Wednesday, September 30, 2020

ਨਗਰਨਿਗਮ ਮੁਲਾਜ਼ਮ ਕਾਮਰੇਡ ਵਿਜੇ ਕੁਮਾਰ ਹੋਏ ਰਿਟਾਇਰ

 ਡਾ.ਅਰੁਣ ਮਿੱਤਰਾ ਨੇ ਯਾਦ ਕਰਾਈ ਕਾਮਰੇਡ ਵਿਜੇ ਦੀ ਲੰਮੀ ਘਾਲਣਾ  


ਲੁਧਿਆਣਾ: 30 ਸਤੰਬਰ 2020: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::

ਮਜ਼ਦੂਰ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਸਿਆਸੀ ਪਾਰਟੀ ਦਾ ਹੋਵੇ, ਕਿਸੇ ਵੀ ਟਰੇਡ ਯੂਨੀਅਨ ਦਾ ਹੋਵੇ ਜੇ ਉਹ ਏਟਕ ਦੇ ਆਗੂ ਕਾਮਰੇਡ ਵਿਜੇ ਕੁਮਾਰ ਕੋਲ ਆਪਣਾ ਦੁੱਖੜਾ ਲੈ ਕੇ ਪਹੁੰਚ ਜਾਂਦਾ ਤਾਂ ਵਿਜੇ ਕੁਮਾਰ ਉਸਦਾ ਮਸਲਾ ਹਲ ਕਰਨ ਲਈ ਦਿਨ ਰਾਤ ਇੱਕ ਕਰ ਦੇਂਦਾ। ਉਹ ਸਰਬ ਸਾਂਝਾ ਕਾਮਰੇਡ ਵਿਜੇ ਕੁਮਾਰ ਹੁਣ ਰਿਟਾਇਰ ਹੋ ਗਿਆ ਹੈ। ਰਿਟਾਇਰਮੈਂਟ ਦੇ ਇਸ ਯਾਦਗਾਰੀ ਮੌਕੇ ਤੇ  ਸਾਰੀਆਂ ਟਰੇਡ ਯੂਨੀਅਨਾਂ ਯੂਨੀਅਨਾਂ ਦੇ ਆਗੂ ਅਤੇ ਵਰਕਰ ਪੁੱਜੇ।

ਸੀਪੀਆਈ ਵੱਲੋਂ ਡਾਕਟਰ ਅਰੁਣ ਮਿੱਤਰਾ, ਏਟਕ ਵੱਲੋਂ ਕਾਮਰੇਡ  ਐਮ ਐਸ ਭਾਟੀਆ, ਇੰਟਕ ਵੱਲੋਂ ਕਾਮਰੇਡ ਗੁਰਜੀਤ ਸਿੰਘ ਜਗਪਾਲ, ਬੀਐਮਐਸ ਵੱਲੋਂ ਕਾਮਰੇਡ ਭਾਗੀਰਥ, ਪੱਤਰਕਾਰਾਂ ਵੱਲੋਂ ਮੈਡਮ ਸੰਦੀਪ ਸ਼ਰਮਾ ਅਤੇ ਕਈ ਹੋਰ ਵੀ ਸ਼ਾਮਲ ਹੋਏ।

ਬੁਲਾਰਿਆਂ ਨੇ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਵੇਂ ਕਾਮਰੇਡ  ਵਿਜੇ ਕੁਮਾਰ ਵਰਕਰਾਂ ਦੇ ਹੱਕਾਂ ਲਈ ਲੜਦਿਆਂ ਵੱਡੇ ਵੱਡੇ ਅਫਸਰਾਂ ਦੇ ਨਾਲ ਬਹਿਸ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਵਰਕਰਾਂ ਦੀ ਏਕਤਾ ਲਈ ਕਾਮਰੇਡ ਵਿਜੇ ਕੁਮਾਰ ਨੇ ਇੱਕ ਨਹੀਂ ਕਈ ਕਈ ਵਾਰ ਸੰਘਰਸ਼ ਕੀਤੇ। 

