Friday, May 8, 2026

ਸਰਕਾਰ ਇੱਕ ਅਲੱਗ ਚੀਜ਼ ਹੈ ਅਤੇ ਰਾਜ ਸੱਤਾ ਅਲੱਗ ਚੀਜ਼ ਹੈ

Gurtej Khiwa Khroud Writeup on Friday 8th May 2026 at 18:08 Regarding Left 

ਡਾਕਟਰ ਗੁਰਤੇਜ ਖੀਵਾ ਖੋਹਲ ਰਹੇ ਹਨ ਰਾਜ ਕਰਦੀ ਨੀਤੀ ਦੇ ਅਹਿਮ ਭੇਦ 

ਜਿਹੜਾ ਵੀ ਬੰਦਾ ਕੋਈ ਮਾਰਕਸਵਾਦੀ ਵਿਚਾਰਧਾਰਾ ਨੂੰ ਸਮਝਦਾ ਹੈ ਉਸ ਨੂੰ ਇਹਨਾਂ ਗੱਲਾਂ ਦਾ ਪਤਾ ਹੁੰਦਾ ਹੈ ਸਾਨੂੰ ਕਦੇ ਵੀ ਕੋਈ ਭੁਲੇਖਾ ਨਹੀਂ ਰਿਹਾ। ਆਮ ਲੋਕਾਂ ਨੂੰ ਇਹਨਾਂ ਗੱਲਾਂ ਦਾ ਭੁਲੇਖਾ ਲੱਗ ਸਕਦਾ ਹੈ। 

ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਸਰਕਾਰ ਇੱਕ ਅਲੱਗ ਚੀਜ਼ ਹੈ ਅਤੇ ਰਾਜ ਸੱਤਾ ਅਲੱਗ ਚੀਜ਼ ਹੈ। ਰਾਜ ਸੱਤਾ ਪੱਕੀ ਸਟੇਟ ਮਸ਼ੀਨਰੀ ਹੈ ਜੋ ਕਦੇ ਨਹੀਂ ਬਦਲਦੀ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਸਰਕਾਰਾਂ ਤਾਂ ਸਿਰਫ ਉਸ ਰਾਜ ਸੱਤਾ ਦੀ ਸੇਵਾ ਕਰਦੀਆਂ ਹਨ। ਜਿਹੜੀ ਵੀ ਸਰਕਾਰ ਸਟੇਟ ਮਸ਼ੀਨਰੀ ਦੀ ਵਧੀਆ ਢੰਗ ਨਾਲ ਸੇਵਾ ਕਰਦੀ ਹੈ, ਸਟੇਟ ਮਸ਼ੀਨਰੀ ਉੱਤੇ ਕਾਬਜ਼ ਜਮਾਤ ਉਸੇ ਪਾਰਟੀ ਦੀ ਸਰਕਾਰ ਚੁਣ ਲੈਂਦੀ ਹੈ। 

ਜਿਸ ਤਰ੍ਹਾਂ ਤੁਸੀਂ ਮੰਨ ਲਵੋ ਹੁਣ ਪੱਛਮੀ ਬੰਗਾਲ ਕੇਰਲਾ ਅਤੇ ਹੋਰ ਸੂਬਿਆਂ ਦੇ ਚੋਣ ਨਤੀਜੇ ਆਏ ਹਨ ਓਹ ਕਾਰਪੋਰੇਟ ਘਰਾਣਿਆਂ ਜੋ ਦੇਸ਼ ਦੀ ਆਰਥਿਕਤਾ ਅਤੇ ਸਟੇਟ ਮਸ਼ੀਨਰੀ ਉੱਤੇ ਕਾਬਜ ਹਨ। ਉਹਨਾਂ ਨੂੰ ਲੱਗਿਆ ਜਿਹੜੀ ਪਾਰਟੀ ਅਤੇ ਜਿਹੜੀ ਸਰਕਾਰ ਉਹਨਾਂ ਦੀ ਵਧੀਆ ਢੰਗ ਨਾਲ ਸੇਵਾ ਕਰ ਸਕਦੀ ਹੈ ਉਹਨਾਂ ਨੇ ਉਹ ਸਰਕਾਰਾਂ ਹੀ ਚੁਣ ਲਈਆਂ। 

ਆਮ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਸਰਕਾਰਾਂ ਵੋਟਾਂ ਨਾਲ ਚੁਣੀਆਂ ਜਾਂਦੀਆਂ ਹਨ। ਇਹ ਇੱਕ ਕਿਸਮ ਦਾ ਬਹੁਤ ਵੱਡਾ ਭੁਲੇਖਾ ਖੜਾ ਕੀਤਾ ਗਿਆ ਹੈ। ਇਹ ਅਖੌਤੀ ਜਮਹੂਰੀਅਤ ਦੇ ਅਲੰਬਰਦਾਰਾਂ ਵੱਲੋਂ ਪ੍ਰਾਪੇਗੰਡਾ ਕੀਤਾ ਗਿਆ ਹੈ ਕਿ ਸਾਡਾ ਦੇਸ਼ ਸਭ ਤੋਂ ਵੱਡੀ ਜਮਹੂਰੀਅਤ ਹੈ ਇੱਥੇ ਸਰਕਾਰਾਂ ਦੀ ਚੋਣ ਲੋਕ ਕਰਦੇ ਹਨ। 

ਉਲਟਾ ਉਹ ਲੋਕਾਂ ਨੂੰ ਹੀ ਉਲਾਂਭਾ ਦਿੰਦੇ ਹਨ ਕਿ ਲੋਕ ਮਾੜੇ ਬੰਦਿਆਂ ਨੂੰ ਅਤੇ ਮਾੜੀਆਂ ਪਾਰਟੀਆਂ ਨੂੰ ਕਿਉਂ ਚੁਣਦੇ ਹਨ। ਉਹ ਚੰਗੇ ਬੰਦੇ ਅਤੇ ਚੰਗੀਆਂ ਪਾਰਟੀਆਂ ਨੂੰ ਚੁਣ ਲਿਆ ਕਰਨ ਜੋ ਲੋਕਾਂ ਦਾ ਫਾਇਦਾ ਸੋਚਦੀਆਂ ਹੋਣ। ਅਸਲ ਵਿੱਚ ਇਹ ਲੋਕਾਂ ਨਾਲ ਇੱਕ ਬਹੁਤ ਵੱਡਾ ਫਰਾਡ ਕੀਤਾ ਜਾਂਦਾ ਹੈ। 

ਲੋਕਾਂ ਨੂੰ ਮੀਡੀਆ ਜਰੀਏ ਅਤੇ ਸਰਮਾਏਦਾਰਾਂ ਅਤੇ ਕਾਰਪੋਰੇਟਾਂ ਦੇ ਪ੍ਰਚਾਰ ਤੰਤਰ ਦੇ ਜਰੀਏ ਕੰਟਰੋਲ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਜਚਾਇਆ ਜਾਂਦਾ ਹੈ ਕਿ ਸਾਡੇ ਇੱਥੇ ਜਮਹੂਰੀਅਤ ਹੈ ਅਤੇ ਤੁਸੀਂ ਜਿਸ ਮਰਜ਼ੀ ਪਾਰਟੀ ਨੂੰ ਚੁਣ ਲਵੋ ਉਹ ਸਰਕਾਰ ਬਣਾ ਕੇ ਤੁਹਾਡੀ ਸੇਵਾ ਕਰੇਗੀ, ਜਦ ਕਿ ਅਸਲੀਅਤ ਇਹ ਹੈ ਕਿ ਇਹ ਸਾਰਾ ਕੁਝ ਪਰਦੇ ਦੇ ਪਿੱਛੇ ਹੁੰਦਾ ਹੈ। 

ਪਰਦੇ ਪਿੱਛੇ ਹੀ ਨੀਤੀਆਂ ਬਣਾਈਆਂ ਜਾਂਦੀਆਂ ਹਨ ਉਹ ਨੀਤੀਆਂ ਵੀ ਸਰਮਾਏਦਾਰਾਂ ਅਤੇ ਕਾਰਪੋਰੇਟਾਂ ਦੇ ਹੱਕ ਵਿੱਚ ਬਣਾਈਆਂ ਜਾਂਦੀਆਂ ਹਨ। ਸਰਕਾਰਾਂ ਤਾਂ ਸਿਰਫ ਉਹਨਾਂ ਸਰਮਾਏਦਾਰਾਂ ਕਾਰਪੋਰੇਟਾਂ ਅਤੇ ਧਨਾਡ ਲੋਕਾਂ ਦੀਆਂ ਰਖੈਲ ਹੁੰਦੀਆਂ ਹਨ। 

ਵੱਖ ਵੱਖ ਰੰਗ ਬਿਰੰਗੇ ਝੰਡਿਆਂ ਵਾਲੀਆਂ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਜਿਹੜੀ ਰਾਜ ਸੱਤਾ ਹੈ ਉਹ ਪੱਕੇ ਤੌਰ ਉੱਤੇ ਉਸ ਜਮਾਤ ਦੇ ਹੱਥ ਹੁੰਦੀ ਹੈ ਜਿਸ ਜਮਾਤ ਦਾ ਅਰਥ ਸਾਧਨਾਂ ਉੱਤੇ ਕਬਜ਼ਾ ਹੁੰਦਾ ਹੈ ਜਿਵੇਂ ਕਿ ਕਾਮਰੇਡ ਲੈਨਿਨ ਨੇ ਕਿਹਾ ਸੀ"ਬੁਰਜੂਆ ਜਮਹੂਰੀਅਤ ਵਿੱਚ ਵੋਟ ਬਟੋਰੂ ਪਾਰਟੀਆਂ ਤੁਹਾਨੂੰ ਕੁਝ ਸਾਲਾਂ ਬਾਅਦ ਇਹ ਪੁੱਛਣ ਲਈ ਆਉਂਦੀਆਂ ਹਨ ਇਹ ਅਗਲੇ ਪੰਜ ਸਾਲਾਂ ਲਈ ਕੁੱਟਣ ਤੇ ਲੁੱਟਣ ਦਾ ਲਾਸੰਸ ਹੁਣ ਕਿਸ ਪਾਰਟੀ ਨੂੰ ਦੇਣਾ ਹੈ?

ਜਿਹੜੀਆਂ ਗੱਲਾਂ ਮੈਂ ਮਾਰਕਸਵਾਦੀ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਇੱਥੇ ਲਿਖ ਰਿਹਾ ਹਾਂ ਅਸਲ ਵਿੱਚ ਇਹ ਉਹ ਬਾਹਰ ਮੁਖੀ ਸੱਚਾਈ ਹੈ ਜਿਸ ਤੋਂ ਕੋਈ ਵੀ ਬੰਦਾ ਜਿਹੜਾ ਮਾੜਾ ਮੋਟਾ ਦਿਮਾਗ ਰੱਖਦਾ ਹੈ ਇਸ ਤੋਂ ਇਨਕਾਰ ਨਹੀਂ ਕਰ ਸਕਦਾ। ਤੁਹਾਨੂੰ ਕੋਈ ਪਾਰਟੀ ਕੋਈ ਸਿਆਸੀ ਲੀਡਰ ਅਤੇ ਕੋਈ ਬੁੱਧੀਜੀਵੀ ਇਹ ਗੱਲਾਂ ਨਹੀਂ ਦੱਸੇਗਾ ਕਿ ਅਸਲ ਵਿੱਚ ਜੋ ਇਹ ਰਾਜ ਪ੍ਰਬੰਧ ਚੱਲ ਰਿਹਾ ਹੈ ਇਹ ਕਿਸ ਤਰ੍ਹਾਂ ਚੱਲ ਰਿਹਾ ਹੈ। 

ਇਹ ਮੈਂ ਇੱਕ ਮੋਟਾ ਜਿਹਾ ਖਾਕਾ ਪੇਸ਼ ਕੀਤਾ ਹੈ ਬਾਕੀ ਜੇ ਤੁਹਾਡੇ ਕੋਈ ਆਪਣੇ ਵਿਚਾਰ ਹਨ ਤਾਂ ਤੁਸੀਂ ਇਸ ਪੋਸਟ ਨੂੰ ਧਿਆਨ ਨਾਲ ਪੜੋ ਅਤੇ ਆਪਣੇ ਵਿਚਾਰ ਵੀ ਜਰੂਰ ਦਿਓ....!                                  

 ---ਡਾਕਟਰ ਗੁਰਤੇਜ ਸਿੰਘ ਖੀਵਾ ਮੋਬਾਇਲ ਨੰਬਰ 7901886210

Thursday, April 30, 2026

ਲੁਧਿਆਣਾ:ਮਜ਼ਦੂਰ ਜਥੇਬੰਦੀਆਂ ਵੱਲੋਂ ਮਨਾਇਆ ਜਾਵੇਗਾ ਮਜਦੂਰ ਦਿਵਸ ਸੰਮੇਲਨ

Ravinder Kaur on Tuesday 28th April 2026 at 14:19 Regarding May Day 

ਮਜ਼ਦੂਰਾਂ ਦੇ ਹੱਕਾਂ 'ਤੇ ਮਾਰੇ ਜਾ ਰਹੇ ਛਾਪਿਆਂ ਵਿਰੁੱਧ ਹੋਵੇਗੀ ਆਵਾਜ਼ ਬੁਲੰਦ 


ਲੁਧਿਆਣਾ
: 28 ਅਪ੍ਰੈਲ 2026: (ਮੀਡੀਆ ਲਿੰਕ ਬਿਊਰੋ//ਕਾਮਰੇਡ ਸਕਰੀਨ ਡੈਸਕ)::
ਸਾਲ ਭਰ ਤੁਸੀਂ ਪੰਜਾਬ ਦੀਆਂ ਸੜਕਾਂ ਗਲੀਆਂ ਅਤੇ ਮੁਹੱਲਿਆਂ ਵਿੱਚ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਕਦੇ ਕਿਸੇ ਮੁੱਦੇ ਨੂੰ ਲੈਕੇ ਪ੍ਰਚਾਰ ਕਰਦਿਆਂ ਦੇਖਿਆ ਹੋਣਾ ਹੈ ਕਦੇ ਕਿਸੇ ਮੁੱਦੇ ਨੂੰ ਲੈਕੇ। ਕਈ ਵਾਰ ਇਹਨਾਂ ਕੋਲ ਅਖਬਾਰਾਂ ਰਸਾਲੇ ਵੀ ਹੁੰਦੇ ਹਨ ਜਿਹੜੇ ਬਹੁਤ ਮਾਮੂਲੀ ਜਿਹੀ ਕੀਮਤ ਤੇ ਪਾਠਕਾਂ ਨੂੰ ਵੇਚੇ ਜਾਂਦੇ ਹਨ। ਕਈ ਵਾਰ ਇਹਨਾਂ ਕੋਲ ਪੈਂਫਲਿਟ ਅਤੇ ਇਸ਼ਤਿਹਾਰ ਵੀ ਹੁੰਦੇ ਹਨ ਜਿਹੜੇ ਮੁਫ਼ਤ ਵੀ ਦਿੱਤੇ ਜਾਂਦੇ ਹਨ। ਗਰਮੀਆਂ, ਸਰਦੀਆਂ ਅਤੇ ਧੁੱਪਾਂ-ਬਾਰਸ਼ਾਂ ਦੀ ਮਾਰ ਇਹਨਾਂ ਦੀ ਰਫਤਾਰ ਨਹੀਂ ਘਟਾਉਂਦੀ। ਇਸ ਵਾਰ ਇਹਨਾਂ ਦੀ ਪ੍ਰਚਾਰ ਮੁਹਿੰਮ ਮਈ ਦਿਵਸ ਮਨਾਉਣ ਵੱਲ ਸੇਧਿਤ ਹੈ। ਇਹਨਾਂ ਦੀ ਗੱਲ ਇੱਕ ਦੋ ਮਿੰਟ ਸੁਣਿਆਂ ਵੀ ਤੁਹਾਨੂੰ ਅਮਰੀਕਾ ਇਸਰਾਈਲ ਦੀਆਂ ਨੀਤੀਆਂ ਅਤੇ ਇਰਾਦੇ ਸਮਝ ਆਉਣ ਲੱਗਦੇ ਹਨ। ਨੋਇਡਾ ਵਿੱਚ ਮਜ਼ੂਰ ਗੁੱਸੇ ਵਿਚ ਕਿਓਂ ਆਏ ਇਸਦਾ ਪਤਾ ਲੱਗਣ ਲੱਗਦਾ ਹੈ। ਦਿਲਚਸਪ ਗੱਲ ਇਹ ਵੀ ਕਿ ਇਹ ਕੁਝ ਤੁਹਾਨੂੰ ਰਵਾਇਤੀ ਮੀਡੀਆ ਕਦੇ ਨਹੀਂ ਦੱਸਦਾ। ਇਸ ਵਾਰ ਇਸ ਕਾਫ਼ਿਲੇ ਵੱਲੋਂ ਮਈ ਦਿਵਸ ਮਨਾਉਣ ਅਤੇ ਲਾਲ ਝੰਡੇ ਨੂੰ ਹੋਰ ਉੱਚਾ ਲਿਜਾਣ ਦੀਆਂ ਕੋਸ਼ਿਸ਼ਾਂ ਹੋਰ ਤੇਜ਼ ਕੀਤੀਆਂ ਜਾਣੀਆਂ ਹਨ। 
  
ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਨੌਜਵਾਨ ਭਾਰਤ ਸਭਾ ਦੇ ਸਹਿਯੋਗ ਨਾਲ਼ 1 ਮਈ 2026 ਨੂੰ ਤਾਜਪੁਰ ਰੋਡ ਮਕਾਨ ਨੰ: 4135,ਮਜਦੂਰ ਲਾਇਬ੍ਰੇਰੀ ਦੇ ਸਾਹਮਣੇ ਈ.ਡਬਲਿਊ.ਐਸ. ਕਲੋਨੀ, ਸਾਹਮਣੇ ਦਿਆਲ ਪਬਲਿਕ ਸਕੂਲ ਵਿਖੇ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਜਾਵੇਗਾ। ਇਹ ਪ੍ਰੋਗਰਾਮ ਸਵੇਰੇ 10 ਤੋਂ 2 ਵਜੇ ਤੱਕ ਹੋਵੇਗਾ। 

ਕਾਰਖਾਨਾ ਮਜਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਅਤੇ ਟੈਕਸਟਾਇਲ ਹੌਜਰੀ ਕਾਮਗਾਰ ਯੂਨੀਅਨ ਦੇ ਉੱਪ-ਪ੍ਰਧਾਨ ਵਿਸ਼ਵਨਾਥ ਨੇ ਦੱਸਿਆ ਕਿ ਇਹ ਦਿਨ ਸ਼ਿਕਾਗੋ ਦੇ ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ '8 ਘੰਟੇ ਕੰਮ' ਦੀ ਮੰਗ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। 

ਅੱਜ ਦੇ ਦੌਰ ਵਿੱਚ ਯੂਨੀਅਨ ਅਤੇ ਸੂਬਾ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਇਹ ਸੰਘਰਸ਼ ਹੋਰ ਵੀ ਜਰੂਰੀ ਹੋ ਗਿਆ ਹੈ। ਨਵੇਂ ਲੇਬਰ ਕੋਡਾਂ ਰਾਹੀਂ ਮਜ਼ਦੂਰਾਂ ਦੇ ਕਾਨੂੰਨੀ ਹੱਕਾਂ 'ਤੇ ਹਮਲੇ ਕੀਤੇ ਜਾ ਰਹੇ ਹਨ ਅਤੇ 10-12 ਘੰਟੇ ਕੰਮ ਕਰਵਾ ਕੇ ਉਨ੍ਹਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ। 

ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਅਮੀਰਾਂ ਦੇ ਮੁਨਾਫ਼ੇ ਵਧਾਉਣ ਲਈ ਜਨਤਕ ਸਹੂਲਤਾਂ ਤੇ ਡਾਕੇ ਮਾਰ ਰਹੀਆਂ ਹਨ। ਮਜ਼ਦੂਰ ਦਿਵਸ ਸੰਮੇਲਨ ਦੀਆਂ ਤਿਆਰੀਆਂ ਲਗਭਗ ਪਿਛਲੇ 10 ਦਿਨਾਂ ਤੋਂ ਚੱਲ ਰਹੀਆਂ ਹਨ। ਲੁਧਿਆਣਾ ਦੇ ਅਲਗ-ਅਲੱਗ ਮਜ਼ਦੂਰ ਇਲਾਕਿਆਂ ਵਿੱਚ ਪਰਚੇ ਵੰਡ ਕੇ, ਪੋਸਟਰ ਲਾ ਕੇ, ਮੀਟਿੰਗਾਂ ਕਰਕੇ, ਮੰਡੀਆਂ ਵਿੱਚ ਝੰਡਾ ਮਾਰਚ ਕਰਕੇ, ਮਜਦੂਰ ਭੈਣ ਭਰਾਵਾਂ ਨੂੰ ਇਸ ਪ੍ਰੋਗਰਾਮ ਵਿੱਚ ਵਧ ਤੋਂ ਵਧ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ਜਾ ਰਹੀ ਹੈ। 

ਇਸ ਵਾਰ 1 ਮਈ ਦਿਨ ਸ਼ੁੱਕਰਵਾਰ ਨੂੰ ਕੀਤੇ ਜਾ ਰਹੇ ਪ੍ਰੋਗਰਾਮ ਵਿੱਚ ਇਨਕਲਾਬੀ ਨਾਟਕ, ਗੀਤ ਕਵਿਤਾਵਾਂ ਵੀ ਪੇਸ਼ ਕੀਤੀਆਂ ਜਾਣਗੀਆਂ ਅਤੇ ਆਗੂਆਂ ਵੱਲੋਂ ਮਈ ਦਿਵਸ ਦੇ ਇਤਿਹਾਸ ਅਤੇ ਅੱਜ ਦੇ ਸਮੇਂ ਸੰਘਰਸ਼ ਦੀ ਲੋੜ ਬਾਰੇ ਗੱਲ ਵੀ ਕੀਤੀ ਜਾਵੇਗੀ।

Wednesday, April 8, 2026

ਨਿਰਮਲ ਸਿੰਘ ਧਾਲੀਵਾਲ ਸਰਬਸੰਮਤੀ ਨਾਲ ਚੁਣੇ ਗਏ ਸੀਪੀਆਈ ਦੇ ਸੂਬਾ ਸਕੱਤਰ

Media Link Team on Wednesday 8th April 2026 at  4:15 PM Regarding Party Election

ਕਾਮਰੇਡ ਧਾਲੀਵਾਲ ਦਾ ਨਾਮ  ਪੇਸ਼ ਕੀਤਾ ਕਾਮਰੇਡ ਬੰਤ ਸਿੰਘ ਬਰਾੜ ਨੇ 


ਚੰਡੀਗੜ੍ਹ8 ਅਪ੍ਰੈਲ 2026: (ਮੀਡੀਆ ਲਿੰਕ 32//ਕਾਮਰੇਡ ਸਕਰੀਨ ਡੈਸਕ)::

ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੀ ਸੂਬਾ ਕੌਂਸਲ ਵਾਲੀ ਮੀਟਿੰਗ ਵਿੱਚ ਅੱਜ ਨਵੇਂ ਸੂਬਾ ਸਕੱਤਰ ਦੀ ਚੋਣ ਨੇਪਰੇ ਚੜ੍ਹੀ। ਇਸ ਪ੍ਰਕ੍ਰਿਆ ਅਧੀਨ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੂੰ ਸੂਬਾ ਸਕੱਤਰ ਚੁਣ ਲਿਆ ਗਿਆ। ਉਨ੍ਹਾਂ ਦਾ ਨਾਂਅ ਵਿਦਾ ਹੋ ਰਹੇ ਪਹਿਲੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਪੇਸ਼ ਕੀਤਾ ਜਿਸਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਮੈਂਬਰਾਂ ਨੇ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਵੀ ਕੀਤਾ। 

ਕੌਂਸਲ ਮੈਂਬਰਾਂ ਨੇ ਸਰਬ-ਸੰਮਤੀ ਨਾਲ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ। ਮੈਂਬਰਾਂ ਨੇ ਨਾਅਰੇ ਲਾ ਕੇ ਕਾਮਰੇਡ ਧਾਲੀਵਾਲ ਦਾ ਸਕੱਤਰ ਵਜੋਂ ਚੁਣੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਾਮਰੇਡ ਬੰਤ ਸਿੰਘ ਬਰਾੜ ਨੇ ਸਾਥੀ ਨਿਰਮਲ ਸਿੰਘ ਧਾਲੀਵਾਲ ਦੀ ਸ਼ਖਸੀਅਤ ਦੇ ਵੱਖ-ਵੱਖ ਮਾਣਮੱਤੇ ਪਹਿਲੂਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਧਾਲੀਵਾਲ ਜਿੱਥੇ ਵੱਡੇ ਟਰੇਡ ਯੂਨੀਅਨ ਆਗੂ ਹਨ, ਉੱਥੇ ਉਹ ਸੀਪੀਆਈ ਦੇ ਸੰਜੀਦਾ ਆਗੂਆਂ ਵਿੱਚ ਸ਼ੁਮਾਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਸਾਲ ਦੇ ਅਖੀਰ ਵਿੱਚ ਜਲੰਧਰ ਵਿੱਚ ਹੋਈ ਬੇਹੱਦ ਸਫ਼ਲ ਪਾਰਟੀ ਕਾਂਗਰਸ ਵਿੱਚ ਕਾਮਰੇਡ ਧਾਲੀਵਾਲ ਦੀ ਸ਼ਾਨਦਾਰ ਭੂਮਿਕਾ ਹਮੇਸ਼ਾ ਯਾਦ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਟ੍ਰਾਂਸਪੋਰਟ ਕਾਮਿਆਂ ਦੀ ਨੈਸ਼ਨਲ ਫੈਡਰੇਸ਼ਨ ਦੇ ਲੰਮਾ ਸਮਾਂ ਮੋਹਰੀ ਆਗੂ ਰਹੇ। ਬਰਾੜ ਨੇ ਇਹ ਵੀ ਦੱਸਿਆ ਕਿ ਕਾਮਰੇਡ ਧਾਲੀਵਾਲ ਨੇ ਵਕਾਲਤ ਕੀਤੀ ਹੋਈ ਹੈ। ਉਨ੍ਹਾਂ ਵਕਾਲਤ ਦਾ ਕਿੱਤਾ ਅਪਣਾਉਣ ਦੀ ਥਾਂ ਆਮ ਲੋਕਾਂ ਦੇ ਹਿੱਤਾਂ ਲਈ ਜੂਝਣ ਨੂੰ ਪਹਿਲ ਦਿੱਤੀ। ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕੀਤੀ।

ਕਾਮਰੇਡ ਨਿਰਮਲ ਸਿੰਘ ਧਾਲੀਵਾਲ
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ
ਇਸ ਦੌਰਾਨ ਸੂਬਾ ਐਗਜ਼ੈਕਟਿਵ ਵੀ ਚੁਣੀ ਗਈ। ਇਸ ਵਿੱਚ ਬੰਤ ਸਿੰਘ ਬਰਾੜ, ਨਿਰਮਲ ਸਿੰਘ ਧਾਲੀਵਾਲ, ਹਰਦੇਵ ਸਿੰਘ ਅਰਸ਼ੀ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਅਮਰਜੀਤ ਸਿੰਘ ਆਸਲ, ਦੇਵੀ ਕੁਮਾਰੀ ਸਰਹਾਲੀ ਕਲਾਂ, ਨਰਿੰਦਰ ਕੌਰ ਸੋਹਲ, ਬਲਦੇਵ ਸਿੰਘ ਨਿਹਾਲਗੜ੍ਹ, ਰਜਿੰਦਰਪਾਲ ਕੌਰ, ਲਖਬੀਰ ਸਿੰਘ ਨਿਜ਼ਾਮਪੁਰ, ਗੁਲਜ਼ਾਰ ਸਿੰਘ ਬਸੰਤ ਕੋਟ, ਕੁਲਵੰਤ ਸਿੰਘ ਮੌਲਵੀਵਾਲ, ਕ੍ਰਿਸ਼ਨ ਚੌਹਾਨ, ਦਵਿੰਦਰ ਸੋਹਲ, ਦਸਵਿੰਦਰ ਕੌਰ, ਕਸ਼ਮੀਰ ਸਿੰਘ ਫਿਰੋਜ਼ਪੁਰ, ਅਸ਼ੋਕ ਕੌਸ਼ਲ ਫਰੀਦਕੋਟ, ਮਹਿੰਦਰ ਪਾਲ ਸਿੰਘ ਮੁਹਾਲੀ, ਬਲਕਰਨ ਸਿੰਘ ਬਰਾੜ ਤੇ ਸੁਖਦੇਵ ਸਿੰਘ ਸਿਰਸਾ ਸ਼ਾਮਲ ਹਨ।

ਕਾਰਜਕਾਰਨੀ ਲਈ ਕੁਝ ਸੀਟਾਂ ਖਾਲੀ ਰੱਖੀਆਂ ਗਈਆਂ ਹਨ। ਨਵੇਂ ਚੁਣੇ ਗਏ ਸੂਬਾ ਸਕੱਤਰੇਤ ਵਿੱਚ ਬੰਤ ਸਿੰਘ ਬਰਾੜ, ਨਿਰਮਲ ਸਿੰਘ ਧਾਲੀਵਾਲ, ਹਰਦੇਵ ਸਿੰਘ ਅਰਸ਼ੀ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਅਮਰਜੀਤ ਸਿੰਘ ਆਸਲ, ਨਰਿੰਦਰ ਕੌਰ ਸੋਹਲ, ਬਲਦੇਵ ਸਿੰਘ ਨਿਹਾਲਗੜ੍ਹ, ਦੇਵੀ ਕੁਮਾਰੀ ਸਰਹਾਲੀ ਕਲਾਂ ਅਤੇ ਕ੍ਰਿਸ਼ਨ ਕੁਮਾਰ ਚੌਹਾਨ (ਇਨਵਾਇਟੀ) ਸ਼ਾਮਲ ਹਨ। ਕੁਝ ਸੀਟਾਂ ਖਾਲੀ ਰੱਖੀਆਂ ਗਈਆਂ। ਸੂਬਾ ਕੌਂਸਲ ਵੱਲੋਂ ਕਾਮਰੇਡ ਨਰਿੰਦਰ ਕੌਰ ਸੋਹਲ ਨੂੰ ਸੂਬਾ ਕੈਸ਼ੀਅਰ ਵਜੋਂ ਚੁਣਿਆ ਗਿਆ। ਸਹਾਇਕ ਕੈਸ਼ੀਅਰ ਕਾਮਰੇਡ ਮਹਿੰਦਰ ਪਾਲ ਨੂੰ ਚੁਣਿਆ ਗਿਆ। ਕਾਮਰੇਡ ਐੱਨ ਕੇ ਗੌੜ, ਵੇਦ ਪ੍ਰਕਾਸ਼ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ’ਤੇ ਅਧਾਰਤ ਆਡਿਟ ਕਮੇਟੀ ਦੀ ਚੋਣ ਕੀਤੀ ਗਈ।

ਕੰਟਰੋਲ ਕਮਿਸ਼ਨ ਦਾ ਚੇਅਰਮੈਨ ਸੁਖਚੈਨ ਸਿੰਘ ਨੂੰ ਚੁਣਿਆ ਗਿਆ। ਚੇਅਰਮੈਨ ਦੀ ਚੋਣ ਲਈ ਕਾਮਰੇਡ ਚੰਦ ਫਤਿਹਪੁਰੀ ਨੇ ਨਾਂਅ ਪੇਸ਼ ਕੀਤਾ। ਸੂਬਾ ਕੌਂਸਲ ਵੱਲੋਂ ਨੈਸ਼ਨਲ ਕੌਂਸਲ ਲਈ 6 ਮੈਂਬਰਾਂ ਦੇ ਨਾਂਅ ਪ੍ਰਵਾਨਗੀ ਲਈ ਭੇਜੇ ਗਏ ਹਨ। ਇਸ ਦੌਰਾਨ ਪਿਛਲੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਆਪਣੇ ਕਾਰਜਕਾਲ ਦੌਰਾਨ ਪੂਰੇ ਪੰਜਾਬ ਦੇ ਕਮਿਊਨਿਸਟਾਂ ਅਤੇ ਹੋਰਨਾਂ ਵੱਲੋਂ ਮਿਲੇ ਪਿਆਰ-ਸਤਿਕਾਰ ਲਈ ਧੰਨਵਾਦ ਕੀਤਾ।

ਸੂਬਾ ਕੌਂਸਲ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਡੀ. ਰਾਜਾ ਨੇ ਕਿਹਾ ਕਿ ਸੀ ਪੀ ਆਈ ਕੋਈ ਇਮਾਰਤ ਨਹੀਂ, ਇਹ ਭਾਵਨਾਵਾਂ ਅਤੇ ਮਨੁੱਖੀ ਦਰਦ ਰੱਖਣ ਵਾਲੇ ਲੋਕਾਂ ਦੀ ਪਾਰਟੀ ਹੈ। ਇਸ ਲਈ ਅਸੀਂ ਸੋਚਣਾ ਹੈ ਕਿ ਮਨੁੱਖਤਾ ਲਈ ਹੋਰ ਚੰਗੇਰਾ ਕੀ ਹੋ ਸਕਦਾ ਹੈ। ਡੀ. ਰਾਜਾ ਨੇ ਪੰਜਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਅਗਲੇ ਸਾਲ ਇੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ ਸਿਆਸੀ ਸਥਿਤੀ ਸੁਧਾਰਨ ਲਈ ਪੂਰਾ ਤਾਣ ਲਾਉਣਾ ਹੈ। ਪੰਜਾਬ ਲਈ ਇਹ ਚੋਣ ਬੜੀ ਮਹੱਤਵਪੂਰਨ ਹੈ। ਉਨ੍ਹਾਂ ਅਤੀਤ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਸੀ ਪੀ ਆਈ ਦੀ ਸ਼ਾਨਦਾਰ ਭੂਮਿਕਾ ਰਹੀ ਹੈ। ਉਨ੍ਹਾ ਕਿਹਾ ਕਿ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੂੰ ਵਿਧਾਨ ਸਭਾ ਵਿੱਚ ਵਧੀਆ ਭੂਮਿਕਾ ਨਿਭਾਉਣ ਬਦਲੇ ‘ਬੈੱਸਟ ਪਾਰਲੀਮੈਂਟੇਰੀਅਨ’ ਦਾ ਸਨਮਾਨ ਮਿਲ ਚੁੱਕਾ ਹੈ। ਇਹ ਸਾਡੇ ਭਵਿੱਖ ਲਈ ਪ੍ਰੇਰਨਾ-ਸਰੋਤ ਬਣਨਾ ਚਾਹੀਦਾ ਹੈ।

ਡੀ. ਰਾਜਾ ਨੇ ਕਿਹਾ ਕਿ ਇਸੇ ਅਪ੍ਰੈਲ ਮਹੀਨੇ ਵਿੱਚ ਕੇਰਲਾ, ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿੱਚ ਚੋਣਾਂ ਦਾ ਕੰਮ ਨੇਪਰੇ ਚੜ੍ਹਨਾ ਹੈ। ਸਾਨੂੰ ਆਸ ਹੈ ਕਿ ਕੇਰਲਾ ਵਿੱਚ ਖੱਬਾ ਫਰੰਟ ਮੁੜ ਸੱਤਾ ਸੰਭਾਲੇਗਾ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਮੁੱਖ ਮੁਕਾਬਲਾ ਭਾਜਪਾ ਅਤੇ ਟੀ ਐੱਮ ਸੀ ਦਰਮਿਆਨ ਹੈ। ਸੀਪੀਆਈ ਉੱਥੇ 17 ਸੀਟਾਂ ’ਤੇ ਚੋਣ ਲੜ ਰਹੀ ਹੈ। ਇਸੇ ਤਰ੍ਹਾਂ ਅਸਾਮ ਵਿੱਚ ਅਸੀਂ ਤਿੰਨ ਅਤੇ ਪੁਡੂਚੇਰੀ ਵਿੱਚ ਵੀ ਇੱਕ ਸੀਟ ’ਤੇ ਚੋਣ ਲੜ ਰਹੇ ਹਾਂ।

ਇਸ ਤੋਂ ਪਹਿਲਾਂ ਨਵੇਂ ਚੁਣੇ ਗਏ ਸੂਬਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬ ਵਿੱਚ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾ ਕਿਹਾ ਕਿ ਹਾੜ੍ਹੀ ਸੀਜ਼ਨ ਮੁੱਕਦਿਆਂ ਹੀ ਪੰਜਾਬ ਵਿੱਚ ਸੀ ਪੀ ਆਈ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਵਿੱਚ ਵੱਖ-ਵੱਖ ਥਾਂਵਾਂ ’ਤੇ ਕਨਵੈਨਸ਼ਨਾਂ ਵੀ ਕੀਤੀਆਂ ਜਾਣਗੀਆਂ। 

ਸੂਬਾ ਕੌਂਸਲ ਨੂੰ ਸੀ ਪੀ ਆਈ ਦੇ ਕੇਂਦਰੀ ਆਗੂ ਡਾ. ਗਰੀਸ਼ ਸ਼ਰਮਾ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਕਾਮਰੇਡ ਡੀ. ਰਾਜਾ, ਡਾ. ਗਰੀਸ਼ ਸ਼ਰਮਾ, ਕਾਮਰੇਡ ਹਰਦੇਵ ਸਿੰਘ ਅਰਸ਼ੀ, ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਕਾਮਰੇਡ ਬੰਤ ਸਿੰਘ ਬਰਾੜ ਨੂੰ ਸਨਮਾਨਤ ਕੀਤਾ।

Sunday, March 22, 2026

ਮੋਦੀ ਸਰਕਾਰ ਲੋਕਾਂ ਦੀ ਥਾਂ ਕਾਰਪੋਰੇਟਰਾਂ ਦਾ ਹਿੱਤ ਪੂਰਦੀ ਹੈ-ਬਰਾੜ

Karam Vakeel on Sunday 22nd March 2024 at 16:28 Regarding CPI meet at Chandigarh

ਚੰਡੀਗੜ੍ਹ ਅਤੇ ਮੁਹਾਲੀ ਦੀਆਂ CPI ਜ਼ਿਲ੍ਹਾ ਕੌਂਸਲਾਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ 

ਵਿਚਾਰ ਪੇਸ਼ ਕਰਦੇ ਬੰਤ ਬਰਾੜ ਬੈਠੇ ਸਾਥੀ ਹਨ: ਕਰਮ ਸਿੰਘ ਵਕੀਲ, ਰਾਜ ਕੁਮਾਰ, ਜੋਗਿੰਦਰ ਸ਼ਰਮਾ ਅਤੇ ਜਸਪਾਲ ਦੱਪਰ

ਚੰਡੀਗੜ੍ਹ: 22 ਮਾਰਚ 2026: (ਕਰਮ ਵਕੀਲ//ਮੀਡੀਆ ਲਿੰਕ 32//ਕਾਮਰੇਡ ਸਕਰੀਨ ਡੈਸਕ)::

ਸੀਪੀਆਈ, ਚੰਡੀਗੜ੍ਹ ਅਤੇ ਮੁਹਾਲੀ ਦੀਆਂ ਜ਼ਿਲ੍ਹਾ ਕੌਂਸਲਾਂ ਵਲੋਂ ਅਜੇ ਭਵਨ, ਚੰਡੀਗੜ੍ਹ ਵਿਖੇ ਇਕ ਸਮਾਗਮ ਕਰਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸ਼ਹੀਦਾਂ ਦਾ ਦਿਹਾੜਾ ਸਾਮਰਾਜ ਵਿਰੋਧੀ ਦਿਵਸ' ਵਜੋਂ ਮਨਾਇਆ ਗਿਆ। ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਸੂਬਾ ਸਕੱਤਰ ਸਾਥੀ ਬੰਤ ਬਰਾੜ, ਰਾਜ ਕੁਮਾਰ ਅਤੇ ਜਸਪਾਲ ਸਿੰਘ ਦੱਪਰ ਸਕੱਤਰ ਸੀਪੀਆਈ ਚੰਡੀਗੜ੍ਹ ਅਤੇ ਮੋਹਾਲੀ, ਜੋਗਿੰਦਰ ਸ਼ਰਮਾ ਅਤੇ ਕਰਮ ਸਿੰਘ ਵਕੀਲ ਸ਼ਾਮਿਲ ਹੋਏ। 

ਸਮਾਗਮ ਦੇ ਸ਼ੁਰੂ ਵਿਚ ਦੇਵੀ ਦਿਆਲ ਸ਼ਰਮਾ ਨੇ ਸਵਾਗਤੀ ਸ਼ਬਦ ਪੇਸ਼ ਕੀਤੇ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸੰਘਰਸ਼ਮਈ ਜੀਵਨ ਅਤੇ ਵਿਚਾਰਧਾਰਾ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।

ਸਾਥੀ ਬੰਤ ਬਰਾੜ ਸੂਬਾ ਸਕੱਤਰ ਸੀਪੀਆਈ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਅਤੇ ਉਸ ਦੇ ਭਾਈਵਾਲ ਆਰਐਸਐਸ ਦੇ ਵੰਡ ਪਾਊ ਮਨਸੂਬਿਆਂ ਅਤੇ ਲੋਕ ਮਾਰੂ ਨੀਤੀਆਂ ਨੂੰ ਮੁੱਢੋਂ ਨਕਾਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅੱਜ ਡੌਨਲਡ ਟਰੰਪ, ਨੇਤਿਨਯਾਹੂ ਅਤੇ ਨਰਿੰਦਰ ਮੋਦੀ ਸਾਮਰਾਜੀ ਸ਼ਕਤੀਆਂ ਅਤੇ ਪੂੰਜੀਪਤੀਆਂ ਦੇ ਫਾ਼ਇਦੇ ਲਈ ਮਨੁੱਖਤਾ ਦਾ ਘਾਣ ਕਰਦੇ ਇਕੋ ਰਸਤੇ ਚਲ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਤਾਕਤ ਵਿੱਚ ਆਉਣ ਤੋਂ ਬਾਅਦ ਹਮੇਸ਼ਾ ਜੰਗ ਛੇੜਕੇ ਹਥਿਆਰਾਂ ਦੀ ਮੰਡੀ ਨੂੰ ਲਾਭ ਪਹੁੰਚਾਉਂਦੇ ਰਹੇ ਹਨ। ਮਾਨਵਤਾ ਲਈ ਜ਼ਰੂਰੀ ਵਸਤਾਂ, ਖਾਦ ਸਮੱਗਰੀ ਅਤੇ ਦਵਾਈਆਂ ਦੀਆਂ ਕੀਮਤਾਂ ਵਿੱਚ ਚੌਖਾ ਵਾਧਾ ਕਰਦੇ ਹਨ। ਹਮੇਸ਼ਾ ਸਾਮਰਾਜੀ ਜੁੰਡਲੀ ਅਮਰੀਕਾ ਦੇ ਝੰਡੇ ਹੇਠ ਕੱਠੀ ਹੋਈ ਹੈ ਅਤੇ ਦੁਨੀਆਂ ਦੇ ਛੋਟੇ ਅਤੇ ਕਮਜ਼ੋਰ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਪਟਰੋਲ, ਗੈਸ ਅਤੇ ਵਡਮੁਲੇ ਖਣਿਜ ਪਦਾਰਥਾਂ ਨੂੰ ਡਰਾ-ਧਮਕਾ ਕੇ ਜਾਂ ਜੰਗ ਛੇੜ ਕੇ ਜ਼ਬਰੀ ਹਥਿਆਉਂਦੀ ਰਹੀ ਹੈ। ਕਿਊਬਾ, ਇਰਾਕ, ਇਰਾਕ, ਲਿਬਨਾਨ, ਵਿਅਤਨਾਮ, ਅਫ਼ਗ਼ਾਨਿਸਤਾਨ, ਵੈਨਜੂਏਲਾ ਸਮੇਤ ਅਨੇਕਾਂ ਦੇਸ਼ਾਂ ਨੇ ਇਕ ਤਰਫ਼ਾਂ ਜੰਗ ਦਾ ਸੰਤਾਪ ਹੰਢਾਇਆ ਹੈ। 

ਉਹਨਾਂ ਚੇਤੇ ਕਰਾਇਆ ਕਿ ਇਜ਼ਰਾਇਲ ਨੇ ਨਿਰਦੋਸ਼ੇ 70 ਹਜ਼ਾਰ ਫ਼ਲਸਤੀਨੀ ਔਰਤਾਂ ਅਤੇ ਬੱਚਿਆਂ ਦਾ ਨਰਸੰਘਾਰ ਕੀਤਾ ਹੈ। ਮੋਦੀ ਸਰਕਾਰ ਦੇਸ਼ ਵਿੱਚ ਮੁਸਲਮਾਨ ਭਰਾਵਾਂ ਪ੍ਰਤੀ ਨਫ਼ਰਤ ਫੈਲਾਉਣ ਅਤੇ ਉਜਾੜਨ ਵਾਲਾ ਵਤੀਰਾ ਰਖਦੀ ਹੈ ਪਰ ਇਜ਼ਰਾਇਲ ਵਿਚ ਜਾਕੇ ਉਨ੍ਹਾਂ ਨਾਲ ਪਿਆਰ ਜਤਾਉਂਦੀ ਹੈ। ਮੰਦਭਾਗੀ ਗੱਲ ਇਹ ਹੈ ਕਿ ਸਰਕਾਰ ਲੋਕ ਹਿੱਤਾਂ ਦੀ ਥਾਂ ਕਾਰਪੋਰੇਟਰਾਂ ਦੇ ਹਿੱਤ ਪੂਰਦੀ ਹੈ ਅਤੇ ਉਨ੍ਹਾਂ ਦੇ ਹੀ ਹਿੱਤਾਂ ਦੀ ਰਾਖੀ ਵਿੱਚ ਸਰਗਰਮ ਹੈ।

ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ਼ਹੀਦਾਂ ਨੇ ਫਿਰੰਗੀਆਂ ਤੋਂ ਦੇਸ਼ ਆਜ਼ਾਦ ਕਰਾਇਆ ਸੀ। ਅਸੀਂ ਉਨ੍ਹਾਂ ਅਗੇ ਨਤਮਸਤਕ ਹਾਂ ਪਰ ਅਜੋਕੇ ਸਮੇਂ ਵਿੱਚ ਮੋਦੀ ਸਰਕਾਰ ਲੋਕ ਪੱਖੀ ਕਨੂੰਨ ਬਿਨਾਂ ਸਬੰਧਤ ਧਿਰਾਂ ਨਾਲ ਸਲਾਹ ਕਰੇ ਹੀ ਬਦਲ ਕੇ ਲੋਕ ਮਾਰੂ ਕਨੂੰਨ ਲਿਆ ਰਹੀ ਹੈ। ਸਰਕਾਰ ਦੀ ਸ਼ਹਿ ਉਤੇ ਹੀ ਕਾਰਪੋਰੇਟ ਆਮ ਲੋਕਾਂ ਦੀ ਅੰਨੀ ਲੁੱਟ ਕਰ ਰਹੀ ਹਨ ਜਿਸ ਦਾ ਵਿਰੋਧ ਅਜੋਕੇ ਸਮੇਂ ਦੀ ਸਖ਼ਤ ਲੋੜ ਹੈ।

ਮੀਟਿੰਗ ਨੂੰ ਜਸਪਾਲ ਸਿੰਘ ਦੱਪਰ, ਜੋਗਿੰਦਰ ਸ਼ਰਮਾ, ਕਰਮ ਸਿੰਘ ਵਕੀਲ ਅਤੇ ਪ੍ਰੀਤਮ ਸਿੰਘ ਹੁੰਦਲ ਨੇ ਵੀ ਸੰਬੋਧਨ ਕੀਤਾ। ਸਾਥੀ ਰਾਜ ਕੁਮਾਰ ਨੇ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾਕਿ ਅਜੋਕੇ ਸਮੇਂ ਵਿਚ ਵਧੀਕੀਆਂ ਖ਼ਿਲਾਫ਼ ਲੜਨਾ ਹਰ ਸੰਘਰਸ਼ਸ਼ੀਲ ਸਾਥੀ ਦਾ ਪਹਿਲਾਂ ਫਰਜ਼ ਹੈ। ਮੀਟਿੰਗ ਦੌਰਾਨ ਬਲਵਿੰਦਰ ਸਿੰਘ, ਗੁਰਦਿਆਲ ਸਿੰਘ, ਸੁਰਿੰਦਰ ਸਿੰਘ ਜੜੋਤ, ਪ੍ਰਲਾਦ ਸਿੰਘ, ਸੇਵਕ ਸਿੰਘ, ਮਹਿੰਦਰਪਾਲ ਸਿੰਘ, ਮੁਹੰਮਦ ਆਜ਼ਮ, ਰਾਜੀਵ ਕੁਮਾਰ, ਕੇਹਰ ਸਿੰਘ, ਜਗਤਾਰ ਸਿੰਘ, ਲਾਲ ਜੀ ਲਾਲੀ, ਵਿਜੇ ਕੁਮਾਰ ਅਤੇ ਰਾਮ ਕੇਵਲ ਸਮੇਤ 50 ਨੇੜੇ ਯੂਨੀਅਨਾਂ ਦੇ ਰਹਿਨੁਮਾ ਸਾਥੀ ਸ਼ਾਮਿਲ ਹੋਏ।

ਜਾਰੀ ਕਰਤਾ-ਕਰਮ ਸਿੰਘ ਵਕੀਲ 

ਮੋਬਾਈਲ ਨੰਬਰ: 98143-44446 

Thursday, March 19, 2026

ਤਰਕਸ਼ੀਲ ਲਹਿਰ ਦੇ ਮੋਢੀ ਆਗੂ ਭਾਈ ਅਵਤਾਰ ਗਿੱਲ ਸ਼ਰਧਾਂਜਲੀ ਸਮਾਗਮ 20 ਨੂੰ

Kanwaljeet Khanna  on Thursday 19th March 2026 at 16:21 Regarding Taraksheel Avtar Singh Gill 

 ਮਿਰਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਅਰਪਿਤ ਕੀਤੀ ਗਈ 

ਲੁਧਿਆਣਾ: 19 ਮਾਰਚ 2026: (ਕੰਵਲਜੀਤ ਖੰਨਾ//ਮੀਡੀਆ ਲਿੰਕ32//ਕਾਮਰੇਡ ਸਕਰੀਨ ਡੈਸਕ)::

ਬੀਤੇ ਦਿਨੀਂ ਫੋਰਟਿਸ ਹਸਪਤਾਲ ਲੁਧਿਆਣਾ ਚ ਜੇਰੇ ਇਲਾਜ ਕਨਾਡਾ ਦੀ ਤਰਕਸ਼ੀਲ ਲਹਿਰ ਦੇ ਮੋਢੀ ਆਗੂ ਬਾਈ ਅਵਤਾਰ ਗਿੱਲ 14 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਏ ਸਨ‌। ਉਨ੍ਹਾਂ ਦੀ ਵਸੀਅਤ ਮੁਤਾਬਿਕ ਉਨ੍ਹਾਂ ਦੀ ਮਿਰਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਪਰਿਵਾਰ ਵਲੋਂ ਈ ਐਸ ਆਈ ਹਸਪਤਾਲ ਅਤੇ ਕਾਲਜ ਨੂੰ ਮੈਡੀਕਲ ਖੋਜ ਕਾਰਜਾਂ ਲਈ ਵੱਡੇ ਕਾਫ਼ਿਲੇ ਸੰਗ ਜਾ ਕੇ ਪਰਿਵਾਰ ਵਲੋਂ ਅਰਪਿਤ ਕਰ ਦਿੱਤੀ ਗਈ। 

ਉਨ੍ਹਾਂ ਦੀ ਇੱਛਾ ਮੁਤਾਬਿਕ ਹੀ ਇਸ ਮੌਕੇ ਕੋਈ ਧਾਰਮਿਕ ਰਸਮ ਨਹੀਂ ਨਿਭਾਈ ਗਈ। ਉਨ੍ਹਾਂ ਦੀ ਯਾਦ ਚ 20 ਮਾਰਚ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਦੀਪਕ ਮੈਰਿਜ ਪੈਲੇਸ , ਜੀ ਟੀ ਲੁਧਿਆਣਾ ਸਾਈਡ੍ਰਰੋਡ ਜਗਰਾਓਂ ਵਿਖੇ ਉਨ੍ਹਾਂ ਦੀ ਯਾਦ ਚ ਸ਼ਰਧਾਂਜਲੀ ਸਮਾਗਮ ਪਰਿਵਾਰ ਵਲੋਂ ਰੱਖਿਆ ਗਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੀ ਇੱਛਾ ਮੁਤਾਬਿਕ ਉਨ੍ਹਾਂ ਦੀ ਜੀਵਨ ਘਾਲਣਾ, ਉਨ੍ਹਾਂ ਦੀ ਤਰਕਸ਼ੀਲ ਅਤੇ ਇਨਕਲਾਬੀ ਸੋਚ ਤੇ ਪਹਿਰਾ ਦੇਣ, ਸਮਾਜ ਚ ਡੂੰਘੀਆਂ ਜੜ੍ਹਾਂ ਫੈਲਾਈ ਬੈਠੇ ਫੈਮ ਅੰਧਵਿਸ਼ਵਾਸ, ਗੈਰ ਬਰਾਬਰਤਾ ਖਿਲਾਫ ਸੰਘਰਸ਼ ਤੇਜ ਕਰਨ ਬਾਰੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਵਿਚਾਰਚਰਚਾ ਕਰਨਗੇ। 

ਕਨਾਡਾ ਪਰਵਾਸ ਦੇ ਪੈਂਤੀ ਸਾਲ ਦੋਰਾਨ ਲੋਕ ਮਸਲਿਆਂ ਤੇ ਉਨਾਂ ਵਲੋਂ ਦਿੱਤੀ ਗਈ ਅਗਵਾਈ ਨੂੰ ਉਚਇਆਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਚ ਇਨਕਲਾਬੀ ਗੀਤ ਸੰਗੀਤ, ਨਾਟਕ ਵੀ ਪੇਸ਼ ਕੀਤੇ ਜਾਣਗੇ। ਉਨ੍ਹਾਂ ਦੀ ਧਾਰਨਾ ਸੀ ਕਿ ਉਨ੍ਹਾਂ ਨੇ ਲੋਕ ਸਰੋਕਾਰਾਂ ਨਾਲ ਜੁੜ ਕੇ ਜ਼ਿੰਦਗੀ ਜੀਵੀ ਹੈ ਇਸ ਲਈ ਉਨ੍ਹਾਂ ਦੇ ਵਿਛੋੜੇ ਤੇ ਕੋਈ ਅਫਸੋਸ ਜਾਂ ਰੋਣ ਧੋਣ ਨਹੀਂ ਹੋਵੇਗਾ ਸਗੋਂ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨਾਲ ਵਿਚਾਰਾਂ ਅਤੇ ਮਕਸਦ ਦੀ ਪਵਿੱਤਰ ਸਾਂਝ ਨੂੰ ਮਜ਼ਬੂਤ ਕਰਨ ਦਾ ਅਹਿਦ ਲੈਣਗੇ।

ਇਸ ਤਰ੍ਹਾਂ ਉਹਨਾਂ ਦੇ ਜੀਵਨ ਅਤੇ ਲਾਈਫ ਸਟਾਈਲ ਵਾਂਗ ਉਹਨਾਂ ਦਾ ਸਦੀਵੀ ਵਿਛੋੜਾ ਵੀ ਯਾਦਗਾਰੀ ਹੋ ਨਿੱਬੜਿਆ। ਉਹਨਾਂ ਦੀ ਦੇਹ ਦਾ ਇਹ ਓਹਲਾ ਉਹਨਾਂ ਦੇ ਵਿਚਾਰਾਂ ਨਾਲ ਆਮ ਲੋਕਾਂ ਦੀ ਸਾਂਝ ਹੋਰ ਪੱਕੀ ਕਰ ਗਿਆ। ਉਹ ਜਿਸਮਾਨੀ ਪੱਖੋਂ ਅਦ੍ਰਿਸ਼ ਹੋ ਗਏ। ਅਲੋਫੋ ਗਏ ਪਾਰ ਉਹਨਾਂ ਦੀ ਜੀਵਨ ਭਰ ਦੀ ਘਾਲਣਾ ਲੋਕਾਂ ਲਈ ਇੱਕ ਮਿਸਾਲ ਬਣ ਗਈ। ਉਹ ਜਿਊਂਦੇ ਜੀਅ ਵੀ ਵਿਗਿਆਨਕ ਸੋਚ ਵਾਲੇ ਪੱਕੇ ਨਾਸਤਿਕ ਰਹੇ ਅਤੇ ਦੇਹਾਂਤ ਤੋਂ ਬਾਅਦ ਵੀ ਉਹਨਾਂ ਨੇ ਇਹਨਾਂ ਵਿਚਾਰਾਂ 'ਤੇ ਫਿਰ ਦਿੱਤਾ। 

Tuesday, March 17, 2026

ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਇਆ ਸੀ ਕਾਮਰੇਡ ਜੋਗਿੰਦਰ ਸਿੰਘ ਢਪਾਲੀ

Comrade Harbhagwan Bhikhi on Sunday 15th March 2026 at 20:58 Regarding Comrade Joginder Singh Dhpali

17ਮਾਰਚ ਨੂੰ ਸ਼ਰਧਾਂਜਲੀ ਸਮਾਗਮ ਤੇ ਵਿਸ਼ੇਸ਼//ਹਰਭਗਵਾਨ ਭੀਖੀ

ਭੀਖੀ//ਮਾਨਸਾ: (ਕਾਮਰੇਡ ਹਰਭਗਵਾਨ ਭੀਖੀ

ਜ਼ਿੰਦਗੀ ਦੇ ਸਫ਼ਰ ਤੋਂ ਬਾਅਦ ਉਸ ਦੇ ਕੀਤੇ ਕੰਮਾਂ ਨੂੰ ਚੇਤਿਆਂ ਵਿੱਚ ਰੱਖਿਆ ਜਾਵੇ ਇਹ ਹਰ ਕਿਸੇ ਦੇ ਹਿੱਸੇ ਨੇ ਨੀ ਆਉਂਦਾ 

ਪਾਸ਼ ਦੀ ਕਵਿਤਾ ਦੀਆਂ ਇਹ ਸਤਰਾਂ ਬਹੁ ਗਿਣਤੀ ਤੇ ਢੁੱਕਦੀਆਂ ਹਨ 

ਘਰ ਤੋਂ ਨਿਕਲਣਾ ਕੰਮ ਤੇ 

ਕੰਮ ਤੋਂ ਘਰ ਜਾਣਾ

ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ 

ਪਰ ਸੀਪੀਆਈ ਦੇ ਨਾਲ ਜੁੜਿਆ ਕਾਮਰੇਡ ਜੋਗਿੰਦਰ ਸਿੰਘ ਢਪਾਲੀ ਇਸ ਦੇ ਉਲਟ ਸਮਾਜਿਕ ਸਰੋਕਾਰਾਂ ਨਾਲ ਜੁੜ ਗਿਆ ਲੋਕਾਂ ਦੇ ਸੁਪਨੇ ਪੂਰੇ ਕਰਨ ਲਈ ਜੱਦੋਜਹਿਦ ਦਾ ਹਿੱਸਾ ਬਣ ਗਿਆ ਤੇ ਜਦ ਬਠਿੰਡਾ  ਤੇ ਹੁਣ ਮਾਨਸਾ ਜ਼ਿਲ੍ਹੇ ਦੇ ਕਸਬੇ ਭੀਖੀ ਚ ਲੰਮਾ ਸਰਪੰਚ ਕਾਮਰੇਡ ਫਕੀਰਿਆ ਦੇ ਪ੍ਰਭਾਵ ਹੇਠ ਕਸਬੇ ਚ ਸੀ ਪੀ ਆਈ ਪੂਰੀ ਸਰਗਰਮ ਸੀ ਤਾਂ 1986 ਚ ਕਾਮਰੇਡ ਜੋਗਿੰਦਰ ਸਿੰਘ ਢਪਾਲੀ ਕਾਮਰੇਡ ਫਕੀਰਿਆ ਦੇ ਪ੍ਰਭਾਵ ਹੇਠ ਆ ਗਿਆ ਏਹੀ ਓਹ ਦੌਰ ਸੀ ਜਦ ਪੰਜਾਬ ਚ ਖਾਲਿਸਤਾਨੀ ਲਹਿਰ ਪੂਰੇ ਜੋਬਨ ਤੇ ਸੀ ਤੇ ਸਰਕਾਰ ਤੇ ਦਹਿਸ਼ਤਗਰਦਾਂ ਵੱਲੋਂ ਖੱਬੇ ਪੱਖੀ ਧਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤੇ ਜਦੋਂ ਉਸ ਕੋਈ ਲਾਲ ਝੰਡਾ ਚੁੱਕਣ ਲਈ ਤਿਆਰ ਜਲਦੀ ਜਲਦੀ ਤਿਆਰ ਨਹੀਂ ਸੀ ਹੁੰਦਾ ਤਦ ਕਾਮਰੇਡ ਜੋਗਿੰਦਰ ਸਿੰਘ ਢਪਾਲੀ ਕਮਿਊਨਿਸਟ ਦਾ ਸਥਾਨਕ ਸਰਗਰਮ ਆਗੂ ਬਣ ਗਿਆ 

 ਕਾਮਰੇਡ ਜੋਗਿੰਦਰ ਸਿੰਘ ਦਾ ਪਿਛਲਾ ਪਿੰਡ ਢਪਾਲੀ ਸੀ ਪਰ ਨਾਨਕੇ ਘਰ ਢੇਰੀ ਮਿਲਣ ਕਾਰਨ ਉਨ੍ਹਾਂ ਦਾ ਪਰਿਵਾਰ ਭੀਖੀ ਆ ਵਸਿਆ

ਕਾਮਰੇਡ ਜੋਗਿੰਦਰ ਸਿੰਘ ਢਪਾਲੀ 84ਸਾਲ ਪਹਿਲਾਂ ਪਿਤਾ ਨੰਦ ਸਿੰਘ ਦੇ ਘਰ ਹੋਇਆ 

ਦਸਵੀਂ ਪਾਸ ਕਾਮਰੇਡ ਦਾ ਵਿਆਹ ਪਿੰਡ ਦੂਲੋਵਾਲ ਮਹਰੂਮ ਗੁਰਦਿਆਲ ਕੌਰ ਨਾਲ ਹੋਇਆ 

ਜਿੰਨਾ ਦੇ ਘਰ ਤਿੰਨ ਬੱਚਿਆਂ ਵੱਡੀ ਬੇਟੀ ਕਿਰਨਜੀਤ ਕੌਰ, ਬੇਟਾ ਜਗਸੀਰ ਸਿੰਘ ਤੇ ਸੁਖਦੇਵ ਸਿੰਘ ਪੈਦਾ ਹੋਏ ਜੋ ਵਿਆਹੁਤਾ ਹਨ। ਕਾਮਰੇਡ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦਾ ਸਭ ਤੋਂ ਛੋਟਾ ਬੇਟਾ ਕੁਝ ਸਮਾਂ ਪਹਿਲਾਂ ਅਚਾਨਕ ਸਦੀਵੀ ਵਿਛੋੜਾ ਦੇ ਗਿਆ।ਹਾਲੇ ਮਹਰੂਮ ਸੁਖਦੇਵ ਸਿੰਘ ਦੀ ਨੂੰਹ ਕੁਝ ਦਿਨ ਪਹਿਲਾਂ ਹੀ ਕਨੇਡਾ ਗਈ ਸੀ

ਕਾਮਰੇਡ ਜੋਗਿੰਦਰ ਸਿੰਘ ਢਪਾਲੀ ਪਾਰਟੀ ਦੇ ਸੱਦੇ ਤੇ ਅਨੇਕਾਂ ਵਾਰ ਦਿੱਲੀ, ਚੰਡੀਗੜ੍ਹ ਤੇ ਜਾਂਦਾ ਰਿਹਾ ਅਨੇਕਾਂ ਕਾਮਰੇਡ ਉਨ੍ਹਾਂ ਘਰ ਆਉਂਦੇ ਜਾਂਦੇ ਸਨ ਤੇ ਉਹ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ਾਂ ਚ ਸ਼ਾਮਲ ਹੋਇਆ 

