Thursday, May 27, 2021

ਜਦੋਂ ਕਮਿਊਨਿਸਟ ਅੰਦੋਲਨ ਟਕਰਾਵਾਂ ਅਤੇ ਵਖਰੇਵਿਆਂ ਵਾਲੇ ਮੋੜਾਂ ਤੇ ਪੁੱਜੇ

ਕਮਿਊਨਿਸਟ ਲਹਿਰਾਂ ਦੇ ਨਾਜ਼ੁਕ ਮੋੜਾਂ ਦੀ ਯਾਦ ਦੁਆਉਂਦੀ ਹੈ ਇਹ ਲਿਖਤ  


ਦੋਰਾਹਾ//ਲੁਧਿਆਣਾ: 26 ਮਈ 2021: (ਪਵਨ ਕੌਸ਼ਲ//ਕਾਮਰੇਡ ਸਕਰੀਨ)::

ਲੇਖਕ ਪਵਨ ਕੁਮਾਰ ਕੌਸ਼ਲ 
ਭਾਰਤੀ ਕਮਿਊਨਿਸਟ ਲਹਿਰ ਅਤੇ ਦੱਬੇ ਕੁਚਲਿਆਂ ਦੇ ਇੱਕ ਨਿਧੜਕ ਆਗੂ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦੀ ਅੱਠਵੀਂ ਬਰਸੀ ਮੌਕੇ 27 ਮਈ ਨੂੰ ਯਾਦ ਕਰਦਿਆਂ ਇਥੇ  ਇਹ ਲਿਖਤ ਪ੍ਰਕਾਸ਼ਿਤ ਕੀਤੀ ਜਾ ਰਹੀ ਜਾ ਰਹੀ ਹੈ ਜਿਹੜੀ ਯਾਦ ਕਰਾਉਂਦੀ ਹੈ ਕਿ ਬਹੁਤ ਸਾਰੇ ਮੌਕਿਆਂ ਤੇ ਕਮਿਊਨਿਸਟ ਸਿਧਾਂਤਾਂ ਦੀ ਪਹਿਰੇਦਾਰੀ ਕਰਦੇ ਰਹੇ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ। 

 ਆਪਣੇ ਜੀਵਨ ਦੇ ਸਰਗਰਮ 75 ਸਾਲਾਂ ਤੋਂ ਉੱਪਰ ਦਾ ਜੀਵਨ ਭਾਰਤ ਅਤੇ ਪੰਜਾਬ ਦੀ ਕਮਿਊਨਿਸਟ ਲਹਿਰ ਅਤੇ ਦੇਸ਼ ਦੀ ਦੱਬੀ ਕੁਚਲੀ ਜੰਤਾ ਦੀ ਸੇਵਾ ਲਈ ਸਮਰਪਤ ਕਰਨ ਵਾਲਾ ਅਤੇ 10 ਅਪ੍ਰੈਲ 1917 ਨੂੰ ਜਨਮਿਆ ਯੋਧਾ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ 27 ਮਈ 2013 ਦੀ ਰਾਤ ਨੂੰ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ।ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦਾ ਜੀਵਨ ਕਮਿਊਨਿਸਟ ਲਹਿਰ ਦਾ ਇੱਕ ਸੰਘਰਸ਼ ਸ਼ੀਲ ਇਤਿਹਾਸ ਹੈ।ਕਾਮਰੇਡ ਲਾਇਲਪੁਰੀ ਦੀੇ ਕੌਮੀਂ ਅਤੇ ਕੌਮਾਂਤਰੀ ਪੱਧਰ ਉਤੇ ਕਮਿਊਨਿਸਟ ਲਹਿਰ ਅੰਦਰ ਇੱਕ ਗਿਣਨ ਯੋਗ ਦੇਣ ਹੈ।ਵਿਿਗਆਨ ਦੇ ਵਿਦਿਆਰਥੀ ਸਮੇਂ ਦੌਰਾਨ ਇਨ੍ਹਾਂ ਦੇ ਜੀਵਨ ਅੰਦਰ ਪ੍ਰਸਿਧ ਜੀਵ ਵਿਗਆਨੀ ਚਾਰਲਸ ਡਾਰਵਿਨ ਦੇ “ਵਿਕਾਸ ਸਿਧਾਂਤ” (ਥਿਊਰੀ ਆਫ ਐਵੋਲੁਸ਼ਨ) ਨੇ ਇੱਕ ਗੁਣਾਂਤਮਕ ਤਬਦੀਲੀ ਲੈ ਆਂਦੀ। 

1934 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਐਸੀ. ਕਰਨ ਉਪਰੰਤ ਆਪਨੇ ਸਰਕਾਰੀ ਕਾਲਜ ਲਾਹੌਰ ਤੋਂ 1940 ਵਿੱਚ ਐਲ.ਐਲ.ਬੀ ਕਰਕੇ ਵਕਾਲਤ ਸ਼ੁਰੂ ਕਰ ਦਿੱਤੀ।ਆਪ ਦਾ ਰਾਜਨੀਤਕ ਜੀਵਨ 1937 ਤੋਂ ਹੀ ਇੱਕ ਕਾਂਗਰਸੀ ਵਰਕਰ ਦੇ ਤੌਰ ਤੇ ਸ਼ੁਰੂ ਹੋ ਚੁੱਕਾ ਸੀ ਅਤੇ ਪੜ੍ਹਾਈ ਦੌਰਾਨ ਹੀ ਆਪ ਕਿਸਾਨ ਲਹਿਰ ਨਾਲ ਜੁੜ ਗਏ ਸੀ। ਇਸੇ ਸਮੇਂ ਦੌਰਾਨ ਆਪ ਕਿਰਤੀ ਕਮਿਊਨਿਸਟ ਪਾਰਟੀ ਜੋ ਉਸ ਸਮੇਂ ਗੈਰ ਕਾਨੂੰਨੀ ਸੀ, ਦੇ ਸੰਪਰਕ ਵਿੱਚ ਆ ਗਏ ਅਤੇ ਆਪ ਨੂੰ ਇਸਦੀ ਕੇਂਦਰੀ ਆਰਗੇਨਾਈਜ਼ੇਸ਼ਨ ਵਿੱਚ ਲੈ ਲਿਆ ਗਿਆ। ਕਿਰਤੀ ਕਮਿਊਨਿਸਟ ਪਾਰਟੀ ਵਲੋਂ ਆਪ ਨੂੰ ਕਿਸਾਨ ਫਰੰਟ ਨੂੰ ਜਥੇਬੰਦ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਅਤੇ ਵਕਾਲਤ ਵਿਚੇ ਹੀ ਛੱਡ ਕੇ ਆਪਨੇ ਕਿਸਾਨ ਮੋਰਚੇ ਉਤੇ ਇੱਕ ਕੁੱਲ ਵਕਤੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸਤੋਂ ਬਾਅਦ ਆਪਨੇ ਆਪਣੀ ਉਮਰ ਦੇ ਅਖੀਰ ਤੱਕ ਪਿਛੇ ਮੁੜਕੇ ਨਹੀਂ ਦੇਖਿਆ। 

ਕਾਮਰੇਡ ਈ ਐਮ ਐਸ ਦੇ ਨਾਲ ਕਾਮਰੇਡ ਲਾਇਲਪੁਰੀ 
ਆਪਨੇ ਕਿਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ, (ਸੀ ਪੀ ਆਈ) ਦੇ ਰਲੇਵੇਂ ਵਿੱਚ ਅਹਿਮ ਭੂਮਿਕਾ ਨਿਭਾਈ।ਕਿਸਾਨਾਂ ਵਿੱਚਕਾਰ ਜਥੇਬੰਦਕ ਕੰਮ ਕਰਨ ਦੇ ਨਾਲ-ਨਾਲ ਕਾਮਰੇਡ ਲਾਇਲਪੁਰੀ ਨੇ ਪੰਜਾਬ ਦੀ ਕਿਸਾਨੀ ਲਈ ਉਸ ਸਮੇਂ ਦੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਉੱਪਰ ਲਗਾਏ ਖੁਸ਼ਹੈਸੀਅਤ ਟੈਕਸ ਵਿਰੱੁਧ ਸਫਲ ਘੋਲ ਲੜਿਆ।ਕੇਰਲਾ ਦੇ ਤਿਰਚੂਰ ਵਿਖੇ 2 ਅਪ੍ਰੈਲ 1961 ਨੂੰ ਹੋਏ ਕੁੱਲ ਹਿੰਦ ਕਿਸਾਨ ਸਭਾ ਦੇ ਇਜਲਾਸ ਅੰਦਰ ਆਪ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਚੁਣੇ ਗਏ ਅਤੇ 1968 ਤੱਕ ਇਸ ਅਹੁਦੇ ਤੇ ਬਣੇ ਰਹੇ। 

ਅੰਤਰ-ਰਾਸ਼ਟਰੀ ਪੱਧਰ ਤੇ ਕਾਮਰੇਡ ਲਾਇਲਪੁਰੀ ਨੇ ਕਮਿਊਨਿਸਟ ਪਾਰਟੀ ਆਫ ਸੋਵਿਅਟ ਯੂਨੀਅਨ (ਸੀ ਪੀ ਐਸ ਯੂ) ਦੀ ਵੀਹਵੀਂ ਪਾਰਟੀ ਕਾਂਗਰਸ ਵਿੱਚ ਭਾਰਤ ਦੇ ਚਾਰ ਮੈਂਬਰੀ ਡੈਲੀਗੇਸ਼ਨ ਦੇ ਮੈਂਬਰ ਵਜੋਂ ਸ਼ਿਰਕਤ ਕੀਤੀ। ਖਰੁਸ਼ਚੋਵ ਦੀ ਅਗਵਾਈ ਹੇਠ ਸੀ ਪੀ ਐਸ ਯੂ ਵਿੱਚ ਸੋਧਵਾਦ ਭਾਰੂ ਹੋਣ ਦਾ ਪ੍ਰਭਾਵ ਭਾਰਤੀ ਕਮਿਊਨਿਸਟ ਪਾਰਟੀ ਉੱਪਰ ਵੀ ਪ੍ਰਤੱਖ ਦਿਖਾਈ ਦੇ ਰਿਹਾ ਸੀ ।ਇਸ ਲਈ ਇਹ ਅੰਦੇਸ਼ਾ ਸੀ ਕਿ ਸੀ ਪੀ ਆਈ ਅੰਦਰ ਖਰੁਸਚੋਵ ਦੀ ਸੋਧਵਾਦੀ ਲਾਈਨ ਵਿਰੋਧੀੇ ਸਾਥੀਆਂ ਨੂੰ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਕਦੀ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਅਜਿਹੇ ਹਾਲਾਤ ਅੰਦਰ ਆਪਣੀ ਲਾਈਨ ਦੇਣ ਲਈ ਕਿਸੇ ਯੋਗ ਸਾਥੀ ਨੂੰ ਬਾਹਰ ਭੇਜਣ ਦਾ ਵਿਚਾਰ ਬਣਿਆ ਅਤੇ ਇਸ ਕੰਮ ਲਈ ਕਾਮਰੇਡ ਲਾਇਲਪੁਰੀ ਨੂੰ ਚੁਣਿਆ ਗਿਆ ਅਤੇ 2 ਨਵੰਬਰ 1962 ਨੂੰ ਆਪ ਮਾਸਕੋ ਲਈ ਰਵਾਨਾ ਹੋ ਗਏ।ਉੱਧਰ ਉਹੋ ਕੁੱਝ ਹੀ ਵਾਪਰਿਆ ਜਿਸਦਾ ਅੰਦੇਸ਼ਾ ਸੀ।ਕੋਈ ਇੱਕ ਹਜ਼ਾਰ ਦੇ ਕਰੀਬ ਸਾਥੀ ਫੜ ਲਏ ਗਏ।ਮਾਸਕੋ ਵਿਖੇ ਠਹਿਰ ਸਮੇਂ ਕਾਮਰੇਡ ਲਾਇਲਪੁਰੀ ਸੀ.ਪੀ.ਐਸ.ਯੂ. ਦੇ ਵਿਦੇਸ਼ੀ ਮਾਮਲਿਆਂ ਦੇ ਇੰਨਚਾਰਜ ਕਾਮਰੇਡ  ਪੋਨੋਮਾਰੇਵ ਨੂੰ ਮਿਲੇ। ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸੱਕਤਰ ਕਾਮਰੇਡ ਅਦਿੱਤੀ ਅਤੇ ਚੀਨੀ ਰਾਜਦੂਤ ਨੂੰ ਮਿਲਕੇ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਵਾਪਰ ਰਹੀਆਂ ਘਟੱਨਾਵਾਂ ਉਪੱਰ ਵਿਸਥਾਰ ਸਹਿਤ ਚਰਚਾ ਕੀਤੀ। 

ਸੀ.ਪੀ.ਆਈ. ਦੀ 25 ਮੈਂਬਰੀ ਕੇਂਦਰੀ ਕਾਰਜਕਾਰਣੀ ਕਮੇਟੀ ਦੇ ਕਾਮਰੇਡ ਲਾਇਲਪੁਰੀ ਵੀ ਇੱਕ ਮੈਂਬਰ ਸਨ। ਪ੍ਰੰਤੂ ਸੀ.ਪੀ.ਆਈ ਦੀ ਸੋਧਵਾਦੀ ਲਾਈਨ ਨੂੰ ਸਦਾ ਲਈ ਅਲਚਿਦਾ ਕਹਿੰਦੇ ਹੋਏ ਹੋਰ ਸਾਥੀਆਂ ਸਮੇਤ ਨਵੀਂ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਸੀ.ਪੀ.ਆਈ (ਐਮ) ਬਨਾਉਣ ਦਾ ਫੈਸਲਾ ਕੀਤਾ। ਸੀ.ਪੀ.ਆਈ (ਐਮ) ਦੀ ਪਹਿਲੀ ਪਾਰਟੀ ਕਾਂਗਰਸ 1964 ਵਿੱਚ ਕਲਕੱਤਾ ਵਿਖੇ ਹੋਈ ਅਤੇ ਕਾਮਰੇਡ ਲਾਇਲਪੁਰੀ 1964 ਦੇ ਪਾਰਟੀ ਪ੍ਰੋਗਰਾਮ ਤਿਆਰ ਕਰਨ ਵਾਲੀ ਖਰੜਾ ਕਮੇਟੀ ਦੇ 12 ਮੈਂਬਰਾਂ ਵਿੱਚੋ ਇੱਕ ਸਨ। ਕਾਮਰੇਡ ਲਾਇਲਪੁਰੀ ਸੀ.ਪੀ.ਆਈ (ਐਮ) ਦੀ ਕੇਂਦਰੀ ਕਮੇਟੀ ਮੈਂਬਰ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਸਨ। ਸੀ.ਪੀ.ਆਈ (ਐਮ) ਦੀ ਕੇਂਦਰੀ ਕਮੇਟੀ ਦੀ ਪਲੇਠੀ ਮੀਟਿੰਗ ਤੋਂ ਪਹਿਲਾਂ ਹੀ ਬਹੁਤੇ ਸਾਥੀ ਫੜੇ ਗਏ ਪ੍ਰੰਤੂ ਕਾਮਰੇਡ ਬਚ ਨਿਕਲੇ ਅਤੇ ਪਾਰਟੀ ਦੇ ਕਲੱਕਤਾ ਵਿਖੇ ਅੰਡਰ-ਗਰਾਊਂਡ ਦਫ਼ਤਰ ਚਲਾਉਣ ਅਤੇ ਪਾਰਟੀ ਅਖਬਾਰ ਪੀਪਲਜ਼ ਡੈਮੋਕਰੇਸੀ ਸ਼ੁਰੂ ਕਰਨ ਵਿੱਚ ਇਨ੍ਹਾਂ ਅਹਿਮ ਭੂਮਿਕਾ ਨਿਭਾਈ। 

