Saturday, April 28, 2018

ਸਾਨੂੰ ਕਾਂਗਰਸ ਦੀ ਰਾਜਸੀ ਫਿਤਰਤ ਨੂੰ ਵੀ ਸਮਝਣਾ ਹੋਵੇਗਾ-ਕੰਨਈਆ ਕੁਮਾਰ

ਸੀਪੀਆਈ ਦੀ ਕੋਲਮ ਕੇਰਲ ਕਾਨਫਰੰਸ ਵਿੱਚ ਅਹਿਮ ਫੈਸਲਿਆਂ ਦੀ ਸੰਭਾਵਨਾ 
ਕੋਲਮ (ਕੇਰਲ): 28 ਅਪਰੈਲ 2018:(ਕਾਮਰੇਡ ਸਕਰੀਨ ਬਿਊਰੋ):: 
ਸੀਪੀਆਈ ਦੀ 23ਵੀਂ ਕੌਮੀ ਕਾਨਫਰੰਸ ਐਤਵਾਰ 29 ਅਪਰੈਲ 2018 ਨੂੰ ਸਮਾਪਤ ਹੋ ਜਾਣੀ ਹੈ। ਬਹਿਸ ਨਾਲ ਸਬੰਧਤ ਇਸ ਦੇ ਅੰਤਲੇ ਅਜਲਾਸ ਵਿੱਚ ਕੰਨਈਆ ਕੁਮਾਰ ਦੀ ਤਕਰੀਰ ਨੇ ਇੱਕ ਨਵੀਂ ਬਹਿਸ ਛੇੜੀ ਹੈ। ਇਹ ਤਕਰੀਰ ਉਹਨਾਂ ਕਾਮਰੇਡਾਂ ਨੂੰ ਸ਼ਾਇਦ ਚੰਗੀ ਨਾ ਲੱਗੀ ਹੋਵੇ ਜਿਹੜੇ ਅਜੇ ਵੀ ਕਾਂਗਰਸ ਪਾਰਟੀ ਵਿੱਚ ਇੰਦਰਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ  ਨਹਿਰੂ ਵਾਲਾ ਅਕਸ ਦੇਖ ਰਹੇ ਹਨ। ਸਮੇਂ ਨੇ ਕਾਂਗਰਸ ਨੂੰ ਵੀ ਬਦਲ ਦਿੱਤਾ ਹੈ। ਬਾਬਰੀ ਮਸਜਿਦ ਨੂੰ ਢਾਇਆ ਜਾਣਾ, ਫਿਰ ਵਿੱਤੀ ਖੇਤਰਾਂ ਵਿੱਚ ਨਿਜੀਕਰਨ ਅਤੇ ਖੁੱਲੀਆਂ ਹਵਾਵਾਂ 'ਚ ਤੇਜ਼ੀ ਆਉਣੀ ਅਤੇ ਹੁਣ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਮੰਤਰੀ ਦੀ ਨਿਯੁਕਤੀ ਵੇਲੇ ਹਿੰਦੂ ਸੰਗਠਨਾਂ ਵੱਲੋਂ ਢੋਲ ਢਮੱਕੇ ਅਤੇ ਮਠਿਆਈਆਂ ਵੰਡਣੀਆਂ। ਜ਼ਾਹਿਰ ਹੈ ਹੁਣ ਕਾਂਗਰਸ ਪਾਰਟੀ ਪਹਿਲਾਂ ਵਾਲੀ ਨਹੀਂ ਰਹੀ। ਫਾਸ਼ੀਵਾਦ ਦਾ ਖਤਰਾ ਵੀ ਸਿਰ 'ਤੇ ਕੂਕ ਰਿਹਾ ਹੈ। ਖੱਬੀਆਂ ਪਾਰਟੀਆਂ ਦਾ ਕਮਜ਼ੋਰ ਹੋਇਆ ਆਧਾਰ ਵੀ ਸਾਹਮਣੇ ਹੈ। ਅਜਿਹੀ ਹਾਲਤ ਵਿੱਚ ਕੁਮਾਰ ਦਾ ਇਹ ਕਹਿਣਾ ਡੂੰਘੇ ਅਰਥ ਰੱਖਦਾ ਹੈ ਕਿ  ਸਾਨੂੰ ਕਾਂਗਰਸ ਦੀ ਰਾਜਸੀ ਫਿਤਰਤ ਨੂੰ ਵੀ ਸਮਝਣਾ ਹੋਵੇਗਾ। 
ਭਾਰਤੀ ਕਮਿਊਨਿਸਟ ਪਾਰਟੀ ਦੀ ਕਾਮਰੇਡ ਏ ਬੀ ਬਰਧਨ ਨਗਰ ਵਿੱਚ ਚੱਲ ਰਹੀ 23ਵੀਂ ਪਾਰਟੀ ਕਾਂਗਰਸ ਆਪਣੇ ਅੰਤਮ ਪੜਾਅ ਵੱਲ ਵਧਣ ਤੋਂ ਪਹਿਲਾਂ ਉਸ ਵੇਲੇ ਸਿਖਰ 'ਤੇ ਪਹੁੰਚੀ ਦਿਖਾਈ ਦਿੱਤੀ, ਜਦੋਂ ਵਿਦਿਆਰਥੀ ਆਗੂ ਕਾਮਰੇਡ ਕੰਨਈਆ ਕੁਮਾਰ ਨੇ ਆਪਣੀ ਅਰਥ ਭਰਪੂਰ ਤੇ ਜੋਸ਼ੀਲੀ ਤਕਰੀਰ ਰਾਹੀਂ ਸਾਰੇ ਡੈਲੀਗੇਟਾਂ ਅੰਦਰ ਨਵਾਂ ਉਤਸ਼ਾਹ ਭਰ ਦਿੱਤਾ।
ਕੰਨਈਆ ਕੁਮਾਰ ਵੱਲੋਂ ਜੈ ਭੀਮ, ਲਾਲ ਸਲਾਮ ਆਖ ਕੇ ਸ਼ੁਰੂ ਕੀਤੀ ਤਕਰੀਰ ਨੇ ਕਮਿਊਨਿਸਟ ਆਗੂਆਂ ਅਤੇ ਵਰਕਰਾਂ ਦੇ ਕਾਰਜਸ਼ੀਲ ਰਹਿਣ ਦੇ ਬਾਵਜੂਦ ਇਨਕਲਾਬ ਦਾ ਰੰਗ ਫਿੱਕਾ ਪੈ ਜਾਣ ਦੇ ਕਾਰਨਾਂ ਦਾ ਬੜੇ ਹੀ ਭਾਵਪੂਰਤ ਤਰੀਕੇ ਨਾਲ ਡੈਲੀਗੇਟਾਂ ਨਾਲ ਸਾਂਝਾ ਕੀਤਾ।
ਖੱਬੀਆਂ ਧਿਰਾਂ ਦੀ ਏਕਤਾ ਦੇ ਹੋ ਰਹੇ ਵਾਰ-ਵਾਰ ਜ਼ਿਕਰ ਦੀ ਗੱਲ ਕਰਦਿਆਂ ਨੌਜਵਾਨ ਆਗੂ ਨੇ ਕਿਹਾ ਕਿ ਸਾਨੂੰ ਸਮਾਜ ਅੰਦਰ ਉੱਠ ਰਹੇ ਸਾਰੇ ਸਵਾਲਾਂ ਦੇ ਰੂ-ਬ-ਰੂ ਹੋ ਕੇ ਇੱਕ ਸਾਂਝਾ ਫਰੰਟ ਉਸਾਰਨ ਦੀ ਲੋੜ ਹੈ। ਕਾਂਗਰਸ ਨਾਲ ਵੋਟਾਂ ਦਾ ਲੈ-ਦੇ ਕਰਨ ਦੇ ਚਰਚਿਆਂ ਦੇ ਸੰਦਰਭ ਵਿੱਚ ਕਾਮਰੇਡ ਕੰਨਈਆ ਨੇ ਕਿਹਾ ਕਿ ਸਾਨੂੰ ਸਾਡੇ ਘਰ (ਕਮਿਊਨਿਸਟ ਪਾਰਟੀ) ਦੀ ਸਥਿਤੀ ਮਜ਼ਬੂਤ ਕਰਨੀ ਹੋਵੇਗੀ, ਫਿਰ ਸਾਨੂੰ ਕਾਂਗਰਸ ਵੱਲ ਨਹੀਂ ਬਲਕਿ ਕਾਂਗਰਸ ਨੂੰ ਸਾਡੇ ਵੱਲ ਆਉਣਾ ਪਵੇਗਾ। ਉਹਨਾਂ  ਆਪਣੀ ਗੱਲ ਨੂੰ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਸਾਨੂੰ ਕਾਂਗਰਸ ਦੀ ਰਾਜਸੀ ਫਿਤਰਤ ਨੂੰ ਵੀ ਸਮਝਣਾ ਹੋਵੇਗਾ। ਕਾਂਗਰਸ ਪਾਰਟੀ ਨੂੰ ਜੇਕਰ ਬਿਹਾਰ ਵਰਗੇ ਸੂਬੇ ਵਿੱਚ ਸਿਆਸੀ ਸਮਝੌਤਾ ਕਰਨ ਦੀ ਲੋੜ ਹੋਵੇਗੀ ਤਾਂ ਉਹ ਆਰ ਜੇ ਡੀ ਨੂੰ ਪਹਿਲ ਦੇਵੇਗੀ। ਕੰਨਈਆ ਕੁਮਾਰ ਨੇ ਕਿਹਾ ਕਿ ਇਸ ਮੁਲਕ ਲਈ ਸਭ ਤੋਂ ਵੱਧ ਕਮਿਊਨਿਸਟਾਂ ਨੇ ਕੁਰਬਾਨੀਆਂ ਦਿੱਤੀਆਂ, ਪਰ ਮੌਜੂਦਾ ਹਾਕਮਾਂ ਵੱਲੋਂ ਉਨ੍ਹਾਂ ਨੂੰ ਹੀ ਦੇਸ਼ ਵਿਰੋਧੀ ਗਰਦਾਨਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਥਿਤੀ ਪੈਦਾ ਕਿਉਂ ਹੋਈ, ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਵਿਦਿਆਰਥੀ ਆਗੂ ਨੇ ਯੂਨਾਈਟਿਡ ਫਰੰਟ ਦੀ ਰੂਪ-ਰੇਖਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਵਿੱਚ ਦਲਿਤਾਂ, ਪੱਛੜਿਆਂ, ਅੱਤ ਪੱਛੜਿਆਂ ਅਤੇ ਔਰਤਾਂ ਆਦਿ ਵਰਗਾਂ ਦੀ ਬਰਾਬਰ ਦੀ ਸ਼ਮੂਲੀਅਤ ਹੋਵੇਗੀ। ਫਾਸ਼ੀਵਾਦ ਦੇ ਖ਼ਤਰਨਾਕ ਰੂਪ ਦਾ ਜ਼ਿਕਰ ਕਰਦਿਆਂ ਨੌਜਵਾਨ ਆਗੂ ਨੇ ਕਿਹਾ ਕਿ ਇਹ ਮਾਨਵਤਾ ਨੂੰ ਕਤਲ ਕਰਨ ਵਾਲੀ ਵਿਚਾਰਧਾਰਾ ਹੈ। ਇਸ ਵਿਚਾਰਧਾਰਾ ਦੇ ਖਾਤਮੇ ਲਈ ਕਮਿਊਨਿਸਟਾਂ ਨੂੰ ਹੀ ਅੱਗੇ ਆਉਣਾ ਪਵੇਗਾ।
ਸਿਰਫ਼ ਸੱਤ ਮਿੰਟ ਦੇ ਮਿਲੇ ਸਮੇਂ ਵਿੱਚ ਆਪਣੀ ਗੱਲ ਸਮੇਟਦਿਆਂ ਕੰਨਈਆ ਕੁਮਾਰ ਨੇ ਕਿਹਾ ਕਿ ਅੰਬੇਡਕਰ, ਭਗਤ ਸਿੰਘ ਅਤੇ ਬਿਰਸਾ ਮੁੰਡਾ ਦੀ ਵਿਚਾਰਧਾਰਾ ਦਾ ਸੁਮੇਲ ਕਰਕੇ ਤੇ ਇਸ ਨੂੰ ਜ਼ਿੰਦਾ ਰੱਖਣ ਲਈ ਯੂਨਾਈਟਿਡ ਫਰੰਟ ਉਸਾਰਨਾ ਅਜੋਕੇ ਸਮਿਆਂ ਦੀ ਪਹਿਲੀ ਲੋੜ ਹੈ। 
ਇਸ ਤੋਂ ਪਹਿਲਾਂ ਪਾਰਟੀ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ 'ਤੇ ਚੱਲ ਰਹੀ ਬਹਿਸ ਵਿੱਚ ਇਪਟਾ ਵੱਲੋਂ ਰਕੇਸ਼, ਇਸਤਰੀ ਵਿਭਾਗ ਵੱਲੋਂ ਕਾਮਰੇਡ ਅਰੁਣਾ ਸਿਨਹਾ, ਆਲ ਇੰਡੀਆ ਯੂਥ ਫੈਡਰੇਸ਼ਨ ਵੱਲੋਂ ਕਾਮਰੇਡ ਤ੍ਰਿਪਲਾਏ, ਘੱਟ ਗਿਣਤੀਆਂ ਵੱਲੋਂ ਕਾਮਰੇਡ ਸੁਹੇਬ ਸ਼ੇਰਵਾਨੀ, ਟੀਚਰਜ਼ ਫਰੰਟ ਵੱਲੋਂ ਕਾ. ਭੋਲਾ ਪਾਸਵਾਨ ਅਤੇ ਕਾਮਰੇਡ ਮਲਿੰਦ ਰਾਨਾਡੇ ਵੱਲੋਂ ਹਿੱਸਾ ਲਿਆ ਗਿਆ। ਕੰਨਈਆ ਕੁਮਾਰ ਦੀ ਤਕਰੀਰ ਨਾਲ ਬਹਿਸ ਵਾਲੇ ਸੈਸ਼ਨ ਦੀ ਸਮਾਪਤੀ ਹੋ ਗਈ। ਇਸ ਕਾਨਫਰੰਸ ਰਾਹੀਂ ਸੀਪੀਆਈ ਦੇ ਸੰਗਰਾਮਾਂ ਨਨ ਨਵੀਂ ਦਿਸ਼ਾ ਦੇਣ ਵਾਲੇ ਰਾਜਨੀਤਕ ਪ੍ਰ੍ਸਤਾਵਾਂ ਵਿੱਚ ਸੋਧ ਕਰਨ ਦੀ ਵਿਚਾਰ ਚਰਚਾ ਕਿਸ ਨੁਕਤੇ 'ਤੇ ਮੁੱਕਦੀ ਹੈ ਇਸਦਾ ਐਲਾਨ ਸ਼ਾਇਦ ਕਲ 29 ਅਪਰੈਲ ਨੂੰ ਖੁੱਲੇਆਮ ਕਰ ਦਿੱਤਾ ਜਾਵੇ। 

