵੱਡੀ ਭੈਣ ਵਲੋਂ ਗੁਆਂਢ ਜਾ ਕੇ ਦੱਸਣ ਦੇ ਬਾਵਜੂਦ ਸਾਰੀ ਰਾਤ ਕੋਈ ਨਹੀਂ ਆਇਆ। ਸਾਡੇ ਦੋਵਾਂ ਭੈਣਾਂ ਦੇ ਜਖਮਾਂ ਚੋਂ ਖੂਨ ਬਹੁਤ ਵਹਿ ਰਿਹਾ ਸੀ। ਵੱਡੀ ਭੈਣ ਅਤੇ ਭੂਆ ਨੇ ਆਪਣੇ ਸਿਰਾਂ ਤੋਂ ਚੁੰਨੀਆਂ ਲਾਹ ਕੇ ਜਖਮਾਂ ’ਤੇ ਬੰਨ੍ਹ ਦਿੱਤੀਆਂ। ਅਸੀਂ ਸਾਰੀ ਰਾਤ ਕਦੀ ਅੰਦਰ ਅਤੇ ਕਦੀ ਬਾਹਰ ਤੁਰੇ ਫਿਰਦੇ ਰਹੇ, ਖੁੱਲ ਕੇ ਰੋ ਵੀ ਨਹੀਂ ਸਾਂ ਸਕਦੇ। ਸਵੇਰੇ ਚਾਰ ਕੁ ਵਜੇ ਪਿੰਡ ਦੇ ਕੁਝ ਮੋਹਤਬਰ ਬੰਦੇ ਘਰ ਆਏ, ਗੱਲਬਾਤ ਕਰਕੇ ਵੀਰ ਨੂੰ ਆਪਣੇ ਨਾਲ ਲੈ ਗਏ।
ਇਧਰ ਏਨੀ ਵੱਡੀ ਘਟਨਾ ਵਾਪਰ ਚੁੱਕੀ ਸੀ ਤੇ ਓਧਰ ਪਿੰਡ ਦੇ ਦੂਜੇ ਪਾਸੇ ਕਾਮਰੇਡ ਕੁੰਦਨ ਲਾਲ ਇਸ ਗੱਲ ਤੋਂ ਬੇਖਬਰ ਸਨ। ਸੁਭਾ ਜਦੋਂ ਉਹਨਾਂ ਦਾ ਕਿਸੇ ਨੇ ਗੇਟ ਖੜਕਾਇਆ ਤਾਂ ਉਹਨਾਂ ਸਮਝਿਆ ‘ਕਾਮਰੇਡ ਸਵਰਨ ਆਇਆ’ ਕਿਉਂਕਿ ਰਾਤ ਚੱਲੀਆਂ ਗੋਲੀਆਂ ਨੂੰ ਉਹ ‘ਕਿਤੇ ਮੁਕਾਬਲਾ ਹੋਇਆ’ ਸਮਝਦੇ ਰਹੇ। ਪਰ ਗੇਟ ਖੋਹਲਣ ‘ਤੇ ਪਤਾ ਲੱਗਾ ਕਿ ਜਿਸਦੀ ਉਡੀਕ ਕਰ ਰਹੇ, ਉਹ ਤਾਂ ਸਾਥ ਛੱਡ ਕੇ ਬਹੁਤ ਦੂਰ ਜਾ ਚੁੱਕਾ, ਜਿਥੋਂ ਕੋਈ ਵਾਪਸ ਨਹੀਂ ਆਉਂਦਾ। ਤੁਰੰਤ ਹਰ ਪਾਸੇ ਸੁਨੇਹੇ ਭੇਜ ਦਿੱਤੇ ਗਏ ਤੇ ਜਿਉਂ-ਜਿਉਂ ਦਿਨ ਚੜ੍ਹਦਾ ਜਾ ਰਿਹਾ ਸੀ, ਘਰ ਵਿਚ ਪਿੰਡ ਅਤੇ ਇਲਾਕੇ ਦੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਸਾਨੂੰ ਦੋਵਾਂ ਜ਼ਖ਼ਮੀ ਭੈਣਾਂ ਨੂੰ ਹਸਪਤਾਲ ਲੈਕੇ ਜਾਣ ਲਈ ਟੈਕਸੀ ਵਿਚ ਬਿਠਾਇਆ ਗਿਆ। ਛੱਤ ਤੋਂ ਰੱਸਿਆਂ ਨਾਲ ਬੰਨ੍ਹ ਕੇ ਲਾਸ਼ਾਂ ਉਤਾਰੀਆਂ ਜਾ ਰਹੀਆਂ ਸਨ। ਕਿਸੇ ਅੱਗੇ ਨਾ ਝੁਕਣ ਵਾਲਾ ਸੂਰਮਾ, ਮੰਜੇ ਤੇ ਨਿਢਾਲ ਪਿਆ ਸੀ, ਜਿਸ ਨੂੰ ਵੇਖ ਦਿਲ ਡੁੱਬੀ ਜਾ ਰਿਹਾ ਸੀ। ਸਾਨੂੰ ਰੋਂਦਿਆਂ ਦੇਖ ਟੈਕਸੀ ਓਸੇ ਵੇਲੇ ਹਸਪਤਾਲ ਨੂੰ ਤੁਰ ਪਈ ਤੇ ਅਸੀਂ ਆਪਣੇ ਸ਼ਹੀਦ ਪਰਵਾਰ ਚੋਂ ਕਿਸੇ ਦਾ ਮੂੰਹ ਵੀ ਨਾ ਵੇਖ ਸਕੀਆਂ। ਇਹ ਤ੍ਰਾਸਦੀ ਅਤੇ ਸਭ ਦੇ ਮੂੰਹ ਅਗਲੇ ਦਿਨ ਅਸੀਂ ਅਖ਼ਬਾਰ ਵਿੱਚ ਵੇਖੇ। ਸਾਡਾ ਦਾਦਾ ਜੋ ਉਸ ਰਾਤ ਘਰ ਨਹੀਂ ਸੀ, ਘਟਨਾ ਬਾਰੇ ਵੀ ਉਸਨੂੰ ਪੂਰਾ ਪਤਾ ਨਹੀਂ ਸੀ, ਉਹ ਭੁਲੇਖੇ ‘ਚ ਸੀ ਕਿ ਉਹਨਾਂ ਦੀ ਨੂੰਹ ਜਿੰਦਾ ਹੈ। ਪਰ ਜਦੋਂ ਉਹਨਾਂ ਨੂੰ ਸੱਚ ਪਤਾ ਲੱਗਾ ਤਾਂ ਉਹ ਪੂਰੀ ਤਰਾਂ ਟੁੱਟ ਗਏ। ਉਹਨਾਂ ਨੂੰ ਲੱਗੇ ਏਨੇ ਵੱਡੇ ਸਦਮੇ ਕਾਰਨ ਹੀ ਉਹ ਇਸ ਘਟਨਾ ਤੋਂ ਬਾਅਦ ਛੇ ਮਹੀਨੇ ਤੋਂ ਵੱਧ ਜਿਊਂਦੇ ਨਾ ਰਹਿ ਸਕੇ। ਪਾਪਾ ਦੇ ਸਭ ਤੋਂ ਨੇੜਲੇ ਮਿੱਤਰ ਅਤੇ ਪੱਗ ਵੱਟ ਭਰਾ ਕਾਮਰੇਡ ਸੁਖਚੈਨ ਸਿੰਘ ,ਜੋ ਹਮੇਸ਼ਾ ਇਕੱਠੇ ਰਹਿੰਦੇ ਹੁੰਦੇ ਸਨ। ਪਰਵਾਰ ਸਮੇਤ ਝਬਾਲ ਸ਼ੈਲਰ ’ਤੇ ਰਹਿੰਦੇ ਸਨ, ਇਹ ਸ਼ੈਲਰ ਇਲਾਕੇ ਦੇ ਕਮਿਊਨਿਸਟਾਂ ਲਈ ਸਰਗਰਮੀਆ ਦਾ ਕੇਂਦਰ ਸੀ। ਇੱਥੇ ਵੱਡੀ ਗਿਣਤੀ ਵਿੱਚ ਹਥਿਆਰ ਸਨ ਅਤੇ 24 ਘੰਟੇ ਕਮਿਊਨਿਸਟ ਨੌਜਵਾਨ ਕਾਮਰੇਡ ਹਰਭਜਨ ਸਿੰਘ, ਪਿਰਥੀਪਾਲ ਮਾੜੀਮੇਘਾ, ਦਵਿੰਦਰ ਸੋਹਲ, ਕੁਲਵਿੰਦਰ ਵਲਟੋਹਾ, ਬਲਕਾਰ ਵਲਟੋਹਾ, ਜਗਤਾਰ ਸਿੰਘ ਆਦਿ ਮੋਰਚਾ ਸੰਭਾਲੀ ਰੱਖਦੇ। ਕਾ: ਸੁਖਚੈਨ ਸਿੰਘ ਅਤੇ ਉਹਨਾਂ ਦੀ ਪਤਨੀ ਰਜਿੰਦਰਪਾਲ ਨੇ ਘਟਨਾ ਤੋਂ ਬਾਅਦ ਸਾਡੇ ਪਰਵਾਰ ਦੀ ਸਾਰੀ ਜਿੰਮੇਵਾਰੀ ਸੰਭਾਲੀ। ਹਾਲਾਤਾਂ ਨੂੰ ਸਾਹਮਣੇ ਰੱਖਦਿਆਂ ਵੱਡੀ ਭੈਣ ਦਾ ਜਲਦੀ ਵਿਆਹ ਕਰ ਦਿੱਤਾ ਗਿਆ। ਵੀਰ ਨੂੰ ਜਲੰਧਰ ਹੋਸਟਲ ਅਤੇ ਸਭ ਤੋਂ ਛੋਟੀ ਕੁਲਵਿੰਦਰ ਨੂੰ ਪਟਿਆਲਾ ਅਨਾਥ ਆਸ਼ਰਮ ਭੇਜ ਦਿੱਤਾ। ਭੈਣ ਵੀਰਇੰਦਰ ਨੂੰ ਨੋਕਰੀ ਮਿਲ ਜਾਣ ਕਾਰਨ, ਉਹ ਸ਼ੈਲਰ ਤੇ ਰਹਿਣ ਲੱਗ ਪਈ। ਮੈਂ ਆਪਣੀ ਭੂਆ ਨਾਲ ਉਸੇ ਘਰ ਰਹਿੰਦੀ ਸੀ( ਭੂਆ ਵਿਧਵਾ ਹੋਣ ਕਾਰਨ ਆਪਣੇ ਤਿੰਨ ਬੱਚਿਆਂ ਨਾਲ ਸਾਡੇ ਕੋਲ ਹੀ ਰਹਿੰਦੀ ਸੀ।) ਸਮੱਸਿਆਵਾਂ ਅਜੇ ਖਤਮ ਨਹੀਂ ਸਨ ਹੋਈਆਂ, ਇਕ ਰਾਤ ਚੋਰ ਆ ਪਏ। ਉਹਨਾਂ ਨੂੰ ਜਿੰਨੇ ਵੀ ਪੈਸੇ ਮਿਲੇ ਲੈ ਕੇ ਚਲੇ ਗਏ, ਪਰ ਸਾਡੇ ‘ਤੇ ਛੱਡ ਗਏ ਇੱਕ ਹੋਰ ਦਹਿਸ਼ਤ। ਦਿਲ ਤਾਂ ਨਹੀਂ ਕਰਦਾ ਸੀ ਉਸ ਘਰ ਰਹਿਣ ਨੂੰ ਪਰ ਮਜਬੂਰੀ ਸੀ। ਅਗਲੇ ਦਿਨ ਇਹ ਫੈਸਲਾ ਕੀਤਾ ਕਿ ਰਾਤ ਨੂੰ ਘਰ ਨਾ ਰਿਹਾ ਜਾਵੇ। ਅਸੀਂ ਗੁਆਂਢ ਸ਼ਰੀਕੇ ਚੋਂ ਲੱਗਦੇ ਤਾਏ ਦੇ ਘਰ ਰਾਤਾਂ ਗੁਜਾਰਨੀਆਂ ਸ਼ੁਰੂ ਕਰ ਦਿੱਤੀਆਂ। ਸ਼ਾਮ ਨੂੰ ਵੇਲੇ ਨਾਲ ਰੋਟੀ ਖਾ ਕੇ ਉਹਨਾਂ ਦੇ ਘਰ ਚਲੇ ਜਾਣਾ ਤੇ ਸਵੇਰੇ ਜਲਦੀ ਆ ਜਾਣਾ। ਇੱਕ ਸ਼ਾਮ ਤਾਈ ਬਹੁਤ ਘਬਰਾਈ ਹੋਈ ਸਾਡੇ ਘਰ ਆਈ, ਉਸਨੇ ਭੂਆ ਨੂੰ ਦੱਸਿਆ ਕਿ ਝਬਾਲ ਕੋਲ ਮੁਕਾਬਲਾ ਹੋ ਰਿਹਾ, ਤੁਸੀਂ ਜਲਦੀ ਸਾਡੇ ਘਰ ਆ ਜਾਓ। ਇਹ ਸੁਣ ਕੇ ਸਾਡੀਆਂ ਲੱਤਾਂ ਹੀ ਜਾਮ ਹੋ ਗਈਆਂ। ਭੂਆ ਨੇ ਜਲਦੀ-ਜਲਦੀ ਕੰਮ ਸਮੇਟਣਾ ਸ਼ੁਰੂ ਕਰ ਦਿੱਤਾ, ਕੰਮ ਨਿਬੇੜ ਕੇ ਤਾਏ ਦੇ ਘਰ ਵੱਲ ਤੁਰ ਪਈਆਂ। ਹਨੇਰਾ ਹੋ ਚੁੱਕਾ ਸੀ ਅਤੇ ਝੋਨਾ ਲਗਾਉਣ ਲਈ ਖੇਤਾਂ ‘ਚ ਹਰ ਪਾਸੇ ਪਾਣੀ ਲੱਗਾ ਹੋਇਆ ਸੀ। ਜਦੋਂ ਅਸੀਂ ਕਾਹਲੀ-ਕਾਹਲੀ ਤੁਰੇ ਜਾ ਰਹੇ ਸੀ ਕਿ ਅਚਾਨਕ ਪੁਲਿਸ ਵੱਲੋਂ ਛੱਡੇ ਰਾਕਟ ਲਾਂਚਰ ਨੇ ਚਾਰ-ਚੁਫੇਰੇ ਮਨਾਂ ਮੂੰਹੀਂ ਚਾਨਣ ਕਰ ਦਿੱਤਾ। ਸਾਡੇ ਸਭ ਦੇ ਸਾਹ ਰੁਕ ਗਏ ਤੇ ਲੱਤਾਂ ਭਾਰ ਚੁੱਕਣ ਤੋਂ ਅਸਮਰਥ ਹੋ ਗੲੀਆਂ। ਅਸੀਂ ਡਿੱਗਦੇ ਢਹਿੰਦੇ ਜਦ ਤਾਏ ਦੇ ਘਰ ਪਹੁੰਚੇ ਤਾਂ ਕਮਰ ਤੱਕ ਚਿੱਕੜ ਨਾਲ ਲਿੱਬੜ ਚੁੱਕੇ ਸੀ। ਰੋਜ ਕਿਸੇ ਦੇ ਘਰ ਰਹਿਣਾ ਸੌਖਾ ਨਹੀਂ ਸੀ,ਅਖੀਰ ਮੈਨੂੰ ਵੀ ਭੈਣ ਜੀ ਵਿਮਲਾ ਡਾਂਗ ਹੁਰਾਂ ਪਟਿਆਲੇ ਅਨਾਥ ਆਸ਼ਰਮ ਵਿੱਚ ਛੋਟੀ ਭੈਣ ਕੋਲ ਪਹੁੰਚਾਉਣ ਦਾ ਪ੍ਰਬੰਧ ਕਰ ਦਿੱਤਾ। ਸਮਾਂ ਗੁਜ਼ਰਦਾ ਚਲਾ ਗਿਆ, ਅਸੀਂ ਸਭ ਭੈਣ- ਭਰਾ ਬੱਚਿਆਂ ਵਾਲੇ ਬਣ ਗਏ ਪਰ 31 ਸਾਲ ਬੀਤ ਜਾਣ ਦੇ ਬਾਵਜੂਦ ਜ਼ਖ਼ਮ ਹਾਲੇ ਵੀ ਅੱਲ੍ਹੇ ਹਨ। ਅੱਜ ਜਦੋਂ ਇਸ ਦੌਰ ਬਾਰੇ ਗੱਲ ਕਰਦੇ ਹਾਂ ਤਾਂ ਬੱਚਿਆਂ ਨੂੰ ਯਕੀਨ ਨਹੀਂ ਆਉਂਦਾ, ਉਹ ਇਸਨੂੰ ਇੱਕ ਕਹਾਣੀ ਵਾਂਗ ਹੀ ਸਮਝਦੇ ਨੇ, ਜਿਵੇਂ ਅਸੀਂ ਛੋਟੇ ਹੁੰਦੇ 1947 ਦੀਆਂ ਘਟਨਾਵਾਂ ਬਾਰੇ ਸੁਣਦੇ ਹੁੰਦੇ ਸੀ ਤਾਂ ਸਾਨੂੰ ਵੀ ਇਹ ਸੱਚ ਨਹੀਂ ਲੱਗਦੀਆਂ ਸਨ। ਪੰਜਾਬ ਵਿੱਚ ਅੱਤਵਾਦ ਦਾ ਦੌਰ ਚਾਹੇ ਖਤਮ ਹੋ ਚੁੱਕਾ ਪਰ ਅੱਜ ਵੀ ਸਾਡਾ ਸਮਾਜ ਕਈ ਸਮੱਸਿਆਵਾਂ ਵਿੱਚ ਉਲਝਿਆ ਹੋਇਆ ਹੈ। ਇਹ ਵੀ ਅੱਤਵਾਦ ਤੋਂ ਘੱਟ ਨਹੀਂ, ਜਦੋਂ ਜਵਾਨੀ ਕੋਈ ਕੰਮ ਨਾ ਮਿਲਣ ਕਾਰਨ ਆਤਮ ਹੱਤਿਆ ਜਾਂ ਨਸ਼ਿਆਂ ਦਾ ਸਹਾਰਾ ਲੈ ਰਹੀ ਹੈ। ਹਜਾਰਾਂ ਘਰ ਇਸਦੀ ਲਪੇਟ ‘ਚ ਆ ਚੁੱਕੇ ਅਤੇ ਦਰਜਨਾਂ ਨੌਜਵਾਨ ਨਸ਼ੇ ਕਾਰਨ ਮੌਤ ਦੇ ਮੂੰਹ ਜਾ ਪਏ ਹਨ। ਜੇ ਇਹਨਾਂ ਵਿਹਲੇ ਹੱਥਾਂ ਨੂੰ ਯੋਗ ਕੰਮ ਤੇ ਨਾ ਲਗਾਇਆ ਗਿਆ ਤਾਂ ਸਾਡੇ ਸਮਾਜ ਲਈ ਇਸਦੇ ਨਤੀਜੇ ਬਹੁਤ ਮਾੜੇ ਨਿੱਕਲਣਗੇ ਕਿਉਂਕਿ ਅਸੀਂ ਪਹਿਲਾਂ ਹੀ ਘਰਾਂ ਦੀ ਮਾੜੀ ਹਾਲਤ ਅਤੇ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਕੰਮ ਦੇ ਯੋਗ ਮੌਕੇ ਨਾ ਦੇਣ ਕਾਰਨ, ਅੱਤਵਾਦ ਦੇ ਰੂਪ ਵਿੱਚ ਇਸਦਾ ਸੰਤਾਪ ਹੰਢਾ ਚੁੱਕੇ ਹਾਂ। ਜਿਸ ਵਿੱਚ ਹਜਾਰਾਂ ਬੇਕਸੂਰਾਂ ਦੀ ਜਾਨ ਗਈ। ਪੰਜਾਬ ਦੀ ਇੱਜਤ, ਅਣਖ ਦਾ ਘਾਣ ਹੋਇਆ। ਆਰਥਿਕ ਪੱਖੋਂ ਵੀ ਮਾਰ ਸਹਿਣੀ ਪਈ। ਇਸ ਦੌਰ ‘ਚ ਹੋਏ ਵੱਡੇ ਜਾਨੀ-ਮਾਲੀ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ। ਅੱਜ ਕਿਸਾਨਾਂ ਦੀ ਜਮੀਨ ਦੀ ਢੇਰੀ ਹਰ ਰੋਜ ਛੋਟੀ ਹੁੰਦੀ ਜਾ ਰਹੀ ਤੇ ਕਰਜੇ ਦੀ ਪੰਡ ਭਾਰੀ, ਜਿਸ ਕਾਰਨ ਉਹ ਖੁਦਕਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਮਜਦੂਰਾਂ ਨੂੰ ਰੱਜਵੀਂ ਰੋਟੀ ਲਈ ਆਪਣਾ ਆਪ ਵੇਚਣਾ ਪੈ ਰਿਹਾ ਹੈ। ਇਲਾਜ ਖੁਣੋਂ ਲੋਕ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋਏ, ਮੌਤ ਦੇ ਮੂੰਹ ਜਾ ਰਹੇ ਹਨ। ਔਰਤਾਂ ਖ਼ਾਸ ਕਰਕੇ ਛੋਟੀਆਂ ਛੋਟੀਆਂ ਬੱਚੀਆਂ ਨਾਲ ਹੈਵਾਨੀਅਤ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਕੰਮ ਨਾ ਦੇ ਕੇ, ਯੋਗਤਾ ਦਾ ਮਜਾਕ ਉਡਾਇਆ ਜਾ ਰਿਹਾ ਹੈ। ਠੇਕੇਦਾਰੀ ਸਿਸਟਮ ਅਧੀਨ ਆਰਜੀ ਰੁਜਗਾਰ ‘ਚ ਲੱਗੇ ਲੱਖਾਂ ਨੌਜਵਾਨ ਮਜਬੂਰੀ ਵੱਸ ਬਹੁਤ ਘੱਟ ਤਨਖਾਹਾਂ ‘ਤੇ ਆਪਣਾ ਸ਼ੋਸ਼ਣ ਕਰਵਾ ਰਹੇ ਹਨ। ਸਵਾਰਥੀ ਘਰਾਣੇ/ਸਰਕਾਰਾਂ ਲੋਕਾਂ ਦਾ ਇਹਨਾਂ ਅਸਲ ਮੁੱਦਿਆਂ ਤੋਂ ਧਿਆਨ ਪਾਸੇ ਕਰਨ ਲਈ, ਖਾਸ ਕਰ ਜਵਾਨੀ ਨੂੰ ਇੰਟਰਨੈੱਟ ਅਤੇ ਹੋਰ ਸਾਧਨਾਂ ਰਾਹੀਂ ਕੁਰਾਹੇ ਪਾਉਣ ਲਈ ਯਤਨਸ਼ੀਲ ਹਨ। ਉਹਨਾਂ ਨੂੰ ਭਾੜੇ ਦੇ ਗੁੰਡੇ ( ਗੈਂਗਸਟਰ) ਬਨਣ ਅਤੇ ਹੋਰ ਸਮਾਜਕ ਬੁਰਾਈਆਂ ਵੱਲ ਤੋਰਿਆ ਜਾ ਰਿਹਾ। ਇਹਨਾਂ ਹਾਲਾਤਾਂ ਦੇ ਸਤਾਏ, ਵੱਡੀ ਗਿਣਤੀ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਕਰਜ਼ੇ ਚੁੱਕ ਕੇ ਵਿਦੇਸ਼ੀ ਤੋਰਨ ਲਈ ਮਜਬੂਰ ਹੋ ਰਹੇ ਹਨ। 'ਬੇਰੁਜਗਾਰੀ' ਹੀ ਇਹਨਾਂ ਹਾਲਾਤਾਂ ਦੀ ਜਨਮਦਾਤੀ ਹੈ। ਸਭ ਨੂੰ ਰੁਜਗਾਰ ਦੇਣਾ ਹੀ ਇੱਕੋ ਇੱਕ ਹੱਲ ਹੈ, ਜਿਸ ਨਾਲ ਇਹ ਹਲਾਤ ਬਦਲੇ ਜਾ ਸਕਦੇ। ਇਸ ਲੲੀ ਪਾਰਲੀਮੈਂਟ ਦੁਆਰਾ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ ( BNEGA -- Bhagat Singh National Employment Guarantee Act) ਪਾਸ ਕਰਵਾਉੇਣਾ ਅਣਸਰਦੀ ਲੋੜ ਹੈ। ਇਸ ਕਾਨੂੰਨ ਤਹਿਤ ਹਰ ਇੱਕ ਨੂੰ ਉਸਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਅਨੁਸਾਰ ਤਨਖਾਹ ਦੀ ਗਰੰਟੀ ਹੋਵੇ। ਜਿਵੇਂ ਅਣਸਿੱਖਿਅਤ ਲਈ 20,000/- ਪ੍ਰਤੀ ਮਹੀਨਾ ਤਨਖਾਹ, ਅਰਧ ਸਿੱਖਿਅਤ ਲਈ 25,000/-, ਸਿੱਖਿਅਤ ਲਈ 30,000/-, ਅਤੇ ਉੱਚ ਸਿੱਖਿਅਤ ਲਈ 35,000/- ਦੀ ਗਾਰੰਟੀ। ਕੰਮ ਨਾ ਮਿਲਣ ਦੀ ਸੂਰਤ ਵਿੱਚ ਕੈਟੇਗਰੀ ਅਨੁਸਾਰ ਤਨਖ਼ਾਹ ਦਾ ਅੱਧ ਕੰਮ ਇੰਤਜ਼ਾਰ ਭੱਤਾ ਦਿੱਤਾ ਜਾਵੇ। ਨੌਜਵਾਨ-ਵਿਦਿਆਰਥੀਆਂ ਨੇ ‘ਰੁਜ਼ਗਾਰ ਪ੍ਰਾਪਤੀ ਮੁਹਿੰਮ’ ਵੱਲੋਂ ਇਸ ਕਾਨੂੰਨ ਦੀ ਪ੍ਰਾਪਤੀ ਲਈ, ਚੇਤਨ ਸਰਗਰਮੀ ਆਰੰਭੀ ਹੋਈ ਹੈ। ਆਓ ਇਸ ਵਿੱਚ ਬਣਦਾ ਯੋਗਦਾਨ ਪਾਉਂਦਿਆਂ, ਰਲ ਕੇ ਇਸ ਸਮਾਜ ਨੂੰ ਬਦਲਣ ਦਾ ਤਹੱਈਆ ਕਰੀਏ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖੁਸ਼ਹਾਲ ਜ਼ਿੰਦਗੀ ਜੀਅ ਸਕਣ। ਇਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਨਰਿੰਦਰ ਸੋਹਲ
9464113255

