Showing posts with label Prof. A K Maleri. Show all posts
Showing posts with label Prof. A K Maleri. Show all posts

Monday, October 14, 2024

ਪ੍ਰੋਫੈਸਰ ਜੀ ਐਨ ਸਾਈਬਾਬਾ ਦੀ ਮੌਤ ਰਾਜਸੀ ਕਤਲ- ਜਮਹੂਰੀ ਜੱਥੇਬੰਦੀਆਂ

 Monday 14th October 2024 at 4:38 PM Sahit Screen Punjabi Ludhiana//Peoples Media Link 

 ਮਨੁੱਖੀ ਅਧਿਕਾਰਾਂ ਦੇ ਸਰਗਰਮ ਯੋਧੇ ਸਨ ਪ੍ਰੋਫੈਸਰ ਜੀ ਐਨ ਸਾਈਬਾਬਾ 


ਲੁਧਿਆਣਾ: 14 ਅਕਤੂਬਰ 2024: (ਕਾਮਰੇਡ ਸਕਰੀਨ ਡੈਸਕ)::

ਉੱਘੇ ਲੋਕ ਸ਼ਾਇਰ ਗੁਰਦਿਆਲ ਰੌਸ਼ਨ ਵੱਲੋਂ ਕਾਵਿ ਸ਼ਰਧਾਂਜਲੀ 
ਵੱਖ ਵੱਖ ਜਮਹੂਰੀ ਜਥੇਬੰਦੀਆਂ ਨਾਲ ਜੁੜੇ ਹੋਏ ਕਈ ਸਰਗਰਮ ਅਤੇ ਸੀਨੀਅਰ ਆਗੂਆਂ ਨੇ ਪ੍ਰੋਫੈਸਰ ਜੀ ਐਨ ਸਾਈਬਾਬਾ ਦੇ ਦੇਹਾਂਤ ਨੂੰ ਇੱਕ ਸਿਆਸੀ ਕਤਲ ਦੱਸਦਿਆਂ ਸਰਕਾਰ ਨੂੰ ਇਸ ਲਈ ਸਿਧੇ ਤੌਰ 'ਤੇ ਜ਼ਿੰਮੇਦਾਰ ਠਹਿਰਾਇਆ ਹੈ। ਉਹਨਾਂ ਇਸ ਸੰਬੰਧੀ ਕਈ ਅਹਿਮ ਖੁਲਾਸੇ ਵੀ ਕੀਤੇ ਹਨ। 

ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ ਐਨ ਸਾਈਬਾਬਾ ਜਿਹਨਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਦਰਜ ਇੱਕ ਕੇਸ ਵਿੱਚ 10 ਸਾਲਾਂ ਦੀ ਜੇਲ੍ਹ ਤੋਂ ਬਾਅਦ ਬਰੀ ਹੋਏ ਸਨ, ਕਿਉਂਕਿ ਉਹਨਾਂ ਖਿਲਾਫ ਕੋਈ ਵੀ ਦੋਸ਼ ਸਾਬਤ ਕਰਨ ਲਈ ਕੋਈ ਸਬੂਤ ਨਾ ਮਿਲਿਆ। ਜੇਲ੍ਹ ਵਿੱਚ ਭਾਰਤੀ ਹਾਕਮਾਂ ਵੱਲੋਂ ਇਲਾਜ ਵਿੱਚ ਜਾਣ ਬੁੱਝ ਕੇ ਕੀਤੀ ਕੁਤਾਹੀ ਕਾਰਨ ਉਹ ਗੰਭੀਰ ਬਿਮਾਰੀਆਂ ਦੀ ਜਕੜ ਵਿੱਚ ਆ ਗਏ ਸਨ, ਜਿਸ ਕਾਰਣ ਸਮਾਜ ਲਈ ਜਮਹੂਰੀ ਹੱਕਾਂ ਦੀ ਆਵਾਜ ਬੁਲੰਦ ਕਰਨ ਵਾਲਾ ਸਾਈਬਾਬਾ ਜਮਹੂਰੀ ਅਤੇ ਇਨਸਾਫ਼ ਪਸੰਦ ਹਲਕਿਆਂ ਨੂੰ ਵਿਛੋੜਾ ਦੇ ਗਏ। ਸਥਾਨਕ ਜਨਤਕ ਜਮਹੂਰੀ ਜੱਥੇਬੰਦੀਆਂ ਜਿਹਨਾਂ ਵਿੱਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਜਮਹੂਰੀ ਅਧਿਕਾਰ ਸਭਾ,ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ, ਇਨਕਲਾਬੀ ਮਜਦੂਰ ਕੇਂਦਰ ਸ਼ਾਮਲ ਹਨ,ਦੇ ਆਗੂਆਂ ਨੇ ਇਸ ਨੂੰ ਸਰਕਾਰੀ ਅਣ-ਦੇਖੀ ਕਾਰਣ ਰਾਜਸੀ ਕਤਲ ਕਰਾਰ ਦਿੱਤਾ ਹੈ।

