Sunday, November 28, 2021

“ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ’’ ਮਹਾਂਰੈਲੀ ਜ਼ਬਰਦਸਤ ਰਹੀ

 ਲਾਲ ਝੰਡਿਆਂ ਦਾ ਸਮੁੰਦਰ ਹੀ ਲਹਿਰ ਰਿਹਾ ਸੀ ਅੱਜ ਲੁਧਿਆਣਾ ਵਿੱਚ 


ਲੁਧਿਆਣਾ
: 28 ਨਵੰਬਰ 2021: (ਕਾਮਰੇਡ ਸਕਰੀਨ ਟੀਮ)::

‘‘ਸਾਰੇ ਮਿਹਨਤਕਸ਼ ਵਰਗਾਂ ਦੇ ਏਕੇ ਅਤੇ ਲਹੂ ਵੀਟਵੇਂ ਸੰਘਰਸ਼ਾਂ ਰਾਹੀਂ ਹੀ ਮੋਦੀ ਸਰਕਾਰ ਦੀਆਂ ਲੋਕ ਮਾਰੂ-ਦੇਸ਼ ਵਿਰੋਧੀ ਨੀਤੀਆਂ ਅਤੇ ਫਿਰਕੂ-ਫਾਸ਼ੀ ਫੁੱਟ ਪਾਊ ਤਾਕਤਾਂ ਦੇ ਦੇਸ਼ ਵਿਰੋਧੀ ਮਨਸੂਬਿਆਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ। ਸਾਲ ਭਰ ਤੋਂ ਦਿੱਲੀ ਦੀਆਂ ਜੂਹਾਂ ’ਤੇ ਜਾਰੀ ਸਰਵ ਸਾਂਝੇ ਕਿਸਾਨ ਸੰਘਰਸ਼ ਸਦਕਾ ਹਿਟਲਰੀ ਸੋਚ ’ਤੇ ਚਲਦੀ ਮੋਦੀ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਹੋਣ ਤੋਂ ਇਸ ਤੱਥ ਦੀ ਪੁਸ਼ਟੀ ਹੋ ਗਈ ਹੈ।’’

ਇਹ ਗੱਲ ਸਥਾਨਕ ਗਿੱਲ ਰੋਡ ’ਤੇ ਪੈਂਦੀ ਅਨਾਜ ਮੰਡੀ ਵਿਖੇ “ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ’’ ਮਹਾਂਰੈਲੀ ਵਿੱਚ ਪੁੱਜੇ ਹਜਾਰਾਂ ਮਿਹਨਤਕਸ਼ਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ “ਪੰਜਾਬ ਬਚਾਓ ਸੰਯੁਕਤ ਮੋਰਚਾ’’ ਦੇ ਆਗੂਆਂ ਨੇ ਕਹੀ। 

ਕਿਸਾਨ ਅੰਦੋਲਨ ਦੇ ਨਾਇਕ ਵੱਜੋਂ ਉਭਰੇ ਬਲਬੀਰ ਸਿੰਘ ਰਾਜੇਵਾਲ ਅਤੇ ਹੋਰਨਾਂ ਸੀਨੀਅਰ ਲੀਡਰਾਂ ਨੇ ਅੱਜ ਦਾਣਾ ਮੰਡੀ ਵਿੱਚ ਹੋਈ ਰੈਲੀ ਵਿੱਚ ਲੋਕਾਂ ਦੇ ਜੋਸ਼ ਅਤੇ ਉਮਾਹ ਨੂੰ ਦੇਖ ਕੇ ਖੁਸ਼ੀਆਂ ਦਾ ਪ੍ਰਗਟਾਵਾ ਵੀ ਕੀਤਾ ਗਿਆ ਅਤੇ ਅੰਤਿਮ ਜਿੱਤ ਤੱਕ ਅੰਦੋਲਨ ਜਾਰੀ ਰੱਖਣ ਦਾ ਸੰਕਲਪ ਦੀ ਦੁਹਰਾਇਆ ਗਿਆ।