Wednesday, May 23, 2018

RSS ਦੀ ਥਾਪੜੀ ਮੋਦੀ ਸਰਕਾਰ ਹੁਣ ਸਮਾਜ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਲੱਗੀ

Wed, May 23, 2018 at 3:53 PM
ਹਰ ਫਰੰਟ 'ਤੇ ਕੀਤੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ-ਲੈਫਟ 
ਲੁਧਿਆਣਾ: 23 ਮਈ 2018: (ਕਾਮਰੇਡ ਸਕਰੀਨ ਬਿਊਰੋ)::
ਕਰਨਾਟਕ ਦੀਆਂ ਘਟਨਾਵਾਂ ਨੇ ਆਰ ਐਸ ਐਸ ਤੇ ਭਾਜਪਾ ਦੀ ਪੋਲ ਪੂਰੀ ਤਰਾਂ ਖੋਲ ਕੇ ਰੱਖ ਦਿੱਤੀ ਹੈ। ਉਹਨਾਂ ਦੇ ਉੱਚੇ ਚਰਿੱਤਰ ਵਾਲੇ ਹੋਣ ਦੇ ਝੂਠੇ ਦਾਅਵੇ ਹੁਣ ਲੋਕਾਂ ਦੇ ਸ੍ਹਾਮਣੇ ਆ ਗਏ ਹਨ।  ਮੋਦੀ ਵਲੋਂ ਝੂਠ ਤੇ ਝੂਠ ਬੋਲ ਕੇ ਪਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਕੇਵਲ 36 ਪ੍ਰਤੀਸਤ ਵੋਟਾਂ ਲੈਕੇ ਤੇ 104 ਸੀਟਾਂ ਜਿੱਤ ਕੇ ਘੱਟ ਗਿਣਤੀ ਦੀ ਸਰਕਾਰ ਬਣਾਉਣ ਦੇ ਲਈ ਹੋਛੇ ਹੱਥਕੰਡੇ ਅਪਣਾਏ ਗਏ। ਜਿਵੇ ਮੋਦੀ ਦੇ ਇਸਾਰੇ ਤੇ ਐਮ ਐਲ ਏਆਂ ਦੇ ਖਰੀਦੋਫਰੋਖਤ ਕਰਨ ਦੇ ਯਤਨ ਕੀਤੇ ਗਏ ਇਹ ਦੇਸ ਦੇ ਇਤਹਾਸ ਦੇ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਇਸਨੂੰ ਦੇਸ ਵਾਸੀ  ਕਦੀ ਮਾਫ ਨਹੀਂ ਕਰਨਗੇ। ਅੱਜ ਇੱਥੇ ਖੇਤ ਮਜਦੂਰਾਂ, ਉਦਯੋਗਕ ਮਜਦੂਰਾਂ, ਛੋਟੇ ਵਪਾਰੀਆਂ, ਵਿਦਿਆਰਥੀਆਂ, ਇਸਤ੍ਰੀਆਂ, ਨੌਜਵਾਨਾ, ਦੁਕਾਨਦਾਰਾਂ, ਰੇਹੜੀ ਫੜੀ ਵਾਲਿਆਂ ਅਤੇ ਅਨੇਕਾਂ ਜਨਤਕ ਜੱਥੇਬੰਦੀਆਂ  ਨੇ ਸਾਂਝੇ ਤੌਰ ਤੇ ਇੱਕ ਵਿਸਾਲ ਰੈਲੀ ਕਰਕੇ ਮੋਦੀ ਸਰਕਾਰ ਦੇ 4 ਸਾਲ ਪੂਰੇ ਹੋਣ ਤੇ  ਸਰਕਾਰ ਦੇ ਕੰਮਾਂ ਦਾ ਲੇਖਾ ਜੋਖਾ ਕੀਤਾ। ਰੈਲੀ ਉਪਰੰਤ ਜਲੂਸ ਕੱਢ ਕੇ ਮਿਨੀ ਸਕਤਰੇਤ ਜਾ ਕੇ ਫਿਰ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜਦੂਰ ਯੂਨੀਅਨ, ਸੀਟੂ, ਏਟਕ, ਭਾਰਤੀ ਖੇਤ ਮਜਦੂਰ ਯੂਨੀਅਨ, ਪੰਜਾਬ ਕਿਸਾਨ ਸਭਾ, ਇਸਤ੍ਰੀਆਂ ਵਿਦਿਆਰਥੀਆਂ ਨੌਜਵਾਨਾਂ ਦੀਆਂ ਜੱਥੇਬੰਦੀਆਂ ਨੇ ਭਾਗ ਲਿਆ। ਇਸ ਰੈਲੀ ਨੂੰ ਭਾਰਤੀ ਕਮਿਉਨਿਸਟ ਪਾਰਟੀ  ਸੀ ਪੀ ਆਈ ਅਤੇ ਸੀ ਪੀ ਐਮ ਦਾ ਸਮਰਥਨ ਪਰਾਪਤ ਸੀ। ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਮੋਦੀ ਸਰਕਾਰ ਹਰ ਫ੍ਰੰਟ ਤੇ ਪੂਰੀ ਤਰਾਂ ਨਾਕਾਮ ਰਹੀ ਹੈ। ਇਸ ਦੌਰਾਨ ਮਹਿੰਗਾਈ ਸਿਖਰ ਛੂ ਗਈ ਹੈ। ਪੈਟ੍ਰੋਲ 64 ਰੁਪਏ ਤੋਂ 83 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।   ਕਿਸਾਨਾਂ ਦੀ ਜਮੀਨ ਹੜੱਪੂ ਬਿਲ ਲਿਆਂਦਾ ਗਿਆ ਹੈ। ਮਜਦੂਰਾਂ ਦੇ ਹੱਕ ਖੋਏ ਜਾ ਰਹੇ ਹਨ ਅਤੇ ਮਜਦੂਰ ਵਿਰੋਧੀ ਵੇਜ ਕੋਡ ਬਿੱਲ ਲਿਆਂਦਾ ਜਾ ਰਿਹਾ ਹੈ। ਕਾਰਪੋਰੇਟਾਂ ਨੂੰ ਖੁਲ੍ਹੀ  ਛੂਟ ਦੇ ਕੇ ਛੋਟੇ ਵਪਾਰੀਆਂ ਤੇ ਸੱਟ ਮਾਰੀ ਜਾ ਰਹੀ ਹੈ। ਕਾਰਪੋਰੇਟਾਂ ਦੇ ਨਾ ਮੋੜੇ ਗਏ ਕਰਜੇ ਮਾਫ ਕੀਤੇ ਜਾ ਰਹੇ ਹਨ। ਐਫ ਆਰ ਡੀ ਆਈ ਬਿੱਲ ਲਿਆ ਕੇ ਆਮ ਲੋਕਾਂ ਦੇ ਬੈਕਾਂ ਵਿੱਚ ਜਮਾਂ ਪੈਸਿਆਂ ਤੇ ਸਰਕਾਰ ਦਾ ਕਬਜਾ ਕਰਨ  ਦੇ ਕਾਨੂੰਨ ਬਣਾਏ ਜਾ ਰਹੇ ਹਨ। ਸਿਹਤ ਤੇ ਸਿੱਖਿਆ ਦੇ ਬਜਟ ਤੇ ਕੱਟ ਮਾਰੀ ਜਾ ਰਹੀ ਹੈ। ਪਿਛਲੀਆਂ  ਚੋਣਾ ਦੌਰਾਨ ਮੋਦੀ ਵਲੋਂ ਕਹੀ 2 ਕਰੋੜ ਰੁਜਗਾਰ ਦੇਣ ਦੀ ਗੱਲ ਤਾਂ ਕਿਧਰੇ ਨਜਰ ਨਹੀਂ ਆਉਦੀ; ਇਸਦੇ ਉਲਟ ਲੇਬਰ ਮਹਿਕਮੇ ਦੇ ਆਂਕੜਿਆਂ ਮੁਤਾਬਕ ਰੁਜਗਾਰਾਂ ਵਿੱਚ ਬਹੁਤ ਕਮੀ ਆ ਗਈ ਹੈ ਪਰ ਪਰਧਾਨ ਮੰਤਰੀ ਬੇਸਰਮੀ ਦੇ ਨਾਲ ਸਭ ਨੂੰ ਪਕੌੜੇ ਤਲਣ ਦੀ ਸਲਾਹ ਦੇ ਰਹੇ ਹਨ ।     
ਪਿਛਲੀ ਸਰਕਾਰ ਤੇ ਘੋਟਾਲਿਆਂ ਦੇ ਦੋਸ਼ ਲਾ ਕੇ ਇਹ ਸੱਤਾ ਵਿੱਚ ਆਏ ਸਨ, ਪਰ ਇਹਨਾਂ ਦੇ ਰਾਜ ਵਿੱਚ ਤਾਂ ਵੱਡੇ ਵੱਡੇ ਘੋਟਾਲੇ ਹੋ ਰਹੇ ਹਨ। ਵਿਆਪਮ ਵਰਗੇ ਘੋਟਾਲੇ ਹੋਏ ਜਿਸ ਦੌਰਾਨ ਲਗਭਗ 60 ਲੋਕਾਂ ਦੇ ਕਤਲ ਕੀਤੇ ਗਏ; ਪਰਧਾਨ ਮੰਤਰੀ ਦੇ ਨਜਦੀਕੀ ਨੀਰਵ ਮੋਦੀ ਵਲੋਂ ਪੰਜਾਬ ਨੇਸਨਲ ਬੈਂਕ ਦਾ ਘੋਟਾਲਾ; ਆਈ ਪੀ ਐਲ ਦੇ ਲਲਿਤ ਮੋਦੀ ਦਾ ਘੋਟਾਲਾ; ਵਿਜੈ ਮਾਲਿਆ ਨੂੰ ਭਜਾਉਣ ਦਾ ਘੋਟਾਲਾ ਕੁਝ ਮਿਸਾਲਾਂ ਹਨ।  ਪਿਛਲੀਆਂ ਚੋਣਾਂ ਦੌਰਾਨ ਕਹੀ  15 -15 ਲੱਖ ਰੁਪਏ ਹਰ ਪਰਿਵਾਰ ਦੀ ਜੇਬ ਵਿੱਚ ਪਾਉਣ ਦੀ ਗੱਲ ਨੂੰ ਬੜੀ ਬੇਸਰਮੀ ਨਾਲ ਇੱਕ ਜੁਮਲਾ ਕਹਿ ਕੇ ਖਤਮ ਕਰ ਦਿੱਤਾ ਗਿਆ।  ਨੋਟਬੰਦੀ ਦੇ ਨਾਲ ਅੱਤਵਾਦ ਖਤਮ ਹੋਣ ਦੀ ਗੱਲ ਨਿਰਾ ਝੂਠ ਨਿਕਲੀ ਬਲਕਿ ਲੋਕਾਂ ਦੇ ਰੁਜ਼ਗਾਰ ਤੇ ਕੰਮਾਂ ਕਾਰਾਂ ਤੇ ਬਹੁਤ ਮਾੜਾ ਅਸਰ ਪਿਆ। ਕਸ਼ਮੀਰ ਦੀ ਹਾਲਤ ਸਰਕਾਰ ਦੀਆਂ ਨੀਤੀਆਂ ਕਰਕੇ ਸੰਨ 1990 ਤੋਂ ਵੀ ਬਦਤਰ ਹੋ ਗਏ ਹਨ। ਹੁਣ ਲੋਕਾਂ ਵਿੱਚੋਂ ਕੱਟੇ ਜਾਣ ਦੇ ਡਰ ਤੋਂ ਗਊ ਰੱਖਿਆ, ਲਵ ਜਿਹਾਦ, ਜਬਰਨ ਧਰਮਿਕ ਪਰੀਵਰਤਨ ਕਰਨ ਤੇ ਨਾਮ ਦੇ ਹਮਲੇ ਅਤੇ ਕਤਲ ਵੀ ਹੋ ਰਹੇ ਹਨ। ਗੈਰਸੰਵਿਧਾਨਕ ਢੰਗ ਦੇ ਨਾਲ ਗੰੁਡਿਆਂ ਦੇ ਟੋਲਿਆਂ ਵਲੋਂ ਅਣਮਨੁੱਖੀ ਕਾਰੇ ਕਰਵਾਏ ਜਾ ਰਹੇ ਹਨ। ਦਲਿਤਾਂ ਤੇ ਅਤੇ ਘਟਗਿਣਤੀਆਂ ਤੇ ਹਮਲੇ ਵਧ ਰਹੇ ਹਨ। ਵਖਰਾ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਧਰੋਹੀ ਗਰਦਾਨਿਆ ਜਾ ਰਿਹਾ ਹੈ ਤੇ ਭੰਡਿਆ ਜਾ ਰਿਹਾ ਹੈ। ਪਰਧਾਨ ਮੰਤਰੀ ਤੇ ਹੋਰ ਆਗੂਆਂ ਵਲੋਂ ਲਗਾਤਾਰ ਝੂਠ ਬੋਲ ਕੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ ਕੀਤਾ ਜਾ ਰਿਹਾ ਹੈ। ਦੇਸ਼ ਨੂੰ ਬਚਾਉਣ ਦੇ ਲਈ ਅੱਜ ਜਮਹੂਰੀ ਤੇ ਧਰਮ ਨਿਰਪੱਖ ਸ਼ਕਤੀਆਂ ਦੇ ਵਿਸ਼ਾਲ ਏਕੇ ਦੀ ਲੋੜ ਹੈ। ਆਰ ਐਸ ਐਸ ਤੇ ਜਨਸੰਘ - ਜੋ ਕਿ ਭਾਜਪਾ ਦਾ ਪੁਰਾਣਾ ਨਾਮ ਹੈ - ਨੇ ਨਾ ਕੇਵਲ ਇਸ ਸੰਗਰਾਮ ਵਿੱਚ ਕੋਈ ਯੋਗਦਾਨ ਹੀ ਨਹੀਂ ਪਾਇਆ ਬਲਕਿ ਬਰਤਾਨਵੀ ਸਾਮਰਾਜ ਦੀ ਮੁਖਬਰੀ ਕੀਤੀ। 
ਰੈਲੀ ਨੂੰ ਚਲਾਉਣ ਲਈ ਇੱਕ ਪਰਧਾਨਗੀ ਮੰਡਲ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ਼ਾਮਲ ਸਨ ਕਾਮਰੇਡ ਸੁਰਿੰਦਰ ਜਲਾਲਦੀਵਾਲ, ਕਾਮਰੇਡ ਮੁਖਤਿਆਰ ਸਿੰਘ, ਕਾਮਰੇਡ ਭਜਨ ਸਿੰਘ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਜਤਿੰਦਰ ਪਾਲ, ਕਾਮਰੇਡ ਗੁਲਜ਼ਾਰ ਗੋਰੀਆ।
ਰੈਲੀ ਨੂੰ ਏਟਕ ਦੇ ਸੂਬਾਈ ਮੀਤ ਪਰਧਾਨ ਕਾਮਰੇਡ ਡੀ ਪੀ ਮੌੜ, ਸੀਟੂ ਦੇ ਆਗੂ ਕਾਮਰੇਡ ਜਗਦੀਸ ਚੰਦ, ਕਿਸਾਨ ਆਗੂ ਕਾਮਰੇਡ ਸੁਰਿੰਦਰ ਜਲਾਲਦੀਵਾਲ, ਕਾਮਰੇਡ ਬਲਦੇਵ ਲਤਾਲਾ, ਡਾ: ਗੁਰਵਿੰਦਰ ਸਿੰਘ, ਕਾਮਰੇਡ ਦਲਜੀਤ ਕੁਮਾਰ ਗੋਰਾ, ਕਾਮਰੇਡ ਦੇਵ ਰਾਜ, ਕਾਮਰੇਡ ਰਮੇਸ਼ ਰਤਨ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਕੁਲਵੰਤ ਸਿੰਘ, ਕਾਮਰੇਡ ਗੁਲਜ਼ਾਰ ਪੰਧੇਰ, ਕਾਮਰੇਡ ਅਵਤਾਰ ਛਿਬੜ, ਕਾਮਰੇਡ ਹਨੁਮਾਨ ਪਰਸਾਦ ਦੂਬੇ, ਕਾਮਰੇਡ ਸਮਰ ਬਹਾਦੁਰ, ਕਾਮਰੇਡ ਬਲਰਾਮ ਸਿੰਘ, ਕਾਮਰੇਡ ਕੇਵਲ ਸਿੰਘ ਬਨਵੈਤ, ਕਾਮਰੇਡ ਮੇਵਾ ਸਿੰਘ, ਕਾਮਰੇਡ ਭਗਵਾਨ ਸਿੰਘ, ਕਾਮਰੇਡ ਰਾਮ ਪਰਤਾਪ, ਕਾਮਰੇਡ ਵਿਜੈ ਕੁਮਾਰ, ਕਾਮਰੇਡ ਰਾਮ ਲਾਲ, ਕਾਮਰੇਡ ਬਲਬੀਰ ਸਿੰਘ, ਕਾਮਰੇਡ ਸਤਨਾਮ ਵੜੈਚ, ਕਾਮਰੇਡ  ਭਰਪੂਰ ਸਿੰਘ, ਕਾਮਰੇਡਅਵਤਾਰ ਗਿੱਲ, ਕਾਮਰੇਡ ਜਗਦੀਸ਼ ਬੌਬੀ, ਕਾਮਰੇਡ ਦੀਪਕ ਕੁਮਾਰ, ਕਾਮਰੇਡ ਐਸ ਪੀ ਸਿੰਘ, ਕਾਮਰੇਡ ਬਲਦੇਵ ਕੋਹਲੀ, ਕਾਮਰੇਡ ਨਿਰੰਜਨ ਸਿੰਘ, ਕਾਮਰੇਡ ਜੀਤ ਕੁਮਾਰੀ, ਕਾਮਰੇਡ ਅਵਤਾਰ ਕੌਰ ਐਡਵੋਕੇਟ, ਕਾਮਰੇਡ  ਰੂਪ ਬਸੰਤ, ਡਾ: ਬਲਜੀਤ ਸਾਹੀ, ਕਾਮਰੇਡ ਕੁਲਵੰਤ ਕੌਰ, ਕਾਮਰੇਡ ਸਰੋਜ ਰਾਨੀ,  ਕਾਮਰੇਡ ਸੰਦੀਪ ਕੁਮਾਰੀ ਸ਼ਰਮਾ, ਕਾਮਰੇਡ ਨਵਲ ਛਿੱਬੜ ਐਡਵੋਕੇਟ।  ਸੀ ਪੀ ਆਈ ਐਮ ਜ਼ਿਲਾ  ਲੁਧਿਆਣਾ ਦੇ ਸਕੱਤਰ ਕਾਮਰੇਡ ਅਮਰਜੀਤ ਮੱਟੂ  ਅਤੇ  ਜ਼ਿਲਾ ਸਹਾਇਕ ਸਕੱਤਰ ਡਾ: ਅਰੁਣ ਮਿੱਤਰਾ ਨੇ ਪਾਰਟੀਆਂ ਵਲੋਂ ਇਸ ਰੈਲੀ ਨੂੰ ਸਮਰਥਨ ਦਿੱਤਾ।

