30th April 2022 at 07:37 PM
ਮੌਜੂਦਾ ਵਿਕਰਾਲ ਚੁਣੌਤੀਆਂ ਨਾਲ ਸਿਝਣ ਦੀ ਵਿਉਤਬੰਦੀ ਦਾ ਵੀ ਵੇਲਾ
ਅੱਜ ਪਹਿਲੀ ਮਈ 2022 ਦੇ ਦਿਨ ਅਸੀਂ 04 ਮਈ 1886 ਨੂੰ ਅਮਰੀਕਾ ਦੀ ਜਾਬਰ ਹਕੂਮਤ ਵਲੋਂ ਸ਼ਿਕਾਗੋ ਸ਼ਹਿਰ ਦੀ ਹੇਅ ਮਾਰਕੀਟ ਵਿੱਚ ਹੱਕ ਮੰਗਦੇ ਕਿਰਤੀਆਂ ਉਪਰ ਗੋਲੀਆਂ ਦਾ ਮੀਂਹ ਵਰ੍ਹਾ ਕੇ ਖੂਨ ਦੀ ਖੇਡੀ ਗਈ ਹੋਲੀ ਨਾਲ ਸ਼ਹੀਦ ਹੋਏ ਕਿਰਤੀਆਂ ਅਤੇ ਮਜਦੂਰਾਂ ਦੇ ਆਗੂਆਂ ਤੇ ਝੂਠੇ ਮੁਕੱਦਮੇ ਬਣਾਕੇ ਫਾਂਸੀ ਲਾਏ ਗਏ ਮਹਾਨ ਸ਼ਹੀਦਾ ਨੂੰ ਸਿਜਦਾ ਕਰਦੇ ਹੋਏ ਉਹਨਾਂ ਦੀ ਯਾਦ ਨੂੰ ਤਾਜਾ ਵੀ ਕਰ ਰਹੇ ਹਾਂ ਅਤੇ ਸਾਡੇ ਇਨ੍ਹਾਂ ਸ਼ਹੀਦਾਂ ਵੱਲੋਂ ਸਿਰਜੇ ਇਤਿਹਾਸ ਤੋਂ ਪ੍ਰੇਰਨਾ ਲੈਂਦੇ ਹੋਏ ਮਜਦੂਰ ਜਮਾਤ ਨੂੰ ਦਰਪੇਸ਼ ਵਿਕਰਾਲ ਰੂਪ ਧਾਰਨ ਕਰਦੀਆਂ ਜਾ ਰਹੀਆਂ ਵਰਤਮਾਨ ਚੁਣੌਤੀਆਂ ਨਾਲ ਸਿੱਝਣ ਦਾ ਅਹਿਦ ਕਰਦੇ ਹੋਏ ਕਿਰਤੀਆਂ ਦੀ ਮਜਬੂਤ ਲਹਿਰ ਖੜੀ ਕਰਨ ਦੇ ਕਾਰਜ ਨੂੰ ਤੇਜ਼ ਰਫਤਾਰ ਨਾਲ ਕਰਨ ਦਾ ਪ੍ਰਣ ਵੀ ਕਰਾਂਗੇ।
ਕਾਮਰੇਡ ਨਿਰਮਲ ਸਿੰਘ ਧਾਲੀਵਾਲ |
ਮਜ਼ਦੂਰ ਦਿਵਸ ਨਾਲ ਜੁੜੀਆਂ ਸੰਖੇਪ ਘਟਨਾਵਾਂ ਦਾ ਵਰਨਣ
20 ਅਗਸਤ 1886 ਨੂੰ ਮਜਦੂਰਾਂ ਦੇ ਅੱਠ ਲੀਡਰਾਂ ਵਿਰੁੱਧ ਝੂਠੀਆਂ ਗਵਾਹੀਆਂ ਨਾਲ ਪ੍ਰਵਾਨ ਚੜਾਏ ਮੁਕਦਮੇ ਦਾ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਸੱਤ ਆਗੂਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਅਤੇ ਇੱਕ ਆਗੂ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਹ ਕ੍ਰਾਂਤੀਕਾਰੀ ਆਗੂ ਸਨ। ਅਲਬਰਟ ਪਾਰਸਨਜ਼, ਅਗਸਤ ਸਪਾਈਜ਼, ਸੈਮੂਅਲ ਫੀਲਡਨ, ਮਿਖਾਈਲ ਸਕਵਾਬ, ਜਾਰਜ਼ ਏਂਗਲ, ਅਡਾਲਫ ਫਿਸ਼ਰ ਅਤੇ ਲੂਈ ਲਿੰਗ। ਆਸਕਰ ਨੀਬੇ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਦੁਨੀਆ ਭਰ ਵਿਚੋਂ ਇਨਸਾਫ ਪਸੰਦ ਲੋਕਾਂ ਵਲੋਂ ਅਮਰੀਕੀ ਹਾਕਮਾਂ ਕੋਲ ਰੋਸ ਜਤਾਇਆ ਗਿਆ। ਸੁਪਰੀਮ ਕੋਰਟ ਅਤੇ ਫੈਡਰਲ ਕੋਰਟ ਵਿੱਚ ਅਪੀਲਾਂ ਵੀ ਦਾਇਰ ਕੀਤੀਆਂ ਗਈਆਂ। ਪਰ ਪਤਾ ਹੀ ਸੀ ਕਿ ਅਪੀਲਾਂ ਰੱਦ ਹੋਣਗੀਆਂ। ਜਿਨ੍ਹਾਂ ਆਗੂਆਂ ਨੂੰ ਫਾਂਸੀ ਦੇ ਦਿੱਤੀ ਗਈ ਉਹ ਸਨ ਪਾਰਸਨਜ਼, ਸਪਾਈਜ਼, ਅਡਾਲਡ ਫਿਸ਼ਰ ਅਤੇ ਜਾਰਜ ਏਂਗਲ, ਸੈਮੂਅਲ ਫੀਲਡਨ ਅਤੇ ਮਿਖਾਈਲ ਸਕਵਾਬ ਦੀ ਫਾਂਸੀ ਦੀ ਸਜ਼ਾ ਗਵਰਨਰ ਵੱਲੋਂ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ। ਲੂਈ ਲਿੰਗ 10 ਨਵੰਬਰ 1887 ਦੀ ਰਾਤ ਨੂੰ ਜੇਲ੍ਹ ਵਿੱਚ ਭੇਦਭਰੀ ਹਾਲਤ ਵਿੱਚ ਮ੍ਰਿਤਕ ਪਾਇਆ ਗਿਆ। ਮੁਕਦਮੇ ਦੌਰਾਨ ਬਿਆਨ ਦਰਜ ਕਰਵਾਉਂਦਿਆਂ ਅਗਸਤ ਸਪਾਈਜ ਨੇ ਕਿਹਾ ਕਿ ਪੂੰਜੀਪਤੀ ਭੁਲੇਖੇ ਵਿੱਚ ਹਨ ਕਿ ਮਜਦੂਰ ਆਗੂਆਂ ਨੂੰ ਫਾਂਸੀ ਦੇਣ ਨਾਲ ਮਜ਼ਦੂਰਾਂ ਦੀਆਂ ਜਦੋ ਜਹਿਦਾਂ ਦਾ ਅੰਤ ਹੋ ਜਾਵੇਗਾ। ਸਗੋਂ ਹੁਣ ਤਾਂ ਇਹ ਜਦੋ ਜਹਿਦ ਇੱਕ ਮਜਬੂਤ ਜਨਤਕ ਅੰਦੋਲਨ ਬਣ ਚੁੱਕੀ ਹੈ ਅਤੇ ਇਸਨੂੰ ਕਿਸੇ ਵੀ ਸੂਰਤ ਵਿੱਚ ਦਬਾਇਆ ਨਹੀਂ ਜਾ ਸਕੇਗਾ। ਫਾਂਸੀ ਦਾ ਨਕਾਬ ਪਾਉਣ ਸਮੇਂ ਅਲਬਰਟ ਪਾਰਸਨਜ਼ ਨੇ ਗਰਜਵੀਂ ਅਵਾਜ਼ ਵਿੱਚ ਸੁਚੇਤ ਕਰਦਿਆਂ ਕਿਹਾ ਕਿ ਐ ਅਮਰੀਕਾ ਦੇ ਮਿਹਨਤਕਸ਼ ਲੋਕੋਂ ਮਜਦੂਰਾਂ ਦਾ ਅੰਦੋਲਨ ਦਬਣਾ ਨਹੀਂ ਚਾਹੀਦਾ।
26 ਜੁਲਾਈ 1893 ਨੂੰ ਸੱਤ ਸਾਲਾਂ ਬਾਅਦ ਗਵਰਨਰ ਜ਼ੋਹਨ ਪੀ. ਐਲਟੇਗੋਲਡ ਨੇ ਫੀਲਡਨ ਅਤੇ ਸਕਵਾਬ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ ਅਤੇ ਇਸ ਹੁਕਮ ਵਿੱਚ ਇਹ ਵੀ ਲਿਖਿਆ ਸੀ ਕਿ ਮੁਕਦਮਾ ਝੂਠੇ ਗਵਾਹਾਂ ਦੀਆਂ ਗਵਾਹੀਆਂ ਦੇ ਅਧਾਰ ਤੇ ਚਲਾਇਆ ਗਿਆ ਸੀ ਅਤੇ ਗਵਰਨਰ ਨੇ ਇਸ ਨੂੰ ਇਨਸਾਫ ਦੇ ਅਮਲ ਦੀ ਭਾਰੀ ਉਲੰਘਣਾ ਕਿਹਾ ਸੀ। ਇਕ ਪ੍ਰਸਿੱਧ ਅਮਰੀਕੀ ਲੇਖਕ ਵਿਲੀਅਮ ਡੀਲ ਜਾਵੇਲਸ ਨੇ ਨਿਊਯਾਰਕ ਟ੍ਰਿਬਿਊਨ ਵਿੱਚ ਲਿਖਿਆ ਸੀ ਕਿ ਇੱਕ ਅਜ਼ਾਦ ਅਤੇ ਖੁਦਮਖਤਿਆਰ ਦੇਸ਼ ਦੇ ਪੰਜ ਬੇਗੁਨਾਹ ਲੋਕਾਂ ਨੂੰ ਉਹਨਾਂ ਦੇ ਵਿਚਾਰਾਂ ਕਾਰਨ ਫਾਂਸੀ ਦੇ ਕੇ ਮਾਰ ਦਿੱਤਾ ਗਿਆ ਹੈ।
ਇਹ ਸਾਰਾ ਕੁੱਝ ਪੂੰਜੀਪਤੀਆਂ ਦਾ ਹੀ ਕੀਤਾ ਕਰਾਇਆ ਇੱਕ ਕੋਝਾ ਜਤਨ ਸੀ। ਉਨ੍ਹਾਂ ਨੂੰ ਭਰਮ ਸੀ ਕਿ ਤਾਕਤ ਅਤੇ ਜਬਰ ਨਾਲ ਮਜ਼ਦੂਰਾਂ ਨੂੰ ਅਤੇ ਉਹਨਾਂ ਦੀਆਂ ਜਦੋ ਜਹਿਦਾਂ ਨੂੰ ਕੁਚਲ ਦਿੱਤਾ ਜਾਵੇਗਾ। ਮਜ਼ਦੂਰਾਂ ਦਾ ਅੰਦੋਲਨ ਕੋਈ ਅਚਾਨਕ ਭੜਕਿਆ ਦਿਸ਼ਾਹੀਣ ਅੰਦੋਲਨ ਨਹੀਂ ਸੀ। ਸਗੋਂ ਇਹ ਅੰਦੋਲਨ ਪੂੰਜੀਪਤੀਆਂ ਵਲੋਂ ਮਜ਼ਦੂਰ ਜਮਾਤ ਦਾ ਜਾਲਮਾਨਾ ਤਰੀਕੇ ਨਾਲ ਕੀਤੇ ਜਾ ਰਹੇ ਸ਼ੋਸ਼ਣ ਦੇ ਖਾਤਮੇ ਦਾ ਸੰਕਲਪ ਸੀ।
