Thursday, December 23, 2021

ਬੰਬ ਧਮਾਕਾ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਇਕ ਸਾਜ਼ਿਸ਼-ਸੀਪੀਆਈ

ਪੰਜਾਬ  ਦੋਖੀ ਅਤੇ ਦੇਸ਼ ਵਿਰੋਧੀ ਤਾਕਤਾਂ  ਦੀ ਗਿਣੀ ਮਿਥੀ ਸਾਜਿਸ਼ ਜਾਪਦੀ ਹੈ

ਲੁਧਿਆਣਾ: (ਐੱਮ ਐੱਸ ਭਾਟੀਆ//ਪਰਦੀਪ ਸ਼ਰਮਾ ਇਪਟਾ//ਕਾਮਰੇਡ ਸਕਰੀਨ):: 
ਭਾਰਤੀ ਕਮਿਊਨਿਸਟ ਪਾਰਟੀ ਦੀ ਲੁਧਿਆਣਾ ਇਕਾਈ ਨੇ ਲੁਧਿਆਣਾ ਵਿੱਚ ਹੋਏ ਬੰਬ ਧਮਾਕੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਬੇਅਦਬੀਆਂ ਦੀਆਂ ਘਟਨਾਵਾਂ, ਫਿਰ ਆਰੋਪੀਆਂ ਦੇ ਕਤਲ ਅਤੇ ਹੁਣ ਬੰਬ ਧਮਾਕਾ ਇਹ ਸਿਲਸਿਲਾ ਇੱਕ ਗਿਣੀ ਮਿੱਥੀ ਸਾਜ਼ਿਸ਼ ਜਾਪਦੀ ਹੈ। 

ਅੱਜ ਦੁਪਹਿਰੇ ਲੁਧਿਆਣੇ ਦੀਆਂ ਕਚਹਿਰੀਆਂ ਵਿਚ ਹੋਇਆ ਬੰਬ ਧਮਾਕਾ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਮਾਹੌਲ ਨੂੰ ਖ਼ਰਾਬ ਕਰਨ ਦੀ ਪੰਜਾਬ  ਦੋਖੀ ਅਤੇ ਦੇਸ਼ ਵਿਰੋਧੀ ਤਾਕਤਾਂ  ਦੀ ਇਕ ਗਿਣੀ ਮਿਥੀ ਸਾਜਿਸ਼ ਜਾਪਦੀ ਹੈ।  ਇਸ ਤੋਂ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਦਾ ਹੋਣਾ ਅਤੇ ਉਸ ਵਿਚ ਬੰਦਿਆਂ ਦਾ ਮਾਰਿਆ ਜਾਣਾ  ਬਹੁਤ ਹੀ ਚਿੰਤਾਜਨਕ ਹੈ । ਜਿਵੇਂ ਜਿਵੇਂ ਪੰਜਾਬ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਉਵੇਂ ਉਵੇਂ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦੀਆਂ  ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਲੁਧਿਆਣਾ ਜ਼ਿਲ੍ਹਾ ਦੇ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਡੀ ਪੀ ਮੌੜ , ਡਾ ਅਰੁਣ ਮਿੱਤਰਾ, ਚਮਕੌਰ ਸਿੰਘ, ਰਮੇਸ਼ ਰਤਨ, ਐਮ ਐਸ ਭਾਟੀਆ  ਅਤੇ ਵਿਜੈ ਕੁਮਾਰ ਨੇ ਇੱਥੇ ਜਾਰੀ ਇਕ ਬਿਆਨ ਵਿੱਚ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਅਤੇ   ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿਰੋਧੀ ਤਾਕਤਾਂ ਦੇ ਬਹਿਕਾਵੇ ਵਿਚ ਨਾ ਆਉਣ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ। ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਕਿਸਾਨਾਂ ਨੇ ਲੰਮੇ ਸੰਘਰਸ਼ ਤੋਂ ਬਾਅਦ ਅਮਨ ਸ਼ਾਂਤੀ ਨਾਲ ਅੰਦੋਲਨ ਜਿੱਤਿਆ ਹੈ  ਜਿਸ ਦੀ ਜਿੱਤ ਨੂੰ ਧੁੰਦਲਾ ਕਰਨ ਲਈ ਇਹੋ ਜਿਹੀਆਂ  ਕੋਝੀਆਂ ਹਰਕਤਾਂ ਦੀ ਸਹਾਇਤਾ ਦੇਸ਼ ਵਿਰੋਧੀ ਤਾਕਤਾਂ ਵੱਲੋਂ ਲਈ ਜਾ ਰਹੀ ਹੈ।

Wednesday, December 1, 2021

ਕਾਮਰੇਡ ਸੁਭਾਸ਼ ਬ੍ਰੇਨ ਹੈਮਰੇਜ ਤੋਂ ਬਾਅਦ ਵੈਂਟੀਲੇਟਰ ਤੇ

ਸਾਰੀ ਉਮਰ ਏਟਕ ਅਤੇ ਪਾਰਟੀ ਦੇ ਲੇਖੇ ਲਾਉਣ ਵਾਲੇ ਸਾਥ ਸੁਭਾਸ਼ ਨੂੰ ਬਚਾਈਏ

ਸਾਥੀ ਜੀ,

ਕਾਮਰੇਡ ਸੁਭਾਸ਼ ਚੰਦਰ, ਜੋ ਪਾਰਟੀ ਦੇ ਜ਼ਿਲ੍ਹਾ ਕੌਂਸਲ ਦੇ ਮੈਂਬਰ ਹਨ ਅਤੇ ਏਟਕ ਲੁਧਿਆਣਾ  ਦੇ ਸਕੱਤਰ ਵੀ ਹਨ, ਉਨ੍ਹਾਂ ਨੂੰ ਬਰੇਨ ਹੈਮਰੇਜ ਹੋ ਗਿਆ ਹੈ। ਮਤਲਬ ਕਿ ਉਹਨਾਂ ਦੇ ਦਿਮਾਗ ਵਾਲੀ ਖ਼ੂਨ ਦੀ ਨਾੜੀ ਫਟ ਗਈ ਹੈ। ਹੁਣ ਉਹ ਸੱਗੂ ਚੌਂਕ ਨੇੜੇ ਸਥਿਤ ਨਿਊਰੋ ਸਿਟੀ ਹਸਪਤਾਲ ਦੇ ਈ ਸੀ ਯੂ  ਵਾਰਡ ਵਿੱਚ ਵੈਂਟੀਲੇਟਰ ਤੇ ਹਨ। ਇਹ ਖਬਰ ਸਿਰਫ ਉਹਨਾਂ ਦੇ ਪਰਿਵਾਰ ਅਤੇ ਹੋਰ ਸਾਕ ਸਬੰਧੀਆਂ ਲਈ ਹੀ ਚਿੰਤਾਜਨਕ ਨਹੀਂ ਬਲਕਿ ਲੋਕਾਂ ਦੇ ਭਲੇ ਨਾਲ ਜੁੜੀਆਂ ਹੋਈਆਂ ਸਮੂਹ ਖੱਬੀਆਂ ਧਿਰਾਂ ਲਈ ਵੀ ਚਿੰਤਾਜਨਕ ਹੈ। ਖੱਬੀਆਂ ਧਿਰਾਂ ਵੱਲੋਂ ਚਲਾਈਆਂ ਜਾਂਦੀਆਂ ਮੁਹਿੰਮਾਂ ਲਈ  ਸੁਭਾਸ਼ ਵਰਗੇ ਕਾਮਰੇਡ ਛੋਟੇ ਅਹੁਦਿਆਂ ਤੇ ਹੋ ਕੇ ਵੀ ਬੜੇ ਕੰਮ ਦੇ ਹੁੰਦੇ ਹਨ। ਅਹੁਦਿਆਂ ਦੀ ਲਾਲਸਾ ਬਿਨਾ ਕੰਮ ਕਰਨ ਵਾਲੇ ਵਿਰਲੇ ਇਨਸਾਨਾਂ ਵਿੱਚੋਂ ਇੱਕ ਹੈ ਕਾਮਰੇਡ ਸੁਭਾਸ਼। ਇਕੱਕ ਅਜਿਹਾ ਵਿਅਕਤੀ ਜਿਸਨੇ ਕਦੇ ਆਪਣੀਆਂ ਕਮੀਆਂ ਨੂੰ ਲੁਕਾਉਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ। 

ਹੁਣ ਉਹ ਬੈਡ ਤੇ ਹੈ। ਹਸਪਤਾਲ ਦਾ ਬੈਡ ਉਸਨੂੰ ਆਸਰਾ ਦੇ ਰਿਹਾ ਹੈ ਕਿ ਸ਼ਾਇਦ ਉਹ ਜਲਦੀ ਠੀਕ ਹੋ ਜਾਵੇ ਪਰ ਉਹ ਤਾਂ ਬੇਹੋਸ਼ ਹੈ। ਉਸਦੇ ਇਲਾਜ ਦੀਆਂ ਕੋਸ਼ਿਸ਼ਾਂ ਜਾਰੀ ਹਨ। 

ਹਰ ਰੋਜ਼ ਦਾ ਖਰਚਾ ਘੱਟੋ ਘੱਟ ਵੀਹ ਹਜ਼ਾਰ ਰੁਪਏ ਹੈ।  ਸਾਥੀ  ‌ਸੁਭਾਸ਼ ਨੇ ਆਪਣਾ ਸਾਰਾ ਜੀਵਨ ਏਟਕ ਵਿੱਚ ਤਨਦੇਹੀ ਤੇ ਈਮਾਨਦਾਰੀ ਨਾਲ ਹੋਲ ਟਾਈਮਰ ਦੇ ਤੌਰ ਤੇ ਲਗਾਇਆ ਹੈ। ਇਸ ਔਖੇ ਵੇਲੇ ਵਿਚ ਸਾਡਾ ਫ਼ਰਜ਼ ਬਣਦਾ ਹੈ  ਕਿ ਅਸੀਂ ਉਨ੍ਹਾਂ ਦੀ ਸਹਾਇਤਾ ਕਰੀਏ। ਉਸਨੇ ਹਰ ਨਿੱਕੇ ਵੱਡੇ ਕੰਮ ਤੋਂ ਕਦੇ ਸੰਕੋਚ ਨਹੀਂ ਸੀ ਕੀਤਾ। ਜੋ ਵੀ ਡਿਊਟੀ ਲੱਗੀ ਉਸਨੇ ਪੂਰੀ ਤਰ੍ਹਾਂ ਨਿਭਾਈ। ਨਵੀਆਂ ਥਾਵਾਂ, ਨਵੇਂ ਹਾਲਾਤ, ਨਵੇਂ ਮਸਲੇ ਉਹ ਬੜੀ ਛੇਤੀ ਹੀ ਇਹਨਾਂ ਸਭਨਾਂ ਨਾਲ ਇੱਕਮਿੱਕ ਜਿਹਾ ਹੋ ਕੇ ਮੁਸਕਰਾਉਂਦਾ ਹੋਇਆ ਨਜਿੱਠਦਾ ਅਤੇ ਆ ਕੇ ਦੱਸਦਾ ਕਿ ਕੰਮ ਪੂਰਾ ਹੋ ਗਿਆ ਹੈ। ਹੁਣ ਨਵੀਂ ਡਿਊਟੀ ਦੱਸੋ। ਹੁਣ ਉਹ ਖੁਦ ਸੰਕਟ ਵਿੱਚ ਹੈ। 

ਸੋ ਹਰ ਸਾਥੀ ਆਪਣੇ ਵਿੱਤ ਮੁਤਾਬਕ ਸਹਾਇਤਾ ਦੇਣ  ਲਈ ਕਾਮਰੇਡ ਐਮ ਐਸ ਭਾਟੀਆ ਨੂੰ  ਸੰਪਰਕ ਕਰ ਸਕਦੇ ਹਨ। ਇਹ ਬਿਆਨ ਜ਼ਿਲਾ ਸਕੱਤਰ ਕਾਮਰੇਡ ਡੀ ਪੀ ਮੌੜ ਵੱਲੋਂ ਜਾਰੀ ਕੀਤਾ ਗਿਆ ਹੈ। ਬਹੁਤ ਹੀ ਸਾਦਗੀ ਅਤੇ ਗਰੀਬੀ ਭਰੀ ਜ਼ਿੰਦਗੀ ਵਿੱਚ ਜੀਊ ਕੇ ਵੀ ਸਾਥੀ ਸੁਭਾਸ਼ ਨੇ ਮਜ਼ਦੂਰਾਂ ਨੂੰ ਉਹਨਾਂ ਦੇ ਮੁਆਵਜ਼ੇ ਦੁਆਉਣ ਲਈ ਹੁੰਦੀਆਂ ਰਹੀਆਂ ਕੋਸ਼ਿਸ਼ਾਂ ਵਿੱਚ ਯੋਗਦਾਨ ਪਾਇਆ ਪਰ ਕਦੇ ਵੀ ਖੁਦ ਇਸਦਾ ਕੋਈ ਵੀ ਨਜਾਇਜ਼ ਫਾਇਦਾ ਨਹੀਂ ਉਠਾਇਆ। ਹੁਣ ਸਾਡੇ ਸਭਨਾਂ ਦਾ ਫਰਜ਼ ਹੈ ਕਿ ਅਸੀਂ ਆਪਣੇ ਇਸ ਸਰਗਰਮ ਅਤੇ ਇਮਾਨਦਾਰ ਸਾਥੀ ਦੀ ਸਹਾਇਤਾ ਲਈ ਅੱਗੇ ਆਈ। ਜਿਸ ਕੋਲੋਂ ਜੋ ਵੀ ਸਰਦਾ ਹੈ ਉਹ ਪਾਰਟੀ ਨਾਲ ਸੰਪਰਕ ਕਰੇ। 

ਇਸ ਮਕਸਦ ਲਈ ਭਾਟੀਆ ਜੀ ਦਾ ਨੰਬਰ ਹੈ-+91 99884 91002 ਅਤੇ +91 83608 94301

Sunday, November 28, 2021

ਇਹਨਾਂ ਨੂੰ ਸ਼ਹੀਦ ਕਿਸਾਨਾਂ ਦੇ ਲਹੂ ਨੇ ਆਵਾਜ਼ ਦਿੱਤੀ ਹੈ

ਨੌਜਵਾਨ ਮੁੰਡੇ ਕੁੜੀਆਂ ਵੀ ਵੱਧ ਚੜ੍ਹ ਕੇ ਸ਼ਾਮਲ ਹੋਏ 


ਲੁਧਿਆਣਾ
: 28 ਨਵੰਬਰ 2021: (ਕਾਮਰੇਡ ਸਕਰੀਨ ਟੀਮ):: 

ਲੁਧਿਆਣਾ ਦੀ 28 ਵਾਲੀ ਕਾਰਪੋਰੇਟ ਭਜਾਓ ਰੈਲੀ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਮੈਂਬਰ ਅਤੇ ਅਹੁਦੇਦਾਰ ਵੀ ਵੱਧ ਚੜ੍ਹ ਕੇ ਪਹੁੰਚੇ। ਇਹ ਸਾਰੇ ਕੁੱਛੜ ਚੁੱਕੇ ਹੋਏ ਛੋਟੇ ਛੋਟੇ ਬੱਚਿਆਂ ਸਮੇਤ ਸਰਦੀਆਂ ਦੇ ਕਹਿਰ ਦਾ ਸਾਹਮਣਾ ਕਰਦੇ ਹੋਏ ਦੂਰੋਂ ਦੂਰੋਂ ਇਸ ਰੈਲੀ ਵਿੱਚ ਪੁੱਜੇ ਹੋਏ ਸਨ। ਇਹਨਾਂ ਵਿੱਚ ਕਰਮਵੀਰ ਬੱਧਨੀ ਆਪਣੇ ਪਰਿਵਾਰ ਅਤੇ ਸਾਥਣਾਂ ਸਮੇਤ ਆਈ ਹੋਈ ਸੀ। ਕੁੱਛੜ ਆਪਣੀ ਛੋਟੀ ਜੀ ਧੀ ਚੁੱਕੀ ਹੋਈ ਸੀ। 

ਮੋਗਾ ਵਾਲੇ ਪਾਸਿਓਂ ਫੈਡਰੇਸ਼ਨ ਦੀ ਕੌਮੀ ਗਰਲਜ਼ ਕਨਵੀਨਰ ਕਰਮਵੀਰ ਬੱਧਨੀ ਦੇ ਨਾਲ ਨਵਕਿਰਨ ਕੌਰ ਮੋਗਾ, ਗਗਨਦੀਪ ਕੌਰ, ਸਿਮਰਜੀਤ ਕੌਰ, ਲਵਪ੍ਰੀਤ ਕੌਰ, ਜਸਪ੍ਰੀਤ ਬੱਧਨੀ ਅਤੇ ਹੋਰ ਵੀ ਸ਼ਾਮਲ ਸਨ ਪਰ ਸਰੋਤਿਆਂ ਵਿੱਚ ਜਾ ਚੁੱਕੇ ਸਨ। ਬੱਧਨੀ ਨੇ ਦੱਸਿਆ ਕਿ ਇੱਕ ਛੋਟੀ ਜਿਹੀ ਖੜੋਤ ਤੋਂ ਬਾਅਦ ਹੁਣ ਮੁੰਡੇ ਕੁੜੀਆਂ ਇੱਕ ਵਾਰ ਫੇਰ AISF ਅਤੇ AIYF ਵੱਲ ਖਿੱਚੇ ਚਲੇ ਆ ਰਹੇ ਹਨ। ਇਹਨਾਂ ਨੂੰ ਇੱਕ ਵਾਰ ਫੇਰ ਕਾਰਲ ਮਾਰਕਸ ਨੇ ਆਵਾਜ਼ ਦਿੱਤੀ ਹੈ। ਲੈਨਿਨ ਨੇ ਆਵਾਜ਼ ਦਿੱਤੀ ਹੈ। ਇਹਨਾਂ ਨੂੰ ਸ਼ਹੀਦ ਕਿਸਾਨਾਂ ਦੇ ਲਹੂ ਨੇ ਆਵਾਜ਼ ਦਿੱਤੀ ਹੈ ਅਸੀਂ ਤਾਂ ਸਿਰਫ ਮਾਧਿਅਮ ਬਣੇ ਹਨ। ਅਸੀਂ ਸਿਰਫ ਮੰਚ ਪ੍ਰਦਾਨ ਕੀਤਾ ਹੈ। ਇਹਨਾਂ ਦੇ ਅੰਦਰ ਜੋ ਰੌਸ਼ਨੀ ਜਾਗੀ ਹੈ ਉਹ ਮਾਰਕਸਵਾਦ ਦੀ ਹੈ। ਇਹਨਾਂ ਦੇ ਅੰਦਰ ਜਿਹੜੀ ਅੱਗ ਬਲ ਰਹੀ ਹੈ ਉਹ ਲੋਕਾਂ ਨਾਲ ਪ੍ਰੇਮ ਦੀ ਹੈ। ਲੁੱਟਖਸੁੱਟ ਕਰਨ ਵਾਲਿਆਂ ਦੇ ਖਿਲਾਫ ਵਿਧੇ ਹੋਏ ਸੰਘਰਸ਼ਾਂ ਦੀ ਹੈ। ਸਾਡੀ ਜਿੱਤ ਇਹਨਾਂ ਨੇ ਹੀ ਯਕੀਨੀ ਬਣਾਉਣੀ ਹੈ। ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦਾ ਲਹੂ ਅੰਜਾਈ ਨਹੀਂ ਜਾਏਗਾ। ਇਸ ਦੁਨੀਆ ਨੂੰ ਅਸੀਂ ਕਾਰਪੋਰੇਟਾਂ ਤੋਂ ਮੁਕਤ ਕਰਵਾ ਕੇ ਹੀ ਸਾਹ ਲਵਾਂਗੇ। ਖੇਤੀ ਕਾਨੂੰਨਾਂ ਦੀ ਵਾਪਿਸੀ ਦਾ ਐਲਾਨ ਤਾਂ ਇੱਕ ਪੜਾਅ ਹੈ -ਜੰਗ ਅਜੇ ਜਾਰੀ ਰਹੇਗੀ। 

ਇਸੇ ਤਰ੍ਹਾਂ ਫਾਜ਼ਿਲਕਾ ਤੋਂ ਖਰਾਤ ਨਾਮ ਦਾ ਨੌਜਵਾਨ ਆਪਣੀ ਪਤਨੀ ਅਤੇ ਛੋਟੇ ਜਿਹੇ ਬੱਚੇ ਸਮੇਤ ਪਹੁੰਚਿਆ ਹੋਇਆ ਸੀ। ਇਹ ਨੌਜਵਾਨ ਗਿਆਰਾਂ ਸਾਲ ਤੱਕ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿੱਚ ਪੂਰੀ ਤਰ੍ਹਾਂ ਸਰਗਰਮ ਰਿਹਾ। ਪੜ੍ਹਾਈ ਮੁੱਕਣ ਤੋਂ ਬਾਅਦ ਇਹ ਨੌਜਵਾਨ ਕਿਸੇ ਹੋਰ ਫੀਲਡ ਵਿੱਚ ਆ ਗਿਆ। ਇਹ ਦੱਸਦਾ ਹੈ ਉਹ ਸੰਘਰਸ਼ਾਂ ਵਾਲਾ ਸਮਾਂ ਅੱਜ ਵੀ ਯਾਦ ਆਉਂਦਾ ਹੈ ਅਤੇ ਸਾਨੂੰ ਨਵੀਂ ਸ਼ਕਤੀ ਦੇ ਜਾਂਦਾ ਹੈ। 

“ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ’’ ਮਹਾਂਰੈਲੀ ਜ਼ਬਰਦਸਤ ਰਹੀ

 ਲਾਲ ਝੰਡਿਆਂ ਦਾ ਸਮੁੰਦਰ ਹੀ ਲਹਿਰ ਰਿਹਾ ਸੀ ਅੱਜ ਲੁਧਿਆਣਾ ਵਿੱਚ 


ਲੁਧਿਆਣਾ
: 28 ਨਵੰਬਰ 2021: (ਕਾਮਰੇਡ ਸਕਰੀਨ ਟੀਮ)::

‘‘ਸਾਰੇ ਮਿਹਨਤਕਸ਼ ਵਰਗਾਂ ਦੇ ਏਕੇ ਅਤੇ ਲਹੂ ਵੀਟਵੇਂ ਸੰਘਰਸ਼ਾਂ ਰਾਹੀਂ ਹੀ ਮੋਦੀ ਸਰਕਾਰ ਦੀਆਂ ਲੋਕ ਮਾਰੂ-ਦੇਸ਼ ਵਿਰੋਧੀ ਨੀਤੀਆਂ ਅਤੇ ਫਿਰਕੂ-ਫਾਸ਼ੀ ਫੁੱਟ ਪਾਊ ਤਾਕਤਾਂ ਦੇ ਦੇਸ਼ ਵਿਰੋਧੀ ਮਨਸੂਬਿਆਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ। ਸਾਲ ਭਰ ਤੋਂ ਦਿੱਲੀ ਦੀਆਂ ਜੂਹਾਂ ’ਤੇ ਜਾਰੀ ਸਰਵ ਸਾਂਝੇ ਕਿਸਾਨ ਸੰਘਰਸ਼ ਸਦਕਾ ਹਿਟਲਰੀ ਸੋਚ ’ਤੇ ਚਲਦੀ ਮੋਦੀ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਹੋਣ ਤੋਂ ਇਸ ਤੱਥ ਦੀ ਪੁਸ਼ਟੀ ਹੋ ਗਈ ਹੈ।’’

ਇਹ ਗੱਲ ਸਥਾਨਕ ਗਿੱਲ ਰੋਡ ’ਤੇ ਪੈਂਦੀ ਅਨਾਜ ਮੰਡੀ ਵਿਖੇ “ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ’’ ਮਹਾਂਰੈਲੀ ਵਿੱਚ ਪੁੱਜੇ ਹਜਾਰਾਂ ਮਿਹਨਤਕਸ਼ਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ “ਪੰਜਾਬ ਬਚਾਓ ਸੰਯੁਕਤ ਮੋਰਚਾ’’ ਦੇ ਆਗੂਆਂ ਨੇ ਕਹੀ। 

ਕਿਸਾਨ ਅੰਦੋਲਨ ਦੇ ਨਾਇਕ ਵੱਜੋਂ ਉਭਰੇ ਬਲਬੀਰ ਸਿੰਘ ਰਾਜੇਵਾਲ ਅਤੇ ਹੋਰਨਾਂ ਸੀਨੀਅਰ ਲੀਡਰਾਂ ਨੇ ਅੱਜ ਦਾਣਾ ਮੰਡੀ ਵਿੱਚ ਹੋਈ ਰੈਲੀ ਵਿੱਚ ਲੋਕਾਂ ਦੇ ਜੋਸ਼ ਅਤੇ ਉਮਾਹ ਨੂੰ ਦੇਖ ਕੇ ਖੁਸ਼ੀਆਂ ਦਾ ਪ੍ਰਗਟਾਵਾ ਵੀ ਕੀਤਾ ਗਿਆ ਅਤੇ ਅੰਤਿਮ ਜਿੱਤ ਤੱਕ ਅੰਦੋਲਨ ਜਾਰੀ ਰੱਖਣ ਦਾ ਸੰਕਲਪ ਦੀ ਦੁਹਰਾਇਆ ਗਿਆ।

ਸੂਬੇ ਦੀਆਂ ਟਰੇਡ ਯੂਨੀਅਨਾਂ, ਖੇਤ ਮਜ਼ਦੂਰ ਤੇ ਕਿਸਾਨ ਜੱਥੇਬੰਦੀਆਂ, ਸੂਬਾਈ ਕਰਮਚਾਰੀ ਫੈਡਰੇਸ਼ਨਾਂ, ਰੇਲਵੇ ਤੇ,ਬੀਐਸ ਐਨ ਐਲ ਸਮੇਤ ਕੇਂਦਰੀ ਮੁਲਾਜ਼ਮ ਸੰਗਠਨਾਂ, ਟਰਾਂਸਪੋਰਟ ਤੇ ਬਿਜਲੀ ਕਾਮਿਆਂ ਦੀਆਂ ਜੱਥੇਬਸ਼ਦੀਆਂ, ਯੁਵਕ- ਵਿਦਿਆਰਥੀ ਤੇ ਇਸਤਰੀ ਸਭਾਵਾਂ ’ਤੇ ਆਧਾਰਿਤ ਉਕਤ ‘ਮੋਰਚਾ’ ਕਿਸਾਨ ਸੰਘਰਸ਼ ਚੋਂ ਉਪਜੀ ਜਮਹੂਰੀ ਚੇਤਨਾ ਤੇ ਸੰਘਰਸ਼ੀ ਭਾਵਨਾ ਨੂੰ ਹੋਰ ਤਿਖੇਰੀ ਤੇ ਪਰਪੱਕ ਕਰਦਿਆਂ ਲੋਟੂ ਨਿਜ਼ਾਮ ਤੋਂ ਕਿਰਤੀਆਂ ਦੀ ਬੰਦ ਖਲਾਸੀ ਦੇ ਸੰਗਰਾਮਾਂ ਦੀ ਉਸਾਰੀ ਕਰਨ ਵੱਲ ਸਾਬਤ ਕਦਮੀਂ ਅੱਗੇ ਵਧੇਗਾ।

ਬੁਲਾਰਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੋਕਾਂ ਦੀਆਂ ਦੁਸ਼ਵਾਰੀਆਂ ’ਚ ਅੰਤਾਂ ਦਾ ਵਾਧਾ ਕਰਨ ਵਾਲੀਆਂ ਕਾਰਪੋਰੇਟ ਤੇ ਸਾਮਰਾਜ ਪੱਖੀ ਨੀਤੀਆਂ ਦੇ ਪੈਰੋਕਾਰ, ਧਰਮ ਨਿਰਪੱਖਤਾ ਪ੍ਰਤੀ ਸਮਝੌਤਾਵਾਦੀ ਪਹੁੰਚ ਅਪਣਾ ਕੇ ਫਿਰਕੂ-ਫਾਸਿਸਟ ਤਾਕਤਾਂ ਸਾਹਵੇਂ ਗੋਡੇ ਟੇਕ ਦੇਣ ਵਾਲੇ ਅਤੇ ਝੂਠੇ ਲਾਰਿਆਂ ਤੇ ਫੋਕੇ ਵਾਅਦਿਆਂ ਦੇ ਆਸਰੇ ਸੱਤਾ ਪ੍ਰਾਪਤੀ ਲਈ ਤਰਲੋ ਮੱਛੀ ਹੋ ਰਹੇ ਰਾਜਸੀ ਦਲਾਂ ਤੋਂ ਲੋਕ ਭਲਾਈ ਦੀ ਆਸ ਉੱਕਾ ਹੀ ਨਹੀਂ ਕੀਤੀ ਜਾਣੀ ਚਾਹੀਦੀ। ਇਹ ਮੋਰਚਾ ਇਸ ਸੱਚਾਈ ਤੋਂ ਜਨ ਸਮੂਹਾਂ ਨੂੰ ਜਾਗਰੂਕ ਕਰਕੇ ਪ੍ਰਾਂਤ ਅੰਦਰ ਲੋਕ ਹਿਤਾਂ ਦੀ ਰਾਖੀ ਦੇ ਘੋਲ ਉਸਾਰਨ ਲਈ ਹਰ ਸੰਭਵ ਯਤਨ ਕਰੇਗਾ।

ਉਨ੍ਹਾਂ ਕਿਹਾ ਕਿ ਸੰਵਿਧਾਨਕ ਸੰਸਥਾਵਾਂ, ਸੁਤੰਤਰਤਾ ਸੰਗਰਾਮ ਦੀ ਪ੍ਰੇਰਣਾ ਸਦਕਾ ਸਿਰਜੀਆਂ ਗਈਆਂ ਲੋਕ ਰਾਜੀ ਤੇ ਫੈਡਰਲ ਕਦਰਾਂ-ਕੀਮਤਾਂ ਅਤੇ ਭਾਈਚਾਰਕ ਸਾਂਝ ਦੀ ਰਾਖੀ ਦਾ ਸੰਗਰਾਮ ਮਿਹਨਤੀ ਤਬਕਿਆਂ ਦੇ ਫੈਸਲਾਕੁੰਨ ਸੰਘਰਸ਼ਾਂ ਤੋਂ ਬਗੈਰ ਜਿੱਤਿਆ ਜਾਣਾ ਅਸਲੋਂ ਹੀ ਅਸੰਭਵ ਹੈ।

ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ, ਪੀਣ ਵਾਲੇ ਸਵੱਛ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਤੋਂ ਵਾਂਝਿਆ ਕਰਕੇ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਬੇਲਗਾਮ ਵਾਧੇ ਰਾਹੀਂ ਕੰਗਾਲ ਕਰਨ ਵਾਲੀਆਂ, ਜਨਤਕ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਅਡਾਨੀ-ਅੰਬਾਨੀ ਜਿਹੇ ਕਾਰਪੋਰੇਟਾਂ ਤੇ ਉਹਨਾਂ ਦੇ ਸਾਮਰਾਜੀ ਜੋਟੀਦਾਰਾਂ ਦੇ ਹਵਾਲੇ ਕਰਨ ਵਾਲੀਆਂ, ਲੋਕਾਈ ਨੂੰ ਜਲ-ਜੰਗਲ-ਜਮੀਨ ਤੋਂ ਵਿਰਵੇ ਕਰਨ ਵਾਲੀਆਂ, ਕਿਰਤ ਕਾਨੂੰਨਾਂ ਦਾ ਖਾਤਮਾ ਕਰਕੇ ਮਨੁੱਖੀ ਤੇ ਸੰਵਿਧਾਨਕ ਅਧਿਕਾਰਾਂ ਦਾ ਘਾਣ ਕਰਨ ਵਾਲੀਆਂ,  ਨਿੱਜੀਕਰਨ-ਉਦਾਰੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਨੂੰ ਭਾਂਜ ਦਿੱਤੇ ਬਗੈਰ ਭਾਰਤੀ ਆਵਾਮ ਰੱਜਵੀਂ ਰੋਟੀ ਖਾਕੇ ਸੁਖ-ਆਰਾਮ ਦੀ ਨੀਂਦ ਨਹੀਂ ਸੌਂ ਸਕਦੇ।

ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਚੌਤਰਫਾ ਨਾਕਾਮੀਆਂ ਅਤੇ ਖੇਤੀ, ਦਰਮਿਆਨੇ ਤੇ ਛੋਟੇ ਉਦਯੋਗਾਂ ਤੇ ਵਿਉਪਾਰ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਖਿਲਾਫ ਦੇਸ਼ ਭਰ ਵਿੱਚ ਉੱਠ ਰਹੇ ਜਨ ਸੰਘਰਸ਼ਾਂ ਨੂੰ ਲੀਹੋਂ ਲਾਹੁਣ ਲਈ ਅਤੇ ਲੋਕਾਈ ਨੂੰ ਸਾਮਰਾਜੀ ਤੇ ਕਾਰਪੋਰੇਟਾਂ ਦੇ ਹਿਤਾਂ ਦੀ ਰਾਖੀ ਲਈ ਘੜੀਆਂ ਗਈਆਂ ਨੀਤੀਆਂ ਖਿਲਾਫ ਸੰਘਰਸ਼ਾਂ ’ਚ ਸ਼ਾਮਲ ਹੋਣੋਂ ਰੋਕਣ ਲਈ ਫਿਰਕੂ ਧਰੁਵੀਕਰਨ ਦੇ ਕੋਝੇ ਉਦੇਸ਼ ਤਹਿਤ ਘੱਟ ਗਿਣਤੀ ਮੁਸਲਿਮ ਭਾਈਚਾਰੇ, ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਤੇ ਇਸਤਰੀਆਂ ਨੂੰ ਅਮਾਨਵੀ ਅੱਤਿਆਚਾਰਾਂ ਦਾ ਨਿਸ਼ਾਨਾ ਬਣਾ ਰਹੀਆਂ ਆਰ ਐਸ ਐਸ ਦੀ ਅਗਵਾਈ ਹੇਠਲੀਆਂ ਮਨੂੰਵਾਦੀ-ਹਿੰਦੂਤਵੀ ਤਾਕਤਾਂ ਵਿਰੁੱਧ ਕਿਰਤੀ ਵਰਗਾਂ ਨੂੰ ਸਪਸ਼ਟ ਜਮਾਤੀ ਨਜ਼ਰੀਏ ਤੋਂ ਸੰਘਰਸ਼ਾਂ ਦੇ ਪਿੜ ਮੱਲਣ ਦੀ ਲੋੜ ਹੈ।

ਆਗੂਆਂ ਨੇ ਕਿਹਾ ਕਿ ਸਾਢੇ ਚਾਰ ਸਾਲ ਲੋਕਾਂ ਦੀ ਸਾਰ ਨਾ ਲੈਣ ਵਾਲੀ, ਹੱਕੀ ਮੰਗਾਂ ਦੀ ਪ੍ਰਾਪਤੀ ਲਈ ਜੂਝ ਰਹੇ ਤਬਕਿਆਂ ਨੂੰ ਅਣਕਿਆਸੇ ਪੁਲਸ ਜਬਰ ਦਾ ਨਿਸ਼ਾਨਾ ਬਣਾਉਣ ਵਾਲੀ ਅਤੇ ਪ੍ਰਾਂਤ ਵਾਸੀਆਂ ਦੀਆਂ ਜ਼ਿੰਦਗੀਆਂ  ਨਰਕ ਬਨਾਉਣ ਵਾਲੇ ਨਸ਼ਾ ਤਸਕਰਾਂ ਤੇ ਵੰਨ ਸਵੰਨੇ ਮਾਫੀਆ ਗਰੋਹਾਂ ਦੀ ਨੰਗੀ-ਚਿੱਟੀ ਪੁਸ਼ਤ ਪਨਾਹੀ ਕਰਨ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨਵੇਂ-ਨਿਵੇਕਲੇ ਲਾਰਿਆਂ ਰਾਹੀਂ ਪੰਜਾਬ ਦੀ ਰਾਜ ਗੱਦੀ ਮੁੜ ਤੋਂ ਹਥਿਆਉਣਾ ਚਾਹੁੰਦੀ ਹੈ। ਉਨ੍ਹਾਂ ਪ੍ਰਾਂਤ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਝੂਠੇ ਲਾਰਿਆਂ ਦੇ ਸਿਰ ਤੇ, ਬੇਲੋੜੇ-ਜ਼ਜ਼ਬਾਤੀ ਮੁੱਦੇ ਉਭਾਰ ਕੇ ਸੱਤਾ ਤੇ ਕਾਬਜ ਹੋਣ ਲਈ ਯਤਨਸ਼ੀਲ ਰਾਜਸੀ ਦਲਾਂ ਨੂੰ ਰੱਦ ਕਰਦਿਆਂ ਆਪਣੇ ਮੰਗਾਂ-ਮਸਲਿਆਂ ਦੇ ਹੱਲ ਲਈ ਲੋਕ ਪੱਖੀ ਸ਼ਕਤੀਆਂ ਦੀ ਅਗਵਾਈ ਵਿੱਚ ਘੋਲਾਂ ’ਚ ਨਿਤਰਣ।

ਦੋਹੇਂ ਹੱਥ ਖੜ੍ਹੇ ਕਰਕੇ ਪਾਸ ਕੀਤੇ ਇੱਕ ਮਤੇ ਰਾਹੀਂ ਸੰਯੁਕਤ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਮੰਗਾ ਮੰਨਣ ਦੀ ਮੰਗ ਕੀਤੀ ਗਈ। ਬੀ.ਐਸ.ਐਫ. ਨੂੰ 15 ਕਿਲੋਮੀਟਰ ਦੀ ਥਾਂ 50 ਕਿਲੋ ਮੀਟਰ ਤੱਕ ਦਾਖਲ ਹੋ ਕੇ ਕਾਰਵਾਈਆਂ ਕਰਨ ਦਾ ਅਧਿਕਾਰ ਦੇਣ ਵਾਲਾ ਨੋਟੀਫਿਕੇਸ਼ਨ ਰੱਦ ਕਰਨ ਦੀ ਵੀ ਮੰਗ ਕੀਤੀ ਗਈ। ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ; ਸੱਨਅਤੀ ਕਾਮਿਆਂ, ਗੈਰ ਜਥੇਬੰਦ ਖੇਤਰ ਦੇ ਕਿਰਤੀਆਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ, ਸਕੀਮ ਵਰਕਰਾਂ ਤੇ ਕੱਚੇ ਕਾਮਿਆਂ ਦੇ ਹੱਕੀ ਸੰਘਰਸ਼ਾਂ ਦੀ ਹਮਾਇਤ ਦੇ ਮਤੇ ਪਾਸ ਕੀਤੇ ਗਏ।  

ਸਰਵ ਸਾਥੀ ਬੰਤ ਬਰਾੜ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖਤਪੁਰ, ਕਿਰਨਜੀਤ ਸਿੰਘ ਸੇਖੋਂ, ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਬਲਵੀਰ ਸਿੰਘ ਰਾਜੇਵਾਲ, ਨਿਰਮਲ ਧਾਲੀਵਾਲ, ਕੁਲਵੰਤ ਸਿੰਘ ਸੰਧੂ, ਭਗਵੰਤਸਿੰਘ ਸਮਾਓਂ, ਗੁਰਨਾਮ ਸਿੰਘ ਬੌਲਦ ਕਲਾਂ, ਭੁਪਿੰਦਰ ਸਾਂਭਰ, ਵਿਜੈ ਮਿਸ਼ਰਾ, ਰੁਲਦੂ ਸਿੰਘ ਮਾਨਸਾ  ਨੇ ਸੰਬੋਧਨ ਕੀਤਾ। ਸਾਥੀ ਸੁਖਦੇਵ ਸ਼ਰਮਾ, ਪਰਗਟ ਸਿੰਘ ਜਾਮਾਰਾਏ, ਰਾਜਵਿੰਦਰ ਸਿੰਘ ਰਾਣਾ ਅਤੇ ਨਰੰਜਣ ਸਿੰਘ ਸਫੀਪੁਰ ਕਲਾਂ ਨੇ ਰੈਲੀ ਦੀ ਪ੍ਰਧਾਨਗੀ ਕੀਤੀ।
ਅਮਰਜੀਤ ਆਸਲ, ਦਰਸ਼ਨ ਨਾਹਰ, ਗੁਰਪ੍ਰੀਤ ਸਿੰਘ ਰੂੜੇਕੇ, ਰਣਜੀਤ ਸਿੰਘ, ਤੀਰਥ ਸਿੰਘ ਬਾਸੀ, ਬਿੰਦਰ ਅਲਖ, ਡੀ.ਪੀ.ਮੌੜ, ਸ਼ਿਵਦੱਤ ਸ਼ਰਮਾ, ਹਰਵਿੰਦਰ ਸਿੰਘ ਸੇਮਾ, ਧਰਮਿੰਦਰ ਸਿੰਘ, ਬਲਕਰਨ ਮੋਗਾ ਨੇ ਵੀ ਵਿਚਾਰ ਰੱਖੇ।
ਮੰਚ ‘ਤੇ ਗੁਰਦੀਪ ਸਿੰਘ ਮੋਤੀ, ਰਤਨ ਸਿੰਘ ਰੰਧਾਵਾ, ਸੁਖਦੇਵ ਸਿੰਘ ਝਾਮਕਾ, ਕਿ੍ਰਸ਼ਨ ਚੌਹਾਨ, ਗੁਰਨਾਮ ਸਿੰਘ ਦਾਊਦ, ਸੁਖਦੇਵ ਸਿੰਘ ਭਾਗੋਕਾਵਾਂ, ਦਰਸ਼ਨ ਸਿੰਘ ਲੁਬਾਣਾ, ਕੁਲਦੀਪ ਸਿੰਘ ਖੰਨਾ, ਜੈ ਪ੍ਰਕਾਸ਼ ਨਾਰਾਇਣ, ਸਵਤੰਤਰ ਕੁਮਾਰ, ਪ੍ਰੋਫੈਸਰ ਸੁਰਿੰਦਰ ਕੌਰ ਜੈਪਾਲ, ਗੁਰਮੀਤ ਸਿੰਘ ਨੰਦਗੜ੍ਹ, ਐਸ ਕੇ ਗੌਤਮ,  ਸੁਖਵਿੰਦਰ ਸਿੰਘ ਚਾਹਲ, ਬੂਟਾ ਸਿੰਘ, ਪਰਮਜੀਤ ਸਿੰਘ, ਕੁਸ਼ਲ ਭੌਰਾ, ਰਜਿੰਦਰ ਪਾਲ ਕੌਰ, ਵਿੱਕੀ ਮਹੇਸ਼ਰੀ, ਵਰਿੰਦਰ ਕੁਮਾਰ ਖੁਰਾਣਾ, ਹਰਭਜਨ ਸਿੰਘ ਪਿਲਖਨੀ, ਗੁਰਵਿੰਦਰ ਸਿੰਘ ਗੋਲਡੀ, ਰਾਧੇ ਸ਼ਾਮ ਵੀ ਸੁਸ਼ੋਭਿਤ ਸਨ।

Thursday, November 25, 2021

ਸੰਯੁਕਤ ਕਿਸਾਨ ਮੋਰਚੇ ਵੱਲੋਂ ਆਖਰੀ ਜਿੱਤ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ

ਡਬਲਯੂ ਟੀ ਓ ਤਹਿਤ ਕੀਤੇ ਗਏ ਸਮਝੌਤਿਆਂ ਨੂੰ ਰੱਦ ਕਰਵਾ ਕੇ ਹੀ ਮੁੜਾਂਗੇ 


ਟਿਕਰੀ ਬਾਰਡਰ : 25 ਨਵੰਬਰ 2021:(ਪਰਮਦੀਪ ਰਾਣਾ//ਕਾਮਰੇਡ ਸਕਰੀਨ ਬਿਊਰੋ)::
ਖਬੀਆਂ ਤਾਕਤਾਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਨ ਅਤੇ ਲਗਾਤਾਰ ਸਰਗਰਮ ਬਣੀਆਂ ਹੋਈਆਂ ਹਨ। ਖੱਬੀਆਂ ਧਿਰਾਂ ਨਾਲ ਜੁੜੇ ਲੀਡਰ ਵੀ ਲਗਾਤਾਰ ਦਿਲ ਆ ਜਾ ਰਹੇ ਹਨ ਅਤੇ ਵਰਕਰ ਵੀ। ਇਸਦੇ ਨਾਲ ਹੀ ਬੁਧੀਜੀਵੀ ਅਤੇ ਪੱਤਰਕਾਰ ਵੀ ਲਗਾਤਾਰ ਅਹਣੀ ਸ਼ਮੂਲੀਅਤ ਦਰਜ ਕਰਵਾ ਰਹੇ ਹਨ। 

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ, ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮੌਕੇ ਟਿਕਰੀ ਬਾਰਡਰ 'ਤੇ ਖਚਾਖਚ ਭਰੇ ਪੰਡਾਲ 'ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਜੋਸ਼ੀਲੇ ਭਾਸ਼ਣ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਖਰੀ ਜਿੱਤ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਤਿਕੜੀ ਬਾਰਡਰ ਤੋਂ ਪਰਤੇ ਮੀਡੀਆ ਨੇ ਦੱਸਿਆ ਹੈ ਕਿ ਕਿਸਾਨਾਂ ਦਾ ਜੋਸ਼ ਬਰਕਰਾਰ ਹੈ। 

ਪੱਤਰਕਾਰ ਪਰਮਦੀਪ ਰਾਣਾ ਮੁਤਾਬਿਕ ਕਾਮਰੇਡ ਅਰਸ਼ੀ ਨੇ ਕਿਹਾ ਕਿ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਵੱਲੋਂ ਕਰਨਾ ਇਹ ਕੇਵਲ ਸੰਯੁਕਤ ਕਿਸਾਨ ਮੋਰਚੇ ਦੀ ਵਿਸ਼ਾਲ ਏਕਤਾ ਅਤੇ ਸੰਘਰਸ਼ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਅੰਬਾਨੀ, ਅਡਾਨੀ ਦੀ ਜਕੜ ਨੂੰ ਤੋੜਨ ਲਈ ਡਬਲਯੂ ਟੀ ਓ ਤਹਿਤ ਕੀਤੇ ਗਏ ਸਮਝੌਤਿਆਂ ਨੂੰ ਰੱਦ ਕਰਵਾ ਕੇ ਉਹਨਾਂ ਨੂੰ ਚਲਦਾ ਕਰਨ ਤੱਕ ਸੰਘਰਸ਼ ਜਾਰੀ ਰੱਖਾਂਗੇ ਕਿਉਂਕਿ ਇਹਨਾਂ ਕਾਲੇ ਕਾਨੂੰਨਾਂ ਤਹਿਤ ਹੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ, ਬਿਜਲੀ ਸੋਧ ਬਿਲ 2020, ਮਜ਼ਦੂਰ ਵਿਰੋਧੀ ਕਿਰਤ ਕਾਨੂੰਨ ਨੂੰ ਰੱਦ ਕਰਵਾਉਣ ਲੈ ਕੇ ਪੂਰੇ ਦੇਸ਼ ਅੰਦਰ ਲੋਕ ਚੇਤਨਾ ਅਤੇ ਵਿਸ਼ਾਲ ਏਕਤਾ ਦਾ ਨਾਅਰਾ ਦਿੱਤਾ ਜਾਵੇਗਾ। 

ਪੰਡਾਲ ਅੰਦਰ ਹਾਜ਼ਰ ਲੋਕਾਂ ਵੱਲੋਂ ਜਜ਼ਬਾਤ ਅਤੇ ਹੌਸਲੇ ਨੂੰ ਦੇਖਦੇ ਹੋਏ ਮੋਦੀ ਸਰਕਾਰ ਖਿਲਾਫ 'ਮੋਦੀ ਸਰਕਾਰ ਮੁਰਦਾਬਾਦ, ਅੰਬਾਨੀ, ਅਡਾਨੀ ਭਜਾਓ, ਦੇਸ਼ ਬਚਾਓ' ਦੇ ਨਾਅਰਿਆਂ ਨਾਲ ਪੰਡਾਲ ਗੂੰਜ ਰਿਹਾ ਸੀ। ਹੁਣ 26 ਨਵੰਬਰ ਦੀ ਤਿਆਰੀ ਸੰਬੰਧੀ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਲੋਕਾਂ ਦੇ ਦਿੱਲੀ ਦੇ ਬਾਰਡਰਾਂ 'ਤੇ ਪੁੱਜਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। 

Friday, November 12, 2021

ਬੀ.ਜੇ.ਪੀ.ਵਾਲੇ ਆਪਣੀਆਂ "ਪ੍ਰਾਪਤੀਆਂ" ਦੀ ਸ਼ੇਖੀ ਮਾਰਨ ਵਿੱਚ ਰੁੱਝੇ ਹੋਏ ਹਨ

12th November 2021 at 9:08 AM

ਜ਼ਮੀਨੀ ਹਕੀਕਤਾਂ ਨੂੰ ਲੁਕਾਉਣਾ ਫਿਰ ਵੀ ਨਾਮੁਮਕਿਨ ਹੈ ਉਨ੍ਹਾਂ ਲਈ 


ਲੁਧਿਆਣਾ: 12 ਨਵੰਬਰ 2021: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::

11 ਨਵੰਬਰ 2021 ਨੂੰ
ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਕੇਂਦਰੀ ਮਜ਼ਦੂਰ ਸੰਗਠਨ ਅਤੇ ਸੁਤੰਤਰ ਫੈਡਰੇਸ਼ਨਾਂ/ਐਸੋਸੀਏਸ਼ਨਾਂ ਦੁਆਰਾ ਸਾਂਝੇ ਤੌਰ 'ਤੇ ਵਰਕਰਾਂ ਦੀ ਰਾਸ਼ਟਰੀ ਕਨਵੈਨਸ਼ਨ ਦਾ ਆਯੋਜਨ  ਕੀਤਾ ਗਿਆ ਸੀ। ਸਰਵਸ਼੍ਰੀ ਸੰਜੇ ਸਿੰਘ (ਇੰਟਕ), ਸੁਕੁਮਾਰ ਦਾਮਲੇ (ਏ.ਆਈ.ਟੀ.ਯੂ.ਸੀ.), ਰਾਜਾ ਸ੍ਰੀਧਰ (ਹਿੰਦ ਮਜ਼ਦੂਰ ਸਭਾ), ਹੇਮਲਤਾ (ਸੀਟੂ), ਆਰ. ਪਰਾਸ਼ਰ (ਏ.ਆਈ.ਯੂ.ਟੀ.ਯੂ.ਸੀ), ਸ਼ਿਵਸ਼ੰਕਰ (ਟੀ.ਯੂ.ਸੀ.ਸੀ), ਫਰੀਦਾ ਜਲਿਸ (ਸੇਵਾਵਾਂ), ਸ਼ੈਲੇਂਦਰ ਕੇ ਸ਼ਰਮਾ (ਏ.ਆਈ.ਸੀ.ਟੀ.ਯੂ), ਆਰ. ਦੇ. ਮੌਰੀਆ (ਐਲ.ਪੀ.ਐਫ), ਨਜ਼ੀਰ ਹੁਸੈਨ (ਯੂ.ਟੀ.ਯੂ.ਸੀ)।
ਕਨਵੈਨਸ਼ਨ ਦੀ ਸ਼ੁਰੂਆਤ ਪਿਛਲੀ ਕਨਵੈਨਸ਼ਨ ਤੋਂ ਬਾਅਦ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਕਾਮਰੇਡਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ- ਜਿਸ ਵਿੱਚ 800 ਦੇ ਕਰੀਬ ਕਿਸਾਨ ਸਾਥੀ ਹਨ ਜੋ ਉਹਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਸ਼ਹੀਦ ਹੋਏ ਸਨ, ਬਹੁਤ ਸਾਰੇ ਕਾਮਰੇਡ ਜੋ ਕਰੋਨਾ ਦੇ ਦੌਰ ਵਿੱਚ ਸ਼ਹੀਦ ਹੋਏ ਸਨ (ਹਾਲ ਹੀ ਵਿੱਚ ਸਾਥੀ ਵੀ. ਸੁੱਬੂਰਾਮਨ, ਐਲ.ਪੀ.ਐਫ.ਪੀ - ਪ੍ਰਧਾਨ) ਜਾਂ ਹੜ੍ਹਾਂ ਜਾਂ ਪਹਾੜੀ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਿੱਚ ਮਾਰੇ ਗਏ ਅਤੇ ਜੋ ਬੇਲੋੜੇ ਤੌਰ 'ਤੇ ਲਿੰਚਿੰਗ ਵਰਗੀਆਂ ਘਟਨਾਵਾਂ ਦਾ ਸ਼ਿਕਾਰ ਹੋਏ। 
ਕਨਵੈਨਸ਼ਨ 'ਚ ਭਾਰਤ ਸਰਕਾਰ ਵੱਲੋਂ ਮੁੱਖ ਤੌਰ 'ਤੇ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ, ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਜਿਸ ਕਾਰਨ ਦੇਸ਼ ਦੀ ਬਹੁਗਿਣਤੀ ਗਰੀਬੀ ਅਤੇ ਭੁੱਖਮਰੀ ਦੇ ਕੰਢੇ 'ਤੇ ਹੈ ਅਤੇ ਦੇਸ਼ ਦੀ ਆਰਥਿਕਤਾ ਡਗਮਗਾ ਰਹੀ ਹੈ | ਇਸ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਵਿਸ਼ੇਸ਼ ਤੌਰ 'ਤੇ ਕਿਹਾ ਗਿਆ ਕਿ ਸੰਘਰਸ਼ ਦਾ ਘੇਰਾ ਸਿਰਫ ਲੋਕਾਂ ਦੀ ਰੋਜ਼ੀ-ਰੋਟੀ ਤੱਕ ਸੀਮਤ ਨਹੀਂ ਰਿਹਾ, ਹੁਣ ਲੋੜ ਹੈ ਸਮੁੱਚੀ ਆਰਥਿਕਤਾ ਨੂੰ ਢਹਿ-ਢੇਰੀ ਹੋਣ ਤੋਂ ਰੋਕਣ, ਦੇਸ਼ ਦੀ ਜਮਹੂਰੀ ਵਿਵਸਥਾ ਨੂੰ ਬਚਾਉਣ ਅਤੇ ਦੇਸ਼ ਦੀ ਵਾਗਡੋਰ ਲੋਕਾਂ ਦੇ ਹੱਥਾਂ 'ਚ ਜਾਣ ਦੀ। ਦੇਸੀ ਅਤੇ ਵਿਦੇਸ਼ੀ ਪ੍ਰਾਈਵੇਟ ਕਾਰਪੋਰੇਟ ਕੰਪਨੀਆਂ ਨੂੰ ਰੋਕਣ ਲਈ ਸਾਨੂੰ ਵੀ ਕਰਨਾ ਪਵੇਗਾ। ਕੰਨਵੈਂਨਸ਼ਨ ਵਿੱਚ ਬੋਲਦਿਆਂ ਅਸ਼ੋਕ ਸਿੰਘ (ਇੰਟਕ), ਅਮਰਜੀਤ ਕੌਰ (ਏ.ਆਈ.ਟੀ.ਯੂ.ਸੀ.), ਹਰਭਜਨ ਸਿੰਘ ਸਿੱਧੂ (ਹਿੰਦ ਮਜ਼ਦੂਰ ਸਭਾ), ਤਪਨ ਸੇਨ (ਸੀਟੂ), ਸਤਿਆਵਾਨ (ਏ.ਆਈ.ਯੂ.ਟੀ.ਯੂ.ਸੀ.), ਜੀ. ਦੇਵਰਾਜਨ (ਟੀ.ਯੂ.ਸੀ.ਸੀ.), ਸੋਨੀਆ ਜਾਰਜ (ਸੇਵਾ), ਸਮੇਤ ਸਾਰੇ ਬੁਲਾਰਿਆਂ ਨੇ ਡਾ. ਰਾਜੀਵ ਡਿਮਰੀ (ਏ.ਆਈ.ਸੀ.ਸੀ.ਟੀ.ਯੂ.), ਜੇ.ਪੀ. ਸਿੰਘ (ਐਲ.ਪੀ.ਐਫ.), ਸ਼ਤਰੂਜੀਤ ਸਿੰਘ (ਯੂ.ਟੀ.ਯੂ.ਸੀ.) ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਵਿਚ ਜਿਸ ਲਾਪਰਵਾਹੀ ਨਾਲ ਵਿਵਹਾਰ ਕੀਤਾ, ਜਦੋਂ ਜਨਤਾ ਉਸ ਸੰਕਟ ਦਾ ਸਾਹਮਣਾ ਕਰ ਰਹੀ ਸੀ, ਉਦੋਂ ਜਲਦੀ ਨਾਲ ਲੋਕ ਸਭਾ ਵਿਚ ਬਿਨਾਂ ਕਿਸੇ ਚਰਚਾ ਦੇ ਚਾਰ ਲੇਬਰ ਕੋਡ ਅਤੇ ਤਿੰਨ ਕਾਲੇ ਖੇਤੀ ਕਨੂੰਨ  ਪਾਸ ਕਰ ਦਿੱਤੇ ਗਏ ਸਨ ਅਤੇ ਹੁਣ ਨਿੱਜੀਕਰਨ ਦੀ ਦੌੜ ਵਿਚ ਲੱਗ ਗਏ ਹਨ - ਜਨਤਕ ਪੈਸੇ ਨਾਲ ਪਿਛਲੇ ਸੱਤਰ ਸਾਲਾਂ ਵਿਚ ਸਥਾਪਿਤ ਕੀਤੇ ਗਏ ਜਨਤਕ ਉਦਯੋਗਾਂ ਨੂੰ ਵੇਚ ਕੇ, ਜਾਂ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਦੇ ਨਾਮ 'ਤੇ ਕਿਰਾਏ 'ਤੇ ਦਿੱਤਾ ਜਾ ਰਿਹਾ ਹੈ। ਇਸ ਦਾ ਆਮ ਲੋਕਾਂ 'ਤੇ ਬਹੁਤ ਬੁਰਾ ਪ੍ਰਭਾਵ ਪਵੇਗਾ- ਇਕ ਤਾਂ ਮਹਿੰਗਾਈ ਬੇਹਿਸਾਬ ਵਧੇਗੀ ਅਤੇ ਪੱਛੜੀਆਂ ਜਾਤੀਆਂ ਅਤੇ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ ਘਟ ਜਾਣਗੇ।
ਹੁਣ ਕਈ ਰਾਜਾਂ ਵਿੱਚ ਚੋਣਾਂ ਆ ਰਹੀਆਂ ਹਨ, ਇਸ ਲਈ ਬੀ.ਜੇ.ਪੀ.ਵਾਲੇ ਆਪਣੀਆਂ "ਪ੍ਰਾਪਤੀਆਂ" ਦੀ ਸ਼ੇਖੀ ਮਾਰਨ ਵਿੱਚ ਰੁੱਝੇ ਹੋਏ ਹਨ। ਜਦੋਂ ਕਿ ਜ਼ਮੀਨੀ ਪੱਧਰ ਦੀ ਅਸਲੀਅਤ ਨੂੰ ਛੁਪਾਉਣਾ ਉਨ੍ਹਾਂ ਲਈ ਅਸੰਭਵ ਹੈ-ਜਿਵੇਂ ਕਿ ਭੁੱਖਮਰੀ ਦੇ ਮਾਮਲੇ ਵਿੱਚ, ਭਾਰਤ ਗਲੋਬਲ ਹੰਗਰ ਇੰਡੈਕਸ ਵਿੱਚ 106 ਦੇਸ਼ਾਂ ਦੀ ਸੂਚੀ ਵਿੱਚ 101 ਨੰਬਰ 'ਤੇ ਹੈ। ਅੱਜ ਦੇਸ਼ ਵਿੱਚ ਜਾਤ-ਪਾਤ ਦੇ ਨਾਂ ’ਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਜਾਣ ਬੁੱਝ ਕੇ ਇਸ ਨੂੰ ਅਣਗੌਲਿਆ ਕਰ ਰਹੀ ਹੈ। ਇਹ ਸਾਡੇ ਦੇਸ਼ ਲਈ ਇੱਕ ਨਵਾਂ ਸੰਕਟ ਹੈ, ਜਿਸਦਾ ਅਸੀਂ ਪਹਿਲਾਂ ਅਨੁਭਵ ਨਹੀਂ ਕੀਤਾ ਸੀ।
ਕਨਵੈਨਸ਼ਨ ਨੇ ਉਨ੍ਹਾਂ ਮੰਗਾਂ ਨੂੰ ਦੁਹਰਾਇਆ ਜੋ ਇਸ ਤੋਂ ਪਹਿਲਾਂ ਕੀਤੀਆਂ ਗਈਆਂ ਸਨ, ਪਰ ਜਨਤਕ ਮਹੱਤਤਾ ਵਾਲੀਆਂ ਹਨ। ਜਿਵੇਂ ਕਿ - ਲੇਬਰ ਕੋਡ ਨੂੰ ਖਤਮ ਕਰਨਾ, ਖੇਤੀਬਾੜੀ ਐਕਟ ਅਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਨਾ, ਕਿਸੇ ਵੀ ਰੂਪ ਵਿੱਚ ਨਿੱਜੀਕਰਨ ਦੇ ਵਿਰੁੱਧ ਅਤੇ ਐਨ.ਐਮ.ਪੀ., ਆਮਦਨ ਕਰ ਭੁਗਤਾਨ ਦੇ ਦਾਇਰੇ ਤੋਂ ਬਾਹਰ ਪਰਿਵਾਰਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਆਮਦਨ ਅਤੇ ਭੋਜਨ ਸਹਾਇਤਾ, ਮਨਰੇਗਾ ਲਈ ਅਲਾਟਮੈਂਟ ਵਿੱਚ ਵਾਧਾ ਅਤੇ ਸ਼ਹਿਰੀ ਖੇਤਰਾਂ ਵਿੱਚ ਰੁਜ਼ਗਾਰ ਗਾਰੰਟੀ ਯੋਜਨਾ ਦਾ ਵਿਸਤਾਰ, ਸਾਰੇ ਗੈਰ ਰਸਮੀ ਖੇਤਰ ਦੇ ਵਰਕਰਾਂ ਲਈ ਵਿਸ਼ਵਵਿਆਪੀ ਸਮਾਜਿਕ ਸੁਰੱਖਿਆ, ਆਂਗਣਵਾੜੀ ਸੰਵਿਧਾਨਕ ਘੱਟੋ-ਘੱਟ ਉਜਰਤ ਅਤੇ ਆਸ਼ਾ ਲਈ ਸਮਾਜਿਕ ਸੁਰੱਖਿਆ। ਮਿਡ-ਡੇ-ਮੀਲ ਸਕੀਮ ਵਰਕਰ, ਮਹਾਂਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਨ ਵਾਲੇ ਫਰੰਟ ਲਾਈਨ ਵਰਕਰਾਂ ਲਈ ਸੁਰੱਖਿਆ ਬੀਮਾ ਸਹੂਲਤਾਂ, ਰਾਸ਼ਟਰੀ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਅਤੇ ਸੁਧਾਰਨ ਲਈ ਅਮੀਰਾਂ 'ਤੇ ਟੈਕਸ, ਆਦਿ। ਖੇਤੀਬਾੜੀ, ਸਿੱਖਿਆ, ਸਿਹਤ ਅਤੇ ਹੋਰ ਮਹੱਤਵਪੂਰਨ ਜਨਤਕ ਸਹੂਲਤਾਂ ਵਿੱਚ ਜਨਤਕ ਨਿਵੇਸ਼ ਨੂੰ ਵਧਾਉਣਾ , ਪੈਟਰੋਲੀਅਮ ਉਤਪਾਦਾਂ 'ਤੇ ਕੇਂਦਰੀ ਆਬਕਾਰੀ ਡਿਊਟੀ ਵਿੱਚ ਕਮੀ ਅਤੇ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਠੋਸ ਉਪਚਾਰਕ ਉਪਾਅ ਆਦਿ।
ਕਨਵੈਨਸ਼ਨ ਵਿੱਚ ਉਨ੍ਹਾਂ ਦੇਸ਼ ਦੇ ਵਰਕਰਾਂ ਨੂੰ ਇਸ ਕਨਵੈਨਸ਼ਨ ਦਾ ਸੁਨੇਹਾ ਹਰ ਪਿੰਡ ਅਤੇ ਕਸਬੇ ਵਿੱਚ ਮਿਹਨਤ ਅਤੇ ਲਗਨ ਨਾਲ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। "ਲੋਕ ਬਚਾਓ, ਦੇਸ਼ ਬਚਾਓ" ਦਾ ਨਾਅਰਾ ਬੁਲੰਦ ਕਰਨ ਲਈ ਸਾਲ 2022 ਵਿੱਚ ਲੋਕ ਸਭਾ ਦੇ ਬਜਟ ਸੈਸ਼ਨ ਵਿੱਚ ਦੋ ਦਿਨ ਦੀ ਮੁਕੰਮਲ ਹੜਤਾਲ ਦੀ ਤਿਆਰੀ ਕਰੋ।

Saturday, October 16, 2021

ਮੋਦੀ, ਅਮਿੱਤ ਸ਼ਾਹ, ਯੋਗੀ ਸਮੇਤ ਸਹਿਯੋਗੀਆਂ ਦਾ ਪੁਤਲੇ ਫੂਕੇ

16 October 2021 at  5:11 PM

ਸੰ. ਕਿਸਾਨ ਮੋਰਚੇ ਦੇ ਸੱਦੇ ਤੇ ਮਨਾਇਆ ਗਿਆ ਅਜੋਕੇ ਸਮੇਂ ਦਾ ਦੁਸਹਿਰਾ


ਲੁਧਿਆਣਾ
: 16 ਅਕਤੂਬਰ 2021: (ਕਾਮਰੇਡ ਸਕਰੀਨ ਬਿਊਰੋ)::

ਕਾਮਰੇਡ ਆਮ ਤੌਰ ਤੇ ਧਾਰਮਿਕ ਸਮਾਗਮਾਂ ਨੂੰ ਬਹੁਤ ਰੀਝ ਨਾਲ ਨਹੀਂ ਮਨਾਉਂਦੇ। ਬਹੁਤ ਦੇਰ ਤੱਕ ਉਹਨਾਂ ਨੂੰ ਇਹ ਸਭ ਅਡੰਬਰ ਲੱਗਦੇ ਰਹੇ। ਧਰਮ ਦੇ ਵਿਰੋਧੀ ਹੋਣ ਦਾ ਲੇਬਲ ਲਵਾ ਕੇ ਵੀ ਕਾਮਰੇਡ ਆਪਣੀ ਅੜੀ ਛੱਡਣ ਤੇ ਨਾ ਆਏ। ਫਿਰ ਦੌਰ ਬਦਲਿਆ। ਉਘੇ ਸ਼ਾਇਰ ਸੰਤ ਰਾਮ ਉਦਾਸੀ ਨੇ ਲਿਖਿਆ:

ਐਵੇਂ ਕਾਗਜਾਂ ਦੇ ਰਾਵਣਾ ਨੂੰ ਸਾੜ ਕੀ ਬਣੇ।
ਤੀਰ ਤੀਲਾਂ ਦੇ ਕਮਾਨ ਵਿਚ ਚਾੜ੍ਹ ਕੀ ਬਣੇ।
ਕੋਈ ਉੱਠੇ ਹਨੂੰਮਾਨ, ਕਰੇ ਯੁੱਧ ਦਾ ਐਲਾਨ।
ਮੂਹਰੇ ਆਉਣ ਵਾਲੇ ਸਾਗਰਾਂ ਦੀ ਹਿੱਕ ਪਾੜੀਏ।
ਏਸ ਯੁੱਗ ਦਿਆਂ ਰਾਵਣਾ ਦੀ ਹਿੱਕ ਸਾੜੀਏ।

ਅੱਜ ਸੈਂਕੜੇ ਹੀ ਰਾਖਸ਼ਾਂ ਦੀ ਧਾੜ ਆ ਗਈ।
ਅੱਗ-ਬਰਛੀ ਵੀ ਜਾਤੀਆਂ ਨੂੰ ਸਾੜ ਆ ਗਈ।
ਅੱਜ ਮੇਘਨਾਥ ਹੱਸੇ, ਕੁੰਭਕਰਨ ਵੀ ਵੱਸੇ।
ਕਿਓਂ ਨਾਂ ਜਿਉਂਦਿਆਂ ਦੇ ਧੌਲਰਾਂ 'ਚ ਤੀਰ ਮਾਰੀਏ।
ਏਸ ਯੁੱਗ ਦਿਆਂ ਰਾਵਣਾ ਦੀ ਹਿੱਕ ਸਾੜੀਏ।

ਫੇਰ 'ਭੀਲਣੀ' ਤੇ 'ਰਾਮ' ਦਾ ਪਿਆਰ ਨਾ ਮੁੜੇ।
ਵਾਂਗ 'ਬਾਨਰਾਂ' ਦੇ ਕਿਰਤੀ ਕਿਸਾਨ ਜੇ ਜੁੜੇ।
ਮੁੱਕ ਜਾਣ 'ਬਣਵਾਸ', 'ਸੀਤਾ' ਰਹੇ ਨਾ 'ਉਦਾਸ'।
ਅਸੀਂ ਵਰਾਂ ਤੇ ਸਰਾਪਾਂ ਦਾ ਅਹਿਦ ਪਾੜੀਏ।
ਏਸ ਯੁੱਗ ਦਿਆਂ ਰਾਵਣਾ ਦੀ ਹਿੱਕ ਸਾੜੀਏ।
ਸੰਤ ਰਾਮ ਉਦਾਸੀ ਨੇ ਸਿੱਖ ਧਰਮ ਨਾਲ ਸਬੰਧਤ ਗੱਲਾਂ ਨੂੰ ਵੀ ਪ੍ਰਤੀਕਾਂ ਵਾਂਗ ਬੜੇ ਹੀ ਖੂਬਸੂਰਤ ਢੰਗ ਨਾਲ ਵਰਤਿਆ। ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਨਾਲ ਇਨਕਲਾਬੀ ਗੱਲਾਂ ਆਖੀਆਂ। ਫਿਰ ਵੀ ਸਾਡੇ ਕਾਮਰੇਡ "ਸੈਕੂਲਰ" ਬਣੇ ਰਹੇ। ਦੂਜੇ ਪਾਸੇ ਬੀਜੇਪੀ ਨੇ ਰਾਮ ਮੰਦਿਰ ਨਾਲ ਚੋਣਾਂ ਜਿੱਤ ਲਈਆਂ। ਸੰਤ ਰਾਮ ਉਦਾਸੀ ਦੀਆਂ ਜਿਹਨਾਂ ਰਮਜ਼ਾਂ ਅਤੇ ਨਾਲ ਹੀ ਭਾਜਪਾਈ ਚਾਲਾਂ ਨੂੰ ਸਮਝਣ ਵਿੱਚ ਸਾਡੇ ਸ਼ਹਿਰੀ ਕਾਮਰੇਡ ਤਾਂ ਨਾਕਾਮ ਹੀ ਬਣੇ ਰਹੇ ਪਰ ਕਿਸਾਨ ਮੋਰਚੇ ਦੇ ਆਗੂਆਂ ਨੇ ਇਸ ਦਾ ਅਹਿਸਾਸ ਕੀਤਾ। ਉਹਨਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਦਿੱਤਾ ਕਿ ਇਸ ਵਾਰ ਦੁਸਹਿਰੇ ਤੇ ਰਵਾਇਤੀ ਪੁਤਲੇ ਨਹੀਂ ਬਲਕਿ ਅੱਜ ਦੀਆਂ ਰਾਵਣਾਂ ਦੇ ਪੁਤਲੇ ਸਾਡੇ ਜਾਣ।  ਭਾਜਪਾ ਵਾਲਿਆਂ ਨੇ ਇਸ ਦਾ ਤਿੱਖਾ ਪ੍ਰਤੀਕਰਮ ਵੀ ਕੀਤਾ। ਇਹ ਬੋਲੀ ਉਹਨਾਂ ਨੂੰ ਬੜੀ ਛੇਤੀ ਸਮਝ ਆਈ ਕਿਓਂਕਿ ਇਹ ਉਹਨਾਂ ਦੇ ਹਿੰਦੂਤਵ ਵਾਲੇ ਚਿਹਰੇ ਨੂੰ ਨਿਸ਼ਾਨਾ ਬਣਾਉਂਦੀ ਸੀ। 
ਅੱਜ ਇਨਕਲਾਬੀ- ਜਮਹੂਰੀ ਜੱਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਦਿੰਦਿਆਂ ਭਾਜਪਾ ਦੀ ਫਿਰਕੂ ਸਰਕਾਰ ਦੇ ਮੋਦੀ, ਅਮਿੱਤ ਸ਼ਾਹ, ਅਦਿਤਿਆ ਨਾਥ ਯੋਗੀ ਸਮੇਤ ਸਹਿਯੋਗੀਆਂ ਦਾ ਪੁਤਲਾ ਸਾੜਿਆ ਗਿਆ। ਇਨਕਲਾਬੀ ਕੇਂਦਰ ਪੰਜਾਬ ( ਇਕਾਈ ਲੁਧਿਆਣਾ ) , ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨਾਂ ਨੇ ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਪੂੰਜੀਪਤੀਆਂ ਦੀ ਰਖੇਲ ਕਰਾਰ ਦਿੰਦਿਆਂ ਇਸ ਦੀ ਗੁੰਡਾਗਰਦੀ ਖ਼ਿਲਾਫ਼ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਪੁਤਲਾ ਫੂਕਿਆ ।ਲਖੀਮਪੁਰ ਖੀਰੀ ਵਿੱਖੇ ਸਰਕਾਰੀ ਸ਼ਹਿ ਹੇਠ ਕਿਸਾਨਾਂ ਨੂੰ ਗੱਡੀ ਹੇਠ ਦਰੜਕੇ ਸ਼ਹੀਦ ਕਰਨ ਵਾਲੇ ਗੁੰਡਾ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਅਤੇ ਅੱਧੇ ਪੰਜਾਬ ਨੂੰ ਬੀ ਐਸ ਐਫ ਦੇ ਹਵਾਲੇ ਕਰਕੇ ਲੋਕਾਂ ਉੱਪਰ ਦਹਿਸਤ ਪਾਉਣ ਦੀ ਨੀਤੀ ਖਿਲਾਫ ਲੋਕਾਂ ਨੂੰ ਜੱਥੇਬੰਦ ਹੋਣ ਦਾ ਸੱਦਾ ਦਿੱਤਾ ਗਿਆ।ਇਸ ਸਮੇਂ ਜਸਵੰਤ ਜੀਰਖ, ਰਾਜਿੰਦਰ ਸਿੰਘ, ਸਤੀਸ਼ ਸੱਚਦੇਵਾ,ਡਾ ਹਰਬੰਸ ਗਰੇਵਾਲ਼ , ਟੇਕ ਚੰਦ ਕਾਲੀਆ, ਅਰੁਣ ਕੁਮਾਰ, ਡਾ ਮੋਹਨ ਸਿੰਘ, ਸਤਨਾਮ ਸਿੰਘ ਦੁੱਗਰੀ, ਕਾ ਸੁਰਿੰਦਰ ਸਿੰਘ, ਵਿਨੋਦ ਕੁਮਾਰ ਦੁੱਗਰੀ, ਕਮਲਜੀਤ ਠੇਕੇਦਾਰ, ਮੈਡਮ ਮਧੂ ਅਤੇ ਹਰਜਿੰਦਰ ਕੌਰ ਸਮੇਤ ਸੂਝਵਾਨ ਲੋਕ ਹਾਜ਼ਰ ਸਨ। 

