Sunday, November 28, 2021

ਇਹਨਾਂ ਨੂੰ ਸ਼ਹੀਦ ਕਿਸਾਨਾਂ ਦੇ ਲਹੂ ਨੇ ਆਵਾਜ਼ ਦਿੱਤੀ ਹੈ

ਨੌਜਵਾਨ ਮੁੰਡੇ ਕੁੜੀਆਂ ਵੀ ਵੱਧ ਚੜ੍ਹ ਕੇ ਸ਼ਾਮਲ ਹੋਏ 


ਲੁਧਿਆਣਾ
: 28 ਨਵੰਬਰ 2021: (ਕਾਮਰੇਡ ਸਕਰੀਨ ਟੀਮ):: 

ਲੁਧਿਆਣਾ ਦੀ 28 ਵਾਲੀ ਕਾਰਪੋਰੇਟ ਭਜਾਓ ਰੈਲੀ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਮੈਂਬਰ ਅਤੇ ਅਹੁਦੇਦਾਰ ਵੀ ਵੱਧ ਚੜ੍ਹ ਕੇ ਪਹੁੰਚੇ। ਇਹ ਸਾਰੇ ਕੁੱਛੜ ਚੁੱਕੇ ਹੋਏ ਛੋਟੇ ਛੋਟੇ ਬੱਚਿਆਂ ਸਮੇਤ ਸਰਦੀਆਂ ਦੇ ਕਹਿਰ ਦਾ ਸਾਹਮਣਾ ਕਰਦੇ ਹੋਏ ਦੂਰੋਂ ਦੂਰੋਂ ਇਸ ਰੈਲੀ ਵਿੱਚ ਪੁੱਜੇ ਹੋਏ ਸਨ। ਇਹਨਾਂ ਵਿੱਚ ਕਰਮਵੀਰ ਬੱਧਨੀ ਆਪਣੇ ਪਰਿਵਾਰ ਅਤੇ ਸਾਥਣਾਂ ਸਮੇਤ ਆਈ ਹੋਈ ਸੀ। ਕੁੱਛੜ ਆਪਣੀ ਛੋਟੀ ਜੀ ਧੀ ਚੁੱਕੀ ਹੋਈ ਸੀ। 

ਮੋਗਾ ਵਾਲੇ ਪਾਸਿਓਂ ਫੈਡਰੇਸ਼ਨ ਦੀ ਕੌਮੀ ਗਰਲਜ਼ ਕਨਵੀਨਰ ਕਰਮਵੀਰ ਬੱਧਨੀ ਦੇ ਨਾਲ ਨਵਕਿਰਨ ਕੌਰ ਮੋਗਾ, ਗਗਨਦੀਪ ਕੌਰ, ਸਿਮਰਜੀਤ ਕੌਰ, ਲਵਪ੍ਰੀਤ ਕੌਰ, ਜਸਪ੍ਰੀਤ ਬੱਧਨੀ ਅਤੇ ਹੋਰ ਵੀ ਸ਼ਾਮਲ ਸਨ ਪਰ ਸਰੋਤਿਆਂ ਵਿੱਚ ਜਾ ਚੁੱਕੇ ਸਨ। ਬੱਧਨੀ ਨੇ ਦੱਸਿਆ ਕਿ ਇੱਕ ਛੋਟੀ ਜਿਹੀ ਖੜੋਤ ਤੋਂ ਬਾਅਦ ਹੁਣ ਮੁੰਡੇ ਕੁੜੀਆਂ ਇੱਕ ਵਾਰ ਫੇਰ AISF ਅਤੇ AIYF ਵੱਲ ਖਿੱਚੇ ਚਲੇ ਆ ਰਹੇ ਹਨ। ਇਹਨਾਂ ਨੂੰ ਇੱਕ ਵਾਰ ਫੇਰ ਕਾਰਲ ਮਾਰਕਸ ਨੇ ਆਵਾਜ਼ ਦਿੱਤੀ ਹੈ। ਲੈਨਿਨ ਨੇ ਆਵਾਜ਼ ਦਿੱਤੀ ਹੈ। ਇਹਨਾਂ ਨੂੰ ਸ਼ਹੀਦ ਕਿਸਾਨਾਂ ਦੇ ਲਹੂ ਨੇ ਆਵਾਜ਼ ਦਿੱਤੀ ਹੈ ਅਸੀਂ ਤਾਂ ਸਿਰਫ ਮਾਧਿਅਮ ਬਣੇ ਹਨ। ਅਸੀਂ ਸਿਰਫ ਮੰਚ ਪ੍ਰਦਾਨ ਕੀਤਾ ਹੈ। ਇਹਨਾਂ ਦੇ ਅੰਦਰ ਜੋ ਰੌਸ਼ਨੀ ਜਾਗੀ ਹੈ ਉਹ ਮਾਰਕਸਵਾਦ ਦੀ ਹੈ। ਇਹਨਾਂ ਦੇ ਅੰਦਰ ਜਿਹੜੀ ਅੱਗ ਬਲ ਰਹੀ ਹੈ ਉਹ ਲੋਕਾਂ ਨਾਲ ਪ੍ਰੇਮ ਦੀ ਹੈ। ਲੁੱਟਖਸੁੱਟ ਕਰਨ ਵਾਲਿਆਂ ਦੇ ਖਿਲਾਫ ਵਿਧੇ ਹੋਏ ਸੰਘਰਸ਼ਾਂ ਦੀ ਹੈ। ਸਾਡੀ ਜਿੱਤ ਇਹਨਾਂ ਨੇ ਹੀ ਯਕੀਨੀ ਬਣਾਉਣੀ ਹੈ। ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦਾ ਲਹੂ ਅੰਜਾਈ ਨਹੀਂ ਜਾਏਗਾ। ਇਸ ਦੁਨੀਆ ਨੂੰ ਅਸੀਂ ਕਾਰਪੋਰੇਟਾਂ ਤੋਂ ਮੁਕਤ ਕਰਵਾ ਕੇ ਹੀ ਸਾਹ ਲਵਾਂਗੇ। ਖੇਤੀ ਕਾਨੂੰਨਾਂ ਦੀ ਵਾਪਿਸੀ ਦਾ ਐਲਾਨ ਤਾਂ ਇੱਕ ਪੜਾਅ ਹੈ -ਜੰਗ ਅਜੇ ਜਾਰੀ ਰਹੇਗੀ। 

ਇਸੇ ਤਰ੍ਹਾਂ ਫਾਜ਼ਿਲਕਾ ਤੋਂ ਖਰਾਤ ਨਾਮ ਦਾ ਨੌਜਵਾਨ ਆਪਣੀ ਪਤਨੀ ਅਤੇ ਛੋਟੇ ਜਿਹੇ ਬੱਚੇ ਸਮੇਤ ਪਹੁੰਚਿਆ ਹੋਇਆ ਸੀ। ਇਹ ਨੌਜਵਾਨ ਗਿਆਰਾਂ ਸਾਲ ਤੱਕ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿੱਚ ਪੂਰੀ ਤਰ੍ਹਾਂ ਸਰਗਰਮ ਰਿਹਾ। ਪੜ੍ਹਾਈ ਮੁੱਕਣ ਤੋਂ ਬਾਅਦ ਇਹ ਨੌਜਵਾਨ ਕਿਸੇ ਹੋਰ ਫੀਲਡ ਵਿੱਚ ਆ ਗਿਆ। ਇਹ ਦੱਸਦਾ ਹੈ ਉਹ ਸੰਘਰਸ਼ਾਂ ਵਾਲਾ ਸਮਾਂ ਅੱਜ ਵੀ ਯਾਦ ਆਉਂਦਾ ਹੈ ਅਤੇ ਸਾਨੂੰ ਨਵੀਂ ਸ਼ਕਤੀ ਦੇ ਜਾਂਦਾ ਹੈ। 

“ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ’’ ਮਹਾਂਰੈਲੀ ਜ਼ਬਰਦਸਤ ਰਹੀ

 ਲਾਲ ਝੰਡਿਆਂ ਦਾ ਸਮੁੰਦਰ ਹੀ ਲਹਿਰ ਰਿਹਾ ਸੀ ਅੱਜ ਲੁਧਿਆਣਾ ਵਿੱਚ 


ਲੁਧਿਆਣਾ
: 28 ਨਵੰਬਰ 2021: (ਕਾਮਰੇਡ ਸਕਰੀਨ ਟੀਮ)::

‘‘ਸਾਰੇ ਮਿਹਨਤਕਸ਼ ਵਰਗਾਂ ਦੇ ਏਕੇ ਅਤੇ ਲਹੂ ਵੀਟਵੇਂ ਸੰਘਰਸ਼ਾਂ ਰਾਹੀਂ ਹੀ ਮੋਦੀ ਸਰਕਾਰ ਦੀਆਂ ਲੋਕ ਮਾਰੂ-ਦੇਸ਼ ਵਿਰੋਧੀ ਨੀਤੀਆਂ ਅਤੇ ਫਿਰਕੂ-ਫਾਸ਼ੀ ਫੁੱਟ ਪਾਊ ਤਾਕਤਾਂ ਦੇ ਦੇਸ਼ ਵਿਰੋਧੀ ਮਨਸੂਬਿਆਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ। ਸਾਲ ਭਰ ਤੋਂ ਦਿੱਲੀ ਦੀਆਂ ਜੂਹਾਂ ’ਤੇ ਜਾਰੀ ਸਰਵ ਸਾਂਝੇ ਕਿਸਾਨ ਸੰਘਰਸ਼ ਸਦਕਾ ਹਿਟਲਰੀ ਸੋਚ ’ਤੇ ਚਲਦੀ ਮੋਦੀ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਹੋਣ ਤੋਂ ਇਸ ਤੱਥ ਦੀ ਪੁਸ਼ਟੀ ਹੋ ਗਈ ਹੈ।’’

ਇਹ ਗੱਲ ਸਥਾਨਕ ਗਿੱਲ ਰੋਡ ’ਤੇ ਪੈਂਦੀ ਅਨਾਜ ਮੰਡੀ ਵਿਖੇ “ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ’’ ਮਹਾਂਰੈਲੀ ਵਿੱਚ ਪੁੱਜੇ ਹਜਾਰਾਂ ਮਿਹਨਤਕਸ਼ਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ “ਪੰਜਾਬ ਬਚਾਓ ਸੰਯੁਕਤ ਮੋਰਚਾ’’ ਦੇ ਆਗੂਆਂ ਨੇ ਕਹੀ। 

ਕਿਸਾਨ ਅੰਦੋਲਨ ਦੇ ਨਾਇਕ ਵੱਜੋਂ ਉਭਰੇ ਬਲਬੀਰ ਸਿੰਘ ਰਾਜੇਵਾਲ ਅਤੇ ਹੋਰਨਾਂ ਸੀਨੀਅਰ ਲੀਡਰਾਂ ਨੇ ਅੱਜ ਦਾਣਾ ਮੰਡੀ ਵਿੱਚ ਹੋਈ ਰੈਲੀ ਵਿੱਚ ਲੋਕਾਂ ਦੇ ਜੋਸ਼ ਅਤੇ ਉਮਾਹ ਨੂੰ ਦੇਖ ਕੇ ਖੁਸ਼ੀਆਂ ਦਾ ਪ੍ਰਗਟਾਵਾ ਵੀ ਕੀਤਾ ਗਿਆ ਅਤੇ ਅੰਤਿਮ ਜਿੱਤ ਤੱਕ ਅੰਦੋਲਨ ਜਾਰੀ ਰੱਖਣ ਦਾ ਸੰਕਲਪ ਦੀ ਦੁਹਰਾਇਆ ਗਿਆ।

ਸੂਬੇ ਦੀਆਂ ਟਰੇਡ ਯੂਨੀਅਨਾਂ, ਖੇਤ ਮਜ਼ਦੂਰ ਤੇ ਕਿਸਾਨ ਜੱਥੇਬੰਦੀਆਂ, ਸੂਬਾਈ ਕਰਮਚਾਰੀ ਫੈਡਰੇਸ਼ਨਾਂ, ਰੇਲਵੇ ਤੇ,ਬੀਐਸ ਐਨ ਐਲ ਸਮੇਤ ਕੇਂਦਰੀ ਮੁਲਾਜ਼ਮ ਸੰਗਠਨਾਂ, ਟਰਾਂਸਪੋਰਟ ਤੇ ਬਿਜਲੀ ਕਾਮਿਆਂ ਦੀਆਂ ਜੱਥੇਬਸ਼ਦੀਆਂ, ਯੁਵਕ- ਵਿਦਿਆਰਥੀ ਤੇ ਇਸਤਰੀ ਸਭਾਵਾਂ ’ਤੇ ਆਧਾਰਿਤ ਉਕਤ ‘ਮੋਰਚਾ’ ਕਿਸਾਨ ਸੰਘਰਸ਼ ਚੋਂ ਉਪਜੀ ਜਮਹੂਰੀ ਚੇਤਨਾ ਤੇ ਸੰਘਰਸ਼ੀ ਭਾਵਨਾ ਨੂੰ ਹੋਰ ਤਿਖੇਰੀ ਤੇ ਪਰਪੱਕ ਕਰਦਿਆਂ ਲੋਟੂ ਨਿਜ਼ਾਮ ਤੋਂ ਕਿਰਤੀਆਂ ਦੀ ਬੰਦ ਖਲਾਸੀ ਦੇ ਸੰਗਰਾਮਾਂ ਦੀ ਉਸਾਰੀ ਕਰਨ ਵੱਲ ਸਾਬਤ ਕਦਮੀਂ ਅੱਗੇ ਵਧੇਗਾ।

ਬੁਲਾਰਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੋਕਾਂ ਦੀਆਂ ਦੁਸ਼ਵਾਰੀਆਂ ’ਚ ਅੰਤਾਂ ਦਾ ਵਾਧਾ ਕਰਨ ਵਾਲੀਆਂ ਕਾਰਪੋਰੇਟ ਤੇ ਸਾਮਰਾਜ ਪੱਖੀ ਨੀਤੀਆਂ ਦੇ ਪੈਰੋਕਾਰ, ਧਰਮ ਨਿਰਪੱਖਤਾ ਪ੍ਰਤੀ ਸਮਝੌਤਾਵਾਦੀ ਪਹੁੰਚ ਅਪਣਾ ਕੇ ਫਿਰਕੂ-ਫਾਸਿਸਟ ਤਾਕਤਾਂ ਸਾਹਵੇਂ ਗੋਡੇ ਟੇਕ ਦੇਣ ਵਾਲੇ ਅਤੇ ਝੂਠੇ ਲਾਰਿਆਂ ਤੇ ਫੋਕੇ ਵਾਅਦਿਆਂ ਦੇ ਆਸਰੇ ਸੱਤਾ ਪ੍ਰਾਪਤੀ ਲਈ ਤਰਲੋ ਮੱਛੀ ਹੋ ਰਹੇ ਰਾਜਸੀ ਦਲਾਂ ਤੋਂ ਲੋਕ ਭਲਾਈ ਦੀ ਆਸ ਉੱਕਾ ਹੀ ਨਹੀਂ ਕੀਤੀ ਜਾਣੀ ਚਾਹੀਦੀ। ਇਹ ਮੋਰਚਾ ਇਸ ਸੱਚਾਈ ਤੋਂ ਜਨ ਸਮੂਹਾਂ ਨੂੰ ਜਾਗਰੂਕ ਕਰਕੇ ਪ੍ਰਾਂਤ ਅੰਦਰ ਲੋਕ ਹਿਤਾਂ ਦੀ ਰਾਖੀ ਦੇ ਘੋਲ ਉਸਾਰਨ ਲਈ ਹਰ ਸੰਭਵ ਯਤਨ ਕਰੇਗਾ।

ਉਨ੍ਹਾਂ ਕਿਹਾ ਕਿ ਸੰਵਿਧਾਨਕ ਸੰਸਥਾਵਾਂ, ਸੁਤੰਤਰਤਾ ਸੰਗਰਾਮ ਦੀ ਪ੍ਰੇਰਣਾ ਸਦਕਾ ਸਿਰਜੀਆਂ ਗਈਆਂ ਲੋਕ ਰਾਜੀ ਤੇ ਫੈਡਰਲ ਕਦਰਾਂ-ਕੀਮਤਾਂ ਅਤੇ ਭਾਈਚਾਰਕ ਸਾਂਝ ਦੀ ਰਾਖੀ ਦਾ ਸੰਗਰਾਮ ਮਿਹਨਤੀ ਤਬਕਿਆਂ ਦੇ ਫੈਸਲਾਕੁੰਨ ਸੰਘਰਸ਼ਾਂ ਤੋਂ ਬਗੈਰ ਜਿੱਤਿਆ ਜਾਣਾ ਅਸਲੋਂ ਹੀ ਅਸੰਭਵ ਹੈ।

ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ, ਪੀਣ ਵਾਲੇ ਸਵੱਛ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਤੋਂ ਵਾਂਝਿਆ ਕਰਕੇ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਬੇਲਗਾਮ ਵਾਧੇ ਰਾਹੀਂ ਕੰਗਾਲ ਕਰਨ ਵਾਲੀਆਂ, ਜਨਤਕ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਅਡਾਨੀ-ਅੰਬਾਨੀ ਜਿਹੇ ਕਾਰਪੋਰੇਟਾਂ ਤੇ ਉਹਨਾਂ ਦੇ ਸਾਮਰਾਜੀ ਜੋਟੀਦਾਰਾਂ ਦੇ ਹਵਾਲੇ ਕਰਨ ਵਾਲੀਆਂ, ਲੋਕਾਈ ਨੂੰ ਜਲ-ਜੰਗਲ-ਜਮੀਨ ਤੋਂ ਵਿਰਵੇ ਕਰਨ ਵਾਲੀਆਂ, ਕਿਰਤ ਕਾਨੂੰਨਾਂ ਦਾ ਖਾਤਮਾ ਕਰਕੇ ਮਨੁੱਖੀ ਤੇ ਸੰਵਿਧਾਨਕ ਅਧਿਕਾਰਾਂ ਦਾ ਘਾਣ ਕਰਨ ਵਾਲੀਆਂ,  ਨਿੱਜੀਕਰਨ-ਉਦਾਰੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਨੂੰ ਭਾਂਜ ਦਿੱਤੇ ਬਗੈਰ ਭਾਰਤੀ ਆਵਾਮ ਰੱਜਵੀਂ ਰੋਟੀ ਖਾਕੇ ਸੁਖ-ਆਰਾਮ ਦੀ ਨੀਂਦ ਨਹੀਂ ਸੌਂ ਸਕਦੇ।

ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਚੌਤਰਫਾ ਨਾਕਾਮੀਆਂ ਅਤੇ ਖੇਤੀ, ਦਰਮਿਆਨੇ ਤੇ ਛੋਟੇ ਉਦਯੋਗਾਂ ਤੇ ਵਿਉਪਾਰ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਖਿਲਾਫ ਦੇਸ਼ ਭਰ ਵਿੱਚ ਉੱਠ ਰਹੇ ਜਨ ਸੰਘਰਸ਼ਾਂ ਨੂੰ ਲੀਹੋਂ ਲਾਹੁਣ ਲਈ ਅਤੇ ਲੋਕਾਈ ਨੂੰ ਸਾਮਰਾਜੀ ਤੇ ਕਾਰਪੋਰੇਟਾਂ ਦੇ ਹਿਤਾਂ ਦੀ ਰਾਖੀ ਲਈ ਘੜੀਆਂ ਗਈਆਂ ਨੀਤੀਆਂ ਖਿਲਾਫ ਸੰਘਰਸ਼ਾਂ ’ਚ ਸ਼ਾਮਲ ਹੋਣੋਂ ਰੋਕਣ ਲਈ ਫਿਰਕੂ ਧਰੁਵੀਕਰਨ ਦੇ ਕੋਝੇ ਉਦੇਸ਼ ਤਹਿਤ ਘੱਟ ਗਿਣਤੀ ਮੁਸਲਿਮ ਭਾਈਚਾਰੇ, ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਤੇ ਇਸਤਰੀਆਂ ਨੂੰ ਅਮਾਨਵੀ ਅੱਤਿਆਚਾਰਾਂ ਦਾ ਨਿਸ਼ਾਨਾ ਬਣਾ ਰਹੀਆਂ ਆਰ ਐਸ ਐਸ ਦੀ ਅਗਵਾਈ ਹੇਠਲੀਆਂ ਮਨੂੰਵਾਦੀ-ਹਿੰਦੂਤਵੀ ਤਾਕਤਾਂ ਵਿਰੁੱਧ ਕਿਰਤੀ ਵਰਗਾਂ ਨੂੰ ਸਪਸ਼ਟ ਜਮਾਤੀ ਨਜ਼ਰੀਏ ਤੋਂ ਸੰਘਰਸ਼ਾਂ ਦੇ ਪਿੜ ਮੱਲਣ ਦੀ ਲੋੜ ਹੈ।

ਆਗੂਆਂ ਨੇ ਕਿਹਾ ਕਿ ਸਾਢੇ ਚਾਰ ਸਾਲ ਲੋਕਾਂ ਦੀ ਸਾਰ ਨਾ ਲੈਣ ਵਾਲੀ, ਹੱਕੀ ਮੰਗਾਂ ਦੀ ਪ੍ਰਾਪਤੀ ਲਈ ਜੂਝ ਰਹੇ ਤਬਕਿਆਂ ਨੂੰ ਅਣਕਿਆਸੇ ਪੁਲਸ ਜਬਰ ਦਾ ਨਿਸ਼ਾਨਾ ਬਣਾਉਣ ਵਾਲੀ ਅਤੇ ਪ੍ਰਾਂਤ ਵਾਸੀਆਂ ਦੀਆਂ ਜ਼ਿੰਦਗੀਆਂ  ਨਰਕ ਬਨਾਉਣ ਵਾਲੇ ਨਸ਼ਾ ਤਸਕਰਾਂ ਤੇ ਵੰਨ ਸਵੰਨੇ ਮਾਫੀਆ ਗਰੋਹਾਂ ਦੀ ਨੰਗੀ-ਚਿੱਟੀ ਪੁਸ਼ਤ ਪਨਾਹੀ ਕਰਨ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨਵੇਂ-ਨਿਵੇਕਲੇ ਲਾਰਿਆਂ ਰਾਹੀਂ ਪੰਜਾਬ ਦੀ ਰਾਜ ਗੱਦੀ ਮੁੜ ਤੋਂ ਹਥਿਆਉਣਾ ਚਾਹੁੰਦੀ ਹੈ। ਉਨ੍ਹਾਂ ਪ੍ਰਾਂਤ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਝੂਠੇ ਲਾਰਿਆਂ ਦੇ ਸਿਰ ਤੇ, ਬੇਲੋੜੇ-ਜ਼ਜ਼ਬਾਤੀ ਮੁੱਦੇ ਉਭਾਰ ਕੇ ਸੱਤਾ ਤੇ ਕਾਬਜ ਹੋਣ ਲਈ ਯਤਨਸ਼ੀਲ ਰਾਜਸੀ ਦਲਾਂ ਨੂੰ ਰੱਦ ਕਰਦਿਆਂ ਆਪਣੇ ਮੰਗਾਂ-ਮਸਲਿਆਂ ਦੇ ਹੱਲ ਲਈ ਲੋਕ ਪੱਖੀ ਸ਼ਕਤੀਆਂ ਦੀ ਅਗਵਾਈ ਵਿੱਚ ਘੋਲਾਂ ’ਚ ਨਿਤਰਣ।

ਦੋਹੇਂ ਹੱਥ ਖੜ੍ਹੇ ਕਰਕੇ ਪਾਸ ਕੀਤੇ ਇੱਕ ਮਤੇ ਰਾਹੀਂ ਸੰਯੁਕਤ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਮੰਗਾ ਮੰਨਣ ਦੀ ਮੰਗ ਕੀਤੀ ਗਈ। ਬੀ.ਐਸ.ਐਫ. ਨੂੰ 15 ਕਿਲੋਮੀਟਰ ਦੀ ਥਾਂ 50 ਕਿਲੋ ਮੀਟਰ ਤੱਕ ਦਾਖਲ ਹੋ ਕੇ ਕਾਰਵਾਈਆਂ ਕਰਨ ਦਾ ਅਧਿਕਾਰ ਦੇਣ ਵਾਲਾ ਨੋਟੀਫਿਕੇਸ਼ਨ ਰੱਦ ਕਰਨ ਦੀ ਵੀ ਮੰਗ ਕੀਤੀ ਗਈ। ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ; ਸੱਨਅਤੀ ਕਾਮਿਆਂ, ਗੈਰ ਜਥੇਬੰਦ ਖੇਤਰ ਦੇ ਕਿਰਤੀਆਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ, ਸਕੀਮ ਵਰਕਰਾਂ ਤੇ ਕੱਚੇ ਕਾਮਿਆਂ ਦੇ ਹੱਕੀ ਸੰਘਰਸ਼ਾਂ ਦੀ ਹਮਾਇਤ ਦੇ ਮਤੇ ਪਾਸ ਕੀਤੇ ਗਏ।  

