Wednesday, May 1, 2019

ਲੁਧਿਆਣਾ ਵਿੱਚ ਮਈ ਦਿਵਸ ਮੌਕੇ ਏਟਕ ਵਲੋਂ ਸੰਘਰਸ਼ ਦਾ ਐਲਾਨ

ਮੁੱਖ ਨਿਸ਼ਾਨਾ ਚੋਣਾਂ 'ਚ ਭਾਜਪਾ ਨੂੰ ਹਰਾਉਣਾ ਐਲਾਨਿਆ 

ਲੁਧਿਆਣਾ1 ਮਈ 2019: (ਵਿਸ਼ਾਲ ਢੱਲ//ਕਾਮਰੇਡ ਸਕਰੀਨ)::
ਮਈ ਦਿਵਸ ਦੇ ਇਸ ਇਤਿਹਾਸਿਕ ਦਿਨ ਦੇ ਮੌਕੇ 'ਤੇ ਏਟਕ ਵੀ ਕਿਰਤੀ ਵਰਗ ਨਾਲ ਜੁੜੇ ਬਹੁਤ ਸਾਰੇ ਮਸਲਿਆਂ ਨੂੰ ਛੋਹਣ ਵਿੱਚ ਨਾਕਾਮ ਰਹੀ ਅਤੇ ਇਸ ਵਾਰ ਵੀ ਜ਼ਿਆਦਾ ਜ਼ੋਰ ਮੋਦੀ ਹਟਾਓ ਵਾਲੀ ਮੁਹਿੰਮ 'ਤੇ ਰਿਹਾ। ਹਾਲਾਂਕਿ ਸਫਾਈ ਸੇਵਕਾਂ ਅਤੇ ਸੀਵਰੇਜ ਦੇ ਵਰਕਰਾਂ ਦੀਆਂ ਤਕਲੀਫ਼ਾਂ ਨੂੰ ਬੇਹੱਦ ਨੇੜਿਉਂ ਹੋ ਕੇ ਦੇਖਣ ਵਾਲੇ ਕਾਮਰੇਡ ਵਿਜੇ ਕੁਮਾਰ ਦੇ ਜਨਰਲ ਸਕੱਤਰ ਬਣਨ ਤੋਂ ਬਾਅਦ ਇਹ ਪਹਿਲਾ ਮਈ ਦਿਵਸ ਸਮਾਗਮ ਸੀ। ਏਟਕ ਨਾਲ ਜੁੜੇ ਇਸਤਰੀ ਸੰਗਠਨ ਵੀ ਕਿਰਤੀ ਔਰਤਾਂ ਦੀਆਂ ਖੁਦਕੁਸ਼ੀਆਂ ਅਤੇ ਉਹਨਾਂ ਨਾਲ ਹੁੰਦੀਆਂ ਤਰਾਂ ਤਰਾਂ ਦੀਆਂ ਵਧੀਕੀਆਂ ਦੀ ਚਰਚਾ ਤੱਕ ਨਹੀਂ ਕਰ ਸਕੇ। ਏਟਕ ਨਾਲ ਜੁੜੇ ਸੱਭਿਆਚਾਰਕ ਸੰਗਠਨ ਵੀ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਿੱਚ ਚੱਲ ਰਹੇ ਵਿਵਾਦ ਬਾਰੇ ਕੁਝ ਨਹੀਂ ਬੋਲੇ। ਮਈ ਦਿਵਸ ਦਾ ਬਹੁਤ ਜ਼ੋਰ ਕੇਵਲ ਮੋਦੀ ਵਿਰੋਧ 'ਤੇ ਹੀ ਕੇਂਦਰਿਤ ਰਿਹਾ। ਮਈ ਦਿਵਸ ਤੇ ਕਾਮਿਆਂ ਨੇ ਆਪਣੇ ਅਧਿਕਾਰਾਂ ਦੀ ਰਾਖੀ ਦੇ ਨਾਲ ਨਾਲ ਸੰਘ ਪਰੀਵਾਰ ਦਆਂ ਫ਼ਿਰਕੂ ਲੀਹਾਂ ਤੇ ਸਮਾਜ ਨੂੰ ਵੰਡਣ ਅਤੇ ਮਜ਼ਦੂਰ ਲਹਿਰਾਂ ਨੂੰ ਤੋੜਨ ਦੀ ਸਾਜ਼ਿਸ਼ ਦੇ ਖਿਲਾਫ਼ ਸੰਘਰਸ਼ ਕਰਨ ਦਾ ਬਿਗੁਲ ਵਜਾਇਆ ਅਤੇ ਦੇਸ਼ ਦੀ ਏਕਤਾ ਅਖੰਡਤਾ ਅਤੇ ਅਨੇਕਤਾ ਵਿੱਚ ਏਕਤਾ ਦੀ ਰਾਖੀ ਕਰਨ ਦਾ ਪ੍ਰਣ ਲਿਆ। ਇਸ ਸਾਰੇ ਮਾਹੌਲ ਦੇ ਬਾਵਜੂਦ ਕਾਮਰੇਡ ਵਿਜੇ ਕੁਮਾਰ ਨੇ ਕਈ ਅਹਿਮ ਨੁਕਤੇ ਉਠਾਏ। 

ਅਜੇ ਵੀ ਅਣਗੌਲੇ ਹਨ ਪੱਤਰਕਾਰਾਂ ਅਤੇ ਲੇਖਕਾਂ ਨਾਲ ਜੁੜੇ ਮਸਲੇ 
ਕਲਮ, ਸਟੇਜ, ਅਧਿਆਪਨ ਅਤੇ ਸਾਹਿਤ ਨਾਲ ਜੁੜੇ ਕਿਰਤੀਆਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਇਸ ਵਾਰ ਵੀ ਚਰਚਾ ਨਹੀਂ ਹੋ ਸਕੀ। ਕਿੰਨੇ ਪੱਤਰਕਾਰਾਂ ਨੂੰ ਖ਼ੁਦਕੁਸ਼ੀ ਕਰਨੀ ਪਈ ? ਕਿੰਨਿਆਂ ਨਾਲ ਕੁੱਟਮਾਰ ਹੋਈ? ਕਿੰਨਿਆਂ ਕੁ ਨੂੰ ਬਿਨਾ ਕਿਸੇ ਨੋਟਿਸ ਦੇ ਕੰਮ ਤੋਂ ਕੱਢ ਦਿੱਤਾ ਗਿਆ? ਕਿੰਨੇ ਕੁ ਕਲਾਕਾਰਾਂ ਨੂੰ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ? ਅਜਿਹੇ ਬਹੁਤ ਸਾਰੇ ਮਸਲਿਆਂ ਨੂੰ ਅਣਗੌਲਿਆ ਜਿਹਾ ਛੱਡ ਦਿੱਤਾ ਗਿਆ। ਬਹੁਤ ਸਾਰੀਆਂ ਵੱਕਾਰੀ ਗਿਣੀਆਂ ਜਾਂਦੀਆਂ ਸਾਹਿਤਿਕ ਸੰਸਥਾਵਾਂ ਨਾ ਤਾਂ ਬਿਨਾ ਕੋਈ ਕਿਤਾਬ ਛਪੇ ਲੇਖਕ ਨੂੰ ਲੇਖਕ ਮੰਨਦੀਆਂ ਹਨ ਅਤੇ ਨਾ ਹੀ ਉਹਨਾਂ ਦੀਆਂ ਕਿਤਾਬ ਦੇ ਪ੍ਰਕਾਸ਼ਨ ਲਈ ਕੋਈ ਪਾਰਦਰਸ਼ੀ ਅਤੇ ਸਸਤਾ ਪਰਕਾਸ਼ਨ ਹਾਊਸ ਮੁਹਈਆ ਕਰਾਉਂਦੀਆਂ ਹਨ। ਅਜਿਹੇ ਬਹੁਤ ਸਾਰੇ ਸੁਆਲ ਹੁਣ ਉੱਠਣੇ ਹੀ ਬੰਦ ਹੋ ਗਏ ਹਨ। ਕੀ ਏਟਕ ਵਰਗੀਆਂ ਜੱਥੇਬੰਦੀਆਂ ਕੋਈ ਖੱਬੇਪੱਖੀ/ਲੋਕਪੱਖੀ ਪਰਕਾਸ਼ਨ ਅਦਾਰਾ ਸਰਗਰਮ ਕਰਨਗੀਆਂ? 