ਸੂਬੇ ਦੀਆਂ ਟਰੇਡ ਯੂਨੀਅਨਾਂ, ਖੇਤ ਮਜ਼ਦੂਰ ਤੇ ਕਿਸਾਨ ਜੱਥੇਬੰਦੀਆਂ, ਸੂਬਾਈ ਕਰਮਚਾਰੀ ਫੈਡਰੇਸ਼ਨਾਂ, ਰੇਲਵੇ ਤੇ,ਬੀਐਸ ਐਨ ਐਲ ਸਮੇਤ ਕੇਂਦਰੀ ਮੁਲਾਜ਼ਮ ਸੰਗਠਨਾਂ, ਟਰਾਂਸਪੋਰਟ ਤੇ ਬਿਜਲੀ ਕਾਮਿਆਂ ਦੀਆਂ ਜੱਥੇਬਸ਼ਦੀਆਂ, ਯੁਵਕ- ਵਿਦਿਆਰਥੀ ਤੇ ਇਸਤਰੀ ਸਭਾਵਾਂ ’ਤੇ ਆਧਾਰਿਤ ਉਕਤ ‘ਮੋਰਚਾ’ ਕਿਸਾਨ ਸੰਘਰਸ਼ ਚੋਂ ਉਪਜੀ ਜਮਹੂਰੀ ਚੇਤਨਾ ਤੇ ਸੰਘਰਸ਼ੀ ਭਾਵਨਾ ਨੂੰ ਹੋਰ ਤਿਖੇਰੀ ਤੇ ਪਰਪੱਕ ਕਰਦਿਆਂ ਲੋਟੂ ਨਿਜ਼ਾਮ ਤੋਂ ਕਿਰਤੀਆਂ ਦੀ ਬੰਦ ਖਲਾਸੀ ਦੇ ਸੰਗਰਾਮਾਂ ਦੀ ਉਸਾਰੀ ਕਰਨ ਵੱਲ ਸਾਬਤ ਕਦਮੀਂ ਅੱਗੇ ਵਧੇਗਾ।

ਬੁਲਾਰਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੋਕਾਂ ਦੀਆਂ ਦੁਸ਼ਵਾਰੀਆਂ ’ਚ ਅੰਤਾਂ ਦਾ ਵਾਧਾ ਕਰਨ ਵਾਲੀਆਂ ਕਾਰਪੋਰੇਟ ਤੇ ਸਾਮਰਾਜ ਪੱਖੀ ਨੀਤੀਆਂ ਦੇ ਪੈਰੋਕਾਰ, ਧਰਮ ਨਿਰਪੱਖਤਾ ਪ੍ਰਤੀ ਸਮਝੌਤਾਵਾਦੀ ਪਹੁੰਚ ਅਪਣਾ ਕੇ ਫਿਰਕੂ-ਫਾਸਿਸਟ ਤਾਕਤਾਂ ਸਾਹਵੇਂ ਗੋਡੇ ਟੇਕ ਦੇਣ ਵਾਲੇ ਅਤੇ ਝੂਠੇ ਲਾਰਿਆਂ ਤੇ ਫੋਕੇ ਵਾਅਦਿਆਂ ਦੇ ਆਸਰੇ ਸੱਤਾ ਪ੍ਰਾਪਤੀ ਲਈ ਤਰਲੋ ਮੱਛੀ ਹੋ ਰਹੇ ਰਾਜਸੀ ਦਲਾਂ ਤੋਂ ਲੋਕ ਭਲਾਈ ਦੀ ਆਸ ਉੱਕਾ ਹੀ ਨਹੀਂ ਕੀਤੀ ਜਾਣੀ ਚਾਹੀਦੀ। ਇਹ ਮੋਰਚਾ ਇਸ ਸੱਚਾਈ ਤੋਂ ਜਨ ਸਮੂਹਾਂ ਨੂੰ ਜਾਗਰੂਕ ਕਰਕੇ ਪ੍ਰਾਂਤ ਅੰਦਰ ਲੋਕ ਹਿਤਾਂ ਦੀ ਰਾਖੀ ਦੇ ਘੋਲ ਉਸਾਰਨ ਲਈ ਹਰ ਸੰਭਵ ਯਤਨ ਕਰੇਗਾ।

ਉਨ੍ਹਾਂ ਕਿਹਾ ਕਿ ਸੰਵਿਧਾਨਕ ਸੰਸਥਾਵਾਂ, ਸੁਤੰਤਰਤਾ ਸੰਗਰਾਮ ਦੀ ਪ੍ਰੇਰਣਾ ਸਦਕਾ ਸਿਰਜੀਆਂ ਗਈਆਂ ਲੋਕ ਰਾਜੀ ਤੇ ਫੈਡਰਲ ਕਦਰਾਂ-ਕੀਮਤਾਂ ਅਤੇ ਭਾਈਚਾਰਕ ਸਾਂਝ ਦੀ ਰਾਖੀ ਦਾ ਸੰਗਰਾਮ ਮਿਹਨਤੀ ਤਬਕਿਆਂ ਦੇ ਫੈਸਲਾਕੁੰਨ ਸੰਘਰਸ਼ਾਂ ਤੋਂ ਬਗੈਰ ਜਿੱਤਿਆ ਜਾਣਾ ਅਸਲੋਂ ਹੀ ਅਸੰਭਵ ਹੈ।

ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ, ਪੀਣ ਵਾਲੇ ਸਵੱਛ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਤੋਂ ਵਾਂਝਿਆ ਕਰਕੇ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਬੇਲਗਾਮ ਵਾਧੇ ਰਾਹੀਂ ਕੰਗਾਲ ਕਰਨ ਵਾਲੀਆਂ, ਜਨਤਕ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਅਡਾਨੀ-ਅੰਬਾਨੀ ਜਿਹੇ ਕਾਰਪੋਰੇਟਾਂ ਤੇ ਉਹਨਾਂ ਦੇ ਸਾਮਰਾਜੀ ਜੋਟੀਦਾਰਾਂ ਦੇ ਹਵਾਲੇ ਕਰਨ ਵਾਲੀਆਂ, ਲੋਕਾਈ ਨੂੰ ਜਲ-ਜੰਗਲ-ਜਮੀਨ ਤੋਂ ਵਿਰਵੇ ਕਰਨ ਵਾਲੀਆਂ, ਕਿਰਤ ਕਾਨੂੰਨਾਂ ਦਾ ਖਾਤਮਾ ਕਰਕੇ ਮਨੁੱਖੀ ਤੇ ਸੰਵਿਧਾਨਕ ਅਧਿਕਾਰਾਂ ਦਾ ਘਾਣ ਕਰਨ ਵਾਲੀਆਂ,  ਨਿੱਜੀਕਰਨ-ਉਦਾਰੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਨੂੰ ਭਾਂਜ ਦਿੱਤੇ ਬਗੈਰ ਭਾਰਤੀ ਆਵਾਮ ਰੱਜਵੀਂ ਰੋਟੀ ਖਾਕੇ ਸੁਖ-ਆਰਾਮ ਦੀ ਨੀਂਦ ਨਹੀਂ ਸੌਂ ਸਕਦੇ।

ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਚੌਤਰਫਾ ਨਾਕਾਮੀਆਂ ਅਤੇ ਖੇਤੀ, ਦਰਮਿਆਨੇ ਤੇ ਛੋਟੇ ਉਦਯੋਗਾਂ ਤੇ ਵਿਉਪਾਰ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਖਿਲਾਫ ਦੇਸ਼ ਭਰ ਵਿੱਚ ਉੱਠ ਰਹੇ ਜਨ ਸੰਘਰਸ਼ਾਂ ਨੂੰ ਲੀਹੋਂ ਲਾਹੁਣ ਲਈ ਅਤੇ ਲੋਕਾਈ ਨੂੰ ਸਾਮਰਾਜੀ ਤੇ ਕਾਰਪੋਰੇਟਾਂ ਦੇ ਹਿਤਾਂ ਦੀ ਰਾਖੀ ਲਈ ਘੜੀਆਂ ਗਈਆਂ ਨੀਤੀਆਂ ਖਿਲਾਫ ਸੰਘਰਸ਼ਾਂ ’ਚ ਸ਼ਾਮਲ ਹੋਣੋਂ ਰੋਕਣ ਲਈ ਫਿਰਕੂ ਧਰੁਵੀਕਰਨ ਦੇ ਕੋਝੇ ਉਦੇਸ਼ ਤਹਿਤ ਘੱਟ ਗਿਣਤੀ ਮੁਸਲਿਮ ਭਾਈਚਾਰੇ, ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਤੇ ਇਸਤਰੀਆਂ ਨੂੰ ਅਮਾਨਵੀ ਅੱਤਿਆਚਾਰਾਂ ਦਾ ਨਿਸ਼ਾਨਾ ਬਣਾ ਰਹੀਆਂ ਆਰ ਐਸ ਐਸ ਦੀ ਅਗਵਾਈ ਹੇਠਲੀਆਂ ਮਨੂੰਵਾਦੀ-ਹਿੰਦੂਤਵੀ ਤਾਕਤਾਂ ਵਿਰੁੱਧ ਕਿਰਤੀ ਵਰਗਾਂ ਨੂੰ ਸਪਸ਼ਟ ਜਮਾਤੀ ਨਜ਼ਰੀਏ ਤੋਂ ਸੰਘਰਸ਼ਾਂ ਦੇ ਪਿੜ ਮੱਲਣ ਦੀ ਲੋੜ ਹੈ।

