Thursday, June 25, 2020

ਸੀਪੀਆਈ ਲੁਧਿਆਣਾ ਦੇ ਉੱਘੇ ਆਗੂ ਕਾਮਰੇਡ ਓਮ ਪ੍ਰਕਾਸ਼ ਮਹਿਤਾ ਨਹੀਂ ਰਹੇ

 ਉਹਨਾਂ ਦੀ ਯਾਦ ਵਿੱਚ ਵੈਬੀਨਾਰ ਰਾਹੀਂ ਕੀਤੀ ਗਈ ਸੋਗ ਸਭਾ  
ਰਾਜਪੁਰਾ//ਲੁਧਿਆਣਾ: 25 ਜੂਨ 2020: (ਕਾਮਰੇਡ ਸਕਰੀਨ )::
ਸਾਥੀ  ਓ ਪੀ ਮਹਿਤਾ ਹੁਣ ਨਹੀਂ ਰਹੇ ਸਾਡੇ ਦਰਮਿਆਨ 
ਦੁਸ਼ਮਨ ਨਾਲ ਵੀ ਹੱਸ ਕੇ ਗੱਲ ਕਰ ਲੈਣੀ .ਵਿਰੋਧੀ ਧਿਰ ਵਾਲੇ ਨੂੰ ਵੀ ਚਾਹ ਪਾਣੀ ਦੀ ਸੁਲਾਹ ਮਾਰ ਲੈਣੀ ਇਹ ਖੂਬੀਆਂ ਬਹੁਤ ਘੱਟ ਲੋਕਾਂ ਵਿੱਚ ਹੁੰਦੀਆਂ ਹਨ। ਕਾਮਰੇਡ ਓਮ ਪ੍ਰਕਾਸ਼ ਮਹਿਤਾ ਵਿੱਚ ਇਹ ਸਭ ਖੂਬੀਆਂ ਸਨ। ਹੁਣ ਨਾ ਸਾਡੇ ਕੋਲ ਮਹਿਤਾ ਜੀ ਰਹੇ ਅਤੇ ਨਾ ਹੀ ਇਹ ਖੂਬੀਆਂ। ਚੰਗੀ ਸ਼ਖ਼ਸੀਅਤ ਵਾਲਾ ਇੱਕ ਹੋਰ ਇਨਸਾਨ ਇਸ ਦੁਨੀਆ ਤੋਂ ਦੂਰ ਚਲਾ ਗਿਆ। ਅਤਿ ਦੇ ਔਖੇ ਵੇਲਿਆਂ ਵਿੱਚ ਟਰੇਡ ਯੂਨੀਅਨ ਲਹਿਰ ਦੇ ਸੰਘਰਸ਼ਾਂ ਨੂੰ ਲੜਨ ਵਾਲੇ ਕਾਮਰੇਡ ਓਮ ਪ੍ਰਕਾਸ਼ ਮਹਿਤਾ ਹੁਣ ਸਾਡੇ ਦਰਮਿਆਨ ਨਹੀਂ ਰਹੇ।  
ਭਾਰਤੀ ਕਮਿਊਨਿਸਟ ਪਾਰਟੀ ਦੇ ਇਸ ਉੱਘੇ ਅਤੇ ਸਰਗਰਮ ਆਗੂ ਐਡਵੋਕੇਟ ਓਮ ਪ੍ਰਕਾਸ਼ ਮਹਿਤਾ ਦਾ ਦਿਹਾਂਤ ਹੋ ਗਿਆ ਹੈ। ਉਹ ਇਨੀਂ ਦਿਨੀਂ ਰਾਜਪੁਰਾ ਵਿਖੇ ਆਪਣੀ ਬੇਟੀ ਦੇ ਕੋਲ ਰਹਿ ਰਹੇ ਸਨ, ਜਿੱਥੇ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ  ਗਿਆ। ਉਹਨਾਂ ਦਾ ਸੰਸਕਾਰ ਕੱਲ ਰਾਜਪੁਰਾ ਵਿਖੇ ਹੀ ਕਰ ਦਿੱਤਾ ਗਿਆ। ਲਾਕ ਡਾਊਨ ਦੀਆਂ ਮਜਬੂਰੀਆਂ ਅਤੇ ਗਰਮੀ ਦੀ ਅਤਿ ਨੇ ਉਹਨਾਂ ਦੀ ਦੇਹ ਨੂੰ ਲੁਧਿਆਣਾ ਦੀ ਖ਼ਾਕ ਵਿੱਚ ਖ਼ਾਕ ਨਾ ਹੋਣ ਦਿੱਤਾ। ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਚਾਹੁਣ ਵਾਲਿਆਂ ਤੋਂ ਦੂਰ ਕਰਨਾ ਇੱਕ ਮਜਬੂਰੀ ਬਣ ਗਈ ਸੀ। 
ਇਥੇ ਉਹਨਾਂ ਦੇ ਚਾਹੁਣ ਵਾਲਿਆਂ ਵਿੱਚ ਕਾਮਰੇਡ ਵਿਜੇ, ਕਾਮਰੇਡ ਸੁਭਾਸ਼, ਕਾਮਰੇਡ ਭਰਤ ਸਿੰਘ ਅਤੇ ਕਈ ਹੋਰ ਸਾਥੀ ਭਰੀਆਂ ਅੱਖਾਂ ਨਾਲ ਵਿਚਰਦੇ ਦੇਖੇ ਗਏ। ਕਾਮਰੇਡ ਸੁਭਾਸ਼ ਤਾਂ ਸਦਮੇ ਵੱਜੋਂ ਕਾਫੀ ਦੇਰ ਤਕ ਢੋਲੇਵਾਲ ਚੌਂਕ ਦੇ ਇਲਾਕੇ ਵਿੱਚ ਆ ਕੇ ਬੈਠਾ ਉਹਨਾਂ ਦੀ ਤਸਵੀਰ ਨੂੰ ਦੇਖਦਾ ਰਿਹਾ। ਕਾਮਰੇਡ ਸੁਭਾਸ਼ ਨੇ ਸ਼ਾਇਦ ਉਹਨਾਂ ਨਾਲ ਸਭਨਾਂ ਤੋਂ ਜ਼ਿਆਦਾ ਲੰਮਾ ਸਮਾਂ ਗੁਜ਼ਾਰਿਆ। ਇੱਕ ਕੇਸ ਇੱਕ ਕੇਸ ਅਤੇ ਉਸਦਾ ਪਿਛੋਕੜ ਸ਼ਾਇਦ ਸੁਭਾਸ਼ ਹੀ ਜਾਣਦਾ ਹੈ। ਹਰ ਵੇਲੇ ਉਹਨਾਂ ਦੇ ਨਿਜੀ ਸਹਾਇਕ ਵੱਜੋਂ ਵਿਚਰਨ ਵਾਲਾ ਸੁਭਾਸ਼ ਉਹਨਾਂ ਦੀ ਸੱਜੀ ਬਾਂਹ ਵਾਂਗ ਹੀ ਸੀ। ਕਈ ਵਾਰ ਝਿੜਕਾਂ ਵੀ ਸੁਣੀਆਂ ਪਰ ਕਾਮਰੇਡ ਮਹਿਤਾ ਦਾ ਸਾਥ ਕਦੇ ਨਾ ਛੱਡਿਆ। ਹੁਣ ਮਹਿਤਾ ਜੀ ਦੀ ਮੌਤ ਨੇ ਇਹ ਸਾਥ ਹਮੇਸ਼ਾਂ ਲਈ ਛੁਡਵਾ ਦਿੱਤਾ। 
ਪੇਸ਼ੇ ਵੱਜੋਂ ਤਾਂ ਕਾਮਰੇਡ ਮਹਿਤਾ ਮਹਿਤਾ ਵਕੀਲ ਸਨ ਪਰ ਸਿਆਸੀ ਮੰਚ ਤੇ ਉਹ ਕਾਫੀ ਲੰਮਾ ਸਮਾਂ ਪਾਰਟੀ ਦੀ ਲੁਧਿਆਣਾ ਇਕਾਈ ਦੇ ਸਿਟੀ ਸਕੱਤਰ ਰਹੇ। ਲੰਮਾ ਕਦ, ਗੋਰਾ ਚਿੱਟਾ ਰੰਗ--ਇੱਕ ਵੱਖਰੀ ਜਿਹੀ ਪਰਸਨੈਲਿਟੀ ਸੀ ਉਹਨਾਂ ਦੀ। ਸ਼ਕਲੋਂ ਉਹ ਕਦੇ ਕਦੇ ਇੱਕ ਵਿਦੇਸ਼ੀ ਕਾਮਰੇਡ ਲੱਗਦੇ। 
