Monday, May 25, 2020

ਪੰਜਾਬ ਸਰਕਾਰ ਵੀ ਰਾਜਸਥਾਨ ਦੀ ਤਰਜ ਤੇ ਕੰਮ ਦੇ ਘੰਟੇ ਮੁੜ ਅੱਠ ਕਰੇ

Monday: 25th May 2020 at 5:00 PM
 ILO ਵਲੋਂ ਵੀ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਜ਼ੋਰਦਾਰ ਦਖਲ 

Courtesy Image: ਕੰਮ ਦੇ ਘੰਟੇ ਵਧਾਉਣਾ ਕਿਤੇ ਇਹ ਬੰਧੂਆ ਮਜ਼ਦੂਰੀ ਦੀ ਦਸਤਕ ਤਾਂ ਨਹੀਂ? 
ਲੁਧਿਆਣਾ: 25 ਮਈ 2020: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::
22 ਮਈ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਏਟਕ ਜਨਰਲ ਸਕੱਤਰ ਕਾ: ਅਮਰਜੀਤ ਕੌਰ 
ਕੰਮ ਦੇ ਅਠ ਘੰਟੇ ਨਿਸਚਿਤ ਕਰਾਉਣ ਦੀ ਪ੍ਰਾਪਤੀ ਮਜਦੂਰਾਂ ਨੂੰ ਨਾ ਕਿਸੇ ਦਾਨ ਵਿੱਚ ਮਿਲੀ ਸੀ ਅਤੇ ਨਾ ਹੀ ਕਿਸੇ ਦੈਵੀ ਸ਼ਕਤੀ ਨੇ ਇਹ ਕਿਰਪਾ ਕੀਤੀ ਸੀ। ਮਜ਼ਦੂਰਾਂ ਨੇ ਇਹ ਹੱਕ ਲੰਮੇ ਸੰਘਰਸ਼ਾਂ ਮਗਰੋਂ ਲਿਆ ਸੀ ਅਤੇ ਇਸ ਸੰਘਰਸ਼ ਵਿੱਚ ਇਤਿਹਾਸਿਕ ਕੁਰਬਾਨੀਆਂ ਵੀ ਕੀਤੀਆਂ ਸਨ। ਇਸ ਸ਼ਾਨਾਂ ਮੱਤੇ ਸੰਘਰਸ਼ ਦੀ ਯਾਦ ਵਿੱਚ ਹੀ ਹਰ ਸਾਲ ਮਨਾਇਆ ਜਾਂਦਾ ਹੈ ਮਈ ਦਿਵਸ ਜਿਸਨੂੰ ਮਜ਼ਦੂਰ ਦਿਵਸ ਵੀ ਆਖਿਆ ਜਾਂਦਾ ਹੈ। ਜਦੋਂ ਇਸ ਇਤਿਹਾਸਿਕ ਦਿਹਾੜੇ ਮਈ ਦਿਵਸ ਦੀ ਛੁੱਟੀ ਰੱਦ ਕੀਤੀ ਗਈ ਸੀ ਓਦੋਂ  ਹੀ ਸੰਕੇਤ ਮਿਲ ਗਿਆ ਸੀ ਕੀ ਹੁਣ ਮਜ਼ਦੂਰਾਂ ਤੇ ਹੋਰ ਹਮਲੇ ਵੀ ਤਿੱਖੇ ਹੋਣੇ ਹਨ। ਕੰਮ ਦੇ ਅੱਠਾਂ ਘੰਟਿਆਂ ਨੂੰ ਬਾਰਾਂ ਘੰਟਿਆਂ ਵਿੱਚ ਬਦਲਣ ਦਾ ਸ਼ਾਹੀ ਫੁਰਮਾਨ ਇੱਸੇ ਸਿਲਸਿਲੇ ਦੀ ਹੀ ਇੱਕ ਕੜੀ ਸੀ। ਮਜ਼ਦੂਰਾਂ ਦੀ ਜਿੰਦਗੀ ਦੇ ਖਿਲਾਫ਼ ਜਾਣ ਵਾਲਾ ਇਹ ਮੁਜਰਮਾਨਾ ਕਦਮ ਉਦੋਂ ਚੁੱਕਿਆ ਗਿਆ ਜਦੋਂ ਦੁਨੀਆ ਕੋਰੋਨਾ ਦੇ ਕਹਿਰ ਕਾਰਣ ਆਪੋ ਆਪਣੇ ਘਰਾਂ ਵਿੱਚ ਬੰਦ ਸੀ। ਲਾਕ ਡਾਊਨ ਦੇ ਨਾਲ ਨਾਲ ਕਰਫਿਊ ਵੀ ਲੱਗੇ ਹੋਏ ਸਨ। ਮਜ਼ਦੂਰਾਂ ਨੇ ਇਸਦੇ ਬਾਵਜੂਦ ਇੱਕਜੁਟਤਾ ਦਿਖਾਈ ਅਤੇ 22 ਮਈ ਨੂੰ ਭਾਰੀ ਮੁਜ਼ਾਹਰੇ ਕੀਤੇ। ਅਸਲ ਵਿੱਚ 22 ਮਈ ਦ ਇਹ ਕੌਮੀ ਐਕਸ਼ਨ ਮਜ਼ਦੂਰਾਂ ਵੱਲੋਂ ਇਹ ਐਲਾਨ ਸੀ ਕਿ ਅਸੀਂ ਨਾ ਤਾਂ ਸੁੱਤੇ ਹਾਂ ਅਤੇ ਨਾ ਹੀ ਕਿਸੇ ਡਰ ਕਾਰਨ ਖਾਮੋਸ਼ ਹਾਂ। ਸਾਡੇ ਸੰਗਿ ਸਾਥੀ ਭਾਵੇਂ ਡੂੰਘੀ ਸਾਜ਼ਿਸ਼ ਤਹਿਤ ਕਦੇ ਸੜਕਾਂ ਤੇ ਮੌਤ ਦੇ ਮੂੰਹ ਵਿੱਚ ਧੱਕੇ ਜਾ ਰਹੇ ਹਨ ਅਤੇ ਕਦੇ ਰੇਲਵੇ ਲਾਈਨਾਂ ਤੇ ਪਰ ਅਸੀਂ ਜਾਗਦੇ ਹਾਂ ਅਤੇ ਸ਼ਿਕਾਗੋ ਦੇ ਸ਼ਹੀਦਾਂ ਦੀ ਪ੍ਰੇਰਨਾ  ਸ਼ਕਤੀ ਹਰ ਪਲ ਸਾਡੇ ਨਾਲ ਹੈ। 
ਇਸੇ ਦੌਰਾਨ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏਟਕ) ਨੇ ਰਾਜਸਥਾਨ ਸਰਕਾਰ ਵੱਲੋਂ ਕੰਮ ਦੇ ਸਮੇਂ ਨੂੰ ਮੁੜ ਅੱਠ ਘੰਟੇ ਕਰਨ ਦਾ ਸਵਾਗਤ ਕੀਤਾ ਹੈ। ਏਟਕ ਆਗੂਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਵੀ ਰਾਜਸਥਾਨ ਦੀ ਤਰਜ਼ ਤੇ ਕੰਮ ਦੇ ਸਮੇਂ ਨੂੰ ਮੁੜ ਅੱਠ ਘੰਟੇ ਕੀਤਾ ਜਾਣਾ ਚਾਹੀਦਾ ਹੈ।  ਇੱਥੇ ਇਹ ਵਰਨਣਯੋਗ ਹੈ ਕਿ ਮਜ਼ਦੂਰਾਂ ਦੀਆਂ ਇਨ੍ਹਾਂ ਮੰਗਾਂ ਨੂੰ ਲੈ ਕੇ ਦੇਸ਼ ਪੱਧਰ ਤੇ 22 ਮਈ ਨੂੰ ਮੁਜ਼ਾਹਰੇ ਕੀਤੇ ਗਏ ਸਨ। ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ  ਦੇ ਨਾਂ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਵੀ ਭੇਜੇ ਗਏ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਦਸ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਆਈ ਐਲ ਓ ਨੂੰ  ਲਿਖੇ ਪੱਤਰ ਦੇ ਜਵਾਬ ਵਿੱਚ ਉਨ੍ਹਾਂ ਨੇ ਇਨ੍ਹਾਂ ਟਰੇਡ ਯੂਨੀਅਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ   ਹਿੰਦੁਸਤਾਨ ਦੀ ਸਰਕਾਰ  ਨੂੰ ਲਿਖਣਗੇ ਕਿ ਉਹ ਅੰਤਰਰਾਸ਼ਟਰੀ ਕਿਰਤ ਸਟੈਂਡਰਡ ਦੇ ਮਾਪਦੰਡਾਂ ਨੂੰ ਲਾਗੂ ਕਰਨ, ਕਿਉਂਕਿ ਹਿੰਦੋਸਤਾਨ ਵੀ  ਉਨ੍ਹਾਂ  ਮਾਪਦੰਡਾਂ ਨੂੰ  ਬਣਾਉਣ  ਵਿੱਚ ਭਾਗੀਦਾਰ ਹੈ। ਇੱਥੇ ਇਹ ਵਰਣਨਯੋਗ ਹੈ ਕਿ ਕਰੋਨਾ ਦੀ ਆੜ ਵਿੱਚ ਕੇਂਦਰ ਦੀ ਮੋਦੀ ਸਰਕਾਰ ਅਤੇ ਉਸ ਦੇ ਇਸ਼ਾਰੇ ਤੇ ਕੁਝ ਭਾਜਪਾ ਦੀਆਂ ਸੂਬਾ ਸਰਕਾਰਾਂ ਨੇ ਵੀ ਮਜ਼ਦੂਰਾਂ ਵੱਲੋਂ ਲੜ ਕੇ ਬਣਵਾਏ ਗਏ ਕਿਰਤ ਕਾਨੂੰਨਾਂ ਨੂੰ ਬਰਖਾਸਤ ਕਰਨ ਦੀ ਗੁਸਤਾਖ ਕੋਸ਼ਿਸ਼ ਕੀਤੀ ਹੈ ਜਿਸ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ। ਬਿਆਨ ਜਾਰੀ ਕਰਨ ਵਾਲਿਆਂ  ਵਿੱਚ ਡੀ ਪੀ ਮੌੜ, ਰਮੇਸ਼ ਰਤਨ, ਵਿਜੈ ਕੁਮਾਰ, ਐਮ ਐਸ ਭਾਟੀਆ, ਗੁਰਮੇਲ ਮੈਲਡੇ ਅਤੇ ਕੇਵਲ ਸਿੰਘ ਬਨਵੈਤ ਸ਼ਾਮਿਲ ਹਨ।

Friday, May 22, 2020

ਲਾਕ ਡਾਊਨ ਦੀ ਕੋਈ ਪ੍ਰਵਾਹ ਨਾ ਕਰਦਿਆਂ ਕਾਮਰੇਡਾਂ ਨੇ ਕੀਤਾ ਰੋਸ ਮਾਰਚ

Friday: 22nd May 2020 at 3:17  PM
ਕਿਰਤ ਕਾਨੂੰਨਾਂ ਵਿੱਚ ਤਬਦੀਲੀਆਂ ਵਿਰੁੱਧ ਜਾਗਿਆ ਤਿੱਖਾ ਰੋਹ ਅਤੇ ਰੋਸ 
ਲੁਧਿਆਣਾ: 22 ਮਈ 2020: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਕਾਮਰੇਡ ਸਕਰੀਨ)::

ਅੱਜ ਲੁਧਿਆਣਾ ਵਿਖੇ ਟ੍ਰੇਡ ਯੂਨੀਅਨਾਂ,  ਇੰਟਕ, ਏਟਕ., ਸੀ.ਟੂ., ਸੀ.ਟੀ.ਯੂ., ਟੀ.ਐਚ.ਕੇ.ਯੂ. ਅਤੇ ਟੀ.ਯੂ.ਸੀ.ਸੀ. ਨੇ ਅੱਜ ਪੰਜਾਬੀ ਭਵਨ ਤੋ ਲੈ ਕੇ ਮਿੰਨੀ ਸਕਤਰੇਤ ਤੱਕ ਤਿੱਖਾ ਰੋਸ਼ ਪ੍ਰਦਰਸ਼ਨ ਕੀਤਾ ਤੇ ਮਿੰਨੀ ਸਕੱਤਰੇਤ ਵਿਖੇ ਇੱਕ ਰੋਸ ਰੈਲੀ ਵੀ ਕੀਤੀ ਜਿਸ ਵਿੱਚ ਕਿਰਤ ਕਾਨੂੰਨਾਂ ਵਿੱਚ ਮਜਦੂਰ ਵਿਰੋਧੀ ਤਬਦੀਲੀਆਂ ਦੀ ਨਿਖੇਧੀ ਕੀਤੀ ਗਈ। ਕੇਂਦਰੀ ਸਰਕਾਰ ਵਲੋਂ ਮਜ਼ਦੂਰਾਂ ਨੂੰ ਉਹਨਾਂ ਦੇ ਜੱਦੀ ਸਥਾਨਾਂ ਤੇ ਜਾਣ ਪ੍ਰਤੀ ਅਪਣਾਈ ਗਈ ਮੁਕੰਮਲ ਉਦਾਸੀਨਤਾ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ। ਨੌਕਰੀਆਂ ਸਮਾਪਤ ਹੋਣ ਦੇ ਕਾਰਨ ਮਜ਼ਦੂਰ ਰੋਟੀ ਤੋ ਮੋਹਤਾਜ ਹੋ ਗਏ ਹਨ ਤੇ ਬਹੁਤ ਜ਼ਿਆਦਾ ਸੰਕਟ ਵਿੱਚ ਭੁੱਖਮਰੀ ਦਾ ਸ਼ਿਕਾਰ ਹੋ ਗਏ ਹਨ। ਰੈਲੀ ਦੀ ਪ੍ਰਧਾਨਗੀ ਸ੍ਰੀ ਸਵਰਨ ਸਿੰਘ, ਰਮੇਸ਼ ਰਤਨ, ਪਰਮਜੀਤ ਸਿੰਘ, ਸੁਖਮਿੰਦਰ ਸਿੰਘ ਲੋਟੇ, ਹਰੀ ਸਿੰਘ ਸਾਹਨੀ ਅਤੇ ਰਾਜਵਿੰਦਰ ਸਿੰਘ ਸਮੇਤ ਪ੍ਰਧਾਨਗੀ ਮੰਡਲ ਨੇ ਕੀਤੀ। 
ਰੈਲੀ ਵਿੱਚ ਹਾਜ਼ਰ ਵਰਕਰਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਆਪਣੇ ਜੱਦੀ ਸਥਾਨਾਂ ਨੂੰ ਜਾਂਦੇ ਹੋਏ ਆਪਣੀ ਜਾਨ ਗੁਆ ਦਿੱਤੀ ਹੈ। 
ਰੈਲੀ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਮਰਜੀਤ ਕੌਰ-ਜਨਰਲ ਸੱਕਤਰ ਏਟਕ ਨੇ ਕੇਂਦਰ ਸਰਕਾਰ ਵੱਲੋਂ ਆਪਣੇ ਪਰਿਵਾਰਾਂ ਵਿੱਚ ਜਾਣ ਦੇ ਚਾਹਵਾਨ ਮਜ਼ਦੂਰਾਂ ਪ੍ਰਤੀ ਉਦਾਸੀਨਤਾ ਦੀ ਨਿਖੇਧੀ ਕੀਤੀ। ਉਹਨਾਂ ਦੀ ਆਵਾਜਾਈ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ ਅਤੇ ਵੱਖ-ਵੱਖ ਥਾਵਾਂ ਤੋਂ ਰੇਲ ਗੱਡੀਆਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਦੇ ਕੰਮ ਵਾਲੀ ਥਾਂ 'ਤੇ ਖਾਣੇ/ਰਾਸ਼ਨ ਦੀ ਕੋਈ ਗਰੰਟੀ ਨਹੀਂ ਹੈ, ਉਨ੍ਹਾਂ ਨੂੰ ਰਿਹਾਇਸ਼ ਤੋਂ ਬੇਦਖਲ ਕਰ ਦਿੱਤਾ ਗਿਆ ਹੈ। ਲੰਘੀ 22 ਮਾਰਚ ਦੇ ਬਾਅਦ 92 ਪ੍ਰਤੀਸ਼ਤ ਮਜ਼ਦੂਰਾਂ ਨੂੰ ਤਨਖਾਹ ਨਹੀਂ ਦਿੱਤੀ ਗਈ। ਇਹ ਸਭ ਕੁਝ ਸਰਕਾਰ ਦੁਆਰਾ ਦਿੱਤੀ ਗਈ ਸਲਾਹ ਦੇ ਬਾਵਜੂਦ ਹੋਇਆ ਹੈ, ਹਾਲਾਂਕਿ ਸਰਕਾਰ ਨੇ ਹੁਣ ਆਪਣਾ ਇਹ ਆਦੇਸ਼ ਕਾਰਪੋਰੇਟਾਂ ਦੇ ਦਬਾਅ ਹੇਠ  ਵਾਪਸ ਲੈ ਲਿਆ ਹੈ। ਇਹੀ ਕਾਰਨ ਹੈ ਕਿ ਰਾਸ਼ਨ ਦੀ ਘਾਟ ਅਤੇ ਨੌਕਰੀਆਂ ਨਾ ਹੋਣ ਕਾਰਨ  ਹਜ਼ਾਰਾਂ ਕਾਮੇ ਪੈਦਲ ਚੱਲ ਰਹੇ ਹਨ, ਜਾਂ ਦੂਸਰੇ ਰਾਜਾਂ ਵਿਚ ਆਪਣੇ ਸਾਈਕਲਾਂ' ਤੇ ਜਾ ਰਹੇ ਹਨ ਤੇ ਇਹਨਾਂ ਵਿੱਚ ਬੱਚੇ ਤੇ ਗਰਭਵਤੀ ਔਰਤਾਂ ਵੀ ਹਨ। ਉਨ੍ਹਾਂ ਦੀ ਦੁਰਦਸ਼ਾ ਨੇ ਸਰਕਾਰ ਨੂੰ ਹਿਲਾਇਆ ਨਹੀਂ। ਸੱਤਾ ਵਿੱਚ ਬੈਠੇ ਲੋਕਾਂ ਦਾ ਦਿਲ ਬਿਲਕੁਲ ਵੀ ਨਹੀਂ ਪਿਘਲਿਆ। ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਸਰਕਾਰ ਕਿਰਤ ਕਾਨੂੰਨਾਂ ਨੂੰ ਬਦਲਣ ਵਿੱਚ ਲੱਗ ਗਈ ਹੈ।