ਆਗੂਆਂ ਨੇ ਕਿਹਾ ਕਿ ਸਾਢੇ ਚਾਰ ਸਾਲ ਲੋਕਾਂ ਦੀ ਸਾਰ ਨਾ ਲੈਣ ਵਾਲੀ, ਹੱਕੀ ਮੰਗਾਂ ਦੀ ਪ੍ਰਾਪਤੀ ਲਈ ਜੂਝ ਰਹੇ ਤਬਕਿਆਂ ਨੂੰ ਅਣਕਿਆਸੇ ਪੁਲਸ ਜਬਰ ਦਾ ਨਿਸ਼ਾਨਾ ਬਣਾਉਣ ਵਾਲੀ ਅਤੇ ਪ੍ਰਾਂਤ ਵਾਸੀਆਂ ਦੀਆਂ ਜ਼ਿੰਦਗੀਆਂ  ਨਰਕ ਬਨਾਉਣ ਵਾਲੇ ਨਸ਼ਾ ਤਸਕਰਾਂ ਤੇ ਵੰਨ ਸਵੰਨੇ ਮਾਫੀਆ ਗਰੋਹਾਂ ਦੀ ਨੰਗੀ-ਚਿੱਟੀ ਪੁਸ਼ਤ ਪਨਾਹੀ ਕਰਨ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨਵੇਂ-ਨਿਵੇਕਲੇ ਲਾਰਿਆਂ ਰਾਹੀਂ ਪੰਜਾਬ ਦੀ ਰਾਜ ਗੱਦੀ ਮੁੜ ਤੋਂ ਹਥਿਆਉਣਾ ਚਾਹੁੰਦੀ ਹੈ। ਉਨ੍ਹਾਂ ਪ੍ਰਾਂਤ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਝੂਠੇ ਲਾਰਿਆਂ ਦੇ ਸਿਰ ਤੇ, ਬੇਲੋੜੇ-ਜ਼ਜ਼ਬਾਤੀ ਮੁੱਦੇ ਉਭਾਰ ਕੇ ਸੱਤਾ ਤੇ ਕਾਬਜ ਹੋਣ ਲਈ ਯਤਨਸ਼ੀਲ ਰਾਜਸੀ ਦਲਾਂ ਨੂੰ ਰੱਦ ਕਰਦਿਆਂ ਆਪਣੇ ਮੰਗਾਂ-ਮਸਲਿਆਂ ਦੇ ਹੱਲ ਲਈ ਲੋਕ ਪੱਖੀ ਸ਼ਕਤੀਆਂ ਦੀ ਅਗਵਾਈ ਵਿੱਚ ਘੋਲਾਂ ’ਚ ਨਿਤਰਣ।

ਦੋਹੇਂ ਹੱਥ ਖੜ੍ਹੇ ਕਰਕੇ ਪਾਸ ਕੀਤੇ ਇੱਕ ਮਤੇ ਰਾਹੀਂ ਸੰਯੁਕਤ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਮੰਗਾ ਮੰਨਣ ਦੀ ਮੰਗ ਕੀਤੀ ਗਈ। ਬੀ.ਐਸ.ਐਫ. ਨੂੰ 15 ਕਿਲੋਮੀਟਰ ਦੀ ਥਾਂ 50 ਕਿਲੋ ਮੀਟਰ ਤੱਕ ਦਾਖਲ ਹੋ ਕੇ ਕਾਰਵਾਈਆਂ ਕਰਨ ਦਾ ਅਧਿਕਾਰ ਦੇਣ ਵਾਲਾ ਨੋਟੀਫਿਕੇਸ਼ਨ ਰੱਦ ਕਰਨ ਦੀ ਵੀ ਮੰਗ ਕੀਤੀ ਗਈ। ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ; ਸੱਨਅਤੀ ਕਾਮਿਆਂ, ਗੈਰ ਜਥੇਬੰਦ ਖੇਤਰ ਦੇ ਕਿਰਤੀਆਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ, ਸਕੀਮ ਵਰਕਰਾਂ ਤੇ ਕੱਚੇ ਕਾਮਿਆਂ ਦੇ ਹੱਕੀ ਸੰਘਰਸ਼ਾਂ ਦੀ ਹਮਾਇਤ ਦੇ ਮਤੇ ਪਾਸ ਕੀਤੇ ਗਏ।  