ਇਹਨਾਂ ਜਮਹੂਰੀ ਜੱਥੇਬੰਦੀਆਂ ਦੇ ਆਗੂਆਂ ਪ੍ਰੋ ਏ ਕੇ ਮਲੇਰੀ, ਜਸਵੰਤ ਜ਼ੀਰਖ, ਡਾ ਹਰਬੰਸ ਗਰੇਵਾਲ, ਕਾ ਸੁਰਿੰਦਰ ਨੇ ਕਿਹਾ ਕਿ ਅੰਗਰੇਜ਼ ਰਾਜ ਵੇਲੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਏ ਗਦਰੀ ਬਾਬਿਆਂ , ਭਗਤ - ਸਰਾਭਿਆਂ ਨਾਲ ਵੀ ਅੰਗਰੇਜ਼ ਹਕੂਮਤ ਜੇਲ੍ਹਾਂ ਵਿੱਚ ਇਸੇ ਤਰ੍ਹਾਂ ਦਾ ਵਰਤਾਓ ਕਰਦੀ ਸੀ। ਅੱਜ ਭਾਰਤੀ ਹਕੂਮਤ ਵੱਲੋਂ ਵੀ ਅੰਗਰੇਜਾਂ ਦੇ ਹੀ ਪਦਚਿੰਨ੍ਹਾਂ ‘ਤੇ ਚਲਦਿਆਂ ਮਨੁੱਖੀ ਹੱਕਾਂ ਲਈ ਆਵਾਜ ਉਠਾਉਣ ਵਾਲਿਆਂ ਨੂੰ ਜੇਲ੍ਹ ਵਿੱਚ ਕਥਿਤ ਤਸ਼ੱਦਦ ਰਾਹੀਂ ਉਹਨਾਂ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਾਂਦਾ ਹੈ।ਜੇਲ੍ਹ ਦੌਰਾਨ  ਪ੍ਰੋ. ਸਾਈਬਾਬਾ ਵੀ ਗਾਲ ਬਲੈਡਰ ਅਤੇ ਪੈਨਕ੍ਰੀਅਸ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਹੋ ਗਏ ਸਨ।

58 ਸਾਲਾ ਸਾਈਬਾਬਾ ਇੱਕ ਵਿਦਵਾਨ, ਲੇਖਕ, ਅਤੇ ਮਨੁੱਖੀ ਅਧਿਕਾਰਾਂ ਦੇ ਉੱਘੇ ਕਾਰਕੁਨ ਸਨ। ਉਹਨਾਂ ਨੇ ਨਾਗਪੁਰ ਕੇਂਦਰੀ ਜੇਲ੍ਹ ‘ਚੋਂ ਰਿਹਾਈ ਤੋਂ ਇੱਕ ਦਿਨ ਬਾਅਦ (8 ਮਾਰਚ ਨੂੰ) ਕਿਹਾ ਸੀ ਕਿ “ਪੋਲੀਓ ਨੂੰ ਛੱਡ ਕੇ ਜੋ ਮੈਨੂੰ ਬਚਪਨ ਤੋਂ ਸੀ, ਮੈਂ ਬਿਨਾਂ ਕਿਸੇ ਸਿਹਤ ਸਮੱਸਿਆ ਦੇ ਜੇਲ੍ਹ ਗਿਆ ਸੀ ਪਰ ਅੱਜ, ਮੈਂ ਤੁਹਾਡੇ ਸਾਹਮਣੇ ਭਾਵੇਂ ਜ਼ਿੰਦਾ ਹਾਂ, ਪਰ ਮੇਰਾ ਹਰ ਅੰਗ ਫੇਲ ਹੋ ਰਿਹਾ ਹੈ,”।