ਹੁਣ ਸੀ.ਪੀ.ਆਈ (ਐਮ) ਦੀ ਲੀਡਰਸ਼ਿਪ ਸਾਮ੍ਹਣੇ ਇੱਕ ਸਪੱਸ਼ਟ ਚੈਲੰਜ ਖੜਾ ਸੀ ਕਿ ਕੀ ਉਹ 1964 ਦੇ ਪ੍ਰੋਗਰਾਮ ਦੀ ਸੇਧ ਤੇ ਪੱਕੀ ਖੜਦੀ ਹੈ? ਕੀ ਉਹ ਬੁਰਜੂਆਜ਼ੀ ਪਾਰਲੀਮਾਨੀ ਰਸਤੇ ਪ੍ਰਤੀ ਕ੍ਰਾਂਤੀਕਾਰੀ ਭੂਮਿਕਾ ਨਿਭਾਉਂਦੀ ਹੈ ਜਾਂ ਪਾਰਲੀਮਾਨੀ ਰਸਤੇ ਵੱਲ ਹੀ ਝੁੱਕ ਜਾਂਦੀ ਹੈ। 

ਪਾਰਟੀ ਦੀ ਭਾਰੂ ਲੀਡਰਸ਼ਿਪ ਨੇ ਪਾਰਟੀ ਨੂੰ ਪਾਰਲੀਮਾਨੀ ਰਸਤੇ ਵੱਲ ਮੋੜਾ ਦੇਣਾ ਸ਼ੁਰੂ ਕਰ ਦਿੱਤਾ। ਜਦੋਂ 1967 ਵਿੱਚ ਪੰਜਾਬ ਅੰਦਰ ਯੂਨਾਈਟਡ ਫੰਰਟ ਦੀ ਸਰਕਾਰ ਬਣੀ ਤਾਂ ਕਾਮਰੇਡ ਸੁਰਜੀਤ ਸੀ.ਪੀ.ਆਈ (ਐਮ) ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨਾ ਚਾ ਹੁੰਦਾ ਸੀ ਪ੍ਰੰਤੂ ਕਾਮਰੇਡ ਲਾਇਲਪੁਰੀ ਵਲੋਂ ਪਾਰਟੀ ਪ੍ਰੋਗਰਾਮ ਦਾ ਹਵਾਲਾ ਦੇਕੇ ਇਸ ਪਹੁੰਚ ਦਾ ਵਿਰੋਧ ਕਰਨ ਤੇ ਕਾਮਰੇਡ  ਸੁਰਜੀਤ ਨੂੰ ਪਿੱਛੇ ਹੱਟਣਾ ਪਿਆ ਪ੍ਰੰਤੂ ਸਰਕਾਰ ਚਲਾਉਣ ਲਈ ਬਣਾਈ ਤਾਲਮੇਲ ਕਮੇਟੀ ਜਿਸ ਵਿੱਚ ਜਨ ਸੰਘ ਹੁਣ ਬੀ ਜੇ ਪੀ, ਸਵਤੰਤਰ ਪਾਰਟੀ, ਸੀ ਪੀ ਆਈ ਅਤੇ ਅਕਾਲੀ ਦਲ ਵੀ ਸ਼ਾਮਲ ਸਨ, ਦਾ ਕਨਵੀਨਰ ਬਣਨਾ ਮੰਨ ਲਿਆ। ਕਾਮਰੇਡ ਸੁਰਜੀਤ ਸਮੇਤ ਸੀ.ਪੀ.ਆਈ (ਐਮ) ਦੀ ਬਹੁਤੀ ਲੀਡਰਸ਼ਿਪ ਸਹਿਜੇ-ਸਹਿਜੇ ਸਰਮਾਏਦਾਰੀ ਪਾਰਲੀਮਾਨੀ ਰਸਤੇ ਅਤੇ ਅੱਤ ਦੇ ਸੋਧਵਾਦੀ ਰਸਤੇ ਵੱਲ ਉਲਾਰ ਹੋ ਗਈ ਜਿਸਦਾ ਸਿੱਟਾ ਇਹ ਨਿਕਲਿਆ ਕਿ ਸਾਰਾ ਪਾਰਟੀ ਤੰਤਰ ਸਿਰਫ ਤੇ ਸਿਰਫ ਸਰਮਾਏਦਾਰੀ ਪਾਰਲੀਮਾਨੀ ਰਸਤੇ ਉੱਪਰ ਚੱਲ ਪਿਆ। 

1982 ਤੋਂ ਬਾਅਦ ਪੰਜਾਬ ਨੂੰ ਇੱਕ ਖਤਰਨਾਕ ਹਾਲਾਤ ਦਾ ਸਾਮ੍ਹਣਾ ਕਰਨਾ ਪਿਆ। ਜਦੋਂ ਸ੍ਰੀ ਮਤੀ ਇੰਦਰਾ ਗਾਂਧੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਰਾਂਹੀ ਪੰਜਾਬ ਦੀ ਰਾਜਨੀਤੀ ਨੂੰ ਇੱਕ ਖਤਰਨਾਕ ਮੋੜਾ ਦੇ ਦਿੱਤਾ ਗਿਆ। ਅਜਿਹੇ ਹਾਲਾਤ ਵਿੱਚ ਸੀ.ਪੀ.ਆਈ.(ਐਮ) ਵਲੋਂ ਅਸਲ ਕਾਰਨਾਂ ਨੂੰ  ਅਖੋਂ ਪਰੋਖੇ ਕਰਦੇ ਹੋਏ ਕਾਂਗਰਸ ਪਾਰਟੀ ਦਾ ਸਾਥ ਦੇਣ ਦਾ ਫੈਸਲਾ ਕੀਤਾ ਗਿਆ। ਇੱਕ ਵਾਰ ਫਿਰ ਇਸਦਾ ਗੰਭੀਰ ਨੋਟਿਸ ਲੈਦਿਆਂ ਅਤੇ ਪਾਰਟੀ ਦੀ ਪੰਜਾਬ ਅੰਦਰ ਸਾਖ ਨੂੰ ਹੋਰ ਡਿਗਣ ਤੋਂ ਬਚਾਉਣ ਲਈ ਆਪ ਵਲੋਂ ਇਸ ਲਾਈਨ ਦਾ ਖੁੱਲ ਕੇ ਵਿਰੋਧ ਕੀਤਾ ਗਿਆ ਅਤੇ ਜਨਵਰੀ 1985 ਵਿੱਚ “ਪੰਜਾਬ ਸਮਸਿਆ ਅਤੇ ਜਮਹੂਰੀ ਕੰਮ” ਨਾਂ ਦਾ ਇੱਕ ਦਸਤਾਵੇਜ਼ ਪ੍ਰਕਾਸ਼ਿਤ ਕੀਤਾ ਗਿਆ ਜਿਸਤੇ ਸੀ ਪੀ ਆਈ (ਐਮ) ਲੀਡਰਸ਼ਿਪ ਬੁਖਲਾਹਟ ਵਿੱਚ ਆ ਗਈ ਅਤੇ ਆਪ ਵਿਰੁੱਧ ਨਿਰਅਧਾਰ ਅਤੇ ਨਿੱਜੀ ਹਮਲੇ ਸ਼ੁਰੂ ਕਰ ਦਿੱਤੇ। 

ਇਹ ਸੱਭ ਕੁੱਝ ਕਾਮਰੇਡ ਲਾਇਲਪੁਰੀ ਤੋਂ ਝੱਲਿਆ ਨਾਂ ਗਿਆ ਅਤੇ ਕਾ: ਲਾਇਲਪੁਰੀ ਦਾ ਪਾਰਟੀ ਲੀਡਰਸ਼ਿਪ ਨਾਲ ਟਕਰਾ ਵੱਧਦਾ ਗਿਆ ਅਤੇ ਇਨ੍ਹਾਂ ਨੂੰ ਸਾਰੇ ਕੁੱਲ ਹਿੰਦ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਜਦੋਂ ਸੀ.ਪੀ.ਆਈ (ਐਮ) ਨੇ ਆਪਣਾ 1951 ਵਾਲਾ ਦ੍ਰਿਸ਼ਟੀਕੋਣ ਤਿਆਗ ਦਿੱਤਾ 1964 ਦੇ ਮੂਲ ਪਾਰਟੀ ਪ੍ਰੋਗਰਾਮ ਵਿੱਚ ਸੋਧ ਕਰ ਲਈ ਅਤੇ ਸਰਮਾਏਦਾਰ ਪੱਖੀ ਸਨਅਤੀ ਨੀਤੀ ਨੂੰ ਅਗੇ ਲੈ ਆਈ ਤਾਂ ਕਾਮਰੇਡ ਲਾਇਲਪੁਰੀ ਨੇ 1992 ਵਿੱਚ ਇੱਕ ਕਿਤਾਬਚਾ,” ਸੀ.ਪੀ.ਆਈ (ਐਮ), ਕਾਂਗਰਸ ਅਤੇ ਸਟੇਟ” ਲਿਖ ਕੇ ਸੀ.ਪੀ.ਆਈ (ਐਮ) ਦੀ ਕਾਂਗਰਸ ਨਾਲ ਮੇਲ ਮਿਲਾਪ ਦੀ ਨੀਤੀ ਦਾ ਪਾਜ ਉਧੇੜਿਆ। 

ਸੀ.ਪੀ.ਆਈ (ਐਮ) ਦੇ 1964 ਦੇ ਬੁਨਿਆਦੀ ਪ੍ਰੋਗਰਾਮ ਦੇ ਆਧਾਰ ਉਤੇ ਕਮਿਊਨਿਸਟ ਪਾਰਟੀ ਨੂੰ ਮੁੜ ਇਨਕਲਾਬੀ ਲੀਹਾਂ ਤੇ ਲਿਆਉਣ ਲਈ 1992 ਵਿੱਚ ਪੰਜਾਬ ਅੰਦਰ “ਮਾਰਕਸੀ ਫੋਰਮ” ਦਾ ਗਠਨ ਕੀਤਾ ਅਤੇ 1998 ਵਿੱਚ ਮਾਰਕਸੀ ਫੋਰਮ ਦਾ ਐਮ. ਸੀ. ਪੀ. ਆਈ ਵਿੱਚ ਰਲੇਵਾਂ ਕਰ ਦਿੱਤਾ ਬਾਅਦ ਵਿੱਚ ਉਹ ਐਮ. ਸੀ. ਪੀ. ਆਈ ਦੇ ਕੁੱਲ ਹਿੰਦ ਜਨਰਲ ਸਕੱਤਰ ਚੁਣੇ ਗਏ। ਸੀ ਪੀ ਆਈ (ਐਮ) ਦੇ 1964 ਦੇ ਪ੍ਰੋਗਰਾਮ ਦੇ ਆਧਾਰ ਤੇ  ਕਾਮਰੇਡ ਲਾਇਲਪੁਰੀ ਕਮਿਊਨਿਸਟ ਗਰੁਪਾਂ ਦੇ ਏਕੀਕਰਨ ਲਈ ਸਦਾ ਯਤਨਸ਼ੀਲ ਰਹੇ। ਇਸੇ ਕੜੀ ਵੱਜੋਂ ਕੇਰਲ, ਪੰਜਾਬ, ਅਤੇ ਦੇਸ਼ ਦੇ ਹੋਰਾਂ ਥਾਂਵਾ ਦੇ ਕਮਿਊਨਿਸਟ ਗਰੁਪਾਂ ਦੇ ਏਕੀਕਰਣ ਨੂੰ ਲੈ ਕੇ 17 ਸੰਤਬਰ ਤੋਂ 20 ਸੰਤਬਰ,2006 ਵਿੱਚ ਚੰਡੀਗੜ ਵਿਖੇ ਇੱਕ ਕੁੱਲ ਹਿੰਦ ਏਕਤਾ ਕਾਨਫੰਰਸ ਰਾਂਹੀ ਐਮ. ਸੀ. ਪੀ. ਆਈ (ਯੂ) ਦਾ ਗਠਨ ਕੀਤਾ ਜਿਸਦੇ ਉਹ ਕੁੱਲ ਹਿੰਦ ਜਨਰਲ ਸਕੱਤਰ ਚੁਣੇ ਗਏ ਅਤੇ ਇਸ ਪਦ ਉੱਪਰ ਉਹ ਆਪਣੀ ਉਮਰ ਦੇ ਆਖਰੀ ਪਲਾਂ ਤੱਕ ਰਹੇ।

ਕਾਮਰੇਡ ਲਾਇਲਪੁਰੀ ਜੀ ਨੇ 2010 ਵਿੱਚ ਆਪਣੀ ਜੀਵਨ ਕਥਾ,”ਮੇਰਾ ਜੀਵਨ ਮੇਰਾ ਯੁੱਗ”ਲਿਖੀ ਜਿਹੜੀ ਵਰਤਮਾਨ ਅਤੇ ਆਉਣ ਵਾਲੀ ਪੀੜੀ ਲਈ ਇੱਕ ਸੰਪਤੀ ਅਤੇ ਮਾਰਕਸਵਾਦ ਲਈ ਇੱਕ ਮਾਰਗਦਰਸ਼ਨ ਹੈ। ਇਸ ਜੀਵਨੀ ਤੋਂ ਪਤਾ ਲਗਦਾ ਹੈ ਕਿ ਇੱਕ ਕਮਿਊਨਿਸਟ ਕਿਹੋ ਜਿਹਾ ਹੁੰਦਾ ਹੈ? ਸਾਡੇ ਵਲੋਂ ਕਾਮਰੇਡ ਲਾਇਲਪੁਰੀ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਉਨ੍ਹਾਂ ਦੁਆਰਾ ਦਰਸਾਏ ਰਾਹ ਉੱਪਰ ਚਲੱਣ ਦਾ ਪ੍ਰਣ ਕਰੀਏ।

Courtesy Photo 

ਇਸ ਲਿਖਤ ਦੇ ਲੇਖਕ ਕਾਮਰੇਡ ਪਵਨ ਕੁਮਾਰ ਕੌਸ਼ਲ ਖੁਦ ਵੀ ਬਜ਼ੁਰਗ ਅਵਸਥਾ ਦੇ ਬਾਵਜੂਦ ਪੂਰੀ ਤਰ੍ਹਾਂ ਸਰਗਰਮ ਹਨ ਉਹਨਾਂ ਨਾਲ ਸੰਪਰਕ ਕਰਨ ਲਈ ਉਹਨਾਂ ਦਾ ਮੋਬਾਈਲ ਨੰਬਰ 98550-04500

Saturday, May 15, 2021

ਸੀ.ਪੀ.ਆਈ ਅਤੇ ਏਟਕ ਵੱਲੋਂ ਸਾਥੀ ਸੱਜਣ ਸਿੰਘ ਨੂੰ ਸ਼ਰਧਾਂਜਲੀ

 15th  May 2021 at 06:37 PM

ਕੋਰੋਨਾ ਦੇ ਕਹਿਰ ਨੇ ਖੋਹ ਲਈ ਇੱਕ ਹੋਰ ਸ਼ਖ਼ਸੀਅਤ 

ਚੰਡੀਗੜ੍ਹ: 15 ਮਈ 2021: (ਕਾਮਰੇਡ ਸਕਰੀਨ ਬਿਊਰੋ)::

