ਡਾ.ਰਵੀ ਦੀ ਯਾਦ ਵਿੱਚ ਟਰੱਸਟ ਨਿਰੰਤਰ ਕਾਰਜਸ਼ੀਲ ਹੈ
ਸ਼ਹਿਰ ਲੁਧਿਆਣਵੀ ਸਾਹਿਬ ਨੇ ਕੁਝ ਸਤਰਾਂ ਲਿਖੀਆਂ ਸਨ-
ਜੇਲ੍ਹੋਂ ਕੇ ਬਿਨਾ ਜਬ ਦੁਨੀਆ ਕੀ ਸਰਕਾਰ ਚਲਾਈ ਜਾਏਗੀ।
ਵੋਹ ਸੁਬਹ ਕਭੀ ਤੋਂ ਆਏਗੀ!
ਪੂੰਜੀਵਾਦ ਦੀਆਂ ਸਮੱਸਿਆਵਾਂ ਸਮਾਜਵਾਦੀ ਪ੍ਰਬੰਧ ਅਧੀਨ ਹੀ ਦੂਰ ਹੋ ਸਕਦੀਆਂ ਹਨ। ਇਸ ਲਈ ਉਸ ਸੁਬਹ ਨੂੰ ਲਿਆਉਣ ਅਤੇ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਦੇ ਮੁਦਈ ਜਿੱਥੇ ਲਗਾਤਾਰ ਸ ਸੰਘਰਸ਼ਸ਼ੀਲ ਹਨ ਉੱਥੇ ਲੋੜ ਪੈਣ ਤੇ ਕੁਰਬਾਨੀਆਂ ਵੀ ਦੇਂਦੇ ਆ ਰਹੇ ਹਨ। ਡਾਕਟਰ ਗੁਲਯਾਰ ਪੰਧੇਰ ਤੁਹਾਨੂੰ ਦੱਸ ਰਹੇ ਇਸ ਲੰਮੇ ਸਿਲਸਿਲੇ ਵਿੱਚ ਸਿਰਫ ਇੱਕ ਕੁਰਬਾਨੀ ਦੀ ਸੰਖੇਪ ਜਿਹੀ ਦਾਸਤਾਨ। --ਸੰਪਾਦਕ
19 ਮਈ,1989 ਨੂੰ ਡਾ. ਰਵਿੰਦਰ ਰਵੀ ਨੂੰ ਦੁਸ਼ਮਨ ਨੇ ਗੋਲ਼ੀਆਂ ਨਾਲ ਵਿੰਨ ਦਿੱਤਾ....ਅੱਜ 33 ਸਾਲ ਬਾ ਅਦ ਲੱਗਦਾ ਹੈ ਕਿ ਉਹ ਵਿਚਾਰ ਬਣਕੇ ਫੈਲ ਗਿਆ...ਵਿਚਾਰ ਗੱਲੀਆਂ, ਬੰਬ, ਬੰਦੂਕਾਂ ਦੀ ਮਾਰ 'ਚ ਨਹੀਂ ਆਉਂਦੇ...