ਪ੍ਰੋਫੈਸਰ, ਸਾਈਬਾਬਾ ਨੂੰ ਮਈ 2014 ਵਿੱਚ ਮਾਓਵਾਦੀ ਸਬੰਧਾਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਬੰਬੇ ਹਾਈ ਕੋਰਟ ਨੇ ਜੂਨ 2015 ਵਿੱਚ ਮੈਡੀਕਲ ਆਧਾਰ 'ਤੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ 2017 ਵਿੱਚ ਫਿਰ  ਮਾਓਵਾਦੀ ਜੱਥੇਬੰਦੀ ਨਾਲ ਸਬੰਧਾਂ ਲਈ ਦੋਸ਼ੀ ਠਹਿਰਾਇਆ ਗਿਆ ।ਅਕਤੂਬਰ, 2022 ਵਿੱਚ ਦੋਸ਼ ਸਿੱਧ ਨਾ ਹੋਣ ‘ਤੇ ਬਰੀ ਕੀਤਾ ਗਿਆ। 

ਪ੍ਰੋਫੈਸਰ ਸਾਈਬਾਬਾ ਦੀ ਮਾਂ ਕੈਂਸਰ ਨਾਲ ਪੀੜਿਤ ਸੀ;
ਉਸਦੇ ਅੰਤਿਮ ਸੰਸਕਾਰ ਵਿੱਚ ਵੀ ਪ੍ਰੋ. ਸਾਈਬਾਬਾ ਨੂੰ 
ਸ਼ਾਮਲ ਨਹੀਂ ਸੀ ਹੋਣ ਦਿੱਤਾ ਗਿਆ 
ਦੋਸ਼ੀ ਘੋਸ਼ਤ ਕਰਨ ਲਈ ਭਾਵੇਂ ਉਹਨਾਂ ਖਿਲਾਫ ਕੋਈ ਸਬੂਤ ਨਾ ਮਿਲਿਆ ਪਰ ਉਹਨਾਂ ਨੂੰ ਸਜਾ ਸੁਣਾਉਣ ਸਮੇਂ , ਜੱਜ ਵਲੋਂ ਕੀਤੀ ਟਿੱਪਣੀ ਕਿ, ਇਸ ਨੂੰ ਹੋਰ ਵੱਧ ਸਜਾ ਦੇਣੀ ਬਣਦੀ ਸੀ ਕਿਉਂਕਿ ਇਹਨਾਂ ਕਾਰਣ ਦੇਸ਼ ਵਿੱਚ ਵਿਦੇਸ਼ੀ ਪੂੰਜੀ ਨਿਵੇਸ਼ ਨਹੀਂ ਹੋ ਰਹੀ ਅਤੇ ਇਹ ਕਹਿਣਾ ਕਿ ਇਹਨਾਂ ਦਾ ਸਰੀਰ ਭਾਵੇਂ ਕੰਮ ਨਹੀਂ ਕਰ ਰਿਹਾ ਪਰ ਦਿਮਾਗ ਬਹੁਤ ਕੰਮ ਕਰਦਾ ਹੈ, ਕੀ ਸੰਦੇਸ਼ ਦਿੰਦਾ ਹੈ? 

ਉਹਨਾਂ ਵੱਲੋਂ ਆਦੀ ਵਾਸੀ ਲੋਕਾਂ ‘ਤੇ ਹੁੰਦੇ ਹਕੂਮਤੀ ਜਬਰ ਖਿਲਾਫ ਅਤੇ ਮਨੁੱਖੀ ਹੱਕਾਂ ਲਈ ਲਗਾਤਾਰ ਆਵਾਜ ਉਠਾਈ ਜਾਂਦੀ ਰਹੀ ਹੈ, ਜਿਸ ਕਾਰਣ ਮਾਓਵਾਦੀ ਸੰਗਠਨਾਂ ਨਾਲ ਸਬੰਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਜੇਲ੍ਹ ਦੌਰਾਨ ਉਹਨਾਂ ਨਾਲ ਕੀਤੇ ਅਣ ਮਨੁੱਖੀ ਵਤੀਰੇ ਕਾਰਣ ਉਹਨਾਂ ਨੂੰ ਕਈ ਹੋਰ ਗੰਭੀਰ ਬਿਮਾਰੀਆਂ ਨੇ ਘੇਰ ਲਿਆ। ਇੱਥੋਂ ਤੱਕ ਕਿ ਉਹਨਾਂ ਨੂੰ ਕੈਂਸਰ ਨਾਲ ਪੀੜਤ ਆਪਣੀ ਮਾਂ ਨੂੰ ਮਿਲਣ ਅਤੇ ਉਸਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਸੀ।

ਭਾਵੇਂ ਸਾਈਬਾਬਾ ਅਤੇ ਪੰਜ ਹੋਰਾਂ ਨੂੰ ਅਕਤੂਬਰ 2022 ਵਿੱਚ ਬਰੀ ਕਰ ਦਿੱਤਾ ਗਿਆ ਸੀ ਪਰ ਜੇਲ੍ਹ ਵਿੱਚ ਰਹਿੰਦਿਆਂ ਜਿਹੜੀਆਂ ਬਿਮਾਰੀਆਂ ਨਾਲ ਉਹ ਪੀੜਤ ਹੋਏ ਉਹਨਾਂ ਤੋਂ ਬਰੀ ਨਹੀਂ ਹੋ ਸਕੇ, ਜਿਹਨਾਂ ਲਈ ਸਰਕਾਰੀ ਤੰਤਰ ਜ਼ੁੰਮੇਵਾਰ ਹੈ। ਇਸ ਲਈ ਇਹ ਇੱਕ ਕੁਦਰਤੀ ਮੌਤ ਨਹੀਂ , ਬਲਕਿ ਇਹ ਭਾਰਤੀ ਰਾਜ ਪ੍ਰਬੰਧ ਵੱਲੋਂ ਕੀਤਾ ਗਿਆ ਇੱਕ ਰਾਜਸੀ ਕਤਲ ਹੈ। 

ਇਹਨਾਂ ਤੋਂ ਪਹਿਲਾਂ ਜਮਹੂਰੀ ਹੱਕਾਂ ਲਈ ਆਵਾਜ ਉਠਾਉਣ ਵਾਲੇ ਸਟੈਨ ਸਵਾਮੀ ਨਾਲ ਵੀ ਜੇਲ੍ਹ ਅੰਦਰ ਅਜਿਹਾ ਹੀ ਵਾਪਰਿਆ ਜਿਸ ਕਾਰਣ ਉਹ ਵੀ ਸਦੀਵੀ ਵਿਛੋੜਾ ਦੇ ਗਏ ਸਨ। ਮਨੁੱਖੀ ਅਧਿਕਾਰਾਂ ਦੇ ਉੱਘੇ ਕਾਰਕੁੰਨਾਂ ਤੇ ਇੱਕ ਪ੍ਰੋਫੈਸਰ ਨੂੰ   ਇੰਝ ਸਾਡੀਆਂ ਅੱਖਾਂ ਸਾਹਮਣੇ ਖੋਹ ਲਿਆ ਜਾਣਾ ਭਾਰਤੀ ਸਮਾਜ ਲਈ ਬੇਹੱਦ ਗੰਭੀਰ ਤੇ ਚਿੰਤਾਜਨਕ ਸਵਾਲ ਹੈ। 