ਜ਼ਿੰਦਗੀ ਦੇ ਆਖਰੀ ਪੜਾਅ 'ਤੇ ਉਨ੍ਹਾਂ ਬੇਸ਼ੱਕ ਬਿਮਾਰ ਅਵਸਥਾ ਕਰਕੇ ਬਾਹਰ ਜਾਣਾ ਬੰਦ ਕਰ ਦਿੱਤਾ ਸੀ ਲੇਕਿਨ ਹਮਉਮਰ ਸਾਥੀਆਂ ਤੇ ਨੌਜਵਾਨਾਂ ਨਾਲ ਰਾਬਤਾ ਬਰਕਰਾਰ ਰੱਖਣ ਲਈ ਨਹਿਰ  ਕਿਨਾਰੇ ਬੈਠਣ ਲਈ ਸ਼ੈੱਡ, ਕੁਰਸੀਆਂ, ਤਖਤਪੋਸ਼ ਦਾ ਸਾਥੀਆਂ ਨਾਲ ਮਿਲ ਕੇ ਸਥਾਪਤ ਕੀਤਾ ਬੇਸ਼ੱਕ ਮੇਰੇ ਸਮੇਤ ਬਾਕੀਆਂ ਦਾ ਵੀ ਯੋਗਦਾਨ ਸੀ ਪਰ ਉਸ ਨਾਲ ਉਸ ਦਾ ਨੇੜਲਾ ਰਿਸ਼ਤਾ ਪੰਡਤ ਅਮਰਨਾਥ ਸ਼ਰਮਾ ਨਾਲ ਰਿਹਾ ਹਰ ਗੱਲ ਸਾਂਝੀ ਕਰਦੇ  ਜਦ ਨਹਿਰ ਕਿਨਾਰੇ ਸ਼ੈੱਡ ਹੇਠ ਦੁਨੀਆਂ ਭਰ ਦੀਆਂ ਤੇ ਰਾਜਨੀਤਕ  ਗੱਲਾਂ ਹੁੰਦੀਆਂ ਪਿਛਲੇ ਦਿਨੀਂ ਜਦ ਕਾਮਰੇਡ ਜੋਗਿੰਦਰ ਸਿੰਘ ਢਪਾਲੀ ਦੇ ਘਰ ਦੁੱਖ ਦਾ ਪ੍ਰਗਟਾਵਾ ਕਰਨ ਆਏ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਮੇਰੇ ਘਰ ਪਹੁੰਚ ਕੇ ਦੱਸਿਆ ਇੱਕ ਸਮਰਪਿਤ ਕਾਮਰੇਡ ਕੌ ਦਿੱਤਾ ਹੈ

ਕਾਮਰੇਡ ਜੋਗਿੰਦਰ ਸਿੰਘ ਢਪਾਲੀ ਦੇ ਨਮਿਤ ਸ਼ਰਧਾਂਜਲੀ ਸਮਾਗਮ 17ਮਾਰਚ ਦਿਨ ਮੰਗਲਵਾਰ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਭੀਖੀ ਵਿਖੇ ਹੋਵੇਗਾ ਜਿੱਥੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਸ਼ਰਧਾਂਜਲੀ ਭੇਟ ਕਰਨਗੇ

          --ਹਰਭਗਵਾਨ ਭੀਖੀ //9876896122

Sunday, March 1, 2026

ਅਮਰੀਕਾ ਅਤੇ ਇਸਰਾਈਲ ਦੇ ਖਿਲਾਫ ਰੋਸ ਅਤੇ ਰੋਹ ਦੀ ਤਿੱਖੀ ਲਹਿਰ

Comrade Sukhdarshan Natt on Sunday 1st March 2026 at 14:03 Regarding War By USA and Israel 

ਮਾਨਸਾ ਦੇ ਬਸ ਸਟੈਂਡ 'ਤੇ ਫੂਕਿਆ ਟਰੰਪ ਤੇ ਨੇਤਨਯਾਹੂ ਦਾ ਪੁਤਲਾ

*ਇਰਾਨ ਉਤੇ ਹਮਲਿਆਂ ਵਿਰੁੱਧ ਖੱਬੇ ਪੱਖੀਆਂ ਤੇ ਮਜ਼ਦੂਰ ਕਿਸਾਨ ਸੰਗਠਨਾਂ ਨੇ ਸਾੜੇ ਟਰੰਪ ਤੇ ਨੇਤਨਯਾਹੂ ਦੇ ਪੁਤਲੇ 

*ਖਾਮਨੇਈ ਨੂੰ ਸ਼ਹੀਦ ਕਰਨ ਦੀ ਅਮਰੀਕਾ ਇਜ਼ਰਾਈਲ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ 


ਮਾਨਸਾ
: 1 ਮਾਰਚ 2026: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::

ਅਮਰੀਕਾ-ਇਜ਼ਰਾਈਲ ਹਮਲਾਵਰ ਜੁੰਡਲੀ ਵਲੋਂ ਇਰਾਨ ਦੀ ਸਿਖਰਲੀ ਲੀਡਰਸ਼ਿਪ ਅਤੇ ਸਕੂਲੀ ਬੱਚੀਆਂ ਸਹਿਤ ਆਮ ਲੋਕਾਂ ਦੀਆਂ ਜਾਨਾਂ ਲੈਣ ਦੇ ਵਿਰੋਧ ਵਿੱਚ ਅੱਜ ਇਥੇ ਖੱਬੀਆਂ ਪਾਰਟੀਆਂ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਟਰੰਪ ਤੇ ਨੇਤਨਯਾਹੂ ਦਾ ਪੁਤਲਾ ਫੂਕਿਆ ਅਤੇ ਇਸ ਇਕਪਾਸੜ ਹਮਲੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਸਥਾਨਕ ਬੱਸ ਸਟੈਂਡ ਸਾਹਮਣੇ ਕੀਤੇ ਇਸ ਰੋਸ ਵਿਖਾਵੇ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸੀਪੀਐਮ ਦੇ ਜ਼ਿਲ੍ਹਾ ਆਗੂ ਘਣੀਸ਼ਾਮ ਨਿੱਕੂ, ਪ੍ਰਗਤੀਸ਼ੀਲ ਇਸਤਰੀ ਸਭਾ ਵਲੋਂ ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਮੁਸਲਿਮ ਫਰੰਟ ਪੰਜਾਬ ਵਲੋਂ ਸ਼ਿੰਗਾਰਾ ਖਾਨ ਤੇ ਰਵੀ ਖਾਨ, ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵਲੋਂ ਗੁਰਸੇਵਕ ਮਾਨ, ਬਿੰਦਰ ਕੌਰ ਉੱਡਤ, ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਕੇਵਲ ਸਿੰਘ, ਆਟੋ ਰਿਕਸ਼ਾ ਯੂਨੀਅਨ ਵਲੋਂ ਪ੍ਰਧਾਨ ਗੋਗੀ ਸਿੰਘ ਅੰਗਰੇਜ਼ ਘਰਾਂਗਣਾ , ਰਾਜੀਵ ਕੁਮਾਰ ਅਤੇ ਕਰਨੈਲ ਸਿੰਘ ਮਾਨਸਾ, ਸੁਖਚਰਨ ਦਾਨੇਵਾਲੀਆ ਤੇ ਮਨਜੀਤ ਸਿੰਘ ਸੋਢੀ ਹਾਜ਼ਰ ਸਨ।

ਇਸ ਰੋਸ ਵਿਖਾਵੇ ਨੂੰ ਸੰਬੋਧਨ ਕਰਦੇ ਹੋਏ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇਰਾਨ ਨੇ ਨਾ ਕਿਸੇ ਹੋਰ ਦੇਸ਼ ਉਤੇ ਕਬਜ਼ਾ ਕੀਤਾ ਹੈ ਨਾ ਕੋਈ ਹਮਲਾ, ਬਿਨਾਂ ਕਿਸੇ ਭੜਕਾਹਟ ਤੋਂ ਉਸ ਉਤੇ ਭਿਆਨਕ ਹਮਲਾ ਕਰਕੇ ਟਰੰਪ ਜੁੰਡਲੀ ਵਲੋਂ ਇਰਾਨ ਦੀ ਸਾਰੀ ਮੋਹਰੀ ਲੀਡਰਸ਼ਿਪ ਨੂੰ ਸ਼ਹੀਦ ਕਰ ਦੇਣਾ ਸ਼ਰੇਆਮ ਕੌਮਾਂਤਰੀ ਪੱਧਰ 'ਤੇ ਗੁੰਡਾਗਰਦੀ ਹੈ। ਕਾਮਰੇਡ ਸੁਖਦਰਸ਼ਨ ਨੱਤ ਨੇ ਕਿਹਾ ਕਿ ਅਮਰੀਕਾ ਸੰਸਾਰ ਦੇ ਸਾਰੇ ਤੇਲ ਭੰਡਾਰਾਂ ਅਤੇ ਹੋਰ ਕੁਦਰਤੀ ਸਰੋਤਾਂ ਉਤੇ ਕਬਜ਼ਾ ਕਰਨ ਦੀ ਲੁਟੇਰੀ ਸਾਮਰਾਜੀ ਨੀਤੀ ਉੱਤੇ ਚੱਲ ਰਿਹਾ ਹੈ। ਉਹ ਪਹਿਲਾਂ ਹੀ ਇਰਾਕ, ਲਿਬੀਆ, ਸੀਰੀਆ ਤੇ ਵੇਨੇਜ਼ੁਏਲਾ ਨੂੰ ਲੁੱਟ ਰਿਹਾ ਹੈ। ਇਰਾਨ ਉਤੇ ਵੀ ਬਿਨਾਂ ਕਿਸੇ ਭੜਕਾਹਟ ਦੇ ਟਰੰਪ ਨੇ ਉਸ ਦਾ ਤੇਲ ਲੁੱਟਣ ਤੇ ਉਥੇ ਅਪਣੀ ਦਲਾਲ ਸਰਕਾਰ ਬਣਾਉਣ ਦੇ ਉਦੇਸ਼ ਨਾਲ ਹੀ ਹਮਲਾ ਕੀਤਾ ਹੈ। ਜੇਕਰ ਦੁਨੀਆਂ ਦੀ ਇਨਸਾਫਪਸੰਦ ਜਨਤਾ ਅਤੇ ਸਰਕਾਰਾਂ ਨੇ ਉਸ ਦਾ ਮੂੰਹ ਨਾ ਭੰਨਿਆ, ਤਾਂ ਬਿਨਾਂ ਸ਼ੱਕ ਟਰੰਪ ਕਿਊਬਾ ਨੂੰ ਅਗਲਾ ਨਿਸ਼ਾਨਾ ਬਣਾਵੇਗਾ। 

ਘਣੀ ਸ਼ਾਮ ਨਿੱਕੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵਲੋਂ ਕੁਝ ਦਿਨ ਪਹਿਲਾਂ ਹੀ ਗਾਜ਼ਾ ਵਿੱਚ ਸੱਤਰ ਹਜ਼ਾਰ ਤੋਂ ਵੱਧ ਬੇਕਸੂਰ ਲੋਕਾਂ ਨੂੰ ਮਾਰਨ ਵਾਲੇ ਬੁੱਚੜ ਨੇਤਨਯਾਹੂ ਨਾਲ ਜੱਫੀਆਂ ਪਾਉਣ ਦੀ ਸਖ਼ਤ ਆਲੋਚਨਾ ਕੀਤੀ। ਕ੍ਰਿਸ਼ਨ ਚੌਹਾਨ ਦਾ ਕਹਿਣਾ ਸੀ ਕਿ ਇਹ ਇਕ ਸੰਕੇਤਕ ਰੋਸ ਪ੍ਰਦਰਸ਼ਨ ਸੀ, ਸਮੂਹ ਧਰਮ ਨਿਰਪੱਖ ਜਮਹੂਰੀ ਤੇ ਸਾਮਰਾਜ ਵਿਰੋਧੀ ਤਾਕਤਾਂ ਵਲੋਂ ਮਿਲ ਕੇ ਆਉਂਦੇ ਦਿਨਾਂ ਵਿੱਚ ਟਰੰਪ ਤੇ ਨੇਤਨਯਾਹੂ ਖਿਲਾਫ ਹੋਰ ਵੀ ਵਿਸ਼ਾਲ ਪ੍ਰੋਟੈਸਟ ਕੀਤੇ ਜਾਣਗੇ। 

ਰਵੀ ਖਾਨ ਨੇ ਕਿਹਾ ਕਿ ਸ਼ਹੀਦ ਖਾਮਨੇਈ ਸਿਰਫ਼ ਇਰਾਨ ਦਾ ਨਹੀਂ ਸੀ, ਉਹ ਸੰਸਾਰ ਭਰ ਦੇ ਸ਼ੀਆ ਮੁਸਲਮਾਨਾਂ ਦਾ ਇਕ ਸਤਿਕਾਰਤ ਧਾਰਮਿਕ ਆਗੂ ਸੀ। ਇਜ਼ਰਾਈਲ ਅਮਰੀਕਾ ਨੂੰ ਉਨ੍ਹਾਂ ਦੀ ਜਾਨ ਲੈਣ ਦੀ ਵੱਡੀ ਕੀਮਤ ਤਾਰਨੀ ਪਵੇਗੀ। 

Thursday, February 26, 2026

RMPI ਨੇ ਚੰਡੀਗੜ੍ਹ ਰੈਲੀ ਕਰਕੇ ਆਮ ਜਨਤਾ ਅਤੇ ਸਿਆਸਤਾਂ ਨੂੰ ਦਿੱਤਾ ਹਲੂਣਾ

Posted on 26th February 2026 at 4:02 PM Regarding RMPI Rally Chandigarh 

ਕੇਂਦਰ ਦੀਆਂ ਪੰਜਾਬ ਵਿਰੋਧੀ ਸਾਜਿਸ਼ਾਂ ਦਾ ਇਕਜੁੱਟ ਹੋ ਕੇ ਬੁਥਾੜ ਭੰਨਣ ਸਮੂਹ ਪੰਜਾਬੀ: ਪਾਸਲਾ 

ਪੰਜਾਬੀਆਂ ਨੂੰ ਸੁਰੱਖਿਆ ਦੇਣੋਂ ਬੁੁਰੀ ਤਰ੍ਹਾ ਨਾਕਾਮ ਰਹੀ ‘ਆਪ’ ਸਰਕਾਰ : ਜਾਮਾਰਾਏ*


ਚੰਡੀਗੜ੍ਹ:
 26 ਫਰਵਰੀ 2026:(ਮੀਡੀਆ ਲਿੰਕ ਟੀਮ//ਕਾਮਰੇਡ ਸਕਰੀਨ ਡੈਸਕ)::
ਆਰ ਐਮ ਪੈ ਆਈ ਨੇ ਅੱਜ ਚੰਡੀਗੜ੍ਹ ਦੇ ਸੈਕਟਰ 25 ਵਿੱਚ ਵਿਸ਼ਾਲ ਰੈਲੀ ਕਰਕੇ ਪਾਰਟੀ ਦੀ ਸ਼ਕਤੀ ਦਾ ਬੜਾ ਸਫਲ ਪ੍ਰਦਰਸ਼ਨ ਕੀਤਾ। ਅਸਲ ਵਿੱਚ ਇਹ ਹਲੂਣਾ ਰੈਲੀ ਸੀ। ਇਸ ਰੈਲੀ ਨੇ ਪੰਜਾਬ ਦੇ ਲੋਕਾਂ ਅਤੇ ਸਿਆਸਤਦਾਨਾਂ ਨੂੰ ਹਲੂਣਾ ਦਿੱਤਾ ਕਿ ਆਪਣੇ ਆਪ ਨੂੰ ਪਛਾਣੋ ਕੀ ਅਸੀਂ ਹੁਣ ਸੌ ਸੌ ਗਰਾਮ ਹਲਦੀ ਖਰੀਦਣ ਜੋਗੇ ਵੀ ਨਹੀਂ ਰਹੇ? 

ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ  ਰੈਲੀ ਦੇ ਮੁੱਢ ਵਿਚ ਹੀ ਕਿਹਾ ਕਿ ਇਹ ਨਾਂ ਤਾਂ ਭਗਵੰਤ ਮਾਨ ਸਰਕਾਰ ਦੀ ਰੈਲੀ ਹੈ ਜਿਸ ਵਿੱਚ ਸਰਕਾਰੀ ਬਸਾਂ ਵਿੱਚ ਭਰ ਕੇ ਲੋਕ ਲਿਆਂਦੇ ਜਾਂਦੇ ਹਨ। ਨਾ ਹੀ ਇਹ ਅਕਾਲੀਆਂ ਦੀ ਰੈਲੀ ਹੈ ਜਿਹੜੇ ਕਦੇ ਆਰ  ਐਸ ਐਸ ਦੇ ਖਿਲਾਫ ਭੁੱਲੇ ਚੁੱਕੇ ਵੀ ਇੱਕ ਸ਼ਬਦ ਤੱਕ ਨਹੀਂ ਬੋਲਦੇ। ਇਹ ਤਾਂ ਭਾਈ ਲਾਲੋ ਵਰਗੇ ਕਿਰਤੀਆਂ ਦੀ ਰੈਲੀ ਹੈ ਜਿਹੜੇ ਪੰਜਾਬ ਦੇ ਕੋਨੇ ਕੋਨੇ ਵਿੱਚ ਦੂਰੋਂ ਦੂਰੋਂ ਹੁਮਹੁਮਾ ਕੇ ਆਏ ਹਨ। ਇਸ ਮੌਕੇ ਪਾਰਟੀ ਦੇ ਕਿ ਸੀਨੀਅਰ ਲੀਡਰ ਅਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਉਹਨਾਂ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਵੀ ਦੋਸ਼ ਲਾਇਆ ਅਤੇ ਭਗਵੰਤ ਮਾਨ ਸਰਕਾਰ ਨੂੰ ਕਿਹਾ ਕਿ ਇਹ ਸਿਲਸਿਲੇ ਬੰਦ ਕਰੇ।  

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ਸੈਕਟਰ 25 ’ਚ ਕੀਤੀ ਗਈ ਇਸ ਵਿਸ਼ਾਲ ਰੈਲੀ ’ਚ ਪੰਜਾਬ ਦੇ ਸਮੂਹ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਵਲੋਂ ਕੀਤੇ ਜਾ ਰਹੇ ਫੈਡਰਲ ਅਧਿਕਾਰਾਂ ਦੇ ਨਿਰੰਤਰ ਘਾਣ, ਪੰਜਾਬ ਨਾਲ ਕੀਤੇ ਜਾ ਰਹੇ ਧੱਕੇ-ਵਿਤਕਰੇ ਤੇ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦੀਆਂ ਏਜੰਸੀਆਂ ਤੇ ਕੱਟੜਪੰਥੀਆਂ ਦੀਆਂ ਕੁਚਾਲਾਂ ਖਿਲਾਫ਼ ਗਰਜਵੀਂ ਆਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਅਤੇ ਪ੍ਰਾਂਤ ਵਾਸੀਆਂ ਦੀ ਅਪਰਾਧੀ ਗਰੋਹਾਂ ਤੋਂ ਰਾਖੀ ਕਰਨ ਪੱਖੋਂ ਬੁਰੀ ਤਰ੍ਹਾਂ ਨਾਕਾਮ ਰਹੀ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਵੀ ਕਰੜੇ ਹੱਥੀਂ ਲਿਆ।

ਇਕ ਮਤੇ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਸਮੇਤ ਸਾਰੇ ਦੇਸ਼ ’ਚ ਬਿਨਾਂ ਮੁਕੱਦਮਾ ਚਲਾਏ ਜੇਲ੍ਹੀਂ ਡੱਕੇ ਤੇ ਸਜ਼ਾਵਾਂ ਪੂਰੀਆਂ ਕਰ ਚੁਕੇ ਸਿਆਸੀ ਕੈਦੀ, ਬੁੱਧੀਜੀਵੀ ਤੇ ਮਨੁੱਖੀ ਅਧਿਕਾਰ ਕਾਰਕੁੰਨ ਫੌਰੀ ਰਿਹਾ ਕੀਤੇ ਜਾਣ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਫੌਰੀ ਤੌਰ 'ਤੇ ਪੰਜਾਬ ਦੇ ਹਵਾਲੇ ਕੀਤਾ ਜਾਵੇ।  ਇਸਦੇ ਨਾਲ ਹੀ ਦਰਿਆਈ ਪਾਣੀਆਂ ਦੀ ਰਿਪੇਅਰੀਨ ਸਿਧਾਂਤ ਮੁਤਾਬਕ ਵੰਡ ਕੀਤੀ ਜਾਵੇ। ਪੰਜਾਬੀ ਬੋਲਦੇ ਇਲਾਕੇ ਬਿਨਾ ਕਿਸੇ ਦੇਰੀ ਦੇ ਪੰਜਾਬ ’ਚ ਸ਼ਾਮਲ ਕੀਤੇ ਜਾਣ। ਪੰਜਾਬੀ ਬੋਲੀ ਨੂੰ ਪੰਜਾਬ ਸਮੇਤ ਪੂਰੇ ਦੇਸ਼ ’ਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ। ਭਾਖੜਾ-ਬਿਆਸ ਪ੍ਰਬੰਧਕੀ ਬੋਰਡ ’ਚ ਪੰਜਾਬ ਦਾ ਖੋਹਿਆ ਰੁਤਬਾ ਬਹਾਲ ਕੀਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਬਾਰਡਰ ਖੋਲ੍ਹ ਕੇ ਭਾਰਤ-ਪਾਕ ਦੁਵੱਲਾ ਵਪਾਰ ਸ਼ੁਰੂ ਕੀਤਾ ਜਾਵੇ। 

ਉਹਨਾਂ ਤਾੜਨਾ ਕੀਤੀ ਕਿ ਪੰਜਾਬ ਨੂੰ ਬਰਬਾਦ ਕਰਨ ਦੀਆਂ ਸਾਜ਼ਿਸ਼ਾਂ ਤੁਰੰਤ ਬੰਦ ਕੀਤੀਆਂ ਜਾਣ। ਇਸ ਮੌਕੇ ਐਲਾਨ ਕੀਤਾ ਗਿਆ ਕਿ ਉਕਤ ਮੰਗਾਂ ਦੀ ਪ੍ਰਾਪਤੀ ਲਈ ਧਰਮਾਂ-ਜਾਤਾਂ ਦੇ ਵਖਰੇਵਿਆਂ ਤੋਂ ਉੱਤੇ ਉੱਠ ਕੇ ਸਮੂਹ ਪੰਜਾਬੀਆਂ ਦਾ ਸਰਬ ਸਾਂਝਾ ਘੋਲ ਵਿੱਢਿਆ ਜਾਵੇਗਾ।

ਇਸ ਵਿਸ਼ਾਲ ਰੈਲੀ ਨੂੰ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਰਾਜ ਕਮਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਸੂਬਾ ਸਕੱਤਰੇਤ ਦੇ ਮੈਂਬਰਾਨ ਕੁਲਵੰਤ ਸਿੰਘ ਸੰਧੂ, ਸੱਜਣ ਸਿੰਘ, ਡਾਕਟਰ ਸਤਨਾਮ ਸਿੰਘ ਅਜਨਾਲਾ, ਦਰਸ਼ਨ ਨਾਹਰ, ਧਰਮਿੰਦਰ ਸਿੰਘ ਮੁਕੇਰੀਆਂ ਨੇ ਸੰਬੋਧਨ ਕੀਤਾ। 

ਬੁਲਾਰਿਆਂ ਨੇ ਦੋਸ਼ ਲਾਇਆ ਕਿ ਆਪਣੇ ਸਿਆਸੀ ਵਿੰਗ ਭਾਜਪਾ ਰਾਹੀਂ ਦੇਸ਼ ਦੀ ਕੇਂਦਰੀ ਸੱਤਾ ’ਤੇ ਕਾਬਜ ਹੋ ਚੁੱਕਾ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇਸ਼ ਵਾਸੀਆਂ, ਖਾਸ ਕਰਕੇ ਪੰਜਾਬੀਆਂ ਨੂੰ ਸਿੱਖ ਗੁਰੂ ਸਾਹਿਬਾਨ ਵਲੋਂ ਰਚੀ ਮਾਨਵ ਹਿਤੈਸ਼ੀ ਬਾਣੀ, ਭਗਤੀ ਲਹਿਰ ਦੇ ਮਹਾਨ ਰਹਿਬਰਾਂ ਦੇ ਤਰਕਵਾਦੀ ਗਿਆਨ, ਗਦਰੀ ਸੂਰਬੀਰਾਂ ਅਤੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਸਾਥੀਆਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਨਾਲ ਪ੍ਰਗਤੀਸ਼ੀਲ ਸੋਚ ਤੇ ਵਿਗਿਆਨਕ ਨਜਰੀਏ ਤੋਂ ਬੇਮੁੱਖ ਕਰਨ ਲੱਗਾ ਹੋਇਆ ਹੈ। 

ਉਨ੍ਹਾਂ ਅੱਗੇ ਕਿਹਾ ਕਿ ਸੰਘ ਪਰਿਵਾਰ, ਪੰਜਾਬੀਆਂ ਦੇ ਨਾਬਰੀ ਦੇ ਸੁਭਾਅ ਅਤੇ ਹਰ ਕਿਸਮ ਦੇ ਅਨਿਆਂ ਖਿਲਾਫ ਜੂਝ ਮਰਨ ਤੇ ਪੀੜਤਾਂ ਦੇ ਹੱਕ ’ਚ ਡੱਟ ਕੇ ਖਲੋਣ ਦੇ ਇਸ ਖਿੱਤੇ ਦੇ ਨਰੋਏ ਵਿਰਸੇ ਨੂੰ ਆਪਣੀ ਪਿਛਾਖੜੀ ਵਿਚਾਰਧਾਰਾ ਦੇ ਪ੍ਰਚਾਰ-ਪਸਾਰ ਤੇ ਧਰਮ ਆਧਾਰਿਤ ਹਿੰਦੂਤਵੀ-ਮਨੂੰਵਾਦੀ ਰਾਸ਼ਟਰ ਕਾਇਮ ਕਰਨ ਦਾ ਆਪਣਾ ਘਾਤਕ ਏਜੰਡਾ ਲਾਗੂ ਕਰਨ ਦੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਸਮਝਦਾ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੰਘ ਪਰਿਵਾਰ ਦੀਆਂ ਵੰਡਵਾਦੀ ਸਾਜਿਸ਼ਾਂ ਤੋਂ ਸੁਚੇਤ ਹੋਣ ਤੇ ਇਸ ਦੇ ਕੋਝੇ ਮਨਸੂਬੇ ਫੇਲ੍ਹ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।

ਜਨਤਕ ਇਕੱਠ ’ਚ ਹੱਥਾਂ ’ਚ ਲਾਲ ਝੰਡੇ ਲੈ ਕੈ ਪੁੱਜੇ ਲੋਕਾਂ ਦੇ ਅਕਾਸ਼ ਗੂੰਜਾਊ ਨਾਅਰੇ ਸਮੁੱਚੇ ਵਾਤਾਵਰਣ ਨੂੰ ਇਨਕਲਾਬੀ ਰੰਗ ’ਚ ਰੰਗ ਰਹੇ ਸਨ। ਬੁਲਾਰਿਆਂ ਨੇ ਕਿਹਾ ਕਿ ਇਹ ਡਾਢੇ ਦੁੱਖ ਤੇ ਰੋਸ ਦਾ ਵਿਸ਼ਾ ਹੈ ਕਿ ਬਦਲਾਅ ਦਾ ਨਾਅਰਾ ਲਾ ਕੇ ਪੰਜਾਬ ਦੀ ਰਾਜ ਸੱਤਾ ’ਤੇ ਕਾਬਜ਼ ਹੋਈ ‘ਆਪ’ ਸਰਕਾਰ ਲੋਕਾਂ ਨੂੰ ਕੰਗਾਲ ਕਰਕੇ ਧਨਾਢਾਂ ਦੇ ਖਜ਼ਾਨੇ ਭਰਪੂਰ ਕਰਨ ਵਾਲੀਆਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ’ਤੇ ਹੂਬਹੂ ਅਮਲ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਨਸ਼ਾ ਕਾਰੋਬਾਰੀ, ਅਪਰਾਧੀ ਗ੍ਰੋਹ ਤੇ ਰੇਤ-ਬੱਜ਼ਰੀ ਮਾਫੀਆ ਰਾਜ ਕਰਦੀ ਧਿਰ ਦੇ ਨੰਗੇ-ਚਿਟੇ ਥਾਪੜੇ ਨਾਲ ਸੂਬੇ ਭਰ ’ਚ ਚੰਮ ਦੀਆਂ ਚਲਾ ਰਹੇ ਹਨ। ਕਤਲਾਂ, ਲੁੱਟਾਂ-ਖੋਹਾਂ, ਝਪਟਮਾਰੀ, ਫਿਰੌਤੀ ਵਸੂਲੀ, ਨਸ਼ਿਆਂ ਨਾਲ ਮੌਤਾਂ ਰੋਜ਼ ਦਾ ਵਰਤਾਰਾ ਬਣ ਗਿਆ ਹੈ। ਮਾਨ ਸਰਕਾਰ ਇਸ਼ਤਿਹਾਰਾਂ ਰਾਹੀਂ ਕਰੋੜਾਂ ਰੁਪਏ ਫੂਕ ਕੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੀ ਹੈ ਤੇ ਸੰਘਰਸ਼ੀ ਧਿਰਾਂ ’ਤੇ ਜਬਰ ਢਾਹ ਰਹੀ ਹੈ। ਵੀਆਈਪੀ ਕਲਚਰ ਤੇ ਭਿ੍ਰਸ਼ਟਾਚਾਰ ਹੱਦਾਂ-ਬੰਨੇ ਪਾਰ ਕਰ ਗਿਆ ਹੈ। ਸਰਕਾਰ ਆਪਣੀਆਂ ਨਾਕਾਮੀਆਂ ਤੋਂ ਧਿਆਨ ਭਟਕਾਉਣ ਲਈ ਫਰਜੀ ਪੁਲਸ ਮੁਕਾਬਲਿਆਂ ਤੇ ਮੋਦੀ ਮਾਰਕਾ ਬੁਲਡੋਜ਼ਰ ਕਾਰਵਾਈ ਦਾ ਸਹਾਰਾ ਲੈ ਰਹੀ ਹੈ। ਆਗੂਆਂ ਨੇ ਸੂਬਾ ਸਰਕਾਰ ਦੇ ਲੋਕ ਵਿਰੋਧੀ ਨੀਤੀ ਕਦਮਾਂ ਤੇ ਨਖਿੱਧ ਕਾਰਗੁਜਾਰੀ ਖ਼ਿਲਾਫ਼ ਤੱਕੜੀ ਜਦੋਜਹਿਦ ਵਿੱਢਣ ਦਾ ਐਲਾਨ ਕੀਤਾ ਹੈ।


ਉਨ੍ਹਾਂ ਕਿਹਾ ਕਿ ਦੇਸ਼ ਅਤੇ ਪ੍ਰਾਂਤ ’ਚ ਹਕੀਕੀ ਲੋਕ ਪੱਖੀ ਬਦਲਾਅ ਲਿਆਉਣ ਲਈ ਖੱਬੀਆਂ ਧਿਰਾਂ ਦਾ ਏਕਾ ਕਾਇਮ ਕਰਨ ਦੇ ਯਤਨ ਜਾਰੀ ਰੱਖਦਿਆਂ ਦੇਸ਼ ਨੂੰ ਫਿਰਕੂ-ਫਾਸ਼ੀਵਾਦ ਦੇ ਹੱਲਿਆਂ ਤੋਂ ਮੁਕਤ ਕਰਨ ਦੀ ਫੌਰੀ ਲੋੜ ਦੇ ਸਨਮੁੱਖ ਖੱਬੀਆਂ, ਜਮਹੂਰੀ, ਧਰਮ ਨਿਰਪੱਖ ਸਿਆਸੀ ਧਿਰਾਂ, ਸਿਵਲ ਸੁਸਾਇਟੀ ਤੇ ਅਗਾਂਹਵਧੂ ਲਹਿਰ ਦੀ ਸਾਂਝ ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਰੈਲੀ ਤੋਂ ਬਾਅਦ ਵਿਸ਼ਾਲ ਜਨਤਕ ਮਾਰਚ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਤੇ ਰਾਜ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜੇ ਗਏ। ਰੈਲੀ ਦੀ ਪ੍ਰਧਾਨਗੀ ਰਤਨ ਸਿੰਘ ਰੰਧਾਵਾ, ਗੁਰਨਾਮ ਸਿੰਘ ਦਾਊਦ, ਨੱਥਾ ਸਿੰਘ ਡਢਵਾਲ, ਸੁਰਿੰਦਰ ਗਿੱਲ ਜੈਪਾਲ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਰਾਜ ਕਮੇਟੀ ਦੇ ਖਜ਼ਾਨਚੀ ਪ੍ਰੋਫੈਸਰ ਜੈਪਾਲ ਸਿੰਘ ਨੇ ਨਿਭਾਏ। 

