Tuesday, May 31, 2022

ਪਾਵੇਲ ਕੁੱਸਾ ਦੀ ਕਵਿਤਾ ਮਾਲਵਿੰਦਰ ਸਿੰਘ ਮਾਲੀ ਦੀ ਟਿੱਪਣੀ ਸਹਿਤ

Tuesday 31st May 2022 at 07:21 AM

ਆਹ ਕਵਿਤਾ “ਸੁਰਖ ਲੀਹ”ਵਾਲਿਆਂ ਦੀ ਬਿਮਾਰ ਮਾਨਸਕਤਾ ਦਾ ਨਮੂਨਾ


“ਸੁਰਖ ਲੀਹ” ਵਾਲੇ ਪਰਮਾਨੈਂਟ(ਪ੍ਰੋਫੈਸ਼ਨਲ ਨਹੀ) ਇਨਕਲਾਬੀਆਂ ਦੀ ਆਹ ਸੋਚਣੀ ਕਮਿਊਨਿਸਟ/ਮਾਰਕਸਵਾਦੀ ਸੋਚ/ਪਹੁੰਚ ਦੇ ਮੱਥੇ  ‘ਤੇ ਕਲੰਕ ਹੈ। ਕੱਲ ਹੀ ਇਸਨੇ ਇਕ ਕਵਿਤਾ ਲਿਖੀ ਸੀ (ਮੈਂ ਉਹ ਸਾਂਝੀ ਵੀ ਕੀਤੀ ਸੀ) ਉਹ ਬਾਹਰਮੁਖੀ ਹਕੀਕਤ ਦੇ ਕੁੱਝ ਹੱਦ ਤੱਕ ਨੇੜੇ ਸੀ ਪਰ ਇਹਨਾਂ ਅਖੌਤੀ ਹਥਿਆਰਬੰਦ ਇਨਕਲਾਬ ਕਰਨ ਦੇ ਦਾਅਵੇ ਕਰਨ ਵਾਲਿਆਂ ਦੀ ਸੋਚ ਦਾ ਖੰਡਨ ਵੀ ਸੀ। ਹੁਣ ਪਾਵੇਲ ਕਿੱਸਾ ਦੀ ਸਿੱਧੀ ਮੂਸੇਵਾਲਾ ਦੇ ਕਤਲ ਸੰਬੰਧੀ ਆਹ ਕਵਿਤਾ ਇਹਨਾਂ “ਸੁਰਖ ਲੀਹ”ਵਾਲਿਆਂ ਦੀ ਬਿਮਾਰ ਮਾਨਸਕਤਾ, ਸਿਰੇ ਦੀ ਅੰਤਰਮੁਖੀ ਤੇ ਲੱਕੜਸਿਰੀ ਸੋਚ ਤੇ ਪਹੁੰਚ ਦਾ ਆਹਲਾ ਨਮੂਨਾ ਹੈ। ਮੇਰੇ ਲਈ ਇਹ ਹੈਰਾਨੀਜਨਕ ਨਹੀ ਕਿਊਂਕਿ ਇਹ ਉਹੀ ਹਨ ਜਿਹੜੇ ਪਿਛਲੇ ਦਹਾਕਿਆਂ ਦੌਰਾਨ ਝੂਠੇ ਪੁਲਸ ਮੁਕਾਬਲਿਆਂ ਵਿੱਚ ਮਾਰੇ ਹਜ਼ਾਰਾਂ ਸਿੱਖ ਨੌਜਵਾਨਾਂ ਬਾਰੇ ਵੀ ਇਹੀ ਕੁੱਝ ਕਹਿੰਦੇ ਰਹੇ ਨੇ ਕਿ ਉਹ ਆਪਣੀ ਬਾਲੀ ਹੋਈ ਅੱਗ ਵਿੱਚ ਆਪ ਹੀ ਸੜ ਮਰੇ ਨੇ -ਮਾਲਵਿੰਦਰ ਸਿੰਘ ਮਾਲੀ Malvinder Singh Mali}

*ਕਵਿਤਾ ਦਾ ਲੇਖਕ ਪਾਵੇਲ ਕੁੱਸਾ 


ਸੁਣਿਆ ਜੋ ਕੱਲ੍ਹ ਕਤਲ ਹੋਇਆ ਹੈ 

ਕੋਈ ਆਪਣੀ ਹੀ 

ਸਿਰਜਣਾ ਦੇ ਖੂਹ 'ਚ ਡੁੱਬ ਕੇ ਮੋਇਆ ਹੈ

ਉਹ

ਜ਼ਿੰਦਗੀ ਦੇ ਸਾਹਾਂ ਦੀ 

ਡੋਰ ਤੋੜ ਦੇਣ ਦੀਆਂ 

 ਦਾਅਵੇਦਾਰੀਆਂ 'ਤੇ ਖੜ੍ਹਦਾ ਰਿਹਾ 

ਸ਼ੌਕ ਨਾਲ ਵੀ ਕਤਲ ਕਰ ਦੇਣ ਦੇ 

ਕਸੀਦੇ ਪੜ੍ਹਦਾ ਰਿਹਾ

ਅਣਭੋਲ ਮਨਾਂ 'ਚ 

ਹਉਮੈ ਦੀਆਂ ਪੁੜੀਆਂ ਧਰਦਾ ਰਿਹਾ

ਅੱਥਰੀ ਜਵਾਨੀ ਦੇ ਸੁੱਚੇ ਜਜ਼ਬਿਆਂ ਨੂੰ  

 ਨਿੱਜ ਦੀ ਭੱਠੀ ਹਵਾਲੇ ਕਰਦਾ ਰਿਹਾ  

ਨਿੱਤ ਦਿਨ ਫੋਕੀ ਸ਼ੋਹਰਤ ਦੇ

 ਸਾਗਰਾਂ 'ਚ ਤਰਦਾ ਰਿਹਾ

ਤੇ ਆਪਣੀ ਸਿਰਜਣਾ ਦੇ ਭਰਮਾਂ 'ਚ 

ਜ਼ਿੰਦਗੀ ਦੀਆਂ ਸੁੱਚੀਆਂ ਕਦਰਾਂ ਦੇ

 ਮਰਸੀਏ ਪੜ੍ਹਦਾ ਰਿਹਾ  

ਉਸ ਪਿੰਡ ਦੇ 

ਅੱਲ੍ਹੜ ਮੁੰਡਿਆਂ ਦੇ 

ਹਾਣੀ ਦਾ ਕਤਲ ਤਾਂ  

ਕਈ ਵਰ੍ਹੇ ਪਹਿਲਾਂ ਹੀ ਹੋ ਗਿਆ ਸੀ  

ਉਹ ਤਾਂ ਪਿੰਡ ਦੀਆਂ ਗਲੀਆਂ 'ਚ 

ਉਦੋਂ ਹੀ ਕਿਤੇ ਖੋਹ ਗਿਆ ਸੀ  

ਜਦੋਂ 

ਕਲਾ 'ਚੋਂ ਸ਼ੁਹਰਤ

 ਤਲਾਸ਼ਣ ਦੇ ਰਾਹ ਹੋ ਗਿਆ ਸੀ  

ਉਹਨੂੰ ਤਾਂ ਸਥਾਪਤੀ ਨੇ 

ਆਪਣੇ ਪਰਾਂ 'ਚ ਸਮੋ ਲਿਆ ਸੀ

ਸਿੱਕਿਆਂ ਦੀ ਚਾਦਰ ਨੇ 

ਕਲਾ ਦਾ ਸੁੱਚਾ 

ਵਜੂਦ ਹੀ ਲੁਕੋ ਲਿਆ ਸੀ   

ਇਹ ਜੋ ਗੀਤ ਬਣਾ ਕੇ 

ਯੂ ਟਿਊਬਾਂ 'ਤੇ ਛਾਇਆ ਸੀ

 ਉਹ ਤਾਂ 

ਰਾਜੇ ਦੇ ਦਰਬਾਰ ਹੋ ਕੇ ਆਇਆ ਸੀ  

ਉਹ ਦਰਬਾਰੋਂ ਥਾਪੜਾ ਲੈ ਕੇ 

 ਬੇਗਾਨਗੀ ਹੰਢਾਉਂਦੇ ਮੁੰਡਿਆਂ ਦੇ

 ਬੇਚੈਨ ਮਨਾਂ ਨੂੰ 

ਸਿਖਰਾਂ ਛੂਹਣ ਦੀ  

ਤਸੱਲੀ ਦੇ ਭਰਮਾਂ 'ਚ 

ਡਬੋਣ ਆਇਆ ਸੀ   

ਮਸ਼ਹੂਰ ਹੋਣ ਦੀਆਂ 

ਲਾਲਸਾਵਾਂ ਜਗਾ ਕੇ

ਇੰਸਟਾਗ੍ਰਾਮ ਦੀਆਂ 

ਰੀਲਾਂ 'ਚ ਪਰੋਣ ਆਇਆ ਸੀ 

 ਸਿਰਜਣਾ ਦੀਆਂ ਸੰਭਾਵਨਾਵਾਂ ਨੂੰ 

ਸਟੇਟਸਾਂ ਤੇ ਸਟੋਰੀਆਂ ਦੇ 

ਖੂਹ 'ਚ ਡੁਬੋਣ ਆਇਆ ਸੀ  

ਅੱਲ੍ਹੜ ਮਨਾਂ ਤੋਂ ਸੁਪਨਿਆਂ ਦੇ 

ਕਾਤਲਾਂ ਦੀ ਪੈੜ ਲੱਭਣ ਦੀ ਜਾਂਚ  

ਖੋਹਣ ਆਇਆ ਸੀ  

ਸਵੈ-ਮਾਣ ਨੂੰ 

ਹੰਕਾਰ 'ਚ ਬਦਲ ਦੇਣ ਦੀ 

ਵਿੱਥ ਟੋਹਣ ਆਇਆ ਸੀ   

ਜਿਸ ਨੇ ਉਹਨੂੰ ਘੜਿਆ ਤੇ ਤਰਾਸ਼ਿਆ

ਉਸ ਸਥਾਪਤੀ ਨੂੰ ਲੋੜੀਂਦੀ ਹੈ

ਕਰਜ਼ਿਆਂ ਦੇ ਝੰਬੇ ਬਾਪੂਆਂ ਦੇ 

ਫ਼ਿਕਰਾਂ ਤੋਂ ਮੁਕਤ ਜਵਾਨੀ  

ਚਿੱਟਿਆਂ ਤੇ ਸ਼ੀਸ਼ੀਆਂ ਦੀ 

ਹੋਵੇ ਜਿਨ੍ਹਾਂ ਤੱਕ ਰਵਾਨੀ  

ਦੁਨੀਆਂ ਦੀ ਹਰ ਸ਼ੈਅ 

ਹੰਢਾਉਣ ਦੇ ਸੁਫ਼ਨੇ 'ਚ ਜਿਉਂਦੀ  

ਤੇ ਖ਼ਪਤ ਦੇ ਸਾਗਰਾਂ ਚ

 ਤਾਰੀਆਂ ਲਾਉਂਦੀ 

 ਬੱਸ ਹਨ੍ਹੇਰੇ ਭਵਿੱਖ ਦੇ

 ਜੰਗਲਾਂ 'ਚ ਭਾਉਂਦੀ   

ਕੈਂਸਰਾਂ ਤੇ ਕਰਜ਼ਿਆਂ ਝੰਬੇ ਪਿੰਡਾਂ 'ਚ  

ਅਜੇ ਵੀ ਨਾਹਟ ਗਿਆਰਾਂ ਹੋਣ ਦਾ

 ਮਾਣ ਹੰਢਾਉਂਦੀ  

ਬਸ ਆਪਣੇ ਨਾਇਕ ਉਸਤਾਦਾਂ ਦੇ 

ਵਿਊ ਵਧ ਜਾਣ ਦੇ ਜਸ਼ਨ ਮਨਾਉਂਦੀ 

ਇਉਂ ਆਪਣੇ ਗੀਤਾਂ ਨਾਲ

ਉਨ੍ਹਾਂ 'ਚ ਕੂਕਦੀਆਂ 

ਚੌਧਰ ਦੀ ਲਾਲਸਾ

 ਦੀਆਂ ਰੀਤਾਂ ਨਾਲ  

ਟਿੱਬਿਆਂ 'ਚ ਜਵਾਨ ਹੁੰਦੇ ਦਿਲਾਂ ਅੰਦਰ 

ਖ਼ੁਦਗਰਜ਼ ਕਦਰਾਂ ਦੀ ਪਿਉਂਦ ਕਰਦਿਆਂ  

 ਸੱਜਰੇ ਸੱਜਰੇ ਦਿਲਾਂ 'ਚ

 ਬੇਹੇ ਬੁਸੇ ਰੰਗ ਭਰਦਿਆਂ 

ਸਵੈ-ਭਰੋਸਿਉਂ ਸੱਖਣੇ ਮਨਾ  'ਚ 

ਬਿਨਾਂ ਵਜ੍ਹਾ ਹੀ ਉੱਤਮ ਹੋਣ ਦੇ

 ਹੰਕਾਰ ਦਾ ਸੰਚਾਰ ਕਰਦਿਆਂ  

ਉਹ ਜਵਾਨੀ ਦਾ ਨਾਇਕ ਹੋਇਆ ਸੀ   

ਪਰ ਜ਼ਿੰਦਗੀ ਦਾ ਖਲਨਾਇਕ ਹੋਇਆ ਸੀ    

ਹੁਣ ਕੱਲ੍ਹ 

ਉਹ ਆਪਣੀ ਹੀ

 ਉਸ ਸਿਰਜਣਾ ਹੱਥੋਂ ਕਤਲ ਹੋਇਆ ਹੈ  

ਜਿਸਨੇ ਹਥਿਆਰਾਂ ਤੋਂ ਹੀ ਹਰ ਵਰ ਮੰਗਿਆ ਹੈ 

ਜਿਨ੍ਹਾਂ ਨੇ ਉਹਦੇ ਹੀ ਗੀਤਾਂ ਦੀਆਂ ਧੁਨਾਂ 'ਤੇ 

ਸਭ ਫ਼ਿਕਰਾਂ ਨੂੰ ਕਿੱਲੀ ਟੰਗਿਆ ਹੈ

ਇਸੇ ਬੇਫ਼ਿਕਰੀ ਦੀਆਂ ਜ਼ਹਿਰਾਂ ਨੇ

 ਹੁਣ ਉਸੇ ਨੂੰ ਹੀ ਡੰਗਿਆ ਹੈ

ਸੁਣਿਆ ਜੋ ਕੱਲ੍ਹ ਕਤਲ ਹੋਇਆ ਹੈ  

ਕੋਈ ਆਪਣੀ ਹੀ 

ਸਿਰਜਣਾ ਦੇ ਖੂਹ 'ਚ ਡੁੱਬ ਕੇ ਮੋਇਆ ਹੈ  

             *ਪਾਵੇਲ ਕੁੱਸਾ  ਸੁਰਖ ਲੀਹ ਪਰਚੇ ਦਾ ਸੰਪਾਦਕ ਵੀ ਹੈ 

Monday, May 23, 2022

ਐਮ ਐਸ ਭਾਟੀਆ ਦੀ CPI ਸ਼ਹਿਰੀ ਸਕੱਤਰ ਵੱਜੋਂ ਨਿਯੁਕਤੀ ਦੇ ਅਰਥ

CPI:ਪਾਰਟੀ ਨੂੰ ਮਜ਼ਬੂਤ ਕਰਨ ਲਈ ਜਥੇਬੰਦਕ ਸੁਧਾਰਾਂ ਦਾ ਸਿਲਸਿਲਾ ਮੁੜ ਸ਼ੁਰੂ

ਲੁਧਿਆਣਾ ਵਿੱਚ ਪਹਿਲੇ ਕਦਮ ਵੱਜੋਂ ਐਮ ਐਸ ਭਾਟੀਆ ਦੀ ਨਿਯੁਕਤੀ  

*ਬਹੁਤ ਸਾਰੇ ਖੇਤਰਾਂ ਵਿਚ ਆਏਗੀ ਤਬਦੀਲੀ 
*ਪਾਰਟੀ ਨੂੰ ਮੁੜ ਮਜ਼ਬੂਤ ਬਣਾਉਣ ਲਈ ਚੁੱਕੇ ਜਾ ਰਹੇ ਕਦਮਾਂ ਅਧੀਨ ਹੀ ਹੋਈ ਇਹ ਨਿਯੁਕਤੀ
*ਪਾਰਟੀ ਦੇ ਨਾਲ ਨਾਲ ਗੈਰ ਪਾਰਟੀ ਹਲਕਿਆਂ ਵਿੱਚ ਵੀ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ 
*ਅੱਜ ਹੋਈ ਕਾਨਫਰੰਸ ਵਿਚ ਦਿੱਤਾ ਮਹਿੰਗਾਈ ਅਤੇ ਫ਼ਿਰਕਾਪ੍ਰਸਤੀ ਦੇ ਵਿਰੁੱਧ ਸੰਘਰਸ਼ ਦਾ ਸੱਦਾ
*ਜ਼ਿਲੇ ਵਿੱਚ ਡੀ ਪੀ ਮੌੜ ਅਤੇ ਸ਼ਹਿਰੀ ਵਿੱਚ ਐਮ ਐਸ ਭਾਟੀਆ: ਹੁਣ ਮਿਲੇਗੀ ਡਬਲ ਇੰਜਣ ਸ਼ਕਤੀ
*ਮੀਡੀਆ ਅਤੇ ਆਈ ਟੀ ਸੈਲ ਵਿੱਚ ਵੀ ਹੋਵੇਗਾ ਪੁਨਰਗਠਨ
*ਟਰੇਡ ਯੂਨੀਅਨਾਂ ਦੀ ਰੇਂਜ ਅਤੇ ਸ਼ਕਤੀ ਵੀ ਵਧੇਗੀ 
*ਲਾਲ ਝੰਡੇ ਦੀ ਅਗਵਾਈ ਇੱਕ ਵਾਰ ਫੇਰ ਲਿਆਏਗੀ ਫੈਸਲਾਕੁੰਨ ਸਥਿਤੀ 


ਲੁਧਿਆਣਾ: 23 ਮਈ 2022: (ਕਾਮਰੇਡ ਸਕਰੀਨ ਡੈਸਕ)::

ਬੈਂਕਿੰਗ ਅਤੇ ਸਿੱਖਿਆ ਖੇਤਰ ਨਾਲ ਸਬੰਧਤ ਰਹੇ ਐਮ ਐਸ ਭਾਟੀਆ ਹੁਣ ਸੀਪੀਆਈ ਦੀ ਸ਼ਹਿਰੀ ਬ੍ਰਾਂਚ ਦੇ ਸਕੱਤਰ ਬਣ ਗਏ ਹਨ। ਐਮ ਐਸ ਭਾਟੀਆ ਦੀ ਇਹ ਨਿਯੁਕਤੀ ਰਾਤੋਰਾਤ ਨਹੀਂ ਹੋਈ ਬਲਕਿ ਪਾਰਟੀ ਦੀ ਮੌਜੂਦਾ ਸਥਿਤੀ ਵਿੱਚ ਕਮਜ਼ੋਰ ਹਾਲਤ ਵਾਲੀ ਚੁਣੌਤੀ ਨੂੰ ਕਬੂਲ ਕਾਰਨ ਕਰ ਕੇ ਹੋਈ ਹੈ। ਪਹਿਲੇ ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ ਹੁਰਾਂ ਨੇ ਸਿਹਤ ਦੀ ਖਰਾਬੀ ਅਤੇ ਘਰੇਲੂ ਮਜਬੂਰੀਆਂ ਦੇ ਵਾਬਜੂਦ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਲਈ ਕਾਫੀ ਕੁਝ ਕੀਤਾ ਵੀ ਪਰ ਲੋੜ ਇਸਤੋਂ ਵੀ ਕਿਤੇ ਜ਼ਿਆਦਾ ਸੀ।  ਪਾਰਟੀ ਦੀ ਹਾਈਕਮਾਨ ਸਾਰੀਆਂ ਬ੍ਰਾਂਚਾਂ ਤੋਂ ਇਨਕਲਾਬੀ ਤਬਦੀਲੀ ਦੀ ਆਸ ਲਾ ਕੇ ਤਾਂ ਬੈਠੀ ਹੈ ਪਾਰ ਇਸ ਗੱਲ ਨੂੰ ਖੁੱਲਦੇ ਦਿਲ ਨਾਲ ਸਵੀਕਾਰ ਕਰਨ ਲਈ ਤਿਆਰ ਨਹੀਂ ਕਿ ਹੁਣ ਪਹਿਲਾਂ ਵਾਲੇ ਹਾਲਾਤ ਵੀ ਨਹੀਂ ਰਹੇ ਅਤੇ ਪਹਿਲਾਂ ਵਰਗਾ ਪ੍ਰਤੀਬੱਧ ਕੇਦਰ ਵੀ ਨਹੀਂ ਰਿਹਾ। ਉਂਝ ਵੀ ਵਰਕਾਂ ਦੀ ਗਿਣਤੀ ਬਹੁਤ ਹੀ ਘਟੀ ਹੈ। ਮੌਜੂਦਾ ਨਾਜ਼ੁਕ ਦੌਰ ਵਿਚ ਪਾਰਟੀ ਦੀ ਪਹਿਲਾਂ ਵਾਲੀ ਸ਼ਾਨ ਕਿਵੇਂ ਬਹਾਲ ਹੋਵੇ--ਇਸ ਮਕਸਦ ਲਈ ਸੁਝਾਅ ਵੀ ਦਿੱਤੇ ਗਏ ਹਨ। ਅੰਦਰਲੇ ਪੱਧਰ ਤੇ ਖੁੱਲੀਆਂ ਵਿਚਾਰਾਂ ਵੀ ਹੋਈਆਂ। ਪਾਰਟੀ ਦੇ ਹਰ ਵਰਕਰ ਅਤੇ ਹਰ ਲੀਡਰ ਤੱਕ ਇਸ ਗੱਲ ਦਾ ਅਹਿਸਾਸ ਕਰਾਇਆ ਗਿਆ ਕਿ ਸਥਿਤੀ ਪਾਰਟੀ ਅੰਦਰਲੀ ਐਮਰਜੰਸੀ ਵਾਲੀ ਹੈ। ਵਿਰੋਧੀ ਚਾਂਗਰਾਂ ਮਾਰ ਰਹੇ ਹਨ ਅਤੇ ਪਾਰਟੀ ਸਦਮਿਆਂ ਤੋਂ ਉਭਰ ਨਹੀਂ ਪਾ ਰਹੀ। 