Tuesday, May 22, 2018

ਰਮੇਸ਼ ਰਤਨ ਨੂੰ ਬਣਾਇਆ CPI ਪੰਜਾਬ ਕੰਟਰੋਲ ਕਮਿਸ਼ਨ ਦਾ ਚੇਅਰਮੈਨ

Tue, May 22, 2018 at 2:57 PM
ਅੱਤਵਾਦ ਸਮੇਂ ਜੂਝਣ ਵਾਲੇ ਤਾਰਾ ਸਿੰਘ ਖਹਿਰਾ ਨੂੰ ਬਣਾਇਆ ਸਕੱਤਰ 
ਚੰਡੀਗੜ: 22 ਮਈ 2018: (ਕਾਮਰੇਡ ਸਕਰੀਨ ਬਿਊਰੋ)::
ਪੰਜਾਬ ਸੀਪੀਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਵਲੋਂ ਸੱਦੀ ਗਈ ਕੰਟਰੋਲ ਕਮਿਸ਼ਨ ਦੀ ਮੀਟਿੰਗ ਅੱਜ ਇਥੇ ਪਾਰਟੀ ਦਫਤਰ ਚੰਡੀਗੜ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਬਰਾੜ ਨੇ ਕੇਰਲਾ ਵਿਖੇ ਹੋਈ 23ਵੀਂ ਪਾਰਟੀ ਕਾਂਗਰਸ ਬਾਰੇ ਸੰਖੇਪ ਰਿਪੋਰਟਿੰਗ ਕੀਤੀ ਅਤੇ ਅੱਜ ਦੀ ਅਜੋਕੀ ਗੰਭੀਰ  ਰਾਜਨੀਤਕ ਅਵੱਸਥਾ ਬਾਰੇ ਦੱਸਿਆ। ਸਾਥੀ ਬਰਾੜ ਨੇ ਕੰਟਰੋਲ ਕਮਿਸ਼ਨ ਦੀ ਮਹੱਤਤਾ ਬਾਰੇ ਦੱਸਦਿਆਂ ਆਖਿਆ ਕਿ ਇਹ ਅਦਾਰਾ ਪਾਰਟੀ ਦੇ ਬਹੁਤ ਹੀ ਮਹੱਤਵਪੂਰਣ ਅਦਾਰਿਆਂ ਵਿਚੋਂ ਇਕ ਹੈ। ਜਿਸਨੇ ਸੂਬੇ ਵਿਚ ਉਠੇ ਜਥੇਬੰਦਕ ਵਿਵਾਦਾਂ ਨੂੰ ਸੁਲਝਾਉਣ ਲਈ ਮਹੱਤਵਪੂਰਣ ਫੈਸਲੇ ਕਰਨੇ ਹੁੰਦੇ ਹਨ।
ਮੀਟਿੰਗ ਵਿਚ ਸਰਵਸੰਮਤੀ ਨਾਲ ਰਮੇਸ਼ ਰਤਨ ਨੂੰ ਕੰਟਰੋਲ ਕਮਿਸ਼ਨ ਦੇ (ਚੇਅਰਮੈਨ) ਅਤੇ ਤਾਰਾ ਸਿੰਘ ਖਹਿਰਾ ਨੂੰ (ਸਕੱਤਰ) ਚੁਣਿਆ ਗਿਆ। ਸਾਥੀ ਰਮੇਸ਼ ਰਤਨ  ਲੁਧਿਆਣਾ ਵਿਚ ਵਿਦਿਆਰਥੀ ਲਹਿਰ ਨਾਲ ਜੁੜੇ ਰਹੇ ਅਤੇ ਉਦੋਂ ਤੋਂ ਹੀ ਹੋਲਟਾਈਮਰ ਦੇ ਤੌਰ ਤੇ ਪਾਰਟੀ ਆਗੂ ਵਜੋਂ ਕੰਮ ਕਰਦੇ ਆ ਰਹੇ ਹਨ। ਇਸੇ ਪਰਕਾਰ ਸਾਥੀ ਤਾਰਾ ਸਿੰਘ ਖਹਿਰਾ ਵੀ ਬਿਜਲੀ ਮੁਲਾਜ਼ਮਾਂ ਦੇ ਬੜੀ ਦੇਰ ਤੱਕ ਸੂਬਾਈ ਆਗੂ ਵਜੋਂ ਅਣਥੱਕ ਲੀਡਰ ਰਹੇ ਹਨ ਅਤੇ ਏਟਕ ਆਗੂ ਰਹੇ, ਲੰਮਾ ਚਿਰ ਤਰਨਤਾਰਨ ਜ਼ਿਲੇ ਦੇ ਸਕੱਤਰ ਅਤੇ ਸੂਬਾ ਐਗਜ਼ੈਕਟਿਵ ਮੈਂਬਰ ਰਹੇ ਹਨ। ਸਾਥੀ ਰਮੇਸ਼ ਰਤਨ ਅਤੇ ਤਾਰਾ ਸਿੰਘ ਖਹਿਰਾ ਦੋਨੋਂ ਹੀ ਅੱਤਵਾਦੀ ਲਹਿਰ ਸਮੇਂ ਅਡੋਲ ਅਤੇ ਮਜ਼ਬੂਤੀ ਨਾਲ ਕਮਿਊਨਿਸਟ ਪਾਰਟੀ ਵਲੋ ਅੱਤਵਾਦ ਵਿਰੁਧ ਲੜੇ ਸੰਘਰਸ਼ਾਂ ਵਿਚ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਅੰਤ ਵਿਚ ਕੰਟਰੋਲ ਕਮਿਸ਼ਨ ਦੇ ਸਾਰੇ ਮੈਂਬਰਾਂ ਨੇ ਪ੍ਰਣ ਕੀਤਾ ਕਿ ਉਹ ਨਿਰਪਖ ਰਹਿ ਕੇ ਪਾਰਟੀ ਦੇ ਸੰਵਿਧਾਨ ਦੀ ਰੋਸ਼ਨੀ ਵਿਚ ਪਾਰਟੀ ਦੀਆਂ ਕਦਰਾਂ-ਕੀਮਤਾਂ ਕਾਇਮ ਰੱਖਣ ਵਿਚ ਆਪਣਾ ਯੋਗਦਾਨ ਪਾਉਣਗੇ। ਚੇਅਰਮੈਨ ਅਤੇ ਸਕੱਤਰ ਤੋਂ ਇਲਾਵਾ ਕੰਟਰੋਲ ਕਮਿਸ਼ਨ ਦੇ ਬਾਕੀ ਮੈਂਬਰ ਇਸ ਪ੍ਰਕਾਰ ਹਨ-ਸਾਥੀ ਸੁਰਜੀਤ ਸਿੰਘ ਸੋਹੀ (ਬਠਿੰਡਾ), ਬੀਬੀ ਨਰਿੰਦਰ ਪਾਲੀ (ਅੰਮ੍ਰਿਤਸਰ ਸ਼ਹਿਰੀ), ਸਾਥੀ ਜਗਤਾਰ ਸਿੰਘ (ਅੰਮ੍ਰਿਤਸਰ ਦਿਹਾਤੀ), ਭਰਪੂਰ ਸਿੰਘ ਬੁਲਾਪੁਰ (ਸੰਗਰੂਰ), ਚਰਨ ਦਾਸ (ਅੰਮ੍ਰਿਤਸਰ ਸ਼ਹਿਰੀ)।

Saturday, April 28, 2018

ਸਾਨੂੰ ਕਾਂਗਰਸ ਦੀ ਰਾਜਸੀ ਫਿਤਰਤ ਨੂੰ ਵੀ ਸਮਝਣਾ ਹੋਵੇਗਾ-ਕੰਨਈਆ ਕੁਮਾਰ

ਸੀਪੀਆਈ ਦੀ ਕੋਲਮ ਕੇਰਲ ਕਾਨਫਰੰਸ ਵਿੱਚ ਅਹਿਮ ਫੈਸਲਿਆਂ ਦੀ ਸੰਭਾਵਨਾ 
ਕੋਲਮ (ਕੇਰਲ): 28 ਅਪਰੈਲ 2018:(ਕਾਮਰੇਡ ਸਕਰੀਨ ਬਿਊਰੋ):: 
ਸੀਪੀਆਈ ਦੀ 23ਵੀਂ ਕੌਮੀ ਕਾਨਫਰੰਸ ਐਤਵਾਰ 29 ਅਪਰੈਲ 2018 ਨੂੰ ਸਮਾਪਤ ਹੋ ਜਾਣੀ ਹੈ। ਬਹਿਸ ਨਾਲ ਸਬੰਧਤ ਇਸ ਦੇ ਅੰਤਲੇ ਅਜਲਾਸ ਵਿੱਚ ਕੰਨਈਆ ਕੁਮਾਰ ਦੀ ਤਕਰੀਰ ਨੇ ਇੱਕ ਨਵੀਂ ਬਹਿਸ ਛੇੜੀ ਹੈ। ਇਹ ਤਕਰੀਰ ਉਹਨਾਂ ਕਾਮਰੇਡਾਂ ਨੂੰ ਸ਼ਾਇਦ ਚੰਗੀ ਨਾ ਲੱਗੀ ਹੋਵੇ ਜਿਹੜੇ ਅਜੇ ਵੀ ਕਾਂਗਰਸ ਪਾਰਟੀ ਵਿੱਚ ਇੰਦਰਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ  ਨਹਿਰੂ ਵਾਲਾ ਅਕਸ ਦੇਖ ਰਹੇ ਹਨ। ਸਮੇਂ ਨੇ ਕਾਂਗਰਸ ਨੂੰ ਵੀ ਬਦਲ ਦਿੱਤਾ ਹੈ। ਬਾਬਰੀ ਮਸਜਿਦ ਨੂੰ ਢਾਇਆ ਜਾਣਾ, ਫਿਰ ਵਿੱਤੀ ਖੇਤਰਾਂ ਵਿੱਚ ਨਿਜੀਕਰਨ ਅਤੇ ਖੁੱਲੀਆਂ ਹਵਾਵਾਂ 'ਚ ਤੇਜ਼ੀ ਆਉਣੀ ਅਤੇ ਹੁਣ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਮੰਤਰੀ ਦੀ ਨਿਯੁਕਤੀ ਵੇਲੇ ਹਿੰਦੂ ਸੰਗਠਨਾਂ ਵੱਲੋਂ ਢੋਲ ਢਮੱਕੇ ਅਤੇ ਮਠਿਆਈਆਂ ਵੰਡਣੀਆਂ। ਜ਼ਾਹਿਰ ਹੈ ਹੁਣ ਕਾਂਗਰਸ ਪਾਰਟੀ ਪਹਿਲਾਂ ਵਾਲੀ ਨਹੀਂ ਰਹੀ। ਫਾਸ਼ੀਵਾਦ ਦਾ ਖਤਰਾ ਵੀ ਸਿਰ 'ਤੇ ਕੂਕ ਰਿਹਾ ਹੈ। ਖੱਬੀਆਂ ਪਾਰਟੀਆਂ ਦਾ ਕਮਜ਼ੋਰ ਹੋਇਆ ਆਧਾਰ ਵੀ ਸਾਹਮਣੇ ਹੈ। ਅਜਿਹੀ ਹਾਲਤ ਵਿੱਚ ਕੁਮਾਰ ਦਾ ਇਹ ਕਹਿਣਾ ਡੂੰਘੇ ਅਰਥ ਰੱਖਦਾ ਹੈ ਕਿ  ਸਾਨੂੰ ਕਾਂਗਰਸ ਦੀ ਰਾਜਸੀ ਫਿਤਰਤ ਨੂੰ ਵੀ ਸਮਝਣਾ ਹੋਵੇਗਾ। 
ਭਾਰਤੀ ਕਮਿਊਨਿਸਟ ਪਾਰਟੀ ਦੀ ਕਾਮਰੇਡ ਏ ਬੀ ਬਰਧਨ ਨਗਰ ਵਿੱਚ ਚੱਲ ਰਹੀ 23ਵੀਂ ਪਾਰਟੀ ਕਾਂਗਰਸ ਆਪਣੇ ਅੰਤਮ ਪੜਾਅ ਵੱਲ ਵਧਣ ਤੋਂ ਪਹਿਲਾਂ ਉਸ ਵੇਲੇ ਸਿਖਰ 'ਤੇ ਪਹੁੰਚੀ ਦਿਖਾਈ ਦਿੱਤੀ, ਜਦੋਂ ਵਿਦਿਆਰਥੀ ਆਗੂ ਕਾਮਰੇਡ ਕੰਨਈਆ ਕੁਮਾਰ ਨੇ ਆਪਣੀ ਅਰਥ ਭਰਪੂਰ ਤੇ ਜੋਸ਼ੀਲੀ ਤਕਰੀਰ ਰਾਹੀਂ ਸਾਰੇ ਡੈਲੀਗੇਟਾਂ ਅੰਦਰ ਨਵਾਂ ਉਤਸ਼ਾਹ ਭਰ ਦਿੱਤਾ।
ਕੰਨਈਆ ਕੁਮਾਰ ਵੱਲੋਂ ਜੈ ਭੀਮ, ਲਾਲ ਸਲਾਮ ਆਖ ਕੇ ਸ਼ੁਰੂ ਕੀਤੀ ਤਕਰੀਰ ਨੇ ਕਮਿਊਨਿਸਟ ਆਗੂਆਂ ਅਤੇ ਵਰਕਰਾਂ ਦੇ ਕਾਰਜਸ਼ੀਲ ਰਹਿਣ ਦੇ ਬਾਵਜੂਦ ਇਨਕਲਾਬ ਦਾ ਰੰਗ ਫਿੱਕਾ ਪੈ ਜਾਣ ਦੇ ਕਾਰਨਾਂ ਦਾ ਬੜੇ ਹੀ ਭਾਵਪੂਰਤ ਤਰੀਕੇ ਨਾਲ ਡੈਲੀਗੇਟਾਂ ਨਾਲ ਸਾਂਝਾ ਕੀਤਾ।
ਖੱਬੀਆਂ ਧਿਰਾਂ ਦੀ ਏਕਤਾ ਦੇ ਹੋ ਰਹੇ ਵਾਰ-ਵਾਰ ਜ਼ਿਕਰ ਦੀ ਗੱਲ ਕਰਦਿਆਂ ਨੌਜਵਾਨ ਆਗੂ ਨੇ ਕਿਹਾ ਕਿ ਸਾਨੂੰ ਸਮਾਜ ਅੰਦਰ ਉੱਠ ਰਹੇ ਸਾਰੇ ਸਵਾਲਾਂ ਦੇ ਰੂ-ਬ-ਰੂ ਹੋ ਕੇ ਇੱਕ ਸਾਂਝਾ ਫਰੰਟ ਉਸਾਰਨ ਦੀ ਲੋੜ ਹੈ। ਕਾਂਗਰਸ ਨਾਲ ਵੋਟਾਂ ਦਾ ਲੈ-ਦੇ ਕਰਨ ਦੇ ਚਰਚਿਆਂ ਦੇ ਸੰਦਰਭ ਵਿੱਚ ਕਾਮਰੇਡ ਕੰਨਈਆ ਨੇ ਕਿਹਾ ਕਿ ਸਾਨੂੰ ਸਾਡੇ ਘਰ (ਕਮਿਊਨਿਸਟ ਪਾਰਟੀ) ਦੀ ਸਥਿਤੀ ਮਜ਼ਬੂਤ ਕਰਨੀ ਹੋਵੇਗੀ, ਫਿਰ ਸਾਨੂੰ ਕਾਂਗਰਸ ਵੱਲ ਨਹੀਂ ਬਲਕਿ ਕਾਂਗਰਸ ਨੂੰ ਸਾਡੇ ਵੱਲ ਆਉਣਾ ਪਵੇਗਾ। ਉਹਨਾਂ  ਆਪਣੀ ਗੱਲ ਨੂੰ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਸਾਨੂੰ ਕਾਂਗਰਸ ਦੀ ਰਾਜਸੀ ਫਿਤਰਤ ਨੂੰ ਵੀ ਸਮਝਣਾ ਹੋਵੇਗਾ। ਕਾਂਗਰਸ ਪਾਰਟੀ ਨੂੰ ਜੇਕਰ ਬਿਹਾਰ ਵਰਗੇ ਸੂਬੇ ਵਿੱਚ ਸਿਆਸੀ ਸਮਝੌਤਾ ਕਰਨ ਦੀ ਲੋੜ ਹੋਵੇਗੀ ਤਾਂ ਉਹ ਆਰ ਜੇ ਡੀ ਨੂੰ ਪਹਿਲ ਦੇਵੇਗੀ। ਕੰਨਈਆ ਕੁਮਾਰ ਨੇ ਕਿਹਾ ਕਿ ਇਸ ਮੁਲਕ ਲਈ ਸਭ ਤੋਂ ਵੱਧ ਕਮਿਊਨਿਸਟਾਂ ਨੇ ਕੁਰਬਾਨੀਆਂ ਦਿੱਤੀਆਂ, ਪਰ ਮੌਜੂਦਾ ਹਾਕਮਾਂ ਵੱਲੋਂ ਉਨ੍ਹਾਂ ਨੂੰ ਹੀ ਦੇਸ਼ ਵਿਰੋਧੀ ਗਰਦਾਨਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਥਿਤੀ ਪੈਦਾ ਕਿਉਂ ਹੋਈ, ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਵਿਦਿਆਰਥੀ ਆਗੂ ਨੇ ਯੂਨਾਈਟਿਡ ਫਰੰਟ ਦੀ ਰੂਪ-ਰੇਖਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਵਿੱਚ ਦਲਿਤਾਂ, ਪੱਛੜਿਆਂ, ਅੱਤ ਪੱਛੜਿਆਂ ਅਤੇ ਔਰਤਾਂ ਆਦਿ ਵਰਗਾਂ ਦੀ ਬਰਾਬਰ ਦੀ ਸ਼ਮੂਲੀਅਤ ਹੋਵੇਗੀ। ਫਾਸ਼ੀਵਾਦ ਦੇ ਖ਼ਤਰਨਾਕ ਰੂਪ ਦਾ ਜ਼ਿਕਰ ਕਰਦਿਆਂ ਨੌਜਵਾਨ ਆਗੂ ਨੇ ਕਿਹਾ ਕਿ ਇਹ ਮਾਨਵਤਾ ਨੂੰ ਕਤਲ ਕਰਨ ਵਾਲੀ ਵਿਚਾਰਧਾਰਾ ਹੈ। ਇਸ ਵਿਚਾਰਧਾਰਾ ਦੇ ਖਾਤਮੇ ਲਈ ਕਮਿਊਨਿਸਟਾਂ ਨੂੰ ਹੀ ਅੱਗੇ ਆਉਣਾ ਪਵੇਗਾ।
ਸਿਰਫ਼ ਸੱਤ ਮਿੰਟ ਦੇ ਮਿਲੇ ਸਮੇਂ ਵਿੱਚ ਆਪਣੀ ਗੱਲ ਸਮੇਟਦਿਆਂ ਕੰਨਈਆ ਕੁਮਾਰ ਨੇ ਕਿਹਾ ਕਿ ਅੰਬੇਡਕਰ, ਭਗਤ ਸਿੰਘ ਅਤੇ ਬਿਰਸਾ ਮੁੰਡਾ ਦੀ ਵਿਚਾਰਧਾਰਾ ਦਾ ਸੁਮੇਲ ਕਰਕੇ ਤੇ ਇਸ ਨੂੰ ਜ਼ਿੰਦਾ ਰੱਖਣ ਲਈ ਯੂਨਾਈਟਿਡ ਫਰੰਟ ਉਸਾਰਨਾ ਅਜੋਕੇ ਸਮਿਆਂ ਦੀ ਪਹਿਲੀ ਲੋੜ ਹੈ। 
ਇਸ ਤੋਂ ਪਹਿਲਾਂ ਪਾਰਟੀ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ 'ਤੇ ਚੱਲ ਰਹੀ ਬਹਿਸ ਵਿੱਚ ਇਪਟਾ ਵੱਲੋਂ ਰਕੇਸ਼, ਇਸਤਰੀ ਵਿਭਾਗ ਵੱਲੋਂ ਕਾਮਰੇਡ ਅਰੁਣਾ ਸਿਨਹਾ, ਆਲ ਇੰਡੀਆ ਯੂਥ ਫੈਡਰੇਸ਼ਨ ਵੱਲੋਂ ਕਾਮਰੇਡ ਤ੍ਰਿਪਲਾਏ, ਘੱਟ ਗਿਣਤੀਆਂ ਵੱਲੋਂ ਕਾਮਰੇਡ ਸੁਹੇਬ ਸ਼ੇਰਵਾਨੀ, ਟੀਚਰਜ਼ ਫਰੰਟ ਵੱਲੋਂ ਕਾ. ਭੋਲਾ ਪਾਸਵਾਨ ਅਤੇ ਕਾਮਰੇਡ ਮਲਿੰਦ ਰਾਨਾਡੇ ਵੱਲੋਂ ਹਿੱਸਾ ਲਿਆ ਗਿਆ। ਕੰਨਈਆ ਕੁਮਾਰ ਦੀ ਤਕਰੀਰ ਨਾਲ ਬਹਿਸ ਵਾਲੇ ਸੈਸ਼ਨ ਦੀ ਸਮਾਪਤੀ ਹੋ ਗਈ। ਇਸ ਕਾਨਫਰੰਸ ਰਾਹੀਂ ਸੀਪੀਆਈ ਦੇ ਸੰਗਰਾਮਾਂ ਨਨ ਨਵੀਂ ਦਿਸ਼ਾ ਦੇਣ ਵਾਲੇ ਰਾਜਨੀਤਕ ਪ੍ਰ੍ਸਤਾਵਾਂ ਵਿੱਚ ਸੋਧ ਕਰਨ ਦੀ ਵਿਚਾਰ ਚਰਚਾ ਕਿਸ ਨੁਕਤੇ 'ਤੇ ਮੁੱਕਦੀ ਹੈ ਇਸਦਾ ਐਲਾਨ ਸ਼ਾਇਦ ਕਲ 29 ਅਪਰੈਲ ਨੂੰ ਖੁੱਲੇਆਮ ਕਰ ਦਿੱਤਾ ਜਾਵੇ। 