ਇਸ ਮੌਕੇ ਵੱਖ ਵੱਖ ਵਰਗਾਂ ਦੀਆਂ ਮਹਿਲਾਵਾਂ ਅਤੇ ਯੁਵਾ ਉਮਰ ਵਾਲੀਆਂ ਲੜਕੀਆਂ ਵੀ ਵੱਧ ਚੜ੍ਹ ਕੇ ਰੈਲੀ ਵਿੱਚ ਸ਼ਾਮਿਲ ਹੋਈਆਂ। ਮੈਡਮ ਸੁਰਿੰਦਰ ਗਿੱਲ ਜੈਪਾਲ ਨੇ ਆਪਣੀਆਂ ਕਵਿਤਾਵਾਂ ਨਾਲ ਰੈਲੀ ਮੌਕੇ ਚੰਗਾ ਰੰਗ ਬੰਨਿਆ। ਕੁਝ ਹੋਰ ਬੁਲਾਰਿਆਂ ਨੇ ਵੀ ਕਵਿਤਾ ਅਤੇ ਗੀਤਾਂ ਵਾਲਾ ਰੰਗ ਪੇਸ਼ ਕੀਤਾ। ਸਟੇਜ ਤੋਂ ਡਾਕਟਰ ਜਗਤਾਰ ਦੀ ਸ਼ਾਇਰੀ ਨੇ ਵੀ ਬੁਲੰਦ ਆਵਾਜ਼ ਵਿੱਚ ਲੋਕ ਪੱਖ ਅਤੇ ਜੁਝਾਰੂ ਸ਼ਾਇਰੀ ਦੀ ਬਾਤ ਪਾਈ। ਚਾਹ ਦਾ ਲੰਗਰ ਵੀ ਅਤੁੱਟ ਵਰਤਿਆ। ਚੰਡੀਗੜ੍ਹ ਦੇ ਸੈਕਟਰ 25 ਦੀ ਗਰਾਊਂਡ ਲਾਲ ਝੰਡੀਆਂ ਨਾਲ ਲਾਲੋ ਲਾਲ ਸੀ। 

Wednesday, February 25, 2026

ਆਰ.ਐਮ.ਪੀ.ਆਈ.ਵਲੋਂ ਕਲ੍ਹ 26 ਫਰਵਰੀ ਨੂੰ ਚੰਡੀਗੜ੍ਹ ਵਿੱਚ ਹੋਵੇਗੀ ਵਿਸ਼ਾਲ ਰੈਲੀ

MPS on Wednesday 24th February 2025 Regarding Proposed Rally By RMPI Chandigarh at on 26th Feb 2025

ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਕਰਨਗੇ ਵੱਡੇ ਖੁਲਾਸੇ 

ਚੰਡੀਗੜ੍ਹ: 25 ਫਰਵਰੀ 2025: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ )::

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ਕਲ੍ਹ 26 ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ 25 ਵਿਚਲੀ ਰੈਲੀ ਗਰਾਊਂਡ ਵਿਖੇ ਸੂਬਾ ਪੱਧਰ ਦੀ ਵਿਸ਼ਾਲ ਰੈਲੀ ਕੀਤੀ ਜਾਵੇਗੀ। ਆਰ.ਐਸ.ਐਸ.-ਭਾਜਪਾ ਦੀਆਂ ਪੰਜਾਬ ਵਿਰੋਧੀ ਸਾਜ਼ਿਸ਼ਾਂ ਤੇ ਮੋਦੀ ਸਰਕਾਰ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ-ਵਿਤਕਰੇ ਖਿਲਾਫ ਅਤੇ ਦਹਾਕਿਆਂ ਤੋਂ ਲਮਕਦੇ ਆ ਰਹੇ ਪੰਜਾਬ ਨਾਲ ਸਬੰਧਤ ਅੰਤਰਰਾਜੀ ਮਸਲਿਆਂ ਦਾ ਸਥਾਈ ਹੱਲ ਲੱਭੇ ਜਾਣ ਲਈ ਕੀਤੀ ਜਾ ਰਹੀ ਇਸ ਰੈਲੀ ਨੂੰ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਹੋਰ ਕੇਂਦਰੀ ਤੇ ਸੂਬਾਈ ਆਗੂ ਸੰਬੋਧਨ ਕਰਨਗੇ। 

ਇਸ ਬਾਬਤ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਰੈਲੀ ਦੌਰਾਨ ਕੇਂਦਰੀ ਹੁਕਮਰਾਨਾਂ ਵਲੋਂ ਕੀਤੇ ਜਾ ਰਹੇ ਸੂਬਾਈ ਅਧਿਕਾਰਾਂ ਤੇ ਸ਼ਹਿਰੀ ਆਜ਼ਾਦੀਆਂ ਦੇ ਘਾਣ ਵਿਰੁੱਧ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਹੋਰ ਬੁਲਾਰੇ: ਪਰਗਟ ਸਿੰਘ ਜਾਮਾਰਾਏ, ਕੁਲਵੰਤ ਸਿੰਘ ਸੰਧੂ, ਸੱਜਣ ਸਿੰਘ ਮੁਹਾਲੀ, ਦਰਸ਼ਨ ਨਾਹਰ, ਧਰਮਿੰਦਰ ਸਿੰਘ ਮੁਕੇਰੀਆਂ ਹੋਰ ਆਗੂ ਵੀ ਹੋਣਗੇ। 

ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਮਨ-ਕਾਨੂੰਨ ਦੇ ਮੁਹਾਜ 'ਤੇ ਅਸਲੋਂ ਨਾਕਾਮ ਸਿੱਧ ਹੋਈ ਹੈ ਤੇ ਸੂਬੇ ਦੇ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜਾਮਾਰਾਏ ਨੇ ਅੱਗੋਂ ਦੱਸਿਆ ਹੈ ਕਿ ਰੈਲੀ ਦੀ ਕਾਮਯਾਬੀ ਲਈ ਸਾਰੇ ਜਿਲ੍ਹਿਆਂ 'ਚ ਜਬਰਦਸਤ ਤਿਆਰੀਆਂ ਕੀਤੀਆਂ ਗਈਆਂ ਹਨ। 

ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਧਰਮਾਂ-ਜਾਤਾਂ, ਬੋਲੀ ਆਦਿ ਦੇ ਵਖਰੇਵਿਆਂ ਨੂੰ ਦਰਕਿਨਾਰ ਕਰਦਿਆਂ ਪੰਜਾਬ-ਪੰਜਾਬੀਅਤ ਦਾ ਪਰਚਮ ਬੁਲੰਦ ਰੱਖਣ ਲਈ ਉਕਤ ਰੈਲੀ 'ਚ ਪਰਿਵਾਰਾਂ ਸਮੇਤ ਹੁੰਮ-ਹੁੰਮਾ ਕੇ ਪੁੱਜਣ।

Sunday, February 22, 2026

ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਲੋਕਾਂ ਦਾ ਸੰਘਰਸ਼ ਹੋਰ ਤਿੱਖਾ

From MSB on 22nd February 2026 at 17:23 Regarding Dharna in front of BJP office 

 ਬੀਜੇਪੀ ਦਫਤਰ ਦੇ ਸਾਹਮਣੇ ਦਿੱਤਾ ਵਿਸ਼ਾਲ ਅਤੇ ਰੋਹ ਭਰਿਆ ਧਰਨਾ  


ਲੁਧਿਆਣਾ
22 ਫਰਵਰੀ 2026: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::

ਸਮੇਂ ਦੇ ਨਾਲ ਨਾਲ ਵੱਧ ਰਹੀਆਂ ਮੁਸ਼ਕਲਾਂ ਦੇ ਸਿੱਟੇ ਵੱਜੋਂ ਲੋਕਾਂ ਦਾ ਰੋਸ ਅਤੇ ਰੋਹ ਕੇਂਦਰ ਅਤੇ ਸੂਬਾ ਸਰਕਾਰ ਦੋਹਾਂ ਦੇ ਖਿਲਾਫ ਹੀ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਲੋਕ ਵਿਰੋਧੀ ਕਾਨੂੰਨ ਲਿਆਂਦੇ ਜਾਂ ਤੇ ਬਹੁਤ ਬੇਚੈਨੀ ਹੈ। ਇਹਨਾਂ ਵਿੱਚ ਚਾਰ ਲੇਬਰ ਕੋਡ ਵਿਸ਼ੇਸ਼ ਤੌਰ ਤੇ ਸ਼ਾਮਲ ਹਨ। ਮਨਰੇਗਾ ਨੂੰ  ਖਤਮ ਕਰਕੇ ਨਵਾਂ ਕਾਨੂੰਨ ਲਿਆਉਣਾ ਵੀ ਕਿਰਤੀ ਵਰਗ ਨੂੰ ਬਹੁਤ ਮਾੜਾ ਲੱਗਿਆ ਹੈ। ਬਿਜਲੀ ਸੋਧ ਬਿਲ, ਬੀਜ ਬਿਲ ਅਤੇ ਭਾਰਤ ਅਮਰੀਕਾ ਵਪਾਰ ਸਮਝੌਤੇ  ਦੇ ਖਿਲਾਫ਼ ਵੀ ਲੋਕਾਂ ਵਿੱਚ ਰੋਸ ਅਤੇ ਰੋਹ ਹੈ। ਇਹਨਾਂ ਬੇਚੈਨੀਆਂ ਕਰਕੇ ਅੱਜ ਬੀਜੇਪੀ ਦਫਤਰ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। 

ਇਸੇ ਤਰ੍ਹਾਂ ਅੱਜ ਪੂਰੇ ਪੰਜਾਬ ਵਿੱਚ ਆਮ ਆਦਮੀ  ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਉਸ ਦੇ ਮੰਤਰੀਆਂ ਦੇ ਖਿਲਾਫ ਵੀ ਧਰਨੇ ਦਿੱਤੇ ਗਏ। ਅੱਜ ਦਾ ਇਹ ਧਰਨਾ ਐਸਕੇਐਮ, ਟ੍ਰੇਡ ਯੂਨੀਅਨਾਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਦਿੱਤਾ ਗਿਆ। ਧਰਨਾ ਵਿਸ਼ਾਲ ਵੀ ਸੀ ਅਤੇ ਰੋਹ ਭਰਿਆ ਵੀ ਸੀ। 

ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਪੱਖੀ ਹੈ ਅਤੇ ਪੂਰੀ ਤਰ੍ਹਾਂ ਲੋਕ ਵਿਰੋਧੀ ਹੈ। ਜਿੰਨੇ ਵੀ ਕਾਨੂੰਨ ਲਿਆਂਦੇ ਜਾ ਰਹੇ ਹਨ ਉਹ ਵੱਡੇ ਵੱਡੇ ਧਨਾਢਾਂ ਨੂੰ ਖੁਸ਼ ਕਰਨ ਲਈ ਲਿਆਂਦੇ ਜਾ ਰਹੇ ਹਨ ਅਤੇ ਮਿਹਨਤਕਸ਼ਾਂ ਦਾ ਖੂਨ ਨਿਚੋੜਿਆ ਜਾ ਰਿਹਾ ਹੈ। 

ਧਰਨੇ ਮੌਕੇ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਭਾਰਤ ਅਮਰੀਕਾ ਸਮਝੌਤੇ ਨੇ ਤਾਂ ਦੇਸ਼ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਨਾਲ ਲੋਕ ਬਹੁਤ ਦੁਖੀ ਹੋਏ ਹਨ। 

ਅੱਜ ਵਾਲੇ ਇਸ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਡਾਕਟਰ ਰਜਿੰਦਰ ਪਾਲ ਸਿੰਘ ਔਲਖ, ਰਘਬੀਰ ਸਿੰਘ ਬੈਨੀਪਾਲ, ਜਮੀਰ ਹੁਸੈਨ, ਅਵਤਾਰ ਸਿੰਘ, ਲਖਵਿੰਦਰ ਸਿੰਘ, ਅਜੀਤ ਸਿੰਘ ਧਾਂਦਰਾ, ਡੀਪੀ ਮੌੜ, ਨਰੇਸ਼ ਗੌੜ, ਸੁਖਵਿੰਦਰ ਸਿੰਘ ਲੋਟੇ, ਕੇਵਲ ਸਿੰਘ ਬਨਵੈਤ, ਅਵਤਾਰ ਸਿੰਘ ਮੇਹਲੋ , ਸਰਬਜੀਤ ਸਿੰਘ ਸਰਹਾਲੀ, ਗੁਰਪ੍ਰੀਤ ਸਿੰਘ ਵੜੈਚ, ਜਗਦੀਸ਼ ਚੰਦ, ਹਰਜਿੰਦਰ ਸਿੰਘ, ਰਵਿੰਦਰ ਕੌਰ, ਜਸਵੰਤ ਜੀਰਖ,ਮਨਿੰਦਰ ਸਿੰਘ ਭਾਟੀਆ, ਜਗਦੀਪ ਸਿੰਘ, ਹਰਜਿੰਦਰ ਕੌਰ, ਗੁਰਪ੍ਰੀਤ ਸਿੰਘ ਮਹਿਦੂਦਾ ਅਤੇ ਚਰਨ ਸਿੰਘ ਨੂਰਪੁਰਾ ਸ਼ਾਮਿਲ ਸਨ। ਪ੍ਰਧਾਨਗੀ ਮੰਡਲ ਵਿੱਚ ਅਮਰਨਾਥ ਕੂਮ ਕਲਾਂ, ਪਰਮਜੀਤ ਸਿੰਘ,ਵਿਜੇ ਕੁਮਾਰ, ਦੇਵਰਾਜ  ਲਖਵਿੰਦਰ ਸਿੰਘ,  ਜਸਵੀਰ ਝੱਜ, ਜਸਪ੍ਰੀਤ ਸਿੰਘ, ਰਣਵੀਰ ਸਿੰਘ ਰੁੜਕਾ ਅਤੇ ਗੁਰਜੀਤ ਸਿੰਘ ਜਗਪਾਲ ਸ਼ਾਮਿਲ ਸਨ।

ਸਟੇਜ ਦੀ ਕਾਰਵਾਈ ਹਰਨੇਕ ਸਿੰਘ ਗੁੱਜਰਵਾਲ ਅਤੇ ਨੌਜਵਾਨ ਕਿਸਾਨ ਆਗੂ ਮਨੂ ਬੁਆਣੀ ਨੇ ਬਾਖੂਬੀ ਨਿਭਾਈ। 

ਜਿਨਾਂ ਜਥੇਬੰਦੀਆਂ ਨੇ ਹਿੱਸਾ ਲਿਆ ਉਹਨਾਂ ਵਿੱਚ ਏਟਕ, ਇੰਟਕ , ਸੀਟੂ, ਸੀਟੀਯੂ ਪੰਜਾਬ, ਕਾਰਖਾਨਾ ਮਜ਼ਦੂਰ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰ ਯੂਨੀਅਨ , ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ 1936, ਟੈਕਨੀਕਲ ਸਰਵਿਸ ਯੂਨੀਅਨ, ਪਾਵਰਕਾਮ ਠੇਕਾ ਮੁਲਾਜ਼ਮ ਯੂਨੀਅਨ, ਪੈਨਸ਼ਨਰਜ਼ ਯੂਨੀਅਨ, ਬੀਕੇਯੂ ਲੱਖੋਵਾਲ, ਬੀਕੇਯੂ ਉਗਰਾਹਾਂ, ਵੇਰਕਾ ਆਊਟ ਸੋਰਸ ਮੁਲਾਜ਼ਮ ਯੂਨੀਅਨ, ਬੀਕੇਯੂ ਡਕੌਂਦਾ (ਧੰਨੇਰ) ਸ਼ਾਮਲ ਸਨ। 

ਮੁਲਾਜ਼ਮ ਆਗੂ ਐਮ ਐਸ ਭਾਟੀਆ ਨੇ ਦੱਸਿਆ ਕਿ ਕਿ ਅੱਜ ਦੇ ਇਸ ਧਰਨੇ ਵਿੱਚ ਸਮੂਹ ਵਰਗ ਵੱਧ ਚੜ੍ਹ ਕੇ ਸ਼ਾਮਲ ਹੋਏ। 

Wednesday, February 11, 2026

ਪਾਰਟੀ: ਮਜ਼ਬੂਤੀ ਲਈ ਸੰਵਿਧਾਨ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨਾ ਅਤੀ ਜ਼ਰੂਰੀ

Sent on Wednesday 11th February 2026 at 8:27 AM Regarding Constitution of CPI in Comrade Screen  

ਪਾਰਟੀ ਦੇ ਸਰਗਰਮ ਆਗੂ ਅਤੇ ਪੱਤਰਕਾਰ ਐਮ ਐਸ ਭਾਟੀਆ ਦੀ ਵਿਸ਼ੇਸ਼ ਲਿਖਤ 

ਭਾਰਤੀ ਕਮਿਊਨਿਸਟ ਪਾਰਟੀ ਦੀ ਆਂਧਰਾ ਪ੍ਰਦੇਸ਼ ਦੇ ਨਗਰ ਵਿਜੇਵਾੜਾ ਵਿੱਚ 2022 ਵਿੱਚ ਹੋਈ 24ਵੀਂ ਪਾਰਟੀ ਕਾਂਗਰਸ ਨੇ  ਜਥੇਬੰਦੀ ਦੀ ਮਜ਼ਬੂਤੀ ਲਈ  ਇਤਿਹਾਸਕ ਫੈਸਲੇ ਲਏ। ਇਹਨਾਂ ਫੈਸਲਿਆਂ ਨੇ ਪਾਰਟੀ ਦੀ ਜਥੇਬੰਦੀ ਨੂੰ ਮਜਬੂਤ ਕਰਨ, ਨਵੀਂ ਪੀੜੀ ਨੂੰ ਅੱਗੇ ਲਿਆਉਣ ਤੇ ਸਰਗਰਮ ਜਿੰਮੇਵਾਰੀਆਂ ਦੇਣ ਲਈ ਰਾਹ ਬਣਾਉਣ ਤੇ ਨਾਲ  ਪੁਰਾਣੇ ਅਨੁਭਵੀ ਸਾਥੀਆਂ ਨੂੰ ਮਾਰਗ ਦਰਸ਼ਕ ਤੌਰ ਤੇ ਸਨਮਾਨ ਦੇਣ ਦੇ ਫੈਸਲੇ ਕੀਤੇ ਗਏ।

ਅਜੋਕੇ ਸਮੇਂ  ਦੇਸ਼ ਬਹੁਤ ਗੰਭੀਰ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ।  ਸੱਜ ਪਿਛਾਖੜੀ, ਫਿਰਕੂ, ਕਾਰਪੋਰੇਟ ਪੱਖੀ, ਮਜ਼ਦੂਰ, ਕਿਸਾਨ ਇਸਤਰੀਆਂ, ਦਲਿਤਾਂ ਤੇ ਲੋਕ ਵਿਰੋਧੀ ਪਾਰਟੀਆਂ ਸੱਤਾ ਤੇ ਕਾਬਿਜ ਹਨ। ਇਸ ਕਰਕੇ ਦੇਸ਼  ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ, ਸਮਾਜਿਕ ਸਦਭਾਵਨਾ ਤੇ ਏਕਤਾ ਖਤਰੇ ਵਿੱਚ ਪੈ ਗਈ ਹੈ, ਘੱਟ ਗਿਣਤੀਆਂ ਵਿਸ਼ੇਸ਼ ਕਰ ਮੁਸਲਮਾਨਾ, ਦਲਿਤਾਂ ਅਤੇ ਇਸਤਰੀਆਂ ਤੇ ਅੱਤਿਆਚਾਰ ਵਧ ਰਹੇ ਹਨ ਕਮਿਊਨਿਸਟ ਪਾਰਟੀ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਹਨ। ਇਸ ਸੰਦਰਭ ਵਿੱਚ ਕਮਿਊਨਿਸਟ ਪਾਰਟੀ ਦੀ ਵਿਚਾਰਧਾਰਾ ਦਾ ਪਰਪੱਕ ਹੋਣਾ ਅਤੇ ਜਥੇਬੰਦੀ ਦਾ ਸਮੇਂ ਦੇ ਮੁਤਾਬਕ ਮਜ਼ਬੂਤ ਹੋਣਾ ਤੇ ਉਸਦਾ ਆਧੁਨਿਕੀਕਰਨ ਹੋਣਾ ਅਤੀ ਜਰੂਰੀ ਹੈ। 

ਮਹਾਨ ਇਨਕਲਾਬੀ ਕਾਮਰੇਡ ਵਲਾਦੀਮੀਰ ਇਲੀਚ ਲੈਨਿਨ ਦੇ ਮੁਤਾਬਕ “ਸੰਗਠਨ ਸੰਘਰਸ਼ ਦਾ ਹਥਿਆਰ ਹੈ ਅਤੇ ਜਿਵੇਂ-ਜਿਵੇਂ ਸੰਘਰਸ਼ ਦੇ ਰੂਪ ਬਦਲਦੇ ਹਨ, ਉਸਨੂੰ ਵੀ ਆਪਣਾ ਰੂਪ ਬਦਲਣਾ ਚਾਹੀਦਾ ਹੈ।”

ਲੈਨਿਨ ਨੂੰ ਗਲਤੀਆਂ ਨਾਲੋਂ ਜ਼ਿਆਦਾ ਠਹਿਰਾਅ (ਜਮਾਉ) ਦਾ ਡਰ ਸੀ।

“ਇੱਕ ਕ੍ਰਾਂਤੀਕਾਰੀ ਸੰਗਠਨ ਦੀ ਤਾਕਤ ਇਸ ਗੱਲ ਵਿੱਚ ਹੈ ਕਿ ਉਹ ਆਪਣੇ ਆਪ ਨੂੰ ਨਵਾਂ ਕਰ ਸਕੇ ਅਤੇ ਜਨਤਾ ਵਿੱਚੋਂ ਨਵੀਆਂ ਤਾਕਤਾਂ ਨੂੰ ਆਪਣੇ ਨਾਲ ਜੋੜ ਸਕੇ।”

ਚੀਨੀ ਕਮਿਊਨਿਸਟ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ  ਲਿਉ ਸ਼ਾਓਚੀ— ਨੇ ਪਾਰਟੀ ਨੂੰ ਇੱਕ ਜੀਵੰਤ, ਲਗਾਤਾਰ ਖੁਦ ਨੂੰ ਨਵਾਂ ਕਰਨ ਵਾਲੀ ਕ੍ਰਾਂਤੀਕਾਰੀ ਸੰਸਥਾ ਵਜੋਂ ਦੇਖਿਆ। ਉਸਦੀ ਪ੍ਰਸਿੱਧ ਰਚਨਾ ਚੰਗਾ ਕਮਿਊਨਿਸਟ ਕਿਵੇਂ ਬਣੀਏ  “How to Be a Good Communist” (1939) ਖਾਸ ਤੌਰ ‘ਤੇ ਪਾਰਟੀ ਦੀ ਗਤੀਸ਼ੀਲਤਾ, ਅਨੁਸ਼ਾਸਨ ਅਤੇ ਲੋਕਾਂ ਨਾਲ ਜੁੜਾਅ ‘ਤੇ ਕੇਂਦਰਿਤ ਹੈ। ਨਵੇਂ ਕੈਡਰ, ਨਵੇਂ ਤਜਰਬਿਆਂ ਦੇ ਸੰਦਰਭ ਵਿੱਚ ਲਿਉ ਨੇ ਸਿਰਫ਼ ਪੁਰਾਣੇ ਨੇਤਾਵਾਂ ‘ਤੇ ਨਿਰਭਰ ਰਹਿਣ ਦੀ ਥਾਂ ਨਵੀਂ ਪੀੜ੍ਹੀ ਤਿਆਰ ਕਰਨ ‘ਤੇ ਜ਼ੋਰ ਦਿੱਤਾ — ਤਾਂ ਜੋ ਪਾਰਟੀ ਸਮਾਜਿਕ ਬਦਲਾਅ ਨਾਲ ਕਦਮ ਮਿਲਾ ਸਕੇ।

ਭਾਰਤੀ ਰਾਜਨੀਤੀ ਦੇ ਮੌਜੂਦਾ ਦ੍ਰਿਸ਼ ਵਿੱਚ, ਜਿੱਥੇ ਅਨੇਕਾਂ ਪਾਰਟੀਆਂ ਵਿਅਕਤੀਆਂ ਦੇ ਨਾਂ ’ਤੇ ਚਲ ਰਹੀਆਂ ਹਨ ਅਤੇ ਅਹੁਦੇ ਜਿੰਦਗੀ ਭਰ ਦੀ ਜਾਇਦਾਦ ਬਣ ਚੁੱਕੇ ਹਨ, ਉੱਥੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਲੋਕਤੰਤਰ ਸਿਰਫ਼ ਚੋਣਾਂ ਤੱਕ ਹੀ ਸੀਮਤ ਰਹਿ ਗਿਆ ਹੈ?

ਇਹ ਕਾਫੀ ਹੱਦ ਤੱਕ ਸੰਤੁਸ਼ਟੀ ਦੀ ਗੱਲ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ   ਲੈਨਿਨ ਵੱਲੋਂ ਦਰਸਾਏ ਗਏ ਸਿਧਾਂਤਾਂ ਤੇ ਚਲਣ ਲਈ ਲਗਾਤਾਰ ਯਤਨਸ਼ੀਲ ਰਹੀ ਹੈ।

ਇਸ ਲਈ ਜਥੇਬੰਦੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਸੀਪੀਆਈ  ਦੇ 25ਵੇਂ ਕੌਮੀ ਮਹਾਂ ਸੰਮੇਲਨ ਤੋਂ ਪਹਿਲਾਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਸੀ ਕਿ ਦਰਸਾਏ ਰਾਜਨੀਤਕ ਅਤੇ ਸੰਗਠਨਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ, ਬ੍ਰਾਂਚ, ਲੋਕਲ, ਤਹਿਸੀਲ, ਜ਼ਿਲ੍ਹਾ ਅਤੇ ਰਾਜ ਪੱਧਰ ਦੀਆਂ ਕਾਨਫਰੰਸਾਂ ਦੇ ਆਯੋਜਨ ਦੀ ਤਿਆਰੀ ਪ੍ਰਕਿਰਿਆ—ਜੋ ਆਖ਼ਿਰਕਾਰ ਮਹਾਂ ਸੰਮੇਲਨ ਦੇ ਸਫਲ ਆਯੋਜਨ ’ਚ ਸੰਪੂਰਨ ਹੋਵੇਗੀ—ਪਾਰਟੀ ਸੰਵਿਧਾਨ ਦੇ ਅਨੁਕੂਲ ਹੋਣੀ ਲਾਜ਼ਮੀ ਹੈ। ਕਿਉਂਕਿ ਸੰਵਿਧਾਨ ਕਿਸੇ ਵੀ ਸੰਗਠਨ ਦਾ ਮੂਲ ਆਧਾਰ ਹੁੰਦਾ ਹੈ। 

ਕਮਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਦੇ  ਵਿਧਾਨ ਦੇ ਆਰਟੀਕਲ XXXII ਅਨੁਸਾਰ, 75 ਸਾਲ ਦੀ ਉਮਰ ਸੀਮਾ ਆਮ ਤੌਰ ’ਤੇ ਸੂਬਾ ਕੌਂਸਲਾਂ, ਸੂਬਾ ਸਕੱਤਰਾਂ, ਕੌਮੀ ਕੌਂਸਲ, ਕੌਮੀ ਐਗਜ਼ੈਕਟਿਵ ਅਤੇ ਕੌਮੀ ਸਕੱਤਰਾਂ  ’ਤੇ ਲਾਗੂ ਹੋਵੇਗੀ। ਹਾਲਾਂਕਿ, ਪਾਰਟੀ ਅੰਦਰ ਮੌਜੂਦਾ ਹਕੀਕਤੀ ਹਾਲਾਤਾਂ ਦੇ ਆਧਾਰ ’ਤੇ ਇਸ ਨਿਯਮ ’ਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ ਅਤੇ ਵਿਸ਼ੇਸ਼ ਜਾਂ ਅਸਾਧਾਰਣ ਸਥਿਤੀਆਂ ਵਿੱਚ, ਜਿੱਥੇ ਲੋੜ ਹੋਵੇ, ਛੋਟ ਵੀ ਦਿੱਤੀ ਜਾ ਸਕਦੀ ਹੈ।

ਲੇਖਕ ਐਮ ਐਸ ਭਾਟੀਆ 

ਪਰ ਪਾਰਟੀ ਸੰਵਿਧਾਨ ਦਾ ਆਰਟੀਕਲ XXXVI, ਜੋ ਪਾਰਟੀ ਦੇ ਬਜ਼ੁਰਗ (ਅਨੁਭਵੀ) ਸਾਥੀਆਂ ਨਾਲ ਸੰਬੰਧਿਤ ਹੈ, ਇਹ ਦਰਸਾਉਂਦਾ ਹੈ ਕਿ:

“ਕੋਈ ਵੀ ਸਾਥੀ  ਜਿਸ ਨੇ ਪਾਰਟੀ ਅਤੇ ਮਿਹਨਤੀ ਲੋਕਾਂ ਦੀ ਸੇਵਾ ਵਿੱਚ ਲੰਮਾ ਸਮਾਂ ਲਗਾਇਆ ਹੋਵੇ, ਜੋ ਕਿਸੇ ਵੀ ਪਾਰਟੀ ਕੌਂਸਲ ਦਾ ਮੈਂਬਰ ਰਹਿ ਚੁੱਕਿਆ ਹੋਵੇ ਅਤੇ ਜਿਸਦਾ ਕੌਂਸਲ ਦੀਆਂ ਵਿਚਾਰ-ਵਟਾਂਦਰਿਆਂ ਵਿੱਚ ਯੋਗਦਾਨ ਲਾਭਦਾਇਕ ਅਤੇ ਫਾਇਦਾਮੰਦ ਮੰਨਿਆ ਜਾਂਦਾ ਹੋਵੇ, ਪਰ ਜੋ ਹੁਣ ਵੱਧ ਉਮਰ ਜਾਂ ਬਿਮਾਰੀ ਦੇ ਕਾਰਨਾਂ ਕਰਕੇ ਰੋਜ਼ਾਨਾ ਦਾ ਕੰਮ ਕਰਨ ਦੇ ਯੋਗ ਨਾ ਰਹਿ ਗਿਆ ਹੋਵੇ, ਉਸਨੂੰ ਸੰਬੰਧਤ ਪਾਰਟੀ ਕੌਂਸਲ ਦੀਆਂ ਮੀਟਿੰਗਾਂ ਲਈ ਸਥਾਈ  ਇਨਵਾਈਟੀ ਬਣਾਇਆ ਜਾ ਸਕਦਾ ਹੈ, ਤਾਂ ਜੋ ਪਾਰਟੀ ਨੂੰ ਉਸਦੇ ਅਨੁਭਵ ਅਤੇ ਸਲਾਹ ਦਾ ਲਾਭ ਮਿਲਦਾ ਰਹੇ।”

ਕਮਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਦਾ ਸੰਵਿਧਾਨ ਸਿਰਫ਼ ਇੱਕ ਸੰਗਠਨਾਤਮਕ ਦਸਤਾਵੇਜ਼ ਨਹੀਂ, ਸਗੋਂ ਉਹ ਮਜ਼ਦੂਰ ਵਰਗ, ਕਿਸਾਨਾਂ ਅਤੇ ਦਬੇ-ਕੁਚਲੇ ਵਰਗਾਂ ਦੇ ਹਿੱਤਾਂ ਲਈ ਚੱਲ ਰਹੀ ਲੜਾਈ ਦਾ ਮਾਰਗਦਰਸ਼ਕ ਹੈ। 

ਸੀਨੀਅਰ ਸਾਥੀਆਂ ਨੂੰ ਰਿਟਾਇਰ ਕਰਨ ਦਾ ਪ੍ਰਬੰਧ ਕਿਸੇ ਵਿਅਕਤੀ ਖ਼ਿਲਾਫ਼ ਨਹੀਂ, ਸਗੋਂ ਸਿਧਾਂਤਾਂ ਦੇ ਹੱਕ ਵਿੱਚ ਹੈ। ਸੀਪੀਆਈ ਮੰਨਦੀ ਹੈ ਕਿ ਲੀਡਰਸ਼ਿਪ ਸਦਾ ਨਵੀਂ ਸੋਚ, ਤਾਜ਼ੀ ਤਾਕਤ ਅਤੇ ਜਮੀਨੀ ਸੰਘਰਸ਼ ਨਾਲ ਜੁੜੀ ਹੋਣੀ ਚਾਹੀਦੀ ਹੈ। ਉਮਰ ਦੀ ਹੱਦ ਲਗਾਉਣ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪਾਰਟੀ ਵਿੱਚ ਪੀੜ੍ਹੀ ਦਰ ਪੀੜ੍ਹੀ ਲੋਕਤੰਤਰਿਕ ਤਬਦੀਲੀ ਹੁੰਦੀ ਰਹੇ।