Wednesday, October 6, 2021

ਲਖੀਮਪੁਰ ਖੀਰੀ ਮਾਮਲੇ ਤੇ ਹੁਣ ਪ੍ਰਧਾਨ ਮੰਤਰੀ ਚੁੱਪ ਕਿਉਂ

6th October 2021 at 3:57 PM

ਸੀਪੀਆਈ ਲੁਧਿਆਣਾ ਨੇ ਜ਼ੋਰਦਾਰ ਮੁਜ਼ਾਹਰਾ ਕਰਕੇ ਪੁਛੇ ਤਿੱਖੇ ਸੁਆਲ 


ਲੁਧਿਆਣਾ
: 5 ਅਕਤੂਬਰ 2021: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::
ਪੀਪਲਜ਼ ਮੀਡੀਆ ਲਿੰਕ ਨਾਲ ਜੁੜੇ ਹੋਏ ਦੋ ਸੀਨੀਅਰ ਪੱਤਰਕਾਰ
ਐਮ ਐਸ ਭਾਟੀਆ ਅਤੇ ਸਤੀਸ਼ ਸਚਦੇਵਾ ਜੋ
ਰੋਜ਼ਾਨਾ ਨਵਾਂ ਜ਼ਮਾਨਾ ਟੀਮ ਦੇ ਵੀ ਸਰਗਰਮ ਮੈਂਬਰ ਹਨ-
ਸੱਤਾਸ਼ਾਹੀ ਦੀ ਤਾਨਾਸ਼ਾਹੀ ਦੇ ਖਿਲਾਫ ਚੱਲਦੇ ਅੰਦੋਲਨਾਂ ਦੀ
ਕਵਰੇਜ ਹਮੇਸ਼ਾਂ ਹੀ ਇਹਨਾਂ ਦਾ ਪਹਿਲਾ ਫਰਜ਼ ਰਹਿੰਦਾ ਹੈ 
ਕਿਸਾਨ ਅੰਦੋਲਨ ਨੇ ਜਿੱਥੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ਤੇ
 ਕੇਂਦਰ ਦੀ ਮੋਦੀ ਸਰਕਾਰ ਨੂੰ ਲਲਕਾਰਾ ਮਾਰਿਆ ਹੈ ਉੱਥੇ ਸਹਿਣਸ਼ੀਲਤਾ ਅਤੇ ਲਗਾਤਾਰਤਾ ਦਾ ਇਤਿਹਾਸ ਵੀ ਰਚਿਆ ਹੈ। ਇਸਤੋਂ ਬੁਖਲਾਏ ਹੋਈ ਭਾਰਤੀ ਜਨਤਾ ਪਾਰਟੀ ਦੇ ਜ਼ਿੰਮੇਵਾਰ ਆਗੂ ਵੀ ਗੁੰਡਾਗਰਦੀ ਵਾਲਿਆਂ ਹਰਕਤਾਂ ਤੇ ਉਤਰ ਆਏ ਹਨ। ਸ਼ਾਂਤਮਈ ਕਿਸਾਨਾਂ ਉੱਤੇ ਪਿੱਛਿਓਂ ਦੀ ਤੇਜ਼ ਰਫਤਾਰ ਗੱਡੀਆਂ ਚੜ੍ਹਾਉਣੀਆਂ ਅਤੇ ਨਾਲ ਹੀ ਫਾਇਰਿੰਗ ਦੀ ਘਟਨਾ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ। ਜਿਹੜਾ ਗੋਦੀ ਮੀਡੀਆ ਅਤੇ ਜਿਹੜੇ ਲੋਕ ਹੁਣ ਵੀ ਚੁੱਪ ਹਨ ਉਹ ਵੀ ਆਪਣੇ ਆਉਣ ਵਾਲੇ ਇਤਿਹਾਸ ਨੂੰ ਕਲੰਕਿਤ ਕਰ ਰਹੇ ਹਨ। ਗੋਦੀ ਮੀਡੀਆ ਦੀ ਇਸ ਚੁੱਪ ਨੂੰ ਤੋੜਿਆ ਹੈ ਲੁਧਿਆਣਾ ਤੋਂ ਰੋਜ਼ਾਨਾ ਨਵਾਂ ਜ਼ਮਾਨਾ ਅਖਬਾਰ ਦੇ ਬਿਊਰੋ ਚੀਫ ਐਮ ਐਸ ਭਾਟੀਆ ਨੇ। ਉਹ ਇਸ ਮੁੱਦੇ ਤੇ ਲਗਾਤਾਰ ਸਰਗਰਮ ਹਨ। ਖਰਾਬ ਸਿਹਤ ਸਿਹਤ ਦੇ ਬਾਵਜੂਦ ਉਹ ਰੋਸ ਮੁਜ਼ਾਹਰਿਆਂ ਅਤੇ ਮੀਟਿੰਗਾਂ ਲਈ ਸਰਗਰਮ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲਾ ਇਕਾਈ ਦੇ ਵਿੱਤ ਸਕੱਤਰ ਵੀ ਹਨ। ਡਾਕਟਰ ਅਰੁਣ ਮਿੱਤਰਾ ਕੋਲੋਂ ਉਹ ਆਪਣੇ ਸਿਆਸੀ ਗੁਰੂ ਵਾਂਗ ਸਲਾਹ ਲਿਆ ਕਰਦੇ ਹਨ। ਅੱਜ ਵੀ ਉਹ ਸੀਪੀਆਈ ਵੱਲੋਂ ਕੀਤੇ ਰੋਸ ਮੁਜ਼ਾਹਰੇ ਵਿਚ ਸਰਗਰਮ ਰਹੇ। ਉਹਨਾਂ ਦੇ ਨਾਲ ਬਜ਼ੁਰਗ ਪੱਤਰਕਾਰ ਸਤੀਸ਼ ਸਚਦੇਵਾ ਅਤੇ ਟੀਮ ਦੇ ਹੋਰ ਮੈਂਬਰ ਵੀ ਸਨ। ਉਹਨਾਂ ਮੀਡੀਆ ਨੂੰ ਵੀ ਇਸ ਬਾਰੇ ਰਿਪੋਰਟ ਕੀਤੀ। 

ਉਹਨਾਂ ਦੱਸਿਆ ਕਿ ਅੱਜ ਇਥੇ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ  ਵੱਲੋਂ ਲਖੀਮਪੁਰ ਖੀਰੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ  ਪੁੱਤਰ ਅਸ਼ੀਸ਼ ਮਿਸ਼ਰਾ ਦੁਆਰਾ ਕਿਸਾਨਾਂ ਨੂੰ ਕਾਰ ਦੇ ਹੇਠ ਕੁਚਲ ਕੇ ਕਤਲ ਕਰਨ ਦੀ ਘਟਨਾ ਦੇ ਵਿਰੋਧ ਵਿੱਚ ਰੋਸ ਰੈਲੀ ਅਤੇ ਜ਼ੋਰਦਾਰ ਮੁਜ਼ਾਹਰੇ ਦਾ ਆਜੋਜਨ ਕੀਤਾ ਗਿਆ। 

ਵੱਖ ਵੱਖ ਬੁਲਾਰਿਆਂ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਇਹ ਕਾਰਾ ਭਾਜਪਾ ਦੀ ਹਿੰਸਕ ਮਾਨਸਿਕਤਾ ਦਾ ਪ੍ਰਗਟਾਵਾ ਹੈ। ਹਾਲ ਵਿੱਚ ਹੀ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਦੋ ਮਿੰਟਾਂ ਵਿੱਚ ਹੀ ਕੁਚਲਿਆ ਜਾ ਸਕਦਾ ਹੈ। ਇਸ ਤੋਂ ਉਤਸ਼ਾਹਿਤ ਹੋ ਕੇ ਉਸ ਦੇ ਬੇਟੇ ਉਸ ਦੇ ਹੋਰ ਸਹਿਯੋਗੀਆਂ ਨੇ ਇਹ ਵਹਿਸ਼ੀਆਨਾ ਫਾਸ਼ੀ ਕਾਰਾ ਕੀਤਾ ਹੈ। 
ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਦੀ ਜੋ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ" ਭਾਜਪਾ ਦੇ ਕਾਰਜਕਰਤਾ ਡੰਡੇ ਲੈ ਕੇ ਕਿਸਾਨਾਂ ਨੂੰ ਸਿੱਧਾ ਕਰਨ" -ਇਹ ਐਲਾਨ ਅਤੇ ਬਿਆਨ ਵੀ ਸੰਵਿਧਾਨਕ ਮਰਿਆਦਾਵਾਂ ਦੀ ਘੋਰ ਉਲੰਘਣਾ ਹੈ। ਪਾਰਟੀ ਨੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਫੌਰਨ ਬਰਖਾਸਤ ਕੀਤਾ ਜਾਏ ਉਸ ਦੇ ਬੇਟੇ ਅਸ਼ੀਸ਼ ਮਿਸ਼ਰਾ ਨੂੰ ਫੌਰਨ ਫੜ ਕੇ ਕਤਲ ਦਾ ਮੁਕੱਦਮਾ ਚਲਾਇਆ ਜਾਏ। 

ਇੱਥੇ ਇਹ ਦੱਸਣਾ ਵੀ ਜ਼ਰੂਰੀ ਬਣਦਾ ਹੈ ਕਿ ਅਜੇ ਮਿਸ਼ਰਾ ਅਤੇ ਉਸ ਦੇ ਲੜਕੇ ਤੇ ਪਹਿਲਾਂ ਵੀ ਬਹੁਤ ਸਾਰੇ ਕੇਸ ਚਲ ਰਹੇ ਹਨ। ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਉਪਰੋਕਤ ਬਿਆਨ  ਕਰਕੇ ਉਸ ਨੂੰ ਵੀ ਬਰਖਾਸਤ ਕੀਤਾ ਜਾਏ। ਬੁਲਾਰਿਆਂ ਨੇ ਇਸ ਗੱਲ ਤੇ ਹੈਰਾਨੀ ਪ੍ਰਗਟ ਕੀਤੀ ਕਿ ਏਡੀ ਵੱਡੀ ਘਟਨਾ ਹੋਣ ਤੇ ਵੀ ਪ੍ਰਧਾਨ ਮੰਤਰੀ ਵੱਲੋਂ ਅਫਸੋਸ ਦਾ ਇੱਕ ਲਫਜ਼ ਵੀ ਮੂੰਹੋਂ ਨਹੀਂ ਕੱਢਿਆ ਗਿਆ। 

ਨਰਿੰਦਰ ਮੋਦੀ ਦੀ ਚੁੱਪੀ ਉਨ੍ਹਾਂ ਨੂੰ ਸ਼ੱਕ ਦੇ ਘੇਰੇ ਵਿਚ ਲਿਆਂਦੀ ਹੈ ਤੇ ਇਹ ਦਰਸਾਉਂਦੀ  ਹੈ ਕਿ ਇਸ ਕਿਸਮ ਦੇ ਕਾਰਿਆਂ ਨਾਲ ਉਨ੍ਹਾਂ ਦੀ ਸਹਿਮਤੀ ਹੈ।  ਭਾਜਪਾ ਪ੍ਰਸ਼ਾਸਿਤ ਸੂਬਿਆਂ ਵਿੱਚ ਕਾਨੂੰਨ ਦੀ ਹਾਲਤ ਲਗਾਤਾਰ  ਵਿਗੜ ਰਹੀ ਹੈ ਅਤੇ ਫਿਰਕੂ ਦੰਗਿਆਂ ਰਾਹੀਂ ਸਮਾਜ ਨੂੰ ਵੰਡ ਕੇ ਅਰਾਜਕਤਾ ਫੈਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰ ਖੇਤਰ ਵਿਚ ਅਸਫਲ ਹੋਣ ਤੋਂ ਬਾਅਦ ਹੁਣ ਭਾਜਪਾ ਹੋਛੇ ਕਾਰਿਆਂ ਤੇ ਉਤਰ ਆਈ ਹੈ। 

ਦਸ ਮਹੀਨੇ ਤੋਂ ਉਪਰ ਸਮਾਂ ਹੋ ਗਿਆ ਜਦੋਂ ਤੋਂ  ਲੱਖਾਂ ਕਿਸਾਨ ਆਪਣਾ ਘਰ ਬਾਰ ਛੱਡ ਕੇ ਆਪਣੀਆਂ  ਹੱਕੀ ਮੰਗਾਂ ਲਈ ਦਿੱਲੀ ਦੀਆਂ ਸੀਮਾਵਾਂ ਤੇ ਬੈਠੇ ਹਨ, ਪਰ ਪ੍ਰਧਾਨ ਮੰਤਰੀ ਦੇ ਕੰਨਾਂ ਤੇ ਜੂੰ  ਵੀ ਨਹੀਂ ਸਰਕੀ। ਮੋਦੀ ਦੀ ਲਖੀਮਪੁਰ ਖੀਰੀ ਦੇ ਕਤਲਾਂ ਬਾਰੇ ਚੁੱਪੀ ਕੌਮਾਂਤਰੀ ਪੱਧਰ ਤੇ ਭਾਰਤ ਦੀ ਸਾਖ਼ ਡੇਗ ਰਹੀ ਹੈ ਕਿਉਂਕਿ ਉਹ ਦੇਸ਼ ਦੀ ਸਰਕਾਰ ਦੇ ਮੁਖੀ ਹਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਸਾਰਾ ਜ਼ਿੰਮਾ ਉਨ੍ਹਾਂ ਦਾ ਹੈ। ਪਾਰਟੀ ਆਗੂਆਂ ਨੇ ਫਿਰ ਦੁਹਰਾਇਆ ਕਿ ਅਜੇ ਮਿਸ਼ਰਾ ਨੂੰ ਫੌਰਨ ਬਰਖਾਸਤ ਕਰ ਕੇ ਉਸ ਦੇ ਬੇਟੇ ਤੇ ਕਤਲ ਦਾ ਮੁਕੱਦਮਾ ਚਲਾਇਆ ਜਾਏ ਅਤੇ ਯੂਪੀ ਸਰਕਾਰ ਨੂੰ ਵੀ ਤੁਰੰਤ ਬਰਖਾਸਤ ਕੀਤਾ  ਜਾਏ। 

ਪਹਿਲਾਂ ਮੁਸਲਮਾਨਾਂ ਨੂੰ ਪਾਕਿਸਤਾਨੀ ਦੱਸਿਆ ਗਿਆ, ਹੁਣ ਸਿੱਖਾਂ ਨੂੰ ਬੱਬਰ ਖ਼ਾਲਸਾ ਤੇ ਖ਼ਾਲਿਸਤਾਨੀ ਦੱਸਿਆ ਜਾ ਰਿਹਾ ਹੈ। ਵਿਰੋਧ ਕਰਨ ਵਾਲਿਆਂ  ਨੂੰ ਦੇਸ਼ਧ੍ਰੋਹੀ ਦੱਸਿਆ ਜਾ ਰਿਹਾ ਹੈ ਅਤੇ ਆਮ ਨਾਗਰਿਕਾਂ ਜਿਵੇਂ ਕਿ ਮੁਨੀਸ਼ ਗੁਪਤਾ ਦਾ ਪੁਲੀਸ ਦੁਆਰਾ ਕਤਲ ਅਤੇ ਪੁਲੀਸ ਦੇ ਇੰਸਪੈਕਟਰ ਸੁਬੋਧ ਕੁਮਾਰ ਦਾ ਭਾਜਪਾ ਦੀਆਂ ਭੀੜਾਂ ਦੁਆਰਾ ਕਤਲ ਵਿਗੜਦੀ ਅਮਨ ਕਾਨੂੰਨ ਦੀ ਸਥਿਤੀ ਦਾ ਸੂਚਕ ਹਨ। 

ਪਾਰਟੀ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਸ਼ਹੀਦ ਹੋਏ ਕਿਸਾਨਾਂ  ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਿਆ ਮੁਆਵਜ਼ੇ ਦੇ ਤੌਰ ਤੇ ਦਿੱਤਾ ਜਾਏ ਅਤੇ ਉਨ੍ਹਾਂ ਦੇ ਘਰ ਦੇ  ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੀ ਇਨਕੁਆਇਰੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਇਸ ਮੌਕੇ ਤੇ ਵਿਚਾਰ ਦੇਣ ਵਾਲਿਆਂ ਵਿੱਚ  ਪਾਰਟੀ ਦੇ ਜ਼ਿਲਾ ਸਹਾਇਕ-ਡਾ ਅਰੁਣ ਮਿੱਤਰਾ, ਕਾਮਰੇਡ ਚਮਕੌਰ ਸਿੰਘ, ਮਨਿੰਦਰ ਸਿੰਘ ਭਾਟੀਆ, ਚਰਨ ਸਰਾਭਾ, ਡਾ ਗਗਨਦੀਪ ,ਡਾ ਅੰਕੁਸ਼ ਕੁਮਾਰ, ਕੇਵਲ ਬੱਨਵੈਤ, ਨਵਲ ਛਿੱਬੜ, ਡਾ. ਪਰਮ ਸੈਣੀ,  ਵਿਜੇ ਕੁਮਾਰ ਅਤੇ ਗਗਨ ਸ਼ਾਮਿਲ ਸਨ। ਰੈਲੀ ਤੋਂ ਬਾਅਦ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ। 

Sunday, October 3, 2021

ਆਰ ਐਮ ਪੀ ਆਈ ਨੇ ਵੀ ਕੀਤੀ ਕਿਸਾਨਾਂ ਨੂੰ ਸ਼ਹੀਦ ਕੀਤੇ ਜਾਣ ਦੀ ਨਿਖੇਧੀ

ਮੋਦੀ-ਯੋਗੀ ਸਰਕਾਰਾਂ ਖਿਲਾਫ਼ ਸਖਤ ਰੋਸ ਐਕਸ਼ਨ ਕਰਨ ਦਾ ਸੱਦਾ 


ਜਲੰਧਰ: 3 ਅਕਤੂਬਰ 2021: (ਕਾਮਰੇਡ ਸਕਰੀਨ ਬਿਊਰੋ)::

ਯੂਪੀ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਕਤਲਾਮ ਨੂੰ ਨ ਲਾਇ ਕੇ ਹਰ ਪਾਸਿਓਂ ਭਾਜਪਾ ਦੀ ਨਿਖੇਧੀ ਹੋ ਰਹੀ ਹੈ। ਨਿਸਚੇ ਹੀ ਹਾਲਾਤ ਦਿਨ-ਬ-ਦਿਨ ਹੋਰ ਵਿਗੜਨ ਵੱਲ ਜਾ ਰਹੇ ਹਨ। ਆਰ ਐਮ ਪੀ ਆਈ ਨੇ ਵੀ ਕਿਸਾਨਾਂ ਨੂੰ ਸ਼ਹੀਦ ਕੀਤੇ ਜਾਣ ਦਾ ਗੰਭੀਰ ਨੋਟਿਸ ਲਿਆ ਹੈ। 

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ)  ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਯੂਪੀ ਦੇ ਲਖੀਮਪੁਰ ਖੀਰੀ ਵਿਖੇ ਭਾਜਪਾ ਆਗੂਆਂ ਵੱਲੋਂ ਘਾਤਕ ਹਮਲਾ ਕਰਕੇ  ਸ਼ਹੀਦ ਕੀਤੇ ਗਏ 5 ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਾਤਲਾਂ ਦੀ ਫੌਰੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਸਾਥੀ ਪਾਸਲਾ ਨੇ ਦੇਸ਼ ਭਰ ਦੀਆਂ ਪਾਰਟੀ ਕਮੇਟੀਆਂ ਅਤੇ ਜਨ ਸੰਗਠਨਾਂ ਨੂੰ ਸੱਦਾ ਦਿੱਤਾ ਹੈ ਕਿ ਭਲਕੇ 4 ਅਕਤੂਬਰ ਨੂੰ ਕਿਸਾਨਾਂ ਦੇ ਕਾਤਲਾਂ ਦੀ ਪਿੱਠ ਥਾਪੜਣ ਵਾਲੀਆਂ ਮੋਦੀ-ਯੋਗੀ ਸਰਕਾਰਾਂ ਖਿਲਾਫ਼ ਸਖਤ ਰੋਸ ਐਕਸ਼ਨ ਕੀਤੇ ਜਾਣ। 

ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸੰਪਰਕ; ਸਾਥੀ ਮਹੀਪਾਲ (99153-12806)

Saturday, September 11, 2021

ਜਲ੍ਹਿਆਂਵਾਲਾ ਬਾਗ ਦੇ ਬੁਨਿਆਦੀ ਸਰੂਪ ਵਿਚ ਬਦਲਾਓ ਮਨਜ਼ੂਰ ਨਹੀਂ

 11th September 2021 at 4:29 PM

 27 ਸਤੰਬਰ ਦੇ ਕਿਸਾਨ ਭਾਰਤ ਬੰਦ ਦੀ ਹਮਾਇਤ--ਖੱਬੀਆਂ ਪਾਰਟੀਆਂ 


ਚੰਡੀਗੜ੍ਹ
:11 ਸਤੰਬਰ 2021:(ਕਾਮਰੇਡ ਸਕਰੀਨ ਬਿਊਰੋ)::

ਜਲਿਆਂਵਾਲਾ ਬਾਗ ਦੇ ਇਤਿਹਾਸਿਕ ਸਰੂਪ ਨਾਲ ਛੇੜਛਾੜ ਅਸਲ ਵਿੱਚ ਉਹਨਾਂ ਧਾਰਮਿਕ ਜਜ਼ਬਾਤਾਂ ਨਾਲ ਵੀ ਛੇੜਛਾੜ ਹੈ ਜਿਹੜੇ ਉਹਨਾਂ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਨਾਲ ਜੁੜੇ ਹੋਏ ਹਨ ਜਿਹਨਾਂ ਦਾ ਧਰਮ ਅਸਲੀ ਤੌਰ ਤੇ ਰਾਸ਼ਟਰ ਧਰਮ ਹੈ। ਜਿਹਨਾਂ ਨੇ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਹੀ ਆਪਣਾ ਅਸਲੀ ਅਤੇ ਸਭ ਤੋਂ ਉੱਚਾ ਧਰਮ ਸਮਝਿਆ ਹੈ। ਜਿਹਨਾਂ ਨੂੰ ਜਲ੍ਹਿਆਂਵਾਲਾ ਬਾਗ ਜਾ ਕੇ ਲੱਗਦਾ ਸੀ ਕਿ ਉਹ ਆਪਣੇ ਪੁਰਖਿਆਂ ਦੇ ਕੋਲ ਆਏ ਹਨ। ਉਹਨਾਂ ਪੁਰਾਣੀਆਂ ਕੰਧਾਂ ਤੇ ਹੱਥ ਫੇਰਦਿਆਂ ਜਿਹਨਾਂ ਨੂੰ ਮਹਿਸੂਸ ਹੁੰਦਾ ਹੈ ਸੀ ਕਿ ਅਸੀਂ ਉਹਨਾਂ ਦੇ ਜ਼ਖਮੀ ਪੀਂਦਿਆਂ ਤੇ ਹੱਥ ਫੇਰ ਰਹੇ ਹਾਂ।  ਖੂਹ ਦੇ ਕੋਲੋਂ ਲੰਘਦਿਆਂ ਜਿਹਨਾਂ ਨੂੰ ਉਸ ਗੋਲੀਕਾਂਡ ਵੇਲੇ ਇਸ ਖੂਹ ਵਿਚ ਛਾਲਾਂ ਮਾਰਨ ਵਾਲੇ ਬੇਬਸ ਭਾਰਤੀਆਂ ਦੀਆਂ ਮਨੋਅਵਸਥਾਵਾਂ ਦੇ ਨਾਲ ਨਾਲ ਉਹਨਾਂ ਦੀਆਂ ਸ਼ਕਲਾਂ ਦੇ ਝੌਲੇ ਵੀ ਪੈਂਦੇ ਸਨ। ਇਸ ਤਰ੍ਹਾਂ ਇਸ ਅਸਥਾਨ ਨਾਲ ਜੁੜੇ ਹੋਏ ਉਹ ਸਾਰੇ ਲੋਕ ਖੁਦ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਹਨ। ਉਹਨਾਂ ਨੂੰ ਆਪਣੇ ਨਾਲ ਨਾਲ ਛੱਲ ਹੋ ਗਿਆ ਹੈ। ਇਸ ਛੱਲ ਦੇ ਖਿਲਾਫ ਗੰਭੀਰ ਨੋਟਿਸ ਲਿਆ ਹੈ ਖੱਬੀਆਂ ਪਾਰਟੀਆਂ ਨੇ। 

ਅੱਜ ਇਥੇ ਖੱਬੀਆਂ ਪਾਰਟੀਆਂ ਦੀ ਸਾਂਝੀ ਮੀਟਿੰਗ ਨੇ ਜਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਨੂੰ ਬਦਲਣ ਦੀਆਂ ਕੇਂਦਰੀ ਸਰਕਾਰ ਦੀਆਂ ਸਾਜ਼ਿਸ਼ਾਂ ਦੀ ਨਿਖੇਧੀ ਕਰਦਿਆਂ ਆਖਿਆ ਹੈ ਕਿ ਮੋਦੀ ਸਰਕਾਰ ਆਜ਼ਾਦੀ ਸੰਗਰਾਮ ਦੀ ਮਹਾਨ ਇਤਿਹਾਸਕ ਯਾਦਗਾਰ ਜਲ੍ਹਿਆਂਵਾਲਾ ਬਾਗ ਦੇ ਬੁਨਿਆਦੀ ਢਾਂਚੇ ਨੂੰ ਬਦਲਕੇ ਵਿਗਾੜਣ ਦੇ ਯਤਨਾਂ ਵਿਚ ਹੈ ਜਿਹੜਾ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

ਮੀਟਿੰਗ  ਸਾਥੀ ਬੰਤ ਸਿੰਘ ਬਰੜ ਦੀ ਪ੍ਰਧਾਨਗੀ ਹੇਠ ਅਜੈ ਭਵਨ, ਸੀਪੀਆਈ  ਦੇ ਦਫਤਰ ਚੰਡੀਗੜ੍ਹ ਵਿਚ ਹੋਈ। ਖੱਬੀਆਂ ਪਾਰਟੀਆਂ ਦੀ ਮੀਟਿੰਗ ਵਿਚ ਵਿਚਾਰ ਕਰਦਿਆਂ ਹੋਇਆਂ ਆਖਿਆ ਗਿਆ ਹੈ ਕਿ ਦੁਨੀਆਂ ਵਿਚ  ਇਤਿਹਾਸਕ ਯਾਦਗਾਰਾਂ ਨੂੰ ਸਾਰੇ ਦੇਸਾਂ ਨੇ ਸੰਭਾਲ ਕੇ ਰਖਿਆ ਹੋਇਆ ਹੈ ਪਰ ਮੋਦੀ ਦੀ ਆਰਐਸਐਸ ਭਾਜਪਾ ਸਰਕਾਰ ਨੂੰ ਜਲ੍ਹਿਆਂਵਾਲਾ ਬਾਗ ਦੀ ਇਤਿਹਾਸਕ ਯਾਦਗਾਰ ਸ਼ਾਇਦ ਇਸ ਕਰਕੇ ਰਾਸ ਨਹੀਂ ਆਉਂਦੀ ਕਿਉਂਕਿ ਜਦੋਂ ਅੰਗਰੇਜ਼ ਇਸ ਜਲ੍ਹਿਆਂਵਾਲਾ ਬਾਗ ਵਿਚ ਖੂਨੀ ਖੇਡ ਖੇਡ ਰਹੇ  ਸਨ ਤਾਂ ਆਰਐਸਐਸ ਅੰਗਰੇਜ਼ਾਂ ਦੀ ਹਮਾਇਤ ਕਰ ਰਹੀ ਸੀ।

ਇਹਨਾਂ ਖੱਬੀਆਂ ਪਾਰਟੀਆਂ ਨੇ ਇਸ ਮੌਕੇ ਕਿਸਾਨੀ ਅੰਦੋਲਨ ਦੀ ਭਰਪੂਰ ਹਮਾਇਤ ਕਰਦਿਆਂ ਹੋਇਆਂ ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਦੇ ਭਾਂਰਤ ਬੰਦ ਦੀ ਵੀ ਪੂਰਣ ਹਮਾਇਤ ਕੀਤੀ ਹੈ ਤੇ ਇਸ ਸੰਬੰਧੀ ਖੱਬੀਆਂ ਪਾਰਟੀਆਂ ਦੀ ਜ਼ਿਲਾ ਪੱਧਰ ’ਤੇ ਮੀਟਿੰਗਾਂ ਕਰਕੇ ਇਸਨੂੰ ਸਫਲ ਬਨਾਉਣ ਦਾ ਫੈਸਲਾ ਵੀ ਹੋਇਆ ਹੈ।

ਚੋਣਾਂ ਦੇ ਸੰਬੰਧ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਕਿ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਤਕ ਚੋਣ ਰੈਲੀਆਂ ਨਾ ਕੀਤੀਆਂ ਜਾਣ ਦੀ ਵੀ ਹਮਾਇਤ ਕੀਤੀ ਗਈ। ਮੀਟਿੰਗ ਵਿਚ ਸਰਵਸਾਥੀ ਬੰਤ ਬਰਾੜ ਤੇ ਗੁਰਨਾਮ ਕੰਵਰ (ਦੋਨੋਂ ਸੀਪੀਆਈ), ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾ ਰਾਏ, ਪ੍ਰੋਫੈਸਰ ਜੈਪਾਲ (ਤਿੰਨੇ ਆਰਐਮਪੀਆਈ), ਗੁਰਮੀਤ ਬਖਤੂਪਰਾ, ਰਾਜਵਿੰਦਰ ਰਾਣਾ (ਦੋੋਨੋਂ ਸੀਪੀਆਈ ਐਮਐਲ ਲਿਬਰੇਸ਼ਨ) ਸ਼ਾਮਲ ਹੋਏ। ਅਗਲੀ ਮੀਟਿੰਗ 18 ਸਤੰਬਰ ਨੂੰ ਜਲੰਧਰ ਵਿਖੇ ਦੇਸ਼ਭਗਤ ਯਾਦਗਾਰ ਹਾਲ ਵਿਚ ਕਰਨ ਦਾ ਫੈਸਲਾ ਲਿਆ ਗਿਆ ਹੈ।

Wednesday, August 25, 2021

ਕਿਰਤ ਕਮਿਸ਼ਨ ਦਫ਼ਤਰ ਅੱਗੇ ਗਰਜੇ ਸੀਟੂ ਦੇ ਕਾਮੇ

  Tuesday 24th August 2021 at 6:37 PM

 ਕਿਰਤ ਮੰਤਰੀ ਦੇ ਘਰ ਅੱਗੇ ਪੱਕਾ ਮੋਰਚਾ ਲਾਉਣ ਦਾ ਵੀ ਐਲਾਨ 


ਮੋਹਾਲੀ
: 24  ਅਗਸਤ 2021:  (ਗੁਰਜੀਤ ਬਿੱਲਾ//ਕਾਮਰੇਡ ਸਕਰੀਨ)::