ਪੰਜਾਬ ਸੰਕਟ ਦੇ ਕਾਲੇ ਦੌਰ ਵਿੱਚ ਖਾਲਿਸਤਾਨ ਮੰਗਦੇ ਦਹਿਸ਼ਤ ਪਸੰਦਾਂ ਨੇ ਬਹੁਤ ਸਾਰੇ ਰਾਜਨੀਤਕ ਨੇਤਾਂਵਾਂ,ਸਾਹਿਤਕ ਸ਼ਖਸੀਅਤਾਂ ਅਤੇ ਆਮ ਲੋਕਾਂ ਨੂੰ ਵਿਚਾਰਾਂ ਦੇ ਵਿਰੋਧ ਕਾਰਨ ਸ਼ਹੀਦ ਕਰ ਦਿੱਤਾ। ਪ੍ਰੀਤ ਲੜੀ' ਮੈਗਜ਼ੀਨ ਦੇ ਸੰਪਾਦਕ ਸੁਮੀਤ ਸਿੰਘ ਤੋਂ ਲੈ ਕੇ ਡਾ.ਰਵਿੰਦਰ ਰਵੀ ਤਕ ਉਹਨਾ ਸਾਹਿਤਕ ਕਾਮਿਆਂ ਦੀ ਲੰਮੀ ਕਤਾਰ ਹੈ। ਡਾ. ਰਵਿੰਦਰ ਰਵੀ ਜੀ ਨੂੰ 19 ਮਈ 1989 ਨੂੰ ਉਹਨਾ ਦੇ ਘਰੋਂ ਧੋਖੇ ਨਾਲ ਬੁਲਾਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਡਾ.ਰਵੀ ਜੀ ਤੋਂ ਪਹਿਲਾਂ 14 ਮਈ ਨੂੰ ਇਹਨਾਂ ਦੇ ਜੱਦੀ ਪਿੰਡ ਕਿਲਾ ਹਾਂਸ ਲਾਗੇ ਲੁਧਿਆਣਾ ਜਿਲ੍ਹੇ ਦੇ ਹੀ ਪਿੰਡ ਪੰਧੇਰ ਖੇੜੀ ਵਿੱਚ ਸਾਥੀ ਗੁਰਮੇਲ ਹੂੰਝਣ ਅਤੇ ਉਸਦੇ ਅੰਗ ਰੱਖਿਅਕ ਜੁਗਿੰਦਰ ਸਿੰਘ ਨੂੰ ਵੀ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਸੀ। ਇਹਨਾਂ ਦੋਹਾਂ ਦੀ ਵਿਚਾਰਧਾਰਕ ਸਾਂਝ ਸੀ ਅਤੇ ਮੇਰੀ ਦੋਹਾਂ ਨਾਲ ਨੇੜਤਾ ਸੀ। ਡਾ. ਰਵੀ ਜੀ ਨਾਲ ਤਾਂ ਮੈਂ ਪੀ.ਐਚ.ਡੀ. ਕਰ ਰਿਹਾ ਸੀ।
ਡਾ. ਰਵੀ ਜੀ ਇਕੋ ਸਮੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚੁਣੇ ਹੋਏ ਫੈਲੋ,ਕੇਂਦਰੀ ਪੰਜਾਬੀ ਲੇਖਕ ਸਭਾ ਰਜਿ.