ਅੱਜ ਦੇ ਭਾਰਤੀ ਰਾਜਨੀਤਕ ਦ੍ਰਿਸ਼ ਵਿੱਚ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੀਆਂ ਪਾਰਟੀਆਂ ਕੁਝ ਵਿਅਕਤੀਆਂ ਜਾਂ ਪਰਿਵਾਰਾਂ ਦੇ ਗਿਰਦ ਘੁੰਮਦੀਆਂ ਹਨ। ਉੱਥੇ ਨਾਂ ਤਾਂ ਅਹੁਦਿਆਂ ਦੀ ਹੱਦ ਹੈ ਅਤੇ ਨਾਂ ਹੀ ਉਮਰ ਦੀ। ਨਤੀਜੇ ਵਜੋਂ ਪਾਰਟੀਆਂ ਵਿੱਚ ਖੜੋਤ ਆ ਜਾਂਦੀ ਹੈ ਅਤੇ ਜਨਤਾ ਨਾਲ ਸੰਬੰਧ ਟੁੱਟ ਜਾਂਦਾ ਹੈ। ਇਸ ਦੇ ਉਲਟ, ਸੀਪੀਆਈ ਦੀ ਇਹ ਪ੍ਰੰਪਰਾ ਵਿਅਕਤੀ ਪੂਜਾ ਦੇ ਵਿਰੁੱਧ ਅਤੇ ਸੰਯੁਕਤ ਨੇਤ੍ਰਤਵ ਦੇ ਹੱਕ ਵਿੱਚ ਖੜੀ ਹੈ।

ਅੱਜ ਜਦੋਂ ਲੋਕਤੰਤਰ ਨੂੰ ਕੇਂਦਰੀਕਰਨ, ਅਹੰਕਾਰ ਅਤੇ ਕਾਰਪੋਰੇਟ ਪ੍ਰਭਾਵਾਂ ਤੋਂ ਖਤਰਾ ਹੈ, ਸੀਪੀਆਈ ਦੀ ਇਹ ਸੰਵਿਧਾਨਕ ਪ੍ਰਬੰਧਨਾ ਦਿਖਾਉਂਦੀ ਹੈ ਕਿ ਅਸਲ ਲੋਕਤੰਤਰ ਪਾਰਟੀਆਂ ਦੇ ਅੰਦਰੋਂ ਸ਼ੁਰੂ ਹੁੰਦਾ ਹੈ। ਜਿਹੜੀ ਪਾਰਟੀ ਆਪਣੇ ਅੰਦਰ ਲੋਕਤੰਤਰ ਦੀ ਪਾਲਣਾ ਕਰਦੀ ਹੈ, ਉਹੀ ਦੇਸ਼ ਵਿੱਚ ਲੋਕਤੰਤਰ ਦੀ ਰੱਖਿਆ ਕਰ ਸਕਦੀ ਹੈ।

ਕਮਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਦਾ ਸੰਵਿਧਾਨ ਭਾਰਤੀ ਰਾਜਨੀਤੀ ਵਿੱਚ ਇੱਕ ਅਜਿਹਾ ਦਸਤਾਵੇਜ਼ ਹੈ ਜੋ ਸੱਤਾ ਦੀ ਲਾਲਸਾ ਨਹੀਂ, ਸਗੋਂ ਸੰਘਰਸ਼, ਸਿਧਾਂਤ ਅਤੇ ਲੋਕਤੰਤਰ ਨੂੰ ਕੇਂਦਰ ਵਿੱਚ ਰੱਖਦਾ ਹੈ। ਅੱਜ ਦੇ ਸਮੇਂ ਵਿੱਚ, ਜਦੋਂ ਭਾਰਤੀ ਰਾਜਨੀਤੀ ’ਤੇ ਵਿਅਕਤੀ ਪੂਜਾ, ਅਹੰਕਾਰ ਅਤੇ ਸੱਤਾ ਨਾਲ ਚੰਬੜੇ ਰਹਿਣ ਦੀ ਬੀਮਾਰੀ ਹਾਵੀ ਹੈ, ਇਹ ਧਾਰਾ ਆਪਣੇ ਆਪ ਵਿੱਚ ਇੱਕ ਰਾਜਨੀਤਕ ਚੁਣੌਤੀ ਹੈ। ਇਹ ਨਿਯਮ ਸਪੱਸ਼ਟ ਕਰਦਾ ਹੈ ਕਿ ਸੀਪੀਆਈ ਲਈ ਕੋਈ ਵੀ ਵਿਅਕਤੀ ਪਾਰਟੀ ਤੋਂ ਵੱਡਾ ਨਹੀਂ—ਚਾਹੇ ਉਹ ਕਿੰਨਾ ਵੀ ਪ੍ਰਸਿੱਧ, ਅਨੁਭਵੀ ਜਾਂ ਇਤਿਹਾਸਕ ਕਿਉਂ ਨਾ ਹੋਵੇ।

ਸੀਪੀਆਈ ਦੀ ਇਹ ਪ੍ਰੰਪਰਾ ਉਸ ਵਿਚਾਰਧਾਰਾ ਤੋਂ ਜਨਮ ਲੈਂਦੀ ਹੈ ਜੋ ਮੰਨਦੀ ਹੈ ਕਿ ਲੀਡਰਸ਼ਿਪ ਜਾਇਦਾਦ ਨਹੀਂ ਹੁੰਦੀ, ਨਾ ਹੀ ਉਹ ਜੀਵਨ ਭਰ ਦਾ ਹੱਕ ਹੁੰਦਾ ਹੈ। ਜਿਹੜੀਆਂ ਪਾਰਟੀਆਂ ਅਹੁਦਿਆਂ ਨੂੰ ਜਕੜ ਕੇ ਬੈਠ ਜਾਂਦੀਆਂ ਹਨ, ਉੱਥੇ ਵਿਚਾਰ ਮਰ ਜਾਂਦੇ ਹਨ ਅਤੇ ਸੰਗਠਨ ਸੁੱਕ ਜਾਂਦੇ ਹਨ। ਸੀਪੀਆਈ ਇਸ ਖਤਰੇ ਨੂੰ ਸਮਝਦੀ ਹੈ, ਇਸੇ ਲਈ ਉਸ ਨੇ ਆਪਣੇ ਸੰਵਿਧਾਨ ਵਿੱਚ ਪੀੜ੍ਹੀ ਦਰ ਪੀੜ੍ਹੀ ਲੋਕਤੰਤਰਿਕ ਤਬਦੀਲੀ ਨੂੰ ਲਾਜ਼ਮੀ ਬਣਾਇਆ ਹੈ।

ਇਹੋ ਫਰਕ ਹੈ ਦੂਜੀਆਂ ਪਾਰਟੀਆਂ ਨਾਲੋਂ ਜੋ ਕਿ ਕਮਿਊਨਿਸਟ ਪਾਰਟੀ ਨੂੰ ਮਹਾਨ ਬਣਾਉਂਦਾ ਹੈ ਤੇ ਸਾਨੂੰ ਲੋਕ ਹੱਕਾਂ ਦੇ ਲਈ ਲੜਨ ਦੇ ਲਈ ਪ੍ਰੇਰਨਾ ਦਿੰਦਾ ਹੈ।

Journalist M S Bhatia

+91 9988491002


Saturday, February 7, 2026

ਪੰਜਾਬ ਦੀ ਵਿਦਿਆਰਥੀ ਲਹਿਰ ਦੇ ਇਤਿਹਾਸ ਦਾ ਸੁਨਹਿਰੀ ਘੋਲ ਸੀ

Comrade Lehmber Singh Taggar on Sunday 5th February 2026 at 16:36 Regarding Struggle History of SFI 

ਮੁੱਖ ਮੰਗ ਸੀ ਰੇਲਵੇ ਬਰਾਬਰ ਰਿਆਇਤੀ ਰੇਟਾਂ 'ਤੇ ਬੱਸ ਪਾਸਾਂ ਦੀ ਮੰਗ 


ਐਸਐਫਆਈ ਦੀ ਅਗਵਾਈ ਹੇਠ ਇਹ ਯਾਦਗਾਰੀ ਘੋਲ ਸੀ  

ਮੁੱਖ ਮੰਗ ਸੀ ਰੇਲਵੇ ਬਰਾਬਰ ਰਿਆਇਤੀ ਰੇਟਾਂ 'ਤੇ ਬੱਸ ਪਾਸਾਂ ਦੀ ਮੰਗ 

ਇਹ ਘੋਲ ਲਈ ਜੋਸ਼ੋਖਰੋਸ਼ ਨਾਲ ਲੜਿਆ ਗਿਆ ਅਤੇ ਸ਼ਾਨ  ਨਾਲ ਜਿੱਤਿਆ ਗਿਆ

ਪੰਜਾਬ ਦੀ ਵਿਦਿਆਰਥੀ ਲਹਿਰ ਦੇ ਇਤਿਹਾਸ ਦਾ ਇਹ ਸਭ ਤੋਂ ਮਹਾਨ ਅਤੇ ਜੇਤੂ ਸੰਘਰਸ਼-1974

- ਲਹਿੰਬਰ ਸਿੰਘ ਤੱਗੜ ਦੀ ਇੱਕ ਹੋਰ ਖਾਸ ਲਿਖਤ ਇਤਿਹਾਸ ਦੇ ਪੰਨਿਆਂ 'ਚੋਂ

ਕਾਮਰੇਡ ਸਕਰੀਨ ਦੇ ਪਾਠਕਾਂ ਲਈ ਲਹਿੰਬਰ ਸਿੰਘ ਤਿੱਬੜ ਹੁਰਾਂ ਦੀ ਵਿਸ਼ੇਸ਼ ਲਿਖਤ 

ਲੁਧਿਆਣਾ//ਚੰਡੀਗੜ੍ਹ: 7 ਫਰਵਰੀ 2026: (ਕਾਮਰੇਡ ਲਹਿੰਬਰ ਸਿੰਘ ਤੱਗੜ//ਕਾਮਰੇਡ ਸਕਰੀਨ)::

ਪੰਜਾਬ ਦੀ ਜਮਹੂਰੀ ਲਹਿਰ ਦੇ ਇਤਿਹਾਸ ਵਿੱਚ ਵਿਦਿਆਰਥੀ ਲਹਿਰ ਖਾਸ ਕਰਕੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਦੀ ਅਗਵਾਈ ਵਿੱਚ ਲੜੇ ਗਏ ਵਿਦਿਆਰਥੀ ਸੰਘਰਸ਼ਾਂ ਦਾ ਇੱਕ ਮਹੱਤਵਪੂਰਨ ਸਥਾਨ ਹੈ। ਇਨ੍ਹਾਂ ਇਤਿਹਾਸਕ ਸੰਘਰਸ਼ਾਂ ਅਤੇ ਪ੍ਰਾਪਤੀਆਂ ਬਾਰੇ ਪਿਛਲੇ ਸਮਿਆਂ ਵਿੱਚ ਮੇਰੇ ਵੱਲੋਂ ਦਰਜਣਾਂ ਆਰਟੀਕਲ ਲਿਖੇ ਜਾਂਦੇ ਰਹੇ ਹਨ ਜਿਹੜੇ ਸਮੇਂ ਸਮੇਂ 'ਤੇ ਪੰਜਾਬ ਦੀਆਂ ਵੱਖ ਵੱਖ ਅਖਬਾਰਾਂ ਵਿੱਚ ਛਪਦੇ ਰਹੇ ਹਨ। ਮੇਰੇ ਵੱਲੋਂ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਬਾਰੇ ਲਿਖੀ ਪੁਸਤਕ ''ਪੰਜਾਬ ਵਿੱਚ ਕਮਿਊਨਿਸਟ ਲਹਿਰ ਦੀ ਉਤਪਤੀ ਵਿਕਾਸ ਅਤੇ ਉਤਰਾਵਾਂ ਚੜ੍ਹਾਵਾਂ ਦਾ ਸੰਖੇਪ ਇਤਿਹਾਸ'' ਵਿੱਚ ਵੀ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਇਤਿਹਾਸ ਅਤੇ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਸੰਘਰਸ਼ਾਂ ਵਿੱਚ ਮੁੱਖ ਤੌਰ 'ਤੇ ਆਜ਼ਾਦੀ (1947) ਤੋਂ ਪਹਿਲਾਂ ਦੇ ਅਤੇ ਇਸ ਸਮੇਂ ਤੋਂ ਬਾਅਦ ਦੇ 1962 ਤੱਕ ਦੇ ਸੰਘਰਸ਼ਾਂ, 1963 ਵਿੱਚ ਸਥਾਪਤ ਹੋਈ ਜਥੇਬੰਦੀ ਚੰਡੀਗੜ੍ਹ ਸਟੂਡੈਂਟਸ ਯੂਨੀਅਨ ਅਤੇ 1964 ਵਿੱਚ ਸਥਾਪਤ ਕੀਤੀ ਗਈ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 1968-69 ਤੱਕ ਲੜੇ ਗਏ ਖਾੜਕੂ ਵਿਦਿਆਰਥੀ ਸੰਘਰਸ਼, 1970 ਵਿੱਚ ਮੁੜ ਸਥਾਪਤ ਕੀਤੀ ਗਈ ਪੰਜਾਬ ਸਟੂਡੈਂਟਸ ਯੂਨੀਅਨ (ਐਸ.ਐਫ.ਆਈ.) ਅਤੇ ਬਾਅਦ ਵਿੱਚ ਐਫ.ਐਫ.ਆਈ. ਪੰਜਾਬ ਸਟੇਟ ਵੱਲੋਂ ਲੜੇ ਗਏ ਅਨੇਕਾਂ ਵਿਦਿਆਰਥੀ ਸੰਘਰਸ਼ ਸ਼ਾਮਲ ਹਨ | ਉਪਰੋਕਤ ਸਮਿਆਂ ਦੇ ਇਨ੍ਹਾਂ ਵਿਦਿਆਰਥੀ ਸੰਘਰਸ਼ਾਂ ਵਿੱਚ ਮੋਗਾ ਗੋਲੀ ਕਾਂਡ ਵਿਰੁੱਧ, ਐਮਰਜੈਂਸੀ ਵਿਰੁੱਧ, ਬੱਸ ਪਾਸਾਂ ਲਈ ਸੰਘਰਸ਼, ਆਈ.ਟੀ.ਆਈ. ਸਿਖਿਆਰਥੀਆਂ, ਪੋਲੀਟੈਕਨਿਕ ਵਿਦਿਆਰਥੀਆਂ, ਸਕੂਲ ਵਿਦਿਆਰਥੀਆਂ, ਮੈਡੀਕਲ ਵਿਦਿਆਰਥੀਆਂ ਦੇ ਸੂਬਾਈ ਸੰਘਰਸ਼ਾਂ ਅਤੇ ਹੋਰ ਅਨੇਕਾਂ ਵੱਡੇ-ਛੋਟੇ ਸੰਘਰਸ਼ ਸ਼ਾਮਲ ਹਨ। ਇਨ੍ਹਾਂ ਸੰਘਰਸ਼ਾਂ ਵਿੱਚ ਲੱਖਾਂ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਸਮੇਂ ਸਮੇਂ 'ਤੇ ਆਪੋ ਆਪਣੇ ਇਤਿਹਾਸਕ ਰੋਲ ਅਦਾ ਕੀਤੇ, ਨਿਭਾਏ | ਪਰ ਅੱਜ ਅਸੀਂ ਜਿਸ ਇਤਿਹਾਸਕ ਵਿਦਿਆਰਥੀ ਸੰਘਰਸ਼ ਬਾਰੇ ਲਿਖਣ ਲਈ ਕਲਮ ਚੁੱਕੀ ਹੈ ਉਹ ''ਪੰਜਾਬ ਦੀ ਵਿਦਿਆਰਥੀ ਲਹਿਰ ਦੇ ਇਤਿਹਾਸ ਦਾ ਸਭ ਤੋਂ ਮਹਾਨ ਅਤੇ ਜੇਤੂ ਸੰਘਰਸ਼ ਹੈ'' ਜੋ ਪੀ.ਐਸ.ਯੂ (ਐਸ.ਐਫ.ਆਈ.) ਦੀ ਅਗਵਾਈ ਹੇਠ ਰੇਲਵੇ ਬਰਾਬਰ ਰਿਆਇਤੀ ਰੇਟਾਂ 'ਤੇ ਬੱਸ ਪਾਸਾਂ ਦੀ ਮੰਗ ਦੀ ਪ੍ਰਾਪਤੀ ਲਈ ਨਵੰਬਰ-ਦਸੰਬਰ-1974 ਵਿੱਚ ਲੜਿ੍ਹਆ ਅਤੇ ਜਿੱਤਿਆ ਗਿਆ।  ਇਸ ਸੰਘਰਸ਼ ਨੂੰ  ਅਸੀਂ ''ਇਤਿਹਾਸ ਦਾ ਸਭ ਤੋਂ ਮਹਾਨ ਵਿਦਿਆਰਥੀ ਸੰਘਰਸ਼'' ਇਸ ਲਈ ਕਰਾਰ ਦੇ ਰਹੇ ਹਾਂ ਕਿਉਂਕਿ ਇਸ ਸੰਘਰਸ਼ ਨਾਲ 1974 ਵਿੱਚ ਹੀ ਪੰਜਾਬ ਦੇ ਵਿਦਿਆਰਥੀ ਵਰਗ ਨੇ ਉਹ ਇਤਿਹਾਸਕ ਜਿੱਤ ਅਤੇ ਪ੍ਰਾਪਤੀ ਕੀਤੀ ਜਿਹੜੀ ਅੱਜ ਤੱਕ ਵੀ ਭਾਰਤ ਦੇਸ਼ ਦੇ ਕਿਸੇ ਵੀ ਪ੍ਰਾਂਤ ਦੇ ਵਿਦਿਆਰਥੀ ਨਹੀਂ ਪ੍ਰਾਪਤ ਕਰ ਸਕੇ। ਇਹ ਜਿੱਤ ਅਤੇ ਪ੍ਰਾਪਤੀ ਹੈ ਪ੍ਰਾਂਤ ਦੇ ਸਮੂਹ ਵਿਦਿਆਰਥੀਆਂ ਨੂੰ  ਰੇਲਵੇ ਬਰਾਬਰ ਰਿਆਇਤੀ ਰੇਟਾਂ 'ਤੇ ਬੱਸ ਪਾਸ ਬਣਵਾਉਣ ਦੀ ਸਹੂਲਤ। ਅਸੀਂ ਅੱਜ ਵੀ ਮਾਣ ਨਾਲ ਇਹ ਕਹਿ ਰਹੇ ਹਾਂ ਕਿ ਅੱਜ ਲੱਗ-ਪੱਗ 52 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਵਿਦਿਆਰਥੀਆਂ ਨੂੰ  ਇਹ ਸਹੂਲਤ ਪ੍ਰਾਪਤ ਹੈ। ਇਹ ਵੱਖਰੀ ਗੱਲ ਹੈ ਕਿ ਵਿਦਿਆਰਥੀ ਲਹਿਰ ਦੇ ਕਮਜ਼ੋਰ ਹੋ ਜਾਣ ਕਾਰਨ ਅੱਜ-ਕੱਲ੍ਹ ਇਸ ਸਹੂਲਤ ਲਈ ਕਈ ਕਿੰਤੂ ਪ੍ਰੰਤੂ ਲਾਏ ਜਾ ਰਹੇ ਹਨ।

1968 ਦੇ ਅੰਤ ਅਤੇ 1969 ਦੇ ਆਰੰਭ ਵਿੱਚ ਸੀ.ਪੀ.ਆਈ.(ਐਮ) ਦੀ ਵਿਚਾਰਧਾਰਾ ਅਨੁਸਾਰ ਚੱਲ ਰਹੀ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਕਈ ਮਹੱਤਵਪੂਰਨ ਆਗੂ ਨਕਸਲਾਈਟ ਲਹਿਰ ਦੇ ਪ੍ਰਭਾਵ ਹੇਠ ਆ ਗਏ ਅਤੇ ''ਜਥੇਬੰਦੀ ਦੀ ਲੋੜ ਹੀ ਨਹੀਂ'' ਸਮਝਕੇ ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਗਏ। ਜਥੇਬੰਦੀ ਦੇ ਸਿਰਮੌਰ ਆਗੂ ਕਾਮਰੇਡ ਦਰਸ਼ਨ ਸਿੰਘ ਬਾਗੀ ਨੂੰ  ਪਰੀਵੈਂਟਿਵ ਡੀਟੈਕਸ਼ਨ ਐਕਟ (ਪੀ.ਡੀ.ਐਕਟ) ਤਹਿਤ ਇਕ ਸਾਲ ਲਈ ਨਜ਼ਰਬੰਦ ਕਰ ਦਿੱਤਾ ਗਿਆ। ਕੁੱਝ ਨਿਰਾਸ਼ ਹੋ ਕੇ ਘਰਾਂ 'ਚ ਬੈਠ ਗਏ ਅਤੇ ਆਪੋ ਆਪਣੇ ਨਿੱਜੀ ਕੰਮਾਂ ਵਿੱਚ ਰੁਝ ਗਏ।  ਕਾਮਰੇਡ ਬਾਗੀ ਦੇ ਕਹਿਣ ਮੁਤਾਬਕ ਪੰਜਾਬ ਸਟੂਡੈਂਟਸ ਯੂਨੀਅਨ ਲਾਵਾਰਸ ਹੋ ਗਈ। ਇਸ ਸਥਿਤੀ ਬਾਰੇ ਉਹ ਲਿਖਦਾ ਹੈ ''ਅੱਜ ਉਸ ਮਹਾਨ ਸ਼ਕਤੀਸ਼ਾਲੀ ਜਥੇਬੰਦੀ (ਪੰਜਾਬ ਸਟੂਡੈਂਟਸ ਯੂਨੀਅਨ) ਦੇ ਵਜੂਦ ਦੀ ਹੋਂਦ ਮਿਟ ਰਹੀ ਹੈ।'' ਜਥੇਬੰਦੀ ਖਿੰਡਰਾਅ ਦੀ ਸਥਿਤੀ ਵਿੱਚ ਪਹੁੰਚ ਗਈ। ਨਜ਼ਰਬੰਦੀ ਦਾ ਇਕ ਸਾਲ ਪੂਰਾ ਹੋਣ ਤੋਂ ਬਾਅਦ 6 ਸਤੰਬਰ 1969 ਨੂੰ  ਕਾਮਰੇਡ ਦਰਸ਼ਨ ਸਿੰਘ ਬਾਗੀ ਨੂੰ  ਰਿਹਾਅ ਕਰ ਦਿੱਤਾ ਗਿਆ। ਰਿਹਾਈ ਤੋਂ ਬਾਅਦ ਉਸ ਨੇ ਜਥੇਬੰਦੀ ਨੂੰ  ਮੁੜ ਤੋਂ ਪੈਰਾਂ ਸਿਰ ਕਰਨ ਲਈ ਕੁੱਝ ਹੱਥ ਪੈਰ ਮਾਰੇ। ਆਪਣੇ ਪੁਰਾਣੇ ਸਾਥੀਆਂ ਨੂੰ  ਲੱਭਣ ਮਿਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸ ਦੇ ਹੱਥ ਪੱਲੇ ਕੁੱਝ ਨਾ ਪਿਆ। ਅਖੀਰ ਪੂਰੀ ਤਰ੍ਹਾਂ ਨਿਰਾਸ਼ ਹੋ ਕੇ ''ਕਾਮਰੇਡ ਦਰਸ਼ਨ ਸਿੰਘ ਬਾਗੀ'' ਸਭ ਕੁੱਝ ਛੱਡ-ਛਡਾ ਕੇ ਕੈਨੇਡਾ ਚਲੇ ਗਿਆ। ਆਪਣੀ ਪਹਿਚਾਣ ''ਕਾਮਰੇਡ'' ਅਤੇ ਤਖੱਲਸ ''ਬਾਗੀ'' ਉਹ ਜਾਂਦਾ ਹੋਇਆ ਅੱਧ ਮਹਾਂਸਾਗਰ ਦੇ ਡੂੰਘੇ ਪਾਣੀਆਂ ਵਿੱਚ ਦਫਨ ਕਰ ਗਿਆ।  

ਨਕਸਲੀਆਂ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਨੂੰ  ਖਤਮ ਕਰ ਦੇਣ ਤੋਂ ਬਾਅਦ ਸੀ.ਪੀ.ਆਈ.(ਐਮ) ਨੇ ਮੁੜ ਪਹਿਲ ਕਦਮੀ ਲੈ ਕੇ 1 ਦਸੰਬਰ 1970 ਨੂੰ  ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇੱਕ ਵਿਸ਼ਾਲ ਵਿਦਿਆਰਥੀ ਕਾਨਫਰੰਸ ਕਰ ਕੇ ਪੰਜਾਬ ਸਟੂਡੈਂਟਸ ਯੂਨੀਅਨ ਨੂੰ  ਮੁੜ ਜਥੇਬੰਦ ਕਰ ਲਿਆ।  ਦਸੰਬਰ 1970 ਦੇ ਅਖੀਰਲੇ ਹਫਤੇ ਤਰੀਵੈਂਦਰਮ (ਕੇਰਲਾ) ਵਿਖੇ ਕੁੱਲ ਹਿੰਦ ਪੱਧਰ ਦੀ ਵਿਦਿਆਰਥੀ ਕਾਨਫਰੰਸ ਕਰਕੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਦੀ ਸਥਾਪਨਾ/ਗਠਨ ਹੋ ਗਿਆ। ਤਰੀਵੈਂਦਰਮ ਕਾਨਫਰੰਸ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ 11 ਮੈਂਬਰੀ ਡੈਲੀਗੇਸ਼ਨ ਨੇ ਸ਼ਮੂਲੀਅਤ ਕੀਤੀ।  ਇਸ ਪ੍ਰਕਾਰ ਪੰਜਾਬ ਸਟੂਡੈਂਟਸ ਯੂਨੀਅਨ ਕੁੱਲ ਹਿੰਦ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦਾ ਹਿੱਸਾ ਬਣ ਗਈ | ਜਥੇਬੰਦੀ ਦਾ ਨਾਂ ''ਪੰਜਾਬ ਸਟੂਡੈਂਟਸ ਯੂਨੀਅਨ (ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਨਾਲ ਸਬੰਧਤ)'' ਹੋ ਗਿਆ। ਸੰਖੇਪ ਵਿੱਚ ਇਸ ਨੂੰ  ਪੀ.ਐਸ.ਯੂ (ਐਸ.ਐਫ.ਆਈ.)'' ਕਿਹਾ ਅਤੇ ਲਿਖਿਆ ਜਾਣ ਲੱਗਾ। 

ਵਿਦਿਆਰਥੀਆਂ ਲਈ ਬੱਸਾਂ ਵਿੱਚ ਵੀ ਰੇਲਵੇ ਬਰਾਬਰ ਰਿਆਇਤੀ ਦਰਾਂ 'ਤੇ   ਪਾਸ ਬਣਾਉਣ ਦੀ ਮੰਗ ਦਾ ਪੈਦਾ ਹੋਣਾ

ਸਾਲ 1965 ਵਿੱਚ ਖਾਲਸਾ ਹਾਇਅਰ ਸੈਕੰਡਰੀ ਸਕੂਲ ਬੰਡਾਲਾ (ਹੁਣ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਗੌਰਮਿੰਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਡਾਲਾ) ਜ਼ਿਲ੍ਹਾ ਜਲੰਧਰ ਤੋਂ ਹਾਇਰ ਸੈਕੰਡਰੀ ਦੀ ਪ੍ਰੀਖਿਆ ਪਾਸ ਕਰਕੇ ਉਚੇਰੀ ਪੜ੍ਹਾਈ ਲਈ ਮੈਂ ਰਾਮਗੜ੍ਹੀਆ ਕਾਲਜ ਫਗਵਾੜਾ ਵਿੱਚ ਦਾਖਲਾ ਲਿਆ। ਰੋਜ਼ਾਨਾ ਕਾਲਜ ਜਾਣ ਲਈ ਗੋਰਾਇਆ ਤੋਂ ਫਗਵਾੜਾ ਤੱਕ ਰੇਲ ਗੱਡੀ ਦਾ ਤਿੰਨ ਮਹੀਨੇ ਲਈ ਪਾਸ ਬਣਵਾਇਆ ਜਿਸ ਵਾਸਤੇ ਕੁੱਲ ਛੇ ਰੁਪਏ ਰੇਲਵੇ ਨੂੰ  ਅਦਾ ਕਰਨੇ ਪਏ। ਉਸ ਸਮੇਂ ਗੋਰਾਇਆ ਤੋਂ ਫਗਵਾੜਾ ਜਾਣ ਲਈ ਤਿੰਨ ਮਹੀਨੇ ਦਾ ਬੱਸ ਪਾਸ ਬਣਾਉਣ ਲਈ 90 ਰੁਪਏ ਲਗਦੇ ਸਨ। ਇਹ ਬਹੁਤ ਵੱਡਾ ਫਰਕ ਸੀ। ਜਿਹੜੇ ਵਿਦਿਆਰਥੀ ਉਨ੍ਹਾਂ ਪਾਸਿਆਂ ਦੇ ਪਿੰਡਾਂ ਤੋਂ ਆਉਂਦੇ ਸਨ ਜਿਸ ਪਾਸੇ ਰੇਲਵੇ ਲਾਈਨਾਂ ਨਹੀਂ ਸਨ, ਉਨ੍ਹਾਂ ਲਈ ਬਹੁਤ ਮੁਸ਼ਕਿਲ ਸੀ। ਬਹੁਤੇ ਵਿਦਿਆਰਥੀਆਂ ਦੇ ਗਰੀਬ ਮਾਪੇ ਇਤਨਾ ਖਰਚ ਬਰਦਾਸ਼ਤ ਨਹੀਂ ਕਰ ਸਕਦੇ ਸਨ। ਉਨ੍ਹਾਂ ਦੀ ਮੰਗ ਸੀ ਕਿ ਬੱਸਾਂ ਵਿੱਚ ਵੀ ਰੇਲਵੇ ਬਰਾਬਰ ਰੇਟਾਂ 'ਤੇ ਹੀ ਪਾਸ ਬਣਨੇ ਚਾਹੀਦੇ ਹਨ। ਅਨੇਕਾਂ ਵਿਦਿਆਰਥੀ ਇਸ ਵੱਡੇ ਖਰਚ ਕਾਰਨ ਹੀ ਕਾਲਜਾਂ ਨੂੰ  ਛੱਡ ਜਾਂਦੇ ਸਨ।  ਬਹੁਤ ਸਾਰੇ ਤਾਂ ਇਸ ਸਮੱਸਿਆ ਕਾਰਨ ਉਚੇਰੀ ਵਿਦਿਆ ਲਈ ਕਾਲਜਾਂ 'ਚ ਦਾਖਲ ਹੀ ਨਾ ਹੋ ਸਕਦੇ ਸਨ। ਸਾਲਾਂ ਬੱਧੀ ਇਹ ਮੰਗ ਮੇਰੇ ਦਿਮਾਗ ਅੰਦਰ ਉਸਲਵੱਟੇ ਲੈਂਦੀ ਰਹੀ। ਰ ਨਵੇਂ ਹੋਣ ਕਾਰਨ ਸਮਝ ਨਹੀਂ ਸੀ ਲਗਦੀ ਕਿ ਕੀ ਕੀਤਾ ਜਾਵੇ। 