ਏਟਕ ਦੀਆਂ ਸਰਗਰਮੀਆਂ ਦੌਰਾਨ ਦੇਸ਼ ਦੇ ਕੋਨੇ ਕੋਨੇ ਵਿੱਚ ਪੁੱਜ ਕੇ ਸਮੂਹ ਵਰਗਾਂ ਦੇ ਕਿਰਤੀਆਂ ਦੀ ਆਪਸੀ ਨੇੜਤਾ  ਲਗਾਤਾਰ ਮਜ਼ਬੂਤ ਬਣਾਇਆ। ਸਫਾਈ ਸੇਵਕਾਂ ਦੀ ਜ਼ਿੰਦਗੀ ਨੂੰ ਦਰਪੇਸ਼ ਖਤਰਿਆਂ ਦੇ ਖਾਤਮੇ ਲਈ ਸਥਾਨਕ ਪੱਧਰ ਤੋਂ ਲੈ ਕੇ ਸੂਬਾਈ ਅਤੇ ਕੌਮੀ ਪੱਧਰ ਤੱਕ ਨਾ ਸਿਰਫ ਆਵਾਜ਼ ਉਠਾਈ ਬਲਕਿ ਕਾਨੂੰਨੀ ਚਾਰਾਜੋਈਆਂ ਵੀ ਕੀਤੀਆਂ। 

 ਰਿਟਾਇਰਮੈਂਟ ਦੇ ਮੌਕੇ ਤੇ ਕਾਮਰੇਡ ਵਿਜੇ ਕੁਮਾਰ ਦੇ ਇਹਨਾਂ ਸਾਥੀਆਂ ਨੇ ਬੜੇ ਹੀ ਪਿਆਰ ਨਾਲ ਨਿੱਕੀਆਂ ਵੱਡੀਆਂ ਸੁਗਾਤਾਂ  ਭੇਂਟ ਕਾਮਰੇਡ ਨੂੰ ਮੱਲੋਜੋਰੀ ਭੇਂਟ ਕੀਤੀਆਂ। 

ਕਾਮਰੇਡ ਵਿਜੇ ਕੁਮਾਰ ਨੇ ਇਸ ਮੌਕੇ ਭਰੋਸਾ ਦੁਆਇਆ ਕਿ ਹੁਣ ਉਹ ਪਹਿਲਾਂ ਨਾਲੋਂ ਵੀ ਵਧੇਰੇ ਸਮਾਂ ਦੇ ਕੇ ਵਰਕਰਾਂ ਦੇ ਹੱਕਾਂ ਦੀ ਲੜਾਈ ਨੂੰ ਹੋਰ ਤੇਜ਼ ਕਰਨਗੇ। 