ਦੇ ਜਨਰਲ ਸਕੱਤਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਧਿਆਪਕ ਜੱਥੇਬੰਦੀ ਦੇ ਮੁਹਰਲੀ ਕਤਾਰ ਦੇ ਆਗੂ ਸਨ। ਇਸ ਸਾਰੇ ਦੇ ਨਾਲ ਉਹ ਸਭ ਤੋਂ ਪਹਿਲਾਂ ਇੱਕ ਸੁਹਿਰਦ ਅਧਿਆਪਕ ਸਨ। ਅਧਿਆਪਨ ਕਾਰਜ ਉਹ ਖੁਦ ਡੂੰਘਾ ਅਧਿਐਨ ਕਰਕੇ ਕਰਦੇ ਸਨ। ਮੈਂ ਉਹਨਾਂ ਪਾਸ ਦੋ ਚਾਰ ਵਾਰ ਰਾਤ ਰੁਕਿਆ ਤਾਂ ਮੈਂ ਆਪਣੇ ਸੌਣ ਅਤੇ ਜਾਗਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਪੜ੍ਹਨ-ਮੇਜ ਤੇ ਹੀ ਵੇਖਿਆ ਸੀ। ਉਚੇਰੀ ਸਿਖਿਆ ਦੇ ਵਿਦਿਆਰਥੀ ਉਹਨਾਂ ਦੇ ਕਲਾਸ ਨੋਟਿਸ ਸਾਰੇ ਪੰਜਾਬ ਵਿੱਚ ਲੱਭ ਲੱਭ ਕੇ ਪੜ੍ਹਦੇ ਸਨ। ਉਹਨਾਂ ਵਿਦਿਆਰਥੀ ਲਹਿਰ ਵਿੱਚ ਕੰਮ ਕਰਦੇ ਡਾ. ਤਾਰਾ ਸਿੰਘ ਸੰਧੂ ਵਰਗੇ ਵਿਦਿਆਰਥੀਆਂ ਨੂੰ ਡਾਕਟਰੇਟ ਕਰਵਾਈ। ਡਾ. ਸੁਰਜੀਤ ਸਿੰਘ ਭੱਟੀ ਵਰਗੇ ਉਹਨਾਂ ਦੇ ਵਿਦਿਆਰਥੀ ਸਾਡੇ ਸਮਿਆਂ ਵਿੱਚ ਉੱਘੇ ਚਿੰਤਕ ਹਨ। ਬਲਦੇਵ ਸਿੰਘ ਧਾਲੀਵਾਲ ਵਰਗੇ ਉਹਨਾ ਦੇ ਵਿਦਿਆਰਥੀ ਨਹੀਂ ਸਨ ਪਰ ਉਹਨਾਂ ਨੂੰ ਅਧਿਆਪਕ ਦਾ ਫਰਜ ਨਿਭਾਉਂਣ ਲਈ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਸਟਲ ਵਿੱਚ ਪਹੁੰਚ ਗਏ ਸਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਦੇ ਮੈਂਬਰ ਹੋਣ ਕਰਕੇ ਅਤੇ ਕੇਂਦਰੀ ਸਭਾ ਦੇ ਰੁਝੇਵੇੰ ਕਰਕੇ ਬਾਹਰ ਜਾਣਾ ਪੈਂਦਾ ਸੀ ਪਰ ਉਹ ਇਸ ਗੱਲ ਲਈ ਜਾਣੇ ਜਾਂਦੇ ਸਨ ਕਿ ਉਹ ਆਪਣੀ ਕਲਾਸ ਮਿਸ ਨਹੀਂ ਕਰਦੇ ਸਨ। ਵਿਦਿਆਰਥੀਆਂ ਵਿੱਚ ਮੋਹ ਨਾਲ ਵਿਚਰਨ ਅਤੇ ਬੋਲ ਬਾਣੀ ਕਾਰਨ ਬਹੁਤ ਸਤਿਕਾਰੇ ਜਾਂਦੇ ਸਨ। ਪੰਜਾਬ ਸੰਕਟ ਦੇ ਦਿਨਾਂ ਵਿੱਚ ਸ਼ਹਾਦਤ ਤੋਂ ਕੁਝ ਦੇਰ ਪਹਿਲਾਂ ਉਹਨਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੋਸਟਲਾਂ ਵਿੱਚ ਇਕ ਵਿਚਾਰਧਾਰਕ ਲੈਕਚਰ ਲੜੀ ਵੀ ਸ਼ੁਰੂ ਕੀਤੀ ਸੀ। ਡਾ.