ਸਾਥੀ ਸੱਜਣ ਸਿੰਘ ਜੀ ਸਦੀਵੀ ਵਿਛੋੜਾ ਦੇ ਗਏ ਹਨ। ਸਾਥੀ ਰਾਜ ਕੁਮਾਰ ਸਕੱਤਰ, ਜ਼ਿਲ੍ਹਾ ਕੌਂਸਲ ਚੰਡੀਗੜ੍ਹ ਅਤੇ ਏਟਕ ਚੰਡੀਗੜ੍ਹ ਦੇ ਨੇਤਾ ਦੇਵੀ ਦਿਆਲ ਸ਼ਰਾਮਾ ਅਤੇ ਸਤਿਆਵੀਰ  ਨੇ ਸਾਂਝੇ ਬਿਆਨ ਵਿਚ ਦਸਿਆ ਕਿ ਸਾਥੀ ਸੱਜਣ ਸਿੰਘ 85 ਸਾਲ ਦੇ ਸਨ ਅਤੇ ਕਰੋਨਾ ਦੀ ਲਪੇਟ ਵਿਚ ਆ ਗਏ ਸਨ। ਉਹ ਮੁਲਾਜ਼ਮਾਂ ਦੀ ਬਿਹਤਰੀ ਲਈ ਸਦਾ ਤਿਆਰ-ਬਰ-ਤਿਆਰ ਰਹਿੰਦੇ ਸਨ। ਉਹ ਹਰ ਧਰਨੇ, ਮੁਜ਼ਾਹਰੇ ਅਤੇ ਗਿਰਫ਼ਤਾਰੀਆਂ ਸਮੇਂ ਅੱਗੇ ਹੋ ਕੇ ਕਿਰਤੀਆਂ ਅਤੇ ਮੁਲਾਜ਼ਮਾਂ ਦੀ ਰਹਿਨੁਮਾਈ ਕਰਦੇ ਸਨ। ਉਹ ਬੜੇ ਮਿਠਬੋਲੜੇ, ਸਿਰੜੀ, ਸ਼ਾਂਤ ਚਿੱਤ ਅਤੇ ਦੂਰ-ਦ੍ਰਿਸ਼ਟੀ ਵਾਲੇ ਮੁਲਾਜ਼ਮ ਨੇਤਾ ਸਨ। ਉਹ ‘ਮੁਲਾਜ਼ਮ ਸੰਦੇਸ਼’ ਦੇ ਸੰਪਾਦਕੀ ਬੋਰਡ ਮੈਂਬਰ ਵੀ ਸਨ। ਉਹ ਦਰਜਾ ਚਾਰ  ਮੁਲਾਜ਼ਮ ਫੈਡਰੇਸ਼ਨ ਦੇ ਲੰਮਾ ਸਮਾਂ ਪ੍ਰਧਾਨ ਰਹੇ ਅਤੇ ਹੁਣ ਸਰਪ੍ਰਸਤ ਸਨ।

ਸਾਥੀ ਰਾਜ ਕੁਮਾਰ, ਸਕੱਤਰ ਜ਼ਿਲ੍ਹਾ ਕੌਂਸਲ ਅਤੇ ਅਗਜ਼ੈਕਟਿਵ ਮੈਬਰਾਂ ਸਰਬਸ਼੍ਰੀ ਪ੍ਰੀਤਮ ਸਿੰਘ ਹੁੰਦਲ, ਕਰਮ ਸਿੰਘ ਵਕੀਲ, ਜੋਗਿੰਦਰ ਸ਼ਰਮਾ, ਸੁਰਜੀਤ ਕੌਰ ਕਾਲੜਾ, ਅਮ੍ਰਿਤ ਲਾਲ, ਸ਼ੰਗਾਰਾ ਸਿੰਘ, ਅੈਸ. ਅੈਸ. ਕਾਲੀ ਰਮਨਾ, ਧਰਮਿੰਦਰ ਸਿੰਘ, ਦਿਲਬਾਗ ਸਿੰਘ, ਗੁਰਚਰਨ ਸਿੰਘ ਅਤੇ ਪ੍ਰਲਾਦ ਸਿੰਘ ਨੇ ਸਾਥੀ ਸੱਜਣ ਸਿੰਘ ਦੇ ਸਦੀਵੀ ਵਿਛੋੜੇ ਉਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।  ਉਨ੍ਹਾਂ ਸਾਥੀ ਸੱਜਣ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਜ਼ਿਲ੍ਹਾ ਕੌਂਸਲ ਅਤੇ ਏਟਕ ਚੰਡੀਗੜ੍ਹ ਵੱਲੋਂ ਹਾਰਦਿਕ ਸੰਵੇਦਨਾ ਸਾਂਝੀ ਕੀਤੀ।

Thursday, May 13, 2021

ਬਜ਼ੁਰਗ ਕਮਿਊਨਿਸਟ ਆਗੂ ਇਸਮਾਈਲ ਖਾਨ ਨਹੀਂ ਰਹੇ

13th May 2021 at 4:22 PM

ਆਖ਼ਿਰੀ ਸਾਹਾਂ ਤੀਕ ਸਮਰਪਿਤ ਰਹੇ ਲਾਲ ਝੰਡੇ ਵਾਲੇ ਕਾਫ਼ਿਲੇ ਨੂੰ 

ਲੁਧਿਆਣਾ: 13 ਮਈ 2021: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::

ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਬਜ਼ੁਰਗ ਆਗੂ ਕਾਮਰੇਡ ਇਸਮਾਈਲ ਖਾਨ (ਐੱਸਮੇਲ ਖਾਨ) ਸਾਡੇ ਤੋਂ ਸਦਾ ਲਈ ਵਿਛੜ ਗਏ ਹਨ। ਵਡੇਰੀ ਉਮਰ ਕਰ ਕੇ ਉਨ੍ਹਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਚੁੱਕਾ ਸੀ। ਕੱਲ੍ਹ ਸ਼ਾਮੀਂ ਚਾਰ ਵਜੇ ਤਕ ਉਹ ਪੂਰੀ ਹੋਸ਼ ਵਿੱਚ ਸਨ, ਉਸ ਤੋਂ ਬਾਅਦ ਥੋੜ੍ਹੀ ਖੰਘ ਆਈ ਅਤੇ ਉਹ ਅਚਾਨਕ ਸਾਨੂੰ ਵਿਛੋੜਾ ਦੇ ਗਏ। 

ਉਨ੍ਹਾਂ ਦਾ ਜਨਮ 14 ਅਗਸਤ1930  ਨੂੰ ਭੂਦਨ (ਮਲੇਰਕੋਟਲਾ) ਵਿਖੇ ਹੋਇਆ। ਸੰਨ1975 ਤੋਂ ਪਹਿਲਾਂ ਉਹ ਟਰੇਡ ਯੂਨੀਅਨ ਵਿੱਚ ਸਰਗਰਮ ਸਨ ਅਤੇ ਟੈਕਸਟਾਈਲ ਵਰਕਰ ਯੂਨੀਅਨ ਦੇ  ਮੁੱਢਲੇ ਆਗੂਆਂ ਵਿਚੋਂ ਸਨ। ਫਿਰ ਉਨ੍ਹਾਂ ਨੇ ਖੱਡੀ ਤੇ ਕੰਮ ਕਰਨ ਵਾਲਿਆਂ ਦੀ ਯੂਨੀਅਨ ਬਣਾ ਕੇ ਉਨ੍ਹਾਂ ਨੂੰ ਸਹੀ ਰੇਟ ਦਵਾਉਣ ਲਈ ਲੰਮਾ ਸਮਾਂ ਜੱਦੋ ਜਹਿਦ ਕੀਤੀ। ਸੰਨ 1975 ਤੋਂ 1990 ਤਕ ਦੇ ਸਮੇਂ ਉਹ ਲੁਧਿਆਣਾ ਸ਼ਹਿਰ ਵਿੱਚ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਰਹੇ। ਗਿੱਲ ਰੋਡ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਉਨ੍ਹਾਂ ਦੀ ਅਗਵਾਈ ਸਦਕਾ ਲਗਪਗ ਸੱਤ ਅੱਠ ਯੂਨਿਟ ਨੌਜਵਾਨ ਸਭਾ ਦੇ ਸਰਗਰਮ ਸਨ। ਸੰਨ1980 ਤੇ 1986 ਵਿੱਚ ਉਨ੍ਹਾਂ ਨੂੰ ਦੋ ਵਾਰ ਨੌਜਵਾਨ ਸਭਾ ਦੇ ਸਭ ਤੋਂ ਪ੍ਰਮੁੱਖ ਆਗੂ ਵਜੋਂ ਸਨਮਾਨਤ ਵੀ ਕੀਤਾ ਗਿਆ। ਉਨ੍ਹਾਂ ਦੀ  ਇਮਾਨਦਾਰੀ, ਲੋਕ ਸੇਵਾ ਅਤੇ ਹਰਮਨ ਪਿਆਰੇ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗਿੱਲ ਰੋਡ ਤੇ ਨਿਊ ਜਨਤਾ ਨਗਰ ਦੀ ਛੇ ਨੰਬਰ ਗਲੀ ਵਿੱਚ ਵੱਡੇ ਗੁਰਦੁਆਰੇ ਦੀ ਮੈਨੇਜਿੰਗ ਕਮੇਟੀ ਨੇ ਉਨ੍ਹਾਂ ਨੂੰ ਲਗਾਤਾਰ ਬਾਰਾਂ ਸਾਲ ਆਪਣਾ ਪ੍ਰਧਾਨ ਚੁਣਿਆ। 

ਸ਼ੇਰਪੁਰ ਵਿੱਚ ਪੱਕੀ ਮੁਸਲਿਮ ਕਲੋਨੀ ਦੀ ਜ਼ਮੀਨ ਪ੍ਰਾਪਤੀ ਲਈ ਉਨ੍ਹਾਂ ਹਾਈ ਕੋਰਟ ਤਕ ਕੇਸ ਲੜਿਆ ਅਤੇ ਫਿਰ ਇਹ ਜ਼ਮੀਨ ਮੁਸਲਿਮ ਪਰਿਵਾਰਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ  ਪ੍ਰਤੀ ਮੀਆਂ ਬੀਵੀ  ਪੰਜਾਹ ਗਜ਼ ਅਨੁਸਾਰ ਵੰਡ ਦਿੱਤੀ। ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਕਾਮਰੇਡ ਨੇ ਆਪਣੇ  ਲਈ ਤਾਂ  ਇਕ ਇੰਚ ਵੀ ਜਗ੍ਹਾ ਨਹੀਂ ਲਈ ਤਾਂ ਇਲਾਕੇ ਦੇ ਲੋਕਾਂ ਨੇ ਸਲਾਹ ਕਰਕੇ  ਉਨ੍ਹਾਂ ਦੇ ਚਾਰੇ ਮੁੰਡਿਆਂ ਵਾਸਤੇ ਪੰਜਾਹ ਪੰਜਾਹ ਗਜ਼ ਦੇ ਹਿਸਾਬ  ਨਾਲ ਉਸ ਦੇ ਪਰਿਵਾਰ ਨੂੰ ਇਕ ਪਲਾਟ  ਦਿੱਤਾ । ਅੱਜ ਕੱਲ੍ਹ ਕਾਮਰੇਡ ਇਸਮਾਇਲ ਆਪਣੇ ਬੱਚਿਆਂ ਨਾਲ ਇਸੇ ਮੁਸਲਿਮ ਕਲੋਨੀ ਵਿਚ ਰਹਿੰਦੇ ਸਨ। ਪਾਰਟੀ ਦਾ ਕੋਈ ਵੀ ਐਕਸ਼ਨ ਜਾਂ ਅੰਦੋਲਨ ਅਜਿਹਾ ਨਹੀਂ ਹੈ ਜਿਸ ਵਿੱਚ ਉਨ੍ਹਾਂ ਨੇ ਵੱਧ ਚਡ਼੍ਹ ਕੇ ਹਿੱਸਾ ਨਾ ਲਿਆ ਹੋਵੇ।  ਉਹ ਅਨੇਕਾਂ ਵਾਰ ਪਾਰਟੀ ਦੇ ਅੰਦੋਲਨਾਂ ਵਿੱਚ ਜੇਲ੍ਹਾਂ ਵਿੱਚ ਵੀ ਬੰਦ ਰਹੇ। ਆਪਣੇ ਪੂਰੇ ਪਰਿਵਾਰ ਦੇ ਮੈਂਬਰਾਂ ਨੂੰ ਉਹ ਕਮਿਊਨਿਸਟ ਪਾਰਟੀ ਨਾਲ ਜੋਡ਼ੀ ਰੱਖਣ ਦੀ ਹਮੇਸ਼ਾਂ ਕੋਸ਼ਿਸ਼  ਕਰਦੇ । ਅਜਿਹੇ ਮਿਸਾਲੀ ਕਮਿਊਨਿਸਟਾਂ ਦੀ ਪੀੜ੍ਹੀ ਦਾ ਉਹ ਇੱਕ ਅਨਮੋਲ ਮਣਕਾ ਸਨ । ਲੁਧਿਆਣਾ ਦੀ ਕਮਿਊਨਿਸਟ ਪਾਰਟੀ ਨੂੰ ਉਨ੍ਹਾਂ ਦੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਬਜ਼ੁਰਗ ਆਗੂ ਕਾਮਰੇਡ ਇਸਮਾਈਲ ਖਾਨ ( ਐੱਸਮੇਲ ਖਾਨ) ਸਾਡੇ ਤੋਂ ਸਦਾ ਲਈ ਵਿਛੜ ਗਏ ਹਨ। ਵਡੇਰੀ ਉਮਰ ਕਰ ਕੇ ਉਨ੍ਹਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਚੁੱਕਾ ਸੀ।  ਕੱਲ੍ਹ ਸ਼ਾਮੀਂ ਚਾਰ ਵਜੇ ਤਕ ਉਹ ਪੂਰੀ ਹੋਸ਼ ਵਿੱਚ ਸਨ, ਉਸ ਤੋਂ ਬਾਅਦ ਥੋੜ੍ਹੀ ਖੰਘ ਆਈ ਅਤੇ ਉਹ ਅਚਾਨਕ ਸਾਨੂੰ ਵਿਛੋੜਾ ਦੇ ਗਏ। 1975 ਤੋਂ ਪਹਿਲਾਂ ਉਹ ਟਰੇਡ ਯੂਨੀਅਨ ਵਿੱਚ ਸਰਗਰਮ ਸਨ ਅਤੇ ਟੈਕਸਟਾਈਲ ਵਰਕਰ ਯੂਨੀਅਨ ਦੇ  ਮੁੱਢਲੇ ਆਗੂਆਂ ਵਿਚੋਂ ਸਨ । ਫਿਰ ਉਨ੍ਹਾਂ ਨੇ ਖੱਡੀ ਤੇ ਕੰਮ ਕਰਨ ਵਾਲਿਆ ਦੀ ਯੂਨੀਅਨ ਬਣਾ ਕੇ ਉਨ੍ਹਾਂ ਨੂੰ ਸਹੀ ਰੇਟ ਦਵਾਉਣ  ਲਈ ਲੰਮਾ ਸਮਾਂ ਜੱਦੋ ਜਹਿਦ ਕੀਤੀ ।1975 ਤੋਂ 1990 ਤਕ ਦੇ ਸਮੇਂ ਉਹ ਲੁਧਿਆਣਾ ਸ਼ਹਿਰ ਵਿੱਚ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਰਹੇ । ਗਿੱਲ ਰੋਡ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਉਨ੍ਹਾਂ ਦੀ ਅਗਵਾਈ ਸਦਕਾ ਲਗਪਗ ਸੱਤ ਅੱਠ ਯੂਨਿਟ ਨੌਜਵਾਨ ਸਭਾ ਦੇ ਸਰਗਰਮ ਸਨ । 1980 ਤੇ 1986  ਵਿੱਚ ਉਨ੍ਹਾਂ ਨੂੰ ਦੋ ਵਾਰ ਨੌਜਵਾਨ ਸਭਾ ਦੇ ਸਭ ਤੋਂ ਪ੍ਰਮੁੱਖ ਆਗੂ ਵਜੋਂ ਸਨਮਾਨਤ ਵੀ ਕੀਤਾ ਗਿਆ । ਉਨ੍ਹਾਂ ਦੀ  ਇਮਾਨਦਾਰੀ , ਲੋਕ ਸੇਵਾ ਅਤੇ ਹਰਮਨ ਪਿਆਰੇ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗਿੱਲ ਰੋਡ ਤੇ ਨਿਊ ਜਨਤਾ ਨਗਰ ਦੀ ਛੇ ਨੰਬਰ ਗਲੀ ਵਿੱਚ ਵੱਡੇ ਗੁਰਦੁਆਰੇ ਦੀ  ਮੈਨੇਜਿੰਗ ਕਮੇਟੀ ਨੇ ਉਨ੍ਹਾਂ ਨੂੰ ਲਗਾਤਾਰ ਬਾਰਾਂ ਸਾਲ ਆਪਣਾ ਪ੍ਰਧਾਨ ਚੁਣਿਆ  । ਸ਼ੇਰਪੁਰ ਵਿੱਚ ਪੱਕੀ ਮੁਸਲਿਮ ਕਲੋਨੀ ਦੀ ਜ਼ਮੀਨ ਪ੍ਰਾਪਤੀ ਲਈ ਉਨ੍ਹਾਂ ਹਾਈ ਕੋਰਟ ਤਕ ਕੇਸ ਲੜਿਆ ਅਤੇ ਫਿਰ ਇਹ ਜ਼ਮੀਨ ਮੁਸਲਿਮ ਪਰਿਵਾਰਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ  ਪ੍ਰਤੀ ਮੀਆਂ ਬੀਵੀ  ਪੰਜਾਹ ਗਜ਼ ਅਨੁਸਾਰ ਵੰਡ ਦਿੱਤੀ। ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਕਾਮਰੇਡ ਨੇ ਆਪਣੇ  ਲਈ ਤਾਂ  ਇਕ ਇੰਚ ਵੀ ਜਗ੍ਹਾ ਨਹੀਂ ਲਈ ਤਾਂ ਇਲਾਕੇ ਦੇ ਲੋਕਾਂ ਨੇ ਸਲਾਹ ਕਰਕੇ  ਉਨ੍ਹਾਂ ਦੇ ਚਾਰੇ ਮੁੰਡਿਆਂ ਵਾਸਤੇ ਪੰਜਾਹ ਪੰਜਾਹ ਗਜ਼ ਦੇ ਹਿਸਾਬ  ਨਾਲ ਉਸ ਦੇ ਪਰਿਵਾਰ ਨੂੰ ਇਕ ਪਲਾਟ  ਦਿੱਤਾ । ਅੱਜ ਕੱਲ੍ਹ ਕਾਮਰੇਡ ਇਸਮਾਇਲ ਆਪਣੇ ਬੱਚਿਆਂ ਨਾਲ ਇਸੇ ਮੁਸਲਿਮ ਕਲੋਨੀ ਵਿਚ ਰਹਿੰਦੇ ਸਨ। ਪਾਰਟੀ ਦਾ ਕੋਈ ਵੀ ਐਕਸ਼ਨ ਜਾਂ ਅੰਦੋਲਨ ਅਜਿਹਾ ਨਹੀਂ ਹੈ ਜਿਸ ਵਿੱਚ ਉਨ੍ਹਾਂ ਨੇ ਵੱਧ ਚਡ਼੍ਹ ਕੇ ਹਿੱਸਾ ਨਾ ਲਿਆ ਹੋਵੇ।  ਉਹ ਅਨੇਕਾਂ ਵਾਰ ਪਾਰਟੀ ਦੇ ਅੰਦੋਲਨਾਂ ਵਿੱਚ ਜੇਲ੍ਹਾਂ ਵਿੱਚ ਵੀ ਬੰਦ ਰਹੇ। ਆਪਣੇ ਪੂਰੇ ਪਰਿਵਾਰ ਦੇ ਮੈਂਬਰਾਂ ਨੂੰ ਉਹ ਕਮਿਊਨਿਸਟ ਪਾਰਟੀ ਨਾਲ ਜੋੜੀ ਰੱਖਣ ਦੀ ਹਮੇਸ਼ਾਂ ਕੋਸ਼ਿਸ਼  ਕਰਦੇ। ਅਜਿਹੇ ਮਿਸਾਲੀ ਕਮਿਊਨਿਸਟਾਂ ਦੀ ਪੀੜ੍ਹੀ ਦਾ ਉਹ ਇੱਕ ਅਨਮੋਲ ਮਣਕਾ ਸਨ। ਉਹ ਜ਼ਿਲ੍ਹਾ ਪਾਰਟੀ ਦੇ ਅਗਜ਼ੈਕਟਿਵ ਮੈਂਬਰ ਸਨ।

 ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌਡ਼, ਡਾ ਅਰੁਣ ਮਿੱਤਰਾ,ਗੁਲਜ਼ਾਰ ਗੋਰੀਆ, ਚਮਕੌਰ ਸਿੰਘ, ਰਮੇਸ਼ ਰਤਨ, ਐਮ ਐਸ ਭਾਟੀਆ, ਵਿਜੇ ਕੁਮਾਰ ਅਤੇ ਗੁਰਨਾਮ ਸਿੱਧੂ ਨੇ ਕਾਮਰੇਡ ਇਸਮਾਇਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ  ਲੁਧਿਆਣਾ ਦੀ  ਪਾਰਟੀ ਨੂੰ ਉਨ੍ਹਾਂ ਦੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਕਾਮਰੇਡ ਇਕਬਾਲ ਸੰਧੂ ਵੀ ਸਦੀਵੀ ਵਿਛੋੜਾ ਦੇ ਗਏ

12 ਮਈ ਨੂੰ ਇੰਗਲੈਂਡ ਦੀ ਧਰਤੀ ’ਤੇ ਆਖ਼ਰੀ ਸਵਾਸ ਲਏ

ਸੋਸ਼ਲ ਮੀਡੀਆ:13 ਮਈ 2021: (ਕਾਮਰੇਡ ਸਕਰੀਨ)
ਲਗਾਤਾਰ ਉਦਾਸ ਕਰਨ ਵਾਲੀਆਂ ਖਬਰਾਂ ਆ ਰਹੀਆਂ ਹਨ। ਹੁਣ ਕੁਝ ਹੀ ਦੇਰ ਪਹਿਲਾਂ ਖਬਰ ਆਈ ਹੈ ਇੰਗਲੈਂਡ ਤੋਂ ਜਿਸ ਬਾਰੇ ਦੱਸਿਆ ਹੈ ਲਗਾਤਾਰ ਸਰਗਰਮੀ ਨਾਲ ਕੰਮ ਕਰਨ ਵਾਲੇ ਸਾਥੀ  ਬੂਟਾ ਸਿੰਘ ਨਵਾਂ ਸ਼ਹਿਰ ਨੇ। ਸਾਡੇ ਬਹੁਤ ਹੀ ਹਰਦਿਲ ਅਜ਼ੀਜ਼ ਅਤੇ ਕਿਰਤੀ ਹੱਕਾਂ ਦੇ ਅਣਥੱਕ ਸੰਗਰਾਮੀਏ ਕਾਮਰੇਡ ਇਕਬਾਲ ਸੰਧੂ ਨੇ ਕੱਲ੍ਹ 12 ਮਈ ਨੂੰ ਇੰਗਲੈਂਡ ਦੀ ਧਰਤੀ ’ਤੇ ਆਖ਼ਰੀ ਸਵਾਸ ਲਏ। ਇਹ ਇੱਕ ਬਹੁਤ ਵੱਡਾ ਘਾਟਾ ਹੈ। 

ਇੱਕ ਹੋਰ ਹੀਰਾ ਕਿਰ ਗਿਐ! ਉਹਨਾਂ ਨੂੰ ਨੇੜਿਓਂ ਜਾਣਨ ਵਾਲੇ ਦੱਸਦੇ ਹਨ ਕਿ ਉਹ ਕਿੰਨੇ ਮਹਾਨ ਸਨ। ਉਹਨਾਂ ਦੇ ਜੀਵਨ ਬਾਰੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਸਰਗਰਮੀ ਸਾਥੀ ਇਕਬਾਲ ਸੰਧੂ ਕਿਸਾਨੀ ਪਰਿਵਾਰ ਵਿੱਚੋਂ ਸਨ। ਉਨ੍ਹਾਂ ਦਾ ਜਨਮ 1932 ’ਚ ਅਣਵੰਡੇ ਪੰਜਾਬ ਵਿਚ ਹੋਇਆ। ਪਾਕਿਸਤਾਨ ਬਣਨ ਤੋਂ ਬਾਦ ਉਨ੍ਹਾਂ ਦੇ ਪਰਿਵਾਰ ਨੇ ਪੂਰਬੀ ਹਿੱਸੇ ’ਚ ਪਿੰਡ ਸੰਘੇ ਆ ਕੇ ਪਨਾਹ ਲਈ ਅਤੇ ਆਖ਼ਿਰਕਾਰ ਗੋਰਾਇਆ ਨੇੜੇ ਪਿੰਡ ਗਹੌਰ ’ਚ ਵਸ ਗਿਆ। ਉਸ ਸਮੇਂ ਉਨ੍ਹਾਂ ਦੀ ਉਮਰ ਬਸ  14 ਸਾਲ ਹੀ ਸੀ। ਸਕੂਲੀ ਪੜ੍ਹਾਈ ਤੋਂ ਬਾਦ ਫ਼ਗਵਾੜਾ ਦੇ ਕਾਲਜ ’ਚ ਪੜ੍ਹਾਈ ਕਰਦਿਆਂ ਉਹ ਕਮਿਊਨਿਸਟ ਸਰਗਰਮੀਆਂ ਨਾਲ ਜੁੜੇ ਅਤੇ ਫਿਰ ਇਸ ਫਲਸਫੇ ਨੇ ਅਜਿਹਾ ਆਕਰਸ਼ਿਤ ਕੀਤਾ ਕਿ ਹਮੇਸ਼ਾ ਲਈ ਸਮਾਜਿਕ ਤਬਦੀਲੀ ਦੀ ਜੱਦੋਜਹਿਦ ਨੂੰ ਸਮਰਪਿਤ ਹੋ ਗਏ। ਸੰਨ 1956 ’ਚ ਉਹ ਰੋਜ਼ਗਾਰ ਦੀ ਤਲਾਸ਼ ’ਚ ਇੰਗਲੈਂਡ ਚਲੇ ਗਏ ਜਿੱਥੇ ਉਹ ਕੁਵੈਂਟਰੀ ਸ਼ਹਿਰ ’ਚ ਰਹਿੰਦੇ ਸਨ। ਥੋੜ੍ਹਾ ਸਮਾਂ ਫੈਕਟਰੀਆਂ ’ਚ ਕੰਮ ਕਰਨ ਤੋਂ ਬਾਦ  ਉਨ੍ਹਾਂ ਨੇ ਬੱਸ ਡਰਾਈਵਰ ਦੀ ਨੌਕਰੀ ਕਰ ਲਈ, ਹੋਰ ਵੀ ਕਈ ਰੋਜ਼ਗਾਰ ਕੀਤੇ ਅਤੇ ਆਖ਼ਿਰਕਾਰ 1996 ’ਚ ਉਹ ਰਿਟਾਇਰ ਹੋ ਗਏ। ਨੌਕਰੀ ਦੀ ਰਿਟਾਇਰਮੈਂਟ ਤਾਂ ਨਿਯਮਾਂ ਅਨੁਸਾਰ ਜ਼ਰੂਰੀ ਸੀ ਪਰ  ਹੱਥਾਂ  ਵਿੱਚ ਲਏ ਕੰਮਾਂ ਨੂੰ ਪੂਰੀ  ਨਿਭਾਉਣ ਵਾਲੀ  ਜਾਰੀ ਰੱਖੀ। 

ਉਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਲੰਮਾ ਰਿਹਾ। ਜ਼ਿਕਰਯੋਗ ਹੈ ਕਿ ਇੰਗਲੈਂਡ ਜਾਂਦੇ ਸਾਰ ਉਹ ਟਰੇਡ ਯੂਨੀਅਨ ਲਹਿਰ ’ਚ ਸਰਗਰਮ ਹੋ ਗਏ ਸਨ ਅਤੇ ਤਾਉਮਰ ਇਸੇ ਕਾਜ਼ ਨੂੰ ਸਮਰਪਿਤ ਵੀ ਰਹੇ। ਉਹ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਆਈ.ਡਬਲਯੂ.ਏ.ਜੀ.ਬੀ.) ਦੇ ਅਣਥੱਕ ਕਾਰਕੁੰਨ ਸਨ। ਉਹ ਕੁਵੈਂਟਰੀ ਬਰਾਂਚ ਦੇ ਪ੍ਰਧਾਨ ਰਹੇ ਅਤੇ ਨਾਲ ਹੀ ਐਸੋਸੀਏਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ। ਉਹ ਜਿੱਥੇ ਮਜ਼ਦੂਰ ਜਮਾਤ ਦੇ ਹੱਕਾਂ ਲਈ ਮੋਹਰੀਆਂ ਸਫ਼ਾਂ ’ਚ ਲੜਨ ਵਾਲੇ ਜੁਝਾਰੂ ਸਨ ਉੱਥੇ ਉਨ੍ਹਾਂ ਨੇ ਆਈ.ਡਬਲਯੂ.ਏ. ਵਿਚ ਹਾਵੀ ਹੋਏ ਸੋਧਵਾਦੀ, ਸਥਾਪਤੀ ਪੱਖੀ ਭੋਗ ਪਾਊ ਰੁਝਾਨ ਵਿਰੁੱਧ ਵੀ ਡੱਟ ਕੇ ਸਟੈਂਡ ਲਿਆ। ਉਨ੍ਹਾਂ ਨੇ ਜੁਝਾਰੂ ਆਗੂ ਜਗਮੋਹਣ ਜੋਸ਼ੀ ਦੀ ਇਨਕਲਾਬੀ ਪਰੰਪਰਾ ਉੱਪਰ ਨਿਰੰਤਰ ਪਹਿਰਾ ਦਿੰਦੇ ਹੋਏ ਮੌਲਿਕ ਪ੍ਰੋਗਰਾਮ ਉੱਪਰ ਜਥੇਬੰਦੀ ਨੂੰ ਮੁੜ-ਜਥੇਬੰਦ ਕਰਨ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਅਤੇ ਹਮੇਸ਼ਾ ਬੁਲੰਦ ਹੌਸਲੇ ਨਾਲ ਸਰਗਰਮ ਰਹਿੰਦੇ ਸਨ। ਉਹ ਨਕਸਲੀ ਲਹਿਰ ਦੀ ਸੋਚ ਦੇ ਧਾਰਨੀ ਸਨ ਅਤੇ ਭਾਰਤ ਸਮੇਤ ਦੁਨੀਆ ਭਰ ਵਿਚ ਲੋਕ ਮੁਕਤੀ ਜੱਦੋਜਹਿਦਾਂ ਦੇ ਹੱਕ ’ਚ ਧੜੱਲੇ ਨਾਲ ਖੜ੍ਹਦੇ ਸਨ।