Tuesday, April 24, 2018

ਖੱਬੀ ਏਕਤਾ ਮੁਹਿੰਮ ਨੂੰ ਹੋਰ ਮਜ਼ਬੂਤ ਕਰੇਗੀ CPI ਦੀ ਕੇਰਲ ਕਾਨਫਰੰਸ

ਫਾਸ਼ੀ ਤਾਕਤਾਂ ਵਿਰੁੱਧ ਜੁਝਾਰੂ ਸੰਗਰਾਮਾਂ ਦੀ ਵੀ ਤਿਆਰੀ
ਕੋਲਮ (ਕੇਰਲ):: 24 ਅਪਰੈਲ 2018: (ਕਾਮਰੇਡ ਸਕਰੀਨ ਬਿਊਰੋ):: 
ਅੱਜ ਦੇ ਨਾਜ਼ੁਕ ਹਾਲਾਤਾਂ ਵਿੱਚ ਸੀਪੀਆਈ ਦੀ 23 ਵੀ ਕੌਮੀ ਕਾਂਗਰਸ ਕੱਲ 25 ਅਪਰੈਲ ਨੂੰ ਸ਼ੁਰੂ ਹੋ ਰਹੀ ਹੈ। ਇਸੇ ਦੌਰਾਨ ਸੀਪੀਆਈ (ਐਮ) ਦੀ ਕੌਮੀ ਕਾਂਗਰਸ 18 ਤੋਂ 22 ਅਪਰੈਲ ਤੱਕ ਹੋ ਚੁੱਕੀ ਹੈ। ਸੀਪੀਐਮ ਦੀ 22ਵੀਂ ਕੌਮੀ ਕਾਂਗਰਸ ਦੌਰਾਨ ਹੋਏ ਫੈਸਲੇ ਅਤੇ ਸੀਪੀਆਈ ਦੀ 23ਵੀਂ ਕੌਮੀ ਕਾਂਗਰਸ ਦੌਰਾਨ ਵਿਚਾਰੇ ਜਾਣ ਵਾਲੇ ਮੁੱਦਿਆਂ ਤੋਂ ਮਹਿਸੂਸ ਹੁੰਦਾ ਹੈ ਕਿ ਖੱਬੀ ਏਕਤਾ ਦਾ ਅਧਾਰ ਹੁਣ ਹੋਰ ਹੋਵੇਗਾ। ਰਲੇਵਾਂ ਭਾਵੇਂ ਅਜੇ ਦੂਰ ਦੀ ਗੱਲ ਜਾਪਦਾ ਹੋਵੇ ਪਰ ਟਕਰਾਓ ਵਾਲੇ ਹਾਲਤ ਕਾਫੀ ਹੱਦ ਤੱਕ ਖਤਮ ਹੋ ਜਾਣਗੇ। ਫਾਸ਼ੀਵਾਦ ਦੇ ਨਿਰੰਤਰ ਵੱਧ ਰਹੇ ਖਤਰਿਆਂ ਵਿਰੁੱਧ ਸੰਘਰਸ਼ਾਂ ਦੇ ਰਸਤੇ ਅਤੇ ਰਣਨੀਤੀ ਕਾਫੀ ਹੱਦ ਤੱਕ ਇੱਕੋ ਹੋ ਸਕਦੀ ਹੈ। ਅਗਸਤ ਮਹੀਨੇ ਦੌਰਾਨ ਤਿਰਵੇਂਦਰਮ ਵਿੱਚ ਹੋਣ ਵਾਲੀ ਐਮ ਸੀ ਪੀ ਆਈ ਦੀ ਕੌਮੀ ਕਾਂਗਰਸ ਦੌਰਾਨ ਵੀ ਇਹਨਾਂ ਦਰਪੇਸ਼ ਔਕੜਾਂ ਨੂੰ ਲੈ ਕੇ ਏਕਤਾ ਵਾਲੇ ਫਾਰਮੂਲਿਆਂ ਉੱਤੇ ਮੋਹਰ ਲੱਗ ਸਕਦੀ ਹੈ। ਖੱਬੀਆਂ ਧਿਰਾਂ ਨਾਲ ਜੁੜੇ ਹੋਏ ਕੇਡਰ ਇਹਨਾਂ ਸੰਭਾਵਨਾਵਾਂ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਨ। ਖੱਬੀਆਂ ਧਿਰਾਂ ਵਿਚਲੀ ਏਕਤਾ ਦੀ ਲੋੜ ਵੀ ਚਿਰਾਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ ਅਤੇ ਇਸ ਬਾਰੇ ਬਹੁਤ ਦੇਰ ਤੋਂ ਬੜਾ ਕੁਝ ਕਿਹਾ ਸੁਣਿਆ ਵੀ ਜਾ ਰਿਹਾ ਸੀ ਪਰ ਇਸ ਵਾਰ ਅਮਲੀ ਉਪਰਾਲੇ ਤੇਜ਼ ਹੋਏ ਹਨ। ਇਸੇ ਦੌਰਾਨ ਖੁਸ਼ੀ ਵਾਲੀ ਗੱਲ ਹੈ ਕਿ ਮਾਂ ਪਾਰਟੀ ਸੀਪੀਆਈ ਨੇ ਜਿੱਥੇ ਇੱਕ ਵਾਰ ਫੇਰ ਸੰਗਰਾਮੀ ਪਾਰਟੀ ਵੱਜੋਂ ਉਭਰਨ ਲਈ ਠੋਸ ਅਤੇ ਨਵੀਂ ਰਣਨੀਤੀ ਬਣਾਈ ਹੈ ਉੱਥੇ ਆਪਸੀ ਏਕਤਾ ਵਾਲੇ ਮਾਹੌਲ ਨੂੰ ਵੀ ਉਤਸ਼ਾਹਿਤ ਕੀਤਾ ਹੈ। ਸੀਪੀਆਈ ਦੀਆ ਸੂਬਿਆਂ ਵਾਲੀਆਂ ਕਾਨਫਰੰਸਾਂ ਦੇ ਸੰਮੇਲਨਾਂ ਵਿੱਚ ਲੰਮੀਆਂ ਬਹਿਸਾਂ ਮਗਰੋਂ ਪਾਸ ਹੋਏ ਮਤਿਆਂ ਅਤੇ ਸੀਪੀਐਮ ਵਿੱਚ ਸੀਤਾ ਰਾਮ ਯੇਚੁਰੀ ਦਾ ਜਨਰਲ ਸਕੱਤਰ ਚੁਣੇ ਜਾਣ ਤੋਂ ਲੱਗਦਾ ਹੈ ਕਿ ਹੁਣ ਏਕਤਾ ਕੋਈ ਬਹੁਤੀ ਦੂਰ ਨਹੀਂ। ਘਟੋਘੱਟ ਖੱਬਾ ਸਾਂਝਾ ਮੁਹਾਜ਼ ਤਿਆਰ ਹੋਣ ਦੀਆਂ ਸੰਭਾਵਨਾਵਾਂ ਹੁਣ ਬਹੁਤ ਮਜ਼ਬੂਤ ਹਨ। ਵੱਡਾ ਖਤਰਾ ਕਾਂਗਰਸ ਹੈ ਜਾਂ ਫਾਸ਼ੀ ਤਾਕਤਾਂ? ਇਸ ਬਾਰੇ ਵੀ ਕਾਫੀ ਹੱਦ ਤੱਕ ਸਹਿਮਤੀ ਹੋ ਚੁੱਕੀ ਲੱਗਦੀ ਹੈ। ਖੱਬੀਆਂ ਧਿਰਾਂ ਵੱਲ ਸੇਧਿਤ ਹਮਲਿਆਂ ਵਿੱਚ ਆਈ ਤੇਜ਼ੀ ਦੇ ਨਾਲ ਨਾਲ ਲਗਾਤਾਰ ਵਧੀਆਂ ਲੋਕ ਮੁਸ਼ਕਲਾਂ ਨੇ ਇਸ ਖੱਬੀ ਏਕਤਾ ਦੀ ਲੋੜ ਨੂੰ ਸ਼ਿੱਦਤ ਨਾਲ ਮਹਿਸੂਸ ਕਰਾਇਆ ਹੈ।
ਸੀਪੀਆਈ ਦੀ ਇਸ ਕੋਲਮ (ਕੇਰਲ) ਕਾਨਫਰੰਸ ਵਿੱਚ ਮਾਉਵਾਦੀਆਂ, ਨਕਸਲਵਾਦੀਆਂ ਅਤੇ ਲਾਲ ਝੰਡੇ ਨਾਲ ਜੁੜੀਆਂ ਹੋਰ ਤਾਕਤਾਂ ਬਾਰੇ ਵੀ ਡੂੰਘਾ ਵਿਸ਼ੇਲਸ਼ਨ ਅਤੇ ਵਿਚਾਰ ਵਟਾਂਦਰਾ ਹੋਵੇਗਾ , ਸੀਪੀਐਮ ਨਾਲ ਰਲੇਵੇਂ ਅਤੇ ਪਕੇਕਤਾ ਦਾ ਮੁੱਦਾ ਵੀ ਕੌਮੀ ਪੱਧਰ ਵਾਲੀ ਇਸ ਕਾਨਫਰੰਸ ਵਿੱਚ ਵਿਚਾਰਿਆ ਜਾਣਾ ਹੈ। ਇਸਦੇ ਨਾਲ ਹੀ ਆਨਲਾਈਨ ਮੀਡੀਆ ਦੀ ਵਰਤੋਂ ਅਤੇ ਪਾਰਟੀ ਦੇ ਬਜ਼ੁਰਗ ਕੇਡਰ ਨੂੰ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਵਿੱਚ ਨਿਪੁੰਨ ਬਣਾਉਣ ਬਾਰੇ ਵੀ ਫੈਸਲੇ ਲਏ ਜਾ ਸਕਣਗੇ। 

CPM ਬਾਰੇ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਚੰਦ ਫਤਹਿਪੁਰੀ ਦੀ ਵਿਸ਼ੇਸ਼ ਲਿਖਤ