ਵਧੀਕ ਕਿਰਤ ਕਮਿਸ਼ਨਰ ਮੋਨਾ ਪੁਰੀ ਧਰਨੇ ਵਿੱਚ ਆ ਕੇ
ਸੀਟੂ ਦੇ ਆਗੂਆਂ ਪਾਸੋਂ ਮੰਗ ਪੱਤਰ ਪ੍ਰਾਪਤ ਕਰਦੇ ਹੋਏ
ਸੀਟੂ ਦੀ ਸੂਬਾ ਕਮੇਟੀ ਦੇ ਪ੍ਰਧਾਨ
ਮਹਾਂ ਸਿੰਘ ਰੋੜੀ ਦੀ ਅਗਵਾਈ ਵਿੱਚ ਸੀਟੂ ਸਬੰਧਤ ਸਾਰੀਆਂ ਇਕਾਇਆਂ ਨੇ ਕਿਰਤ ਕਮਿਸਨ ਮੋਹਾਲੀ ਦੇ ਦਫਤਰ ਬੇ- ਮਿਸਾਲ ਧਰਨਾ ਦਿਤਾ। ਧਰਨੇ ਵਿੱਚ ਸ਼ਾਮਲ
ਵਰਕਰਾਂ ਦੇ ਹੱਥਾਂ ਵਿੱਚ ਫੜੇ ਲਾਲ ਝੰਡਿਆਂ ਨੇ ਦੂਰ ਦੂਰ ਤੱਕ ਲਾਲ ਹੀ ਲਾਲ ਕਰ ਦਿਤਾ ਗਿਆ। ਇਸ ਮੌਕੇ ਵਧੀਕ ਕਿਰਤ ਕਮਿਸਨਰ ਮੋਨਾਂ ਪੂਰੀ ਨੇ ਧਰਨੇ ’ਚ ਆਕੇ ਮੰਗ ਪੱਤਰ ਪ੍ਰਾਪਤ ਕੀਤਾ।  ਧਰਨੇ ਤੋਂ ਤੁਰੰਤ ਬਾਅਦ ਸੀਟੂ ਦੇ ਵਫਦ ਦੀ ਇਕ ਵਿਸੇਸ ਮੀਟਿੰਗ ਕਿਰਤ ਕਮਿਸ਼ਨਰ, ਜੋਇੰਟ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਵਿੱਚ ਮੀਟਿੰਗ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਚੰਦਰ ਸ਼ੇਖਰ ਨੇ ਕਿਹਾ ਕਿ ਅਧਿਕਾਰੀਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਅਜ ਤੱਕ ਜੋ ਵੀ ਮੰਗ ਪੱਤਰ ਉਨਾਂ ਵੱਲੋਂ ਦਿਤੇ ਗਏ ਹਨ ਉਨਾਂ ਇਸ ਸਬੰਧੀ ਕੋਈ ਜਾਣਕਾਰੀ ਉਨਾਂ ਨੂੰ ਨਹੀਂ ਦਿਤੀ ਗਈ। ਉਨਾਂ ਭਰੋਸਾ ਦਿਤਾ ਕਿ ਸਾਰੇ ਵਰਕਰਾਂ ਦਾ ਦੋ ਸਾਲਾਂ ਦਾ ਕੱਟਿਆ ਗਿਆ ਡੀ.ਏ ਦਾ ਏਰੀਅਰ ਇਕ ਮਹੀਨੇ ਦੇ ਅੰਦਰ ਅੰਦਰ ਵਿਆਜ ਸਮੇਤ ਦਿਤਾ ਜਾਵੇਗਾ।
ਸੀਟੂ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੌੜੀ ਅਤੇ ਜਨਰਲ ਸਕੱਤਰ ਕਾਮਰੇਡ ਚੰਦਰ ਸ਼ੇਖਰ  ਨੇ ਕਿਹਾ ਕਿ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਵਲੋਂ ਵਰਕਰਾਂ ਦੀਆ ਕਾਨੂੰਨੀ ਅਤੇ ਅਤਿ ਜ਼ਰੂਰੀ ਮੰਗਾਂ ਦੇ ਹੱਲ ਲਈ ਕੋਈ ਵੀ ਕਦਮ ਨਾ ਚੁੱਕਣ ਕਾਰਨ ਲਾਇਆ ਗਿਆ ਹੈ। ਸਰਕਾਰ ਨੇ ਕਿਰਤੀਆਂ ਦਾ ਕੋਰੋਨਾ ਕਾਲ ਵਿਚ ਪਿਛਲੇ 2 ਸਾਲਾਂ ਦਾ ਮਹਿੰਗਾਈ ਭੱਤਾ ਵੀ ਰੋਕ ਲਿਆ ਹੈ। ਸਰਕਾਰੀ ਟਰਾਂਸਪੋਰਟ ਵਿਚ ਧੱਕੇ ਨਾਲ ਗੈਰ ਕਾਨੂੰਨੀ ਠੇਕੇਦਾਰੀ ਸਿਸਟਮ ਜਾਰੀ ਰੱਖਿਆ ਜਾ ਰਿਹਾ ਹੈ। ਬਰਾਬਰ ਕੰਮ ਲਈ ਬਰਾਬਰ ਉੱਜਰਤਾਂ ਵੀ ਨਾ ਦੇ ਕੇ ਸੁਪਰੀਮ ਕੋਰਟ ਦੇ ਫੈਸਲੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਘੱਟੋ ਘੱਟ ਸਰਕਾਰੀ ਉੱਜਰਤਾਂ ਵੀ ਨਹੀਂ ਵਧਾਈਆਂ ਜਾ ਰਹੀਆਂ, ਜਦੋਂ ਕਿ 5 ਸਾਲ ਬਾਅਦ ਜਾਂ ਮਹਿੰਗਾਈ ਦੇ 100 ਅੰਕੜੇ ਵੱਧਣ ਉਪਰੰਤ ਘਟੋ ਘੱਟ ਉਜਰਤਾਂ ਦਾ ਵਾਧਾ ਕਰਨਾ ਹੁੰਦਾ ਹੈ। 
ਲਾਲ ਝੰਡਿਆਂ ਦਾ ਹੜ੍ਹ:ਹਰ ਪਾਸੇ ਸੀ ਲਾਲੋ ਲਾਲ 
ਕਾਮਰੇਡ ਚੰਦਰ ਸ਼ੇਖਰ ਨੇ ਮੰਗਾਂ ਸਬੰਧੀ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ 5 ਸਾਲਾਂ ਵਿਚ ਮਜ਼ਦੂਰਾਂ ਦੀ ਇਕ ਵੀ ਮੰਗ ਨਹੀਂ ਮੰਨੀ ਸਗੋਂ ਕਿਸੇ ਵੀ ਮੰਗ ਬਾਰੇ ਵਿਚਾਰ ਵਟਾਂਦਰਾ ਵੀ ਨਹੀਂ ਕੀਤਾ। ਪੰਜਾਬ ਸਰਕਾਰ ਵਲੋਂ ਨਾ ਕੋਈ ਕਾਨੂੰਨ ਮੰਨਿਆ ਜਾ ਰਿਹਾ ਹੈ ਅਤੇ ਨਾ ਹੀ ਸੁਪਰੀਮ ਕੋਰਟ ਦੇ ਫੈਸਲੇ ਲਾਗੂ ਕੀਤੇ ਜਾ ਰਹੇ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਦੀ ਕੁੱਲ ਹਿੰਦ ਸਕੱਤਰ ਭੈਣ ਊਸ਼ਾ ਰਾਣੀ ਨੇ ਕਿਹਾ ਕਿ ਪੰਜਾਬ ਦੇ ਲੱਖਾਂ ਸਕੀਮ ਵਰਕਰ ਹਨ ਜਿਹੜੇ ਕੰਮ ਪੰਜਾਬ ਵਿਚ ਕਰਦੇ ਹਨ ਜਦ ਕਿ ਕੁੱਲ ਖਰਚ ਦਾ 60% ਕੇਂਦਰ ਸਰਕਾਰ ਕਰਦੀ ਹੈ। ਪੰਜਾਬ ਸਰਕਾਰ ਆਪਣਾ 40% ਹਿੱਸਾ ਵੀ ਨਹੀਂ ਪਾਉਣਾ ਚਹੰੁਦੀ, ਨਾ ਸਕੀਮ ਵਰਕਰਾਂ ਨੂੰ ਵਰਕਰ ਮੰਨਿਆ ਜਾ ਰਿਹਾ ਹੈ ਨਾ ਕਿਸੇ ਨੂੰ ਘੱਟੋ ਘੱਟ ਉੱਜਰਤ ਦਿੱਤੀ ਜਾ ਰਹੀ ਹੈ। ਇਸ ਲਈ ਵਧੇਰੇ ਸਿਰੜੀ ਅਤੇ ਵਧੇਰੇ ਵਿਸ਼ਾਲ ਘੋਲ ਲੜਨ ਦੀ ਲੋੜ ਹੈ। ਸਾਥੀ ਸੁੱਚਾ ਸਿੰਘ ਅਜਨਾਲਾ ਵਿੱਤ ਸਕੱਤਰ ਨੇ ਕਿਹਾ ਕਿ ਅਜੇ ਲੇਬਰ ਕੋਡ ਲਾਗੂ ਵੀ ਨਹੀਂ ਹੋਏ ਪੰਰਤੂ ਪੰਜਾਬ ਸਰਕਾਰ ਇਨਾਂ ਮਜ਼ਦੂਰ ਵਿਰੋਧੀ ਕੋਡਜ਼ ਦੇ ਰੂਲਜ਼ ਲਾਗੂ ਕਰਨ ਲਈ ਮੋਦੀ ਸਰਕਾਰ ਤੋਂ ਵੀ ਕਾਹਲੀ ਜਾਪਦੀ ਹੈ। ਸੀਟੂ ਇਹ ਲਾਗੂ ਨਹੀਂ ਹੋਣ ਦੇਵੇਗੀ।
ਧਰਨਾਕਾਰੀਆਂ ਨੇ ਕਿਰਤ ਕਮਿਸ਼ਨਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਪੇਸ਼ ਕੀਤਾ ਗਿਆ। ਧਰਨੇ ਨੂੰ ਸੀਟੂ ਦੇ ਮੀਤ ਪ੍ਰਧਾਨ ਕੇਵਲ ਸਿੰਘ, ਤਰਸੇਮ ਜੋਧਾਂ, ਸੁਖਵਿੰਦਰ ਸਿੰਘ ਲੋਟੇ, ਜੋਗਿੰਦਰ ਸਿੰਘ ਔਲਖ, ਪਰਮਜੀਤ ਸਿੰਘ ਨੀਲੋਂ, ਅਮਰਨਾਥ ਕੁੰਮਕਲਾਂ ਸੁਭਾਸ਼ ਰਾਣੀ, ਸ਼ੇਰ ਸਿੰਘ ਫਰਵਾਹੀ, ਦਲਜੀਤ ਗੋਰਾ, ਨਛੱਤਰ ਸਿੰਘ, ਰੇਸਮ ਸਿੰਘ ਗਿੱਲ, ਤਰਸੇਮ ਸਿੰਘ, ਪ੍ਰਕਾਸ਼ ਹਿਸੋਵਾਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।  
ਵਰਕਰਾਂ ਵਿੱਚ ਸੀ ਪੂਰਾ ਜੋਸ਼ 
ਧਰਨਾਕਾਰੀਆਂ ਨੂੰ
ਅਖੀਰ ਵਿਚ ਸੰਬੋਧਨ ਕਰਦਿਆਂ ਸੀਟੂ ਦੇ ਸੂਬਾਈ ਪ੍ਰਧਾਨ ਸਾਥੀ ਮਹਾਂ ਸਿੰਘ ਰੌੜੀ ਨੇ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਅਜੇ ਵੀ ਕਿਰਤ ਮਹਿਕਮਾ ਸਾਡੀ ਮੰਗ ਨਹੀਂ ਮੰਨਦਾ ਤਾਂ ਪੰਜਾਬ ਦੇ ਲੇਬਰ ਮੰਤਰੀ ਦੇ ਘਰ ਸਾਹਮਣੇ ਪੱਕਾ ਮੋਰਚ ਲਾਉਣ ਦੀ ਤਿਆਰੀ ਕਰਨ ਅਤੇ ਸਾਰੇ ਸਕੀਮ ਵਰਕਰਾਂ ਦੀ 24 ਸਤੰਬਰ 2021 ਦੀ ਹੜਤਾਲ ਲਈ ਜ਼ੋਰਦਾਰ ਤਿਆਰੀ ਕਰਨ।
ਫੋੋਟੋ ਸੀਟੂ : ਪੰਜਾਬ ਸੀਟੂ ਦੀ ਅਗਵਾਈ ਵਿੱਚ ਵਰਕਰਾਂ ਲਾ ਮਿਸਾਲ ਧਰਨਾਂ ਦੇਕੇ ਸਰਕਾਰ ਦਾ ਪਿਟ ਸਿਆਪਾ ਕਰਦੇ ਹੋਏ
ਫੋਟੋ ਸੀਟੂ :2 : ਵਧੀਕ ਕਿਰਤ ਕਮਿਸਨ ਮੋਨਾ ਪੁਰੀ ਧਰਨੇ ਵਿੱਚ ਆਕੇ ਸੀਟੂ ਦੇ ਆਗੂਆਂ ਪਾਸੋਂ ਮੰਗ ਪੱਤਰ ਪ੍ਰਾਪਤ ਕਰਦੇ ਹੋਏ

Sunday, July 25, 2021

ਪੂੰਜੀਵਾਦ ਦੇ ਪੈਸਾ ਪ੍ਰਧਾਨ ਦੌਰ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

 ਨਵਾਂ ਮੋਬਾਈਲ ਲੈਣ ਦੀ ਚਾਹਤ ਵਿੱਚ ਹੋਇਆ ਸੀ ਘਰ ਵਿੱਚ ਵਿਵਾਦ  

ਰੋਜ਼ੀ ਰੋਟੀ ਲਈ ਦਿਨ ਰਾਤ ਇੱਕ ਕਰਕੇ ਮਿਹਨਤਾਂ ਕਰਦਿਆਂ ਕਿਰਤੀ ਪਰਿਵਾਰਾਂ ਨੇ ਅਜਿਹੇ ਦੁਖਾਂਤ ਤਾਂ ਕਦੇ ਸੋਚੇ ਹੀ ਨਹੀਂ ਹੁੰਦੇ ਪਰ ਅਜਿਹੀਆਂ ਘਟਨਾਵਾਂ ਉਹਨਾਂ ਨੂੰ ਹਮੇਸ਼ਾਂ ਲਈ ਦੁੱਖ ਦਰਦ ਦਾ ਪਹਾੜ ਦੇ ਜਾਂਦੀਆਂ ਹਨ। ਪੂੰਜੀਵਾਦ ਦੇ ਭਿਆਨਕ ਅਤੇ ਕੁਰੂਪ ਚਿਹਰੇ ਦੀ ਨਵੀਂ ਦੁਖਦ ਕਹਾਣੀ ਲੱਭ ਕੇ ਲਿਆਏ ਹਨ ਪ੍ਰਦੀਪ ਸ਼ਰਮਾ ਇਪਟਾ।  

ਲੁਧਿਆਣਾ:25 ਜੁਲਾਈ 2021: (ਪ੍ਰਦੀਪ ਸ਼ਰਮਾ//ਇਨਪੁਟ:ਲੁਧਿਆਣਾ ਸਕਰੀਨ ਡੈਸਕ)::
ਵਿਕਾਸ ਅਤੇ ਤਰੱਕੀਆਂ ਦੇ ਦਾਅਵਿਆਂ ਦੀ ਹਕੀਕਤ ਇਹੀ ਹੈ ਕਿ ਅਸਲ ਵਿੱਚ ਹਾਲਤ ਬੇਹੱਦ ਵਿਗੜੀ ਹੋਈ ਹੈ।ਕਰਜ਼ਿਆਂ ਮਾਰੇ ਲੋਕ ਖੁਦਕੁਸ਼ੀਆਂ ਕਰ ਰਹੇ ਹਨ। ਬੇਰੋਜ਼ਗਾਰੀ ਤੋਂ ਤੰਗ ਆਏ ਲੋਕ ਖੁਦਕੁਸ਼ੀਆਂ ਕਰ ਰਹੇ ਹਨ। ਘਰਾਂ ਦੀ ਹਾਲਤ ਤੋਂ ਪ੍ਰੇਸ਼ਾਨ ਹੋਏ ਲੋਕ ਖੁਦਕੁਸ਼ੀਆਂ ਕਰ ਰਹੇ ਹਨ। ਗੁੰਡਾਗਰਦੀ ਤੋਂ ਤੰਗ ਆਏ ਲੋਕ ਮੌਤ ਤੋਂ ਸ਼ਰਨ ਮੰਗ ਰਹੇ ਹਨ। 
ਇਹ ਸਭ ਕੁਝ ਪੂੰਜੀਵਾਦ ਨੂੰ ਪ੍ਰਣਾਏ ਸਿਸਟਮ ਦੀ ਦੇਣ ਹੈ ਅਤੇ ਖੁਦਕੁਸ਼ੀਆਂ ਕਰਨ ਵਾਲਿਆਂ ਵਿੱਚੋਂ ਬਹੁਤੇ ਉਹ ਹਨ ਜਿਹਨਾਂ ਨੇ ਨਾਂ ਤਾਂ ਜ਼ਿੰਦਗੀ ਲਈ ਜੂਝਣ ਵਾਲਾ ਫਲਸਫਾ ਕਦੇ ਪੜ੍ਹਿਆ ਅਤੇ ਨਾਂ ਹੀ ਉਹ ਸੰਘਰਸ਼ਾਂ ਵਾਲੇ ਰਸਤਿਆਂ ਵੱਲ ਆਏ ਹਨ। ਇਹਨਾਂ ਲੋਕਾਂ ਦੀ ਮਾਨਸਿਕਤਾ ਹੋਲੀ ਹੋਲੀ ਏਨੀ ਕਮਜ਼ੋਰ ਹੋ ਗਈ ਕਿ ਉਹ ਖੁਦ ਹੀ ਆਪਣੀ ਜਾਨ ਲੈਣੀ ਠੀਕ ਸਮਝਣ ਲੱਗ ਪਏ ਹਨ। ਸੰਘਰਸ਼ ਇਹਨਾਂ ਲੋਕਾਂ ਨੂੰ ਚੰਗਾ ਹੀ ਨਹੀਂ ਲੱਗਦਾ। 
ਨਵੀਂ ਘਟਨਾ ਹੈ 17 ਸਾਲਾਂ ਦੀ ਉਮਰ ਦੇ ਮੁੰਡੇ ਪ੍ਰੀਤ ਦੀ ਜਿਸ ਨੇ ਇਸ ਕਰਕੇ ਖ਼ੁਦਕੁਸ਼ੀ ਕਰ ਲਈ ਕਿਓਂਕਿ ਉਹ ਨਵਾਂ ਮੋਬਾਈਲ ਖਰੀਦਣਾ ਚਾਹੁੰਦਾ ਸੀ। ਉਸਦਾ ਪੁਰਾਣਾ ਮੋਬਾਈਲ ਉਸ ਕੋਲੋਂ ਲੁਟੇਰਿਆਂ ਨੇ ਖੋਹ ਲਿਆ ਸੀ। ਉਸ ਕੋਲੋਂ ਮੋਬਾਈਲ ਦੇ ਬਿਨਾ ਰਹਿਣਾ ਬਰਦਾਸ਼ਤ ਨਹੀਂ ਸੀ ਹੋ ਰਿਹਾ। ਜਦ ਨਵਾਂ ਮੋਬਾਈਲ ਲੈ ਕੇ ਦੇਣ ਲਈ ਘਰ ਪਰਿਵਾਰ ਦੇ ਮੈਂਬਰ ਨਹੀਂ ਮੰਨੇ ਤਾਂ ਉਸਨੇ ਚੁੱਕਿਆ ਇਹ ਕਦਮ। 
ਭਾਵੇਂ ਰੱਬ ਦਾ ਨਾਂਅ ਲਈ ਜਾਵੋ ਤੇ ਭਾਵੇਂ ਕਿਸਮਤ ਨੂੰ ਬੁਰਾ ਭਲਾ ਕਹੀ ਜਾਵੋ ਪਰ ਹਕੀਕਤ ਇਹੀ ਹੈ ਕਿ ਸਾਡੀ ਜ਼ਿੰਦਗੀ ਵਿਚਲੀ ਆਰਥਿਕ ਸਥਿਤੀ ਅਤੇ ਆਰਥਿਕ ਮਸਲੇ ਕਦਮ ਕਦਮ ਤੇ ਬਹੁਤ ਵੱਡਾ ਰੋਲ ਅਦਾ ਕਰਦੇ ਹਨ। ਇਸਦਾ ਅਹਿਸਾਸ ਇੱਕ ਵਾਰ ਫੇਰ ਹੋਇਆ ਅੱਜ ਲੁਧਿਆਣਾ ਵਿੱਚ ਹੋਈ ਖ਼ੁਦਕੁਸ਼ੀ ਦੀ ਇੱਕ ਘਟਨਾ ਮਗਰੋਂ। ਮਸਲਾ ਸਿਰਫ ਅੱਠ ਦਸ ਹਜ਼ਾਰ ਰੁਪਏ ਦਾ ਹੀ ਨਿਕਲਿਆ ਜਿਸਦੇ ਚੱਕਰ ਵਿਚ 17 ਸਾਲਾਂ ਦੇ ਮੁੰਡੇ ਨੇ ਆਤਮਹੱਤਿਆ ਕਰ ਲਈ। 
ਮ੍ਰਿਤਕ ਪ੍ਰੀਤ 17 ਸਾਲਾਂ ਦਾ ਮੁੰਡਾ ਸੀ। ਉਸਨੂੰ ਵੀ ਚੰਗੇ ਮੋਬਾਈਲ ਦਾ ਸ਼ੋਂਕ ਸੀ ਪਰ ਮੰਦੇ ਭਾਗਾਂ ਨੂੰ ਉਸਦਾ ਮੋਬਾਈਲ ਅਚਾਨਕ ਹੀ ਕਿਸੇ ਨੇ ਖੋਹ ਲਿਆ। ਮੋਬਾਈਲ ਦੀ ਖੋਹ ਮਗਰੋਂ ਉਹ ਉਦਾਸ ਰਹਿਣ ਲੱਗਿਆ। ਪਰਿਵਾਰ ਤੇ ਜ਼ੋਰ ਪਾਉਣ ਲੱਗਿਆ ਕਿ ਉਸਨੂੰ ਨਵਾਂ ਮੋਬਾਈਲ ਲੈ ਕੇ ਦਿੱਤਾ ਜਾਵੇ। ਘਰ ਪਰਿਵਾਰ ਵਾਲੇ ਇਸ ਲਈ ਨਾ ਮੰਨੇ ਕਿਓਂਕਿ ਕਰਨ ਵਾਲੇ ਹੋਰ ਬਹੁਤ ਸਾਰੇ ਜ਼ਰੂਰੀ ਖਰਚੇ ਸਿਰ ਤੇ ਸਨ। ਉਹਨਾਂ ਨੂੰ  ਮੋਬਾਈਲ ਜ਼ਰੂਰੀ ਨਾ ਜਾਪਿਆ। 
ਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅਚਾਨਕ ਹੀ ਇੱਕ ਦਿਨ ਇਹ ਮੁੰਡਾ ਪ੍ਰੀਤ ਘਰੋਂ ਗਾਇਬ ਹੋ ਗਿਆ। ਮਗਰੋਂ ਸ਼ੱਕ ਪੈਣ ਤੇ ਜਦੋਂ ਘਰ ਦੀ ਜਾਂਚ ਕੀਤੀ ਤਾਂ ਘਰ ਵਿੱਚ ਕਿਸੇ ਹੋਰ ਜ਼ਰੂਰੀ ਕੰਮ ਲਈ ਰੱਖੇ ਹੋਏ ਦਸ ਹਜ਼ਾਰ ਰੁਪਏ ਗਾਇਬ ਮਿਲੇ। ਜਦੋਂ ਪ੍ਰੀਤ ਘਰ ਪਰਤਿਆ ਤਾਂ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ। ਪਹਿਲਾਂ ਤਾਂ ਉਹ ਨਾ ਮੰਨਿਆ ਪਰ ਫਿਰ ਸਖਤੀ ਕਰਨ ਤੇ ਇਸਨੇ ਦੋ ਹਜ਼ਾਰ ਰੁਪਏ ਤਾਂ ਮੋੜ ਦਿੱਤੇ ਪਰ ਬਾਕੀ ਦੇ ਅੱਠ ਹਜ਼ਾਰ ਇਸ ਕੋਲ ਨਹੀਂ ਸਨ। ਸ਼ਾਇਦ ਉਹ ਰਕਮ ਕਿਸੇ ਮੋਬਾਈਲ ਦੀ ਦੁਕਾਨ ਵਾਲੇ ਨੂੰ ਦੇ ਆਇਆ ਸੀ ਜਾਂ ਕਿਧਰੇ  ਹੋਰ ਖਰਚ ਆਇਆ ਸੀ। ਉਹ ਪੂਰੀ ਗੱਲ ਨਹੀਂ ਸੀ ਦੱਸ ਰਿਹਾ। 
ਜਦੋਂ ਉਸਨੂੰ ਬਾਰ ਬਾਰ ਪੁੱਛਿਆ ਗਿਆ ਤਾਂ ਉਸਨੇ ਗੁੱਸਾ ਕਰ ਲਿਆ ਪਰ ਇਹ ਗੁੱਸਾ ਕਿਸੇ ਨੂੰ ਦਿਖਾਇਆ ਨਹੀਂ। ਇਹ ਗੁੱਸਾ ਉਸਨੇ ਮਨ ਵਿਚ ਰੱਖ ਲਿਆ। ਅੰਦਰ ਹੀ ਅੰਦਰ ਦੁਖੀ ਹੁੰਦਾ ਰਿਹਾ। ਉਸੇ ਦਿਨ 24 ਜੁਲਾਈ 2021 ਦੀ ਸ਼ਾਮ ਨੂੰ ਸੱਤ ਵਜੇ ਉਸਨੇ ਘਰ ਵਿੱਚ ਮੌਜੂਦ ਆਪਣੀ 9 ਸਾਲਾਂ ਦੀ ਉਮਰ ਵਾਲੀ ਭੈਣ ਨੂੰ ਕਿਸੇ ਬਹਾਨੇ ਬਾਹਰ ਭੇਜ ਦਿੱਤਾ ਅਤੇ ਖੁਦ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਇਹ ਕਹਾਣੀ ਉਸਦੇ ਪਰਿਵਾਰ ਨੇ ਹੀ ਮੀਡੀਆ ਨੂੰ ਸੁਣਾਈ ਹੋ ਸਕਦਾ ਹੈ ਅਸਲੀ ਗੱਲ ਕੋਈ ਹੋਰ ਵੀ ਹੋਵੇ। ਪਰ ਇੱਕ ਗੱਲ ਸਾਫ ਹੈ ਕਿ ਆਰਥਿਕ ਮਸਲਾ ਵਿਵਾਦ ਦਾ ਕਾਰਨ ਬਣਿਆ ਸੀ। 
ਮ੍ਰਿਤਕ ਪ੍ਰੀਤ ਕੁਮਾਰ ਪੁੱਤਰ ਰਾਮ ਰਾਜ ਅਤੇ ਉਸਦਾ ਪਰਿਵਾਰ ਨਿਊ ਪ੍ਰਤਾਪ ਨਗਰ ਨੇੜੇ  ਨਵੀਂ ਸਬਜ਼ੀ ਮੰਡੀ ਕਾਰਾਬਾਰਾ ਵਿਖੇ ਦੋ ਨੰਬਰ ਗਲੀ ਵਿਚ ਕਿਰਾਏ ਤੇ ਰਹਿੰਦੇ ਸਨ। ਜਦੋਂ ਪ੍ਰੀਤ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਆਲੇ ਦੁਆਲੇ ਚਰਚਾ ਫੈਲੀ ਕਿ ਆਖਿਰ ਇਹ ਕੀ ਭਾਣਾ ਵਾਪਰ ਗਿਆ? ਉਸ ਦੇ ਪਿਤਾ ਰਾਮ ਰਾਜ ਨੇ ਦੱਸਿਆ  ਕਿ ਪ੍ਰੀਤ ਕੁਮਾਰ ਨੇ ਆਪਣੇ ਘਰ ਵਿੱਚੋਂ ਦਸ ਹਜ਼ਾਰ ਰੁਪਈਆ ਬੈਗ ਵਿੱਚੋਂ ਕੱਢ ਲਏ ਸੀ   ਜਦੋਂ ਉਸ ਨੇ ਇਸ ਨੂੰ ਇਨ੍ਹਾਂ ਪੈਸਿਆਂ ਬਾਰੇ ਸਖਤੀ ਨਾਲ ਪੁੱਛਿਆ  ਤਾਂ ਉਸ ਨੇ ਗੁੱਸੇ ਵਿੱਚ ਆ ਕੇ ਆਤਮਹੱਤਿਆ ਕਰ ਲਈ। ਘਟਨਾ ਵੇਲੇ ਸਾਰਾ ਪਰਿਵਾਰ ਕੰਮ ਉੱਤੇ ਗਿਆ ਹੋਇਆ ਸੀ।  ਘਰ ਦੇ ਵਿਚ ਸਿਰਫ ਉਹਦੀ ਨੌੰ ਸਾਲ ਦੀ ਛੋਟੀ ਭੈਣ ਸੀ  ਜਿਸਨੂੰ ਉਸਨੇ ਘਰੋਂ ਬਾਹਰ ਭੇਜ ਦਿੱਤਾ। ਖੁਦ ਉਸਨੇ ਚੁੰਨੀ ਬੰਨ ਕੇ  ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। ਇਹ ਘਟਨਾ ਸ਼ਾਮ ਨੂੰ ਸੱਤ ਵਜੇ ਦੇ ਕਰੀਬ ਵਾਪਰੀ। ਰਾਮ ਰਾਜ ਦੇ ਇੱਕ ਵੱਡਾ ਪੁੱਤਰ ਅਖਿਲੇਸ਼ ਕੁਮਾਰ ਅਤੇ ਉਹਦੀ ਬੀਵੀ ਸਾਰੇ ਕੰਮ ਤੇ ਗਏ ਹੋਏ ਸਨ। ਉਨ੍ਹਾਂ ਨੂੰ ਤੁਰੰਤ ਸੂਚਨਾ ਦਿੱਤੀ ਗਈ ਅਤੇ ਪੁਲੀਸ ਕੰਟਰੋਲ ਰੂਮ ਤੇ ਵੀ ਸੂਚਨਾ ਦਿੱਤੀ ਗਈ। ਪ੍ਰੀਤ ਕੁਮਾਰ ਦੇ ਪਿਤਾ ਰਾਮ ਰਾਜ ਨੇ ਦੱਸਿਆ ਕਿ ਉਨ੍ਹਾਂ ਦਾ ਕਿਸੇ ਤੇ ਵੀ ਕੋਈ ਸ਼ੱਕ ਸ਼ੁਬਹਾ ਨਹੀਂ ਹੈ। ਪੋਸਟਮਾਰਟਮ ਮਗਰੋਂ ਬਾਅਦ ਦੁਪਹਿਰ ਦੋ ਢਾਈ ਵਜੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 
ਉਂਝ ਤਾਂ ਗੱਲ ਅੰਤਿਮ ਸੰਸਕਾਰ ਨਾਲ ਨਿਬੜ ਗਈ ਹੈ-ਖਤਮ ਹੋ ਗਈ ਹੈ ਪਰ ਮ੍ਰਿਤਕ ਪ੍ਰੀਤ ਦੇ ਵਿਛੋੜੇ ਦਾ ਦਰਦ ਰਹਿੰਦੀ ਉਮਰ ਤੱਕ ਪ੍ਰੀਵਾਰ ਨੂੰ ਤੰਗ ਕਰੇਗਾ। ਖਾਸ ਕਰ ਕੇ ਉਸਦੀ ਮਾਂ, ਪਿਤਾ ਅਤੇ ਭੈਣ ਨੂੰ। ਪੂਰੇ ਸਮਾਜ ਦਾ ਫਰਜ਼ ਬਣਦਾ ਹੈ ਅਸਲੀ ਕਹਾਣੀ ਲੱਭ ਕੇ ਉਹਨਾਂ ਨੂੰ ਹੌਂਸਲਾ ਦੇਵੇ। ਜੇ ਕੋਈ ਬਾਹਰਲਾ ਬੰਦਾ ਵੀ ਦੋਸ਼ੀ ਹੈ ਤਾਂ ਉਸ ਨੂੰ ਬਣਦੀ ਸਜ਼ਾ ਦੁਆਈ ਜਾਵੇ। ਅਖੀਰ ਕਿੱਥੇ ਗਏ ਬਾਕੀ ਦੇ ਅੱਠ ਹਜ਼ਾਰ ਰੁਪਏ? ਉਸ ਕੋਲੋਂ ਕੌਣ ਲੈ ਗਿਆ ਬਾਕੀ ਦੇ ਪੈਸੇ?

Thursday, July 22, 2021

ਕਾਮਰੇਡ ਸੋਹਲ ਦੇ ਪਰਿਵਾਰ ਦੀ ਸ਼ਹਾਦਤ ਵਾਲੀ ਰਾਤ ਯਾਦ ਕਰਦਿਆਂ

ਉਹ ਸਮਾਂ ਨਾ ਭੁੱਲਦਾ ਹੈ-ਨਾ ਹੀ ਭੁੱਲਣਾ ਚਾਹੀਦਾ ਹੈ-ਹਾਲਤ ਫੇਰ ਖਰਾਬ ਹਨ 


ਝਬਾਲ
(ਤਰਨਤਾਰਨ): 21 ਜੁਲਾਈ 2021:(ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ):: 

ਅੰਮ੍ਰਿਤਸਰ ਤੋਂ 13 ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਇਸ ਪਿੰਡ ਝਬਾਲ ਕਲਾਂ ਵਿੱਚ ਹੋ ਰਿਹਾ ਸਮਾਗਮ ਅਤੀਤ ਦੇ ਉਹਨਾਂ ਵੇਲਿਆਂ ਦੀ ਯਾਦ ਕਰਵਾ ਰਿਹਾ ਸੀ ਜਦੋਂ ਹਵਾਵਾਂ ਵਿੱਚ ਬਾਰੂਦ ਦੀ ਗੰਧ ਆਉਂਦੀ ਸੀ। ਮਿੱਟੀ ਥਾਂ ਥਾਂ ਡੁੱਲਦੇ ਖੂਨ ਨਾਲ ਲਾਲ ਹੋ ਰਹੀ ਸੀ। ਸਿਆਸਤਦਾਨ ਲਾਸ਼ਾਂ ਗਿਣ ਗਿਣ ਬਾਘੀਆਂ ਪਾ ਰਹੇ ਸਨ। ਲੋਕਾਂ ਵਿੱਚ ਦਹਿਸ਼ਤ ਹੀ ਦਹਿਸ਼ਤ ਸੀ। ਉਦੋਂ ਵੀ ਇਹੀ ਮਹਿਸੂਸ ਹੋਇਆ ਸੀ ਕਿ ਸ਼ਹੀਦਾਂ ਨੂੰ ਲਾਲ ਸਲਾਮ ਕਹਿਣਾ ਵੀ ਬੜਾ ਸੌਖਾ ਜਿਹਾ ਹੀ ਹੈ ਨਿਭਾਉਣਾ ਭਾਵੇਂ ਮੁਸ਼ਕਲ ਹੋਵੇ। ਇਸਦੇ ਨਾਲ ਹੀ ਇਹ ਕਹਿਣਾ ਵੀ ਔਖਾ ਨਹੀਂ ਲੱਗਦਾ ਹੁੰਦਾ ਕਿ 

ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ;                                                                                                          ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ!

ਪਰ ਜਦੋਂ ਸ਼ਹੀਦ ਹੋਣ ਵਾਲੇ ਆਪਣੇ ਹੀ ਪਰਿਵਾਰ ਦੇ ਮੈਂਬਰ ਹੋਣ। ਉਹਨਾਂ ਨੂੰ ਸ਼ਹੀਦ ਹੁੰਦਿਆਂ ਵੀ ਆਪਣੀ ਅੱਖੀਂ ਦੇਖਿਆ ਹੋਵੇ। ਸਿਰਫ ਦੇਖਿਆ ਹੀ ਨਾ ਹੋਵੇ ਬਲਕਿ ਉਸ ਵੇਲੇ ਹਮਲਾਵਰਾਂ ਦੀਆਂ ਗੋਲੀਆਂ ਖੁਦ ਵੀ ਝੱਲੀਆਂ ਹੋਣ ਤਾਂ ਉਸ ਵੇਲੇ ਹਿੰਮਤ ਕਰ ਕੇ ਮੁਸਕਰਾਉਣਾ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਤੋਂ ਘੱਟ ਨਹੀਂ ਹੁੰਦਾ। ਦਿਨ ਤਾਂ ਸਿਰਫ ਇੱਕੋ ਹੀ ਮਨਾਇਆ ਜਾਂਦਾ ਹੈ 21 ਜੁਲਾਈ ਪਰ ਉਸ ਵਾਰਦਾਤ ਦਾ ਇੱਕ ਇੱਕ ਪਲ ਯਾਦ ਤਾਂ ਹਰ ਵਕਤ ਰਹਿੰਦਾ ਹੈ। ਨਾ ਉਹ ਗੋਲੀਆਂਦੀ ਆਵਾਜ਼ ਭੁੱਲਦੀ ਹੈ। ਨਾ ਹੀ ਹਮਲਾਵਰਾਂ ਦੇ ਲਲਕਾਰੇ ਭੁੱਲਦੇ ਹਨ। ਨਾ ਹੀ ਉਹਨਾਂ ਪਲਾਂ ਦਾ ਖੌਫ ਭੁੱਲਦਾ ਹੈ। ਫਿਰ ਵੀ ਇੱਕ ਭਾਵਨਾ, ਇੱਕ ਯਾਦ ਇਹਨਾਂ ਸਾਰੀਆਂ ਗੱਲਾਂ ਤੇ ਭਾਰੂ ਰਹਿੰਦੀ ਹੈ ਕਿ ਸਾਡੇ ਪੂਰੇ ਪਰਿਵਾਰ ਨੇ ਜ਼ੁਲਮ ਅੱਗੇ ਗੋਡੇ ਨਹੀਂ ਟੇਕੇ। ਅੰਜਾਮ ਸਭ ਨੂੰ ਪਤਾ ਸੀ ਪਰ ਸਿਰ ਚੁੱਕ ਕੇ ਇਸਦਾ ਸਾਹਮਣਾ ਕੀਤਾ। ਕਾਇਰਾਂ ਨੇ ਸਾਡੇ ਸਾਰੇ ਪਰਿਵਾਰ ਨੂੰ ਸੁੱਤਿਆਂ ਪਿਆ ਅਚਾਨਕ ਹਮਲਾ ਕਰਕੇ ਮਾਰਿਆ। ਅੱਜ ਉਹਨਾਂ ਕਾਤਲਾਂ ਦਾ ਕੋਈ ਨਾਮ ਵੀ ਨਹੀਂ ਜਾਣਦਾ ਪਰ ਕਾਮਰੇਡ ਸੋਹਲ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਲੋਕ ਅੱਜ ਵੱਡੇ ਵੱਡੇ ਜੋਸ਼ੀਲੇ ਮਾਰਚ ਵੀ  ਕਰਦੇ ਹਨ, ਮੇਲੇ ਵੀ ਲਾਉਂਦੇ ਹਨ, ਰੈਲੀਆਂ ਵੀ ਕਰਦੇ ਹਨ। ਇੰਝ ਲੱਗਦੈ ਕਾਮਰੇਡ ਸੋਹਲ ਅੱਜ ਵੀ ਸਾਡੇ ਵਿਚਕਾਰ ਹੈ ਇਹਨਾਂ ਲੋਕਾਂ ਦੇ ਰੂਪ ਵਿੱਚ। ਲਾਲ ਝੰਡੇ ਦੀ ਲਾਲੀ ਦੇ ਰੂਪ ਵਿੱਚ। ਇਹ ਸਭ ਕਾਮਰੇਡ ਨਰਿੰਦਰ ਸੋਹਲ ਦੀਆਂ ਅੱਖਾਂ ਬੋਲਦਿਆਂ ਸਨ। ਉਸਦੀ ਚੁੱਪ ਬੋਲਦੀ ਸੀ। ਉਸਦਾ ਜਜ਼ਬਾਤਾਂ ਦੇ ਹੜ੍ਹ ਨਾਲ ਭਰਿਆ ਦਿਲ ਬੋਲਦਾ ਸੀ। ਉਸਦਾ ਚਿਹਰਾ ਬੋਲਦਾ ਸੀ। ਨਰਿੰਦਰ ਸੋਹਲ ਨੂੰ ਇੱਕ ਇੱਕ ਪਲ ਕਲ੍ਹ ਵਾਂਗ ਯਾਦ ਹੈ। ਇਸ ਮਿੱਟੀ ਵਿੱਚ ਡੁੱਲੇ ਖੂਨ ਦੀ ਮਹਿਕ ਉਹ ਅੱਜ ਵੀ ਮਹਿਸੂਸ ਕਰਦੀ ਹੈ। 

ਸ਼ਹੀਦ ਕਾਮਰੇਡ ਸਵਰਨ ਸਿੰਘ ਸੋਹਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ 34ਵੀਂ ਬਰਸੀ ਮੌਕੇ ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਸੁਖਚੈਨ ਸਿੰਘ ਵੱਲੋਂ ਅਦਾ ਕੀਤੀ ਗਈ। ਨਵੇਂ ਉਸਾਰੇ ਦਫ਼ਤਰ ਅਤੇ ਲਾਇਬ੍ਰੇਰੀ ਦਾ ਉਦਘਾਟਨ ਕਾਮਰੇਡ ਹਰਭਜਨ ਸਿੰਘ ਵੱਲੋਂ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਵਲੋਂ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਵੀ ਦਿੱਤੀ ਗਈ

ਸਟੇਟ ਐਗਜ਼ੀਕਿਊਟਿਵ ਮੈਂਬਰ ਕਾਮਰੇਡ ਹਰਭਜਨ ਸਿੰਘ, ਕਾਮਰੇਡ ਸੁਖਚੈਨ ਸਿੰਘ, ਗੋਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬਲਕਾਰ ਵਲਟੋਹਾ, ਕਾਮਰੇਡ ਤਾਰਾ ਸਿੰਘ ਖਹਿਰਾ, ਕਾਮਰੇਡ ਨਰਿੰਦਰ ਸੋਹਲ, ਪੰਜਾਬ ਇਸਤਰੀ ਸਭਾ ਦੇ ਸੂਬਾ ਜਨਰਲ ਸਕੱਤਰ ਰਾਜਿੰਦਰਪਾਲ ਕੌਰ, ਨਰਿੰਦਰਪਾਲ ਪਾਲੀ, ਸੀਮਾ ਸੋਹਲ, ਗੁਰਬਿੰਦਰ ਸਿੰਘ ਸੋਹਲ ਆਦਿ ਹਾਜ਼ਰ ਸਨ। 

ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਾਮਰੇਡ ਸਵਰਨ ਸੋਹਲ ਦੇ ਪੁਰਾਣੇ ਸਾਥੀ ਕਾਮਰੇਡ ਦਵਿੰਦਰ ਸੋਹਲ ਵੱਲੋਂ ਨਿਭਾਈ ਗਈ।ਕਾਮਰੇਡ ਦੇਵਿੰਦਰ ਸੋਹਲ ਨੇ ਵੀ ਉਹ ਸਾਰਾ ਸਮਾਂ ਖੁਦ ਹੱਡੀਂ ਹੰਢਾਇਆ ਹੋਇਆ ਹੈ। ਉਹ ਸਮਾਂ ਜਦੋਂ ਫਿਰਕਾਪ੍ਰਸਤਾਂ ਨੇ ਲੋਕਾਂ ਦੇ ਸਾਹ ਲੈਣ ਤੇ ਵੀ ਪਾਬੰਦੀ ਲਾਇ ਹੋਈ ਸੀ। ਲੋਕ ਸਰਕਾਰੀ ਜਬਰ ਅਤੇ ਫਿਰਕੂ ਜਬਰ ਦੇ ਵਿਚਕਾਰ ਪੀ.ਆਈ.ਐਸ. ਰਹੇ ਸਨ। ਉਦੋਂ ਕਮਿਊਨਿਸਟਾਂ ਨੇ ਹੀ ਆਪਣੀਆਂ ਕੁਰਬਾਨੀਆਂ ਨਾਲ ਇਸ ਖੌਫ ਅਤੇ ਇਸ ਦਹਿਸ਼ਤ ਦੀ ਧੁੰਦ ਨੂੰ ਚੀਰਿਆ। 

ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਚੱਲੇ ਕਾਲੇ ਦੌਰ ਦਾ ਕਮਿਊਨਿਸਟਾਂ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਸ਼ਹਾਦਤ ਦਿੱਤੀ। ਜਿਸ ਦੀ ਬਦੌਲਤ ਪੰਜਾਬ ਦੀ ਭਾਈਚਾਰਕ ਸਾਂਝ ਬਣੀ ਰਹੀ। ਅੱਜ ਫਿਰ ਹਾਲਾਤ ਬਹੁਤ ਚਿੰਤਾਜਨਕ ਬਣੇ ਹੋਏ ਹਨ। ਕਿਸਾਨਾਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦੀ ਜਿੱਤ ਬਹੁਤ ਅਹਿਮੀਅਤ ਰੱਖਦੀ ਹੈ। ਇਸ ਲਈ ਇਸਨੂੰ ਜਿੱਤ ਤੱਕ ਲੈਕੇ ਜਾਣ ਦੀ ਜੁੰਮੇਵਾਰੀ ਸਾਡੇ ਮੋਢਿਆਂ ਉੱਤੇ ਹੈ।

ਅੱਜ ਫਿਰ ਫਿਰਕੂ ਹਨੇਰੀਆਂ ਝੁਲਾਉਣ ਦੀਆਂ ਸਾਜ਼ਿਸ਼ਾਂ ਜ਼ੋਰਾਂ ਤੇ ਹਨ। ਮਹਿੰਗਾਈ, ਬੇਰੋਜ਼ਗਾਰੀ, ਅਮਨ ਕਾਨੂੰਨ ਦੀ ਨਿੱਘਰੀ ਹੋਈ ਸਥਿਤੀ ਅਤੇ ਹੋਰ ਹਾਲਾਤ ਚਿੰਤਾਜਨਕ ਹਨ। ਇਹਨਾਂ ਤੋਂ ਧਿਆਨ ਲਾਂਭੇ ਕਰਨ ਦੀਆਂ ਨਾਪਾਕ ਸਾਜ਼ਿਸ਼ਾਂ ਨੂੰ ਨਾਕਾਮ ਕਰਨਾ ਬਹੁਤ ਜ਼ਰੂਰੀ ਹੈ। ਅੱਜ ਫੇਰ ਹਾਲਾਤ ਚਿੰਤਾਜਨਕ ਹਨ। ਇਸ ਲਈ ਕਾਮਰੇਡ ਸਵਰਨ ਸੋਹਲ ਵਰਗੇ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਜੱਜ ਫੇਰ ਸ਼ਿੱਦਤ ਨਾਲ ਯਾਦ ਕਰਨ ਦੀ ਲੋੜ ਹੈ। 

Wednesday, July 21, 2021

"ਕਾਮਰੇਡ ਸੋਹਲ ਅੱਤਵਾਦ ਦੌਰਾਨ ਵੀ ਕਿਸਾਨੀ ਹਿੱਤਾਂ ਲਈ ਡਟ ਕੇ ਖੜ੍ਹੇ ਰਹੇ"

 ਇਹ ਫ਼ਿਲਮੀ ਨਹੀਂ ਬਿਲਕੁਲ ਸੱਚੀ ਕਹਾਣੀ ਹੈ 

21 ਜੁਲਾਈ ਨੂੰ "ਬਰਸੀ 'ਤੇ ਵਿਸ਼ੇਸ਼"                                                     ਨਰਿੰਦਰ ਸੋਹਲ 

ਪੰਜਾਬ ਨੇ ਆਪਣੇ ਪਿੰਡੇ ਉੱਤੇ ਬਹੁਤ ਕੁੱਝ ਹੰਡਾਇਆ ਹੈ। ਪਰ ਵੱਖ-ਵੱਖ ਹਾਲਾਤਾਂ ਵਿੱਚੋਂ ਗੁਜ਼ਰਦਿਆਂ ਵੀ ਇਸਨੇ ਕਦੇ ਹਾਰ ਨਹੀਂ ਮੰਨੀ। ਹਮੇਸ਼ਾ ਜੇਤੂ ਹੋ ਕੇ ਹੀ ਨਿਕਲਿਆ ਹੈ, ਉਹ ਚਾਹੇ ਅੱਤਵਾਦ ਦਾ ਭਿਆਨਕ ਦੌਰ ਕਿਉਂ ਨਾ ਹੋਵੇ। ਅੱਤਵਾਦ ਦੌਰਾਨ ਸੂਰਜ ਰਹਿੰਦਿਆਂ ਵੀ ਹਰ ਪਾਸੇ ਹਨੇਰਾ ਪਸਰ ਜਾਂਦਾ ਸੀ ਅਤੇ ਪਿੰਡਾਂ ਦੀਆਂ ਗਲੀਆਂ ਸੁੰਨੀਆਂ ਹੋ ਜਾਂਦੀਆਂ ਸਨ। ਹਰ ਪਾਸੇ ਮੌਤ ਨੱਚਦੀ ਫਿਰਦੀ, ਘਰੋਂ ਗਏ ਪਰਿਵਾਰਕ ਮੈਂਬਰ ਬਾਰੇ ਯਕੀਨ ਨਹੀਂ ਹੁੰਦਾ ਸੀ ਕਿ ਉਹ ਸਹੀ ਸਲਾਮਤ ਵਾਪਸ ਆ ਜਾਵੇਗਾ। ਅਜਿਹੇ ਮਾਹੌਲ ਤੋਂ ਡਰਦਿਆਂ ਕੲੀ ਪਰਿਵਾਰ ਇਥੋਂ ਹਿਜ਼ਰਤ ਵੀ ਕਰ ਗਏ‌। ਹਜਾਰਾਂ ਬੇਕਸੂਰ ਬੱਚਿਆਂ, ਬਜੁਰਗਾਂ, ਨੌਜਵਾਨਾਂ ਅਤੇ ਔਰਤਾਂ ਦੀ ਜਾਨ ਗਈ। ਪੰਜਾਬ ਦੀ ਇੱਜਤ, ਅਣਖ ਦਾ ਘਾਣ ਹੋਇਆ ਅਤੇ ਆਰਥਿਕ ਪੱਖੋਂ ਵੀ ਮਾਰ ਸਹਿਣੀ ਪਈ। ਉਦੋਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਹ ਦੌਰ ਕਦੇ ਖਤਮ ਹੀ ਨਹੀਂ ਹੋਵੇਗਾ। ਪਰ ਇਸ ਸਭ ਦੇ ਬਾਵਜੂਦ ਹਿੰਦੂ ਸਿੱਖ ਭਾਈਚਾਰਕ ਸਾਂਝ ਕਾਇਮ ਰਹਿਣ ਕਾਰਨ ਪੰਜਾਬ ਦੁਬਾਰਾ ਖੁਸ਼ਹਾਲੀ ਦੇ ਰਾਹ ਪੈ ਗਿਆ।

ਸਾਡੇ ਪਰਿਵਾਰ ਨੇ ਵੀ ਇਹ ਦੌਰ ਆਪਣੇ ਪਿੰਡੇ ਤੇ ਹੰਢਾਇਆ ਹੈ। ਜਿਸ ਕਾਰਨ ਅੱਜ ਵੀ ਜੁਲਾਈ ਮਹੀਨੇ ਦੇ ਆਉਂਦਿਆਂ ਹੀ ਬੀਤਿਆ ਸਮਾਂ ਤੇਜ਼ੀ ਨਾਲ ਅੱਖਾਂ ਅੱਗੋਂ ਗੁਜ਼ਰਨ ਲੱਗਦਾ ਹੈ। ਅੱਜ ਵੀ ਯਾਦ ਹੈ 21 ਜੁਲਾਈ 1987 ਨੂੰ ਕਾਮਰੇਡ ਸਵਰਨ ਸਿੰਘ ਸੋਹਲ ਅਤੇ ਪਰਿਵਾਰ ਦੇ ਹੋਰ ਚਾਰ ਮੈਂਬਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਕਾਮਰੇਡ ਸਵਰਨ ਸਿੰਘ ਸੋਹਲ 1965 ਦੀ ਜੰਗ ਤੋਂ ਬਾਅਦ ਆਪਣੀ ਇੱਛਾ ਨਾਲ ਬਿਨਾਂ ਪੈਨਸ਼ਨ ਦੇ ਫ਼ੌਜ ਦੀ ਨੌਕਰੀ ਛੱਡ ਕੇ ਆ ਗਏ ਸਨ। ਪਿੰਡ ਸੋਹਲ ਜ਼ਿਲ੍ਹਾ ਤਰਨਤਾਰਨ (ਪੁਰਾਣਾ ਅੰਮਿਤਸਰ) ਜਿੱਥੇ ਸਾਡਾ ਜਨਮ ਹੋਇਆ ਉਹਨਾਂ ਦਾ ਨਾਨਕਾ ਪਿੰਡ ਸੀ। ਏਥੇ ਹੀ ਕਾਮਰੇਡ ਕੁੰਦਨ ਲਾਲ (ਕਾਮਰੇਡ ਦਵਿੰਦਰ ਸੋਹਲ ਹੁਰਾਂ ਦੇ ਪਿਤਾ) ਨਾਲ ਨੇੜਤਾ ਉਹਨਾਂ ਨੂੰ ਕਮਿਊਨਿਸਟ ਬਨਣ ਵੱਲ ਲੈ ਆਈ। ਬਹੁਤ ਜਲਦੀ ਹੀ ਇੱਕ ਨਿਧੜਕ ਆਗੂ ਵਜੋਂ ਉਭਰਦਿਆਂ, ਉਹ ਜ਼ਿਲ੍ਹਾ ਕਿਸਾਨ ਸਭਾ ਅਤੇ ਇਲਾਕਾ ਪਾਰਟੀ ਦੋਹਾਂ ਦੇ ਸਹਾਇਕ ਸਕੱਤਰ ਬਣ ਗਏ। ਪਾਰਟੀ ਅਤੇ ਕਿਸਾਨ ਸਭਾ ਵੱਲੋਂ ਲੜੇ ਜਾਂਦੇ ਹਰ ਘੋਲ ਦੀ ਮੂਹਰਲੀ ਕਤਾਰ ਵਿੱਚ ਸ਼ਾਮਲ ਹੁੰਦੇ। ਕਈ ਮੋਰਚਿਆਂ ਦੌਰਾਨ ਭਾਵੇਂ ਜੇਲ੍ਹ ਵੀ ਜਾਣਾ ਪਿਆ ਪਰ ਉਹਨਾਂ ਕਦੇ ਹਿੰਮਤ ਅਤੇ ਹੌਂਸਲਾ ਕਮਜ਼ੋਰ ਨਾ ਪੈਣ ਦਿੱਤਾ। ਲੋਕਾਂ ਵਿੱਚ ਕੰਮ ਕਰਦਿਆਂ ਉਹਨਾਂ ਦੀ ਵਧ ਰਹੀ ਹਰਮਨ ਪਿਆਰਤਾ ਨੂੰ ਇਲਾਕੇ ਅਤੇ ਪਿੰਡ ਦੇ ਧਨਾਢ ਪਸੰਦ ਨਹੀਂ ਕਰਦੇ ਸਨ। ਅਸਲ ਵਿੱਚ ਉਹ ਕਮਿਊਨਿਸਟਾਂ ਦੇ ਵਧਦੇ ਆਧਾਰ ਨੂੰ ਰਾਜਨੀਤਕ ਤੌਰ ’ਤੇ ਆਪਣੇ ਲਈ ਖਤਰਾ ਮਹਿਸੂਸ ਕਰਦੇ ਸਨ। ਇਸੇ ਦੌਰਾਨ ਪੰਜਾਬ ਵਿੱਚ ਅੱਤਵਾਦ ਦਾ ਦੌਰ ਚੱਲਿਆ। ਸਰਮਾਏ ਦੀ ਸਿਆਸਤ ਨੇ ਨੌਜਾਵਨਾਂ ਨੂੰ ਗੁੰਮਰਾਹ ਕਰਦਿਆਂ ਉਹਨਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਦਿੱਤੇ। ਘਰਾਂ ਦੀ ਕਮਜ਼ੋਰ ਆਰਥਿਕ ਸਥਿਤੀ ਨੇ ਬਲਦੀ ‘ਤੇ ਤੇਲ ਪਾਇਆ। ਪੰਜਾਬ ਦੇ ਹੱਸਦੇ-ਵੱਸਦੇ ਘਰਾਂ ਵਿੱਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਘਰਾਂ ਵਿੱਚ ਖੁਸ਼ੀਆਂ ਦੀ ਥਾਂ ਮਾਤਮ ਛਾ ਗਿਆ। ਜਦੋਂ ਆਮ ਪੰਜਾਬੀ ਇਸਦਾ ਸੰਤਾਪ ਭੋਗ ਰਹੇ ਸਨ, ਉੱਜੜ ਰਹੇ ਸਨ ਤਾਂ ਕਈ ਪੁਲਿਸ ਮੁਲਾਜ਼ਮਾਂ, ਸਮੱਗਲਰਾਂ, ਸਿਆਸਤਦਾਨਾਂ, ਕਾਰੋਬਾਰੀਆਂ ਨੇ ਇਸ ਦੌਰ ਨੂੰ ਕਮਾਈ ਦਾ ਸਾਧਨ ਬਣਾ ਲਿਆ। 

ਕਮਿਊਨਿਸਟ ਪਾਰਟੀ ਵੱਲੋਂ ਇਸ ਮਾਹੌਲ ਦੇ ਖਿਲਾਫ ਜੂਨ 1987 ‘ਚ ਇਤਿਹਾਸਕ ਦਸ ਦਿਨਾਂ ਮਾਰਚ ਕੀਤਾ ਗਿਆ। ਜਦੋਂ ਪਿੰਡ ਸੋਹਲ ਵਿੱਚ ਜਲਸਾ ਕੀਤਾ ਜਾ ਰਿਹਾ ਸੀ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਘੁਰ-ਘੁਰ ਕਰਨੀ ਸ਼ੁਰੂ ਕਰ ਦਿੱਤੀ। ਪਰ ਕਾਮਰੇਡ ਸੋਹਲ ਦੇ ਸਟੇਜ ਤੋਂ ਸਿੱਧਾ ਵੰਗਾਰਨ 'ਤੇ ਸ਼ਰਾਰਤੀਆਂ ਨੇ ਓਥੋਂ ਖਿਸਕਣਾ ਹੀ ਠੀਕ ਸਮਝਿਆ। ਫਿਰ 21 ਜੁਲਾਈ ਨੂੰ ਦਿਨ ਵੇਲੇ ਪਿੰਡ ਵਿੱਚ ਖਰਾਬ ਹੋਈ ਕਣਕ ਦੀ ਫਸਲ ਦਾ ਮੁਆਵਜਾ ਵੰਡਿਆ ਜਾ ਰਿਹਾ ਸੀ। ਇਸਦੀ ਵੰਡ ਵਿੱਚ ਹੇਰਾ ਫੇਰੀ ਨਾ ਹੋਵੇ, ਕਿਸਾਨ ਸਭਾ ਦੇ ਆਗੂ ਵਜੋਂ ਕਾਮਰੇਡ ਸੋਹਲ ਸਾਰਾ ਦਿਨ ਮੰਡੀ ਵਿੱਚ ਹਾਜ਼ਰ ਰਹੇ। ਉਹਨਾਂ ਆਪਣੀ ਸੁਰੱਖਿਆ ਦੀ ਵੀ ਪਰਵਾਹ ਨਹੀਂ ਕੀਤੀ, ਜਿਸ ਕਾਰਨ ਉਹ ਅੱਤਵਾਦੀਆਂ ਦੀਆਂ ਨਜ਼ਰਾਂ ਵਿੱਚ ਆ ਗਏ। ਜੋ ਉਹਨਾਂ ਨਾਲ ਸਿੱਧੇ ਮੁਕਾਬਲੇ ਵਿੱਚ ਨਹੀਂ ਸਨ ਪੈਣਾ ਚਾਹੁੰਦੇ, ਸਿਰਫ ਉਸ ਦਿਨ ਕਾਮਰੇਡ ਸੋਹਲ ਦੇ ਅਵੇਸਲੇ ਹੋਣ ’ਤੇ ਹਨੇਰੇ ਦਾ ਲਾਹਾ ਉਠਾ ਗਏ। ਹਮੇਸ਼ਾਂ ਦੀ ਤਰ੍ਹਾਂ ਰਾਤ ਕਾਮਰੇਡ ਅਤੇ ਘਰ ‘ਚ ਕੰਮ ਕਰਦਾ ਕਾਮਾ ਹੀਰਾ ਸਿੰਘ ਛੱਤ ਉੱਤੇ ਤੇ ਬਾਕੀ ਸਾਰਾ ਪਰਵਾਰ ਵਿਹੜੇ ‘ਚ ਸੁੱਤਾ ਪਿਆ ਸੀ। ਉੱਸੇ ਰਾਤ ਦੇ 11 ਵਜੇ ਦੇ ਲਗਭਗ ਅੱਤਵਾਦੀਆਂ ਨੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਉਹਨਾਂ ਛੱਤ ਉੱਤੇ ਚੜ੍ਹ ਕੇ ਕਾਮਰੇਡ ਸੋਹਲ 'ਤੇ ਹੀ ਹਮਲਾ ਕੀਤਾ। ਇਸ ਸਭ ਤੋਂ ਬੇਫ਼ਿਕਰ ਮੈਂ ਜਦੋਂ ਵਿਹੜੇ ਵਿੱਚ ਪਈ ਨੇ ਪਾਸਾ ਲਿਆ ਤਾਂ ਉਪਰ ਖੜੇ ਇੱਕ ਆਦਮੀ ਨੇ ਗੋਲੀ ਚਲਾਈ ਜੋ ਮੇਰੀ ਸੱਜੀ ਲੱਤ ਵਿੱਚ ਆਣ ਵੱਜੀ ਅਤੇ ਮੈਨੂੰ ਇੰਝ ਲੱਗਾ ਜਿਵੇਂ ਲੋਹੇ ਦੀ ਬਹੁਤ ਭਾਰੀ ਚੀਜ ਮੇਰੇ ਉੱਪਰ ਆਣ ਡਿੱਗੀ ਹੋਵੇ। ਸਭ ਤੋਂ ਵੱਡੀ ਭੈਣ ਨੇ ਭੱਜ ਕੇ ਮੈਨੂੰ ਚੁੱਕ ਲਿਆ ਤੇ ਵਿਹੜੇ ਦੇ ਇੱਕ ਪਾਸੇ ਰੁੱਖ ਕੋਲ ਖੜੀ ਟਰਾਲੀ ਦੀ ਓਟ ‘ਚ ਲੈ ਗਈ। ਇੱਥੇ ਦੋ ਭੈਣਾਂ ਸਭ ਤੋਂ ਛੋਟੀ ਅਤੇ ਮੇਰੇ ਤੋਂ ਵੱਡੀ ਜਿਸਦੀ ਰੀੜ ਦੀ ਹੱਡੀ ਕੋਲ ਗੋਲੀ ਲੱਗੀ ਸੀ, ਵੀ ਲੁਕ ਕੇ ਬੈਠੀਆਂ ਸਨ। ਸਮਝ ਤਾਂ ਕੁਝ ਨਹੀਂ ਆ ਰਿਹਾ ਸੀ ਪਰ ਵੱਡੀ ਭੈਣ ਵੱਲੋਂ ਚੁੱਪ ਰਹਿਣ ਦਾ ਕੀਤਾ ਇਸ਼ਾਰਾ ਜ਼ਰੂਰ ਸਮਝ ਆ ਗਿਆ ਸੀ। ਉਹਨਾਂ ਆਪਣੇ ਵੱਲੋਂ ਪੂਰਾ ਪਰਵਾਰ ਖਤਮ ਕਰਨ ਦੀ ਤਸੱਲੀ ਤੱਕ ਗੋਲੀ ਚਲਾਈ। ਪਰ ਉਹ ਘਰ ਦੇ ਅੰਦਰ ਆਉਣ ਦੀ ਹਿੰਮਤ ਨਾ ਕਰ ਸਕੇ।

ਛੱਤ ਤੇ ਕੀ ਵਾਪਰ ਚੁੱਕਾ, ਕਿਸੇ ਨੂੰ ਕੁਝ ਪਤਾ ਨਹੀਂ ਸੀ ਅਤੇ ਨਾ ਹੀ ਵੇਖਣ ਦਾ ਹੌਸਲਾ। ਸਾਡੇ ਦੋਵਾਂ ਭੈਣਾਂ ਦੇ ਜ਼ਖਮਾਂ ਚੋਂ ਵਹਿੰਦੇ ਖੂਨ ਨੂੰ ਰੋਕਣ ਲਈ, ਵੱਡੀ ਭੈਣ ਅਤੇ ਭੂਆ ਨੇ ਆਪਣੇ ਸਿਰਾਂ ਤੋਂ ਚੁੰਨੀਆਂ ਲਾਹ ਕੇ ਜਖਮਾਂ ’ਤੇ ਬੰਨ੍ਹ ਦਿੱਤੀਆਂ। ਅਸੀਂ ਸਾਰੀ ਰਾਤ ਸਾਹ ਰੋਕੀ ਕਦੀ ਅੰਦਰ ਅਤੇ ਕਦੀ ਬਾਹਰ ਤੁਰੇ ਫਿਰਦੇ ਰਹੇ। ਵਿਹੜੇ ਵਿਚ ਹਰ ਪਾਸੇ ਖੂਨ ਹੀ ਖੂਨ ਸੀ। ਸਾਡੀ ਮਾਂ ਗੋਲੀਆਂ ਨਾਲ ਛਨਣੀ ਹੋਈ ਧਰਤੀ ਉੱਤੇ ਪਈ ਸੀ, ਇੱਕ ਮੰਜੇ ਤੇ ਛੋਟੀ ਭੈਣ ਦੀ ਲਾਸ਼ ਅਤੇ ਦੁਜੇ ਮੰਜੇ ਉੱਤੇ ਦਾਦੀ ਦੀ ਲਾਸ਼ ਸੀ, ਜਿਸਦਾ ਅੱਧਾ ਸਰੀਰ ਮੰਜੇ ਉੱਤੇ ਅਤੇ ਅੱਧਾ ਥੱਲੇ ਲਮਕਿਆ ਹੋਇਆ ਸੀ। ਭਰਾ ਦਾ ਮੰਜਾ ਖਾਲੀ ਸੀ ਕਿਉਂਕਿ ਪਾਪਾ ਨੇ ਪਹਿਲਾਂ ਹੀ ਉਸਨੂੰ ਇਸ ਬਾਰੇ ਸੁਚੇਤ ਕੀਤਾ ਹੋਇਆ ਸੀ, ਕਿ ਕਿਸੇ ਵੇਲੇ ਕੁਝ ਵੀ ਵਾਪਰ ਸਕਦਾ, ‘ਤੂੰ ਮੇਰੀ ਚਿੰਤਾ ਨਾ ਕਰੀਂ, ਆਪਣੀ ਜਾਨ ਬਚਾਉਣ ਦੀ ਕੋਸ਼ਿਸ ਕਰੀਂ।’ ਜਿਸ ਕਾਰਨ ਗੋਲੀਆਂ ਦੀ ਆਵਾਜ਼ ਸੁਣ ਕੇ ਉਹ ਘਰ ਦੀ ਇੱਕ ਨੁੱਕਰੇ ਛਿਪ ਗਿਆ ਸੀ।

ਕਾਮਰੇਡ ਸਵਰਨ ਸਿੰਘ ਸੋਹਲ ਦੀ ਬੇਟੀ ਅਤੇ ਇਸ ਲਿਖਤ
ਦੀ ਲੇਖਿਕਾ ਨਰਿੰਦਰ  ਕੌਰ ਸੋਹਲ ਜਿਸ ਨੂੰ ਅੱਜ ਦੇ ਹੀ ਦਿਨ 
ਹਮਲੇ ਦੌਰਾਨ ਲੱਤ ਵਿੱਚ ਗੋਲੀ ਲੱਗੀ ਸੀ
 
ਇਧਰ ਏਨੀ ਵੱਡੀ ਘਟਨਾ ਵਾਪਰ ਚੁੱਕੀ ਸੀ ਤੇ ਓਧਰ ਪਿੰਡ ਦੇ ਦੂਜੇ ਪਾਸੇ ਕਾਮਰੇਡ ਕੁੰਦਨ ਲਾਲ ਇਸ ਗੱਲ ਤੋਂ ਬੇਖਬਰ ਸਨ ਕਿਉਂਕਿ ਰਾਤ ਚੱਲੀਆਂ ਗੋਲੀਆਂ ਨੂੰ ਉਹ "ਕਿਤੇ ਮੁਕਾਬਲਾ ਹੋਇਆ" ਸਮਝਦੇ ਰਹੇ। ਪਤਾ ਲੱਗਣ ਤੇ ਤੁਰੰਤ ਹਰ ਪਾਸੇ ਸੁਨੇਹੇ ਭੇਜ ਦਿੱਤੇ ਗਏ। ਘਰ ਦੇ ਹਰ ਪਾਸੇ ਪਿੰਡ ਅਤੇ ਇਲਾਕੇ ਦੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਚੁੱਕੀ ਸੀ। ਜ਼ਖਮੀ ਭੈਣਾਂ ਨੂੰ ਇੱਕ ਟੈਕਸੀ ਵਿੱਚ ਬਿਠਾ ਲਿਆ ਗਿਆ। ਇਸ ਦੌਰਾਨ ਛੱਤ ਵਾਲੇ ਮੰਜੇ ਨੂੰ ਰੱਸਿਆਂ ਨਾਲ ਬੰਨ ਕੇ ਥੱਲੇ ਲਾਹਿਆ ਜਾ ਰਿਹਾ ਸੀ। ਉਹ ਦਲੇਰ ਇਨਸਾਨ ਜਿਸਤੋਂ ਜਾਲਮ ਤ੍ਰਬਕਦੇ ਸਨ, ਮੰਜੇ ‘ਤੇ ਬੇਜਾਨ ਪਿਆ ਸੀ। ਹਸਪਤਾਲ ਜਾਣ ਕਾਰਨ ਅਸੀਂ ਪਰਿਵਾਰ ਦੀ ਤ੍ਰਾਸਦੀ ਅਤੇ ਸਭਨਾਂ ਦੇ ਮੂੰਹ ਅਖਬਾਰ ਵਿੱਚ ਹੀ ਦੇਖੇ। ਹਫਤੇ ਬਾਅਦ ਜਦੋਂ ਵਾਪਸ ਆਏ ਤਾਂ ਹਮੇਸ਼ਾ ਰੌਣਕ ਲੱਗੀ ਰਹਿਣ ਵਾਲਾ ਘਰ ਵੀਰਾਨ ਹੋਇਆ ਪਿਆ ਸੀ। ਕਾਮਰੇਡ ਸੋਹਲ ਦੀ ਰੋਜ਼ ਪਾਉਣ ਵਾਲੀ ਜੁੱਤੀ, ਬਾਰੀ ਉੱਤੇ ਪਈ, ਉਹਨਾਂ ਦੇ ਮੁੱਕ ਚੁੱਕੇ ਸਫਰ ਨੂੰ ਬਿਆਨ ਕਰ ਰਹੀ ਸੀ। ਬੇਸ਼ੱਕ ਕੁੱਝ ਸਮੇਂ ਬਾਅਦ ਇਹ ਭਿਆਨਕ ਦੌਰ ਗੁਜ਼ਰ ਗਿਆ ਪਰ ਇਸ ਵੱਲੋਂ ਦਿੱਤੇ ਜ਼ਖ਼ਮ ਅੱਜ ਵੀ ਰਿਸਦੇ ਹਨ। 

ਅੱਜ ਜਦੋਂ ਕਾਮਰੇਡ ਸਵਰਨ ਸਿੰਘ ਸੋਹਲ ਅਤੇ ਪਰਿਵਾਰਕ ਮੈਂਬਰਾਂ ਦੀ 34ਵੀਂ ਬਰਸੀ ਉਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਤਾਂ ਸਾਡਾ ਸਮਾਜ ਕਈ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ। ਇੱਕ ਪਾਸੇ ਜਿਥੇ ਕੋਰੋਨਾ ਵਰਗੀ ਮਹਾਂਮਾਰੀ ਕਾਰਨ ਅਣਗਿਣਤ ਲੋਕ ਮੌਤ ਦੇ ਮੂੰਹ ਜਾ ਰਹੇ ਹਨ। ਉਥੇ ਦੁਜੇ ਪਾਸੇ ਵੱਡੀ ਗਿਣਤੀ ਹੱਥੋਂ ਰੁਜ਼ਗਾਰ ਵੀ ਚਲਾ ਗਿਆ ਹੈ। ਘਰਾਂ ਵਿੱਚ ਆਰਥਿਕ ਮੰਦਹਾਲੀ ਪੈਰ ਪਸਾਰ ਰਹੀ ਹੈ। ਇਸ ਮਹਾਂਮਾਰੀ ਦੌਰਾਨ ਹੀ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਮਾਰੂ ਤਿੰਨ ਕਾਲੇ ਕਾਨੂੰਨ ਵੀ ਪਾਸ ਕਰ ਦਿੱਤੇ ਗੲੇ। ਜਿਸਦਾ ਵਿਰੋਧ ਕਰਦਿਆਂ ਕਿਸਾਨ ਲਗਭਗ 8 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਉਤੇ ਬੈਠੇ ਹੋਏ ਹਨ। ਕਿਸਾਨ ਸੰਘਰਸ਼ ਨੇ ਪੂਰੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ ਕਿਉਂਕਿ ਇਹ ਸੰਘਰਸ਼ ਸਿਰਫ ਮੋਦੀ ਸਰਕਾਰ ਦੇ ਵਿਰੁੱਧ ਹੀ ਨਹੀਂ ਸਗੋਂ ਖੂਨ ਪੀਣੇ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ ਵੀ ਹੈ। ਇਸ ਅੰਦੋਲਨ ਨੇ ਨਿਰਾਸ਼ ਹੋਈ ਜਵਾਨੀ ਨੂੰ ਇੱਕ ਮਕਸਦ ਦਿੱਤਾ ਹੈ। ਉਹ ਅੰਦੋਲਨ ਵਿਚ ਸ਼ਾਨਦਾਰ ਰੋਲ ਅਦਾ ਕਰ ਰਹੀ ਹੈ। ਇਸ ਲਈ ਫਸਲਾਂ ਅਤੇ ਨਸਲਾਂ ਬਚਾਉਣ ਲਈ ਲੜੀ ਜਾ ਰਹੀ, ਇਸ ਲੜਾਈ ਨੂੰ ਜਿੱਤ ਤੱਕ ਲੈਕੇ ਜਾਣਾ ਅਤਿ ਜ਼ਰੂਰੀ ਹੈ। ਇਹ ਜਿੱਤ ਉਦੋਂ ਹੋਰ ਵੀ ਅਹਿਮੀਅਤ ਰੱਖਦੀ ਹੈ ਜਦੋਂ ਜਵਾਨੀ ਨੂੰ ਪ੍ਰਬੰਧ ਵੱਲੋਂ ਜ਼ਲੀਲ ਕੀਤਾ ਜਾ ਰਿਹਾ ਹੋਵੇ। ਆਪਣੇ ਹੱਥਾਂ ਲੲੀ ਕੰਮ ਮੰਗਦਿਆਂ ਨੂੰ ਨਿੱਤ ਦਿਨ ਸੜਕਾਂ ਉਤੇ ਕੁਟਿਆ ਜਾ ਰਿਹਾ ਹੋਵੇ। ਵੱਡੀ ਗਿਣਤੀ ਹਾਲਾਤਾਂ ਤੋਂ ਨਿਰਾਸ਼ ਹੋਈ ਵਿਦੇਸ਼ਾਂ ਵੱਲ ਭੱਜ ਰਹੀ ਹੋਵੇ। ਅਜਿਹੇ ਸਮੇਂ ਕਿਸਾਨ ਅੰਦੋਲਨ ਦੀ ਜਿੱਤ ਨੌਜਵਾਨ ਪੀੜੀ ਨੂੰ 'ਰੁਜ਼ਗਾਰ ਦੀ ਗਰੰਟੀ' ਲਈ ਇੱਕਮੁੱਠ ਹੋ ਕੇ ਲੜਨ ਦੀ ਪ੍ਰੇਰਨਾ ਦੇਵੇਗੀ। ਇਸ ਲਈ ਆਓ ਕਿਸਾਨ ਅੰਦੋਲਨ ਨੂੰ ਕਾਮਯਾਬ ਕਰਨ ਲਈ, ਆਪਣੇ ਸ਼ਹੀਦਾਂ ਤੋਂ ਪ੍ਰੇਰਨਾ ਲੈਂਦਿਆਂ ਬਣਦਾ ਫਰਜ਼ ਨਿਭਾਈਏ, ਇਹੀ ਸਾਡੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਜ਼ਿੰਦਾਬਾਦ ਜ਼ਿੰਦਾਬਾਦ। 

ਸੰਪਰਕ: ਨਰਿੰਦਰ ਸੋਹਲ 9464113255

Sunday, July 18, 2021

ਸਾਮਰਾਜੀ ਵਿਸ਼ਵੀਕਰਣ ਦੀਆਂ ਨੀਤੀਆਂ, ਮਾਨਵਤਾ ਦੀ ਬਰਬਾਦੀ !!