ਸੀ ਟੀ ਯੂ ਦੇ ਸੂਬਾਈ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਭਾਜਪਾ ਸ਼ਾਸਿਤ ਰਾਜਾਂ ਯੂ ਪੀ, ਕਰਨਾਟਕ ਅਤੇ ਗੁਜਰਾਤ ਵਿੱਚ ਪਹਿਲਾਂ ਹੀ ਮਜ਼ਦੂਰ ਕਾਨੂੰਨਾਂ ਵਿੱਚ ਸਖਤ ਤਬਦੀਲੀਆਂ ਕੀਤੀਆਂ ਗਈਆਂ ਹਨ ਜਿਸ ਨਾਲ ਮਜ਼ਦੂਰਾਂ ਨੂੰ ਲਗਭਗ ਗੁਲਾਮ/ਬੰਧੂਆ ਮਜ਼ਦੂਰ ਬਣਾ ਦਿੱਤਾ ਜਾਏਗਾ। ਵਿੱਤ ਮੰਤਰੀ ਦੁਆਰਾ ਪੰਜ ਲੜੀਵਾਰ ਭਾਸ਼ਣਾਂ ਦਾ ਐਲਾਨ ਕੀਤਾ ਗਿਆ, ਪ੍ਰੇਰਣਾ ਪੈਕੇਜ ਵਿੱਚ ਸਿਰਫ ਉਹਨਾਂ  ਗੱਲਾਂ ਦੀ ਬਿਆਨਬਾਜੀ ਕੀਤੀ ਗਈ  ਂਜੋ ਕਿ ਪਹਿਲਾਂ ਹੀ ਬਜਟ ਅਤੇ ਇਸ ਤੋਂ ਪਹਿਲਾਂ ਐਲਾਨੀਆਂ ਜਾ ਚੁੱਕੀਆਂ ਹਨ। ਵਿੱਤ ਮੰਤਰੀ ਦੇ ਭਾਸ਼ਣ ਕਰਜ਼ ਮੇਲਾ ਬਣ ਕੇ ਰਹਿ ਗਏ, ਜਿਸ ਵਿਚ ਮਜ਼ਦੂਰਾਂ ਦੀ ਗੱਲ ਤਾਂ ਛੱਡੋ ਕਰਮਚਾਰੀਆਂ ਜਾਂ ਛੋਟੇ ਉਦਯੋਗ ਨੂੰ ਵੀ ਨੂੰ ਕੁਝ ਨਹੀਂ ਦਿੱਤਾ ਗਿਆ ਹੈ।
ਕਾਮਰੇਡ ਰਘੁਨਾਥ ਸਿੰਘ-ਸੂਬਾ ਸਕੱਤਰ ਸੀਟੂ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਸਿਹਤ ਵਿਭਾਗ ਨੂੰ ਉਸ ਦੇ ਪੈਕੇਜ ਵਿਚ ਪੂਰੀ ਤਰ੍ਹਾਂ ਨਜ਼ਰ ਅੰਦਾਜ ਕੀਤਾ ਗਿਆ ਹੈ, ਡਾਕਟਰਾਂ, ਨਰਸਾਂ, ਪੈਰਾਮੈਡੀਕਲ ਸਟਾਫ, ਪ੍ਰਯੋਗਸਾਲਾ ਸਟਾਫ, ਸਫਾਈ ਕਰਮਚਾਰੀਆਂ ਅਤੇ ਆਸ਼ਾ ਅਤੇ ਆਂਗਣਵਾੜੀ ਵਰਕਰ ਦੇ ਫੀਲਡ ਸਟਾਫ ਦੁਆਰਾ ਕੀਤੀਆਂ ਕੁਰਬਾਨੀਆਂ ਅਤੇ ਸਖਤ ਮਿਹਨਤ ਦੀ ਕੋਈ ਪਰਵਾਹ ਨਹੀਂ ਕੀਤੀ ਗਈ। ਉਨ੍ਹਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ.ਏ. ਅਤੇ ਡੀ.ਆਰ. ਨੂੰ ਫ਼੍ਰੀਜ਼ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਜਨਤਕ ਖੇਤਰ ਦੇ ਅਦਾਰਿਆਂ ਦੇ ਵਿਨਿਵੇਸ਼ ਦੀ ਵੀ ਅਲੋਚਨਾ ਕੀਤੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੰਮ ਦੇ ਘੰਟਿਆਂ ਨੂੰ 8 ਤੋਂ 12 ਘੰਟੇ ਨਾ ਬਦਲਿਆ ਜਾਵੇ।
ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਜ਼ਿਲ੍ਹੇ ਵਿੱਚ ਰਾਸ਼ਨ ਸਪਲਾਈ ਨੂੰ ਸੁਚਾਰੂ ਕੀਤਾ ਜਾਏ, ਇਸਨੂੰ ਪਰਦਰਸ਼ੀ ਕੀਤਾ ਜਾਏ ਤੇ ਬੀ ਐਲ ਓ ਦੇ ਰਾਹੀਂ ਕਰਵਾਇਆ ਜਾਏ, 1905 ਫ਼ੋਨ ਨੰਬਰ ਲੋਕਾਂ ਨੂੰ ਨਹੀਂ ਮਿਲਦਾ ਇਸਨੂੰ ਠੀਕ ਕੀਤਾ ਜਾਏ। ਘਰਾਂ ਨੂੰ ਜਾਣ ਵਾਲੇ ਚਾਹਵਾਨ ਵਰਕਰਾਂ ਦਾ ਜਾਣਾ ਅਸਾਨ ਕੀਤਾ ਜਾਏ। ਨੇੜੇ ਦੇ ਸੂਬਿਆਂ ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਤੇ ਉੱਤਰਾਖੰਡ ਲਈ ਬੱਸਾਂ ਚਲਾਈਆਂ ਜਾਣ। ਮੈਮੋਰੈੰਡਮ ਦੇਣ ਵਾਲਿਆਂ ਵਿੱਚ ਸਨ ਕਾਮਰੇਡ ਡੀ ਪੀ ਮੌੜ, ਤਰਸੇਮ ਂਜੋਧਾਂ, ਸੁਭਾਸ਼ ਰਾਨੀ, ਸਰਬਜੀਤ ਸਰਹਾਲੀ, ਗੁਰਜੀਤ ਸਿੰਘ, ਪ੍ਰੌ: ਜੈਪਾਲ ਸਿੰਘ, ਦਲਜੀਤ ਸਿੰਘ,  ਐਮ ਐਸ ਭਾਟੀਆ, ਵਿਜੈ ਕੁਮਾਰ, ਹਰਜਿੰਦਰ ਸਿੰਘ। ਇਹਨਾਂ ਤੋਂ ਇਲਾਵਾ ਪ੍ਰਮੁੱਖ ਆਗੂ ਜਿਹੜੇ ਹਾਜ਼ਰ ਸਨ ਉਹ ਹਨ ਲਖਵਿੰਦਰ ਸਿੰਘ, ਕੇਵਲ ਸਿੰਘ ਬਨਵੈਤ, ਗੁਰਮੇਲ ਸਿੰਘ ਮੈਲਡੇ, ਫ਼ਿਰੋਜ਼ ਮਾਸਟਰ, ਬਲਦੇਵ ਮੌਦਗਿਲ, ਘੜਸ਼ਾਮ, ਹਨੁਮਾਨ ਪਮਸਾਦ ਦੂਬੇ।

Monday, May 11, 2020

ਏਟਕ ਵੱਲੋਂ ਪੀ.ਐਮ. ਕੇਅਰ ਫੰਡ ਦੀ ਪਾਰਦਰਸ਼ਤਾ ਯਕੀਨੀ ਬਣਾਉਣ ਦੀ ਮੰਗ

Monday:May 11, 2020, 4:44 PM
 ਪੰਜਾਬ ਏਟਕ ਨੇ ਕੰਮ ਦੇ ਘੰਟੇ ਵਧਾਉਣ ਦਾ ਵੀ ਲਿਆ ਗੰਭੀਰ ਨੋਟਿਸ    
ਲੁਧਿਆਣਾ: 11 ਮਈ 2020: (ਐਮ ਐਸ ਭਾਟੀਆ//ਉਤੱਮ ਕੁਮਾਰ ਰਾਠੌਰ):: 