ਇਸ ਮੌਕੇ ਤੇ ਏਟਕ, ਜਾਇੰਟ ਕੌਂਸਲ ਆਫ਼ ਟਰੇਡ ਯੂਨੀਅਨਜ਼ ਅਤੇ ਨਗਰ ਨਿਗਮ ਦੀਆਂ ਵੱਖ ਵੱਖ ਯੂਨੀਅਨਾਂ ਵਲੋਂ ਗਿੱਲ ਰੋਡ ਲੁਧਿਆਣਾ ਵਿਖੇ ਆਯੋਜਿਤ ਜਨਤਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਏਟਕ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਆਰ ਐਸ ਐਸ ਦੀ ਅਗਵਾਈ ਹੇਠ ਚਲ ਰਹੀ ਕੇਂਦਰ ਵਿੱਚ ਕਾਬਜ਼ ਮੌਜੂਦਾ ਮੋਦੀ ਸਰਕਾਰ ਖੁੱਲ੍ਹੇ ਆਮ ਦੇਸ਼ ਨੂੰ ਵਿਦੇਸ਼ੀ ਪੂੰਜੀਪਤੀਆਂ ਨੂੰ ਸੌਂਪਣ ਲੱਗੀ ਹੈ ਜਿਸਦੇ ਕਾਰਨ ਸਾਡੇ ਦੇਸ਼ ਦੀ ਪੂੰਜੀ ਦੇਸ਼ੀ ਅਤੇ ਵਿਦੇਸ਼ੀ ਪੂਜੀਪਤੀਆਂ ਦੇ ਕਬਜੇ ਵਿੱਚ ਜਾ ਰਹੀ ਹੈ ਤੇ ਦੇਸ਼ ਦੀ ਤਰੱਕੀ ਦੇ ਲਾਭ ਆਮ ਜਨਤਾ ਤੋਂ ਖੁੱਸ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਨੌਕਰੀਆਂ ਵਿੱਚ ਬਹੁਤ ਕਮੀ ਆਈ ਹੈ, 50 ਲੱਖ ਦੇ ਕਰੀਬ ਨੌਕਰੀਆਂ ਨੋਟਬੰਦੀ ਕਾਰਨ ਖਤਮ ਹੋ ਗਈਆਂ ਹਨ ਖ਼ੁਦ ਸਰਕਾਰ ਵਲੋਂ ਮਜਦੂਰਾਂ ਦੇ ਹੱਕ ਵਿੱਚ ਬਣੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਲੇਬਰ ਸੁਧਾਰਾਂ ਦੇ ਨਾਂ ਤੇ ਸਮੁੱਚੇ ਕਾਨੂੰਨ ਪੂੰਜੀਪਤੀਆਂ ਦੇ ਹੱਕ ਵਿੱਚ ਬਣਾਏ ਜਾ ਰਹੇ ਹਨ। ਕੋਡ ਆਫ਼ ਵੇਜਿਜ਼ ਬਿਲ ਲਿਆ ਕੇ ਮਜ਼ਦੂਰਾਂ ਦੇ ਸਾਰੇ ਅਧਿਕਾਰ ਖੋਹ ਲਏ ਜਾਣ ਦੀਆਂ ਸਾਜ਼ਿਸ਼ਾਂ ਰਚੀਆ ਜਾ ਰਹੀਆ ਹਨ। ਸੁੱਰਖਿਆ ਖੇਤਰ ਵਿੱਚ ਵੀ 100 ਪ੍ਰਤੀਸ਼ਤ ਵਿਦੇਸ਼ੀ ਪੂੰਜੀ ਨੂੰ ਬੁਲਾ ਕੇ ਦੇਸ਼ ਦੀ ਪ੍ਰਭੂਸੱਤਾ ਅਤੇ ਸੁੱਰਖਿਆ ਨੂੰ ਖਤਰੇ ਵਿੱਚ ਪਾਇਆਾ ਜਾ ਰਿਹਾ ਹੈ।   