ਉਹਨਾਂ ਦੀ ਯਾਦ ਵਿੱਚ ਅਫ਼ਸੋਸ ਵਜੋਂ ਪਾਰਟੀ ਦਾ ਝੰਡਾ ਪਾਰਟੀ ਦਫਤਰ ਵਿਖੇ ਨੀਵਾਂ ਕੀਤਾ ਗਿਆ। ਅੱਜ ਪਾਰਟੀ ਆਗੂ ਡਾ ਅਰੁਣ ਮਿੱਤਰਾ, ਕਾਮਰੇਡ ਡੀ ਪੀ ਮੌੜ ਅਤੇ ਕਾਮਰੇਡ ਰਮੇਸ਼ ਰਤਨ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਰਾਜਪੁਰਾ ਵਿਖੇ ਗਏ। ਪਾਰਟੀ ਦੀ ਲੁਧਿਆਣਾ ਇਕਾਈ ਨੇ ਵੈਬੀਨਾਰ ਤੇ ਮੀਟਿੰਗ ਕਰਕੇ ਉਨ੍ਹਾਂ ਦੇ ਪ੍ਰਤੀ ਸ਼ਰਧਾਂਜਲੀ ਵਜੋਂ  ਸ਼ੋਕ ਦਾ ਮਤਾ ਵੀ ਪਾਸ ਕੀਤਾ ਹੈ। 
ਏਟਕ ਲਈ ਕੰਮ ਕਰਦਿਆਂ ਉਹਨਾਂ ਦੇ ਕਾਰਜਕਾਲ ਦੌਰਾਨ ਬਹੁਤ ਸਾਰੇ ਉਤਰਾਅ ਚੜ੍ਹਾਅ ਆਏ ਪਰ ਉਹ ਅਡੋਲ ਰਹਿ ਕੇ ਕੰਮ ਕਰਦੇ ਰਹੇ। ਵਿਰੋਧੀ ਟਰੇਡ ਯੂਨੀਅਨਾਂ ਦੀਆਂ ਸਾਜ਼ਿਸ਼ਾਂ, ਪੂੰਜੀਪਤੀਆਂ ਦਾ ਦਬਾਅ, ਸਰਕਾਰਾਂ ਦੇ ਦਾਬੇ--ਪਰ ਕਾਮਰੇਡ ਮਹਿਤਾ ਹਰ ਮਾਮਲੇ ਵਿੱਚ ਡਟੇ ਰਹੇ। ਵਕਾਲਤ ਦੇ ਨਾਲ ਨਾਲ ਮਜ਼ਦੂਰਾਂ ਅਤੇ ਕਾਮਰੇਡਾਂ ਦੇ ਕੇਸਾਂ ਵਿੱਚ ਉਹਨਾਂ ਦੀ ਕਾਨੂੰਨੀ ਮਦਦ ਕਰਨੀ ਉਹਨਾਂ ਦੇ ਸੁਭਾਅ ਵਿੱਚ ਸ਼ਾਮਲ ਸੀ। ਗੁੱਸੇ ਵਿੱਚ ਆਏ ਵਿਰੋਧੀ ਵਿਅਕਤੀ ਨੂੰ ਵੀ ਆਪਣੀਆਂ ਮਿਠਾਸ ਭਰੀਆਂ ਗੱਲਾਂ ਨਾਲ ਆਪਣਾ ਬਣਾ ਕੇ ਸ਼ਾਨ ਕਰਨਾ ਉਹਨਾਂ ਨੂੰ ਬਾਖੂਬੀ ਆਉਂਦਾ ਸੀ। ਪਾਰਟੀ ਹਲਕਿਆਂ ਦੇ ਨਾਲ ਨਾਲ ਵਕੀਲਾਂ ਦੇ ਹਲਕਿਆਂ ਵਿੱਚ ਵੀ ਉਹਨਾਂ ਦੇ ਦੇਹਾਂਤ ਕਾਰਨ ਸੋਗ ਦੀ ਲਹਿਰ ਰਹੀ। 
ਜਿਸ ਟੁੱਟੀ ਭੱਜੀ ਖਸਤਾਹਾਲ ਇਮਾਰਤ ਵਿੱਚ ਉਹਨਾਂ ਲਗਾਤਾਰ ਏਟਕ ਦਾ ਦਫਤਰ ਚਲਾਇਆ ਉਸ ਇਲਾਕੇ ਢੋਲੇਵਾਲ ਵਿੱਚ ਵੀ ਉਹਨਾਂ ਦੇ ਦੇਹਾਂਤ ਦੀ ਖਬਰ ਸੁਣ ਕੇ ਸੋਗ ਦੀ ਲਹਿਰ ਰਹੀ। ਉਹਨਾਂ ਦੇ ਨੇੜਲੇ ਸਾਥੀਆਂ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਸਨ। ਦੇਹਾਂਤ ਦੇ ਸਮੇਂ ਉਹਨਾਂ ਦੀ ਉਮਰ 85 ਸਾਲਾਂ ਦੀ ਸੀ। ਜ਼ਿਕਰਯੋਗ ਹੈ ਕਿ ਉਹਨਾਂ ਦਾ ਜਨਮ ਜ਼ਿਲਾ ਮਿੰਟਗੁਮਰੀ (ਪਾਕਿਸਤਾਨ) ਦੇ ਪਿੰਡ ਦਾਦਰ ਖ਼ਾਨ ਵਿਖੇ 11 ਜੂਨ 1935 ਨੂੰ ਹੋਇਆ ਸੀ। 
ਦਿਲਚਸਪ ਗੱਲ ਹੈ ਕਿ ਉਹਨਾਂ ਨੇ ਗਿਆਨੀ ਦਾ ਇਮਤਿਹਾਨ ਲੁਧਿਆਣਾ ਦੇ ਓਕਾੜਾ ਕਾਲਜ ਵਿੱਚ ਗਿਆਨੀ ਗੁਰਬਖਸ਼ ਸਿੰਘ ਦੀ ਸਰਪ੍ਰਸਤੀ ਹੇਠ ਪੜ੍ਹਾਈ ਕਰਕੇ ਮਿਸਾਲੀ ਸਫਲਤਾ ਨਾਲ ਪਾਸ ਕੀਤਾ। ਜਦੋਂ ਇਸ ਸਫਲਤਾ ਕਾਰਨ ਉਹਨਾਂ ਦੀ ਫੋਟੋ ਸਾਰੀਆਂ ਪ੍ਰਮੁੱਖ  ਅਖਬਾਰਾਂ ਵਿੱਚ ਛਪੀ ਤਾਂ ਉਸ ਸਮੇਂ ਉਹ ਪਾਰਟੀ ਦੇ ਕਿਸੇ ਸੰਘਰਸ਼ ਕਾਰਨ ਅੰਡਰ ਗਰਾਊਂਡ ਹੋਏ ਹੋਏ ਸਨ। ਅਖਬਾਰ ਵਿੱਚ ਛਪੀ ਇਸ ਫੋਟੋ  ਨੇ ਉਹਨਾਂ ਦੀ ਸ਼ਨਾਖਤ ਆਮ ਕਰ ਦਿੱਤੀ। ਉਹ ਇਹ ਗੱਲ ਬੜੇ ਮੂਡ ਵਿੱਚ ਆਉਣ ਤੇ ਹੀ ਸੁਣਾਇਆ ਕਰਦੇ ਸਨ। 
ਜਦੋਂ ਪੰਜਾਬ ਵਿੱਚ ਗੋਲੀ ਵਾਲੀ ਸਿਆਸਤ ਤਿੱਖੀ ਹੋਈ ਤਾਂ ਉਦੋਂ ਦਾ ਸਮਾਂ ਬੇਹੱਦ ਨਾਜ਼ੁਕ ਸੀ। ਗਰੀਬਾਂ ਅਤੇ ਮਜ਼ਦੂਰਾਂ ਦੇ ਹੱਕ ਵਿੱਚ  ਫੈਸਲੇ ਲੈਣ ਲਈ ਜਦੋਂ ਦਿਨਰਾਤ ਮਿਹਨਤਾਂ ਕਰਨੀਆਂ ਪੈਂਦੀਆਂ ਤਾਂ ਕਈ ਮਾਲਕ ਧਮਕੀਆਂ ਵੀ ਦੇਂਦੇ। ਪਤਾ ਹੈ ਨਾ ਅਸੀਂ ਖਾੜਕੂਆਂ ਦੇ ਬੰਦੇ ਹਾਂ...! ਅਜਿਹੇ ਹਾਲਾਤ ਵਿੱਚ ਵੀ ਉਹਨਾਂ ਨੇ ਮਜ਼ਦੂਰਾਂ ਦੀਆਂ ਉਜਰਤਾਂ ਅਤੇ ਕੰਮ ਵਾਲੇ ਘੰਟਿਆਂ ਦੇ ਨਾਲ ਨਾਲ ਕੰਮ ਦੀਆਂ ਹਾਲਤਾਂ ਲਈ ਵੀ ਸੰਘਰਸ਼ ਕੀਤਾ। ਅਫਸੋਸ ਹੈ ਕਿ ਅਜੇ ਤੱਕ ਇਹਨਾਂ ਕੰਮਾਂ ਨੂੰ ਕਿਤਾਬੀ ਜਾਂ ਕਿਸੇ ਹੋਰ ਰੂਪ ਵਿੱਚ ਸਾਂਭਿਆ ਨਹੀਂ ਜਾ ਸਕਿਆ। ਕਮਿਊਨਿਸਟਾਂ ਸਰ ਆਏ ਦਿਨ ਪੈਂਦੀਆਂ ਜ਼ਿੰਮੇਵਾਰੀਆਂ ਅਤੇ ਆਰਥਿਕ ਮਜਬੂਰੀਆਂ ਨੇ ਬੜੇ ਕੰਮ ਰੋਕੇ। ਹੁਣ ਇਹਨਾਂ ਦਿਨਾਂ ਵਿੱਚ ਹੀ ਉਹਨਾਂ ਬਾਰੇ ਇੱਕ ਦਸਤਾਵੇਜ਼ੀ ਫਿਲਮ ਬਣਾਉਣ ਦੀ ਯੋਜਨਾ ਬਣੀ, ਕੁਝ ਕੁ ਸ਼ੂਟਿੰਗ ਕੀਤੀ ਵੀ ਗਈ ਪਰ ਗੱਲ ਸਿਰੇ ਨਾ ਚੜ੍ਹੀ। ਉਹਨਾਂ ਦੇ ਤੁਰ ਜਾਂ ਮਗਰੋਂ ਹੁਣ ਅਸੀਂ ਸਾਰੀਆਂ ਨੇ ਉਹਨਾਂ ਦੀਆਂ ਆਦਾਨ ਨਾਲ ਗੱਲਾਂ ਕਰਨੀਆਂ ਹਨ ਅਤੇ ਕਰਾਂਗੇ ਵੀ। ਸਿੱਧੇ ਬਾਵਜੂਦ ਇਕੱਕ ਅਪੀਲ ਕਿ ਜੇ ਕਿਸੇ ਕੋਲ ਮਹਿਤਾ ਜੀ ਦੀ ਕੋਈ ਤਸਵੀਰ, ਕੋਈ ਲਿਖਤ ਜਾਂ ਆਡੀਓ ਵੀਡੀਓ ਵਰਗੀ ਯਾਦ ਪਈ ਹੋਵੇ ਤਾਂ ਉਹ ਉਸਦੀ ਕਾਪੀ ਸਾਨੂੰ ਪਹੁੰਚਾਏ। ਅਸੀਂ ਬਹੁਤ ਧੰਨਵਾਦੀ ਹੋਵਾਂਗੇ। 
ਲਾਲ ਦਾਇਰੇ ਵਾਲੀ ਜਿਹੜੀ ਤਸਵੀਰ ਤੁਸੀਂ ਖਬਰ ਦੇ ਉੱਪਰ ਦੇਖ ਰਹੇ ਹੋ ਉਹ ਅਸਲ ਵਿੱਚ ਉਸ ਮੀਟਿੰਗ ਦੀ ਹੈ ਜਿਸ ਵਿੱਚ ਭਾਰਤੀ ਮਜ਼ਦੂਰ ਸੰਘ ਦੇ ਆਗੂਆਂ ਨੇ ਪਹਿਲੀ ਸਤੰਬਰ 2015 ਵਾਲੀ ਸਾਂਝੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਆਪਣਾ ਹੀ ਫੈਸਲਾ ਬਦਲ ਲਿਆ ਸੀ ਅਤੇ ਹੜਤਾਲ ਵਿੱਚ ਸ਼ਾਮਲ ਨਹੀਂ ਹੋਏ। ਇਹ ਤਿਆਰੀ ਮੀਟਿੰਗ 27 ਅਗਸਤ 2015 ਨੂੰ ਲੁਧਿਆਣਾ ਵਾਲੇ ਪਾਰਟੀ ਦਫਤਰ ਵਿੱਚ ਹੋਈ ਸੀ।  ਤੁਸੀਂ ਉਹ ਖਬਰ ਵੀ ਪੜ੍ਹ ਸਕਦੇ ਹੋ ਸਿਰਫ ਇਥੇ ਕਲਿੱਕ ਕਰਕੇ। 

Saturday, June 20, 2020

CPI ਵੱਲੋਂ ਲੋਕ ਮੰਗਾਂ ਲਈ ਤਿੱਖੇ ਸੰਘਰਸ਼ਾਂ ਦੀ ਤੂਫ਼ਾਨੀ ਤਿਆਰੀ ਹੋਰ ਤੇਜ਼

20th June 2020 at 5:52 PM
 CPI  ਦੀ ਸੂਬਾ ਕਾਰਜਕਾਰਣੀ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ 
ਚੰਡੀਗੜ੍ਹ//ਲੁਧਿਆਣਾ: 20 ਜੂਨ 2020: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::
ਕਮਿਊਨਿਸਟ ਪਾਰਟੀ ਨੇ ਪੈਟਰੋਲ-ਡੀਜ਼ਲ ਦੀਆਂ 13 ਦਿਨਾਂ ਤੋਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਵਿਰੁਧ, ਯੂਪੀ ਦੀ ਸਰਕਾਰ ਵਲੋਂ ਪੰਜਾਬੀ ਕਿਸਾਨਾਂ ਦੇ ਉਜਾੜੇ ਵਿਰੁਧ, ਭਾਜਪਾ ਸਰਕਾਰ ਦੇ ਫਾਸ਼ੀਵਾਦੀ ਹਮਲਿਆਂ ਵਿਚ ਝੂਠੇ ਕੇਸਾਂ ਅਧੀਨ ਗਿ੍ਰਫਤਾਰ ਕੀਤੇ ਗਏ ਜਮਹੂਰੀ ਅਤੇ ਮਾਨਵੀ ਅਧਿਕਾਰਾਂ ਦੇ ਕਾਰਕੁਨਾਂ ਦੀ ਰਿਹਾਈ ਲਈ, ਸਿਹਤ, ਸਿੱਖਿਆ ਅਤੇ ਰੁਜ਼ਗਾਰ ਲਈ, ਦੇਸ ਦੀ ਪ੍ਰਭੂਸੱਤਾ ਤੇ ਅਖੰਡਤਾ ਦੀ ਰਾਖੀ ਕਰਦਿਆਂ ਸਰਹੱਦੀ ਝਗੜਿਆਂ ਦੇ ਆਪਸੀ ਗੱਲਬਾਤ ਰਾਹੀਂ ਹੱਲ ਲਈ, ਕਿਰਤੀ ਕਾਨੂੰਨਾਂ ਉਤੇ ਹਮਲਿਆਂ ਵਿਰੁਧ, ਕਿਸਾਨਾਂ ਵਿਰੋਧੀ  ਤਿੰਨ ਆਰਡੀਨੈਂਸਾਂ ਦੀ ਵਾਪਸੀ ਲਈ, ਮਨਰੇਗਾ ਦੀਆਂ ਮੰਗਾਂ ਲਈ ਅਤੇ ਲੋਕਾਂ ਦੀਆਂ ਦੂਜੀਆਂ ਭੱਖਦੀਆਂ ਮੰਗਾਂ ਲਈ ਅੱਜ ਤੋਂ ਹਫਤਾ ਭਰ ਰੋਸ ਐਕਸ਼ਨਾਂ ਦਾ ਸੱਦਾ ਦਿਤਾ ਹੈ।
ਸੀਪੀਆਈ ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਅੱਜ ਲੁਧਿਆਣਾ ਪਾਰਟੀ ਦਫਤਰ ਵਿਚ ਪਾਰਟੀ ਦੀ ਸੂਬਾ ਕਾਰਜਕਾਰਣੀ ਦੀ ਕੋਰੋਨਾ ਸੰਕਟ ਕਾਰਨ ਸਾਢੇ ਤਿੰਨ ਮਹੀਨਿਆਂ ਬਾਅਦ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕ ਵਿਧਾਇਕ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਦਸਿਆ ਕਿ ਅਜੋਕੀ ਲਾਮਿਸਾਲ ਕੋਰੋਨਾ ਸੰਕਟ ਦੀ ਹਾਲਤ ਵਿਚ ਪਾਰਟੀ ਦੀ ਮੀਟਿੰਗ ਈਸੜੂ ਭਵਨ ਲੁਧਿਆਣਾ ਵਿਖੇ ਪੂਰੇ ਸੈਨੇਟਾਈਜਰ, ਸਮਾਜਿਕ ਦੂਰੀ ਤੇ ਅਤੇ ਮਾਸਕ ਪਹਿਨਕੇ ਹੋਈ ਅਤੇ ਦਫਤਰ ਤੇ ਹਾਲ ਨੂੰ ਪਹਿਲਾਂ ਕਾਮਰੇਡ ਡੀ.ਪੀ. ਮੌੜ ਦੀ ਅਗਵਾਈ ਵਿਚ ਲੁਧਿਆਣਾ ਪਾਰਟੀ ਦੇ ਸਾਥੀਆਂ ਨੇ ਪੂਰੀ ਤਰ੍ਹਾਂ  ਸੈਨੇਟਾਈਜ ਕਰ ਦਿਤਾ ਸੀ। 
ਮੀਟਿੰਗ ਵਿਚ ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਅਜੋਕੀ ਕੌਮੀ ਅਤੇ ਖਾਸ ਕਰਕੇ ਪੰਜਾਬ ਦੀ ਗੰਭੀਰ ਸਥਿਤੀ ਉੇਤੇ ਰਿਪੋਰਟ ਪੇਸ਼ ਕੀਤੀ ਅਤੇ ਕੋਵਿਡ-19 ਕਾਰਨ ਲਾਕਡਾਊਨ ਦੀਆਂ ਹਾਲਤਾਂ ਵਿਚ ਪਾਰਟੀ ਸਾਥੀਆਂ ਵਲੋਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਕੀਤੀ ਸਰਗਰਮੀ ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਹਨਾਂ ਪ੍ਰਤੀ ਕੇਂਦਰੀ ਤੇ ਸੂਬਾ ਸਰਕਾਰਾਂ ਵਲੋਂ ਦਿਖਾਈ ਮੁਜਰਮਾਨਾ ਲਾਪ੍ਰਵਾਹੀ ਦੀ ਨਿਖੇਧੀ ਕੀਤੀ ਅਤੇ ਇਸ ਉਤੇ ਧਿਆਨ ਖਿੱਚਣ ਲਈ ਸੀਪੀਆਈ ਅਤੇ 9 ਖੱਬੀਆਂ ਪਾਰਟੀਆਂ ਨੇ ਪ੍ਰਸਥਿਤੀ ਮੁਤਾਬਕ ਰੋਸ ਪ੍ਰਦਰਸ਼ਨ ਕੀਤੇ। ਟਰੇਡ ਯੂਨੀਅਨਾਂ ਨੇ ਕਿਰਤੀ ਕਾਨੂੰਨਾਂ ਉਤੇ ਹਮਲਿਆਂ ਵਿਰੁਧ ਸਾਂਝਾ ਐਕਸ਼ਨ ਕੀਤਾ। ਪ੍ਰਗਤੀਸ਼ੀਲ ਲੇਖਕਾਂ ਨੇ ਜਮਹੂਰੀ ਕਾਰਕੁਨਾਂ ਦੀ ਰਿਹਾਈ ਲਈ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਕਾਰਵਾਈਆਂ ਕੀਤੀਆਂ।
ਮੀਟਿੰਗ ਨੇ ਲਦਾਖ ਸਰਹੱਦ ਉਤੇ ਗਲਵਾਨ ਘਾਟੀ ਵਿਚ ਚੀਨੀ ਹਮਲਾਵਰਾਂ ਤੋਂ ਦੇਸ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰਦਿਆਂ ਸ਼ਹੀਦ ਹੋਏ 20 ਫੌਜੀਆਂ ਜਿਹਨਾਂ ਵਿਚ ਚਾਰ ਪੰਜਾਬ ਦੇ ਮਾਨਸਾ, ਸੰਗਰੂਰ, ਪਟਿਆਲਾ, ਗੁਰਦਾਸਪੁਰ ਦੇ ਹਨ, ਨੂੰ ਹਾਰਦਿਕ ਸ਼ਰਧਾਂਜਲੀ ਅਰਪਿਤ ਕੀਤੀ। ਮੀਟਿੰਗ ਨੇ ਹੁਣ ਜੋ ਮਗਰੋਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ ਉਸਦੇ ਪ੍ਰਸੰਗ ਵਿਚ ਬਿਨਾਂ ਹਥਿਆਰਾਂ ਤੋਂ ਇਹਨਾਂ ਫੌਜੀਆਂ ਨੂੰ ਚੀਨੀਆਂ ਨਾਲ ਲੜਣ ਲਈ ਭੇਜੇ ਜਾਣ, ਅਤੇ ਫਿਰ ਉਸ ਉਤੇ ਕਈ ਦਿਨ  ਪਰਦਾ ਪਾਈ ਰਖਣ ਤੇ ਪੂਰੀ ਜਾਣਕਾਰੀ ਨਾ ਦੇਣ ਦੀ ਨੁਕਤਾਚੀਨੀ ਕੀਤੀ ਅਤੇ ਮੰਗ ਕੀਤੀ ਕਿ ਸਾਰੀ ਹਾਲਤ ਦੇਸ ਦੇ ਲੋਕਾਂ ਸਾਹਮਣੇ ਰਖੀ ਜਾਵੇ। ਮੀਟਿੰਗ ਨੇ ਭਾਰਤ ਅਤੇ ਚੀਨ ਦੋਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਸਰਹੱਦੀ ਝਗੜੇ ਦਾ ਹੱਲ ਗੱਲਬਾਤ ਰਾਹੀਂ ਕਢਿਆ ਜਾਵੇ। ਮੀਟਿੰਗ ਨੇ ਦੇਸ ਵਿਚ ਗੋਦੀ ਮੀਡੀਆ ਵਲੋਂ ਤੀਜੀ ਸੰਸਾਰ ਜੰਗ ਨੂੰ ਭੜਕਕਾਉਣ ਲਈ ਦਿਤੀਆਂ ਜਾ ਰਹੀਆਂ ਜਾਅਲੀ ਖਬਰਾਂ ਦੀ ਨਿਖੇਧੀ ਕੀਤੀ।