ਅਸਲ ਵਿੱਚ ਪਿਛਲੇ ਕੁਝ ਦਹਾਕਿਆਂ ਦੌਰਾਨ ਜਿੱਥੇ ਪਾਰਟੀ ਨੂੰ ਫਿਰਕਾਪ੍ਰਸਤੀ ਅਤੇ ਅੱਤਵਾਦ ਖਿਲਾਫ ਜੰਗ ਲੜਦਿਆਂ ਕੁਰਬਾਨੀਆਂ ਦੇਣੀਆਂ ਪਈਆਂ ਉੱਥੇ ਸਰਕਾਰੀ ਵਧੀਕੀਆਂ ਖਿਲਾਫ ਵੀ ਲੋਕਾਂ ਦਾ ਸਾਥ ਦੇਂਦਿਆਂ ਪਾਰਟੀ ਨੇ ਲੰਮੇ ਸੰਘਰਸ਼ ਲੜੇ। ਇਸੇ ਦੌਰਾਨ ਉਮਰ ਦਰਾਜ਼ ਵਰਕਰਾਂ ਅਤੇ ਲੀਡਰਾਂ ਦੇ ਦੇਹਾਂਤ ਵੀ ਕੁਦਰਤੀ ਵਰਤਾਰਾ ਬਣੇ ਰਹੇ। ਕੁਲ ਮਿਲਾ ਕੇ ਪਾਰਟੀ ਦੀ ਗਿਣਤੀ 'ਤੇ ਮਾਰੂ ਅਸਰ ਪਿਆ। ਮੌਜੂਦਾ ਸਿਆਸੀ ਹਾਲਾਤਾਂ ਅਤੇ ਸਿਆਸਤ ਵਿਚ ਆਈ ਦਿਖਾਵੇ ਭਰੀ ਤੜਕ ਭੜਕ ਨੇ ਵੀ ਪਾਰਟੀ ਨੂੰ ਢਾਹ ਲਾਈ ਕਿਓਂਕਿ ਪਾਰਟੀ ਕੋਲ ਨਾਂ ਤਾਂ ਤੜਕ ਭੜਕ ਜੋਗੇ ਫ਼ੰਡ ਕਦੇ ਵੀ ਰਹੇ ਅਤੇ ਨਾ ਹੀ ਇਸ ਤਰ੍ਹਾਂ ਦੇ ਪੂੰਜੀਵਾਦੀ ਰੁਝਾਨਾਂ ਵਿੱਚ ਪਾਰਟੀ ਨੇ ਕਦੇ ਵਿਸ਼ਵਾਸ ਕੀਤਾ। ਸਟੇਜਾਂ 'ਤੇ ਹੁੰਦਾ ਗੀਤ ਸੰਗੀਤ ਵੀ ਪਾਰਟੀ ਲਾਈਨ ਮੁਤਾਬਿਕ ਲੋਕ ਪੱਖੀ ਭਾਵਨਾ ਨਾਲ ਹੀ ਜੁੜਿਆ ਹੁੰਦਾ ਸੀ। ਇਪਟਾ ਦੀ ਦੇਖ ਰੇਖ ਵਿੱਚ ਹਰ ਗੀਤ ਕਿਸੇ ਖਾਸ ਸੁਨੇਹੇ ਨੂੰ ਦੇ ਕੇ ਜਾਂਦਾ ਸੀ ਇਸਦੇ ਨਾਲ ਹੀ ਕੁਝ ਨਵੇਂ ਲੋਕਾਂ ਨੂੰ ਪਾਰਟੀ ਲਾਈਨ ਨਾਲ ਜੋੜ ਕੇ ਵੀ ਜਾਂਦਾ ਸੀ। ਕਾਮਰੇਡ  ਭਾਟੀਆ ਜਿੱਥੇ ਇਪਟਾ ਨਾਲ ਜੁੜੇ ਹੋਏ ਹਨ ਉੱਥੇ ਵਾਤਾਵਰਣ ਦੀ ਰਾਖੀ ਲਈ ਹੁੰਦੀਆਂ ਸਰਗਰਮੀਆਂ ਵਿੱਚ ਵੀ ਪੂਰੀ ਤਰ੍ਹਾਂ ਸਰਗਰਮ ਰਹਿੰਦੇ ਹਨ ਅਤੇ ਸਾਹਿਤ ਸਿਰਜਨਾਂ ਦੇ ਮਾਮਲੇ ਵਿਚ ਵੀ। ਉਹਨਾਂ ਦੀਆਂ ਕਈ ਮਿੰਨੀ ਕਹਾਣੀਆਂ ਤੇ ਨਿੱਕੀਆਂ ਫ਼ਿਲਮਾਂ ਬਣ ਚੁੱਕੀਆਂ ਹਨ। ਪਰ ਹਕੀਕਤ ਜ਼ਿਆਦਾ ਕੌੜੀ ਹੈ। ਸਾਹਿਤ ਦੀ ਸ਼ਬਦਾਂ ਦੀ ਮਿਠਾਸ ਅਤੇ ਕਵੀ ਦੀ ਕਲਪਨਾ ਤੋਂ ਬਹੁਤ ਅੱਗੇ ਅਤੇ ਉਲਟ ਵੀ। 

ਹੀਲੇ ਵਸੀਲੇ ਕਰਦਿਆਂ ਆਖਿਰ ਪਾਰਟੀ ਦੇ ਹਰ ਪ੍ਰੋਗਰਾਮ ਵਿੱਚ ਦਿਨ ਰਾਤ ਇੱਕ ਕਰਕੇ ਸਰਗਰਮੀ ਦਿਖਾਉਣ ਵਾਲੇ ਐਮ ਐਸ ਭਾਟੀਆ ਨੂੰ ਪਾਰਟੀ ਦੀ ਸ਼ਹਿਰੀ ਇਕਾਈ ਦਾ ਸਕੱਤਰ ਚੁਣ ਲਿਆ ਗਿਆ ਹੈ। ਪਹਿਲਾਂ ਇਸ ਅਹੁਦੇ ਤੇ ਪਾਰਟੀ ਦੇ ਸਰਗਰਮ ਬੁਧੀਜੀਵੀ ਕਾਮਰੇਡ ਰਮੇਸ਼ ਰਤਨ ਇਹ ਜ਼ਿੰਮੇਵਾਰੀ ਸੰਭਾਲ ਰਹੇ ਸਨ ਪਰ ਕੁਝ ਅਰਸੇ ਤੋਂ ਸਿਹਤ ਦੀ ਖਰਾਬੀ ਕਾਰਨ ਉਹ ਇਸ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹ ਰਹੇ ਸਨ। ਭਾਟੀਆ ਅਤੇ ਰਮੇਸ਼ ਰਤਨ ਅਕਸਰ ਹਰ ਪ੍ਰੋਗਰਾਮ ਵਿਚ ਇਕੱਠੇ ਹੀ ਹੁੰਦੇ ਹਨ। ਹੁਣ ਵੀ ਉਹ ਇੱਕ ਹੀ ਹਨ। ਦੋ ਜਿਸਮ ਮਗਰ ਇੱਕ ਜਾਨ ਵਾਂਗ। 

ਕਾਮਰੇਡ ਭਾਟੀਆ ਦੀ ਸ਼ਹਿਰੀ ਸਕੱਤਰ ਵੱਜੋਂ ਨਿਯੁਕਤੀ ਉਹਨਾਂ ਫੈਸਲਿਆਂ ਦੀ ਰੌਸ਼ਨੀ ਵਿਚ ਹੀ ਕਹੀ ਜਾ ਸਕਦੀ ਹੈ ਜਿਹੜੇ ਪਾਰਟੀ ਨੂੰ ਇੱਕ ਵਾਰ ਫੇਰ ਲੋਹ ਸੰਗਠਨ ਵੱਜੋਂ ਸੁਰਜੀਤ ਕਰਨ ਲਈ ਲਏ ਗਏ ਹਨ। ਨਵੇਂ ਫੈਸਲਿਆਂ ਅਨੁਸਾਰ ਸੂਬਾ ਕਾਉਂਸਿਲ ਦੇ ਅੱਧੇ ਮੈਂਬਰ 50 ਸਾਲਾਂ ਤੋਂ ਘੱਟ ਉਮਰ ਦੇ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਸੂਬਾ ਕਾਉਂਸਿਲ ਵਿੱਚ 15 ਫ਼ੀਸਦੀ ਮੈਂਬਰਾਂ ਦੇ ਅਨੁਪਾਤ ਨਾਲ ਇਸਤਰੀਆਂ ਵੀ ਸਰਗਰਮ ਰਹਿਣੀਆਂ ਚਾਹੀਦੀਆਂ ਹਨ। ਪਾਰਟੀ ਕਾਂਗਰਸ ਤੋਂ ਪਹਿਲਾਂ ਇਹ ਵੀ ਜ਼ਰੂਰੀ ਹੋਵੇਗਾ ਕਿ ਸੂਬਾ ਕਾਉਂਸਿਲ ਦਾ ਹਰ ਮੈਂਬਰ ਨਿਊ ਏਜ ਜਾਂ ਮੁਕਤੀ ਸੰਘਰਸ਼ ਦਾ ਗਾਹਕ ਵੀ ਜ਼ਰੂਰ ਹੋਵੇ। ਇਸਦੇ ਨਾਲ ਹੀ ਕੌਮੀ ਕਾਉਂਸਿਲ ਵਿੱਚ 20 ਫ਼ੀਸਦੀ ਨਵੇਂ ਚਿਹਰਿਆਂ ਤੇ ਜ਼ੋਰ ਦਿੱਤਾ ਗਿਆ ਹੈ। ਇਸ ਗੱਲ ਉੱਤੇ ਸਖਤੀ ਨਾਲ ਅਮਲ ਕਰਨ ਲਈ ਕਿਹਾ ਗਿਆ ਹੈ ਤਾਂਕਿ ਇਹ ਸਿਰਫ ਦਿਖਾਵੇ ਲਈ ਜਾਂ ਗੱਲੀਂਬਾਤੀਂ ਰਹਿ ਜਾਵੇਕੌਮੀ ਕਾਉਂਸਿਲ ਵਿੱਚ 50 ਫ਼ੀਸਦੀ ਨਵੇਂ ਮੈਂਬਰ 60 ਸਾਲ ਤੋਂ ਘੱਟ ਉਮਰ ਵਾਲੇ ਹੋਣੇ ਚਾਹੀਦੇ ਹਨ। ਇਹ ਵੀ ਸੂਝ ਆਇਆ ਕਿ 75 ਸਾਲਾਂ ਦੀ ਉਮਰ ਸੀਮਾ ਸੂਬਾ ਕੌਂਸਲਾਂ, ਸੂਬਾ ਸਕੱਤਰਾਂ, ਕੌਮੀ ਕਾਰਜਕਾਰਨੀ ਮੈਂਬਰਾਂ ਅਤੇ ਕੌਮੀ ਸਕੱਤਰਾਂ ਉੱਤੇ ਵੀ ਲਾਗੂ ਹੋਵੇਗੀ। ਇਸਦੇ ਨਾਲ ਹੀ ਆਈ ਟੀ ਸੈਲ ਅਤੇ ਮੀਡੀਆ ਸੈਲ ਬਾਰੇ ਵੀ ਵਿਚਾਰਾਂ ਆਈਆਂ ਹਨ। ਪਾਰਟੀ ਹੁਣ ਸੋਸ਼ਲ ਮੀਡੀਆ ਨੂੰ ਵੀ ਵਧੇਰੇ ਅਹਿਮਿਅਤ ਦੇਵੇਗੀ ਕਿਉਂਕਿ ਕਿਸਾਨਾਂ ਦੇ ਇਤਿਹਾਸਿਕ ਅਤੇ ਮਿਸਾਲੀ ਜੇਤੂ ਅੰਦੋਲਨ ਦੌਰਾਨ ਸੋਸ਼ਲ ਮੀਡੀਆ ਨੇ ਗੋਦੀ ਮੀਡੀਆ ਨੂੰ ਬੁਰੀ ਤਰ੍ਹਾਂ ਨਾਕਾਮ ਕਰਕੇ ਦਿਖਾਇਆ ਹੈ। ਜਿਹੜੇ ਲੋਕ ਟੀਵੀ ਨਹੀਂ ਦੇਖਦੇ ਉਹਨਾਂ ਤੱਕ ਵੀ ਰਵੀਸ਼ ਕੁਮਾਰ ਨੂੰ ਪਹੁੰਚਾਉਣਾ ਕਾਮਰੇਡ ਐਮ ਐਸ ਭਾਟੀਆ ਦੇ ਰੋਜ਼ਾਨਾਂ ਫਰਜ਼ਾਂ ਵਿੱਚੋਂ ਇੱਕ ਵਾਂਗ ਹੈ। ਪਾਰ ਸਮਾਂ ਮੰਗ ਕਰਦਾ ਹੈ ਸਾਨੂੰ ਨਵੇਂ ਰਵੀਸ਼ ਕੁਮਾਰ ਲੱਭਣੇ ਵੀ ਪੈਣਗੇ ਅਤੇ ਪੈਦਾ ਵੀ ਕਰਨੇ ਪੈਣਗੇ। ਗੋਦੀ ਮੀਡੀਏ ਅਤੇ ਇਸਦੇ ਪਿੱਠ ਥਾਪੜਣ ਵਾਲੇ ਅਜੇ ਵੀ ਭਿਆਨਕ ਸੁਨਾਮੀ ਵਾਂਗ ਛਾਏ ਹੋਏ ਹਨ। ਉਹਨਾਂ ਦੇ ਹੀਲੇ ਵਸੀਲੇ ਵੀ ਖੱਬੀਆਂ ਧਿਰਾਂ ਨਾਲੋਂ ਬਹੁਤ ਜ਼ਿਆਦਾ ਹਨ। 

ਸਾਹਿਤ, ਮੀਡੀਆ, ਟਰੇਡ ਯੂਨੀਅਨ ਲਹਿਰ ਵਿੱਚ ਤੇਜ਼ੀ--ਕਾਮਰੇਡ ਭਾਟੀਆ ਇਹ ਸਭ ਕੁਝ ਬਹੁਤ ਪਹਿਲਾਂ ਤੋਂ ਹੀ ਕਰਦੇ ਆ ਰਹੇ ਹਨ। ਕਾਮਰੇਡ ਭਾਟੀਆ ਨੇ ਪਾਰਟੀ ਦੇ ਨਾਲ ਨਾਲ ਟਰੇਡ ਯੂਨੀਅਨਾਂ ਅਤੇ ਸਟੂਡੈਂਟਸ ਫੈਡਰੇਸ਼ਨ ਵਰਗੇ ਸੰਗਠਨਾਂ ਦੀ ਮਜ਼ਬੂਤੀ ਲਈ ਵੀ ਸਰਗਰਮ ਯੋਗਦਾਨ ਪਾਇਆ ਹੈ। ਇਸ ਤਰ੍ਹਾਂ ਇੱਕ ਬਹੁ ਪੱਖੀ ਪ੍ਰਤਿਭਾ ਨੂੰ ਫੈਸਲਾ ਕਰੂ ਸ਼ਕਤੀ ਵੱਜੋਂ ਸਾਹਮਣੇ ਲਿਆਉਣਾ ਇੱਕ ਸੁਖਾਵਾਂ ਇਤਫ਼ਾਕ ਵੀ ਬਣ ਗਿਆ ਸੀ। ਨਿਸਚੇ ਹੀ ਇਸਦਾ ਫਾਇਦਾ ਸਮੂਹ ਲੋਕ ਲਹਿਰਾਂ ਨੂੰ ਮਿਲੇਗਾ।  

ਇਸ ਨਵੀਂ ਚੋਣ ਦੇ ਮਕਸਦ ਲਈ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਲੁਧਿਆਣਾ ਸ਼ਹਿਰੀ ਦੀ ਕਾਨਫਰੰਸ ਅੱਜ ਇਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ  ਕਾਮਰੇਡ ਨਵਲ ਛਿੱਬੜ ਐਡਵੋਕੇਟ, ਕਾਮਰੇਡ ਕੁਲਵੰਤ ਕੌਰ ਤੇ ਡਾ: ਵਿਨੋਦ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ  ਜਿਸ ਵਿੱਚ ਲੁਧਿਆਣਾ ਸ਼ਹਿਰ ਦੀਆਂ ਵੱਖ ਵੱਖ ਬ੍ਰਾਂਚਾਂ ਵਿੱਚੋਂ ਚੁਣ ਕੇ ਆਏ ਡੈਲੀਗੇਟਾਂ ਨੇ ਹਿੱਸਾ ਲਿਆ । ਕਾਨਫ਼੍ਰੰਸ ਵਿਚ ਸਰਬ ਸੰਮਤੀ ਨਾਲ ਕਾ: ਐਮ ਐਸ ਭਾਟੀਆ ਨੂੰ ਨਵਾਂ ਸਕੱਤਰ ਅਤੇ ਕਾਮਰੇਡ ਵਿਜੇ ਕੁਮਾਰ,ਕਾਮਰੇਡ ਕੁਲਵੰਤ ਕੌਰ ਅਤੇ ਡਾ: ਵਿਨੋਦ ਕੁਮਾਰ ਨੂੰ ਸਹਾਇਕ ਸਕੱਤਰ ਚੁਣਿਆ ਗਿਆ। 

ਇਸ ਇਤਿਹਾਸਿਕ ਕਾਨਫਰੰਸ ਵਿਚ ਮਹਿੰਗਾਈ ਤੇ ਫ਼ਿਰਕਾਪ੍ਰਸਤੀ ਦੇ ਵਿਰੁੱਧ ਅਤੇ ਨਗਰ ਦੇ ਮਸਲਿਆਂ ਦੇ ਹਲ ਲਈ ਸੰਘਰਸ਼ ਦਾ ਸੱਦਾ ਦਿੱਤਾ। ਅਗਲੇ ਐਤਵਾਰ 29 ਮਈ ਨੂੰ ਕੌਮੀ ਸੱਦੇ ਮੁਤਾਬਕ ਜਗਰਾਓਂ ਪੁਲ ਤੇ  ਇੱਕਤਰ ਹੋ ਕੇ ਇਹਨਾ ਮੁੱਦਿਆਂ ਨੂੰ ਲੈ ਕੇ  ਸੰਘਰਸ਼ ਅਰੰਭਿਆ ਜਾਏਗਾ।

ਪਾਰਟੀ ਦੇ ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ ਨੇ ਪਿਛਲੇ ਚਾਰ ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਜਿਸ ਵਿਚ ਦੇਸ਼ ਦਾ ਰਾਜਨੀਤਕ , ਸਮਾਜਕ ਅਤੇ ਆਰਥਿਕ ਦਿ੍ਰਸ਼ ਪੇਸ਼ ਕੀਤਾ ਗਿਆ। ਇਸ ਸਮੇਂ  ਦੌਰਾਨ ਪਾਰਟੀ ਵੱਲੋਂ ਕੀਤੇ ਗਏ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਪਹਿਲਾਂ ਕਾਨਫਰੰਸ ਦਾ ਉਦਘਾਟਣ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌੜ ਨੇ ਕੀਤਾ ਜਿਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਾਲਾਤ ਇਸ ਵੇਲੇ  ਬਹੁਤ ਖ਼ਤਰਨਾਕ ਮੋੜ ਤੇ ਹਨ।

ਸੱਤਾ ਤੇ ਕਾਬਜ਼ ਆਰ ਐੱਸ ਐੱਸ ਦੀ ਥਾਪੜੀ ਹੋਈ ਮੋਦੀ ਸਰਕਾਰ ਲੋਕਾਂ ਦਾ ਧਿਆਨ ਵੱਧ ਰਹੀ ਮਹਿੰਗਾਈ  ਅਤੇ ਬੇਰੁਜ਼ਗਾਰੀ ਅਤੇ  ਡਿੱਗ ਰਹੀ ਆਰਥਿਕਤਾ  ਤੋਂ ਹਟਾਉਣ ਲਈ ਹਿੰਦੂ ਮੁਸਲਿਮ ਫਿਰਕੂ ਗੱਲਾਂ ਕਰ ਰਹੀ ਹੈ ਅਤੇ ਮਸਜਿਦ ਮੰਦਰ ਦੇ ਝਗੜਿਆਂ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਉਕਸਾ ਕੇ ਦੰਗੇ ਕਰਵਾ ਰਹੀ ਹੈ ਅਤੇ ਨਿੱਤ ਘੱਟ ਗਿਣਤੀਆਂ ਅਤੇ ਪਿਛੜੇ ਵਰਗਾਂ ਨੂੰ ਦਬਾਇਉਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਥੋਕ ਮਹਿੰਗਾਈ ਅੰਕ ਪਿਛਲੇ ਤੇਰਾਂ ਮਹੀਨੇ ਤੋਂ  ਦੋ ਅੰਕਾਂ ਵਿਚ ਹੈ ਤੇ ਹੁਣ ਇਹ 15.09 ਹੈ ਜੋ ਕਿ ਪਿਛਲੇ ਪੱਚੀ ਸਾਲ ਵਿੱਚ ਸਭ ਤੋਂ ਜ਼ਿਆਦਾ ਹੈ। ਇਸੇ ਤਰ੍ਹਾਂ ਪਰਚੂਨ ਮਹਿੰਗਾਈ ਅੱਜ ਪਿਛਲੇ 8 ਸਾਲਾਂ ਵਿੱਚ  ਸਭ ਤੋਂ ਉਤਲੇ ਪੱਧਰ ਤੇ ਯਨੀ 7.79 ਫ਼ੀਸਦੀ ਤੇ ਪੁੱਜ ਗਈ ਹੈ।  ਇਸ ਨਾਲ ਜਿੱਥੇ ਛੋਟੇ ਕਾਰਖਾਨੇਦਾਰ ਅਤੇ ਸਨਅਤਕਾਰ ਅਤੇ ਮੱਧਮ ਵਰਗ  ਤੇ ਤਾਂ  ਮਾੜਾ ਅਸਰ ਪਵੇਗਾ ਹੀ ਪਰ ਸਭ ਤੋਂ ਮਾੜਾ ਹਾਲ ਦੇਸ਼ ਦੀ ਅਸੰਗਠਿਤ ਖੇਤਰ ਵਿਚ ਕੰਮ ਕਰਦੇ ਕਾਮਿਆਂ  ਦਾ ਹੋਵੇਗਾ ਜਿਨ੍ਹਾਂ ਦੀ ਗਿਣਤੀ 94% ਹੈ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਵਧ ਰਹੀ ਮਹਿੰਗਾਈ ਦਾ ਮੁਆਵਜ਼ਾ ਨਹੀਂ ਮਿਲਦਾ। 

ਕਾਰਪੋਰੇਟ ਘਰਾਣੇ ਆਪਣੇ ਮੁਨਾਫ਼ੇ ਵਿੱਚ ਕਮੀ ਕਰਨ ਦੀ ਥਾਂ ਤੇ ਮਹਿੰਗਾਈ ਦਾ ਇਹ ਸਾਰਾ ਭਾਰ ਖਰੀਦਦਾਰ ਤੇ ਪਾ ਰਹੇ  ਹਨ। ਉਨ੍ਹਾਂ ਕਿਹਾ ਕਿ ਭੁਖਮਰੀ  ਦੇ ਸੂਚਕ ਅੰਕ ਵਿੱਚ ਸਾਡਾ ਦੇਸ਼ 117 ਵਿਚੋਂ 102ਵੇਂ  ਨੰਬਰ ਤੇ ਹੈ ਅਤੇ ਇਹ ਬੰਗਲਾ ਦੇਸ਼  ਨੇਪਾਲ ਅਤੇ ਹੋਰ ਗੁਆਂਢੀ ਦੇਸ਼ ਪਾਕਿਸਤਾਨ ਨਾਲੋਂ ਵੀ ਹੇਠਾਂ ਹੈ। ਖਰੀਦਣ ਵਾਲੇ ਕੋਲੋਂ ਪੈਸੇ ਆਉਣੇ ਕਿਥੋਂ ਹਨ ਇਸ ਬਾਰੇ ਨਾ ਸਰਕਾਰਾਂ ਸੋਚ ਰਹੀਆਂ ਹਨ ਨਾ ਹੀ ਸਮਾਜ। ਕੁਝ ਖਾਣ ਪੀਣ ਵਾਲੇ ਜ਼ਰੂਰੀ ਉਤਪਾਦਨਾਂ ਦੀਆਂ ਕੀਮਤਾਂ ਤਾਂ ਲਗਾਤਾਰ ਵਧਾਈਆਂ ਜਾ ਰਹੀਆਂ ਹਨ ਪਰ ਉਹਨਾਂ ਦੀ ਮਾਤਰਾ ਅਤੇ ਕੁਆਲਿਟੀ ਨਿਰੰਤਰ ਘਟਦੀ ਚਲੀ ਜਾ ਰਹੀ ਹੈ। ਕਾਰਪੋਰੇਟਾਂ ਨੂੰ ਆਮ ਜਨਤਾ ਦੀ ਜੇਬ ਕੱਟਣ ਦੀ ਖੁਲ੍ਹੀ ਛੁੱਟੀ ਮਿਲੀ ਹੋਈ ਹੈ।  

ਸਿਹਤ ਸੇਵਾਵਾਂ ਤੇ ਖ਼ਰਚ ਕਰਨ ਕਰਕੇ ਲੋਕ ਗ਼ਰੀਬੀ ਰੇਖਾ ਤੋਂ ਥੱਲੇ ਆ ਰਹੇ ਹਨ। ਸਿੱਖਿਆ ਤੋਂ ਸਰਕਾਰ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ ਅਤੇ ਨਿੱਜੀ ਸੰਸਥਾਨਾਂ ਦੇ ਹਵਾਲੇ  ਲੋਕਾਂ ਨੂੰ ਕੀਤਾ ਹੋਇਆ ਹੈ। ਜਨਤਕ ਖੇਤਰ ਦੇ ਮੁਨਾਫ਼ਾ ਕਮਾ ਰਹੇ ਅਦਾਰਿਆਂ ਨੂੰ  ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਕਰੋਨਾ ਦੌਰਾਨ ਜਦੋਂ ਕਰੋੜਾਂ ਨੌਕਰੀਆਂ ਚਲੀਆਂ ਗਈਆਂ ਅਤੇ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ, ਲੋਕ ਬੇਕਾਰ ਹੋ ਗਏ ਉਸ ਸਮੇਂ ਵੀ ਕਾਰਪੋਰੇਟ   ਘਰਾਣਿਆਂ ਦਾ ਮੁਨਾਫ਼ਾ  ਕਈ ਗੁਣਾ ਵਧਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਆਜ਼ਾਦੀ ਦੇ ਅੰਦੋਲਨ ਵਿਚ ਜਿੱਥੇ ਦੇਸ਼ ਭਗਤਾਂ, ਗਦਰੀ ਬਾਬਿਆਂ, ਦੇਸ਼ ਭਗਤ ਲੋਕਾਂ ਅਤੇ ਕਮਿਊਨਿਸਟਾਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਸੰਘਰਸ਼ ਕੀਤੇ ਉਥੇ  ਆਰ ਐੱਸ ਐੱਸ ਅਤੇ ਹਿੰਦੂ ਮਹਾਂ ਸਭਾ ਦੇ ਆਗੂ ਸਾਵਰਕਰ ਅੰਗਰੇਜ਼ਾਂ ਤੋਂ ਮਾਫ਼ੀਆਂ ਮੰਗਦੇ ਰਹੇ ਤੇ ਨਾਲ ਮਿਲ ਕੇ ਕੰਮ ਕਰਦੇ ਰਹੇ। 

