Tuesday, April 24, 2018

CPM ਬਾਰੇ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਚੰਦ ਫਤਹਿਪੁਰੀ ਦੀ ਵਿਸ਼ੇਸ਼ ਲਿਖਤ

ਕਾਂਗਰਸ ਨਾਲ ਗੱਠਜੋੜ ਦੀ ਥਾਂ ਸੂਬਾਈ ਪੱਧਰ ਉੱਤੇ ਤਾਲਮੇਲ ਦੀ ਸੰਭਾਵਨਾ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਮਹਾਂਸੰਮੇਲਨ ਵੱਲੋਂ ਕਾਮਰੇਡ ਸੀਤਾ ਰਾਮ ਯੇਚੁਰੀ ਨੂੰ ਮੁੜ ਪਾਰਟੀ ਦਾ ਜਨਰਲ ਸਕੱਤਰ ਚੁਣ ਲਿਆ ਗਿਆ ਹੈ। 18 ਤੋਂ 22 ਅਪਰੈਲ ਤੱਕ ਹੋਏ ਇਸ ਮਹਾਂਸੰਮੇਲਨ ਵੱਲ ਦੇਸ਼ ਦੇ ਖੱਬੇ, ਜਮਹੂਰੀ ਤੇ ਧਰਮ ਨਿਰਪੱਖ ਲੋਕ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ। ਦੇਸ਼ ਵਿੱਚ ਫ਼ਿਰਕੂ ਫਾਸ਼ੀ ਤਾਕਤਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਅਗਾਂਹ ਵਧੂ ਹਲਕੇ ਇਹ ਮਹਿਸੂਸ ਕਰਨ ਲੱਗ ਪਏ ਸਨ ਕਿ ਖੱਬੀਆਂ ਜਮਹੂਰੀ ਤੇ ਧਰਮ ਨਿਰਪੱਖ ਪਾਰਟੀਆਂ ਦਾ ਇੱਕ ਮਜ਼ਬੂਤ ਗੱਠਜੋੜ ਹੀ ਭਾਜਪਾ ਦਾ ਮੁਕਾਬਲਾ ਕਰ ਸਕਦਾ ਹੈ। ਇਸ ਵਿੱਚ ਸਭ ਤੋਂ ਵੱਡੀ ਰੁਕਾਵਟ ਸੀ ਪੀ ਐਮ ਦਾ ਭਾਜਪਾ ਤੇ ਕਾਂਗਰਸ ਨੂੰ ਇੱਕੋ ਤੱਕੜੀ ਵਿੱਚ ਤੋਲਣ ਵਾਲਾ ਸਟੈਂਡ ਸੀ। ਇਸ ਸੰਦਰਭ ਵਿੱਚ ਇਹ ਮਹਾਂਸੰਮੇਲਨ ਸੀ.ਪੀ.ਐਮ. ਲਈ ਵੀ ਬੇਹੱਦ ਚਣੌਤੀਆਂ ਭਰਪੂਰ ਸੀ।