ਇਹਨਾਂ ਆਗੂਆਂ ਨੇ ਕਿਹਾ ਕਿ ਜਿਸ ਸਮਾਜਿਕ ਪ੍ਰਬੰਧ ਅੰਦਰ ਮਨੁੱਖੀ ਅਧਿਕਾਰਾਂ ਦੇ ਰਾਖੇ, ਲੇਖਕ, ਅਧਿਆਪਕ, ਵਿਦਵਾਨ ਆਦਿ ਸੁਰੱਖਿਅਤ ਨਹੀਂ ਹਨ, ਉਸ ਨੂੰ ਮਨੁੱਖ-ਵਾਦੀ ਬਣਾਉਣ ਲਈ ਅਜਿਹੇ ਵਰਤਾਰਿਆਂ ਵਿਰੁੱਧ ਇਨਸਾਫ਼ ਅਤੇ ਜਮਹੂਰੀਅਤ ਪਸੰਦ ਲੋਕਾਂ ਵੱਲੋਂ ਵੱਡੀ ਪੱਧਰ ਤੇ ਅੱਗੇ ਆਉਣਾ ਬੇਹੱਦ ਜ਼ਰੂਰੀ ਹੈ।

ਹੁਣ ਦੇਖਣਾ ਹੈ ਕਿ ਬੌਧਿਕ ਹਲਕਿਆਂ ਵਿੱਚ ਇਸ ਸਾਈਬਾਬਾ ਦੇ ਤੁਰ ਜਾਣ ਮਗਰੋਂ ਕੀ ਪ੍ਰਤੀਕ੍ਰਿਆ ਕਿਵੇਂ ਉੱਠਦੀ ਹੈ? ਸਾਈ ਬਾਬਾ ਨਾਲ ਜੋ ਕੁਝ ਹੋਇਆ ਉਸਨੇ ਸਾਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਕਿ ਜਮਹੂਰੀ ਕਦਰਾਂ ਕੀਮਤਾਂ ਵਾਲੇ ਸਾਡੇ ਬੁਧੀਜੀਵੀ ਕਿਸੀ ਸੱਭਿਅਕ ਸਮਾਜ ਵਿੱਚ ਹੀ ਰਹੀ ਰਹੇ ਹਨ? ਇਸ ਵਰਤਾਰੇ ਨਾਲ ਇਨਸਾਫ ਲਈ ਜੂਝ ਰਹੇ ਲੋਕਾਂ ਸਾਹਮਣੇ ਚਣੌਤੀਆਂ ਹੋਰ ਵੀ ਗੰਭੀਰ ਹੋ ਗਈਆਂ ਹਨ। 

 

Tuesday, May 30, 2023

ਭਲਵਾਨੀ ਕਰਨ ਵਾਲੀਆਂ ਧੀਆਂ 'ਤੇ ਹੋਏ ਜਬਰ ਵਿਰੁੱਧ ਲੋਕ ਰੋਹ ਹੋਰ ਤਿੱਖਾ

Monday 29th May 2023 at 6:15 PM

ਹੁਣ 31 ਮਈ ਨੂੰ ਲੁਧਿਆਣਾ ਵਿੱਚ ਹੋਣਾ ਹੈ ਰੋਸ ਵਖਾਵਾ 


ਲੁਧਿਆਣਾ:30 ਮਈ 2023: (ਕਾਮਰੇਡ ਸਕਰੀਨ ਡੈਸਕ):: 