ਕੋਰੋਨਾ ਦੀ ਰੋਕਥਾਮ ਲਈ ਲਾਏ ਗਏ ਲਾਕ ਡਾਊਨ ਦੀ ਜਿੰਨੀ ਸਾਜ਼ਿਸ਼ੀ ਵਰਤੋਂ ਹੁਣ ਬਹੁਤ ਹੀ ਤੇਜ਼ ਹੋਈ ਹੈ ਅਜਿਹਾ ਵਰਤਾਰਾ ਬੇਹੱਦ ਖਤਰਨਾਕ ਹੈ। ਮਜ਼ਦੂਰਾਂ ਦੀ ਖਾੜਕੂ ਸੰਘਰਸ਼ਾਂ ਦੇ ਸ਼ਾਨਾਂਮੱਤੇ ਇਤਿਹਾਸ ਵਾਲੀ ਜੱਥੇਬੰਦੀ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੀ ਪੰਜਾਬ ਇਕਾਈ ਨੇ ਇਸ ਵਰਤਾਰੇ ਦਾ ਗੰਭੀਰ ਨੋਟਿਸ ਲਿਆ ਹੈ। ਹੱਕੀ ਮੰਗਾਂ ਲਈ ਹੁੰਦੇ ਖਾੜਕੂ ਸੰਘਰਸ਼ਾਂ ਦੀ ਰਵਾਇਤ ਨੂੰ ਸੁਰਜੀਤ ਕਰਦਿਆਂ ਅੱਜ ਏਟਕ ਨੇ ਪੂਰੇ ਜਮਹੂਰੀ ਢੰਗ ਨਾਲ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ। 
ਪੰਜਾਬ ਏਟਕ ਦੇ ਸੱਦੇ ਤੇ ਅੱਜ ਦੇ ਦਿਨ ਨੂੰ ਮੰਗ ਦਿਵਸ ਵਜੋਂ ਮਨਾਉਂਦੇ ਹੋਏ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਵਿਖੇ  ਮੈਮੋਰੰਡਮ ਦਿੱਤੇ ਗਏ। ਲੁਧਿਆਣਾ ਵਿਖੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ( ਏਟਕ) ਵੱਲੋਂ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਵਿਖੇ ਮੈਮੋਰੰਡਮ ਦਿੱਤਾ ਗਿਆ, ਜਿਸ ਵਿੱਚ ਹੇਠ  ਲਿਖੀਆਂ  ਮੰਗਾਂ ਬਾਰੇ ਚਰਚਾ ਕੀਤੀ ਗਈ। 
ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਵੱਲੋਂ ਮਜਦੂਰਾਂ—ਮੁਲਾਜਮਾਂ ਅਤੇ ਆਮ ਮਿਹਨਤਕਸ਼ ਲੋਕਾਂ ਦੀਆਂ ਕਰੋਨਾ ਵਾਇਰਸ ਦੇ ਸੰਕਟ ਨੂੰ ਅਧਾਰ ਬਣਾ ਕੇ ਤਰ੍ਹਾਂ—ਤਰ੍ਹਾਂ ਦੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵਲੋਂ ਮਜਦੂਰ ਅਤੇ ਆਮ ਗਰੀਬ ਮਿਹਨਤਕਸ਼ ਲੋਕਾਂ ਵਿਰੁੱਧ ਲਏ ਜਾ ਰਹੇ ਫੈਸਲੇ ਅਤੇ ਟੈਕਸਾਂ, ਉਜਰਤ ਕਟੌਤੀਆਂ ਛਾਂਟੀ ਅਤੇ ਕੀਮਤਾਂ ਦੇ ਵਾਧੇ ਦੇ ਰੂਪ ਵਿੱਚ ਸਾਰਾ ਵਿਤੀ ਬੋਝ ਇਸ ਵਰਗ ਉਪਰ ਪਾਏ ਜਾਣ ਦਾ ਨੋਟਿਸ ਲਿਆ ਗਿਆ ਹੈ। ਇੰਨਾਂ ਹਾਲਤਾਂ ਵਿੱਚ ਏਟਕ ਦੀ ਕੇਂਦਰੀ ਲੀਡਰਸ਼ਿਪ ਦੇ ਸੱਦੇ ਤੇ ਸਾਰੇ ਦੇਸ਼ ਵਿੱਚ ਮੰਗ ਦਿਵਸ ਦੇ ਰੂਪ ਵਿੱਚ ਰੋਸ ਜ਼ਾਹਰ ਕਰਦੇ ਹੋਏ ਹੇਠ ਲਿਖੀਆਂ ਮੰਗਾਂ ਅਤੇ ਮੁਸ਼ਕਲਾ ਦੇ ਫੌਰੀ ਹੱਲ ਦੀ ਮੰਗ ਕਰਦੇ ਹਾਂ। ਇਸ ਮਕਸਦ ਲਈ 18 ਨੁਕਾਤੀ ਮੰਗ ਪੱਤਰ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਵੀ ਦਿੱਤਾ ਗਿਆ। 
ਇਹਨਾਂ 18 ਨੁਕਾਤੀ ਮੰਗਾਂ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵਲੋਂ ਲੇਬਰ ਕਾਨੂੰਨਾਂ ਨੂੰ ਤਿੰਨ ਸਾਲਾਂ ਲਈ ਮੁਅੱਤਲ ਕਰਕੇ ਮਜਦੂਰਾਂ ਦੇ ਕਾਨੂੰਨੀ ਹੱਕ ਖੋਹਣ ਦੇ ਲਏ ਜਾ ਰਹੇ ਫੈਸਲੇ ਤੁਰੰਤ ਰੱਦ ਕੀਤੇ ਜਾਣ। ਇਸਦੇ ਨਾਲ ਹੀ ਕਿਹਾ ਗਿਆ ਕਿ ਲਾਕ—ਡਾਊਨ ਕਾਰਨ ਵੱਖ—ਵੱਖ ਰਾਜਾਂ ਤੋਂ ਇੱਕ ਦੂਜੇ ਰਾਜ ਲਈ ਘਰ ਵਾਪਸ ਜਾਣ ਵਾਲੇ ਮਜਦੂਰਾਂ ਲਈ ਮੁਫ਼ਤ ਆਉਣ—ਜਾਣ ਦਾ ਪ੍ਰਬੰਧ ਕੀਤਾ ਜਾਵੇ। ਇਹ ਮੰਗ ਵੀ ਕੀਤੀ ਗਈ ਕਿ ਹਰ ਇੱਕ ਲੋੜਵੰਦ ਤੱਕ ਬਿਨਾਂ ਕੋਈ ਦਸਤਾਵੇਜਾਂ ਦੀਆਂ ਸ਼ਰਤਾਂ ਤੋਂ ਖਾਣ—ਪੀਣ ਦਾ ਜਰੂਰੀ ਰਾਸ਼ਨ ਪਹੁੰਚਾਇਆ ਜਾਵੇ।
ਮੌਜੂਦਾ ਸਥਿਤੀ ਨੂੰ ਧਿਆਨ ਵਿਚਕ ਰੱਖਦਿਆਂ ਮੰਗ ਕੀਤੀ ਗਈ ਕਿ ਲਾਕ ਡਾਊਨ ਸਮੇਂ ਦੌਰਾਨ ਕਿਸੇ ਵੀ ਤਨਖਾਹਦਾਰ ਮੁਲਾਜ਼ਮ—ਮਜਦੂਰ ਦੀ ਤਨਖਾਹ ਤੇ ਕੋਈ ਕੱਟ ਨਾ ਲੱਗੇ। ਤਨਖਾਹ ਨਿਰੰਤਰ ਮਿਲਣੀ ਯਕੀਨੀ ਬਣਾਈ ਜਾਵੇ।
ਕੰਮ ਦੇ ਘੰਟਿਆਂ ਨੂੰ ਵਧਾ ਕੇ ਵੱਡੇ ਅਮੀਰਾਂ ਦੇ ਹੱਕ ਪੂਰਨ ਵਾਲੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਕਿ ਮਜਦੂਰਾਂ ਦੇ ਕੰਮ ਘੰਟੇ 8 ਤੋਂ ਵਧਾਕੇ 12 ਕੀਤੇ ਜਾਣ।  ਏਟਕ ਨੇ ਇਸਦਾ ਗੰਭੀਰ ਨੋਟਿਸ ਲੈਂਦੀਆਂ ਇਸਦਾ ਤਿੱਖਾ ਵਿਰੋਧ ਕੀਤਾ ਅਤੇ ਮੰਗ ਕੀਤੀ ਕਿ ਅਜਿਹਾ ਕਰਨ ਦੇ ਵੱਖ—ਵੱਖ ਰਾਜਾਂ ਵੱਲੋਂ ਜਾਰੀ ਕੀਤੇ ਗਏ ਆਰਡੀਨੈਂਸ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਜਾਣ। ਏਟਕ ਨੇ ਕਿਹਾ ਕਿ ਨਾ ਤਾਂ ਮਜ਼ਦੂਰ ਲੋਹੇ ਦੀ ਮਸ਼ੀਨ ਹਨ ਅਤੇ ਨਾ ਹੀ ਗੁਲਾਮ। ਉਹਨਾਂ ਨਾਲ ਇਨਸਾਨਾਂ ਵਾਲਾ ਵਤੀਰਾ ਹੀ ਠੀਕ ਰਹੇਗਾ। 
