Tuesday, May 31, 2022

ਪਾਵੇਲ ਕੁੱਸਾ ਦੀ ਕਵਿਤਾ ਮਾਲਵਿੰਦਰ ਸਿੰਘ ਮਾਲੀ ਦੀ ਟਿੱਪਣੀ ਸਹਿਤ

Tuesday 31st May 2022 at 07:21 AM

ਆਹ ਕਵਿਤਾ “ਸੁਰਖ ਲੀਹ”ਵਾਲਿਆਂ ਦੀ ਬਿਮਾਰ ਮਾਨਸਕਤਾ ਦਾ ਨਮੂਨਾ


“ਸੁਰਖ ਲੀਹ” ਵਾਲੇ ਪਰਮਾਨੈਂਟ(ਪ੍ਰੋਫੈਸ਼ਨਲ ਨਹੀ) ਇਨਕਲਾਬੀਆਂ ਦੀ ਆਹ ਸੋਚਣੀ ਕਮਿਊਨਿਸਟ/ਮਾਰਕਸਵਾਦੀ ਸੋਚ/ਪਹੁੰਚ ਦੇ ਮੱਥੇ  ‘ਤੇ ਕਲੰਕ ਹੈ। ਕੱਲ ਹੀ ਇਸਨੇ ਇਕ ਕਵਿਤਾ ਲਿਖੀ ਸੀ (ਮੈਂ ਉਹ ਸਾਂਝੀ ਵੀ ਕੀਤੀ ਸੀ) ਉਹ ਬਾਹਰਮੁਖੀ ਹਕੀਕਤ ਦੇ ਕੁੱਝ ਹੱਦ ਤੱਕ ਨੇੜੇ ਸੀ ਪਰ ਇਹਨਾਂ ਅਖੌਤੀ ਹਥਿਆਰਬੰਦ ਇਨਕਲਾਬ ਕਰਨ ਦੇ ਦਾਅਵੇ ਕਰਨ ਵਾਲਿਆਂ ਦੀ ਸੋਚ ਦਾ ਖੰਡਨ ਵੀ ਸੀ। ਹੁਣ ਪਾਵੇਲ ਕਿੱਸਾ ਦੀ ਸਿੱਧੀ ਮੂਸੇਵਾਲਾ ਦੇ ਕਤਲ ਸੰਬੰਧੀ ਆਹ ਕਵਿਤਾ ਇਹਨਾਂ “ਸੁਰਖ ਲੀਹ”ਵਾਲਿਆਂ ਦੀ ਬਿਮਾਰ ਮਾਨਸਕਤਾ, ਸਿਰੇ ਦੀ ਅੰਤਰਮੁਖੀ ਤੇ ਲੱਕੜਸਿਰੀ ਸੋਚ ਤੇ ਪਹੁੰਚ ਦਾ ਆਹਲਾ ਨਮੂਨਾ ਹੈ। ਮੇਰੇ ਲਈ ਇਹ ਹੈਰਾਨੀਜਨਕ ਨਹੀ ਕਿਊਂਕਿ ਇਹ ਉਹੀ ਹਨ ਜਿਹੜੇ ਪਿਛਲੇ ਦਹਾਕਿਆਂ ਦੌਰਾਨ ਝੂਠੇ ਪੁਲਸ ਮੁਕਾਬਲਿਆਂ ਵਿੱਚ ਮਾਰੇ ਹਜ਼ਾਰਾਂ ਸਿੱਖ ਨੌਜਵਾਨਾਂ ਬਾਰੇ ਵੀ ਇਹੀ ਕੁੱਝ ਕਹਿੰਦੇ ਰਹੇ ਨੇ ਕਿ ਉਹ ਆਪਣੀ ਬਾਲੀ ਹੋਈ ਅੱਗ ਵਿੱਚ ਆਪ ਹੀ ਸੜ ਮਰੇ ਨੇ -ਮਾਲਵਿੰਦਰ ਸਿੰਘ ਮਾਲੀ Malvinder Singh Mali}