ਠੇਕੇਦਾਰੀ ਨੂੰ ਵਧਾਇਆ ਜਾ ਰਿਹਾ ਹੈ ਜਿੱਥੇ ਕਿ ਮਜ਼ਦੂਰਾਂ ਨੁੰ ਦਿੱਤੇ ਜਾਣ ਵਾਲੇ ਕੋਈ ਹੱਕ ਲਾਗੂ ਨਹੀਂ ਹੁੰਦੇ ਤੇ ਘੱਟੋ ਘੱਟ ਉਜਰਤ ਵੀ ਨਹੀਂ ਦਿੱਤੀ ਜਾਂਦੀ। ਪਰਚੂਨ ਵਪਾਰ ਵਿੱਚ ਵੀ ਵਿਦੇਸ਼ੀ ਕਾਰਪੋਰੇਟ ਵਰਗ ਨੂੰ ਸੌਂਪਿਆ ਜਾ ਰਿਹਾ ਹੈ ਜਿਸਦੇ ਕਾਰਨ ਸਾਡੇ ਛੋਟੇ ਵਪਾਰੀਆਂ ਦੀ ਹਾਲਤ ਮੰਦੀ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸਦੀ ਹਾਲਤ ਤਰਸਯੋਗ ਹੋ ਜਾਏਗੀ।


ਖੇਤ ਮਜ਼ਦੂਰ ਸਭਾ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਗੋਰੀਆ ਨੇ ਕਿਹਾ ਕਿ ਖੇਤ ਮਜ਼ਦੂਰਾਂ ਦੀ ਹਾਲਤ ਮੰਦੀ ਹੁੰਦੀ ਜਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਕਿਰਤ ਕਾਨੂੰਨ ਅਨੁਸਾਰ ਖੇਤ ਮਜ਼ਦਰਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਣ।

ਇਸ ਮੌਕੇ ਤੇ ਬੋਲਦਿਆਂ ਸਫ਼ਾਈ ਲੇਬਰ ਯੂਨੀਅਨ ਪੰਜਾਬ (ਏਟਕ) ਦੇ ਜਨਰਲ ਸਕੱਤਰ ਕਾਮਰੇਡ ਵਿਜੈ ਕੁਮਾਰ ਨੇ ਕਿਹਾ ਕਿ ਸੋਸ਼ਲ ਸਿਕਿਉਰਿਟੀ ਕੋਡ ਬਣਾਉਣ ਦੇ ਲਈ ਟਰੇਡ ਯੂਨੀਅਨਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਜਾ ਰਿਹਾ। ਇਸ ਕੋਡ ਵਿੱਚ ਤਬਦੀਲੀਆਂ ਲਿਆ ਕੇ ਈ ਐਸ ਆਈ ਵਰਗੀਆਂ ਸਕੀਮਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਸਮਾਜਿਕ ਸੁੱਰਖਿਆ ਦੀਆਂ ਸਾਰੀਆਂ ਸਕੀਮਾਂ ਨੂੰ ਇੱਕੋ ਛੱਤ ਥੱਲੇ ਲਿਆਉਣ ਦੇ ਨਾਂ ਤੇ ਇਹਨਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। 

ਲੁਧਿਆਣਾ ਏਟਕ ਦੇ ਪਰਧਾਨ ਕਾਮਰੇਡ ਰਮੇਸ਼ ਰਤਨ ਨੇ ਕਿਹਾ ਕਿ ਹਰ ਕੰਮ ਨੂੰ ਆਉਟ ਸੋਰਸ ਕਰਕੇ ਠੇਕੇ ਤੇ ਦੇ ਕੇ ਪੱਕੀਆਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵਲੋਂ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੀ ਗੱਲ ਤਾਂ ਥੋਥੀ ਸਾਬਤ ਹੋਈ ਹੈ ਕਿਓਂਕਿ ਪੰਜ ਸਾਲ ਵਿੱਚ ਕੇਵਲ ਇੱਕ ਲੱਖ 35 ਹਜ਼ਾਰ ਨੌਕਰੀਆਂ ਹੀ ਨਿਕਲੀਆਂ ਹਨ।  