ਇਸਦੇ ਨਾਲ ਹੀ ਏਟਕ ਨੇ ਇਹ ਵੀ ਕਿਹਾ ਕਿ ਲਾਕ—ਡਾਊਨ ਦੇ ਹਾਲਾਤਾਂ ਨੂੰ ਆਧਾਰ ਬਣਾਕੇ ਕਿਸੇ ਦਾ ਵੀ ਨੌਕਰੀ ਜਾਂ ਰੁਜਗਾਰ ਨਾ ਖੁੱਸਣਾ ਯਕੀਨੀ ਬਣਾਇਆ ਜਾਵੇ।
ਮੌਜੂਦਾ ਹਾਲਤਾਂ ਵਿੱਚ ਪੈਦਾ ਹੋਏ ਆਰਥਿਕ ਸੰਕਟ ਨੂੰ ਸਾਹਮਣੇ ਰੱਖਦਿਆਂ ਏਟਕ ਨੇ ਕਿਹਾ ਕਿ ਗੈਰ ਜਥੇਬੰਦ ਮਜਦੂਰਾਂ, ਕੰਟਰੈਕਟ ਕੈਜੂਅਲ, ਸਵੈ ਧੰਦੇ, ਘਰੇਲੂ ਅਧਾਰਤ ਕੰਮ ਧੰਦੇ, ਅਤੇ ਘਰੇਲੂ ਵਰਕਰਜ਼ ਆਦਿ ਮਜਦੂਰ ਵਰਗ ਦੀਆਂ ਘੱਟੋ—ਘੱਟ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੇ ਖਾਤਿਆਂ ਵਿੱਚ 7500/— ਰੁਪਏ ਦੀ ਧਨ ਰਾਸ਼ੀ ਪਾਈ ਜਾਵੇ। 
ਇਸਦੇ ਨਾਲ ਹੀ ਕੋਰੋਨਾ ਦੇ ਇਸ ਸਮੇਂ ਨੂੰ ਯੁੱਦ ਦਾ ਸਮਾਂ ਮੰਨਣ ਲਈ ਵੀ ਕਿਹਾ ਗਿਆ। ਏਟਕ ਨੇ ਕਿਹਾ ਕਿ ਕਰੋਨਾ ਬੀਮਾਰੀ ਦੀ ਮਹਾਂਮਾਰੀ ਨੂੰ ਰੋਕਣ ਅਤੇ ਹੋਰ ਪ੍ਰਬੰਧਾਂ ਵਿੱਚ ਲੱਗੇ ਮੁਲਾਜਮਾਂ, ਮਜਦੂਰਾਂ, ਕਰਮਚਾਰੀਆਂ, ਅਧਿਕਾਰੀਆਂ ਅਤੇ ਹੋਰ ਕਿਸੇ ਤਰੀਕੇ ਨਾਲ ਵੀ ਸਬੰਧਤ ਸਭਨਾਂ ਨੂੰ ਫਰੰਟ ਲਾਈਨ ਫਾਈਟਰਜ਼ ਮੰਨਿਆ ਜਾਵੇ। ਉਨ੍ਹਾਂ ਦੀ ਸੇਫਟੀ ਲਈ ਜਰੂਰੀ ਪੀ.ਪੀ.ਈ. ਕਿੱਟਾ ਮਾਸਕ, ਦਸਤਾਨੇ ਸੈਨੇਟਾਈਜਰ ਆਦਿ ਦਾ ਸਹੀ ਪ੍ਰਬੰਧ ਹੋਵੇ। ਇਹ ਸੇਵਾਵਾਂ ਨਿਭਾਉਂਦੇ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਵਾਰਸਾਂ ਨੂੰ 50 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ ਅਤੇ ਯੋਗਤਾ ਅਨੁਸਾਰ ਢੁੱਕਵੀਂ ਨੌਕਰੀ ਦਿੱਤੀ ਜਾਵੇ।
ਏਟਕ ਨੇ ਆਪਣੇ ਇਸ ਮੰਗ ਪੱਤਰ ਵਿੱਚ ਇਹ ਵੀ ਕਿਹਾ ਕਿ ਕਰੋਨਾ ਸੰਕਟ ਨਾਲ ਨਿਪਟਣ ਲਈ ਜਿਸ ਤਨਦੇਹੀ ਅਤੇ ਪ੍ਰਤੀਬੱਧਤਾ ਨਾਲ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਨੇ ਅਤੇ ਇੰਨਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਅਤੇ ਵਰਕਰਾਂ ਨੇ ਸ਼ਾਨਦਾਰ ਡਿਊਟੀਆਂ ਨਿਭਾਈਆਂ ਹਨ। ਇਸ ਤੋਂ ਭਵਿੱਖੀ ਸਬਕ ਕੱਢਦੇ ਹੋਏ ਇੰਨਾਂ ਅਦਾਰਿਆਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਅੰਨੇਵਾਹ ਨਿੱਜੀਕਰਨ ਦੀਆਂ ਨੀਤੀਆਂ ਤੇ ਰੋਕ ਲਾਈ ਜਾਵੇ।
ਮੁਲਾਜ਼ਮਾਂ ਦੇ ਹੱਕਾਂ ਤੇ ਚੱਲ ਰਹੇ ਸਰਕਾਰੀ ਕੁਹਾੜੇ ਦਾ ਵੀ ਗੰਭੀਰ ਨੋਟਿਸ ਲਿਆ ਗਿਆ। ਏਟਕ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰਮਚਾਰੀਆਂ ਦਾ ਡੀ.ਏ. ਅਤੇ ਪੈਨਸ਼ਨਰਾਂ ਦਾ ਡੀ.ਆਰ. ਦੋ ਸਾਲ ਲਈ ਜਾਮ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ ਅਤੇ ਰਾਜ ਸਰਕਾਰਾਂ ਵੱਲੋਂ ਅਜਿਹੇ ਫੈਸਲੇ ਨਾ ਕਰਨਾ ਯਕੀਨੀ ਹੋਵੇ।
ਇਸਦੇ ਨਾਲ ਹੀ ਜ਼ੋਰਦਾਰ ਢੰਗ ਨਾਲ ਕਿਹਾ ਗਿਆ ਕਿ ਪ੍ਰਵਾਸੀ ਮਜਦੂਰ ਕਾਨੂੰਨ 1979 ਨੂੰ ਮਜਬੂਤ ਬਣਾਇਆ ਜਾਵੇ।
ਇਹ ਵੀ ਕਿਹਾ ਗਿਆ ਕਿ ਮਜਦੂਰਾਂ ਦੇ ਕੰਮ ਵਾਲੇ ਅਦਾਰਿਆਂ ਵਿੱਚ ਉਨ੍ਹਾਂ ਲਈ ਕਰੋਨਾ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਯਕੀਨੀ ਬਣਾਉ। ਇਸ ਵਿੱਚ ਕੋਈ ਕੁਤਾਹੀ ਨਾ ਵਰਤੀ ਜਾਏ। 
ਏਟਕ ਨੇ ਅੱਜਕਲ ਬਹੁਤ ਹੀ ਚਰਚਾ ਵਿੱਚ ਆਏ ਪੀ.ਐਮ. ਕੇਅਰ ਫੰਡ ਦੀ ਜਵਾਬਦੇਹੀ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ ਅਤੇ ਇਸਤੇ ਜ਼ੋਰ ਦਿੱਤਾ।
ਘਟੋਘੱਟ ਉਜਰਤਾਂ ਦਾ ਮਾਮਲਾ ਵੀ ਇਸ ਮੰਗ ਪੱਤਰ ਵਿੱਚ ਸ਼ਾਮਲ ਸੀ। ਪੰਜਾਬ ਏਟਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘੱਟੋ—ਘੱਟ ਉਜਰਤਾ ਸਬੰਧੀ ਪਹਿਲੀ ਮਈ ਨੂੰ ਜਾਰੀ ਕੀਤੇ ਹੁਕਮ ਉਪਰ 9 ਮਈ 2020 ਨੂੰ ਲਾਈ ਰੋਕ ਖਤਮ ਕਰਕੇ ਪਹਿਲੀ ਮਈ 2020 ਵਾਲਾ ਹੁਕਮ ਲਾਗੂ ਕਰੋ।