Tuesday, April 24, 2018

ਖੱਬੀ ਏਕਤਾ ਮੁਹਿੰਮ ਨੂੰ ਹੋਰ ਮਜ਼ਬੂਤ ਕਰੇਗੀ CPI ਦੀ ਕੇਰਲ ਕਾਨਫਰੰਸ

ਫਾਸ਼ੀ ਤਾਕਤਾਂ ਵਿਰੁੱਧ ਜੁਝਾਰੂ ਸੰਗਰਾਮਾਂ ਦੀ ਵੀ ਤਿਆਰੀ
ਕੋਲਮ (ਕੇਰਲ):: 24 ਅਪਰੈਲ 2018: (ਕਾਮਰੇਡ ਸਕਰੀਨ ਬਿਊਰੋ):: 
ਅੱਜ ਦੇ ਨਾਜ਼ੁਕ ਹਾਲਾਤਾਂ ਵਿੱਚ ਸੀਪੀਆਈ ਦੀ 23 ਵੀ ਕੌਮੀ ਕਾਂਗਰਸ ਕੱਲ 25 ਅਪਰੈਲ ਨੂੰ ਸ਼ੁਰੂ ਹੋ ਰਹੀ ਹੈ। ਇਸੇ ਦੌਰਾਨ ਸੀਪੀਆਈ (ਐਮ) ਦੀ ਕੌਮੀ ਕਾਂਗਰਸ 18 ਤੋਂ 22 ਅਪਰੈਲ ਤੱਕ ਹੋ ਚੁੱਕੀ ਹੈ। ਸੀਪੀਐਮ ਦੀ 22ਵੀਂ ਕੌਮੀ ਕਾਂਗਰਸ ਦੌਰਾਨ ਹੋਏ ਫੈਸਲੇ ਅਤੇ ਸੀਪੀਆਈ ਦੀ 23ਵੀਂ ਕੌਮੀ ਕਾਂਗਰਸ ਦੌਰਾਨ ਵਿਚਾਰੇ ਜਾਣ ਵਾਲੇ ਮੁੱਦਿਆਂ ਤੋਂ ਮਹਿਸੂਸ ਹੁੰਦਾ ਹੈ ਕਿ ਖੱਬੀ ਏਕਤਾ ਦਾ ਅਧਾਰ ਹੁਣ ਹੋਰ ਹੋਵੇਗਾ। ਰਲੇਵਾਂ ਭਾਵੇਂ ਅਜੇ ਦੂਰ ਦੀ ਗੱਲ ਜਾਪਦਾ ਹੋਵੇ ਪਰ ਟਕਰਾਓ ਵਾਲੇ ਹਾਲਤ ਕਾਫੀ ਹੱਦ ਤੱਕ ਖਤਮ ਹੋ ਜਾਣਗੇ। ਫਾਸ਼ੀਵਾਦ ਦੇ ਨਿਰੰਤਰ ਵੱਧ ਰਹੇ ਖਤਰਿਆਂ ਵਿਰੁੱਧ ਸੰਘਰਸ਼ਾਂ ਦੇ ਰਸਤੇ ਅਤੇ ਰਣਨੀਤੀ ਕਾਫੀ ਹੱਦ ਤੱਕ ਇੱਕੋ ਹੋ ਸਕਦੀ ਹੈ। ਅਗਸਤ ਮਹੀਨੇ ਦੌਰਾਨ ਤਿਰਵੇਂਦਰਮ ਵਿੱਚ ਹੋਣ ਵਾਲੀ ਐਮ ਸੀ ਪੀ ਆਈ ਦੀ ਕੌਮੀ ਕਾਂਗਰਸ ਦੌਰਾਨ ਵੀ ਇਹਨਾਂ ਦਰਪੇਸ਼ ਔਕੜਾਂ ਨੂੰ ਲੈ ਕੇ ਏਕਤਾ ਵਾਲੇ ਫਾਰਮੂਲਿਆਂ ਉੱਤੇ ਮੋਹਰ ਲੱਗ ਸਕਦੀ ਹੈ। ਖੱਬੀਆਂ ਧਿਰਾਂ ਨਾਲ ਜੁੜੇ ਹੋਏ ਕੇਡਰ ਇਹਨਾਂ ਸੰਭਾਵਨਾਵਾਂ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਨ। ਖੱਬੀਆਂ ਧਿਰਾਂ ਵਿਚਲੀ ਏਕਤਾ ਦੀ ਲੋੜ ਵੀ ਚਿਰਾਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ ਅਤੇ ਇਸ ਬਾਰੇ ਬਹੁਤ ਦੇਰ ਤੋਂ ਬੜਾ ਕੁਝ ਕਿਹਾ ਸੁਣਿਆ ਵੀ ਜਾ ਰਿਹਾ ਸੀ ਪਰ ਇਸ ਵਾਰ ਅਮਲੀ ਉਪਰਾਲੇ ਤੇਜ਼ ਹੋਏ ਹਨ। ਇਸੇ ਦੌਰਾਨ ਖੁਸ਼ੀ ਵਾਲੀ ਗੱਲ ਹੈ ਕਿ ਮਾਂ ਪਾਰਟੀ ਸੀਪੀਆਈ ਨੇ ਜਿੱਥੇ ਇੱਕ ਵਾਰ ਫੇਰ ਸੰਗਰਾਮੀ ਪਾਰਟੀ ਵੱਜੋਂ ਉਭਰਨ ਲਈ ਠੋਸ ਅਤੇ ਨਵੀਂ ਰਣਨੀਤੀ ਬਣਾਈ ਹੈ ਉੱਥੇ ਆਪਸੀ ਏਕਤਾ ਵਾਲੇ ਮਾਹੌਲ ਨੂੰ ਵੀ ਉਤਸ਼ਾਹਿਤ ਕੀਤਾ ਹੈ। ਸੀਪੀਆਈ ਦੀਆ ਸੂਬਿਆਂ ਵਾਲੀਆਂ ਕਾਨਫਰੰਸਾਂ ਦੇ ਸੰਮੇਲਨਾਂ ਵਿੱਚ ਲੰਮੀਆਂ ਬਹਿਸਾਂ ਮਗਰੋਂ ਪਾਸ ਹੋਏ ਮਤਿਆਂ ਅਤੇ ਸੀਪੀਐਮ ਵਿੱਚ ਸੀਤਾ ਰਾਮ ਯੇਚੁਰੀ ਦਾ ਜਨਰਲ ਸਕੱਤਰ ਚੁਣੇ ਜਾਣ ਤੋਂ ਲੱਗਦਾ ਹੈ ਕਿ ਹੁਣ ਏਕਤਾ ਕੋਈ ਬਹੁਤੀ ਦੂਰ ਨਹੀਂ। ਘਟੋਘੱਟ ਖੱਬਾ ਸਾਂਝਾ ਮੁਹਾਜ਼ ਤਿਆਰ ਹੋਣ ਦੀਆਂ ਸੰਭਾਵਨਾਵਾਂ ਹੁਣ ਬਹੁਤ ਮਜ਼ਬੂਤ ਹਨ। ਵੱਡਾ ਖਤਰਾ ਕਾਂਗਰਸ ਹੈ ਜਾਂ ਫਾਸ਼ੀ ਤਾਕਤਾਂ? ਇਸ ਬਾਰੇ ਵੀ ਕਾਫੀ ਹੱਦ ਤੱਕ ਸਹਿਮਤੀ ਹੋ ਚੁੱਕੀ ਲੱਗਦੀ ਹੈ। ਖੱਬੀਆਂ ਧਿਰਾਂ ਵੱਲ ਸੇਧਿਤ ਹਮਲਿਆਂ ਵਿੱਚ ਆਈ ਤੇਜ਼ੀ ਦੇ ਨਾਲ ਨਾਲ ਲਗਾਤਾਰ ਵਧੀਆਂ ਲੋਕ ਮੁਸ਼ਕਲਾਂ ਨੇ ਇਸ ਖੱਬੀ ਏਕਤਾ ਦੀ ਲੋੜ ਨੂੰ ਸ਼ਿੱਦਤ ਨਾਲ ਮਹਿਸੂਸ ਕਰਾਇਆ ਹੈ।
ਸੀਪੀਆਈ ਦੀ ਇਸ ਕੋਲਮ (ਕੇਰਲ) ਕਾਨਫਰੰਸ ਵਿੱਚ ਮਾਉਵਾਦੀਆਂ, ਨਕਸਲਵਾਦੀਆਂ ਅਤੇ ਲਾਲ ਝੰਡੇ ਨਾਲ ਜੁੜੀਆਂ ਹੋਰ ਤਾਕਤਾਂ ਬਾਰੇ ਵੀ ਡੂੰਘਾ ਵਿਸ਼ੇਲਸ਼ਨ ਅਤੇ ਵਿਚਾਰ ਵਟਾਂਦਰਾ ਹੋਵੇਗਾ , ਸੀਪੀਐਮ ਨਾਲ ਰਲੇਵੇਂ ਅਤੇ ਪਕੇਕਤਾ ਦਾ ਮੁੱਦਾ ਵੀ ਕੌਮੀ ਪੱਧਰ ਵਾਲੀ ਇਸ ਕਾਨਫਰੰਸ ਵਿੱਚ ਵਿਚਾਰਿਆ ਜਾਣਾ ਹੈ। ਇਸਦੇ ਨਾਲ ਹੀ ਆਨਲਾਈਨ ਮੀਡੀਆ ਦੀ ਵਰਤੋਂ ਅਤੇ ਪਾਰਟੀ ਦੇ ਬਜ਼ੁਰਗ ਕੇਡਰ ਨੂੰ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਵਿੱਚ ਨਿਪੁੰਨ ਬਣਾਉਣ ਬਾਰੇ ਵੀ ਫੈਸਲੇ ਲਏ ਜਾ ਸਕਣਗੇ। 

CPM ਬਾਰੇ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਚੰਦ ਫਤਹਿਪੁਰੀ ਦੀ ਵਿਸ਼ੇਸ਼ ਲਿਖਤ

ਕਾਂਗਰਸ ਨਾਲ ਗੱਠਜੋੜ ਦੀ ਥਾਂ ਸੂਬਾਈ ਪੱਧਰ ਉੱਤੇ ਤਾਲਮੇਲ ਦੀ ਸੰਭਾਵਨਾ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਮਹਾਂਸੰਮੇਲਨ ਵੱਲੋਂ ਕਾਮਰੇਡ ਸੀਤਾ ਰਾਮ ਯੇਚੁਰੀ ਨੂੰ ਮੁੜ ਪਾਰਟੀ ਦਾ ਜਨਰਲ ਸਕੱਤਰ ਚੁਣ ਲਿਆ ਗਿਆ ਹੈ। 18 ਤੋਂ 22 ਅਪਰੈਲ ਤੱਕ ਹੋਏ ਇਸ ਮਹਾਂਸੰਮੇਲਨ ਵੱਲ ਦੇਸ਼ ਦੇ ਖੱਬੇ, ਜਮਹੂਰੀ ਤੇ ਧਰਮ ਨਿਰਪੱਖ ਲੋਕ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ। ਦੇਸ਼ ਵਿੱਚ ਫ਼ਿਰਕੂ ਫਾਸ਼ੀ ਤਾਕਤਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਅਗਾਂਹ ਵਧੂ ਹਲਕੇ ਇਹ ਮਹਿਸੂਸ ਕਰਨ ਲੱਗ ਪਏ ਸਨ ਕਿ ਖੱਬੀਆਂ ਜਮਹੂਰੀ ਤੇ ਧਰਮ ਨਿਰਪੱਖ ਪਾਰਟੀਆਂ ਦਾ ਇੱਕ ਮਜ਼ਬੂਤ ਗੱਠਜੋੜ ਹੀ ਭਾਜਪਾ ਦਾ ਮੁਕਾਬਲਾ ਕਰ ਸਕਦਾ ਹੈ। ਇਸ ਵਿੱਚ ਸਭ ਤੋਂ ਵੱਡੀ ਰੁਕਾਵਟ ਸੀ ਪੀ ਐਮ ਦਾ ਭਾਜਪਾ ਤੇ ਕਾਂਗਰਸ ਨੂੰ ਇੱਕੋ ਤੱਕੜੀ ਵਿੱਚ ਤੋਲਣ ਵਾਲਾ ਸਟੈਂਡ ਸੀ। ਇਸ ਸੰਦਰਭ ਵਿੱਚ ਇਹ ਮਹਾਂਸੰਮੇਲਨ ਸੀ.ਪੀ.ਐਮ. ਲਈ ਵੀ ਬੇਹੱਦ ਚਣੌਤੀਆਂ ਭਰਪੂਰ ਸੀ।
ਪਿਛਲੇ ਕੁਝ ਸਮੇਂ ਤੋਂ ਪਾਰਟੀ ਵਿੱਚ ਦੋ ਖੇਮੇ ਬਣ ਚੁੱਕੇ ਸਨ। ਸਾਬਕਾ ਜਨਰਲ ਸਕੱਤਰ ਪਰਕਾਸ਼ ਕਰਾਤ ਦਾ ਖੇਮਾ ਕਾਂਗਰਸ ਨਾਲ ਗੱਠਜੋੜ ਜਾਂ ਲੈ-ਦੇਹ ਦਾ ਕੱਟੜ ਵਿਰੋਧ ਸੀ। ਸੀਤਾ ਰਾਮ ਯੇਚੁਰੀ ਦਾ ਖੇਮਾ ਇਸ ਵਿਚਾਰ ਦਾ ਸਮੱਰਥਕ ਸੀ ਕਿ ਫ਼ਾਸ਼ੀ ਫ਼ਿਰਕੂ ਸ਼ਕਤੀਆਂ ਨੂੰ ਰੋਕਣ ਲਈ ਕਾਂਗਰਸ ਸਮੇਤ ਸਭ ਜਮਹੂਰੀ ਤਾਕਤਾਂ ਨਾਲ ਗੱਠਜੋੜ ਸਮੇਂ ਦੀ ਲੋੜ ਹੈ। ਪਾਰਟੀ ਦੇ ਅੰਦਰੂਨੀ ਮਤਭੇਦ ਉਸ ਵੇਲੇ ਉਭਰਕੇ ਸਾਹਮਣੇ ਆ ਗਏ ਜਦੋਂ ਬੀਤੀ 22 ਜਨਵਰੀ ਨੂੰ ਕੋਲਕਾਤਾ ਵਿੱਚ ਹੋਈ ਕੇਂਦਰੀ ਕਮੇਟੀ ਦੀ ਮੀਟਿੰਗ ਨੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਵੱਲੋਂ ਪੇਸ਼ ਕੀਤੇ ਰਾਜਸੀ ਮਤੇ ਨੂੰ 31 ਦੇ ਮੁਕਾਬਲੇ 55 ਵੋਟਾਂ ਨਾਲ ਹਰਾ ਦਿੱਤਾ। ਆਮ ਤੌਰ ਉੱਤੇ ਕਮਿਊਨਿਸਟ ਪਾਰਟੀਆਂ ਵਿੱਚ ਇਹ ਹੁੰਦਾ ਹੈ ਕਿ ਕਿਸੇ ਜਨਰਲ ਸਕੱਤਰ ਦਾ ਮਤਾ ਡਿੱਗ ਜਾਣ ਬਾਅਦ ਉਸ ਨੂੰ ਅਸਤੀਫ਼ਾ ਦੇਣਾ ਪੈਂਦਾ ਹੈ ਕਿਉਂਕਿ ਡੈਲੀਗੇਟ ਹਾਊਸ ਵਿੱਚ ਕੇਂਦਰੀ ਕਮੇਟੀ ਵੱਲੋਂ ਪਾਸ ਮਤਾ ਹੀ ਪੇਸ਼ ਹੋ ਸਕਦਾ ਹੈ। ਪਰ ਇਥੇ ਇਹ ਨਹੀਂ ਹੋਇਆ ਸਗੋਂ ਕੇਂਦਰੀ ਕਮੇਟੀ ਨੇ ਇਸ ਮਤੇ ਤੇ ਲੀਡਰਸ਼ਿਪ ਦਾ ਫ਼ੈਸਲਾ ਪਾਰਟੀ ਦੀ ਸਭ ਤੋਂ ਉੱਚੀ ਸੰਸਥਾ ਮਹਾਂਸੰਮੇਲਨ ਉੱਤੇ ਛੱਡ ਦਿੱਤਾ।
ਮਹਾਂ ਸੰਮੇਲਨ ਦੌਰਾਨ ਭਖਵੀਆਂ ਬਹਿਸਾਂ ਹੋਈਆਂ। ਇੱਕ ਦੂਜੇ ਉਤੇ ਤਿੱਖੇ ਇਲਜ਼ਾਮ ਵੀ ਲੱਗੇ। ਜਦੋਂ ਕੇਂਦਰੀ ਕਮੇਟੀ ਕਿਸੇ ਫ਼ੈਸਲੇ ਉੱਤੇ ਪੁੱਜਣ ਵਿੱਚ ਨਾਕਾਮ ਰਹੀ ਤਾਂ 16 ਡੈਲੀਗੇਟਾਂ ਨੇ ਮੰਗ ਕਰ ਦਿੱਤੀ ਕਿ ਰਾਜਸੀ ਲਾਈਨ ਉੱਤੇ ਹਾਊਸ ਵਿੱਚ ਗੁਪਤ ਮਤਦਾਨ ਕਰਵਾਇਆ ਜਾਵੇ।
ਇਸੇ ਦੌਰਾਨ ਪਰੈਸ ਵਿੱਚ ਇਹ ਚਰਚੇ ਸ਼ੁਰੂ ਹੋ ਗਏ ਕਿ ਸੀ ਪੀ ਐਮ ਵਿੱਚ ਦੁਫੇੜ ਪੈ ਸਕਦੀ ਹੈ। ਅਜਿਹੀ ਹਾਲਤ ਵਿੱਚ ਵੋਟਿੰਗ ਕਰਾਉਣਾ ਪਾਰਟੀ ਨੂੰ ਦੋਫ਼ਾੜ ਕਰਨ ਦੇ ਤੁੱਲ ਸੀ। ਡੈਲੀਗੇਟਾਂ ਵੱੱਲੋਂ ਵੋਟਿੰਗ ਦੀ ਮੰਗ ਤੋਂ ਬਾਅਦ ਦੋਵਾਂ ਖੇਮਿਆਂ ਨੇ ਵਿਚਕਾਰਲਾ ਰਾਹ ਕੱਢ ਲੈਣਾ ਬਿਹਤਰ ਸਮਝਿਆ। ਨਵੇਂ ਰਾਜਸੀ ਮਤੇ ਮੁਤਾਬਕ ਪਾਰਟੀ ਭਾਜਪਾ-ਆਰ ਐਸ ਐਸ ਦੀ ਫ਼ਿਰਕਾਪਰਸਤੀ ਤੇ ਤਾਨਾਸ਼ਾਹੀ ਨੂੰ ਹਾਰ ਦੇਣ ਲਈ ਕੰਮ ਕਰੇਗੀ। ਕਾਂਗਰਸ ਨਾਲ ਗੱਠਜੋੜ ਦੀ ਥਾਂ ਸੂਬਾਈ ਪੱਧਰ ਉੱਤੇ ਤਾਲਮੇਲ ਦੀ ਸੰਭਾਵਨਾ ਨੂੰ ਕਾਇਮ ਰੱਖਿਆ ਗਿਆ।
17 ਮੈਂਬਰੀ ਪੋਲਿਟ ਬਿਊਰੋ ਵਿੱਚ ਦੋ ਮੈਂਬਰ ਅਤੇ 95 ਮੈਂਬਰੀ ਕੇਂਦਰੀ ਕਮੇਟੀ ਵਿੱਚ 19 ਨਵੇਂ ਮੈਂਬਰ ਲਏ ਗਏ ਹਨ। ਇਸ ਨਾਲ ਭਾਵੇਂ ਦੋਵਾਂ ਖੇਮਿਆਂ ਦੇ ਤਵਾਜ਼ਨ ਵਿੱਚ ਬਹੁਤਾ ਅੰਤਰ ਨਹੀਂ ਪਿਆ, ਪਰ ਇਹ ਸੱਚਾਈ ਸਭ ਜਾਣਦੇ ਹਨ ਕਿ ਕਮਿਊਨਿਸਟ ਪਾਰਟੀਆਂ ਵਿੱਚ ਮਹਾਂਸੰਮੇਲਨ ਤੇ ਜਨਰਲ ਸਕੱਤਰ ਦੇ ਫ਼ੈਸਲਿਆਂ ਨੂੰ ਉੱਲਦ ਸਕਣਾ ਮੁਸ਼ਕਲ ਹੁੰਦਾ ਹੈ। ਸਮੁੱਚੇ ਤੌਰ ਉਤੇ ਮਹਾਂਸੰਮੇਲਨ ਵਿੱਚ ਕਾਮਰੇਡ ਸੀਤਾ ਰਾਮ ਯੇਚੁਰੀ ਕੁਝ ਘਾਟਾਂ ਵਾਧਿਆਂ ਨਾਲ ਆਪਣੀ ਰਾਜਸੀ ਲਾਈਨ ਪਾਸ ਕਰਾਉਣ ਵਿੱਚ ਕਾਮਯਾਬ ਹੋਏ ਹਨ। ਇਸ ਮਹਾਂਸੰਮੇਲਨ ਦੀ ਸਫ਼ਲਤਾ ਨੇ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੀ ਏਕਤਾ ਲਈ ਨਵੀਂਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਹੈ।
ਟੈਕਸਟ ਚੰਦ ਫਤਿਹਪੁਰੀ: ਤਸਵੀਰਾਂ ਕਾਮਰੇਡ ਸਕਰੀਨ ਦਾ ਨੈਟ ਡੈਸਕ 