ਕਾਂਗਰਸ ਨਾਲ ਗੱਠਜੋੜ ਦੀ ਥਾਂ ਸੂਬਾਈ ਪੱਧਰ ਉੱਤੇ ਤਾਲਮੇਲ ਦੀ ਸੰਭਾਵਨਾ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਮਹਾਂਸੰਮੇਲਨ ਵੱਲੋਂ ਕਾਮਰੇਡ ਸੀਤਾ ਰਾਮ ਯੇਚੁਰੀ ਨੂੰ ਮੁੜ ਪਾਰਟੀ ਦਾ ਜਨਰਲ ਸਕੱਤਰ ਚੁਣ ਲਿਆ ਗਿਆ ਹੈ। 18 ਤੋਂ 22 ਅਪਰੈਲ ਤੱਕ ਹੋਏ ਇਸ ਮਹਾਂਸੰਮੇਲਨ ਵੱਲ ਦੇਸ਼ ਦੇ ਖੱਬੇ, ਜਮਹੂਰੀ ਤੇ ਧਰਮ ਨਿਰਪੱਖ ਲੋਕ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ। ਦੇਸ਼ ਵਿੱਚ ਫ਼ਿਰਕੂ ਫਾਸ਼ੀ ਤਾਕਤਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਅਗਾਂਹ ਵਧੂ ਹਲਕੇ ਇਹ ਮਹਿਸੂਸ ਕਰਨ ਲੱਗ ਪਏ ਸਨ ਕਿ ਖੱਬੀਆਂ ਜਮਹੂਰੀ ਤੇ ਧਰਮ ਨਿਰਪੱਖ ਪਾਰਟੀਆਂ ਦਾ ਇੱਕ ਮਜ਼ਬੂਤ ਗੱਠਜੋੜ ਹੀ ਭਾਜਪਾ ਦਾ ਮੁਕਾਬਲਾ ਕਰ ਸਕਦਾ ਹੈ। ਇਸ ਵਿੱਚ ਸਭ ਤੋਂ ਵੱਡੀ ਰੁਕਾਵਟ ਸੀ ਪੀ ਐਮ ਦਾ ਭਾਜਪਾ ਤੇ ਕਾਂਗਰਸ ਨੂੰ ਇੱਕੋ ਤੱਕੜੀ ਵਿੱਚ ਤੋਲਣ ਵਾਲਾ ਸਟੈਂਡ ਸੀ। ਇਸ ਸੰਦਰਭ ਵਿੱਚ ਇਹ ਮਹਾਂਸੰਮੇਲਨ ਸੀ.ਪੀ.ਐਮ. ਲਈ ਵੀ ਬੇਹੱਦ ਚਣੌਤੀਆਂ ਭਰਪੂਰ ਸੀ।
ਪਿਛਲੇ ਕੁਝ ਸਮੇਂ ਤੋਂ ਪਾਰਟੀ ਵਿੱਚ ਦੋ ਖੇਮੇ ਬਣ ਚੁੱਕੇ ਸਨ। ਸਾਬਕਾ ਜਨਰਲ ਸਕੱਤਰ ਪਰਕਾਸ਼ ਕਰਾਤ ਦਾ ਖੇਮਾ ਕਾਂਗਰਸ ਨਾਲ ਗੱਠਜੋੜ ਜਾਂ ਲੈ-ਦੇਹ ਦਾ ਕੱਟੜ ਵਿਰੋਧ ਸੀ। ਸੀਤਾ ਰਾਮ ਯੇਚੁਰੀ ਦਾ ਖੇਮਾ ਇਸ ਵਿਚਾਰ ਦਾ ਸਮੱਰਥਕ ਸੀ ਕਿ ਫ਼ਾਸ਼ੀ ਫ਼ਿਰਕੂ ਸ਼ਕਤੀਆਂ ਨੂੰ ਰੋਕਣ ਲਈ ਕਾਂਗਰਸ ਸਮੇਤ ਸਭ ਜਮਹੂਰੀ ਤਾਕਤਾਂ ਨਾਲ ਗੱਠਜੋੜ ਸਮੇਂ ਦੀ ਲੋੜ ਹੈ। ਪਾਰਟੀ ਦੇ ਅੰਦਰੂਨੀ ਮਤਭੇਦ ਉਸ ਵੇਲੇ ਉਭਰਕੇ ਸਾਹਮਣੇ ਆ ਗਏ ਜਦੋਂ ਬੀਤੀ 22 ਜਨਵਰੀ ਨੂੰ ਕੋਲਕਾਤਾ ਵਿੱਚ ਹੋਈ ਕੇਂਦਰੀ ਕਮੇਟੀ ਦੀ ਮੀਟਿੰਗ ਨੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਵੱਲੋਂ ਪੇਸ਼ ਕੀਤੇ ਰਾਜਸੀ ਮਤੇ ਨੂੰ 31 ਦੇ ਮੁਕਾਬਲੇ 55 ਵੋਟਾਂ ਨਾਲ ਹਰਾ ਦਿੱਤਾ। ਆਮ ਤੌਰ ਉੱਤੇ ਕਮਿਊਨਿਸਟ ਪਾਰਟੀਆਂ ਵਿੱਚ ਇਹ ਹੁੰਦਾ ਹੈ ਕਿ ਕਿਸੇ ਜਨਰਲ ਸਕੱਤਰ ਦਾ ਮਤਾ ਡਿੱਗ ਜਾਣ ਬਾਅਦ ਉਸ ਨੂੰ ਅਸਤੀਫ਼ਾ ਦੇਣਾ ਪੈਂਦਾ ਹੈ ਕਿਉਂਕਿ ਡੈਲੀਗੇਟ ਹਾਊਸ ਵਿੱਚ ਕੇਂਦਰੀ ਕਮੇਟੀ ਵੱਲੋਂ ਪਾਸ ਮਤਾ ਹੀ ਪੇਸ਼ ਹੋ ਸਕਦਾ ਹੈ। ਪਰ ਇਥੇ ਇਹ ਨਹੀਂ ਹੋਇਆ ਸਗੋਂ ਕੇਂਦਰੀ ਕਮੇਟੀ ਨੇ ਇਸ ਮਤੇ ਤੇ ਲੀਡਰਸ਼ਿਪ ਦਾ ਫ਼ੈਸਲਾ ਪਾਰਟੀ ਦੀ ਸਭ ਤੋਂ ਉੱਚੀ ਸੰਸਥਾ ਮਹਾਂਸੰਮੇਲਨ ਉੱਤੇ ਛੱਡ ਦਿੱਤਾ।
ਮਹਾਂ ਸੰਮੇਲਨ ਦੌਰਾਨ ਭਖਵੀਆਂ ਬਹਿਸਾਂ ਹੋਈਆਂ। ਇੱਕ ਦੂਜੇ ਉਤੇ ਤਿੱਖੇ ਇਲਜ਼ਾਮ ਵੀ ਲੱਗੇ। ਜਦੋਂ ਕੇਂਦਰੀ ਕਮੇਟੀ ਕਿਸੇ ਫ਼ੈਸਲੇ ਉੱਤੇ ਪੁੱਜਣ ਵਿੱਚ ਨਾਕਾਮ ਰਹੀ ਤਾਂ 16 ਡੈਲੀਗੇਟਾਂ ਨੇ ਮੰਗ ਕਰ ਦਿੱਤੀ ਕਿ ਰਾਜਸੀ ਲਾਈਨ ਉੱਤੇ ਹਾਊਸ ਵਿੱਚ ਗੁਪਤ ਮਤਦਾਨ ਕਰਵਾਇਆ ਜਾਵੇ।
ਇਸੇ ਦੌਰਾਨ ਪਰੈਸ ਵਿੱਚ ਇਹ ਚਰਚੇ ਸ਼ੁਰੂ ਹੋ ਗਏ ਕਿ ਸੀ ਪੀ ਐਮ ਵਿੱਚ ਦੁਫੇੜ ਪੈ ਸਕਦੀ ਹੈ। ਅਜਿਹੀ ਹਾਲਤ ਵਿੱਚ ਵੋਟਿੰਗ ਕਰਾਉਣਾ ਪਾਰਟੀ ਨੂੰ ਦੋਫ਼ਾੜ ਕਰਨ ਦੇ ਤੁੱਲ ਸੀ। ਡੈਲੀਗੇਟਾਂ ਵੱੱਲੋਂ ਵੋਟਿੰਗ ਦੀ ਮੰਗ ਤੋਂ ਬਾਅਦ ਦੋਵਾਂ ਖੇਮਿਆਂ ਨੇ ਵਿਚਕਾਰਲਾ ਰਾਹ ਕੱਢ ਲੈਣਾ ਬਿਹਤਰ ਸਮਝਿਆ। ਨਵੇਂ ਰਾਜਸੀ ਮਤੇ ਮੁਤਾਬਕ ਪਾਰਟੀ ਭਾਜਪਾ-ਆਰ ਐਸ ਐਸ ਦੀ ਫ਼ਿਰਕਾਪਰਸਤੀ ਤੇ ਤਾਨਾਸ਼ਾਹੀ ਨੂੰ ਹਾਰ ਦੇਣ ਲਈ ਕੰਮ ਕਰੇਗੀ। ਕਾਂਗਰਸ ਨਾਲ ਗੱਠਜੋੜ ਦੀ ਥਾਂ ਸੂਬਾਈ ਪੱਧਰ ਉੱਤੇ ਤਾਲਮੇਲ ਦੀ ਸੰਭਾਵਨਾ ਨੂੰ ਕਾਇਮ ਰੱਖਿਆ ਗਿਆ।
17 ਮੈਂਬਰੀ ਪੋਲਿਟ ਬਿਊਰੋ ਵਿੱਚ ਦੋ ਮੈਂਬਰ ਅਤੇ 95 ਮੈਂਬਰੀ ਕੇਂਦਰੀ ਕਮੇਟੀ ਵਿੱਚ 19 ਨਵੇਂ ਮੈਂਬਰ ਲਏ ਗਏ ਹਨ। ਇਸ ਨਾਲ ਭਾਵੇਂ ਦੋਵਾਂ ਖੇਮਿਆਂ ਦੇ ਤਵਾਜ਼ਨ ਵਿੱਚ ਬਹੁਤਾ ਅੰਤਰ ਨਹੀਂ ਪਿਆ, ਪਰ ਇਹ ਸੱਚਾਈ ਸਭ ਜਾਣਦੇ ਹਨ ਕਿ ਕਮਿਊਨਿਸਟ ਪਾਰਟੀਆਂ ਵਿੱਚ ਮਹਾਂਸੰਮੇਲਨ ਤੇ ਜਨਰਲ ਸਕੱਤਰ ਦੇ ਫ਼ੈਸਲਿਆਂ ਨੂੰ ਉੱਲਦ ਸਕਣਾ ਮੁਸ਼ਕਲ ਹੁੰਦਾ ਹੈ। ਸਮੁੱਚੇ ਤੌਰ ਉਤੇ ਮਹਾਂਸੰਮੇਲਨ ਵਿੱਚ ਕਾਮਰੇਡ ਸੀਤਾ ਰਾਮ ਯੇਚੁਰੀ ਕੁਝ ਘਾਟਾਂ ਵਾਧਿਆਂ ਨਾਲ ਆਪਣੀ ਰਾਜਸੀ ਲਾਈਨ ਪਾਸ ਕਰਾਉਣ ਵਿੱਚ ਕਾਮਯਾਬ ਹੋਏ ਹਨ। ਇਸ ਮਹਾਂਸੰਮੇਲਨ ਦੀ ਸਫ਼ਲਤਾ ਨੇ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੀ ਏਕਤਾ ਲਈ ਨਵੀਂਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਹੈ।
ਟੈਕਸਟ ਚੰਦ ਫਤਿਹਪੁਰੀ: ਤਸਵੀਰਾਂ ਕਾਮਰੇਡ ਸਕਰੀਨ ਦਾ ਨੈਟ ਡੈਸਕ 

Sunday, April 22, 2018

ਲੈਨਿਨ ਦਾ ਸਾਮਰਾਜਵਾਦ ਬਾਰੇ ਥੀਸਿਸ ਅੱਜ ਵੀ ਸਾਰਥਿਕ- ਅੰਮ੍ਰਿਤਪਾਲ

Sun, Apr 22, 2018 at 6:13 PM
ਪੂੰਜੀਵਾਦੀ ਐਸੋਸੀਏਸ਼ਨਾਂ ਨੇ ਦੁਨੀਆਂ ਦੀ ਮੰਡੀ ਨੂੰ ਆਪਸ ਵਿੱਚ ਵੰਡ ਲਿਆ ਹੈ
ਲੁਧਿਆਣਾ: 22 ਅਪਰੈਲ 2018:(ਕਾਮਰੇਡ ਸਕਰੀਨ ਬਿਊਰੋ)::
ਅੱਜ ਕਾ. ਲੈਨਿਨ ਦੇ ਜਨਮ ਦਿਨ ਨੂੰ ਸਮਰਪਿਤ ‘ ਇਤਿਹਾਸਕ ਪਦਾਰਥਵਾਦ ਦੇ ਸਾਮਰਾਜਵਾਦੀ ਪ੍ਰਬੰਧ ‘ ਵਿਸ਼ੇ ਤੇ ਸੈਮੀਨਾਰ ਤਰਕਸ਼ੀਲ ਸੁਸਾਇਟੀ ਪੰਜਾਬ ( ਇਕਾਈ ਲੁਧਿਆਣਾ ) ਵੱਲੋਂ ਕਰਵਾਇਆ ਗਿਆ। ਗ਼ਦਰ ਲਹਿਰ ਦੇ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ  ਹਾਲ ਸੁਨੇਤ ਵਿਖੇ ਕਰਵਾਏ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਸ੍ਰੀ ਅੰਮ੍ਰਿਤ ਪਾਲ ਪੀ ਏ ਯੂ ਨੇ ਇਸ ਸਮੇਂ ਦੱਸਿਆ ਕਿ ਸਾਮਰਾਜਵਾਦ ਪੂੰਜੀਵਾਦ ਦੀ ਉੱਚਤਮ ਅਵਸਥਾ ਹੈ ਅਤੇ ਇਸ ਤੋਂਂ ਬਾਅਦ ਮਜ਼ਦੂਰ ਜਮਾਤ ਦੇ ਇਨਕਲਾਬਾਂ ਦੀ ਲੜੀ ਦਾ ਦੌਰ ਆਵੇਗਾ।ਉਹਨਾਂ ਨੇ ਸਾਮਰਾਜਵਾਦ ਦੇ ਪੰਜ ਕਿਰਦਾਰੀ ਲੱਛਣਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਪੂੰਜੀਵਾਦ ਦੀ ਆਜ਼ਾਦ ਮੁਕਾਬਲੇ ਤੋਂ ਇਜਾਰੇਦਾਰੀਆਂ ‘ਚ ਤਬਦੀਲੀ ਸਾਮਰਾਜਵਾਦ ਦੀ ਮੁੱਖ ਪਹਿਚਾਣ ਹੈ। ਉਹਨਾ ਲੱਛਣਾਂ ਦੀ ਨਿਸ਼ਾਨਦੇਹੀ ਕਰਦਿਆਂ ਦੱਸਿਆ ਕਿ ਸਾਮਰਾਜਵਾਦੀ ਦੌਰ ’ਚ ਪੈਦਾਵਾਰ ਤੇ ਪੂੰਜੀ ਕੁੱਝ ਕੁ ਹੱਥਾਂ ‘ਚ ਕੇਂਦਰਿਤ ਹੋ ਗਈ ਹੈ। ਬੈਂਕਾਂ ਦਾ ਰੋਲ ਲੈਣ- ਦੇਣ ਕਰਨ ਵਾਲੇ ਸਿਰਫ ਵਿਚੋਲੇ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਸ ਨੇ ਅਥਾਹ ਵਿੱਤੀ ਪੂੰਜੀ ਦਾ ਸਾਧਨ ਬਣਕੇ ਆਰਥਿਕਤਾ ਤੇ ਆਪਣੀ ਉੱਤਮਤਾ ਸਥਾਪਤ ਕਰ ਲਈ ਹੈ। ਬੈਂਕਾਂ ਤੇ ਉਦਯੋਗਾਂ ਦਾ ਆਪਸੀ ਗੱਠਜੋੜ ਐਨਾ ਤਕੜਾ ਹੋ ਗਿਆ ਹੈ ਕਿ ਬੈਂਕਾਂ ਦੇ ਪ੍ਰਬੰਧਕੀ ਅਦਾਰਿਆਂ ‘ਚ ਉਦਯੋਗਾਂ ਦੇ ਨੁਮਾਇੰਦੇ  ਅਤੇ ਉਦਯੋਗਾਂ ਦੇ ਪ੍ਰਬੰਧਕੀ ਅਦਾਰਿਆਂ 'ਚ ਬੈਂਕਾਂ ਦੇ ਨਮਾਇੰਦੇ ਉੱਚੇ ਅਹੁਦਿਆਂ ਤੇ ਬਰਾਜਮਾਨ ਹੋ ਗਏ ਹਨ। ਵਸਤਾਂ ਦੇ ਨਿਰਯਾਤ ਦੀ ਬਜਾਏ ਪੂੰਜੀ ਦੇ ਨਿਰਯਾਤ ਦੀ ਮਹੱਤਤਾ ਵਧ ਗਈ ਹੈ। ਇਜਾਰੇਦਾਰ ਪੂੰਜੀਵਾਦੀ ਐਸੋਸੀਏਸ਼ਨਾਂ ਨੇ ਦੁਨੀਆਂ ਦੀ ਮੰਡੀ ਨੂੰ ਆਪਸ ਵਿੱਚ ਵੰਡ ਲਿਆ ਹੈ ਅਤੇ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨੇ ਕੁੱਲ ਦੁਨੀਆਂ ਦੀ ਇਲਾਕਾਈ ਵੰਡ ਮੁਕੰਮਲ ਕਰ ਲਈ ਹੈ।
      ਸਾਥੀ ਅੰਮ੍ਰਿਤ ਪਾਲ ਨੇ ਇਹਨਾਂ ਲੱਛਣਾਂ ਬਾਰੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ 19 ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਲੈਨਿਨ ਦੇ ਸਮਿਆਂ ‘ਚ ਇਕ ਪ੍ਰਤਿਸ਼ਤ ਇਜਾਰੇਦਾਰ ਪੂੰਜੀਵਾਦੀ ਅਦਾਰਿਆਂ ਕੋਲ ਕੁੱਲ ਕਾਮਾ ਸ਼ਕਤੀ ਦਾ ਲੱਗਪਗ 40%, ਕੁੱਲ ਭਾਫ਼ ਅਤੇ ਬਿਜਲੀ ਪਾਵਰ  ਦਾ 75% ਤੋਂ ਵੀ ਵੱਧ ਦਾ ਹਿੱਸਾ ਸੀ ਅਤੇ 1% ਅਦਾਰੇ ਕੋਲ ਪੈਦਾਵਾਰ ਦੇ 40% ਪੈਦਾਵਾਰ ਦੇ ਮਾਲਕ ਸਨ। ਅਜੋਕੇ ਸਮੇ ਵਿੱਚ ਵੀ 1/2% ਤੋਂ ਵੀ ਘੱਟ ਇਜਾਰੇਦਾਰ ਪੂੰਜੀਵਾਦ ਅਦਾਰਿਆਂ ਕੋਲ ਲਗ-ਪਗ 35% ਕਾਮਾ ਸ਼ਕਤੀ ਹੈ। 
ਉਹਨਾਂ ਦੱਸਿਆ ਕਿ ਲੈਨਿਨ ਦੇ ਸਮਿਆਂ ‘ਚ ਪੂੰਜੀ ਦਾ ਨਿਰਯਾਤ 1882 ਤੋਂ ਲੈਕੇ 1914 ਤੱਕ ਤਕਰੀਬਨ 300% ਵਧਿਆ, ਜਦੋਂ ਕਿ ਅਜੋਕੇ ਸਮੇਂ ਦੌਰਾਨ ਪੂੰਜੀ ਦਾ ਨਿਰਯਾਤ 1970 ਤੋਂ ਲੈਕੇ 2004 ਤੱਕ 1386% ਭਾਵ 14 ਗੁਣਾ ਵਧਿਆ। ਮੰਡੀਆਂ ਦੀ ਮੁਕੰਮਲ ਹੋ ਚੁੱਕੀ ਵੰਡ ਹੀ ਪਹਿਲੀ ਤੇ ਦੂਜੀ ਸੰਸਾਰ ਜੰਗ ਰਾਹੀਂ ਮੁੜ ਵੰਡ ਕੀਤੀ ਗਈ ਅਤੇ ਅਜੋਕੇ ਸਮਿਆਂ ‘ਚ ਇਲਾਕਾਈ ਜੰਗਾਂ ਲਾਕੇ ਬਾਰ ਬਾਰ ਮੁੜ ਵੰਡ ਦੇ ਯਤਨ ਹੋ ਰਹੇ ਹਨ।ਸੋ ਕੁੱਲ ਮਿਲਾਕੇ ਕਹਿਣਾ ਮੁਨਾਸਬ ਹੋਵੇਗਾ ਕਿ ਲੈਨਿਨ ਵੱਲੋਂ 1916 ‘ਚ ਦਰਜ ਕੀਤੇ ਗਏ ਸਾਮਰਾਜਵਾਦ ਦੇ ਲੱਛਣ ਅੱਜ ਹੋਰ ਵੀ ਵੱਧ ਉੱਭਰਕੇ ਆਏ ਹਨ।