ਇਸੇ ਪ੍ਰਸੰਗ ਵਿਚ ਕਮਿਊਨਿਸਟ ਆਗੂਆਂ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਵਲੋਂ ਸੱਦੀ ਗਈ ਸਰਬ ਪਾਰਟੀ ਦੀ ਸ਼ਮੂਲੀਅਤ ਸੰਬੰਧੀ ਵਿਤਕਰਾ ਕਰਨ ਦੀ ਕਰੜੀ ਨੁਕਤਾਚੀਨੀ ਕੀਤੀ। ਸਾਥੀ ਬਰਾੜ ਨੇ ਕਿਹਾ ਚਾਰ ਐਮ.ਪੀ. ਅਤੇ ਦਿੱਲੀ ਦੀ ਸਰਕਾਰ ਤੇ ਮੁਖ ਮੰਤਰੀ ਵਾਲੀ ਪਾਰਟੀ ਆਪ ਨੂੰ ਸੱਦਿਆ ਨਹੀਂ ਗਿਆ, ਚਾਰ ਐਮਪੀਆਂ ਵਾਲੀ ਆਰਜੇਡੀ ਨੂੰ ਨਹੀਂ ਸੱਦਿਆ ਗਿਆ, ਤਿੰਨ ਐਮਪੀਆਂ ਅਤੇ ਕੇਰਲ ਸਰਕਾਰ ਦੀ ਭਾਗੀਦਾਰ ਸੀਪੀਆਈ ਨੂੰ ਨਹੀਂ ਸੱਦਿਆ ਗਿਆ। ਪਰ ਚਾਰ ਐਮਪੀਆਂ ਵਾਲੀ ਅਕਾਲੀ ਦਲ ਨੂੰ ਸੱਦਿਆ ਗਿਆ (ਸੁਖਦੇਵ ਢੀਡਸਾ ਪਾਰਟੀ ਤੋਂ ਬਾਹਰ ਹਨ)। ਸਾਨੂੰ ਇਤਰਾਜ਼ ਇਹ ਨਹੀਂ ਕਿ ਅਕਾਲੀ ਦਲ ਨੂੰ ਕਿਉਂ ਸੱਦਿਆ, ਇਤਰਾਜ਼ ਇਹ ਹੈ ਕਿ ਦੇਸ ਦੇ ਬਰੂਹੇ ਤੇ ਦਸਤਕ ਦੇ ਰਹੀ ਜੰਗ, 20 ਫੌਜੀਆਂ ਦੇ ਮਾਰੇ ਜਾਣ ਅਤੇ 10 ਦੇ ਕੈਦੀ ਬਣੇ ਹੋਣ ਦੇ ਨਾਜ਼ਕ ਸਵਾਲ ਉਤੇ ਅਹਿਮ ਪਾਰਟੀਆਂ ਨੂੰ ਸਲਾਹ-ਮਸ਼ਵਰੇ ਤੋਂ ਬਾਹਰ ਰਖਿਆ ਗਿਆ। ਵੱਡੀ ਬਹੁਗਿਣਤੀ ਹੋਣ ਦੇ ਬਾਵਜੂਦ ਸਰਕਾਰ ਅਸੂਲੀ ਸਟੈਂਡ ਵਾਲੀਆਂ ਪਾਰਟੀਆਂ ਦੀ ਵਿਰੋਧੀ ਸੁਰ ਤੋਂ ਡਰਦੀ ਹੈ ਤੇ ਵਿਤਕਰੇ ਤੇ ਪਖਪਾਤ ਨਾਲ ਕੰਮ ਕਰਦੀ ਹੈ।

ਕਾਰਜਕਾਰਣੀ ਮੀਟਿੰਗ ਨੇ ਅਣਵਿਉਂਤੇ ਤੇ ਬਿਨ-ਤਿਆਰੀ ਲਾਕਡਾਊਨ ਤੇ ਕਰਫਿਊ ਰਾਹੀਂ ਕਰੋੜਾਂ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰਨ, ਹਜ਼ਾਰਾਂ ਮੀਲ ਸੜਕਾਂ ਉਤੇ ਤੋਰਨ, ਭੁਖਣ-ਭਾਣੇ ਰਹਿਣ, ਕੋਈ ਪ੍ਰਬੰਧ ਨਾ ਕਰਨ ਲਈ ਮੋਦੀ ਸਰਕਾਰ ਦੀ ਮੁਜਰਮਾਨਾ ਲਾਪ੍ਰਵਾਹੀ ਦੀ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਵਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਸਾਂਭਣ ਲਈ ਉਚਿਤ ਪ੍ਰਬੰਧ ਨਾ ਕਰਨ ਅਤੇ ਰਾਹਤ ਦੀ ਰਸਦ ਅਤੇ ਮਾਇਆ ਅਸਲ ਲੋੜਵੰਦਾਂ ਤਕ ਪਹੁੰਚਾਉਣ ਦੀ ਥਾਂ ਪਖ-ਪਾਤ ਨਾਲ ਆਪਣੇ ਬੰਦਿਆਂ ਨੂੰ ਦੇਣ ਦੀ ਪੜਤਾਲ ਕਰਾਉਣ ਦੀ ਮੰਗ ਕੀਤੀ।
ਮੀਟਿੰਗ ਨੇ ਇਕ ਮਤੇ ਰਾਹੀਂ ਯੂਪੀ ਦੀ ਯੋਗੀ ਸਰਕਾਰ ਵਲੋਂ ਯੂਪੀ ਦੇ ਤਰਾਈ ਇਲਾਕੇ ਵਿਚ ਬੰਜਰ ਜ਼ਮੀਨਾਂ ਨੂੰ ਉਪਜਾਊ ਬਣਾਕੇ ਦਹਾਕਿਆਂ ਤੋਂ ਵਸੇ ਹੋਏ ਪੰਜਾਬੀ ਕਿਸਾਨਾਂ ਨੂੰ ਉਜਾੜਣ ਦੀ ਅਤੇ ਇਸ ਵਿਸ਼ੇ ਉਤੇ ਸ਼੍ਰੋਮਣੀ ਦਲ ਦੀ ਲੋਲੋ-ਪੋਪੋ ਕਰਨ ਅਤੇ ਕੁਰਸੀ ਨਾਲ ਚੰਬੜੇ ਰਹਿਣ ਦੀ ‘ਬੋਲਦੀ ਚੁਪੀ’ ਧਾਰਨ ਕਰਨ ਦੀ ਸਖਤ ਨੁਕਤਾਚੀਨੀ ਕੀਤੀ। ਮੀਟਿੰਗ ਨੇ ਕਿਸਾਨ-ਵਿਰੋਧੀ ਤਿੰਨ ਆਰਡੀਨੈਂਸਾਂ ਰਾਹੀਂ ਐਮਐਸਪੀ ਤੋਂ ਪਿਛੇ ਹੱਟਣ ਦੇ ਰਾਹ ਉਤੇ ਤੁਰਨ ਦਾ ਵਿਰੋਧ ਕੀਤਾ। ਮੀਟਿੰਗ ਨੇ ਕਿਹਾ ਕਿ ਇਹ ਆਰਡੀਨੈਂਸ ਕਿਸਾਨਾਂ ਨੂੰ ਕਾਰਪੋਰੇਟੀ ਘਰਾਣਿਆਂ ਦੇ ਮਗਰਮਛਾਂ ਦੇ ਮੂੰਹ ਵਿਚ ਪਾ ਦੇਣਗੇ ਅਤੇ ਐਮਐਸਪੀ ਦੀ ਪ੍ਰਾਪਤੀ ਨਹੀਂ ਹੋਵੇਗੀ। ਮੀਟਿੰਗ ਨੇ ਇਸ ਸੰਬੰਧੀ ਕਿਸਾਨ ਜਥੇਬੰਦੀਆਂ ਦੇ ਸੰਰਘਸ਼ਾਂ ਦੀ ਹਮਾਇਤ ਕੀਤੀ।
ਮੀਟਿੰਗ ਨੇ 9 ਜੁਲਾਈ ਨੂੰ ਪੰਜਾਬ ਦੀਆਂ 9 ਖੱਬੀਆਂ ਪਾਰਟੀਆਂ ਵਲੋਂ ਲੋਕਾਂ ਦੀਆਂ ਉਪਰੋਕਤ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਨੂੰ ਪੂਰਾ ਸਮਰਥਨ ਦਿਤਾ ਅਤੇ ਆਪਣੀਆਂ ਇਕਾਈਆਂ ਨੂੰ ਸੱਦਾ ਦਿਤਾ ਕਿ ਮੌਕੇ ਦੀ ਹਾਲਤ ਦੇਖ ਕੇ, ਕੋਵਿਡ-19 ਦੀਆਂ ਸ਼ਰਤਾਂ ਨੂੰ ਧਿਆਨ ਵਿਚ ਰੱਖ ਕੇ, ਮੁਨਾਸਬ ਤਰੀਕੇ ਦਾ ਰੋਸ ਪ੍ਰਦਰਸ਼ਨ ਕਰਨ ਅਤੇ ਦੂਜੀਆਂ ਪਾਰਟੀਆਂ ਨਾਲ ਸੰਪਰਕ ਕਰ ਲੈਣ।