Sunday, April 22, 2018

ਲੈਨਿਨ ਦਾ ਸਾਮਰਾਜਵਾਦ ਬਾਰੇ ਥੀਸਿਸ ਅੱਜ ਵੀ ਸਾਰਥਿਕ- ਅੰਮ੍ਰਿਤਪਾਲ

Sun, Apr 22, 2018 at 6:13 PM
ਪੂੰਜੀਵਾਦੀ ਐਸੋਸੀਏਸ਼ਨਾਂ ਨੇ ਦੁਨੀਆਂ ਦੀ ਮੰਡੀ ਨੂੰ ਆਪਸ ਵਿੱਚ ਵੰਡ ਲਿਆ ਹੈ
ਲੁਧਿਆਣਾ: 22 ਅਪਰੈਲ 2018:(ਕਾਮਰੇਡ ਸਕਰੀਨ ਬਿਊਰੋ)::
ਅੱਜ ਕਾ. ਲੈਨਿਨ ਦੇ ਜਨਮ ਦਿਨ ਨੂੰ ਸਮਰਪਿਤ ‘ ਇਤਿਹਾਸਕ ਪਦਾਰਥਵਾਦ ਦੇ ਸਾਮਰਾਜਵਾਦੀ ਪ੍ਰਬੰਧ ‘ ਵਿਸ਼ੇ ਤੇ ਸੈਮੀਨਾਰ ਤਰਕਸ਼ੀਲ ਸੁਸਾਇਟੀ ਪੰਜਾਬ ( ਇਕਾਈ ਲੁਧਿਆਣਾ ) ਵੱਲੋਂ ਕਰਵਾਇਆ ਗਿਆ। ਗ਼ਦਰ ਲਹਿਰ ਦੇ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ  ਹਾਲ ਸੁਨੇਤ ਵਿਖੇ ਕਰਵਾਏ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਸ੍ਰੀ ਅੰਮ੍ਰਿਤ ਪਾਲ ਪੀ ਏ ਯੂ ਨੇ ਇਸ ਸਮੇਂ ਦੱਸਿਆ ਕਿ ਸਾਮਰਾਜਵਾਦ ਪੂੰਜੀਵਾਦ ਦੀ ਉੱਚਤਮ ਅਵਸਥਾ ਹੈ ਅਤੇ ਇਸ ਤੋਂਂ ਬਾਅਦ ਮਜ਼ਦੂਰ ਜਮਾਤ ਦੇ ਇਨਕਲਾਬਾਂ ਦੀ ਲੜੀ ਦਾ ਦੌਰ ਆਵੇਗਾ।ਉਹਨਾਂ ਨੇ ਸਾਮਰਾਜਵਾਦ ਦੇ ਪੰਜ ਕਿਰਦਾਰੀ ਲੱਛਣਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਪੂੰਜੀਵਾਦ ਦੀ ਆਜ਼ਾਦ ਮੁਕਾਬਲੇ ਤੋਂ ਇਜਾਰੇਦਾਰੀਆਂ ‘ਚ ਤਬਦੀਲੀ ਸਾਮਰਾਜਵਾਦ ਦੀ ਮੁੱਖ ਪਹਿਚਾਣ ਹੈ। ਉਹਨਾ ਲੱਛਣਾਂ ਦੀ ਨਿਸ਼ਾਨਦੇਹੀ ਕਰਦਿਆਂ ਦੱਸਿਆ ਕਿ ਸਾਮਰਾਜਵਾਦੀ ਦੌਰ ’ਚ ਪੈਦਾਵਾਰ ਤੇ ਪੂੰਜੀ ਕੁੱਝ ਕੁ ਹੱਥਾਂ ‘ਚ ਕੇਂਦਰਿਤ ਹੋ ਗਈ ਹੈ। ਬੈਂਕਾਂ ਦਾ ਰੋਲ ਲੈਣ- ਦੇਣ ਕਰਨ ਵਾਲੇ ਸਿਰਫ ਵਿਚੋਲੇ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਸ ਨੇ ਅਥਾਹ ਵਿੱਤੀ ਪੂੰਜੀ ਦਾ ਸਾਧਨ ਬਣਕੇ ਆਰਥਿਕਤਾ ਤੇ ਆਪਣੀ ਉੱਤਮਤਾ ਸਥਾਪਤ ਕਰ ਲਈ ਹੈ। ਬੈਂਕਾਂ ਤੇ ਉਦਯੋਗਾਂ ਦਾ ਆਪਸੀ ਗੱਠਜੋੜ ਐਨਾ ਤਕੜਾ ਹੋ ਗਿਆ ਹੈ ਕਿ ਬੈਂਕਾਂ ਦੇ ਪ੍ਰਬੰਧਕੀ ਅਦਾਰਿਆਂ ‘ਚ ਉਦਯੋਗਾਂ ਦੇ ਨੁਮਾਇੰਦੇ  ਅਤੇ ਉਦਯੋਗਾਂ ਦੇ ਪ੍ਰਬੰਧਕੀ ਅਦਾਰਿਆਂ 'ਚ ਬੈਂਕਾਂ ਦੇ ਨਮਾਇੰਦੇ ਉੱਚੇ ਅਹੁਦਿਆਂ ਤੇ ਬਰਾਜਮਾਨ ਹੋ ਗਏ ਹਨ। ਵਸਤਾਂ ਦੇ ਨਿਰਯਾਤ ਦੀ ਬਜਾਏ ਪੂੰਜੀ ਦੇ ਨਿਰਯਾਤ ਦੀ ਮਹੱਤਤਾ ਵਧ ਗਈ ਹੈ। ਇਜਾਰੇਦਾਰ ਪੂੰਜੀਵਾਦੀ ਐਸੋਸੀਏਸ਼ਨਾਂ ਨੇ ਦੁਨੀਆਂ ਦੀ ਮੰਡੀ ਨੂੰ ਆਪਸ ਵਿੱਚ ਵੰਡ ਲਿਆ ਹੈ ਅਤੇ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨੇ ਕੁੱਲ ਦੁਨੀਆਂ ਦੀ ਇਲਾਕਾਈ ਵੰਡ ਮੁਕੰਮਲ ਕਰ ਲਈ ਹੈ।
      ਸਾਥੀ ਅੰਮ੍ਰਿਤ ਪਾਲ ਨੇ ਇਹਨਾਂ ਲੱਛਣਾਂ ਬਾਰੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ 19 ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਲੈਨਿਨ ਦੇ ਸਮਿਆਂ ‘ਚ ਇਕ ਪ੍ਰਤਿਸ਼ਤ ਇਜਾਰੇਦਾਰ ਪੂੰਜੀਵਾਦੀ ਅਦਾਰਿਆਂ ਕੋਲ ਕੁੱਲ ਕਾਮਾ ਸ਼ਕਤੀ ਦਾ ਲੱਗਪਗ 40%, ਕੁੱਲ ਭਾਫ਼ ਅਤੇ ਬਿਜਲੀ ਪਾਵਰ  ਦਾ 75% ਤੋਂ ਵੀ ਵੱਧ ਦਾ ਹਿੱਸਾ ਸੀ ਅਤੇ 1% ਅਦਾਰੇ ਕੋਲ ਪੈਦਾਵਾਰ ਦੇ 40% ਪੈਦਾਵਾਰ ਦੇ ਮਾਲਕ ਸਨ। ਅਜੋਕੇ ਸਮੇ ਵਿੱਚ ਵੀ 1/2% ਤੋਂ ਵੀ ਘੱਟ ਇਜਾਰੇਦਾਰ ਪੂੰਜੀਵਾਦ ਅਦਾਰਿਆਂ ਕੋਲ ਲਗ-ਪਗ 35% ਕਾਮਾ ਸ਼ਕਤੀ ਹੈ। 
ਉਹਨਾਂ ਦੱਸਿਆ ਕਿ ਲੈਨਿਨ ਦੇ ਸਮਿਆਂ ‘ਚ ਪੂੰਜੀ ਦਾ ਨਿਰਯਾਤ 1882 ਤੋਂ ਲੈਕੇ 1914 ਤੱਕ ਤਕਰੀਬਨ 300% ਵਧਿਆ, ਜਦੋਂ ਕਿ ਅਜੋਕੇ ਸਮੇਂ ਦੌਰਾਨ ਪੂੰਜੀ ਦਾ ਨਿਰਯਾਤ 1970 ਤੋਂ ਲੈਕੇ 2004 ਤੱਕ 1386% ਭਾਵ 14 ਗੁਣਾ ਵਧਿਆ। ਮੰਡੀਆਂ ਦੀ ਮੁਕੰਮਲ ਹੋ ਚੁੱਕੀ ਵੰਡ ਹੀ ਪਹਿਲੀ ਤੇ ਦੂਜੀ ਸੰਸਾਰ ਜੰਗ ਰਾਹੀਂ ਮੁੜ ਵੰਡ ਕੀਤੀ ਗਈ ਅਤੇ ਅਜੋਕੇ ਸਮਿਆਂ ‘ਚ ਇਲਾਕਾਈ ਜੰਗਾਂ ਲਾਕੇ ਬਾਰ ਬਾਰ ਮੁੜ ਵੰਡ ਦੇ ਯਤਨ ਹੋ ਰਹੇ ਹਨ।ਸੋ ਕੁੱਲ ਮਿਲਾਕੇ ਕਹਿਣਾ ਮੁਨਾਸਬ ਹੋਵੇਗਾ ਕਿ ਲੈਨਿਨ ਵੱਲੋਂ 1916 ‘ਚ ਦਰਜ ਕੀਤੇ ਗਏ ਸਾਮਰਾਜਵਾਦ ਦੇ ਲੱਛਣ ਅੱਜ ਹੋਰ ਵੀ ਵੱਧ ਉੱਭਰਕੇ ਆਏ ਹਨ।

 ਸਟੇਜ ਸੰਚਾਲਨ ਕਰਦਿਆਂ ਸੁਸਾਇਟੀ ਦੇ ਜੱਥੇਬੰਦਕ ਮੁੱਖ ਜਸਵੰਤ ਜੀਰਖ ਨੇ ਪਹਿਲੀ ਮਈ ਦੇ ਕੌਮਾਂਤਰੀ ਮਜ਼ਦੂਰ ਦਿਵਸ  ਅਤੇ 15 ਮਈ ਸ਼ਹੀਦ ਸੁਖਦੇਵ ਦਾ ਜਨਮ ਦਿਨ ਮਨਾਉਣ ਦਾ ਸੱਦਾ ਦਿੱਤਾ। ਅਗਲਾ ਸੈਮੀਨਾਰ 27 ਮਈ ਨੂੰ ਕਰਨਾ ਤਹਿ ਕੀਤਾ ਗਿਆ। ਇਸ ਸਮੇ ਪ੍ਰਿੰਸੀਪਲ ਹਰਭਜਨ ਸਿੰਘ, ਕਾ. ਸੁਰਿੰਦਰ, ਸੁਰਜੀਤ ਦੌਧਰ ਨੇ ਸਵਾਲ ਜਵਾਬ ਦੇ ਸੈਸ਼ਨ ਵਿੱਚ ਭਾਗ ਲਿਆ। ਗੁਰਮੇਲ ਕਨੇਡਾ ਨੇ ਇਨਕਲਾਬੀ ਗੀਤ ਰਾਹੀਂ ਹਾਜ਼ਰੀ ਲਵਾਈ। ਸਤੀਸ ਸੱਚਦੇਵਾ, ਆਤਮਾ ਸਿੰਘ, ਡਾ. ਵੀ ਕੇ ਵਸਿਸਟ,ਐਡਵੋਕੇਟ ਹਰਪ੍ਰੀਤ ਜੀਰਖ, ਨਛੱਤਰ ਸਿੰਘ ਕਨੇਡਾ,ਕਰਨਲ ਜੇ ਐਸ ਬਰਾੜ, ਅਰੁਣ ਕੁਮਾਰ, ਰਾਕੇਸ ਆਜ਼ਾਦ, ਸੁਖਦੇਵ ਸਿੰਘ ਜਗਰਾਓਂ, ਕੁਲਵਿੰਦਰ ਸਿੰਘ ਸੁਨੇਤ, ਹਰੀ ਸਿੰਘ ਸਾਹਨੀ, ਸਤਨਾਮ ਦੁੱਗਰੀ, ਪ੍ਰਿੰਸੀਪਲ ਅਜਮੇਰ ਦਾਖਾ, ਮੈਡਮ ਮਧੂ, ਮਾ. ਸੁਰਜੀਤ ਸਿੰਘ ਸਮੇਤ ਬਹੁਤ ਸਾਰੇ ਕਾਰਕੁਨ ਹਾਜਰ ਸਨ।