 ਸਟੇਜ ਸੰਚਾਲਨ ਕਰਦਿਆਂ ਸੁਸਾਇਟੀ ਦੇ ਜੱਥੇਬੰਦਕ ਮੁੱਖ ਜਸਵੰਤ ਜੀਰਖ ਨੇ ਪਹਿਲੀ ਮਈ ਦੇ ਕੌਮਾਂਤਰੀ ਮਜ਼ਦੂਰ ਦਿਵਸ  ਅਤੇ 15 ਮਈ ਸ਼ਹੀਦ ਸੁਖਦੇਵ ਦਾ ਜਨਮ ਦਿਨ ਮਨਾਉਣ ਦਾ ਸੱਦਾ ਦਿੱਤਾ। ਅਗਲਾ ਸੈਮੀਨਾਰ 27 ਮਈ ਨੂੰ ਕਰਨਾ ਤਹਿ ਕੀਤਾ ਗਿਆ। ਇਸ ਸਮੇ ਪ੍ਰਿੰਸੀਪਲ ਹਰਭਜਨ ਸਿੰਘ, ਕਾ. ਸੁਰਿੰਦਰ, ਸੁਰਜੀਤ ਦੌਧਰ ਨੇ ਸਵਾਲ ਜਵਾਬ ਦੇ ਸੈਸ਼ਨ ਵਿੱਚ ਭਾਗ ਲਿਆ। ਗੁਰਮੇਲ ਕਨੇਡਾ ਨੇ ਇਨਕਲਾਬੀ ਗੀਤ ਰਾਹੀਂ ਹਾਜ਼ਰੀ ਲਵਾਈ। ਸਤੀਸ ਸੱਚਦੇਵਾ, ਆਤਮਾ ਸਿੰਘ, ਡਾ. ਵੀ ਕੇ ਵਸਿਸਟ,ਐਡਵੋਕੇਟ ਹਰਪ੍ਰੀਤ ਜੀਰਖ, ਨਛੱਤਰ ਸਿੰਘ ਕਨੇਡਾ,ਕਰਨਲ ਜੇ ਐਸ ਬਰਾੜ, ਅਰੁਣ ਕੁਮਾਰ, ਰਾਕੇਸ ਆਜ਼ਾਦ, ਸੁਖਦੇਵ ਸਿੰਘ ਜਗਰਾਓਂ, ਕੁਲਵਿੰਦਰ ਸਿੰਘ ਸੁਨੇਤ, ਹਰੀ ਸਿੰਘ ਸਾਹਨੀ, ਸਤਨਾਮ ਦੁੱਗਰੀ, ਪ੍ਰਿੰਸੀਪਲ ਅਜਮੇਰ ਦਾਖਾ, ਮੈਡਮ ਮਧੂ, ਮਾ. ਸੁਰਜੀਤ ਸਿੰਘ ਸਮੇਤ ਬਹੁਤ ਸਾਰੇ ਕਾਰਕੁਨ ਹਾਜਰ ਸਨ।