*ਕਵਿਤਾ ਦਾ ਲੇਖਕ ਪਾਵੇਲ ਕੁੱਸਾ 


ਸੁਣਿਆ ਜੋ ਕੱਲ੍ਹ ਕਤਲ ਹੋਇਆ ਹੈ 

ਕੋਈ ਆਪਣੀ ਹੀ 

ਸਿਰਜਣਾ ਦੇ ਖੂਹ 'ਚ ਡੁੱਬ ਕੇ ਮੋਇਆ ਹੈ

ਉਹ

ਜ਼ਿੰਦਗੀ ਦੇ ਸਾਹਾਂ ਦੀ 

ਡੋਰ ਤੋੜ ਦੇਣ ਦੀਆਂ 

 ਦਾਅਵੇਦਾਰੀਆਂ 'ਤੇ ਖੜ੍ਹਦਾ ਰਿਹਾ 

ਸ਼ੌਕ ਨਾਲ ਵੀ ਕਤਲ ਕਰ ਦੇਣ ਦੇ 

ਕਸੀਦੇ ਪੜ੍ਹਦਾ ਰਿਹਾ

ਅਣਭੋਲ ਮਨਾਂ 'ਚ 

ਹਉਮੈ ਦੀਆਂ ਪੁੜੀਆਂ ਧਰਦਾ ਰਿਹਾ

ਅੱਥਰੀ ਜਵਾਨੀ ਦੇ ਸੁੱਚੇ ਜਜ਼ਬਿਆਂ ਨੂੰ  

 ਨਿੱਜ ਦੀ ਭੱਠੀ ਹਵਾਲੇ ਕਰਦਾ ਰਿਹਾ  

ਨਿੱਤ ਦਿਨ ਫੋਕੀ ਸ਼ੋਹਰਤ ਦੇ

 ਸਾਗਰਾਂ 'ਚ ਤਰਦਾ ਰਿਹਾ

ਤੇ ਆਪਣੀ ਸਿਰਜਣਾ ਦੇ ਭਰਮਾਂ 'ਚ 

ਜ਼ਿੰਦਗੀ ਦੀਆਂ ਸੁੱਚੀਆਂ ਕਦਰਾਂ ਦੇ

 ਮਰਸੀਏ ਪੜ੍ਹਦਾ ਰਿਹਾ  

ਉਸ ਪਿੰਡ ਦੇ 

ਅੱਲ੍ਹੜ ਮੁੰਡਿਆਂ ਦੇ 

ਹਾਣੀ ਦਾ ਕਤਲ ਤਾਂ  

ਕਈ ਵਰ੍ਹੇ ਪਹਿਲਾਂ ਹੀ ਹੋ ਗਿਆ ਸੀ  

ਉਹ ਤਾਂ ਪਿੰਡ ਦੀਆਂ ਗਲੀਆਂ 'ਚ 

ਉਦੋਂ ਹੀ ਕਿਤੇ ਖੋਹ ਗਿਆ ਸੀ  

ਜਦੋਂ 

ਕਲਾ 'ਚੋਂ ਸ਼ੁਹਰਤ

 ਤਲਾਸ਼ਣ ਦੇ ਰਾਹ ਹੋ ਗਿਆ ਸੀ  

ਉਹਨੂੰ ਤਾਂ ਸਥਾਪਤੀ ਨੇ 

ਆਪਣੇ ਪਰਾਂ 'ਚ ਸਮੋ ਲਿਆ ਸੀ

ਸਿੱਕਿਆਂ ਦੀ ਚਾਦਰ ਨੇ 

ਕਲਾ ਦਾ ਸੁੱਚਾ 

ਵਜੂਦ ਹੀ ਲੁਕੋ ਲਿਆ ਸੀ   

ਇਹ ਜੋ ਗੀਤ ਬਣਾ ਕੇ 

ਯੂ ਟਿਊਬਾਂ 'ਤੇ ਛਾਇਆ ਸੀ