ਪੀ.ਐਸ.ਯੂ. (ਐਸ.ਐਫ.ਆਈ.) ਦੇ ਮੁੜ ਜਥੇਬੰਦ ਹੋਣ ਤੋਂ ਬਾਅਦ ਜਥੇਬੰਦੀ ਵੱਲੋਂ ਪਹਿਲੀ ਵਾਰ 5 ਅਗਸਤ 1971 ਨੂੰ  ਪੰਜਾਬ ਦੇ ਸਮੂਹ ਵਿਦਿਆਰਥੀਆਂ ਨੂੰ  ਪ੍ਰਾਂਤ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਵਿੱਚ ਇਕ ਦਿਨ ਦੀ ਹੜਤਾਲ, ਰੈਲੀਆਂ ਅਤੇ ਮੁਜ਼ਾਰਹੇ ਕਰਨ ਦਾ ਸੱਦਾ ਦਿੱਤਾ ਗਿਆ | ਮੈਨੂੰ ਅੱਜ ਵੀ ਯਾਦ ਹੈ ਕਿ ਇਸ ਹੜਤਾਲ ਦੀਆਂ ਮੰਗਾਂ ਬਾਰੇ ਵਿਚਾਰ ਕਰਨ ਲਈ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਜਥੇਬੰਦੀ ਦੀ ਹੋਈ ਸੂਬਾਈ ਮੀਟਿੰਗ ਵਿੱਚ ਕਾਮਰੇਡ ਜਸਵਿੰਦਰਪਾਲ ਸਿੰਘ ਜੋ 1972 ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਬਣੇ ਨੇ ਪਹਿਲੀ ਬਾਰ ਇਹ ਮੰਗ ਰੱਖਣ ਦਾ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਦੇ ਬੱਸਾਂ ਵਿੱਚ ਵੀ ਰੇਲਵੇ ਬਰਾਬਰ ਰਿਆਇਤੀ ਦਰਾਂ 'ਤੇ ਬੱਸ ਪਾਸ ਬਣਾਏ ਜਾਣ |  ਮੈਂ ਆਪਣੇ ਤਜ਼ਰਬੇ ਦੇ ਆਧਾਰ 'ਤੇ ਇਸ ਮੰਗ ਦਾ ਜ਼ੋਰਦਾਰ ਸਮੱਰਥਨ ਕੀਤਾ ਅਤੇ 5 ਅਗਸਤ 1971 ਦੀ ਹੜਤਾਲ ਦੀਆਂ ਮੰਗਾਂ ਵਿੱਚ ਇਹ ਮੰਗ ਸ਼ਾਮਲ ਕਰਨ ਦਾ ਸਰਵਸੰਮਤੀ ਨਾਲ ਫੈਸਲਾ ਹੋ ਗਿਆ | ਇਸ ਪ੍ਰਕਾਰ ਇਹ ਮੰਗ ਸਾਰੀ ਜਥੇਬੰਦੀ ਦੀ ਮਹੱਤਵਪੂਰਨ ਮੰਗ ਬਣ ਗਈ | ਇਸ ਹੜਤਾਲ ਦਾ ਸੱਦਾ ਦੇਣ ਲਈ ਇੱਕ ਵੱਡਾ ਪੋਸਟਰ ਛਾਪ ਕੇ ਪੰਜਾਬ ਭਰ ਵਿੱਚ ਲਾਇਆ ਗਿਆ ਜਿਸ ਵਿੱਚ ਇਹ ਮੰਗ ਵੀ ਰੱਖੀ ਗਈ | ਪੀ.ਐਸ.ਯੂ. (ਐਸ.ਐਫ.ਆਈ.) ਦੇ ਇਸ ਪਹਿਲ ਪਲੇਠੇ ਸੱਦੇ ਨੂੰ  ਸਾਡੀ ਆਸ ਨਾਲੋਂ ਵੀ ਵੱਡਾ ਹੰੁਗਾਰਾ ਮਿਲਿਆ | ਪੰਜਾਬ ਦੇ ਲੱਗ-ਪੱਗ 50 ਵਿਦਿਅਕ ਅਦਾਰਿਆਂ ਵਿੱਚ ਹੜਤਾਲਾਂ, ਰੈਲੀਆਂ ਅਤੇ ਮੁਜ਼ਾਹਰੇ ਹੋਏ | ਬਹੁਤ ਸਾਰੇ ਅਜਿਹੇ ਕਾਲਜਾਂ ਵਿੱਚ ਵੀ ਹੜਤਾਲਾਂ ਹੋ ਗਈਆਂ ਜਿਥੇ ਅਜੇ ਜਥੇਬੰਦੀ ਕਾਇਮ ਵੀ ਨਹੀਂ ਸੀ ਹੋਈ | ਅੰਦਾਜ਼ਾ ਲਗਾਇਆ ਗਿਆ ਕਿ 30 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਇਸ ਹੜਤਾਲ ਵਿੱਚ ਸ਼ਮੂਲੀਅਤ ਕੀਤੀ | ਬੱਸ ਫਿਰ ਕੀ ਸੀ, ਵਿਦਿਆਰਥੀ ਸੰਘਰਸ਼ਾਂ ਦੇ ਇਸ ਮੁੜ ਹੋਏ ਪਹਿਲੇ ਸ਼ੰਖ-ਨਾਦ ਤੋਂ ਬਾਅਦ ਹਰ ਵਿਦਿਅਕ ਸੈਸ਼ਨ ਦੌਰਾਨ ਹੀ ਪੀ.ਐਸ.ਯੂ. (ਐਸ.ਐਫ.ਆਈ.) ਵੱਲੋਂ ਹਰ ਮਹੀਨੇ, ਦੋ ਮਹੀਨੇ ਬਾਅਦ ਹੜਤਾਲਾਂ, ਰੈਲੀਆਂ ਤੇ ਮੁਜ਼ਾਹਰਿਆਂ ਦਾ ਸਿਲਸਿਲਾ ਚਲਦਾ ਰਿਹਾ | ਹੜਤਾਲਾਂ ਕਰਨ ਵਾਲੇ ਅਦਾਰਿਆਂ ਦੀ ਗਿਣਤੀ ਵੱਧਦੀ ਵੱਧਦੀ 100 ਤੋਂ ਵੀ ਟੱਪ ਗਈ | ਇਨ੍ਹਾਂ ਐਕਸ਼ਨਾਂ ਵਿੱਚ ਹਰ ਬਾਰ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਇੱਕ ਲੱਖ ਤੋਂ ਵੀ ਟੱਪ ਗਈ | ਪੁਲਿਸ ਨਾਲ ਟੱਕਰਾਂ, ਲਾਠੀਚਾਰਜਾਂ, ਗਿ੍ਫਤਾਰੀਆਂ, ਝੁਠੇ ਕੇਸਾਂ, ਵਿਦਿਆਰਥੀ ਆਗੂਆਂ ਦੇ ਮਾਪਿਆਂ ਨੂੰ  ਨਜਾਇਜ਼ ਥਾਣਿਆਂ ਵਿੱਚ ਬੰਦ ਕਰਨਾ, ਗਿ੍ਫਤਾਰ ਵਿਦਿਆਰਥੀਆਂ ਤੇ ਅਣ-ਮਨੁੱਖੀ ਤਸ਼ੱਦਦ, ਗੰੁਡਾ ਹਮਲੇ ਅਤੇ ਹੋਰ ਬਹੁਤ ਕੁੱਝ.... ... |  ਇਹ ਸਾਰਾ ਕੁੱਝ ਸਾਲਾਂ ਬੱਧੀ ਚਲਦਾ ਰਿਹਾ | ਇਸ ਸਮੇਂ ਦੌਰਾਨ 1972 ਵਿੱਚ ਪੰਜਾਬ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਮੋਗਾ ਗੋਲੀ ਕਾਂਡ ਵਿਰੁੱਧ ਇਤਿਹਾਸਕ ਸੰਘਰਸ਼ ਵੀ ਲੜਿਆ | ਉਪਰੋਕਤ ਸਾਰੇ ਸੰਘਰਸ਼ੀ ਐਕਸ਼ਨਾਂ ਦੌਰਾਨ ਬੱਸ ਪਾਸਾਂ ਦੀ ਮੰਗ ਉμਭਰ ਕੇ ਸਭ ਤੋਂ ਮੁੱਖ ਮੰਗ ਦੇ ਤੌਰ 'ਤੇ ਸਾਹਮਣੇ ਆ ਗਈ | 

ਕਾਮਰੇਡ ਜਸਵਿੰਦਰਪਾਲ ਸਿੰਘ ਦਾ ਪੀ.ਐਸ.ਯੂ. (ਐਸ.ਐਫ.ਆਈ.) ਦਾ ਪ੍ਰਧਾਨ ਅਤੇ ਲਹਿੰਬਰ ਸਿੰਘ ਤੱਗੜ ਦਾ ਜਨਰਲ ਸਕੱਤਰ ਚੁਣੇ ਜਾਣਾ

ਉਪਰੋਕਤ ਸਮਿਆਂ ਦੌਰਾਨ ਹੀ ਅਕਤੂਬਰ 1972 ਵਿੱਚ ਲਹਿੰਬਰ ਸਿੰਘ ਤੱਗੜ ਪੀ.ਐਸ.ਯੂ. (ਐਸ.ਐਫ.ਆਈ.) ਦੇ ਐਕਟਿੰਗ ਸੂਬਾ ਜਨਰਲ ਸਕੱਤਰ ਚੁਣੇ ਗਏ | ਕੁੱਝ ਮਹੀਨੇ ਬਾਅਦ ਲੁਧਿਆਣਾ ਵਿਖੇ ਹੋਏ ਪੰਜਵੇਂ ਸੂਬਾਈ ਅਜਲਾਸ ਵਿੱਚ ਕਾਮਰੇਡ ਜਸਵਿੰਦਰਪਾਲ ਸਿੰਘ ਸੂਬਾ ਪ੍ਰਧਾਨ ਅਤੇ ਲਹਿੰਬਰ ਸਿੰਘ ਤੱਗੜ ਸੂਬਾ ਜਨਰਲ ਸਕੱਤਰ ਚੁਣੇ ਗਏ |

1972 ਵਿੱਚ ਲੜੇ ਗਏ ਮੋਗਾ ਗੋਲੀ ਕਾਂਡ ਵਿਰੁੱਧ ਇਤਿਹਾਸਕ ਵਿਦਿਆਰਥੀ ਸੰਘਰਸ਼ ਨਾਲ ਪੰਜਾਬ ਦਾ ਸਮੁੱਚਾ ਮਾਹੌਲ ਹੀ ਸੰਘਰਸ਼ਮਈ ਹੋ ਗਿਆ | ਕਿਸਾਨਾਂ, ਮਜ਼ਦੂਰਾਂ, ਹੋਰ ਮਿਹਨਤਕਸ਼ ਲੋਕਾਂ, ਨੌਜਵਾਨਾਂ, ਮੁਲਾਜ਼ਮਾਂ ਆਦਿ ਸਭ ਵਰਗਾਂ ਦੇ ਸੰਘਰਸ਼ ਫੁੱਟ ਪਏ | ਵਿਦਿਆਰਥੀ ਲਹਿਰ ਬਹੁਤ ਹੀ ਤੇਜ਼ੀ ਨਾਲ ਅੱਗੇ ਵਧਣ ਲੱਗੀ | ਪੀ.ਐਸ.ਯੂ.(ਐਸ.ਐਫ.ਆਈ.) ਦਾ ਜਥੇਬੰਦਕ ਪ੍ਰਭਾਵ ਪੰਜਾਬ ਭਰ ਵਿੱਚ ਫੈਲ ਗਿਆ | ਲਗਾਤਾਰ ਵਿਦਿਆਰਥੀ ਹੜਤਾਲਾਂ, ਧਰਨੇ, ਮੁਜ਼ਾਹਰੇ, ਰੈਲੀਆਂ ਹੋਣ ਲੱਗੀਆਂ ਜਿਨ੍ਹਾਂ ਵਿੱਚ ਲੱਖਾਂ ਵਿਦਿਆਰਥੀ ਸ਼ਮੂਲੀਅਤ ਕਰਨ ਲੱਗੇ | ਇਨ੍ਹਾਂ ਸੰਘਰਸ਼ਾਂ ਦੌਰਾਨ ਹੋਰ ਮੰਗਾਂ ਦੇ ਨਾਲ-ਨਾਲ ਵਿਦਿਆਰਥੀਆਂ ਵਾਸਤੇ ਰੇਲਵੇ ਬਰਾਬਰ ਰਿਆਇਤੀ ਰੇਟਾਂ 'ਤੇ ਬੱਸ ਪਾਸ ਬਣਾਉਣ ਦੀ ਮੰਗ ਸਭ ਤੋਂ ਵੱਧ ਮਹੱਤਵਪੂਰਨ ਮੰਗ ਦੇ ਤੌਰ 'ਤੇ ਹੋਰ ਵੀ ਜ਼ਿਆਦਾ ਉμਭਰ ਕੇ ਸਾਹਮਣੇ ਆ ਗਈ | 

1973-74 ਦੇ ਵਿਦਿਅਕ ਸੈਸ਼ਨ ਦੌਰਾਨ ਪੀਐਸਯੂ (ਐਸਐਫਆਈ) ਨੇ ਬੱਸ ਪਾਸਾਂ ਦੀ ਮੰਗ ਨੂੰ  ਪਹਿਲੇ ਨੰਬਰ ਦੀ ਮੰਗ ਰੱਖ ਕੇ ਵਿਦਿਆਰਥੀ ਮੰਗਾਂ ਦਾ ਇੱਕ ਮੰਗ ਪੱਤਰ ਤਿਆਰ ਕਰਕੇ ਛਪਵਾਇਆ ਅਤੇ ਇਸ ਉμਤੇ ਆਮ ਵਿਦਿਆਰਥੀਆਂ ਦੇ ਦਸਤਖਤ ਕਰਵਾਉਣ ਲਈ ਇੱਕ ਵਿਸ਼ਾਲ ਦਸਤਖਤੀ ਮੁਹਿੰਮ ਚਲਾਈ ਜਿਸ ਉμਤੇ 40,000 ਦੇ ਲੱਗ-ਪੱਗ ਵਿਦਿਆਰਥੀਆਂ ਦੇ ਦਸਤਖਤ ਕਰਵਾਏ ਗਏ | ਬਾਅਦ ਵਿੱਚ ਇਹ ਸਾਰੇ ਦਸਤਖਤ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੂੰ  ਭੇਜੇ ਗਏ | 

ਬੱਸ ਪਾਸਾਂ ਦੀ ਮੰਗ ਲਈ ਨਿਰਣਾਇਕ ਤੇ ਫੈਸਲਾਕੁੰਨ ਸੰਘਰਸ਼ ਲੜਨ ਦਾ ਫੈਸਲਾ

ਸਮੇਂ ਅਤੇ ਸਥਿਤੀ ਦਾ ਠੋਸ ਅਤੇ ਸਹੀ ਨਿਰਣਾ ਕਰਦੇ ਹੋਏ ਪੀ.ਐਸ.ਯੂ.(ਐਸ.ਐਫ.ਆਈ.) ਦੀ ਸੂਬਾ ਵਰਕਿੰਗ ਕਮੇਟੀ ਵੱਲੋਂ 1974-75 ਵਾਲੇ ਵਿਦਿਅਕ ਸੈਸ਼ਨ ਦੇ ਆਰੰਭ ਵਿੱਚ ਹੀ ਬੱਸ ਪਾਸਾਂ ਦੀ ਮੰਗ ਲਈ ਨਿਰਣਾਇਕ ਸੰਘਰਸ਼ ਲੜਨ ਦਾ ਫੈਸਲਾ ਕਰ ਲਿਆ ਗਿਆ | ਇਸ ਸਬੰਧੀ ਉਸ ਸਮੇਂ ਪੰਜਾਬ ਵਿੱਚ ਕੰਮ ਕਰਦੀਆਂ ਦੋ ਹੋਰ ਵਿਦਿਆਰਥੀ ਜਥੇਬੰਦੀਆਂ ਪੀ.ਐਸ.ਯੂ. ਪੰਜਾਬ ਸਟੂਡੈਂਟਸ ਯੂਨੀਅਨ (ਪਿ੍ਥੀਪਾਲ ਸਿੰਘ ਰੰਧਾਵਾ) ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਬੰਤ ਸਿੰਘ ਬਰਾੜ) ਨਾਲ ਸੰਘਰਸ਼ ਨੂੰ  ਸਾਂਝੇ ਤੌਰ 'ਤੇ ਲੜਨ ਲਈ ਸਾਡੇ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਤਿੰਨਾਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦੀ ਗਈ | ਮੀਟਿੰਗ ਵਿੱਚ ਤਿੰਨਾਂ ਜਥੇਬੰਦੀਆਂ ਦੇ ਪ੍ਰਤੀਨਿੱਧ ਪਹੁੰਚ ਗਏ | ਪੀ.ਐਸ.ਯੂ.(ਰੰਧਾਵਾ) ਦੇ ਪ੍ਰਤੀਨਿੱਧ ਤਾਂ ਸਾਂਝੇ ਸੰਘਰਸ਼ ਤੋਂ ਪੂਰੀ ਤਰ੍ਹਾਂ ਇਨਕਾਰ ਕਰਕੇ ਚਲੇ ਗਏ | ਪੰਜਾਬ ਸਟੂਡੈਂਟਸ ਫੈਡਰੇਸ਼ਨ ਵਾਲੇ ਸਾਂਝੇ ਸੰਘਰਸ਼ ਲਈ ਮੰਨ ਤਾਂ ਗਏ, ਦੋਹਾਂ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਵੀ ਸਥਾਪਤ ਹੋ ਗਈ ਅਤੇ 5 ਅਗਸਤ 1974 ਵਾਲੇ ਦਿਨ ਪੰਜਾਬ ਭਰ ਵਿੱਚ ਰੈਲੀਆਂ ਕਰਨ ਦਾ ਸੱਦਾ ਵੀ ਦੇ ਦਿੱਤਾ ਗਿਆ ਪਰ ਫੈਡਰੇਸ਼ਨ ਵਾਲਿਆਂ ਨੇ ਇਸ ਪਹਿਲੇ ਸੱਦੇ ਨੂੰ  ਹੀ ਰੈਲੀਆਂ ਦੀ ਥਾਂ ਹੜਤਾਲਾਂ ਅਤੇ ਮੁਜ਼ਾਹਰੇ ਕਰਨ ਦਾ ਬਿਆਨ ਦੇ ਕੇ ਸਾਬੋਤਾਜ਼ ਕਰ ਦਿੱਤਾ |  ਖੈਰ 5 ਅਗਸਤ ਨੂੰ  ਰੋਹ ਭਰੀਆਂ ਰੈਲੀਆਂ ਹੋਈਆਂ | 7 ਅਗਸਤ ਨੂੰ  ਐਸ.ਐਫ.ਆਈ. ਦੇ ਕੁੱਲ ਹਿੰਦ ਸੱਦੇ 'ਤੇ ਪੀ.ਐਸ.ਯੂ.(ਐਸ.ਐਫ.ਆਈ.) ਵੱਲੋਂ ''ਮੰਗ ਦਿਵਸ'' ਮਨਾਉਣ ਲਈ ਰੋਹ ਭਰੀ ਹੜਤਾਲ ਕੀਤੀ ਗਈ ਅਤੇ ਪੰਜਾਬ ਸਰਕਾਰ ਨੂੰ  ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਲਈ ਤਾੜਨਾ ਕੀਤੀ ਗਈ | ਸਾਡੀ ਜਥੇਬੰਦੀ ਵੱਲੋਂ ਪੀ.ਐਸ.ਯੂ.(ਰੰਧਾਵਾ) ਅਤੇ ਫੈਡਰੇਸ਼ਨ ਦੋਹਾਂ ਹੀ ਜਥੇਬੰਦੀਆਂ ਨੂੰ  ਮੁੜ ਅਪੀਲ ਕੀਤੀ ਗਈ ਕਿ ਉਹ ਵੀ 7 ਅਗਸਤ ਦੀ ਹੜਤਾਲ ਵਿੱਚ ਸ਼ਾਮਲ ਹੋਣ ਪਰ ਇਸ ਦੇ ਬਾਵਜੂਦ ਉਪਰੋਕਤ ਦੋਹਾਂ ਹੀ ਜਥੇਬੰਦੀਆਂ ਵੱਲੋਂ ਸ਼ਾਮਲ ਹੋਣ ਦੀ ਥਾਂ ਡੱਟ ਕੇ ਵਿਰੋਧ ਕੀਤਾ ਗਿਆ | ਇਸ ਤੋਂ ਬਾਅਦ ਐਸ.ਐਫ.ਆਈ. ਵੱਲੋਂ ਸੈਂਕੜੇ ਰੈਲੀਆਂ ਅਤੇ ਆਖਰੀ ਦਿਨ 30 ਅਗਸਤ ਨੂੰ  ਲਾਮਿਸਾਲ ਹੜਤਾਲ ਕੀਤੀ ਗਈ | ਸਾਡੇ ਵੱਲੋਂ 30 ਅਗਸਤ ਦੀ ਹੜਤਾਲ ਵਿੱਚ ਸ਼ਾਮਲ ਹੋਣ ਦੀ ਮੁੜ ਜ਼ੋਰਦਾਰ ਅਪੀਲ ਕਰਨ ਦੇ ਬਾਵਜੂਦ ਉਪਰੋਕਤ ਦੋਹਾਂ ਜਥੇਬੰਦੀਆਂ ਨੇ ਇਸ ਹੜਤਾਲ ਦੀ ਮੁੜ ਜ਼ੋਰਦਾਰ ਵਿਰੋਧਤਾ ਕੀਤੀ  | ਜਦੋਂ ਉਪਰੋਕਤ ਹੜਤਾਲਾਂ, ਰੈਲੀਆਂ ਅਤੇ ਰੋਹ ਭਰੇ ਮੁਜ਼ਾਹਰਿਆਂ ਦਾ ਵੀ ਪੰਜਾਬ ਸਰਕਾਰ ਦੇ ਬੋਲੇ ਕੰਨਾਂ 'ਤੇ ਕੋਈ ਅਸਰ ਨਾ ਹੋਇਆ ਤਾਂ ਪੀ.ਐਸ.ਯੂ.(ਐਸ.ਐਫ.ਆਈ.) ਵੱਲੋਂ ਸੰਘਰਸ਼ ਨੂੰ  ਹੋਰ ਤਿਖਾ ਕਰਨ ਦਾ ਫੈਸਲਾ ਕੀਤਾ ਗਿਆ | ਪੰਜਾਬ ਦੇ ਵਿਦਿਆਰਥੀ ਵਰਗ ਨੂੰ  ਐਸ.ਐਫ.ਆਈ. ਵੱਲੋਂ ਹੋਕਾ ਦਿੱਤਾ ਗਿਆ ਕਿ ਉਹ ਹੱਕ ਅਤੇ ਇਨਸਾਫ ਦੀ ਪ੍ਰਾਪਤੀ ਲਈ ਆਪਣੀ ਜਥੇਬੰਦੀ ਅਤੇ ਏਕਤਾ ਨੂੰ  ਹੋਰ ਮਜ਼ਬੂਤ ਕਰਨ ਅਤੇ ਅੱਗੇ ਵਧਾਉਣ ਕਿਉਂਕਿ ਜਦੋਂ ਵਿਦਿਆਰਥੀ ਆਪਣੇ ਸੰਘਰਸ਼ ਨੂੰ  ਹੋਰ ਖਾੜਕੂ ਰੂਪ ਦੇਣਗੇ ਤਾਂ ਸਰਕਾਰ ਆਪਣੀ ਨੀਤੀ ਅਨੁਸਾਰ ਹੋਰ ਤਿੱਖੇ ਜਬਰ ਦਾ ਰਾਹ ਅਖਤਿਆਰ ਕਰੇਗੀ | 

7 ਨਵੰਬਰ-ਚਲੋ ਜਲੰਧਰ-1974 

ਲਾਮਿਸਾਲ ਅਤੇ ਇਤਿਹਾਸਕ ਵਿਦਿਆਰਥੀ ਨੌਜੁਆਨ ਰੈਲੀ

ਬੱਸ ਪਾਸਾਂ ਲਈ ਫੈਸਲਾਕੁੰਨ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ

ਅੰਤ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਪੀ.ਐਸ.ਯੂ.(ਐਸ.ਐਫ.ਆਈ.) ਦੀ ਅਗਵਾਈ ਹੇਠ ਆਪਣੀ ਜਥੇਬੰਦਕ ਸ਼ਕਤੀ ਦਾ ਪ੍ਰਗਟਾਵਾ ਕਰਨ, ਪੰਜਾਬ ਸਰਕਾਰ ਨੂੰ  ਕੰੁਭਕਰਨੀ ਨੀਂਦ ਤੋਂ ਜਗਾਉਣ ਅਤੇ ਅੰਤਮ ਚਿਤਾਵਨੀ ਦੇਣ ਲਈ ਪੰਜਾਬ ਦੇ ਕੇਂਦਰੀ ਸ਼ਹਿਰ ਜਲੰਧਰ ਵਿੱਚ ਪੰਜਾਬ ਦੇ ਨੌਜੁਆਨਾਂ ਦੀ ਉਨ੍ਹਾਂ ਸਮਿਆਂ ਦੀ ਇਨਕਲਾਬੀ ਜਥੇਬੰਦੀ ਨੌਜਵਾਨ ਸਭਾ ਨਾਲ ਮਿਲਕੇ 7 ਨਵੰਬਰ, 1974 ਵਾਲੇ ਦਿਨ ਇੱਕ ਵਿਸ਼ਾਲ ਰੈਲੀ ਅਤੇ ਰੋਹ ਭਰਿਆ ਮੁਜ਼ਾਹਰਾ ਕਰਨ ਦਾ ਸੱਦਾ ਦੇ ਦਿੱਤਾ ਗਿਆ |  7 ਨਵੰਬਰ ਦਾ ਦਿਨ ਸੁਚੇਤ ਤੌਰ 'ਤੇ ਸੋਵੀਅਤ ਇਨਕਲਾਬ ਦਾ ਦਿਨ ਹੋਣ ਕਰਕੇ ਚੁਣਿਆ ਗਿਆ | 

ਇਸ ਰੈਲੀ ਅਤੇ ਮੁਜ਼ਾਹਰੇ ਨੂੰ  ਲਾਮਿਸਾਲ ਤੌਰ 'ਤੇ ਸਫਲ ਬਣਾਉਣ ਲਈ ਪੰਜਾਬ ਭਰ ਵਿੱਚ ਬਹੁਤ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਗਈਆਂ | ਮੀਟਿੰਗਾਂ, ਰੈਲੀਆਂ ਦਾ ਤਾਂਤਾ ਬੱਝ ਗਿਆ | ਕਈ ਹਜ਼ਾਰਾਂ ਦੀ ਗਿਣਤੀ ਵਿੱਚ ਵੱਡੇ-ਵੱਡੇ ਇਸ਼ਤਿਹਾਰ ਕੱਢੇ ਅਤੇ ਕੰਧਾਂ ਤੇ ਲਾਏ ਗਏ | ਲੱਖਾਂ ਦੀ ਗਿਣਤੀ ਵਿੱਚ ਹੈਂਡਬਿਲ ਵੰਡੇ ਗਏ | ਰੈਲੀਆਂ, ਮੀਟਿੰਗਾਂ ਦੌਰਾਨ ''7 ਨਵੰਬਰ-ਚੱਲੋ ਜਲੰਧਰ'' ਦਾ ਨਾਅਰਾ ਆਪ ਮੁਹਾਰੇ ਹੀ ਵਿਕਸਤ ਹੋ ਗਿਆ | ਪੰਜਾਬ ਭਰ ਦੀਆਂ ਕੰਧਾਂ ਲੂਲੂ''7 ਨਵੰਬਰ-ਚਲੋ ਜਲੰਧਰ'' ਦੇ ਨਾਅਰਿਆਂ ਦੀਆਂ ਵਾਲ ਪੇਟਿੰਗਾਂ ਕਰਕੇ ਭਰ ਦਿੱਤੀਆਂ ਗਈਆਂ | ਇਹ ਵਾਲ ਪੇਟਿੰਗਾਂ ਪੰਜਾਬ ਭਰ ਵਿੱਚ ਬਾਅਦ ਵਿੱਚ ਵੀ ਸਾਲਾਂ ਬੱਧੀ ਨਜ਼ਰ ਆਉਂਦੀਆਂ ਰਹੀਆਂ | ਸਾਡੇ ਇੱਕ ਸਾਥੀ ਜਗੀਰ ਸਿੰਘ ਕਾਹਲੋਂ ਨੇ ''7 ਨਵੰਬਰ-ਚਲੋ ਜਲੰਧਰ'' ਦੇ ਮਤਲੇ ਨਾਲ ਇੱਕ ਕਵਿਤਾ ਹੀ ਲਿਖ ਮਾਰੀ ਅਤੇ ਅਖਬਾਰਾਂ ਵਿੱਚ ਛਪਵਾ ਦਿੱਤੀ | ਇਸ ਨਾਅਰੇ ਦੀਆਂ ਗੂੰਜਾਂ ਪੰਜਾਬ ਭਰ ਵਿੱਚ ਪੈਣ ਲੱਗੀਆਂ |  7 ਨਵੰਬਰ, 1974 ਵਾਲੇ ਦਿਨ ਜਲੰਧਰ ਸ਼ਹਿਰ ਵਿੱਚ ਪੰਜਾਬ ਦੇ ਵਿਦਿਆਰਥੀ ਅਤੇ ਨੌਜੁਆਨ ਲਹਿਰ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਲਾਮਿਸਾਲ ਮੁਜ਼ਾਹਰਾ ਅਤੇ ਰੈਲੀ ਹੋਈ | ਇਸ ਵਿੱਚ 50,000 ਤੋਂ ਵੱਧ ਵਿਦਿਆਰਥੀ ਅਤੇ ਨੌਜੁਆਨ ਸ਼ਾਮਲ ਹੋਏ ਜ਼ਿਨ੍ਹਾਂ ਵਿੱਚ 500 ਤੋਂ ਵੱਧ ਵਿਦਿਆਰਥਣਾਂ ਅਤੇ ਨੌਜਵਾਨ ਲੜਕੀਆਂ ਵੀ ਸ਼ਾਮਲ ਸਨ | ਵਿਸ਼ਾਲ ਰੈਲੀ ਨੂੰ  ਪੱਛਮੀ ਬੰਗਾਲ ਦੇ ਹਰਮਨ ਪਿਆਰੇ ਨੌਜੁਆਨ ਆਗੂ ਕਾਮਰੇਡ ਦਿਨੇਸ਼ ਮੌਜ਼ਮਦਾਰ, ਨੌਜੁਆਨ ਸਭਾ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਕੁਲਵੰਤ ਸਿੰਘ ਮੰਡਿਆਲਾ, ਪੀ.ਐਸ.ਯੂ.(ਐਸ.ਐਫ.ਆਈ.) ਦੇ ਜਨਰਲ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ |  ਪੀ.ਐਸ.ਯੂ.(ਐਸ.ਐਫ.ਆਈ.) ਦੇ ਪ੍ਰਧਾਨ ਕਾਮਰੇਡ ਜਸਵਿੰਦਰਪਾਲ ਸਿੰਘ ਅਤੇ ਨੌਜੁਆਨ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਕਿ੍ਸ਼ਨ ਕੁਮਾਰ ਕੌਸ਼ਲ ਨੇ ਇਸ ਇਤਿਹਾਸਕ ਰੈਲੀ ਦੀ ਪ੍ਰਧਾਨਗੀ ਕੀਤੀ | ਰੈਲੀ ਦੀ ਸਟੇਜ ਤੋਂ ਕਾਮਰੇਡ ਲਹਿੰਬਰ ਸਿੰਘ ਤੱਗੜ ਵੱਲੋਂ ਇਤਿਹਾਸਕ ਐਲਾਨ ਕੀਤਾ ਗਿਆ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਅੱਜ  (7 ਨਵੰਬਰ) ਤੋਂ ਇੱਕ ਹਫਤੇ ਦੇ ਅੰਦਰ-ਅੰਦਰ ਬੱਸ ਪਾਸਾਂ ਦੀ ਮੰਗ ਪ੍ਰਵਾਨ ਨਾ ਕੀਤੀ ਗਈ ਤਾਂ ਪੰਜਾਬ ਦੇ ਵਿਦਿਆਰਥੀ ਵਰਗ ਵੱਲੋਂ ਪੰਜਾਬ ਭਰ ਵਿੱਚ ਬੱਸਾਂ ਅਤੇ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰਾਂ ਦੇ ਘਿਰਾਓ ਕੀਤੇ ਜਾਣਗੇ | ਇਸ ਐਲਾਨ ਅਤੇ ਚਿਤਾਵਨੀ ਨੂੰ  ਰੈਲੀ ਵਿੱਚ ਸ਼ਾਮਲ ਸਮੂਹ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਤਾੜੀਆਂ ਅਤੇ ਨਾਅਰਿਆਂ ਦੀ ਗੂੰਜ ਵਿੱਚ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ ਅਤੇ ਇਸ ਪ੍ਰਕਾਰ ਬੱਸ ਪਾਸਾਂ ਦੀ ਮੰਗ ਲਈ ਫੈਸਲਾਕੰੁਨ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ |  7 ਨਵੰਬਰ, 1974 ਵਾਲੇ ਦਿਨ ਦੀ ਇਹ ਲਾਮਿਸਾਲ ਰੈਲੀ ਅਤੇ ਮੁਜ਼ਾਹਰਾ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਇਤਿਹਾਸ ਵਿੱਚ ਇੱਕ ਫੈਸਲਾਕੁੰਨ ਪੜਾਅ ਵਜੋਂ ਦਰਜ ਹੋ ਗਿਆ |  