ਅਮਰੀਕਾ ਦਾ ਸ਼ਿਕਾਗੋ ਸ਼ਹਿਰ ਉਸ ਵੇਲੇ ਇੱਕ ਮੁੱਖ ਸਨਅਤੀ ਕੇਂਦਰ ਸੀ। ਮਜ਼ਦੂਰਾਂ ਵਿਰੁੱਧ ਦਮਨਕਾਰੀ ਨੀਤੀਆਂ ਦਾ ਬੋਲਬਾਲਾ ਸੀ। ਕੰਮ ਦੇ ਘੰਟੇ ਕੋਈ ਨਿਸ਼ਚਿਤ ਨਹੀਂ ਸਨ। ਕੰਮ ਘੰਟੇ 14, 16, 18 ਤੱਕ ਰੋਜਾਨਾ ਮਜਦੂਰਾਂ ਤੋਂ ਕੰਮ ਲੈਣਾ ਇੱਕ ਦਸਤੂਰ ਬਣਿਆ ਹੋਇਆ ਸੀ। ਇਸੇ ਦਮਨਕਾਰੀ ਸ਼ੋਸ਼ਣ ਦੇ ਵਿਰੁੱਧ ਹੀ ਮਜ਼ਦੂਰਾਂ ਨੇ 8 ਘੰਟੇ ਕੰਮ ਦਿਹਾੜੀ ਦਾ ਨਾਅਰਾ ਬੁਲੰਦ ਕੀਤਾ। ਇਹ ਮੰਗ ਉਸ ਵੇਲੇ ਦੀ ਇੱਕ ਜਬਰਦਸਤ ਤਹਿਰੀਕ ਬਣ ਚੁੱਕੀ ਸੀ। ਇਸੇ ਤਹਿਰੀਕ ਦਾ ਹੀ ਸਿੱਟਾ ਸੀ ਕਿ ‘ਅਮਰੀਕਨ ਫੈਡਰੇਸ਼ਨ ਆਫ ਲੇਬਰ’ ਨਾਂ ਦੀ ਜਥੇਬੰਦੀ ਹੋਂਦ ਵਿੱਚ ਆਈ। ਇਸ ਜਥੇਬੰਦੀ ਦੀ ਸਲਾਨਾ ਕਾਨਫਰੰਸ 1884 ਵਿੱਚ ਹੋਈ। ਇਸ ਕਾਨਫਰੰਸ ਨੇ ਫੈਸਲਾ ਲਿਆ ਕਿ ਪਹਿਲੀ ਮਈ 1886 ਤੋਂ ਕੰਮ ਦੇ 8 ਘੰਟੇ ਦਾ ਕਾਨੂੰਨ ਬਣਵਾ ਕੇ ਅਮਲ ਵਿੱਚ ਲਿਆਂਦਾ ਜਾਵੇ। ਮਜ਼ਦੂਰਾਂ ਵਿੱਚ ਅਤੀਤ ਵਿੱਚ ਹੋਏ ਸੰਘਰਸ਼ਾਂ ਤੋਂ ਉਤਸ਼ਾਹ ਦੀ ਭਾਵਨਾ ਵੀ ਸੀ ਅਤੇ ਪੂੰਜੀਪਤੀਆਂ ਵੱਲੋਂ ਕੀਤੇ ਜੁਲਮਾਂ ਪ੍ਰਤੀ ਨਫਰਤ ਅਤੇ ਗੁੱਸਾ ਵੀ ਸੀ, ਕਿਉਂਕਿ 1875 ਵਿੱਚ ਪੈਨਸ਼ਲਵਾਨੀਆਂ *ਚ ਕੋਇਲੇ ਦੀਆਂ ਖਾਣਾਂ ਦਾ ਮਜ਼ਦੂਰਾਂ ਦੀ ਲੰਬੀ ਹੜਤਾਲ ਨੂੰ ਪੁਲਿਸ ਜਬਰ ਅਤੇ ਮਾਲਕਾਂ ਵੱਲੋਂ ਕੀਤੀ ਗੁੰਡਾਗਰਦੀ ਰਾਹੀਂ ਕੁਚਲ ਦਿੱਤਾ ਗਿਆ ਸੀ। ਝੂਠੇ ਮੁਕਦਮੇ ਚਲਾਕੇ 19 ਮਜਦੂਰ ਲੀਡਰ ਫਾਂਸੀ ਲਾ ਦਿੱਤੇ ਗਏ। ਇਸ ਘਟਨਾ ਵਿੱਚ 50 ਮਜ਼ਦੂਰਾਂ ਦੀਆਂ ਜਾਨਾ ਕੁਰਬਾਨ ਹੋ ਗਈਆਂ ਸਨ। ਇਸ ਇੱਕ ਦਹਾਕੇ ਦੀਆਂ ਹੜਤਾਲਾਂ, ਝੜਪਾਂ ਅਤੇ ਘੋਲਾਂ ਵਿਚੋਂ ਪੈਦਾ ਹੋਈ ਚੇਤਨਾ ਨਾਲ ਮਜ਼ਦੂਰਾਂ ਦੇ ਹੌਂਸਲੇ ਬੁਲੰੰਦ ਸਨ। ਸਰਕਾਰ ਅਤੇ ਕਾਰਖਾਨਿਆਂ ਦੇ ਮਾਲਕ ਇਨ੍ਹਾਂ ਘਟਨਾਵਾਂ ਦੇ ਅਸਰ ਤੋਂ ਬਾਖੂਬੀ ਵਾਕਫ ਸਨ ਅਤੇ ਉਹ ਚਿੰਤਾ ਗ੍ਰਸਤ ਵੀ ਸਨ।
1 ਅਤੇ 2 ਮਈ 1886 ਨੂੰ ਕੰਮ ਦਿਹਾੜੀ 8 ਘੰਟੇ ਦੀ ਮੰਗ ਨੂੰ ਲੈ ਕੇ ਅਮਰੀਕਾ ਦੇ ਲਗਪਗ ਸਾਰੇ ਸ਼ਹਿਰਾਂ, ਕਸਬਿਆਂ ਵਿੱਚ ਮਜ਼ਦੂਰਾਂ ਨੇ ਹੜਤਾਲ ਕੀਤੀ। ਇਹ ਕੌਮੀ ਪੱਧਰ ਦੀ ਪਹਿਲੀ ਹੜਤਾਲ ਸੀ। ਇਸ ਵਿੱਚ 5 ਲੱਖ ਤੋਂ ਵੱਧ ਮਜਦੂਰਾਂ ਨੇ ਹਿੱਸਾ ਲਿਆ। ਸ਼ਿਕਾਗੋ ਸ਼ਹਿਰ ਦੇ 65 ਫੀਸਦੀ ਤੋਂ ਵੱਧ ਕਾਰਖਾਨੇ ਬੰਦ ਰਹੇ। ਸਾਰਾ ਰੇਲਵੇ ਸਿਸਟਮ ਠੱਪ ਹੋ ਗਿਆ। ਸਾਰਾ ਦਿਨ ਜਲਸੇ, ਜਲੂਸ, ਪੁਰਅਮਨ ਤਰੀਕੇ ਨਾਲ ਹੁੰਦੇ ਰਹੇ। ਤੀਸਰੇ ਦਿਨ 3 ਮਈ 1886 ਨੂੰ ਮਾਲਕਾਂ ਵੱਲੋਂ ਜਵਾਬੀ ਹਮਲਾ ਸ਼ੁਰੂ ਹੋਇਆ। ਮਜ਼ਦੂਰਾਂ ਨੂੰ ਨੌਕਰੀਆਂ ਤੋਂ ਕੱਢਣ ਦੀਆਂ ਧਮਕੀਆਂ ਅਤੇ ਹੋਰ ਕਾਰਵਾਈ ਕਰਨ ਦਾ ਡਰ ਖੜਾ ਕੀਤਾ ਗਿਆ। ਮੈਕਾਰਮਿਕ ਇੱਕ ਬਦਨਾਮ ਕਿਸਮ ਦਾ ਕਾਰਖਾਨੇਦਾਰ ਸੀ। ਉਸ ਦੇ ਕਾਰਖਾਨੇ ਵਿੱਚ ਤਾਲਾਬੰਦੀ ਚਲ ਰਹੀ ਸੀ। ਇਸ ਦਿਨ ਉਸਨੇ 300 ਦੇ ਕਰੀਬ ਭਾੜੇ ਦੇ ਗੈਰ ਹੜ੍ਹਤਾਲੀ ਮਜਦੂਰਾਂ ਦੀ ਮਦਦ ਨਾਲ ਕਾਰਖਾਨਾ ਚਾਲੂ ਕਰਨ ਦੀ ਕੋਸ਼ਿਸ਼ ਕੀਤੀ। ਭਾਰੀ ਪੁਲਿਸ ਫੋਰਸ ਵੀ ਤਾਇਨਾਤ ਸੀ। ਕਾਰਖਾਨੇ ਦੇ ਸਾਥੀ ਮਜ਼ਦੂਰਾਂ ਨੇ ਹੜ੍ਹਤਾਲ ਨਾਲ ਜ਼ੋੜਕੇ ਇਸ ਦਿਨ ਕਾਰਖਾਨੇ ਦੇ ਗੇਟ ਉਪਰ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ, ਆਲੇ ਦੁਆਲੇ ਤੋਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਜਬਰਦਸਤ ਮੁਜ਼ਾਹਰਾ ਕੀਤਾ। ਪੁਲੀਸ ਨੇ ਸ਼ਾਂਤਮਈ ਤਰੀਕੇ ਨਾਲ ਪੋ੍ਰਟੈਸਟ ਕਰ ਰਹੇ ਮਜ਼ਦੂਰਾਂ ਤੇ ਗੋਲੀ ਚਲਾ ਦਿੱਤੀ ਜਿਸ ਨਾਲ 6 ਮਜ਼ਦੂਰ ਮੌਕੇ ਤੇ ਮਾਰੇ ਗਏ ਅਤੇ 50 ਤੋਂ ਵੱਧ ਜਖਮੀ ਹੋ ਗਏ।
3 ਮਈ ਦੇ ਇਸ ਵਹਿਸ਼ੀ ਕਾਰਨਾਮੇ ਦੇ ਵਿਰੋਧ ਵਿੱਚ 4 ਮਈ ਨੂੰ ਸ਼ਿਕਾਗੋ ਦੀ ਹੇਅ ਮਾਰਕੀਟ ਵਿੱਚ ਭਾਰੀ ਜਲਸਾ ਰਖਿਆ ਗਿਆ। ਪੁਰਅਮਨ ਚਲਦੇ ਜਲਸੇ ਵਿੱਚ ਮਾਲਕਾਂ ਦੇ ਕਿਸੇ ਏਜੰਟ ਵੱਲੋਂ ਬੰਬ ਸੁਟਿਆ ਗਿਆ। ਜਿਸ ਨਾਲ ਸੱਤ ਪੁਲੀਸ ਵਾਲੇ ਮਾਰੇ ਗਏ ਅਤੇ ਇੱਕ ਮਜ਼ਦੂਰ ਮਾਰਿਆ ਗਿਆ। ਪੁਲੀਸ ਵੱਲੋਂ ਕੀਤੀ ਅੰਨੇਵਾਹ ਗੋਲੀਬਾਰੀ ਨਾਲ ਚਾਰ ਸਿਵਲੀਅਨ ਮਾਰੇ ਗਏ ਅਤੇ 70 ਤੋਂ ਵੱਧ ਹੋਰ ਲੋਕ ਜਖਮੀ ਹੋ ਗਏ। ਹੇਅ ਮਾਰਕਿਟ ਦੇ ਇਸ ਸਾਕੇ ਨੂੰ ਅਧਿਕਾਰੀਆਂ ਵੱਲੋਂ ਹੇਅ ਮਾਰਕੀਟ ਦਾ ਦੰਗਾ ਗਰਦਾਨਿਆ ਗਿਆ। ਇਸ ਸਬੰਧ ਵਿੱਚ ਮਜ਼ਦੂਰਾਂ ਦੇ ਅੱਠ ਆਗੂਆਂ ਉਪਰ ਮੁਕਦਮੇ ਬਣਾਕੇ ਗ੍ਰਿਫਤਾਰ ਕੀਤਾ ਗਿਆ। ਝੂਠੇ ਮੁਕਦਮੇ ਨੂੰ ਅੰਜਾਮ ਦੇ ਕੇ ਇਨ੍ਹਾਂ ਆਗੂਆਂ ਨੂੰ ਪਹਿਲਾਂ ਵਰਣਨ ਕੀਤੇ ਅਨੁਸਾਰ ਫਾਂਸੀ ਦੀ ਸਜ਼ਾ ਅਤੇ ਹੋਰ ਸਜਾਵਾਂ ਦਿੱਤੀਆਂ ਗਈਆਂ। 