ਰਵੀ ਜੀ ਨੇ ਆਪ ਡਾਕਟਰੇਟ ਰਾਮ ਕਾਵਿ ਤੇ ਖੋਜ ਕਰਦਿਆਂ ਡਾ.ਰਤਨ ਸਿੰਘ ਜੱਗੀ ਦੀ ਅਗਵਾਈ ਵਿੱਚ ਕੀਤੀ ਤੇ ਰਾਮ ਕਾਵਿ ਦੇ ਧਰਮ ਨਿਰਪੱਖ ਖਾਸੇ ਨੂੰ ਖੋਜਿਆ । ਅਜੋਕੀ ਆਂ ਹਾਲਤਾਂ ਵਿੱਚ ਇਹ ਹੋਰ ਵੀ ਵਧੇਰੇ ਪ੍ਰਸੰਗਿਕ ਹੈ। ਉਹਨਾਂ ਦਾ ਖੋਜ ਪ੍ਰਬੰਧ ਇਸ ਯੂਨੀਵਰਸਿਟੀ ਵਿਚ ਪੰਜਾਬੀ ਦਾ ਪਹਿਲਾਂ ਖੋਜ ਪ੍ਰਬੰਧ ਸੀ। ਉਹਨਾਂ ਦੀਆਂ ਚਾਰ ਅਲੋਚਨਾ ਪੁਸਤਕਾਂ ; ਪੰਜਾਬੀ ਰਾਮ ਕਾਵਿ, ਅਮਰੀਕਾ ਦੀਆਂ ਨਵੀਨ ਅਲੋਚਨਾ ਪ੍ਰਣਾਲੀਆਂ, ਵਿਰਸਾ ਤੇ ਵਰਤਮਾਨ ਅਤੇ 'ਰਵੀ ਚੇਤਨਾ' ਉਹਨਾ ਦੀ ਸ਼ਹੀਦੀ ਤੋਂ ਬਆਦ ਡਾ. ਗੁਰਚਰਨ ਸਿੰਘ ਅਰਸ਼ੀ ਜੀ ਨੇ ਸੰਪਾਦਤ ਕੀਤੀ। ਉਹਨਾ ਦੁਆਰਾ ਸੰਪਾਦਤ ਇਕ ਪੁਸਤਕ ਪ੍ਰਗਤੀਵਾਦ ਅਤੇ ਪੰਜਾਬੀ ਸਾਹਿਤ ਵੀ ਮਿਲਦੀ ਹੈ ਜੋ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਬਰਨਾਲਾ ਵਿਖੇ ਕਰਵਾਏ ਸੈਮੀਨਾਰ ਦੀ ਸੰਪਾਦਨਾ ਹੈ। ਬਰਨਾਲੇ ਦੀ ਸਾਹਿਤਕ ਲਹਿਰ ਦੀ ਵੀ ਇਹ ਗਿਣਨਯੋਗ ਪ੍ਰਾਪਤੀ ਹੈ। ਉਸ ਸਮੇਂ ਲਿਖਾਰੀ ਸਭਾ ਬਰਨਾਲਾ ਦੇ ਪ੍ਰਧਾਨ ਓਮ ਪ੍ਰਕਾਸ਼ ਗਾਸੋ ਅਤੇ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ ਸਨ। ਇਹਨਾਂ ਪੁਸਤਕਾਂ ਦਾ ਸਮੁੱਚਾ ਅਧਿਐਨ ਸਾਨੂੰ ਡਾ.ਰਵੀ ਜੀ ਦਾ ਪੰਜਾਬੀ ਅਲੋਚਨਾ ਵਿੱਚ ਸਥਾਨ ਨਿਸਚਤ ਕਰਨ ਵਿੱਚ ਸਹਾਇਤਾ ਕਰਦਾ ਹੈ।