ਦੇਸ਼ ਦੇ ਸੰਵਿਧਾਨ ਨੂੰ ਬਦਲ ਕੇ ਇਹ ਸਰਕਾਰ ਮੰਨੂ ਸਮਰਿਤੀ ਲਿਆਉਣਾ ਚਾਹੁੰਦੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਦੇਸ਼ ਦੇ 94 ਫ਼ੀਸਦੀ ਅਸੰਗਠਿਤ ਮਜ਼ਦੂਰਾਂ ਵਿੱਚੋਂ 50 ਫ਼ੀਸਦੀ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਹਨ, ਜਿਨ੍ਹਾਂ ਦੀ ਆਮਦਨ ਪਿਛਲੇ 7 ਸਾਲਾਂ ਵਿੱਚ 22 ਫ਼ੀਸਦੀ ਵਧੀ ਹੈ ਜਦਕਿ ਮਹਿੰਗਾਈ 50 ਫ਼ੀਸਦੀ ਵਧੀ ਹੈ। ਇਨ੍ਹਾਂ ਪਰਿਵਾਰਾਂ ਨੂੰ ਦੋ ਵਕਤ ਦਾ ਚੁੱਲ੍ਹਾ ਜਗਾਉਣਾ ਵੀ ਔਖਾ ਹੋਇਆ ਪਿਆ ਹੈ। ਪਾਰਟੀ ਦੇ ਕੌਮੀ ਕੌਂਸਲ ਮੈਂਬਰ  ਡਾ: ਅਰੁਣ ਮਿੱਤਰਾ ਨੇ ਕਿਹਾ  ਕਿ ਮਜ਼ਦੂਰਾਂ ਦੇ 44 ਕਾਨੂੰਨਾਂ ਨੂੰ ਤੋੜ ਕੇ ਸਰਕਾਰ ਚਾਰ ਲੇਬਰ ਕੋਡ ਲਿਆ ਰਹੀ ਹੈ ਜਿਸ ਨਾਲ ਹਾਸ਼ੀਏ ਤੇ ਆਏ ਮਜ਼ਦੂਰਾਂ  ਦੀ ਹਾਲਤ ਹੋਰ ਵੀ ਪਤਲੀ ਹੋ ਜਾਵੇਗੀ ਅਤੇ ਜਿਉਣਾ ਵੀ ਔਖਾ ਹੋ ਜਾਵੇਗਾ। ਸਮਾਜਿਕ ਸੁਰੱਖਿਆ ਖਤਮ ਹੋ ਜਾਵੇਗੀ।ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਨੇ ਵੀ ਸੰਬੋਧਨ ਕੀਤਾ। ਮੁਹੰਮਦ ਸ਼ਫ਼ੀਕ ਨੇ ਇਨਕਲਾਬੀ ਕਲਾਮ ਪੇਸ਼ ਕੀਤੇ ਸੈਕਟਰੀ ਦੀ ਰਿਪੋਰਟ ਤੇ ਬੋਲਦਿਆਂ ਜਿੰਨਾ ਸਾਥੀਆਂ ਨੇ ਹਿੱਸਾ ਲਿਆ ਉਨ੍ਹਾਂ ਵਿੱਚ ਜੀਤ ਕੁਮਾਰੀ, ਵਿਜੇ ਕੁਮਾਰ,ਅਜੀਤ  ਜਵੱਦੀ,  ਗੁਰਵੰਤ ਸਿੰਘ, ਅਰਜੁਨ ਪ੍ਰਸਾਦ, ਅਵਤਾਰ ਛਿੱਬੜ, ਸ਼ਾਮਿਲ ਸਨ। ਸ਼੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਦੇ ਨਾਲ ਹੀ ਦੇਸ਼ ਚੋਣ ਹਟਾ ਦਿੱਤੀ ਗਈ ਸਮਾਜਵਾਦ ਵਾਲੀ ਨੀਤੀ ਹੀ ਆਮ ਲੋਕਾਂ ਨੂੰ ਰਾਹਤ ਦੇ ਸਕਦੀ ਹੈ ਪਾਰ ਉਸ ਨੀਤੀ ਨੂੰ ਹੁਣ ਲਿਆਵੇ ਕੌਣ? ਕੀ ਨੇੜ ਭਵਿੱਖ ਵਿੱਚ ਖੱਬੀਆਂ ਧਿਰਾਂ ਇੱਕ ਵਾਰ ਫੇਰ ਇਸ ਸਥਿਤੀ ਵਿਚ ਆ ਸਕਣਗੀਆਂ?

Friday, May 20, 2022

ਕਦੇ ਸੁਦਾਮਾ ਦੇ ਘਰ ਕੋਈ ਕ੍ਰਿਸ਼ਨ ਨਹੀਂ ਆਉਂਦਾ

ਸੁਦਾਮੇ ਦੇ ਘਰ ਉਸਦਾ ਹੀ ਕੋਈ ਸਾਥੀ ਆਉਂਦਾ!

ਕਦੇ ਸੁਦਾਮਾ ਦੇ ਘਰ ਚੱਲ ਕੇ ਕ੍ਰਿਸ਼ਨ ਨਹੀਂ ਆਇਆ!
ਆ ਜਾਂਦਾ ਤਾਂ ਫੇਰ ਕਹਾਣੀ ਹੋਰ ਈ ਹੁੰਦੀ 
ਇਹੀ ਸੱਚ ਹੈ 
ਕਦੇ ਸੁਦਾਮਾ ਦੇ ਘਰ ਚੱਲ ਕੇ ਕ੍ਰਿਸ਼ਨ ਨਹੀਂ ਆਇਆ!
ਉਸਨੇ ਉਸਨੂੰ ਘਰ ਆ ਕੇ ਕਦੇ ਗੱਲ ਨਹੀਂ ਲਾਇਆ!
ਜਾਣੀਜਾਣ ਸੀ!
ਤ੍ਰੈਲੋਕੀ ਸੀ!
ਘਟ ਘਟ ਦੇ ਦਿਲ ਦਾ ਜਾਣੂੰ ਸੀ!
ਉਸਤੋਂ ਕਿਸਦਾ ਦੁੱਖ ਲੁਕਿਆ ਸੀ?
ਉਸਦੇ ਲਈ ਕੀ ਕੰਮ ਮੁਸ਼ਕਲ ਸੀ?
ਪਰ ਉਸਨੂੰ ਕਦੇ ਤਰਸ ਨਹੀਂ ਆਇਆ!
ਆ ਜਾਂਦਾ ਤਾਂ ਫੇਰ ਕਹਾਣੀ ਹੋਰ ਈ ਹੁੰਦੀ!
ਕਦੇ ਸੁਦਾਮਾ ਦੇ ਘਰ ਚੱਲ ਕੇ ਕ੍ਰਿਸ਼ਨ ਨਹੀਂ ਆਇਆ!
ਉਸਨੇ ਉਸਨੂੰ ਘਰ ਆ ਕੇ ਕਦੇ ਗੱਲ ਨਹੀਂ ਲਾਇਆ!
ਕਾਮਰੇਡ ਤਾਂ ਆ ਜਾਂਦੇ ਨੇ!
ਮੋਢੇ ਝੰਡਾ ਲਾਲ ਟਿਕਾ ਕੇ!
ਕਦਮਾਂ ਦੇ ਨਾਲ ਕਦਮ ਮਿਲਾ ਕੇ!
ਜ਼ੋਰ ਜ਼ੋਰ ਦੀ ਨਾਅਰੇ ਲੈ ਕੇ 
ਭੁੱਲੇ ਚੁੱਕੇ ਆ ਜਾਂਦੇ ਨੇ!
ਕਾਮਰੇਡ ਤਾਂ ਆ ਜਾਂਦੇ ਨੇ!
ਸਾਡੇ ਵਰਗੇ ਲੋਕ ਸੁਦਾਮੇ!
ਗੁਰਬਤ ਦੀਆਂ ਮੁਸੀਬਤਾਂ ਮਾਰੇ!
ਥਾਣੇ ਦੀ ਪੇਸ਼ੀ ਤੋਂ ਹਾਰੇ!
ਸਾਨੂੰ ਗੱਲ ਨਾਲ ਲਾ ਜਾਂਦੇ ਨੇ! 
ਇੰਨਕਲਾਬ ਦਾ ਟੁੱਟਿਆ ਸੁਪਨਾ!
ਮੁੜ ਕੇ ਫੇਰ ਦਿਖਾ ਜਾਂਦੇ ਨੇ!
ਕਾਮਰੇਡ ਤਾਂ ਆ ਜਾਂਦੇ ਨੇ!
ਜਦੋਂ ਕੋਰੋਨਾ ਹਰ ਥਾਂ ਛਾਇਆ!
ਮੌਤ ਨੇ ਨੰਗਾ ਨਾਚ ਦਿਖਾਇਆ!
ਰਾਸ਼ਨ ਪੈਸੇ ਸੁਪਨਾ ਹੋਏ!
ਉਦੋਂ ਸਾਡੀ ਸਾਰ ਲਈ ਸੀ 
ਰਾਸ਼ਨ ਵਾਲੀ ਕਿੱਟ ਪਹੁੰਚਾ ਕੇ 
ਉਦੋਂ ਸਾਡੀ ਬਾਂਹ ਫੜੀ ਸੀ!
ਕਿੱਟ ਨਾਲ ਕੁਝ ਨਗਦੀ ਪਾ ਕੇ 
ਸਾਨੂੰ ਘਰ ਘਰ ਆ ਸਮਝਾਇਆ 
ਕਦੇ ਸੁਦਾਮਾ ਦੇ ਘਰ ਕੋਈ ਕ੍ਰਿਸ਼ਨ ਨਹੀਂ ਆਉਂਦਾ 
ਸੁਦਾਮੇ ਦੇ ਘਰ ਉਸਦਾ ਹੀ ਸਾਥੀ ਆਉਂਦਾ!
ਉਸਦਾ ਹੀ ਸਾਥੀ ਆ ਕੇ ਫਿਰ ਗੱਲ ਸਮਝਾਉਂਦਾ 
ਜੰਗ ਖੜੀ ਹੈ ਸਿਰ 'ਤੇ ਸਾਨੂੰ ਲੜਨੀ ਪੈਣੀ 
ਆਰਪਾਰ ਦੀ ਜੰਗ ਸਾਨੂੰ ਫਿਰ ਲੜਨੀ ਪੈਣੀ!
ਪੂੰਜੀਵਾਦ ਦੇ ਨਾਲ ਹੈ ਟੱਕਰ ਲੈਣੀ ਪੈਣੀ 
ਸਾਡਾ ਇਨਕਲਾਬ ਅਸੀਂ ਹੀ ਲੈ ਕੇ ਆਉਣਾ!
ਕਿਸੇ ਸੁਦਾਮੇ ਦੇ ਘਰ ਕਿਸੇ ਕ੍ਰਿਸ਼ਨ ਨਹੀਂ ਆਉਣਾ!
ਆਪਾਂ ਝੌਂਪੜ ਪੱਟੀ ਵਾਲੇ 
ਕ੍ਰਿਸ਼ਨ ਤਾਂ ਹੈ ਮਹਿਲਾਂ ਦਾ ਵਾਸੀ!
ਬੇਇਨਸਾਫ਼ੀ ਦੀ ਇਸ ਜੰਗ ਵਿੱਚ!
ਜੇਕਰ ਕ੍ਰਿਸ਼ਨ ਨੇ ਸ਼ੰਖ ਵਜਾਇਆ!
ਯੁੱਧ ਦਾ ਇੱਕ ਐਲਾਨ ਕਰਾਇਆ!
ਹੱਕ ਵਾਲਿਆਂ ਦੇ ਨਾਲ ਖੜ੍ਹ ਕੇ!
ਸੁਦਰਸ਼ਨ ਚੱਕਰ ਆਣ ਚਲਾਇਆ
ਓਦਣ ਉਸਦੀ ਗੱਲ ਸੁਣਾਂਗੇ 
ਓਦਣ ਸਮਝਾਂਗੇ ਉਹ ਆਇਆ!
ਉਸ ਦਿਨ ਅਸੀਂ ਵੀ ਬਣਾਂਗੇ ਅਰਜਨ!
ਉਸ ਦਿਨ ਇੱਕ ਇਤਿਹਾਸ ਰਚਾਂਗੇ!
ਅਜੇ ਸਾਰਥੀ ਲੈਨਿਨ ਸਾਡਾ!
ਅਜੇ ਸਾਰਥੀ ਮਾਰਕਸ ਸਾਡਾ!
ਅਜੇ ਸਾਰਥੀ ਚੀਗੁਵੇਰਾ!
ਅਸੀਂ ਨਿਰੰਤਰ ਜੰਗ ਲੜਾਂਗੇ!
ਅਸੀਂ ਕ੍ਰਿਸ਼ਨ ਤੋਂ ਬਿਨ ਵੀ ਲੜਾਂਗੇ!
ਹਰ ਇੱਕ ਥਾਂ ਹਰ ਪਲ ਲੜਾਂਗੇ!
ਅਸੀਂ ਨਿਰੰਤਰ ਜੰਗ ਲੜਾਂਗੇ!
ਪਾਸ਼, ਉਦਾਸੀ, ਦਿਲ ਨੂੰ ਪੜ੍ਹ ਕੇ!
ਗੀਤਾ  ਸਮਝ 'ਚ ਆ ਜਾਵੇਗੀ!
ਯੁੱਧ ਬਿਨਾ ਹੁਣ ਕੋਈ ਨੀ ਚਾਰਾ!
ਗੱਲ ਸਮਝ ਵਿੱਚ ਆ ਜਾਵੇਗੀ!
                   ---ਰੈਕਟਰ ਕਥੂਰੀਆ 

Thursday, May 19, 2022

ਬਹੁਪੱਖੀ ਚਿੰਤਕ ਸ਼ਹੀਦ ਡਾ. ਰਵਿੰਦਰ ਰਵੀ//ਡਾ. ਗੁਲਜ਼ਾਰ ਸਿੰਘ ਪੰਧੇਰ

ਡਾ.ਰਵੀ ਦੀ ਯਾਦ ਵਿੱਚ ਟਰੱਸਟ ਨਿਰੰਤਰ ਕਾਰਜਸ਼ੀਲ  ਹੈ

ਸ਼ਹਿਰ ਲੁਧਿਆਣਵੀ ਸਾਹਿਬ ਨੇ ਕੁਝ ਸਤਰਾਂ ਲਿਖੀਆਂ ਸਨ-

ਜੇਲ੍ਹੋਂ ਕੇ ਬਿਨਾ ਜਬ ਦੁਨੀਆ ਕੀ ਸਰਕਾਰ ਚਲਾਈ ਜਾਏਗੀ। 

ਵੋਹ ਸੁਬਹ ਕਭੀ ਤੋਂ ਆਏਗੀ!

ਪੂੰਜੀਵਾਦ ਦੀਆਂ ਸਮੱਸਿਆਵਾਂ ਸਮਾਜਵਾਦੀ ਪ੍ਰਬੰਧ ਅਧੀਨ ਹੀ ਦੂਰ ਹੋ ਸਕਦੀਆਂ ਹਨ। ਇਸ ਲਈ ਉਸ ਸੁਬਹ ਨੂੰ ਲਿਆਉਣ ਅਤੇ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਦੇ ਮੁਦਈ ਜਿੱਥੇ ਲਗਾਤਾਰ ਸ ਸੰਘਰਸ਼ਸ਼ੀਲ ਹਨ ਉੱਥੇ ਲੋੜ ਪੈਣ ਤੇ ਕੁਰਬਾਨੀਆਂ ਵੀ ਦੇਂਦੇ ਆ ਰਹੇ ਹਨ। ਡਾਕਟਰ ਗੁਲਯਾਰ ਪੰਧੇਰ ਤੁਹਾਨੂੰ ਦੱਸ ਰਹੇ ਇਸ ਲੰਮੇ ਸਿਲਸਿਲੇ ਵਿੱਚ ਸਿਰਫ ਇੱਕ ਕੁਰਬਾਨੀ ਦੀ ਸੰਖੇਪ ਜਿਹੀ ਦਾਸਤਾਨ। --ਸੰਪਾਦਕ 

19 ਮਈ,1989 ਨੂੰ ਡਾ. ਰਵਿੰਦਰ ਰਵੀ ਨੂੰ ਦੁਸ਼ਮਨ ਨੇ ਗੋਲ਼ੀਆਂ ਨਾਲ ਵਿੰਨ ਦਿੱਤਾ....ਅੱਜ 33 ਸਾਲ ਬਾ ਅਦ ਲੱਗਦਾ ਹੈ ਕਿ ਉਹ ਵਿਚਾਰ ਬਣਕੇ ਫੈਲ ਗਿਆ...ਵਿਚਾਰ ਗੱਲੀਆਂ, ਬੰਬ, ਬੰਦੂਕਾਂ ਦੀ ਮਾਰ 'ਚ ਨਹੀਂ ਆਉਂਦੇ...

ਪੰਜਾਬ ਸੰਕਟ ਦੇ ਕਾਲੇ ਦੌਰ ਵਿੱਚ ਖਾਲਿਸਤਾਨ ਮੰਗਦੇ ਦਹਿਸ਼ਤ ਪਸੰਦਾਂ ਨੇ
ਬਹੁਤ ਸਾਰੇ ਰਾਜਨੀਤਕ ਨੇਤਾਂਵਾਂ,ਸਾਹਿਤਕ ਸ਼ਖਸੀਅਤਾਂ ਅਤੇ ਆਮ ਲੋਕਾਂ ਨੂੰ ਵਿਚਾਰਾਂ ਦੇ ਵਿਰੋਧ ਕਾਰਨ ਸ਼ਹੀਦ ਕਰ ਦਿੱਤਾ। ਪ੍ਰੀਤ ਲੜੀ' ਮੈਗਜ਼ੀਨ ਦੇ  ਸੰਪਾਦਕ ਸੁਮੀਤ ਸਿੰਘ ਤੋਂ ਲੈ ਕੇ ਡਾ.ਰਵਿੰਦਰ ਰਵੀ ਤਕ ਉਹਨਾ ਸਾਹਿਤਕ ਕਾਮਿਆਂ ਦੀ ਲੰਮੀ ਕਤਾਰ ਹੈ। ਡਾ. ਰਵਿੰਦਰ ਰਵੀ ਜੀ ਨੂੰ 19 ਮਈ 1989 ਨੂੰ ਉਹਨਾ ਦੇ ਘਰੋਂ ਧੋਖੇ ਨਾਲ ਬੁਲਾਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਡਾ.ਰਵੀ ਜੀ ਤੋਂ ਪਹਿਲਾਂ 14 ਮਈ ਨੂੰ ਇਹਨਾਂ ਦੇ ਜੱਦੀ ਪਿੰਡ ਕਿਲਾ ਹਾਂਸ ਲਾਗੇ ਲੁਧਿਆਣਾ ਜਿਲ੍ਹੇ ਦੇ ਹੀ ਪਿੰਡ ਪੰਧੇਰ ਖੇੜੀ ਵਿੱਚ ਸਾਥੀ ਗੁਰਮੇਲ ਹੂੰਝਣ ਅਤੇ ਉਸਦੇ ਅੰਗ ਰੱਖਿਅਕ ਜੁਗਿੰਦਰ ਸਿੰਘ ਨੂੰ ਵੀ ਗੋਲੀਆਂ  ਨਾਲ  ਸ਼ਹੀਦ ਕਰ ਦਿੱਤਾ  ਸੀ। ਇਹਨਾਂ  ਦੋਹਾਂ ਦੀ ਵਿਚਾਰਧਾਰਕ ਸਾਂਝ  ਸੀ ਅਤੇ ਮੇਰੀ ਦੋਹਾਂ ਨਾਲ ਨੇੜਤਾ ਸੀ। ਡਾ. ਰਵੀ ਜੀ ਨਾਲ ਤਾਂ  ਮੈਂ ਪੀ.ਐਚ.ਡੀ. ਕਰ ਰਿਹਾ ਸੀ।

ਡਾ. ਰਵੀ ਜੀ ਇਕੋ ਸਮੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚੁਣੇ ਹੋਏ ਫੈਲੋ,ਕੇਂਦਰੀ ਪੰਜਾਬੀ ਲੇਖਕ ਸਭਾ ਰਜਿ.ਦੇ ਜਨਰਲ ਸਕੱਤਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਧਿਆਪਕ  ਜੱਥੇਬੰਦੀ ਦੇ ਮੁਹਰਲੀ ਕਤਾਰ ਦੇ ਆਗੂ ਸਨ। ਇਸ ਸਾਰੇ ਦੇ ਨਾਲ ਉਹ ਸਭ ਤੋਂ  ਪਹਿਲਾਂ  ਇੱਕ ਸੁਹਿਰਦ ਅਧਿਆਪਕ ਸਨ। ਅਧਿਆਪਨ ਕਾਰਜ ਉਹ ਖੁਦ ਡੂੰਘਾ ਅਧਿਐਨ ਕਰਕੇ ਕਰਦੇ ਸਨ। ਮੈਂ ਉਹਨਾਂ  ਪਾਸ ਦੋ ਚਾਰ ਵਾਰ ਰਾਤ ਰੁਕਿਆ ਤਾਂ ਮੈਂ  ਆਪਣੇ  ਸੌਣ ਅਤੇ ਜਾਗਣ ਤੋਂ  ਪਹਿਲਾਂ ਉਨ੍ਹਾਂ  ਨੂੰ ਆਪਣੇ ਪੜ੍ਹਨ-ਮੇਜ ਤੇ ਹੀ ਵੇਖਿਆ ਸੀ। ਉਚੇਰੀ ਸਿਖਿਆ ਦੇ ਵਿਦਿਆਰਥੀ ਉਹਨਾਂ ਦੇ ਕਲਾਸ ਨੋਟਿਸ  ਸਾਰੇ ਪੰਜਾਬ ਵਿੱਚ ਲੱਭ ਲੱਭ ਕੇ ਪੜ੍ਹਦੇ ਸਨ। ਉਹਨਾਂ ਵਿਦਿਆਰਥੀ ਲਹਿਰ ਵਿੱਚ ਕੰਮ ਕਰਦੇ ਡਾ. ਤਾਰਾ ਸਿੰਘ  ਸੰਧੂ ਵਰਗੇ ਵਿਦਿਆਰਥੀਆਂ ਨੂੰ  ਡਾਕਟਰੇਟ ਕਰਵਾਈ। ਡਾ. ਸੁਰਜੀਤ ਸਿੰਘ  ਭੱਟੀ ਵਰਗੇ ਉਹਨਾਂ ਦੇ ਵਿਦਿਆਰਥੀ ਸਾਡੇ  ਸਮਿਆਂ  ਵਿੱਚ  ਉੱਘੇ ਚਿੰਤਕ ਹਨ। ਬਲਦੇਵ ਸਿੰਘ ਧਾਲੀਵਾਲ  ਵਰਗੇ  ਉਹਨਾ ਦੇ ਵਿਦਿਆਰਥੀ  ਨਹੀਂ  ਸਨ ਪਰ ਉਹਨਾਂ  ਨੂੰ ਅਧਿਆਪਕ ਦਾ ਫਰਜ ਨਿਭਾਉਂਣ ਲਈ ਉਹ  ਪੰਜਾਬ ਯੂਨੀਵਰਸਿਟੀ  ਚੰਡੀਗੜ੍ਹ ਦੇ ਹੋਸਟਲ ਵਿੱਚ ਪਹੁੰਚ ਗਏ ਸਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਦੇ ਮੈਂਬਰ ਹੋਣ ਕਰਕੇ ਅਤੇ ਕੇਂਦਰੀ ਸਭਾ ਦੇ ਰੁਝੇਵੇੰ ਕਰਕੇ ਬਾਹਰ ਜਾਣਾ ਪੈਂਦਾ  ਸੀ ਪਰ ਉਹ  ਇਸ  ਗੱਲ  ਲਈ ਜਾਣੇ ਜਾਂਦੇ ਸਨ ਕਿ ਉਹ ਆਪਣੀ ਕਲਾਸ ਮਿਸ ਨਹੀਂ  ਕਰਦੇ ਸਨ। ਵਿਦਿਆਰਥੀਆਂ ਵਿੱਚ ਮੋਹ ਨਾਲ ਵਿਚਰਨ ਅਤੇ ਬੋਲ ਬਾਣੀ ਕਾਰਨ ਬਹੁਤ ਸਤਿਕਾਰੇ ਜਾਂਦੇ ਸਨ। ਪੰਜਾਬ ਸੰਕਟ ਦੇ ਦਿਨਾਂ  ਵਿੱਚ ਸ਼ਹਾਦਤ ਤੋਂ  ਕੁਝ ਦੇਰ ਪਹਿਲਾਂ ਉਹਨਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੋਸਟਲਾਂ ਵਿੱਚ ਇਕ ਵਿਚਾਰਧਾਰਕ ਲੈਕਚਰ ਲੜੀ ਵੀ ਸ਼ੁਰੂ ਕੀਤੀ  ਸੀ। ਡਾ.ਰਵੀ ਜੀ  ਨੇ ਆਪ ਡਾਕਟਰੇਟ ਰਾਮ ਕਾਵਿ ਤੇ ਖੋਜ ਕਰਦਿਆਂ ਡਾ.ਰਤਨ ਸਿੰਘ ਜੱਗੀ ਦੀ ਅਗਵਾਈ ਵਿੱਚ ਕੀਤੀ  ਤੇ ਰਾਮ ਕਾਵਿ ਦੇ ਧਰਮ ਨਿਰਪੱਖ ਖਾਸੇ ਨੂੰ ਖੋਜਿਆ । ਅਜੋਕੀ ਆਂ ਹਾਲਤਾਂ ਵਿੱਚ ਇਹ ਹੋਰ ਵੀ ਵਧੇਰੇ ਪ੍ਰਸੰਗਿਕ ਹੈ। ਉਹਨਾਂ ਦਾ ਖੋਜ ਪ੍ਰਬੰਧ ਇਸ ਯੂਨੀਵਰਸਿਟੀ ਵਿਚ ਪੰਜਾਬੀ ਦਾ ਪਹਿਲਾਂ ਖੋਜ ਪ੍ਰਬੰਧ ਸੀ। ਉਹਨਾਂ ਦੀਆਂ ਚਾਰ ਅਲੋਚਨਾ ਪੁਸਤਕਾਂ ; ਪੰਜਾਬੀ ਰਾਮ ਕਾਵਿ, ਅਮਰੀਕਾ ਦੀਆਂ ਨਵੀਨ ਅਲੋਚਨਾ ਪ੍ਰਣਾਲੀਆਂ, ਵਿਰਸਾ ਤੇ ਵਰਤਮਾਨ ਅਤੇ 'ਰਵੀ ਚੇਤਨਾ' ਉਹਨਾ ਦੀ ਸ਼ਹੀਦੀ ਤੋਂ  ਬਆਦ ਡਾ. ਗੁਰਚਰਨ ਸਿੰਘ ਅਰਸ਼ੀ ਜੀ ਨੇ ਸੰਪਾਦਤ ਕੀਤੀ। ਉਹਨਾ ਦੁਆਰਾ ਸੰਪਾਦਤ ਇਕ ਪੁਸਤਕ ਪ੍ਰਗਤੀਵਾਦ ਅਤੇ ਪੰਜਾਬੀ ਸਾਹਿਤ ਵੀ ਮਿਲਦੀ ਹੈ ਜੋ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਬਰਨਾਲਾ ਵਿਖੇ ਕਰਵਾਏ ਸੈਮੀਨਾਰ ਦੀ ਸੰਪਾਦਨਾ ਹੈ। ਬਰਨਾਲੇ ਦੀ ਸਾਹਿਤਕ  ਲਹਿਰ ਦੀ ਵੀ ਇਹ ਗਿਣਨਯੋਗ ਪ੍ਰਾਪਤੀ ਹੈ। ਉਸ ਸਮੇਂ ਲਿਖਾਰੀ ਸਭਾ ਬਰਨਾਲਾ ਦੇ ਪ੍ਰਧਾਨ ਓਮ ਪ੍ਰਕਾਸ਼ ਗਾਸੋ ਅਤੇ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ ਸਨ। ਇਹਨਾਂ ਪੁਸਤਕਾਂ ਦਾ ਸਮੁੱਚਾ ਅਧਿਐਨ ਸਾਨੂੰ ਡਾ.ਰਵੀ ਜੀ ਦਾ ਪੰਜਾਬੀ ਅਲੋਚਨਾ  ਵਿੱਚ ਸਥਾਨ ਨਿਸਚਤ ਕਰਨ ਵਿੱਚ ਸਹਾਇਤਾ ਕਰਦਾ ਹੈ। 