ਪਿਛਲੇ ਕੁਝ ਸਮੇਂ ਤੋਂ ਪਾਰਟੀ ਵਿੱਚ ਦੋ ਖੇਮੇ ਬਣ ਚੁੱਕੇ ਸਨ। ਸਾਬਕਾ ਜਨਰਲ ਸਕੱਤਰ ਪਰਕਾਸ਼ ਕਰਾਤ ਦਾ ਖੇਮਾ ਕਾਂਗਰਸ ਨਾਲ ਗੱਠਜੋੜ ਜਾਂ ਲੈ-ਦੇਹ ਦਾ ਕੱਟੜ ਵਿਰੋਧ ਸੀ। ਸੀਤਾ ਰਾਮ ਯੇਚੁਰੀ ਦਾ ਖੇਮਾ ਇਸ ਵਿਚਾਰ ਦਾ ਸਮੱਰਥਕ ਸੀ ਕਿ ਫ਼ਾਸ਼ੀ ਫ਼ਿਰਕੂ ਸ਼ਕਤੀਆਂ ਨੂੰ ਰੋਕਣ ਲਈ ਕਾਂਗਰਸ ਸਮੇਤ ਸਭ ਜਮਹੂਰੀ ਤਾਕਤਾਂ ਨਾਲ ਗੱਠਜੋੜ ਸਮੇਂ ਦੀ ਲੋੜ ਹੈ। ਪਾਰਟੀ ਦੇ ਅੰਦਰੂਨੀ ਮਤਭੇਦ ਉਸ ਵੇਲੇ ਉਭਰਕੇ ਸਾਹਮਣੇ ਆ ਗਏ ਜਦੋਂ ਬੀਤੀ 22 ਜਨਵਰੀ ਨੂੰ ਕੋਲਕਾਤਾ ਵਿੱਚ ਹੋਈ ਕੇਂਦਰੀ ਕਮੇਟੀ ਦੀ ਮੀਟਿੰਗ ਨੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਵੱਲੋਂ ਪੇਸ਼ ਕੀਤੇ ਰਾਜਸੀ ਮਤੇ ਨੂੰ 31 ਦੇ ਮੁਕਾਬਲੇ 55 ਵੋਟਾਂ ਨਾਲ ਹਰਾ ਦਿੱਤਾ। ਆਮ ਤੌਰ ਉੱਤੇ ਕਮਿਊਨਿਸਟ ਪਾਰਟੀਆਂ ਵਿੱਚ ਇਹ ਹੁੰਦਾ ਹੈ ਕਿ ਕਿਸੇ ਜਨਰਲ ਸਕੱਤਰ ਦਾ ਮਤਾ ਡਿੱਗ ਜਾਣ ਬਾਅਦ ਉਸ ਨੂੰ ਅਸਤੀਫ਼ਾ ਦੇਣਾ ਪੈਂਦਾ ਹੈ ਕਿਉਂਕਿ ਡੈਲੀਗੇਟ ਹਾਊਸ ਵਿੱਚ ਕੇਂਦਰੀ ਕਮੇਟੀ ਵੱਲੋਂ ਪਾਸ ਮਤਾ ਹੀ ਪੇਸ਼ ਹੋ ਸਕਦਾ ਹੈ। ਪਰ ਇਥੇ ਇਹ ਨਹੀਂ ਹੋਇਆ ਸਗੋਂ ਕੇਂਦਰੀ ਕਮੇਟੀ ਨੇ ਇਸ ਮਤੇ ਤੇ ਲੀਡਰਸ਼ਿਪ ਦਾ ਫ਼ੈਸਲਾ ਪਾਰਟੀ ਦੀ ਸਭ ਤੋਂ ਉੱਚੀ ਸੰਸਥਾ ਮਹਾਂਸੰਮੇਲਨ ਉੱਤੇ ਛੱਡ ਦਿੱਤਾ।
ਮਹਾਂ ਸੰਮੇਲਨ ਦੌਰਾਨ ਭਖਵੀਆਂ ਬਹਿਸਾਂ ਹੋਈਆਂ। ਇੱਕ ਦੂਜੇ ਉਤੇ ਤਿੱਖੇ ਇਲਜ਼ਾਮ ਵੀ ਲੱਗੇ। ਜਦੋਂ ਕੇਂਦਰੀ ਕਮੇਟੀ ਕਿਸੇ ਫ਼ੈਸਲੇ ਉੱਤੇ ਪੁੱਜਣ ਵਿੱਚ ਨਾਕਾਮ ਰਹੀ ਤਾਂ 16 ਡੈਲੀਗੇਟਾਂ ਨੇ ਮੰਗ ਕਰ ਦਿੱਤੀ ਕਿ ਰਾਜਸੀ ਲਾਈਨ ਉੱਤੇ ਹਾਊਸ ਵਿੱਚ ਗੁਪਤ ਮਤਦਾਨ ਕਰਵਾਇਆ ਜਾਵੇ।