ਡਾ.ਰਵੀ ਮੁਢਲੇ ਰੂਪ ਵਿੱਚ ਭਾਰਤੀ ਕਮਿਊਨਿਸਟ ਲਹਿਰ ਅਤੇ ਮਾਰਕਸਵਾਦ ਤੋਂ ਪ੍ਰਭਾਵਿਤ ਸਨ। ਉਹ ਅੰਤਮ ਸਮੇ ਤਕ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਅਤੇ ਆਗੂ ਰਹੇ। ਉਹਨਾਂ ਸਂੰਸਾਰ ਕਮਿਊਨਿਸਟ ਲਹਿਰ ਦਾ ਗਹਿਰਾ ਅਧਿਅਨ ਕੀਤਾ ਅਤੇ ਇਸ ਕਾਰਜ ਲਈ ਸੋਵੀਅਤ ਯੂਨੀਅਨ ਗਏ। ਉਹਨਾਂ ਸੰਸਾਰ ਪ੍ਰਸਿੱਧ ਅਲੋਚਕਾਂ ਨੂੰ ਨਿੱਠ ਕੇ ਵਾਚਿਆ ਤੇ ਰੋਲਾਂ ਬਾਰਤ ਵਰਗੇ ਚਿੰਤਕਾਂ ਦੇ ਗੁੰਝਲਦਾਰ ਅਤੇ ਬਾਰੀਕ ਸੰਕਲਪਾਂ ਨੂੰ ਸਮਝਦਿਆਂ ਉਸਨੂੰ ਲੋਕਪੱਖੀ ਦ੍ਰਿਸ਼ਟੀਕੋਨ ਤੋਂ ਵਾਚਿਆ।ਸਾਹਿਤ ਅਧਿਐਨ ਲਈ ਉਹਨਾਂ ਪਿਛੋਕੜ ਦੇ ਮਹਤਵ ਨੂੰ ਪਛਾਣਿਆ ਅਤੇ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਸੰਦਰਬ ਵਿੱਚ ਸੱਭਿਆਚਾਰਕ ਵਿਕਾਸ ਅਤੇ ਸਮਾਜਿਕ ਆਰਥਿਕ ਵਿਕਾਸ ਨੂੰ ਧਿਆਨ ਗੋਚਰੇ ਰੱਖਦਿਆਂ ਇਤਿਹਾਸਕ ਦਵੰਦਵਾਦੀ ਪ੍ਰਸੰਗਾਂ ਦੀ ਸਾਮਿਅਕ ਮਹੱਤਤਾ ਤੇ ਜ਼ੋਰ ਦਿੱਤਾ। ਉਹ ਭਾਰਤੀ ਅਤੇ ਪੱਛਮੀ ਚਿੰਤਨ ਨੂੰ ਸਾਡੀਆਂ ਆਪਣੀਆਂ ਵਿਸ਼ੇਸ਼ ਸਭਿਆਚਾਰਕ ਸਥਿਤੀਆਂ ਅਨੁਸਾਰ ਸਮਝਣ ਦੇ ਮੁਦੱਈ ਸਨ। ਮੱਧਕਾਲੀ ਸਾਹਿਤ ਦਾ ਅਧਿਐਨ ਕਰਦਿਆਂ ਉਹਨਾਂ ਕਿਸ਼ਨ ਸਿੰਘ ਦੀ ਤਰਾਂ ਇਸ ਨੂੰ ਮਹਾਨ ਅਤੇ ਇਨਕਲਾਬੀ ਸਾਹਿਤ ਪ੍ਰਵਾਨਿਆਂ। ਅਧੁਨਿਕ ਪੰਜਾਬੀ ਸਾਹਿਤ ਨੂੰ ਮਾਰਕਸਵਾਦੀ ਤਰਲਤਾ ਅਧੀਨ ਅੰਤਰ ਅਨੁਸ਼ਾਸ਼ਨੀ ਵਿਧੀ ਅਪਣਾ ਕੇ ਅਧੁਨਿਕ ਸੰਧਰਵਾਂ,ਵਿਚਾਰਧਾਰਕ ਪ੍ਰਸੰਗਾਂ, ਵਿਸ਼ਵ ਦ੍ਰਿਸ਼ਟੀਕੋਨ ਅਤੇ ਸੁਹਜ ਜੁਗਤਾਂ ਦੇ ਧਿਆਨ ਗੋਚਰੇ ਵਿਚਾਰਿਆ। ਬਹੁਚਰਚਿਤ ਪੁਸਤਕ 'ਵਿਰਸਾ ਅਤੇ ਵਰਤਮਾਨ ' ਵਿੱਚ ਉਹਨਾਂ ਸਮੁੱਚੀ ਵਿਚਾਰਧਾਰਕ ਵਿਕਾਸ ਪ੍ਰਕਿਰਿਆ ਨੁੰ ਵਿਚਾਰਦਿਆਂ ਪੰਜਾਬੀ ਭਾਸ਼ਾ ਦੀ ਦਿਸ਼ਾ ਤੇ ਦਸ਼ਾ ਤੋਂ ਸ਼ੁਰੂ ਹੋ ਕੇ ਸੱਭਿਆਚਾਰ ਅਤੇ ਉਸਦੇ ਅੰਦਰਲੀ ਤਬਦੀਲੀ ਅਤੇ ਸੱਭਿਆਚਾਰ ਦੇ ਸਹਜ ਸ਼ਾਸਤਰ ਨੂੰ ਆਪਣੇ ਅਧਿਅਨ ਦਾ ਕੇੰਦਰ ਬਣਾਇਆ। ਪੱਛਮੀ ਚਿੰਤਕਾਂ ਤੇ ਖਾਸ ਕਰਕੇ ਰੋਲਾਂ ਬਾਰਤ ਨਾਲ ਸੰਵਾਦ ਰਚਾਉੰਦਿਆਂ ਪੰਜਾਬੀ ਚਿੰਤਨ ਦੇ ਨਵੇਂ ਨਕਸ਼ ਉਭਾਰੇ। ਇਸ ਤੋੰ ਪਹਿਲਾਂ ਅਮਰੀਕਾ ਦੀ ਨਵੀਨ ਅਲੋਚਨਾ ਪ੍ਰਣਾਲੀ ਅਤੇ ਰਾਮ ਕਾਵਿ ਦੇ ਅਧਿਐਨ ਨਾਲ ਸਾਡੀ ਭਾਰਤੀ ਅਤੇ ਪੱਛਮੀ ਪਹੁੰਚ ਨਾਲ ਡੂੰਗੀ ਸਾਂਝ ਪੁਆ ਚੁੱਕੇ ਸਨ। ਡਾ.ਰਵੀ ਜੀ ਦੀ ਸ਼ਹਾਦਤ ਤੋਂ ਬਾਅਦ ਡਾ .ਗੁਰਚਰਨ ਸਿੰਘ ਅਰਸ਼ੀ ਜੀ ਨੇ ਉਹਨਾਂ |ਤੇ ਵੱਖਰੇ ਵੱਖਰੇ ਵਿਸ਼ਿਆਂ ਬਾਰੇ ਲਿਖੇ 18 ਮਜਬੂਨ ਛਾਪੇ ਜਿੰਨ੍ਹਾਂ ਵਿਚ ਰਵੀ ਜੀ ਦੇ ਵਿਚਾਰਧਾਰਕ ,ਆਲੋਚਨਾਤਮਕ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਪੇਸ਼ ਵੰਗਾਰਾਂ ਸਬੰਧੀ ਵਿਚਾਰ ਮਿਲਦੇ ਹਨ।
ਡਾ.ਰਵੀ ਜੀ ਦੀ ਸ਼ਹਾਦਤ ਤੋਂ ਬਾਅਦ ਇਕ ਕਿਤਾਬਚਾ ਲੋਕਗੀਤ ਪ੍ਰਕਾਸ਼ਨ ਵਾਲੇ ਹਰੀਸ਼ ਜੈਨ ਨੇ ਛਾਪਿਆ ਸੀ ਜਿਸਦਾ ਨਾਮ ਸੀ 'ਸੂਰਜ ਕਦੇ ਮਰਦਾ ਨਹੀਂ' । ਇਸ ਵਿੱਚ ਰਵੀ ਜੀ ਦੇ ਸਮਕਾਲੀ ਚਿੰਤਕਾਂ , ਮਿੱਤਰਾਂ ਆਦਿ ਦੇ ਵਿਚਾਰ ਅੰਕਿਤ ਸਨ। ਉੱਘੇ ਅਲੋਚਕ ਡਾ.