ਡਾ.ਰਵੀ ਮੁਢਲੇ ਰੂਪ ਵਿੱਚ ਭਾਰਤੀ ਕਮਿਊਨਿਸਟ  ਲਹਿਰ ਅਤੇ ਮਾਰਕਸਵਾਦ ਤੋਂ ਪ੍ਰਭਾਵਿਤ  ਸਨ। ਉਹ ਅੰਤਮ ਸਮੇ ਤਕ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ  ਅਤੇ ਆਗੂ ਰਹੇ। ਉਹਨਾਂ ਸਂੰਸਾਰ ਕਮਿਊਨਿਸਟ  ਲਹਿਰ ਦਾ ਗਹਿਰਾ ਅਧਿਅਨ ਕੀਤਾ ਅਤੇ ਇਸ ਕਾਰਜ ਲਈ ਸੋਵੀਅਤ ਯੂਨੀਅਨ ਗਏ। ਉਹਨਾਂ  ਸੰਸਾਰ ਪ੍ਰਸਿੱਧ ਅਲੋਚਕਾਂ ਨੂੰ ਨਿੱਠ ਕੇ ਵਾਚਿਆ ਤੇ ਰੋਲਾਂ ਬਾਰਤ ਵਰਗੇ ਚਿੰਤਕਾਂ ਦੇ ਗੁੰਝਲਦਾਰ ਅਤੇ ਬਾਰੀਕ ਸੰਕਲਪਾਂ ਨੂੰ ਸਮਝਦਿਆਂ ਉਸਨੂੰ ਲੋਕਪੱਖੀ ਦ੍ਰਿਸ਼ਟੀਕੋਨ ਤੋਂ ਵਾਚਿਆ।ਸਾਹਿਤ ਅਧਿਐਨ ਲਈ ਉਹਨਾਂ ਪਿਛੋਕੜ ਦੇ ਮਹਤਵ ਨੂੰ ਪਛਾਣਿਆ ਅਤੇ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਸੰਦਰਬ ਵਿੱਚ ਸੱਭਿਆਚਾਰਕ ਵਿਕਾਸ ਅਤੇ ਸਮਾਜਿਕ ਆਰਥਿਕ  ਵਿਕਾਸ ਨੂੰ  ਧਿਆਨ ਗੋਚਰੇ ਰੱਖਦਿਆਂ ਇਤਿਹਾਸਕ ਦਵੰਦਵਾਦੀ ਪ੍ਰਸੰਗਾਂ ਦੀ ਸਾਮਿਅਕ ਮਹੱਤਤਾ ਤੇ ਜ਼ੋਰ ਦਿੱਤਾ। ਉਹ ਭਾਰਤੀ ਅਤੇ ਪੱਛਮੀ ਚਿੰਤਨ ਨੂੰ ਸਾਡੀਆਂ ਆਪਣੀਆਂ ਵਿਸ਼ੇਸ਼ ਸਭਿਆਚਾਰਕ ਸਥਿਤੀਆਂ ਅਨੁਸਾਰ ਸਮਝਣ ਦੇ ਮੁਦੱਈ ਸਨ। ਮੱਧਕਾਲੀ ਸਾਹਿਤ ਦਾ ਅਧਿਐਨ ਕਰਦਿਆਂ ਉਹਨਾਂ  ਕਿਸ਼ਨ ਸਿੰਘ ਦੀ  ਤਰਾਂ ਇਸ ਨੂੰ ਮਹਾਨ ਅਤੇ ਇਨਕਲਾਬੀ ਸਾਹਿਤ ਪ੍ਰਵਾਨਿਆਂ। ਅਧੁਨਿਕ ਪੰਜਾਬੀ  ਸਾਹਿਤ  ਨੂੰ  ਮਾਰਕਸਵਾਦੀ ਤਰਲਤਾ ਅਧੀਨ  ਅੰਤਰ ਅਨੁਸ਼ਾਸ਼ਨੀ ਵਿਧੀ ਅਪਣਾ ਕੇ ਅਧੁਨਿਕ  ਸੰਧਰਵਾਂ,ਵਿਚਾਰਧਾਰਕ ਪ੍ਰਸੰਗਾਂ, ਵਿਸ਼ਵ ਦ੍ਰਿਸ਼ਟੀਕੋਨ ਅਤੇ ਸੁਹਜ ਜੁਗਤਾਂ ਦੇ ਧਿਆਨ ਗੋਚਰੇ ਵਿਚਾਰਿਆ। ਬਹੁਚਰਚਿਤ ਪੁਸਤਕ 'ਵਿਰਸਾ ਅਤੇ ਵਰਤਮਾਨ ' ਵਿੱਚ ਉਹਨਾਂ  ਸਮੁੱਚੀ ਵਿਚਾਰਧਾਰਕ  ਵਿਕਾਸ ਪ੍ਰਕਿਰਿਆ  ਨੁੰ  ਵਿਚਾਰਦਿਆਂ ਪੰਜਾਬੀ ਭਾਸ਼ਾ ਦੀ ਦਿਸ਼ਾ ਤੇ ਦਸ਼ਾ ਤੋਂ  ਸ਼ੁਰੂ ਹੋ ਕੇ ਸੱਭਿਆਚਾਰ ਅਤੇ ਉਸਦੇ ਅੰਦਰਲੀ ਤਬਦੀਲੀ ਅਤੇ ਸੱਭਿਆਚਾਰ ਦੇ ਸਹਜ ਸ਼ਾਸਤਰ ਨੂੰ ਆਪਣੇ ਅਧਿਅਨ ਦਾ ਕੇੰਦਰ ਬਣਾਇਆ। ਪੱਛਮੀ ਚਿੰਤਕਾਂ  ਤੇ ਖਾਸ ਕਰਕੇ ਰੋਲਾਂ ਬਾਰਤ ਨਾਲ ਸੰਵਾਦ ਰਚਾਉੰਦਿਆਂ ਪੰਜਾਬੀ ਚਿੰਤਨ  ਦੇ ਨਵੇਂ ਨਕਸ਼ ਉਭਾਰੇ। ਇਸ ਤੋੰ ਪਹਿਲਾਂ ਅਮਰੀਕਾ ਦੀ ਨਵੀਨ ਅਲੋਚਨਾ ਪ੍ਰਣਾਲੀ ਅਤੇ ਰਾਮ ਕਾਵਿ ਦੇ ਅਧਿਐਨ ਨਾਲ ਸਾਡੀ ਭਾਰਤੀ ਅਤੇ ਪੱਛਮੀ ਪਹੁੰਚ ਨਾਲ ਡੂੰਗੀ ਸਾਂਝ ਪੁਆ ਚੁੱਕੇ ਸਨ। ਡਾ.ਰਵੀ ਜੀ ਦੀ ਸ਼ਹਾਦਤ ਤੋਂ  ਬਾਅਦ ਡਾ .ਗੁਰਚਰਨ ਸਿੰਘ  ਅਰਸ਼ੀ ਜੀ ਨੇ ਉਹਨਾਂ |ਤੇ ਵੱਖਰੇ ਵੱਖਰੇ ਵਿਸ਼ਿਆਂ ਬਾਰੇ ਲਿਖੇ 18 ਮਜਬੂਨ ਛਾਪੇ ਜਿੰਨ੍ਹਾਂ ਵਿਚ ਰਵੀ ਜੀ ਦੇ ਵਿਚਾਰਧਾਰਕ ,ਆਲੋਚਨਾਤਮਕ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਪੇਸ਼ ਵੰਗਾਰਾਂ ਸਬੰਧੀ ਵਿਚਾਰ ਮਿਲਦੇ ਹਨ।

ਡਾ.ਰਵੀ ਜੀ ਦੀ ਸ਼ਹਾਦਤ ਤੋਂ ਬਾਅਦ ਇਕ ਕਿਤਾਬਚਾ ਲੋਕਗੀਤ ਪ੍ਰਕਾਸ਼ਨ ਵਾਲੇ ਹਰੀਸ਼ ਜੈਨ ਨੇ ਛਾਪਿਆ ਸੀ ਜਿਸਦਾ ਨਾਮ ਸੀ 'ਸੂਰਜ ਕਦੇ ਮਰਦਾ ਨਹੀਂ' । ਇਸ ਵਿੱਚ ਰਵੀ ਜੀ ਦੇ ਸਮਕਾਲੀ ਚਿੰਤਕਾਂ , ਮਿੱਤਰਾਂ ਆਦਿ ਦੇ ਵਿਚਾਰ ਅੰਕਿਤ ਸਨ। ਉੱਘੇ  ਅਲੋਚਕ ਡਾ.ਹਰਭਜਨ ਸਿੰਘ  ਭਾਟੀਆ ਨੇ ਵੀ ਇਕ ਪੁਸਤਕ 'ਡਾ.ਰਵਿੰਦਰ ਰਵੀ ਦਾ ਚਿੰਤਨ  ਸ਼ਾਸਤਰ' ਸਿਰਲੇਖ  ਹੇਠ 21 ਖੋਜ ਪੱਤਰਾਂ ਨੂੰ  ਸੁਚੱਜੀ ਤਰਤੀਬ ਦੇ ਕੇ ਛਾਪਿਆ ਹੈ। ਉਹਨਾਂ  ਦੇ ਜੀਵਨ  ਸਰਗਰਮੀਆਂ ਅਤੇ ਅਲੋਨਚਨਾ ਸਬੰਧੀ ਡਾ. ਤੇਜਵੰਤ ਗਿੱਲ, ਸੁਤਿੰਦਰ ਸਿੰਘ ਨੂਰ, ਡਾ. ਸੁਰਜੀਤ  ਭੱਟੀ ,ਡਾ.ਹਰਭਜਨ ਸਿੰਘ  ਭਾਟੀਆ,ਡਾ ਕਰਨਜੀਤ ਸਿੰਘ ,ਡਾ. ਜਗਬੀਰ ਸਿੱਘ, ਡਾ. ਸੁਰਿੰਦਰ ਦਵੇਸ਼ਵਰ ਆਦਿ ਨੇ ਵਿਸਤਰਿਤ ਪੇਪਰ ਲਿਖੇ  ਹਨ । 

ਡਾ.ਰਵੀ ਦੀ ਯਾਦ  ਵਿੱਚ ਬਣਿਆ ਹੋਇਆ ਟਰੱਸਟ ਲਗਾਤਾਰ ਕਾਰਜਸ਼ੀਲ  ਹੈ। ਹਰ ਸਾਲ ਟਰੱਸਟ ਵਲੋਂ ਉਹਨਾਂ  ਦੀ ਯਾਦ ਵਿੱਚ ਸਨਮਾਨ ਅਤੇ ਸਮਾਗਮ ਕੀਤਾ ਜਾਂਦਾ ਹੈ।ਇਸ ਤੋਂ  ਇਲਾਵਾ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਉਹਨਾਂ ਦੇ ਜੱਦੀ ਪਿੰਡ  ਕਿਲਾ ਹਾਂਸ  ਜਿਲ੍ਹਾ ਲੁਧਿਆਣਾ  ਵਿਖੇ ਹਰ ਸਾਲ ਯਾਦਗਾਰੀ  ਸਮਾਗਮ ਕਰਾਇਆ  ਜਾਂਦਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਵਲੋਂ ਅਤੇ  ਪੰਜਾਬੀ ਸਾਹਿਬ ਅਕਾਡਮੀ ਲੁਧਿਆਣਾ  ਵਲੋਂ ਵੀ ਬਾਕਾਇਦਾ ਸਨਮਾਨ ਸਮਾਗਮ ਕੀਤੇ ਜਾਂਦੇ  ਹਨ।

ਐਤਕੀਂ ਕਰੋਨਾ ਵਾਇਰਸ ਦੇ ਦੌਰ ਵਿੱਚ  ਜਿਹੜੀਆਂ ਸਮਾਜਿਕ  ਆਰਥਿਕ ਅਤੇ ਸੱਭਿਆਚਾਰਕ  ਵੰਗਾਰਾਂ ਲਈ ਉਹ  ਤਾਅ ਉਮਰ ਸੰਘਰਸ਼ ਕਰਦੇ ਰਹੇ , ਸ਼ਹਾਦਤ ਦਿੱਤੀ ਉਹ ਹੋਰ ਵੀ ਵਿਰਾਟ ਰੂਪ ਧਾਰ ਕੇ ਸਾਡੇ  ਸਨਮੁਖ ਹਨ। ਉਹਨਾ ਦੀ ਸੰਘਰਸ਼ ਭਰਪੂਰ ਜ਼ਿੰਦਗੀ  ਅਤੇ ਚਿੰਤਨ ਸਾਨੂੰ ਹਮੇਸ਼ਾ ਇਹਨਾ ਚੁਣੌਤੀਆਂ ਖਿਲਾਫ਼ ਸੰਘਰਸ਼  ਲਈ ਪ੍ਰੇਰਨਾ ਦਿੰਦਾ ਰਹੇਗਾ..। ਹੁਣ ਜਦੋੰ ਹਰ ਸਾਲ ਉਹਨਾ ਦਾ ਸ਼ਹੀਦੀ ਦਿਨ ਆਉਂਦਾ ਹੈ ਤਾਂ ਉਹਨਾ ਦੀ ਸਹਾਦਤ ਦੇ ਨਾਲ ਵਿਚਾਰ ਵੀ ਯਾਦ ਆਉਂਦੇ ਹਨ । ਪਿਛਲੇ ਸਮੇੰ ਵਿੱਚ ਚੱਲੇ ਕਿਸਾਨ ਅੰਦੋਲਨ ਨੇ ਉਹਨਾ ਦੀ ਵਿਚਾਰਧਾਰਕ ਦਰੁਸਤੀ ਤੇ ਇਕ ਬਾਰ ਫਿਰ ਮੋਹਰ ਲਾਈ ਹੈ।

ਦੇਸ਼ ਵਿਚ ਫੈਲੀਆਂ ਬੇਰੋਜ਼ਗਾਰੀ,ਮਹਿੰਗਾਈ,ਭਰਿਸ਼ਟਾਚਾਰ ਵਰਗੀਆਂ ਸਮੱਸਿਆਵਾਂ ਵਿੱਚ ਸਰਕਾਰਾਂ ਬਦਲ ਜਾਣ ਦੇ ਬਾਵਜੂਦ ਲਗਾਤਾਰ  ਵਾਧਾ ਇਹ ਵਿਸ਼ਵਾਸ ਪੱਕਾ ਕਰਾਉਂਦਾ ਹੈ ਇਹਨਾਂ ਸਮੱਸਿਆਵਾਂ ਦਾ ਹੱਲ ਸਮਾਜਵਾਦੀ ਪ੍ਰਬੰਧ ਵਿਚ ਹੀ ਸੰਭਵ ਹੈ। ਕਾਰਪੋਰੇਟ ਜਗਤ ਵਲੋੰ ਫੈਲਾਇਆ ਮੁਨਾਫੇ ਦਾ ਪ੍ਰਬੰਧ ਵਧੇਰੇ ਗੈਰ ਮਨੁੱਖੀ  ਵਰਤਾਰੇ ਪੈਦਾ ਕਰ ਰਿਹਾ ਹੈ...ਸਮੁੱਚਾ ਸੰਸਾਰ  ਆਤਮਘਾਤੀ ਹੋ ਵਿਨਾਸ ਵਲ ਜਾ ਰਿਹਾ ਹੈ। ਡਾ ਰਵਿੰਦਰ  ਰਵੀ ਹੋਰਾਂ ਆਪਣੀਆ ਲਿਖਤਾਂ, ਭਾਸ਼ਣਾਂ ਜੀਵਨ ਵਿਧੀ ਵਿਚ ਪ੍ਰਗਟਾਏ ਵਿਚਾਰ ਇਕ ਸੱਚੇ ਮਾਰਕਸਵਾਦੀ ਦੀ ਤਰਾਂ ਅੱਜ ਵੀ ਸਿਧਾਤਕ ਪੱਖੋਂ ਅਜੋਕੇ ਸਮੇਂ ਦੇ ਹਾਣ ਦੀ ਪਹੁੰਚ ਅਪਣਾਉਂਦੇ ਹਨ।ਡਾ ਰਵੀ ਜੀ ਦਾ ਚਿੰਤਨ ਸਰਮਾਏ ਦੀ ਦੁਨੀਆਂ ਵਲੋਂ ਪੈਦਾ ਕੀਤੇ ਨਵੇਂ ਮੁਸ਼ਕਲ ਪ੍ਰਸ਼ਨਾ ਦਾ ਜਬਾਬ ਵੀ ਦਿੰਦਾ ਹੈ। ਅੱਜ ਉਹਨਾਂ ਦੇ ਸ਼ਹੀਦੀ ਦਿਨ ਤੇ ਉਹਨਾਂ ਨੂੰ  ਯਾਦ ਕਰਦਿਆਂ ਉਹਨਾਂ ਦੀਆਂ ਲਿਖਤਾਂ ਨੂੰ ਬਾਰ ਬਾਰ ਪੜ੍ਹਨਾ ਬਣਦਾ ਹੈ।

ਡਾ. ਗੁਲਜ਼ਾਰ ਸਿੰਘ ਪੰਧੇਰ

ਮੋਬਾਈਲ ਨੰਬਰ ਸੰਪਰਕ> 7009966188

Saturday, May 14, 2022

ਕਾਮਰੇਡ ਗੁਰਮੇਲ ਹੂੰਝਣ ਨੂੰ ਯਾਦ ਕਰਦਿਆਂ//*ਡਾ. ਗੁਲਜ਼ਾਰ ਸਿੰਘ ਪੰਧੇਰ

ਖਾਲਿਸਤਾਨੀਆਂ ਨੇ ਸ਼ਹੀਦ ਕੀਤਾ ਸੀ ਕਾਮਰੇਡ ਗੁਰਮੇਲ ਹੂੰਝਣ 

ਲੁਧਿਆਣਾ: 13 ਮਈ 2022: (ਡਾ. ਗੁਲਜ਼ਾਰ ਪੰਧੇਰ//ਕਾਮਰੇਡ ਸਕਰੀਨ)::

ਫਾਈਲ ਫੋਟੋ 
ਸਾਥੀ ਗੁਰਮੇਲ ਸਿੰਘ ਹੂੰਝਣ ਦਾ ਜਨਮ 15 ਨਵੰਬਰ 1951 ਨੂੰ  ਉੱਘੇ ਅਜ਼ਾਦੀ ਸੰਗਰਾਮੀਏ ਕਾਮਰੇਡ ਚੰਨਣ ਸਿੰਘ ਵਰੋਲਾ ਦੇ ਸਪੁੱਤਰ ਵਜੋਂ ਮਾਤਾ ਜਸਵੰਤ ਕੌਰ ਦੀ ਕੁੱਖੋਂ ਪਿੰਡ ਪੰਧੇਰ ਖੇੜੀ, ਜਿਲ੍ਹਾ ਲੁਧਿਆਣਾ ਹੋਇਆ, ਮੁੱਢਲੀ ਵਿੱਦਿਆ ਨਾਲ ਦੇ ਕਸਬੇ ਮਲੋਦ ਤੋਂ ਪ੍ਰਾਪਤ ਕੀਤੀ ਤੇ ਉੱਚ ਵਿੱਦਿਆ ਐਮ.ਏ.ਰਾਜਨੀਤੀ ਸ਼ਾਸ਼ਤਰ ਆਰੀਆਂ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ। ਸਕੂਲੀ ਪੜ੍ਹਾਈ ਸਮੇਂ ਹੀ ਉਹ ਹੁਸ਼ਿਆਰ ਵਿਦਿਆਰਥੀ ਦੇ ਨਾਲ ਨਾਲ ਕਬੱਡੀ ਦਾ ਦਰਸ਼ਨੀ ਖਿਡਾਰੀ ਸੀ। ਮੇਰੇ ਤੋਂ ਚਾਰ ਸਾਲ ਉਮਰ ਵੱਡੀ ਸੀ ਤੇ ਮੈਂ ਉਸ ਨੂੰ  ਆਪਣੇ ਪਿੰਡ ਦੇ ਟੂਰਨਾਮੈਂਟਾਂ ਵਿੱਚ ਕਬੱਡੀ ਖੇਡਦਿਆਂ ਮੇਲਾ ਲੁੱਟਦੇ ਖੁਦ ਵੇਖਿਆ ਹੈ।  ਬੀ.ਏ. ਤੱਕ ਦੀ ਪੜ੍ਹਾਈ ਉਸਨੇ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਪ੍ਰਾਪਤ ਕੀਤੀ। ਉੱਥੇ ਪੜ੍ਹਦਿਆ ਹੀ ਉਹ ਉਸ ਸਮੇਂ ਵਿਦਿਆਰਥੀਆਂ ਦੀ ਹਰਮਨ ਪਿਆਰੀ ਜੱਥੇਬੰਦੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਸੂਬਾਈ ਆਗੂ ਬਣ ਗਿਆ ਸੀ। ਉਸ ਸਮੇਂ ਵਿਦਿਆਰਥੀ ਘੋਲ ਦੀ ਪ੍ਰਸਿੱਧ ਘਟਨਾ ਮੋਗਾ ਗੋਲੀ ਕਾਂਡ ਤੋਂ ਬਾਅਦ ਉਹ ਕਾਮਰੇਡ ਬੰਤ ਸਿੰਘ ਬਰਾੜ ਦੀ ਅਗਵਾਈ ਵਿੱਚ ਕਾਮਰੇਡ ਕਰਤਾਰ ਬੁਆਣੀ ਦੀ ਸੱਜੀ ਬਾਂਹ ਬਣ ਕੇ ਉਭਰਿਆ ਸੀ। ਮੇਰਾ ਪਿੰਡ ਸਿਆੜ੍ਹ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੈ। ਉਹਨਾਂ ਦਿਨਾਂ ਵਿੱਚ ਮੈਂ ਸਰਕਾਰੀ ਕਾਲਜ ਕਰਮਸਰ ਦਾ ਵਿਦਿਆਰਥੀ ਸੀ। ਪਹਿਲਾਂ ਪਹਿਲ ਵਿਚਾਰਧਾਰਕ ਸਹਿਮਤੀ ਨਾ ਹੋਣ ਦੇ ਬਾਵਜੂਦ ਵੀ ਉਹਦੀ ਮਿਕਨਾਤੀਸੀ ਸ਼ਖ਼ਸੀਅਤ ਨੇ ਇਸ ਕਦਰ ਪ੍ਰਭਾਵਤ ਕੀਤਾ ਕਿ ਉਸ ਦੇ ਬਹੁਤ ਨੇੜੇ ਹੋ ਗਿਆ ਤੇ ਵਿਦਿਆਰਥੀ ਜੱਥੇਬੰਦੀ ਵਿਚ ਸ਼ਾਮਿਲ ਹੋ ਕੇ ਬਹਿਸ ਮੁਬਾਸਿਆਂ ਤੋਂ ਬਾਅਦ ਵਿਚਾਰਧਾਰਕ ਸਹਿਮਤੀ ਵੀ ਹੋ ਗਈ। 