Saturday, April 14, 2018

ਬਹੁਤ ਚੁਣੌਤੀਆਂ ਹਨ CPI ਦੇ ਨਵੇਂ ਸੂਬਾ ਸਕੱਤਰ ਬੰਤ ਬਰਾੜ ਦੇ ਸਾਹਮਣੇ

CPI ਛੇਤੀ ਹੀ ਮੁੜ ਨਜ਼ਰ ਆ ਸਕਦੀ ਹੈ ਖਾੜਕੂ ਸੰਗਰਾਮੀ ਵਾਲੇ ਰੂਪ ਵਿੱਚ 
ਚੰਡੀਗੜ: 14 ਅਪਰੈਲ 2018: (ਕਾਮਰੇਡ ਸਕਰੀਨ ਬਿਊਰੋ):: 
ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਛੇਤੀ ਹੀ ਆਪਣੀ ਸੰਗਰਾਮੀ ਅਤੇ ਜੋਸ਼ੀਲੀ ਭੂਮਿਕਾ ਵਾਲੀ ਸਾਖ ਫਿਰ ਬਹਾਲ ਕਰ ਸਕਦੀ ਹੈ। ਇਸਦਾ ਕਾਰਨ ਹੈ ਜੋਸ਼ੀਲੇ ਅਤੇ ਖਾੜਕੂ ਆਗੂ ਬੰਤ ਸਿੰਘ ਬਰਾੜ ਦੀ ਸੂਬਾ ਸਕੱਤਰ ਵੱਜੋਂ ਚੋਣ। 
ਨੌਜਵਾਨੀ ਦੇ ਵੇਲਿਆਂ ਤੋਂ ਹੀ ਲਾਲ ਝੰਡੇ ਨਾਲ ਜੁੜੇ ਹੋਏ ਆਗੂ ਕਾਮਰੇਡ ਬੰਤ ਸਿੰਘ ਬਰਾੜ ਨੂੰ ਅੱਜ ਚੰਡੀਗੜ ਵਿਖੇ ਹੋਈ ਸੀਪੀਆਈ ਦੀ ਸੂਬਾ  ਸਕੱਤਰੇਤ ਮੀਟਿੰਗ ਦੌਰਾਨ ਸੂਬਾ ਸਕੱਤਰ ਚੁਣ ਲਿਆ ਗਿਆ। ਖਾਸ ਗੱਲ ਇਹ ਹੈ ਕਿ ਇਹ ਚੋਣ ਸਰਬਸੰਮਤੀ ਨਾਲ ਹੋਈ। ਬੰਤ ਬਰਾੜ ਬਹੁਤ ਸਾਰੇ ਖਾੜਕੂ ਘੋਲਾਂ ਦੇ ਸਰਗਰਮੀ ਨਾਲ ਕੰਮ ਕਰਨ ਵਾਲੇ ਗਵਾਹ ਰਹੇ ਹਨ। ਉਹਨਾਂ ਪਾਰਟੀ ਦੇ ਉਤਰਾਵਾਂ ਚੜਾਵਾਂ ਨੂੰ ਬਹੁਤ ਹੀ ਨੇੜਿਓਂ ਹੋ ਕੇ ਦੇਖਿਆ। ਕਈ ਵਾਰ ਪਾਰਟੀ ਦੇ ਕਈ ਫੈਸਲਿਆਂ ਨਾਲ ਸਹਿਮਤੀ ਨਾ ਵੀ ਹੁੰਦੀ ਤਾਂ ਵੀ ਪਾਰਟੀ ਦੇ ਫੈਸਲਿਆਂ ਨੂੰ ਅਮਲ ਵਿੱਚ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। 
ਵਿਦਿਆਰਥੀ ਅਤੇ ਨੌਜਵਾਨੀ ਘੋਲਾਂ ਵੀ ਬੰਤ ਬਰਾੜ ਦਾ ਸਰਗਰਮ ਰੋਲ ਇੱਕ ਨਵਾਂ ਉਤਸ਼ਾਹ ਅਤੇ ਜੋਸ਼ ਭਰਿਆ ਕਰਦਾ ਸੀ। ਜਦੋਂ ਪੰਜਾਬ ਵਿੱਚ ਗੋਲੀਆਂ ਚੱਲਦੀਆਂ ਸਨ, ਬੰਬ ਧਮਾਕੇ ਹੁੰਦੇ ਸਨ, ਹਰ ਗਲੀ ਦੀ ਹਰ ਨੁੱਕਰ 'ਤੇ ਦਹਿਸ਼ਤ ਛਾਈ ਹੁੰਦੀ ਸੀ ਉਦੋਂ ਵੀ ਕਾਮਰੇਡ ਬੰਤ ਬਰਾੜ ਬੇਖੌਫ ਹੋ ਕੇ ਲਾਲ ਝੰਡੇ ਵਾਲੀ ਵਿਚਾਰਾਂ ਨਾਲ ਪਰਤੀਬੱਧ ਰਹੇ।
ਹਾਲਾਂਕਿ ਬੰਤ ਬਰਾੜ ਪਹਿਲਾਂ ਵੀ ਇਸ ਅਹੁਦੇ ਤੇ ਰਹਿ ਚੁੱਕੇ ਹਨ ਪਰ ਇਸ ਵਾਰ ਉਹਨਾਂ ਸਾਹਮਣੇ ਕਈ ਨਵੀਆਂ ਅਤੇ ਵੱਡੀਆਂ ਚੁਣੌਤੀਆਂ ਹਨ। ਇਸ ਵਾਰ ਉਹਨਾਂ ਤੋਂ ਪਹਿਲਾਂ ਕਾਮਰੇਡ ਹਰਦੇਵ ਅਰਸ਼ੀ ਇਸ ਅਹੁਦੇ 'ਤੇ ਸਨ।  ਕਾਮਰੇਡ ਹਰਦੇਵ ਅਰਸ਼ੀ ਹੱਬੀ ਮੁਹਿੰਮ ਨੂੰ ਪਿੰਡ ਪਿੰਡ ਜਾ ਕੇ ਸਰਗਰਮ ਕਰਨ ਵਿੱਚ ਸਫਲ ਰਹੇ ਹਨ। ਸ਼ਾਇਦ ਹੀ ਕੋਈ ਜਨਤਕ ਮਸਲਾ ਅਜਿਹਾ ਹੋਵੇ ਜਿੱਥੇ ਕਾਮਰੇਡ ਹਰਦੇਵ ਅਰਸ਼ੀ ਨਾ ਪਹੁੰਚੇ ਹੋਣ। ਨਗਰ ਨਿਗਮ ਦੀਆਂ ਚੋਣਾਂ ਤੋਂ ਲੈ ਕੇ ਵੱਡੀਆਂ ਚੋਣਾਂ ਤੱਕ ਕਾਮਰੇਡ ਅਰਸ਼ੀ ਨੇ ਸੀਪੀਆਈ ਦੀ ਮਜ਼ਬੂਤ ਮੌਜੂਦਗੀ ਦਾ ਅਹਿਸਾਸ ਕਰਾਇਆ। ਕਾਮਰੇਡ ਅਰਸ਼ੀ ਦੀਆਂ ਨਿਰੰਤਰ ਸਰਗਰਮੀਆਂ ਸਦਕਾ ਪਾਰਟੀ ਵਿੱਚ ਇੱਕ ਅਜਿਹਾ ਕੇਡਰ ਵੀ ਤਿਆਰ ਹੋਇਆ ਜਿਹੜਾ ਪਾਰਟੀ ਲਈ ਹਰ ਪਲ ਉੱਠ ਖੜੋਣ ਲਈ ਤਿਆਰ ਬਰ ਤਿਆਰ ਰਹਿੰਦਾ। ਕਾਮਰੇਡ ਅਰਸ਼ੀ ਨੇ ਐਮ ਐਲ ਏ ਰਹਿੰਦਿਆਂ ਵੀ ਆਪਣੀਆਂ ਇਹਨਾਂ ਸਰਗਰਮੀਆਂ ਵਿੱਚ ਕਮੀ ਨਹੀਂ ਆਉਣ ਦਿੱਤੀ। ਖੁਦ ਵੀ ਪਾਰਟੀ ਲਈ ਸਭ ਕੁਝ ਅਰਪਿਤ ਕੀਤਾ ਅਤੇ ਹੋਰਨਾਂ ਨੂੰ ਵੀ ਪਰੇਰਿਆ। 
ਏਨੀ ਲਗਨ ਅਤੇ ਸਖਤ ਮੇਹਨਤ ਦੇ ਬਾਵਜੂਦ ਚੁਣੌਤੀਆਂ ਵਿੱਚ ਵਾਧਾ ਹੋਇਆ। ਲਗਾਤਾਰ ਵੱਧ ਰਹੇ ਫਾਸ਼ੀਵਾਦ ਦੇ ਖਤਰੇ ਅਤੇ ਇੱਕ ਵਾਰ ਫਿਰ ਸਿਰ ਚੁੱਕ ਰਹੀ ਫਿਰਕਪਰ੍ਸਤੀ ਨੇ ਨਵੇਂ ਖਾੜਕੂ ਸੰਗਰਾਮਾਂ ਦੀ ਲੋੜ ਦਾ ਅਹਿਸਾਸ ਕਰਾਇਆ। 
ਇਸ ਵੇਲੇ ਜਿੱਥੇ ਆਮ ਪਰਿਵਾਰਾਂ ਦੇ ਬੱਚਿਆਂ ਲਈ ਵਿੱਦਿਆ ਦਾ ਅਧਿਕਾਰ ਖਤਰੇ ਵਿੱਚ ਹੈ ਉੱਥੇ ਕਿਰਤੀਆਂ ਲਈ ਬਣੇ ਕਿਰਤ ਕਾਨੂੰਨ ਵੀ ਖਤਰੇ ਵਿੱਚ ਹਨ। ਪਬਲਿਕ ਸੈਕਟਰ ਨੂੰ ਤਬਾਹ ਕਰਨ ਅਤੇ ਨਿਜੀਖੇਤਰ ਨੂੰ ਉਤਸਾਹਿਤ ਕਰਨ ਦੇ ਰੁਝਾਣ ਨੇ ਖੱਬੀਆਂ ਪਾਰਟੀਆਂ ਸਾਹਮਣੇ ਨਵੇਂ ਖਰੇ ਸਾਹਮਣੇ ਲਿਆਂਦੇ ਹਨ ਜਿਹਨਾਂ ਦਾ ਸਾਹਮਣਾ ਜੁਝਾਰੂ ਸੰਗਰਾਮਾਂ ਬਿਨਾ ਸੰਭਵ ਹੀ ਨਹੀਂ।ਲਾਲ ਝੰਡੇ ਦੇ ਜੱਦੀ ਵਿਰੋਧੀ ਲਗਾਤਾਰ ਲਾਲ ਝੰਡੇ ਵਾਲਿਆਂ ਨੂੰ ਹਾਸ਼ੀਏ ਤੋਂ ਬਾਹਰ ਕਰਨ ਲਈ ਸਾਜ਼ਿਸ਼ਾਂ ਰਚ ਰਹੇ ਹਨ। ਅਜਿਹੀ ਹਾਲਤ ਵਿੱਚ ਬੰਤ ਬਰਾੜ ਨੂੰ ਬੇਹੱਦ ਸੰਤੁਲਿਤ ਅਤੇ ਬੇਕਿਰਕ ਲੜਾਈ ਵੀ ਲੜਨੀ ਪੈਣੀ ਹੈ। ਮਹਿੰਗਾਈ, ਬੇਰੋਜ਼ਗਾਰੀ ਅਤੇ ਹੋਰ ਮਾਰੂ ਹਾਲਤਾਂ ਕਾਰਨ ਪੈਦਾ ਹੋਏ ਨਿਰਾਸ਼ਾ ਦੇ ਹਨੇਰਿਆਂ ਵਿੱਚ ਸੰਘਰਸ਼ਾਂ ਦੀ ਮਿਸ਼ਾਲ ਜਗਾਉਣੀ ਕੋਈ ਸੌਖਾ ਕੰਮ ਨਹੀਂ ਹੋਣਾ। ਪਾਰਟੀ ਦੇ ਕੇਡਰ ਵਿੱਚ ਆ ਰਹੀ ਕਮੀ ਆਪਣੇ ਆਪ ਵਿੱਚ ਹੀ ਇੱਕ ਵੱਡੀ ਚੁਣੌਤੀ ਹੈ। ਬਜ਼ੁਰਗ ਲੀਡਰ ਅਤੇ ਵਰਕਰ ਇੱਕ ਇੱਕ ਕਰਕੇ ਤੁਰਦੇ ਜਾ ਰਹੇ ਹਨ ਪਰ ਨਵੀਂ ਆਮਦ ਓਨੀ ਤੇਜ਼ੀ ਨਾਲ ਨਹੀਂ ਹੋ ਰਹੀ ਜਿੰਨੀ ਕੁ ਤੇਜ਼ੀ ਨਾਲ ਹੋਣੀ ਜ਼ਰੂਰੀ ਹੈ। ਪਾਰਟੀ ਦੀ ਹੋਰ ਮਜ਼ਬੂਤੀ, ਹੋਰ ਲਾਮਬੰਦੀ ਅਤੇ ਦੁਸ਼ਮਣਾਂ ਦਾ ਟਾਕਰਾ ਬੇਹੱਦ ਨਾਜ਼ੁਕ ਹਾਲਾਤ ਵਾਲੀ ਸਥਿਤੀ ਹੈ। ਅਜਿਹੀ ਸਥਿਤੀ ਵਿੱਚ ਕਾਮਰੇਡ ਬੰਤ ਬਰਾੜ ਦੀ ਚੋਣ ਇੱਕ ਦੂਰ ਅੰਦੇਸ਼ੀ ਵਾਲਾ ਫੈਸਲਾ ਹੈ ਜਿਹੜਾ ਸਰਬਸੰਮਤੀ ਨਾਲ ਹੋਇਆ ਹੈ। ਕਾਮਰੇਡ ਬੰਤ ਬਰਾੜ ਨੂੰ ਖੰਡੇ ਦੀ ਧਾਰ 'ਤੇ ਤੁਰਨ ਦੀ ਮੁਹਾਰਤ ਹਾਸਲ ਹੈ। 
ਪਾਰਟੀ ਦਾ ਇਹ ਫੈਸਲਾ ਛੇਤੀ ਹੀ ਰੰਗ ਲਿਆਵੇਗਾ ਅਤੇ ਸੀਪੀਆਈ ਲੋਕ ਸੰਘਰਸ਼ਾਂ ਦਾ ਇੱਕ ਨਵਾਂ ਇਤਿਹਾਸ ਰਚੇਗੀ।  ਕੋਲਮ (ਕੇਰਲ) ਵਿਖੇ 25 ਤੋਂ 29 ਅਪਰੈਲ 2018 ਤੱਕ ਹੋਣ ਵਾਲੀ ਸੀਪੀਆਈ ਦੀ 23ਵੀਂ ਕੌਮੀ ਕਾਂਗਰਸ ਵਿੱਚ ਵੀ ਆਉਣ ਵਾਲੇ ਸੰਘਰਸ਼ਾਂ ਦੀ ਦਸਤਕ ਸਪਸ਼ਟ ਸੁਣਾਈ ਦੇਵੇਗੀ। ਦੇਸ਼ ਦੀ ਨਾਜ਼ੁਕ ਸਥਿਤੀ ਅਤੇ ਆਉਣ ਵਾਲੇ ਸਮੇਂ ਵਿੱਚ ਛੇਤੀ ਹੀ ਵਿੱਢੇ ਜਾਣ ਵਾਲੇ ਸੰਘਰਸ਼ਾਂ ਵਿੱਚ ਪੰਜਾਬ ਦੀ ਭੂਮਿਕਾ ਦਾ ਅਹਿਸਾਸ ਇਸ ਕੌਮੀ ਕਾਨਫਰੰਸ ਵਿੱਚ ਹੋਵੇਗਾ।
ਇਸ ਵਾਰ ਵੀ ਕਾਮਰੇਡ ਬੰਤ ਬਰਾੜ ਦੀ ਚੋਣ ਸਰਬਸੰਮਤੀ ਨਾਲ ਹੋਈ। ਭਾਰਤੀ ਕਮਿਊਨਿਸਟ ਪਾਰਟੀ ਦੀ ਨਵੀਂ ਪੰਜਾਬ ਸੂਬਾ ਕੌਂਸਲ ਦੀ ਇਥੇ ਹੋਈ ਪਲੇਠੀ ਮੀਟਿੰਗ ਵਿਚ ਪੰਜਾਬ ਏਟਕ ਦੇ ਪ੍ਰਧਾਨ ਅਤੇ ਸਾਬਕਾ ਨੌਜਵਾਨ ਅਤੇ ਵਿਦਿਆਰਥੀ ਆਗੂ ਸਾਥੀ ਬੰਤ ਸਿੰਘ ਬਰਾੜ ਨੂੰ ਨਵਾਂ ਸੂਬਾ ਸਕੱਤਰ ਸਰਬ-ਸੰਮਤੀ ਨਾਲ ਚੁਣ ਲਿਆ ਗਿਆ। ਇਸ ਤੋਂ ਪਹਿਲਾਂ ਵੀ ਸਾਥੀ ਬਰਾੜ 2012 ਤੋਂ 2015 ਤੱਕ ਇਹ ਜ਼ਿੰਮੇਵਾਰੀ ਨਿਭਾ ਚੁੱਕੇ ਹਨ।
ਇਸ ਅਹੁਦੇ ਤੋਂ ਵਿਦਾ ਹੋ ਰਹੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ ਆਪਣੀ ਸਿਹਤ ਅਤੇ ਦਿਲ ਦੀ ਬਿਮਾਰੀ ਦਾ ਹਵਾਲਾ ਦਿੰਦਿਆਂ ਵੱਡੀ ਜ਼ਿੰਮੇਵਾਰੀ ਚੁੱਕਣ ਤੋਂ ਆਪਣੀ ਅਸਮਰੱਥਾ ਜ਼ਾਹਰ ਕੀਤੀ। ਸਾਥੀਆਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਅੱਗੇ ਲਈ ਸਾਥੀ ਬੰਤ ਸਿੰਘ ਬਰਾੜ ਦਾ ਸਕੱਤਰ ਵਜੋਂ ਨਾਂਅ ਤਜਵੀਜ਼ ਕੀਤਾ, ਜਿਸ ਨੂੰ ਕਈ ਮੈਂਬਰਾਂ ਨੇ ਤਾਈਦ ਕਰ ਦਿੱਤਾ ਅਤੇ ਕੋਈ ਹੋਰ ਨਾਂਅ ਨਾ ਪੇਸ਼ ਹੋਣ ਕਾਰਨ ਉਹਨਾਂ ਨੂੰ ਸਰਬ-ਸੰਮਤੀ ਨਾਲ ਨਵਾਂ ਸਕੱਤਰ ਐਲਾਨ ਦਿੱਤਾ ਗਿਆ। ਮੀਟਿੰਗ ਦੀ ਪਰਧਾਨਗੀ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਡਾਕਟਰ ਜੋਗਿੰਦਰ ਦਿਆਲ ਨੇ ਕੀਤੀ। ਆਮ ਪਾਠਕਾਂ ਲਈ ਜਾਣਕਾਰੀ ਹਿੱਤ ਇਹ ਦੱਸ ਦੇਣਾ ਵੀ ਢੁੱਕਵਾਂ ਰਹੇਗਾ ਕਿ ਦੂਜੀਆਂ ਪਾਰਟੀਆਂ ਤੋਂ ਉਲਟ ਕਮਿਊਨਿਸਟ ਪਾਰਟੀ ਵਿਚ ਪਰਧਾਨ ਦਾ ਅਹੁਦਾ ਨਹੀਂ ਹੁੰਦਾ, ਸਕੱਤਰ ਹੀ ਮੁੱਖ ਅਹੁਦੇਦਾਰ ਹੁੰਦਾ ਹੈ।
ਪਾਕਿਸਤਾਨ ਵਿਚ ਕਿਸਾਨੀ ਪਰਵਾਰ ਵਿਚ ਪੈਦਾ ਹੋਏ ਬੰਤ ਬਰਾੜ ਇਕ ਸਾਲ ਤੋਂ ਵੀ ਛੋਟੇ ਸਨ, ਜਦੋਂ ਉਹਨਾਂ ਦੇ ਪਰਵਾਰ ਨੂੰ ਮੁਲਕ ਦੀ ਆਜ਼ਾਦੀ ਅਤੇ ਵੰਡ ਸਮੇਂ ਉਜੜ ਕੇ ਇਧਰ ਆਉਣਾ ਪਿਆ। ਉਹਨਾਂ ਦਾ ਬਚਪਨ ਅਤੇ ਜਵਾਨੀ ਵੀ ਨਾਨਕੇ ਪਿੰਡ ਖੋਸਾ ਰਣਧੀਰ ਵਿਖੇ ਪ੍ਰਵਾਨ ਚੜ੍ਹੀ। ਉਹਨਾਂ ਨੇ ਮੈਟਰਿਕ ਦੀ ਪ੍ਰੀਖਿਆ ਜਲਾਲਾਬਾਦ (ਪੱਛਮੀ) ਤੋਂ ਪਾਸ ਕੀਤੀ। ਕਾਲਜ ਦੀ ਪੜ੍ਹਾਈ ਢੁੱਡੀਕੇ ਅਤੇ ਡੀ.ਐੱਮ.ਕਾਲਜ ਮੋਗਾ ਵਿਚ ਕੀਤੀ ਅਤੇ ਇਸੇ ਸਮੇਂ ਉਹਨਾਂ ਦਾ ਸੰਪਰਕ ਕਾ. ਜੋਗਿੰਦਰ ਸਿੰਘ ਭਸੀਨ ਅਤੇ ਸਥਾਨਕ ਕਾਮਰੇਡਾਂ ਨਾਲ ਹੋ ਗਿਆ ਅਤੇ ਉਹ ਸਟੂਡੈਂਟਸ ਫੈਡਰੇਸ਼ਨ ਵਿਚ ਸਰਗਰਮ ਹੋ ਗਏ ਅਤੇ ਇਕ ਖਾੜਕੂ ਕਮਿਊਨਿਸਟ ਵਿਦਿਆਰਥੀ ਆਗੂ ਵਜੋਂ ਉਭਰ ਪਏ। ਉਹਨਾਂ ਨੇ ਇਤਿਹਾਸਕ ਮੋਗਾ ਗੋਲੀਕਾਂਡ ਦੀ ਐਜੀਟੇਸ਼ਨ ਵਿਚ ਜੁਝਾਰੂ ਭੂਮਿਕਾ ਨਿਭਾਈ। ਉਹ ਪੰਜਾਬ ਏ.ਆਈ.ਐੱਸ.ਐੱਫ. ਦੇ ਜਨਰਲ ਸਕੱਤਰ, ਨੌਜਵਾਨ ਸਭਾ ਦੇ ਪ੍ਰਧਾਨ ਅਤੇ ਕੁਲ ਹਿੰਦ ਪ੍ਰਧਾਨ ਵਜੋਂ ਆਪਣਾ ਸਿੱਕਾ ਮਨਵਾ ਚੁੱਕੇ ਹਨ। ਉਪਰੰਤ ਉਹ ਮਜ਼ਦੂਰ ਮੋਰਚੇ 'ਤੇ ਤੈਨਾਤ ਕਰ ਦਿੱਤੇ ਗਏ ਅਤੇ ਆਪਣੇ ਕੰਮ ਅਤੇ ਅਗਵਾਈ ਦੇ ਗੁਣਾਂ ਸਦਕਾ ਪੰਜਾਬ ਏਟਕ ਦੇ ਜਨਰਲ ਸਕੱਤਰ ਬਣ ਗਏ। ਅੱਜ-ਕੱਲ ਉਹ ਪੰਜਾਬ ਏਟਕ ਦੇ ਪਰਧਾਨ ਹਨ ਅਤੇ ਜਨਰਲ ਸਕੱਤਰ ਸਾਥੀ ਨਿਰਮਲ ਸਿੰਘ ਧਾਲੀਵਾਲ ਨਾਲ ਮਿਲ ਕੇ ਮਜ਼ਦੂਰਾਂ ਦੀ ਸੰਗਰਾਮੀ ਜਥੇਬੰਦੀ ਦੀ ਅਗਵਾਈ ਕਰ ਰਹੇ ਹਨ।
ਸਕੱਤਰ ਚੁਣੇ ਜਾਣ ਉਤੇ ਸਾਥੀ ਬੰਤ ਸਿੰਘ ਬਰਾੜ ਨੇ ਪਿਛਲੇ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਸਮੇਂ ਹੋਈਆਂ ਸਰਗਰਮੀਆਂ ਦੀ ਪ੍ਰਸੰਸਾ ਕੀਤੀ ਅਤੇ ਪਾਰਟੀ ਦੀ ਮਜ਼ਬੂਤੀ, ਫਾਸ਼ੀਵਾਦ ਦੇ ਖਤਰੇ ਵਿਰੁੱਧ, ਲੋਕਾਂ ਦੇ ਵਿਭਿੰਨ ਤਬਕਿਆਂ ਦੀਆਂ ਮੰਗਾਂ ਲਈ ਸਾਂਝੇ ਅਤੇ ਆਜ਼ਾਦ ਸੰਘਰਸ਼ਾਂ ਅਤੇ ਖੱਬੀਆਂ ਜਮਹੂਰੀ ਸੈਕੂਲਰ ਤਾਕਤਾਂ ਦੀ ਲਾਮਬੰਦੀ ਲਈ ਸਾਥੀਆਂ ਤੋਂ ਸਹਿਯੋਗ ਦਾ ਵਿਸ਼ਵਾਸ ਪ੍ਰਗਟ ਕੀਤਾ। ਮੀਟਿੰਗ ਵਿਚ ਪਾਰਟੀ ਕੇਂਦਰ ਵੱਲੋਂ ਕਾਮਰੇਡ ਸ਼ਮੀਮ ਫੈਜ਼ੀ ਅਤੇ ਕਾਮਰੇਡ ਅਮਰਜੀਤ ਕੌਰ, ਦੋਵੇਂ ਕੇਂਦਰੀ ਸਕੱਤਰੇਤ ਦੇ ਮੈਂਬਰ ਹਾਜ਼ਰ ਸਨ ਅਤੇ ਉਹਨਾਂ ਨੇ 23ਵੀਂ ਸੂਬਾ ਕਾਨਫਰੰਸ ਦੇ ਇਸ ਰਹਿੰਦੇ ਕਾਰਜ ਦੀ ਪੂਰਤੀ ਲਈ ਨਿਗਰਾਨੀ ਅਤੇ ਅਗਵਾਈ ਕੀਤੀ ਅਤੇ ਉਸ ਨੂੰ ਸਰਬ-ਸੰਮਤੀ ਨਾਲ ਨੇਪਰੇ ਚਾੜਿਆ। ਪਹਿਲਾਂ ਸੂਬਾ ਕੌਂਸਲ ਨੇ ਸਰਬ-ਸੰਮਤੀ ਨਾਲ 27 ਮੈਂਬਰੀ ਸੂਬਾ ਕਾਰਜਕਾਰਨੀ ਦੀ ਚੋਣ ਕੀਤੀ, ਜਿਸ ਸੂਚੀ 'ਚ ਸਰਵਸਾਥੀ ਡਾਕਟਰ ਜੋਗਿੰਦਰ ਦਿਆਲ, ਜਗਰੂਪ ਸਿੰਘ, ਹਰਦੇਵ ਅਰਸ਼ੀ, ਬੰਤ ਬਰਾੜ, ਭੂਪਿੰਦਰ ਸਾਂਬਰ, ਹਰਭਜਨ ਸਿੰਘ, ਡੀ.ਪੀ. ਮੌੜ, ਗੁਰਨਾਮ ਕੰਵਰ, ਗੁਲਜ਼ਾਰ ਗੋਰੀਆ, ਨਿਰਮਲ ਸਿੰਘ ਧਾਲੀਵਾਲ, ਕੁਸ਼ਲ ਭੌਰਾ, ਬਲਦੇਵ ਸਿੰਘ ਨਿਹਾਲਗੜ੍ਹ, ਅਮਰਜੀਤ ਆਸਲ, ਸੁਖਦੇਵ ਸ਼ਰਮਾ, ਜਗਜੀਤ ਸਿੰਘ ਜੋਗਾ, ਕਸ਼ਮੀਰ ਸਿੰਘ ਗਦਾਈਆ, ਕੁਲਦੀਪ ਭੋਲਾ, ਹੰਸਰਾਜ ਗੋਲਡਨ, ਪਵਨਪਰੀਤ ਸਿੰਘ, ਪਰਿਥੀਪਾਲ ਮਾੜੀਮੇਘਾ, ਲਖਬੀਰ ਨਿਜ਼ਾਮਪੁਰਾ, ਕਰਿਸ਼ਨ ਚੌਹਾਨ, ਕਸ਼ਮੀਰ ਸਿੰਘ ਫਿਰੋਜ਼ਪੁਰ, ਕੁਲਵੰਤ ਸਿੰਘ ਮੌਲਵੀਵਾਲਾ, ਗੁਲਜ਼ਾਰ ਸਿੰਘ ਗੁਰਦਾਸਪੁਰ, ਨਰਿੰਦਰ ਸੋਹਲ, ਹਰਲਾਭ ਸਿੰਘ, ਬੀਬੀ ਦਸਵਿੰਦਰ ਕੌਰ ਅਤੇ ਸੁਖਜਿੰਦਰ ਮਹੇਸ਼ਰੀ (ਇਨਵਾਇਟੀ) ਆਦਿ ਮੈਂਬਰ ਹਨ।
ਮੀਟਿੰਗ ਨੇ ਇਕ ਮਤਾ ਪਾਸ ਕਰਕੇ ਦੇਸ਼ ਵਿਚ, ਖਾਸ ਕਰਕੇ ਭਾਜਪਾ ਰਾਜ ਵਾਲੇ ਰਾਜਾਂ ਵਿਚ, ਅਮਨ ਕਾਨੂੰਨ ਦੀ ਨਿਘਰੀ ਹੋਈ ਹਾਲਤ ਅਤੇ ਇਸਤਰੀਆਂ ਬਾਲੜੀਆਂ ਦੇ ਹੁੰਦੇ ਬਲਾਤਕਾਰਾਂ ਦੀ ਸਖਤ ਨਿਖੇਧੀ ਕੀਤੀ। ਮੀਟਿੰਗ ਨੇ ਖਾਸ ਕਰਕੇ ਯੂ ਪੀ ਦੇ ਉਨਾਵ ਵਿਚ ਅਤੇ ਜੰਮੂ ਕਸ਼ਮੀਰ ਦੇ ਕਠੂਆ ਵਿਚ ਹੋਏ ਬੱਚੀਆਂ ਦੇ ਬਲਾਤਕਾਰਾਂ ਅਤੇ ਫਿਰ ਪੁਲਸ ਵੱਲੋਂ ਕਾਰਵਾਈ ਨਾ ਕਰਨ ਅਤੇ ਦੋਸ਼ੀ ਭਾਜਪਾ ਆਗੂਆਂ ਨੂੰ ਬਚਾਉਣ ਅਤੇ ਭਾਜਪਾ ਦੇ ਸਿਖਰਲੇ ਆਗੂਆਂ ਦੀ ਚੁੱਪ ਅਤੇ ਪਰਧਾਨ ਮੰਤਰੀ ਵੱਲੋਂ ਲੋਲੋ-ਪੋਪੋ ਕਰਨ ਉਤੇ ਗੁੱਸੇ ਦਾ ਇਜ਼ਹਾਰ ਕੀਤਾ ਅਤੇ ਇਸਤਰੀਆਂ ਦੀ ਇੱਜ਼ਤ, ਜਾਨ ਦੀ ਰਾਖੀ ਲਈ ਸੰਘਰਸ਼ ਦਾ ਫੈਸਲਾ ਕੀਤਾ।
ਮੀਟਿੰਗ ਨੇ 5 ਮਈ ਨੂੰ ਆ ਰਹੀ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਨੂੰ ਵਡੇ ਪੱਧਰ 'ਤੇ ਮਨਾਉਣ ਅਤੇ ਇਸ ਅਵਸਰ ਦੇ ਸੈਮੀਨਾਰ ਅਤੇ ਸਿਧਾਂਤਕ ਸਕੂਲ ਆਯੋਜਿਤ ਕਰਨ ਦਾ ਫੈਸਲਾ ਕੀਤਾ। ਮੀਟਿੰਗ ਵਿਚ ਉਪਰ ਜ਼ਿਕਰ ਕੀਤੇ ਆਗੂਆਂ ਤੋਂ ਇਲਾਵਾ ਕੌਮੀ ਕੌਂਸਲ ਮੈਂਬਰ ਸਰਵਸਾਥੀ ਭੂਪਿੰਦਰ ਸਾਂਬਰ ਅਤੇ ਜਗਰੂਪ ਸਿੰਘ ਵੀ ਹਾਜ਼ਰ ਸਨ।