......ਤੇ ਅੰਤ 21 ਅਤੇ 22 ਨਵੰਬਰ 1974 ਨੂੰ  ਪੰਜਾਬ ਭਰ ਵਿੱਚ ਪਹਿਲੀ ਵਾਰ ਲਗਾਤਾਰ ਦੋ ਦਿਨ ਬੱਸਾਂ ਦਾ ਘਿਰਾਓ ਹੋਇਆ 

......... ਤੇ ਅੰਤ ਪੀ.ਐਸ.ਯੂ.(ਐਸ.ਐਫ.ਆਈ.) ਦੀ ਸੂਬਾ ਵਰਕਿੰਗ ਕਮੇੇਟੀ ਦੀ 14 ਨਵੰਬਰ 1974 ਨੂੰ  ਇੱਕ ਇਤਿਹਾਸਕ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਕਰਕੇ ਅੰਤਮ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ 20 ਨਵੰਬਰ ਤੱਕ ਬੱਸ ਪਾਸਾਂ ਦੀ ਮੰਗ ਪ੍ਰਵਾਨ ਨਾ ਕੀਤੀ ਗਈ ਤਾਂ 21 ਅਤੇ 22 ਨਵੰਬਰ 1974 ਨੂੰ  ਪੰਜਾਬ ਭਰ ਵਿੱਚ ਲਗਾਤਾਰ ਦੋ ਦਿਨ ਪੰਜਾਬ ਦੇ ਵਿਦਿਆਰਥੀ ਵਰਗ ਵੱਲੋਂ ਬੱਸਾਂ ਅਤੇ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰਾਂ ਦੇ ਘਿਰਾਓ ਕੀਤੇ ਜਾਣਗੇ | ਅਖਬਾਰਾਂ ਵਿੱਚ ਬਿਆਨ ਦੇਣ ਦੇ ਨਾਲ ਹੀ ਇੱਕ ਇਸ਼ਤਿਹਾਰ ਹਜ਼ਾਰਾਂ ਦੀ ਗਿਣਤੀ ਵਿੱਚ ਛਪਵਾ ਕੇ ਪੰਜਾਬ ਭਰ ਵਿੱਚ ਲਾਇਆ ਗਿਆ ਜਿਸ ਦੇ ਮੁੱਖ ਹੈਡਿੰਗ ਸਨ '' ਨਗਾਰੇ ਤੇ ਚੋਟ'', '' ਰੇਲਵੇ ਅਨੁਸਾਰ ਬੱਸ ਪਾਸਾਂ ਦੀ ਮੰਗ ਲਈ 21 ਅਤੇ 22 ਨਵੰਬਰ ਨੂੰ  ਬੱਸਾਂ ਅਤੇ ਮੈਨੇਜਰਾਂ ਦੇ ਲਗਾਤਾਰ ਦੋ ਦਿਨ ਘਿਰਾਓ |'' ਇਸ਼ਤਿਹਾਰ ਵਿੱਚ ਪੀ.ਐਸ.ਯੂ.(ਰੰਧਾਵਾ) ਅਤੇ ਪੰਜਾਬ ਸਟੂਡੈਂਡਸ ਫੈਡਰੇਸ਼ਨ ਨੂੰ  ਇਨ੍ਹਾਂ ਐਕਸ਼ਨਾਂ ਵਿੱਚ ਸ਼ਾਮਲ ਹੋਣ ਲਈ ਮੁੜ ਅਪੀਲ ਕੀਤੀ ਗਈ |  

ਬੱਸ ਫਿਰ ਕੀ ਸੀ ਪੀ.ਐਸ.ਯੂ.(ਐਸ.ਐਫ.ਆਈ.) ਦੇ ਉਪਰੋਕਤ ਫੈਸਲੇ ਅਤੇ ਐਲਾਨ ਨੇ ਸਮੇਂ ਦੀ ਗਿਆਨੀ ਜ਼ੈਲ ਸਿੰਘ ਸਰਕਾਰ ਦੀਆਂ ਲੱਤਾਂ ਕੰਬਣ ਲਾ ਦਿੱਤੀਆਂ।  ਸਾਡਾ ਉਪਰਕੋਤ ਫੈਸਲਾ ਅਤੇ ਐਲਾਨ 15 ਨਵੰਬਰ ਦੀਆਂ ਅਖਬਾਰਾਂ ਵਿੱਚ ਛਪਿਆ  ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਦੂਸਰੇ ਦਿਨ 16 ਨਵੰਬਰ ਨੂੰ  ਹੀ ਐਲਾਨ ਕਰ ਦਿੱਤਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਸਮੂਹ ਵਿਦਿਆਰਥੀਆਂ ਦੇ ਰੇਲਵੇ ਬਰਾਬਰ ਰੇਟਾਂ ਅਨੁਸਾਰ ਬੱਸਾਂ ਦੇ ਪਾਸ ਬਣਾਉਣ ਦਾ ਫੈਸਲਾ ਕੀਤਾ ਹੈ।  ਮੁੱਖ ਮੰਤਰੀ ਡੀ.ਏ.ਵੀ. ਕਾਲਜ ਜਲੰਧਰ ਵਿਖੇ ਇੱਕ ਫੰਕਸ਼ਨ ਨੂੰ  ਸੰਬੋਧਨ ਕਰ ਰਹੇ ਸਨ | ਇਸ ਤੋਂ ਪਹਿਲਾਂ ਪੰਜਾਬ ਦੇ ਇੱਕ ਹੋਰ ਕੈਂਬਨਿਟ ਮੰਤਰੀ ਸ਼੍ਰੀ ਯੱਸ਼ ਨੇ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀਆਂ ਸੈਨੈਟਾਂ ਵਿੱਚ ਵਿਦਿਆਰਥੀਆਂ ਦੇ ਪ੍ਰਤੀਨਿੱਧਾਂ ਨੂੰ  ਨੁਮਾਇੰਦਗੀ ਦੇਣ ਦਾ ਫੈਸਲਾ ਕੀਤਾ ਹੈ। ਉਪਰੋਕਤ ਐਲਾਨਾਂ ਤੋਂ ਬਾਅਦ ਪੀ.ਐਸ.ਯੂ.(ਐਸ.ਐਫ.ਆਈ.) ਵੱਲੋਂ ਸਾਰੇ ਵਿਦਿਆਰਥੀ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ 18 ਨਵੰਬਰ ਨੂੰ  ਪ੍ਰੈਸ ਬਿਆਨ ਜਾਰੀ ਕਰਕੇ ਮੰਗ ਕੀਤੀ ਗਈ ਕਿ ਜੇਕਰ ਪੰਜਾਬ ਸਰਕਾਰ ਸੱਚ-ਮੁੱਚ ਵਿਦਿਆਰਥੀਆਂ ਦੀਆਂ ਮੰਗਾਂ ਪ੍ਰਵਾਨ ਕਰਨ ਲਈ ਗੰਭੀਰ ਹੈ ਤਾਂ ਸਰਕਾਰ ਨੂੰ  ਇਨ੍ਹਾਂ ਮੰਗਾਂ ਨੂੰ  ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ  ਸਰਕਾਰ ਦੇ ਫੋਕੇ ਐਲਾਨਾਂ ਅਤੇ ਬਿਆਨਾਂ ਤੇ ਗੁੰਮਰਾਹ ਨਹੀਂ ਹੋਣਾ ਚਾਹੀਦਾ ਅਤੇ ਜਥੇਬੰਦੀ ਦੇ ਫੈਸਲੇ ਨੂੰ  ਲਾਗੂ ਕਰਦੇ ਹੋਏ 21 ਅਤੇ 22 ਨਵੰਬਰ ਨੂੰ ਪੰਜਾਬ ਭਰ ਵਿੱਚ ਬੱਸਾਂ ਅਤੇ ਜਨਰਲ ਮੈਨੇਜਰਾਂ ਦੇ ਘਿਰਾਓ ਕਰਨ ਦੀਆਂ ਤਿਆਰੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ।  ਬਿਆਨ ਵਿੱਚ ਐਲਾਨ ਕੀਤਾ ਗਿਆ ਕਿ 21 ਅਤੇ 22 ਨਵੰਬਰ ਨੂੰ  ਰੋਹ ਭਰੇ ਘਿਰਾਓ ਐਕਸ਼ਨ ਕੀਤੇ ਜਾਣਗੇ। 

.......... ਅਤੇ ਅੰਤ ਪੰਜਾਬ ਦੇ ਵਿਦਿਆਰਥੀਆਂ ਨੇ ਇਤਿਹਾਸ ਰਚ ਦਿੱਤਾ। ਸਿੱਟੇ ਵੱਜੋਂ 21 ਅਤੇ 22 ਨਵੰਬਰ ਨੂੰ  ਲਗਾਤਾਰ ਦੋਵੇਂ ਦਿਨ ਪੰਜਾਬ ਦੇ ਉਸ ਸਮੇਂ ਦੇ ਸਾਰੇ 12 ਜ਼ਿਲ੍ਹਿਆਂ ਵਿੱਚ ਪੰਜਾਬ ਦੀਆਂ 70 ਤੋਂ ਵੱਧ ਵਿਦਿਅਕ ਸੰਸਥਾਵਾਂ ਵਿੱਚ ਹੜਤਾਲਾਂ ਕਰਕੇ 30 ਤੋਂ ਵੱਧ ਥਾਵਾਂ 'ਤੇ ਬੱਸਾਂ ਦੇ ਸਫਲ ਅਤੇ ਮੁਕੰਮਲ ਘਿਰਾਓ ਕੀਤੇ ਗਏ। ਕੁੱਝ ਥਾਵਾਂ 'ਤੇ ਪੰਜਾਬ ਰੋਡਵੇਜ਼ ਦੇ ਮੈਨੇਜਰਾਂ ਅਤੇ ਹੋਰ ਟਰਾਂਸਪੋਰਟ ਅਧਿਕਾਰੀਆਂ ਦੇ ਘਿਰਾਓ ਵੀ ਕੀਤੇ ਗਏ। ਇਨ੍ਹਾਂ ਐਕਸ਼ਨਾਂ ਵਿੱਚ 30,000 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਘਿਰਾਓ ਵਾਲੇ ਐਕਸ਼ਨਾਂ ਨੂੰ  ਅਸਫਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਾਂਤ ਵਿੱਚ ਹਰ ਥਾਂ ਬਹੁਤ ਵੱਡੇ ਪੈਮਾਨੇ 'ਤੇ ਪੁਲਿਸ ਤਾਇਨਾਤ ਕੀਤੀ ਗਈ। ਹਰ ਥਾਂ ਵਿਦਿਆਰਥੀਆਂ ਨੂੰ  ਬੱਸਾਂ ਰੋਕਣ ਤੋਂ ਹਟਾਉਣ ਦੀਆਂ ਪੁਲਿਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ। ਕਪੂਰਥਲਾ, ਸੰਗਰੂਰ, ਰਾਜਪੁਰਾ ਅਤੇ ਬੁਢਲਾਡਾ ਵਿਖੇ ਵਹਿਸ਼ੀ ਲਾਠੀਚਾਰਜ ਕੀਤੇ ਗਏ। ਇਸਦੇ ਨਾਲ ਹੀ 30 ਤੋਂ ਵੱਧ ਵਿਦਿਆਰਥੀ ਗਿ੍ਫਤਾਰ ਕੀਤੇ ਗਏ ਜਿਨ੍ਹਾਂ ਉੱਤੇ ਭਾਰੀ ਤਸ਼ੱਦਦ ਕੀਤਾ ਗਿਆ। ਸੰਗਰੂਰ ਵਿੱਚ ਇੱਕ ਵਿਦਿਆਰਥੀ ਆਗੂ ਮਿੱਤ ਸਿੰਘ ਜਨਾਲ ਦੀਆਂ ਲਾਠੀਆਂ ਨਾਲ ਲੱਤਾਂ ਭੰਨ ਦਿੱਤੀਆਂ ਗਈਆਂ। ਝੂਠੇ ਕੇਸ ਬਣਾਏ ਗਏ। ਪਰ ਇਸ ਸਭ ਕੁੱਝ ਦੇ ਬਾਵਜੂਦ ਸੂਬਾ ਪੱਧਰ 'ਤੇ ਦੋ ਦਿਨਾਂ ਦੇ ਇਸ ਪਹਿਲ ਪਲੇਠੇ ਬੱਸ ਘਿਰਾਓ ਐਕਸ਼ਨ ਨੂੰ  ਇਤਿਹਾਸਕ ਸਫਲਤਾ ਹਾਸਲ ਹੋਈ।  21-22 ਨਵੰਬਰ 1974 ਦਾ ਇਹ ਇਤਿਹਾਸਕ ਸੰਘਰਸ਼ੀ ਐਕਸ਼ਨ ਪੰਜਾਬ ਦੀ ਜਮਹੂਰੀ ਵਿਦਿਆਰਥੀ ਲਹਿਰ ਦੇ ਇਤਿਹਾਸ ਦਾ ਇੱਕ ਨਵਾਂ ਮੀਲ ਦਾ ਪੱਥਰ ਸਾਬਤ ਹੋਇਆ। ਇਸ ਤੋਂ ਪਹਿਲਾਂ ਪੰਜਾਬ  ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਸਥਾਨਕ ਮੰਗਾਂ ਲਈ ਸਥਾਨਕ ਸੰਘਰਸ਼ਾਂ ਵਿੱਚ ਸਥਾਨਕ ਤੌਰ 'ਤੇ ਕਈ ਬਾਰ ਬੱਸਾਂ ਤਾਂ ਘੇਰੀਆਂ ਜਾਂਦੀਆਂ ਸਨ ਪਰ ਸੂਬਾ ਪੱਧਰ 'ਤੇ ਇੱਕੋ ਸਮੇਂ ਇਤਨੀ ਵੱਡੇ ਪੈਮਾਨੇ 'ਤੇ ਬੱਝਵਾਂ ਐਕਸ਼ਨ ਪਹਿਲੀ ਵਾਰ ਹੋਇਆ ਸੀ।  

22 ਨਵੰਬਰ ਵਾਲੇ ਦਿਨ ਹੀ ਪੀ.ਐਸ.ਯੂ.(ਐਸ.ਐਫ.ਆਈ.) ਵੱਲੋ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਪੰਜਾਬ ਭਰ ਦੇ ਵਿਦਿਆਰਥੀ ਵਰਗ ਨੂੰ  ਦੋ ਦਿਨਾਂ ਦੇ ਇਤਿਹਾਸਕ ਘਿਰਾਓ ਐਕਸ਼ਨ ਦੀ ਸਫਲਤਾ ਲਈ ਜਿੱਥੇ ਇਨਕਲਾਬੀ ਵਧਾਈ ਦਿੱਤੀ ਗਈ, ਉਥੇ ਨਾਲ ਹੀ ਦੂਸਰੇ ਦਿਨ 23 ਨਵੰਬਰ ਨੂੰ  ਵਿਦਿਆਰਥੀਆਂ ਉੱਪਰ ਥਾਂ-ਥਾਂ ਲਾਠੀਚਾਰਜਾਂ ਅਤੇ ਗਿ੍ਫਤਾਰੀਆਂ ਵਿਰੁੱਧ ਰੋਸ ਪ੍ਰਗਟ ਕਰਨ ਅਤੇ ਗਿ੍ਫਤਾਰ ਵਿਦਿਆਰਥੀਆਂ ਦੀ ਰਿਹਾਈ ਲਈ 'ਰੋਸ ਦਿਵਸ' ਮਨਾਉਣ ਦਾ ਸੱਦਾ ਦੇ ਦਿੱਤਾ ਗਿਆ। ਸੋ ਤੀਸਰੇ ਦਿਨ 23 ਨਵੰਬਰ ਨੂੰ  ਵੀ ਪੰਜਾਬ ਭਰ ਵਿੱਚ ਹੜਤਾਲਾਂ, ਰੈਲੀਆਂ ਅਤੇ ਕਈ ਥਾਵਾਂ 'ਤੇ ਬੱਸਾਂ ਦੇ ਘਿਰਾਓ ਹੋਏ ਅਤੇ ਰਾਜਪੁਰਾ ਅਤੇ ਚੰਡੀਗੜ੍ਹ ਵਿੱਚ ਮੁੜ ਲਾਠੀਚਾਰਜ ਅਤੇ ਗਿ੍ਫਤਾਰੀਆਂ ਹੋਈਆਂ। ਪੀ.ਐਸ.ਯੂ. (ਐਸ.ਐਫ.ਆਈ.) ਵੱਲੋਂ 26 ਨਵੰਬਰ ਨੂੰ  ਮੁੜ 'ਰੋਸ ਦਿਵਸ' ਮਨਾਉਣ ਦਾ ਸੱਦਾ ਦਿੱਤਾ ਗਿਆ। 26 ਨਵੰਬਰ ਨੂੰ  ਫਿਰ ਪੰਜਾਬ ਭਰ ਵਿੱਚ ਹੜਤਾਲਾਂ, ਰੈਲੀਆਂ ਤੇ ਰੋਹ ਭਰੇ ਮੁਜ਼ਾਹਰੇ ਹੋਏ।   

26 ਨਵੰਬਰ, 1974 ਦੇ 'ਰੋਸ ਦਿਵਸ' ਵਾਲੇ ਦਿਨ ਰਾਜਪੁਰਾ ਵਿਖੇ ਮੁੜ ਪੁਲਿਸ ਵੱਲੋਂ ਵਹਿਸ਼ੀ ਲਾਠੀਚਾਰਜ ਕੀਤਾ ਗਿਆ ਅਤੇ ਦਰਜਣ ਦੇ ਕਰੀਬ ਵਿਦਿਆਰਥੀ ਆਗੂਆਂ ਨੂੰ  ਗਿ੍ਫਤਾਰ ਕੀਤਾ ਗਿਆ।  27-28 ਨਵੰਬਰ ਨੂੰ  ਮੁੜ ਅਨੇਕਾਂ ਥਾਵਾਂ 'ਤੇ ਹੜਤਾਲਾਂ, ਰੈਲੀਆਂ ਅਤੇ ਮੁਜ਼ਾਹਰੇ ਹੋਏ। ਅੰਮਿ੍ਤਸਰ, ਰਾਜਪੁਰਾ ਅਤੇ ਚੰਡੀਗੜ੍ਹ ਵਿੱਚ ਮੁੜ ਲਾਠੀਚਾਰਜ ਅਤੇ ਗਿ੍ਫਤਾਰੀਆਂ ਹੋਈਆਂ। ਗੱਲ ਕੀ ਕਿ 21 ਨਵੰਬਰ ਤੋਂ ਲੈ ਕੇ 28 ਨਵੰਬਰ 1974 ਤੱਕ ਹਫਤੇ ਤੋਂ ਵਧ ਸਮਾਂ ਲਗਾਤਾਰ ਰੋਜ਼ ਹੀ ਹੜਤਾਲਾਂ, ਬੱਸ ਘਿਰਾਓ, ਲਾਠੀਚਾਰਜ, ਗਿ੍ਫਤਾਰੀਆਂ, ਧਰਨੇ, ਮੁਜ਼ਾਹਰੇ ਹੁੰਦੇ ਰਹੇ। ਸਾਰਾ ਪੰਜਾਬ ਹੀ ਵਿਦਿਆਰਥੀ ਸੰਘਰਸ਼ਾਂ ਦਾ ਮੈਦਾਨੇ ਜੰਗ ਬਣ ਗਿਆ। ਇਨ੍ਹਾਂ ਹਾਲਾਤਾਂ ਨੇ ਪੰਜਾਬ ਸਰਕਾਰ ਨੂੰ  ਫਿਰ ਘਬਰਾਹਟਾਂ ਪਾ ਦਿੱਤੀਆਂ। ਅੰਤ 28 ਨਵੰਬਰ ਵਾਲੇ ਦਿਨ ਪੰਜਾਬ ਦੇ ਸਿੱਖਿਆ ਮੰਤਰੀ ਚੌਧਰੀ ਗੁਰਮੇਲ ਸਿੰਘ ਨੇ ਮੁੜ ਬਾਕਾਇਦਾ ਬਿਆਨ ਜਾਰੀ ਕਰਕੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ  ਬੱਸਾਂ ਵਿੱਚ ਰੇਲਵੇ ਅਨੁਸਾਰ ਰਿਆਇਤੀ ਰੇਟਾਂ 'ਤੇ ਪਾਸ ਬਣਾਉਣ, ਕਿਤਾਬਾਂ ਅਤੇ ਕਾਪੀਆਂ ਸਸਤੇ ਰੇਟਾਂ 'ਤੇ ਦੇਣ ਅਤੇ ਯੂਨੀਵਰਸਿਟੀਆਂ ਦੀਆਂ ਸੈਨੇਟਾਂ ਵਿੱਚ ਵਿਦਿਆਰਥੀਆਂ ਨੂੰ  ਪ੍ਰਤੀਨਿੱਧਤਾ ਦੇਣ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ ਹਨ। ਪੀ.ਐਸ.ਯੂ.(ਐਸ.ਐਫ.ਆਈ.) ਨੇ ਪੂਰੀ ਤਰ੍ਹਾਂ ਸੋਚ ਵਿਚਾਰ ਕੇ 30 ਨਵੰਬਰ, 1974 ਨੂੰ  ਬਿਆਨ ਜਾਰੀ ਕਰਕੇ ਸਿੱਖਿਆ ਮੰਤਰੀ ਦੇ ਉਪਰੋਕਤ ਬਿਆਨ ਅਤੇ ਐਲਾਨ ਨੂੰ  ਵਿਦਿਆਰਥੀ ਸੰਘਰਸ਼ ਦੀ ਜਿੱਤ ਕਰਾਰ ਦੇ ਦਿੱਤਾ ਪਰ ਨਾਲ ਹੀ ਸਰਕਾਰ ਤੋਂ ਕੁੱਝ ਸਪੱਸ਼ਟੀਕਰਨ ਵੀ ਮੰਗੇ। ਇਹ ਵੀ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਉਪਰੋਕਤ ਮੰਗਾਂ ਪ੍ਰਵਾਨ ਕਰਨ ਦੇ ਪੰਜਾਬ ਸਰਕਾਰ ਵੱਲੋਂ ਬਾਕਾਇਦਾ ਲਿਖਤੀ ਹੁਕਮ (ਨੋਟੀਫਿਕੇਸ਼ਨ) ਜਾਰੀ ਨਹੀਂ ਹੋ ਜਾਂਦੇ, ਉਸ ਸਮੇਂ ਤੱਕ ਵਿਦਿਆਰਥੀ ਸੰਘਰਸ਼ ਜਾਰੀ ਰਹੇਗਾ। ਪਰ ਸਰਕਾਰ ਵੱਲੋਂ ਕੋਈ ਲਿਖਤੀ ਹੁਕਮ ਜਾਂ ਨੋਟੀਫਿਕੇਸ਼ਨ ਜਾਰੀ ਨਾ ਹੋਇਆ। 

2 ਦਸੰਬਰ 1974 ਵਾਲੇ ਦਿਨ ਪੀ.ਐਸ.ਯੂ.(ਐਸ.ਐਫ.ਆਈ.) ਵੱਲੋਂ ਸੰਘਰਸ਼ ਨੂੰ  ਹੋਰ ਅੱਗੇ ਵਧਾਉਣ ਲਈ ਫੈਸਲਾ ਅਤੇ ਐਲਾਨ ਕੀਤਾ ਗਿਆ ਕਿ ''5 ਦਸੰਬਰ, 1974 ਨੂੰ  ਵਿਦਿਆਰਥੀਆਂ ਵੱਲੋਂ ਪੰਜਾਬ ਭਰ ਵਿੱਚ ਬੱਸਾਂ ਦਾ ਮੁੜ ਘਿਰਾਓ ਕੀਤਾ ਜਾਵੇਗਾ।'' ਜਥੇਬੰਦੀ ਦਾ ਇਹ ਬਿਆਨ 3 ਦਸੰਬਰ, 1974 ਦੀਆਂ ਅਖਬਾਰਾਂ ਵਿੱਚ ਛਪਿਆ।  ਇਸ ਬਿਆਨ ਨੂੰ  ਪੜ੍ਹਦਿਆਂ ਸਾਰ ਹੀ ਪੰਜਾਬ ਸਰਕਾਰ ਨੂੰ  ਇੱਕ ਦਮ ਭਾਜੜਾਂ ਪੈ ਗਈਆਂ। 3 ਦਸੰਬਰ ਨੂੰ  ਹੀ ਤੁਰੰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ  ਰੇਲਵੇ ਬਰਾਬਰ ਰੇਟਾਂ 'ਤੇ ਬੱਸ ਪਾਸ ਬਣਾਉਣ ਦੀ ਮੰਗ ਪ੍ਰਵਾਨ ਕਰਕੇ ਸਬੰਧਤ ਮਹਿਕਮਿਆਂ ਅਤੇ ਅਧਿਕਾਰੀਆਂ ਨੂੰ  ਆਦੇਸ਼ ਦੇ ਦਿੱਤੇ ਹਨ |  ਨੋਟੀਫਿਕੇਸ਼ਨ ਵਿੱਚ ਇਹ ਸਪੱਸ਼ਟ ਕੀਤਾ ਗਿਆ ਕਿ ਇਹ ਬੱਸ ਪਾਸ 60 ਕਿਲੋਮੀਟਰ ਦੀ ਦੂਰੀ ਤੱਕ ਦੇ ਬਣਾਏ ਜਾ ਸਕਦੇ ਹਨ। ਇਥੇ ਹੀ ਬੱਸ ਨਹੀਂ ਪੰਜਾਬ ਸਰਕਾਰ ਨੇ ਇਸ ਨੋਟੀਫਿਕੇਸ਼ਨ ਦੀਆਂ ਕਾਪੀਆਂ 3 ਦਸੰਬਰ ਨੂੰ  ਹੀ ਪੰਜਾਬ ਦੇ ਸਮੂਹ ਕਾਲਜਾਂ ਦੇ ਪਿ੍ੰਸੀਪਲਾਂ ਤੱਕ ਪਹੁੰਚਾਉਣ ਦੇ ਵਿਸ਼ੇਸ਼ ਪ੍ਰਬੰਧ ਕੀਤੇ। ਨਾਲ ਹੀ ਪਿ੍ੰਸੀਪਲਾਂ ਨੂੰ  ਹੀ ਇਹ ਹਿਦਾਇਤ ਕੀਤੀ ਗਈ ਕਿ ਉਹ ਇਸ ਨੋਟੀਫਿਕੇਸ਼ਨ ਦੀ ਜਾਣਕਾਰੀ ਆਪੋ ਆਪਣੇ ਕਾਲਜਾਂ ਦੇ ਐਸ.ਐਫ.ਆਈ. ਆਗੂਆਂ ਨੂੰ  ਲੱਭ ਕੇ ਅੱਜ ਹੀ ਪਹੁੰਚਾਉਣ ਅਤੇ ਉਨ੍ਹਾਂ ਨੂੰ 5 ਦਸੰਬਰ ਨੂੰ  ਬੱਸਾਂ ਦਾ ਘਿਰਾਓ ਨਾ ਕਰਨ ਦੀ ਸਰਕਾਰ ਵੱਲੋਂ ਅਪੀਲ ਕਰਨ। ਪਿ੍ੰਸੀਪਲ ਐਸ.ਐਫ.ਆਈ. ਆਗੂਆਂ ਨੂੰ  ਲੱਭਣ ਲਈ ਨੱਠ-ਭੱਜ ਕਰਦੇ ਰਹੇ। ਜਲੰਧਰ ਰੇਂਜ ਦੇ ਉਸ ਸਮੇਂ ਦੇ ਵੱਡੇ ਪੁਲਿਸ ਅਫਸਰ ਸ: ਭਗਵਾਨ ਸਿੰਘ ਦਾਨੇਵਾਲੀਆ ਨੇ ਇਸ ਨੋਟੀਫਿਕੇਸ਼ਨ ਦੀ ਕਾਪੀ ਮੇਰੇ ਵਾਸਤੇ ਸੀਪੀਆਈ(ਐਮ) ਦੇ ਉਸ ਸਮੇਂ ਦੇ ਸੂਬਾ ਦਫਤਰ ਭਾਈ ਰਤਨ ਸਿੰਘ ਯਾਦਗਾਰੀ ਬਿਲਡਿੰਗ (ਜਲੰਧਰ) ਵਿਖੇ ਪਹੁੰਚਾਈ।   

ਉਪਰੋਕਤ ਸਾਰੇ ਘਟਨਾਕਰਮ ਦੇ ਆਧਾਰ 'ਤੇ ਸਾਰੇ ਐਸ.ਐਫ.ਆਈ. ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ 4 ਦਸੰਬਰ ਨੂੰ  ਜਲੰਧਰ ਤੋਂ ਬਿਆਨ ਜਾਰੀ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਬੱਸ ਪਾਸਾਂ ਦੀ ਮੰਗ ਪ੍ਰਵਾਨ ਕਰਨਾ ਵਿਦਿਆਰਥੀ ਸੰਘਰਸ਼ ਦੀ ਇੱਕ ਬਹੁਤ ਹੀ ਵੱਡੀ ਅਤੇ ਸ਼ਾਨਦਾਰ ਜਿੱਤ ਹੈ। ਇਸ ਲਈ ਹੁਣ ''5 ਦਸੰਬਰ ਨੂੰ  'ਬੱਸ ਘਿਰਾਓ' ਪ੍ਰੋਗਰਾਮ ਨਹੀਂ ਹੋਵੇਗਾ |'' ਪਰ ਸਰਕਾਰ ਦੇ ਇਸ ਫੈਸਲੇ ਦੀਆਂ ਕੁੱਝ ਤਰੁੱਟੀਆਂ ਦੂਰ ਕਰਵਾਉਣ ਲਈ ਅਤੇ ਬਾਕੀ ਹੋਰ ਮੰਗਾਂ ਲਈ 5 ਦਸੰਬਰ ਨੂੰ  ਹੜਤਾਲਾਂ ਮੁਜ਼ਾਹਰੇ ਕਰਕੇ ਜਿੱਤ ਰੈਲੀਆਂ ਕਰਨ ਦਾ ਸੱਦਾ ਦਿੱਤਾ ਗਿਆ। 5 ਦਸੰਬਰ ਨੂੰ  ਮੁੜ ਪੰਜਾਬ ਭਰ ਵਿੱਚ ਹੜਤਾਲਾਂ, ਮੁਜ਼ਾਹਰੇ ਅਤੇ ਵਿਸ਼ਾਲ ਜਿੱਤ ਰੈਲੀਆਂ ਹੋਈਆਂ। ਥੋੜੇ ਦਿਨਾਂ ਬਾਦ ਹੀ ਵਿਦਿਆਰਥੀਆਂ ਦੇ ਪਾਸ ਬਣਨ ਲੱਗ ਪਏ, ਤਰੁੱਟੀਆਂ ਵੀ ਦੂਰ ਹੋ ਗਈਆਂ ਇਸ ਪ੍ਰਕਾਰ ਪੰਜਾਬ ਦੇ ਵਿਦਿਆਰਥੀਆਂ ਨੇ ਐਸ.ਐਫ.ਆਈ. ਦੀ ਅਗਵਾਈ ਵਿੱਚ ਇੱਕ ਮਹਾਨ ਸੰਘਰਸ਼ ਲੜ ਕੇ ਇੱਕ ਲਾਮਿਸਾਲ ਅਤੇ ਇਤਿਹਾਸਕ ਜਿੱਤ ਦਰਜ ਕੀਤੀ।  

ਬੱਸ ਪਾਸਾਂ ਦੀ ਮੰਗ ਦੇ ਨਾਲ ਹੀ ਇਸ ਸੰਘਰਸ਼ ਦੇ ਸਿੱਟੇ ਵਜੋਂ ਪੰਜਾਬ ਸਰਕਾਰ ਨੇ ਕਿਤਾਬਾਂ ਅਤੇ ਕਾਪੀਆਂ ਸਸਤੇ ਭਾਅ 'ਤੇ ਦੇਣ ਦੀ ਮੰਗ ਵੀ ਪ੍ਰਵਾਨ ਕਰ ਲਈ।  ਇਸ ਸੰਘਰਸ਼ ਤੋਂ ਬਾਅਦ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ  ਸਸਤੀਆਂ ਕਾਪੀਆਂ ਅਤੇ ਕਿਤਾਬਾਂ ਆਪਣੇ ਵੱਲੋਂ ਤਿਆਰ ਕਰਵਾ ਕੇ ਵੀ ਮੁਹੱਈਆ ਕਰਵਾਈਆਂ ਜਾਣ ਲੱਗੀਆਂ। ਐਸ.ਐਫ.ਆਈ. ਵੱਲੋਂ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਇਸ ਸਬੰਧੀ ਸਾਰੀਆਂ ਤਰੁੱਟੀਆਂ ਵੀ ਦੂਰ ਕਰ ਦਿੱਤੀਆਂ ਗਈਆਂ। 