ਇਸਦੇ ਨਾਲ ਹੀ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਲੇਬਰ ਕਾਨੁੰਨਾਂ ਵਿੱਚ ਕਿਸੇ ਕਿਸਮ ਦੀ ਤਬਦੀਲੀ ਜਾਂ ਰੋਕ ਲਾਉਣ ਵਰਗਾ ਕੋਈ ਫੈਸਲਾ ਨਾ ਲਿਆ ਜਾਵੇ।
ਪੰਜਾਬ ਏਟਕ ਨੇ ਇਹ ਮੰਗ ਵੀ ਕੀਤੀ ਕਿ ਪੰਜਾਬ ਸਰਕਾਰ ਵੱਲੋਂ 8 ਮਈ 2020 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਸੋਧ ਕਰਕੇ ਕਰੋਨਾ ਸੰਕਟ ਪ੍ਰਬੰਧਾਂ ਦੀਆਂ ਡਿਊਟੀਆਂ ਨਿਭਾ ਰਹੇ ਕੰਟਰੈਕਟ/ਆਊਟ ਸੋਰਸ ਵਰਕਰਾਂ ਆਦਿ ਨੂੰ ਵੀ 50 ਲੱਖ ਰੁਪਏ ਦੇ ਮੁਆਵਜ਼ੇ ਦਾ ਹੱਕਦਾਰ ਮੰਨਿਆ ਜਾਵੇ। 
ਇਸਦੇ ਨਾਲ ਹੀ ਸਮਾਜ ਦੇ ਹੋਰਨਾਂ ਕਿਰਤੀ ਵਰਗਾਂ ਬਾਰੇ ਵੀ ਗੱਲ ਕੀਤੀ ਗਈ। ਪੰਜਾਬ ਏਟਕ ਨੇ ਆਪਣੇ ਇਸ ਮੰਗ ਪੱਤਰ ਵਿੱਚ ਕਿਹਾ ਕਿ ਹਰ ਤਰ੍ਹਾਂ ਦੇ ਮੁਸ਼ਕਲ ਸਮੇਂ ਵਿੱਚ ਅਤੇ ਰੁਟੀਨ ਵਿੱਚ ਅਨੇਕਾਂ ਪ੍ਰਕਾਰ ਦੀਆਂ ਡਿਊਟੀਆਂ ਨਿਭਾਉਣ ਵਾਲੇ ਆਂਗਣਵਾੜੀ, ਆਸ਼ਾ ਵਰਕਰਜ਼ ਅਤੇ ਮਿਡ—ਡੇ—ਮੀਲ ਵਰਕਰਜ਼ ਨੂੰ ਵਰਕਰਜ਼ ਮੰਨ ਕੇ ਘੱਟੋ—ਘੱਟ ਉਜਰਤਾਂ ਦੇ ਕਾਨੂੰਨ ਤਹਿਤ ਉਜਰਤਾਂ ਦਿਓ। 
ਏਟਕ ਨੇ ਇਹ ਵੀ ਕਿਹਾ ਕਿ ਵੱਖ—ਵੱਖ ਸਮਾਜ ਭਲਾਈ ਸਕੀਮਾਂ ਤਹਿਤ ਮਿਲਣ ਵਾਲੀਆਂ ਸਹੂਲਤਾਂ ਸਮੇਂ ਸਿਰ ਮਿਲਣ ਅਤੇ ਇਹਨਾਂ ਵਿੱਚ ਮਹਿੰਗਾਈ ਮੁਤਾਬਿਕ ਵਾਧਾ ਕੀਤਾ ਜਾਵੇ।
ਸੋ ਅਸੀਂ ਅੱਜ ਏਟਕ ਵਲੋਂ ਐਲਾਨ ਕੀਤੇ ਮੰਗ ਦਿਵਸ ਮੌਕੇ ਤੇ ਰੋਸ ਪ੍ਰਗਟ ਕਰਦੇ ਹੋਏ ਮੰਗ ਪੱਤਰ ਦੇ ਰਹੇ ਹਾਂ। ਉਮੀਦ ਹੈ ਕਿ ਇਸ ਮੰਗ ਪੱਤਰ ਵਿੱਚ ਦੱਸੇ ਗਏ ਮਸਲੇ ਫਿਲ ਦੇ ਅਧਾਰ ਤੇ ਹੱਲ ਕੀਤੇ ਜਾਣਗੇ।
ਇਸ ਮੌਕੇ ਇੱਕ ਵਿਸ਼ੇਸ਼ ਵਫਦ ਡੀਸੀ ਨੂੰ ਮਿਲਿਆ। ਏਟਕ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਡੀ ਪੀ ਮੌੜ ਦੀ ਅਗਵਾਈ ਵਿੱਚ ਮਿਲੇ ਇਸ ਡੈਪੂਟੇਸ਼ਨ ਵਿੱਚ ਸ਼ਾਮਲ ਸਨ ਪ੍ਰਧਾਨ-ਕਾਮਰੇਡ ਰਮੇਸ਼ ਰਤਨ, ਜਨਰਲ ਸਕੱਤਰ-ਵਿਜੇ ਕੁਮਾਰ, ਡਿਪਟੀ ਜਨਰਲ ਸਕੱਤਰ-ਐਮ ਐਸ ਭਾਟੀਆ, ਉਪ ਪ੍ਰਧਾਨ-ਕੇਵਲ ਸਿੰਘ ਬਨਵੈ ਅਤੇ ਇਹਨਾਂ ਤੋਂ ਇਲਾਵਾ ਹੋਰ ਸਰਗਰਮ ਸਾਥੀਆਂ ਵੱਜੋਂ ਕਾਮਰੇਡ ਚਮਕੌਰ ਸਿੰਘ, ਕਾਮਰੇਡ  ਰਛਪਾਲ ਸਿੰਘ ਪਾਲੀ, ਕਾਮਰੇਡ ਅਵਤਾਰ ਛਿੱਬੜ, ਕਾਮਰੇਡ ਮਹੀਪਾਲ ਅਤੇ ਕੁਝ ਹੋਰ ਸਾਥੀ ਵੀ। 

Wednesday, May 6, 2020

ਲੋੜਵੰਦਾਂ ਦੀ ਸੇਵਾ ਲਈ ਮੂਹਰਲੀਆਂ ਕਤਾਰਾਂ ਵਿੱਚ ਹਨ ਹੈਲਪਿੰਗ ਹੈਂਡਜ਼ ਵਾਲੇ

ਸਮਾਂ ਸਭ ਕੁਝ ਦੇਖ ਰਿਹਾ ਹੈ-ਸਮਾਂ ਸਭ ਕੁਝ ਦੱਸੇਗਾ ਵੀ 
ਲੁਧਿਆਣਾ: 6 ਮਈ 2020: (ਐਮ ਐਸ ਭਾਟੀਆ//ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ)::  
ਜ਼ਿੰਦਗੀ ਬੜੀ ਬੇਰੁਖੀ ਅਤੇ ਬੇਰਹਿਮੀ ਨਾਲ ਵੀ ਦੇਖੀ ਜਾ ਸਕਦੀ ਸੀ। ਸਰਕਾਰ ਨੇ ਲਾਕਡਾਊਨ ਕਰਨ ਤੋਂ ਪਹਿਲਾਂ ਆਮ ਗਰੀਬ ਲੋਕਾਂ ਬਾਰੇ ਕੁਝ ਨਹੀਂ ਸੋਚਿਆ ਸੋ ਸਰਦੇ ਪੁੱਜਦੇ ਲੋਕ ਵੀ ਇੱਸੇ ਤਰਾਂ ਸਰਕਾਰ ਵਾਂਗ ਸੋਚ ਸਕਦੇ ਸਨ। ਕੋਈ ਭੁੱਖਾ ਮਰਦਾ ਜਾਂ ਖੁਦਕੁਸ਼ੀ ਕਰ ਜਾਂਦਾ। ਕਿਸੇ ਦਾ ਕੀ ਜਾਣਾ ਸੀ! ਪਰ ਏਥੋਂ ਦੇ ਸਰਦੇ ਪੁੱਜਦੇ ਤਾਂ ਕੀ-ਗਰੀਬ ਲੋਕਾਂ ਨੇ ਵੀ ਸਰਕਾਰ ਵਾਂਗ ਨਹੀਂ ਸੋਚਿਆ ਕਿ ਸਾਨੂੰ ਕੀ? ਇਹਨਾਂ ਲੋਕਾਂ ਚੋਂ ਹੀ ਕੁਝ ਲੋਕਾਂ ਦੇ ਦਿਲ ਨੂੰ ਕੁਝ ਮਹਿਸੂਸ ਹੋਇਆ। ਆਮ ਲੋਕਾਂ ਤੇ ਮੁਸੀਬਤ ਬਣ ਕੇ ਟੁੱਟੇ ਲਾਕਡਾਊਨ ਦੇ ਵਰਤਾਰੇ ਸੰਬੰਧੀ  ਉਹਨਾਂ ਇਸ ਬਾਰੇ ਸ਼ਿੱਦਤ ਨਾਲ ਸੋਚਿਆ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ। 