 ਉਹ ਤਾਂ 

ਰਾਜੇ ਦੇ ਦਰਬਾਰ ਹੋ ਕੇ ਆਇਆ ਸੀ  

ਉਹ ਦਰਬਾਰੋਂ ਥਾਪੜਾ ਲੈ ਕੇ 

 ਬੇਗਾਨਗੀ ਹੰਢਾਉਂਦੇ ਮੁੰਡਿਆਂ ਦੇ

 ਬੇਚੈਨ ਮਨਾਂ ਨੂੰ 

ਸਿਖਰਾਂ ਛੂਹਣ ਦੀ  

ਤਸੱਲੀ ਦੇ ਭਰਮਾਂ 'ਚ 

ਡਬੋਣ ਆਇਆ ਸੀ   

ਮਸ਼ਹੂਰ ਹੋਣ ਦੀਆਂ 

ਲਾਲਸਾਵਾਂ ਜਗਾ ਕੇ

ਇੰਸਟਾਗ੍ਰਾਮ ਦੀਆਂ 

ਰੀਲਾਂ 'ਚ ਪਰੋਣ ਆਇਆ ਸੀ 

 ਸਿਰਜਣਾ ਦੀਆਂ ਸੰਭਾਵਨਾਵਾਂ ਨੂੰ 

ਸਟੇਟਸਾਂ ਤੇ ਸਟੋਰੀਆਂ ਦੇ 

ਖੂਹ 'ਚ ਡੁਬੋਣ ਆਇਆ ਸੀ  

ਅੱਲ੍ਹੜ ਮਨਾਂ ਤੋਂ ਸੁਪਨਿਆਂ ਦੇ 

ਕਾਤਲਾਂ ਦੀ ਪੈੜ ਲੱਭਣ ਦੀ ਜਾਂਚ  

ਖੋਹਣ ਆਇਆ ਸੀ  

ਸਵੈ-ਮਾਣ ਨੂੰ 

ਹੰਕਾਰ 'ਚ ਬਦਲ ਦੇਣ ਦੀ 

ਵਿੱਥ ਟੋਹਣ ਆਇਆ ਸੀ   

ਜਿਸ ਨੇ ਉਹਨੂੰ ਘੜਿਆ ਤੇ ਤਰਾਸ਼ਿਆ

ਉਸ ਸਥਾਪਤੀ ਨੂੰ ਲੋੜੀਂਦੀ ਹੈ

ਕਰਜ਼ਿਆਂ ਦੇ ਝੰਬੇ ਬਾਪੂਆਂ ਦੇ 

ਫ਼ਿਕਰਾਂ ਤੋਂ ਮੁਕਤ ਜਵਾਨੀ  

ਚਿੱਟਿਆਂ ਤੇ ਸ਼ੀਸ਼ੀਆਂ ਦੀ 

ਹੋਵੇ ਜਿਨ੍ਹਾਂ ਤੱਕ ਰਵਾਨੀ  

ਦੁਨੀਆਂ ਦੀ ਹਰ ਸ਼ੈਅ 

ਹੰਢਾਉਣ ਦੇ ਸੁਫ਼ਨੇ 'ਚ ਜਿਉਂਦੀ  

ਤੇ ਖ਼ਪਤ ਦੇ ਸਾਗਰਾਂ ਚ

 ਤਾਰੀਆਂ ਲਾਉਂਦੀ 

 ਬੱਸ ਹਨ੍ਹੇਰੇ ਭਵਿੱਖ ਦੇ

 ਜੰਗਲਾਂ 'ਚ ਭਾਉਂਦੀ   

ਕੈਂਸਰਾਂ ਤੇ ਕਰਜ਼ਿਆਂ ਝੰਬੇ ਪਿੰਡਾਂ 'ਚ  

ਅਜੇ ਵੀ ਨਾਹਟ ਗਿਆਰਾਂ ਹੋਣ ਦਾ