ਮੀਟਿੰਗ ਨੇ 3 ਜੁਲਾਈ ਨੂੰ ਕੁਲ-ਹਿੰਦ ਪਧਰ ਦੀਆਂ ਟਰੇਡ ਯੂਨੀਅਨਾਂ ਵਲੋੱ ਕਿਰਤੀ ਅਧਿਕਾਰਾਂ ਦੀ ਰਾਖੀ ਲਈ,             ਠੇਕਾ ਪ੍ਰਬੰਧਾਂ ਨੂੰ ਖਤਮ ਕਰਨ ਲਈ, ਘਟੋ-ਘਟ ਉਜਰਤਾਂ ਵਿਚ ਵਾਧੇ ਲਈ, ਮਨਰੇਗਾ ਕਾਮਿਆਂ ਦੇ ਹੱਕਾਂ ਲਈ, ਆਸ਼ਾ ਵਰਕਰਾਂ ਤੇ ਸਕੀਮ ਵਰਕਰਾਂ ਦੀਆਂ ਉਜਰਤਾਂ ਵਧਾਉਣ ਲਈ ਹਰ ਕਾਮੇ ਦੇ ਖਾਤੇ ਵਿਚ 7500 ਰੁਪੈ ਪਾਉਣ ਲਈ ਤੇ ਦੂਜੀਆਂ ਮੰਗਾਂ ਲਈ ਕੀਤੇ ਜਾ ਰਹੇ ਕੁਲ-ਹਿੰਦ ਰੋਸ ਐਕਸ਼ਨ ਦਾ ਸਮਰਥਨ ਕੀਤਾ ਅਤੇ ਸਾਥੀਆਂ ਨੂੰ ਇਸ ਵਿਚ ਹਿਸਾ ਲੈਣ ਦਾ ਸੱਦਾ ਵੀ ਦਿਤਾ।
ਮੀਟਿੰਗ ਨੇ ਮੰਗ ਕੀਤੀ ਕਿ ਪਿੰਡਾਂ ਵਿਚ ਮਾਈਕਰੋ ਫਿਨਾਂਸ ਕੰਪਨੀਆਂ ਜੋ ਗਰੀਬਾਂ ਨੂੰ ਕਰਜ਼ੇ ਦਿੰਦੀਆਂ ਹਨ, ਉਹ ਹੁਣ ਧੱਕਾ ਕਰ ਰਹੀਆਂ ਹਨ, ਉਹਨਾਂ ਦੀ ਧੱਕੜਸ਼ਾਹੀ ਬੰਦ ਕੀਤੀ ਜਾਵੇ। ਨੀਲੇ ਕਾਰਡਾਂ ਦੇ ਮਸਲੇ ਤੇ ਲੋਕਾਂ ਨਾਲ ਹੋ ਰਿਹਾ ਵਿਤਕਰਾ ਬੰਦ ਕੀਤਾ ਜਾਵੇ। ਬਿਜਲੀ ਦੇ ਵਧਾਏ ਗਏ ਰੇਟ ਵਾਪਸ ਲਏ ਜਾਣ। ਡੀਜ਼ਲ-ਪੈਟਰੋਲ ਦੇ ਨਿਤ ਵਧਦੇ ਭਾਵਾਂ ਵਿਰੁਧ ਮੁਹਿੰਮ  ਛੇੜੀ ਜਾਵੇ।
ਮੀਟਿੰਗ ਨੇ ਪਿਛਲੇ ਸਮੇਂ ਵਿਚ ਵਿਛੜੇ ਸਾਥੀਆਂ ਸਰਵਸਾਥੀ ਕਾ. ਈਸ਼ਰ ਸਿੰਘ ਦਲੇਰ ਸਿੰਘ ਵਾਲਾ, ਅਮਰਨਾਥ, ਨੌਨਿਹਾਲ ਸਿੰਘ, ਗੁਰਬਖਸ਼ ਮੁੱਲਾਂ, ਪਿਆਰਾ ਸਿੰਘ ਰਾਉਕੇ ਕਲਾਂ, ਮਿਹਰ ਸਿੰਘ ਬਦੋਵਾਲ, ਸੁਖਰਾਜ ਕੌਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਮੀਟਿੰਗ ਨੂੰ ਦੋ ਦਰਜਨ ਦੇ ਕਰੀਬ ਸਾਥੀਆਂ ਨੇ ਮੁਖਾਤਬ ਕੀਤਾ ਅਤੇ ਵਿਚਾਰ ਪੇਸ਼ ਕੀਤੇ ਜਿਹਨਾਂ ਵਿਚ ਸੂਬਾ ਸਕੱਤਰ ਤੋਂ ਇਲਾਵਾ ਸਰਵਸਾਥੀ ਡਾ. ਜੋਗਿੰਦਰ ਦਿਆਲ, ਹਰਦੇਵ ਅਰਸ਼ੀ, ਨਿਰਮਲ ਧਾਲੀਵਾਲ, ਭੂਪਿੰਦਰ ਸਾਂਬਰ, ਹਰਭਜਨ ਸਿੰਘ, ਪਿ੍ਰਥੀਪਾਲ ਮਾੜੀਮੇਘਾ,  ਅਮਰਜੀਤ ਆਸਲ, ਸੁਖਦੇਵ ਸ਼ਰਮਾ, ਕੁਲਦੀਪ ਭੋਲਾ, ਲਖਬੀਰ ਨਿਜ਼ਾਮਪੁਰਾ, ਡੀ.ਪੀ. ਮੌੜ, ਰਮੇਸ਼ ਰਤਨ, ਕਿ੍ਰਸ਼ਨ ਚੌਹਾਨ, ਕਸ਼ਮੀਰ ਗਦਾਈਆ, ਕੁਲਵੰਤ ਮੌਲਵੀਵਾਲਾ, ਗੁਲਜ਼ਾਰ ਸਿੰਘ, ਕੁਸ਼ਲ ਭੌਰਾ ਆਦਿ ਨੇ ਯੋਗਦਾਨ ਪਾਇਆ।

Thursday, June 4, 2020

ਬੁਧੀਜੀਵੀਆਂ ਨੂੰ ਜੇਲ੍ਹੀਂ ਡੱਕਣ ਵਾਲੀ ਨੀਤੀ ਦੀ ਕੀਤੀ ਤਿੱਖੀ ਨਿਖੇਧੀ

 ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ਤੇ ਕਈ ਸੰਗਠਨ ਹੋਏ ਇੱਕਜੁੱਟ 
ਕੇਂਦਰ ਸਰਕਾਰ ਦੀਆਂ ਫਿਰਕੂ ਨੀਤੀਆਂ ਵਿਰੁੱਧ ਨਾਹਰੇਬਾਜ਼ੀ ਦਾ ਦ੍ਰਿਸ਼
ਲੁਧਿਆਣਾ: 4 ਜੂਨ 2020: (ਕਾਮਰੇਡ ਸਕਰੀਨ ਬਿਊਰੋ)::