ਉਹ ਸਿਹਤ ਸੰਭਾਲ ਵੱਲ ਵੀ ਧਿਆਨ ਦੇਂਦੇ ਸਨ ਤਾਂਕਿ ਸੰਘਰਸ਼ਾਂ  ਵੱਧ ਹਿੱਸਾ ਪਾਇਆ ਜਾ ਸਕੇ। ਦੇਹਾਂਤ ਦੇ ਸਮੇਂ ਉਨ੍ਹਾਂ ਦੀ ਉਮਰ 89 ਸਾਲ ਸੀ। ਜ਼ਿੰਦਗੀ ਦੇ ਇਸ ਪੜਾਅ ’ਚ ਵੀ ਉਨ੍ਹਾਂ ਦਾ ਇਨਕਲਾਬੀ ਜਜ਼ਬਾ ਨੌਜਵਾਨਾਂ ਵਰਗਾ ਸੀ। ਉਨ੍ਹਾਂ ਦਾ ਮਾਰਕਸਵਾਦੀ ਵਿਚਾਰਧਾਰਾ ਵਿਚ ਦਿ੍ਰੜ ਵਿਸ਼ਵਾਸ ਅਤੇ ਲੋਕ ਹਿੱਤਾਂ ਲਈ ਜੂਝਣ ਦੀ ਨਿਹਚਾ ਬੇਮਿਸਾਲ ਸੀ। ਉਨ੍ਹਾਂ ਨਾਲ ਅਕਸਰ ਗੱਲ ਹੁੰਦੀ ਰਹਿੰਦੀ ਸੀ ਅਤੇ ਉਹ ਹਮੇਸ਼ਾ ਚੜ੍ਹਦੀ ਕਲਾ ’ਚ ਹੁੰਦੇ ਸਨ। ਉਹ ਸਭਨਾਂ ’ਚ ਸਤਿਕਾਰੇ ਜਾਂਦੇ ਸਨ ਅਤੇ ਮੱਤਭੇਦਾਂ ਵਾਲੇ ਲੋਕਾਂ ਨਾਲ ਵੀ ਟੀਮ ਸਪਿਰਿਟ ਦੀ ਭਾਵਨਾ ਨਾਲ ਮਿਲ-ਜੁਲ ਕੇ ਕੰਮ ਕਰਨ ਦੇ ਨਜ਼ਰੀਏ ਵਾਲੇ ਇਨਸਾਨ ਸਨ। ਉਹ ਘਰ-ਪਰਿਵਾਰ, ਜਥੇਬੰਦੀ ਅਤੇ ਸਮਾਜ ਹਰ ਥਾਂ ਸਤਿਕਾਰੇ ਜਾਂਦੇ ਬਹੁਗੁਣੀ ਆਗੂ ਸਨ। ਕਮਿਊਨਿਜ਼ਮ ਅਤੇ ਸੋਸ਼ਲਿਜ਼ਮ ਦੇ ਕਾਜ ਨੂੰ ਪ੍ਰਣਾਏ ਟਰੇਡ ਯੂਨੀਅਨ ਆਗੂ ਹੋਣ ਦੇ ਨਾਲ-ਨਾਲ ਉਹ ਇਨਕਲਾਬੀ ਕਵੀ ਵੀ ਸਨ ਅਤੇ ਪਿੱਛੇ ਜਹੇ ਉਨ੍ਹਾਂ ਦੇ ਗੀਤਾਂ-ਨਜ਼ਮਾਂ ਦਾ ਸੰਗ੍ਰਹਿ ਛਪਿਆ ਸੀ।

ਨਿਰਾਸ਼ ਕਰਨ ਵਾਲਿਆਂ ਹਾਲਤਾਂ ਵਿੱਚ ਵੀ ਉਹ ਕਦੇ ਉਮੀਦ ਨਾ ਟੁੱਟਣ ਦੇਂਦੇ। ਬੇਹੱਦ ਆਸ਼ਾਵਾਦੀ ਹੋਣ ਕਾਰਨ ਹਰ ਵਾਰ ਉਹ ਬੀਮਾਰੀਆਂ ਦੇ ਹਮਲੇ ਦਾ ਪੂਰੇ ਹੌਸਲੇ ਨਾਲ ਮੁਕਾਬਲੇ ਕਰਕੇ ਸਿਹਤਯਾਬ ਹੋ ਜਾਂਦੇ ਸਨ। ਪਿਛਲੇ ਸਾਲਾਂ ਤੋਂ ਉਨ੍ਹਾਂ ਦੀ ਸਿਹਤ ਨਾਸਾਜ਼ ਸੀ ਅਤੇ ਇਸ ਵਾਰ ਉਨ੍ਹਾਂ ਦੀ ਪਾਚਨ-ਪ੍ਰਣਾਲੀ ਇਸ ਕਦਰ ਨੁਕਸਾਨੀ ਗਈ ਕਿ ਉਹ ਜ਼ਿੰਦਗੀ ਦੀ ਲੜਾਈ ਹਾਰ ਗਏ ਅਤੇ 12 ਮਈ ਨੂੰ ਆਪਣੇ ਸਕੇ-ਸੰਬੰਧੀਆਂ ਅਤੇ ਸੰਗੀ-ਸਾਥੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ।

ਅਲਵਿਦਾ ਸਾਥੀ ਸੰਧੂ ਜੀ। ਤੁਹਾਡੀਆਂ ਯਾਦਾਂ ਅਤੇ ਇਨਕਲਾਬੀ ਘਾਲਣਾ ਅਮਿੱਟ ਹੈ।  ਸਾਰੇ ਸਾਥੀ ਤੁਹਾਡੀ ਘਾਲਣਾ ਨੂੰ ਯਾਦ ਰੱਖਦੇ ਹੋਏ ਇਸ ਤੋਂ ਪ੍ਰੇਰਨਾ ਵੀ ਲੈਂਦੇ ਰਹਿਣਗੇ। 

ਲਾਲ ਸਲਾਮ ਲਾਲ ਸਲਾਮ। 

Tuesday, May 11, 2021

ਹੈਲਥ ਮਿਸ਼ਨ ਦੇ ਡਾਕਟਰੀ ਅਮਲੇ ਫੈਲੇ ਨਾਲ ਬੇਇਨਸਾਫ਼ੀ ਤੁਰੰਤ ਬੰਦ ਕਰੋ

11th May 2021 at 4:58 PM

 ਨੌਕਰੀ ਤੋਂ ਫਾਰਗ ਕਰਨ ਵਾਲਾ ਹੁਕਮ ਤੁਰੰਤ ਵਾਪਸ ਲਿਆ ਜਾਵੇ 

ਚੰਡੀਗੜ੍ਹ: 11 ਮਈ 2021: (ਕਾਮਰੇਡ ਸਕਰੀਨ ਬਿਊਰੋ)::

ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਨ ਵਾਲੇ  ਡਾਕਟਰ , ਸਟਾਫ, ਨਰਸਾਂ, ਫਾਰਮਾਸਿਸਟ ਅਤੇ ਹੋਰ ਮੁਲਾਜ਼ਮ ਜੋ ਪਿਛਲੇ ਕਈ ਸਾਲਾਂ ਤੋਂ ਕੱਚੀ ਨੌਕਰੀ  ਤੇ ਹਨ ਤੇ ਉਹ ਲਗਾਤਾਰ ਸਰਕਾਰਾਂ ਤੋਂ ਪੱਕਿਆਂ ਕਰਨ ਦੀ ਮੰਗ ਨੂੰ ਲੈ  ਸੰਘਰਸ਼ ਕਰ ਰਹੇ ਹਨ ਪਰ ਸਾਰੀਆਂ ਸਰਕਾਰਾਂ ਨੇ ਆਪਣਾ ਸਮਾਂ ਹੀ ਟਪਾਇਆ ਹੈ ਅਤੇ ਉਨ੍ਹਾਂ ਨੂੰ ਲਾਰੇ ਲੱਪੇ ਲਾ ਕੇ ਪੱਕਿਆਂ ਨਹੀਂ ਕੀਤਾ ਗਿਆ। ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਤੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ  ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਮੈਡੀਕਲ ਸਟਾਫ ਨਾਲ ਧ੍ਰੋਹ ਕਮਾਇਆ ਹੈ ਜਦੋਂ ਕਿ ਉਹ ਜਾਨ ਜੋਖਮ ਵਿੱਚ ਪਾ ਕੇ ਕਰੋਨਾ ਦੀ ਰੋਕਥਾਮ ਲਈ ਫਰੰਟ ਲਾਈਨ ਤੇ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਦੀ ਇਹ ਮੰਗ ਸੀ ਕਿ ਸਾਨੂੰ  ਪੱਕਿਆ ਕੀਤਾ ਜਾਵੇ ਜਦੋਂ ਸਰਕਾਰ ਨੇ  ਟਾਲ ਮਟੋਲ ਵਾਲੀ ਨੀਤੀ ਅਪਣਾ ਲਈ ਤਾਂ ਸਾਰੇ ਸਟਾਫ ਨੇ ਹੜਤਾਲ ਕਰ ਦਿੱਤੀ। ਉਹ ਹੜਤਾਲ ਚੱਲ ਰਹੀ ਸੀ  ਤੇ ਇਸੇ ਸਮੇਂ ਦੌਰਾਨ ਕੱਲ੍ਹ ਇਸ ਮਹਿਕਮੇ ਦੇ ਡਾਇਰੈਕਟਰ ਨੇ ਨਾਦਰਸ਼ਾਹੀ ਹੁਕਮ ਜਾਰੀ ਕਰ ਦਿੱਤਾ ਹੈ ਕਿ  ਹੜਤਾਲੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਖ਼ਾਰਜ ਕੀਤਾ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਉਨਾਂ ਨੂੰ ਤਾਂ ਉਤਸ਼ਾਹਤ ਕਰਨ ਲਈ ਪੱਕਿਆਂ ਕਰਨਾ ਚਾਹੀਦਾ ਸੀ । ਸਾਡੇ ਦੇਸ਼ ਵਿੱਚ ਜੋ ਹਾਲਾਤ ਬਣਦੇ ਜਾ ਰਹੇ ਹਨ ਉਸ ਅਨੁਸਾਰ ਮੁਲਾਜ਼ਮ ਆਪਣੀਆਂ ਮੰਗਾਂ ਵਾਸਤੇ ਆਵਾਜ਼ ਵੀ ਲਾਮਬੰਦ ਨਹੀਂ ਕਰ ਸਕਦੇ। ਜੇ ਉਹ ਸਰਕਾਰ ਕੋਲੋਂ ਆਪਣੇ ਹੱਕ ਲੈਣ ਵਾਸਤੇ ਸੰਘਰਸ਼ ਕਰਦੇ ਹਨ ਤੇ ਸਰਕਾਰਾਂ ਉਨ੍ਹਾਂ ਤੇ ਜਬਰ ਢਾਹੁੰਦੀਆਂ ਹਨ ।ਕਦੀ ਇਨਕਰੀਮੈਂਟਾਂ ਰੋਕ ਦੇਣੀਆਂ ।ਕਦੀ ਬਦਲੀਆਂ ਕਰ ਦੇਣੀਆਂ  ਤੇ ਹੁਣ ਆਖ਼ਰੀ ਫਰਮਾਨ ਇਹ ਹੁੰਦਾ ਹੈ ਕਿ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ    ਹੈ ।ਸੀਪੀਆਈ ਹਮੇਸ਼ਾਂ ਹੀ ਕਿਰਤੀ ਤੇ ਮੁਲਾਜ਼ਮ ਜੋ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹਨ ਉਨਾਂ ਨਾਲ ਖੜ੍ਹਦੀ ਹੈ। ਇਸ ਲਈ  ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਇਹ ਨਾਦਰਸ਼ਾਹੀ ਹੁਕਮ ਵਾਪਸ ਲਿਆ ਜਾਵੇ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਖਾਰਜ ਨਾ ਕੀਤਾ  ਜਾਵੇ।ਲੋੜ ਤਾਂ ਇਹ ਹੈ ਕਿ ਹਸਪਤਾਲਾਂ ਦੇ ਹਸਪਤਾਲ ਡਾਕਟਰੀ ਅਮਲੇ ਫੈਲੇ ਦੀ ਘਾਟ ਕਰਕੇ ਖਾਲੀ ਪਏ ਹਨ। ਲੋਕ ਇਲਾਜ ਲਈ ਤਰਸ ਰਹੇ ਹਨ।  ਹੁਣ ਕਰੋਨਾ ਦੇ ਦੌਰ ਵਿੱਚ ਤਾਂ ਹੈਲਥ ਮਹਿਕਮੇ ਨਾਲ ਜੁੜੇ ਅਮਲੇ ਫੈਲੇ ਦੀ ਬੜੀ ਜ਼ਰੂਰਤ ਬਣ ਗਈ ਹੈ। ਸਰਕਾਰ ਨੂੰ ਤਾਂ  ਇਹ ਚਾਹੀਦਾ ਸੀ ਕਿ ਨਵੀਂ ਭਰਤੀ ਕਰਦੀ ਪਰ ਸਰਕਾਰ ਪਹਿਿਲਆਂ ਨੂੰ ਹੀ ਕੰਮ ਤੋਂ ਫਾਰਗ ਕਰ ਰਹੀ ਹੈ। ਇਹ ਬਹੁਤ ਹੀ  ਨਿੰਦਨਯੋਗ ਹੈ। ਸਰਕਾਰ ਇਹ ਹੁਕਮ ਤੁਰੰਤ ਵਾਪਸ ਲਵੇ। 

Monday, May 10, 2021

CTU ਦੇ ਨਿੱਜੀਕਰਨ ਖਿਲਾਫ਼ ਏਟਕ ਵੀ ਆਈ ਖੁੱਲ ਕੇ ਮੈਦਾਨ ਵਿੱਚ

 11 ਮਈ 2021 ਦੇ ਚੱਕਾ ਜਾਮ ਦਾ ਕੀਤਾ ਪੁਰਜ਼ੋਰ ਸਮਰਥਨ


ਚੰਡੀਗੜ੍ਹ
: 10 ਮਈ 2021: (ਕਾਮਰੇਡ ਸਕਰੀਨ ਡੈਸਕ)::