ਇਹੋਜਿਹੀ ਸੰਵੇਦਨਸ਼ੀਲ ਸੋਚ ਵਾਲੇ ਇਹਨਾਂ ਕੁਝ ਖਾਸ ਲੋਕਾਂ ਨੇ ਇੱਕ ਦੂਜੇ ਨੂੰ ਫੋਨ ਖੜਕਾਏ। ਵੀਡੀਓ ਕਾਲਾਂ ਕੀਤੀਆਂ।ਈ ਐੱਨ ਟੀ ਦੇ ਹਰਮਨ ਪਿਆਰੇ ਲੋਕ ਦਰਦੀ ਸਰਜਨ ਡਾਕਟਰ ਅਰੁਣ ਮਿੱਤਰਾ ਸਭ ਤੋਂ ਮੂਹਰੇ ਹੋ ਕੇ ਨਿੱਤਰੇ। ਖਾਮੋਸ਼ ਰਹਿ ਕੇ ਕਈ ਦਹਾਕਿਆਂ ਤੋਂ ਕੰਮ ਕਰ ਰਹੇ ਡਾਕਟਰ ਮਿੱਤਰਾ ਨੇ ਆਪਣੇ ਕੁਝ ਹੋ ਸਾਥੀ ਵੀ ਲਭੇ। ਉਹਨਾਂ ਦੇ ਨੇੜਲੇ ਸਾਥੀ ਅਤੇ ਪੀਏਯੂ ਮੁਲਾਜ਼ਮਾਂ ਦੀ ਕਈ ਸਾਲਾਂ ਤੀਕ ਅਗਵਾਈ ਕਰਨ ਵਾਲੇ ਡੀ ਪੀ ਮੋੜ ਵੀ ਇਸ ਮੌਕੇ ਅੱਗੇ ਆਏ। ਸਟੇਟ ਬੈਂਕ ਆਫ ਇੰਡੀਆ ਵਿੱਚ ਕੰਮ ਕਰਦੇ ਨਰੇਸ਼ ਗੌੜ ਹੁਰਾਂ ਨੇ ਵੀ ਹਾਮੀ ਭਰੀ। ਬਲਿਊ ਸਟਾਰ ਦੇ ਵੇਲਿਆਂ ਤੋਂ ਲੈ ਕੇ ਹੁਣ ਤੀਕ ਚੁੱਪਚਾਪ ਰਹਿ ਕੇ ਲੋਕ ਸੇਵਾ ਕਰਨ ਵਾਲੇ ਡਾਕਟਰ ਬਲਬੀਰ ਸਿੰਘ ਸ਼ਾਹ ਵੀ ਇਸ ਟੀਮ ਦੇ ਨਾਲ ਆ ਰਲੇ। ਉਹੀ ਡਾਕਟਰ ਸ਼ਾਹ ਜਿਹੜੇ ਡੀਐਮਸੀ ਹਸਪਤਾਲ ਵਿੱਚ ਵੀ ਮੈਡੀਕਲ ਸੁਪਰਡੈਂਟ ਵੀ ਰਹੇ। ਵਕੀਲਾਂ ਨੂੰ ਕਈ ਵਾਰ ਔਖੇ ਵੇਲਿਆਂ ਵਿੱਚ ਅਗਵਾਈ ਦੇਣ ਵਾਲੇ ਸਰਗਰਮ ਵਕੀਲ ਨਵਲ ਛਿੱਬਰ ਅਤੇ ਸੀਪੀਆਈ ਦੀ ਲੁਧਿਆਣਾ ਸ਼ਹਿਰੀ ਯੂਨਿਟ ਦੇ ਸਕੱਤਰ ਕਾਮਰੇਡ ਰਮੇਸ਼ ਰਤਨ ਵੀ ਝੱਟ ਇਹਨਾਂ ਦਾ ਸਾਥ ਦੇਣ ਲਈ ਤਿਆਰ ਹੋ ਗਏ। ਸਮਾਜ ਸੇਵਾ ਲਈ ਪਰਿਵਾਰ ਦੀ ਨਾਰਾਜ਼ਗੀ ਮੁੱਲ ਲੈ ਕੇ ਵੀ ਹਰ ਪਲ ਤਿਆਰ ਰਹਿਣ ਵਾਲੇ ਐਮ ਐਸ ਭਾਟੀਆ ਵੀ ਇਸ ਮਕਸਦ ਲਈ ਆਪਣੀਆਂ ਸੇਵਾਵਾਂ ਲੈ ਕੇ ਅੱਗੇ ਆਏ। ਇਹਨਾਂ ਸਾਰਿਆਂ ਨੇ ਰਲ ਮਿਲ ਕੇ ਤਿਆਰ ਕੀਤਾ ਇੱਕ ਸਰਗਰਮ ਸੰਗਠਨ "ਹੈਲਪਿੰਗ ਹੈਂਡਜ਼"। ਇਸ ਸੰਗਠਨ ਨੇ ਅਪਣਾਈ ਇੱਕ ਨਵੀਂ ਪਹੁੰਚ। ਇਹਨਾਂ ਦੀਆਂ ਵਿਚਾਰਾਂ ਮਗਰੋਂ ਹੀ ਕਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਦੀ ਇਹ ਵਿਸ਼ੇਸ਼ ਕੋਸ਼ਿਸ਼ ਸ਼ੁਰੂ ਹੋਈ। ਲੁਧਿਆਣਾ ਸ਼ਹਿਰ ਦੇ ਕੁਝ ਸੰਵੇਦਨਸ਼ੀਲ ਸ਼ਹਿਰੀਆਂ, ਦੋਸਤਾਂ ਅਤੇ ਹੋਰ ਸਾਥੀਆਂ ਨੂੰ ਵੀ ਨਾਲ ਜੋੜਿਆ ਗਿਆ। ਇਸ ਹੈਲਪਿੰਗ ਹੈਂਡਜ਼ ਗਰੁੱਪ ਨੇ ਲੋਕਾਂ ਦੀ ਸੇਵਾ ਤੁਰੰਤ ਸ਼ੁਰੂ ਕਰਨ ਦਾ ਫੈਸਲਾ ਲਿਆ। 
ਇਸ ਨੇਕ ਮਕਸਦ ਦਾ ਆਰੰਭ ਵੀ ਠੀਕ ਰਿਹਾ। ਆਪਣੇ ਦੋਸਤਾਂ, ਸਾਥੀਆਂ ਅਤੇ ਰਿਸ਼ਤੇਦਾਰਾਂ ਦੁਆਰਾ ਭੇਜੀ ਗਈ ਰਾਸ਼ੀ ਭਾਵੇਂ ਬੜੀ ਥੋਹੜੀ ਸੀ ਪਰ ਫਿਰ ਵੀ ਸਾਰਾ ਹਿਸਾਬ ਲਾਇਆ ਗਿਆ। ਇਸ ਮੌਕੇ 400 ਪਰਿਵਾਰਾਂ ਨੂੰ ਰਾਹਤ ਦੇਣ ਦਾ ਫੈਸਲਾ ਹੋਇਆ। ਇਹ ਪਰਿਵਾਰ ਤਕਰੀਬਨ ਦੋ ਹਜ਼ਾਰ ਮੈਂਬਰ ਬਣਦੇ ਹਨ। ਰਕਮ ਘੱਟ ਸੀ ਅਤੇ ਲੋੜਵੰਦ ਬਹੁਤੇ ਸਨ। ਇਸਦੇ ਬਾਵਜੂਦ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਰਾਸ਼ਨ ਮੁਹੱਈਆ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। 
ਸ਼ੁਰੂ ਵਿੱਚ ਇਹ ਸੋਚਿਆ ਗਿਆ ਸੀ ਕਿ ਅਸੀਂ ਇੱਕ ਜਾਂ ਦੋ ਵਾਰੀ ਹੀ ਇਸ ਤਰਾਂ ਰਾਸ਼ਨ ਦੇ ਸਕਾਂਗੇ ਪਰ ਲੋਕਾਂ ਦੇ ਸਹਿਯੋਗ ਨਾਲ ਹੋਂਸਲਾ ਵਧਦਾ ਗਿਆ। ਇਸ ਵਿੱਚ ਸ਼ਾਮਲ ਸਾਰੇ ਉਹਨਾਂ ਲੋਕਾਂ ਨੇ ਵੀ ਬੜੀ ਹੌਸਲਾ ਅਫਜਾਈ  ਕੀਤੀ ਜਿਹੜੇ ਸ਼ਾਇਦ ਪਹਿਲੀ ਵਾਰ ਮਿਲੇ ਸਨ। ਇਹਨਾਂ ਸਾਰਿਆਂ ਨੇ ਪੈਸੇ ਦੀ ਥੁੜ ਨਹੀਂ ਆਉਣ ਦਿੱਤੀ। ਕਾਮਰੇਡਾਂ ਨੇ ਖੁਦ ਵੀ ਆਪਣੇ ਜੇਬ ਖਰਚ ਅਤੇ ਘਰਾਂ ਦੇ ਹੋਰ ਜ਼ਰੂਰੀ ਖਰਚੇ ਬਚਾਏ।  ਉਹ ਸਾਰੀ ਰਕਮ ਵੀ ਇਸ ਮਕਸਦ ਲਈ ਖਰਚੀ ਗਈ। ਹੁਣ ਤੱਕ ਤਿੰਨ ਵਾਰੀ ਇਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ  ਵੱਖ ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਚੱਲ ਰਹੀ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਬੇਨਤੀ ਕਰਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਰਾਸ਼ਨ ਰੋਜ਼ਾਨਾ ਪਹੁੰਚਦਾ ਕੀਤਾ ਜਾ ਰਿਹਾ ਹੈ। ਇਸ ਵੇਲੇ ਹੈਲਪਿੰਗ ਹੈਂਡਜ਼ ਦੀ ਇਹ ਟੀਮ ਬੜੀ ਸਰਗਰਮੀ ਨਾਲ ਇਹ ਕੰਮ ਕਰ ਰਹੀ ਹੈ। ਇਹ ਤਾਂ ਸੀ ਪੈਸੇ ਦੀ ਲੋੜ ਜਿਹੜਾ ਆਪਣੇ ਦੋਸਤਾਂ ਮਿੱਤਰਾਂ ਤੋਂ ਇਕੱਠਾ ਕੀਤਾ ਜਾ ਰਿਹਾ ਸੀ ਪਰ ਰਾਸ਼ਨ ਖਰੀਦਣਾ, ਪੈਕ ਕਰਨਾ ਅਤੇ ਪਹੁੰਚਾਉਣਾ ਕਿਹੜਾ ਘੱਟ ਮੁਸ਼ਕਲ ਸੀ? 