28 ਮਈ ਵਾਲੇ ਦੇਸ਼ ਦੇ ਨਵੇਂ ਸੰਸਦ ਭਵਨ ਦੀਆਂ ਉਦਘਾਟਨੀ ਤਸਵੀਰਾਂ ਹਿੰਦੂ ਰਾਸ਼ਟਰ ਦੀ ਕਾਇਮੀ ਦੇ ਐਲਾਨ ਵਾਂਗ ਸਾਹਮਣੇ ਆਈਆਂ ਹਨ। ਸਰਕਾਰ ਦੀਆਂ ਚਾਲਾਂ ਅਤੇ ਨੀਤੀਆਂ ਨੂੰ ਦੇਖਦਿਆਂ ਅਜਿਹੇ ਅੰਦੇਸ਼ ਕਾਫੀ ਸਮੇਂ ਤੋਂ ਮਹਿਸੂਸ ਹੋ ਰਹੇ ਸਨ। ਨਵੇਂ ਸੰਸਦ ਭਵਨ ਦੇ ਇਸ ਉਦਘਾਟਨ ਮੌਕੇ ਹੀ ਭਲਵਾਨੀ ਦੇ ਖੇਤਰ ਵਿਚ ਕੌਮਾਂਤਰੀ ਪ੍ਰਸਿੱਧੀ ਵਾਲੇ ਤਮਗੇ ਜਿੱਤਣ ਵਾਲੀਆਂ ਕੁੜੀਆਂ ਅਤੇ ਹੋਰ ਮਹਿਲਾ ਆਗੂਆਂ ਦੀ ਬੇਰਹਿਮੀ ਭਰੇ ਅੰਦਾਜ਼ ਨਾਲ ਕੀਤੀ ਗਈ ਗ੍ਰਿਫਤਾਰੀ ਫਾਸ਼ੀਵਾਦੀ ਰਵਈਏ ਦੀ ਵੀ ਇੱਕ ਹੋਰ ਮਿਸਾਲ ਬਣ ਕੇ ਸਹਿਮੇ ਆਈ ਹੈ। ਇਸ ਤੋਂ ਵੱਡੀ ਗੱਲ ਇਹ ਹੈ ਕਿ ਦੇਸ਼ ਦੇ ਲੋਕ ਇਹਨਾਂ ਹਰਕਤਾਂ ਨਾਲ ਭੈਅਭੀਤ ਨਹੀਂ ਹੋਏ ਬਲਕਿ ਵਧੇਰੇ ਰੋਹ ਨਾਲ ਇਸਦੇ ਵਿਰੋਧ ਵਿਚ ਖੁੱਲ੍ਹ ਕੇ ਸਾਹਮਣੇ ਆਏ ਹਨ।  

ਭਲਵਾਨੀ ਦੇ ਖੇਤਰ ਵਿੱਚ ਨਾਮ ਕਮਾਉਣ ਵਾਲੀਆਂ ਇਹਨਾਂ ਕੁੜੀਆਂ ਨਾਲ ਇਸ ਪੁਲਸੀਆ ਰਵਈਏ ਨੂੰ ਲੈ ਕੇ ਰੋਸ ਦਿਨ ਪ੍ਰਤੀਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਨਵੇਂ ਸੰਸਦ ਭਵਨ ਦੇ ਸ਼ੋਰ ਸ਼ਰਾਬੇ ਵਿੱਚ ਹਿੰਦੂ ਰਾਸ਼ਟਰ ਦੇ ਐਲਾਨ ਵਾਲੀ ਭਾਵਨਾ ਜ਼ਿਆਦਾ ਸਾਹਮਣੇ ਆ ਰਹੀ ਹੈ। ਇਸ ਨਵੇਂ ਸੰਸਦ ਭਾਵਾਂ ਦੇ ਉਦਘਾਟਨ ਦੀਆਂ ਜਿਹੜੀਆਂ ਤਸਵੀਰਾਂ ਮੀਡੀਆ ਵਿੱਚ ਸਾਹਮਣੇ ਆਈਆਂ ਹਨ ਉਹਨਾਂ ਤੋਂ ਜ਼ਾਹਿਰ ਹੈ ਕਿ ਦੇਸ਼ ਨੂੰ ਇੱਕ ਵਿਸ਼ੇਸ਼ ਪਾਰਟੀ ਅਤੇ ਉਸਦੇ ਸੰਗੀ ਸਾਥੀ ਕਿਹੜੇ ਪਾਸੇ ਲਿਜਾ ਰਹੇ ਹਨ। ਇੱਕ ਪਾਸੇ ਤਾਂ ਲੋਕਤੰਤਰ ਦਾ ਭੋਗ ਪਾਉਣ ਵਾਲੀਆਂ ਇਹਨਾਂ ਖਤਰਨਾਕ ਸਾਜ਼ਿਸ਼ਾਂ ਦੇ ਖਿਲਾਫ ਲੋਕ ਰੋਹ ਉਬਾਲੇ ਖਾ ਰਿਹਾ ਹੈ ਇਸਦੇ ਨਾਲ ਹੀ ਭਲਵਾਨੀ ਦੇ ਖੇਤਰ ਵਿਚ ਕੌਮਾਂਤਰੀ ਪ੍ਰਸਿੱਧੀ ਖੱਟਣ ਵਾਲਿਆਂ ਲੜਕੀਆਂ ਨਾਲ ਸਰਕਾਰ ਦਾ ਰਵਈਆ ਖੁੱਲ੍ਹ ਕੇ ਫਾਸ਼ੀਵਾਦ ਵਾਲੀ ਸੋਚ ਨੂੰ ਇੱਕ ਵਾਰ ਫੇਰ ਸਾਹਮਣੇ ਲੈ ਆਇਆ ਹੈ। 