Saturday, April 14, 2018

ਬਹੁਤ ਚੁਣੌਤੀਆਂ ਹਨ CPI ਦੇ ਨਵੇਂ ਸੂਬਾ ਸਕੱਤਰ ਬੰਤ ਬਰਾੜ ਦੇ ਸਾਹਮਣੇ

CPI ਛੇਤੀ ਹੀ ਮੁੜ ਨਜ਼ਰ ਆ ਸਕਦੀ ਹੈ ਖਾੜਕੂ ਸੰਗਰਾਮੀ ਵਾਲੇ ਰੂਪ ਵਿੱਚ 
ਚੰਡੀਗੜ: 14 ਅਪਰੈਲ 2018: (ਕਾਮਰੇਡ ਸਕਰੀਨ ਬਿਊਰੋ):: 
ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਛੇਤੀ ਹੀ ਆਪਣੀ ਸੰਗਰਾਮੀ ਅਤੇ ਜੋਸ਼ੀਲੀ ਭੂਮਿਕਾ ਵਾਲੀ ਸਾਖ ਫਿਰ ਬਹਾਲ ਕਰ ਸਕਦੀ ਹੈ। ਇਸਦਾ ਕਾਰਨ ਹੈ ਜੋਸ਼ੀਲੇ ਅਤੇ ਖਾੜਕੂ ਆਗੂ ਬੰਤ ਸਿੰਘ ਬਰਾੜ ਦੀ ਸੂਬਾ ਸਕੱਤਰ ਵੱਜੋਂ ਚੋਣ। 
ਨੌਜਵਾਨੀ ਦੇ ਵੇਲਿਆਂ ਤੋਂ ਹੀ ਲਾਲ ਝੰਡੇ ਨਾਲ ਜੁੜੇ ਹੋਏ ਆਗੂ ਕਾਮਰੇਡ ਬੰਤ ਸਿੰਘ ਬਰਾੜ ਨੂੰ ਅੱਜ ਚੰਡੀਗੜ ਵਿਖੇ ਹੋਈ ਸੀਪੀਆਈ ਦੀ ਸੂਬਾ  ਸਕੱਤਰੇਤ ਮੀਟਿੰਗ ਦੌਰਾਨ ਸੂਬਾ ਸਕੱਤਰ ਚੁਣ ਲਿਆ ਗਿਆ। ਖਾਸ ਗੱਲ ਇਹ ਹੈ ਕਿ ਇਹ ਚੋਣ ਸਰਬਸੰਮਤੀ ਨਾਲ ਹੋਈ। ਬੰਤ ਬਰਾੜ ਬਹੁਤ ਸਾਰੇ ਖਾੜਕੂ ਘੋਲਾਂ ਦੇ ਸਰਗਰਮੀ ਨਾਲ ਕੰਮ ਕਰਨ ਵਾਲੇ ਗਵਾਹ ਰਹੇ ਹਨ। ਉਹਨਾਂ ਪਾਰਟੀ ਦੇ ਉਤਰਾਵਾਂ ਚੜਾਵਾਂ ਨੂੰ ਬਹੁਤ ਹੀ ਨੇੜਿਓਂ ਹੋ ਕੇ ਦੇਖਿਆ। ਕਈ ਵਾਰ ਪਾਰਟੀ ਦੇ ਕਈ ਫੈਸਲਿਆਂ ਨਾਲ ਸਹਿਮਤੀ ਨਾ ਵੀ ਹੁੰਦੀ ਤਾਂ ਵੀ ਪਾਰਟੀ ਦੇ ਫੈਸਲਿਆਂ ਨੂੰ ਅਮਲ ਵਿੱਚ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। 
ਵਿਦਿਆਰਥੀ ਅਤੇ ਨੌਜਵਾਨੀ ਘੋਲਾਂ ਵੀ ਬੰਤ ਬਰਾੜ ਦਾ ਸਰਗਰਮ ਰੋਲ ਇੱਕ ਨਵਾਂ ਉਤਸ਼ਾਹ ਅਤੇ ਜੋਸ਼ ਭਰਿਆ ਕਰਦਾ ਸੀ। ਜਦੋਂ ਪੰਜਾਬ ਵਿੱਚ ਗੋਲੀਆਂ ਚੱਲਦੀਆਂ ਸਨ, ਬੰਬ ਧਮਾਕੇ ਹੁੰਦੇ ਸਨ, ਹਰ ਗਲੀ ਦੀ ਹਰ ਨੁੱਕਰ 'ਤੇ ਦਹਿਸ਼ਤ ਛਾਈ ਹੁੰਦੀ ਸੀ ਉਦੋਂ ਵੀ ਕਾਮਰੇਡ ਬੰਤ ਬਰਾੜ ਬੇਖੌਫ ਹੋ ਕੇ ਲਾਲ ਝੰਡੇ ਵਾਲੀ ਵਿਚਾਰਾਂ ਨਾਲ ਪਰਤੀਬੱਧ ਰਹੇ।
ਹਾਲਾਂਕਿ ਬੰਤ ਬਰਾੜ ਪਹਿਲਾਂ ਵੀ ਇਸ ਅਹੁਦੇ ਤੇ ਰਹਿ ਚੁੱਕੇ ਹਨ ਪਰ ਇਸ ਵਾਰ ਉਹਨਾਂ ਸਾਹਮਣੇ ਕਈ ਨਵੀਆਂ ਅਤੇ ਵੱਡੀਆਂ ਚੁਣੌਤੀਆਂ ਹਨ। ਇਸ ਵਾਰ ਉਹਨਾਂ ਤੋਂ ਪਹਿਲਾਂ ਕਾਮਰੇਡ ਹਰਦੇਵ ਅਰਸ਼ੀ ਇਸ ਅਹੁਦੇ 'ਤੇ ਸਨ।  ਕਾਮਰੇਡ ਹਰਦੇਵ ਅਰਸ਼ੀ ਹੱਬੀ ਮੁਹਿੰਮ ਨੂੰ ਪਿੰਡ ਪਿੰਡ ਜਾ ਕੇ ਸਰਗਰਮ ਕਰਨ ਵਿੱਚ ਸਫਲ ਰਹੇ ਹਨ। ਸ਼ਾਇਦ ਹੀ ਕੋਈ ਜਨਤਕ ਮਸਲਾ ਅਜਿਹਾ ਹੋਵੇ ਜਿੱਥੇ ਕਾਮਰੇਡ ਹਰਦੇਵ ਅਰਸ਼ੀ ਨਾ ਪਹੁੰਚੇ ਹੋਣ। ਨਗਰ ਨਿਗਮ ਦੀਆਂ ਚੋਣਾਂ ਤੋਂ ਲੈ ਕੇ ਵੱਡੀਆਂ ਚੋਣਾਂ ਤੱਕ ਕਾਮਰੇਡ ਅਰਸ਼ੀ ਨੇ ਸੀਪੀਆਈ ਦੀ ਮਜ਼ਬੂਤ ਮੌਜੂਦਗੀ ਦਾ ਅਹਿਸਾਸ ਕਰਾਇਆ। ਕਾਮਰੇਡ ਅਰਸ਼ੀ ਦੀਆਂ ਨਿਰੰਤਰ ਸਰਗਰਮੀਆਂ ਸਦਕਾ ਪਾਰਟੀ ਵਿੱਚ ਇੱਕ ਅਜਿਹਾ ਕੇਡਰ ਵੀ ਤਿਆਰ ਹੋਇਆ ਜਿਹੜਾ ਪਾਰਟੀ ਲਈ ਹਰ ਪਲ ਉੱਠ ਖੜੋਣ ਲਈ ਤਿਆਰ ਬਰ ਤਿਆਰ ਰਹਿੰਦਾ। ਕਾਮਰੇਡ ਅਰਸ਼ੀ ਨੇ ਐਮ ਐਲ ਏ ਰਹਿੰਦਿਆਂ ਵੀ ਆਪਣੀਆਂ ਇਹਨਾਂ ਸਰਗਰਮੀਆਂ ਵਿੱਚ ਕਮੀ ਨਹੀਂ ਆਉਣ ਦਿੱਤੀ। ਖੁਦ ਵੀ ਪਾਰਟੀ ਲਈ ਸਭ ਕੁਝ ਅਰਪਿਤ ਕੀਤਾ ਅਤੇ ਹੋਰਨਾਂ ਨੂੰ ਵੀ ਪਰੇਰਿਆ। 
ਏਨੀ ਲਗਨ ਅਤੇ ਸਖਤ ਮੇਹਨਤ ਦੇ ਬਾਵਜੂਦ ਚੁਣੌਤੀਆਂ ਵਿੱਚ ਵਾਧਾ ਹੋਇਆ। ਲਗਾਤਾਰ ਵੱਧ ਰਹੇ ਫਾਸ਼ੀਵਾਦ ਦੇ ਖਤਰੇ ਅਤੇ ਇੱਕ ਵਾਰ ਫਿਰ ਸਿਰ ਚੁੱਕ ਰਹੀ ਫਿਰਕਪਰ੍ਸਤੀ ਨੇ ਨਵੇਂ ਖਾੜਕੂ ਸੰਗਰਾਮਾਂ ਦੀ ਲੋੜ ਦਾ ਅਹਿਸਾਸ ਕਰਾਇਆ। 
ਇਸ ਵੇਲੇ ਜਿੱਥੇ ਆਮ ਪਰਿਵਾਰਾਂ ਦੇ ਬੱਚਿਆਂ ਲਈ ਵਿੱਦਿਆ ਦਾ ਅਧਿਕਾਰ ਖਤਰੇ ਵਿੱਚ ਹੈ ਉੱਥੇ ਕਿਰਤੀਆਂ ਲਈ ਬਣੇ ਕਿਰਤ ਕਾਨੂੰਨ ਵੀ ਖਤਰੇ ਵਿੱਚ ਹਨ। ਪਬਲਿਕ ਸੈਕਟਰ ਨੂੰ ਤਬਾਹ ਕਰਨ ਅਤੇ ਨਿਜੀਖੇਤਰ ਨੂੰ ਉਤਸਾਹਿਤ ਕਰਨ ਦੇ ਰੁਝਾਣ ਨੇ ਖੱਬੀਆਂ ਪਾਰਟੀਆਂ ਸਾਹਮਣੇ ਨਵੇਂ ਖਰੇ ਸਾਹਮਣੇ ਲਿਆਂਦੇ ਹਨ ਜਿਹਨਾਂ ਦਾ ਸਾਹਮਣਾ ਜੁਝਾਰੂ ਸੰਗਰਾਮਾਂ ਬਿਨਾ ਸੰਭਵ ਹੀ ਨਹੀਂ।ਲਾਲ ਝੰਡੇ ਦੇ ਜੱਦੀ ਵਿਰੋਧੀ ਲਗਾਤਾਰ ਲਾਲ ਝੰਡੇ ਵਾਲਿਆਂ ਨੂੰ ਹਾਸ਼ੀਏ ਤੋਂ ਬਾਹਰ ਕਰਨ ਲਈ ਸਾਜ਼ਿਸ਼ਾਂ ਰਚ ਰਹੇ ਹਨ। ਅਜਿਹੀ ਹਾਲਤ ਵਿੱਚ ਬੰਤ ਬਰਾੜ ਨੂੰ ਬੇਹੱਦ ਸੰਤੁਲਿਤ ਅਤੇ ਬੇਕਿਰਕ ਲੜਾਈ ਵੀ ਲੜਨੀ ਪੈਣੀ ਹੈ। ਮਹਿੰਗਾਈ, ਬੇਰੋਜ਼ਗਾਰੀ ਅਤੇ ਹੋਰ ਮਾਰੂ ਹਾਲਤਾਂ ਕਾਰਨ ਪੈਦਾ ਹੋਏ ਨਿਰਾਸ਼ਾ ਦੇ ਹਨੇਰਿਆਂ ਵਿੱਚ ਸੰਘਰਸ਼ਾਂ ਦੀ ਮਿਸ਼ਾਲ ਜਗਾਉਣੀ ਕੋਈ ਸੌਖਾ ਕੰਮ ਨਹੀਂ ਹੋਣਾ। ਪਾਰਟੀ ਦੇ ਕੇਡਰ ਵਿੱਚ ਆ ਰਹੀ ਕਮੀ ਆਪਣੇ ਆਪ ਵਿੱਚ ਹੀ ਇੱਕ ਵੱਡੀ ਚੁਣੌਤੀ ਹੈ। ਬਜ਼ੁਰਗ ਲੀਡਰ ਅਤੇ ਵਰਕਰ ਇੱਕ ਇੱਕ ਕਰਕੇ ਤੁਰਦੇ ਜਾ ਰਹੇ ਹਨ ਪਰ ਨਵੀਂ ਆਮਦ ਓਨੀ ਤੇਜ਼ੀ ਨਾਲ ਨਹੀਂ ਹੋ ਰਹੀ ਜਿੰਨੀ ਕੁ ਤੇਜ਼ੀ ਨਾਲ ਹੋਣੀ ਜ਼ਰੂਰੀ ਹੈ। ਪਾਰਟੀ ਦੀ ਹੋਰ ਮਜ਼ਬੂਤੀ, ਹੋਰ ਲਾਮਬੰਦੀ ਅਤੇ ਦੁਸ਼ਮਣਾਂ ਦਾ ਟਾਕਰਾ ਬੇਹੱਦ ਨਾਜ਼ੁਕ ਹਾਲਾਤ ਵਾਲੀ ਸਥਿਤੀ ਹੈ। ਅਜਿਹੀ ਸਥਿਤੀ ਵਿੱਚ ਕਾਮਰੇਡ ਬੰਤ ਬਰਾੜ ਦੀ ਚੋਣ ਇੱਕ ਦੂਰ ਅੰਦੇਸ਼ੀ ਵਾਲਾ ਫੈਸਲਾ ਹੈ ਜਿਹੜਾ ਸਰਬਸੰਮਤੀ ਨਾਲ ਹੋਇਆ ਹੈ। ਕਾਮਰੇਡ ਬੰਤ ਬਰਾੜ ਨੂੰ ਖੰਡੇ ਦੀ ਧਾਰ 'ਤੇ ਤੁਰਨ ਦੀ ਮੁਹਾਰਤ ਹਾਸਲ ਹੈ। 
ਪਾਰਟੀ ਦਾ ਇਹ ਫੈਸਲਾ ਛੇਤੀ ਹੀ ਰੰਗ ਲਿਆਵੇਗਾ ਅਤੇ ਸੀਪੀਆਈ ਲੋਕ ਸੰਘਰਸ਼ਾਂ ਦਾ ਇੱਕ ਨਵਾਂ ਇਤਿਹਾਸ ਰਚੇਗੀ।  ਕੋਲਮ (ਕੇਰਲ) ਵਿਖੇ 25 ਤੋਂ 29 ਅਪਰੈਲ 2018 ਤੱਕ ਹੋਣ ਵਾਲੀ ਸੀਪੀਆਈ ਦੀ 23ਵੀਂ ਕੌਮੀ ਕਾਂਗਰਸ ਵਿੱਚ ਵੀ ਆਉਣ ਵਾਲੇ ਸੰਘਰਸ਼ਾਂ ਦੀ ਦਸਤਕ ਸਪਸ਼ਟ ਸੁਣਾਈ ਦੇਵੇਗੀ। ਦੇਸ਼ ਦੀ ਨਾਜ਼ੁਕ ਸਥਿਤੀ ਅਤੇ ਆਉਣ ਵਾਲੇ ਸਮੇਂ ਵਿੱਚ ਛੇਤੀ ਹੀ ਵਿੱਢੇ ਜਾਣ ਵਾਲੇ ਸੰਘਰਸ਼ਾਂ ਵਿੱਚ ਪੰਜਾਬ ਦੀ ਭੂਮਿਕਾ ਦਾ ਅਹਿਸਾਸ ਇਸ ਕੌਮੀ ਕਾਨਫਰੰਸ ਵਿੱਚ ਹੋਵੇਗਾ।
ਇਸ ਵਾਰ ਵੀ ਕਾਮਰੇਡ ਬੰਤ ਬਰਾੜ ਦੀ ਚੋਣ ਸਰਬਸੰਮਤੀ ਨਾਲ ਹੋਈ। ਭਾਰਤੀ ਕਮਿਊਨਿਸਟ ਪਾਰਟੀ ਦੀ ਨਵੀਂ ਪੰਜਾਬ ਸੂਬਾ ਕੌਂਸਲ ਦੀ ਇਥੇ ਹੋਈ ਪਲੇਠੀ ਮੀਟਿੰਗ ਵਿਚ ਪੰਜਾਬ ਏਟਕ ਦੇ ਪ੍ਰਧਾਨ ਅਤੇ ਸਾਬਕਾ ਨੌਜਵਾਨ ਅਤੇ ਵਿਦਿਆਰਥੀ ਆਗੂ ਸਾਥੀ ਬੰਤ ਸਿੰਘ ਬਰਾੜ ਨੂੰ ਨਵਾਂ ਸੂਬਾ ਸਕੱਤਰ ਸਰਬ-ਸੰਮਤੀ ਨਾਲ ਚੁਣ ਲਿਆ ਗਿਆ। ਇਸ ਤੋਂ ਪਹਿਲਾਂ ਵੀ ਸਾਥੀ ਬਰਾੜ 2012 ਤੋਂ 2015 ਤੱਕ ਇਹ ਜ਼ਿੰਮੇਵਾਰੀ ਨਿਭਾ ਚੁੱਕੇ ਹਨ।