Friday, April 6, 2018

ਫਾਸ਼ੀਵਾਦ ਦੇ ਖਤਰੇ ਵਿਰੁਧ ਅਤੇ ਲੋਕ ਮੰਗਾਂ ਲਈ ਸੰਘਰਸ਼ਾਂ ਦਾ ਸੱਦਾ-CPI

ਸੀਪੀਆਈ ਦੀ ਤਿੰਨ ਦਿਨਾਂ ਸੂਬਾ ਕਾਨਫਰੰਸ ਸਮਾਪਤ 
ਅੰਮਿ੍ਰਤਸਰ : 6 ਅਪਰੈਲ 2018 (ਕਾਮਰੇਡ ਸਕਰੀਨ ਬਿਊਰੋ)::
ਸੀਪੀਆਈ ਦੀ ਪੰਜਾਬ ਸੂਬਾ ਕਾਨਫਰੰਸ ਅੱਜ ਇਥੇ ਲੋਕਾਂ ਨੂੰ ਜ਼ਾਤਪਾਤੀ ਅਤੇ ਫਿਰਕੂ ਲੀਹਾਂ ਤੇ ਵੰਡਣ ਤੇ ਕਤਾਰ ਬੰਦੀ ਕਰਕੇ ਫਾਸ਼ੀਵਾਦ ਦਾ ਰਾਹ ਪਧਰਾ ਕਰਨ ਵਾਲੀ ਮੋਦੀ ਸਰਕਾਰ ਨੂੰ ਸੱਤਾ ਤੋੋ ਲਾਂਭੇ ਕਰਨ ਅਤੇ ਰੁਜ਼ਗਾਰ ਦੇ ਹੱਕ ਲਈ ਬਨੇਗਾ ਪਰਾਪਤ ਕਰਨ,ਭਰਿਸ਼ਟਾਚਾਰ, ਮਹਿੰਗਾਈ, ਇਸਤਰੀਆਂ, ਦਲਿਤਾਂ ਉਤੇ ਜਬਰ ਵਿਰੁਧ, ਕਿਸਾਨਾਂ, ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਾਉਣ, ਮਜ਼ਦੂਰ ਮੁਲਾਜ਼ਮਾਂ ਦੀਆਂ ਮੰਗਾਂ ਲਈ ਵਿਸ਼ਾਲ ਸਾਂਝੇ ਸੰਘਰਸ਼ ਛੇੜਣ ਦੇ ਸੱਦੇ ਅਤੇ ਅਹਿਦ ਨਾਲ ਨੇਪਰੇ ਚੜ ਗਈ।
            ਪਰਸੋਂ 4 ਅਪਰੈਲ ਬੁਧਵਾਰ ਤੋਂ ਇਥੇ ਆਰੰਭ ਹੋਈ ਪਾਰਟੀ ਦੀ 23ਵੀਂ ਕਾਨਫਰੰਸ ਨੇ ਸੂਬਾ ਸਕੱਤਰ ਵਲੋਂ ਪੇਸ਼ ਕੀਤੀ ਰਿਪੋਰਟ ਨੂੰ ਪ੍ਰਵਾਨਗੀ ਦੇ ਦਿਤੀ। ਜਿਸ ਵਿਚ ਪੰਜਾਬ ਦੀ ਖੇਤੀਬਾੜੀ, ਉਦਯੋਗ, ਵਧਦੇ ਕਰਜ਼ ਅਤੇ ਖੁਦਕਸ਼ੀਆਂ, ਸਬਸਿਡੀਆਂ, ਖੇਤਮਜ਼ਦੂਰਾਂ, ਸਿਖਿਆ, ਬੇਰੁਜ਼ਗਾਰੀ, ਸ਼ਹਿਰੀਕਰਣ, ਬਿਜਲੀ, ਸਿਹਤਸੇਵਾਵਾਂ, ਰਾਜਸੀ ਹਾਲਤ ਦੇ  ਵੇਰਵੇ ਨਾਲ ਡੂੰਘਾ ਵਿਸ਼ਲੇਸ਼ਣ ਕਰਦਿਆਂ ਸੱਦਾ ਦਿਤਾ ਗਿਆ ਕਿ ‘‘ਜ਼ਮੀਨੀ ਪਧਰ ਉਤੇ ਨਤੀਜਾ-ਮੁਖੀ  ਜੁਝਾਰੂ ਘੋਲ ਜਥੇਬੰਦ ਕਰੀਏ ਤਾਂ ਹੀ ਸਾਡੀ ਪਾਰਟੀ ਜਨਤਕ ਆਧਾਰ, ਵਧੇਰੇ ਪ੍ਰਭਾਵ ਅਤੇ ਸਮਾਜ ਦੇ ਲੁਟੇ-ਪੁਟੇ ਅਤੇ ਦੱਬੇ-ਕੁਚਲੇ ਤਬਕਿਆਂ ਦੀ ਪਾਰਟੀ ਵਜੋਂ ਅਤੇ ਬਲਵਾਨ ਸੰਗਰਾਮੀਆਂ ਪਾਰਟੀ ਵਜੋਂ ਮੁੜ-ਉਭਰ ਸਕੇਗੀ।’’
            ਸਕੱਤਰ ਦੀ ਰਿਪੋਰਟ ਉਤੇ 65 ਦੇ ਕਰੀਬ ਸਾਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ, ਅਖੀਰ ਉਤੇ ਰਿਪੋਰਟ ਸਰਬਸੰਮਤੀ ਨਾਲ ਪਾਸ ਹੋ ਗਈ। ਕਾਨਫਰੰਸ ਨੇ ਖੇਤੀ ਅਤੇ ਪੇਂਡੂ ਅਰਥਚਾਰੇ ਬਾਰੇ, ਪੰਜਾਬੀ ਭਾਸ਼ਾ ਤੇ ਸਭਿਆਚਾਰਬਾਰੇ, ਦੇਸ਼ ਵਿਚ ਪ੍ਰਚਲਤ ਭਿ੍ਰਸ਼ਟਾਚਾਰ ਬਾਰੇ, ਪਰਮਾਣੂ ਹਥਿਆਰਬੰਦੀ ਬਾਰੇ, ਸੇਹਤਸੇਵਾਵਾਂ ਬਾਰੇ, ਖੇਤ ਮਜ਼ਦੂਰਾਂ ਬਾਰੇ, ਫਿਰਕਾਪ੍ਰ੍ਸਤੀ ਵਿਰੁਧ ਅਤੇ ਮਜ਼ਦੂਰਾਂ ਦੇ ਮਸਲਿਆਂ ਅਤੇ ਸਨਅਤੀਕਰਣ ਬਾਰੇ ਮਤੇ ਪਾਸ ਕੀਤੇ ਗਏ ਅਤੇ ਵਖ-ਵਖ ਮੁਦਿਆਂ ਉਤੇ ਸੰਘਰਸ਼ਾਂ ਦਾ ਸੱਦਾ ਦਿਤਾ ਗਿਆ।
            ਸਾਥੀ ਡੀਪੀ ਮੌੜ ਨੇ ਕਰਡੈਂਸ਼ੀਅਲ ਰਿਪੋਰਟ ਪੇਸ਼ ਕੀਤੀ। ਪਿਛਲੇ ਸਾਲਾਂ ਦੇ ਹਿਸਾਬ-ਕਿਤਾਬ ਬਾਰੇ ਰਿਪੋਰਟ ਵੀ ਸਾਥੀ ਮੌੜ ਨੇ ਪੇਸ਼ ਕੀਤੀ। !
ਅਖੀਰ ਉਤੇ ਸੂਬਾ ਕਾਨਫਰੰਸ ਨੇ 23ਵੀਂ ਪਾਰਟੀ ਕਾਂਗਰਸ (ਕੇਰਲਾ) ਲਈ 20 ਡੈਲੀਗੇਟ ਅਤੇ 2 ਬਦਲਵੇਂ ਡੈਲੀਗੇਟ ਚੁਣੇ। ਸਿੱਧੇ ਨਾਲ ਹੀ ਸਰਬਉੱਚ ਸ਼ਕਤੀ ਕੇਂਦਰ ਅਰਥਾਤ 7 ਮੈਂਬਰੀ ਕੰਟਰੋਲ ਕਮਿਸ਼ਨ ਅਤੇ 71 ਮੈਂਬਰੀ ਸੂਬਾ ਕੌਂਸਲ ਵੀ ਚੁਣੀ ਗਈ। ਜਿਸ ਵਿਚ ਵਖਰੇ 7 ਉਮੀਦਵਾਰ ਮੈਂਬਰ ਹੋਣਗੇ। ਸਾਰੀਆਂ ਚੋਣਾਂ ਸਰਬਸੰਮਤੀ ਨਾਲ ਹੋਈਆਂ।
ਕਾਨਫਰੰਸ ਨੂੰ ਕੇਂਦਰੀ ਆਗੂ ਸਾਥੀ ਸ਼ਮੀਮ ਫੈਜ਼ੀ ਅਤੇ ਬੀਬੀ ਅਮਰਜੀਤ ਕੌਰ ਨੇ ਮੁਖਾਤਬ ਕੀਤਾ ਅਤੇ ਸਫਲ ਕਾਨਫਰੰਸ ਲਈ ਸੂਬੇ ਅਤੇ ਅੰਮਿ੍ਰਤਸਰ ਦੀ ਜ਼ਿਲਾ ਪਾਰਟੀ ਨੂੰ ਵਧਾਈ ਦਿਤੀ ਅਤੇ ਸਾਥੀਆਂ ਨੂੰ ਸੱਦਾ ਦਿਤਾ ਕਿ ਕੱਟੜ ਫਿਰਕੂ ਆਰ ਐਸ ਐਸ ਦੇ ਕੰਟਰੋਲ ਵਾਲੀ ਭਾਜਪਾਸਰਕਾਰ ਨੂੰ ਗੱਦੀ ਤੋਂ ਲਾਹੁਣ ਲਈ ਸੈਕੂਲਰ ਜਮਹੂਰੀ ਖੱਬੇ ਮੰਚ ਦੁਆਲੇ ਲੋਕਾਂ ਨੂੰ ਲਾਮਬੰਦ ਕਰਨ ਅਤੇ ਲੋਕਾਂ ਦੀਆਂ ਮੰਗਾਂ ਖਾਤਰ ਲੜਦੇ ਹੋਏ ਜੜ੍ਹ-ਪਧਰ ਤੇ ਸਰਗਰਮੀ ਕਰਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਵਿਸ਼ਾਲ ਕਰਨ।
ਕਮਿਊਨਿਸਟ ਪਾਰਟੀ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਸਾਥੀ ਪਾਰਟੀ ਦੇ ਸੰਦੇਸ਼ ਨੂੰ ਰਾਜ ਦੇ ਪਿੰਡਾਂ, ਸ਼ਹਿਰਾਂ ਤਕ ਲਿਜਾਣ ਲਈ ਉਤਸ਼ਾਹ ਭਰਪੂਰ ਹੋ ਕੇ ਕਾਫਲੇ ਬਣਾਉਂਦੇ ਆਪਣੀ ਮੰਜ਼ਲ ਵਲ ਚਲੇ ਗਏ .

Thursday, April 5, 2018

ਸੁਪਰੀਮ ਕੋਰਟ ਦਾ ਫੈਸਲਾ ਅਧਿਕਾਰ ਖੇਤਰ ਤੋੱ ਬਾਹਰਾ-CPI

Thu, Apr 5, 2018 at 6:14 PM
ਦੂਸਰੇ ਦਿਨ ਵੀ  ਦੇਸ਼ ਅਤੇ ਸੂਬੇ ਦੇ ਹਾਲਾਤਾਂ ਬਾਰੇ ਅਹਿਮ ਵਿਸ਼ਲੇਸ਼ਣ ਜਾਰੀ 
ਅੰਮਿ੍ਰਤਸਰ: 5 ਅਪਰੈਲ 2018: (ਕਾਮਰੇਡ ਸਕਰੀਨ ਬਿਊਰੋ):: 
ਜਦੋਂ ਖੱਬੀਆਂ ਧਿਰਾਂ ਦੇ ਸਿਰਕੱਢ ਆਗੂ ਵੀ ਇਹ  ਭਰਮ ਪਾਲੀ ਬੈਠੇ ਸਨ ਕਿ ਕਾਮਰੇਡ ਤਾਂ ਹੁਣ ਖਤਮ ਹੋ ਗਏ ਹਨ ਉਦੋਂ ਵੀ ਖੱਬੀਆਂ ਧਿਰਾਂ ਨੇ ਆਪਣੀ ਸੋਚ ਅਤੇ ਸ਼ਕਤੀ ਦਾ ਸ਼ਾਨਦਾਰ ਇਜ਼ਹਾਰ ਕੀਤਾ ਹੈ।  ਸੀਪੀਆਈ ਨੇ ਲਗਾਤਾਰ ਕਈ ਤਰਾਂ ਦੇ ਆਯੋਜਨ ਕਰਕੇ ਆਪਣੇ ਇਹਨਾਂ ਜੱਦੀ ਦੁਸ਼ਮਣਾਂ ਨੂੰ ਦੱਸਿਆ ਕਿ ਲੋਕ ਅਜੇ ਵੀ ਸਾਡੇ ਨਾਲ ਹਨ।  ਨੌਂਜਵਾਨਾਂ ਅਤੇ ਵਿਦਿਆਰਥੀਆਂ ਦਾ ਲੌਂਗ ਮਾਰਚ, ਲੁਧਿਆਣਾ ਦੀ ਰੈਲੀ ਅਤੇ ਹੁਣ ਅੰਮ੍ਰਿਤਸਰ ਦੀ ਇਤਿਹਾਸਿਕ ਧਰਤੀ 'ਤੇ ਤਿੰਨ ਦਿਨਾਂ ਕਾਨਫਰੰਸ ਆਪਣੇ ਆਪ ਵਿੱਚ ਦੱਸ ਰਹੀਆਂ ਹਨ ਕਿ ਸੀਪੀਆਈ ਲਾਲ ਫਰੇਰੇ ਦੀ ਸ਼ਕਤੀ ਨੂੰ ਇੱਕ ਵਾਰ ਫੇਰ ਪੁਨਰਗਠਿਤ ਕਰਨ ਲਈ ਸੰਕਲਪਸ਼ੀਲ ਹੈ। ਸੀਪੀਆਈ ਦੀ ਤਿੰਨ ਦਿਨਾਂ ਕਾਨਫਰੰਸ ਵਿੱਚ ਅਹਿਮ ਮੁੱਦੇ ਵਿਚਾਰੇ ਜਾ ਰਹੇ ਹਨ। ਮੀਡੀਆ ਦੀ ਹਾਲਤ, ਫਾਸ਼ੀਵਾਦ ਦੀਆਂ ਨਵੀਆਂ ਸਾਜ਼ਿਸ਼ਾਂ ਅਤੇ ਦਲਿਤਾਂ ਦੀ ਸਥਿਤੀ ਬਾਰੇ ਡੂੰਘਾ ਵਿਸ਼ਲੇਸ਼ਣ ਜਾਰੀ ਹੈ। ਇਸ ਮੌਕੇ ਪਾਰਟੀ ਦੀਆਂ ਸਿਰਕੱਢ ਸ਼ਖਸੀਅਤਾਂ ਇਸ ਬਹਿਸ ਵਿੱਚ ਸਰਗਰਮੀ ਨਾਲ ਭਾਗ ਲੈ ਰਹਿਣ ਹਨ। 
ਸੀਪੀਆਈ ਦੇ ਇਥੇ ਚਲ ਰਹੀ 23ਵੀਂ ਪੰਜਾਬ ਸੂਬਾ ਕਾਨਫਰੰਸ ਨੇ ਇਕ ਮਤਾ ਪਾਸ ਕਰਕੇ ਉਹਨਾਂ ਮਾਰਗ ਦਰਸ਼ਕ ਸੇਧਾਂ ਦੀ ਨਿਖੇਧੀ ਕੀਤੀ ਜਿਹਨਾਂ ਰਾਹੀਂ ਸੁਪਰੀਮ ਕੋਰਟ ਦੇ ਇਕ ਬੈਂਚ ਨੇ ਐਸਸੀ/ਐਸਟੀਕਾਨੂੰਨ ਨੂੰ ਨਰਮ ਕੀਤਾ ਜਾਵੇਗਾ। ਇਸ ਤੋੱ ਪਹਿਲਾਂ ਇਹਨਾਂ ਤਬਕਿਆਂ ਉਤੇ ਹੁੰਦੇ ਅਤਿਆਚਾਰ ਦੇ ਵਿਰੁਧ ਸਿਧੀ ਹੀ ਐਫ ਆਈ ਆਰ ਦਰਜ ਹੋ ਜਾਂਦੀ ਸੀ ਅਤੇ ਇਹ ਅਪਰਾਧਵੀ ਗੈਰ-ਜਮਾਨਤੀ ਘੇਰੇ ਵਿਚ ਆਉੱਦਾ ਸੀ। ਪਰ ਹੁਣ ਇਸ ਵਾਸਤੇ ਪਹਿਲਾਂ ਡੀਐਸਪੀ ਤੋੱ ਇਜਾਜ਼ਤ ਲੈਣੀ ਹੋਵੇਗੀ ਅਤੇ ਨਾਲ ਹੀ ਦੋਸ਼ੀ ਨੂੰ ਮੌਕੇ ਤੇ ਹੀ ਜ਼ਮਾਨਤ ਵੀ ਮਿਲ ਸਕਦੀ ਹੈ। ਕਾਨਫਰੰਸ ਸਮਝਦੀ ਹੈ ਕਿ 1989 ਦੇ ਕਾਨੂੰਨ ਵਿਚ ਤਰਮੀਮ ਕਰਨ ਦਾ ਹੱਕ ਸੰਸਦ ਦਾ ਹੈ ਪਰ ਸੁਪਰੀਮ ਕੋਰਟ ਦੇ ਦੋ ਮੈਂਬਰੀ ਬੈਂਚ ਨੇ ਆਪਣੇ ਅਧਿਕਾਰ ਖੇਤਰ ਤੋੱ ਬਾਹਰ ਜਾ ਕੇ ਇਸ ਮਹੱਤਵਪੂਰਨ ਕਾਨੂੰਨ ਨੂੰ ਪੇਤਲਾ ਕਰ ਦਿਤਾ ਹੈ। ਕਾਨਫਰੰਸ ਨੇ ਮੰਗ ਕੀਤੀ ਕਿ ਦੋਬਾਰਾ ਅਦਾਲਤ ਦਾ ਬੂਹਾ ਖੜਕਾਉਣ ਦੀ ਬਜਾਏ ਪਾਰਲੀਮੈਂਟ ਸਿਧਾ ਹੀ ਇਹਨਾਂ ਤਰਮੀਮਾਂ ਨੂੰ ਰੱਦ ਕਰ ਦੇਵੇ। ਮੋਦੀ ਦੇ ਰਾਜ ਮਗਰੋੱ ਦਲਿਤਾਂ ਅਤੇ ਆਦਿਵਾਸੀਆਂ ਉਤੇ ਅਤਿਆਚਾਰ ਵਧ ਗਏ ਹਨ। ਇਸ ਲਈ ਕਾਨੂੰਨ ਨੂੰ ਸਗੋੱ ਹੋਰ ਸਖਤ ਬਣਾਇਆ ਜਾਵੇ। ਇਸ ਤੋੱ ਇਲਾਵਾ ਨੌਕਰੀਆਂ ਵਿਚ ਰਿਜ਼ਰਵੇਸ਼ਨ ਪ੍ਰਾਈਵੇਟ ਸੈਕਟਰ ਵਿਚ ਵੀ ਲਾਗੂ ਕੀਤੀ ਜਾਵੇ।
ਸੀਪੀਆਈ ਦੀ 23ਵੀਂ ਕਾਨਫਰੰਸ ਕੱਲ ਇਥੇ ਕਾਮਰੇਡ ਭੂਪਿੰਦਰ ਸਾਂਬਰ ਵਲੋੱ ਲਾਲ ਝੰਡਾ ਲਹਿਰਾਏ ਜਾਣ ਨਾਲ ਸ਼ੁਰੂ ਹੋਈ। ਇਸ ਤੋੱ ਪਹਿਲਾਂ ਕਬੀਰ ਪਾਰਕ ਵਿਚ ਇਕ ਵਿਸ਼ਾਲ ਰੈਲੀ ਨੂੰ ਸੀਪੀਆਈ ਦੇ ਜਨਰਲ ਸਕੱਤਰ ਕਾਮਰੇਡ ਸੁਧਾਕਰ ਰੈਡੀ ਸਮੇਤ ਅਤੁਲ ਕੁਮਾਰ ਅਣਜਾਨ, ਅਮਰਜੀਤ ਕੌਰ ਕੌਮੀ ਆਗੂਆਂ ਅਤੇ ਸੂਬਾਈ ਆਗੂਆਂ ਹਰਦੇਵ ਅਰਸ਼ੀ, ਡਾਕਟਰ ਜੋਗਿੰਦਰ ਦਿਆਲ, ਜਗਰੂਪ ਸਿੰਘ, ਬੰਤ ਬਰਾੜ, ਨਿਰਮਲ ਸਿੰਘ ਧਾਲੀਵਾਲ ਅਤੇ ਅਰਮਜੀਤ ਆਸਲ ਨੇ ਮੁਖਾਤਬ ਕੀਤਾ ਸੀ।
ਕਾਨਫਰੰਸ ਦਾ ਉਦਘਾਟਨ ਰਾਜੂ ਪੈਲੇਸ ਵਿਚ ਕੌਮੀ ਜਨਰਲ ਸਕੱਤਰ ਸਾਥੀ ਸੁਧਾਕਰ ਰੈਡੀ ਨੇ ਪੰਜਾਬ ਪਾਰਟੀ ਦੀਆਂ ਕੁਰਬਾਨੀਆਂ ਅਤੇ ਸੰਘਰਸ਼ਾਂ ਦੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਸਲਾਮ ਕਰਦਿਆਂ ਕੀਤਾ।ਉਹਨਾਂ ਨੇ ਸਾਥੀਆਂ ਨੂੰ ਸੱਦਾ ਦਿਤਾ ਕਿ ਜ਼ਾਤਪਾਤੀ ਅਤੇ ਫਿਰਕੂ ਕਤਾਰਬੰਦੀ ਨੂੰ ਵਧਾ ਕੇ ਫਾਸ਼ੀਵਾਦ ਦਾ ਰਾਹ ਪਧਰਾ ਕਰਨ ਦੀਆਂ ਸੰਘ-ਪਰਿਵਾਰ ਦੀਆਂ ਘਿਨਾਉਣੀਆਂ ਸਾਜ਼ਸ਼ਾਂ ਨੂੰ ਪਛਾੜਣ ਲਈ ਇਕੱਠੇ ਹੋ ਕੇ ਮੈਦਾਨ ਵਿਚ ਨਿਤਰ ਆਉਣ। ਇਸ ਤੋੱ ਪਹਿਲਾਂ ਇਕ ਸ਼ੋਕ ਮਤੇ ਰਾਹੀਂ ਕਾਨਫਰੰਸ ਨੇ ਪਿਛਲੇ ਸਮੇੱ ਵਿਚ ਵਿਛੜੇ ਆਗੂਆਂ ਨੂੰ ਦੋ-ਮਿੰਟ ਮੋਨਧਾਰ ਕੇ ਸ਼ਰਧਾਂਜਲੀ ਪੇਸ਼ ਕੀਤੀ ਜਿਹਨਾਂ ਵਿਚ ਸ਼ਾਮਲ ਸਨ: ਕਿਊਬਾ ਦੇ ਪ੍ਰਧਾਨ ਫੀਡਲ ਕਾਸਟਰੋ, ਪਾਰਟੀ ਦੇ ਕੌਮੀ ਆਗੂ ਏ.ਬੀ. ਬਰਧਨ, ਰਮੇਸ਼ ਚੰਦਰ, ਪਰਬੋਧ ਪੰਡਾ, ਗਿਆ ਸਿੰਘ, ਬਦਰੀਨਾਥ ਨਰੈਣ, ਜਲਾਲੂਦੀਨ ਅੰਸਾਰੀ  ਅਤੇ ਸੂਬਾਈ ਆਗੂ ਜਗਜੀਤ ਸਿੰਘ ਅਨੰਦ, ਤੁਲਸੀਰਾਮ, ਰਾਜਕੁਮਾਰ, ਭਰਤਪ੍ਰਕਾਸ਼, ਗੰਧਰਵ ਸੈਨ ਕੋਛੜ, ਅਜਮੇਰ ਔਲਖ, ਪ੍ਰੋ. ਰਣਧੀਰ ਸਿੰਘ, ਗੁਰਨਾਮ ਧੀਰੋਵਾਲ, ਚੈਨ ਸਿੰਘ ਚੈਨ, ਬੀਬੀ ਬੀਰਾਂ, ਇਕਬਾਲ ਭਸੀਨ, ਮਾਤਾ ਚੰਦ ਕੌਰ, ਜਗਮੋਹਨ ਕੌਸ਼ਲ, ਕੈਲਾਸ਼ਵੰਤੀ, ਲਖਬੀਰ ਹਾਰਨੀਆਂ, ਗੁਰਦੀਪ ਸਿੰਘ, ਵਾਸਦੇਵ ਗਿੱਲ ਅਤੇ ਇਰਾਕ ਵਿਚ ਮਾਰੇ ਗਏ 39 ਭਾਰਤੀ ਅਤੇ ਪੰਜਾਬੀ ਅਤੇ ਬਹੁਤ ਹੋਰ ਸਾਰੇ ਸਾਥੀ।
ਕਾਮਰੇਡ ਹਰਦੇਵ ਸਿੰਘ ਅਰਸ਼ੀ ਸੂਬਾ ਸਕੱਤਰ ਨੇ  ਰਾਜਸੀ ਰਿਵਿਊ ਰਿਪੋਰਟ ਅਤੇ ਜਥੇਬੰਦਕ ਰਿਪੋਰਟ ਪੇਸ਼ ਕਰਦਿਆਂ ਪਾਰਟੀ ਦੀਆਂ ਸਰਗਰਮੀਆਂ ਅਤੇ ਅੰਦੋਲਨਾਂ ਨੂੰ ਉਭਾਰਿਆ, ਜਿਵੇੱ ਜੇਲ ਭਰੋ ਅੰਦੋਲਨ, ਨੌਜਵਾਨਾਂ ਦਾ ਲੌਂਗ ਮਾਰਚ, ਖੇਤ ਮਜ਼ਦੂਰਾਂ ਦੀ ਕੌਮੀ ਕਾਨਫਰੰਸ ਅਤੇ ਨਾਲ ਹੀ ਕਮਜ਼ੋਰੀਆਂ ਉਤੇ ਵੀ ਉੱਗਲ ਰੱਖੀ। ਉਹਨਾਂ ਨੇ ਸੂਬੇ ਦੀ ਰਾਜਸੀ ਅਤੇ ਆਰਥਿਕ ਪ੍ਰਸਥਿਤੀ ਦੀ ਚੀਰ-ਫਾੜ ਕੀਤੀ, ਖੇਤੀਬਾੜੀ ਅਤੇ ਉਦਯੋਗ ਦੇ ਸੰਕਟ ਨੂੰ, ਬੇਰੁਜ਼ਗਾਰੀ, ਮਹਿੰਗਾਈ, ਵਿਦਿਆ ਅਤੇ ਸਿਹਤ, ਪਾਣੀ, ਕਰਜ਼ ਆਦਿ ਬਹੁਤ ਸਾਰੇ ਵਿਸ਼ਿਆਂ ਦੀ ਡੂੰਘੀ ਪੁਣ-ਛਾਣ ਕੀਤੀ ਅਤੇ ਸੁਝਾਅ ਵੀ ਪੇਸ਼ ਕੀਤੇ। ਇਹਨਾਂ ਰਿਪੋਰਟਾਂ ਉਤੇ ਬਹਿਸ ਚਲ ਰਹੀ ਹੈ ਅਤੇ ਹੁਣ ਤਕ 25 ਤੋੱ ਵਧ ਬੁਲਾਰੇ ਆਪਣੇ ਵਿਚਾਰ ਪੇਸ਼ ਕਰ ਚੁਕੇ ਹਨ। ਖੇਤ ਮਜ਼ਦੂਰਾਂ ਬਾਰੇ ਮਤੇ ਵਿਚ ਉਹਨਾਂ ਦੀ ਨਰੇਗਾ ਕਾਮਿਆਂ ਦੀ ਅਤੇ ਉਸਾਰੀ ਕਾਮਿਆਂ ਦੀ ਹਾਲਤ ਉਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ ਅਤੇ ਉਹਨਾਂ ਲਈ ਵਧੇਰੇ ਕੰਮ, ਵਧੇਰੇ ਉਜਰਤ, ਪੈਨਸ਼ਨ, ਅਤੇ ਪ੍ਰਾਈਵੇਟ ਸੈਕਟਰ ਵਿਚ ਰਾਖਵੇੱਕਰਣ ਲਈ ਮੰਗ ਕੀਤੀ ਗਈ। ਇਸਤਰੀਆਂ ਬਾਰੇ ਮਤੇ ਵਿਚ ਉਹਨਾਂ ਉਤੇ, ਖਾਸ ਕਰਕੇ ਭਾਜਪਾ ਰਾਜ ਵਿਚ ਹੁੰਦੇ ਅਤਿਆਚਾਰਾਂ ਦੀ ਨਿਖੇਧੀ ਕੀਤੀ ਗਈ ਅਤੇ ਇਸਤਰੀਆਂ ਨੂੰ ਨਿਆਂ, ਬਰਾਬਰੀ, 33 ਫੀਸਦੀ ਰਾਖਵੇੱਕਰਣ ਦੀ ਪ੍ਰਾਪਤੀ ਲਈ ਸਾਂਝੇ ਘੋਲਾਂ ਦਾ ਸੱਦਾ ਦਿਤਾ ਗਿਆ।