ਇੱਕ ਪਾਸੇ ਕੋਰੋਨਾ ਦੀ ਦਹਿਸ਼ਤ ਅਤੇ ਦੂਜੇ ਪਾਸੇ ਜਮਹੂਰੀ ਅਧਿਕਾਰਾਂ ਦਾ ਘਾਣ। ਕਰਫਿਊ ਅਤੇ ਲਾਕ ਡਾਊਨ ਨੇ ਵੀ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਕਰ ਦਿੱਤਾ ਸੀ। ਦਿਹਾੜੀਦਾਰਾਂ ਲਾਇ ਇੱਕ ਇੱਕ ਡੰਗ ਕੱਟਣਾ ਮੁਸ਼ਕੀਲੋ ਹੋ ਰਿਹਾ ਸੀ। ਮੁਫ਼ਤ ਰਾਸ਼ਨ ਦੀ ਵੰਡ ਵਾਲੀ ਸਹੂਲਤ ਨੂੰ ਸਿਆਸੀ ਅਤੇ ਹੋਰ ਬਾਰਸੂਖ ਲੋਕਾਂ ਨੇ ਆਪੋ ਆਪਣੇ ਫਾਇਦਿਆਂ ਲਈ ਵਰਤਣਾ ਸ਼ੁਰੂ ਕਰ ਦਿੱਤਾ। ਤੰਗ ਆਏ ਮਜ਼ਦੂਰ ਪੈਦਲ ਹੀ ਆਪੋ ਆਪਣੇ ਘਰਾਂ ਵੱਲ ਨਿਕਲ ਉੱਠੇ। ਘੁਟਣ ਦੇ ਇਸ ਮਾਹੌਲ ਵਿੱਚ ਸੱਤਾ ਵਿੱਚ ਬੈਠੀਆਂ ਸ਼ਕਤੀਆਂ ਨੇ ਇਸਨੂੰ ਇੱਕ ਮੌਕੇ ਵੱਜੋਂ ਵਰਤਿਆ ਅਤੇ ਝਟੱਪਟ ਉਹ ਫੈਸਲੇ ਕਰ ਦਿੱਤੇ ਜਿਹੜੇ ਕਿਰਤੀਆਂ ਦੇ ਖਿਲਾਫ ਜਾਂਦੇ ਸਨ ਅਤੇ ਪੂੰਜੀਪਤੀਆਂ ਦੇ ਹੱਕ ਵਿੱਚ ਭੁਗਤਦੇ ਸਨ। ਇੱਕ ਪਾਸੇ ਭੁੱਖ ਪਿਆਸ ਮਜ਼ਦੂਰਾਂ ਦੀ ਜਾਨ ਕੱਢ ਰਹੀ ਸੀ ਦੂਜੇ ਪਾਸੇ ਕਾਨੂੰਨ ਬਦਲ ਬਦਲ ਕੇ ਉਹਨਾਂ ਨੂੰ ਨਿਚੋੜਿਆ ਜਾ ਰਿਹਾ ਸੀ। ਇਸ ਸਾਰੇ ਵਰਤਾਰੇ ਦੇ ਖਿਲਾਫ ਖੱਬੀਆਂ ਧਿਰਾਂ ਨੇ ਰੋਸ ਵਖਾਵੇ ਵੀ ਕੀਤੇ। ਹੁਣ ਜਮਹੂਰੀ ਅਧਿਕਾਰ ਸਭਾ ਨੇ ਅੱਠ ਜੂਨ ਨੂੰ ਇੱਕ ਵਿਸ਼ੇਸ਼ ਚਿੱਠੀ ਰਾਸ਼ਟਰਪਤੀ ਨੂੰ ਭੇਜਣ ਦਾ ਐਲਾਨ ਕੀਤਾ ਹੈ। ਇਹ ਵਿਸ਼ੇਸ਼ ਪੱਤਰ ਡਿਪਟੀ ਕਮਿਸ਼ਨਰਾਂ ਰਾਹੀਂ ਭੇਜਿਆ ਜਾਣਾ ਹੈ। ਇਹ ਜਾਣਕਾਰੀ ਅੱਜ  ਜਸਵੰਤ ਸਿੰਘ ਜੀਰਖ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।  
ਉਹਨਾਂ ਕਿਹਾ ਕਿ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ਤੇ ਜਨਤਕ-ਜਮਹੂਰੀ ਤੇ ਇਨਕਲਾਬੀ ਜੱਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਸਥਾਨਕ ਬੀਬੀ ਅਮਰਜੀਤ ਕੌਰ ਯਾਦਗਾਰੀ ਹਾਲ ਵਿੱਖੇ ਪ੍ਰੋਫੈਸਰ ਜਗਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਦੇਸ਼ ਵਿੱਚ ਮੌਜੂਦਾ ਕਰੋਨਾ ਦੀ ਬਿਮਾਰੀ ਵਿੱਚ ਕੇਂਦਰ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਹੱਕ ਸੱਚ ਦੀ ਆਵਾਜ਼ ਉਠਾਉਣ ਵਾਲੇ ਲੋਕਾਂ ਉੱਪਰ ਝੂਠੇ ਕੇਸ ਦਰਜ ਕਰਕੇ ਜੇਲ੍ਹੀਂ ਡੱਕਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ। ਦੇਸ਼ ਦੇ ਹਾਲਾਤਾਂ ਉੱਪਰ ਚਰਚਾ ਕਰਦਿਆਂ ਭੀਮਾ ਕੋਰੇ ਗਾਓਂ (ਮਹਾਰਾਸ਼ਟਰ) ਵਿੱਚ ਹੋਈ ਹਿੰਸਾ ਸਬੰਧੀ ਦੇਸ਼ ਦੇ 11 ਚੋਟੀ ਦੇ ਬੁੱਧੀਜੀਵੀਆਂ ਜਿਹਨਾਂ ਵਿੱਚ ਪ੍ਰੋਫੈਸਰ, ਵਕੀਲ, ਡਾਕਟਰ ਜੋ ਲੋਕਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ, ਭ੍ਰਿਸ਼ਟਾਚਾਰ ਅਤੇ ਲੋਕ ਮਸਲਿਆਂ ਬਾਰੇ ਚੇਤਨ ਕਰਕੇ ਸਹੀ ਰਾਜ ਪ੍ਰਬੰਧ ਦੇ ਹਾਮੀ ਹਨ, ਨੂੰ ਜੇਲ੍ਹਾਂ 'ਚ ਡੱਕ ਦਿੱਤਾ ਹੈ ਦੀ ਤਿੱਖੀ ਨਿਖੇਧੀ ਕੀਤੀ। ਇਸੇ ਤਰ੍ਹਾਂ ਸੀ ਏ ਏ, ਐਨ ਆਰ ਸੀ ਤੇ ਐਨ ਪੀ ਆਰ ਦੇ ਵਿਰੋਧ ਵਿੱਚ ਉੱਠੇ ਦੇਸ਼ ਵਿਆਪੀ ਅੰਦੋਲਨ ਵਿੱਚ ਹੱਕੀ ਆਵਾਜ ਉਠਾਉਣ ਵਾਲੇ ਕਈ ਯੂਨੀਵਰਸਟੀਆਂ ਦੇ ਵਿਦਿਆਰਥੀਆਂ-ਵਿਦਿਆਰਥਣਾਂ ਅਤੇ ਪੱਤਰਕਾਰਾਂ ਆਦਿ ਉੱਪਰ ਝੂਠੇ ਕੇਸ ਦਰਜ ਕੀਤੇ ਗਏ ਹਨ। ਦੂਜੇ ਪਾਸੇ ਕਰੋਨਾ ਦੇ ਬਹਾਨੇ ਲੋਕਾਂ ਉੱਪਰ ਤਰ੍ਹਾਂ ਤਰ੍ਹਾਂ ਦੀਆਂ ਬੰਦਸ਼ਾਂ ਮੜ੍ਹਕੇ ਕਿਰਤ ਕਾਨੂੰਨਾ 'ਚ ਸੋਧ ਕਰਕੇ 8 ਦੀ ਥਾਂ 12 ਘੰਟੇ ਦੀ ਦਿਹਾੜੀ ਅਤੇ ਜੱਥੇਬੰਦੀ ਬਣਾਉਣ ਉੱਪਰ ਪਾਬੰਦੀ ਲਾਉਣ ਦੇ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ।