ਇਸ ਅਹੁਦੇ ਤੋਂ ਵਿਦਾ ਹੋ ਰਹੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ ਆਪਣੀ ਸਿਹਤ ਅਤੇ ਦਿਲ ਦੀ ਬਿਮਾਰੀ ਦਾ ਹਵਾਲਾ ਦਿੰਦਿਆਂ ਵੱਡੀ ਜ਼ਿੰਮੇਵਾਰੀ ਚੁੱਕਣ ਤੋਂ ਆਪਣੀ ਅਸਮਰੱਥਾ ਜ਼ਾਹਰ ਕੀਤੀ। ਸਾਥੀਆਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਅੱਗੇ ਲਈ ਸਾਥੀ ਬੰਤ ਸਿੰਘ ਬਰਾੜ ਦਾ ਸਕੱਤਰ ਵਜੋਂ ਨਾਂਅ ਤਜਵੀਜ਼ ਕੀਤਾ, ਜਿਸ ਨੂੰ ਕਈ ਮੈਂਬਰਾਂ ਨੇ ਤਾਈਦ ਕਰ ਦਿੱਤਾ ਅਤੇ ਕੋਈ ਹੋਰ ਨਾਂਅ ਨਾ ਪੇਸ਼ ਹੋਣ ਕਾਰਨ ਉਹਨਾਂ ਨੂੰ ਸਰਬ-ਸੰਮਤੀ ਨਾਲ ਨਵਾਂ ਸਕੱਤਰ ਐਲਾਨ ਦਿੱਤਾ ਗਿਆ। ਮੀਟਿੰਗ ਦੀ ਪਰਧਾਨਗੀ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਡਾਕਟਰ ਜੋਗਿੰਦਰ ਦਿਆਲ ਨੇ ਕੀਤੀ। ਆਮ ਪਾਠਕਾਂ ਲਈ ਜਾਣਕਾਰੀ ਹਿੱਤ ਇਹ ਦੱਸ ਦੇਣਾ ਵੀ ਢੁੱਕਵਾਂ ਰਹੇਗਾ ਕਿ ਦੂਜੀਆਂ ਪਾਰਟੀਆਂ ਤੋਂ ਉਲਟ ਕਮਿਊਨਿਸਟ ਪਾਰਟੀ ਵਿਚ ਪਰਧਾਨ ਦਾ ਅਹੁਦਾ ਨਹੀਂ ਹੁੰਦਾ, ਸਕੱਤਰ ਹੀ ਮੁੱਖ ਅਹੁਦੇਦਾਰ ਹੁੰਦਾ ਹੈ।
ਪਾਕਿਸਤਾਨ ਵਿਚ ਕਿਸਾਨੀ ਪਰਵਾਰ ਵਿਚ ਪੈਦਾ ਹੋਏ ਬੰਤ ਬਰਾੜ ਇਕ ਸਾਲ ਤੋਂ ਵੀ ਛੋਟੇ ਸਨ, ਜਦੋਂ ਉਹਨਾਂ ਦੇ ਪਰਵਾਰ ਨੂੰ ਮੁਲਕ ਦੀ ਆਜ਼ਾਦੀ ਅਤੇ ਵੰਡ ਸਮੇਂ ਉਜੜ ਕੇ ਇਧਰ ਆਉਣਾ ਪਿਆ। ਉਹਨਾਂ ਦਾ ਬਚਪਨ ਅਤੇ ਜਵਾਨੀ ਵੀ ਨਾਨਕੇ ਪਿੰਡ ਖੋਸਾ ਰਣਧੀਰ ਵਿਖੇ ਪ੍ਰਵਾਨ ਚੜ੍ਹੀ। ਉਹਨਾਂ ਨੇ ਮੈਟਰਿਕ ਦੀ ਪ੍ਰੀਖਿਆ ਜਲਾਲਾਬਾਦ (ਪੱਛਮੀ) ਤੋਂ ਪਾਸ ਕੀਤੀ। ਕਾਲਜ ਦੀ ਪੜ੍ਹਾਈ ਢੁੱਡੀਕੇ ਅਤੇ ਡੀ.ਐੱਮ.ਕਾਲਜ ਮੋਗਾ ਵਿਚ ਕੀਤੀ ਅਤੇ ਇਸੇ ਸਮੇਂ ਉਹਨਾਂ ਦਾ ਸੰਪਰਕ ਕਾ. ਜੋਗਿੰਦਰ ਸਿੰਘ ਭਸੀਨ ਅਤੇ ਸਥਾਨਕ ਕਾਮਰੇਡਾਂ ਨਾਲ ਹੋ ਗਿਆ ਅਤੇ ਉਹ ਸਟੂਡੈਂਟਸ ਫੈਡਰੇਸ਼ਨ ਵਿਚ ਸਰਗਰਮ ਹੋ ਗਏ ਅਤੇ ਇਕ ਖਾੜਕੂ ਕਮਿਊਨਿਸਟ ਵਿਦਿਆਰਥੀ ਆਗੂ ਵਜੋਂ ਉਭਰ ਪਏ। ਉਹਨਾਂ ਨੇ ਇਤਿਹਾਸਕ ਮੋਗਾ ਗੋਲੀਕਾਂਡ ਦੀ ਐਜੀਟੇਸ਼ਨ ਵਿਚ ਜੁਝਾਰੂ ਭੂਮਿਕਾ ਨਿਭਾਈ। ਉਹ ਪੰਜਾਬ ਏ.ਆਈ.ਐੱਸ.ਐੱਫ. ਦੇ ਜਨਰਲ ਸਕੱਤਰ, ਨੌਜਵਾਨ ਸਭਾ ਦੇ ਪ੍ਰਧਾਨ ਅਤੇ ਕੁਲ ਹਿੰਦ ਪ੍ਰਧਾਨ ਵਜੋਂ ਆਪਣਾ ਸਿੱਕਾ ਮਨਵਾ ਚੁੱਕੇ ਹਨ। ਉਪਰੰਤ ਉਹ ਮਜ਼ਦੂਰ ਮੋਰਚੇ 'ਤੇ ਤੈਨਾਤ ਕਰ ਦਿੱਤੇ ਗਏ ਅਤੇ ਆਪਣੇ ਕੰਮ ਅਤੇ ਅਗਵਾਈ ਦੇ ਗੁਣਾਂ ਸਦਕਾ ਪੰਜਾਬ ਏਟਕ ਦੇ ਜਨਰਲ ਸਕੱਤਰ ਬਣ ਗਏ। ਅੱਜ-ਕੱਲ ਉਹ ਪੰਜਾਬ ਏਟਕ ਦੇ ਪਰਧਾਨ ਹਨ ਅਤੇ ਜਨਰਲ ਸਕੱਤਰ ਸਾਥੀ ਨਿਰਮਲ ਸਿੰਘ ਧਾਲੀਵਾਲ ਨਾਲ ਮਿਲ ਕੇ ਮਜ਼ਦੂਰਾਂ ਦੀ ਸੰਗਰਾਮੀ ਜਥੇਬੰਦੀ ਦੀ ਅਗਵਾਈ ਕਰ ਰਹੇ ਹਨ।
ਸਕੱਤਰ ਚੁਣੇ ਜਾਣ ਉਤੇ ਸਾਥੀ ਬੰਤ ਸਿੰਘ ਬਰਾੜ ਨੇ ਪਿਛਲੇ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਸਮੇਂ ਹੋਈਆਂ ਸਰਗਰਮੀਆਂ ਦੀ ਪ੍ਰਸੰਸਾ ਕੀਤੀ ਅਤੇ ਪਾਰਟੀ ਦੀ ਮਜ਼ਬੂਤੀ, ਫਾਸ਼ੀਵਾਦ ਦੇ ਖਤਰੇ ਵਿਰੁੱਧ, ਲੋਕਾਂ ਦੇ ਵਿਭਿੰਨ ਤਬਕਿਆਂ ਦੀਆਂ ਮੰਗਾਂ ਲਈ ਸਾਂਝੇ ਅਤੇ ਆਜ਼ਾਦ ਸੰਘਰਸ਼ਾਂ ਅਤੇ ਖੱਬੀਆਂ ਜਮਹੂਰੀ ਸੈਕੂਲਰ ਤਾਕਤਾਂ ਦੀ ਲਾਮਬੰਦੀ ਲਈ ਸਾਥੀਆਂ ਤੋਂ ਸਹਿਯੋਗ ਦਾ ਵਿਸ਼ਵਾਸ ਪ੍ਰਗਟ ਕੀਤਾ। ਮੀਟਿੰਗ ਵਿਚ ਪਾਰਟੀ ਕੇਂਦਰ ਵੱਲੋਂ ਕਾਮਰੇਡ ਸ਼ਮੀਮ ਫੈਜ਼ੀ ਅਤੇ ਕਾਮਰੇਡ ਅਮਰਜੀਤ ਕੌਰ, ਦੋਵੇਂ ਕੇਂਦਰੀ ਸਕੱਤਰੇਤ ਦੇ ਮੈਂਬਰ ਹਾਜ਼ਰ ਸਨ ਅਤੇ ਉਹਨਾਂ ਨੇ 23ਵੀਂ ਸੂਬਾ ਕਾਨਫਰੰਸ ਦੇ ਇਸ ਰਹਿੰਦੇ ਕਾਰਜ ਦੀ ਪੂਰਤੀ ਲਈ ਨਿਗਰਾਨੀ ਅਤੇ ਅਗਵਾਈ ਕੀਤੀ ਅਤੇ ਉਸ ਨੂੰ ਸਰਬ-ਸੰਮਤੀ ਨਾਲ ਨੇਪਰੇ ਚਾੜਿਆ। ਪਹਿਲਾਂ ਸੂਬਾ ਕੌਂਸਲ ਨੇ ਸਰਬ-ਸੰਮਤੀ ਨਾਲ 27 ਮੈਂਬਰੀ ਸੂਬਾ ਕਾਰਜਕਾਰਨੀ ਦੀ ਚੋਣ ਕੀਤੀ, ਜਿਸ ਸੂਚੀ 'ਚ ਸਰਵਸਾਥੀ ਡਾਕਟਰ ਜੋਗਿੰਦਰ ਦਿਆਲ, ਜਗਰੂਪ ਸਿੰਘ, ਹਰਦੇਵ ਅਰਸ਼ੀ, ਬੰਤ ਬਰਾੜ, ਭੂਪਿੰਦਰ ਸਾਂਬਰ, ਹਰਭਜਨ ਸਿੰਘ, ਡੀ.ਪੀ. ਮੌੜ, ਗੁਰਨਾਮ ਕੰਵਰ, ਗੁਲਜ਼ਾਰ ਗੋਰੀਆ, ਨਿਰਮਲ ਸਿੰਘ ਧਾਲੀਵਾਲ, ਕੁਸ਼ਲ ਭੌਰਾ, ਬਲਦੇਵ ਸਿੰਘ ਨਿਹਾਲਗੜ੍ਹ, ਅਮਰਜੀਤ ਆਸਲ, ਸੁਖਦੇਵ ਸ਼ਰਮਾ, ਜਗਜੀਤ ਸਿੰਘ ਜੋਗਾ, ਕਸ਼ਮੀਰ ਸਿੰਘ ਗਦਾਈਆ, ਕੁਲਦੀਪ ਭੋਲਾ, ਹੰਸਰਾਜ ਗੋਲਡਨ, ਪਵਨਪਰੀਤ ਸਿੰਘ, ਪਰਿਥੀਪਾਲ ਮਾੜੀਮੇਘਾ, ਲਖਬੀਰ ਨਿਜ਼ਾਮਪੁਰਾ, ਕਰਿਸ਼ਨ ਚੌਹਾਨ, ਕਸ਼ਮੀਰ ਸਿੰਘ ਫਿਰੋਜ਼ਪੁਰ, ਕੁਲਵੰਤ ਸਿੰਘ ਮੌਲਵੀਵਾਲਾ, ਗੁਲਜ਼ਾਰ ਸਿੰਘ ਗੁਰਦਾਸਪੁਰ, ਨਰਿੰਦਰ ਸੋਹਲ, ਹਰਲਾਭ ਸਿੰਘ, ਬੀਬੀ ਦਸਵਿੰਦਰ ਕੌਰ ਅਤੇ ਸੁਖਜਿੰਦਰ ਮਹੇਸ਼ਰੀ (ਇਨਵਾਇਟੀ) ਆਦਿ ਮੈਂਬਰ ਹਨ।
ਮੀਟਿੰਗ ਨੇ ਇਕ ਮਤਾ ਪਾਸ ਕਰਕੇ ਦੇਸ਼ ਵਿਚ, ਖਾਸ ਕਰਕੇ ਭਾਜਪਾ ਰਾਜ ਵਾਲੇ ਰਾਜਾਂ ਵਿਚ, ਅਮਨ ਕਾਨੂੰਨ ਦੀ ਨਿਘਰੀ ਹੋਈ ਹਾਲਤ ਅਤੇ ਇਸਤਰੀਆਂ ਬਾਲੜੀਆਂ ਦੇ ਹੁੰਦੇ ਬਲਾਤਕਾਰਾਂ ਦੀ ਸਖਤ ਨਿਖੇਧੀ ਕੀਤੀ। ਮੀਟਿੰਗ ਨੇ ਖਾਸ ਕਰਕੇ ਯੂ ਪੀ ਦੇ ਉਨਾਵ ਵਿਚ ਅਤੇ ਜੰਮੂ ਕਸ਼ਮੀਰ ਦੇ ਕਠੂਆ ਵਿਚ ਹੋਏ ਬੱਚੀਆਂ ਦੇ ਬਲਾਤਕਾਰਾਂ ਅਤੇ ਫਿਰ ਪੁਲਸ ਵੱਲੋਂ ਕਾਰਵਾਈ ਨਾ ਕਰਨ ਅਤੇ ਦੋਸ਼ੀ ਭਾਜਪਾ ਆਗੂਆਂ ਨੂੰ ਬਚਾਉਣ ਅਤੇ ਭਾਜਪਾ ਦੇ ਸਿਖਰਲੇ ਆਗੂਆਂ ਦੀ ਚੁੱਪ ਅਤੇ ਪਰਧਾਨ ਮੰਤਰੀ ਵੱਲੋਂ ਲੋਲੋ-ਪੋਪੋ ਕਰਨ ਉਤੇ ਗੁੱਸੇ ਦਾ ਇਜ਼ਹਾਰ ਕੀਤਾ ਅਤੇ ਇਸਤਰੀਆਂ ਦੀ ਇੱਜ਼ਤ, ਜਾਨ ਦੀ ਰਾਖੀ ਲਈ ਸੰਘਰਸ਼ ਦਾ ਫੈਸਲਾ ਕੀਤਾ।
ਮੀਟਿੰਗ ਨੇ 5 ਮਈ ਨੂੰ ਆ ਰਹੀ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਨੂੰ ਵਡੇ ਪੱਧਰ 'ਤੇ ਮਨਾਉਣ ਅਤੇ ਇਸ ਅਵਸਰ ਦੇ ਸੈਮੀਨਾਰ ਅਤੇ ਸਿਧਾਂਤਕ ਸਕੂਲ ਆਯੋਜਿਤ ਕਰਨ ਦਾ ਫੈਸਲਾ ਕੀਤਾ। ਮੀਟਿੰਗ ਵਿਚ ਉਪਰ ਜ਼ਿਕਰ ਕੀਤੇ ਆਗੂਆਂ ਤੋਂ ਇਲਾਵਾ ਕੌਮੀ ਕੌਂਸਲ ਮੈਂਬਰ ਸਰਵਸਾਥੀ ਭੂਪਿੰਦਰ ਸਾਂਬਰ ਅਤੇ ਜਗਰੂਪ ਸਿੰਘ ਵੀ ਹਾਜ਼ਰ ਸਨ।