ਸਰਵ ਸਾਥੀ ਬੰਤ ਬਰਾੜ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖਤਪੁਰ, ਕਿਰਨਜੀਤ ਸਿੰਘ ਸੇਖੋਂ, ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਬਲਵੀਰ ਸਿੰਘ ਰਾਜੇਵਾਲ, ਨਿਰਮਲ ਧਾਲੀਵਾਲ, ਕੁਲਵੰਤ ਸਿੰਘ ਸੰਧੂ, ਭਗਵੰਤਸਿੰਘ ਸਮਾਓਂ, ਗੁਰਨਾਮ ਸਿੰਘ ਬੌਲਦ ਕਲਾਂ, ਭੁਪਿੰਦਰ ਸਾਂਭਰ, ਵਿਜੈ ਮਿਸ਼ਰਾ, ਰੁਲਦੂ ਸਿੰਘ ਮਾਨਸਾ  ਨੇ ਸੰਬੋਧਨ ਕੀਤਾ। ਸਾਥੀ ਸੁਖਦੇਵ ਸ਼ਰਮਾ, ਪਰਗਟ ਸਿੰਘ ਜਾਮਾਰਾਏ, ਰਾਜਵਿੰਦਰ ਸਿੰਘ ਰਾਣਾ ਅਤੇ ਨਰੰਜਣ ਸਿੰਘ ਸਫੀਪੁਰ ਕਲਾਂ ਨੇ ਰੈਲੀ ਦੀ ਪ੍ਰਧਾਨਗੀ ਕੀਤੀ।
ਅਮਰਜੀਤ ਆਸਲ, ਦਰਸ਼ਨ ਨਾਹਰ, ਗੁਰਪ੍ਰੀਤ ਸਿੰਘ ਰੂੜੇਕੇ, ਰਣਜੀਤ ਸਿੰਘ, ਤੀਰਥ ਸਿੰਘ ਬਾਸੀ, ਬਿੰਦਰ ਅਲਖ, ਡੀ.ਪੀ.ਮੌੜ, ਸ਼ਿਵਦੱਤ ਸ਼ਰਮਾ, ਹਰਵਿੰਦਰ ਸਿੰਘ ਸੇਮਾ, ਧਰਮਿੰਦਰ ਸਿੰਘ, ਬਲਕਰਨ ਮੋਗਾ ਨੇ ਵੀ ਵਿਚਾਰ ਰੱਖੇ।
ਮੰਚ ‘ਤੇ ਗੁਰਦੀਪ ਸਿੰਘ ਮੋਤੀ, ਰਤਨ ਸਿੰਘ ਰੰਧਾਵਾ, ਸੁਖਦੇਵ ਸਿੰਘ ਝਾਮਕਾ, ਕਿ੍ਰਸ਼ਨ ਚੌਹਾਨ, ਗੁਰਨਾਮ ਸਿੰਘ ਦਾਊਦ, ਸੁਖਦੇਵ ਸਿੰਘ ਭਾਗੋਕਾਵਾਂ, ਦਰਸ਼ਨ ਸਿੰਘ ਲੁਬਾਣਾ, ਕੁਲਦੀਪ ਸਿੰਘ ਖੰਨਾ, ਜੈ ਪ੍ਰਕਾਸ਼ ਨਾਰਾਇਣ, ਸਵਤੰਤਰ ਕੁਮਾਰ, ਪ੍ਰੋਫੈਸਰ ਸੁਰਿੰਦਰ ਕੌਰ ਜੈਪਾਲ, ਗੁਰਮੀਤ ਸਿੰਘ ਨੰਦਗੜ੍ਹ, ਐਸ ਕੇ ਗੌਤਮ,  ਸੁਖਵਿੰਦਰ ਸਿੰਘ ਚਾਹਲ, ਬੂਟਾ ਸਿੰਘ, ਪਰਮਜੀਤ ਸਿੰਘ, ਕੁਸ਼ਲ ਭੌਰਾ, ਰਜਿੰਦਰ ਪਾਲ ਕੌਰ, ਵਿੱਕੀ ਮਹੇਸ਼ਰੀ, ਵਰਿੰਦਰ ਕੁਮਾਰ ਖੁਰਾਣਾ, ਹਰਭਜਨ ਸਿੰਘ ਪਿਲਖਨੀ, ਗੁਰਵਿੰਦਰ ਸਿੰਘ ਗੋਲਡੀ, ਰਾਧੇ ਸ਼ਾਮ ਵੀ ਸੁਸ਼ੋਭਿਤ ਸਨ।

Thursday, November 25, 2021

ਸੰਯੁਕਤ ਕਿਸਾਨ ਮੋਰਚੇ ਵੱਲੋਂ ਆਖਰੀ ਜਿੱਤ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ

ਡਬਲਯੂ ਟੀ ਓ ਤਹਿਤ ਕੀਤੇ ਗਏ ਸਮਝੌਤਿਆਂ ਨੂੰ ਰੱਦ ਕਰਵਾ ਕੇ ਹੀ ਮੁੜਾਂਗੇ 


ਟਿਕਰੀ ਬਾਰਡਰ : 25 ਨਵੰਬਰ 2021:(ਪਰਮਦੀਪ ਰਾਣਾ//ਕਾਮਰੇਡ ਸਕਰੀਨ ਬਿਊਰੋ)::
ਖਬੀਆਂ ਤਾਕਤਾਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਨ ਅਤੇ ਲਗਾਤਾਰ ਸਰਗਰਮ ਬਣੀਆਂ ਹੋਈਆਂ ਹਨ। ਖੱਬੀਆਂ ਧਿਰਾਂ ਨਾਲ ਜੁੜੇ ਲੀਡਰ ਵੀ ਲਗਾਤਾਰ ਦਿਲ ਆ ਜਾ ਰਹੇ ਹਨ ਅਤੇ ਵਰਕਰ ਵੀ। ਇਸਦੇ ਨਾਲ ਹੀ ਬੁਧੀਜੀਵੀ ਅਤੇ ਪੱਤਰਕਾਰ ਵੀ ਲਗਾਤਾਰ ਅਹਣੀ ਸ਼ਮੂਲੀਅਤ ਦਰਜ ਕਰਵਾ ਰਹੇ ਹਨ। 

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ, ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮੌਕੇ ਟਿਕਰੀ ਬਾਰਡਰ 'ਤੇ ਖਚਾਖਚ ਭਰੇ ਪੰਡਾਲ 'ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਜੋਸ਼ੀਲੇ ਭਾਸ਼ਣ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਖਰੀ ਜਿੱਤ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਤਿਕੜੀ ਬਾਰਡਰ ਤੋਂ ਪਰਤੇ ਮੀਡੀਆ ਨੇ ਦੱਸਿਆ ਹੈ ਕਿ ਕਿਸਾਨਾਂ ਦਾ ਜੋਸ਼ ਬਰਕਰਾਰ ਹੈ। 

