30th April 2022 at 03:39 PM
ਇਸ ਵਾਰ ਵੀ ਹੋਣਗੀਆਂ ਲੋਕ ਘੋਲਾਂ ਨੂੰ ਪ੍ਰਣਾਈਆਂ ਯਾਦਗਾਰੀ ਆਈਟਮਾਂ
ਲੁਧਿਆਣਾ: 30 ਅਪ੍ਰੈਲ 2022: (ਪੰਜਾਬ ਸਕਰੀਨ ਡੈਸਕ)::
ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਵਿੱਤ ਸਕੱਤਰ ਕਸਤੂਰੀ ਲਾਲ ਅਤੇ ਸਹਾਇਕ ਸਕੱਤਰ ਹਰਕੇਸ਼ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੀ ਮਈ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਕਿਸਾਨ ਅੰਦੋਲਨ/ਦਿੱਲੀ ਮੋਰਚਾ ਦੇ ਸ਼ਹੀਦਾਂ ਨੂੰ ਸਮਰਪਤ ਸਮਾਗਮ 'ਨਾਟਕਾਂ ਤੇ ਗੀਤਾਂ ਭਰੀ ਰਾਤ' ਦਾ ਆਯੋਜਨ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ।
ਪੰਜਾਬ ਦੀਆਂ ਪ੍ਰਸਿੱਧ ਨਾਟਕ ਅਤੇ ਗੀਤ ਸੰਗੀਤ ਟੀਮਾਂ ਆਪਣੀ ਉੱਚ ਪਾਏ ਦੇ ਨਾਟਕੀ ਅਤੇ ਗੀਤ-ਸੰਗੀਤ ਕਲਾ ਦੇ ਜੌਹਰ ਦਿਖਾਉਣਗੀਆਂ। ਇਸ ਮੌਕੇ ਮੰਚ ਰੰਗਮੰਚ ਅੰਮਿ੍ਤਸਰ ਵੱਲੋਂ 'ਮੈਂ ਰੋ ਨਾ ਲਵਾਂ ਇੱਕ ਵਾਰ' (ਪ੍ਰੋਫੈਸਰ ਵਰਿਆਮ ਸੰਧੂ ਦੀ ਕਹਾਣੀ ਤੇ ਆਧਾਰਤ),ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ 'ਪਰਿੰਦੇ ਭਟਕ ਗਏ', ਮਾਨਵਤਾ ਕਲਾ ਮੰਚ ਨਗਰ (ਫਿਲੌਰ) ਵੱਲੋਂ 'ਚਿੜੀਆਂ ਦਾ ਚੰਬਾ,' ਬਲਦੇ ਦਰਿਆ' (ਬਲਦੇਵ ਸਿੰਘ ਮੋਗਾ ਦੇ ਨਾਵਲ 'ਤੇ ਆਧਾਰਿਤ )-ਚੇਤਨਾ ਕਲਾ ਕੇਂਦਰ ਬਰਨਾਲਾ, ਕੋਰੀਓਗ੍ਰਾਫੀਆਂ- ਅਵਾਮੀ ਰੰਗ ਸਿਹੌੜਾ, ਭਗਤ ਸਿੰਘ ਤੂੰ ਜ਼ਿੰਦਾ ਹੈ-ਸਿਰਜਣਾ ਆਰਟ ਗਰੁੱਪ ਰਾਏਕੋਟ, ਭੰਡ ਕਲਾ ਤੇ ਵਿਅੰਗ-(ਇਪਟਾ), ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ,ਧਰਮਿੰਦਰ ਮਸਾਣੀ, ਜਗਸੀਰ ਜੀਦਾ, ਅੰਮ੍ਰਿਤ ਪਾਲ ਬੰਗਾ, ਨਰਗਿਸ, ਕੁਲਦੀਪ ਜਲੂਰ,ਅਜਮੇਰ ਅਕਲੀਆ, ਮਨਦੀਪ ਤੇ ਸਾਥੀ (ਦਸਤਕ) ਗੀਤ ਸੰਗੀਤ ਪੇਸ਼ ਕਰਨਗੇ। ਸਾਹਿਤ ਸਭਿਆਚਾਰਕ ਖੇਤਰ ਦੀਆਂ ਮਕਬੂਲ ਸ਼ਖ਼ਸੀਅਤਾਂ ਡਾ ਸਾਹਿਬ ਸਿੰਘ/ ਨਾਟਕਕਾਰ-ਨਿਰਦੇਸ਼ਕ, ਜਨਾਬ ਗੁਰਦਿਆਲ ਰੌਸ਼ਨ/ਨਾਮਵਰ ਗ਼ਜ਼ਲਗੋ, ਮਰਹੂਮ ਸ੍ਰੀ ਹੰਸਾ ਸਿੰਘ/ਨਾਟਕਕਾਰ-ਨਿਰਦੇਸ਼ਕ ਨੂੰ ਗੁਰਸ਼ਰਨ ਕਲਾ ਸਨਮਾਨ ਦੇ ਕੇ ਸਨਮਾਨਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਖੁੱਲ੍ਹੇ ਪੰਡਾਲ ਵਿੱਚ ਪੁਸਤਕ ਪਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ।
ਰਾਤ 8 ਵਜੇ ਤੋਂ ਸਵੇਰ ਹੋਣ ਤੱਕ ਹੋਣ ਵਾਲੇ ਇਸ ਸਮਾਗਮ ਦਰਮਿਆਨ ਲੋਕ ਪੱਖੀ ਲੇਖਿਕਾਂ ਦੀਆਂ ਨਵੀਂਆਂ ਨਵੇਲੀਆਂ ਪੁਸਤਕਾਂ ਸਾਹਿਤਕ ਪਰਿਵਾਰ ਦੀਆਂ ਉਚਕੋਟੀ ਦੀਆਂ ਸ਼ਖ਼ਸ਼ੀਅਤਾਂ ਵੱਲੋ ਲੋਕ ਅਰਪਣ ਕੀਤਾ ਜਾਵੇਗਾ। ਸਮਾਗਮ ਦੀ ਕਾਮਯਾਬੀ ਲਈ ਜਿੱਥੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਉੱਥੇ ਜ਼ਿਲ੍ਹੇ ਦੀਆਂ ਸਾਹਿਤਕ-ਸਭਿਆਚਾਰਕ, ਜਨਤਕ- ਜਮਹੂਰੀ ਅਤੇ ਇਨਕਲਾਬੀ ਜੱਥੇਬੰਦੀਆਂ ਵੀ ਗਹਿ ਗੱਡਵਾਂ ਸਹਿਯੋਗ ਦੇ ਰਹੀਆਂ ਹਨ, ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਲੋਕ ਹੁੰਮ ਹੁਮਾ ਕੇ ਕਾਫ਼ਲਿਆਂ ਦੀ ਸ਼ਕਲ ਵਿੱਚ ਇਸ ਪ੍ਰੋਗਰਾਮ ਨੂੰ ਮਾਨਣ ਲਈ ਪਹੁੰਚ ਰਹੇ ਹਨ। ਪਲਸ ਮੰਚ ਵੱਲੋਂ ਤਿਆਰੀਆਂ ਦੇ ਸਾਰੇ ਲੜ ਮੁਕੰਮਲ ਕਰ ਲਏ ਹਨ।
No comments:
Post a Comment