Friday, April 6, 2018

ਫਾਸ਼ੀਵਾਦ ਦੇ ਖਤਰੇ ਵਿਰੁਧ ਅਤੇ ਲੋਕ ਮੰਗਾਂ ਲਈ ਸੰਘਰਸ਼ਾਂ ਦਾ ਸੱਦਾ-CPI

ਸੀਪੀਆਈ ਦੀ ਤਿੰਨ ਦਿਨਾਂ ਸੂਬਾ ਕਾਨਫਰੰਸ ਸਮਾਪਤ 
ਅੰਮਿ੍ਰਤਸਰ : 6 ਅਪਰੈਲ 2018 (ਕਾਮਰੇਡ ਸਕਰੀਨ ਬਿਊਰੋ)::
ਸੀਪੀਆਈ ਦੀ ਪੰਜਾਬ ਸੂਬਾ ਕਾਨਫਰੰਸ ਅੱਜ ਇਥੇ ਲੋਕਾਂ ਨੂੰ ਜ਼ਾਤਪਾਤੀ ਅਤੇ ਫਿਰਕੂ ਲੀਹਾਂ ਤੇ ਵੰਡਣ ਤੇ ਕਤਾਰ ਬੰਦੀ ਕਰਕੇ ਫਾਸ਼ੀਵਾਦ ਦਾ ਰਾਹ ਪਧਰਾ ਕਰਨ ਵਾਲੀ ਮੋਦੀ ਸਰਕਾਰ ਨੂੰ ਸੱਤਾ ਤੋੋ ਲਾਂਭੇ ਕਰਨ ਅਤੇ ਰੁਜ਼ਗਾਰ ਦੇ ਹੱਕ ਲਈ ਬਨੇਗਾ ਪਰਾਪਤ ਕਰਨ,ਭਰਿਸ਼ਟਾਚਾਰ, ਮਹਿੰਗਾਈ, ਇਸਤਰੀਆਂ, ਦਲਿਤਾਂ ਉਤੇ ਜਬਰ ਵਿਰੁਧ, ਕਿਸਾਨਾਂ, ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਾਉਣ, ਮਜ਼ਦੂਰ ਮੁਲਾਜ਼ਮਾਂ ਦੀਆਂ ਮੰਗਾਂ ਲਈ ਵਿਸ਼ਾਲ ਸਾਂਝੇ ਸੰਘਰਸ਼ ਛੇੜਣ ਦੇ ਸੱਦੇ ਅਤੇ ਅਹਿਦ ਨਾਲ ਨੇਪਰੇ ਚੜ ਗਈ।
            ਪਰਸੋਂ 4 ਅਪਰੈਲ ਬੁਧਵਾਰ ਤੋਂ ਇਥੇ ਆਰੰਭ ਹੋਈ ਪਾਰਟੀ ਦੀ 23ਵੀਂ ਕਾਨਫਰੰਸ ਨੇ ਸੂਬਾ ਸਕੱਤਰ ਵਲੋਂ ਪੇਸ਼ ਕੀਤੀ ਰਿਪੋਰਟ ਨੂੰ ਪ੍ਰਵਾਨਗੀ ਦੇ ਦਿਤੀ। ਜਿਸ ਵਿਚ ਪੰਜਾਬ ਦੀ ਖੇਤੀਬਾੜੀ, ਉਦਯੋਗ, ਵਧਦੇ ਕਰਜ਼ ਅਤੇ ਖੁਦਕਸ਼ੀਆਂ, ਸਬਸਿਡੀਆਂ, ਖੇਤਮਜ਼ਦੂਰਾਂ, ਸਿਖਿਆ, ਬੇਰੁਜ਼ਗਾਰੀ, ਸ਼ਹਿਰੀਕਰਣ, ਬਿਜਲੀ, ਸਿਹਤਸੇਵਾਵਾਂ, ਰਾਜਸੀ ਹਾਲਤ ਦੇ  ਵੇਰਵੇ ਨਾਲ ਡੂੰਘਾ ਵਿਸ਼ਲੇਸ਼ਣ ਕਰਦਿਆਂ ਸੱਦਾ ਦਿਤਾ ਗਿਆ ਕਿ ‘‘ਜ਼ਮੀਨੀ ਪਧਰ ਉਤੇ ਨਤੀਜਾ-ਮੁਖੀ  ਜੁਝਾਰੂ ਘੋਲ ਜਥੇਬੰਦ ਕਰੀਏ ਤਾਂ ਹੀ ਸਾਡੀ ਪਾਰਟੀ ਜਨਤਕ ਆਧਾਰ, ਵਧੇਰੇ ਪ੍ਰਭਾਵ ਅਤੇ ਸਮਾਜ ਦੇ ਲੁਟੇ-ਪੁਟੇ ਅਤੇ ਦੱਬੇ-ਕੁਚਲੇ ਤਬਕਿਆਂ ਦੀ ਪਾਰਟੀ ਵਜੋਂ ਅਤੇ ਬਲਵਾਨ ਸੰਗਰਾਮੀਆਂ ਪਾਰਟੀ ਵਜੋਂ ਮੁੜ-ਉਭਰ ਸਕੇਗੀ।’’
            ਸਕੱਤਰ ਦੀ ਰਿਪੋਰਟ ਉਤੇ 65 ਦੇ ਕਰੀਬ ਸਾਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ, ਅਖੀਰ ਉਤੇ ਰਿਪੋਰਟ ਸਰਬਸੰਮਤੀ ਨਾਲ ਪਾਸ ਹੋ ਗਈ। ਕਾਨਫਰੰਸ ਨੇ ਖੇਤੀ ਅਤੇ ਪੇਂਡੂ ਅਰਥਚਾਰੇ ਬਾਰੇ, ਪੰਜਾਬੀ ਭਾਸ਼ਾ ਤੇ ਸਭਿਆਚਾਰਬਾਰੇ, ਦੇਸ਼ ਵਿਚ ਪ੍ਰਚਲਤ ਭਿ੍ਰਸ਼ਟਾਚਾਰ ਬਾਰੇ, ਪਰਮਾਣੂ ਹਥਿਆਰਬੰਦੀ ਬਾਰੇ, ਸੇਹਤਸੇਵਾਵਾਂ ਬਾਰੇ, ਖੇਤ ਮਜ਼ਦੂਰਾਂ ਬਾਰੇ, ਫਿਰਕਾਪ੍ਰ੍ਸਤੀ ਵਿਰੁਧ ਅਤੇ ਮਜ਼ਦੂਰਾਂ ਦੇ ਮਸਲਿਆਂ ਅਤੇ ਸਨਅਤੀਕਰਣ ਬਾਰੇ ਮਤੇ ਪਾਸ ਕੀਤੇ ਗਏ ਅਤੇ ਵਖ-ਵਖ ਮੁਦਿਆਂ ਉਤੇ ਸੰਘਰਸ਼ਾਂ ਦਾ ਸੱਦਾ ਦਿਤਾ ਗਿਆ।
            ਸਾਥੀ ਡੀਪੀ ਮੌੜ ਨੇ ਕਰਡੈਂਸ਼ੀਅਲ ਰਿਪੋਰਟ ਪੇਸ਼ ਕੀਤੀ। ਪਿਛਲੇ ਸਾਲਾਂ ਦੇ ਹਿਸਾਬ-ਕਿਤਾਬ ਬਾਰੇ ਰਿਪੋਰਟ ਵੀ ਸਾਥੀ ਮੌੜ ਨੇ ਪੇਸ਼ ਕੀਤੀ। !
ਅਖੀਰ ਉਤੇ ਸੂਬਾ ਕਾਨਫਰੰਸ ਨੇ 23ਵੀਂ ਪਾਰਟੀ ਕਾਂਗਰਸ (ਕੇਰਲਾ) ਲਈ 20 ਡੈਲੀਗੇਟ ਅਤੇ 2 ਬਦਲਵੇਂ ਡੈਲੀਗੇਟ ਚੁਣੇ। ਸਿੱਧੇ ਨਾਲ ਹੀ ਸਰਬਉੱਚ ਸ਼ਕਤੀ ਕੇਂਦਰ ਅਰਥਾਤ 7 ਮੈਂਬਰੀ ਕੰਟਰੋਲ ਕਮਿਸ਼ਨ ਅਤੇ 71 ਮੈਂਬਰੀ ਸੂਬਾ ਕੌਂਸਲ ਵੀ ਚੁਣੀ ਗਈ। ਜਿਸ ਵਿਚ ਵਖਰੇ 7 ਉਮੀਦਵਾਰ ਮੈਂਬਰ ਹੋਣਗੇ। ਸਾਰੀਆਂ ਚੋਣਾਂ ਸਰਬਸੰਮਤੀ ਨਾਲ ਹੋਈਆਂ।
ਕਾਨਫਰੰਸ ਨੂੰ ਕੇਂਦਰੀ ਆਗੂ ਸਾਥੀ ਸ਼ਮੀਮ ਫੈਜ਼ੀ ਅਤੇ ਬੀਬੀ ਅਮਰਜੀਤ ਕੌਰ ਨੇ ਮੁਖਾਤਬ ਕੀਤਾ ਅਤੇ ਸਫਲ ਕਾਨਫਰੰਸ ਲਈ ਸੂਬੇ ਅਤੇ ਅੰਮਿ੍ਰਤਸਰ ਦੀ ਜ਼ਿਲਾ ਪਾਰਟੀ ਨੂੰ ਵਧਾਈ ਦਿਤੀ ਅਤੇ ਸਾਥੀਆਂ ਨੂੰ ਸੱਦਾ ਦਿਤਾ ਕਿ ਕੱਟੜ ਫਿਰਕੂ ਆਰ ਐਸ ਐਸ ਦੇ ਕੰਟਰੋਲ ਵਾਲੀ ਭਾਜਪਾਸਰਕਾਰ ਨੂੰ ਗੱਦੀ ਤੋਂ ਲਾਹੁਣ ਲਈ ਸੈਕੂਲਰ ਜਮਹੂਰੀ ਖੱਬੇ ਮੰਚ ਦੁਆਲੇ ਲੋਕਾਂ ਨੂੰ ਲਾਮਬੰਦ ਕਰਨ ਅਤੇ ਲੋਕਾਂ ਦੀਆਂ ਮੰਗਾਂ ਖਾਤਰ ਲੜਦੇ ਹੋਏ ਜੜ੍ਹ-ਪਧਰ ਤੇ ਸਰਗਰਮੀ ਕਰਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਵਿਸ਼ਾਲ ਕਰਨ।
ਕਮਿਊਨਿਸਟ ਪਾਰਟੀ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਸਾਥੀ ਪਾਰਟੀ ਦੇ ਸੰਦੇਸ਼ ਨੂੰ ਰਾਜ ਦੇ ਪਿੰਡਾਂ, ਸ਼ਹਿਰਾਂ ਤਕ ਲਿਜਾਣ ਲਈ ਉਤਸ਼ਾਹ ਭਰਪੂਰ ਹੋ ਕੇ ਕਾਫਲੇ ਬਣਾਉਂਦੇ ਆਪਣੀ ਮੰਜ਼ਲ ਵਲ ਚਲੇ ਗਏ .

Thursday, April 5, 2018

ਸੁਪਰੀਮ ਕੋਰਟ ਦਾ ਫੈਸਲਾ ਅਧਿਕਾਰ ਖੇਤਰ ਤੋੱ ਬਾਹਰਾ-CPI

Thu, Apr 5, 2018 at 6:14 PM
ਦੂਸਰੇ ਦਿਨ ਵੀ  ਦੇਸ਼ ਅਤੇ ਸੂਬੇ ਦੇ ਹਾਲਾਤਾਂ ਬਾਰੇ ਅਹਿਮ ਵਿਸ਼ਲੇਸ਼ਣ ਜਾਰੀ 
ਅੰਮਿ੍ਰਤਸਰ: 5 ਅਪਰੈਲ 2018: (ਕਾਮਰੇਡ ਸਕਰੀਨ ਬਿਊਰੋ):: 
ਜਦੋਂ ਖੱਬੀਆਂ ਧਿਰਾਂ ਦੇ ਸਿਰਕੱਢ ਆਗੂ ਵੀ ਇਹ  ਭਰਮ ਪਾਲੀ ਬੈਠੇ ਸਨ ਕਿ ਕਾਮਰੇਡ ਤਾਂ ਹੁਣ ਖਤਮ ਹੋ ਗਏ ਹਨ ਉਦੋਂ ਵੀ ਖੱਬੀਆਂ ਧਿਰਾਂ ਨੇ ਆਪਣੀ ਸੋਚ ਅਤੇ ਸ਼ਕਤੀ ਦਾ ਸ਼ਾਨਦਾਰ ਇਜ਼ਹਾਰ ਕੀਤਾ ਹੈ।  ਸੀਪੀਆਈ ਨੇ ਲਗਾਤਾਰ ਕਈ ਤਰਾਂ ਦੇ ਆਯੋਜਨ ਕਰਕੇ ਆਪਣੇ ਇਹਨਾਂ ਜੱਦੀ ਦੁਸ਼ਮਣਾਂ ਨੂੰ ਦੱਸਿਆ ਕਿ ਲੋਕ ਅਜੇ ਵੀ ਸਾਡੇ ਨਾਲ ਹਨ।  ਨੌਂਜਵਾਨਾਂ ਅਤੇ ਵਿਦਿਆਰਥੀਆਂ ਦਾ ਲੌਂਗ ਮਾਰਚ, ਲੁਧਿਆਣਾ ਦੀ ਰੈਲੀ ਅਤੇ ਹੁਣ ਅੰਮ੍ਰਿਤਸਰ ਦੀ ਇਤਿਹਾਸਿਕ ਧਰਤੀ 'ਤੇ ਤਿੰਨ ਦਿਨਾਂ ਕਾਨਫਰੰਸ ਆਪਣੇ ਆਪ ਵਿੱਚ ਦੱਸ ਰਹੀਆਂ ਹਨ ਕਿ ਸੀਪੀਆਈ ਲਾਲ ਫਰੇਰੇ ਦੀ ਸ਼ਕਤੀ ਨੂੰ ਇੱਕ ਵਾਰ ਫੇਰ ਪੁਨਰਗਠਿਤ ਕਰਨ ਲਈ ਸੰਕਲਪਸ਼ੀਲ ਹੈ। ਸੀਪੀਆਈ ਦੀ ਤਿੰਨ ਦਿਨਾਂ ਕਾਨਫਰੰਸ ਵਿੱਚ ਅਹਿਮ ਮੁੱਦੇ ਵਿਚਾਰੇ ਜਾ ਰਹੇ ਹਨ। ਮੀਡੀਆ ਦੀ ਹਾਲਤ, ਫਾਸ਼ੀਵਾਦ ਦੀਆਂ ਨਵੀਆਂ ਸਾਜ਼ਿਸ਼ਾਂ ਅਤੇ ਦਲਿਤਾਂ ਦੀ ਸਥਿਤੀ ਬਾਰੇ ਡੂੰਘਾ ਵਿਸ਼ਲੇਸ਼ਣ ਜਾਰੀ ਹੈ। ਇਸ ਮੌਕੇ ਪਾਰਟੀ ਦੀਆਂ ਸਿਰਕੱਢ ਸ਼ਖਸੀਅਤਾਂ ਇਸ ਬਹਿਸ ਵਿੱਚ ਸਰਗਰਮੀ ਨਾਲ ਭਾਗ ਲੈ ਰਹਿਣ ਹਨ। 
ਸੀਪੀਆਈ ਦੇ ਇਥੇ ਚਲ ਰਹੀ 23ਵੀਂ ਪੰਜਾਬ ਸੂਬਾ ਕਾਨਫਰੰਸ ਨੇ ਇਕ ਮਤਾ ਪਾਸ ਕਰਕੇ ਉਹਨਾਂ ਮਾਰਗ ਦਰਸ਼ਕ ਸੇਧਾਂ ਦੀ ਨਿਖੇਧੀ ਕੀਤੀ ਜਿਹਨਾਂ ਰਾਹੀਂ ਸੁਪਰੀਮ ਕੋਰਟ ਦੇ ਇਕ ਬੈਂਚ ਨੇ ਐਸਸੀ/ਐਸਟੀਕਾਨੂੰਨ ਨੂੰ ਨਰਮ ਕੀਤਾ ਜਾਵੇਗਾ। ਇਸ ਤੋੱ ਪਹਿਲਾਂ ਇਹਨਾਂ ਤਬਕਿਆਂ ਉਤੇ ਹੁੰਦੇ ਅਤਿਆਚਾਰ ਦੇ ਵਿਰੁਧ ਸਿਧੀ ਹੀ ਐਫ ਆਈ ਆਰ ਦਰਜ ਹੋ ਜਾਂਦੀ ਸੀ ਅਤੇ ਇਹ ਅਪਰਾਧਵੀ ਗੈਰ-ਜਮਾਨਤੀ ਘੇਰੇ ਵਿਚ ਆਉੱਦਾ ਸੀ। ਪਰ ਹੁਣ ਇਸ ਵਾਸਤੇ ਪਹਿਲਾਂ ਡੀਐਸਪੀ ਤੋੱ ਇਜਾਜ਼ਤ ਲੈਣੀ ਹੋਵੇਗੀ ਅਤੇ ਨਾਲ ਹੀ ਦੋਸ਼ੀ ਨੂੰ ਮੌਕੇ ਤੇ ਹੀ ਜ਼ਮਾਨਤ ਵੀ ਮਿਲ ਸਕਦੀ ਹੈ। ਕਾਨਫਰੰਸ ਸਮਝਦੀ ਹੈ ਕਿ 1989 ਦੇ ਕਾਨੂੰਨ ਵਿਚ ਤਰਮੀਮ ਕਰਨ ਦਾ ਹੱਕ ਸੰਸਦ ਦਾ ਹੈ ਪਰ ਸੁਪਰੀਮ ਕੋਰਟ ਦੇ ਦੋ ਮੈਂਬਰੀ ਬੈਂਚ ਨੇ ਆਪਣੇ ਅਧਿਕਾਰ ਖੇਤਰ ਤੋੱ ਬਾਹਰ ਜਾ ਕੇ ਇਸ ਮਹੱਤਵਪੂਰਨ ਕਾਨੂੰਨ ਨੂੰ ਪੇਤਲਾ ਕਰ ਦਿਤਾ ਹੈ। ਕਾਨਫਰੰਸ ਨੇ ਮੰਗ ਕੀਤੀ ਕਿ ਦੋਬਾਰਾ ਅਦਾਲਤ ਦਾ ਬੂਹਾ ਖੜਕਾਉਣ ਦੀ ਬਜਾਏ ਪਾਰਲੀਮੈਂਟ ਸਿਧਾ ਹੀ ਇਹਨਾਂ ਤਰਮੀਮਾਂ ਨੂੰ ਰੱਦ ਕਰ ਦੇਵੇ। ਮੋਦੀ ਦੇ ਰਾਜ ਮਗਰੋੱ ਦਲਿਤਾਂ ਅਤੇ ਆਦਿਵਾਸੀਆਂ ਉਤੇ ਅਤਿਆਚਾਰ ਵਧ ਗਏ ਹਨ। ਇਸ ਲਈ ਕਾਨੂੰਨ ਨੂੰ ਸਗੋੱ ਹੋਰ ਸਖਤ ਬਣਾਇਆ ਜਾਵੇ। ਇਸ ਤੋੱ ਇਲਾਵਾ ਨੌਕਰੀਆਂ ਵਿਚ ਰਿਜ਼ਰਵੇਸ਼ਨ ਪ੍ਰਾਈਵੇਟ ਸੈਕਟਰ ਵਿਚ ਵੀ ਲਾਗੂ ਕੀਤੀ ਜਾਵੇ।
ਸੀਪੀਆਈ ਦੀ 23ਵੀਂ ਕਾਨਫਰੰਸ ਕੱਲ ਇਥੇ ਕਾਮਰੇਡ ਭੂਪਿੰਦਰ ਸਾਂਬਰ ਵਲੋੱ ਲਾਲ ਝੰਡਾ ਲਹਿਰਾਏ ਜਾਣ ਨਾਲ ਸ਼ੁਰੂ ਹੋਈ। ਇਸ ਤੋੱ ਪਹਿਲਾਂ ਕਬੀਰ ਪਾਰਕ ਵਿਚ ਇਕ ਵਿਸ਼ਾਲ ਰੈਲੀ ਨੂੰ ਸੀਪੀਆਈ ਦੇ ਜਨਰਲ ਸਕੱਤਰ ਕਾਮਰੇਡ ਸੁਧਾਕਰ ਰੈਡੀ ਸਮੇਤ ਅਤੁਲ ਕੁਮਾਰ ਅਣਜਾਨ, ਅਮਰਜੀਤ ਕੌਰ ਕੌਮੀ ਆਗੂਆਂ ਅਤੇ ਸੂਬਾਈ ਆਗੂਆਂ ਹਰਦੇਵ ਅਰਸ਼ੀ, ਡਾਕਟਰ ਜੋਗਿੰਦਰ ਦਿਆਲ, ਜਗਰੂਪ ਸਿੰਘ, ਬੰਤ ਬਰਾੜ, ਨਿਰਮਲ ਸਿੰਘ ਧਾਲੀਵਾਲ ਅਤੇ ਅਰਮਜੀਤ ਆਸਲ ਨੇ ਮੁਖਾਤਬ ਕੀਤਾ ਸੀ।
ਕਾਨਫਰੰਸ ਦਾ ਉਦਘਾਟਨ ਰਾਜੂ ਪੈਲੇਸ ਵਿਚ ਕੌਮੀ ਜਨਰਲ ਸਕੱਤਰ ਸਾਥੀ ਸੁਧਾਕਰ ਰੈਡੀ ਨੇ ਪੰਜਾਬ ਪਾਰਟੀ ਦੀਆਂ ਕੁਰਬਾਨੀਆਂ ਅਤੇ ਸੰਘਰਸ਼ਾਂ ਦੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਸਲਾਮ ਕਰਦਿਆਂ ਕੀਤਾ।ਉਹਨਾਂ ਨੇ ਸਾਥੀਆਂ ਨੂੰ ਸੱਦਾ ਦਿਤਾ ਕਿ ਜ਼ਾਤਪਾਤੀ ਅਤੇ ਫਿਰਕੂ ਕਤਾਰਬੰਦੀ ਨੂੰ ਵਧਾ ਕੇ ਫਾਸ਼ੀਵਾਦ ਦਾ ਰਾਹ ਪਧਰਾ ਕਰਨ ਦੀਆਂ ਸੰਘ-ਪਰਿਵਾਰ ਦੀਆਂ ਘਿਨਾਉਣੀਆਂ ਸਾਜ਼ਸ਼ਾਂ ਨੂੰ ਪਛਾੜਣ ਲਈ ਇਕੱਠੇ ਹੋ ਕੇ ਮੈਦਾਨ ਵਿਚ ਨਿਤਰ ਆਉਣ। ਇਸ ਤੋੱ ਪਹਿਲਾਂ ਇਕ ਸ਼ੋਕ ਮਤੇ ਰਾਹੀਂ ਕਾਨਫਰੰਸ ਨੇ ਪਿਛਲੇ ਸਮੇੱ ਵਿਚ ਵਿਛੜੇ ਆਗੂਆਂ ਨੂੰ ਦੋ-ਮਿੰਟ ਮੋਨਧਾਰ ਕੇ ਸ਼ਰਧਾਂਜਲੀ ਪੇਸ਼ ਕੀਤੀ ਜਿਹਨਾਂ ਵਿਚ ਸ਼ਾਮਲ ਸਨ: ਕਿਊਬਾ ਦੇ ਪ੍ਰਧਾਨ ਫੀਡਲ ਕਾਸਟਰੋ, ਪਾਰਟੀ ਦੇ ਕੌਮੀ ਆਗੂ ਏ.ਬੀ. ਬਰਧਨ, ਰਮੇਸ਼ ਚੰਦਰ, ਪਰਬੋਧ ਪੰਡਾ, ਗਿਆ ਸਿੰਘ, ਬਦਰੀਨਾਥ ਨਰੈਣ, ਜਲਾਲੂਦੀਨ ਅੰਸਾਰੀ  ਅਤੇ ਸੂਬਾਈ ਆਗੂ ਜਗਜੀਤ ਸਿੰਘ ਅਨੰਦ, ਤੁਲਸੀਰਾਮ, ਰਾਜਕੁਮਾਰ, ਭਰਤਪ੍ਰਕਾਸ਼, ਗੰਧਰਵ ਸੈਨ ਕੋਛੜ, ਅਜਮੇਰ ਔਲਖ, ਪ੍ਰੋ. ਰਣਧੀਰ ਸਿੰਘ, ਗੁਰਨਾਮ ਧੀਰੋਵਾਲ, ਚੈਨ ਸਿੰਘ ਚੈਨ, ਬੀਬੀ ਬੀਰਾਂ, ਇਕਬਾਲ ਭਸੀਨ, ਮਾਤਾ ਚੰਦ ਕੌਰ, ਜਗਮੋਹਨ ਕੌਸ਼ਲ, ਕੈਲਾਸ਼ਵੰਤੀ, ਲਖਬੀਰ ਹਾਰਨੀਆਂ, ਗੁਰਦੀਪ ਸਿੰਘ, ਵਾਸਦੇਵ ਗਿੱਲ ਅਤੇ ਇਰਾਕ ਵਿਚ ਮਾਰੇ ਗਏ 39 ਭਾਰਤੀ ਅਤੇ ਪੰਜਾਬੀ ਅਤੇ ਬਹੁਤ ਹੋਰ ਸਾਰੇ ਸਾਥੀ।
ਕਾਮਰੇਡ ਹਰਦੇਵ ਸਿੰਘ ਅਰਸ਼ੀ ਸੂਬਾ ਸਕੱਤਰ ਨੇ  ਰਾਜਸੀ ਰਿਵਿਊ ਰਿਪੋਰਟ ਅਤੇ ਜਥੇਬੰਦਕ ਰਿਪੋਰਟ ਪੇਸ਼ ਕਰਦਿਆਂ ਪਾਰਟੀ ਦੀਆਂ ਸਰਗਰਮੀਆਂ ਅਤੇ ਅੰਦੋਲਨਾਂ ਨੂੰ ਉਭਾਰਿਆ, ਜਿਵੇੱ ਜੇਲ ਭਰੋ ਅੰਦੋਲਨ, ਨੌਜਵਾਨਾਂ ਦਾ ਲੌਂਗ ਮਾਰਚ, ਖੇਤ ਮਜ਼ਦੂਰਾਂ ਦੀ ਕੌਮੀ ਕਾਨਫਰੰਸ ਅਤੇ ਨਾਲ ਹੀ ਕਮਜ਼ੋਰੀਆਂ ਉਤੇ ਵੀ ਉੱਗਲ ਰੱਖੀ। ਉਹਨਾਂ ਨੇ ਸੂਬੇ ਦੀ ਰਾਜਸੀ ਅਤੇ ਆਰਥਿਕ ਪ੍ਰਸਥਿਤੀ ਦੀ ਚੀਰ-ਫਾੜ ਕੀਤੀ, ਖੇਤੀਬਾੜੀ ਅਤੇ ਉਦਯੋਗ ਦੇ ਸੰਕਟ ਨੂੰ, ਬੇਰੁਜ਼ਗਾਰੀ, ਮਹਿੰਗਾਈ, ਵਿਦਿਆ ਅਤੇ ਸਿਹਤ, ਪਾਣੀ, ਕਰਜ਼ ਆਦਿ ਬਹੁਤ ਸਾਰੇ ਵਿਸ਼ਿਆਂ ਦੀ ਡੂੰਘੀ ਪੁਣ-ਛਾਣ ਕੀਤੀ ਅਤੇ ਸੁਝਾਅ ਵੀ ਪੇਸ਼ ਕੀਤੇ। ਇਹਨਾਂ ਰਿਪੋਰਟਾਂ ਉਤੇ ਬਹਿਸ ਚਲ ਰਹੀ ਹੈ ਅਤੇ ਹੁਣ ਤਕ 25 ਤੋੱ ਵਧ ਬੁਲਾਰੇ ਆਪਣੇ ਵਿਚਾਰ ਪੇਸ਼ ਕਰ ਚੁਕੇ ਹਨ। ਖੇਤ ਮਜ਼ਦੂਰਾਂ ਬਾਰੇ ਮਤੇ ਵਿਚ ਉਹਨਾਂ ਦੀ ਨਰੇਗਾ ਕਾਮਿਆਂ ਦੀ ਅਤੇ ਉਸਾਰੀ ਕਾਮਿਆਂ ਦੀ ਹਾਲਤ ਉਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ ਅਤੇ ਉਹਨਾਂ ਲਈ ਵਧੇਰੇ ਕੰਮ, ਵਧੇਰੇ ਉਜਰਤ, ਪੈਨਸ਼ਨ, ਅਤੇ ਪ੍ਰਾਈਵੇਟ ਸੈਕਟਰ ਵਿਚ ਰਾਖਵੇੱਕਰਣ ਲਈ ਮੰਗ ਕੀਤੀ ਗਈ। ਇਸਤਰੀਆਂ ਬਾਰੇ ਮਤੇ ਵਿਚ ਉਹਨਾਂ ਉਤੇ, ਖਾਸ ਕਰਕੇ ਭਾਜਪਾ ਰਾਜ ਵਿਚ ਹੁੰਦੇ ਅਤਿਆਚਾਰਾਂ ਦੀ ਨਿਖੇਧੀ ਕੀਤੀ ਗਈ ਅਤੇ ਇਸਤਰੀਆਂ ਨੂੰ ਨਿਆਂ, ਬਰਾਬਰੀ, 33 ਫੀਸਦੀ ਰਾਖਵੇੱਕਰਣ ਦੀ ਪ੍ਰਾਪਤੀ ਲਈ ਸਾਂਝੇ ਘੋਲਾਂ ਦਾ ਸੱਦਾ ਦਿਤਾ ਗਿਆ।