ਪੱਤਰਕਾਰ ਪਰਮਦੀਪ ਰਾਣਾ ਮੁਤਾਬਿਕ ਕਾਮਰੇਡ ਅਰਸ਼ੀ ਨੇ ਕਿਹਾ ਕਿ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਵੱਲੋਂ ਕਰਨਾ ਇਹ ਕੇਵਲ ਸੰਯੁਕਤ ਕਿਸਾਨ ਮੋਰਚੇ ਦੀ ਵਿਸ਼ਾਲ ਏਕਤਾ ਅਤੇ ਸੰਘਰਸ਼ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਅੰਬਾਨੀ, ਅਡਾਨੀ ਦੀ ਜਕੜ ਨੂੰ ਤੋੜਨ ਲਈ ਡਬਲਯੂ ਟੀ ਓ ਤਹਿਤ ਕੀਤੇ ਗਏ ਸਮਝੌਤਿਆਂ ਨੂੰ ਰੱਦ ਕਰਵਾ ਕੇ ਉਹਨਾਂ ਨੂੰ ਚਲਦਾ ਕਰਨ ਤੱਕ ਸੰਘਰਸ਼ ਜਾਰੀ ਰੱਖਾਂਗੇ ਕਿਉਂਕਿ ਇਹਨਾਂ ਕਾਲੇ ਕਾਨੂੰਨਾਂ ਤਹਿਤ ਹੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ, ਬਿਜਲੀ ਸੋਧ ਬਿਲ 2020, ਮਜ਼ਦੂਰ ਵਿਰੋਧੀ ਕਿਰਤ ਕਾਨੂੰਨ ਨੂੰ ਰੱਦ ਕਰਵਾਉਣ ਲੈ ਕੇ ਪੂਰੇ ਦੇਸ਼ ਅੰਦਰ ਲੋਕ ਚੇਤਨਾ ਅਤੇ ਵਿਸ਼ਾਲ ਏਕਤਾ ਦਾ ਨਾਅਰਾ ਦਿੱਤਾ ਜਾਵੇਗਾ। 

ਪੰਡਾਲ ਅੰਦਰ ਹਾਜ਼ਰ ਲੋਕਾਂ ਵੱਲੋਂ ਜਜ਼ਬਾਤ ਅਤੇ ਹੌਸਲੇ ਨੂੰ ਦੇਖਦੇ ਹੋਏ ਮੋਦੀ ਸਰਕਾਰ ਖਿਲਾਫ 'ਮੋਦੀ ਸਰਕਾਰ ਮੁਰਦਾਬਾਦ, ਅੰਬਾਨੀ, ਅਡਾਨੀ ਭਜਾਓ, ਦੇਸ਼ ਬਚਾਓ' ਦੇ ਨਾਅਰਿਆਂ ਨਾਲ ਪੰਡਾਲ ਗੂੰਜ ਰਿਹਾ ਸੀ। ਹੁਣ 26 ਨਵੰਬਰ ਦੀ ਤਿਆਰੀ ਸੰਬੰਧੀ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਲੋਕਾਂ ਦੇ ਦਿੱਲੀ ਦੇ ਬਾਰਡਰਾਂ 'ਤੇ ਪੁੱਜਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। 

Friday, November 12, 2021

ਬੀ.ਜੇ.ਪੀ.ਵਾਲੇ ਆਪਣੀਆਂ "ਪ੍ਰਾਪਤੀਆਂ" ਦੀ ਸ਼ੇਖੀ ਮਾਰਨ ਵਿੱਚ ਰੁੱਝੇ ਹੋਏ ਹਨ

12th November 2021 at 9:08 AM

ਜ਼ਮੀਨੀ ਹਕੀਕਤਾਂ ਨੂੰ ਲੁਕਾਉਣਾ ਫਿਰ ਵੀ ਨਾਮੁਮਕਿਨ ਹੈ ਉਨ੍ਹਾਂ ਲਈ 


ਲੁਧਿਆਣਾ: 12 ਨਵੰਬਰ 2021: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::