ਸਰਵ ਸਾਥੀ ਬੰਤ ਬਰਾੜ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖਤਪੁਰ, ਕਿਰਨਜੀਤ ਸਿੰਘ ਸੇਖੋਂ, ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਬਲਵੀਰ ਸਿੰਘ ਰਾਜੇਵਾਲ, ਨਿਰਮਲ ਧਾਲੀਵਾਲ, ਕੁਲਵੰਤ ਸਿੰਘ ਸੰਧੂ, ਭਗਵੰਤਸਿੰਘ ਸਮਾਓਂ, ਗੁਰਨਾਮ ਸਿੰਘ ਬੌਲਦ ਕਲਾਂ, ਭੁਪਿੰਦਰ ਸਾਂਭਰ, ਵਿਜੈ ਮਿਸ਼ਰਾ, ਰੁਲਦੂ ਸਿੰਘ ਮਾਨਸਾ  ਨੇ ਸੰਬੋਧਨ ਕੀਤਾ। ਸਾਥੀ ਸੁਖਦੇਵ ਸ਼ਰਮਾ, ਪਰਗਟ ਸਿੰਘ ਜਾਮਾਰਾਏ, ਰਾਜਵਿੰਦਰ ਸਿੰਘ ਰਾਣਾ ਅਤੇ ਨਰੰਜਣ ਸਿੰਘ ਸਫੀਪੁਰ ਕਲਾਂ ਨੇ ਰੈਲੀ ਦੀ ਪ੍ਰਧਾਨਗੀ ਕੀਤੀ।
ਅਮਰਜੀਤ ਆਸਲ, ਦਰਸ਼ਨ ਨਾਹਰ, ਗੁਰਪ੍ਰੀਤ ਸਿੰਘ ਰੂੜੇਕੇ, ਰਣਜੀਤ ਸਿੰਘ, ਤੀਰਥ ਸਿੰਘ ਬਾਸੀ, ਬਿੰਦਰ ਅਲਖ, ਡੀ.ਪੀ.ਮੌੜ, ਸ਼ਿਵਦੱਤ ਸ਼ਰਮਾ, ਹਰਵਿੰਦਰ ਸਿੰਘ ਸੇਮਾ, ਧਰਮਿੰਦਰ ਸਿੰਘ, ਬਲਕਰਨ ਮੋਗਾ ਨੇ ਵੀ ਵਿਚਾਰ ਰੱਖੇ।
ਮੰਚ ‘ਤੇ ਗੁਰਦੀਪ ਸਿੰਘ ਮੋਤੀ, ਰਤਨ ਸਿੰਘ ਰੰਧਾਵਾ, ਸੁਖਦੇਵ ਸਿੰਘ ਝਾਮਕਾ, ਕਿ੍ਰਸ਼ਨ ਚੌਹਾਨ, ਗੁਰਨਾਮ ਸਿੰਘ ਦਾਊਦ, ਸੁਖਦੇਵ ਸਿੰਘ ਭਾਗੋਕਾਵਾਂ, ਦਰਸ਼ਨ ਸਿੰਘ ਲੁਬਾਣਾ, ਕੁਲਦੀਪ ਸਿੰਘ ਖੰਨਾ, ਜੈ ਪ੍ਰਕਾਸ਼ ਨਾਰਾਇਣ, ਸਵਤੰਤਰ ਕੁਮਾਰ, ਪ੍ਰੋਫੈਸਰ ਸੁਰਿੰਦਰ ਕੌਰ ਜੈਪਾਲ, ਗੁਰਮੀਤ ਸਿੰਘ ਨੰਦਗੜ੍ਹ, ਐਸ ਕੇ ਗੌਤਮ,  ਸੁਖਵਿੰਦਰ ਸਿੰਘ ਚਾਹਲ, ਬੂਟਾ ਸਿੰਘ, ਪਰਮਜੀਤ ਸਿੰਘ, ਕੁਸ਼ਲ ਭੌਰਾ, ਰਜਿੰਦਰ ਪਾਲ ਕੌਰ, ਵਿੱਕੀ ਮਹੇਸ਼ਰੀ, ਵਰਿੰਦਰ ਕੁਮਾਰ ਖੁਰਾਣਾ, ਹਰਭਜਨ ਸਿੰਘ ਪਿਲਖਨੀ, ਗੁਰਵਿੰਦਰ ਸਿੰਘ ਗੋਲਡੀ, ਰਾਧੇ ਸ਼ਾਮ ਵੀ ਸੁਸ਼ੋਭਿਤ ਸਨ।

No comments:

Post a Comment