Sunday, September 6, 2020

ਹਨੇਰ ਗਰਦੀ ਖ਼ਿਲਾਫ਼ ਉੱਠਣਾ ਹੀ ਗੌਰੀ ਲੰਕੇਸ਼ ਨੂੰ ਸੱਚੀ ਸ਼ਰਧਾਂਜਲੀ

Sunday: 6th September 2020 at 2:56 PM
ਪਿੰਡ ਸੁਨੇਤ ਵਿੱਚ ਗੌਰੀ ਲੰਕੇਸ਼ ਦੀ ਤੀਜੀ ਬਰਸੀ ਮੌਕੇ ਵਿਸ਼ੇਸ਼ ਆਯੋਜਨ 
ਚਰਚਾ ਵਿੱਚ ਭਾਗ ਲੈਣ ਸਮੇਂ ਵੱਖ ਵੱਖ ਜਮਹੂਰੀ ਕਾਰਕੁੰਨ ਮੌਜੂਦਾ ਹਾਲਾਤ ਬਾਰੇ ਵੀ ਚਰਚਾ ਕਰਦੇ ਹੋਏ 
ਲੁਧਿਆਣਾ: 6 ਸਤੰਬਰ 2020: (ਕਾਰਤਿਕਾ ਸਿੰਘ//ਜਸਵੰਤ ਸਿੰਘ ਜੀਰਖ//ਕਾਮਰੇਡ ਸਕਰੀਨ):: 
ਭਾਵੇਂ ਮਾਹੌਲ ਵਿਚਲੀ ਘੁਟਣ ਵੀ ਵੱਧ ਗਈ ਹੈ ਅਤੇ ਲੋਕ ਰੋਹ ਦੇ ਖਿਲਾਫ ਸਖਤੀਆਂ ਦੀ ਗਿਣਤੀ ਵੀ ਪਰ ਇਸਦੇ ਬਾਵਜੂਦ ਲੋਕਾਂ ਦੀ ਲਾਮਬੰਦੀ ਵਿੱਚ ਨਿੱਤ ਦਿਹਾੜੇ ਤੂਫ਼ਾਨੀ ਤੇਜ਼ੀ ਜਾਰੀ ਹੈ। ਹੱਕ, ਸੱਚ ਇਨਸਾਫ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੀ ਪੱਤਰਕਾਰਾ ਗੌਰੀ ਲੰਕੇਸ਼ ਦੀ ਤੀਜੀ ਬਰਸੀ ਮੌਕੇ ਲੁਧਿਆਣਾ ਦੇ ਪਿੰਡ ਸੁਨੇਤ ਵਿੱਚ ਵਿਸ਼ੇਸ਼ ਆਯੋਜਨ ਹੋਇਆ। ਜਿਸ ਸੋਚ ਲਈ ਗੌਰੀ ਲੰਕੇਸ਼ ਸ਼ਹੀਦ ਹੋਈ ਉਸ ਸੋਚ ਨੂੰ ਲੋਕਾਂ ਵਿੱਚ ਲਿਜਾਣ ਲਈ ਅੱਜ ਦੇ ਦਿਨ ਜਮਹੂਰੀ ਕਾਰਕੁਨਾਂ ਨੇ ਵਿਸ਼ੇਸ਼ ਉਪਰਾਲਾ ਕੀਤਾ। 
ਉੱਘੀ ਪੱਤਰਕਾਰਾ ਗੌਰੀ ਲੰਕੇਸ਼ ਦੀ ਤੀਸਰੀ ਬਰਸੀ ਤੇ ਲੁਧਿਆਣਾ ਦੇ ਜਮਹੂਰੀ ਕਾਰਕੁਨਾਂ  ਵੱਲੋਂ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਖੇ ਸ਼ਰਧਾਂਜਲੀ ਭੇਂਟ ਕੀਤੀ ਗਈ। ਜ਼ਿਕਰਯੋਗ ਹੈ ਕਿ ਗਦਰੀ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਹੋਇਆ ਇਹ ਅਸਥਾਨ ਤੇਜ਼ੀ ਨਾਲ ਉੱਤਰੀ ਭਾਰਤ ਵਿੱਚ ਹਰਮਨ ਪਿਆਰਾ ਹੁੰਦਾ ਜਾ ਰਿਹਾ ਹੈ। ਇਸ ਅਸਥਾਨ ਦੇ ਮੁੱਖ ਸੰਚਾਲਕਾਂ ਵਿੱਚੋਂ ਇੱਕ ਜਸਵੰਤ ਸਿੰਘ ਜੀਰਖ ਇਸ ਪਵਿੱਤਰ ਅਸਥਾਨ ਦਾ ਚਰਚਾ ਅੰਡੇਮਾਨ ਨਿਕੋਬਾਰ ਵਿਖੇ ਬਣੇ ਸੈਲੂਲਰ ਜੇਹਲ ਵਿਹਚਕ ਹੋਏ ਸਮਾਗਮਾਂ ਦੌਰਾਨ ਵੀ ਬੁਲੰਦ ਆਵਾਜ਼ ਵਿੱਚ ਛੇੜ ਕੇ ਆਏ ਸਨ। ਅੱਜ ਲੁਧਿਆਣਾ ਵਿੱਚ ਗੌਰੀ ਲੰਕੇਸ਼ ਦੀ ਯਾਦ ਵਿੱਚ ਹੋਏ ਸਮਾਗਮ ਦੌਰਾਨ ਵੀ ਗਦਰੀ ਬਾਬਿਆਂ ਦੇ ਸੁਪਨੇ ਅਤੇ ਸੁਨੇਹੇ ਤਾਜ਼ਾ ਕੀਤੇ ਗਏ। 
ਅੱਜ ਦੇ ਸਮਾਗਮ ਮੌਕੇ ਵੱਖ ਵੱਖ ਬੁਲਾਰਿਆਂ ਨੇ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਆਪਣੇ ਵਿਚਾਰ ਪ੍ਰਗਟਾਏ। ਇਸ ਵਿੱਚ ਜਸਵੰਤ ਜੀਰਖ, ਬਲਵਿੰਦਰ ਲਾਲ ਬਾਗ਼, ਮਾਸਟਰ ਜਰਨੈਲ ਸਿੰਘ, ਐਡਵੋਕੇਟ ਹਰਪ੍ਰੀਤ ਜੀਰਖ, ਅਰੁਣ ਕੁਮਾਰ, ਸਤਨਾਮ ਦੁੱਗਰੀ, ਜਗਜੀਤ ਸਿੰਘ, ਵਿਸ਼ਾਲ ਆਦਿ ਵੱਲੋਂ ਸ਼ਮੂਲੀਅਤ ਕੀਤੀ ਗਈ। ਵਿਚਾਰ ਚਰਚਾ ਦੌਰਾਨ ਇਕ ਗੱਲ ਉੱਭਰ ਕੇ ਸਾਹਮਣੇ ਆਈ ਕਿ ਸਮਾਜ ਨੂੰ ਹਨੇਰੀ ਗਲੀ ਵਿੱਚ ਧੱਕਣ ਵਾਲੇ ਸੌੜੀ ਸੋਚ ਦੇ ਕੱਟੜਵਾਦੀ ਲੋਕਾਂ ਨੇ, ਹਮੇਸ਼ਾਂ ਹੀ ਸਮਾਜ ਨੂੰ ਨਵੀਂ ਰੌਸ਼ਨੀ ਦੇਕੇ ਰੌਸ਼ਨ ਕਰਨ ਵਾਲਿਆਂ ਦੀ ਵਿਰੋਧਤਾ ਹੀ ਕੀਤੀ ਹੈ। ਇਤਿਹਾਸ ਗਵਾਹ ਹੈ ਕਿ ਸਰਕਾਰਾਂ ਨੇ ਇਹਨਾਂ ਕੱਟੜਵਾਦੀਆਂ ਦਾ ਸਾਥ ਦਿੰਦਿਆਂ ਹਰ ਵਾਰ ਹੀ ਰੌਸ਼ਨ ਦਿਮਾਗਾਂ ਨੂੰ ਤਸੀਹੇ ਦੇਕੇ ਉਹਨਾਂ ਦੀ ਹੱਕ ਸੱਚ ਦੀ ਆਵਾਜ਼ ਨੂੰ ਬੰਦ ਕਰਨ ਦਾ ਭਰਮ ਪਾਲਿਆ ਹੈ ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਪਰ ਜੁਲਮ ਢਾਹਕੇ ਕਦੀ ਵੀ ਹੱਕੀ ਤੇ ਸੱਚੀ ਆਵਾਜ ਨੂੰ ਖਤਮ ਨਹੀਂ ਕੀਤਾ ਜਾ ਸਕਿਆ। ਗੌਰੀ ਲੰਕੇਸ਼ ਤੋਂ ਪਹਿਲਾਂ ਡਾਕਟਰ ਨਰੇਂਦਰ ਦਭੋਲਕਰ, ਪ੍ਰੋਫੈਸਰ ਗੋਬਿੰਦ ਪੰਸਾਰੇ ਵਰਗੇ ਉੱਚ ਪਾਏ ਦੇ ਬੁੱਧੀਜੀਵੀ ਅਤੇ ਤਰਕਸ਼ੀਲ ਵਿਚਾਰਾਂ ਦੇ ਧਾਰਨੀਆਂ ਨੂੰ ਵੀ ਇਹਨਾਂ ਲੋਕਾਂ ਨੇ ਕਤਲ ਕਰਕੇ ਇਹ ਸਿੱਧ ਕੀਤਾ ਹੈ ਕਿ ਉਹਨਾਂ ਕੋਲ ਵਿਗਿਆਨਕ ਵਿਚਾਰਧਾਰਾ ਨੂੰ ਰੱਦ ਕਰਨ ਲਈ ਕੋਈ ਤਰਕਪੂਰਨ ਜਵਾਬ ਨਹੀਂ ਹੈ। ਸੰਵਿਧਾਨਿਕ ਤੌਰ ਤੇ ਹਰ ਸਰਕਾਰ ਦੀ ਜ਼ੁੰਮੇਵਾਰੀ ਹੈ ਕਿ ਉਹ ਵਿਗਿਆਨਿਕ ਵਿਚਾਰਧਾਰਾ ਨੂੰ ਪ੍ਰਫੁੱਲਤ ਕਰੇ, ਪਰ ਸਾਡੇ ਦੇਸ਼ ਵਿੱਚ ਸਰਕਾਰਾਂ ਦਾ ਰੋਲ ਇਸ ਤੋਂ ਬਿਲਕੁੱਲ ਉੱਲਟ ਹੈ। ਉਹਨਾਂ ਵੱਲੋਂ ਸੰਸਕਿਰਤੀ ਦੇ ਪਰਦੇ ਹੇਠ ਗੈਰ ਵਿਗਿਆਨਿਕ ਵਿਚਾਰਾਂ ਦੇ ਪਸਾਰੇ ਰਾਹੀਂ ਅੰਧਵਿਸ਼ਵਾਸ ਫੈਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਚਰਚਾ ਵਿੱਚ ਇਹ ਵੀ ਸਾਹਮਣੇ ਆਇਆ ਕਿ ਵਿਗਿਆਨਿਕ ਵਿਚਾਰਾਂ ਦੇ ਧਾਰਨੀਆਂ ਅਤੇ ਪ੍ਰਚਾਰਕਾਂ ਨੂੰ ਮਨਘੜਤ ਕੇਸਾਂ ਵਿੱਚ ਫਸਾਕੇ ਜੇਹਲਾਂ ਵਿੱਚ ਡੱਕਿਆ ਹੋਇਆ ਹੈ। ਧਰਮਾਂ ਦੇ ਨਾਂ ਹੇਠ ਸਹੀ ਗੱਲ ਕਰਨ ਵਾਲਿਆਂ ਖਿਲਾਫ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਰਗੇ ਕੇਸ ਦਰਜ ਕੀਤੇ ਜਾ ਹਰੇ ਹਨ। ਸਾਰਿਆਂ ਨੇ ਗੌਰੀ ਲੰਕੇਸ਼ ਨੂੰ ਸੱਚੀ ਸ਼ਰਧਾਂਜਲੀ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਟੋਰਨਾ ਹੀ ਕਹਿੰਦਿਆਂ ਹਰ ਗਲਤ ਵਰਤਾਰੇ ਵਿਰੁੱਧ ਆਵਾਜ ਉਠਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਜਿਸ ਜਿਸ ਨੇ ਭੀ ਇਸ ਜਨਤਾ ਕੋ 
ਛਲਨੇ ਕਾ ਪ੍ਰਯਾਸ ਕੀਆ ਹੈ 
ਮੈਂ ਉਸ ਛਲ ਕੀ ਬਾਤ ਕਰੂੰਗੀ 

Thursday, September 3, 2020

ਪੇਂਡੂ ਮਜ਼ਦੂਰਾਂ ਵੱਲੋਂ ਕਰਜਾ ਮਾਫੀ ਦੀ ਮੰਗ ਨੂੰ ਲੈਕੇ ਜ਼ੋਰਦਾਰ ਧਰਨਾ ਮੁਜ਼ਾਹਰਾ

Thursday: 3rd September 2020 at 8:37 AM
ਮੰਗਾਂ ਨਾ ਮੰਨੀਆਂ ਤਾਂ ਘਰ ਤੇ ਦਫਤਰ ਵੀ ਘੇਰਾਂਗੇ 
🛑ਕਰਜਾ ਮਾਫ਼ੀ, ਨਰੇਗਾ ਕੰਮ ਚਾਲੂ ਕਰਨ ਤੇ ਬਕਾਏ ਜਾਰੀ ਕਰਨ ਅਤੇ ਬਿਜਲੀ ਬਿੱਲਾਂ ਦੀ ਮਾਫ਼ੀ ਨੂੰ ਲੈਕੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿੱਚ ਔਰਤਾਂ ਵੱਲੋਂ ਸਿਰਸਾ ਵਿਖੇ ਰੋਹ ਭਰਪੂਰ ਧਰਨਾ ਮੁਜਾਹਰਾ  
ਸਿਰਸਾ: 2 ਸਤੰਬਰ, 2020: (*ਪਾਵੇਲ//ਕਾਮਰੇਡ ਸਕਰੀਨ):: 
ਸੂਖਮ ਵਿੱਤੀ ਕਰਜ਼ਿਆਂ ਸਮੇਤ ਕਿਰਤੀ ਤਬਕੇ ਦੇ ਸਾਰੇ ਕਰਜੇ ਮਾਫ਼ ਕਰਾਉਣ, ਨਰੇਗਾ ਦਾ ਕੰਮ ਨਿਯਮਤ ਤੌਰ 'ਤੇ ਚਾਲੂ ਕਰਨ ਅਤੇ ਪਿਛਲੇ ਬਕਾਏ ਜਾਰੀ ਕਰਨ ਅਤੇ ਪਿਛਲੇ ਛੇ ਮਹੀਨੇ ਦੇ ਬਿਜਲੀ ਦੇ ਬਿਲ ਮਾਫ਼ ਕਰਾਉਣ ਦੀਆਂ ਮੰਗਾਂ ਨੂੰ ਲੈਕੇ ਨੌਜਵਾਨ ਭਾਰਤ ਸਭਾ ਦੀ ਜਿਲ੍ਹਾ ਕਮੇਟੀ ਸਿਰਸਾ ਵੱਲੋਂ ਪਿਛਲੇ ਦਿਨਾਂ ਵਿੱਚ ਪੂਰੇ ਜਿਲ੍ਹੇ ਦੇ ਲਗਭਗ 40 ਦੇ ਕਰੀਬ ਪਿੰਡਾਂ ਵਿੱਚ ਮੁਹਿੰਮ ਚਲਾਕੇ ਲਾਮਬੰਦੀ ਕੀਤੀ ਗਈ। ਅੱਜ 2 ਸਤੰਬਰ ਨੂੰ, ਇਹਨਾਂ ਮਸਲਿਆਂ ਦੇ ਹੱਲ ਲਈ, ਪੂਰੇ ਜਿਲ੍ਹੇ ਵਿਚੋਂ ਵੱਖ-ਵੱਖ ਪਿੰਡਾਂ ਤੋਂ ਔਰਤਾਂ ਨੇ ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚਕੇ ਸਭਾ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਸਿਰਸਾ ਦੇ ਦਫਤਰ ਮੂਹਰੇ ਧਰਨਾ ਲਾਕੇ ਰੋਸ ਮੁਜਾਹਰਾ ਕਰਕੇ ਆਵਦਾ ਮੰਗ ਪੱਤਰ ਸੌਂਪਿਆ| ਇਸ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਤ ਕਰਦੇ ਹੋਏ                                        
ਨੌਜਵਾਨ ਭਾਰਤ ਸਭਾ ਦੇ ਆਗੂ ਪਾਵੇਲ ਨੇ ਕਿਹਾ ਕਿ ਮੋਦੀ ਹਕੂਮਤ ਧਨਾਢਾਂ ਦ ਹਜਾਰਾਂ ਕਰੋੜ ਮਾਫ਼ ਕਰ ਰਹੀ ਹੈ ਪਰ ਆਮ ਲੋਕਾਂ ਤੋਂ 31 ਅਗਸਤ ਤੱਕ ਕਿਸ਼ਤਾਂ ਨਾ ਭਰਾਉਣ ਦੇ ਨਿਰਦੇਸ਼ ਦੇ ਬਾਵਜੂਦ ਵੀ ਜਬਰੀ ਕਿਸ਼ਤਾਂ ਭਰਾਈਆਂ ਗਈਆਂ ਹਨ।                                                                      
ਨੌਜਵਾਨ ਭਾਰਤ ਸਭਾ ਦੇ ਜਥੇਬੰਦਕ ਸਕੱਤਰ ਛਿੰਦਰਪਾਲ ਨੇ ਇਕੱਠ ਨੂੰ ਸੰਬੋਧਤ ਹੁੰਦੇ ਹੋਏ ਕਿਹਾ ਕਿ ਕਰੋਨਾ ਅਤੇ ਪੁਰਨਬੰਦੀ ਨੇ ਲੋਕਾਂ ਦੇ ਰੁਜ਼ਗਾਰ ਬੰਦ ਕਰ ਦਿੱਤੇ ਹਨ। ਕਿਰਤੀ ਤਬਕਾ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੈ। ਉਸੇ ਵੇਲੇ ਮਾਈਕਰੋ ਫਾਇਨਾਂਸ ਕਰਜਿਆਂ ਦੀਆਂ ਕਿਸ਼ਤਾਂ ਉਹਨਾਂ ਤੇ ਵਾਧੂ ਬੋਝ ਬਣੀਆਂ ਹੋਈਆਂ ਹਨ ਅਤੇ ਧੱਕੇ ਨਾਲ ਲੋਕਾਂ ਤੋਂ ਕਿਸ਼ਤਾਂ ਵਸੂਲ ਰਹੀਆਂ ਹਨ। ਇਸ ਮੌਕੇ ਨਰੇਗਾ ਦਾ ਕੰਮ ਬੰਦ ਹੋਣ ਕਰਕੇ ਵੀ ਲੋਕਾਂ ਦੀ ਮੁਸ਼ਕਿਲਾਂ ਹੋਰ ਵਧ ਗਇਆਂ ਹਨ। ਬੁਲਾਰਿਆਂ ਦੱਸਿਆ ਕਿ ਬਹੁਤ ਵਧ ਕੇ ਆਏ ਬਿਜਲੀ ਬਿੱਲਾਂ ਨੇ ਲੋਕਾਂ 'ਤੇ ਵਾਧੂ ਬੋਝ ਪਾਇਆ ਹੈ। ਪਰ ਸਰਕਾਰ ਇਸ ਮੌਕੇ ਲੋਕਾਂ ਦੀ ਬਾਂਹ ਫੜਨ ਦੀ ਬਜਾਏ, ਸਰਮਾਏਦਾਰਾਂ ਦੀ ਸੇਵਾ ਚ ਲੀਨ ਹਨ। 
ਇਸ ਦੌਰਾਨ ਪ੍ਰੋਗਰੈਸਿਵ ਸਟੂਡੈਂਟਸ ਯੂਨੀਅਨ ਦੇ ਆਗੂ ਕੁਲਵਿੰਦਰ ਨੇ ਨਵੀਂ ਸਿੱਖਿਆ ਨੀਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਰਤੀਆਂ ਦੇ ਹੱਥੋਂ ਸਿੱਖਿਆ ਦਾ ਹੱਕ ਖੋਹਣ ਤੇ ਲੱਗੀ ਹੋਈ ਹੈ।                                                                                                ਇਸ ਮੌਕੇ ਪੀਟੀਆਈ ਜਥੇਬੰਦੀ ਤੋਂ ਸਤਿਆਪਾਲ ਨੇ ਵੀ ਭਾਜਪਾ ਹਕੂਮਤ ਵੱਲੋਂ ਕੀਤੇ ਜਾ ਰਹੇ ਨਿੱਜੀਕਰਨ ਅਤੇ ਮੁਲਾਜ਼ਮਾਂ ਨੂੰ ਹਟਾਉਣ ਦੀਆਂ ਕੋਝੀਆਂ ਚਾਲਾਂ ਬਾਰੇ ਇੱਕਠ ਨੂੰ ਜਾਣੂ ਕਰਵਾਇਆ। ਜਮਹੂਰੀ ਅਧਿਕਾਰ ਸਭਾ ਤੋਂ ਡਾ ਸੁਖਦੇਵ ਹੁੰਦਲ, ਸਰਵ ਕਰਮਚਾਰੀ ਸੰਘ ਦੇ ਮਦਨ ਲਾਲ, ਹਰਿਆਣਾ ਅਧਿਆਪਕ ਸੰਘ ਦੇ ਬੀਰ ਸਿੰਘ, ਕਿਸਾਨ ਸਭਾ ਦੇ ਸੁਵਰਨ ਸਿੰਘ ਵਿਰਕ ਨੇ ਵੀ ਆਪਣੀ ਗੱਲ ਰੱਖੀ|  ਅਖੀਰ ਵਿਚ ਕੋਰੋਨਾ ਸਮੇਂ ਦੌਰਾਨ ਸਰਕਾਰਾਂ ਦੇ ਲੋਕਾਂ ਪ੍ਰਤੀ ਬੇਰੁਖੀ ਭਰੇ ਰਵਈਏ ਖਿਲਾਫ਼, ਪੀਟੀਆਈ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਨਿਜੀਕਰਣ ਦੀਆਂ ਨੀਤੀਆਂ ਖਿਲਾਫ਼, ਲਿਆਂਦੇ ਗਏ 3 ਖੇਤੀ ਆਰਡੀਨੈਂਸਾਂ ਖਿਲਾਫ਼, ਬਿਜਲੀ ਸੋਧ ਬਿਲ ਨੂੰ ਵਾਪਸ ਕਰਾਉਣ ਲਈ, ਲੋਕਾਂ ਦੇ ਟੈਕਸ ਤੋਂ ਇਕੱਠੇ ਕਰਕੇ ਵੱਡੇ ਵੱਡੇ ਕਾਰਪੋਰੇਟਾਂ ਨੂੰ ਦਿੱਤੇ ਜਾਂਦੇ ਵਿੱਤੀ ਪੈਕਜਾਂ, ਛੋਟਾਂ ਖਿਲਾਫ਼, ਮਲੇ ਬੰਦ ਅਤੇ ਲੋਕਾਂ ਲਈ ਸਰਕਾਰੀ ਖਜਾਨੇ ਨੂੰ ਖੋਲਣ ਦੀ ਮੰਗ ਕਰਦੇ ਹੋਏ, ਕੋਰੋਨਾ ਦੇ ਨਾਂ ਤੇ ਲੋਕਾਂ, ਜਮਹੂਰੀ ਕਾਰਕੁੰਨਾਂ ਤੇ ਸਿਆਸੇ ਹਮਲੇ ਬੰਦ ਕਰਣ, ਹਸਪਤਾਲਾਂ ਵਿਚ ਓਪੀਡੀ ਖੋਲਣ, ਲੌਕ ਡਾਊਨ ਖੋਲ ਕੇ ਕੰਮਾਂ ਨੂੰ ਬਹਾਲ ਕੀਤੇ ਜਾਣ, ਹੋਏ ਨੁਕਸਾਨ ਦੀ ਭਰਪਾਈ ਕਰਨ, ਅਤੇ ਲੋਕਾਂ ਵਿਚ ਫਿਰਕੂ ਜਹਿਰ ਘੋਲਣ ਖਿਲਾਫ਼ ਸਮੂਹ ਇਕੱਠ ਵੱਲੋਂ ਮਤੇ ਪਾਸ ਕੀਤੇ ਗਏ| ਇਸ ਦੌਰਾਨ ਨੌਜਵਾਨ ਭਾਰਤ ਦੇ ਕੁਲਦੀਪ, ਜਗਰੂਪ, ਪਰਮਜੀਤ, ਗੁਰਲਾਲ, ਹਰੀ, ਸੰਦੀਪ, ਵਕੀਲ, ਵਿਕਾਸ, ਦਿਨੇਸ਼, ਪ੍ਰਗਟ, ਗੁਰਦੀਪ, ਗੁਰਭੇਜ, ਰਾਜੂ, ਪ੍ਰਭੂ ਆਦਿ ਸਮੇਤ ਵੱਡੀ ਗਿਣਤੀ ਵਿੱਚ 40 ਪਿੰਡਾਂ ਤੋਂ ਆਈਆਂ ਔਰਤਾਂ ਹਾਜਿਰ ਸਨ।
ਜਾਰੀਕਰਤਾ
*ਪਾਵੇਲ, ਨੌਜਵਾਨ ਭਾਰਤ ਸਭਾ, ਜਿਲ੍ਹਾ ਕਮੇਟੀ ਸਿਰਸਾ ਦੇ ਕੰਮਾਂ ਕਾਰਾਂ ਵਿੱਚ ਸਰਗਰਮੀ ਨਾਲ ਜੁੜੇ ਹੋਏ ਹਨ ਅਤੇ ਸੰਪਰਕ ਲਈ ਉਹਨਾਂ ਦਾ ਸੰਪਰਕ ਨੰਬਰ ਹੈ: +91 8607889902