15th June 2021 at 12:57 PM

 ਅੰਨ੍ਹੇ ਮੁਨਾਫੇ ਵਿੱਰੁਧ ਅਮਰੀਕਾ ਅੰਦਰ ਵੀ ਉੱਠੀ ਹੈ ਵਿਸ਼ੇਸ਼ ਲਹਿਰ 

ਸਾਮਰਾਜੀ ਵਿਸ਼ਵੀਕਰਣ, ਉਦਾਰੀਕਰਣ ਅਤੇ ਨਿੱਜੀਕਰਣ ਦੀਆਂ ਨੀਤੀਆਂ ਨੇ ਅੱਜ ਸਾਰੇ ਵਿਸ਼ਵ ਅੰਦਰ ਵੱਡੀ ਉੱਥਲ-ਪੁਥੱਲ ਪੈਦਾ ਕਰ ਦਿੱਤੀ ਹੈ। ਵਿਸ਼ਵੀਕਰਣ, ਵਿਸ਼ਵ ਆਰਥਕਤਾ ਦੇ ਵਪਾਰ ਦਾ, ਉਦਾਰੀਕਰਣ ਰਾਂਹੀ ਨਿਵੇਸ਼ ਅਤੇ ਬੰਦਸ਼ਾਂ ਤੋਂ ਆਜਾਦ ਕਰਨਾ ਅਤੇ ਕਾਰੋਬਾਰ (ਬਿਜ਼ਨੈਸ) ਦਾ ਨਿੱਜੀਕਰਣ ਰਾਂਹੀ ਇੱਕਤਰੀਕਰਣ ਕਰ ਦਿੱਤਾ ਜਾਂਦਾ ਹੈ ਤਾਂ ਜੋ ਬਹੂ-ਕੌਮੀ ਕਾਰਪੋਰੇਸ਼ਨਾਂ  ਕੌਮੀ ਸਰਹੱਦਾਂ ਤੋਂ ਬਾਹਰ ਆਜ਼ਾਦੀ ਨਾਲ ਕੰਮ ਕਰ ਸਕਣ। ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀ ਅਰਥ-ਵਿਵਸਥਾ ਪਿਛਲੇ 4-5 ਸਾਲਾਂ ਤੋਂ ਗੰਭੀਰ ਆਰਥਕ ਸੰਕਟ ਦਾ ਸ਼ਿਕਾਰ ਹੈ। ਗਰੀਸ ਦਿਵਾਲੀਆ-ਪਣ ਦੀ ਕਿਗਾਰ ਤੇ ਖੜ੍ਹਾ ਹੈ। ਵਿਕਸਤ ਦੇਸ਼ਾਂ ਅੰਦਰ ਲਗਾਤਾਰ ਵੱਧ ਰਹੀ ਮਹਿੰਗਾਈ,ਬੇ-ਰੁਜ਼ਗਾਰੀ ਨੌਕਰੀਆਂ ਤੇ ਉਜਰਤਾਂ ਵਿੱਚ ਕਟੌਤੀ ਅਤੇ ਕਾਰਪੋਰੇਟ ਸੈਕਟਰ ਦੇ ਅੰਨ੍ਹੇ ਮੁਨਾਫੇ ਵਿੱਰੁਧ ਅਮਰੀਕਾ ਅੰਦਰ ਉੱਠੀ “ਆਕੁਪਾਈ ਵਾਲਸਟਰੀਟ” ਲਹਿਰ ਸਰਮਾਏਦਾਰ ਵਿਕਸਤ ਦੇਸ਼ਾਂ ਅੰਦਰ ਫੈਲਦੀ ਜਾ ਰਹੀ ਹੈ। ਇਸ ਲਹਿਰ ਦਾ ਮੁੱਖ ਨਾਹਰਾ ਹੈ “ਨੋ ਕਾਰਪੋਰੇਟ ਗਰੀਡ” (ਕਾਰਪੋਰੇਟ ਅਦਾਰਿਆਂ ਨੂੰ ਮੁਨਾਫਾ ਨਹੀਂ)! ਅਜਿਹਾ ਸੱਭ ਕੁੱਝ ਵਿਸ਼ਵੀਕਰਣ ਦੀਆਂ ਉਪਰੋਕਤ ਨੀਤੀਆਂ ਕਾਰਨ ਪੈਦਾ ਹੋਈਂਆਂ ਦੁਸ਼ਵਾਰੀਆਂ ਕਾਰਨ ਹੋ ਰਿਹਾ ਹੈ। ਏਸ਼ੀਆਈ ਦੇਸ਼ਾਂ ਦਾ ਪੱਛਮੀਂ ਦੇਸ਼ਾ ਦੇ ਮੁਕਾਬਲੇ ਉਠ ਖੜੇ ਹੋਣ ਨਾਲ ਸਰਮਾਏਦਾਰ ਵਿਕਸਤ ਦੇਸ਼ਾ ਦੀਆਂ ਬਰਾਮਦਾਂ   ਘਟਣ ਅਤੇ ਉਨ੍ਹਾ ਤੋਂ ਹੁੰਦੀ ਲੱੁਟ ਦੇ ਘੱਟਣ ਨਾਲ ਉਨ੍ਹਾ ਦੇਸ਼ਾ ਦੇ ਉਤਪਾਦਨ ਵਿੱਚ ਖੜੋਤ ਆ ਗਈ ਜਿਹੜਾ ਵਿਕਸਤ ਦੇਸ਼ਾ ਦੇ ਆਰਥਕ ਸੰਕਟ ਦੇ ਕਾਰਨਾ ਵਿਚੋਂ ਇੱਕ ਕਾਰਨ ਵੀ ਹੈ।ਸਾਮਰਾਜੀ ਦੇਸ਼ਾ ਅੰਦਰ ਆਈ ਇਸ ਖੜੋਤ ਨੂੰ ਤੋੜਨ ਲਈ ਉਨ੍ਹਾਂ ਵਾਸਤੇ ਵਿਸ਼ਵ ਮੰਡੀ ਦੀ ਲੋੜ ਹੁੰਦੀ ਹੈੈ ਅਤੇ ਵਿਸ਼ਵੀਕਰਣ ਇਸੇ ਦੀ ਮਾਂ ਹੈ।

ਵਿਸ਼ਵ ਸਾਮਰਾਜਵਾਦੀ ਦੇਸ਼ ਜਿਨ੍ਹਾ ਦੀ ਅਗਵਾਈ ਅਮਰੀਕਨ ਸਾਮਰਾਜਵਾਦ ਕਰ ਰਿਹਾ ਹੈ,ਨੇ 1980ਵਿਆਂ ਤੋਂ ਸ਼ੁਰੂ ਕੀਤੀਆਂ ਇਨ੍ਹਾ ਨੀਤੀਆਂ ਨਾਲ ਆਪਣੀ ਡਗਮਗਾਂਉਦੀਂ ਆਰਥਕਤਾ ਨੂੰ ਵਿਸ਼ਵ ਵਪਾਰ ਸੰਸਥਾ (ਡਵਲਯੁ ਟੀ ਓ) ਦਾ ਗਠਨ ਕਰਕੇ ਠੁਮਣਾਂ ਦੇਣ ਦੇ ਯਤਨ ਕੀਤੇ ਅਤੇ ਵਿਕਾਸ-ਸ਼ੀਲ ਦੇਸ਼ਾਂ ਉਪਰ ਵਪਾਰ ਸੰਬਧੀ ਆਪਣੀਆਂ ਸ਼ਰਤਾਂ ਲਾਗੂ ਕਰਵਾਉਣ ਲਈ ਉਥੋਂ ਦੇ ਕਾਨੂਨਾ ਵਿੱਚ ਸੋਧਾਂ ਕਰਵਾਈਆਂ।ਇਸਦੇ ਬਾਵਜੂਦ ਵੀ ਇਨ੍ਹਾ ਸਰਮਾਏਦਾਰ ਦੇਸ਼ਾਂ ਦਾ ਆਰਥਕ ਸੰਕਟ ਵਧਦਾ ਹੀ ਗਿਆ।ਅੱਜ ਇਹ ਸੰਕਟ ਚਰਮ ਸੀਮਾਂ ਅੰਦਰ ਜਾ ਪੁੱਜਾ ਹੈ ਜਿਥੋਂ ਪਿੱਛੇ ਮੁੜਨਾ ਸੱਭਵ ਨਹੀਂ ਅਤੇ ਵਰਤਮਾਨ ਸਾਮਰਾਜੀ ਵਿਸ਼ਵੀਕਰਣ,ਉਦਾਰੀਕਰਣ ਅਤੇ ਨਿੱਜੀਕਰਣ ਦੀਆਂ ਨੀਤੀਆਂ ਇਸ ਸੰਕਟ ਵਿਚੋਂ ਨਿਕਲਣ ਦਾ ਸਾਮਰਾਜਵਾਦੀਆਂ ਦਾ ਇਹ ਆਖਰੀ ਦਾਉ ਹੈ। ਇਸ ਸੰਕਟ ਵਿਚੋਂ ਨਿਕਲਣ ਲਈ ਇਹ ਕਿਸੇ ਵੀ ਗਿਰਾਵਟ ਤੱਕ ਜਾ ਸਕਦੇ ਹਨ।ਮਾਰਕਸ ਦੇ ਕਥਨ ਅਨੁਸਾਰ, “ਕੁਦਰਤ ਖਲਾਅ ਨਾਲ ਘਿਰਨਾ ਕਰਦੀ ਹੈ ਉਸੇ ਤਰ੍ਹਾਂ ਸਰਮਾਇਆ ਇਸ ਗੱਲ ਨੂੰ ਬਹੁੱਤ ਨਾ-ਪੰਸਦ ਕਰਦਾ ਹੈ ਕਿ ਮੁਨਾਫਾ ਨਾ ਹੋਵੇ ਜਾਂ ਬਹੁਤ ਘੱਟ ਹੋਵੇ।ਯੋਗ ਮੁਨਾਫਾ ਹੋਵੇ ਤਾਂ ਸਰਮਾਇਆ ਬਹੁਤ ਹਿਮੰਤ ਵਖਾਉਂਦਾ ਹੈ।ਜੇ ਤਕਰੀਬਨ 10 ਫੀ ਸਦੀ ਵਿਚ ਉਤਸੁਕਤਾ ਵਿਖਾਈ ਦੇਣ ਲਗ ਪੈਂਦੀ ਹੈ।50 ਫੀ ਸਦੀ ਦੀ ਆਸ ਹੋਵੇ ਤਾਂ ਸਰਮਾਇਆ ਸਪਸ਼ਟ ਹੀ ਦਲੇਰ ਬਣ ਜਾਂਦਾ ਹੈ।100 ਫੀ ਸਦੀ ਦਾ ਮੁਨਾਫਾ ਯਕੀਨੀ ਹੋਵੇ ਤਾਂ ਇਹ ਮਨੁਖੱਤਾ ਦੇ ਸਾਰੇ ਕਾਨੂੰਨਾਂ ਨੂੰ ਪੈਰਾਂ ਥੱਲੇ ਰੋਲਣ ਨੂੰ ਤਿਆਰ ਹੋ ਜਾਦਾਂ ਹੈ ਅਤੇ ਜੇਕਰ 300 ਫੀ ਸਦੀ ਮੁਨਾਫੇ ਦੀ ਉਮੀਦ ਹੋ ਜਾਵੇ ਤਾਂ ਅਜਿਹਾ ਕੋਈ ਵੀ ਅਪਰਾਧ ਨਹੀਂ ਜਿਸ ਨੂੰ ਕਰਨ ਵਿਚ ਸਰਮਾਏ ਨੂੰ ਸੰਕੋਚ ਹੋਵੇਗਾ ਅਤੇ ਕੋਈ ਵੀ ਖਤਰਾ ਅਜਿਹਾ ਨਹੀਂ ਜਿਸ ਦਾ ਸਾਹਮਣਾ ਕਰਨ ਲਈ ਉਹ ਤਿਆਰ ਨਹੀ ਹੋਵੇਗਾ। (ਸਰਮਾਇਆ-1 ਨੋਟ ਸਫਾ820)

ਸਾਮਰਾਜੀ ਵਿਸ਼ਵੀਕਰਣ ਦੀਆਂ ਨੀਤੀਆਂ ਅਧੀਨ ਵਿਸ਼ਵ-ਆਰਥਕਤਾ ਦੀ ਉਸਾਰੀ ਦੇ ਸਿੱਟੇ ਵਝੋ ਏਸ਼ੀਆਈ ਮੁਲਕਾਂ ਅਤੇ ਯੂਰਪੀ ਮੁਲਕਾਂ ਤੇ ਅਮਰੀਕਾ ਦਰਮਿਆਨ ਵਿਰੋਧਤਾਂਈਆਂ ਵਧੱਦੀਆਂ ਜਾ ਰਹੀਆਂ ਹਨ,ਇਹਦੇ ਨਾਲ ਹੀ ਇਨ੍ਹਾਂ ਮੁਲਕਾਂ ਦੀਆਂ ਅੰਦਰੂਨੀ ਵਿਰੋਧਤਾਈਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ।ਵੱਧ ਮੁਨਾਫੇ ਲਈ ਦੌੜ ਨੇ ਕਾਮਿਆਂ ਦੀ ਛਾਂਟੀ ਅਤੇ ਉਜਰਤਾਂ ਵਿਚ ਕਟੌਤੀਂ ਨੇ ਜਿਥੇ ਬੇਰੁਜਗਾਰੀ ਵਿਚ ਵਾਧਾ ਕੀਤਾ ਉਥੇ ਕਾਮਿਆ ਦੀ ਖਰੀਦ ਸ਼ਕਤੀ ਨੂੰ ਵੀ ਖੋਰਾ ਲਗ ਰਿਹਾ ਹੈ।ਅਮਰੀਕਾ ਤਾਂ “ਕਾਮਿਆਂ ਦੀ ਛਾਂਟੀ ਵਾਲਾ” ਦੇਸ਼ ਬਣ ਗਿਆ ਹੈ।ਅਮਰੀਕਾ ਅੰਦਰ ਬੇਰੁਜਗਾਰੀ ਦੀ ਦਰ 10% ਤੱਕ ਪਹੰੁਚ ਗਈ ਹੈ।ਅਮੀਰ ਤੇ ਗਰੀਬ ਵਿਚ ਪਾੜਾ ਏਨਾ ਵਧ ਗਿਆ ਹੈ ਕਿ 1% ਲੋਕਾਂ ਕੋਲ 90% ਲੋਕਾਂ ਜਿਨੀ ਦੌਲਤ ਹੈ।ਪੂੰਜੀਵਾਦੀ ਅਰਥ-ਵਿਵਸਥਾ ਕਾਰਨ ਧਰਤੀ ਦੇ ਵਾਤਾਵਰਣ ਨੂੰ ਵੀ ਖੱਤਰਾ ਪੈਦਾ ਹੋ ਗਿਆ ਹੈ, ਨਾ-ਨਵਿਉਣ ਯੋਗ ਕੁਦਰਤੀ ਸਾਧਨ ਖਤਮ ਹੋਣ ਕਿਨਾਰੇ ਪੁੱਜ ਗਏ ਹਨ,ਮਨੁਖੀ ਤਬਾਹੀ ਵਾਲੀ ਤਕਨਾਲੋਜੀ ਨੇ ਬੇਰੁਜਗਾਰੀ ਤੇ ਭੁਖ-ਮਰੀ ਵਿਚ ਵਾਧਾ ਕਰ ਦਿੱਤਾ ਹੈ।ਆਮ ਜੰਤਾ ਅਤੇ ਮਜਦੂਰ ਜਮਾਤ ਅੰਦਰ ਬੇਚੈਨੀ ਵੱਧ ਰਹੀ ਹੈ।

ਪੂੰਜੀਵਾਦੀ ਵਿਕਸਤ ਅਤੇ ਵਿਕਾਸ਼ਸ਼ੀਲ ਦੇਸ਼ਾਂ ਵੱਲੋਂ ਵਿਸ਼ਵੀਕਰਣ ਦੀਆਂ ਨੀਤੀਆਂ ਰਾਹੀਂ ਲੋਕਾਂ ਅੰਦਰ ਸਮਾਜਕ ਵਿਕਾਸ ਦੇ ਭੁਲੇਖੇ ਪਾਕੇ ਉਨ੍ਹਾ ਅੰਦਰ ਵੰਡੀਆਂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਮਜ਼ਦੂਰਾਂ ਦੇ ਸੰਘਰਸ਼ਾਂ ਨੂੰ ਅਸਫਲ ਕਰਨ, ਟਰੇਡ-ਯੂਨੀਅਨ ਬਨਾਉਣ ਤੋਂ ਰੋਕਣ ਅਤੇ ਪਹਿਲਾਂ ਤੋਂ ਬਣੀਆਂ ਟਰੇਡ-ਯੁਨੀਅਨਾਂ ਨੂੰ ਤੋੜਣ ਲਈ ਕਿਰਤ ਕਾਨੂੰਨਾ ਵਿਚ ਇਜਾਰੇਦਾਰ ਤੇ ਬਹੂ-ਕੌਮੀ ਕਾਰਪੋਰੇਸ਼ਨਾ ਪੱਖੀ ਸੋਧਾਂ ਕੀਤੀਆਂ ਜਾ ਰਹੀਆਂ ਹਨ।“ਸਤ੍ਹਾ ਤੇ ਲਗਾਤਾਰ ਕਾਬਜ ਰਹਿਣ ਦੀ ਪ੍ਰਕਿਿਰਆ ਅੰਦਰ ਪੰੂਜੀਵਾਦੀ ਇਤਿਹਾਸ, ਮਜ਼ਦਰ ਜਮਾਤ ਦੀ ਵੰਡ ਅਤੇ ਮੁੜ ਵੰਡ ਦਾ ਇਤਿਹਾਸ ਹੈ”।ਅੱਜ ਵਿਸ਼ਵ ਪੱਧਰ ਤੇ ਮਜ਼ਦੁਰ ਜਮਾਤ ਦਾ ਸਾਮਰਾਜੀ ਵਿਸ਼ਵੀਕਰਣ ਵਿਰੁੱਧ ਸੰਘਰਸ਼ ਇਕ ਮਹੱਤਵ ਪੂਰਨ ਕਾਰਜ ਹੈ ਜਿਹੜਾ ਮਜ਼ਦੁਰਾਂ ਅੰਦਰ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਇਕ ਮੁਠੱਤਾ ਅਤੇ ਜਮਾਤੀ ਚੇਤਨਾਂ ਪੈਦਾ ਕਰਦਾ ਹੈ।

ਅੱਜ ਵਿਸ਼ਵੀਕਰਣ ਦੇ ਰੱਹਸ ਨੂੰ ਨੰਗਾ ਕਰਨ ਅਤੇ ਲੋਕਾ ਸਾਮ੍ਹਣੇ ਲਿਆਉਣ ਦੀ ਲੋੜ ਹੈ ਅਤੇ ਮਨੱੁਖਤਾ ਦੇ ਭਲੇ ਲਈ, ਇਨ੍ਹਾ ਨੀਤੀਆਂ ਨੂੰ ਲਾਗੂ ਹੋਣੋ ਰੋਕਣਾ ਅਤਿ ਜਰੂਰੀ ਹੈ।ਵਿਸ਼ਵੀਕਰਣ, ਉਦਾਰੀਕਰਣ, ਅੱਤੇ ਨਿੱਜੀਕਰਣ ਦੀਆਂ  ਨੀਤੀਆਂ ਕਾਰਨ ਸਤ੍ਹਾ ਦਾ ਸਤੰੁਲਨ ਜਨਤਕ ਖੇਤਰ ਤੋਂ ਨਿੱਜੀ ਖੇਤਰ ਵੱਲ ਜਾ ਰਿਹਾ ਹੈ ਅੱਤੇ ਕਾਰਪੋਰੇਟ ਸੈਕੱਟਰ ਰਾਜ ਸਤ੍ਹਾ ਉੱਪਰ ਆਪਣੀ ਪਕੜ ਮਜ਼ਬੂਤ ਕਰਦਾ ਜਾ ਰਿਹਾ ਹੈ।ਵਿਸ਼ਵੀਕਰਣ ਦੀਆਂ ਨੀਤੀਆਂ ਰਂਾਹੀ ਸਾਮਰਾਜੀ ਦੇਸ਼ ਅੱਰਧ-ਵਿਕਸਤ ਅੱਤੇ ਵਿਕਾਸ-ਸ਼ੀਲ ਦੇਸ਼ਾਂ ਉੱਪਰ ਆਰੱਥਕ ਤੌਰ ਤੇ ਹਾਵੀ ਹੋ ਰਹੇ ਹਨ।ਹੁਣ ਦੇਖਣਾਂ ਇਹ ਹੈ ਕਿ ਸਾਮਰਾਜੀ ਵਿਕਸਤ ਦੇਸ਼ ਭਾਰਤ ਵਰਗੇ ਵਿਕਾਸ-ਸ਼ੀਲ ਦੇਸ਼ਾਂ ਦੀ ਜਨਤਾ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਗਿਰਾਵਟ ਵੱਲ ਲਿਜਾਣ ਅਤੇ ਵਿਸ਼ਵੀਕਰਣ ਦੀਆਂ ਨੀੱਤੀਆਂ ਰਾਂਹੀ ਇਨ੍ਹਾ ਦੇਸ਼ਾਂ ਦਾ ਹੋਰ ਸੋਸ਼ਣ ਕਰਨ ਲਈ ਕਿਹੜੇ-ਕਿਹੜੇ ਹੱਥਕਂਢੇਂ ਵਰਤਦੇ ਹਨ! ਇਹ ਦੇਸ਼ ਲੋਕਾਂ ਦੀਆਂ ਸਮਾਜਕ ਤੇ ਸਭਿਆਚਾਰਕ ਰਵਾਇਤਾਂ, ਉਨ੍ਹਾ ਦੀ ਜੀਵਨ ਸ਼ੈਲੀ ਅਤੇ ਮਨੱੁਖੀ ਕਦਰਾਂ ਕੀਮਤਾਂ ਨੂੰ ਕਿਸ ਪੱਧਰ ਤੱਕ ਹੇਠਾਂ ਲੈ ਜਾਂਦੇ ਹਨ,ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।

ਵਿਕਾਸਸ਼ੀਲ ਦੇਸ਼ਾਂ ਅੰਦਰ ਸੋਸ਼ਣ ਤੇ ਅਧਾਰਤ ਰਾਜ ਪ੍ਰਬੰਧ ਅਧੀਨ ਅੱਤ ਦੀ ਗਰੀਬੀ ਤੇ ਬੇਰੁਜਗਾਰੀ ਕਾਰਨ ਮਿਲਦੀ ਸਸਤੀ ਕਿਰਤ ਦੀ ਬਦੌਲਤ ਸਾਮਰਾਜੀ ਵਿਕਸਤ ਦੇਸ਼ ਵਿਕਾਸ-ਸ਼ੀਲ ਦੇਸ਼ਾਂ ਦੇ ਕੁਦੱਰਤੀ ਸਾਧਨਾਂ ਦੀ ਅੰਨ੍ਹੀ ਲੁੱਟ ਰਾਂਹੀ ਵਿਸ਼ਾਲ ਮੁਨਾਫੇ ਆਪਣੇ ਦੇਸ਼ਾਂ ਅੰਦਰ ਲਿਜਾਣ ਲਈ, ਵਿਕਾਸ-ਸ਼ੀਲ ਦੇਸ਼ਾਂ ਵਿੱਚ ਬਹੂ-ਕੌਮੀ ਕੰਪਨੀਆਂ ਰਾਂਹੀ ਆਪਣੀਆਂ ਸ਼ਰਤਾਂ ਅਧੀਨ ਪੰੂਜੀ ਨਿਵੇਸ਼ ਕਰਦੇ ਹਨ।ਅਜਿਹਾ ਕਰਨਾ ਸਾਮਰਾਜੀ ਦੇਸ਼ਾਂ ਦੀ ਲੋੜ ਹੁੰਦੀ ਹੈ ਅਤੇ ਆਪਣੀਆਂ ਉਪਜਾਂ ਨੂੰ ਵੇਚਣ ਲਈ ਇਨ੍ਹਾਂ ਨੂੰ ਨਵੀਆਂ ਮੰਡੀਆਂ ਦੀ ਲੋੜ ਹੰੁਦੀ ਹੈ। “ ਆਪਣੀਆਂ ਉਪਜਾਂ ਲਈ ਲਗਾਤਾਰ ਪਸਾਰ ਕਰ ਰਹੀ ਮੰਡੀ ਦੀ ਲੋੜ ਬੁਰਜੁਆਜੀ ਨੂੰ ਧਰਤੀ ਦੇ ਸਾਰੇ ਤਲ ਉਤੇ ਭਜਾਈ ਫਿਰਦੀ ਹੈ।ਹਰ ਥਾਂ ਆਲ੍ਹਣੇਂ ਬਨਾਉਣਾ,ਹਰ ਥਾਂ ਵਸੇਬਾ ਕਰਨਾ,ਹਰ ਥਾਂ ਸੰਬਧ ਕਾਇਮ ਕਰਨਾ ਇਸ ਲਈ ਜਰੂਰੀ ਹੋ ਜਾਂਦਾ ਹੈ”। (ਕਮਿਉਨਿਸਟ  ਮੈਨੀਫੈਸਟੋ)  

ਬਸਤੀਵਾਦੀ ਜੂਲੇ ਤੋਂ ਆਜ਼ਾਦ ਹੋਏ ਭਾਰਤ ਵਰਗੇ ਦੇਸ਼ਾਂ ਜਿਨ੍ਹਾਂ ਨੇ ਆਪਣੀ ਆਜ਼ਾਦੀ ਸਾਮਰਾਜੀ ਤਾਕਤਾਂ ਦੀਆਂ ਸ਼ਰਤਾਂ ਅਧੀਨ ਪ੍ਰਾਪਤ ਕੀਤੀ ਹੈ,ਉਨ੍ਹਾਂ ਅੰਦਰ ਅੱਜ ਵੀ ਬਸਤੀਵਾਦੀ ਕਾਨੂੰਨ ਲਾਗੂ ਹਨ ਅਤੇ ਇਸੇ ਕਾਰਨ ਇਨ੍ਹਾਂ ਵਿਕਾਸ-ਸ਼ੀਲ ਦੇਸ਼ਾਂ ਨੂੰ ਵਿਸ਼ਵੀਕਰਣ ਦੀਆਂ ਨੀਤੀਆਂ ਲਾਗੂ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਉਦਾਰੀਕਰਣ ਰਾਂਹੀ ਸਾਮਰਾਜੀ ਦੇਸ਼ ਵਿਕਾਸਸ਼ੀਲ ਦੇਸ਼ਾਂ ਦੇ ਸਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਵੀ ਖਿਲਵਾੜ ਕਰਦੇ ਹਨ।ਉਦਾਰੀਕਰਣ ਦਾ ਸ਼ਬਦੀ ਭਾਵ ਹੈ“ਰਾਜਨੀਤਕ,ਧਾਰਮਿਕ,ਕਾਨੂੰਨੀ ਜਾਂ ਇਖਲਾਕੀ ਬੰਦਸ਼ਾਂ ਤੋਂ ਅਜ਼ਾਦੀ”।ਇਸ ਤਰ੍ਹਾਂ ਇਹ ਸਾਮਰਾਜੀ ਵਿਕਸਤ ਦੇਸ਼ ਜਿਥੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਅੰਦਰ ਬਹੂ-ਕੌਮੀ ਕੰਪਨੀਆਂ ਰਾਂਹੀ ਪੂੰਜੀ ਨਿਵੇਸ਼ ਕਰਕੇ ਦੇਸ਼ਾਂ ਅਤੇ ਉਥੋਂ ਦੀ ਜੰਤਾਂ ਦੀ ਲੁੱਟ-ਖਸੁੱਟ ਕਰਦੇ ਹਨ ਅਤੇ ਨਾਲ  ਹੀ ਇਨ੍ਹਾ ਦੇਸ਼ਾਂ ਦੀਆਂ ਇਖਲਾਕੀ ਕਦਰਾਂ ਕੀਮਤਾਂ,ਸਭਿਆਚਾਰ ਅਤੇ ਧਾਰਮਿਕ ਰਵਾਇਤਾਂ ਨਾਲ ਖਿਲਵਾੜ ਕਰਕੇ ਲਚਰਤਾ,ਅਨੈਤਿਕਤਾ ਅਤੇ ਅਸ਼ਲੀਲ ਸਭਿਆਚਾਰ ਨੂੰ ਜਨਮ ਦਿੰਦੇ ਹਨ।ਵਿਸ਼ਵੀਕਰਣ,ਉਦਾਰੀਕਰਣ ਅਤੇ ਨਿੱਜੀਕਰਣ ਦੀਆਂ ਨੀਤੀਆਂ ਰਾਂਹੀ ਸਮਾਜ ਅੰਦਰ ਅਨੈਤਿਕਤਾ,ਭਰਿਸ਼ਟਾਚਾਰ,ਲੰਿਗਕ ਸਰਗਰਮੀਆਂ ਅਤੇ ਨਸ਼ੇ ਆਦਿ ਕਰਨ ਲਈ ਰਾਹ ਖੁੱਲ ਜਾਂਦਾ ਹੈ।ਮਾਰਕਸ ਦੇ ਕਥਨ ਅਨੁਸਾਰ, “ਜਿੱਥੇ ਵੀ ਕਿੱਧਰੇ ਬੁਰਜੂਆਜੀ ਦਾ ਹੱਥ ਉੱਤੇ ਹੋਇਆ ਹੈ,ਇਹਨੇ ਸਾਰੇ ਜਗੀਰੂ,ਪਿਤਾ-ਪੁਰਖੀ,ਲੋਕ-ਗੀਤਾਂ ਵਾਲੇ ਸੰਬਧਾਂ ਦਾ ਖਾਤਮਾਂ ਕਰ ਦਿੱਤਾ।ਇਹਨੇ ਬੇਰਹਿਮੀਂ ਨਾਲ ਉਹ ਭਾਂਤ-ਭਾਂਤ ਦੇ ਜਗੀਰੂ ਸੰਬਧ ਤੋੜ ਕਿ ਰੱਖ ਦਿਤੇ ਜਿਨ੍ਹਾਂ ਨੇ ਮਨੱੁਖ ਨੂੰ ਆਪਣੇ “ਕੁੱਦਰਤੀ ਵੱਡੇਰਿਆਂ” ਨਾਲ ਬੰਨਕੇ ਰੱਿਖਆ ਹੋਇਆ ਸੀ ਅੱਤੇ ਮਨੁੱਖ-ਮਨੁੱਖ ਦੇ ਵਿਚਕਾਰ ਹੋਰ ਕੋਈ ਸੰਬਧ ਨਹੀਂ ਰਹਿਣ ਦਿੱਤਾ ਸਿਵਾਏ ਨੰਗੇ ਸਵੈ-ਹਿੱਤ ਦੇ,ਸਿਵਾਏ ਬੇਰਹਿਮ ਕਠੋਰ “ਨਗਦ ਅਦਾਇਗੀ” ਦੇ।ਮਾਰਕਸ ਨੇ ਅੱਗੇ ਲਿਿਖਆ ਹੈ “ਇਹਨੇ ਮਨੱਖ ਦੀ ਨਿੱਜੀ ਯੋਗਤਾ ਨੂੰ ਵਟਾਂਦਰਾ ਕਦਰ ਵਿੱਚ ਬਦਲ ਦਿੱਤਾ ਹੈ ਅੱਤੇ ਅਣਗਿਣਤ ਅਖੋਹ ਅਧਿਕਾਰਤ ਆਜਾਦੀਆਂ ਦੀ ਥਾਂ ਇੱਕੋ ਇੱਕ ਬੇਜ਼ਮੀਰ ਆਜ਼ਾਦੀ ਕਾਇਮ ਕਰ ਦਿੱਤੀ “ਆਜ਼ਾਦ ਵਪਾਰ”,ਇੱਕੋ ਸ਼ੱਬਦ ਵਿੱਚ,ਧਾਰਮਕ ਅੱਤੇ ਰਾਜਸੀ ਭੁਲੇਖਿਆਂ ਦੇ ਪਰਦੇ ਹੇਠ ਕੀਤੀ ਜਾਂਦੀਂ ਲੁੱਟ-ਖੱਸੁਟ ਦੀ ਥਾਂ ਇਸਨੇ ਨੰਗੀ, ਬੇਸ਼ਰਮ, ਸਿੱਧੀ ਤੇ ਵਹਿਸ਼ੀ ਲੁੱਟ-ਖੱਸੁਟ ਨੂੰ ਦੇ ਦਿੱਤੀ”। (ਕਮਿਉਨਿਸਟ ਮੈਨੀਫੈਸਟੋ)

ਨਿੱਜੀਕਰਣ ਰਾਂਹੀਂ ਸਰਕਾਰ ਦੇਸ਼ ਦੇ ਕੁਦਰੱਤੀ ਸਾਧਨਾਂ,ਵੱਡੇ ਸਨਅਤੀ ਅਦਾਰਿਆਂ,ਸਿਵਲ ਸੇਵਾਵਾਂ(ਆਉਟ ਸੋਰਸਿੰਗ ਰਾਂਹੀ) ਅੱਤੇ ਹੋਰ ਜਨਤਕ ਖੇਤਰ ਦੇ ਅਦਾਰਿਆਂ ਨੂੰ ਦੇਸ਼ ਦੇ ਇਜ਼ਾਰੇਦਾਰਾਂ ਅੱਤੇ ਬਹੂ-ਕੌਮੀ ਕੰਪਨੀਆਂ ਹਵਾਲੇ ਕਰਕੇ ਦੇਸ਼ ਨੂੰ   ਸਾਮਰਾਜੀ ਤਾਕਤਾਂ ਦੀ ਆਰਥਕ ਗੁਲਾਮੀ ਵੱਲ ਧੱਕੇਲ ਦਿੱਤਾ ਜਾਂਦਾ ਹੈ।ਇਸ ਤਰ੍ਹਾਂ ਵਿਸ਼ਵੀਕਰਣ ਦੀਆਂ ਨੀਤੀਆਂ  ਇਜਾਰੇਦਾਰਾਂ ਤੇ ਸਰਮਾਏਦਾਰਾਂ ਦੇ ਵਿਕਾਸ ਅੱਤੇ ਦੇਸ਼ ਦੀ ਜੰਤਾ ਦੇ ਸਮਾਜਕ ਤੇ ਆਰਥਕ ਵਿਨਾਸ਼ ਦਾ ਕਾਰਨ ਬਣਦੀਆਂ ਹਨ ਅੱਤੇ ਜਿਥੇ ਪਹਿਲੋਂ ਹੀ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ ਤੇ ਭੁੱਖ ਨੰਗ ਦੀ ਮਾਰੀ ਜੰਤਾ ਦੀ ਕਮਰ ਟੁੱਟੀ ਪਈ ਹੈ ਉਥੇ ਇਹ ਨੀਤੀਆਂ ਉਨ੍ਹਾਂ ਦੀ ਸਿਹਤ ਅੱਤੇ ਨੈਤਿਕ ਕਦਰਾਂ ਕੀਮਤਾਂ ਨਾਲ ਵੀ ਖਿਲਵਾੜ ਕਰਦੀਆਂ ਹਨ।“ਇੱਕ ਪਾਸੇ ਸਰਮਾਏ ਦੀ ਲਗਾਤਾਰ ਘਟੱੱਦੀ ਜਾ ਰਹੀ ਗਿਣਤੀ ਦੇ ਹੱਥਾਂ ਵਿੱਚ ਇਕੱਤਰਤਾ ਅੱਤੇ ਇਸ ਦੀ ਕੇਂਦਰਤਾ,ਦੂਜੇ ਪਾਸੇ ਸਦਾ ਵੱਧਦੀ ਗੁਰਬਤ ਅੱਤੇ ਬੇਰੁਜ਼ਗਾਰੀ ਦਾ ਅਮਲ ਹੈ”। (ਵਾਧੂ ਕਦਰ ਵਿੱਚੋਂ)

ਵਿਕਾਸ ਦੇ ਪੂੰਜੀਵਾਦੀ ਪ੍ਰਬੰਧ ਦੇ ਚਲਦਿਆਂ ਆਰਥਕ ਸ਼ੰਕਟਾਂ ਦਾ ਪੈਦਾ ਹੋਣਾ ਲਾਜ਼ਮੀ ਹੈ।ਆਰਥਕ ਸੰਕਟ ਵਿਚੋਂ ਨਿਕਲਣ ਲਈ ਸਰਮਾਏਦਾਰਾਂ ਕੋਲ ਪਹਿਲਾ ਉਪਾਅ ਹੰੁਦਾ ਹੈ,ਮਜ਼ਦੂਰਾਂ ਦੀ ਛਾਂਟੀ,ਉਜਰਤਾਂ’ਚ ਕਟੌਤੀ ਅੱਤੇ ਕੰਮ ਘਟਿੰਆਂ ਵਿੱਚ ਵਾੱਧਾ ਅੱਤੇ ਆਮ ਜਨਤਾ ਨੂੰ ਦਿੱਤੀਆਂ ਨਾਮਾਤਰ ਸਹੂਲਤਾਂ ਵਿੱਚ ਕਟੌਤੀ ਕਰਨਾ ਹੰੂਦਾਂ ਹੈ।ਇਸ ਦਾ ਸਿੱਟਾ ਵੀ ਸਾਡੇ ਸਾਮ੍ਹਣੇ ਹੈ।ਅੱਜ ਯੂਰਪ ਅੱਤੇ ਅਮਰੀਕਾ ਗੰਭੀਰ ਆਰਥਕ ਸੰਕਟ ਵਿੱਚੋਂ ਨਿਕਲਣ ਲਈ, ਆਪਣੇ ਦੇਸ਼ਾਂ ਅੰਦਰ ਅਪਣਾਈਆਂ ਉਪਰੋਕਤ ਨੀੱਤੀਆਂ ਨੇ ਇਨ੍ਹਾ ਦੇਸ਼ਾਂ ਨੂੰ ਰਾਹਤ ਦੇਣ ਦੀ ਥਾਂ ਸੰਕਟ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।ਅੱਜ ਸਾਰੇ ਵਿਸ਼ਵ ਅੰਦਰ ਵਿਸ਼ਵੀਕਰਣ,ਉਦਾਰੀਕਰਣ ਅੱਤੇ ਨਿੱਜੀਕਰਣ ਦੀਆਂ ਨੀੱਤੀਆਂ ਵਿਰੁੱਧ ਹੀ ਨਹੀਂ ਸਗੋਂ ਵਿਕਾਸ ਦੇ ਪੂੰਜੀਵਾਦੀ ਪ੍ਰਬੰਧ ਦੇ ਵਿਰੋਧ’ਚ ਲੋਕ ਸੜਕਾਂ ਤੇ ਉੱਤਰ ਆਏ ਹਨ। 