ਪੈਨਸ਼ਨ ਵੀ ਖਤਮ ਕੀਤੀ ਜਾ ਰਹੀ ਹੈ। ਬੈਕਾਂ ਵਿੱਚ ਵਿਆਜ ਦਰਾਂ ਘਟਾ ਕੇ ਮੁਲਾਜ਼ਮਾਂ ਤੇ ਮੱਧਮ ਵਰਗ ਨੂੰ ਆਪਣੀ ਬੱਚਤ ਤੇ ਜਿਉਣ ਦੀਆਂ ਸਹੂਲਤਾਂ ਖਤਮ ਕੀਤੀਆਂ ਜਾ ਰਹੀਆਂ ਹਨ। 
ਕਾਮਰੇਡ ਗੁਰਮੇਲ ਮੈਲਡੇ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਵੀ ਇਹੋ ਹਾਲ ਹੈ। ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕੱਚੇ ਮੁਲਾਜ਼ਮ ਪੱਕੇ ਕਰਨਾ, ਨਵੀਂ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਲ ਸਕੀਮ ਲਾਗੂ ਕਰਨਾ, ਭੱਤਿਆਂ ਵਿੱਚ ਵਾਧਾ, ਪੇ ਕਮੀਸ਼ਨ ਰਿਪੋਰਟ, ਡੀ ਏ ਦੀਆਂ ਕਿਸ਼ਤਾਂ ਆਦਿ ਇੱਕ ਵੀ ਵਾਅਦਾ ਅਮਰਿੰਦਰ ਸਿੰਘ ਨੇ ਪੂਰਾ ਨਹੀਂ ਕੀਤਾ। ਇਸਦੇ ਵਿਰੋਧ ਵਿੱਚ ਮੁਲਾਜ਼ਮ ਆਗੂ ਸੱਜਣ ਸਿੰਘ ਮਰਨ ਵਰਤਤੇ ਬੈਠ ਗਏ ਹਨ ਤੇ ਜ਼ਿਲ੍ਹਾਵਾਰ ਭੁਖ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ।
ਕਾਮਰੇਡ ਐਮ ਐਸ ਭਾਟੀਆ ਨੇ ਕਿਹਾ ਕਿ ਠੇਕੇਦਾਰੀ ਤੇ ਕੰਮ ਕਰਦੇ ਵਰਕਰਾਂ ਨੂੰ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਏਟਕ ਲੁਧਿਆਣਾ ਉਹਨਾਂ ਦੇ ਲਈ ਉੱਚੇਚਾ ਸੰਘਰਸ਼ ਵਿੱਢੇਗੀ। ਹੌਜ਼ਰੀ ਵਿੱਚ  ਪੀਸ  ਰੇਟ ਵਿੱਚ ਕਈ ਸਾਲਾਂ ਤੋਂ ਕੋਈ ਵਾਧਾ ਨਹੀਂ ਹੋਇਆ ਜਦੋਂ ਕਿ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਹੌਜ਼ਰੀ ਮਜ਼ਦੂਰਾਂ ਲਈ ਕਿਰਤ ਕਾਨੂੰਨ ਨਾਂਹ ਦੇ ਬਰਾਬਰ ਹਨ।  