ਆਏ ਦਿਨ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਅਤੇ ਲਾਕਡਾਊਨ ਕਾਰਨ ਵੱਧ ਰਹੀ ਮੰਦੀ ਵਾਲੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ।ਸਨ 2020 ਵਿੱਚ ਜਦੋਂ ਕੋਰੋਨਾ ਵਾਲੀ ਮੁਸੀਬਤ ਆਈ ਸੀ ਤਾਂ ਉਦੋਂ ਵੀ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਨਿੱਕੀਆਂ ਨਿੱਕੀਆਂ ਦੁਕਾਨਾਂ ਅਤੇ ਕਾਰੋਬਾਰ ਬੰਦ ਹੋ ਗਏ ਸਨ। ਜਿਹਨਾਂ ਨੇ ਉਹਨਾਂ ਸਮਿਆਂ ਵਿੱਚ ਹੀ ਕਰਜ਼ੇ ਲੈ ਕੇ ਛੋਟੇ ਛੋਟੇ ਕਾਰੋਬਾਰ ਸ਼ੁਰੂ ਕੀਤੇ ਸਨ ਉਹ ਸਾਰੇ ਇਸ ਤਾਲਾਬੰਦੀ ਕਾਰਨ ਬੰਦ ਹੋ ਗਏ ਸਨ। ਪਰਿਵਾਰ ਚਲਾਉਣ ਦੀ ਮੁਸ਼ਕਿਲ ਹਰ ਰੋਜ਼ ਵਧੇਰੇ ਭਿਆਨਕ ਬਣ ਕੇ ਸਾਹਮਣੇ ਆਉਣ ਲੱਗੀ ਸੀ। ਇਸ ਨਾਜ਼ੁਕ ਹਾਲਤ ਵਿੱਚ ਜਿਹੜੀਆਂ ਲੋਕ ਪੱਖੀ ਸ਼ਕਤੀਆਂ ਲੋਕਾਂ ਦੀ ਮਦਦ ਲਈ ਸਾਹਮਣੇ ਆਈਆਂ ਉਹਨਾਂ ਵਿੱਚ ਕਾਮਰੇਡ ਵੀ ਮੂਹਰਲੀ ਕਤਾਰ ਵਿੱਚ ਸਨ।  ਕਾਮਰੇਡਾਂ ਅਤੇ ਹੋਰ ਟ੍ਰੇਡ ਯੂਨੀਅਨਾਂ ਦਾ ਧਿਆਨ ਰਾਸ਼ਨ ਵੰਡ ਵਰਗੇ ਪਾਸੇ ਹੁੰਦਿਆਂ ਸਾਰ ਹੀ ਸਰਕਾਰਾਂ ਨੇ ਆਪਣੀ ਚਾਲ ਚੱਲਣੀ ਸ਼ੁਰੂ ਕਰ ਦਿੱਤੀ। ਲੋਕਾਂ ਅਤੇ ਮਜ਼ਦੂਰਾਂ ਦੇ ਖਿਲਾਫ ਅਜਿਹੇ ਕਾਨੂੰਨ ਸਾਹਮਣੇ ਆਉਣ ਲੱਗੇ ਜਿਹੜੇ ਨੰਗੇ ਚਿੱਟੇ ਤੌਰ ਤੇ ਅੰਬਾਨੀਆਂ ਅਡਾਨੀਆਂ ਵਰਗੇ ਪੂੰਜੀਪਤੀਆਂ ਦੇ ਹਿੱਤ ਪੂਰਦੇ ਸਨ। ਇਸ ਮੁਹਿੰਮ ਅਧੀਨ ਹੀ ਨਿਜੀਕਰਨ ਨੂੰ ਮਜ਼ਬੂਤ ਕਰਨ ਅਤੇ ਪਬਲਿਕ ਸੈਕਟਰ ਨੂੰ ਕਮਜ਼ੋਰ ਕਰਨ ਦਾ ਨਿਸ਼ਾਨਾ ਬੜੀ ਹੀ ਬੇਸ਼ਰਮੀ ਨਾਲ ਮਿੱਥ ਲਿਆ ਗਿਆ। ਇਸੇ ਸਿਲਸਿਲੇ ਅਧੀਨ ਵਾਰੀ ਆਈ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀ। ਹਰਮਨ ਪਿਆਰੇ ਟਰਾਂਸਪੋਰਟ ਅਦਾਰੇ ਸੀਟੀਯੂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਵਾਲਿਆਂ ਸਾਜ਼ਿਸ਼ਾਂ ਸਿਰੇ ਚਾੜ੍ਹੀਆਂ ਜਾਣ ਲੱਗ ਪਈਆਂ। ਸੀਟੀਯੂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਲਈ ਅੱਗੇ ਆਈ ਹੈ ਖੱਬੇ ਪੱਖੀ ਟਰੇਡ ਯੂਨੀਅਨ ਜੱਥੇਬੰਦੀ ਏਟਕ ਅਰਥਾਤ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ। ਏਟਕ ਨੇ ਨਿਜੀਕਰਨ ਦੇ ਇਸ ਮੁੱਦੇ ਨੂੰ ਉਠਾਉਂਦਿਆਂ ਮੁਲਾਜ਼ਮਾਂ ਦੀ ਪੁਰਜ਼ੋਰ ਹਮਾਇਤ ਕੀਤੀ ਹੈ। 

ਏਟਕ ਚੰਡੀਗੜ੍ਹ ਦੇ ਪ੍ਰਧਾਨ ਸਾਥੀ ਰਾਜ ਕੁਮਾਰ ਅਤੇ ਜਨਰਲ ਸਕੱਤਰ ਸਤਿਆਵੀਰ ਨੇ ਇੱਕ ਸਾਝੇ ਬਿਆਨ ਵਿਚ ਦਸਿਆ ਕਿ ਸੀ. ਟੀ. ਯੂ. ਵਰਕਰਜ਼ ਯੂਨੀਅਨ ਵੱਲੋਂ ਅਦਾਰੇ ਦੇ ਨਿੱਜੀਕਰਨ ਖਿਲਾਫ਼ 11 ਮਈ 2021 ਨੂੰ ਦੁਪਹਿਰੇ 12 ਤੋਂ 2 ਵਜੇ ਤਕ ਬੱਸਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏਟਕ ਇਸ ਚੱਕਾ ਜਾਮ ਦਾ ਸਮਰਥਨ ਕਰਦੀ ਹੈ ਅਤੇ ਏਟਕ ਦੇ ਸਾਥੀ ਇਸ ਸੰਘਰਸ਼ ਵਿਚ ਹਮੇਸ਼ਾਂ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਅਦਾਰੇ ਦੇ ਨਿੱਜੀਕਰਨ ਦੇ ਨਾਲ ਨਾਲ ਪ੍ਰਸਾਸ਼ਨ ਇਲੇਕਟਰੌਨਿਕ ਬੱਸਾਂ ਵੀ ਸ਼ਹਿਰ ਵਿਚ ਨਿੱਜੀ ਕੰਪਨੀਆਂ ਦੀ ਮਦਦ ਨਾਲ ਚਲਾਉਣਾ ਚਾਹੁੰਦੀ ਹੈ ਜੋ ਕੀਮਤ ਅਤੇ ਪ੍ਰਤੀ ਕਿਲੋਮੀਟਰ ਲਾਗਤ ਵਿਚ ਮਹਿੰਗੀਆਂ ਹਨ ਅਤੇ ਪੁਰਾਣੀਆਂ ਬੱਸਾਂ ਨਾਲੋਂ ਅੱਧੀਆਂ ਸਵਾਰੀਆਂ ਹੀ ਢੋਣਗੀਆਂ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ਦੇ ਆਉਣ ਨਾਲ ਡਰਾਇਵਰਾਂ ਉਤੇ ਛਾਂਟੀ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਚੰਡੀਗੜ੍ਹ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸੀ. ਟੀ. ਯੂ. ਵਰਕਰਜ਼ ਯੂਨੀਅਨ ਦੀਆਂ ਮੰਗਾਂ ਫੌਰੀ ਤੌਰ ਤੇ ਮੰਨੀਆਂ ਜਾਣ ਵਰਨਾ ਏਟਕ ਇਸ ਸੰਘਰਸ਼ ਨੂੰ ਹੋਰ ਤਿਖਾ ਕਰੇਗੀ।

C T U ਵਿੱਚ 11 ਮਈ ਦੀ ਹੜਤਾਲ ਕਿਉ ਅਤੇ ਜਿੰਮੇਵਾਰ ਕੌਣ?

ਆਖਿਰ ਲੋਕ ਪੁੱਛ ਸਕਦੇ ਹਨ ਕਿ ਇਸ ਹੜਤਾਲ ਲਈ ਜ਼ਿੰਮੇਵਾਰ ਕੌਣ ਹੈ? ਇਸ ਸਹਿਮ ਸੁਆਲ ਦਾ ਜੁਆਬ ਲੱਭਦੀਆਂ ਕਈ ਗੱਲਾਂ ਸਾਹਮਣੇ ਆਉਂਦੀਆਂ ਹਨ। ਸਬੰਧਤ ਮੁਲਾਜ਼ਮਾਂ ਨਾਲ ਜੁੜੇ ਸੂਤਰ ਦੱਸਦੇ ਹਨ ਕਿ  ਅਸਲ ਵਿੱਚ CTU ਮੈਨੇਜਮੈਂਟ ਵੱਲੋਂ ਪਿਛਲੇ ਚਾਰ ਪੰਜ ਸਾਲਾਂ ਤੋਂ ਅਦਾਰੇ ਨੂੰ ਖੋਰਾ ਲਾਉਣ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ।

ਸਾਨੂੰ ਸੂਚਨਾ ਦੇਣ ਵਾਲੇ ਇਹਨਾਂ ਸੋਮਿਆਂ ਨੇ ਦੱਸਿਆ ਕਿ ਪਹਿਲਾਂ ਚਾਰ ਨੰਬਰ ਡੀਪੂ ਨੂੰ ਜਵਾਹਰ ਲਾਲ ਨਹਿਰੂ ਨੈਸ਼ਨਲ ਰੂਰਲ ਮਿਸ਼ਨ ਵਾਲੀ ਸਕੀਮ ਦੇ ਹੇਠ ਪ੍ਰਾਈਵੇਟ ਹੱਥਾਂ ਵਿਚ ਦਿੱਤਾ ਗਿਆ। ਇਸ ਦੇ ਨਾਲ ਹੀ ਨੀਤੀਆਂ ਲੋਕ ਮਾਰੂ ਹੁੰਦੀਆਂ ਚਲੀਆਂ ਗਈਆਂ। 

ਇਸੇਤਰ੍ਹਾਂ ਪਿਛਲੇ ਸਾਲ 2 ਨੰਬਰ ਵਰਕਸ਼ਾਪ ਦਾ ਰਿਪੇਅਰ ਵਾਲਾ  ਕੰਮ  ਠੇਕੇਦਾਰ ਨੂੰ ਦੇ ਕੇ ਕਮਿਸ਼ਨ ਖਾਣ ਦਾ ਹੀਲਾ ਕਰ ਲਿਆ ਗਿਆ ਅਤੇ ਯੂਨੀਅਨ ਵੱਲੋਂ ਅਪੀਲ ਕਰਨ ਦੇ ਬਾਵਜੂਦ ਇਸ ਘਪਲੇ ਦੀ ਜਾਂਚ ਨਹੀ ਕਾਰਵਾਈ ਗਈ।

ਹੁਣ ਨਿਜੀਕਰਨ ਵਾਲੇ ਇਹਨਾਂ ਰਸਤਿਆਂ ਤੇ ਚੱਲਦਿਆਂ ਹੀ ਇਹਨਾਂ  417 ਬੱਸਾਂ ਦੇ ਮਨਜ਼ੂਰ ਹੋਏ ਫਲੀਟ ਨੂੰ ਖੋਰਾ ਲਾਇਆ ਜਾ ਰਿਹਾ ਹੈ।

ਇਸਦੇ ਨਾਲ ਹੀ ਇਲੈਕਟ੍ਰਿਕ ਬੱਸਾਂ ਪ੍ਰਾਈਵੇਟ ਠੇਕੇਦਾਰ ਦੇ ਅਧੀਨ ਕਿਲੋਮੀਟਰ ਵਾਲੇ ਆਧਾਰ ਤੇ ਪਾਈਆਂ ਜਾ ਰਹੀਆਂ ਹਨ। ਇਹ ਸਭ ਕੁਛ CTU ਮੈਨੇਜਮੈਂਟ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਮੋਟਾ ਕਮਿਸ਼ਨ ਖਾ ਕੇ ਅਦਾਰੇ ਨੂੰ ਖਤਮ ਕਰਨ ਦੀ ਕੋਝੀ ਚਾਲ ਹੈ। 

ਇਸ ਹਰਮਨ ਪਿਆਰੇ ਅਦਾਰੇ ਨੂੰ ਡੋਬਣ ਦੇ ਮਕਸਦ ਨਾਲ ਹੀ ਮਨਜ਼ੂਰਸ਼ੁਦਾ 200 ਬੱਸਾਂ ਵਿਚੋਂ ਬਚਦੀਆਂ ਬੱਸਾਂ ਨਹੀਂ ਮੰਗਾਈਆ ਜਾ ਰਹੀਆਂ। ਸੰਨ 1991 ਤੋਂ ਬਾਅਦ ਆਦਾਰੇ ਵਿਚ ਵਰਕਸ਼ਾਪ ਸਟਾਫ ਦੀ ਭਰਤੀ ਵੀ ਨਹੀਂ ਕੀਤੀ ਗਈ। ਲੰਮੇ ਸਮੇਂ ਤੋਂ ਡਰਾਈਵਰ ਤੇ ਕੰਡਕਟਰ ਦੀ ਭਰਤੀ ਨਹੀਂ ਕੀਤੀ ਜਾ ਰਹੀ ਜਦ ਕਿ ਇਸ ਦੇ ਉਲਟ ਪ੍ਰਾਈਵੇਟ ਠੇਕੇਦਾਰ ਅਧੀਨ ਪਿਛਲੇ ਦਰਵਾਜ਼ੇ ਰਾਹੀਂ ਤਕਰੀਬਨ 1200 ਕੱਚੇ ਕਾਮੇ ਭਰਤੀ ਕਰਕੇ ਠੇਕੇਦਾਰ ਤੋਂ ਮੋਟਾ ਕਮਿਸ਼ਨ ਖਾਧਾ ਜਾ ਰਿਹਾ ਹੈ ਅਤੇ ਕੱਚੇ ਕਾਮਿਆਂ ਨੂੰ ਓਹਨੇ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਸਥਿਤੀ ਕਿੰਨੀ ਭਿਆਨਕ ਹੁੰਦੀ ਜਾ ਰਹੀ ਹੈ ਇਸਦਾ ਅੰਦਾਜ਼ਾ ਇਹਨਾਂ ਗੱਲਾਂ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ।  