ਉਪਰੋਕਤ ਨੀੱਤੀਆਂ ਦੇ ਹੁੰਦਿਆਂ ਨਿੱਤ ਵੱਧ ਰਹੀ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਨੌਜਵਾਨਾ, ਮਜ਼ਦੂਰਾਂ ਅੱਤੇ ਕਰਮਚਾਰੀਆਂ ਉਪਰ ਲਟਕਦੀ ਛਾਂਟੀ ਦੀ ਤਲਵਾਰ ਕਾਰਨ ਉਨ੍ਹਾ ਅੰਦਰ ਬੇਚੈਨੀ, ਮਾਨਸਿਕ ਤਨਾਉ ਅੱਤੇ ਉਦਾਸੀ (ਡੀਪਰੈਸ਼ਨ) ਲਗਾਤਾਰ ਵੱਧਦੀ ਜਾ ਰਹੀ ਹੈ।ਕਾਰਪੋਰੇਟ ਸੈਕਟਰ,ਸੂਚਨਾ ਤੇ ਤਕਨਾਲੋਜੀ,ਆਉਟ ਸੋਰਸਿੰਗ ਸਨਅਤ(ਬੀ.ਪੀ.ਓ) ਕਾਲ-ਸੈਂਟਰਾਂ ਅੱਤੇ ਹੋਰ ਦਫਤਰਾਂ ਅੰਦਰ ਕੰਮ ਕਰਨ ਦੇ ਸਮੇਂ ਵਿੱਚ ਲਗਾਤਾਰ ਤਬਦੀਲੀ, ਰਾਤ ਦੀਆਂ ਸ਼ਿਫਟਾਂ ਅੱਤੇ ਕੰਮ ਕਰਨ ਦੀ ਸ਼ੈੱਲੀ’ਚ ਤਬਦੀਲੀ ਕਾਰਨ ਮਨੁੱਖੀ ਸਰੀਰ ਦੇ ਕੰਮ ਕਰਨ ਦੀ “ਕੁਦੱਰਤੀ ਪ੍ਰਣਾਲੀ” (ਬਾਇਓਲਾਜੀਕਲ ਕਲਾਕ) ਅੰਦਰ ਵਿਗਾੜ ਪੈਦਾ ਹੋਣ ਨਾਲ ਕਾਮੇਂ ਅੰਨੀਦਰੇ ਤੇ ਮਾਨਸਿਕ ਤਨਾਓ ਦੇ ਰੋਗ ਦਾ ਸ਼ਿਕਾਰ ਹੋ ਜਾਂਦੇ ਹਨ।ਅਨੀਦੰਰੇ ਰੋਗ ਅੱਤੇ ਲਗਾਤਾਰ ਤਨਾਅ’ਚ ਰਹਿਣ ਕਾਰਨ ਡੀਪਰੈਸ਼ਨ ਦੀ ਹਾਲਤ’ਚ ਪਹੰੁਚ ਜਾਂਦੇ ਹਨ,ਅੱਤੇ ਅਗੇ ਹੋਰ ਜੀਵਨ ਭਰ ਲਈ ਬੱਲਡ ਪ੍ਰੈਸ਼ਰ, ਦਿੱਲ ਦੇ ਰੋਗ, ਸ਼ੂਗਰ ਅੱਤੇ ਹੋਰ ਨਾਂ-ਮੁਰਾਦ ਬੀਮਾਰੀਆਂ ਆ ਘੇਰਦੀਆਂ ਹਨ।ਇਹ ਕਾਰਪੋਰੇਟ ਅਦਾਰੇ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਤੋਂ ਏਨਾ ਕੰਮ ਲੈਂਦੇ ਹਨ ਕਿ 50-55 ਸਾਲ ਦੀ ਉਮਰ ਤੱਕ ਨਕਾਰਾ ਕਰਕੇ ਸੇਵਾ-ਮੁਕੱਤੀ ਦੇ ਕੇ ਘਰ ਨੂੰ ਤੋਰ ਦਿੰਦੇ ਹਨ।ਸੇਵਾ-ਮੁੱਕਤੀ ਸਮੇਂ ਮਿਲੀ ਰਕਮ ਬਿਮਾਰੀਆਂ ਦੇ ਇਲਾਜ ੳੱੁਪਰ ਲਗ ਜਾਂਦੀ ਹੈ।ਕੋਈ ਸਮਾਜਕ ਸਾਂਝ ਨਾਂ ਹੋਣ ਕਰਕੇ ਬਹੁਤੇ ਤਾਂ ਮਾਨਸਿਕ ਸੰਤੁਲਨ ਗੁਆ ਬੈਠਦੇ ਹਨ ਅੱਤੇ ਸਮਾਜ ਅੱਤੇ ਪਰੀਵਾਰ ਉਪਰ ਬੋਝ ਬਣ ਜਾਂਦੇ ਹਨ। ਔਲਾਦ ਤੋਂ ਸਹਾਰਾ ਭਾਲਦੇ ਬਿਰਧ-ਆਸ਼ਰਮ ਜਾ ਪਹੁੰਚਦੇ  ਹਨ।

ਨੌਕਰੀਪੇਸ਼ਾ ਵਿਅਕਤੀਆਂ ਦਾ ਲਗਾਤਾਰ ਮਾਨਸਿਕ ਤਨਾਅ’ਚ ਰਹਿਣ ਕਾਰਨ ਉਨ੍ਹਾਂ ਦੀ ਆਪਣੇ ਕਿੱਤੇ ਪ੍ਰਤੀ ਰੁੱਚੀ ਘੱਟ ਜਾਂਦੀ ਹੈ ਅੱਤੇ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ।ਰਾਤ ਦੀਆਂ ਸ਼ਿਫਟਾਂ ਵੀ ਤਨਾਅ ਦਾ ਕਾਰਣ ਬਣਦੀਆਂ ਹਨ ਖਾਸ ਕਰਕੇ ਔਰਤਾਂ ਮਾਨਸਿਕ ਤਨਾਅ ਦਾ ਜਿਆਦਾ ਸ਼ਿਕਾਰ ਰਹਿੰਦੀਆਂ ਹਨ।ਔਰਤਾਂ ਦੇ ਵੱਧ ਰਹੇ ਲੰਿਗਕ ਸੋਸ਼ਣ ਅੱਤੇ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਵੀ ਚਿੰਤਾਂ ਦਾ ਕਾਰਨ ਹਨ।ਤਨਾਅ ਮੁਕਤ ਰਹਿਣ ਲਈ ਜਿਆਦਾ ਤਰ ਰੁਝਾਨ ਨਸ਼ਿਆਂ ਅੱਤੇ ਤਨਾਅ ਮੁਕਤ ਦਵਾਈਆਂ ਦੀ ਵਰਤੋਂ ਵੱਲ ਜਾਂਦਾ ਹੈ।ਸ਼ਰਾਬ ਪੀਣ ਅੱਤੇ ਸਿਗਰਟ ਨੋਸ਼ੀ ਦੀ ਤੀਬਰਤਾ ਵੱਧ ਜਾਂਦੀ ਹੈ। ਸੰਯੁਕਤ ਰਾਸ਼ਟਰ ਦੇ ਇੱਕ ਅਨੁਮਾਨ ਅਨੁਸਾਰ ਵਿਸ਼ਵ ਦੀ ਕੋਈ 25% ਆਬਾਦੀ ਕਿਸੇ ਨਾਂ ਕਿਸੇ ਬਿਮਾਰੀ ਦਾ ਸ਼ਿਕਾਰ ਹੈ।ਇੰਗਲੈਡ ਦੇ 30% ਕਾਮੇਂ ਦਿਮਾਗੀ ਬਿਮਾਰੀਆਂ ਤੋਂ ਪੀੜਤ ਹਨ।ਵਿਸ਼ਵ ਸਿਹਤ ਸੰਸਥਾ ਦੀ 30 ਜਨਵਰੀ 2020 ਦੀ ਰਿਪੋਰਟ ਮੁਤਾਬਕ ਵਿਸ਼ਵ ਦੇ 26 ਕਰੋੜ 40 ਲੱਖ ਲੋਕ ਡੀਪਰੈਸ਼ਨ ਤੋਂ ਪੀੜਤ ਹਨ ਅਤੇ ਡੀਪਰੈਸ਼ਨ ਦੇ ਕਾਰਨ ਹੀ ਕੋਈ 8 ਲੱਖ ਲੋਕ ਹਰ ਸਾਲ ਆਤਮ ਹਤਿਆਵਾਂ ਕਰਦੇ ਹਨ।ਭਾਰਤ ਅੰਦਰ ਵਿਸ਼ਵ ਦੇ ਸੱਭ ਤੋਂ ਵੱਧ ਲੋਕ ਡੀਪਰੈਸ਼ਨ ਤੋਂ ਪੀੜਤ ਹਨ।ਨਦਟਵ.ਚੋਮ/ਸਾੳਸਟਹਨਿਦੳਿ 9 ਅਕਤੂਬਰ 2020 ਨੇ ਵਿਸ਼ਵ ਸਿਹਤ ਸੰਸਥਾ ਦੇ ਹਵਾਲੇ ਨਾਲ ਦਸਿਆ ਕਿ ਭਾਰਤ ਅੰਦਰ 7.5% ਅਬਾਦੀ ਦਿਮਾਗੀ ਬਿਮਾਰੀਆਂ ਤੋਂ ਪੀੜਤ ਹੈ ਜਿਹੜੀ 2021 ਦੇ ਅੰਤ ਤੱਕ 20% ਤੱਕ ਪੁੱਜਣ ਦਾ ਅੰਦੇਸ਼ਾ ਹੈ।ਇਹ ਭੀ ਦਸਿਆ ਗਿਆ ਕਿ ਵਿਸ਼ਵ ਭਰ’ਚ ਹੁੰਦੀਆਂ ਕੁੱਲ ਆਤਮ ਹੱਤਿਆਵਾਂ ਦਾ 36.6% ਆਤਮ ਹੱਤਿਆਵਾਂ ਭਾਰਤ ਵਿੱਚ ਹੁੰਦੀਆਂ ਹਨ।

ਮਾਨਸਿਕ ਤਨਾਅ ਅੱਤੇ ਡੀਪਰੈਸ਼ਨ ਦੇ ਲਗਾਤਾਰ ਵੱਧਦੇ ਜਾਣ ਦਾ ਕਾਰਨ ਨਸ਼ਿਆਂ ਦੀ ਲੱਤ ਹੈ। ਅੱਤੇ ਜੁਰਮਾਂ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।ਰੂਸ ਅੰਦਰ ਸਮਾਜਵਾਦੀ ਪ੍ਰਣਾਲੀ ਦੇ ਢਹਿ ਢੇਰੀ ਹੋਣ ਤੋਂ ਬਾਅਦ ਉਥੇ ਪੂੰਜੀਵਾਦੀ ਪ੍ਰਣਾਲੀ ਦੇ ਮੁੜ ਸਥਾਪਤ ਹੋਣ ਅੱਤੇ ਵਿਸ਼ਵੀਕਰਣ ਦੀਆਂ ਨੀਤੀਆਂ ਦੇ ਲਾਗੂ ਹੋਣ ਨਾਲ ਆਰਥਕ ਪਾੜੇ, ਮਹਿੰਗਾਈ ਅਤੇ ਬੇਰੁਜ਼ਗਾਰੀ’ਚ ਇੱਕ ਦਮ ਵਾਧਾ ਹੋ ਜਾਣ ਕਾਰਨ ਪੈਦਾ ਹੋਏ ਮਾਨਸਿਕ ਤਨਾਅ ਨੇ ਨਸ਼ਿਆਂ,ਜੁਰਮਾਂ ਅੱਤੇ ਵੇਸਵਾਗਮਨੀ ਨੂੰ ਅੰਜਾਮ ਦੇ ਦਿੱਤਾ ਹੈ।26 ਜੂਨ 2019 ਦੇ “ਇੰਡੀਆ ਟੁਡੇ”ਮੁਤਾਬਕ ਭਾਰਤ ਅੰਦਰ ਇੱਕ ਦਹਾਕੇ ਵਿੱਚ 30% ਡਰਗਜ਼ ਦੀ ਵਰਤੋਂ ਵਿੱਚ ਵਾਧਾ ਹੋਇਆ।2018 ਦੇ ਭਾਰਤ ਵਿੱਚ ਹੋਏ ਇੱਕ ਸਰਵੇ ਮੁਤਾਬਕ ਏਸ਼ੀਆ ਦੀ 30% ਅਬਾਦੀ ਦੇ ਬਰਾਬਰ ਡਰਗਜ਼ ਦੀ ਵਰਤੋਂ ਇਕੱਲੇ ਭਾਰਤ ਅੰਦਰਰ ਹੁੰਦੀ ਹੈ।ਸੰਯੁਕਤ ਰਾਸ਼ਟਰ ਦੀ ਡਰਗਜ਼ ਤੇ ਅਜੋਕੀ ਰਿਪੋਰਟ ਵਿੱਚ ਦਸਿਆ ਗਿਆ ਕਿ ਵਿਸ਼ਵ ਭਰ’ਚ ਨਸ਼ੀਲੀ ਦਵਾਈਆਂ/ਨਾਰਕੋਟਕਿਸ ਦੀ ਵਰਤੋਂ ਵਿੱਚ 2009 ਦੇ ਮੁਕਾਬਲੇ 30% ਵਾਧਾ ਹੋਇਆ ਹੈ। 3 ਕਰੋੜ 50 ਲੱਖ ਲੋਕ ਡਰਗਜ਼ ਦੇ ਭੈੜੇ ਵਿਕਾਰਾਂ ਦਾ ਸ਼ਿਕਾਰ ਹੋਏ ਹਨ।ਸ਼ਰਾਬ ਦੀ ਵਰਤੋਂ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ।ਔਰਤਾਂ ਵੀ ਸ਼ਰਾਬਨੋਸ਼ੀ ਵਿੱਚ ਸ਼ਾਮਲ ਹੁੰਦੀਆਂ ਜਾ ਰਹੀਆਂ ਹਨ।  ਬੀ ਬੀ ਸੀ ਮਈ14,2020 ਦੀ ਇੱਕ ਰਿਪੋਰਟ ਮੁਤਾਬਕ ਭਾਰਤ 663 ਮਿਿਲਅਨ ਲਿਟਰ ਸ਼ਰਾਬ ਦੀ ਖਪਤ ਕਰਦਾ ਜਿਸਦਾ 45% ਕੇਵਲ ਦੱਖਣੀ ਭਾਰਤ ਦੇ ਰਾਜ ਕੇਰਲ, ਤਾਮਿਲਨਾਡੂ, ਆਂਧਰਾ, ਤਿਲੰਗਾਨਾ ਅਤੇ ਕਰਨਾਟਕ ਖਪਤ ਕਰਦੇ ਹਨ।ਸ਼ਰਾਬ ਨੋਸ਼ੀ ਸਿਹਤ ਨਾਲ ਖਿਲਵਾੜ ਅਤੇ ਘਰੇਲੂ ਲੜਾਈ ਦੀ ਮੁੱਖ ਵਜ੍ਹਾ ਹੈ।

ਕੰਮ ਦੌਰਾਨ ਤਨਾਅ (ਜਾਬ ਸਟਰੈੱਸ) ਵਿਸ਼ਵੀਕਰਣ ਦੇ ਮੌਜੂਦਾ ਦੌਰ ਅੰਦਰ ਕੰਮ ਕਰਨ ਅੱਤੇ ਜੀਵਨ ਸ਼ੈਲੀ ਦੇ ਢੰਗ ਦੇ ਅਨੁਰੂਪ ਇੱਕ ਨਵਾਂ ਵਰਤਾਰਾ ਹੈ।ਕੰਮ ਕਰਨ ਦੀ ਪ੍ਰਕਿਰਤੀ ਵਿੱਚ, ਅਮਰੀਕਾ ਅੱਤੇ ਪੱਛਮੀਂ ਸਾਮਰਾਜਵਾਦੀ ਦੇਸ਼ਾਂ ਅੰਦਰ ਪਿੱਛਲੀ ਕੋਈ ਇੱਕ ਸਦੀ ਤੋਂ ਬੜੀ ਜਬਰਦਸਤ ਤਬਦੀਲੀ ਆਈ ਹੈ ਅੱਤੇ ਭਾਰਤ ਅੰਦਰ ਅਜਿਹੀ ਤਬਦੀਲੀ’ਚ ਤੇਜੀ 1990 ਤੋਂ ਬਾਅਦ ਦੇਖਣ ਨੂੰ ਮਿਲਦੀ ਹੈ।ਜਿਨ੍ਹਾਂ ਬਿਮਾਰੀਆਂ ਦਾ ਸਾਮਰਾਜਵਾਦੀ ਦੇਸ਼ ਪਹਿਲਾਂ ਤੋਂ ਸ਼ਿਕਾਰ ਹਨ,ਭਾਰਤ ਉਨ੍ਹਾਂ ਬਿਮਾਰੀਆਂ ਨੂੰ ਹੁਣ ਤੇਜ਼ੀ ਨਾਲ ਗ੍ਰਹਿਣ ਕਰਦਾ ਜਾ ਰਿਹਾ ਹੈ।ਕੰਮ-ਕਾਰੀ ਲੋਕਾਂ ਅੰਦਰ ਮਾਨਸਿਕ ਤਨਾਅ ਦਾ ਪੈਦਾ ਹੋਣਾ ਵਿਸ਼ਵੀਕਰਣ,ਊਦਾਰੀਕਰਣ ਅੱਤੇ ਨਿੱਜੀਕਰਣ ਦੀਆਂ ਨੀਤੀਆਂ ਦਾ ਲਾਜ਼ਮੀ ਸਿੱਟਾ ਹੈ,ਜਿਹੜਾ ਹਰ ਤਰ੍ਹਾਂ ਦੇ ਕਿੱਤੇ ਨੂੰ ਆਪਣੀ ਜਕੜ ਵਿੱਚ ਲੈ ਰਿਹਾ ਹੈ।ਦਿਮਾਗੀ ਬਿਮਾਰੀਆਂ ਮਨੱੁਖੀ ਮੁਸੀਬਤਾਂ ਉਪੱਰ ਹੋਰ ਬੋਝ ਬਣਦਾ ਜਾ ਰਿਹਾ ਹੈ। ਸਮਾਜ ਤੋਂ ਅਲਹਿਦਗੀ, ਮਾਨਸਿਕ ਰੋਗੀ ਅੱਤੇ ਉਸਦੇ ਪਰੀਵਾਰ ਨੂੰ ਬੁਰਾ ਸਮਝਣ ਦਾ ਕਾਰਨ ਵੀ ਬਣਦਾ ਹੈ ਅਤੇ ਉਪਰੋਂ ਆਰਥਕ ਖਰਚਿਆਂ ਦੀ ਮਾਰ ਅੱਲਗ।ਚਿੰਤਾ ਦਾ ਕਾਰਨ ਇਹ ਵੀ ਹੈ ਕਿ ਇਸਨੇ ਆਉਣ ਵਾਲੇ ਸਮੇਂ ਅੰਦਰ ਹੋਰ ਵੀ ਵੱਧਣਾ ਹੈ ਅੱਤੇ ਇਹ ਨੀਤੀਆਂ ਸਮਾਜ ਦੇ ਹਰ ਵਰਗ ਨੂੰ ਜਾਣੇ ਜਾਂ ਅਣਜਾਣੇ ਅਨੈਤਿਕਤਾ ਦੇ ਘੇਰੇ ਅੰਦਰ ਲਿਆ ਖੜ੍ਹਾ ਕਰਦੀਆਂ ਹਨ।ਵਿਸ਼ਵੀਕਰਣ ਦੀਆਂ ਨੀਤੀਆਂ ਇੱਕ ਸਭਿਅਕ ਸਮਾਜ ਨੂੰ ਇੱਕ ਅ-ਸਭਿਅਕ ਸਮਾਜ ਬਣਾ ਦਿੰਦੀਆਂ ਹਨ, “ਇੱਕ ਅਨੈਤਿਕ ਪ੍ਰਬੰਧ,ਅਨੈਤਿਕਤਾ ਨੂੰ ਹੀ ਪਾਲਦਾ ਹੈ ਅੱਤੇ ਅਨੈਤਿਕਤਾ ਨੂੰ ਹੀ ਜਨਮ ਦਿੰਦਾਂ ਹੈ”।

ਪੱਛਮੀਂ ਦੇਸ਼ਾਂ ਅੱਤੇ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਅੰਦਰ ਇਨ੍ਹਾਂ ਨੀਤੀਆਂ ਕਾਰਨ ਪੈਦਾ ਹੋਈ ਨੈਤਿਕ ਕਦਰਾਂ-ਕੀਮਤਾਂ ਦੀ ਗਿਰਾਵਟ, “ਨੈਸ਼ਨਲ ਸੈਂਟਰ ਫਾਰ ਹੈਲਥ” ਅਪ੍ਰੈਲ 2009 ਅਨੁਸਾਰ ਅਮਰੀਕਾ ਵਿੱਚ 2007 ਵਿੱਚ ਪੈਦਾ ਹੋਏ ਬਚਿੱਆਂ ਵਿੱਚੋਂ 40% ਬੱਚੇ ਅਣ-ਵਿਆਹੀਆਂ ਮਾਂਵਾਂ ਤੋ ਪੈਦਾ ਹੋਏ।ਯੂਰਪ,ਬੁਲਗਾਰੀਆ,ਫਰਾਂਸ,ਸਕਾਟਲੈਂਡ,ਵੇਲਜ਼,ਸਲੋਟੇਨੀਆ ਅੱਤੇ ਸਕੈਂਡਨੇਵੀਅਨ ਦੇਸ਼ਾਂ ਦੇ 50% ਤੋਂ ਉਪਰ ਪਹਿਲੇ ਜਨਮੇਂ ਬੱਚੇ ਅਣ-ਵਿਆਹੀਆਂ ਮਾਂਵਾਂ ਦੇ ਸਨ।5 ਮਾਰਚ 2020 ਦੀ ਗੇਲੱਪ ਰਿਪੋਰਟ ਮੁਤਾਬਕ ਵਿਸ਼ਵ ਪੱਧਰ ਤੇ ਹਰੇਕ ਅੱਠਾਂ ਵਿੱਚੋਂ ਇੱਕ ਔਰਤ ਯਾਨੀ 13% ਅਣ-ਵਿਹਾਈਆਂ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਹਨ, ਸਬ-ਸਹਾਰਨ ਦੇਸ਼ਾਂ ਵਿੱਚ ਇਹ ਗਿਣਤੀ 32% ੳਤੇ ਲਤੀਨੀ ਅਮਰੀਕਨ ਦੇਸ਼ਾਂ ਵਿੱਚ 24% ਹੈ।ਫਓਾਂ ਰੀਸਰਚ ਸੈਂਟਰ ਅਪ੍ਰੈਲ 27,2018 ਅਨੁਸਾਰ ਅਮਰੀਕਾ ਵਿੱਚ 168 ਵਿੱਚ ਅਣ-ਵਿਆਹੇ ਮਾਪਿਆਂ ਦੇ ਬੱਚਿਆਂ ਦੀ ਗਿਣਤੀ 13% ਤੋਂ ਵੱਧ ਕੇ 2017 ਵਿੱਚ 32% ਹੋ ਗਈ।

ਕਿਸ਼ੋਰ ਉਮਰ ਦੀਆਂ ਲੜਕੀਆਂ ਵਿੱਚ ਗਰਭ ਧਾਰਨ ਕਰਨ ਦੀਆਂ ਰਿਪੋਰਟਾਂ ਵੀ ਕੋਈ ਘੱਟ ਅਚੰਬੇ ਵਾਲੀਆਂ ਨਹੀਂ ਹਨ।ਅਮਰੀਕਾ ਅੰਦਰ ਸਾਲ 2005 ਵਿੱਚ 15 ਸਾਲ ਤੋ ਂ19 ਸਾਲ ਤੱਕ ਦੀ ਉਮਰ ਦੀਆਂ ਕੋਈ 72,500 ਲੜਕੀਆਂ ਗਰਭਵਤੀ ਹੋਈਆਂ,ਜਿਨ੍ਹਾਂ ਵਿੱਚੌਂ 41,500 ਨੇ ਬੱਿਚਆਂ ਨੂੰ ਜਨਮ ਦਿੱਤਾ।ਹਰ ਸਾਲ ਲੰਿਗੀ ਬਿਮਾਰੀਆਂ ਦੇ ਕੋਈ 2 ਕਰੋੜ 90 ਲੱਖ ਕੇਸ ਸਾਮ੍ਹਣੇ ਆਉਦੈਂ ਹਨ। ਇੰਗਲੈਂਡ ਅੱਤੇ ਅਮਰੀਕਾ,ਵਿਸ਼ਵ ਦੀਆਂ ਸੱਭ ਤੋਂ ਵੱਧ ਕਿਸ਼ੋਰ ਉਮਰ ਦੀਆਂ ਲੜਕੀਆਂ ਦੇ ਗਰਭ ਧਾਰਨ ਕਰਨ ਵਾਲੇ ਮੋਹਰੀ ਦੇਸ਼ ਹਨ।

ਵਿਕਸਤ ਦੇਸ਼ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਿੱਚ ਵੀ ਕਿਸੇ ਨਾਲੋਂ ਘੱਟ ਨਹੀਂ ਹਨ! ਅੰਤਰ-ਰਾਸ਼ਟਰੀ ਮਜ਼ਦੂਰ ਸੰਸਥਾ(ਆਈ.ਐਲ.ੳ) ਦੀ ਇੱਕ ਰਿਪੋਰਟ ਅਨੁਸਾਰ ਜਪਾਨ ਵਿੱਚ ਸੱਭ ਤੋਂ ਵੱਧ ਪ੍ਰਵਾਸੀ ਕਾਮੇ ਜਾਂਦੇ ਹਨ।ਜਪਾਨ ਗੈਰ-ਹੁਨਰਮੰਦ ਕਾਮਿਆਂ ਨੂੰ ਘੱਟ ਹੀ ਆਪਣੇ ਦੇਸ਼ ਅੰਦਰ ਆਉਣ ਦਿੰਦਾਂ ਹੈ।ਫਿਲਪੀਨੋ ਔਰਤਾਂ ਜਿਆਦਾਤਰ ਮਨਪ੍ਰਚਾਵੇ ਦੇ ਵੀਜ਼ੇ ਤੇ ਜਪਾਨ ਜਾਂਦੀਆ ਹਨ।ਫਿਲਪੀਨੋ ਔਰਤਾਂ ਦੀ 1985 ਤੋਂ1996 ਤੱਕ ਗਿਣਤੀ ਕੋਈ 4 ਲੱਖ ਸੀ ਜਿਹੜੀ ਪੱਬਾਂ ਤੇ ਬਾਰਾਂ (ਸ਼ਰਾਬ-ਖਾਨਿਆਂ) ਵਿੱਚ ਕੰਮ ਕਰਦੀਆਂ ਹਨ। ਉਹਨਾਂ ਨੂੰ ਵੇਸਵਾਗਮਨੀ ਲਈ ਮਜ਼ਬੂਰ ਕੀਤਾ ਜਾਂਦਾ ਹੈ ਅੱਤੇ ਹਰ ਕਿਸਮ ਦੇ ਤਸ਼ੱਦਦ ਦਾ ਸਾਮ੍ਹਣਾਂ ਕਰਨਾ ਪੈਦਾਂ ਹੈ। ਉਨ੍ਹਾਂ ਨਾਲ  ਗੈਰ-ਮੱਨੁਖੀ ਵਿਵਹਾਰ ਕੀਤਾ ਜਾਦਾਂ ਹੈੈ ਅੱਤੇ ਅਗੋਂ ਵੇਚਿਆ ਜਾਦਾਂ ਹੈ।

ਥਾਈਲੈਂਡ ਵਿਸ਼ਵੀਕਰਣ, ਊਦਾਰੀਕਰਣ ਅਤੇ ਨਿਜੀਕਰਣ ਦੀਆਂ ਨੀਤੀਆਂ ਅਧੀਨ ਆਪਣੀ ਆਰਥਕਤਾ ਦਾ ਵਿਕਾਸ ਕਰਨ ਵਾਲਾ ਦੇਸ਼ ਹੈ,ਜਿਨ੍ਹਾਂ ਕਾਰਨ ਅਮੀਰੀ-ਗਰੀਬੀ ਅੱਤੇਪੇਂਡੂ ਸ਼ਹਿਰੀ ਵਿੱਚਕਾਰ ਪਾੜਾ ਬਹੁੱਤ ਜਿਆਦਾ ਵਧਿਆ ਹੈ।ਅੱਤ ਦੀ ਗਰੀਬੀ ਕਾਰਨ ਉਥੋਂ ਦੇ ਗਰੀਬ ਕਿਸਾਨ ਅੱਤੇ ਪਹਾੜੀ ਕਬਾਇਲੀ ਲੋਕ ਆਪਣੀਆਂ ਲੜਕੀਆਂ ਨੂੰ ਵੇਸਵਾਗਮਨੀ ਦੀ ਸਨਅਤ ਕੋਲ ਵੇਚਣ ਲਈ ਮਜ਼ਬੂਰ ਹਨ।ਇਨ੍ਹਾਂ ਲੜਕੀਆਂ ਵਿਚੋਂ ਕੋਈ 70% ਪਹਿਲੇ ਸਾਲ ਹੀ ਏਡਜ਼ ਦਾ ਸ਼ਿਕਾਰ ਹੋ ਜਾਂਦੀਆਂ ਹਨ।ਥਾਈਲੈਡਂ ਦੇ 10 ਲੱਖ ਤੋਂ ਉਪਰ ਲੋਕ ਐੱਚ.ਆਈ.ਵੀ.ਤੋਂ ਪ੍ਰਭਾਵਤ ਹਨ।ਜਿਸਮ-ਫਰੋਸ਼ੀ ਦੇ ਧੰਦੇ ਲਈ ਥਾਈ ਔਰਤਾਂ ਨੂੰ ਬਾਹਰਲੇ ਦੇਸ਼ਾਂ ਅੰਦਰ ਵੀ ਭੇਜਿਆ ਜਾਂਦਾ ਹੈ।

ਸੀ.ਐੱਨ.ਐਨ.ਵਰਲਡ,18 ਜੁਲਾਈ 2008 ਦੇ ਹਵਾਲੇ ਅਨੁਸਾਰ ਰੂਸ ਦੀ ਇਸ ਵੱਧ ਰਹੀ ਆਰਥਕਤਾ ਨੇ ਮਾਸਕੋ ਅੰਦਰ ਜਿਸਮ-ਫਰੋਸ਼ੀ ਦੇ ਧੰਦੇ ਦਾ ਹੜ ਹੀ ਲੈ ਆਦਾਂ ਹੈ।ਇੱਕ ਤਾਜ਼ੇ ਸਰਵੇਖਣ ਅਨੁਸਾਰ ਲੜਕੀਆਂ ਦੀ ਉੱਚ ਪੜ੍ਹਾਈ ਦੇ ਸਪਨਿਆਂ ਅੱਤੇ ਜਿਂਉਦਿਆਂ ਰਹਿਣ ਲਈ ਔਰਤਾਂ ਜਿਸਮ-ਫਰੋਸ਼ੀ ਵੱਲ ਨੂੰ ਵੱਧਦੀਆਂ ਜਾ ਰਹੀਆਂ ਹਨ।ਅੱਤ ਦੀ ਮਹਿੰਗਾਈ ਅੱਤੇ ਰੁਜ਼ਗਾਰ ਦੇ ਸਾਧਨਾਂ ਦਾ ਲਗਾਤਾਰ ਘੱਟਦੇ ਜਾਣ ਕਾਰਨ ਜਿਸਮ-ਫਿਰੋਸ਼ੀ ਦਾ ਧੰਦਾ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ।ਕੋਈ 50 ਦੇਸ਼ਾਂ ਅੰਦਰ ਜਿਸਮ-ਫਿਰੋਸ਼ੀ ਦੇ ਦਲਾਲਾਂ ਵਲੋਂ ਸਥਾਪਤ ਕੀਤੇ ਅੱਡਿਆਂ ਰਾਂਹੀ ਔਰਤਾਂ ਨੂੰ ਦੇਹ ਵਪਾਰ ਲਈ ਵਿਦੇਸ਼ਾਂ ਅੰਦਰ ਭੇਜਿਆ ਜਾਂਦਾ ਹੈ। 

ਭਾਰਤ ਸਦੀਆਂ ਤੱਕ ਗੁਲਾਮ ਰਿਹਾ ਜਿਸ ਕਾਰਨ ਏਥੇ ਵੇਸਵਾਗਮਨ ਦੀ ਪ੍ਰਥਾ ਪ੍ਰਚਲਤ ਸੀ ਜਿਹੜੀ ਮੁਗਲ ਸਾਮਰਾਜ ਸਮੇਂ ਵੀ ਅੱਤੇ ਅੰਗਰੇਜ਼ ਸਾਮਰਾਜ ਸਮੇਂ ਵੀ ਪ੍ਰਚਲਤ ਰਹੀ।ਆਜ਼ਾਦੀ ਤੋਂ ਬਾਅਦ ਇਸ ਪ੍ਰਥਾ ਨੂੰ ਬੰਦ ਕਰਕੇ ਵੇਸਵਾਵਾਂ ਦੇ ਮੁੜ ਵਸੇਬੇ ਦੇ ਯਤਨ ਕੀਤੇ ਜਾਂਦੇ ਪ੍ਰੰਤੂ ਇਸ ਪ੍ਰਥਾ ਨੂੰ ਚਲਣ ਹੀ ਦਿੱਤਾ ਗਿਆ,ਇਸਦਾ ਕਾਰਨ ਇਹ ਸੀ ਕਿ ਦੇਸ਼ ਦੀ ਰਾਜ ਸਤ੍ਹਾ ਦੀ ਵਾਗ ਡੋਰ ਦੇਸ਼ ਦੇ ਇਜ਼ਾਰੇਦਾਰਾਂ ਅੱਤੇ ਜਗੀਰਦਾਰਾਂ ਦੇ ਹੱਥ ਵਿੱਚ ਸੀ ਜਿਹੜੇ ਖੁਦ ਅਜਿਹੇ ਕਿਰਦਾਰ ਦੇ ਮਾਲਕ ਸਨ।ਵੇਸਵਾਗਮਨੀ ਦਾ ਇੱਕ ਕਾਰਨ ਗੁਲਾਮੀ ਸਮੇਂ ਵੀ ਅੱਤੇ ਅੱਜ ਵੀ ਆਰਥਕਤਾ ਹੀ ਹੈ।ਬੇਰੁਜ਼ਗਾਰੀ ਤੇ ਭੁੱਖ ਮਰੀ ਉਦੋਂ ਵੀ ਸੀ ਅੱਤੇ ਅੱਜ ਵੀ ਹੈ।

ਭਾਵੇਂ ਨਵੀਆਂ ਆਰਥਕ ਨੀਤੀਆਂ ਦੀ ਸ਼ੁਰੂਆਤ 1980 ਤੋਂ ਹੋ ਗਈ ਸੀ ਪ੍ਰੰਤੂ ਸਾਮਰਾਜੀ-ਵਿਸ਼ਵੀਕਰਣ,ਉਦਾਰੀਕਰਣ ਅੱਤੇ ਨਿੱਜੀਕਰਣ ਦੀਆਂ ਨੀਤੀਆਂ ਨੂੰ ਲਾਗੂ ਕਰਨ ਵਿੱਚ ਤੇਜ਼ੀ 1991 ਤੋਂ ਆਈ ਹੈ। ਸਾਮਰਾਜੀ ਵਿਸ਼ਵੀਕਰਣ ਮੁਨਾਫੇ ਤੇ ਅਧਾਰਤ  ਅਰਥਚਾਰਾ ਹੁੰਦਾ ਹੈ,ਜਿਸ ਦਾ ਇੱਕ ਲਛੱਣ ਇਹਵੀ ਹੰੁਦਾ ਹੈ “ਮੁਕਾਬਲੇ ਤੇ ਅਧਾਰਤ, ਮੰਡੀ-ਆਰਥਕਤਾ ਨੇ ਹਰੇਕ ਵਸਤੂ ਨੂੰ ਸਮੇਤ ਮਨੁੱਖ ਦੇ ਇੱਕ ਜਿਨਸ ਬਣਾ ਦਿੱਤਾ ਹੈ ਅੱਤੇ ਇਸਤਰੀ ਕਾਮਕਤਾ ਨੂੰ ਤਾਂ ਸੱਭ ਤੋਂ ਵੱਧ ਮੁਨਾਫੇ ਵਾਲਾ ਵਪਾਰ ਬਣਾ ਦਿੱਤਾ  ਹੈ”। ਉਦਾਰੀਕਰਣ ਦੇ ਨਾਂ ਹੇਠ ਬਜ਼ਾਰ ਸਦਾ ਅਨੈਤਿਕ ਅੱਤੇ ਅਯਾਸ਼ੀ ਦੀਆਂ ਵਸਤਾਂ ਨਾਲ ਭਰੇ ਰਹਿਦੇਂ ਹਨ।ਸ਼ਹਿਰਾਂ ਖਾਸ ਕਰਕੇ ਦਿੱਲੀ,ਮੁਬੰਈ,ਕੋਲਕਾਤਾ,ਚੇਨਈ,ਬੰਗਲੌਰ ਆਦਿ ਵਰਗੇ ਮਹਾਂ ਨਗਰਾਂ ਅੰਦਰ ਜਿਸਮ ਫਰੋਸ਼ੀ ਦਾ ਧੰਦਾ ਇੱਕ ਪ੍ਰਫੁਲਤ ਵਪਾਰ ਬਣਦਾ ਜਾ ਰਿਹਾ ਹੈ। ਭਾਰਤ ਵਿੱਚ ਕੋਈ 28 ਲੱਖ ਵੇਸਵਾਵਾਂ ਹਨ।