ਜਮਹੂਰੀ ਜਨਤਕ ਸੰਗਠਨ ਇਸ ਸਾਰੇ ਘਟਨਾਕ੍ਰਮ ਨੂੰ ਨਾ ਸਿਰਫ ਬਾਰੀਕੀ ਨਾਲ ਦੇਖ ਰਹੇ ਹਨ ਬਲਕਿ ਇਸਦਾ ਮੂੰਹਤੋੜ ਜੁਆਬ ਦੇਣ ਦੀਆਂ ਤਿਆਰੀਆਂ ਵਿੱਚ ਵੀ ਹਨ। ਦੇਸ਼ ਭਰ ਵਿੱਚ ਵੱਖ ਵੱਖ ਥਾਂਵਾਂ ਅਤੇ ਤਰੀਕਿਆਂ ਨਾਲ ਰੋਸ ਵਖਾਵੇ ਕੀਤੀ ਜਾ ਰਹੇ ਹਨ। ਲੁਧਿਆਣਾ ਵਿੱਚ ਅੱਜ ਵੀ ਬਹੁਤ ਸਾਰੇ ਸੰਗਠਨਾਂ ਨੇ ਰੋਸ ਵਖਾਵੇ ਕੀਤੇ ਹਨ ਅਤੇ ਅਜੇ ਇਹ ਸਿਲਸਿਲਾ ਹੋਰ ਜਾਰੀ ਰਹਿਣਾ ਹੈ। ਇਹਨਾਂ ਦੀਆਂ ਤਿਆਰੀਆਂ ਲਈ ਇੱਕ ਵਿਸ਼ੇਸ਼ ਮੀਟਿੰਗ ਮਾਤਾ ਅਮਰ ਕੌਰ ਹਾਲ ਵਿੱਚ 29 ਮਈ ਦੀ ਸ਼ਾਮ ਨੂੰ ਰੱਖੀ ਗਈ। ਪ੍ਰੋਫੈਸਰ ਏ ਕੇ ਮਲੇਰੀ ਹੁਰਾਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੀ ਕਾਰਵਾਈ ਉਘੇ ਜਨਤਕ ਆਗੂ ਜਸਵੰਤ ਜੀਰਖ ਨੇ ਚਲਾਈ। 

ਇਸ ਮੌਕੇ ਬਹੁਤ ਸਾਰੀਆਂ ਜਨਤਕ ਜਥੇਬੰਦੀਆਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ। ਇਸ ਮੌਕੇ 31 ਮਈ ਦੀ ਸ਼ਾਮ ਨੂੰ ਇੱਕ ਹੋਰ ਰੋਸ ਪ੍ਰਗਟਾਵਾ ਇਸੇ ਮੁੱਦੇ ਨੂੰ ਲੈ ਕੇ ਕੀਤਾ ਜਾਣਾ ਹੈ। ਨਿਰੰਤਰ ਹੋ ਰਹੇ ਇਹਨਾਂ ਐਕਸ਼ਨਾਂ ਦਾ ਸਿਲਸਿਲਾ ਦੱਸਦਾ ਹੈ ਕਿ ਫਾਸ਼ੀਵਾਦੀ ਹਮਲਿਆਂ  ਵਿੱਚ ਆਈ ਤੇਜ਼ੀ ਦੇ ਜੁਆਬ ਵਿਚ ਸ਼ਾਂਤਮਈ ਲੋਕ ਰੋਹ ਵੀ ਤਿੱਖਾ ਹੋ ਰਿਹਾ ਹੈ।  