11 ਨਵੰਬਰ 1887 ਨੂੰ ਚਾਰ ਪ੍ਰਮੁੱਖ ਨੇਤਾਵਾਂ ਨੂੰ ਫਾਂਸੀ ਚਾੜਕੇ ਸਰਕਾਰ ਦੇ ਮਜ਼ਦੂਰ ਅੰਦੋਲਨ ਨੂੰ ਕੁਚਲਣ ਦੇ ਮਨਸੂਬੇ ਪੂਰੇ ਨਹੀਂ ਹੋਏ ਸਗੋਂ 12 ਨਵੰਬਰ 1887 ਨੂੰ ਆਪਣੇ ਹਰਮਨ ਪਿਆਰੇ ਆਗੂਆਂ ਦੀ ਅੰਤਮ ਯਾਤਰਾ ਵਿੱਚ 6 ਲੱਖ ਤੋਂ ਵੱਧ ਮਜਦੂਰ ਇਕੱਤਰ ਹੋਏ। ਆਖਰ 8 ਘੰਟੇ ਕੰਮ ਦਿਹਾੜੀ ਦਾ ਕਾਨੂੰਨ ਹੋਂਦ ਵਿੱਚ ਆਇਆ ਅਤੇ ਹੋਰ ਸਹੂਲਤਾਂ ਦਾ ਮਜ਼ਦੂਰਾਂ ਲਈ ਮੁੱਢ ਬੱਝਿਆ।
ਸੋ ਅੱਜ ਸਮੇਂ ਦੀ ਲੋੜ ਹੈ ਕਿ ਸ਼ਿਕਾਗੋ ਦੇ ਸ਼ਹੀਦਾਂ ਦੇ ਸਿਰਜੇ ਹੋਏ ਗੌਰਵਮਈ ਇਤਿਹਾਸ ਨੂੰ ਹੋਰ ਅੱਗੇ ਵਧਾਈਏ। ਮਜ਼ਦੂਰ ਅੰਦੋਲਨਾਂ ਨੂੰ ਵਿਸਥਾਰਦੇ ਹੋਏ ਮਜ਼ਦੂਰ ਜਮਾਤ ਦੀ ਏਕਤਾ ਮਜ਼ਬੂਤ ਕਰਕੇ, ਜਮਾਤੀ ਚੇਤਨਾ ਪੈਦਾ ਕਰਕੇ ਅਤੇ ਮਜ਼ਦੂਰ ਜਮਾਤ ਦੇ ਸਨਮੁੱਖ ਖੜੀਆਂ ਮੁਸੀਬਤਾਂ ਨੂੰ ਚੁਣੌਤੀ ਦੇ ਰੂਪ ਵਿੱਚ ਵੇਖਦੇ ਹੋਏ ਮਜ਼ਦੂਰ ਅੰਦੋਲਨਾਂ ਨੂੰ ਜਿੱਤ ਤੱਕ ਲੈ ਕੇ ਜਾਈਏ। ਮਜ਼ਦੂਰ ਦੀ ਮਿਹਨਤ ਦੀ ਲੁੱਟ ਰੋਕੀਏ, ਪੂੰਜੀਪਤੀਆਂ ਦੇ ਅੰਨੇ ਮੁਨਾਫੇ ਦੀ ਹਵਸ ਨੂੰ ਮਜ਼ਦੂਰਾਂ ਦੀ ਨਿਰਦਈ ਲੁੱਟ ਬਣਨ ਤੋਂ ਰੋਕੀਏ। ਅੱਜ ਦੇ ਇਸ ਕੋਮਾਂਤਰੀ ਮਜ਼ਦੂਰ ਦਿਹਾੜੇ ਦੇ ਮੌਕੇ ਤੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸਾਡੀ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।
ਨਿਰਮਲ ਸਿੰਘ ਧਾਲੀਵਾਲ,
ਜਨਰਲ ਸਕੱਤਰ: ਪੰਜਾਬ ਸਟੇਟ ਕਮੇਟੀ, ਏਟਕ
No comments:
Post a Comment