Thursday, March 8, 2018

ਲੈਨਿਨ ਦੇ ਬੁੱਤ ਨੂੰ ਤੋੜਨਾ ਇੱਕ ਸਪਸ਼ਟ ਸੁਨੇਹਾ

ਜੇ ਦੇਸ਼ ਵਿੱਚ ਰਹਿਣਾ ਹੈ ਤਾਂ 'ਬਾਕੀ' ਸੋਚਾਂ ਛੱਡ ਦਿਓ
ਲੁਧਿਆਣਾ//ਚੰਡੀਗੜ//ਫੇਸਬੁੱਕ: 7 ਮਾਰਚ 2018: (ਕਾਮਰੇਡ ਸਕਰੀਨ ਬਿਊਰੋ)::
ਲੈਨਿਨ ਦੇ ਬੁੱਤ ਨੂੰ ਤੋੜਿਆ ਜਾਣਾ ਅਚਾਨਕ ਨਹੀਂ ਹੋਇਆ। ਅਜਿਹੀਆਂ ਹਰਕਤਾਂ ਦੇ ਅੰਦੇਸ਼ੇ ਬਹੁਤ ਪਹਿਲਾਂ ਤੋਂ ਨਜ਼ਰ ਆ ਰਹੇ ਸਨ। ਬਾਬਾ ਗੁਰਮੁਖ ਸਿੰਘ ਲਲਤੋਂ ਦੇ ਬੁੱਤ ਦੀ ਭੰਨਤੋੜ ਨਾਲ ਇਹੀ ਟੋਹ ਕੇ ਦੇਖਿਆ ਗਿਆ ਸੀ ਕਿ ਵਿਰੋਧ ਕਿੰਨਾ ਕੁ ਹੁੰਦਾ ਹੈ। ਗਦਰ ਬਾਬੇ ਦੇ ਬੁੱਤ ਨਾਲ ਕੀਤੀ ਗਈ ਇਸ ਸ਼ਰਮਨਾਕ ਅਤੇ ਘਟੀਆ ਹਰਕਤ ਦੇ ਖਿਲਾਫ ਪੰਜਾਬ ਦੇ ਗੁੱਸੇ ਨੇ ਰਸਮੀ ਨਾਅਰੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਕੀਤਾ। ਇਥੋਂ ਦੀ ਜਵਾਨੀ ਦਾ ਖੂਨ ਨਹੀਂ ਖੋਲਿਆ। ਮੀਟਿੰਗਾਂ ਵਿੱਚ ਬਹਿਸ, ਭਾਸ਼ਣ ਅਤੇ ਮਤੇ ਪਾਸ ਕਰਨ ਕਰਨ ਤੋਂ ਇਲਾਵਾ ਕੁਝ ਨਹੀਂ ਹੋਇਆ। ਮੀਟਿੰਗਾਂ ਤੋਂ ਬਾਹਰ ਆ ਕੇ ਫਿਰ ਸਭ ਕੁਝ ਭੁੱਲ ਜਾਂਦਾ ਰਿਹਾ। ਬੇਇਨਸਾਫੀਆਂ ਦੇ ਖਿਲਾਫ ਸੜਕਾਂ 'ਤੇ ਨਿਕਲਣ ਵਾਲੇ ਕਾਮਰੇਡ ਏਅਰ ਕੰਡੀਸ਼ੰਡ ਹਾਲਾਂ ਦੇ ਆਦਿ ਬਣ ਗਏ ਅਤੇ ਸੰਘਰਸ਼ਾਂ ਵਾਲਾ ਰਹਹਿ ਭੁੱਲ ਗਿਆ। ਇਹ ਕੁਝ ਹੋਣਾ ਹੀ ਸੀ। ਲੋਕ ਸ਼ਕਤੀ 'ਤੇ ਟੇਕ ਰੱਖਣ ਦੀ ਬਜਾਏ ਸਿਆਸੀ ਗਿਣਤੀਆਂ ਮਿਣਤੀਆਂ ਅਤੇ ਗੁੱਟਬੰਦੀਆਂ ਵਿੱਚ ਉਲਝਣ ਵਾਲਿਆਂ ਨਾਲ ਅਜਿਹਾ ਕੁਝ ਕਿਸੇ ਵੀ ਵੇਲੇ ਹੋ ਸਕਦਾ ਸੀ। ਲੈਨਿਨ ਦਾ ਬੁੱਤ ਤੋੜਨ ਵਾਲਿਆਂ ਇਹ ਫਾਸ਼ੀ ਹਨੇਰੀ ਹੁਣ ਕਾਰਲ ਮਾਰਕਸ ਅਤੇ ਲੈਨਿਨ ਦੇ ਪੈਰੋਕਾਰਾਂ ਤੀਕ ਵੀ ਪਹੁੰਚ ਸਕਦੀ ਹੈ। 
ਫੇਸਬੁੱਕ 'ਤੇ ਪਾਲੀ ਭੁਪਿੰਦਰ ਹੁਰਾਂ ਨੇ ਇੱਕ ਪੋਸਟ ਪਾਈ ਹੈ। ਗੱਲ ਇੱਕ ਬੁੱਤ ਦੀ ਨਹੀਂ ਹੈ, ਸੋਚ ਦੀ ਹੈ।  ਲੈਨਿਨ ਦਾ ਬੁੱਤ ਕਿਸੇ ਧਰਮ ਜਾਂ ਦੇਸ਼ ਦਾ ਚਿੰਨ੍ਹ ਨਹੀਂ ਸੀ, ਇੱਕ ਸੋਚ ਦਾ ਚਿੰਨ੍ਹ ਸੀ।  ਸੋਚਾਂ ਤੋਂ ਨਾ ਮੂੰਹ ਮੋੜਿਆ ਜਾਂਦਾ ਹੈ, ਨਾ ਡਰਿਆ ਜਾਂਦਾ ਹੈ। ਨਾ ਉਨ੍ਹਾਂ ਨੂੰ ਤੋੜਿਆ ਜਾਂ ਦਬਾਇਆ ਜਾਂਦਾ ਹੈ. ਸਗੋਂ ਸੋਚਾਂ ਨਾਲ ਸੋਚਾਂ ਦਾ ਸੰਵਾਦ ਰਚਾਇਆ ਜਾਂਦਾ ਹੈ। ਯੂਨਾਨੀ ਦਰਸ਼ਨ ਇਵੇਂ ਹੀ ਅੱਜ ਦੁਨੀਆਂ ਉੱਤੇ ਰਾਜ ਨਹੀਂ ਕਰ ਰਿਹਾ। ਉਨ੍ਹਾਂ ਨੇ ਸੰਵਾਦ ਦੀ ਮਹਾਨ ਪਰੰਪਰਾ ਦੀ ਨੀਂਹ ਰੱਖੀ। ਵੇਦ ਅਤੇ ਪੁਰਾਣ ਵੀ ਸ਼ਾਸਤਰਰਾਰਥ ਜਿਹੀ ਕਮਾਲ ਦੀ ਪਰੰਪਰਾ ਦੀ ਉਪਜ ਹਨ. ਬਾਬਾ ਨਾਨਕ ਨਾਲ ਜੁੜੀਆਂ ਗੋਸ਼ਟਾਂ ਇਨ੍ਹਾਂ ਅਰਥਾਂ ਵਿੱਚ ਹੀ ਮਹਾਨ ਹਨ। 
ਇਸ ਬੁੱਤ ਨੂੰ ਤੋੜ ਕੇ ਦੇਸ਼ਵਾਸੀਆਂ ਨੂੰ ਇੱਕ ਸਪਸ਼ਟ ਸੁਨੇਹਾ ਦਿੱਤਾ ਗਿਆ ਹੈ ਕਿ ਜੇ ਦੇਸ਼ ਵਿੱਚ ਰਹਿਣਾ ਹੈ ਤਾਂ 'ਬਾਕੀ' ਸੋਚਾਂ ਛੱਡ ਦਿਓ. ਹੁਣ ਇਹ ਦੇਸ਼ਵਾਸੀਆਂ ਨੇ ਸੋਚਣਾ ਹੈ ਕਿ ਉਨ੍ਹਾਂ ਨੇ ਕੀ ਕਰਨਾ ਹੈ. 'ਲੈਨਿਨ-ਭਗਤਾਂ' ਲਈ ਵੀ ਇਹ ਘਟਨਾ ਇੱਕ ਸੁਨੇਹਾ ਹੈ. ਜੇ ਉਹਨਾਂ ਨੂੰ 'ਬਾਕੀ' ਦੀਆਂ ਸੋਚਾਂ ਅਰਥਹੀਨ ਜਾਪਦੀਆਂ ਹਨ, ਤਾਂ ਵੀ ਉਹ ਉਨ੍ਹਾਂ ਦੀ ਕਦਰ ਕਰਨੀ ਸਿੱਖਣ। ਕਿਉਂਕਿ ਦੂਜਿਆਂ ਲਈ ਉਹ ਅਰਥ ਰੱਖਦੀਆਂ ਹਨ।  ਉਹ ਧਰਮਾਂ ਅਤੇ ਦੂਜੇ ਫਲਸਫਿਆਂ ਦਾ ਵਿਸ਼ਲੇਸ਼ਣ ਕਰਦਿਆਂ ਆਪਣੀ ਭਾਸ਼ਾ ਨੂੰ ਹੀ ਤਮੀਜ ਦੇ ਦਾਇਰੇ ਵਿੱਚ ਰੱਖ ਸਕੇ ਹੁੰਦੇ ਤਾਂ ਅੱਜ ਸ਼ਾਇਦ ਇਹ ਨੌਬਤ ਨਾ ਆਉਂਦੀ।  
ਇਹ ਬੁੱਤ ਕੁਝ ਲੋਕਾਂ ਦੀ ਸੋਚ ਸੀ। ਉਹ ਲੋਕ ਦੇਸ਼ ਦੇ ਨਾਗਰਿਕ ਹਨ। ਇਸਨੂੰ ਤੋੜ ਕੇ ਉਹਨਾਂ ਨੂੰ ਡਰਾਇਆ ਗਿਆ ਹੈ। ਲੋਕਤੰਤਰ ਦਾ ਅਪਮਾਨ ਕੀਤਾ ਗਿਆ ਹੈ। ਇਸਦੀ ਜਿੰਨੀ ਨਿੰਦਾ ਕੀਤੀ ਜਾਵੇ, ਘੱਟ ਹੈ। 
ਪਾਲੀ ਭੁਪਿੰਦਰ ਹੁਰਾਂ ਦੀ ਇਸ ਪੋਸਟ 'ਤੇ ਆਈਆਂ ਟਿਪਣੀਆਂ ਵੀ ਮਹੱਤਵਪੂਰਨ ਹਨ। ਦੇਖੋ ਜ਼ਰਾ ਇੱਕ ਝਲਕ:
ਬਲਤੇਜ ਪਨੂੰ ਪਹਿਲਾਂ ਉਹ ਸੋਸ਼ਲਿਸਟਾਂ ਨੂੰ ਮਾਰਨ ਆਏ 
-ਮੈਂ ਨਹੀਂ ਬੋਲਿਆ ਕਿਉਂਕਿ ਮੈਂ ਸੋਸ਼ਲਿਸਟ ਨਹੀਂ ਸੀ
ਫੇਰ ਉਹ ਟਰੇਡ ਯੂਨੀਅਨ ਵਾਲਿਆਂ ਨੂੰ ਮਾਰਨ ਆਏ

-ਮੈਂ ਨਹੀਂ ਬੋਲਿਆ ਕਿਉਂਕਿ ਮੈਂ ਟਰੇਡ ਯੂਨੀਅਨ ਵਿੱਚੋਂ ਨਹੀਂ ਸੀ
ਤੇ ਫੇਰ ਉਹ ਜਿਊਇਸ਼ ਨੂੰ ਮਾਰਨ ਆਏ
-ਮੈਂ ਨਹੀਂ ਬੋਲਿਆ ਕਿਉਂਕਿ ਮੈਂ ਜਿਊਸ਼ ਨਹੀਂ ਸੀ
ਹੁਣ ਉਹ ਮੈਨੂੰ ਮਾਰਨ ਆਏ ਤੇ ਮੇਰੇ ਲਈ ਬੋਲਣ ਵਾਲਾ ਕੋਈ ਨਹੀਂ ਬਚਿਆ ਸੀ!!!!! 

First they came for the Socialists, and I did not speak out—
Because I was not a Socialist.
Then they came for the Trade Unionists, and I did not speak out— 
Because I was not a Trade Unionist.
Then they came for the Jews, and I did not speak out— 
Because I was not a Jew.
Then they came for me—and there was no one left to speak for me.
ਲਾਲਜੀ ਗਰੇਵਾਲ ਪਹਿਲਾਂ ਸਿੱਖਾਂ ਨੂੰ ਮਾਰਿਆ 
-ਮੈਂ ਚੁੱਪ ਰਿਹਾ 
ਫੇਰ ਮੁਸਲਮਾਨ ਮਾਰੇ 

-ਮੈਂ ਚੁੱਪ ਰਿਹਾ 
ਫੇਰ ਇਸਾਈ ਮਿਸ਼ਨਰੀ ਸਾੜੇ
-ਮੈਂ ਚੁੱਪ ਰਿਹਾ 
ਫੇਰ ਦਲਿਤਾਂ ਦੇ ਘਰ ਸਾੜੇ 
-ਮੈਂ ਚੁੱਪ ਰਿਹਾ 
ਹੁਣ ਉਹ ਮੈਨੂੰ ਮਾਰਨ ਆਏ ਤੇ ਮੇਰੇ ਲਈ ਬੋਲਣ ਵਾਲਾ ਕੋਈ ਨਹੀਂ ਬਚਿਆ ਸੀ!!!!
Rajbir Singh Brar ਮੈਨੂੰ ਦੁੱਖ ਹੈ ਇਸ ਨਫ਼ਰਤਾਂ ਭਰੀ ਰਾਜਨੀਤੀ ਲਈ ਤੇ ਅਫ਼ਸੋਸ ਵੀ ਪਰ ਪਾਸ਼ ਨੇ ਕਿਹਾ ਸੀ ਕਿ ਅਕਾਲ ਤੱਖਤ ਇਕ ਇਮਾਰਤ ਸੀ ਦੁਬਾਰਾ ਬਣਾਈ ਜਾ ਸਕਦੀ ਐ ਸੋ ਇਸ ਨੂੰ ਬੁਹਤੀ ਗੰਭੀਰਤਾ ਨਾਲ ਨਹੀ ਲੈਣਾ ਚਾਹੀਦਾ ਤਾ ਇਹ ਤਾ ਇਕ ਨਿੱਕੀ ਜਿਹੀ ਮੂਰਤੀ ਈ ਆ ਫੇਰ ਕੀ ਹੋਇਆ। ਕਾਸ਼ ਤੁਹਾਨੂੰ ਓਸ ਵਕਤ ਸਾਡੇ ਦੁੱਖ ਦਾ ਅਹਿਸਾਸ ਹੁੱਦਾ ਜੋ ਅੱਜ ਅਸੀਂ ਕਰ ਰਹੇ ਆ ਤੁਹਾਡੇ ਲਈ !!!!
Amarjit Kasak ਕਿਸੇ ਵਕਤ ਮੰਦਰਾਂ ਦਾ ਟੁੱਟਣਾ ਫਿਰ ਮਸਜਿਦਾਂ ਦਾ ਤੇ ਹੁਣ ੲਿਹ...ਕਿਸ ਜਮਹੂਰੀਅਤ ਦਾ ਪ੍ਰਤੀਕ ਹੈ?
Budh Singh Neelon ਮਾਰਟਿਨ ਨੀਮੋਲਰ ਦੀ ਕਵਿਤਾ ਦਾ ਭਾਰਤੀ ਰੂਪ
ਪਹਿਲਾਂ ੳੁਹ ਹਰਿਮੰਦਰ ਲਈ ਅਾਏ
ਮੈਂ ਕੁਝ ਨਾ ਬੋਲਿਅਾ 

ਕਿਓਂਕਿ ਮੈਂ ਸਿੱਖ ਨਹੀਂ ਸੀ
ਫਿਰ ੳੁਹ ਬਾਬਰੀ ਮਸਜਿਦ ਤੋੜਨ ਅਾਏ
ਮੈਂ ਚੁੱਪ ਰਿਹਾ 
ਕਿੳੁਂਕਿ ਮੈਂ ਮੁਸਲਮਾਨ ਨਹੀਂ ਸੀ 
ਫਿਰ ੳੁਹ ਅਾਏ ਤੇ ਅੰਬੇਦਕਰ ਦੇ ਬੁੱਤ 'ਤੇ 
ਕਾਲਖ ਮਲ ਕੇ ਅੌਹ ਗਏ 
ਮੈਂ ਨਾ ਬੋਲਿਅਾ ਇੱਕ ਵੀ ਸ਼ਬਦ 
ਕਿਓਂਕਿ.. ਮੈਂ ਨਹੀਂ ਸਾਂ ਬਾਬਾ ਸਾਹਿਬ ਕਹਿਣ ਵਾਲਿਆਂ ਚੋਂ
ਫਿਰ ਓਹ ਲੈਨਿਨ ਲਈ ਅਾਏ 
ਮੈਂ ਦੇਖਦਾ ਰਿਹਾ 
ਕਿਓਂਕਿ ਮੈਂ ਕਮਿੳੁਨਿਸਟ ਨਹੀਂ ਸਾਂ 
ਅੰਤ ਵਿੱਚ ਆਏ ਉਹ ਮੇਰੇ ਲਈ
ਤੇ ਹੋਰ ਕੋਈ ਨਹੀਂ ਸੀ
ਜੋ ਮੇਰੇ ਲਈ ਬੋਲਦਾ
ਗੁਸਤਾਖ਼ ਜ਼ਿਹਨ