ਇਸ ਸੰਘਰਸ਼ ਦੀ ਜਿੱਤ ਤੋਂ ਤੁਰੰਤ ਬਾਅਦ ਪੀ.ਐਸ.ਯੂ.(ਐਸ.ਐਫ.ਆਈ.) ਵੱਲੋਂ ਕਾਮਰੇਡ ਲਹਿੰਬਰ ਸਿੰਘ ਤੱਗੜ ਦਾ ਲਿਖਿਆ, ''ਐਸ.ਐਫ.ਆਈ.ਦੀ ਅਗਵਾਈ ਵਿੱਚ ਪੰਜਾਬ ਦੇ ਵਿਦਿਆਰਥੀ ਘੋਲ ਦੀ ਸ਼ਾਨਦਾਰ ਜਿੱਤ'' ਦੇ ਨਾਂ ਹੇਠ ਇੱਕ ਕਿਤਾਬਚਾ ਛਪਵਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਵੰਡਿਆ (ਵੇਚਿਆ) ਗਿਆ। ਇਸ ਸੰਘਰਸ਼ ਦੀ ਵਿਸ਼ੇਸ਼ਤਾ, ਵਿਲੱਖਣਤਾ ਅਤੇ ਮਹੱਤਤਾ ਇਹ ਹੈ ਕਿ ਇਹ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਲੜਿਆ ਗਿਆ ਇੱਕੋ ਇੱਕ ਸੰਘਰਸ਼ ਹੈ ਜਿਸ ਦੇ ਸਿੱਟੇ ਵਜੋਂ ਵਿਦਿਆਰਥੀਆਂ ਦੀ ਇੱਕ ਬਹੁਤ ਵੱਡੀ ਆਰਥਿਕ ਮੰਗ ਮੰਨੀ ਗਈ। ਸਸਤੇ ਬੱਸ ਪਾਸ ਬਣਨ ਨਾਲ ਅੱਜ ਤੱਕ ਹਜ਼ਾਰਾਂ ਜਾਂ ਲੱਖਾਂ ਨਹੀਂ, ਬਲਕਿ ਪੰਜਾਬ ਦੇ ਕਰੋੜਾਂ ਨੌਜੁਆਨ ਦੂਰ ਦੁਰਾਡੀਆਂ ਥਾਵਾਂ ਤੋਂ ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ ਦਾਖਲ ਹੋ ਕੇ ਪੜਾਈਆਂ ਕਰ ਸਕੇ ਅਤੇ ਅੱਜ ਵੀ ਕਰ ਰਹੇ ਹਨ। ਸਾਨੂੰ ਅੱਜ ਵੀ ਆਪਣੀ ਇਸ ਸ਼ਾਨਾਂਮਤੀ ਜਿੱਤ ਉਤੇ ਮਾਣ ਹੈ। ਅਸੀਂ ਅੱਜ ਵੀ ਦਾਅਵੇ ਨਾਲ ਕਹਿੰਦੇ ਹਾਂ ਕਿ ਸਮੁੱਚੇ ਭਾਰਤ ਵਿੱਚੋਂ ਕਿਸੇ ਵੀ ਪ੍ਰਾਂਤ ਦੇ ਵਿਦਿਆਰਥੀਆਂ ਨੂੰ  ਸੰਘਰਸ਼ ਕਰਕੇ ਅੱਜ ਤੱਕ ਵੀ ਅਜਿਹੀ ਅਤੇ ਇਤਨੀ ਵੱਡੀ ਪ੍ਰਾਪਤੀ ਨਹੀਂ ਹੋਈ ਹੈ। ਇਸ ਸੰਘਰਸ਼ੀ ਜਿੱਤ ਨੇ ਐਸ.ਐਫ.ਆਈ. ਦਾ ਨਾਂ, ਮਾਣ, ਸਤਿਕਾਰ ਅਤੇੇ ਪ੍ਰਭਾਵ ਖੇਤਰ ਸਮੁੱਚੇ ਪੰਜਾਬ ਵਿੱਚ ਦੂਰ ਦੁਰਾਡੇ ਖੇਤਰਾਂ ਤੱਕ ਵਧਾ ਦਿੱਤਾ। ਐਸ.ਐਫ.ਆਈ. ਪੰਜਾਬ ਦੀ ਸਿਰਮੌਰ, ਸਭ ਤੋਂ ਵੱਡੀ ਜਥੇਬੰਦੀ ਅਤੇ ਸ਼ਕਤੀਸ਼ਾਲੀ ਵਿਦਿਆਰਥੀ ਜਥੇਬੰਦੀ ਬਣ ਗਈ। ਐਸ.ਐਫ.ਆਈ. ਦਾ ਨਾਂ ਪੰਜਾਬ ਦੇ ਵਿਦਿਆਰਥੀਆਂ ਦੇ ਦਿਮਾਗਾਂ ਅਤੇ ਜੁਬਾਨ ਉੱਤੇ ਉਸੇ ਤਰ੍ਹਾਂ ਹਰਮਨ ਪਿਆਰਾ ਹੋ ਕੇ ਚੜ੍ਹ ਗਿਆ ਜਿਸ ਤਰ੍ਹਾਂ 1960 ਵਿਆਂ ਦੇ ਸਮਿਆਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦਾ ਚੜਿ੍ਹਆ ਹੋਇਆ ਸੀ। 

ਇਥੇ ਅਸੀਂ ਇੱਕ ਹੋਰ ਇਤਿਹਾਸਕ ਤੱਥ ਦਾ ਵਰਨਣ ਕਰਨਾ ਵੀ ਯੋਗ ਅਤੇ ਜ਼ਰੂਰੀ ਸਮਝਦੇ ਹਾਂ ਕਿ ਨਕਸਲੀਆਂ ਦੇ ਪ੍ਰਭਾਵ ਵਾਲੀ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਸੀ.ਪੀ.ਆਈ. ਦੇ ਪ੍ਰਭਾਵ ਹੇਠਲੀ ਪੰਜਾਬ ਸਟੂਡੈਂਟਸ ਫੈਡਰੇਸ਼ਨ ਸਾਡੇ ਵੱਲੋਂ ਵਾਰ-ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਸ ਸੰਘਰਸ਼ ਵਿੱਚ ਸ਼ਾਮਲ ਨਹੀਂ ਹੋਈਆਂ। ਪੀ.ਐਸ.ਯੂ. ਨੇ ਤਾਂ ਇਸ ਸੰਘਰਸ਼ ਦੀ ਡੱਟ ਕੇ ਵਿਰੋਧਤਾ ਕੀਤੀ ਅਤੇ ਇਹ ਪ੍ਰਚਾਰ ਕੀਤਾ ਕਿ ਬੱਸ ਪਾਸ ਬਣਾਉਣ ਦੀ ਮੰਗ ਕੋਈ ਮੰਗ ਹੀ ਨਹੀਂ ਹੈ। ਅਸਲ ਵਿੱਚ ਇਨ੍ਹਾਂ ਦੋਹਾਂ ਜਥੇਬੰਦੀਆਂ ਦੀ ਸੋਚ ਅਤੇ ਸਮਝ ਇਹ ਸੀ ਕਿ ਇਹ ਮੰਗ ਬਹੁਤ ਵੱਡੀ ਹੈ ਅਤੇ ਸਰਕਾਰ ਨੇ ਮੰਨਣੀ ਨਹੀਂ ਹੈ। ਸੋਧਵਾਦੀਆਂ ਅਤੇ ਖੱਬੂ ਮਾਅਰਕੇਬਾਜ਼ਾਂ ਦੀ ਸੋਚ ਇੱਕ ਹੀ ਬਣ ਗਈ ਸੀ। 

 ਇਸ ਸੰਘਰਸ਼ ਪ੍ਰਤੀ ਬੋਲਿਆ ਹੋਇਆ ਸ਼ਰਮਨਾਕ ਅਤੇ 100 ਫੀ ਸਦੀ ਝੂਠ

ਆਪਣੇ ਇਸ ਮਹੱਤਵਪੂਰਨ ਆਰਟੀਕਲ ਨੂੰ  ਸਮਾਪਤ ਕਰਨ ਤੋਂ ਪਹਿਲਾਂ ਅਸੀ ਬੱਸ ਪਾਸਾਂ ਦੇ ਇਤਿਹਾਸਕ ਸੰਘਰਸ਼ ਬਾਰੇ ਇੱਕ ਹੋਰ ਜ਼ਰੂਰੀ ਗੱਲ ਕਰਨੀ ਜ਼ਰੂਰੀ ਸਮਝਦੇ ਹਾਂ। ਪਿਛਲੇ ਦਿਨੀਂ ਮੈਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੇ ਇੱਕ ਸਾਬਕਾ ਆਗੂ ਪ੍ਰੋ: ਅਜਾਇਬ ਸਿੰਘ ਟਿਵਾਣਾ ਦੀ ਇੱਕ ਇੰਟਰਵਿਊ ਸੁਣਨ ਨੂੰ  ਮਿਲੀ। ਇਸ ਇੰਟਰਵਿਊ ਵਿੱਚ ਟਿਵਾਣਾ ਸਾਹਿਬ ਨੇ ਦਾਅਵਾ ਕੀਤਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਨੇ 1974 ਵਿੱਚ ਰੇਲਵੇ ਬਰਾਬਰ ਰੇਟਾਂ 'ਤੇ ਬੱਸ ਪਾਸ ਬਣਾਉਣ ਦੀ ਮੰਗ ਲਈ ਸੰਘਰਸ਼ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ। ਇਹ ਇੰਟਰਵਿਊ ਸੁਣਨ ਤੋਂ ਤੁਰੰਤ ਬਾਅਦ ਮੈਨੂੰ ਇਕ-ਦਮ ਝਟਕਾ ਲੱਗਾ ਅਤੇ ਹੈਰਾਨੀ ਹੋਈ ਕਿ ਕੀ ਕੋਈ ਵਿਅਕਤੀ ਇਤਨਾ ਵੱਡਾ 100 ਫੀ ਸਦੀ ਝੂਠ ਵੀ ਬੋਲ ਸਕਦਾ ਹੈ। ਇਸ ਇੰਟਰਵਿਊ ਤੋਂ ਬਾਅਦ ਹੀ ਮੇਰੇ ਮਨ ਵਿੱਚ ਇਹ ਆਰਟੀਕਲ ਲਿਖਣ ਦਾ ਵਿਚਾਰ ਪੈਦਾ ਹੋਇਆ। ਹੁਣ ਮੈਂ ਟਿਵਾਣਾ ਸਾਹਿਬ ਜੀ ਵੱਲੋਂ ਬੋਲੇ ਗਏ ਉਪਰੋਕਤ ਝੂਠ ਬਾਰੇ ਕੁੱਝ ਕਹਿਣਾ ਚਾਹੁੰਦਾ ਹਾਂ।  

ਪ੍ਰੋ: ਅਜਾਇਬ ਸਿੰਘ ਟਿਵਾਣਾ ਜੀ ਕਮਾਲ ਹੈ! ਤੁਸੀਂ ਇਤਨਾਂ ਵੱਡਾ ਝੂਠ ਕਿਵੇਂ ਬੋਲ ਸਕਦੇ ਹੋ!  ਠੀਕ ਹੈ ਇਸ ਸੰਘਰਸ਼ ਨੂੰ  ਲੜੇ ਅਤੇ ਜਿੱਤੇ ਨੂੰ 52 ਸਾਲ ਪੂਰੇ ਹੋਣ ਵਾਲੇ ਹਨ ਪਰ ਫਿਰ ਵੀ ਇਸ ਸੰਘਰਸ਼ ਨੂੰ  ਲੜਨ ਤੇ ਜਿੱਤਣ ਵਾਲੇ ਮੇਰੇ ਅਤੇ ਸਾਡੇ ਉਸ ਵੇਲੇ ਦੇ ਪ੍ਰਧਾਨ ਕਾਮਰੇਡ ਜਸਵਿੰਦਰਪਾਲ ਸਿੰਘ ਸਮੇਤ ਸੈਂਕੜੇ ਆਗੂ, ਕਾਰਕੁੰਨ ਅਤੇ ਆਮ ਵਿਦਿਆਰਥੀ ਅਜੇ ਜਿਊਂਦੇ ਜਾਗਦੇ ਹਨ। ਤੁਸੀਂ ਸਾਡੇ ਜਿਊਂਦਿਆਂ ਹੀ ਇਹ ਝੂਠ ਬੋਲ ਰਹੇ ਹੋ। ਹੋਰ 20-30 ਸਾਲਾਂ ਬਾਅਦ ਜੇਕਰ ਤੁਸੀਂ ਜਾਂ ਕੋਈ ਹੋਰ ਇਹ ਜਾਂ ਅਜਿਹਾ ਕੋਈ ਹੋਰ ਝੂਠ ਮਾਰਦੇ ਤਾਂ ਸ਼ਾਇਦ ਨਵੀਂ ਪੀੜੀ ਉਸ 'ਤੇ ਮਾੜਾ ਮੋਟਾ ਯਕੀਨ ਕਰ ਲੈਂਦੀ, ਪਰ ਹੁਣ ਤਾਂ ਅਸੀਂ ਤੁਹਾਡੇ ਝੂਠ ਦਾ ਉੱਤਰ  ਦਿਆਂਗੇ ਹੀ ਦਿਆਂਗੇ।   

ਹਾਂ ਜੀ ! ਅਸੀਂ ਆਪਣੇ ਵੱਲੋਂ ਕੁੱਝ ਕਹਿਣ ਤੋਂ ਪਹਿਲਾਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਹੀ ਇੱਕ ਹੋਰ ਸਾਬਕਾ ਆਗੂ ਸੁਖਦੇਵ ਸਿੰਘ ਪਾਂਧੀ ਵੱਲੋਂ ਲਿਖੀ ਇੱਕ ਪੁਸਤਕ ਵਿੱਚੋਂ ਹੀ ਕੁੱਝ ਹਵਾਲੇ ਦੇ ਰਹੇ ਹਾਂ | ਆਪਣੀ ਪੁਸਤਕ ਦੇ ਸਫਾ 48 ਅਤੇ 49 'ਤੇ ਸੁਖਦੇਵ ਸਿੰਘ ਪਾਂਧੀ ਲਿਖਦੇ ਹਨ, ''ਐਸ.ਐਫ.ਆਈ. ਵੱਲੋਂ ਬੱਸਾਂ ਵਿੱਚ ਰੇਲਵੇ ਬਰਾਬਰ ਰਿਆਇਤ ਦੇਣ ਦੀ ਮੰਗ ਰੱਖ ਦਿੱਤੀ ਗਈ ਸੀ |  ਬਲਬਾਨ ਅਤੇ ਬਿੱਕਰ ਹੋਰਾਂ ਵੱਲੋਂ ਪੀ.ਐਸ.ਯੂ. ਦੀ ਸੂਬਾ ਕਮੇਟੀ ਵਿੱਚ ਵਿਦਿਆਰਥੀਆਂ ਦੇ ਪੱਖ ਵਿੱਚ ਖੜ੍ਹਦੇ ਹੋਏ ਰੇਲਵੇ ਬਰਾਬਰ ਬੱਸ ਪਾਸ ਸਫਰ ਕਨਸ਼ੈਸਨ ਦੀ ਮੰਗ ਰੱਖੀ  | ਉਸ ਸਮੇਂ ਸੂਬਾ ਕਮੇਟੀ ਵਿੱਚ ਭਾਰੂ ਧਿਰ (ਰੰਧਾਵਾ ਅਤੇ ਬੱਲੀ) ਨੇ ਇਹ ਕਹਿੰਦਿਆਂ ਹੋਇਆਂ ਇਹ ਮੰਗ ਰੱਦ ਕਰ ਦਿੱਤੀ ਕਿ ਤੁਸੀਂ ਤਾਂ ਤੋਪ ਦਾ ਲਾਸੰਸ ਮੰਗ ਰਹੇ ਹੋ, ਭਾਵ ਇਹ ਮੰਗ ਸਾਡੇ ਕੱਦ ਮੇਚ ਤੋਂ ਬਹੁਤ ਉμਪਰ ਹੈ | ਦੂਸਰਾ ਇਹ ਬੱਸ ਮੁਲਾਜ਼ਮਾਂ ਨਾਲ ਝਗੜਾ ਖੜ੍ਹਾ ਕਰੇਗੀ |'' -ਇਸ ਬਿਰਤਾਂਤ ਤੋਂ ਇਹ ਚਿੱਟੇ ਦਿਨ ਵਾਂਗ ਸਪਸ਼ੱਟ ਹੋ ਜਾਂਦਾ ਹੈ ਕਿ ਬੱਸ ਪਾਸਾਂ ਦੀ ਇਸ ਮੰਗ ਲਈ ਉਸ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਸੰਘਰਸ਼ ਕਰਨਾ ਤਾਂ ਛੱਡੋ ਇਹ ਮੰਗ ਕਰਨ ਲਈ ਵੀ ਤਿਆਰ ਨਹੀਂ ਸੀ | ਇਸ ਕਥਨ ਤੋਂ ਸਾਡਾ ਉμਪਰ ਲਿਖਿਆ ਇਹ ਕਹਿਣਾ ਵੀ ਠੀਕ ਸਾਬਤ ਹੋ ਜਾਂਦਾ ਹੈ ਕਿ ''ਅਸਲ ਵਿੱਚ ਇਨ੍ਹਾਂ ਦੋਹਾਂ ਜਥੇਬੰਦੀਆਂ (ਪੀ.ਐਸ.ਯੂ. ਅਤੇ ਏ.ਆਈ.ਐਸ.ਐਫ) ਦੀ ਸੋਚ ਅਤੇ ਸਮਝ ਇਹ ਸੀ ਕਿ ਇਹ ਮੰਗ ਬਹੁਤ ਵੱਡੀ ਹੈ ਅਤੇ ਸਰਕਾਰ ਨੇ ਮੰਨਣੀ ਨਹੀਂ ਹੈ।  

ਸੁਖਦੇਵ ਸਿੰਘ ਪਾਂਧੀ ਆਪਣੀ ਉਸੇ ਪੁਸਤਕ ਦੇ ਸਫਾ 61 'ਤੇ ਲਿਖਦੇ ਹਨ, ''ਬੱਸ ਪਾਸਾਂ 'ਤੇ  ਐਸ.ਐਫ.ਆਈ. ਨਾਲ ਬਹਿਸ- ਇਹ ਵਾਕਿਆਤ ਐਮਰਜੈਂਸੀ ਤੋਂ ਬਾਅਦ ਵਾਲੇ ਦੌਰ ਦਾ ਹੈ। ਇਸ ਵੇਲੇ ਤੱਕ ਪੀ.ਐਸ.ਯੂ. ਤਿੰਨਾਂ ਗਰੁੱਪਾਂ ਵਿੱਚ ਵੰਡੀ ਜਾ ਚੁੱਕੀ ਸੀ |  ਮਾਲਵਿੰਦਰ ਸਿੰਘ ਮਾਲੀ ਰੰਧਾਵਾ ਦੀ ਥਾਂ ਜਨਰਲ ਸਕੱਤਰ ਸੀ। ਮੈਂ ਆਪਣੇ ਗਰੁੱਪ ਪੀ.ਐਸ.ਯੂ. ਦਾ ਜਨਰਲ ਸਕੱਤਰ ਸੀ।   ਕਿਰਨਜੀਤ ਸੇਖੋਂ ਐਸ.ਐਫ.ਆਈ.ਦਾ ਸੂਬਾ ਪੱਧਰੀ ਆਗੂ ਸੀ |  ਅਸੀਂ ਤਿੰਨੇ ਆਈ.ਟੀ.ਆਈ. ਬਠਿੰਡਾ ਵਿੱਚ ਇਕੱਠੇ ਹੋ ਗਏ | ਇਸ ਰੈਲੀ ਵਿੱਚ ਸਾਰੇ ਵਿਦਿਆਰਥੀ ਇਕੱਠੇ ਹੋ ਗਏ |  ਬੱਸ ਪਾਸਾਂ ਦੀ ਮੰਗ ਮਨਾਉਣ ਬਾਰੇ ਬਹਿਸ ਹੋਣ ਲੱਗ ਪਈ |  ........ ਕਿਰਨਜੀਤ ਸੇਖੋਂ ਦਾ ਕਹਿਣਾ ਸੀ ਕਿ ਮਾਲੀ ਹੋਰੀਂ ਆਪਣਾ ਕੋਈ ਪੋਸਟਰ, ਲੀਫਲੈਟ ਜਾਂ ਪੇਪਰ ਦਿਖਾਉਣ ਜਿਸ ਵਿੱਚ ਇਨ੍ਹਾਂ ਬੱਸ ਪਾਸਾਂ ਦੀ ਲਿਖਤੀ ਮੰਗ ਰੱਖੀ ਹੋਵੇ।   ਮਾਲੀ ਇਸ ਗੱਲ ਦਾ ਜਵਾਬ ਦੇਣੋਂ ਅਸਮਰੱਥ ਸੀ ਕਿਉਂਕਿ ਪੀ.ਐਸ.ਯੂ. ਦੀ ਸੂਬਾ ਲੀਡਰਸ਼ਿਪ ਨੇ ਬੱਸ ਪਾਸਾਂ ਦੀ ਮੰਗ ਨੂੰ  ਅਪਣਾਇਆ ਹੀ ਨਹੀਂ ਸੀ। ਸੇਖੋਂ ਕੋਲ ਠੋਸ ਨੁਕਤਾ ਸੀ ਜਿਸ ਕਰਕੇ ਉਹ ਗੱਲ ਨੂੰ  ਇਥੇ ਹੀ ਕੇਂਦਰਤ ਰੱਖਣ 'ਤੇ ਜ਼ੋਰ ਦੇ ਰਿਹਾ ਸੀ।'' 

ਆਪਣੀ ਪੁਸਤਕ ਦੇ ਇਸੇ 61 ਸਫੇ 'ਤੇ ਹੀ ਪਾਂਧੀ ਇਹ ਪ੍ਰਵਾਨ ਕਰਦਾ ਹੈ ਕਿ ''ਇਹ ਗੱਲ ਠੀਕ ਹੈ ਕਿ 1974 ਵਿੱਚ ਪੀ.ਐਸ.ਯੂ. ਦੀ ਲੀਡਰਸ਼ਿਪ ਨੇ ਰੇਲਵੇ ਬਰਾਬਰ ਕਨਸੈਸ਼ਨ (ਬੱਸ ਪਾਸਾਂ) ਦੀ ਬਕਾਇਦਾ ਲਿਖਤੀ ਮੰਗ ਨਹੀਂ ਰੱਖੀ'' | ''........ ਐਸ.ਐਫ.ਆਈ. ਵਾਲਿਆਂ ਨੇ ....... ਲਿਖਤੀ ਰੂਪ ਵਿੱਚ ਪਹਿਲ ਕੀਤੀ |''  ਪੁੱਠੇ ਕੌਮਿਆਂ (''.....'') ਵਿੱਚ ਦਰਜ ਕੀਤੀਆਂ ਉਪਰੋਕਤ ਟਿਪਣੀਆਂ ਤੋਂ ਬਾਅਦ ਸਾਡੇ ਇਸ ਕਥਨ ਦੀ ਸਚਾਈ ਵਿੱਚ ਸ਼ੱਕ ਦੀ ਕੋਈ ਗੁਜਾਇਸ਼ ਹੀ ਨਹੀਂ ਰਹਿ ਜਾਂਦੀ ਕਿ ਬੱਸ ਪਾਸਾਂ ਦਾ ਇਹ ਇਤਿਹਾਸਕ ਸੰਘਰਸ਼ ਇਕੱਲੀ ਐਸ.ਐਫ.ਆਈ. ਵੱਲੋਂ ਹੀ ਲੜਿਆ ਗਿਆ |  ਇਸ ਵਿੱਚ ਪੀ.ਐਸ.ਯੂ. ਜਾਂ ਕਿਸੇ ਹੋਰ ਵਿਦਿਆਰਥੀ ਜਥੇਬੰਦੀ ਦਾ ਕੋਈ ਹਿੱਸਾ, ਰੋਲ ਜਾਂ ਯੋਗਦਾਨ ਨਹੀਂ ਹੈ। ਇਨ੍ਹਾਂ ਹੋਰ ਜਥੇਬੰਦੀਆਂ ਨੇ ਤਾਂ ਸਗੋਂ ਇਸ ਸੰਘਰਸ਼ ਦੀ ਵਿਰੋਧਤਾ ਕੀਤੀ ਅਤੇ ਸਾਬੋਤਾਜ਼ ਕਰਨ ਦੀਆਂ ਅਫਸਲ ਕੋਸ਼ਿਸ਼ਾਂ ਕੀਤੀਆਂ। - ਪਰ ਹਾਂ ! ਅਸੀਂ ਇਹ ਤੱਥ ਹਮੇਸ਼ਾਂ ਹੀ ਪ੍ਰਵਾਨ ਕਰਦੇ ਰਹੇ ਹਾਂ ਅਤੇ ਅੱਜ ਵੀ ਕਰਦੇ ਹਾਂ ਕਿ ਇਨ੍ਹਾਂ ਹੋਰ ਜਥੇਬੰਦੀਆਂ ਦੇ ਕਈ ਹੇਠਲੇ ਆਗੂਆਂ, ਯੂਨਿਟਾਂ ਅਤੇ ਆਮ ਵਿਦਿਆਰਥੀਆਂ ਨੇ ਸਥਾਨਕ ਪੱਧਰ 'ਤੇ ਇਸ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ।    

ਜਾਂਦੇ ਜਾਂਦੇ ਅਸੀਂ ਇੱਕ ਹੋਰ ਜਾਣਕਾਰੀ ਵੀ ਆਪਣੇ ਪਾਠਕਾਂ ਅਤੇ ਪ੍ਰੋਫੈਸਰ ਅਜਾਇਬ ਸਿੰਘ ਟਿਵਾਣਾ ਵਰਗੇ ਝੂਠੇ ਇਤਿਹਾਸਕਾਰਾਂ ਨੂੰ  ਦੱਸਣਾ ਚਾਹੁੰਦੇ ਹਾਂ ਕਿ ਸਾਡੇ ਵੱਲੋਂ ਬੱਸ ਪਾਸਾਂ ਦੇ ਇਸ ਇਤਿਹਾਸਕ ਸੰਘਰਸ਼ ਨੂੰ  ਸ਼ੁਰੂ ਕਰਨ ਤੋਂ ਪਹਿਲਾਂ ਵੀ ਅਤੇ ਚਲਦੇ ਸੰਘਰਸ਼ ਦੌਰਾਨ ਵੀ ਬਾਰ-ਬਾਰ ਅਤੇ ਲਗਾਤਾਰ ਇਸ ਮੰਗ 'ਤੇ ਸਾਂਝਾ ਸੰਘਰਸ਼ ਕਰਨ ਦੀਆਂ ਅਪੀਲਾਂ ਅਤੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ। ਇਸ ਸਬੰਧੀ ਪੀ.ਐਸ.ਯੂ.(ਐਸ.ਐਫ.ਆਈ.) ਵੱਲੋਂ ਅਗਸਤ 1974 ਤੋਂ ਲੈ ਕੇ 4 ਦਸੰਬਰ 1974 ਤੱਕ ਲਗਾਤਾਰ ਸੱਤ ਵਾਰ ਸਾਂਝੀਆਂ ਮੀਟਿੰਗਾਂ ਸੱਦੀਆਂ ਗਈਆਂ ਜਿਨ੍ਹਾਂ ਵਿੱਚ ਪੀ.ਐਸ.ਯੂ. ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਜਾਂ ਤਾਂ ਆਏ ਹੀ ਨਹੀਂ, ਜੇਕਰ ਆਏ ਤਾਂ ਸਾਂਝੇ ਸੰਘਰਸ਼ ਲਈ ਮੰਨੇ ਹੀ ਨਹੀਂ ਅਤੇ ਜੇਕਰ ਕਿਤੇ ਮਾੜਾ ਮੋਟਾ ਮੰਨ ਗਏ ਤਾਂ ਇਸ 'ਤੇ ਅਮਲ ਨਹੀਂ ਕੀਤਾ ਅਤੇ ਫੈਸਲਿਆਂ ਨੂੰ  ਸਾਬੋਤਾਜ਼ ਕੀਤਾ। ਅਸੀਂ ਆਪਣੇ ਇਸ਼ਤਿਹਾਰਾਂ, ਪ੍ਰੈਸ ਬਿਆਨਾਂ, ਖਬਰਾਂ ਅਤੇ ਹੋਰ ਲਿਖਤਾਂ ਵਿੱਚ ਵੀ ਸਾਂਝੇ ਸੰਘਰਸ਼ ਲਈ ਅਪੀਲਾਂ ਕੀਤੀਆਂ ਪਰ ਉਹ ਫੁੱਟ ਪਾਊ ਹੀ ਕੀ ਹੋਏ ਜੋ ਮੰਨ ਜਾਣ।  

ਇਸ ਲਿਖਤ ਦੇ ਅੰਤ ਵਿੱਚ ਅਸੀਂ ਆਪਣੇ ਉਹੋ ਸ਼ਬਦ ਅੱਜ 52 ਸਾਲਾਂ ਬਾਅਦ ਵੀ ਮੁੜ ਦੁਹਰਾ ਰਹੇ ਹਾਂ, ਜੋ ਅਸੀਂ ਇਸ ਇਤਿਹਾਸਕ ਸੰਘਰਸ਼ ਦੀ ਇਤਿਹਾਸਕ ਜਿੱਤ ਤੋਂ ਬਾਅਦ ਐਸ.ਐਫ.ਆਈ. ਵੱਲੋਂ ਪ੍ਰਕਾਸ਼ਤ ਕੀਤੇ ਗਏ ਕਿਤਾਬਚੇ ''ਐਸ.ਐਫ.ਆਈ. ਦੀ ਅਗਵਾਈ ਵਿੱਚ ਪੰਜਾਬ ਦੇ ਵਿਦਿਆਰਥੀ ਘੋਲ ਦੀ ਸ਼ਾਨਦਾਰ ਜਿੱਤ'' ਦੇ ਆਖਰੀ ਪੰਨੇ 'ਤੇ ਲਿਖੇ ਹੋਏ ਸਨ। ''ਵਿਦਿਆਰਥੀ ਸੰਘਰਸ਼ ਦੀ ਇਸ ਸ਼ਾਨਦਾਰ ਜਿੱਤ ਨੇ ਅੱਜ ਇੱਕ ਵਾਰ ਫਿਰ ਇਸ ਹਕੀਕਤ ਨੂੰ  ਸਪੱਸ਼ਟ ਕਰ ਦਿੱਤਾ ਹੈ ਕਿ ਸੰਘਰਸ਼ ਅਤੇ ਕੇਵਲ ਸੰਘਰਸ਼ ਹੀ ਹੱਕਾਂ ਦੀ ਪ੍ਰਾਪਤੀ ਦਾ ਇੱਕੋ ਇੱਕ ਰਾਹ ਹੈ। ਸੰਘਰਸ਼ ਦੇ ਇਸ ਔਖੇ ਪਰ ਸ਼ਾਂਨਾਮੱਤੇ ਰਾਹ 'ਤੇ ਚਲਕੇ ਹੀ ਛੋਟੀਆਂ ਤੋਂ ਛੋਟੀਆਂ ਅਤੇ ਵੱਡੀਆਂ ਤੋਂ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਸੰਘਰਸ਼ ਹੀ ਸਭ ਸਫਲਤਾਵਾਂ ਦੀ ਕੂੰਜੀ ਅਤੇ ਜਾਮਨੀ ਹੈ।'' ਇਹ ਸ਼ਬਦ ਅੱਜ ਵੀ ਉਤਨੇ ਹੀ ਸਾਰਥਕ ਹਨ ਅਤੇ ਸਦਾ-ਸਦਾ ਲਈ ਸਾਰਥਕ ਰਹਿਣਗੇ। | 

ਮੋਬਾਈਲ ਨੰਬਰ: 94635-42023