ਡਾਇਰੈਕਟਰ ਟਰਾਂਸਪੋਰਟ ਵਲੋਂ ਕੋਰਟ ਵਿੱਚ ਗ਼ਲਤ ਐਫੀਡੇਵਿਟ ਫਾਈਲ ਕਰਕੇ ਵੀਕਲੀ ਰੈਸਟ ਦੇ ਨਾਮ ਤੇ ਯੂਨੀਅਨ ਅਤੇ ਵਰਕਰਾਂ ਨੂੰ ਜਨਰਲ ਮੈਨੇਜਰ ਨਾਲ ਮਿਲ ਕੇ ਬਲੈਕਮੇਲ ਕੀਤਾ ਜਾ ਰਿਹਾ ਹੈ। ਇਹ ਇੱਕ ਵੱਖਰੀ ਕਿਸਮ ਦੀ ਚਾਲ ਹੈ ਜਿਹੜੀ ਵਰਕਰਾਂ ਨੂੰ ਕਮਜ਼ੋਰ ਕਰਨ ਦੇ ਮਕਸਦ ਨਾਲ ਵਰਤੀ ਜਾ ਰਹੀ ਹੈ। ਇਸੇ ਤਰ੍ਹਾਂ ਸ਼ਾਮ ਸਵੇਰ ਦਾ ਕੈਸ਼ ਇਕੱਠਾ ਨਾ ਜਮਾ ਕਰਕੇ ਵੀ  ਕੰਡਕਟਰ ਅਤੇ ਸਟਾਫ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਿਛਲੇ ਤਿੰਨ ਸਾਲਾਂ ਵਿਚ ਡਾਇਰੈਕਟਰ ਟਰਾਂਸਪੋਰਟ ਕਦੇ ਵੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣਨ ਲਈ CTU ਦਫ਼ਤਰ ਨਹੀਂ ਬੈਠਿਆ। ਹੁਣ ਵਰਕਰ ਆਪਣੇ ਮਸਲੇ ਕਿਸ ਦੇ ਸਾਹਮਣੇ ਰੱਖਣ?  ਅਜਿਹਾ  ਬਹੁਤ ਕੁਝ ਲਗਾਤਾਰ ਹੋ ਰਿਹਾ। ਡਰਾਈਵਰ ਸਟਾਫ ਨੂੰ ਐਕਸੀਡੈਂਟ ਕੇਸ ਵਿੱਚ ਨਜਾਇਜ ਰਿਕਵਰੀਆਂ ਪਈਆਂ ਜਾ ਰਹੀਆਂ ਹਨ।ਕੋਰਟ ਵਿੱਚੋਂ ਬਰੀ ਹੋ ਚੁੱਕੇ ਡਰਾਈਵਰਾਂ ਨੂੰ ਵੀ ਵਿਭਾਗੀ ਜਾਂਚ ਵਿਚ ਦੋਸ਼ੀ ਠਹਿਰਾ ਕੇ ਗ਼ਲਤ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ।ਏਸੇ ਤਰ੍ਹਾਂ ਸ਼ਰਤਾਂ ਪੂਰੀਆਂ ਕਰਦੇ ਕੰਡਕਟਰ ਸਟਾਫ ਨੂੰ ਸਬ ਇੰਸਪੈਕਟਰ ਨਹੀਂ ਬਣਾਇਆ ਜਾ ਰਿਹਾ ਅਤੇ ਚਾਰ ਮਹੀਨਿਆਂ ਤੋਂ ਲਾਰੇ ਲਾਏ ਜਾ ਰਹੇ ਹਨ। 

ਇਹ ਨਹੀਂ ਕਿ ਇਹਨਾਂ ਮਸਲਿਆਂ ਨੂੰ ਲੈ ਕੇ ਗੱਲਾਂਬਾਤਾਂ ਨਹੀਂ ਹੋਈਆਂ। ਇਹ ਸਿਲਸਿਲੇ ਵੀ ਚੱਲਦੇ ਰਹੇ ਹਨ ਪਰ ਜਿਹਨਾਂ ਜਿਹਨਾਂ ਮੁੱਦਿਆਂ ਤੇ ਗੱਲ ਸਿਰੇ ਲੱਗਦੀ ਸੀ ਉਹਨਾਂ ਮੁੱਦਿਆਂ ਨੂੰ ਹੀ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਸੀ। ਟਰਾਂਸਪੋਰਟ ਸਕੱਤਰ  ਨਾਲ 12 ਮਾਰਚ 2021 ਨੂੰ ਕੀਤੀ ਗਈ ਮੀਟਿੰਗ ਵਿੱਚ ਹੋਏ ਸਮਝੌਤੇ ਕਦੇ ਲਾਗੂ ਨਹੀਂ ਕੀਤੇ ਗਏ।

ਟਰਾਂਸਪੋਰਟ ਸੇਕ੍ਰੇਟਰੀ ਦੇ ਆਦੇਸ਼ਾਂ ਦੇ ਬਾਵਜੂਦ ਪਿਛਲੇ ਦੋ ਮਹੀਨਿਆਂ ਤੋਂ ਯੂਨੀਅਨ ਨਾਲ ਜਨਰਲ ਮੈਨੇਜਰ ਨੇ ਕੋਈ ਮੀਟਿੰਗ ਨਹੀਂ ਕੀਤੀ। ਮੁਲਾਜ਼ਮਾਂ ਨਾਲ ਦੂਰੀ ਵਧਾਉਣ ਵਾਲਾ ਅਜਿਹਾ ਵਤੀਰਾ ਕਿਓਂ ਅਤੇ ਕਿਸਦੇ ਕਹਿਣ ਤੇ?

ਲੌਂਗ ਰੂਟ ਦਾ ਕਿਰਾਇਆ ਯੂਨੀਅਨ ਵੱਲੋਂ ਲਿਖ ਕੇ ਦੇਣ ਦੇ ਬਾਵਜੂਦ ਰਾਊਂਡ  ਫਿਗਰ ਨਹੀਂ ਕੀਤਾ ਗਿਆ।

ਲੋਕਲ ਰੂਟਾਂ ਦਾ ਸਮਾਂ ਬਿਨਾ ਵਜ੍ਹਾ ਘਟ ਕਰ ਦਿੱਤਾ ਗਿਆ ਹੈ।

ਆਦਾਰੇ ਵਿਚ ਕੰਮ ਕਰਦੇ ਕਰਮਚਾਰੀਆਂ ਦੇ ਵੈਕਸਿਨ ਲਗਾਉਣ ਦਾ ਕੋਈ ਪ੍ਰਬੰਧ ਵਿਭਾਗ ਵਲੋਂ ਨਹੀਂ ਕੀਤਾ ਗਿਆ ਜਦ ਕਿ ਸਾਡੇ ਮੁਲਾਜ਼ਮ ਰਿਸਕ ਲੇ ਕੇ ਡਿਊਟੀ ਕਰ ਰਹੇ ਹਨ।

ਰਾਜਨੀਤਿਕ ਸਿਫਾਰਿਸ਼ਾਂ ਮੰਨ ਕੇ ਡਾਇਰੈਕਟਰ ਟਰਾਂਸਪੋਰਟ ਵਲੋਂ ਅਦਾਰੇ ਵਿਚ ਬਹੁਤ ਸਾਰੇ ਜੂਨੀਅਰ ਕਰਮਚਾਰੀਆਂ ਨੂੰ ਅਹਿਮ ਅਹੁਦਿਆਂ ਉਪਰ ਤੈਨਾਤ ਕੀਤਾ ਹੋਇਆ ਹੈ ਅਤੇ ਯੂਨੀਅਨ ਦੇ ਬਾਰ ਬਾਰ ਅਪੀਲ ਕਰਨ ਤੇ ਵੀ ਓਹਨਾ ਨੂੰ ਰੂਟਾਂ ਤੇ ਨਹੀਂ ਭੇਜਿਆ ਜਾ ਰਿਹਾ।

ਮੈਨੇਜਮੈਂਟ ਵਲੋਂ ਆਪਣੇ ਕੁਛ ਚਹੇਤਿਆਂ ਦੀਆਂ ਗ਼ਲਤ ਸਲਾਹਾਂ ਤੇ ਰੋਜ਼ ਹੀ ਵਰਕਰ ਮਾਰੂ ਫੈਸਲੇ ਕੀਤੇ ਜਾ ਰਹੇ ਹਨ।

ਇਹਨਾਂ ਸਾਰੇ ਗ਼ਲਤ ਫੈਸਲਿਆਂ ਦੇ ਖਿਲਾਫ ਯੂਨੀਅਨ ਵਲੋਂ 11 ਮਈ 2021 ਨੂੰ 17 ਬਸ ਸਟੈਂਡ ਉਪਰ ਦੁਪਹਿਰ 12 ਤੋਂ 2 ਵਜੇ ਤਕ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ CTU ਨੂੰ ਪਿਆਰ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕੇ ਆਦਾਰੇ ਨੂੰ ਬਚਾਉਣ ਲਈ ਸਹਿਯੋਗ ਦਿਓ ਤਾਂ ਜੋ ਅਫ਼ਸਰਸ਼ਾਹੀ ਨੂੰ ਗ਼ਲਤ ਫੈਸਲੇ ਕਰਨ ਤੋਂ ਰੋਕਿਆ ਜਾ ਸਕੇ

ਇਸ ਅਪੀਲ ਨੂੰ ਜਾਰੀ ਕਰਨ ਵਾਲਿਆਂ ਵਿੱਚ ਸ਼ਾਮਲ ਹਨ-ਪ੍ਰਧਾਨ-ਧਰਮਿੰਦਰ ਸਿੰਘ ਰਾਹੀ, ਵਾਈਸ ਪ੍ਰਧਾਨ-ਚਰਨਜੀਤ ਸਿੰਘ ਢੀਂਡਸਾ, ਜਨਰਲ ਸਕੱਤਰ-ਸਤਿੰਦਰ ਸਿੰਘ ਅਤੇ ਕੈਸ਼ੀਅਰ-ਤੇਜਬੀਰ ਸਿੰਘ। 

CTU ਨੂੰ ਪ੍ਰਾਈਵੇਟ ਕਰਨ ਦੀਆਂ ਕੋਸ਼ਿਸ਼ਾਂ ਖਿਲਾਫ ਰੋਸ ਅਤੇ ਰੋਹ ਹੋਰ ਤਿੱਖਾ

Monday: 10th  May 2021 Via WhatsApp at 09:57 PM

CHB ਬੋਰਡ ਕਰਮਚਾਰੀ ਕੋਆਰਡੀਨੇਸ਼ਨ ਕਮੇਟੀ ਵੀ ਖੁੱਲ੍ਹ ਕੇ ਸਾਹਮਣੇ ਆਈ

ਚੰਡੀਗੜ੍ਹ: 10 ਮਈ 2021: (ਕਾਮਰੇਡ ਸਕਰੀਨ ਬਿਊਰੋ)::

ਆਮ ਤੌਰ ਤੇ ਸੀਟੀਯੂ ਦੇ ਨਾਮ ਨਾਲ ਜਾਣੀ ਜਾਂਦੀ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਨੂੰ ਨਿਜੀ ਅਦਾਰਿਆਂ ਦੇ ਹਵਾਲੇ ਕੀਤੇ ਜਾਣ ਦਾ ਮੁੱਦਾ ਸਿਰਫ ਖੱਬੇਪੱਖੀਆਂ ਜਾਂ ਸੀਟੀਯੂ ਮੁਲਾਜ਼ਮਾਂ ਦਾ ਨਹੀਂ। ਇਹ ਸਮੁੱਚੀ ਅਰਥ ਵਿਵਸਥਾ ਨੂੰ ਪੁੱਠਾ ਗੇੜਾ ਦੇਣ ਦੀਆਂ ਕੁਚਾਲਾਂ ਨਾਲ ਜੁੜਿਆ ਹੋਇਆ ਹੈ। ਜੇ ਨਿਜੀਕਰਨ ਵਧੇਗਾ ਤਾਂ ਨਿਸਚੇ ਹੀ ਪਬਲਿਕ ਸੈਕਟਰ ਕਮਜ਼ੋਰ ਹੋਵੇਗਾ। ਇਸਨੂੰ ਰੋਕਣ ਲਈ ਸਭਨਾਂ ਵਰਗਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਬੜੀਆਂ ਹੀ ਮੁਸ਼ਕਲਾਂ ਅਤੇ ਮਿਹਨਤਾਂ ਨਾਲ ਖੜਾ ਕੀਤਾ ਗਿਆ ਪਬਲਿਕ ਸੈਕਟਰ ਹੁਣ ਜਦੋਂ ਵਿਕਸਿਤ ਹੋ ਰਿਹਾ ਹੈ ਤਾਂ ਉਸਨੂੰ ਥਾਲੀ ਵਿੱਚ ਪਰੋਸ ਕੇ ਸਭ ਕੁਝ ਕੁਝ ਅਮੀਰ ਘਰਾਣਿਆਂ ਦੇ ਕਦਮਾਂ ਤੇ ਰੱਖੇ ਜਾਣ ਦਾ ਤਿੱਖਾ ਵਿਰੋਧ ਉਹਨਾਂ ਸਭਨਾਂ ਵਰਗਾਂ ਵੱਲੋਂ ਜ਼ਰੂਰੀ ਹੈ ਜਿਹੜੇ ਚਾਹੁੰਦੇ ਹਨ ਕਿ ਦੇਸ਼ ਮਜ਼ਬੂਤ ਹੋਵੇ, ਦੇਸ਼ ਦੀ ਸਰਕਾਰ ਮਜ਼ਬੂਤ ਹੋਵੇ ਅਤੇ ਦੇਸ਼ ਦੇ ਲੋਕ ਖੁਸ਼ਹਾਲ ਹੋਣ। ਨਿਜੀਕਰਨ ਦਾ ਹੱਲਾ ਸਾਡੇ ਸਭਨਾਂ ਤੇ ਹੀ ਤਿੱਖਾ ਹਮਲਾ ਹੈ। CTU ਨੂੰ ਪ੍ਰਾਈਵੇਟ ਕਰਨ ਦੀਆਂ ਕੋਸ਼ਿਸ਼ਾਂ ਖਿਲਾਫ ਰੋਸ ਅਤੇ ਰੋਹ ਹੋਰ ਤਿੱਖਾ ਹੋਣਾ ਇੱਕ ਚੰਗਾ ਸ਼ਗਨ ਹੈ।

ਇਸ ਹਮਲੇ ਦੇ ਖਿਲਾਫ ਚੰਡੀਗੜ੍ਹ ਦੇ ਕਈ ਸੰਗਠਨ ਖੁੱਲ੍ਹ ਵੇਰਵਾ ਪੜ੍ਹੋ ਕਾਮਰੇਡ ਸਕਰੀਨ ਵਿੱਚ  ਕੇ ਸਾਹਮਣੇ ਆ ਰਹੇ ਹਨ। ਇਸ ਸਬੰਧ ਵਿੱਚ ਹੀ ਚੰਡੀਗੜ੍ਹ ਹਾਊਸਿੰਗ  ਬੋਰਡ ਕਰਮਚਾਰੀ ਕੋਆਰਡੀਨੇਸ਼ਨ ਕਮੇਟੀ, ਚੰਡੀਗੜ੍ਹ ਦੀ ਇੱਕ ਹੰਗਾਮੀ ਮੀਟਿੰਗ 10 ਮਈ 2021 ਨੂੰ ਟੈਲੀਫੋਨ ਰਾਹੀਂ ਹੋਈ। ਇਸ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਕਿ ਜਿਹੜੀ ਮੰਗ ਚੰਡੀਗੜ੍ਹ ਟਰਾਂਸਪੋਰਟ ਵਰਕਰਜ਼ ਯੂਨੀਅਨ ਵੱਲੋਂ ਉਠਾਈ ਗਈ ਹੈ, ਉਹ ਹੈ ਕਿ ਚੰਡੀਗੜ੍ਹ ਟਰਾਂਸਪੋਰਟ ਵਿਭਾਗ, ਚੰਡੀਗੜ੍ਹ ਦੇ ਨਿੱਜੀਕਰਨ ਨੂੰ ਰੋਕਣਾ ਹੈ। ਇਹ ਕਮੇਟੀ ਇਸ ਮੰਗ ਨਾਲ ਪੂਰੀ ਤਰ੍ਹਾਂ ਸਹਿਮਤੀ ਜਤਾਉਂਦਿਆਂ ਉਸ ਸੰਘਰਸ਼ ਵਿਚ ਉਨ੍ਹਾਂ ਦਾ ਪੂਰਾ ਸਮਰਥਨ ਕਰੇਗੀ। 

ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕਮੇਟੀ 11 ਮਈ 2021 ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਸੀਟੀਯੂ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਰੋਸ ਵਖਾਵੇ ਅਤੇ ਇਕੱਤਰਤਾ ਦਾ ਵੀ ਪੁਰਜ਼ੋਰ ਸਮਰਥਨ ਕਰਦੀ ਹੈ। 