11 ਨਵੰਬਰ 2021 ਨੂੰ
ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਕੇਂਦਰੀ ਮਜ਼ਦੂਰ ਸੰਗਠਨ ਅਤੇ ਸੁਤੰਤਰ ਫੈਡਰੇਸ਼ਨਾਂ/ਐਸੋਸੀਏਸ਼ਨਾਂ ਦੁਆਰਾ ਸਾਂਝੇ ਤੌਰ 'ਤੇ ਵਰਕਰਾਂ ਦੀ ਰਾਸ਼ਟਰੀ ਕਨਵੈਨਸ਼ਨ ਦਾ ਆਯੋਜਨ  ਕੀਤਾ ਗਿਆ ਸੀ। ਸਰਵਸ਼੍ਰੀ ਸੰਜੇ ਸਿੰਘ (ਇੰਟਕ), ਸੁਕੁਮਾਰ ਦਾਮਲੇ (ਏ.ਆਈ.ਟੀ.ਯੂ.ਸੀ.), ਰਾਜਾ ਸ੍ਰੀਧਰ (ਹਿੰਦ ਮਜ਼ਦੂਰ ਸਭਾ), ਹੇਮਲਤਾ (ਸੀਟੂ), ਆਰ. ਪਰਾਸ਼ਰ (ਏ.ਆਈ.ਯੂ.ਟੀ.ਯੂ.ਸੀ), ਸ਼ਿਵਸ਼ੰਕਰ (ਟੀ.ਯੂ.ਸੀ.ਸੀ), ਫਰੀਦਾ ਜਲਿਸ (ਸੇਵਾਵਾਂ), ਸ਼ੈਲੇਂਦਰ ਕੇ ਸ਼ਰਮਾ (ਏ.ਆਈ.ਸੀ.ਟੀ.ਯੂ), ਆਰ. ਦੇ. ਮੌਰੀਆ (ਐਲ.ਪੀ.ਐਫ), ਨਜ਼ੀਰ ਹੁਸੈਨ (ਯੂ.ਟੀ.ਯੂ.ਸੀ)।
ਕਨਵੈਨਸ਼ਨ ਦੀ ਸ਼ੁਰੂਆਤ ਪਿਛਲੀ ਕਨਵੈਨਸ਼ਨ ਤੋਂ ਬਾਅਦ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਕਾਮਰੇਡਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ- ਜਿਸ ਵਿੱਚ 800 ਦੇ ਕਰੀਬ ਕਿਸਾਨ ਸਾਥੀ ਹਨ ਜੋ ਉਹਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਸ਼ਹੀਦ ਹੋਏ ਸਨ, ਬਹੁਤ ਸਾਰੇ ਕਾਮਰੇਡ ਜੋ ਕਰੋਨਾ ਦੇ ਦੌਰ ਵਿੱਚ ਸ਼ਹੀਦ ਹੋਏ ਸਨ (ਹਾਲ ਹੀ ਵਿੱਚ ਸਾਥੀ ਵੀ. ਸੁੱਬੂਰਾਮਨ, ਐਲ.ਪੀ.ਐਫ.ਪੀ - ਪ੍ਰਧਾਨ) ਜਾਂ ਹੜ੍ਹਾਂ ਜਾਂ ਪਹਾੜੀ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਿੱਚ ਮਾਰੇ ਗਏ ਅਤੇ ਜੋ ਬੇਲੋੜੇ ਤੌਰ 'ਤੇ ਲਿੰਚਿੰਗ ਵਰਗੀਆਂ ਘਟਨਾਵਾਂ ਦਾ ਸ਼ਿਕਾਰ ਹੋਏ। 
ਕਨਵੈਨਸ਼ਨ 'ਚ ਭਾਰਤ ਸਰਕਾਰ ਵੱਲੋਂ ਮੁੱਖ ਤੌਰ 'ਤੇ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ, ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਜਿਸ ਕਾਰਨ ਦੇਸ਼ ਦੀ ਬਹੁਗਿਣਤੀ ਗਰੀਬੀ ਅਤੇ ਭੁੱਖਮਰੀ ਦੇ ਕੰਢੇ 'ਤੇ ਹੈ ਅਤੇ ਦੇਸ਼ ਦੀ ਆਰਥਿਕਤਾ ਡਗਮਗਾ ਰਹੀ ਹੈ | ਇਸ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਵਿਸ਼ੇਸ਼ ਤੌਰ 'ਤੇ ਕਿਹਾ ਗਿਆ ਕਿ ਸੰਘਰਸ਼ ਦਾ ਘੇਰਾ ਸਿਰਫ ਲੋਕਾਂ ਦੀ ਰੋਜ਼ੀ-ਰੋਟੀ ਤੱਕ ਸੀਮਤ ਨਹੀਂ ਰਿਹਾ, ਹੁਣ ਲੋੜ ਹੈ ਸਮੁੱਚੀ ਆਰਥਿਕਤਾ ਨੂੰ ਢਹਿ-ਢੇਰੀ ਹੋਣ ਤੋਂ ਰੋਕਣ, ਦੇਸ਼ ਦੀ ਜਮਹੂਰੀ ਵਿਵਸਥਾ ਨੂੰ ਬਚਾਉਣ ਅਤੇ ਦੇਸ਼ ਦੀ ਵਾਗਡੋਰ ਲੋਕਾਂ ਦੇ ਹੱਥਾਂ 'ਚ ਜਾਣ ਦੀ। ਦੇਸੀ ਅਤੇ ਵਿਦੇਸ਼ੀ ਪ੍ਰਾਈਵੇਟ ਕਾਰਪੋਰੇਟ ਕੰਪਨੀਆਂ ਨੂੰ ਰੋਕਣ ਲਈ ਸਾਨੂੰ ਵੀ ਕਰਨਾ ਪਵੇਗਾ। ਕੰਨਵੈਂਨਸ਼ਨ ਵਿੱਚ ਬੋਲਦਿਆਂ ਅਸ਼ੋਕ ਸਿੰਘ (ਇੰਟਕ), ਅਮਰਜੀਤ ਕੌਰ (ਏ.ਆਈ.ਟੀ.ਯੂ.ਸੀ.), ਹਰਭਜਨ ਸਿੰਘ ਸਿੱਧੂ (ਹਿੰਦ ਮਜ਼ਦੂਰ ਸਭਾ), ਤਪਨ ਸੇਨ (ਸੀਟੂ), ਸਤਿਆਵਾਨ (ਏ.ਆਈ.ਯੂ.ਟੀ.ਯੂ.ਸੀ.), ਜੀ. ਦੇਵਰਾਜਨ (ਟੀ.ਯੂ.ਸੀ.ਸੀ.), ਸੋਨੀਆ ਜਾਰਜ (ਸੇਵਾ), ਸਮੇਤ ਸਾਰੇ ਬੁਲਾਰਿਆਂ ਨੇ ਡਾ. ਰਾਜੀਵ ਡਿਮਰੀ (ਏ.ਆਈ.ਸੀ.ਸੀ.ਟੀ.ਯੂ.), ਜੇ.ਪੀ. ਸਿੰਘ (ਐਲ.ਪੀ.ਐਫ.), ਸ਼ਤਰੂਜੀਤ ਸਿੰਘ (ਯੂ.ਟੀ.ਯੂ.ਸੀ.) ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਵਿਚ ਜਿਸ ਲਾਪਰਵਾਹੀ ਨਾਲ ਵਿਵਹਾਰ ਕੀਤਾ, ਜਦੋਂ ਜਨਤਾ ਉਸ ਸੰਕਟ ਦਾ ਸਾਹਮਣਾ ਕਰ ਰਹੀ ਸੀ, ਉਦੋਂ ਜਲਦੀ ਨਾਲ ਲੋਕ ਸਭਾ ਵਿਚ ਬਿਨਾਂ ਕਿਸੇ ਚਰਚਾ ਦੇ ਚਾਰ ਲੇਬਰ ਕੋਡ ਅਤੇ ਤਿੰਨ ਕਾਲੇ ਖੇਤੀ ਕਨੂੰਨ  ਪਾਸ ਕਰ ਦਿੱਤੇ ਗਏ ਸਨ ਅਤੇ ਹੁਣ ਨਿੱਜੀਕਰਨ ਦੀ ਦੌੜ ਵਿਚ ਲੱਗ ਗਏ ਹਨ - ਜਨਤਕ ਪੈਸੇ ਨਾਲ ਪਿਛਲੇ ਸੱਤਰ ਸਾਲਾਂ ਵਿਚ ਸਥਾਪਿਤ ਕੀਤੇ ਗਏ ਜਨਤਕ ਉਦਯੋਗਾਂ ਨੂੰ ਵੇਚ ਕੇ, ਜਾਂ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਦੇ ਨਾਮ 'ਤੇ ਕਿਰਾਏ 'ਤੇ ਦਿੱਤਾ ਜਾ ਰਿਹਾ ਹੈ। ਇਸ ਦਾ ਆਮ ਲੋਕਾਂ 'ਤੇ ਬਹੁਤ ਬੁਰਾ ਪ੍ਰਭਾਵ ਪਵੇਗਾ- ਇਕ ਤਾਂ ਮਹਿੰਗਾਈ ਬੇਹਿਸਾਬ ਵਧੇਗੀ ਅਤੇ ਪੱਛੜੀਆਂ ਜਾਤੀਆਂ ਅਤੇ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ ਘਟ ਜਾਣਗੇ।
ਹੁਣ ਕਈ ਰਾਜਾਂ ਵਿੱਚ ਚੋਣਾਂ ਆ ਰਹੀਆਂ ਹਨ, ਇਸ ਲਈ ਬੀ.ਜੇ.ਪੀ.ਵਾਲੇ ਆਪਣੀਆਂ "ਪ੍ਰਾਪਤੀਆਂ" ਦੀ ਸ਼ੇਖੀ ਮਾਰਨ ਵਿੱਚ ਰੁੱਝੇ ਹੋਏ ਹਨ। ਜਦੋਂ ਕਿ ਜ਼ਮੀਨੀ ਪੱਧਰ ਦੀ ਅਸਲੀਅਤ ਨੂੰ ਛੁਪਾਉਣਾ ਉਨ੍ਹਾਂ ਲਈ ਅਸੰਭਵ ਹੈ-ਜਿਵੇਂ ਕਿ ਭੁੱਖਮਰੀ ਦੇ ਮਾਮਲੇ ਵਿੱਚ, ਭਾਰਤ ਗਲੋਬਲ ਹੰਗਰ ਇੰਡੈਕਸ ਵਿੱਚ 106 ਦੇਸ਼ਾਂ ਦੀ ਸੂਚੀ ਵਿੱਚ 101 ਨੰਬਰ 'ਤੇ ਹੈ। ਅੱਜ ਦੇਸ਼ ਵਿੱਚ ਜਾਤ-ਪਾਤ ਦੇ ਨਾਂ ’ਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਜਾਣ ਬੁੱਝ ਕੇ ਇਸ ਨੂੰ ਅਣਗੌਲਿਆ ਕਰ ਰਹੀ ਹੈ। ਇਹ ਸਾਡੇ ਦੇਸ਼ ਲਈ ਇੱਕ ਨਵਾਂ ਸੰਕਟ ਹੈ, ਜਿਸਦਾ ਅਸੀਂ ਪਹਿਲਾਂ ਅਨੁਭਵ ਨਹੀਂ ਕੀਤਾ ਸੀ।
ਕਨਵੈਨਸ਼ਨ ਨੇ ਉਨ੍ਹਾਂ ਮੰਗਾਂ ਨੂੰ ਦੁਹਰਾਇਆ ਜੋ ਇਸ ਤੋਂ ਪਹਿਲਾਂ ਕੀਤੀਆਂ ਗਈਆਂ ਸਨ, ਪਰ ਜਨਤਕ ਮਹੱਤਤਾ ਵਾਲੀਆਂ ਹਨ। ਜਿਵੇਂ ਕਿ - ਲੇਬਰ ਕੋਡ ਨੂੰ ਖਤਮ ਕਰਨਾ, ਖੇਤੀਬਾੜੀ ਐਕਟ ਅਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਨਾ, ਕਿਸੇ ਵੀ ਰੂਪ ਵਿੱਚ ਨਿੱਜੀਕਰਨ ਦੇ ਵਿਰੁੱਧ ਅਤੇ ਐਨ.ਐਮ.ਪੀ., ਆਮਦਨ ਕਰ ਭੁਗਤਾਨ ਦੇ ਦਾਇਰੇ ਤੋਂ ਬਾਹਰ ਪਰਿਵਾਰਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਆਮਦਨ ਅਤੇ ਭੋਜਨ ਸਹਾਇਤਾ, ਮਨਰੇਗਾ ਲਈ ਅਲਾਟਮੈਂਟ ਵਿੱਚ ਵਾਧਾ ਅਤੇ ਸ਼ਹਿਰੀ ਖੇਤਰਾਂ ਵਿੱਚ ਰੁਜ਼ਗਾਰ ਗਾਰੰਟੀ ਯੋਜਨਾ ਦਾ ਵਿਸਤਾਰ, ਸਾਰੇ ਗੈਰ ਰਸਮੀ ਖੇਤਰ ਦੇ ਵਰਕਰਾਂ ਲਈ ਵਿਸ਼ਵਵਿਆਪੀ ਸਮਾਜਿਕ ਸੁਰੱਖਿਆ, ਆਂਗਣਵਾੜੀ ਸੰਵਿਧਾਨਕ ਘੱਟੋ-ਘੱਟ ਉਜਰਤ ਅਤੇ ਆਸ਼ਾ ਲਈ ਸਮਾਜਿਕ ਸੁਰੱਖਿਆ। ਮਿਡ-ਡੇ-ਮੀਲ ਸਕੀਮ ਵਰਕਰ, ਮਹਾਂਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਨ ਵਾਲੇ ਫਰੰਟ ਲਾਈਨ ਵਰਕਰਾਂ ਲਈ ਸੁਰੱਖਿਆ ਬੀਮਾ ਸਹੂਲਤਾਂ, ਰਾਸ਼ਟਰੀ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਅਤੇ ਸੁਧਾਰਨ ਲਈ ਅਮੀਰਾਂ 'ਤੇ ਟੈਕਸ, ਆਦਿ। ਖੇਤੀਬਾੜੀ, ਸਿੱਖਿਆ, ਸਿਹਤ ਅਤੇ ਹੋਰ ਮਹੱਤਵਪੂਰਨ ਜਨਤਕ ਸਹੂਲਤਾਂ ਵਿੱਚ ਜਨਤਕ ਨਿਵੇਸ਼ ਨੂੰ ਵਧਾਉਣਾ , ਪੈਟਰੋਲੀਅਮ ਉਤਪਾਦਾਂ 'ਤੇ ਕੇਂਦਰੀ ਆਬਕਾਰੀ ਡਿਊਟੀ ਵਿੱਚ ਕਮੀ ਅਤੇ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਠੋਸ ਉਪਚਾਰਕ ਉਪਾਅ ਆਦਿ।
ਕਨਵੈਨਸ਼ਨ ਵਿੱਚ ਉਨ੍ਹਾਂ ਦੇਸ਼ ਦੇ ਵਰਕਰਾਂ ਨੂੰ ਇਸ ਕਨਵੈਨਸ਼ਨ ਦਾ ਸੁਨੇਹਾ ਹਰ ਪਿੰਡ ਅਤੇ ਕਸਬੇ ਵਿੱਚ ਮਿਹਨਤ ਅਤੇ ਲਗਨ ਨਾਲ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। "ਲੋਕ ਬਚਾਓ, ਦੇਸ਼ ਬਚਾਓ" ਦਾ ਨਾਅਰਾ ਬੁਲੰਦ ਕਰਨ ਲਈ ਸਾਲ 2022 ਵਿੱਚ ਲੋਕ ਸਭਾ ਦੇ ਬਜਟ ਸੈਸ਼ਨ ਵਿੱਚ ਦੋ ਦਿਨ ਦੀ ਮੁਕੰਮਲ ਹੜਤਾਲ ਦੀ ਤਿਆਰੀ ਕਰੋ।