ਨਾਂ ਤਾਂ ਈ ਐਸ ਆਈ ਲਾਗੂ ਹੁੰਦਾ ਹੈ, ਨਾਂ ਹੀ ਪ੍ਰਾਵੀਡੰਟ ਫ਼ੰਡ ਲਾਗੂ ਹੁੰਦਾ ਹੈ ਤੇ ਨਾਂ ਹੀ ਸਹੀ ਢੰਗ ਦੇ ਨਾਲ ਹਾਜ਼ਰੀ ਲਗਦੀ ਹੈ ਜਿਸ ਕਰਕੇ ਹੌਜ਼ਰੀ ਮਜ਼ਦੂਰ ਲਗਾਤਾਰ ਦਬਾਅ ਹੇਠ ਹੈ। 12-12 ਘੰਟੇ ਕੰਮ ਕਰਨ ਦੇ ਬਾਵਜੂਦ ਵੀ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ। ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਹੌਜ਼ਰੀ ਮਜ਼ਦੂਰਾਂ ਦੀ ਹਾਲਤ ਸੁਧਾਰਨ ਦੇ ਲਈ  ਕਿਰਤ ਕਾਨੂੰਨ ਲਾਗੂ ਕਰਵਾਵਾਂਗੇ।
ਕਾਮਰੇਡ ਗੁਰਨਾਮ ਸਿੰਘ ਸਿੱਧੂ ਨੇ ਰੇਹੜੀ ਫੜੀ ਤੇ ਕਬਾੜ ਦਾ ਕੰਮ ਕਰਨ ਵਾਲਿਆਂ ਦੀਆਂ ਸਮੱਸਿਆਵਾਂ ਦਾ ਉੱਚੇਚੇ ਤੌਰ ਤੇ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਇੱਕ ਪਾਸੇ ਮਾਫ਼ੀਆ ਤੇ ਦੂਜੇ ਪਾਸੇ ਪੁਲਿਸ ਉਹਨਾਂ ਨੂੰ ਪ੍ਰੇਸ਼ਾਲ ਕਰ ਰਹੀ ਹੈ।
ਆਸ਼ਾ ਵਰਕਰ ਯੂਨੀਅਨ ਆਗੂ ਕਾਮਰੇਡ ਜੀਤ ਕੌਰ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਨਿਯਮਿਤ ਕੀਤਾ ਜਾਏ।
ਕਾਮਰੇਡ ਚਰਨ ਸਿੰਘ ਸਰਾਭਾ ਨੇ ਕਿਹਾ ਕਿ ਸਿੱਖਿਆ ਤੇ ਸਿਹਤ ਦੇ ਮਾਮਲੇ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦੋਨੋ ਖੇਲ ਰਹੀਆਂ ਹਨ।

ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਰੋਡਵੇਜ਼ ਆਗੂ ਰਣਧੀਰ ਸਿੰਘ, ਕਾਮਰੇਡ ਕਾਮੇਸ਼ਵਰ, ਕਾਮਰੇਡ ਕੇਵਲ ਸਿੰਘ ਬਨਵੈਤ, ਕਾਮਰੇਡ ਰਾਮ ਪਰਤਾਪ, ਕਾਮਰੇਡ ਮਹੀਪਾਲ, ਕਾਮਰੇਡ ਗੁਰਨਾਮ ਗਿੱਲ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਐਸ ਪੀ ਸਿੰਘ, ਕਾਮਰੇਡ ਮਲਕੀਤ ਸਿੰਘ ਮਾਲੜਾ ਅਦਿ  ਸ਼ਾਮਿਲ ਸਨ। ਇਪਟਾ ਮੋਗਾ ਵਲੋਂ ਇੰਨਕਲਾਬੀ ਗੀਤ ਗਾਏ ਗਏ। ਕਾਮਰੇਡ ਮੋਹਮੱਦ ਸ਼ਫ਼ੀਕ ਵਲੋ ਨਜ਼ਮ ਪੜ੍ਹੀ ਜਿਹੜੀ ਕਿ ਬਹੁਤ ਪਸੰਦ ਕੀਤੀ ਗਈ।