ਹਰਭਜਨ ਸਿੰਘ ਭਾਟੀਆ ਨੇ ਵੀ ਇਕ ਪੁਸਤਕ 'ਡਾ.ਰਵਿੰਦਰ ਰਵੀ ਦਾ ਚਿੰਤਨ ਸ਼ਾਸਤਰ' ਸਿਰਲੇਖ ਹੇਠ 21 ਖੋਜ ਪੱਤਰਾਂ ਨੂੰ ਸੁਚੱਜੀ ਤਰਤੀਬ ਦੇ ਕੇ ਛਾਪਿਆ ਹੈ। ਉਹਨਾਂ ਦੇ ਜੀਵਨ ਸਰਗਰਮੀਆਂ ਅਤੇ ਅਲੋਨਚਨਾ ਸਬੰਧੀ ਡਾ. ਤੇਜਵੰਤ ਗਿੱਲ, ਸੁਤਿੰਦਰ ਸਿੰਘ ਨੂਰ, ਡਾ. ਸੁਰਜੀਤ ਭੱਟੀ ,ਡਾ.ਹਰਭਜਨ ਸਿੰਘ ਭਾਟੀਆ,ਡਾ ਕਰਨਜੀਤ ਸਿੰਘ ,ਡਾ. ਜਗਬੀਰ ਸਿੱਘ, ਡਾ. ਸੁਰਿੰਦਰ ਦਵੇਸ਼ਵਰ ਆਦਿ ਨੇ ਵਿਸਤਰਿਤ ਪੇਪਰ ਲਿਖੇ ਹਨ ।
ਡਾ.ਰਵੀ ਦੀ ਯਾਦ ਵਿੱਚ ਬਣਿਆ ਹੋਇਆ ਟਰੱਸਟ ਲਗਾਤਾਰ ਕਾਰਜਸ਼ੀਲ ਹੈ। ਹਰ ਸਾਲ ਟਰੱਸਟ ਵਲੋਂ ਉਹਨਾਂ ਦੀ ਯਾਦ ਵਿੱਚ ਸਨਮਾਨ ਅਤੇ ਸਮਾਗਮ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਉਹਨਾਂ ਦੇ ਜੱਦੀ ਪਿੰਡ ਕਿਲਾ ਹਾਂਸ ਜਿਲ੍ਹਾ ਲੁਧਿਆਣਾ ਵਿਖੇ ਹਰ ਸਾਲ ਯਾਦਗਾਰੀ ਸਮਾਗਮ ਕਰਾਇਆ ਜਾਂਦਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਵਲੋਂ ਅਤੇ ਪੰਜਾਬੀ ਸਾਹਿਬ ਅਕਾਡਮੀ ਲੁਧਿਆਣਾ ਵਲੋਂ ਵੀ ਬਾਕਾਇਦਾ ਸਨਮਾਨ ਸਮਾਗਮ ਕੀਤੇ ਜਾਂਦੇ ਹਨ।
ਐਤਕੀਂ ਕਰੋਨਾ ਵਾਇਰਸ ਦੇ ਦੌਰ ਵਿੱਚ ਜਿਹੜੀਆਂ ਸਮਾਜਿਕ ਆਰਥਿਕ ਅਤੇ ਸੱਭਿਆਚਾਰਕ ਵੰਗਾਰਾਂ ਲਈ ਉਹ ਤਾਅ ਉਮਰ ਸੰਘਰਸ਼ ਕਰਦੇ ਰਹੇ , ਸ਼ਹਾਦਤ ਦਿੱਤੀ ਉਹ ਹੋਰ ਵੀ ਵਿਰਾਟ ਰੂਪ ਧਾਰ ਕੇ ਸਾਡੇ ਸਨਮੁਖ ਹਨ। ਉਹਨਾ ਦੀ ਸੰਘਰਸ਼ ਭਰਪੂਰ ਜ਼ਿੰਦਗੀ ਅਤੇ ਚਿੰਤਨ ਸਾਨੂੰ ਹਮੇਸ਼ਾ ਇਹਨਾ ਚੁਣੌਤੀਆਂ ਖਿਲਾਫ਼ ਸੰਘਰਸ਼ ਲਈ ਪ੍ਰੇਰਨਾ ਦਿੰਦਾ ਰਹੇਗਾ..। ਹੁਣ ਜਦੋੰ ਹਰ ਸਾਲ ਉਹਨਾ ਦਾ ਸ਼ਹੀਦੀ ਦਿਨ ਆਉਂਦਾ ਹੈ ਤਾਂ ਉਹਨਾ ਦੀ ਸਹਾਦਤ ਦੇ ਨਾਲ ਵਿਚਾਰ ਵੀ ਯਾਦ ਆਉਂਦੇ ਹਨ । ਪਿਛਲੇ ਸਮੇੰ ਵਿੱਚ ਚੱਲੇ ਕਿਸਾਨ ਅੰਦੋਲਨ ਨੇ ਉਹਨਾ ਦੀ ਵਿਚਾਰਧਾਰਕ ਦਰੁਸਤੀ ਤੇ ਇਕ ਬਾਰ ਫਿਰ ਮੋਹਰ ਲਾਈ ਹੈ।
ਦੇਸ਼ ਵਿਚ ਫੈਲੀਆਂ ਬੇਰੋਜ਼ਗਾਰੀ,ਮਹਿੰਗਾਈ,ਭਰਿਸ਼ਟਾਚਾਰ ਵਰਗੀਆਂ ਸਮੱਸਿਆਵਾਂ ਵਿੱਚ ਸਰਕਾਰਾਂ ਬਦਲ ਜਾਣ ਦੇ ਬਾਵਜੂਦ ਲਗਾਤਾਰ ਵਾਧਾ ਇਹ ਵਿਸ਼ਵਾਸ ਪੱਕਾ ਕਰਾਉਂਦਾ ਹੈ ਇਹਨਾਂ ਸਮੱਸਿਆਵਾਂ ਦਾ ਹੱਲ ਸਮਾਜਵਾਦੀ ਪ੍ਰਬੰਧ ਵਿਚ ਹੀ ਸੰਭਵ ਹੈ। ਕਾਰਪੋਰੇਟ ਜਗਤ ਵਲੋੰ ਫੈਲਾਇਆ ਮੁਨਾਫੇ ਦਾ ਪ੍ਰਬੰਧ ਵਧੇਰੇ ਗੈਰ ਮਨੁੱਖੀ ਵਰਤਾਰੇ ਪੈਦਾ ਕਰ ਰਿਹਾ ਹੈ...ਸਮੁੱਚਾ ਸੰਸਾਰ ਆਤਮਘਾਤੀ ਹੋ ਵਿਨਾਸ ਵਲ ਜਾ ਰਿਹਾ ਹੈ। ਡਾ ਰਵਿੰਦਰ ਰਵੀ ਹੋਰਾਂ ਆਪਣੀਆ ਲਿਖਤਾਂ, ਭਾਸ਼ਣਾਂ ਜੀਵਨ ਵਿਧੀ ਵਿਚ ਪ੍ਰਗਟਾਏ ਵਿਚਾਰ ਇਕ ਸੱਚੇ ਮਾਰਕਸਵਾਦੀ ਦੀ ਤਰਾਂ ਅੱਜ ਵੀ ਸਿਧਾਤਕ ਪੱਖੋਂ ਅਜੋਕੇ ਸਮੇਂ ਦੇ ਹਾਣ ਦੀ ਪਹੁੰਚ ਅਪਣਾਉਂਦੇ ਹਨ।ਡਾ ਰਵੀ ਜੀ ਦਾ ਚਿੰਤਨ ਸਰਮਾਏ ਦੀ ਦੁਨੀਆਂ ਵਲੋਂ ਪੈਦਾ ਕੀਤੇ ਨਵੇਂ ਮੁਸ਼ਕਲ ਪ੍ਰਸ਼ਨਾ ਦਾ ਜਬਾਬ ਵੀ ਦਿੰਦਾ ਹੈ। ਅੱਜ ਉਹਨਾਂ ਦੇ ਸ਼ਹੀਦੀ ਦਿਨ ਤੇ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੀਆਂ ਲਿਖਤਾਂ ਨੂੰ ਬਾਰ ਬਾਰ ਪੜ੍ਹਨਾ ਬਣਦਾ ਹੈ।
ਡਾ. ਗੁਲਜ਼ਾਰ ਸਿੰਘ ਪੰਧੇਰ
ਮੋਬਾਈਲ ਨੰਬਰ ਸੰਪਰਕ> 7009966188
No comments:
Post a Comment