ਉਹਨਾਂ ਦੇ ਪਿਤਾ ਕਾਮਰੇਡ ਚੰਨਣ ਸਿੰਘ ਵਰੋਲਾ ਉਹਨਾਂ ਦਿਨਾਂ ਵਿੱਚ ਸਾਡੇ ਇਲਾਕੇ ਦੇ ਵਿਰਲੇ ਵਿਰਲੇ ਕਮਿਊਨਿਸਟ ਆਗੂਆਂ ਵਿੱਚੋਂ ਸਨ। ਕਮਿਊਨਿਸਟ ਮੋਰਚਿਆਂ ਅਤੇ ਕਾਮਰੇਡਾਂ ਵੱਲੋਂ ਇਲਾਕੇ ਵਿੱਚ ਕੀਤੇ ਜਾਂਦੇ ਉਪੇਰੇ ਨਾਟਕ ਅਤੇ ਜਲਸਿਆਂ ਕਰਕੇ ਜਾਣੇ ਜਾਂਦੇ ਸੀ।  ਇਕ ਹੋਰ ਜਿਹੜਾ ਮਾਨਵਦੀ ਕਾਰਜ ਇਹਨਾਂ ਨੇ ਕੀਤਾ ਸੀ ਉਹ ਇਹ ਸੀ ਕਿ 1947 ਦੇ ਫਸਾਦਾਂ ਸਮੇਂ ਬਹੁਤ ਸਾਰੇ ਮੁਸਲਮਾਨ ਪਰਿਵਾਰਾਂ ਨੂੰ  ਇਹਨਾਂ ਨੇ ਰਾਮਗੜ੍ਹ ਸਰਦਾਰਾਂ ਦੇ ਸਾਥੀਆਂ ਨਾਲ ਮਿਲ ਕੇ ਮਲੇਰਕੋਟਲਾ ਰਿਆਸਤ ਜੋ 10-11 ਕਿਲੋਮੀਟਰ ਪੈਂਦੀ ਸੀ ਦੀ ਹੱਦ ਵਿੱਚ ਪੁਚਾ ਕ ਰੱਖਿਆ ਕੀਤੀ  | ਅਜਾਦੀ ਸੰਗਰਾਮ ਸਮੇਂ ਕਾਮਰੇਡ ਬਰੋਲਾ ਜੀ ਪਹਿਲਾਂ ਕਾਂਗਰਸ ਪਾਰਟੀ ਵਿੱਚ ਰਹੇ ਤੇ ਫੇਰ ਜੇਲ੍ਹ ਵਿੱਚ ਹੁੰਦੀਆਂ ਬਹਿਸਾਂ ਤੋਂ ਬਾਅਦ ਕਮਿਊਨਿਸਟ ਗਰੁੱਪ ਵਿੱਚ ਸ਼ਾਮਿਲ ਹੋ ਗਏ  | ਉਹ ਦੱਸਦੇ ਹੁੰਦੇ ਸੀ ਕਿ ਉਹਨਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਲਿਖਤ, 'ਗਲਿੰਪਸਿਜ ਆਫ਼ ਦੀ ਵਰਲਡ ਹਿਸਟਰੀ, ਅਤੇ 'ਡਿਸਕਵਰੀ ਆਫ਼ ਇੰਡੀਆ, ਪੜ੍ਹਨ ਤੋਂ ਬਾਅਦ ਕਮਿਊਨਿਸਟ ਵਿਚਾਰਧਾਰਾ ਵੱਲ ਝੁਕਣਾ ਸ਼ੁਰੂ ਕੀਤਾ  | ਉਹਨਾਂ ਤੋਂ ਸੁਣੇ ਲੈਕਚਰਾਂ ਨੇ ਮੈਨੂੰ ਆਪਣੀ ਪੜ੍ਹਾਈ ਵਿੱਚ ਵੀ ਕਾਫੀ ਮੱਦਦ ਕੀਤੀ ਤੇ ਇਹ ਕਾਮਰੇਡ ਚੰਨਣ ਸਿੰਘ ਬਰੋਲਾ ਅਤੇ ਕਾਮਰੇਡ ਗੁਰਮੇਲ ਹੂੰਝਣ ਦੀ ਸ਼ਖਸੀਅਤ ਸੀ ਜਿਸ ਕਰਕੇ ਵਧੇਰੇ ਸਮਾਜਿਕ ਜਿੰਮੇਵਾਰੀ ਵਾਲਾ ਸੁਭਾਅ ਬਣਿਆ | ਮਾਰਕਸਵਾਦ ਦੇ ਲੈਕਚਰਾਂ ਨੇ ਤਾਂ ਮੇਰੀ ਲੇਖਣੀ ਵਿੱਚ ਵੀ ਬੜਾ ਨਿਖਾਰ ਲਿਆਂਦਾ  |

ਕਾਮਰੇਡ ਗੁਰਮੇਲ ਹੂੰਝਣ ਉੱਚ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਥੋੜੀ ਦੇਰ ਕੋਅਪਰੇਟਿਵ ਬੈਂਕ ਵਿੱਚ ਨੌਕਰੀ ਪਰ ਛੇਤੀ ਹੀ ਭਾਰਤੀ ਕਮਿਊਨਿਸਟ ਪਾਰਟੀ ਵਿਚ ਕੁਲ ਵਕਤੀ ਦੇ ਤੌਰ ਤੇ ਕੰਮ ਕਰਨ ਲੱਗ ਗਏ ਸਨ। ਪਾਰਟੀ ਵਿੱਚ ਕੰਮ ਕਰਦਿਆਂ ਉਹ ਲੁਧਿਆਣਾ ਜਿਲ੍ਹੇ ਦੇ ਸੰਯੁਕਤ ਸਹਾਇਕ ਸਕੱਤਰ ਅਤੇ ਸੂਬਾ ਕੌਂਸਲ ਪੰਜਾਬ ਦੇ ਮੈਂਬਰ ਬਣੇ. ਬਹੁਤਾ ਸਮਾਂ ਉਹਨਾਂ ਸਰਵ ਭਾਰਤ ਨੌਜਵਾਨ ਸਭਾ ਵਿੱਚ ਕੰਮ ਕੀਤਾ, ਪਿੰਡ ਪਿੰਡ ਨੌਜਵਾਨ ਸਭਾ ਦੀਆਂ ਬਰਾਂਚਾਂ ਬਣਾਈਆ ਵਿਸ਼ੇਸ ਕਰਕੇ ਸਾਡੇ ਇਲਾਕੇ ਵਿੱਚ ਨੌਜਵਾਨਾਂ ਨੂੰ  ਖੇਡਾਂ ਅਤੇ ਖੇਡ ਮੇਲਿਆ ਵੱਲ ਪ੍ਰੇਰਿਆ। ਨਾਲ ਰਹਿੰਦਿਆ ਉਹ ਅਕਸਰ ਕਹਿੰਦੇ ਸਨ ਕਿ ਨੌਜਵਾਨਾਂ ਨੂੰ  ਬਹੁ-ਪੱਖੀ  ਸਰਗਰਮੀਆਂ ਵਿੱਚ ਪਾਉਣਾ ਚਾਹੀਦਾ ਹੈ ਨਹੀਂ ਤਾਂ ਨੌਜਵਾਨ ਨਸ਼ਿਆ ਵੱਲ ਖਿੱਚੇ ਜਾਣਗੇ। ਉਹਨਾਂ ਦਿਨਾਂ ਵਿੱਚ ਨੌਜਵਾਨਾਂ ਵਿੱਚ ਨਸ਼ੇ ਇੰਨ੍ਹੇ ਜਿਆਦਾ ਨਹੀਂ ਸੀ ਹੁੰਦੇ ਪਰ ਅੱਜ ਦੇ ਹਾਲਾਤ ਵੇਖਦਿਆਂ ਲਗਦਾ ਹੈ ਕਿ ਉਹ ਅਗਾਊਂ ਹੀ ਜਾਣਦੇ ਸਨ।  ਉਹ ਭਾਵੇਂ ਘਰੋਂ ਬਹੁਤੇ ਸਰਦੇ ਪੁਜਦੇ ਨਹੀਂ ਸਨ ਪਰ ਫੇਰ ਵੀ ਜਦੋਂ ਉਹ ਇਮਾਨਦਾਰੀ ਨਾਲ ਲੋਕਾਂ ਲਈ ਕੰਮ ਕਰਦੇ ਸੀ ਲੋਕ ਪਾਰਟੀ ਲਈ ਉਹਨਾਂ ਰਾਂਹੀ ਖੁੱਲ੍ਹ ਕੇ ਸਹਾਇਤਾ ਵੀ ਦਿੰਦੇ ਸਨ। 

ਪਾਰਟੀ ਵਾਸਤੇ ਸਾਧਨ ਪੈਦਾ ਕਰਨ ਵਾਲਿਆਂ ਵਿੱਚੋਂ ਉਹ ਪਹਿਲੇ ਨੰਬਰ ਤੇ ਗਿਣੇ ਜਾਂਦੇ ਸਨ। ਮਜ਼ਦੂਰ ਜਮਾਤ ਲਈ ਹਮਦਰਦੀ ਉਹਨਾਂ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਸੀ। ਸਰਵ ਭਾਰਤ ਨੌਜਵਾਨ ਸਭਾ ਅਤੇ ਪਾਰਟੀ ਲਈ ਕੰਮ ਕਰਦਿਆ ਉਹਨਾਂ ਨੇ ਅਹਿਮਦਗੜ੍ਹ, ਮਲੋਦ, ਡੇਹਲੋਂ ਲੁਧਿਆਣਾ ਆਦਿ ਸ਼ਹਿਰਾਂ ਨੂੰ  ਆਪਣਾ ਕੇਂਦਰ ਬਣਾਇਆ। ਇਹਨਾਂ ਸ਼ਹਿਰਾਂ ਕਸਬਿਆਂ ਵਿੱਚ ਉਹਨੀ ਦਿਨੀਂ ਪੱਲੇਦਾਰ ਮਜ਼ਦੂਰ ਵੱਡੀ ਗਿਣਤੀ ਵਿੱਚ ਪੈਦਾ ਹੋਏ ਸਨ। ਉਹਨਾਂ ਆਪਣੇ ਇਲਾਕੇ ਵਿੱਚ ਪੱਲੇਦਾਰ ਦੀ ਮਜਬੂਤ ਜੱਥੇਬੰਦੀ ਨੂੰ ਅਗਵਾਈ ਦਿੱਤੀ। ਅਹਿਮਦਗੜ੍ਹ ਭਾਵੈਂ ਜਿਲ੍ਹਾ ਸੰਗਰੂਰ ਵਿੱਚ ਪੈਂਦਾ ਸੀ ਤਾਂ ਵੀ ਉਥੋਂ ਦੇ ਤਾਂ ਉਹ ਪ੍ਰਵਾਨਤ ਆਗੂ ਵਜੋਂ ਉੱਭਰ ਚੁੱਕੇ ਸਨ। 

ਜਦੋਂ ਇਲਾਕੇ ਵਿੱਚ ਕਮਿਊਨਿਸਟ ਪਾਰਟੀ ਅਤੇ ਸਾਥੀ ਗੁਰਮੇਲ ਹੂੰਝਣ ਰੋਜ਼ ਤਰੱਕੀ ਕਰ ਰਹੇ ਸੀ ਤਾਂ ਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ ਨੇ ਜ਼ੋਰ ਪਕੜਨਾਂ ਸ਼ੁਰੂ ਕਰ ਦਿੱਤਾ। ਕਿਓਂਕਿ ਇਸ ਲਹਿਰ ਦਾ ਸੁਭਾਅ ਫਿਰਕੂ ਅਤੇ ਤਾਨਾਸ਼ਾਹੀ ਵਾਲਾ ਸੀ ਤਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਲੋਕ ਪੱਖੀ ਨੀਤੀ ਅਨੁਸਾਰ ਉਸਨੇ ਡਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।  ਅੱਸੀਵਿਆਂ ਵਿਚ ਜਦੋਂ ਬਹੁਤ ਸਾਰੇ ਕਮਿਊਨਿਸਟਾਂ ਨੂੰ  ਖਾਲਿਸਤਾਨੀਆਂ ਵੱਲੋਂ ਸ਼ਹੀਦ ਕੀਤਾ ਗਿਆ ਤਾਂ ਕਾਮਰੇਡ ਗੁਰਮੇਲ ਹੂੰਝਣ, ਕਾਮਰੇਡ ਕਰਤਾਰ ਸਿੰਘ ਬੁਆਣੀ ਅਤੇ ਡਾ. ਅਰੁਣ ਮਿੱਤਰਾ ਦੀ ਅਗਵਾਈ ਹੇਠਲੀ ਟੀਮ ਫਿਰਕੂ ਏਕਤਾ ਲਈ ਸਾਰੀਆਂ ਸੰਭਾਵਨਵਾਂ ਝੋਕ ਕੇ ਕੰਮ ਕਰਦੀ ਰਹੀ। ਕਾਮਰੇਡ ਗੁਰਮੇਲ ਹੂੰਝਣ ਅਕਸਰ ਸਾਡੇ ਇਲਾਕੇ ਵਿੱਚ ਵੀ ਕਾਨਫਰੰਸ ਵਿੱਚ ਕਾਮਰੇਡ ਸਤਪਾਲ ਡਾਂਗ ਅਤੇ ਜਗਜੀਤ ਸਿੰਘ ਅਨੰਦ ਵਰਗੇ ਆਗੂਆਂ ਨੂੰ  ਬੁਲਾ ਕੇ ਪ੍ਰੋਗਰਾਮ ਕਰਵਾਉਂਦੇ ਰਹੇ।   

ਉਹਨਾਂ ਦੀ 14 ਮਈ 1989 ਨੂੰ  ਆਪਣੇ ਪਿੰਡ ਪੰਧੇਰ ਖੇੜੀ ਵਿੱਖੇ ਹੀ ਆਪਣੇ ਗੰਨਮੈਨ ਸਾਥੀ ਜੁਗਿੰਦਰ ਸਿੰਘ ਨਾਲ ਖਾਲਿਸਤਾਨੀਆਂ ਹੱਥੋਂ ਸ਼ਹਾਦਤ ਹੋਈ। ਮਹੀਨਾ ਕੁ ਪਹਿਲਾਂ ਹੀ ਉਹਨਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਪ੍ਰਸ਼ਾਸਨ ਨੇ ਉਹਨਾਂ ਨੂੰ  ਗੰਨਮੈਨ ਦਿੱਤੇ ਸਨ ਅਤੇ ਕੁਝ ਦਿਨ ਪਹਿਲਾਂ ਹੀ ਅਸੀ ਰਲ ਕੇ ਉਹਨਾਂ ਲਈ ਗੱਡੀ ਲੈਣ ਹਿਤ ਸਾਧਨ ਇਕਠੇ ਕਰਨੇ ਸ਼ੁਰੂ ਕਰ ਦਿੱਤੇ ਸਨ। ਬਾਅਦ ਵਿੱਚ ਭਾਵੇ ਕਾਤਲ ਵੀ ਮਾਰੇ ਗਏ ਪਰ ਉਹਨਾਂ ਸਾਡੇ ਸਮਾਜ ਦੇ ਹੀਰੇ ਨੂੰ ਸਾਥੋਂ ਹਮੇਸ਼ਾਂ ਲਈ ਖੋਹ ਲਿਆ।

ਉਸਦੇ ਅੰਤਿਮ ਸੰਸਕਾਰ ਸਮੇਂ ਵੱਡੀ ਗਿਣਤੀ ਵਿਚ ਲੋਕ ਇੱਕਠੇ ਹੋਏ। ਉਹਨਾਂ ਦੇ ਪਿਤਾ ਕਾਮਰੇਡ ਚੰਨਣ ਸਿੰਘ ਵਰੋਲਾ ਜੀ ਨੇ ਬੋਲਦਿਆ ਕਿਹ ਕਿ ਗੁਰਮੇਲ ਸੂਰਮਾ ਸੀ 'ਦਾਤਾ ਤੇ ਭਗਤ, ਸੁਰਮਾ ਤਿੰਨੇ ਜੱਗ ਰਹਿੰਦੇ ਨੇਂ, |ਲੋਕਾਂ ਨੇ ਪੈਦਾ ਕੀਤਾ ਸੀ ਤੇ ਲੋਕਾਂ ਲਈ ਜੀਵਿਆ ਤੇ ਸ਼ਹੀਦ ਹੋਇਆ ਹੈ। ਉਸਤੋਂ ਬਾਅਦ ਲਗਾਤਾਰ ਹਰ ਸਾਲ 14 ਮਈ ਨੂੰ  ਪਿੰਡ ਪੰਧੇਰ ਖੇੜੀ ਵਿਖੇ ਲੋਕਾਂ ਦਾ ਇੱਕ ਵੱਡਾ ਇੱਕਠ ਸਾਥੀ ਗੁਰਮੇਲ ਹੂੰਝਣ ਅਤੇ ਜੁਗਿੰਦਰ ਸਿੰਘ ਨੂੰ  ਸਰਧਾ ਭੇਟ ਕਰਨ ਲਈ ਪੁਜਦਾ ਹੈ ਤੇ ਸਮਾਜ ਨੂੰ  ਦਰਪੇਸ਼ ਚੁਣੌਤੀਆਂ ਵਿਰੁਧ ਸੰਘਰਸ਼ ਲਈ ਪ੍ਰੇਰਨਾ ਲੈਂਦਾ ਹੈ। 

ਪਿਛਲੀ ਵਾਰ ਵੀ ਕਰੋਨਾ ਮਾਹਾਂਮਾਰੀ ਕਾਰਨ ਲਾਕਡਾਊਨ ਦੇ ਹਲਾਤ ਸਨ ਤੇ ਪੰਧੇਰ ਖੇੜੀ ਵਿਖੇ ਪਹਿਲਾਂ ਵਰਗਾ ਵੱਡਾ ਇਕੱਠ ਨਹੀਂ ਸੀ ਹੋ ਸਕਿਆ। ਪ੍ਰੰਤੂ 'ਨਵਾਂ ਜ਼ਮਾਨਾ, ਰਾਂਹੀ ਉਹਨਾਂ ਨੂੰ  ਯਾਦ ਕਰਦਿਆ ਅਸੀ ਮਾਹਾਮਾਰੀ ਦੌਰਾਨ ਅਤੇ ਇਸ ਤੋਂ ਬਾਅਦ ਵਾਲੀਆਂ ਹਾਲਤਾਂ ਅਤੇ ਚੁਣੌਤੀਆਂ ਖਿਲਾਫ਼ ਸੰਗਰਾਮੀ ਪ੍ਰੇਰਨਾ ਸਾਥੀ ਗੁਰਮੇਲ ਹੂੰਝਣ ਅਤੇ ਜੁਗਿੰਦਰ ਸਿੰਘ ਦੀ ਸ਼ਹਾਦਤ ਤੋਂ ਲੈਂਦੇ ਰਹਾਂਗੇ।

*ਡਾ. ਗੁਲਜ਼ਾਰ ਸਿੰਘ ਪੰਧੇਰ ਉਘੇ ਲੇਖਕ ਹੋਣ ਦੇ ਨਾਲ ਨਾਲ ਸ਼ਹੀਦ ਕਾਮਰੇਡ ਗੁਰਮੇਲ ਦੇ ਨੇੜਲੇ ਸਾਥੀ ਵੀ ਰਹੇ 

Sunday, May 1, 2022

ਮਈ ਦਿਵਸ-2022 ਦੀ ਸਹੁੰ//*ਅਮਰਜੀਤ ਕੌਰ

ਸ਼ਿਕਾਗੋ-ਸੰਘਰਸ਼ ਦੇ ਕਈ ਅਹਿਮ ਪਹਿਲੂਆਂ ਤੋਂ ਜਾਣੂੰ ਕਰਵਾਉਂਦੀ ਲਿਖਤ 

ਮਈ ਦਿਵਸ ਸਾਨੂੰ ਮਜ਼ਦੂਰ ਜਮਾਤ ਦੇ ਅਤਿ ਸ਼ੋਸ਼ਣ 'ਤੇ ਧਿਆਨ ਕੇਂਦਰਿਤ ਕਰਨ ਲਈ ਵਿਸ਼ਵ ਭਰ ਦੇ ਮਜ਼ਦੂਰਾਂ ਦੀਆਂ ਮਹਾਨ ਕੁਰਬਾਨੀਆਂ ਦੇ ਇਤਿਹਾਸ ਨੂੰ ਯਾਦ ਦਿਵਾਉਂਦਾ ਹੈ, ਕਿ ਉਹਨਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਗਿਆ, ਕੰਮ ਦੇ ਨਿਸ਼ਚਿਤ ਘੰਟੇ ਨਹੀਂ ਸਨ, ਉਹਨਾਂ ਦੀ ਮਿਹਨਤ ਦਾ ਕੋਈ ਜਾਇਜ਼ ਮੁਆਵਜਾ ਨਹੀਂ ਸੀ, ਕੋਈ ਪੇਸ਼ੇਵਰ ਸੁਰੱਖਿਆ ਨਹੀਂ ਸੀ ਅਤੇ ਕੰਮ ਵਾਲੀਆਂ ਥਾਵਾਂ 'ਤੇ ਅਤੇ ਸਮਾਜਿਕ ਸੁਰੱਖਿਆ ਲਈ ਕੁਝ ਨਹੀਂ ਸੀ।

ਕਾਮਰੇਡ ਅਮਰਜੀਤ ਕੌਰ 
ਇਹ ਦਿਨ ਸਾਨੂੰ ਮਜ਼ਦੂਰਾਂ ਦੇ ਸਨਮਾਨ ਲਈ ਕੀਤੇ ਗਏ ਮਹਾਨ ਸੰਘਰਸ਼ ਦੀ ਯਾਦ ਦਿਵਾਉਂਦਾ ਹੈ ਅਤੇ ਇਹ ਕਿ ਮਜ਼ਦੂਰਾਂ ਦੇ ਅਧਿਕਾਰ ਮਨੁੱਖੀ ਅਧਿਕਾਰ ਹਨ। ਇੱਕ ਤਰ੍ਹਾਂ ਨਾਲ ਮਨੁੱਖੀ ਇਤਿਹਾਸ ਵਿੱਚ ਮਨੁੱਖੀ ਅਧਿਕਾਰਾਂ ਦੀ ਮੰਗ ਮਜ਼ਦੂਰ ਲਹਿਰ ਦੁਆਰਾ ਹੀ ਸਥਾਪਿਤ ਕੀਤੀ ਗਈ ਹੈ। ਇਸ ਨੇ ਕੁਦਰਤੀ ਤੌਰ 'ਤੇ ਮਜ਼ਦੂਰ ਜਮਾਤ ਨੂੰ ਸਮਾਜ ਦੇ ਦੱਬੇ-ਕੁਚਲੇ, ਕਮਜ਼ੋਰ ਵਰਗਾਂ ਦੀਆਂ ਇੱਛਾਵਾਂ ਦੀ ਅਗਵਾਈ ਕਰਨ ਦੀ ਭੂੰਮਿਕਾ ਦਿੱਤੀ।

19ਵੀਂ ਸਦੀ ਦੇ ਦੂਜੇ ਅੱਧ ਤੋਂ ਮਜ਼ਦੂਰਾਂ ਨੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਕੰਮ ਦੇ ਨਿਸ਼ਚਿਤ ਘੰਟਿਆਂ ਲਈ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ। ਭਾਰਤ ਵਿਚ, ਇਹ ਆਵਾਜ਼ ਪਹਿਲੀ ਵਾਰ 1866 ਵਿਚ ਯਨੀ ਸ਼ਿਕਾਗੋ ਦੀ ਹੜਤਾਲ ਐਕਸ਼ਨ ਤੋਂ ਵੀਹ ਸਾਲ ਪਹਿਲਾਂ ਬੁਲੰਦ ਕੀਤੀ ਗਈ ਸੀ। ਸ਼ਿਕਾਗੋ ਦੀ ਮਸ਼ਹੂਰ ਮਜ਼ਦੂਰਾਂ ਦੀ ਹੜਤਾਲ ਐਕਸ਼ਨ ਦੇ ਕਾਰਨ ਮਜ਼ਦੂਰਾਂ 'ਤੇ ਸਖ਼ਤ ਜ਼ੁਲਮ ਕੀਤੇ ਗਏ ਸਨ, ਉਨ੍ਹਾਂ ਦੇ ਅੱਠ ਪ੍ਰਮੁੱਖ ਟਰੇਡ ਯੂਨੀਅਨ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਚਾਰ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ ਸੀ, ਇਕ ਦੀ ਮੁਕੱਦਮੇ ਦੌਰਾਨ   ਮੌਤ ਹੋ ਗਈ ਸੀ ਅਤੇ  ਅਤੇ ਤਿੰਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਸ ਅੰਦੋਲਨ ਦਾ ਸੰਦੇਸ਼ ਦੁਨੀਆ ਭਰ ਵਿੱਚ ਫੈਲਿਆ  ਸੀ ਅਤੇ ਟਰੇਡ ਯੂਨੀਅਨ ਅੰਦੋਲਨ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਤੇਜ਼ੀ ਨਾਲ ਵਧਿਆ।

ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੌਰਾਨ ਆਪਣੀਆਂ ਸ਼ੋਸ਼ਣਕਾਰੀ ਸਥਿਤੀਆਂ ਵੱਲ ਧਿਆਨ ਖਿੱਚਣ ਲਈ ਭਾਰਤੀ ਮਜ਼ਦੂਰਾਂ ਦੀ ਪਹਿਲੀ 1827 ਦੀ   ਹੜਤਾਲ ਇਤਿਹਾਸ ਵਿੱਚ ਦਰਜ ਹੈ।

ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਇਹ ਹਾਕਮ ਜਮਾਤਾਂ ਅਤੇ ਸਾਮਰਾਜੀ ਸ਼ਕਤੀਆਂ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਦਾ ਟਾਕਰਾ ਕਰਨ ਲਈ ਮਜ਼ਦੂਰਾਂ ਦਾ ਸੰਘਰਸ਼ ਸੀ, ਭਾਰਤ ਦੇ ਆਦਿਵਾਸੀਆਂ ਦਾ ਵਿਰੋਧ ਸੀ, ਜਿਨ੍ਹਾਂ ਨੂੰ ਹਾਕਮਾਂ ਵੱਲੋਂ ਜੰਗਲਾਂ ਦੇ ਵਸੀਲਿਆਂ ਦਾ ਸ਼ੋਸ਼ਣ ਕਰਨ ਲਈ ਜੰਗਲਾਂ ਵਿੱਚੋਂ ਕੱਢਿਆ ਜਾ ਰਿਹਾ ਸੀ। ਅੰਗਰੇਜ਼ ਹਾਕਮਾਂ ਵੱਲੋਂ ਬਣਾਏ ਜਾ ਰਹੇ ਵੱਖ-ਵੱਖ ਕਠੋਰ ਕਾਨੂੰਨਾਂ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਵਿਰੁੱਧ ਸੰਘਰਸ਼, ਜਿਨ੍ਹਾਂ ਨੇ ਸਾਡੀ ਮਾਤ ਭੂਮੀ 'ਤੇ ਵਿਦੇਸ਼ੀ ਹਕੂਮਤ ਦੇ ਸਿਆਸੀ ਵਿਰੋਧ ਦਾ ਮਾਹੌਲ ਸਿਰਜਿਆ। 1857 ਵਿਚ ਹੋਏ ਵਿਦਰੋਹ, ਜਿਸ ਨੂੰ ਆਜ਼ਾਦੀ ਦੀ ਪਹਿਲੀ ਜੰਗ ਕਿਹਾ ਜਾਂਦਾ ਹੈ, ਦੇ ਪਿਛੇ 
ਇਹ ਸਭ ਤੋਂ ਮਹੱਤਵਪੂਰਨ ਸਨ। ਵਿਰੋਧ ਨੂੰ ਦਬਾਉਣ ਲਈ ਅੱਤ ਦਾ ਜ਼ੁਲਮ ਕੀਤਾ ਗਿਆ।

ਇੱਥੇ ਵਰਨਣਯੋਗ ਹੈ ਕਿ ਬਸਤੀਵਾਦੀ ਆਕਾਵਾਂ ਦੁਆਰਾ ਕੀਤੇ ਗਏ ਇਸ ਜ਼ੁਲਮ ਦੇ ਚਾਰ ਸਾਲਾਂ ਦੇ ਅੰਦਰ, ਮਜ਼ਦੂਰ ਜਮਾਤ ਨੇ ਮੁੜ ਅਵਾਜ਼ ਉਠਾਉਣੀ   ਸ਼ੁਰੂ ਕਰ ਦਿੱਤੀ ਅਤੇ  1861 ਤੋਂ ਕੋਲਕਾਤਾ ਤੋਂ ਸ਼ੁਰੂ ਹੋਏ ਅਤੇ ਫਿਰ ਦੇਸ਼ ਦੇ ਹੋਰ ਉਦਯੋਗਿਕ ਖੇਤਰਾਂ ਵਿੱਚ ਫੈਲਣ ਵਾਲੇ ਹੜਤਾਲ ਅੰਦੋਲਨਾਂ ਨੂੰ ਅਸੀ ਇਤਿਹਾਸਕ ਰਿਕਾਰਡਾਂ ਵਿੱਚ ਦੇਖਦੇ ਹਾਂ।

ਉੱਥੋਂ ਪੰਜ ਸਾਲ ਬਾਅਦ 1866 ਵਿੱਚ, ਕੰਮ ਦੇ ਨਿਸ਼ਚਿਤ ਘੰਟਿਆਂ ਲਈ ਆਵਾਜ਼ ਉਠਾਈ ਗਈ। ਉਦੋਂ ਤੱਕ ਯੂਨੀਅਨ ਸ਼ਬਦ  ਸਹੀ ਅਰਥਾਂ ਵਿੱਚ ਸ਼ੁਰੂ ਨਹੀਂ ਹੋਇਆ ਸੀ। ਕਈ ਵਾਰ ਉਨ੍ਹਾਂ ਨੂੰ ਕੁਝ ਰਾਹਤ ਦਿਵਾਉਣ ਲਈ ਬਾਹਰੋਂ ਭਾਈਚਾਰਕ ਅਧਾਰਾਂ 'ਤੇ ਮਜ਼ਦੂਰਾਂ ਨੂੰ ਸੰਗਠਿਤ ਕਰਨ ਵਾਲੇ ਕੁਝ ਨੇਤਾਵਾਂ ਦੁਆਰਾ ਸੁਝਾਏ ਜਾ ਰਹੇ ਕੁਝ ਕਲਿਆਣਕਾਰੀ ਉਪਾਅ ਸਨ। 1870 ਦੇ ਦਹਾਕੇ ਤੋਂ ਬਾਅਦ ਸੈਕਟਰ ਅਧਾਰਤ ਯੂਨੀਅਨਾਂ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ ਗਿਆ ਸੀ।

ਟਰੇਡ ਯੂਨੀਅਨਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦੀ ਲਹਿਰ ਲਈ ਲੋਕ ਲਹਿਰ ਦੀਆਂ ਮਿਸਾਲਾਂ ਕਾਇਮ ਕੀਤੀਆਂ। 20ਵੀਂ ਸਦੀ ਦੀ ਸ਼ੁਰੂਆਤ ਤੋਂ ਨਿਸ਼ਚਿਤ ਘੰਟਿਆਂ, ਮਜ਼ਦੂਰੀ, ਕੰਮ ਵਾਲੀ ਥਾਂ ਦੀ ਸੁਰੱਖਿਆ ਅਤੇ ਮੁਆਵਜ਼ੇ ਅਤੇ ਸਮਾਜਿਕ ਸੁਰੱਖਿਆ ਲਈ ਲੜਾਈ ਦੀਆਂ ਲਾਈਨਾਂ ਵਧੇਰੇ ਤਿੱਖੀਆਂ ਸਨ। 31 ਅਕਤੂਬਰ 1920 ਨੂੰ ਏਆਈਟੀਯੂਸੀ( ਏਟਕ) ਦੀ ਨੀਂਹ ਰੱਖਣ ਤੋਂ ਪਹਿਲਾਂ ਦੇ ਸਮੇਂ ਦੌਰਾਨ ਸੈਂਕੜੇ ਹੜਤਾਲਾਂ ਦਰਜ ਕੀਤੀਆਂ ਗਈਆਂ ਹਨ।

ਭਾਰਤ ਵਿੱਚ ਮਈ ਦਿਵਸ ਦਾ ਆਯੋਜਨ ਉਸ ਤੋਂ ਬਾਅਦ ਹੀ ਸ਼ੁਰੂ ਹੋਇਆ, ਮੌਜੂਦਾ ਤਾਮਿਲਨਾਡੂ ਦੇ ਕੁਝ ਖੇਤਰਾਂ ਵਿੱਚ ਏਆਈਟੀਯੂਸੀ ਯੂਨੀਅਨਾਂ ਸਭ ਤੋਂ ਪਹਿਲਾਂ ਹੋਂਦ ਵਿੱਚ ਆਈਆਂ  ਅਤੇ ਫਿਰ ਇਹ ਪੂਰੇ ਭਾਰਤ ਵਿੱਚ ਲਗਾਤਾਰ ਫੈਲ ਗਈਆਂ।
ਲੰਮੀ ਲੜਾਈ ਤੋਂ ਬਾਅਦ ਟਰੇਡ ਯੂਨੀਅਨ ਐਕਟ  1923 ਵਿੱਚ ਇੱਕ ਐਕਟ ਰਾਹੀਂ ਮੁਆਵਜ਼ੇ ਅਤੇ ਰੱਖ-ਰਖਾਅ ਦਾ ਅਧਿਕਾਰ,   1 926 ਦੇ ਲਾਗੂ ਹੋਣ ਨਾਲ ਮਜ਼ਦੂਰ ਜਮਾਤ ਨੂੰ ਕਾਨੂੰਨੀ ਦਰਜਾ ਮਿਲਿਆ , ਮਜ਼ਦੂਰਾਂ ਦੀਆਂ ਕਾਰਵਾਈਆਂ ਨਾਲ ਫੈਕਟਰੀ ਐਕਟ ਵਿੱਚ ਕਈ ਵਾਰ ਬਦਲਾਅ ਕੀਤੇ ਗਏ।

ਕ੍ਰਾਂਤੀਕਾਰੀਆਂ-ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੁਆਰਾ ਨੈਸ਼ਨਲ ਅਸੈਂਬਲੀ (ਅਜੋਕੇ ਪਾਰਲੀਮੈਂਟ ਹਾਊਸ) ਵਿੱਚ ਪਰਚੇ ਸੁੱਟਣ ਦੀ ਇਤਿਹਾਸਕ ਕਾਰਵਾਈ ਵਿੱਚ ਤਿੰਨ ਕਾਨੂੰਨਾਂ ਦੇ ਵਿਰੋਧ ਵਿੱਚ ਟ੍ਰੇਡ ਡਿਸਪਿਊਟਸ ਐਕਟ ਸ਼ਾਮਲ ਸੀ ਜਿਸ ਨੂੰ ਯੂਨੀਅਨਾਂ ਨੇ ਮਜਦੂਰ ਵਿਰੋਧੀ  ਕਿਹਾ ਸੀ। ਮੋਦੀ ਸਰਕਾਰ ਦੁਆਰਾ ਉਦਯੋਗਿਕ ਕੋਡ ਅੱਜ ਉਸ ਦੀ ਯਾਦ ਦਿਵਾਉਂਦਾ ਹੈ। ਤਨਖਾਹ ਦਾ ਭੁਗਤਾਨ ਐਕਟ 1938 ਵਿੱਚ ਪ੍ਰਾਪਤ ਕੀਤਾ ਗਿਆ ਸੀ।

ਮਜ਼ਦੂਰਾਂ ਨੇ ਅੰਦੋਲਨ  ਆਪਣੇ ਹੱਕਾਂ ਲਈ ਦ੍ਰਿੜਤਾ ਨਾਲ ਲੜਿਆ ਅਤੇ ਆਜ਼ਾਦੀ ਦੇ ਮੰਚ ਦੇ ਸੱਦੇ 'ਤੇ ਸਵੈ-ਇੱਛਾ ਨਾਲ 1920 ਵਿੱਚ ਏਆਈਟੀਯੂਸੀ ਦੇ ਨਾਮ ਨਾਲ ਆਪਣੇ ਪਹਿਲੇ ਰਾਸ਼ਟਰੀ ਕੇਂਦਰ ਦੀ ਸ਼ੁਰੂਆਤ ਦੇ ਸਮੇਂ ਵਿੱਚ ਇਸ ਨੂੰ ਸਫਲ ਸਿੱਟੇ ਤੱਕ ਪਹੁੰਚਾਉਣ ਲਈ ਸੁਤੰਤਰਤਾ ਅੰਦੋਲਨ ਵਿੱਚ ਹਿੱਸਾ ਲਿਆ। ਅਤੇ ਏਆਈਟੀਯੂਸੀ ਦੀ ਸਥਾਪਨਾ ਤੋਂ ਬਾਅਦ  ਏਆਈਟੀਯੂਸੀ ਦੇ ਬੈਨਰ ਹੇਠ ਇੱਕ ਸੰਗਠਿਤ ਅੰਦੋਲਨ ਵਜੋਂ। ਝਰੀਆ ਵਿੱਚ ਏ.ਆਈ.ਟੀ.ਯੂ.ਸੀ. ਦੇ ਦੂਜੇ ਸੈਸ਼ਨ ਵਿੱਚ ਪੂਰਨ ਆਜ਼ਾਦੀ ਦੀ ਮੰਗ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ ਅਤੇ ਇਸ ਲਈ ਸੰਘਰਸ਼ ਕਰਨ ਲਈ ਇਸ ਨੇ ਅਜ਼ਾਦੀ ਅੰਦੋਲਨ ਦੀ ਸਿਆਸੀ ਲੀਡਰਸ਼ਿਪ ਨਾਲ ਦ੍ਰਿੜਤਾ ਨਾਲ ਪੈਰਵੀ ਕੀਤੀ ਸੀ। ਇਸ ਨੇ ਬਸਤੀਵਾਦੀ ਸ਼ਾਸਕਾਂ ਦੁਆਰਾ ਪੇਸ਼ ਕੀਤੇ ਗਏ ਸਵੈ-ਸ਼ਾਸਨ ਫਾਰਮੂਲੇ ਨੂੰ ਰੱਦ ਕਰਨ ਲਈ ਸੰਵਿਧਾਨ ਸਭਾ ਦੀ ਮੰਗ ਹੀ ਨਹੀਂ ਕੀਤੀ, ਸਗੋਂ ਤਿਆਰ ਕੀਤੇ ਜਾ ਰਹੇ ਸੰਵਿਧਾਨ ਵਿੱਚ ਸ਼ਾਮਲ ਕਰਨ ਲਈ ਮੰਗਾਂ ਦਾ ਚਾਰਟਰ ਵੀ ਪੇਸ਼ ਕੀਤਾ।

ਆਜ਼ਾਦੀ ਤੋਂ ਬਾਅਦ ਮਜ਼ਦੂਰ ਜਮਾਤ ਨੇ ਰਾਸ਼ਟਰ ਨਿਰਮਾਣ ਵਿੱਚ ਆਪਣੀ ਭੂਮਿਕਾ ਨਿਭਾਈ ਅਤੇ ਜਨਤਕ ਖੇਤਰ ਨੇ ਆਪਣੇ ਸਮੇਂ ਦੀ ਲੋੜੀਂਦੀ ਭੂਮਿਕਾ ਨੂੰ ਪ੍ਰਾਪਤ ਕੀਤਾ।

ਇਸ ਦੇ ਨਾਲ ਹੀ ਇਸ ਨੂੰ ਕਮਿਊਨਿਸਟਾਂ ਅਤੇ ਹੋਰ ਮਜ਼ਦੂਰ ਹਿਤੈਸ਼ੀ ਵਿਧਾਨ ਸਭਾਵਾਂ ਦੇ ਸਮਰਥਨ ਨਾਲ ਸੰਸਦ ਅਤੇ ਰਾਜ ਦੇ ਕਾਨੂੰਨਾਂ ਰਾਹੀਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹਰ ਕਦਮ 'ਤੇ ਸੜਕਾਂ 'ਤੇ ਸੰਘਰਸ਼ ਕਰਨਾ ਪਿਆ।

ਅੰਗਰੇਜ਼ਾਂ ਦੇ ਦੌਰ ਦੇ ਨਾਲ-ਨਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪ੍ਰਤੀਕਿਰਿਆਵਾਦੀਆਂ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਦਾ ਲਗਾਤਾਰ ਵਿਰੋਧ ਹੁੰਦਾ ਰਿਹਾ। ਮਜ਼ਦੂਰ ਅਧਿਕਾਰਾਂ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਭਾਰਤ ਲਈ ਆਤਮ ਨਿਰਭਰ ਆਰਥਿਕ ਮਾਰਗ ਦੇ ਵੀ ਵਿਰੋਧੀ ਸਨ ਅਤੇ ਉਨ੍ਹਾਂ ਨੇ ਹਰ ਕਦਮ 'ਤੇ ਰੁਕਾਵਟਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕੀਤੀ। ਇਤਿਹਾਸ ਇਸ ਦਾ ਗਵਾਹ ਹੈ।

ਅੱਜ ਅਸੀਂ ਕਿੱਥੇ ਖੜ੍ਹੇ ਹਾਂ ਜਦੋਂ ਉਹ ਤਾਕਤਾਂ ਜੋ ਸਵੈ-ਨਿਰਭਰ ਆਰਥਿਕ ਵਿਕਾਸ ਦੀਆਂ ਵਿਰੋਧੀ ਸਨ ਅਤੇ ਪੱਛਮੀ ਪੂੰਜੀਵਾਦੀ ਸ਼ਕਤੀਆਂ ਖਾਸ ਤੌਰ 'ਤੇ ਅਮਰੀਕਾ ਦੁਆਰਾ ਲਾਗੂ ਕੀਤੇ ਗਏ ਮੁਕਤ ਬਾਜ਼ਾਰ ਅਰਥਚਾਰੇ ਵਿੱਚ ਵਿਸ਼ਵਾਸ ਰੱਖਦੀਆਂ ਸਨ, ਸਰਕਾਰ ਵਿੱਚ ਹਨ। ਕੇਂਦਰ ਵਿੱਚ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਕਾਰਪੋਰੇਟ ਸੈਕਟਰ ਦੇ ਹਿੱਤ ਲਈ ਵੀ ਅਤੇ  ਅੰਤਰਰਾਸ਼ਟਰੀ ਵਿੱਤ ਪੂੰਜੀ ਦੇ ਫਾਇਦੇ ਲਈ ਦਿਨ ਰਾਤ ਕੰਮ ਕਰਨ ਵਿੱਚ ਰੁੱਝਿਆ ਹੋਇਆ ਹੈ। ਨਤੀਜੇ ਸਭ ਦੇ ਸਾਹਮਣੇ ਹਨ।

ਆਰਥਿਕਤਾ ਡਾਵਾਂਡੋਲ ਹੈ। ਪਿਛਲੇ ਦਹਾਕੇ ਦੀ ਸਭ ਤੋਂ ਉੱਚੀ ਮਹਿੰਗਾਈ ਹਾਲ ਹੀ ਵਿੱਚ 12 ਅੰਕਾਂ ਤੋਂ ਵੱਧ ਦਰਜ ਕੀਤੀ ਗਈ ਹੈ, ਬੇਰੋਜ਼ਗਾਰੀ ਦੀ ਦਰ ਹਰ ਗੁਜ਼ਰਦੇ ਦਿਨ ਦੇ ਨਾਲ ਵੱਧ ਰਹੀ ਹੈ, ਮੌਜੂਦਾ ਸਮੇਂ ਵਿੱਚ ਲਗਭਗ 12 ਪ੍ਰਤੀਸ਼ਤ ਹੈ, ਜਿਸ ਨਾਲ ਦੇਸ਼ ਦੇ ਨੌਜਵਾਨਾਂ ਵਿੱਚ  ਨਿਰਾਸ਼ਾ ਹੈ, ਔਰਤਾਂ ਦੀ ਕਿਰਤ ਸ਼ਕਤੀ ਵਿੱਚ ਭਾਗੀਦਾਰੀ  ਘਟ ਗਈ ਹੈ। 2006 ਵਿੱਚ 30 ਪ੍ਰਤੀਸ਼ਤ ਤੋਂ 2022 ਦੇ ਸ਼ੁਰੂ ਵਿੱਚ 15 ਪ੍ਰਤੀਸ਼ਤ। ਬਹੁਤ ਸਾਰੇ ਅਦਾਰੇ ਬੰਦ ਹੋਣ ਨਾਲ ਨੌਕਰੀਆਂ ਦਾ ਘਾਣ ਜਾਰੀ ਹੈ, ਤਕਨਾਲੋਜੀ ਨੇ ਵੀ ਨੌਕਰੀਆਂ  ਖੋਹ ਲਈਆਂ ਹਨ, ਲਾਕਡਾਊਨ ਖੁੱਲਣ ਤੋਂ ਬਾਅਦ ਨੌਕਰੀਆਂ  ਤਨਖਾਹਾਂ ਅਤੇ ਸਬੰਧਤ ਲਾਭਾਂ ਆਦਿ ਵਿੱਚ ਕਟੌਤੀ ਦੀਆਂ ਸ਼ਰਤਾਂ 'ਤੇ ਦਿੱਤੀਆਂ ਜਾ ਰਹੀਆਂ ਹਨ।

ਜਥੇਬੰਦ ਯੂਨੀਅਨਾਂ ਅਧੀਨ ਮਜ਼ਦੂਰ ਜਮਾਤ ਦੇ ਵਿਰੋਧ ਨੂੰ ਕਾਬੂ ਕਰਨ ਲਈ, ਮਜ਼ਦੂਰ ਜਮਾਤ ਦੇ ਵਿਰੋਧ ਦੀ ਆਵਾਜ਼ ਨੂੰ ਦਬਾਉਣ ਲਈ ਕਿਰਤ ਕੋਡੀਕਰਨ ਅਤੇ ਕਿਰਤ ਕਾਨੂੰਨ ਸੁਧਾਰਾਂ ਦੇ ਏਜੰਡੇ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਵਧਾਇਆ ਜਾ ਰਿਹਾ  ਹੈ। ਭਾਰਤੀ ਲੇਬਰ ਕਾਨਫਰੰਸ ਦੀ ਨਿਰਧਾਰਤ ਪ੍ਰਕਿਰਿਆ ਤੋਂ ਬਿਨਾਂ ਪਾਰਲੀਮੈਂਟ ਵਿੱਚ ਤਿੰਨ ਲੇਬਰ ਕੋਡ ਬਿਨਾਂ ਕਿਸੇ ਚਰਚਾ ਦੇ ਪਾਸ ਕੀਤੇ ਗਏ ਸਨ ਜਦੋਂ ਸਮੁੱਚੀ ਵਿਰੋਧੀ ਧਿਰ ਵਾਕਆਊਟ 'ਤੇ ਸੀ ਅਤੇ ਇਸ ਲਈ ਸਰਕਾਰ ਦੀਆਂ  ਲੋਕ ਵਿਰੋਧੀ ਨੀਤੀਆਂ ਨੂੰ ਰਾਸ਼ਟਰ ਵਿਰੋਧੀ ਕਿਹਾ ਜਾਂਦਾ ਹੈ । ਸਰਕਾਰ ਦੇ ਹੁਕਮਾਂ 'ਤੇ ਵੱਖ-ਵੱਖ ਏਜੰਸੀਆਂ ਦੁਆਰਾ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਦੇਸ਼ਧ੍ਰੋਹ ਕਾਨੂੰਨ, ਯੂ.ਏ.ਪੀ.ਏ., ਸੀ.ਬੀ.ਆਈ., ਈ.ਡੀ., ਐਨ.ਆਈ.ਏ., ਐਨ.ਐਸ.ਏ ਆਦਿ ਦੀ ਵਰਤੋਂ ਕੇਸ ਦਰਜ ਕਰਨ ਅਤੇ ਵਿਰੋਧੀਆਂ ਨੂੰ ਲੰਬੇ ਸਮੇਂ ਤੱਕ ਜੇਲ੍ਹਾਂ  ਵਿੱਚ  ਸਲਾਖਾਂ ਪਿੱਛੇ ਡੱਕਣ ਲਈ ਕੀਤੀ ਜਾਂਦੀ ਹੈ।

ਦੂਜੇ ਪਾਸੇ ਆਰਐਸਐਸ ਭਾਜਪਾ ਦੀ ਅਗਵਾਈ ਵਾਲੀਆਂ ਕੇਂਦਰ ਅਤੇ ਰਾਜਾਂ ਵਿੱਚ ਆਪਣੀਆਂ ਵੱਖ-ਵੱਖ ਜਥੇਬੰਦੀਆਂ ਅਤੇ ਚੌਕਸੀ ਗਰੁੱਪਾਂ ਰਾਹੀਂ ਸੱਤਾਧਾਰੀਆਂ ਤੋਂ ਪੂਰੀ ਤਰ੍ਹਾਂ ਸੁਰੱਖਿਆ ਪ੍ਰਾਪਤ ਕਰਦੇ ਹੋਏ, ਘਰ ਵਾਪਸੀ, ਗਊ ਰੱਖਿਆ, ਲਵ ਜੇਹਾਦ, ਸੀ.ਏ.ਏ. ਤੇ ਹੁਣ ਹਿਜਾਬ 'ਤੇ ਪਾਬੰਦੀ ਆਦਿ, ਵੱਖ-ਵੱਖ ਨਾਅਰਿਆਂ ਅਤੇ ਕਾਰਵਾਈਆਂ ਤਹਿਤ ਧਾਰਮਿਕ ਧਰੁਵੀਕਰਨ ਦੇ ਏਜੰਡੇ ਨੂੰ ਅੱਗੇ ਵਧਾ ਰਹੀ ਹੈ।  ਸ਼੍ਰੀਮਾਨ ਮੋਦੀ ਨੇ ਉੱਤਰਾਖੰਡ ਵਿਚ ਧਰਮ ਸਭਾ ਵਿਚ ਜਾਂ ਬਾਅਦ ਵਿਚ ਉਹਨਾਂ ਹੀ ਲੋਕਾਂ ਦੁਆਰਾ ਕੀਤੇ ਗਏ ਇਕੱਠਾਂ ਵਿਚ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਖੁੱਲ੍ਹੇ ਸੱਦੇ ਦੀ ਨਿੰਦਾ ਨਹੀਂ ਕੀਤੀ। ਨਾ ਸਿਰਫ ਕੇਂਦਰ ਅਤੇ ਰਾਜਾਂ ਦੇ ਮੰਤਰੀਆਂ ਸਮੇਤ ਭਾਜਪਾ ਦੇ ਕੁਝ ਵਿਧਾਇਕ ਕਾਨੂੰਨ ਦੇ ਸ਼ਾਸਨ ਅਤੇ ਸੰਵਿਧਾਨ ਦੀ ਉਲੰਘਣਾ ਕਰਦੇ ਹੋਏ ਭੜਕਾਊ ਫਿਰਕੂ ਬਿਆਨ ਦੇ ਰਹੇ ਹਨ, ਪਰ ਪ੍ਰਧਾਨ ਮੰਤਰੀ ਉਨ੍ਹਾਂ ਦੀਆਂ ਹਰਕਤਾਂ ਤੋਂ ਕੰਨੀ ਕਤਰਾਉਂਦੇ ਹੋਏ ਚੁੱਪ ਧਾਰੀ ਬੈਠੇ ਹਨ।

ਦੰਗਿਆਂ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਫਿਰ ਗਰੀਬ ਬਸਤੀਆਂ ਨੂੰ ਨਿਸ਼ਾਨਾ ਬਣਾ ਕੇ ਬੁਲਡੋਜ਼ਰ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਰੋਜ਼ਾਨਾ ਕਮਾਈ ਕਰਨ ਵਾਲੇ, ਗੈਰ ਰਸਮੀ ਆਰਥਿਕਤਾ ਵਾਲੇ ਕਰਮਚਾਰੀ ਨਿਸ਼ਾਨਾ ਹਨ। ਬਾਹਰੋਂ ਸੰਗਠਿਤ ਚੌਕਸੀ ਸਮੂਹ ਵੱਖ-ਵੱਖ ਧਰਮਾਂ ਅਤੇ ਵਿਸ਼ਵਾਸਾਂ ਦੇ ਸ਼ਾਂਤੀਪੂਰਵਕ ਮਹੌਲ ਵਿੱਚ  ਰਹਿ ਰਹੇ ਲੋਕਾਂ ਨੂੰ ਭੰਗ ਕਰਨ ਲਈ ਲਿਆਏ ਜਾਂਦੇ ਹਨ।

ਇੱਕ ਯੋਜਨਾਬੱਧ ਤਰੀਕੇ ਨਾਲ ਏਜੰਡਾ ਤੈਅ ਕੀਤਾ ਗਿਆ ਸੀ ਅਤੇ ਤਿੰਨਾਂ- ਪ੍ਰਧਾਨ ਮੰਤਰੀ, ਯੂਪੀ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੁਆਰਾ ਹਰ ਜਗ੍ਹਾ ਮਾਹੌਲ ਨੂੰ ਵਿਗਾੜ ਕੇ ਅਤੇ ਵੱਡੇ ਮੀਡੀਆ ਦੀ ਵਰਤੋਂ ਕਰਕੇ ਯੂਪੀ ਦੀਆਂ ਚੋਣਾਂ ਜਿੱਤਣ ਲਈ ਉਸ ਅਨੁਸਾਰ ਮੁਹਿੰਮ ਚਲਾਈ ਗਈ ਸੀ ਜੋ ਉਨ੍ਹਾਂ ਦੇ ਕੰਟਰੋਲ ਵਿੱਚ ਹੈ। ਕਸ਼ਮੀਰ ਦੀਆਂ ਫਾਈਲਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਪ੍ਰਧਾਨ ਮੰਤਰੀ ਦੇ ਸਮਰਥਨ ਨੇ ਖੁਦ ਲੋਕਾਂ ਨੂੰ ਰਾਜ ਦੀਆਂ ਚੋਣਾਂ ਦੇ ਅਗਲੇ ਸੈੱਟ ਜਿੱਤਣ ਦੀ ਰਣਨੀਤੀ ਵਜੋਂ ਲਿਆਂਦੀ ਜ਼ਹਿਰੀਲੀ ਵੰਡ ਨੂੰ ਅੱਗੇ ਵਧਾਉਣ ਅਤੇ ਫਿਰ 2024 'ਤੇ ਨਜ਼ਰ ਰੱਖ ਕੇ ਜ਼ਹਿਰ ਜਾਰੀ ਰੱਖਣ ਵਾਲੀ ਫਿਲਮ ਨੂੰ ਦੇਖਣ ਲਈ ਟੈਕਸ ਮੁਕਤ ਕਰਨ ਲਈ ਜਮੀਨ  ਤਿਆਰ ਕੀਤੀ ਹੈ।

ਇਸ ਚੁਣੌਤੀਪੂਰਨ ਸਮੇਂ ਵਿੱਚ ਮਜ਼ਦੂਰ ਜਮਾਤ ਦੇ ਸਾਹਮਣੇ ਬਹੁਤ ਵੱਡਾ ਕੰਮ ਹੈ। ਸਾਡੇ ਕੁਦਰਤੀ ਸਰੋਤਾਂ ਅਤੇ ਰਾਸ਼ਟਰੀ ਸੰਪਤੀਆਂ ਦੀ ਰਾਖੀ ਲਈ,  ਮਜ਼ਦੂਰਾਂ ਦੇ ਅਧਿਕਾਰਾਂ ਦੀ ਰਾਖੀ ਲਈ,  ਲੋਕਾਂ ਦੇ ਸਦਭਾਵਨਾ ਭਰੇ ਜੀਵਨ ਨੂੰ ਬਚਾਉਣ ਲਈ, ਨਫ਼ਰਤ ਦੇ ਏਜੰਡੇ ਨੂੰ ਰੱਦ ਕਰਨ ਲਈ ਅਤੇ ਰਾਸ਼ਟਰੀ ਉਦੇਸ਼ ਲਈ ਵਿਆਪਕ ਸੰਭਵ ਏਕਤਾ ਦਾ ਨਿਰਮਾਣ ਜਾਰੀ ਰੱਖਣਾ ਹੋਵੇਗਾ ।

ਇਸ ਪਿਛੋਕੜ ਵਿੱਚ ਇਹ "ਮਈ ਦਿਵਸ"  ਯੂਨੀਅਨਾਂ ਦੇ ਮੋਢਿਆਂ 'ਤੇ ਚੁੱਕਣ ਲਈ ਵੱਡੀਆਂ ਜ਼ਿੰਮੇਵਾਰੀਆਂ ਲਾਉਂਦਾ ਹੈ। ਆਰਾਮ ਕਰਨ ਦਾ ਸਮਾਂ ਨਹੀਂ। ਮਾਰਚ ਉਦੋਂ ਤੱਕ ਚੱਲਣਾ ਹੈ ਜਦੋਂ ਤੱਕ ਜਨਤਾ ਦੀਆਂ ਇੱਛਾਵਾਂ ਅਤੇ ਕਾਰਵਾਈਆਂ ਦੁਆਰਾ ਜ਼ਾਲਮਾਂ ਨੂੰ ਕਾਬੂ ਅਤੇ ਹਰਾਇਆ ਨਹੀਂ ਜਾਂਦਾ।

*ਕਾਮਰੇਡ ਅਮਰਜੀਤ ਕੌਰ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਕੌਮੀ ਜਨਰਲ ਸਕੱਤਰ ਹਨ 

ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕਰਦੀ ਨਿਰਮਲ ਸਿੰਘ ਧਾਲੀਵਾਲ ਦੀ ਵਿਸ਼ੇਸ਼ ਲਿਖਤ

30th April 2022 at 07:37 PM

 ਮੌਜੂਦਾ ਵਿਕਰਾਲ ਚੁਣੌਤੀਆਂ ਨਾਲ ਸਿਝਣ ਦੀ ਵਿਉਤਬੰਦੀ ਦਾ ਵੀ ਵੇਲਾ

ਅੱਜ ਪਹਿਲੀ ਮਈ 2022 ਦੇ ਦਿਨ ਅਸੀਂ 04 ਮਈ 1886 ਨੂੰ ਅਮਰੀਕਾ ਦੀ ਜਾਬਰ ਹਕੂਮਤ ਵਲੋਂ ਸ਼ਿਕਾਗੋ ਸ਼ਹਿਰ ਦੀ ਹੇਅ ਮਾਰਕੀਟ ਵਿੱਚ ਹੱਕ ਮੰਗਦੇ ਕਿਰਤੀਆਂ ਉਪਰ ਗੋਲੀਆਂ ਦਾ ਮੀਂਹ ਵਰ੍ਹਾ ਕੇ ਖੂਨ ਦੀ ਖੇਡੀ ਗਈ ਹੋਲੀ ਨਾਲ ਸ਼ਹੀਦ ਹੋਏ ਕਿਰਤੀਆਂ ਅਤੇ ਮਜਦੂਰਾਂ ਦੇ ਆਗੂਆਂ ਤੇ ਝੂਠੇ ਮੁਕੱਦਮੇ ਬਣਾਕੇ ਫਾਂਸੀ ਲਾਏ ਗਏ ਮਹਾਨ ਸ਼ਹੀਦਾ ਨੂੰ ਸਿਜਦਾ ਕਰਦੇ ਹੋਏ ਉਹਨਾਂ ਦੀ ਯਾਦ ਨੂੰ ਤਾਜਾ ਵੀ ਕਰ ਰਹੇ ਹਾਂ ਅਤੇ ਸਾਡੇ ਇਨ੍ਹਾਂ ਸ਼ਹੀਦਾਂ ਵੱਲੋਂ ਸਿਰਜੇ ਇਤਿਹਾਸ ਤੋਂ ਪ੍ਰੇਰਨਾ ਲੈਂਦੇ ਹੋਏ ਮਜਦੂਰ ਜਮਾਤ ਨੂੰ ਦਰਪੇਸ਼ ਵਿਕਰਾਲ ਰੂਪ ਧਾਰਨ ਕਰਦੀਆਂ ਜਾ ਰਹੀਆਂ ਵਰਤਮਾਨ ਚੁਣੌਤੀਆਂ ਨਾਲ ਸਿੱਝਣ ਦਾ ਅਹਿਦ ਕਰਦੇ ਹੋਏ ਕਿਰਤੀਆਂ ਦੀ ਮਜਬੂਤ ਲਹਿਰ ਖੜੀ ਕਰਨ ਦੇ ਕਾਰਜ ਨੂੰ ਤੇਜ਼ ਰਫਤਾਰ ਨਾਲ ਕਰਨ ਦਾ ਪ੍ਰਣ ਵੀ ਕਰਾਂਗੇ।

ਕਾਮਰੇਡ ਨਿਰਮਲ ਸਿੰਘ ਧਾਲੀਵਾਲ 
136 ਸਾਲ ਪਹਿਲਾਂ ਹਕੂਮਤ ਨਾਲ ਟੱਕਰ ਲੈ ਕੇ ਸਾਡੇ ਸ਼ਹੀਦਾਂ ਨੇ ਮਜਦੂਰਾਂ ਦੀ ਮਜਬੂਤ ਲਹਿਰ ਖੜੀ ਕਰਕੇ ਅਤੇ ਹਕੂਮਤੀ ਜਬਰ ਦੇ ਸਾਹਮਣੇ ਹਿੱਕ ਡਾਹ ਕੇ ਕੁਰਬਾਨੀਆਂ ਦਿੰਦੇ ਹੋਏ ਸ਼ਹੀਦੀਆਂ ਪਾ ਕੇ ਮਜਦੂਰਾਂ ਲਈ ਅਨੇਕਾਂ ਸਹੂਲਤਾਂ ਦਾ ਮੁੱਢ ਬੰਨਿਆ। ਭਾਵੇਂ ਕੰਮ ਦੇ ਅੱਠ ਘੰਟਿਆਂ ਦਾ ਸਮਾਂ ਤਹਿ ਕਰਵਾ ਕੇ ਮਜਦੂਰਾਂ ਨੂੰ ਸੌਖਿਆ ਕਰਨ ਦੀ ਵੱਡੀ ਜਿੱਤ ਦੀ ਪ੍ਰਾਪਤੀ ਹੋਵੇ ਅਤੇ ਉਸਤੋਂ ਬਾਅਦ ਅਨੇਕਾਂ ਕਿਰਤ ਕਾਨੂੰਨਾਂ ਦਾ ਹੋਂਦ ਵਿੱਚ ਆਉਣਾ ਹੋਵੇ ਜਿਨ੍ਹਾਂ ਨਾਲ ਕਿਰਤੀਆਂ ਨੂੰ ਕਾਫੀ ਰਾਹਤਾਂ ਮਿਲੀਆਂ। ਅੱਜ ਦੇ ਦੌਰ ਵਿੱਚ ਆਲਮੀ ਪੱਧਰ ਤੇ ਵੀ ਕਿਰਤੀਆਂ ਦੇ ਹੱਕ ਖੋਹੇ ਜਾ ਰਹੇ ਹਨ। ਪਰ ਸਾਡੇ ਆਪਣੇ ਦੇਸ਼ ਭਾਰਤ ਵਿੱਚ ਜਿਹੜੀ ਸੁਨਾਮੀ ਮਜਦੂਰ ਜਮਾਤ ਅਤੇ ਆਮ ਲੋਕਾਂ ਦੇ ਹੱਕ ਹਕੂਕ ਖੋਹਣ ਦੀ ਅਤੇ ਖਤਮ ਕਰਨ ਦੀ ਮੋਦੀ ਦੀ ਅਗਵਾਈ ਵਾਲੀ ਫਾਸੀਵਾਦੀ ਸਰਕਾਰ ਦੇ ਸਮੇਂ ਵਿੱਚ ਚੱਲ ਰਹੀ ਹੈ ਜੇਕਰ ਉਸ ਵਿਰੁੱਧ ਉਸੇ ਰਫਤਾਰ ਨਾਲ ਲਾਮਬੰਦੀ ਕਰਕੇ ਨਾ ਟਕਰਿਆ ਗਿਆ ਤਾਂ ਸਿੱਟੇ ਬਹੁਤ ਹੀ ਭਿਆਨਕ ਅਤੇ ਤਬਾਹਕੁੰਨ ਹੋਣਗੇ। ਮੋਦੀ ਸਰਕਾਰ ਬਿਨਾਂ ਕਿਸੇ ਸ਼ਰਮ ਅਤੇ ਝਿਜਕ ਦੇ ਕਾਰਪੋਰੇਟ ਘਰਾਣਿਆਂ ਅਤੇ ਬਹੁ ਰਾਸ਼ਟਰੀ ਕੰਪਨੀਆਂ ਦੀ ਕਠਪੁਤਲੀ ਬਣਕੇ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਆਰਥਕ ਨੀਤੀਆਂ ਤੇਜੀ ਨਾਲ ਅਮਲ ਵਿੱਚ ਲਿਆ ਰਹੀ ਹੈ। ਦੇਸ਼ ਦਾ ਸਮੁੱਚਾ ਪਬਲਿਕ ਸੈਕਟਰ ਖਤਮ ਕਰਨ ਦੇ ਕੰਢੇ ਤੇ ਪਹੁੰਚਾ ਦਿੱਤਾ ਹੈ। ਇਸ ਦੀ ਵੇਚ ਵੱਟ ਬੜੀ ਬੇਸ਼ਰਮੀ ਨਾਲ ਕੀਤੀ ਜਾ ਰਹੀ ਹੈ। ਜਿਸ ਨੂੰ ਲਗਭਗ ਕਾਰਪੋਰੇਟਾਂ ਦੇ ਹਵਾਲੇ ਕਰ ਦਿੱਤਾ ਗਿਆ। ਵੱਡੇ ਪੱਧਰ ਤੇ ਨੌਕਰੀਆਂ ਜਬਰੀ ਖਤਮ ਕਰ ਦਿੱਤੀਆਂ ਗਈਆਂ ਹਨ। ਠੇਕੇਦਾਰੀ ਪ੍ਰਥਾ ਰਾਹੀਂ ਨਿਗੁਣੀਆਂ ਉਜਰਤਾਂ ਬਦਲੇ ਨੌਜਵਾਨ ਵਰਗ ਨੂੰ ਲੁਟਿਆ ਜਾ ਰਿਹਾ ਹੈ। ਜਿਨ੍ਹਾਂ ਦਾ ਭਵਿੱਖ ਹਨੇਰੀ ਖਾਈ ਵੱਲ ਧੱਕ ਦਿੱਤਾ ਹੈ। ਕਾਨੂੰਨੀ ਹੱਕ ਖੋਹਣ ਲਈ ਜਾਬਰ ਤਰੀਕੇ ਨਾਲ ਸਾਰੇ ਕਿਰਤ ਕਾਨੂੰਨ ਖਤਮ ਕਰਕੇ 4 ਲੇਬਰ ਕੋਡਜ਼ ਵਿੱਚ ਸਮੇਟਦੇ ਹੋਏ ਪੂਰੀ ਤਰ੍ਹਾਂ ਕਾਰਪੋਰੇਟੀ ਲੁੱਟ—ਖਸੁੱਟ ਲਈ ਰਾਹ ਪੱਧਰਾ ਕਰ ਦਿੱਤਾ ਹੈ। ਕਿਰਤੀਆਂ ਦੇ ਕਾਨੂੰਨੀ ਹੱਕ ਸਿਫਰ ਦੇ ਬਰਾਬਰ ਕਰ ਦਿੱਤੇ ਗਏ ਹਨ।  ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡਣ ਦਾ ਰ.ਸ.ਸ. ਦਾ ਅਜੰਡਾ ਸਰਕਾਰੀ ਸਰਪ੍ਰਸਤੀ ਹੇਠ ਲਾਗੂ ਕੀਤਾ ਜਾ ਰਿਹਾ ਹੈ। ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸੈਕੂਲਰਿਜਮ ਦਾ ਮਜਾਕ ਉਡਾਇਆ ਜਾ ਰਿਹਾ ਹੈ। ਸੰਵਿਧਾਨਕ ਸੰਸਥਾਵਾਂ ਦੇ ਮੁੱਖੀਆਂ ਵਜੋਂ ਰ.ਸ.ਸ. ਦੇ ਸਮਰਥਕਾਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਹਨ। ਲੋਕ ਪੱਖੀ ਬੁੱਧੀਜੀਵੀਆਂ ਦੇ ਕਤਲ ਹੋ ਰਹੇ ਹਨ। ਘੱਟ ਗਿਣਤੀਆਂ ਦੀ ਜੀਣਾ ਦੁੱਭਰ ਕਰ ਦਿੱਤਾ ਗਿਆ ਹੈ। ਵਿਦਿਆ ਦਾ ਭਗਵਾਕਰਨ ਕੀਤਾ ਜਾ ਰਿਹਾ ਹੈ। ਮੀਡੀਆਂ ਨੂੰ ਸਰਕਾਰੀ ਬੋਲੀ ਬੋਲਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਪਾਰਲੀਮੈਂਟਰੀ ਸਿਸਟਮ ਨੂੰ ਕਮਜੋਰ ਕਰ ਦਿੱਤਾ ਗਿਆ। ਵਿਰੋਧੀਆਂ ਦੀ ਅਵਾਜ ਨੂੰ ਹਰ ਤਰੀਕੇ ਨਾਲ ਕੁਚਲਿਆ ਜਾ ਰਿਹਾ ਹੈ। ਦੇਸ਼ ਵਿੱਚ ਗਰੀਬੀ, ਬੇਰੁਜਗਾਰੀ, ਮਹਿੰਗਾਈ, ਬੀਮਾਰੀਆਂ, ਲਾਕਾਨੂੰਨੀ ਅਤੇ ਜਬਰ ਜੁਲਮ ਆਦਿ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਮੁਕਦੀ ਗੱਲ ਅੱਜ ਦੇਸ਼ ਦੇ ਕਾਰਪੋਰੇਟ ਘਰਾਣਿਆਂ ਤੋਂ ਬਿਨਾਂ ਹਰ ਵਰਗ ਨੂੰ ਬੁਰੀ ਤਰ੍ਹਾਂ ਮੁਸੀਬਤਾਂ ਵਿੱਚ ਧੱਕ ਦਿੱਤਾ ਗਿਆ ਹੈ। ਅਜਿਹੇ ਹਾਲਤਾਂ ਵਿੱਚ ਅਸੀਂ ਆਪਣਾ ਮਜਦੂਰ ਦਿਹਾੜਾ ਮਨਾਉਂਦੇ ਹੋਏ ਇਨ੍ਹਾਂ ਸਾਰੀਆਂ ਅਲਾਮਤਾਂ ਅਤੇ ਸਰਕਾਰ ਦੇ ਮਨਸੂਬਿਆਂ ਵਿਰੁੱਧ ਲੋਕ ਲਹਿਰਾਂ ਖੜੀਆਂ ਕਰਨ ਦੀ ਵਿਊਂਤਬੰਦੀ ਕਰਨੀ ਹੈ।

ਮਜ਼ਦੂਰ ਦਿਵਸ ਨਾਲ ਜੁੜੀਆਂ ਸੰਖੇਪ ਘਟਨਾਵਾਂ ਦਾ ਵਰਨਣ

20 ਅਗਸਤ 1886 ਨੂੰ ਮਜਦੂਰਾਂ ਦੇ ਅੱਠ ਲੀਡਰਾਂ ਵਿਰੁੱਧ ਝੂਠੀਆਂ ਗਵਾਹੀਆਂ ਨਾਲ ਪ੍ਰਵਾਨ ਚੜਾਏ ਮੁਕਦਮੇ ਦਾ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਸੱਤ ਆਗੂਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਅਤੇ ਇੱਕ ਆਗੂ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਹ ਕ੍ਰਾਂਤੀਕਾਰੀ ਆਗੂ ਸਨ। ਅਲਬਰਟ ਪਾਰਸਨਜ਼, ਅਗਸਤ ਸਪਾਈਜ਼, ਸੈਮੂਅਲ ਫੀਲਡਨ, ਮਿਖਾਈਲ ਸਕਵਾਬ, ਜਾਰਜ਼ ਏਂਗਲ, ਅਡਾਲਫ ਫਿਸ਼ਰ ਅਤੇ ਲੂਈ ਲਿੰਗ। ਆਸਕਰ ਨੀਬੇ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਦੁਨੀਆ ਭਰ ਵਿਚੋਂ ਇਨਸਾਫ ਪਸੰਦ ਲੋਕਾਂ ਵਲੋਂ ਅਮਰੀਕੀ ਹਾਕਮਾਂ ਕੋਲ ਰੋਸ ਜਤਾਇਆ ਗਿਆ। ਸੁਪਰੀਮ ਕੋਰਟ ਅਤੇ ਫੈਡਰਲ ਕੋਰਟ ਵਿੱਚ ਅਪੀਲਾਂ ਵੀ ਦਾਇਰ ਕੀਤੀਆਂ ਗਈਆਂ। ਪਰ ਪਤਾ ਹੀ ਸੀ ਕਿ ਅਪੀਲਾਂ ਰੱਦ ਹੋਣਗੀਆਂ। ਜਿਨ੍ਹਾਂ ਆਗੂਆਂ ਨੂੰ ਫਾਂਸੀ ਦੇ ਦਿੱਤੀ ਗਈ ਉਹ ਸਨ ਪਾਰਸਨਜ਼, ਸਪਾਈਜ਼, ਅਡਾਲਡ ਫਿਸ਼ਰ ਅਤੇ ਜਾਰਜ ਏਂਗਲ, ਸੈਮੂਅਲ ਫੀਲਡਨ ਅਤੇ ਮਿਖਾਈਲ ਸਕਵਾਬ ਦੀ ਫਾਂਸੀ ਦੀ ਸਜ਼ਾ ਗਵਰਨਰ ਵੱਲੋਂ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ। ਲੂਈ ਲਿੰਗ 10 ਨਵੰਬਰ 1887 ਦੀ ਰਾਤ ਨੂੰ ਜੇਲ੍ਹ ਵਿੱਚ ਭੇਦਭਰੀ ਹਾਲਤ ਵਿੱਚ ਮ੍ਰਿਤਕ ਪਾਇਆ ਗਿਆ। ਮੁਕਦਮੇ ਦੌਰਾਨ ਬਿਆਨ ਦਰਜ ਕਰਵਾਉਂਦਿਆਂ ਅਗਸਤ ਸਪਾਈਜ ਨੇ ਕਿਹਾ ਕਿ ਪੂੰਜੀਪਤੀ ਭੁਲੇਖੇ ਵਿੱਚ ਹਨ ਕਿ ਮਜਦੂਰ ਆਗੂਆਂ ਨੂੰ ਫਾਂਸੀ ਦੇਣ ਨਾਲ ਮਜ਼ਦੂਰਾਂ ਦੀਆਂ ਜਦੋ ਜਹਿਦਾਂ ਦਾ ਅੰਤ ਹੋ ਜਾਵੇਗਾ।  ਸਗੋਂ ਹੁਣ ਤਾਂ ਇਹ ਜਦੋ ਜਹਿਦ ਇੱਕ ਮਜਬੂਤ ਜਨਤਕ ਅੰਦੋਲਨ ਬਣ ਚੁੱਕੀ ਹੈ ਅਤੇ ਇਸਨੂੰ ਕਿਸੇ ਵੀ ਸੂਰਤ ਵਿੱਚ ਦਬਾਇਆ ਨਹੀਂ ਜਾ ਸਕੇਗਾ। ਫਾਂਸੀ ਦਾ ਨਕਾਬ ਪਾਉਣ ਸਮੇਂ ਅਲਬਰਟ ਪਾਰਸਨਜ਼ ਨੇ ਗਰਜਵੀਂ ਅਵਾਜ਼ ਵਿੱਚ ਸੁਚੇਤ ਕਰਦਿਆਂ ਕਿਹਾ ਕਿ ਐ ਅਮਰੀਕਾ ਦੇ ਮਿਹਨਤਕਸ਼ ਲੋਕੋਂ ਮਜਦੂਰਾਂ ਦਾ ਅੰਦੋਲਨ ਦਬਣਾ ਨਹੀਂ ਚਾਹੀਦਾ।

26 ਜੁਲਾਈ 1893 ਨੂੰ ਸੱਤ ਸਾਲਾਂ ਬਾਅਦ ਗਵਰਨਰ ਜ਼ੋਹਨ ਪੀ. ਐਲਟੇਗੋਲਡ ਨੇ ਫੀਲਡਨ ਅਤੇ ਸਕਵਾਬ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ ਅਤੇ ਇਸ ਹੁਕਮ ਵਿੱਚ ਇਹ ਵੀ ਲਿਖਿਆ ਸੀ ਕਿ ਮੁਕਦਮਾ ਝੂਠੇ ਗਵਾਹਾਂ ਦੀਆਂ ਗਵਾਹੀਆਂ ਦੇ ਅਧਾਰ ਤੇ ਚਲਾਇਆ ਗਿਆ ਸੀ ਅਤੇ ਗਵਰਨਰ ਨੇ ਇਸ ਨੂੰ ਇਨਸਾਫ ਦੇ ਅਮਲ ਦੀ ਭਾਰੀ ਉਲੰਘਣਾ ਕਿਹਾ ਸੀ। ਇਕ ਪ੍ਰਸਿੱਧ ਅਮਰੀਕੀ ਲੇਖਕ ਵਿਲੀਅਮ ਡੀਲ ਜਾਵੇਲਸ ਨੇ ਨਿਊਯਾਰਕ ਟ੍ਰਿਬਿਊਨ ਵਿੱਚ ਲਿਖਿਆ ਸੀ ਕਿ ਇੱਕ ਅਜ਼ਾਦ ਅਤੇ ਖੁਦਮਖਤਿਆਰ ਦੇਸ਼ ਦੇ ਪੰਜ ਬੇਗੁਨਾਹ ਲੋਕਾਂ ਨੂੰ ਉਹਨਾਂ ਦੇ ਵਿਚਾਰਾਂ ਕਾਰਨ ਫਾਂਸੀ ਦੇ ਕੇ ਮਾਰ ਦਿੱਤਾ ਗਿਆ ਹੈ।

ਇਹ ਸਾਰਾ ਕੁੱਝ ਪੂੰਜੀਪਤੀਆਂ ਦਾ ਹੀ ਕੀਤਾ ਕਰਾਇਆ ਇੱਕ ਕੋਝਾ ਜਤਨ ਸੀ। ਉਨ੍ਹਾਂ ਨੂੰ ਭਰਮ ਸੀ ਕਿ ਤਾਕਤ ਅਤੇ ਜਬਰ ਨਾਲ ਮਜ਼ਦੂਰਾਂ ਨੂੰ ਅਤੇ ਉਹਨਾਂ ਦੀਆਂ ਜਦੋ ਜਹਿਦਾਂ ਨੂੰ ਕੁਚਲ ਦਿੱਤਾ ਜਾਵੇਗਾ। ਮਜ਼ਦੂਰਾਂ ਦਾ ਅੰਦੋਲਨ ਕੋਈ ਅਚਾਨਕ ਭੜਕਿਆ ਦਿਸ਼ਾਹੀਣ ਅੰਦੋਲਨ ਨਹੀਂ ਸੀ। ਸਗੋਂ ਇਹ ਅੰਦੋਲਨ ਪੂੰਜੀਪਤੀਆਂ ਵਲੋਂ ਮਜ਼ਦੂਰ ਜਮਾਤ ਦਾ ਜਾਲਮਾਨਾ ਤਰੀਕੇ ਨਾਲ ਕੀਤੇ ਜਾ ਰਹੇ ਸ਼ੋਸ਼ਣ ਦੇ ਖਾਤਮੇ ਦਾ ਸੰਕਲਪ ਸੀ।

ਅਮਰੀਕਾ ਦਾ ਸ਼ਿਕਾਗੋ ਸ਼ਹਿਰ ਉਸ ਵੇਲੇ ਇੱਕ ਮੁੱਖ ਸਨਅਤੀ ਕੇਂਦਰ ਸੀ। ਮਜ਼ਦੂਰਾਂ ਵਿਰੁੱਧ ਦਮਨਕਾਰੀ ਨੀਤੀਆਂ ਦਾ ਬੋਲਬਾਲਾ ਸੀ। ਕੰਮ ਦੇ ਘੰਟੇ ਕੋਈ ਨਿਸ਼ਚਿਤ ਨਹੀਂ ਸਨ। ਕੰਮ ਘੰਟੇ 14, 16, 18 ਤੱਕ ਰੋਜਾਨਾ ਮਜਦੂਰਾਂ ਤੋਂ ਕੰਮ ਲੈਣਾ ਇੱਕ ਦਸਤੂਰ ਬਣਿਆ ਹੋਇਆ ਸੀ। ਇਸੇ ਦਮਨਕਾਰੀ ਸ਼ੋਸ਼ਣ ਦੇ ਵਿਰੁੱਧ ਹੀ ਮਜ਼ਦੂਰਾਂ ਨੇ 8 ਘੰਟੇ ਕੰਮ ਦਿਹਾੜੀ ਦਾ ਨਾਅਰਾ ਬੁਲੰਦ ਕੀਤਾ। ਇਹ ਮੰਗ ਉਸ ਵੇਲੇ ਦੀ ਇੱਕ ਜਬਰਦਸਤ ਤਹਿਰੀਕ ਬਣ ਚੁੱਕੀ ਸੀ। ਇਸੇ ਤਹਿਰੀਕ ਦਾ ਹੀ ਸਿੱਟਾ ਸੀ ਕਿ ‘ਅਮਰੀਕਨ ਫੈਡਰੇਸ਼ਨ ਆਫ ਲੇਬਰ’ ਨਾਂ ਦੀ ਜਥੇਬੰਦੀ ਹੋਂਦ ਵਿੱਚ ਆਈ। ਇਸ ਜਥੇਬੰਦੀ ਦੀ ਸਲਾਨਾ ਕਾਨਫਰੰਸ 1884 ਵਿੱਚ ਹੋਈ। ਇਸ ਕਾਨਫਰੰਸ ਨੇ ਫੈਸਲਾ ਲਿਆ ਕਿ ਪਹਿਲੀ ਮਈ 1886 ਤੋਂ ਕੰਮ ਦੇ 8 ਘੰਟੇ ਦਾ ਕਾਨੂੰਨ ਬਣਵਾ ਕੇ ਅਮਲ ਵਿੱਚ ਲਿਆਂਦਾ ਜਾਵੇ। ਮਜ਼ਦੂਰਾਂ ਵਿੱਚ ਅਤੀਤ ਵਿੱਚ ਹੋਏ ਸੰਘਰਸ਼ਾਂ ਤੋਂ ਉਤਸ਼ਾਹ ਦੀ ਭਾਵਨਾ ਵੀ ਸੀ ਅਤੇ ਪੂੰਜੀਪਤੀਆਂ ਵੱਲੋਂ ਕੀਤੇ ਜੁਲਮਾਂ ਪ੍ਰਤੀ ਨਫਰਤ ਅਤੇ ਗੁੱਸਾ ਵੀ ਸੀ, ਕਿਉਂਕਿ 1875 ਵਿੱਚ ਪੈਨਸ਼ਲਵਾਨੀਆਂ *ਚ ਕੋਇਲੇ ਦੀਆਂ ਖਾਣਾਂ ਦਾ ਮਜ਼ਦੂਰਾਂ ਦੀ ਲੰਬੀ ਹੜਤਾਲ ਨੂੰ ਪੁਲਿਸ ਜਬਰ ਅਤੇ ਮਾਲਕਾਂ ਵੱਲੋਂ ਕੀਤੀ ਗੁੰਡਾਗਰਦੀ ਰਾਹੀਂ ਕੁਚਲ ਦਿੱਤਾ ਗਿਆ ਸੀ। ਝੂਠੇ ਮੁਕਦਮੇ ਚਲਾਕੇ 19 ਮਜਦੂਰ ਲੀਡਰ ਫਾਂਸੀ ਲਾ ਦਿੱਤੇ ਗਏ। ਇਸ ਘਟਨਾ ਵਿੱਚ 50 ਮਜ਼ਦੂਰਾਂ ਦੀਆਂ ਜਾਨਾ ਕੁਰਬਾਨ ਹੋ ਗਈਆਂ ਸਨ। ਇਸ ਇੱਕ ਦਹਾਕੇ ਦੀਆਂ ਹੜਤਾਲਾਂ, ਝੜਪਾਂ ਅਤੇ ਘੋਲਾਂ ਵਿਚੋਂ ਪੈਦਾ ਹੋਈ ਚੇਤਨਾ ਨਾਲ ਮਜ਼ਦੂਰਾਂ ਦੇ ਹੌਂਸਲੇ ਬੁਲੰੰਦ ਸਨ। ਸਰਕਾਰ ਅਤੇ ਕਾਰਖਾਨਿਆਂ ਦੇ ਮਾਲਕ ਇਨ੍ਹਾਂ ਘਟਨਾਵਾਂ ਦੇ ਅਸਰ ਤੋਂ ਬਾਖੂਬੀ ਵਾਕਫ ਸਨ ਅਤੇ ਉਹ ਚਿੰਤਾ ਗ੍ਰਸਤ ਵੀ ਸਨ।

1 ਅਤੇ 2 ਮਈ 1886 ਨੂੰ ਕੰਮ ਦਿਹਾੜੀ 8 ਘੰਟੇ ਦੀ ਮੰਗ ਨੂੰ ਲੈ ਕੇ ਅਮਰੀਕਾ ਦੇ ਲਗਪਗ ਸਾਰੇ ਸ਼ਹਿਰਾਂ, ਕਸਬਿਆਂ ਵਿੱਚ ਮਜ਼ਦੂਰਾਂ ਨੇ ਹੜਤਾਲ ਕੀਤੀ। ਇਹ ਕੌਮੀ ਪੱਧਰ ਦੀ ਪਹਿਲੀ ਹੜਤਾਲ ਸੀ। ਇਸ ਵਿੱਚ 5 ਲੱਖ ਤੋਂ ਵੱਧ ਮਜਦੂਰਾਂ ਨੇ ਹਿੱਸਾ ਲਿਆ। ਸ਼ਿਕਾਗੋ ਸ਼ਹਿਰ ਦੇ 65 ਫੀਸਦੀ ਤੋਂ ਵੱਧ ਕਾਰਖਾਨੇ ਬੰਦ ਰਹੇ। ਸਾਰਾ ਰੇਲਵੇ ਸਿਸਟਮ ਠੱਪ ਹੋ ਗਿਆ। ਸਾਰਾ ਦਿਨ ਜਲਸੇ, ਜਲੂਸ, ਪੁਰਅਮਨ ਤਰੀਕੇ ਨਾਲ ਹੁੰਦੇ ਰਹੇ। ਤੀਸਰੇ ਦਿਨ 3 ਮਈ 1886 ਨੂੰ ਮਾਲਕਾਂ ਵੱਲੋਂ ਜਵਾਬੀ ਹਮਲਾ ਸ਼ੁਰੂ ਹੋਇਆ। ਮਜ਼ਦੂਰਾਂ ਨੂੰ ਨੌਕਰੀਆਂ ਤੋਂ ਕੱਢਣ ਦੀਆਂ ਧਮਕੀਆਂ ਅਤੇ ਹੋਰ ਕਾਰਵਾਈ ਕਰਨ ਦਾ ਡਰ ਖੜਾ ਕੀਤਾ ਗਿਆ। ਮੈਕਾਰਮਿਕ ਇੱਕ ਬਦਨਾਮ ਕਿਸਮ ਦਾ ਕਾਰਖਾਨੇਦਾਰ ਸੀ। ਉਸ ਦੇ ਕਾਰਖਾਨੇ ਵਿੱਚ ਤਾਲਾਬੰਦੀ ਚਲ ਰਹੀ ਸੀ। ਇਸ ਦਿਨ ਉਸਨੇ 300 ਦੇ ਕਰੀਬ ਭਾੜੇ ਦੇ ਗੈਰ ਹੜ੍ਹਤਾਲੀ ਮਜਦੂਰਾਂ ਦੀ ਮਦਦ ਨਾਲ ਕਾਰਖਾਨਾ ਚਾਲੂ ਕਰਨ ਦੀ ਕੋਸ਼ਿਸ਼ ਕੀਤੀ। ਭਾਰੀ ਪੁਲਿਸ ਫੋਰਸ ਵੀ ਤਾਇਨਾਤ ਸੀ। ਕਾਰਖਾਨੇ ਦੇ ਸਾਥੀ ਮਜ਼ਦੂਰਾਂ ਨੇ ਹੜ੍ਹਤਾਲ ਨਾਲ ਜ਼ੋੜਕੇ ਇਸ ਦਿਨ ਕਾਰਖਾਨੇ ਦੇ ਗੇਟ ਉਪਰ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ, ਆਲੇ ਦੁਆਲੇ ਤੋਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਜਬਰਦਸਤ ਮੁਜ਼ਾਹਰਾ ਕੀਤਾ। ਪੁਲੀਸ ਨੇ ਸ਼ਾਂਤਮਈ ਤਰੀਕੇ ਨਾਲ ਪੋ੍ਰਟੈਸਟ ਕਰ ਰਹੇ ਮਜ਼ਦੂਰਾਂ ਤੇ ਗੋਲੀ ਚਲਾ ਦਿੱਤੀ ਜਿਸ ਨਾਲ 6 ਮਜ਼ਦੂਰ ਮੌਕੇ ਤੇ ਮਾਰੇ ਗਏ ਅਤੇ 50 ਤੋਂ ਵੱਧ ਜਖਮੀ ਹੋ ਗਏ।

3 ਮਈ ਦੇ ਇਸ ਵਹਿਸ਼ੀ ਕਾਰਨਾਮੇ ਦੇ ਵਿਰੋਧ ਵਿੱਚ 4 ਮਈ ਨੂੰ ਸ਼ਿਕਾਗੋ ਦੀ ਹੇਅ ਮਾਰਕੀਟ ਵਿੱਚ ਭਾਰੀ ਜਲਸਾ ਰਖਿਆ ਗਿਆ। ਪੁਰਅਮਨ ਚਲਦੇ ਜਲਸੇ ਵਿੱਚ ਮਾਲਕਾਂ ਦੇ ਕਿਸੇ ਏਜੰਟ ਵੱਲੋਂ ਬੰਬ ਸੁਟਿਆ ਗਿਆ। ਜਿਸ ਨਾਲ ਸੱਤ ਪੁਲੀਸ ਵਾਲੇ ਮਾਰੇ ਗਏ ਅਤੇ ਇੱਕ ਮਜ਼ਦੂਰ ਮਾਰਿਆ ਗਿਆ। ਪੁਲੀਸ ਵੱਲੋਂ ਕੀਤੀ ਅੰਨੇਵਾਹ ਗੋਲੀਬਾਰੀ ਨਾਲ ਚਾਰ ਸਿਵਲੀਅਨ ਮਾਰੇ ਗਏ ਅਤੇ 70 ਤੋਂ ਵੱਧ ਹੋਰ ਲੋਕ ਜਖਮੀ ਹੋ ਗਏ। ਹੇਅ ਮਾਰਕਿਟ ਦੇ ਇਸ ਸਾਕੇ ਨੂੰ ਅਧਿਕਾਰੀਆਂ ਵੱਲੋਂ ਹੇਅ ਮਾਰਕੀਟ ਦਾ ਦੰਗਾ ਗਰਦਾਨਿਆ ਗਿਆ। ਇਸ ਸਬੰਧ ਵਿੱਚ ਮਜ਼ਦੂਰਾਂ ਦੇ ਅੱਠ ਆਗੂਆਂ ਉਪਰ ਮੁਕਦਮੇ ਬਣਾਕੇ ਗ੍ਰਿਫਤਾਰ ਕੀਤਾ ਗਿਆ। ਝੂਠੇ ਮੁਕਦਮੇ ਨੂੰ ਅੰਜਾਮ ਦੇ ਕੇ ਇਨ੍ਹਾਂ ਆਗੂਆਂ ਨੂੰ ਪਹਿਲਾਂ ਵਰਣਨ ਕੀਤੇ ਅਨੁਸਾਰ ਫਾਂਸੀ ਦੀ ਸਜ਼ਾ ਅਤੇ ਹੋਰ ਸਜਾਵਾਂ ਦਿੱਤੀਆਂ ਗਈਆਂ। 11 ਨਵੰਬਰ 1887 ਨੂੰ ਚਾਰ ਪ੍ਰਮੁੱਖ ਨੇਤਾਵਾਂ ਨੂੰ ਫਾਂਸੀ ਚਾੜਕੇ ਸਰਕਾਰ ਦੇ ਮਜ਼ਦੂਰ ਅੰਦੋਲਨ ਨੂੰ ਕੁਚਲਣ ਦੇ ਮਨਸੂਬੇ ਪੂਰੇ ਨਹੀਂ ਹੋਏ ਸਗੋਂ 12 ਨਵੰਬਰ 1887 ਨੂੰ ਆਪਣੇ ਹਰਮਨ ਪਿਆਰੇ ਆਗੂਆਂ ਦੀ ਅੰਤਮ ਯਾਤਰਾ ਵਿੱਚ 6 ਲੱਖ ਤੋਂ ਵੱਧ ਮਜਦੂਰ ਇਕੱਤਰ ਹੋਏ। ਆਖਰ 8 ਘੰਟੇ ਕੰਮ ਦਿਹਾੜੀ ਦਾ ਕਾਨੂੰਨ ਹੋਂਦ ਵਿੱਚ ਆਇਆ ਅਤੇ ਹੋਰ ਸਹੂਲਤਾਂ ਦਾ ਮਜ਼ਦੂਰਾਂ ਲਈ ਮੁੱਢ ਬੱਝਿਆ।

ਸੋ ਅੱਜ ਸਮੇਂ ਦੀ ਲੋੜ ਹੈ ਕਿ ਸ਼ਿਕਾਗੋ ਦੇ ਸ਼ਹੀਦਾਂ ਦੇ ਸਿਰਜੇ ਹੋਏ ਗੌਰਵਮਈ ਇਤਿਹਾਸ ਨੂੰ ਹੋਰ ਅੱਗੇ ਵਧਾਈਏ। ਮਜ਼ਦੂਰ ਅੰਦੋਲਨਾਂ ਨੂੰ ਵਿਸਥਾਰਦੇ ਹੋਏ ਮਜ਼ਦੂਰ ਜਮਾਤ ਦੀ ਏਕਤਾ ਮਜ਼ਬੂਤ ਕਰਕੇ, ਜਮਾਤੀ ਚੇਤਨਾ ਪੈਦਾ ਕਰਕੇ ਅਤੇ ਮਜ਼ਦੂਰ ਜਮਾਤ ਦੇ ਸਨਮੁੱਖ ਖੜੀਆਂ ਮੁਸੀਬਤਾਂ ਨੂੰ ਚੁਣੌਤੀ ਦੇ ਰੂਪ ਵਿੱਚ ਵੇਖਦੇ ਹੋਏ ਮਜ਼ਦੂਰ ਅੰਦੋਲਨਾਂ ਨੂੰ ਜਿੱਤ ਤੱਕ ਲੈ ਕੇ ਜਾਈਏ। ਮਜ਼ਦੂਰ ਦੀ ਮਿਹਨਤ ਦੀ ਲੁੱਟ ਰੋਕੀਏ, ਪੂੰਜੀਪਤੀਆਂ ਦੇ ਅੰਨੇ ਮੁਨਾਫੇ ਦੀ ਹਵਸ ਨੂੰ ਮਜ਼ਦੂਰਾਂ ਦੀ ਨਿਰਦਈ ਲੁੱਟ ਬਣਨ ਤੋਂ ਰੋਕੀਏ। ਅੱਜ ਦੇ ਇਸ ਕੋਮਾਂਤਰੀ ਮਜ਼ਦੂਰ ਦਿਹਾੜੇ ਦੇ ਮੌਕੇ ਤੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸਾਡੀ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।

ਨਿਰਮਲ ਸਿੰਘ ਧਾਲੀਵਾਲ,

ਜਨਰਲ ਸਕੱਤਰ: ਪੰਜਾਬ ਸਟੇਟ ਕਮੇਟੀ, ਏਟਕ