          ਇਸ ਮੀਟਿੰਗ ਦੌਰਾਨ ਉਪਰੋਕਤ ਮਸਲਿਆਂ ਨੂੰ ਵਿਚਾਰਦੇ ਹੋਏ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ਦਾ ਸਾਰੀਆਂ ਜੱਥੇਬੰਦੀਆਂ ਨੇ ਸਰਗਰਮ ਹੁੰਗਾਰਾ ਭਰਦਿਆਂ ਆਗੂਆਂ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਚਿੱਠੀ ਲਿੱਖਣ ਨੂੰ ਪ੍ਰਵਾਨ ਕਰਦਿਆਂ ਇਕ ਦਸਤਖਤੀ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਗਿਆ। ਇਹ ਚਿੱਠੀਆਂ ਪੰਜਾਬ ਭਰ ਵਿਚੋਂ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਨੂੰ ਭੇਜੀਆਂ ਜਾਣਗੀਆਂ। ਲੁਧਿਆਣਾ ਵਿਖੇ ਇਹ 8 ਜੂਨ ਨੂੰ ਭੇਜਣੀ ਤਹਿ ਕੀਤੀ ਗਈ । ਇਸ ਵਿੱਚ ਮੁੱਖ ਤੌਰ ਤੇ ਭੀਮਾ ਕੋਰੇ ਗਾਓ ਮਾਮਲੇ ਵਿਚ ਝੂਠੇ ਕੇਸ ਪਾਕੇ ਜੇਲ੍ਹੀਂ ਡੱਕੇ ਕਾਰਕੁਨਾ ਨੂੰ ਰਿਹਾ ਕਰਨ, ਜੇ ਐਨ ਯੂ, ਜਾਮੀਆਂ ਮਾਲੀਆ ਇਸਲਾਮੀ ਆਦਿ ਯੂਨੀਵਰਸਿਟੀਆਂ ਦੇ ਵਿਦਿਆਰਥੀਆ/ ਵਿਦਿਆਰਥਣਾ , ਪੱਤਰਕਾਰਾਂ ਅਤੇ ਨਾਗਰਿਕਤਾ ਸੋਧ ਕਾਨੂਨਾਂ ਵਿਰੁੱਧ ਆਵਾਜ ਉਠਾਉਣ ਬਦਲੇ  ਪਾਏ ਝੂਠੇ ਕੇਸ ਰੱਦ ਕਰਨ, ਦਿੱਲੀ ਹਿੰਸਾ ਦੀ ਨਿਰਪੱਖ ਜਾਂਚ ਕਰਵਾਉਣ ਸਮੇਤ ਭੜਕਾਊ ਭਾਸ਼ਣ ਦੇਣ ਵਾਲੇ ਬੀਜੇਪੀ ਨੇਤਾ ਅਨੂਰਾਗ ਠਾਕਰ, ਕਪਿਲ ਮਿਸ਼ਰਾ ਉੱਪਰ ਕੇਸ ਦਰਜ ਕਰਨ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਕਰੋਨਾ ਬਿਮਾਰੀ ਸਬੰਧੀ ਸਰਕਾਰ ਨੇ ਜੋ ਵਾਅਦੇ ਕੀਤੇ, ਜਿਹਨਾਂ ਵਿੱਚ ਮਜ਼ਦੂਰਾਂ ਨੂੰ ਪੂਰੀ ਤਨਖਾਹ ਦੇਣ, ਕੰਮ ਚੋਂ ਨਾ ਕੱਢਣ, ਮਕਾਨ ਕਰਾਏ ਛੱਡਣ, ਰਾਸ਼ਣ ਮਹੱਈਆ ਕਰਨ ਸ਼ਾਮਲ ਹਨ ਨੂੰ ਪੂਰਾ ਕੀਤਾ ਜਾਵੇ। ਸਿਹਤ ਸੇਵਾਵਾਂ ਨੂੰ ਸਰਕਾਰੀ ਪੱਧਰ ਤੇ ਮੁੱਫਤ ਲਾਗੂ ਕੀਤਾ ਜਾਵੇ ਅਤੇ ਬੱਜਟ ਵਿੱਚ ਇਸ ਦੀ ਰਾਸੀ 12% ਤਹਿ ਕੀਤੀ ਜਾਵੇ ਅਤੇ ਪ੍ਰਾਈਵੇਟ ਹਸਪਤਾਲਾਂ ਦਾ ਕੌਮੀਕਰਣ ਕੀਤਾ ਜਾਵੇ। ਲੌਕ ਡਾਊਨ ਦੌਰਾਨ ਕਰੋਨਾ ਦੇ ਬਹਾਨੇ ਲੋਕਾਂ ਤੇ ਤਸ਼ੱਦਦ ਢਾਹੁਣ ਅਤੇ ਬਦਸਲੂਕੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮਜ਼ਦੂਰਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਅਤੇ ਖਾਣੇ ਦੇ ਪ੍ਰਬੰਧ ਕੀਤੇ ਜਾਣ।
    ਇਸ ਮੀਟਿੰਗ ਵਿੱਚ ਪੀਪਲਜ਼ ਯੂਨਾਈਟਡ ਸੰਸਥਾ ਵੱਲੋਂ ਉਪਰੋਕਤ ਲੋਕ ਮਸਲਿਆਂ ਦੇ ਹੱਕ ਵਿੱਚ ਅਤੇ ਸਰਕਾਰੀ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਦੇ ਸੱਦੇ ਨੂੰ ਪੂਰਨ ਸਮਰਥਨ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ। ਸਰਕਾਰ ਦੀਆਂ ਫਿਰਕੂ ਨੀਤੀਆਂ ਵਿਰੁੱਧ ਨਾਹਰੇਬਾਜੀ ਵੀ ਕੀਤੀ ਗਈ। ਮੀਟਿੰਗ ਵਿੱਚ  ਜਸਵੰਤ ਜੀਰਖ, ਐਮ ਐਸ ਭਾਟੀਆ, ਚਮਕੌਰ ਸਿੰਘ, ਅਰੁਣ ਕੁਮਾਰ, ਜਸਮੀਤ, ਵਿਜੈ ਨਰਾਇਣ, ਦਲਜੀਤ ਸਿੰਘ, ਸੁਰਿੰਦਰ ਸਿੰਘ, ਐਡਵੋਕੇਟ ਹਰਪ੍ਰੀਤ ਜੀਰਖ ,ਸੰਦੀਪ, ਸਤੀਸ਼ ਸੱਚ ਦੇਵਾ, ਗੱਲਰ ਚੌਹਾਨ, ਜਗਦੀਸ਼, ਓਮ ਪ੍ਰਕਾਸ਼ ਸ਼ਾਮਲ ਸਨ। ਅੱਠ ਜੂਨ ਦੇ ਐਕਸ਼ਨ ਲਈ ਹੁਣੇ ਤੋਂ ਹੀ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ।