Tuesday, May 30, 2023

ਭਲਵਾਨੀ ਕਰਨ ਵਾਲੀਆਂ ਧੀਆਂ 'ਤੇ ਹੋਏ ਜਬਰ ਵਿਰੁੱਧ ਲੋਕ ਰੋਹ ਹੋਰ ਤਿੱਖਾ

Monday 29th May 2023 at 6:15 PM

ਹੁਣ 31 ਮਈ ਨੂੰ ਲੁਧਿਆਣਾ ਵਿੱਚ ਹੋਣਾ ਹੈ ਰੋਸ ਵਖਾਵਾ 


ਲੁਧਿਆਣਾ:30 ਮਈ 2023: (ਕਾਮਰੇਡ ਸਕਰੀਨ ਡੈਸਕ):: 

28 ਮਈ ਵਾਲੇ ਦੇਸ਼ ਦੇ ਨਵੇਂ ਸੰਸਦ ਭਵਨ ਦੀਆਂ ਉਦਘਾਟਨੀ ਤਸਵੀਰਾਂ ਹਿੰਦੂ ਰਾਸ਼ਟਰ ਦੀ ਕਾਇਮੀ ਦੇ ਐਲਾਨ ਵਾਂਗ ਸਾਹਮਣੇ ਆਈਆਂ ਹਨ। ਸਰਕਾਰ ਦੀਆਂ ਚਾਲਾਂ ਅਤੇ ਨੀਤੀਆਂ ਨੂੰ ਦੇਖਦਿਆਂ ਅਜਿਹੇ ਅੰਦੇਸ਼ ਕਾਫੀ ਸਮੇਂ ਤੋਂ ਮਹਿਸੂਸ ਹੋ ਰਹੇ ਸਨ। ਨਵੇਂ ਸੰਸਦ ਭਵਨ ਦੇ ਇਸ ਉਦਘਾਟਨ ਮੌਕੇ ਹੀ ਭਲਵਾਨੀ ਦੇ ਖੇਤਰ ਵਿਚ ਕੌਮਾਂਤਰੀ ਪ੍ਰਸਿੱਧੀ ਵਾਲੇ ਤਮਗੇ ਜਿੱਤਣ ਵਾਲੀਆਂ ਕੁੜੀਆਂ ਅਤੇ ਹੋਰ ਮਹਿਲਾ ਆਗੂਆਂ ਦੀ ਬੇਰਹਿਮੀ ਭਰੇ ਅੰਦਾਜ਼ ਨਾਲ ਕੀਤੀ ਗਈ ਗ੍ਰਿਫਤਾਰੀ ਫਾਸ਼ੀਵਾਦੀ ਰਵਈਏ ਦੀ ਵੀ ਇੱਕ ਹੋਰ ਮਿਸਾਲ ਬਣ ਕੇ ਸਹਿਮੇ ਆਈ ਹੈ। ਇਸ ਤੋਂ ਵੱਡੀ ਗੱਲ ਇਹ ਹੈ ਕਿ ਦੇਸ਼ ਦੇ ਲੋਕ ਇਹਨਾਂ ਹਰਕਤਾਂ ਨਾਲ ਭੈਅਭੀਤ ਨਹੀਂ ਹੋਏ ਬਲਕਿ ਵਧੇਰੇ ਰੋਹ ਨਾਲ ਇਸਦੇ ਵਿਰੋਧ ਵਿਚ ਖੁੱਲ੍ਹ ਕੇ ਸਾਹਮਣੇ ਆਏ ਹਨ।  

ਭਲਵਾਨੀ ਦੇ ਖੇਤਰ ਵਿੱਚ ਨਾਮ ਕਮਾਉਣ ਵਾਲੀਆਂ ਇਹਨਾਂ ਕੁੜੀਆਂ ਨਾਲ ਇਸ ਪੁਲਸੀਆ ਰਵਈਏ ਨੂੰ ਲੈ ਕੇ ਰੋਸ ਦਿਨ ਪ੍ਰਤੀਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਨਵੇਂ ਸੰਸਦ ਭਵਨ ਦੇ ਸ਼ੋਰ ਸ਼ਰਾਬੇ ਵਿੱਚ ਹਿੰਦੂ ਰਾਸ਼ਟਰ ਦੇ ਐਲਾਨ ਵਾਲੀ ਭਾਵਨਾ ਜ਼ਿਆਦਾ ਸਾਹਮਣੇ ਆ ਰਹੀ ਹੈ। ਇਸ ਨਵੇਂ ਸੰਸਦ ਭਾਵਾਂ ਦੇ ਉਦਘਾਟਨ ਦੀਆਂ ਜਿਹੜੀਆਂ ਤਸਵੀਰਾਂ ਮੀਡੀਆ ਵਿੱਚ ਸਾਹਮਣੇ ਆਈਆਂ ਹਨ ਉਹਨਾਂ ਤੋਂ ਜ਼ਾਹਿਰ ਹੈ ਕਿ ਦੇਸ਼ ਨੂੰ ਇੱਕ ਵਿਸ਼ੇਸ਼ ਪਾਰਟੀ ਅਤੇ ਉਸਦੇ ਸੰਗੀ ਸਾਥੀ ਕਿਹੜੇ ਪਾਸੇ ਲਿਜਾ ਰਹੇ ਹਨ। ਇੱਕ ਪਾਸੇ ਤਾਂ ਲੋਕਤੰਤਰ ਦਾ ਭੋਗ ਪਾਉਣ ਵਾਲੀਆਂ ਇਹਨਾਂ ਖਤਰਨਾਕ ਸਾਜ਼ਿਸ਼ਾਂ ਦੇ ਖਿਲਾਫ ਲੋਕ ਰੋਹ ਉਬਾਲੇ ਖਾ ਰਿਹਾ ਹੈ ਇਸਦੇ ਨਾਲ ਹੀ ਭਲਵਾਨੀ ਦੇ ਖੇਤਰ ਵਿਚ ਕੌਮਾਂਤਰੀ ਪ੍ਰਸਿੱਧੀ ਖੱਟਣ ਵਾਲਿਆਂ ਲੜਕੀਆਂ ਨਾਲ ਸਰਕਾਰ ਦਾ ਰਵਈਆ ਖੁੱਲ੍ਹ ਕੇ ਫਾਸ਼ੀਵਾਦ ਵਾਲੀ ਸੋਚ ਨੂੰ ਇੱਕ ਵਾਰ ਫੇਰ ਸਾਹਮਣੇ ਲੈ ਆਇਆ ਹੈ। 

ਜਮਹੂਰੀ ਜਨਤਕ ਸੰਗਠਨ ਇਸ ਸਾਰੇ ਘਟਨਾਕ੍ਰਮ ਨੂੰ ਨਾ ਸਿਰਫ ਬਾਰੀਕੀ ਨਾਲ ਦੇਖ ਰਹੇ ਹਨ ਬਲਕਿ ਇਸਦਾ ਮੂੰਹਤੋੜ ਜੁਆਬ ਦੇਣ ਦੀਆਂ ਤਿਆਰੀਆਂ ਵਿੱਚ ਵੀ ਹਨ। ਦੇਸ਼ ਭਰ ਵਿੱਚ ਵੱਖ ਵੱਖ ਥਾਂਵਾਂ ਅਤੇ ਤਰੀਕਿਆਂ ਨਾਲ ਰੋਸ ਵਖਾਵੇ ਕੀਤੀ ਜਾ ਰਹੇ ਹਨ। ਲੁਧਿਆਣਾ ਵਿੱਚ ਅੱਜ ਵੀ ਬਹੁਤ ਸਾਰੇ ਸੰਗਠਨਾਂ ਨੇ ਰੋਸ ਵਖਾਵੇ ਕੀਤੇ ਹਨ ਅਤੇ ਅਜੇ ਇਹ ਸਿਲਸਿਲਾ ਹੋਰ ਜਾਰੀ ਰਹਿਣਾ ਹੈ। ਇਹਨਾਂ ਦੀਆਂ ਤਿਆਰੀਆਂ ਲਈ ਇੱਕ ਵਿਸ਼ੇਸ਼ ਮੀਟਿੰਗ ਮਾਤਾ ਅਮਰ ਕੌਰ ਹਾਲ ਵਿੱਚ 29 ਮਈ ਦੀ ਸ਼ਾਮ ਨੂੰ ਰੱਖੀ ਗਈ। ਪ੍ਰੋਫੈਸਰ ਏ ਕੇ ਮਲੇਰੀ ਹੁਰਾਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੀ ਕਾਰਵਾਈ ਉਘੇ ਜਨਤਕ ਆਗੂ ਜਸਵੰਤ ਜੀਰਖ ਨੇ ਚਲਾਈ। 

ਇਸ ਮੌਕੇ ਬਹੁਤ ਸਾਰੀਆਂ ਜਨਤਕ ਜਥੇਬੰਦੀਆਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ। ਇਸ ਮੌਕੇ 31 ਮਈ ਦੀ ਸ਼ਾਮ ਨੂੰ ਇੱਕ ਹੋਰ ਰੋਸ ਪ੍ਰਗਟਾਵਾ ਇਸੇ ਮੁੱਦੇ ਨੂੰ ਲੈ ਕੇ ਕੀਤਾ ਜਾਣਾ ਹੈ। ਨਿਰੰਤਰ ਹੋ ਰਹੇ ਇਹਨਾਂ ਐਕਸ਼ਨਾਂ ਦਾ ਸਿਲਸਿਲਾ ਦੱਸਦਾ ਹੈ ਕਿ ਫਾਸ਼ੀਵਾਦੀ ਹਮਲਿਆਂ  ਵਿੱਚ ਆਈ ਤੇਜ਼ੀ ਦੇ ਜੁਆਬ ਵਿਚ ਸ਼ਾਂਤਮਈ ਲੋਕ ਰੋਹ ਵੀ ਤਿੱਖਾ ਹੋ ਰਿਹਾ ਹੈ।  

ਅੱਜ ਦੀ ਮੀਟਿੰਗ ਵਿੱਚ ਬਾਪੂ ਬਲਕੌਰ ਸਿੰਘ ਗਿੱਲ, ਡਾਕਟਰ ਬਲਵਿੰਦਰ ਔਲਖ, ਆਤਮਾ ਸਿੰਘ, ਸੁਰਿੰਦਰ ਸਿੰਘ ਢਿੱਲੋਂ, ਅਰੁਣ ਕੁਮਾਰ ਅਤੇ ਬਹੁਤ ਸਾਰੇ ਹੋਰ ਸਾਥੀ ਵੀ ਸ਼ਾਮਿਲ ਹੋਏ। ਡਾਕਟਰ ਬਲਵਿੰਦਰ ਔਲਖ ਨੇ ਮੌਜੂਦਾ ਦੌਰ ਅਤੇ ਜਰਮਨੀ ਵਾਲੇ  ਇੱਕ ਸਾਡੀ ਪੁਰਾਣੇ ਘਟਨਾਕ੍ਰਮਾਂ ਦੀ ਤੁਲਨਾ ਕਰਦਿਆਂ ਸਾਬਿਤ ਕੀਤਾ ਕਿ ਅਸਲ ਵਿਚ ਅਸੀਂ ਮੌਜੂਦਾ ਚੁਣੌਤੀਆਂ ਦੇ ਸਾਹਮਣੇ ਲਈ ਪੂਰੀ ਤਰ੍ਹਾਂ ਅਜੇ ਵੀ ਲੋਕ ਰੋਹ ਤਿਆਰ ਨਹੀਂ ਕਰ ਸਕੇ। ਇਸ ਲਾਇ ਸਾਨੂੰ ਹੋਰ ਜ਼ਿਆਦਾ ਸਰਗਰਮ ਹੋਣ ਦੀ ਲੋੜ ਹੈ। ਵਕਤੀ ਤੌਰ ਤੇ ਆਉਂਦੀਆਂ ਜਿੱਤਾਂ ਹਾਰਾਂ ਦੀ ਪੜਚੋਲ ਨਾਲ ਹੀ ਅੰਦੋਲਨ ਤੇਜ਼ੀ ਪਕੜੇਗਾ। 

ਪ੍ਰੋਫੈਸਰ ਏ ਕੇ ਮਲੇਰੀ ਹੁਰਾਂ ਨੇ ਵੀ ਵਿਸਥਾਰ ਨਾਲ ਲੋਕ ਰੋਹ ਵਿਚ ਆ ਰਹੀ ਤੇਜ਼ੀ ਦੇ ਵੇਰਵੇ ਸਮਝਾਏ ਅਤੇ ਨਾਲ ਹੀ ਅੱਜ ਦੇ ਦੌਰ ਦੀਆਂ ਚੁਣੌਤੀਆਂ ਦੀ ਵੀ ਗੱਲ ਕੀਤੀ। ਕਈ ਸੰਗਠਨਾਂ ਦੇ ਪ੍ਰਤੀਨਿਧਾਂ ਨੇ ਆਪੋ ਆਪਣੇ ਸੁਝਾਅ ਦੇ ਕੇ ਇਸ ਅੰਦੋਲਨ ਨੂੰ ਤੇਜ਼ ਅਤੇ ਸਫਲ ਕਰਨ ਦੀਆਂ ਤਜਵੀਜ਼ਾਂ ਦਿੱਤੀਆਂ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, May 29, 2023

ਭਲਵਾਨ ਧੀਆਂ 'ਤੇ ਹੋਏ ਜਬਰ ਵਿਰੁੱਧ ਸੀਪੀਆਈ ਲੁਧਿਆਣਾ ਵੀ ਸੜਕਾਂ ਤੇ ਉਤਰੀ

Monday 29th May 2023 at 11:45 AM 

ਕਚਹਿਰੀ ਅਤੇ ਕਮਿਸ਼ਨਰ ਦਫਤਰ ਸਾਹਮਣੇ ਵੀ ਰੋਸ ਵਿਖਾਵਾ ਕੀਤਾ 


ਲੁਧਿਆਣਾ
: 29 ਮਈ 2023: (ਐਮ ਐਸ ਭਾਟੀਆ//ਗੁਰਮੇਲ ਸਿੰਘ ਮੈਲਡੇ//ਕਾਮਰੇਡ ਸਕਰੀਨ ਡੈਸਕ)::

ਭਲਵਾਨੀ ਦੇ ਖੇਤਰ ਵਿਚ ਦੁਨੀਆ ਭਰ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀਆਂ ਕੁੜੀਆਂ 'ਤੇ ਦਿੱਲੀ ਵਿੱਚ ਹੋਏ ਪੁਲਸੀਆ ਜਬਰ ਵਿਰੁੱਧ ਲੋਕ ਰੋਹ ਲਗਾਤਾਰ ਵੱਧ ਰਿਹਾ ਹੈ। ਇਸੇ ਸਿਲਸਿਲੇ ਵਿੱਚ ਸੀਪੀਆਈ ਖੁੱਲ੍ਹ ਕੇ ਮੈਦਾਨ ਵਿਚ ਹੈ। ਸੀਪੀਆਈ ਸ਼ਾਂਤਮਈ ਅਤੇ ਅਨੁਸ਼ਾਸਿਤ ਰੋਹ ਵਿਚ ਸੜਕਾਂ ਤੇ ਉਤਰ ਆਈ ਹੈ। ਲੁਧਿਆਣਾ ਵਿੱਚ ਵੀ ਇਹ ਰੋਹ ਦੇਖਿਆ ਗਿਆ ਰੇ ਅੰਮ੍ਰਿਤਸਰ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਵੀ। ਲੁਧਿਆਣਾ ਵਿਚ ਨਵੀਂ ਕਚਹਿਰੀ ਸਾਹਮਣੇ ਰੋਸ ਵਖਾਵ ਕਰਨ ਮਗਰੋਂ ਇੱਕ ਵਾਰ ਫੇਰ ਪੁਲਿਸ  ਕਮਿਸ਼ਨਰ ਦਫਤਰ ਦੇ ਬਾਹਰ ਪੰਡਤ ਦੇ ਟੀ ਸਟਾਲ ਵਿਖੇ ਵੀ ਰੋਸ ਵਖਾਵ ਕੀਤਾ ਹੈ ਜਿਸ ਵਿਚ ਰਾਹ ਚੋਣ ਲੰਘਦੇ ਲੋਕ ਵੀ ਸ਼ਾਮਿਲ ਹੁੰਦੇ ਰਹੇ। 

ਸੀਪੀਆ ਨੇ ਯਾਦ ਕਰਾਇਆ ਹੈ ਕਿ ਹੁਣ 28 ਮਈ ਨੂੰ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਦੋਂ ਆਰ ਐੱਸ ਐੱਸ ਦੀ ਸਰਪ੍ਰਸਤੀ ਵਾਲੀ ਮੋਦੀ ਸਰਕਾਰ ਨੇ ਦਿੱਲੀ ’ਚ ਭਾਰਤੀ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਦੀਆਂ ਬੇਸ਼ਰਮੀ ਨਾਲ ਧੱਜੀਆਂ ਉਡਾਈਆਂ। ਇਹ ਗੱਲ ਗ੍ਰਿਫਤਾਰ ਕੀਤੀਆਂ ਮਹਿਲਾ ਭਲਵਾਨਾਂ ਅਤੇ ਉਨ੍ਹਾਂ ਦੀ ਹਮਾਇਤ ਕਰਨ ਵਾਲੇ ਹੋਰਨਾਂ ਨੂੰ ਰਿਹਾਅ ਕਰਨ ਦੀ ਮੰਗ ਕਰਨ ਵਾਲਿਆਂ ਨੇ ਕਹੀ। ਇਹ ਲੋਕ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੀ ਗਿਰਫਤਾਰੀ ਦੀ ਮੰਗ ਨੂੰ ਲੈ ਕੇ ਰੋਸ ਅਤੇ ਰੋਹ ਦਾ ਪ੍ਰਗਟਾਵਾ ਕਰ ਰਹੇ ਸਨ। ਸੀ ਪੀ ਆਈ ਜ਼ਿਲ੍ਹਾ ਲੁਧਿਆਣਾ ਵੱਲੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਬਰਾਬਰ ਜ਼ੁਲਮ ਦਾ ਇੱਕ ਨਵਾਂ ਅਧਿਆਏ ਲਿਖਿਆ ਗਿਆ ਹੈ। ਜਿਸ ਸਮੇਂ ਪ੍ਰਧਾਨ ਮੰਤਰੀ ਪਾਰਲੀਮੈਂਟ ਦੀ ਨਵੀਂ ਇਮਾਰਤ ਦਾ ਉਦਘਾਟਨ ਕਰ ਰਹੇ ਸਨ, ਉਸ ਸਮੇਂ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀਆਂ ਮਹਿਲਾ ਭਲਵਾਨਾਂ ਨੂੰ ਸਰਕਾਰ ਦੇ ਹੁਕਮਾਂ ’ਤੇ ਪੁਲਸ ਨੇ ਜ਼ਬਰਦਸਤੀ ਘੜੀਸ ਕੇ ਗ੍ਰਿਫਤਾਰ ਕਰ ਲਿਆ। ਇਹ ਪੁਲਸੀਆ ਐਕਸ਼ ਸਰਕਾਰ ਦੀਆਂ ਫਾਸ਼ੀ ਨੀਤੀਆਂ ਨੂੰ ਇੱਕ ਵਾਰ ਫੇਰ ਸਾਹਮਣੇ ਲਿਆਇਆ ਹੈ। 

ਕਿੰਨੀ ਸ਼ਰਮ ਦੀ ਗੱਲ ਹੈ ਕਿ ਜਦੋਂ ਮੁਟਿਆਰਾਂ ਨੂੰ ਘਸੀਟ ਕੇ ਗ੍ਰਿਫਤਾਰ ਕੀਤਾ ਜਾ ਰਿਹਾ ਸੀ, ਉਸ ਸਮੇਂ ਅਪਰਾਧੀ ਬ੍ਰਿਜ ਭੂਸ਼ਣ ਸ਼ਰਣ ਸਿੰਘ ਨਵੀਂ ਪਾਰਲੀਮੈਂਟ ਵਿੱਚ ਬੈਠਾ ਸੀ। ਮੋਦੀ ਸਰਕਾਰ ਨੇ ਇਨਸਾਫ ਦੇਣ ਦੀ ਬਜਾਏ ਔਰਤਾਂ ’ਤੇ ਜ਼ੁਲਮ ਢਾਹਿਆ ਹੈ। ਮਹਿਲਾ ਭਲਵਾਨਾਂ ਨੂੰ ਜ਼ਬਰਦਸਤੀ ਖਿੱਚ ਕੇ ਗ੍ਰਿਫਤਾਰ ਕਰ ਲਿਆ। ਹਰਿਆਣਾ ਅਤੇ ਦਿੱਲੀ ਵਿੱਚ ਮਹਿਲਾ ਭਲਵਾਨਾਂ ਦੀ ਹਮਾਇਤ ਲਈ ਜਾਣ ਵਾਲੇ ਕਾਰਕੁਨਾਂ ਦੀਆਂ ਵੀ ਵੱਡੇ ਪੱਧਰ ’ਤੇ ਗਿ੍ਰਫਤਾਰੀਆਂ ਅਤਿ ਨਿੰਦਣਯੋਗ ਹਨ। ਇਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਫਾਸ਼ੀਵਾਦੀ ਪਹੁੰਚ ਦਾ ਪ੍ਰਤੀਬਿੰਬ ਹੈ। 

ਜਦੋਂ ਨਵੀਂ ਸੰਸਦ ਦਾ ਉਦਘਾਟਨ ਕੀਤਾ ਜਾ ਰਿਹਾ ਸੀ, ਉਹ ਸਮਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਚੁਣਿਆ ਗਿਆ। ਇਹ ਸਾਰਾ ਘਟਨਾਕ੍ਰਮ ਅਤੇ ਸਮਾਂ ਸਮਾਂ ਬਿਲਕਿਸ ਬਾਨੋ ਦੇ ਪਰਵਾਰ ਦੀ ਰਿਹਾਈ ਦੇ ਸਮਾਨ ਹੈ। ਹੁਣ ਸਮਾਂ ਆ ਗਿਆ ਹੈ ਕਿ ਰਾਸ਼ਟਰ ਕੇਂਦਰ ਦੀ ਫਾਸ਼ੀਵਾਦੀ ਸਰਕਾਰ ਦੇ ਨਾਪਾਕ ਮਨਸੂਬਿਆਂ ਨੂੰ ਸਮਝੇ, ਜੋ ਕਿਸੇ ਵੀ ਵਿਅਕਤੀ ਨੂੰ ਜੋ ਕਿ ਕੋਈ ਸਵਾਲ ਜਾਂ ਇਨਸਾਫ ਦੀ ਮੰਗ ਕਰਦਾ ਹੈ, ਨੂੰ ਕੁਚਲਣ ਲਈ ਤਿਆਰ ਹੈ। 

ਬੁਲਾਰਿਆਂ ਕਿਹਾ ਕਿ ਇਹ ਘਟਨਾਵਾਂ ਅੱਖਾਂ ਖੋਲ੍ਹਣ ਵਾਲੀਆਂ ਹਨ ਕਿ ਫਾਸ਼ੀਵਾਦੀ ਤਾਕਤਾਂ ਕਿਸੇ ਨੂੰ ਵੀ ਨਹੀਂ ਬਖਸ਼ਦੀਆਂ। ਪ੍ਰਧਾਨ ਮੰਤਰੀ ਨੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਵਾਰਾਂ ਪ੍ਰਤੀ ਕੋਈ ਹਮਦਰਦੀ ਨਹੀਂ ਸੀ ਦਿਖਾਈ ਅਤੇ ਨਾ ਹੀ ਉਨ੍ਹਾ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੀ ਹੱਤਿਆ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦੁਆਰਾ ਕਤਲ ਕੀਤੇ ਗਏ ਲੋਕਾਂ ਲਈ ਇੱਕ ਸ਼ਬਦ ਵੀ ਬੋਲਿਆ। ਬੁਲਾਰਿਆਂ ਕਿਹਾ ਕਿ ਸੰਵਿਧਾਨ ਨੂੰ ਬਚਾਉਣ ਲਈ ਮੋਦੀ ਸਰਕਾਰ ਨੂੰ ਜੜ੍ਹੋਂ ਉਖਾੜਨਾ ਜ਼ਰੂਰੀ ਹੈ। ਇਸ ਮੌਕੇ ਜ਼ੁਲਮ ਦੇ ਪ੍ਰਤੀਕ ਮੋਦੀ ਦਾ ਪੁਤਲਾ ਫੂਕਿਆ ਗਿਆ। 

ਸੰਬੋਧਨ ਕਰਨ ਵਾਲਿਆਂ ਵਿੱਚ ਡੀ ਪੀ ਮੌੜ, ਚਮਕੌਰ ਸਿੰਘ, ਐੱਮ ਐੱਸ ਭਾਟੀਆ, ਰਮੇਸ਼ ਰਤਨ, ਵਿਜੇ ਕੁਮਾਰ, ਕੇਵਲ ਸਿੰਘ ਬਨਵੈਤ, ਚਰਨ ਸਰਾਭਾ, ਗੁਰਮੇਲ ਮੈਲਡੇ, ਭਗਵਾਨ ਸਿੰਘ, ਡ. ਗੁਲਜ਼ਾਰ ਪੰਧੇਰ ਸ਼ਾਮਲ ਸਨ। ਪ੍ਰਦਰਸ਼ਨ ਵਿਚ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਪੰਧੇਰ ਖੇੜੀ, ਗੁਰਮੇਲ ਸਿੰਘ ਮੇਹਲੀ, ਹਰਜਿੰਦਰ ਸਿੰਘ ਸੀਲੋਂ, ਮਨਜੀਤ ਸਿੰਘ ਮੁੱਲਾਂਪਰ, ਵਿਨੋਦ ਕੁਮਾਰ, ਕਾਮੇਸ਼ਵਰ ਯਾਦਵ, ਕੁਲਵੰਤ ਕੌਰ, ਅਵਤਾਰ ਛਿੱਬੜ, ਸਰੋਜ ਕੁਮਾਰ ਅਤੇ ਮਲਕੀਤ ਸਿੰਘ ਮਾਲੜਾ ਆਦਿ ਹਾਜ਼ਰ ਸਨ। ਰਾਹਤ ਇੰਦੌਰੀ ਵੱਜੋਂ ਮਸ਼ਹੂਰ ਹੋਏ ਸ਼ਾਇਰ ਸ਼ਫੀਕ, ਪੰਜਾਬੀ ਭਵਨ ਵਿੱਚ ਹਰ ਮਾਮਲੇ ਤੇ ਖੁੱਲ੍ਹੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੇ ਬਾਪੂ ਬਲਕੌਰ ਸਿੰਘ ਗਿੱਲ, ਸਰਕਾਰਾਂ 'ਤੇ ਵਿਗਿਆਨੀਆਂ ਨਾਲ ਹੁੰਦੀਆਂ ਆ ਰਹੀਆਂ ਬੇਇਨਸਾਫੀਆਂ ਦੇ ਗੰਭੀਰ ਦੋਸ਼ ਲਾਉਣ ਵਾਲੇ ਸਾਇੰਸਦਾਨ ਡਾਕਟਰ ਬਲਵਿੰਦਰ ਔਲਖ, ਕਾਮਰੇਡ ਚਮਕੌਰ ਸਿੰਘ ਅਤੇ ਕਈ ਹੋਰ ਸਰਗਰਮ ਖੱਬੇਪੱਖੀ ਸ਼ਾਮਲ ਸਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday, May 24, 2023

ਲੁਧਿਆਣਾ ਦੇ ਸਫਾਈ ਸੇਵਕਾਂ ਦੀਆਂ ਮੰਗਾਂ ਮਨਜ਼ੂਰ

ਕਰਮਚਾਰੀ ਸੰਯੁਕਤ ਕਮੇਟੀ ਨੇ ਕੀਤਾ ਕਮਿਸ਼ਨਰ ਮੈਡਮ ਦਾ ਧੰਨਵਾਦ 

ਲੁਧਿਆਣਾ: 24 ਮਈ 2023: (ਰਾਜੇਸ਼ ਕੁਮਾਰ//ਕਾਮਰੇਡ ਸਕਰੀਨ ਡੈਸਕ ):: 

ਸਫਾਈ ਦੀਆਂ ਡਿਊਟੀਆਂ ਨਿਭਾਉਂਦਿਆਂ ਬਹੁਤ ਸਾਰੇ ਕਰਮਚਾਰੀ ਜਾਂ ਤਾਂ ਮੌਤ ਦੇ ਮੂੰਹ ਵਿਚ ਪਹੁੰਚ ਜਾਂਦੇ ਹਨ ਤੇ ਜਾਂ ਫਿਰ ਕਿਸੇ ਨ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਕੇ ਉਮਰ ਭਰ ਲਈ ਅਪਾਹਜ ਵਾਂਗ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੋ ਜਾਂਦੇ ਹਨ। ਗੱਟਰ ਵਿਚਲੀਆਂ ਗੈਸਾਂ ਅਤੇ ਗੱਟਰ ਵਿੱਚ ਅਚਾਨਕ ਹੀ ਬਿਨਾ ਕਿਸੇ ਅਗੋਂ ਸੂਚਨਾ ਦੇ ਛੱਡੇ ਜਾਂਦੇ ਗਰਮ ਪਾਣੀ ਨਾਲ ਬਹੁਤ ਸਾਰੇ ਹਾਦਸੇ ਹੋ ਚੁੱਕੇ ਹਨ। ਏਨੀ ਮੁਸ਼ਕਲਾਂ ਭਰੀ ਜ਼ਿੰਦਗੀ ਦੇ ਬਾਵਜੂਦ ਕਦੇ ਉਹਨਾਂ ਨੂੰ ਤਨਖਾਹਾਂ ਪੂਰੀਆਂ ਨਹੀਂ ਮਿਲਦੀਆਂ ਅਤੇ ਕਦੇ ਸਮੇਂ ਸਿਰ ਨਹੀਂ ਮਿਲਦੀਆਂ। ਇਹਨਾਂ ਦੀਆਂ ਮੰਗਾਂ ਅਤੇ ਅਧਿਕਾਰਾਂ ਲਈ ਲੜਨ ਵਾਲੇ ਲੀਡਰ ਇੱਕ ਵਾਰ ਫੇਰ ਮੈਦਾਨ ਵਿਚ ਹਨ। ਅੱਜ ਨਵੀਆਂ ਜਿੱਤਾਂ ਦੀ ਜਾਣਕਾਰੀ ਵੀ ਮਿਲੀ ਹੈ ਜਿਸ ਨਾਲ ਅਗਲੇ ਸੰਘਰਸ਼ ਵੀ ਤਿੱਖੇ ਹੋਣਗੇ। 

ਮਿਊਂਸੀਪਲ ਕਰਮਚਾਰੀ ਸੰਯੁਕਤ ਕਮੇਟੀ ਨਗਰ ਨਿਗਮ ਲੁਧਿਆਣਾ ਵਲੋਂ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਜੀ  ਕਾਮਰੇਡ ਗੁਰਜੀਤ ਜਗਪਾਲ ਸਿੰਘ ਦੀ ਅਗਵਾਈ ਹੇਠ ਵਫਦ ਸ੍ਰੀਮਤੀ ਸ਼ੈਨਾ ਅਗਰਵਾਲ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੂੰ  ਮਿਲਿਆ।  ਇਸ ਮੌਕੇ ਤੇ ਕਾਮਰੇਡ ਵਿਜੈ ਕੁਮਾਰ ਜੀ ਨੇ ਕਿਹਾ ਕੀ ਜੋ ਮਤਾ ਨੰਬਰ 393/394 ਮਿਤੀ 4/10/2022 ਸਰਕਾਰ ਨੂੰ ਭੇਜਿਆ ਗਿਆ ਸੀ ਜਿਸ ਵਿਚ ਸਫਾਈ ਸੇਵਕ / ਸੀਵਰਮੈਨ ਰੈਗੁਲਰ ਕਿਤੇ ਕਰਮਚਾਰੀ ਦੀ ਤਨਖਾਹ ਰੁਕੀ ਹੋਈ ਸੀ ਉਹ ਮਤਾ ਪਾਸ ਹੋ ਗਿਆ ਹੈ। 

ਮੈਡਮ ਕਮਿਸ਼ਨਰ ਨੇ ਮੌਕੇ ਤੇ ਹੀ ਹੈਲਥ ਅਫਸਰ,DCFA ਨੂੰ ਹਦਾਇਤ ਕੀਤੀ ਹੈ ਕਿ ਸਫ਼ਾਈ ਸੇਵਕ ਸੀਵਰਮੈਨ ਜੋ ਕੁੱਲ ਗਿਣਤੀ 3589 ਮੁਲਾਜ਼ਮਾਂ  ਦੀ ਪੁਲਿਸ ਵੈਰੀਫਿਕੇਸ਼ਨ ਹੋ ਗਈ ਹੈ ਉਨ੍ਹਾਂ ਮੁਲਾਜਮਾਂ ਦੀ ਤਨਖਾਹ 18000 ਰੁਪਏ ਦੇ ਅਨੁਸਾਰ ਪਾਈਆਂ ਜਾਣ ਅਤੇ ਇਸ ਦੇ ਨਾਲ ਹੀ 28 ਡਰਾਈਵਰ ਦੀ ਜੋ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਤਨਖਾਹਾਂ ਰੁਕੀਆਂ ਹੋਈਆਂ ਹਨ ਉਨ੍ਹਾਂ ਦਾ ਬਿੱਲ ਬਣਾ ਕੇ ਅੱਜ ਦੀ ਤਨਖਾਹ ਜਾਰੀ ਕੀਤੀ ਜਾਵੇ।  ਇਸਦੇ ਨਾਲ ਹੀ ਜਿਨ੍ਹਾਂ ਮੁਲਾਜ਼ਮਾਂ ਦੀ IHRMS ਦੇ ਕਾਰਨ ਤਨਖਾਹਾਂ ਰਹਿ ਗਈ ਹੈ ਉਹਨਾਂ ਦੀ ਤਨਖਾਹ ਅੱਜ  ਪਾਈ ਜਾਵੇ ਸੰਯੁਕਤ  ਕਮੇਟੀ ਨੇ ਮੈਡਮ ਕਮਿਸ਼ਨਰ ਦਾ ਧੰਨਵਾਦ ਕੀਤਾ। 

ਸੰਯੁਕਤ ਕਮੇਟੀ ਨੇ ਮੈਡਮ ਕਮਿਸ਼ਨਰ ਨੂੰ ਕਿਹਾ ਕਿ ਜੋ ਓ ਐਂਡ ਐਮ ਸੈੱਲ ਦਾ  ਵਿਭਾਗ ਵਰਲਡ ਬੈਂਕ  ਦੀ ਕੰਪਨੀ ਦੇ ਹੈਡ ਓਵਰ ਕਰ ਰਹੇ ਹਨ ਉਹਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਨੋਕਰੀ SAFE ਰੱਖਣ ਲਈ   ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਓਹਨਾ ਸ਼ਰਤਾਂ ਦੀ ਤਫਤੀਸ਼ ਬਨਾਈ ਜਾ ਰਹੀ ਹੈ 

ਇਸ ਮੌਕੇ ਤੇ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਜੀ, ਕਾਮਰੇਡ ਗੁਰਜੀਤ ਜਗਪਾਲ ਸਿੰਘ, ਕਾਮਰੇਡ ਸ਼ਾਮ ਲਾਲ ਜੀ, ਕਾਮਰੇਡ ਪ੍ਰੀਤਮ, ਕਾਮਰੇਡ ਬਲਜੀਤ ਸੁਪਰਵਾਈਜ਼ਰ, ਕਾਮਰੇਡ ਮਹੀਂਪਾਲ ਜੀ, ਅਸ਼ੋਕ ਕੁਮਾਰ, ਵਰਿੰਦਰ ਕੁਮਾਰ, ਅਮਨ ਕੁਮਾਰ, ਜਗਦੀਸ਼, ਰਾਜੇਸ਼ ਕੁਮਾਰ ਆਦਿ ਸ਼ਾਮਲ ਸਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, May 15, 2023

ਸ਼ਹੀਦ ਗੁਰਮੇਲ ਨੂੰ ਸ਼ਰਧਾਂਜਲੀ ਦੇਣ ਲਈ ਇਸ ਵਾਰ ਵੀ ਲੋਕ ਵਹੀਰਾਂ ਘਤ ਕੇ ਪਹੁੰਚੇ

ਸਿਆਸੀ ਲੀਡਰਾਂ ਦੇ ਨਾਲ ਨਾਲ ਲੇਖਕ, ਪੱਤਰਕਾਰ, ਕਲਾਕਾਰ ਵੀ ਪੁੱਜੇ 


ਪੰਧੇਰਖੇੜੀ
(ਲੁਧਿਆਣਾ): 14 ਮਈ 2023: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ)::

ਲੋਕ-ਇਨਕਲਾਬ ਦੀ ਲੜਾਈ ਲੜਦਿਆਂ ਜਦੋਂ ਫਿਰਕੂ ਅਨਸਰਾਂ ਨੇ ਜਦੋਂ ਆਮ ਲੋਕਾਂ ਨੂੰ ਵੀ ਡਰਾਉਣਾ ਧਮਕਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਖਿਲਾਫ ਉੱਠਣ ਵਾਲਿਆਂ ਵਿੱਚ ਕਾਮਰੇਡ ਗੁਰਮੇਲ ਹੂੰਝਣ ਵੀ ਸੀ। ਖਤਰਿਆਂ ਦੇ ਬਾਵਜੂਦ ਉਸਨੇ ਆਮ ਲੋਕਾਂ ਵਿਚ  ਵਿਚਰਨਾ ਨਹੀਂ ਸੀ ਛੱਡਿਆ। ਧਮਕੀਆਂ ਨੂੰ ਉਸਨੇ ਟਿੱਚ ਸਮਝਿਆ ਸੀ। ਹਿੰਸਕ ਵਾਰਦਾਤਾਂ ਦੀ ਹਨੇਰੀ ਉਸਨੂੰ ਆਮ ਲੋਕਾਂ ਨਾਲ ਮਿਲਣ ਗਿਲਣ ਤੋਂ ਰੋਕ ਨਹੀਂ ਸੀ ਸਕੀ। ਇਹ ਉਸਦੀ ਆਪਣੇ ਵਿਲੱਖਣ ਅੰਦਾਜ਼ ਵਿੱਚ ਹੀ ਉਹਨਾਂ ਵੇਲਿਆਂ ਵਿੱਚ ਵੀ ਇੱਕ ਜਨ ਸੰਪਰਕ ਮੁਹਿੰਮ ਹੀ ਸੀ। ਅਜਿਹੀ ਜਨਸੰਪਰਕ ਮੁਹਿੰਮ ਜਿਸ ਲਈ ਨਾ ਪਾਰਟੀ ਦੀ ਸੂਬਾ ਹਾਈ ਕਮਾਨ ਨੇ ਕੋਈ ਮਤਾ ਜਾਂ ਪ੍ਰੋਗਰਾਮ ਭੇਜਿਆ ਸੀ ਤੇ ਨਾ ਹੀ ਕੌਮੀ ਹਾਈ ਕਮਾਨ ਨੇ। ਉਦੋਂ ਗੁਰਮੇਲ ਵਰਗੇ ਬਹਾਦਰ ਸਾਥੀਆਂ ਕਾਰਨ ਹੀ ਭਾਰਤੀ ਕਮਿਊਨਿਸਟ ਪਾਰਟੀ ਵੀ ਆਮ ਲੋਕਾਂ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਸੀ। 

ਇਸ ਹਕੀਕਤ ਦੇ ਬਾਵਜੂਦ ਪਾਰਟੀ ਨਾਲ ਜੁੜੇ ਸਾਥੀਆਂ ਨੂੰ ਕਦਮ ਕਦਮ ਤੇ ਖਤਰਾ ਸੀ। ਡਾਕਟਰ ਜਗਤਾਰ ਹੁਰਾਂ ਦੀਆਂ ਸਤਰਾਂ ਚੇਤੇ ਆ ਰਹੀਆਂ ਹਨ:

ਹਰ ਮੋੜ 'ਤੇ ਸਲੀਬਾਂ, ਹਰ ਪੈਰ ਤੇ ਹਨੇਰਾ 

ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ!

ਇਸੇ ਬੇਖੌਫ਼ੀ ਅਤੇ ਬੇਪਰਵਾਹੀ ਵਾਲੀ ਮੁਸਕਰਾਹਟ ਵੰਡਦਾ ਗੁਰਮੇਲ ਹਰ ਰੋਜ਼ ਸਵੇਰ ਸਾਰ  ਹੀ ਘਰੋਂ ਨਿਕਲਦਾ ਅਤੇ  ਆਪਣੇ ਪਹਿਲਾਂ ਤੋਂ ਹੀ ਉਲੀਕੇ ਜਾਂ ਬਣੇ ਬਣਾਏ ਪ੍ਰੋਗਰਾਮ ਮੁਤਾਬਿਕ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਗਿਲਦਾ। ਇਹਨਾਂ ਵਿੱਚ ਟੀਵੀ, ਫਰਿੱਜ ਅਤੇ ਬਿਜਲੀ ਦੇ ਹੋਰ ਸਾਜ਼ੋ ਸਾਮਾਨ ਵੇਚਣ ਵਾਲੀ ਦੁਕਾਨ ਚਲਾਉਂਦਾ ਮੰਡੀ ਅਹਿਮਦਗੜ੍ਹ ਵਾਲਾ ਜਤਿੰਦਰ ਭੋਲਾ ਵੀ ਸੀ। ਇਹ ਦੁਕਾਨ ਛਪਾਰ ਰੋਡ 'ਤੇ ਸਥਿਤ ਸੀ। ਅਕਸਰ ਇਸ ਦੁਕਾਨ ਵਿੱਚ ਗੁਰਮੇਲ ਹੁਰਾਂ ਦਾ ਸਤਿਸੰਗ ਜੁੜਿਆ ਕਰਦਾ ਸੀ ਜਿਸ ਵਿਚ ਉਹਨਾਂ ਵੇਲਿਆਂ ਦੇ ਸੱਚ ਦੀ ਚਰਚਾ ਹੁੰਦੀ ਸੀ। । 

ਗੁਰਮੇਲ ਹੁਰਾਂ ਦੇ ਮਿੱਤਰਾਂ ਵਿੱਚ ਹੀ ਮੰਡੀ ਅਹਿਮਦਗੜ੍ਹ ਦੀ ਛਪਾਰ ਰੋਡ 'ਤੇ ਹੀ ਟਰੈਕਟਰ ਪਾਰਟਸ ਵੇਚਣ ਦੀ ਦੁਕਾਨ ਚਲਾਉਣ ਦੇ ਨਾਲ ਪੱਤਰਕਾਰੀ ਕਰਨ ਵਾਲਾ ਪਵਨ ਗੁਪਤਾ ਵੀ ਸੀ। ਇਸੇ ਦੁਕਾਨ ਦੇ ਸਾਹਮਣੇ ਚੱਲਦੀ ਪ੍ਰਿੰਟਿੰਗ ਪ੍ਰੈਸ ਦਾ ਸੰਚਾਲਕ ਤੇਜਿੰਦਰ ਬਿੰਝੀ ਵੀ ਸੀ। ਬਹੁਤ ਸਾਰੇ ਹੋਰ ਲੋਕ ਵੀ ਉਸਨੂੰ ਚਾਹੁਣ ਵਾਲੇ ਸਨ। ਦਿਲਚਸਪ ਗੱਲ ਇਹ ਹੈ ਕਿ ਇਹਨਾਂ ਵਿੱਚ ਗੈਰ ਕਮਿਊਨਿਸਟ ਅਤੇ ਵਿਚਾਰਧਾਰਕ ਵਖਰੇਵਿਆਂ ਵਾਲੇ ਲੋਕ ਅਕਸਰ ਜ਼ਿਆਦਾ ਹੁੰਦੇ। ਇਹਨਾਂ ਨਾਲ ਮਿਲਣਾ ਗਿਲਣਾ ਅਸਲ ਵਿੱਚ ਨੁੱਕੜ ਮੀਟਿੰਗਾਂ ਵਰਗਾ ਅਸਰ ਹੀ ਛੱਡ ਰਿਹਾ ਸੀ। 

ਬਿਜਲੀ ਵਾਲਾ ਜਤਿੰਦਰ ਭੋਲਾ ਉਸਦੀ ਜਗਾਈ ਚੇਤਨਾ ਦੇ ਸਿੱਟੇ ਵੱਜੋਂ ਹੀ ਇੱਕ ਦਿਨ ਨਗਰਪਾਲਿਕਾ ਦਾ ਕੌਂਸਲਰ ਮੈਂਬਰ ਵੀ ਬਣਿਆ ਅਤੇ ਫਿਰ ਸ਼ਾਇਦ ਪ੍ਰਧਾਨ ਵੀ। ਇਸੇ ਤਰ੍ਹਾਂ ਪਵਨ ਗੁਪਤਾ ਵਿਚ ਏਨੀ ਜਾਗ੍ਰਤੀ ਅਤੇ ਹਿੰਮਤ ਆ ਗਈ ਕਿ ਉਹ ਨਾ ਵਡੇ ਅਫਸਰ ਦਾ ਲਿਹਾਜ਼ ਕਰਿਆ ਕਰੇ ਅਤੇ ਨਾ ਹੀ ਕਿਸੇ ਲੀਡਰ ਦਾ। ਸੁਆਲ ਪੁੱਛਣ ਲੱਗਿਆਂ ਉਹ ਸਾਹਮਣੇ ਵਾਲੇ ਨੂੰ ਪਸੀਨੇ ਲਿਆ ਦੇਂਦਾ ਸੀ। ਇਲਾਕਾ ਹੈਰਾਨ ਸੀ ਇਹ ਪੱਤਰਕਾਰ ਏਨੇ ਤਿੱਖੇ ਸੁਆਲ ਕਿਵੇਂ ਪੁੱਛ ਲੈਂਦੈ? 

ਇਸ ਸਾਰੇ ਘਟਨਾਕ੍ਰਮਨੂੰ ਦੇਖਦਿਆਂ ਅਸੀਂ ਸਾਰੇ ਖੁਸ਼ ਵੀ ਸਾਂ ਪਰ ਹੋਣੀ ਆਪਣੀਆਂ ਚਾਲਾਂ ਚੱਲ ਰਹੀ ਸੀ ਜਿਹਨਾਂ ਨੂੰ ਸਮੇਂ ਸਿਰ ਦੇਖਣ ਵਿਚ ਅਸੀਂ ਨਾਕਾਮ ਰਹੇ। ਕਤਲਾਂ ਨੂੰ ਆਏ ਦਿਨ ਸਕੋਰ ਦਸ ਕੇ ਵਧਾਉਂਦੇ ਆ ਰਹੇ ਕਾਤਲ ਟੋਲਿਆਂ ਦੇ ਮੈਂਬਰ ਲਗਾਤਾਰ ਨੇੜੇ ਹੀ ਨੇੜੇ ਹੁੰਦੇ ਆ ਰਹੇ ਸਨ। ਉਹਨਾਂ ਦੇ ਸੂਹੀਏ ਸ਼ਾਇਦ ਸਾਡੇ ਸਰਕਲਾਂ ਨਾਲੋਂ ਵਧੇਰੇ ਸਨ। ਕਾਮਰੇਡ ਗੁਰਮੇਲ ਦੀ ਇੱਕ ਪਹਿਲਕਦਮੀ ਅਤੇ ਪ੍ਰੋਗਰਾਮ ਦਾ ਪੂਰਾ ਬਿਓਰਾ ਉਹਨਾਂ ਕੋਲ ਪਹੁੰਚ ਰਿਹਾ ਸੀ। ਇੱਕ ਦਿਨ ਇਹਨਾਂ ਕਾਲੇ ਦਿਨਾਂ ਦੇ ਦੌਰ ਨੇ ਹੀ ਸਾਡਾ ਹਰਮਨ ਪਿਆਰਾ ਗੁਰਮੇਲ ਸਾਡੇ ਕੋਲੋਂ ਖੋਹ ਲਿਆ। 

ਉਸਨੇ ਲੋਕਾਂ ਦੇ ਭਲੇ ਹਿੱਤ ਲੜਦਿਆਂ ਆਪਣੀ ਜਾਨ ਵਾਰ ਦਿੱਤੀ। ਉਸ ਸ਼ਹੀਦੀ ਅਸਥਾਨ ਤੇ ਹੁਣ ਬਹੁਤ ਹੀ ਸ਼ਾਨਦਾਰ ਸ਼ਹੀਦੀ ਲਾਟ ਸੁਸ਼ੋਭਿਤ ਹੈ ਜਿਥੇ ਹਰ ਸਾਲ ਭਰਵਾਂ ਮੇਲਾ ਲੱਗਦਾ ਹੈ। ਲੋਕ ਬੜੇ ਅਦਬ ਨਾਲ ਆਪਣਾ ਸਿਰ ਝੁਕਾਉਂਦੇ ਹਨ ਅਤੇ ਉਥੋਂ ਦੀ  ਦੀ ਮਿੱਟੀ ਨੂੰ ਮੱਥੇ ਤੇ ਲਾ ਕੇ ਕਾਮਨਾ ਕਰਦੇ ਹਨ ਕਿ ਸਾਡੇ ਸਭਨਾਂ ਦੇ ਅੰਦਰ ਵੀ ਇਹ ਜੇਰਾ ਹਮੇਸ਼ਾਂ ਬਣਿਆ ਰਹੇ। ਇਸ ਵਾਰ ਵੀ ਬਰਸੀ ਮੌਕੇ ਜੋਸ਼ੀਲਾ ਸਮਾਗਮ ਆਯੋਜਿਤ ਹੋਇਆ ਜਿਸ ਵਿੱਚ ਕਾਮਰੇਡ ਹਰਦੇਵ ਅਰਸ਼ੀ, ਕਾਮਰੇਡ ਡੀ ਪੀ ਮੌੜ, ਡਾਕਟਰ ਅਰੁਣ ਮਿੱਤਰਾ, ਡਾਕਟਰ ਗੁਲਜ਼ਾਰ ਪੰਧੇਰ ਅਤੇ ਕਾਮਰੇਡ ਐਮ ਐਸ ਭਾਟੀਆ ਵੀ ਉਚੇਚ ਨਾਲ ਪੁੱਜੇ। ਕਾਮਰੇਡ ਗੁਰਨਾਮ ਸਿੱਧੂ ਦੀ ਪਤਨੀ ਅਤੇ ਇਸਤਰੀ ਸਭਾ ਭ ਦੀ ਜੁਝਾਰੂ ਲੀਡਰ ਕੁਲਵੰਤ ਵੀ ਆਪਣੀਆਂ ਸਾਥਣਾਂ ਨਾਲ ਪੁੱਜੀ ਹੋਈ ਸੀ। 

ਦੂਰ ਦੁਰਾਡੇ ਇਲਾਕਿਆਂ ਵਿੱਚੋਂ ਬਸਾਂ, ਮਿੰਨੀ ਬਸਾਂ ਅਤੇ ਟੈਂਪੂ ਟਰੱਕ ਵਗੈਰਾ ਉਹਨਾਂ ਲੋਕਾਂ ਨਾਲ ਭਰ ਕੇ ਆਏ ਹੋਏ ਸਨ ਜਿਹੜੇ ਅੱਜ ਵੀ ਉਸੇ ਸੋਚ ਨੂੰ ਪ੍ਰਣਾਏ ਹੋਏ ਹਨ ਜਿਸ ਸੋਚ ਦਾ ਸੂਰਜ ਕਾਮਰੇਡ ਗੁਰਮੇਲ ਦੇ ਮੱਥੇ ਵਿੱਚ ਰੌਸ਼ਨੀ ਵੰਡਦਾ ਸੀ। ਸਥਿਰੀ ਜੰਗ ਵਰਗੀ ਸੀ। ਇੱਕ ਅਜਿਹੀ ਜੰਗ ਜਿਹੜੀ ਆਮ ਕਿਰਤੀ ਲੋਕਾਂ ਨੇ ਕਦੇ ਨਹੀਂ ਸੀ ਚਾਹੀ। ਪਰ ਲੜਨਾ ਵੀ ਜ਼ਰੂਰੀ ਸੀ। ਹੋਰ ਕੋਈ ਚਾਰ ਹੀ ਨਹੀਂ ਸੀ ਬਚਿਆ। ਪਾਸ਼ ਦੀਆਂ ਸਤਰਾਂ ਸੱਚ ਸਾਬਿਤ ਹੋ ਰਹੀਆਂ ਸਨ-ਅਸੀਂ ਲੜਾਂਗੇ ਸਾਥ!

ਜਦੋਂ ਬੂਹੇ ਲੱਗੀ ਜੰਗ ਹੋਵੇ,ਸਿਰਾਂ ਦੀ ਵੀ ਮੰਗ ਹੋਵੇ

ਲੁਕਦੇ ਲੁਕਾਉਂਦੇ ਉਦੋਂ ਹੋਰ ਹੁੰਦੇ ਨੇ!

ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ;

ਉਦੋਂ ਜੰਗ ਵਿਚ ਜਾਣ ਵਾਲੇ ਹੋਰ ਹੁੰਦੇ ਨੇ!

ਅਮਰ ਸ਼ਹੀਦ ਕਾਮਰੇਡ ਗੁਰਮੇਲ ਹੂੰਝਣ ਨੂੰ ਆਪਣੀ ਸ਼ਹਾਦਤ ਵਾਲੀ ਇਸ ਹੋਣੀ ਦਾ ਪਤਾ ਵੀ ਸੀ। ਉਹ ਚਾਹੁੰਦਾ ਤਾਂ ਬਚ ਵੀ ਸਕਦਾ ਸੀ। ਉਸਨੂੰ ਪੁਲਿਸ ਅਤੇ ਪ੍ਰਸ਼ਾਸਨ ਨੇ ਵੀ ਸਲਾਹ ਦਿੱਤੀ ਹੋਈ ਸੀ ਕਿ ਚਾਰ ਪੰਜ ਦਿਨ ਘਰੇ ਨਾ ਵੜੀਂ ਤੈਨੂੰ ਮਾਰਨ ਵਾਲਾ ਕਾਤਲੀ ਟੋਲਾ ਆਪਣੇ ਘੁਰਨੇ ਵਿੱਚੋਂ ਨਿਕਲ ਚੁੱਕਿਆ ਹੈ। ਅਸੀਂ ਪੈੜ ਵੀ ਲਭ ਲਈ ਹੈ ਬਹੁਤ ਜਲਦੀ ਨੱਪ ਵੀ ਲਵਾਂਗੇ ਪਰ ਇਹ ਚਾਰ ਕੂ ਦਿਨ ਔਖੇ ਹਨ ਜ਼ਰਾ ਬਚ ਕੇ ਰਹੀਂ। 

ਕਾਮਰੇਡ ਗੁਰਮੇਲ ਨੇ ਇਹ ਚੇਤਾਵਨੀ ਅਣਸੁਣੀ ਕਰ ਛੱਡੀ। ਉਹ ਆਖ਼ਿਰੀ ਸਾਹਾਂ ਤੀਕ ਬੇਖੌਫ਼ੀ ਨਾਲ ਵਿਚਰਿਆ। ਇਸਦੇ ਬਾਵਜੂਦ ਗੁਰਮੇਲ ਹੂੰਝਣ ਨਿਡਰ ਵੀ ਰਿਹਾ, ਬੇਬਾਕ ਅਤੇ ਬੇਪਰਵਾਹ ਵੀ। ਅਸਲ ਵਿੱਚ ਉਸਦਾ ਯਕੀਨ ਵੀ ਸੀ ਕਿ ਇਹ ਜੰਗਲ ਮੇਰੇ ਲੋਕਾਂ ਦਾ ਹੈ ਜਿਸ ਦੇ ਭਲੇ ਲਈ ਅਸੀਂ ਉਮਰਾਂ ਲਾਈਆਂ ਹਨ। ਲੋਕਾਂ ਦੇ ਇਸ ਅਜਿੱਤ ਇਸ ਕਿਲੇ ਵਿਚ ਕਿਹੜਾ ਮਾਈ ਦਾ ਲਾਲ ਆ ਜਾਊ? ਬਸ ਏਥੇ ਹੀ ਸ਼ਾਇਦ ਗਲਤੀ ਲੱਗ ਗਈ ਸੀ। ਦਨਦਨਾਉਂਦੇ ਫਿਰਦੇ ਕਾਤਲੀ ਟੋਲਿਆਂ ਸਾਹਮਣੇ ਵਿਚਾਰੇ ਲੋਕ ਵੀ ਬੇਬਸ ਜਿਹੇ ਹੋਏ ਪਏ ਸਨ। ਉਹ ਗੁਰਮੇਲ ਦੇ ਨਿਹਚੇ ਤੇ ਪੂਰੇ ਨਹੀਂ ਸਨ ਉਤਰ ਸਕੇ। 

ਕਾਤਲ ਇਕੱਠੇ ਹੋ ਕੇ ਜਦੋਂ ਪਿੰਡ ਵਿਚ ਆਏ ਤਾਂ ਇੱਕ ਨੇੜਲੇ ਧਾਰਮਿਕ ਅਸਥਾਨ ਤੋਂ ਅਚਾਨਕ ਹੀ ਕਿਸੇ ਨੇ ਸਪੀਕਰ ਦੀ ਆਵਾਜ਼ ਪਲ ਭਰ ਲਈ ਬੰਦ ਵਰਗੀ ਹੌਲੀ ਕਰ ਦਿੱਤੀ। ਅਸਲ ਵਿੱਚ ਆਵਾਜ਼ ਹੋਲੀ ਕਰਕੇ ਕਾਤਲੀ ਟੋਲੇ ਨੂੰ ਇਸ਼ਾਰਾ ਦੇ ਦਿੱਤਾ ਗਿਆ ਸੀ  ਕਿ ਕਾਮਰੇਡ ਘਰੋਂ ਬਾਹਰ ਨਿਕਲ ਆਇਆ ਹੈ। ਅੱਛੋਪਲੇ ਹੀ ਕਾਤਲਾਂ ਨੇ ਕਾਮਰੇਡ ਗੁਰਮੇਲ ਅਤੇ ਕਾਮਰੇਡ ਜੋਗਿੰਦਰ ਸਿੰਘ ਨੂੰ ਆਪਣਾ ਨਿਸ਼ਾਨਾ ਬਣਾ ਦਿੱਤਾ।

ਉਦੋਂ ਤੋਂ ਲੈ ਕੇ ਹੁਣ ਤੱਕ ਸ਼ਹਾਦਤ ਵਾਲੇ ਉਸ ਦਿਨ ਨੂੰ ਲਗਾਤਾਰ ਮਨਾਇਆ ਜਾਂਦਾ ਹੈ। ਜਨਮ ਵੇਲੇ ਤਾਂ ਕਾਮਰੇਡ ਗੁਰਮੇਲ ਦਾ ਦੁਨਿਆਵੀ ਜਨਮ ਹੋਇਆ ਸੀ ਪਰ ਇਸ ਸ਼ਹਾਦਤ ਨੇ ਉਸਨੂੰ ਅਮਰ ਬਣਾ ਦਿੱਤਾ। ਉਹ ਲਾਲ ਸਵੇਰੇ ਦੀ ਕਾਮਨਾ ਵਿੱਚ ਲਹਿਰਾਉਂਦੇ ਲਾਲ ਝੰਡੇ ਦਾ ਸਪੁੱਤਰ ਬਣ ਗਿਆ। ਉਸਦਾ ਲਹੂ ਵੀ ਸ਼ਿਕਾਗੋ ਵਾਲੇ ਸ਼ਹੀਦਾਂ ਨਾਲ ਜਾ ਰਲਿਆ। ਉਸਨੇ ਪੰਜਾਬ ਦੇ ਉਹਨਾਂ ਅਮਰ ਸ਼ਹੀਦਾਂ ਵਿੱਚ ਆਪਣਾ ਨਾਮ ਲਿਖਵਾ ਲਿਆ ਜਿਹਨਾਂ ਨੇ ਕਿਸੇ ਵੀ ਹਥਿਆਰਬੰਦ ਟੋਲੇ ਦੀ ਈਨ ਨਹੀਂ ਸੀ ਮੰਨੀ।ਲਾਲ ਝੰਡੇ ਆਸ਼ਕਾਂ ਨੇ ਥਾਂ ਥਾਂ ਆਪਣੀਆਂ ਜਾਣਾ ਵਾਰੀਆਂ ਪਰ ਪਿੱਠ ਨਹੀਂ ਦਿਖਾਈ। 

ਉਹ ਸਾਡੇ ਚੇਤਿਆਂ ਵਿੱਚ ਹਮੇਸ਼ਾਂ ਰਹੇਗਾ।  ਉਹ ਅਮਰ ਹੈ ਜਦਕਿ ਉਸਦੇ ਕਾਤਲ ਚੌਥੇ ਕੂ ਦਿਨ ਹੀ ਮੁਕਾਬਲੇ ਵਿੱਚ ਮਾਰੇ ਗਏ ਸਨ।

ਲੋੜ ਸੀ ਜਿਹਨਾਂ ਹਾਲਾਤਾਂ ਵਿਚ ਜਿਸ ਸੋਚ ਕਾਰਨ ਗੁਰਮੇਲ ਨੇ ਆਪਣੀ ਸ਼ਹਾਦਤ ਦਿੱਤੀ ਉਸ ਭਾਵਨਾ ਨੂੰ ਅਤੇ ਹਾਲਾਤ ਦੇ ਉਸ ਵੇਲੇ ਦੇ ਵੇਰਵੇ ਨੂੰ ਘਰ ਘਰ ਹੀ ਨਹੀਂ ਬਲਕਿ ਹਰ ਦਿਲ ਤੱਕ ਪਹੁੰਚਾਇਆ ਜਾਂਦਾ। ਸਿਰਫ 14 ਮਈ ਹੀ ਨਹੀਂ ਹਰ ਰੋਜ਼ ਹਰ ਪਾਲ ਗੁਰਮੇਲ ਦੀਆਂ ਯਾਦਾਂ ਤਾਜ਼ਾ ਕੀਤੀਆਂ ਜਾਂਦੀਆਂ। ਹੁਣ ਹਰ ਸਾਲ ਮੇਲਾ ਜ਼ਰੂਰ ਲੱਗਦਾ ਹੈ ਪਰ ਉਸ ਮੇਲੇ ਵਿੱਚ ਪਾਰਟੀ ਦਾ ਮੌਜੂਦਾ ਸਿਆਸੀ ਏਜੰਡਾ ਸਾਹਮਣੇ ਆ ਜਾਂਦਾ ਹੈ। ਲੀਡਰਾਂ ਦੇ ਭਾਸ਼ਣ ਸਾਹਮਣੇ ਆ ਜਾਂਦੇ ਹਨ ਅਤੇ ਇਸ ਸਾਰੇ ਭਾਰੀ ਭਰਕਮ ਆਯੋਜਨ ਵਿਚ ਗੁਰਮੇਲ ਦੀ ਗੱਲ ਗੁਆਚ ਜਾਂਦੀ ਹੈ। ਅਜਿਹੇ ਮੌਕੇ ਵੀ ਰਸਮੀ ਜਿਹੇ ਬੋਲਾਂ ਨੂੰ ਛੱਡ ਕੇ ਗੁਰਮੇਲ ਦੀਆਂ ਯਾਦਾਂ ਸਾਂਝੀਆਂ ਨਹੀਂ ਕੀਤੀਆਂ ਜਾਂਦੀਆਂ ਜਦਕਿ ਗੁਰਮੇਲ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰ ਕੇ ਹੀ ਲੋਕਾਂ ਨੂੰ ਉਸ ਸੋਚ ਨਾਲ ਜੋੜਿਆ ਜਾ ਸਕਦਾ ਹੈ ਜਿਸ ਸੋਚ ਲਈ ਗੁਰਮੇਲ ਸ਼ਹੀਦ ਹੋਇਆ।   

ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇ ਅਤੇ ਅਸੀਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਰਹੀਏ ਇਸ ਮਕਸਦ ਲਈ ਸਾਨੂੰ ਸਭਨਾਂ ਨੂੰ ਹਰ ਪਲ ਸੁਚੇਤ ਰਹਿਣਾ ਹੀ ਚਾਹੀਦਾ ਹੈ। ਘਟੋਘਟ ਰੋਜ਼ ਨਹੀਂ ਤਾਂ ਇੱਕੋ  ਬਰਸੀ ਵਾਲਾ ਦਿਨ ਤਾਂ ਸਿਰਫ ਉਸ ਸ਼ਹੀਦ ਨੂੰ ਸਮਰਪਿਤ ਰਹਿਣਾ ਚਾਹੀਦਾ ਹੈ ਜਿਸਦੀ ਯਾਦ ਮਨਾਈ ਜਾ ਰਹੀ ਹੋਵੇ। ਸ਼ਹੀਦਾਂ ਨੂੰ ਭੁੱਲ ਕੇ ਸਦਾ ਕੋਈ ਸਿਆਸੀ ਏਜੰਡਾ ਜਾਂ ਸਮਾਜਕ ਏਜੰਡਾ ਪੂਰਾ ਨਹੀਂ ਹੋ ਸਕਦਾ। ਸ਼ਹੀਦਾਂ ਦੀ ਯਾਦ ਵਿਚ ਡਰਾਮੇ ਵੱਧ ਤੋਂ ਵੱਧ ਹੋਣ, ਸ਼ਾਇਰੀ ਦਾ ਦੌਰ ਵੀ ਉਹਨਾਂ ਨੂੰ ਸਮਰਪਿਤ ਰਹੇ। ਉਹਨਾਂ ਦੀ ਯਾਦ ਵਿਚ ਨਿੱਕੀਆਂ ਨਿੱਕੀਆਂ ਫ਼ਿਲਮਾਂ ਵੀ ਬਣਾਈਆਂ ਜਾਣ।  ਸਿਆਸੀ ਏਜੰਡੇ ਵਾਲੇ ਭਾਸ਼ਣ ਤਾਂ ਹਰ ਰੋਜ਼ ਹੁੰਦੇ ਹੀ ਰਹਿਣੇ ਹਨ। 

ਅਖੀਰ ਵਿੱਚ ਕਾਮਰੇਡ ਗੁਰਮੇਲ ਨੂੰ ਸ਼ਰਧਾਂਜਲੀ ਦੇਂਦਿਆਂ ਇੱਕ ਵਾਰ ਫੇਰ ਪਾਸ਼ ਦੀ ਬਹੁ ਚਰਚਿਤ ਕਵਿਤਾ ਦੀਆਂ ਕੁਝ ਸਤਰਾਂ ਆਓ ਇੱਕ ਵਾਰ ਫੇਰ ਪੜ੍ਹੀਏ:

ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ

ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ

ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ

ਤੇ ਅਸੀਂ ਲੜਾਂਗੇ ਸਾਥੀ………….

ਅਸੀਂ ਲੜਾਂਗੇ

ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ

ਅਸੀਂ ਲੜਾਂਗੇ

ਕਿ ਹਾਲੇ ਤੱਕ ਲੜੇ ਕਿਉਂ ਨਹੀਂ


ਅਸੀਂ ਲੜਾਂਗੇ

ਆਪਣੀ ਸਜ਼ਾ ਕਬੂਲਣ ਲਈ

ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ

ਅਸੀਂ ਲੜਾਂਗੇ ਸਾਥੀ…

ਅੰਤ ਵਿਚ ਇਸ ਲਿਖਤ ਬਾਰੇ ਵੀ:

ਰੈਕਟਰ ਕਥੂਰੀਆ ਅਤੇ ਉਹਨਾਂ ਵੇਲਿਆਂ ਦੇ ਹੋਰ ਪੱਤਰਕਾਰਾਂ ਨਾਲ ਹੋਈ ਗੱਲਬਾਤ ਅਤੇ ਜਾਣਕਾਰੀ ਤੇ ਅਧਾਰਿਤ ਇਹ ਲਿਖਤ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸਣਾ!ਛੇਤੀ ਹੀ ਅਸੀਂ ਇਸ ਸੰਬੰਧੀ ਆਪਣੇ ਨਵੇਂ ਪ੍ਰੋਜੈਕਟ ਨੂੰ ਵੀ ਤੁਹਾਡੇ ਸਾਹਮਣੇ ਲਿਆਵਾਂਗੇ। ਜੇ ਤੁਹਾਡੇ ਕੋਲ ਵੀ ਅਜਿਹੀ ਕੋਈ ਜਾਣਕਾਰੀ ਹੈ ਤਾਂ ਸਾਨੂੰ ਜ਼ਰੂਰ ਦੱਸਣਾ! ਸਾਨੂੰ ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ ਹੀ। ਉਸ ਖੌਫਨਾਲ ਦੌਰ ਨਾਲ ਸਬੰਧਤ ਪੁਰਾਣੀਆਂ ਤਸਵੀਰਾਂ, ਵੀਡੀਓ ਅਤੇ ਹੋਰ ਵੇਰਵੇ ਸਾਡੇ ਲਈ ਅੱਜ ਵੀ ਬਹੁਤ ਅਨਮੋਲ ਹਨ। ਸ਼ਹੀਦ ਗੁਰਮੇਲ ਦੇ ਹੋਰਨਾਂ ਸਾਥੀਆਂ ਅਤੇ ਪਰਿਵਾਰਿਕ ਮੈਂਬਰਾਂ ਤੱਕ ਵੀ ਸਾਡੀ ਇਹੀ ਅਪੀਲ ਹੈ ਕਿ ਇਸ ਪਾਸੇ ਗੰਭੀਰ ਹੋਣ। --ਕਾਰਤਿਕਾ ਸਿੰਘ (ਪੀਪਲਜ਼ ਮੀਡੀਆ ਲਿੰਕ)

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, May 1, 2023

ਮੋਦੀ ਸਰਕਾਰ ਨੂੰ ਚੱਲਦਾ ਕਰਨਾ ਸਮੇਂ ਦੀ ਲੋੜ-ਏਟਕ ਲੁਧਿਆਣਾ

Monday 1st May 2023 at 4:05 PM

ਏਟਕ:-ਮੋਦੀ ਸਰਕਾਰ ਲੋਕ-ਵਿਰੋਧੀ,ਮਜ਼ਦੂਰ-ਵਿਰੋਧੀ ਅਤੇ ਦੇਸ਼ ਵਿਰੋਧੀ 

ਗੈਸ ਲੀਕ ਕਾਂਡ ਵਿਚ ਮਾਰੇ ਗਏ ਲੋਕਾਂ ਨੂੰ 20-20 ਲੱਖ ਮੁਆਵਜ਼ੇ ਦੀ ਮੰਗ


ਲੁਧਿਆਣਾ
: 1 ਮਈ 2023: (ਕਾਮਰੇਡ 
ਸਕਰੀਨ ਬਿਊਰੋ)::


ਮੀਂਹ ਹਨੇਰੀ ਵਾਲੇ ਮੌਸਮ ਦੇ ਬਾਵਜੂਦ ਮਈ ਦਿਵਸ ਦੇ ਸ਼ਹੀਦਾਂ ਨੂੰ ਬਹੁਤ ਸਾਰੀਆਂ ਥਾਂਵਾਂ 'ਤੇ ਜੋਸ਼ੋ ਖਰੋਸ਼ ਨਾਲ ਯਾਦ ਕੇਤਾ ਗਿਆ ਅਤੇ ਇਸ ਦਿਨ ਮਜ਼ਦੂਰਾਂ ਦੀ ਇਤਿਹਾਸਿਕ ਜਿੱਤ ਦੀਆਂ ਖੁਸ਼ੀਆਂ ਵੀ ਮਨਾਈਆਂ ਗਈਆਂ। ਲੁਧਿਆਣਾ ਦੇ ਬਸ ਸਟੈਂਡ 'ਤੇ ਵੀ ਏਟਕ ਵੱਲੋਂ ਭਾਰੀ ਇਕੱਤਰਤਾ ਕੀਤੀ ਗਈ ਜਿਸ ਵਿੱਚ ਮੁਖ ਮਹਿਮਾਨ ਸਨ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ। ਉਹਨਾਂ ਦੇ ਨਾਲ ਪੰਜਾਬ ਏਟਕ ਦੇ ਹੀ ਮੀਤ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਵੀ ਮੌਜੂਦਾ ਰਹੇ। ਏਟਕ ਦੇ ਸੰਘਰਸ਼ਾਂ ਵਿੱਚ ਇਤਿਹਾਸਿਕ ਹਿੱਸਾ ਪਾਉਣ ਵਾਲੇ ਕਾਮਰੇਡ ਰਮੇਸ਼ ਰਤਨ, ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਚਰਨ ਸਿੰਘ ਸਰਾਭਾ, ਡਾਕਟਰ ਗੁਲਜ਼ਾਰ ਪੰਧੇਰ ਅਤੇ ਹੋਰ ਬਹੁਤ ਸਾਰੇ ਆਗੂ ਇਸ ਮੌਕੇ ਮੌਜੂਦ ਰਹੇ। ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਹੋਈ ਗੈਸ ਲੀਕ ਵਾਲੀ ਤ੍ਰਾਸਦੀ ਮੁੱਖ ਮੁੱਦਾ ਬਣੀ ਰਹੀ। 


ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਲੁਧਿਆਣਾ ਵੱਲੋਂ ਅੱਜ ਬੱਸ ਸਟੈਂਡ ਵਿਖੇ ਮਈ ਦਿਵਸ ਮਨਾਇਆ ਗਿਆ, ਜਿਸ ਵਿੱਚ ਏਟਕ ਨਾਲ ਸਬੰਧਤ ਸਾਰੀਆਂ ਯੂਨੀਅਨਾਂ ਅਤੇ ਆਜ਼ਾਦ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਨੇ ਹਿੱਸਾ ਲਿਆ। ਰੈਲੀ ਦੇ ਸ਼ੁਰੂ ਵਿਚ 30 ਅਪ੍ਰੈਲ ਨੂੰ ਗਿਆਸਪੁਰਾ ਵਿਖੇ ਗੈਸ ਲੀਕ ਹੋਣ ਨਾਲ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਰੈਲੀ ਨੂੰ  ਸੰਬੋਧਨ ਕਰਦਿਆਂ ਟਰੇੇਡ ਯੂਨੀਅਨ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਅਸਫ਼ਲ, ਕੇਂਦਰ ਵਿੱਚ ਆਰਐਸਐਸ  ਦੀ ਹੱਥ ਠੋਕਾ ਮੋਦੀ ਸਰਕਾਰ  ਲੋਕਾਂ ਦਾ ਧਿਆਨ ਹਟਾਉਣ ਲਈ ਫਿਰਕਾਪ੍ਰਸਤੀ ਦਾ ਸਹਾਰਾ ਲੈ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਵਿਚ ਪੇਸ਼ ਕੀਤਾ ਗਿਆ ਬਜਟ  ਲੋਕ ਵਿਰੋਧੀ ਅਤੇ ਦੇਸ਼  ਵਿਰੋਧੀ ਹੈ। ਇਹ ਕਾਰਪੋਰੇਟਾਂ ਦਾ ਪੱਖ ਪੂਰਦਾ ਹੈ। ਕਿਰਤੀ ਲੋਕਾਂ ਦੇ ਕਿਸੇ ਵੀ ਅਸਲ ਮੁੱਦੇ ਨੂੰ ਸੰਬੋਧਿਤ ਨਹੀਂ ਕੀਤਾ ਗਿਆ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ, ਸਭ ਨੂੰ ਸਮਾਜਿਕ ਸੁਰੱਖਿਆ, ਸਾਰਿਆਂ ਨੂੰ ਪੈਨਸ਼ਨ, ਸਕੀਮ ਵਰਕਰਾਂ ਨੂੰ ਰੈਗੂਲਰ ਕਰਨਾ, ਅਸੰਗਠਿਤ/ਗੈਰ-ਰਸਮੀ, ਸਨਅਤੀ ਅਤੇ ਖੇਤ ਮਜ਼ਦੂਰਾਂ ਲਈ ਘੱਟੋ-ਘੱਟ ਉਜਰਤਾਂ ਵਿੱਚ ਵਾਧਾ, ਕੇਂਦਰ ਅਤੇ ਰਾਜਾਂ ਵਿੱਚ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਭਰਨਾ ਆਦਿ।ਦੇਸ਼ ਦੀ 94% ਗੈਰ ਰਸਮੀ ਆਰਥਿਕਤਾ ਦੀ ਕਾਰਜ ਸ਼ਕਤੀ ਜੋ ਜੀਡੀਪੀ ਵਿੱਚ 60% ਯੋਗਦਾਨ ਪਾਉਂਦੀ ਹੈ, ਨੂੰ ਪੂਰੀ ਤਰਾਂ ਅਣਗੌਲਿਆ ਗਿਆ ਹੈ। ਸਾਰੀਆਂ ਨੌਕਰੀਆਂ ਨੂੰ ਸੀਮਤ ਸਮੇਂ ਲਈ ਠੇਕੇ ਤੇ ਦਿੱਤਾ ਜਾ ਰਿਹਾ ਹੈ ਜਿਵੇਂ ਕਿ ਫ਼ੌਜ ਵਿਚ ਅਗਨੀਵੀਰਾਂ ਦੀ 4 ਸਾਲ ਲਈ ਭਰਤੀ ਕੀਤੀ ਜਾ ਰਹੀ ਹੈ।


ਇਹਨਾਂ ਆਗੂਆਂ ਨੇ ਕਿਹਾ ਕਿ 1886 ਵਿਚ 8 ਘੰਟੇ ਦੀ ਦਿਹਾੜੀ ਪ੍ਰਾਪਤ ਕਰਨ ਲਈ ਸ਼ਿਕਾਗੋ ਵਿਖੇ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ । ਪਰ ਸਾਡੇ ਦੇਸ਼ ਵਿਚ 150 ਸਾਲਾਂ ਦੇ ਸੰਘਰਸ਼ ਨਾਲ ਪ੍ਰਾਪਤ ਕੀਤੇ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 4 ਕੋਡ ਬਣਾਉਣ ਨਾਲ  ਇਕ ਪਾਸੇ ਮਜ਼ਦੂਰਾਂ ਤੋੰ ਯੂਨੀਅਨ ਬਣਾਉਣ ਦਾ ਹੱਕ ਖੋਹਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਦਿਹਾੜੀ 12 ਘੰਟੇ ਦੀ ਕੀਤੀ ਜਾ ਰਹੀ ਹੈ ਅਤੇ ਦਿਹਾੜੀ ਦੀ ਕੀਮਤ 178/- ਰੁਪਏ ਕਰ ਦਿੱਤੀ ਗਈ ਹੈ।


ਇਹ ਸਰਕਾਰ ਵਿਦੇਸ਼ੀ ਅਤੇ ਭਾਰਤੀ  ਕਾਰਪੋਰੇਟ ਪੱਖੀ ਹੈ ਅਤੇ ਇਹ ਉਸ  ਸਵੈ-ਨਿਰਭਰ ਆਰਥਿਕ ਮਾਡਲ ਨੂੰ ਉਲਟਾ ਰਹੀ ਹੈ  ਜਿਸ ਨੂੰ ਦੇਸ਼ ਨੇ ਆਜ਼ਾਦੀ ਤੋਂ ਬਾਅਦ ਅਪਣਾਇਆ ਸੀ। ਮੌਜੂਦਾ ਸਰਕਾਰ ਦੀਆਂ ਇਹਨਾਂ ਨੀਤੀਆਂ ਦੇ ਨਤੀਜੇ ਵਜੋਂ ਲੋਕਾਂ ਦੇ ਜੀਵਨ ਪੱਧਰ ਵਿੱਚ ਪਾੜੇ ਵਧੇ ਹਨ, ਉਹਨਾਂ ਦਾ ਜਿਊਣਾ  ਹੋਰ ਵੀ ਦੂੱਭਰ  ਹੋ ਗਿਆ ਹੈ।ਆਰਥਿਕਤਾ ਹੋਰ ਵਿਗੜ ਰਹੀ ਹੈ। ਜ਼ਰੂਰੀ ਵਸਤਾਂ, ਅਨਾਜ, ਦਾਲਾਂ, ਕਣਕ ਦਾ ਆਟਾ, ਚੌਲ,  ਤੇਲ, ਰਸੋਈ ਗੈਸ (ਜੋ 2014 ਵਿੱਚ 400/- ਦਾ ਮਿਲਦਾ ਸੀ, ਹੁਣ 1150 ਰੁਪਏ ਪ੍ਰਤੀ ਸਿਲੰਡਰ),ਪੈਟਰੋਲ  ਅਤੇ ਡੀਜ਼ਲ  ਆਦਿ ਦੀਆਂ ਕੀਮਤਾਂ ਲਗਾਤਾਰ  ਵਧ ਰਹੀਆਂ ਹਨ। ਲੋਕਾਂ ਦਾ ਸਿੱਖਿਆ ਅਤੇ ਸਿਹਤ ਸੇਵਾਵਾਂ ਤੇ ਖਰਚ ਵਿੱਚ ਵਾਧਾ ਹੋ ਰਿਹਾ ਹੈ, ਜਦੋਂ ਕਿ ਆਮਦਨ/ਉਜਰਤ ਵਿੱਚ ਵਾਧਾ ਨਹੀਂ ਹੋ ਰਿਹਾ, ਹਰ ਗੁਜ਼ਰਦੇ ਦਿਨ ਦੇ ਨਾਲ ਗਰੀਬ ਕਿਰਤੀ ਜਨਤਾ ਨੂੰ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ।


ਆਕਸਫੈਮ ਇੰਡੀਆ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਉਪਰਲੀ ਸਿਰਫ਼ 5 ਫ਼ੀਸਦੀ ਵੱਸੋਂ 60 ਫ਼ੀਸਦੀ ਤੋਂ ਵੱਧ ਦੌਲਤ ਦੀ ਮਾਲਕ ਹੈ, ਜਦੋਂ ਕਿ ਹੇਠਲੇ 50 ਫ਼ੀਸਦੀ ਲੋਕਾਂ ਕੋਲ ਸਿਰਫ਼ 3 ਫ਼ੀਸਦੀ ਦੌਲਤ ਹੈ।


ਭਾਰਤ ਦਾ ਭੁੱਖਮਰੀ ਸੂਚਕ ਅੰਕ ਹੋਰ ਵੀ ਖ਼ਰਾਬ ਹੋ ਗਿਆ ਹੈ ਅਤੇ ਦੇਸ਼ 122 ਦੇਸ਼ਾਂ ਵਿੱਚੋਂ 107ਵੇਂ ਸਥਾਨ 'ਤੇ ਹੈ। ਮਹਾਂਮਾਰੀ ਤੋਂ ਪਹਿਲਾਂ, 2019 ਵਿੱਚ, ਕੇਂਦਰ ਸਰਕਾਰ ਨੇ ਕਾਰਪੋਰੇਟ ਟੈਕਸ ਸਲੈਬਾਂ ਨੂੰ 30 ਪ੍ਰਤੀਸ਼ਤ ਤੋਂ ਘਟਾ ਕੇ 22 ਪ੍ਰਤੀਸ਼ਤ ਕਰ ਦਿੱਤਾ ਸੀ, ਜਿਸ ਵਿੱਚ ਨਵੀਆਂ ਸ਼ਾਮਲ ਕੰਪਨੀਆਂ 15 ਪ੍ਰਤੀਸ਼ਤ ਦਾ ਭੁਗਤਾਨ ਕਰਦੀਆਂ ਸਨ। ਇਸ ਨਵੀਂ ਟੈਕਸ ਨੀਤੀ ਦੇ ਨਤੀਜੇ ਵਜੋਂ ਕੁੱਲ  1.84 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 


ਇਸ ਰੈਲੀ ਨੂੰ ਏਟਕ ਪੰਜਾਬ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ, ਜੁਆਇੰਟ ਕੌਂਸਲ ਆਫ ਟਰੇਡ ਯੂਨੀਅਨ ਦੇ ਜਨਰਲ ਸਕੱਤਰ ਡੀ ਪੀ ਮੌੜ  ਨੇ ਸੰਬੋਧਨ ਕੀਤਾ। ਏਟਕ ਜਿਲਾ ਲੁਧਿਆਣਾ ਦੇ ਪ੍ਰਧਾਨ ਰਮੇਸ਼ ਰਤਨ ਅਤੇ ਜਨਰਲ ਸਕੱਤਰ ਵਿਜੇ ਕੁਮਾਰ ਨੇ  ਮੰਗ ਕੀਤੀ ਕਿ ਗਿਆਸਪੁਰਾ ਵਿਖੇ ਗੈਸ ਲੀਕ ਕਾਂਡ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਮਾਰੇ ਗਏ ਲੋਕਾਂ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ । ਇਕ ਮਤਾ ਪਾਸ ਕਰਕੇ ਦਿੱਲੀ ਜੰਤਰ-ਮੰਤਰ ਤੇ ਧਰਨੇ ਤੇ ਬੈਠੇ ਪਹਿਲਵਾਨਾਂ ਦੀ ਮੰਗ ਦਾ ਸਮਰਥਨ ਕੀਤਾ ਅਤੇ ਫੈਡਰੇਸ਼ਨ ਦੇ ਪ੍ਰਧਾਨ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਕ ਹੋਰ ਮਤੇ ਰਾਂਹੀ ਸੂਬੇ ਦੀਆਂ ਸਾਰੀਆਂ ਖਾਲੀ ਅਸਾਮੀਆਂ ਨੂੰ ਠੇਕੇ ਤੇ ਕੰਮ ਕਰ ਰਹੇ ਮੁਲਾਜਮਾਂ ਨੂੰ ਪੱਕੇ ਕਰਕੇ ਭਰਨ ਦੀ ਮੰਗ ਕੀਤੀ। 


ਹੋਰਨਾਂ ਤੋਂ ਇਲਾਵਾ ਜਿਹਨਾਂ ਆਗੂਆਂ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ ਉਨ੍ਹਾਂ ਵਿੱਚ ਚਰਨ ਸਰਾਭਾ, ਗੁਰਮੇਲ ਮੈਲਡੇ, ਐਮ ਐਸ ਭਾਟੀਆ,ਚਮਕੌਰ ਸਿੰਘ, ਹਰਬੰਸ ਸਿੰਘ, ਕੇਵਲ ਬਣਵੈਤ, ਸੁਰਿੰਦਰ ਸਿੰਘ ਬੈਂਸ, ਐਸ ਪੀ ਸਿੰਘ, ਦਲਜੀਤ ਸਿੰਘ, ਕਾਮੇਸ਼ਵਰ ਯਾਦਵ, ਅਰਜਨ ਪ੍ਰਸ਼ਾਦ,ਸਰੋਜ ਕੁਮਾਰ, ਅਤੇ ਵਿਨੋਦ ਕੁਮਾਰ ਸ਼ਾਮਿਲ ਸਨ।


ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।