 ਮਾਣ ਹੰਢਾਉਂਦੀ  

ਬਸ ਆਪਣੇ ਨਾਇਕ ਉਸਤਾਦਾਂ ਦੇ 

ਵਿਊ ਵਧ ਜਾਣ ਦੇ ਜਸ਼ਨ ਮਨਾਉਂਦੀ 

ਇਉਂ ਆਪਣੇ ਗੀਤਾਂ ਨਾਲ

ਉਨ੍ਹਾਂ 'ਚ ਕੂਕਦੀਆਂ 

ਚੌਧਰ ਦੀ ਲਾਲਸਾ

 ਦੀਆਂ ਰੀਤਾਂ ਨਾਲ  

ਟਿੱਬਿਆਂ 'ਚ ਜਵਾਨ ਹੁੰਦੇ ਦਿਲਾਂ ਅੰਦਰ 

ਖ਼ੁਦਗਰਜ਼ ਕਦਰਾਂ ਦੀ ਪਿਉਂਦ ਕਰਦਿਆਂ  

 ਸੱਜਰੇ ਸੱਜਰੇ ਦਿਲਾਂ 'ਚ

 ਬੇਹੇ ਬੁਸੇ ਰੰਗ ਭਰਦਿਆਂ 

ਸਵੈ-ਭਰੋਸਿਉਂ ਸੱਖਣੇ ਮਨਾ  'ਚ 

ਬਿਨਾਂ ਵਜ੍ਹਾ ਹੀ ਉੱਤਮ ਹੋਣ ਦੇ

 ਹੰਕਾਰ ਦਾ ਸੰਚਾਰ ਕਰਦਿਆਂ  

ਉਹ ਜਵਾਨੀ ਦਾ ਨਾਇਕ ਹੋਇਆ ਸੀ   

ਪਰ ਜ਼ਿੰਦਗੀ ਦਾ ਖਲਨਾਇਕ ਹੋਇਆ ਸੀ    

ਹੁਣ ਕੱਲ੍ਹ 

ਉਹ ਆਪਣੀ ਹੀ

 ਉਸ ਸਿਰਜਣਾ ਹੱਥੋਂ ਕਤਲ ਹੋਇਆ ਹੈ  

ਜਿਸਨੇ ਹਥਿਆਰਾਂ ਤੋਂ ਹੀ ਹਰ ਵਰ ਮੰਗਿਆ ਹੈ 

ਜਿਨ੍ਹਾਂ ਨੇ ਉਹਦੇ ਹੀ ਗੀਤਾਂ ਦੀਆਂ ਧੁਨਾਂ 'ਤੇ 

ਸਭ ਫ਼ਿਕਰਾਂ ਨੂੰ ਕਿੱਲੀ ਟੰਗਿਆ ਹੈ

ਇਸੇ ਬੇਫ਼ਿਕਰੀ ਦੀਆਂ ਜ਼ਹਿਰਾਂ ਨੇ

 ਹੁਣ ਉਸੇ ਨੂੰ ਹੀ ਡੰਗਿਆ ਹੈ

ਸੁਣਿਆ ਜੋ ਕੱਲ੍ਹ ਕਤਲ ਹੋਇਆ ਹੈ  

ਕੋਈ ਆਪਣੀ ਹੀ 

ਸਿਰਜਣਾ ਦੇ ਖੂਹ 'ਚ ਡੁੱਬ ਕੇ ਮੋਇਆ ਹੈ  

             *ਪਾਵੇਲ ਕੁੱਸਾ  ਸੁਰਖ ਲੀਹ ਪਰਚੇ ਦਾ ਸੰਪਾਦਕ ਵੀ ਹੈ 

No comments:

Post a Comment