ਅੱਜ ਦੀ ਮੀਟਿੰਗ ਵਿੱਚ ਬਾਪੂ ਬਲਕੌਰ ਸਿੰਘ ਗਿੱਲ, ਡਾਕਟਰ ਬਲਵਿੰਦਰ ਔਲਖ, ਆਤਮਾ ਸਿੰਘ, ਸੁਰਿੰਦਰ ਸਿੰਘ ਢਿੱਲੋਂ, ਅਰੁਣ ਕੁਮਾਰ ਅਤੇ ਬਹੁਤ ਸਾਰੇ ਹੋਰ ਸਾਥੀ ਵੀ ਸ਼ਾਮਿਲ ਹੋਏ। ਡਾਕਟਰ ਬਲਵਿੰਦਰ ਔਲਖ ਨੇ ਮੌਜੂਦਾ ਦੌਰ ਅਤੇ ਜਰਮਨੀ ਵਾਲੇ  ਇੱਕ ਸਾਡੀ ਪੁਰਾਣੇ ਘਟਨਾਕ੍ਰਮਾਂ ਦੀ ਤੁਲਨਾ ਕਰਦਿਆਂ ਸਾਬਿਤ ਕੀਤਾ ਕਿ ਅਸਲ ਵਿਚ ਅਸੀਂ ਮੌਜੂਦਾ ਚੁਣੌਤੀਆਂ ਦੇ ਸਾਹਮਣੇ ਲਈ ਪੂਰੀ ਤਰ੍ਹਾਂ ਅਜੇ ਵੀ ਲੋਕ ਰੋਹ ਤਿਆਰ ਨਹੀਂ ਕਰ ਸਕੇ। ਇਸ ਲਾਇ ਸਾਨੂੰ ਹੋਰ ਜ਼ਿਆਦਾ ਸਰਗਰਮ ਹੋਣ ਦੀ ਲੋੜ ਹੈ। ਵਕਤੀ ਤੌਰ ਤੇ ਆਉਂਦੀਆਂ ਜਿੱਤਾਂ ਹਾਰਾਂ ਦੀ ਪੜਚੋਲ ਨਾਲ ਹੀ ਅੰਦੋਲਨ ਤੇਜ਼ੀ ਪਕੜੇਗਾ। 

ਪ੍ਰੋਫੈਸਰ ਏ ਕੇ ਮਲੇਰੀ ਹੁਰਾਂ ਨੇ ਵੀ ਵਿਸਥਾਰ ਨਾਲ ਲੋਕ ਰੋਹ ਵਿਚ ਆ ਰਹੀ ਤੇਜ਼ੀ ਦੇ ਵੇਰਵੇ ਸਮਝਾਏ ਅਤੇ ਨਾਲ ਹੀ ਅੱਜ ਦੇ ਦੌਰ ਦੀਆਂ ਚੁਣੌਤੀਆਂ ਦੀ ਵੀ ਗੱਲ ਕੀਤੀ। ਕਈ ਸੰਗਠਨਾਂ ਦੇ ਪ੍ਰਤੀਨਿਧਾਂ ਨੇ ਆਪੋ ਆਪਣੇ ਸੁਝਾਅ ਦੇ ਕੇ ਇਸ ਅੰਦੋਲਨ ਨੂੰ ਤੇਜ਼ ਅਤੇ ਸਫਲ ਕਰਨ ਦੀਆਂ ਤਜਵੀਜ਼ਾਂ ਦਿੱਤੀਆਂ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।