ਇਸੇ ਦੌਰਾਨ ਪਰੈਸ ਵਿੱਚ ਇਹ ਚਰਚੇ ਸ਼ੁਰੂ ਹੋ ਗਏ ਕਿ ਸੀ ਪੀ ਐਮ ਵਿੱਚ ਦੁਫੇੜ ਪੈ ਸਕਦੀ ਹੈ। ਅਜਿਹੀ ਹਾਲਤ ਵਿੱਚ ਵੋਟਿੰਗ ਕਰਾਉਣਾ ਪਾਰਟੀ ਨੂੰ ਦੋਫ਼ਾੜ ਕਰਨ ਦੇ ਤੁੱਲ ਸੀ। ਡੈਲੀਗੇਟਾਂ ਵੱੱਲੋਂ ਵੋਟਿੰਗ ਦੀ ਮੰਗ ਤੋਂ ਬਾਅਦ ਦੋਵਾਂ ਖੇਮਿਆਂ ਨੇ ਵਿਚਕਾਰਲਾ ਰਾਹ ਕੱਢ ਲੈਣਾ ਬਿਹਤਰ ਸਮਝਿਆ। ਨਵੇਂ ਰਾਜਸੀ ਮਤੇ ਮੁਤਾਬਕ ਪਾਰਟੀ ਭਾਜਪਾ-ਆਰ ਐਸ ਐਸ ਦੀ ਫ਼ਿਰਕਾਪਰਸਤੀ ਤੇ ਤਾਨਾਸ਼ਾਹੀ ਨੂੰ ਹਾਰ ਦੇਣ ਲਈ ਕੰਮ ਕਰੇਗੀ। ਕਾਂਗਰਸ ਨਾਲ ਗੱਠਜੋੜ ਦੀ ਥਾਂ ਸੂਬਾਈ ਪੱਧਰ ਉੱਤੇ ਤਾਲਮੇਲ ਦੀ ਸੰਭਾਵਨਾ ਨੂੰ ਕਾਇਮ ਰੱਖਿਆ ਗਿਆ।
17 ਮੈਂਬਰੀ ਪੋਲਿਟ ਬਿਊਰੋ ਵਿੱਚ ਦੋ ਮੈਂਬਰ ਅਤੇ 95 ਮੈਂਬਰੀ ਕੇਂਦਰੀ ਕਮੇਟੀ ਵਿੱਚ 19 ਨਵੇਂ ਮੈਂਬਰ ਲਏ ਗਏ ਹਨ। ਇਸ ਨਾਲ ਭਾਵੇਂ ਦੋਵਾਂ ਖੇਮਿਆਂ ਦੇ ਤਵਾਜ਼ਨ ਵਿੱਚ ਬਹੁਤਾ ਅੰਤਰ ਨਹੀਂ ਪਿਆ, ਪਰ ਇਹ ਸੱਚਾਈ ਸਭ ਜਾਣਦੇ ਹਨ ਕਿ ਕਮਿਊਨਿਸਟ ਪਾਰਟੀਆਂ ਵਿੱਚ ਮਹਾਂਸੰਮੇਲਨ ਤੇ ਜਨਰਲ ਸਕੱਤਰ ਦੇ ਫ਼ੈਸਲਿਆਂ ਨੂੰ ਉੱਲਦ ਸਕਣਾ ਮੁਸ਼ਕਲ ਹੁੰਦਾ ਹੈ। ਸਮੁੱਚੇ ਤੌਰ ਉਤੇ ਮਹਾਂਸੰਮੇਲਨ ਵਿੱਚ ਕਾਮਰੇਡ ਸੀਤਾ ਰਾਮ ਯੇਚੁਰੀ ਕੁਝ ਘਾਟਾਂ ਵਾਧਿਆਂ ਨਾਲ ਆਪਣੀ ਰਾਜਸੀ ਲਾਈਨ ਪਾਸ ਕਰਾਉਣ ਵਿੱਚ ਕਾਮਯਾਬ ਹੋਏ ਹਨ। ਇਸ ਮਹਾਂਸੰਮੇਲਨ ਦੀ ਸਫ਼ਲਤਾ ਨੇ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੀ ਏਕਤਾ ਲਈ ਨਵੀਂਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਹੈ।
ਟੈਕਸਟ ਚੰਦ ਫਤਿਹਪੁਰੀ: ਤਸਵੀਰਾਂ ਕਾਮਰੇਡ ਸਕਰੀਨ ਦਾ ਨੈਟ ਡੈਸਕ 

No comments:

Post a Comment