ਵੋਮੇਨ ਐਂਡ ਚਾਈਲਡ ਡੀਵੈਲਪਮੈਂਟ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਅੰਦਰ ਸਾਲ 2007 ਵਿੱਚ 30 ਲੱਖ ਤੋਂ ਉਪਰ ਸੈਕਸ-ਕਾਮੇਂ(ਵੇਸਵਾਵਾਂ) ਸਨ,ਜਿਨ੍ਹਾ ਵਿੱਚ 34.47% 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਸਨ।ਹਿਉਮਨ ਰਾਈਟਸ ਵਾਚ ਨਾਂ ਦੀ ਸੰਸਥਾ ਨੇ ਇਹ ਸੰਖਿਆ 2 ਕਰੋੜ ਦੱਸੀ ਹੈ।ਇਕੱਲੇ ਮੁਬੰਈ ਵਿੱਚ 2 ਲੱਖ ਤੋਂ ਉਪਰ ਸੈਕਸ-ਕਾਮੇਂ ਹਨ ਅੱਤੇ ਮੁਬੰਈ ਏਸ਼ੀਆ ਦੀ ਸਭ ਤੋਂ ਵੱਡੀ ਸੈਕਸ ਸਨਅਤ ਦਾ ਕੇਦਂਰ ਹੈ।ਦਲਾਲ ਹੋਟਲਾਂ ਰੈਸਟੋਰੈਟਾਂ ਅੱਤੇ ਢਾਬਿਆਂ ਰਾਂਹੀ,ਚੁਬਾਰਿਆਂ’ਚ ਬੈਠਕੇ ਮੋਬਾਇਲ ਫੋਨਾਂ ਰਾਂਹੀ,ਮਸਾਜ-ਪਾਰਲਰਾਂ ਆਦਿ ਰਾਂਹੀ ਇਸ ਧੰਦੇ ਨੂੰ ਵੱਡੀ ਪੱਧਰ ਤੇ ਚਲਾਉਦੇਂ ਹਨ। ਨਿੱਜੀਕਰਣ ਦੀਆਂ ਨੀਤੀਆਂ ਨੇ ਮਹਿਗੰਾਈ ਬੇਰੁਜ਼ਗਾਰੀ ਅੱਤੇ ਗਰੀਬੀ ਵਿੱਚ ਬੇਸ਼ੁਮਾਰ ਵਾੱਧਾ ਕਰ ਦਿੱਤਾ ਹੈ।ਆਮ ਆਦਮੀ ਲਈ ਬਚਿੱਆਂ ਨੂੰ ਪੜਾਉਣਾ ਰਸੋਈ ਖਰਚਾ ਚਲਾਉਣਾ ਬਿਮਾਰੀ ਦਾ ਇਲਾਜ ਕਰਾਉਣਾ ਅੱਤੇ ਜੀਵਨ ਦੀਆਂ ਹੋਰ ਲੋੜਾਂ ਪੂਰੀਆਂ ਕਰਨਾਂ ਮੁਸ਼ਕਲ ਹੋ ਗਿਆ ਹੈ।ਜੀਵਨ ਦੀਆਂ ਇਹ ਲੋੜਾਂ ਹੀ ਜਿਸਮਫਿਰੋਸ਼ੀ ਦੇ ਧੰਦੇ ਵੱਲ ਜਾਣ ਲਈ ਮਜ਼ਬੂਰ ਕਰਦੀਆਂ ਹਨ।

ਸਮੁੱਚੇ ਭਾਰਤ ਅੰਦਰ ਅਮਨ ਕਾਨੂੰਨ ਦੀ ਹਾਲਤ ਦਿਨੋ ਦਿਨ ਬਦਤਰ ਤੋਂ ਬਦਤਰ ਹੁੰਦੀ ਜਾ ਰਹੀ ਹੈ।ਬਲਾਤਕਾਰ ਦੀਆਂ ਘਟਨਾਵਾਂ ਬਿਨਾ ਕਿਸੇ ਭੈ ਦੇ ਦਿਨ ਦਿਹਾੜੇ ਵਾਪਰ ਰਹੀਆਂ ਹਨ।ਰਾਹ ਜਾਂਦੀਆਂ ਲੜਕੀਆਂ ਅੱਤੇ ਔਰਤਾਂ ਨੂੰ ਚਲਦੀਆਂ ਕਾਰਾਂ’ਚ ਸੁੱਟਕੇ ਬਲਾਤਕਾਰ ਕੀਤਾ ਜਾਂਦਾ ਹੈ।ਛੋਟੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਪਿੱਛੋਂ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ।ਦਿੱਲੀ ਅੰਦਰ ਬਲਾਤਕਾਰ ਦੀਆਂ ਘੱਟਨਾਵਾਂ ਨਿੱਤ ਵੱਧਦੀਆਂ ਜਾ ਰਹੀਆਂ ਹਨ।ਅੱਖਬਾਰਾਂ ਨੇ “ਦਿੱਲੀ ਬਲਾਤਕਾਰਾਂ ਦੀ ਰਾਜਧਾਨੀ ਬਣੀ ਹੋਈ ਹੈ” ਦਾ ਖਿਤਾਬ ਦਿੱਤਾ ਹੈ।ਕੌਮੀ ਪੱਧਰ ਤੇ ਇਨ੍ਹਾਂ ਅਪਰਾਧਾਂ ਵਿੱਚ 5% ਦਾ ਵਾਧਾ ਹੋਇਆ ਹੈ।ਨੈਸ਼ਨਲ ਕਰਾਈਮ ਰਿਕਾਰਡ ਬਿਉਰੋ ਦੀ ਇੱਕ ਰਿਪੋਰਟ ਅਨੂਸਾਰ 2009 ਵਿੱਚ ਮਹਾਂਨਗਰਾਂ ਵਿੱਚ ਹੋਏ ਅਪਰਾਧਾਂ ਦੀ ਗਿਣਤੀ 3,43,749 ਸੀ ਜੋ 2010 ਵਿੱਚ ਵੱਧਕੇ 3,68,883 ਹੋ ਗਈ 7.3% ਦਾ ਵਾੱਧਾ ਹੋਇਆ।ਕੌਮੀ ਪੱਧਰ ਤੇ 2009 ਵਿੱਚ ਅਪਰਾਧਾਂ ਦੀ ਗਿਣਤੀ 21,21,345 ਸੀ ਜੋ 2010 ਵਿੱਚ ਵੱਧਕੇ 22,24,831 ਹੋ ਗਈ।ਵਿਸ਼ਵੀਕਰਣ ਉਦਾਰੀਕਰਣ ਅੱਤੇ ਨਿੱਜੀਕਰਣ ਦੀਆਂ ਨੀਤੀਆਂ ਹੁਣ ਔਰਤਾਂ ਨੂੰ ਸ਼ਰਾਬੀ ਬਨਾਉਣ ਵਿੱਚ ਵੀ  ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।30 ਅੱਕਤੂਬਰ 2011 ਦੇ ਟਾਈਮਜ਼ ਆਫ ਇਡੰੀਆ ਦੀ ਇੱਕ ਖੱਬਰ ਅਨੁਸਾਰ “ਦਿੱਲੀ ਦੀਆਂ ਸ਼ਰਾਬ ਦੀਆਂ ਦੁਕਾਨਾਂ ਤੇ 40% ਔਰਤ ਗਾਹਕ”ਦਿੱਲੀ ਸੱਚ ਮੁੱਚ ਹੀ ਕਾਸਮੋਪੋਲੀਟਨ ਸ਼ਹਿਰ ਵੱਲ ਚੁੱਪ ਚਾਪ ਇੱਕ ਹੋਰ ਕੱਦਮ ਪੁੱਟਦੀ ਨਜ਼ਰ ਆ ਰਹੀ ਹੈ।ਲੁਧਿਆਣਾਂ ਵੀ ਇਸ ਦੌੜ ਵਿੱਚ ਪਿੱਛੇ ਨਹੀਂ।ਏਥੇ ਲੜਕੀਆਂ ਪਾਰਟੀਆਂ ਉਪਰ ਸ਼ਰਾਬ ਪੀਂਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ।ਮਹਾਂ ਨਗਰਾਂ ਅੰਦਰ ਨੌਜਵਾਨ ਲੜਕੇ ਲੜਕੀਆਂ ਪੱਛਮੀ ਸਭਿਅਤਾ ਦੇ ਪ੍ਰਭਾਵ ਹੇਠ ਰੇਵ ਪਾਰਟੀਆਂ ਦਾ ਆਯੋਜਨ ਕਰਦੇ ਹਨ ਜਿਨ੍ਹਾ ਵਿੱਚ ਨਸ਼ੇ’ਚ ਧੁਤ ਕਾਮ-ਵਾਸਨਾ ਦਾ ਵੀ ਨੰਗਾ ਨਾਚ ਹੁੰਦਾ ਹੈ। 

ਸਾਮਰਾਜੀ ਵਿਸ਼ਵੀਕਰਣ ਦੀਆਂ ਨੀਤੀਆਂ ਅਧੀਨ ਅਮਰੀਕਨ ਅੱਤੇ ਪੱਛਮੀਂ ਜੀਵਨ ਸ਼ੈਲੀ ਸਾਡੇ ਸਭਿਆਚਾਰ ਅੱਤੇ ਨੈਤਿਕ ਕਦਰਾਂ ਕੀਮਤਾਂ ਨੂੰ ਕਿਸ ਕਦਰ ਗੰਧਲਾ ਕਰ ਰਹੀ ਹੈ,ਵਿਕਾਸ ਦੀ ਪੂੰਜੀਵਾਦੀ ਆਰਥਕ ਵਿਵਸਥਾ ਨਾਲ ਬਝਿਆ ਹੋਇਆ ਹੈ।ਸ਼ੁਰੂ ਸ਼ੁਰੂ ਵਿੱਚ ਸੂਚਨਾ ਤੇ ਤਕਨਾਲੋਜੀ ਅੱਤੇ ਆਉਟ ਸੋਰਸਿੰਗ ਬਿਜ਼ਨੈਸ (ਬੀ.ਪੀ.ਓ) ਨੂੰ ਰੁਜ਼ਗਾਰ ਪੱਖੋਂ ਮਨੁੱਖ ਲਈ ਇੱਕ ਚੰਗਾ ਭਵਿੱਖ ਉਸਾਰਨ ਲਈ ਹਰ ਮਰਜ਼ ਦੀ ਦਵਾ ਸਮਝਿਆ ਜਾਣ ਲਗਿਆ ਸੀ।ਇਨ੍ਹਾ ਨੀਤੀਆਂ ਦੇ ਲਾਗੂ ਹੋਣ ਦੇ ਦਸ ਸਾਲਾਂ ਅੰਦਰ ਹੀ ਆਪਣੇ ਹੱਥ ਦਿਖਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਸਨਅਤਾਂ ਨਾਲ ਸਬੰਧਤ ਕਾਮੇਂ, ਕੰਮ ਸਭਿਆਚਾਰ (ਵਰਕ-ਕਲਚਰ) ਦੇ ਦੁਸ਼ ਪ੍ਰਭਾਵਾਂ ਮਾਨਸਿਕ ਅੱਤੇ ਸਰੀਰਕ ਸਮਸਿਆਵਾਂ ਦੀ ਸ਼ਕਾਇਤ ਕਰਨ ਲਗ ਪਏ। ਵੱਧ ਮੁਨਾਫੇ ਲਈ ਉਤਪਾਦਨ ਦੇ ਉੱਚੇ ਟੀਚੇ ਅਤੇ ਟੀਚਿਆਂ ਨੂੰ ਸੀਮਤ ਸਮੇਂ ਅੰਦਰ ਪੂਰਾ ਕਰਨ ਨੇ ਅਜਿਹੀਆਂ ਸਮਸਿਆਵਾਂ ਪੈਦਾ ਕਰ ਦਿੱਤੀਆਂ।ਲਗਾਤਾਰ ਇਕੋ ਥਾਂ ਇਕੋ ਸਥਿਤੀ’ਚ ਬੈਠਕੇ ਲੰਬੇ ਸਮੇਂ ਲਈ ਕੰਮ ਕਰਦੇ ਰਹਿਣਾ,ਡਿਉਟੀ ਸਮੇਂ ਦਾ ਬਦਲਦੇ ਰਹਿਣਾ ਆਦਿ ਨਾਲ ਕਾਮਿਆਂ ਦੀ ਮਾਨਸਿਕ ਤੇ ਸਰੀਰਕ ਹਾਲਤਾਂ ਦੇ ਨਾਲ-ਨਾਲ ਸਮਾਜਕ ਅਤੇ ਪਰੀਵਾਰਕ ਸਾਂਝ ਤੇ ਵੀ ਬੁਰੇ ਪ੍ਰਭਾਵ ਪੈਣ ਲਗ ਪਏ।ਪਤੀ-ਪਤਨੀ ਦੇ ਵੱਖ-ਵੱਖ ਸ਼ਿਫਟਾਂ ਵਿਚ ਕੰਮ ਕਰਨ ਨਾਲ ਘਰੇਲੂ ਜੀਵਨ ਤਹਿਸ ਨਹਿਸ ਹੋਣ ਲੱਗ ਪਿਆ,ਬਚਿੱਆਂ ਵਲੋਂ ਧਿਆਨ ਹਟਣ ਲਗ ਪਿਆ, ਉਨ੍ਹਾ ਦੀ ਪੜ੍ਹਾਈ ਅਤੇ ਵਿਵਹਾਰ ਉਤੇ ਨਂਾਹ ਪੱਖੀ ਪ੍ਰਭਾਵ ਪੈਣ ਲੱਗ ਪਿਆ।ਪਤੀ-ਪਤਨੀ ਦਾ ਹਫਤਿਆਂ ਬੱਧੀ ਆਪਸੀ ਮੇਲ ਨਾਂ ਹੋਣ ਅਤੇ ਹੋਰ ਉਲਝਣਾ ਪੈਦਾ ਹੋ ਜਾਣ ਕਾਰਨ ਨੌਬਤ ਤਲਾਕਾਂ ਤੱਕ ਆਉਣ ਲਗ ਪਈ।ਕਾਲ ਸੈਂਟਰਾਂ ਦੇ ਕਾਮਿਆਂ ਦੀ ਹਾਲਤ ਇਸਤੋਂ ਵੀ ਭੈੜੀ ਹੈ।ਇਸ ਤਰ੍ਹਾਂ ਵਧ ਰਿਹਾ ਇੱਕਲਾ ਪਣ ਮਾਨਸਿਕ ਤਨਾਅ ਅਤੇ ਉਦਾਸੀ(ਡੀਪਰੈਸ਼ਨ) ਦਾ ਕਾਰਨ ਬਣਦਾ ਹੈ।ਜੀਵਨ ਅੰਦਰ ਇਸ ਤਰ੍ਹਾਂ ਵਧ ਰਹੇ ਤਨਾਅ ਨੇ ਮਨੱੁਖ ਨੂੰ ਦਵਾਈਆਂ ਉਪਰ ਨਿਰਭਰ ਕਰ ਦਿੱਤਾ ਅਤੇ ਮੱਨੁਖ ਇਨ੍ਹਾਂ ਦਵਾਈਆਂ ਵਿਚੋਂ ਹੀ ਖੁਸ਼ੀਆਂ ਲੱਭਣ ਲਗ ਪਿਆ।ਤਨਾਅ ਅਤੇ ਉਦਾਸੀ ਦੂਰ ਕਰਨ ਅਤੇ ਮੌਜਮਸਤੀ ਲਈ ਸ਼ਰਾਬ ਪੀਣਾ ਤੇ ਹੋਰ ਨਸ਼ੀਲੀਆਂ ਵਸਤਾਂ ਜਿਵੇਂ ਸਮੈਕ,ਹੈਰੋਇਨ,ਕੋਕੀਨ ਆਦਿ ਦੀ ਵਰਤੋਂ ਦਾ ਰੁਝਾਨ ਖਤਰਨਾਕ ਹੱਦ ਤੱਕ ਪੁੱਜ ਚੁੱਕਾ ਹੈ ਅਤੇ ਵੱਡੇ ਵੱਡੇ ਸ਼ਹਿਰਾਂ ਪੱਬ-ਕਲਚਰ ਅਤੇ ਨਸ਼ੇ ਦੇ ਅਡਿੱਆਂ ਵਿੱਚ ਬਦਲਦੇ ਜਾ ਰਹੇ ਹਨ।

ਨੈਸ਼ਨਲ ਮੈਂਟਲ ਹੈਲਥ ਦੇ ਰੀਕਾਰਡ ਅਨੁਸਾਰ, “ਭਾਰਤ ਦੀ 7% ਅਬਾਦੀ (ਲਗਪਗ 8.5 ਕਰੋੜ) ਕਿਸੇ ਨਾ ਕਿਸੇ ਮਾਨਸਿਕ ਰੋਗ ਦਾ ਸ਼ਿਕਾਰ ਹੈ ਅਤੇ 3.6 ਕਰੋੜ ਮਰੀਜ਼ਾਂ ਨੂੰ ਲਗਾਤਾਰ ਇਲਾਜ਼ ਦੀ ਲੋੜ ਹੈ”ਭਾਰਤ ਅੰਦਰ ਮਾਨਸਿਕ ਰੋਗ ਦੇ ਮਾਹਿਰ ਡਾਕਟਰਾਂ ਦੀ ਕਮੀਂ ਕਾਰਨ ਬਹੁਤੇ ਮਰੀਜ਼ ਇਲਾਜ ਖੁਣੋ ਡੀਪਰੈਸ਼ਨ ਕਾਰਨ ਖੁਦਕਸ਼ੀ ਕਰਨ ਤੱਕ ਚਲੇ ਜਾਂਦੇਂ ਹਨ।ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਮੁਤਾਬਕ ਵਿਸ਼ਵ ਭਰ ਵਿੱਚ ਹਰ ਸਾਲ 8.5 ਲੱਖ ਮੌਤਾਂ ਹੁੰਦੀਆਂ ਹਨ।ਨੈਸ਼ਨਲ ਕਰਾਈਮ ਰੀਕਾਰਡ ਬਿਉਰੋ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ 2005 ਵਿੱਚ 1,13,914 ਆਤਮਹਤਿਆਵਾਂ ਦੇ ਮੁਕਾਬਲੇ 2009 ਵਿੱਚ ਡੀਪਰੈਸ਼ਨ ਕਾਰਨ 1,27,151 ਆਤਮਹਤਿਆਵਾਂ ਹੋਈਆਂ ਭਾਵ ਹਰ ਇੱਕ ਘੰਟੇ ਬਾਅਦ 15 ਲੋਕ ਆਤਮਹਤਿਆ ਕਰਦੇ ਹਨ।ਮਹਾਂ ਨਗਰਾਂ ਵਿੱਚੋਂ ਬੈਂਗਲੌਰ ਸੱਭਤੋਂ ਵੱਧ 2167,ਚੱਨਈ-1412,ਦਿੱਲੀ-1215,ਮੁੰਬਈ-1051 ਵਿੱਚ ਆਤਮਹਤਿਆਵਾਂ ਹੋਈਆਂ। ਅੱਜ ਇਹ ਘੱਟਨਾਵਾਂ ਸਾਰੇ ਹੱਦ ਬੰਨੇ ਪਾਰ ਕਰਦੀਆਂ ਜਾ ਰਹੀਆਂ ਹਨ।

ਮਹਾਂਨਗਰਾਂ ਅੰਦਰ ਬਹੂ-ਕੌਮੀ ਕੰਪਨੀਆਂ ਵਿੱਚ ਕੰਮ ਕਰਦੇ ਜਿਆਦਾਤਰ ਕਰਮਚਾਰੀ ਇਨ੍ਹਾਂ ਨਗਰਾਂ ਤੋਂ ਬਾਹਰਲੇ ਹੁੰਦੇ ਹਨ।ਅਜੱਨਬੀ ਹੋਣਾ ਸਾਰੇ ਬੰਧਨ ਤੋੜਨ ਦੀ ਹੱਦ ਤੱਕ ਲੈ ਜਾਦਾਂ ਹੈ ਅਤੇ ਇਹ ਅਨੁਭਵ ਪੈਦਾ ਕਰ ਦਿੰਦਾ ਹੈ ਕਿ ਜੋ ਕੁੱਝ ਉਹ ਆਪਣੇ ਸ਼ਹਿਰ ਵਿੱਚ ਨਹੀਂ ਕਰ ਸਕਦਾ ਸਮੇਤ ਲੱਚਰਤਾ,ਜਿਨਸੀ ਸਬੰਧ ਬਨਾਉਣਾ,ਸਮਲਿਗੰਤਾ ਅਤੇ ਨਸ਼ਿਆਂ ਦਾ ਸੇਵਨ ਤੇਜ਼ੀ ਫੜ ਜਾਂਦਾ ਹੈ।ਇਨ੍ਹਾਂ ਕੰਪਨੀਆਂ ਤੋਂ ਮਿਲਦੀਆਂ ਮੋਟੀਆਂ ਤਨਖਾਹਾਂ ਗੈਰ-ਸਮਾਜਿਕ ਅਤੇ ਅਨੈਤਿਕ ਰੁੱਚੀਆਂ ਵਲ ਪ੍ਰੇਰਤ ਕਰਦੀਆਂ ਹਨ।ਇਹ ਵੀ ਵੇਖਣ’ਚ ਆਇਆ ਹੈ ਕਿ ਇਨ੍ਹਾਂ ਕੰਪਨੀਆਂ ਦੇ ਬਾਥਰੂਮਾਂ’ਚ ਰਖੇ ਕਚਰੇ ਦੇ ਡੱਬੇ ਨਿਰੋਧਾਂ ਅਤੇ ਹੋਰ ਅਨੈਤਿਕ ਕਿਿਰਆਂਵਾਂ ਨਾਲ ਸਬੰਧਤ ਵਸਤੂਆਂ ਨਾਲ ਭਰੇ ਪਏ ਹੁੰਦੇ ਹਨ।ਲੜਕੇ ਲੜਕੀਆਂ ਦੇ ਵਿਆਹ ਬੰਧਨ ਤੋਂ ਬਿਨਾ ਇਕੋ ਕਮਰੇ’ਚ ਰਹਿਣਾ(ਲਿਵ ਇਨ)ਅੱਤੇ ਵਿਆਹ ਬੰਧਨਾ ਤੋਂ ਅਜ਼ਾਦ ਰਹਿੰਦੇ ਹਨ ਆਦਿ ਵਿਸ਼ਵੀਕਰਣ ਦੀਆਂ ਨੀਤੀਆਂ ਅਧੀਨ ਪੱਛਮੀ ਸਭਿਆਚਾਰ ਦੀ ਹੀ ਦੇਣ ਹਨ।ਕਰਮਚਾਰੀਆਂ ਨੂੰ ਟਰੇਡ ਯੂਨੀਅਨਾਂ ਅਤੇ ਸਮਾਜ ਤੋਂ ਪਰ੍ਹਾਂ ਰਖਣ ਲਈ ਕੰਪਨੀਆਂ ਵੀ ਅਜਿਹਾ ਸਭਿਆਚਾਰ ਤੇ ਮਹੌਲ ਪੈਦਾ ਕਰਦੀਆਂ ਹਨ ਅਤੇ ਕਰਮਚਾਰੀਆਂ ਲਈ ਸ਼ਰਾਬ-ਖਾਨਿਆਂ,ਨਾਚ-ਰਾਤਾਂ ਅਤੇ ਖੁਲੀਆਂ ਰਾਤ ਮਹਿਫਲਾਂ ਦਾ ਆਯੋਜਨ ਕਰਕੇ ਇਸ ਦੁਰਾਚਾਰੀ ਚਕਰ’ਚ ਫਸਾਈ ਰਖਦੀਆਂ ਹਨ।

ਇੱਕ ਝਾਤ ਪੰਜਾਬ ਤੇ ਮਾਰੀਏ,ਪੰਜਾਬ ਭਾਰਤ ਦੇ ਖੁਸ਼ਹਾਲ ਸੂਬਿਆਂ’ਚ ਇੱਕ ਨੰਬਰ ਤੇ ਆਉਦਾਂ ਸੀ।ਇਸਦਾ ਹਰੇ-ਇਨਕਲਾਬ ਵਿੱਚ ਅਹਿਮ ਯੋਗਦਾਨ ਸੀ।ਦੇਸ਼ ਨੂੰ ਅਨਾਜ ਵਿੱਚ ਆਤਮ ਨਿਰਭਰ ਕਰ ਦਿੱਤਾ ਪਰ ਆਮ ਕਿਸਾਨ ਦੇ ਪੱਲੇ ਕੀ ਪਿਆ! ਖੁਦਕੁਸ਼ੀਆਂ ਤੇ ਕਰਜਿਆਂ ਦੀ ਪੰਡ, ਫਾਇਦਾ ਹੋਇਆ ਬਹੂ-ਕੌਮੀ ਕੰਪਨੀਆਂ ਨੂੰ।ਵਿਸ਼ਵੀਕਰਣ ਦੀਆਂ ਨੀਤੀਆਂ ਅਧੀਨ ਸਾਡੇ ਹਾਕਮ ਪੰਜਾਬ ਨੂੰ ਕਿਸ ਦਿਸ਼ਾ ਵੱਲ ਲਿਜਾ ਰਹੇ ਹਨ?ਪੰਜ ਦਰਿਆਂਵਾ ਦੀ ਕਹਾਉਦੀਂ ਧਰਤੀ ਤਿੰਨ ਦਰਿਆਵਾਂ ਦੀ ਰਹਿ ਗਈ।ਸਰਕਾਰ ਨੇ ਇੱਕ ਦਰਿਆ ਦੁੱਧ ਦਾ ਵਹਾਉਣ ਦਾ ਨਿਸ਼ੱਚਾ ਕੀਤਾ ਸੀ ਪਰ ਇਸ ਤੋਂ ਜਰੂਰੀ ਬਣ ਗਿਆ ਨਸ਼ਿਆਂ ਦਾ ਦਰਿਆ।ਭੱਠ ਪਵੇ ਪੰਜਾਬ ਦੀ ਜਵਾਨੀ ਪੈਸਾ ਆਉਣਾ ਚਾਹੀਦਾ ਹੈ, ਕਿਵੈਂ ਵੀ ਆਵੇ।ਸਾਲ 2017 ਦੀਆਂ ਪੰਜਾਬ ਦੀਆਂ ਚੋਣਾ ਜਿਤਣ ਲਈ ਕਾਂਗਰਸ ਨੇ ਕੈਪਟਨ ਅਮ੍ਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿੱਚ ਸਤ੍ਹਾ ਤੇ ਆਉਣ ਉਪਰੰਤ ਪੰਜਾਬ ਚੋਂ ਨਸ਼ਾ ਚਾਰ ਹਫਤਿਆਂ ਅੰਦਰ ਖਤਮ ਕਰਨ ਦੀ ਸੰਹੂ ਚੁਕੀ ਪ੍ਰੰਤੂ ਹਾਲਤ ਹੋਰ ਵੀ ਬਦਤਰ ਹੋ ਗਏ।

ਪੁਲਸ ਵਲੋਂ 2008 ਵਿੱਚ ਕੀਤੇ ਇੱਕ ਸਰਵੇ ਮੁਤਾਬਕ ਪੰਜਾਬ ਦੇ 70% ਨੌਜਵਾਨ ਉੱਚ ਪਹੁੰਚ ਵਾਲੇ ਵਿਆਕਤੀਆਂ ਵਲੋਂ ਸਮਗਲ ਕੀਤੇ ਨਸ਼ਿਆਂ ਦੀ ਪਕੜ’ਚ ਆਏ ਹੋਏ ਹਨ।ਗੁਰੁ ਨਾਨਕ ਦੇਵ ਯੁਨੀਵਰਸਿਟੀ ਦੇ ਸੋਸ਼ਲ ਸਾੰਇਸ ਡੀਪਾਰਟਮੈਂਟ ਵਲੋਂ ਕੀਤੇ ਇੱਕ ਸਰਵੇ ਮੁਤਾਬਕ 20% ਨੌਜਵਾਨ ਨੱਸ਼ੇ ਦੇ ਕੈਪਸੂਲ ਵਰਤਦੇ ਹਨ,5.17% ਸਮੈਕ,2.17% ਅਫੀਮ,12.67% ਭੁੱਕੀ,47.83% ਦੋ ਜਾਂ ਦੋ ਤੋਂ ਵੱਧ ਨਸ਼ੀਲੀਆਂ ਦਵਾਈਆਂ ਵਰਤਦੇ ਹਨ,ਕੁੱਝ ਨਸ਼ਿਆਂ ਦੇ ਆਦੀ 5000ਰੁ:ਤੋਂ 8000ਰੁ: ਤੱਕ ਦੀ ਹੈਰੋਇਨ ਦੀ ਰੋਜਾਨਾ ਵਰਤੋਂ ਕਰਦੇ ਹਨ।ਹਰ ਤੀਸਰਾ ਲੜਕਾ ਅੱਤੇ ਹਰ ਸੱਤਵੀਂ ਲੜਕੀ ਨਸ਼ੇ ਦੀ ਆਦੀ ਪਾਈ ਗਈ।ਇਹ ਵੀ ਦਿਲ ਦਿਲ ਹਿਲਾ ਦੇਣ ਵਾਲੀ ਸੱਚਾਈ ਹੈ ਕਿ 30% ਸਕੂਲੀ ਬੱਚੇ ਵੀ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹਨ।ਨਸ਼ਿਆਂ ਕਾਰਨ ਪੰਜਾਬ ਵਿੱਚ ਜੁਰਮਾਂ’ਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।

ਇਹ ਤਾਂ ਸਰਕਾਰੀ ਅੰਕੜੇ ਜਾਂ ਪ੍ਰੈਸ ਰਾਂਹੀ ਜ਼ਾਹਰ ਰਿਪੋਰਟਾਂ ਹਨ ਜੋ ਕੁੱਝ ਇਨ੍ਹਾਂ ਤੋਂ ਬਾਹਰ ਜਾਂ ਪਰਦੇ ਪਿੱਛੇ ਹੁੰਦਾ ਹੈ ਉਸਦੀ ਤਸਵੀਰ ਕਿਤੇ ਹੋਰ ਵੀ ਘਿਨਾਉਣੀ ਹੈ। ਜਿਵੇਂ-ਜਿਵੇਂ ਸਰਮਾਏਦਾਰੀ ਵਿਕਾਸ ਕਰਦੀ  ਜਾਂਦੀ ਹੈ ਤਿਵੇਂ-ਤਿਵੇਂ ਹੀ ਮਾਨਸਿਕ ਰੋਗਾਂ ਦੀ ਲਪੇਟ’ਚ ਆਉਦੇਂ ਲੋਕਾਂ ਦੀ ਗਿਣਤੀ ਵੱਧਦੀ ਜਾਂਦੀ ਹੈ ਖਾਸ ਕਰਕੇ ਮੱਧ-ਵਰਗ ਦੀ। ਅਜਿਹਾ ਸਾਮਰਾਜੀ ਵਿਸ਼ਵੀਕਰਣ, ਉਦਾਰੀਕਰਣ ਅੱਤੇ ਨਿੱਜੀਕਰਣ ਦੀਆਂ ਨੀਤੀਆਂ ਅਧੀਨ ਹੋ ਰਿਹਾ ਹੈ।

2014 ਤੋਂ ਜਦੋਂ ਤੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੀ ਜੇ ਪੀ ਦੀ ਸਰਕਾਰ ਹੋਂਦ ਵਿੱਚ ਆਈ ਹੈ ਦੇਸ਼ ਦੀ ਸਮਾਜਿਕ, ਆਰਥਿਕ, ਸਭਿਆਚਾਰਕ, ਭਾਈਚਾਰਕ ਸਾਂਝ ਅਤੇ ਫਿਰਕੂ ਸੱਦ ਭਾਵਨਾ ਲਗਾਤਾਰ ਢਹਿੰਦੀਆਂ ਕਲਾਂ ਵਿੱਚ ਜਾ ਰਹੀ ਹੈ।ਦੇਸ਼ ਦੇ ਕੁੰਜੀਵਤ ਖੇਤਰਾਂ ਕਾਰਪੋਰੇਟ ਘਰਾਂਣਿਆਂ ਦੇ ਨਿੱਜੀ ਹਥਾਂ ਵਿੱਚ ਦਿੱਤੇ ਜਾ ਰਹੇ ਹਨ। ਦੇਸ਼ ਅੰਦਰ ਬੇਰੁਜਗਾਰੀ, ਮਹਿੰਗਾਈ, ਅਪਰਾਧ, ਫਿਰਕੂ ਦੰਗੇ, ਗਰੀਬੀ ਤੇ ਭੁੱਖਮਰੀ ਲਗਾਤਾਰ ਵੱਧਦੀ ਜਾ ਰਹੀ ਹੈ।ਹਰ ਖੇਤਰ ਨੂੰ ਫਿਰਕੂ ਰੰਗਤ ਦੇਕੇ ਉਨ੍ਹਾਂ ਦਾ ਭਗਵਾਕਰਨ ਕੀਤਾ ਜਾ ਰਿਹਾ ਹੈ।ਕਿਸਾਨ ਮਜਦੂਰ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਹਨ।ਕਿਸਾਨੀ ਨੂੰ ਪਿਤਾ ਪੁਰਖੀ ਖੇਤੀ ਕਿੱਤੇ ਚੋਂ ਬਾਹਰ ਕਰਨ ਲਈ ਤਿੰਨ ਕਾਲੇ ਕਾਨੂੰਨ ਲਿਆਂਦੇ ਕਿਰਤ ਕਨੂੰਨਾਂ ਅੰਦਰ ਮਜਦੂਰ ਵਿਰੋਧੀ ਸੋਧਾਂ ਰਾਂਹੀ ਉਨ੍ਹਾਂ ਦੇ ਸਾਰੇ ਮਨੁੱਖੀ ਅਤੇ ਜਮਹੂਰੀ ਹੱਕ ਖੋਹੇ ਜਾ ਰਹੇ ਹਨ।

ਬੀ ਜੇ ਪੀ ਸਰਕਾਰ ਹੱਕਾਂ ਦੀ ਰਾਖੀ ਕਰਨ ਵਾਲੇ ਕਾਰਿਆ ਕਰਤਾ, ਜਰਨਲਿਸਟ, ਵਿਦਿਆਰਥੀਆਂ, ਬੁੱਧੀਜੀਵੀਆਂ ਤੇ ਹੋਰ ਜਿਹੜੇ ਸਰਕਾਰ ਅਤੇ ਇਸ ਦੀਆਂ ਨੀਤੀਆਂ ਦੀ ਨੁਕਤਾ ਚੀਨੀ ਕਰਦੇ ਹਨ ਨੂੰ ਤੰਗ, ਪ੍ਰੇਸ਼ਾਨ ਅਤੇ ਗਰਿਫਤਾਰ ਕਰ ਰਹੀ ਹੈ। ਜਾਤੀ ਭੇਦਭਾਵ ਨੂੰ ਉਤਸ਼ਾਹਤ ਕਰਦੀ ਹੈ। ਜੰਮੂ ਕਸ਼ਮੀਰ ਦੀ ਜੰਤਾ ਦੇ ਜਮਹੂਰੀ ਅਧਿਕਾਰਾਂ ਨੂੰ ਖੋਹਕੇ ਕੇਂਦਰੀ ਸ਼ਾਸ਼ਤ ਰਾਜ ਬਣਾ ਦਿੱਤਾ, ਘੱਟ ਗਿਣਤੀਆਂ, ਦਲਿਤਾਂ, ਕਬਾਇਲੀ ਸਮੂਹਾਂ ਅਤੇ ਘੱਟ ਗਿਣਤੀ ਧਾਰਮਿਕ ਫਿਰਕਿਆਂ ਉਪੱਰ ਫਿਰਕੂ ਅਨਸਰ ਲਗਾਤਾਰ ਘਾਤਕ ਹਮਲੇ ਕਰ ਰਹੇ ਹਨ। 

ਸਰਕਾਰਾਂ ਦੇਸ਼ ਨੂੰ ਅੱਜ ਕਿਸ ਦਿਸ਼ਾ ਵੱਲ ਲਿਜਾ ਰਹੀਆਂ ਹਨ? ਜਦੋਂਕਿ ਵਿਸ਼ਵਭਰ ਵਿੱਚ ਇਨ੍ਹਾਂ ਨੀਤੀਆਂ ਵਿਰੁੱਧ ਲੋਕ ਸੜਕਾਂ ਤੇ ਉਤਰ ਆਏ ਹਨ।ਇਹ ਸਾਡੇ ਸਭ ਲਈ ਇੱਕ ਚਿੰਤਾਂ ਦਾ ਵਿਸ਼ਾ ਹੈ ਅੱਤੇ ਇਨ੍ਹਾ ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ ਸੰਘਰਸ਼ ਕਰਨਾ ਸਾਡਾ ਫਰਜ਼ ਬਣਦਾ ਹੈ ਤਾਂ ਜੋ ਦੇਸ਼ ਅਤੇ ਦੇਸ਼ ਦੀ ਜਵਾਨੀ ਨੂੰ ਬਚਾਅ ਸਕੀਏ।ਦੇਸ਼ ਅੱਤੇ ਲੋਕਾਂ ਦਾ ਵਿਕਾਸ ਵਿਸ਼ਵੀਕਰਣ ਦੀਆਂ ਨੀਤੀਆਂ ਤੋਂ ਬਿਨਾਂ, ਸੱਭ ਤੋਂ ਬਿਹਤੱਰ, ਆਰਥਕਤਾ ਦੇ ਸਮਾਜੀਕਰਣ ਰਾਂਹੀਂ ਹੋ ਸਕਦਾ ਹੈ ਜਿਸਦਾ ਹੋਰ ਕੋਈ ਬਦਲ ਨਹੀਂ।

ਪਵਨ ਕੁਮਾਰ ਕੌਸ਼ਲ (ਸੰਪਰਕ:- 98550-04500)         

ਵਾਰਡ ਨੰ: 8, ਕੌਸ਼ਲ ਸਟਰੀਟ,  ਦੋਰਾਹਾ,  ਜਿਲ੍ਹਾ ਲੁਧਿਆਨਾ

ਮਿਤੀ:- 9.6.2021