ਇਸ ਸਾਰੇ ਰਾਸ਼ਨ ਨੂੰ ਪੈਕਿੰਗ ਕਰਨ ਦੇ ਲਈ ਅਨੋਦ ਕੁਮਾਰ, ਅਨਿਲ ਕੁਮਾਰ, ਸਰੋਂ ਕੁਮਾਰ ਅਤੇ ਉਸ ਦੇ ਸਾਥੀ, ਅਜੇ ਕੁਮਾਰ, ਰਾਮਾਧਾਰ ਸਿੰਘ, ਕੁਲਦੀਪ ਸਿੰਘ ਬਿੰਦਰ ਅਤੇ ਹੋਰ ਸਹਿਯੋਗੀ ਇੱਕ ਟੀਮ ਵੱਜੋਂ ਸਰਗਰਮ ਰਹੇ। ਇਹ ਉਹ ਨੌਜਵਾਨ ਟੋਲੀ ਸੀ ਜਿਹੜੀ ਹਰ ਖਤਰੇ ਵੇਲੇ ਡਾਕਟਰ ਅਰੁਣ ਮਿੱਤਰਾ ਦੀ ਇੱਕ ਆਵਾਜ਼ ਤੇ ਝੱਟ ਹਾਜ਼ਰ ਹੋ ਜਾਂਦੀ। ਇਸ ਸਾਰੇ ਰਾਸ਼ਨ ਦੀ ਪੈਕਿੰਗ ਕਰਵਾ ਕੇ ਵੱਖ ਵੱਖ ਥਾਵਾਂ ਤੇ ਭੇਜਣ ਲਈ ਇਹ ਟੀਮ ਹਰ ਵੇਲੇ ਰੁਝੀ ਰਹਿੰਦੀ ਹੈ। ਨਾ ਕੋਈ ਐਤਵਾਰ-ਨਾ ਕੋਈ ਸੋਮਵਾਰ। ਹਰ ਰੋਜ਼ ਲਗਾਤਾਰ ਕੰਮ। ਦਿਨ-ਰਾਤ ਕੰਮ ਹੀ ਕੰਮ। ਸਿਰਫ ਨਹਾਉਣ ਦਾ ਸਮਾਂ ਜ਼ਰੂਰ ਕੱਢਿਆ ਜਾਂਦਾ ਹੈ। ਇਸ ਤੋਂ ਇਲਾਵਾ ਰਾਜਾ ਟੈਂਟ ਹਾਊਸ ਵਾਲੇ ਸਰਦਾਰ ਭਗਵੰਤ ਸਿੰਘ ਅਤੇ ਗਗਨਦੀਪ ਸਿੰਘ ਜਿਨ੍ਹਾਂ ਦੀ ਸਹਾਇਤਾ ਨਾਲ ਸੀਤਾ ਰਾਮ ਡਰਾਈਵਰ ਅਤੇ ਸੰਜੀਵ ਮੈਨੇਜਰ ਇਸ ਸਾਰੇ ਰਾਸ਼ਨ ਦੇ ਪੈਕੇਟਾਂ ਨੂੰ ਵੱਖ ਵੱਖ ਪੁਆਇੰਟਾਂ ਤੇ ਪਹੁੰਚਾਣ ਵਿੱਚ ਸਹਾਇਤਾ ਕਰ ਰਹੇ ਹਨ। 
ਗਦਰੀ ਬਾਬਾ ਦੁੱਲਾ ਸਿੰਘ ਅਤੇ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਜਲਾਲਦੀਵਾਲ, ਸੀਆਈਆਈ ਫਾਊਂਡੇਸ਼ਨ, ਸੀਆਈਆਈ ਅਤੇ ਪੈਪਸੀਕੋ ਨੇ ਵੀ ਬਹੁਤ ਸਹਿਯੋਗ ਦਿੱਤਾ।  ਡਾ ਹਰਮਿੰਦਰ ਸਿੰਘ ਸਿੱਧੂ ਜਲਾਲਦੀਵਾਲ ਰਾਹੀਂ ਲੁਧਿਆਣਾ ਵਿਖੇ ਇੱਕ ਸੌ ਸਤਾਈ ਪਰਿਵਾਰਾਂ ਨੂੰ ਤਕਰੀਬਨ ਡੇਢ ਮਹੀਨੇ ਦਾ ਰਾਸ਼ਨ ਦਿੱਤਾ। ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਜਿਨ੍ਹਾਂ ਨੇ ਸਾਡੀ ਬੇਨਤੀ ਤੇ ਹਜ਼ਾਰਾਂ ਲੋੜਵੰਦਾਂ ਨੂੰ ਰੋਜ਼ਾਨਾ ਲੰਗਰ ਦਿੱਤਾ ਉਹਨਾਂ ਵਿੱਚ ਭਾਈ ਘਨ੍ਹੱਈਆ ਸੇਵਾ ਸੁਸਾਇਟੀ, ਰਾਧਾ ਸਵਾਮੀ  ਸਤਸੰਗ ਬਿਆਸ ਪ੍ਰਤਾਪ ਸਿੰਘ ਵਾਲਾ, ਸਾਵਣ ਕਿਰਪਾਲ ਆਸਰਮ ਰੱਖ ਬਾਗ, ਦੰਡੀ ਸਵਾਮੀ ਅਤੇ  ਜੈਨ ਸਥਾਨਕ ਸਮਿਟਰੀ ਰੋਡ ਆਦਿ ਵੀ ਸ਼ਾਮਲ ਹਨ। ਇਸੇ ਤਰਾਂ ਡਾ: ਜਗਮੇਲ ਸਿੰਘ ਨੇ 35 ਪਰਿਵਾਰਾਂ ਲਈ ਰਾਸ਼ਨ ਦਿੱਤਾ। ਇਸੇ ਤਰਾਂ ਹੋਰ ਵੀ ਕਈ ਲੋਕ ਹਨ ਜਿਹਨਾਂ ਦਾ ਜ਼ਿਕਰ ਇਥੇ ਨਹੀਂ ਕੀਤਾ ਜਾ ਸਕਿਆ। 
ਸਮੇਂ ਦੀ ਇੱਕ ਖਾਸੀਅਤ ਹੈ ਕਿ ਇਹ ਜਿਵੇਂ ਵੀ ਹੋਵੇ ਨਿਕਲ ਜਾਂਦਾ ਹੈ। ਰੁਕਦਾ ਕਦੇ ਵੀ ਨਹੀਂ। ਹੁਣ ਵੀ ਸਮਾਂ ਗੁਜ਼ਰ ਜਾਏਗਾ। ਯਾਦ ਰਹਿਣਗੇ ਤਾਂ ਸਿਰਫ ਉਹ ਲੋਕ ਜਿਹਨਾਂ ਨੇ ਲਾਕ ਡਾਊਨ ਵਰਗੇ ਫੈਸਲੇ ਸੁਣਾਉਂਦਿਆਂ ਕੋਈ ਯੋਜਨਾ ਨਾ ਬਣਾਈ ਕਿ ਲੋਕ ਕਿਵੇਂ ਗੁਜ਼ਾਰਾ ਕਰਨਗੇ? ਇਸਦੇ ਨਾਲ ਹੀ ਯਾਦ ਰਹਿਣਗੇ ਉਹ ਲੋਕ ਜਿਹਨਾਂ ਨੇ ਆਪਣੇ ਦੋ ਢੰਗ ਦੀ ਰੋਟੀ ਵਿੱਚੋਂ ਅੱਧੀ ਰੋਟੀ ਕੱਢ ਕੇ ਉਹਨਾਂ ਲੋੜਵੰਦ ਲੋਕਾਂ ਨੂੰ ਖੁਆਈ ਜਿਹਨਾਂ ਦੀ ਜੇਬ ਵੀ ਖਾਲੀ ਸੀ ਅਤੇ ਰਸੋਈ ਵੀ। ਖ ਰਿਹਾ ਹੈ। ਮਜ਼ਦੂਰਾਂ ਨੂੰ ਪੈਦਲ ਤੁਰਦਿਆਂ ਦੇਖਣ ਵਾਲੇ ਵੀ ਯਾਦ ਰੱਖੇ ਜਾਣਗੇ। ਭੁੱਖੇ ਭਾਣੇ ਲੋਕਾਂ ਦਾ ਮਜ਼ਾਕ ਉਡਾਉਂਦਿਆਂ ਛੱਤਾਂ ਤੇ ਚੜ੍ਹ ਕੇ ਥਾਲੀਆਂ ਖੜਕਾਉਣ ਵਾਲੇ ਯਾਦ ਰੱਖੇ ਜਾਣਗੇ। ਲੋਕ ਜਾਗਦੇ ਹਨ ਸੁੱਤੇ ਨਹੀਂ। ਇੱਕ ਦਿਨ ਲੋਕ ਇੱਕ ਇੱਕ ਗੱਲ ਦਾ ਹਿਸਾਬ ਮੰਗਣਗੇ। ਸਮਾਂ ਸਭ ਕੁਝ ਦੇਖ ਰਿਹਾ ਹੈ, ਸਮਾਂ ਸਭ ਕੁਝ ਦੱਸੇਗਾ ਵੀ ਸਮਾਂ ਸਭ ਕੁਝ ਬਦਲੇਗਾ ਵੀ।