ਕਮੇਟੀ ਦੇ ਪ੍ਰਧਾਨ  ਸ਼ਮਸ਼ੇਰ ਸਿੰਘ, ਉਪ ਚੇਅਰਮੈਨ ਵਿਨੋਦ ਕੁਮਾਰ ਅਤੇ ਕਨਵੀਨਰ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦਾ ਕੰਮ ਵਧੀਆ ਚੱਲ ਰਿਹਾ ਹੈ ਅਤੇ ਕਮੇਟੀ ਦੇ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੇ ਨਿੱਜੀਕਰਨ ਵਾਲੇ ਫੈਸਲੇ ਨੂੰ ਵਾਪਸ ਲਵੇ। ਨਿਜੀਕਰਨ ਦੀਆਂ ਕੋਸ਼ਿਸ਼ਾਂ ਤੁਰੰਤ ਬੰਦ ਕੀਤੀਆਂ ਜਾਣ।  ਕਮੇਟੀ ਵੱਲੋਂ ਸੱਕਤਰ ਟਰਾਂਸਪੋਰਟ, ਯੂਟੀ, ਚੰਡੀਗੜ੍ਹ ਨੂੰ ਪੱਤਰ ਵੀ ਭੇਜਿਆ ਗਿਆ ਸੀ, ਇਸਦੀ ਜਾਣਕਾਰੀ ਕਮੇਟੀ ਦੇ ਜਨਰਲ ਸਕੱਤਰ ਪਵਨ ਕੁਮਾਰ ਚੌਹਾਨ ਨੇ ਦਿੱਤੀ। 

ਨਤਾਸ਼ਾ ਨਰਵਾਲ ਦੇ ਪਿਤਾ ਮਹਾਂਵੀਰ ਨਰਵਾਲ ਦਾ ਦੇਹਾਂਤ

 ਜੇਲ੍ਹ ਵਿੱਚ ਬੰਦ ਮਹਿਲਾ ਅਧਿਕਾਰ ਆਗੂ ਦੇ ਸਮਰਥਕਾਂ ਵਿੱਚ ਗਮ ਅਤੇ ਗੁੱਸੇ ਦੀ ਲਹਿਰ 

ਖੱਬੀਆਂ ਧਿਰਾਂ ਵਲੋਂ ਮੋਦੀ ਸਰਕਾਰ ਦੀ ਤਿੱਖੀ ਨਿਖੇਧੀ 
ਲੁਧਿਆਣਾ: 10 ਮਈ 2021: (ਕਾਮਰੇਡ ਸਕਰੀਨ ਬਿਊਰੋ)::

ਝੂਠ ਆਖਦੇ ਨੇ ਉਹ ਲੋਕ
ਜਿਹੜੇ ਪ੍ਰਚਾਰ ਕਰਦੇ ਨੇ ਕਿ ਭਗਤ ਸਿੰਘ ਗੁਆਂਢੀਆਂ ਦੇ ਘਰ ਤਾਂ ਜੰਮੇ ਪਰ ਸਾਡੇ ਘਰ ਨਾ ਜੰਮੇ। ਸੰਘਰਸ਼ਾਂ ਨੂੰ ਪ੍ਰਣਾਏ ਲੋਕ ਹਰ ਰੋਜ਼ ਸਾਬਿਤ ਕਰ ਰਹੇ ਹਨ ਕਿ ਸ਼ਹੀਦ ਭਗਤ ਸਿੰਘ ਅੱਜ ਵੀ ਸਾਡੇ ਵਿੱਚ ਜਿਊਂਦਾ ਹੈ। ਅਸੀਂ ਉਸੇ ਭਾਵਨਾ ਨਾਲ ਕੁਰਬਾਨੀਆਂ ਕਰ ਰਹੇ ਹਾਂ। ਉਹ ਹਰ ਸੰਘਰਸ਼ੀਲ ਲੋਕਾਂ ਦੇ ਹਰ ਘਰ ਵਿਚ ਹੈ. ਤਨ ਵਿਚ ਹੈ, ਮਨ ਵਿਚ ਹੈ। ਇਸ ਜੋਸ਼ ਅਤੇ ਜਨੂੰਨ ਦੇ ਦਰਮਿਆਨ ਹੀ ਸੰਘਰਸ਼ਾਂ ਦੇ ਰਾਹ ਪਏ ਕਾਫਲਿਆਂ ਲਈ ਇੱਕ ਹੋਰ ਉਦਾਸ ਖਬਰ ਆਈ ਹੈ। 
ਨਤਾਸ਼ਾ ਨਰਵਾਲ ਜਿਹੜੀ ਕਿ ਮਹਿਲਾ ਅਧਿਕਾਰਾਂ ਦੀ ਰਾਖੀ ਲਈ ਅਤੇ ਸੀਏਏ ਦੇ ਵਿਰੋਧ ਕਾਰਨ ਯੂਏਪੀਏ ਕਾਨੂੰਨ ਅਧੀਨ ਮੋਦੀ ਸਰਕਾਰ ਵੱਲੋਂ ਲਗਾਤਾਰ ਜੇਲ ਵਿਚ ਡੱਕੀ ਹੋਈ ਸੀ ਉਸਦੇ ਪਿਤਾ ਮਹਾਵੀਰ ਨਰਵਾਲ ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ ਹਨ। ਕਈ ਵਾਰ ਕਹਿਣ ਦੇ ਬਾਵਜੂਦ ਉਸਦੀ ਪਿਤਾ ਨਾਲ ਗੱਲਬਾਤ ਨਹੀਂ ਹੋ ਸਕੀ। ਤਕਰੀਬਨ ਇੱਕ ਹਫਤਾ ਪਹਿਲਾ ਹੀ ਉਹ ਕੋਰੋਨਾ ਪੋਜ਼ੀਟਿਵ ਆਏ ਸਨ ਅਤੇ ਇੱਕ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। 
ਜਨਾਬ ਮਹਾਂਵੀਰ ਨਰਵਾਲ ਪੂਰੀ ਜ਼ਿੰਦਗੀ ਜਨਵਾਦੀ ਸਰੋਕਾਰਾਂ ਨਾਲ ਜੁੜੇ ਰਹੇ ਅਤੇ ਲੋਕਪੱਖੀ ਭੂਮਿਕਾ ਨਿਭਾਉਂਦੇ ਰਹੇ। ਭਾਵੇਂ ਸੀਪੀਆਈ  ਐਮ ਦੇ ਸੀਨੀਅਰ ਮੈਂਬਰ ਸਨ ਪਰ ਲੋਕ ਪੱਖੀ ਸਰਗਰਮੀ ਕਿਧਰੇ ਵੀ ਹੋਵੇ ਉਹ ਯਰੂਰ ਪਹੁੰਚਦੇ ਸਨ। ਇਹ ਜਾਣਕਾਰੀ ਦੇਂਦਿਆਂ ਸਟੀਲ ਐਂਡ ਮੋਲਡਰ ਵਰਕਰਜ਼ ਯੂਨੀਅਨ ਦੇ ਆਗੂ ਕਾਮਰੇਡ ਹਰਜਿੰਦਰ ਸਿੰਘ ਨੇ ਦੱਸਿਆ ਕਿ ਲੋਕ ਪੱਖੀ ਸਫ਼ਾਂ ਵਿੱਚ ਇਸ ਮੌਤ ਨੂੰ ਨੂੰ ਲੈ ਕੇ ਭਾਵੇਂ ਅਫਸੋਸ ਵੀ ਪਾਇਆ ਜਾ ਰਿਹਾ ਹੈ ਪਰ ਇਸ ਨਾਲ ਸਾਡੇ ਸੰਘਰਸ਼ਾਂ ਦੀ ਅਗਨੀ ਹੋਰ ਭੜਕੇਗੀ। ਸਾਡਾ ਰੋਹ ਹੋਰ ਪ੍ਰਚੰਡ ਹੋਵੇਗਾ। ਜਬਰ ਜ਼ੁਲਮ ਦੇ ਇਹ ਝੱਖੜ ਸਾਨੂੰ ਕਮਜ਼ੋਰ ਨਹੀਂ ਕਰ ਸਕਣਗੇ। ਪਿਤਾ ਨੂੰ ਨਾ ਮਿਲ ਸਕਣ ਦਾ ਦੁੱਖ ਨਤਾਸ਼ਾ ਦੇ ਨਾਲ ਨਾਲ ਸਾਨੂੰ ਵੀ ਹਮੇਸ਼ਾਂ ਯਾਦ ਰਹੇਗਾ। ਅਸੀਂ ਇਸ ਲੋਕ ਵਿਰੋਧੀ ਸਿਸਟਮ ਦੇ ਖਿਲਾਫ ਹੋਰ ਤਕੜੇ ਹੋ ਕੇ ਜੂਝਦੇ ਰਹਾਂਗੇ। ਅਤੇ ਇਸ ਵਰਤਾਰੇ ਨੂੰ ਯਾਦ ਰੱਖਾਂਗੇ। 
ਆਪਣੇ ਪਿਤਾ ਮਹਾਵੀਰ ਨਰਵਾਲ ਦੇ ਸੰਸਕਾਰਾਂ ਅਤੇ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਹੀ ਨਤਾਸ਼ਾ ਨਰਵਾਲ ਨੇ ਵੀ ਲੋਕ ਪੱਖੀ ਅੰਦੋਲਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਔਰਤਾਂ ਦੇ ਹੱਕਾਂ ਲਈ ਜ਼ਬਰਦਸਤ ਆਵਾਜ਼ ਬੁਲੰਦ ਕੀਤੀ। ਇਹਨਾਂ ਸਰਗਰਮੀਆਂ ਦੀ ਕੀਮਤ ਹੀ ਉਹ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਰਹਿ ਕੇ ਅਦਾ ਕਰਦੀ ਆ ਰਹੀ ਹੈ। ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਦਾਅਵਾ ਕਰਨ ਵਾਲੇ ਸਿਸਟਮ ਤੇ ਇੱਕ ਬਹੁਤ ਵੱਡਾ ਸੁਆਲ ਹੈ ਜੇਲ੍ਹਾਂ ਵਿਚ ਬੰਦ ਨਤਾਸ਼ਾ ਦੇ ਪਿਤਾ ਦਾ ਉਸਨੂੰ ਦੇਖੇ ਬਿਨਾ ਹੀ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ। ਹੁਣ ਭਾਵੇਂ ਉਸਨੂੰ ਜ਼ਮਾਨਤ ਮਿਲ ਵੀ ਜਾਵੇ ਤਾਂ ਵੀ ਉਹ ਆਪਣੇ ਪਿਤਾ ਨਾਲ ਕਦੇ ਗੱਲ ਨਹੀਂ ਕਰ ਸਕੇਗੀ। ਉਹ ਕਦੇ ਆਪਣੇ ਪਿਤਾ ਦੇ ਗੱਲ ਨਹੀਂ ਲੱਗ ਸਕੇਗੀ। ਇਸ ਸਿਸਟਮ ਨੇ ਉਸਦਾ ਜਮਾਂਦਰੂ ਹੱਕ ਵੀ ਉਸ ਕੋਲੋਂ ਖੋਹ ਲਿਆ। ਜ਼ਿਕਰਯੋਗ ਹੈ ਕਿ ਉਸਦੇ ਪਿਤਾ ਨੇ 10 ਦਸੰਬਰ 2020 ਨੂੰ ਮਨੁੱਖੀ ਅਧਿਕਾਰਾਂ ਦੇ ਦਿਵਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਤਿਕੜੀ ਬਾਰਡਰ ਤੇ ਸੰਬੋਧਨ ਵੀ ਕੀਤਾ ਸੀ। ਉਹਨਾਂ ਅਪੁਨੇ ਭਾਸ਼ਣ ਵਿੱਚ ਇਹ ਖਦਸ਼ਾ ਵੀ ਜ਼ਾਹਰ ਕੀਤਾ ਸੀ ਕਿ ਕੀਤੇ ਅਜਿਹਾ ਹੀ ਨਾ ਹੋਵੇ ਕਿ ਮੈਂ ਤਾਂ ਬਾਹਰ ਬੈਠਾ ਹੀ ਚੱਲ ਵੱਸਾਂ ਪਰ ਮੇਰੀ ਇਹ ਧੀ ਮੇਰੀ ਮੌਤ ਸਮੇਂ ਵੀ ਜੇਲ੍ਹ ਵਿੱਚ ਹੀ ਬੰਦ ਹੋਵੇ। ਇਸਦੇ ਨਾਲ ਕਾਮਰੇਡ ਮਹਾਂਵੀਰ ਨਰਵਾਲ ਨੇ ਮਜ਼ਬੂਤੀ ਨਾਲ ਆਖਿਆ ਸੀ ਕਿ ਅਜਿਹੇ ਜਬਰ ਸਾਨੂੰ ਆਪਣੇ ਰਾਹਾਂ ਤੋਂ ਕਦੇ ਨਹੀਂ ਹਟਾ ਸਕਦੇ। ਮੈਨੂੰ ਆਪਣੀ ਧੀ ਤੇ ਮਾਣ ਹੈ। 
ਇਸ ਮੌਕੇ ਬੁਧੀਜੀਵੀਆਂ ਅਤੇ ਜੇਲ੍ਹਾਂ ਵਿਚ ਬੰਦ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਰਿਹਾਈ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ ਗਈ ਸੀ। ਮਹਾਂਵੀਰ ਨਰਵਾਲ ਨੇ ਇੱਕ ਪਿਤਾ ਵੱਜੋਂ ਆਪਣੀ ਜੇਲ ਵਿੱਚ ਬੰਦ ਬੇਟੀ ਤੇ ਮਾਣ ਹੋਣ ਦਾ ਪ੍ਰਗਟਾਵਾ ਵੀ ਕੀਤਾ ਸੀ। ਇਹ ਸਭ ਕੁਝ ਉਦੋਂ ਹੋਇਆ ਜਦੋਂ ਮੋਦੀ ਸਰਕਾਰ ਨਤਾਸ਼ਾ ਵਰਗੀਆਂ ਮੁਟਿਆਰਾਂ ਨੂੰ ਬਦਨਾਮ ਕਰਕੇ ਲੋਕਾਂ ਦੀ ਹਮਾਇਤ ਅਤੇ ਹਮਦਰਦੀ ਤੋਂ ਵਾਂਝਿਆਂ ਰੱਖਣ ਦੀਆਂ ਚਾਲਾਂ ਵੀ ਚੱਲ ਰਹੀ ਸੀ। ਮਹਾਵੀਰ ਨਰਵਾਲ ਹੁਰਾਂ ਦਾ ਆਪਣੀ ਬੇਟੀ ਦੇ ਹੱਕ ਵਿਚ ਇਹ ਜ਼ੋਰਦਾਰ ਐਲਾਨ ਅਤੇ ਵੱਡੀ ਗਿਣਤੀ ਵਿਚ ਜਮਾ ਸਰੋਤਿਆਂ ਵੱਲੋਂ ਨਤਾਸ਼ਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨਾ ਮੋਦੀ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਵੀ ਸੀ। 
ਮਹਾਂਵੀਰ ਨਰਵਾਲ ਨੇ ਸਪਸ਼ਟ ਆਖਿਆ ਸੀ ਕਿ ਸਾਡੇ ਜਿਗਰ ਦੇ ਟੁਕੜਿਆਂ ਨੂੰ ਸਾਡੇ ਤੋਂ ਦੂਰ ਜੇਲ੍ਹਾਂ ਦੀਆਂ ਔਖੀਆਂ ਹਾਲਤਾਂ ਵਿਚ ਰੱਖ ਕੇ ਵੀ ਇਹ  ਸਰਕਾਰਾਂ ਸਾਡੇ ਹੌਂਸਲੇ ਅਤੇ ਸਿਦਕ ਨੂੰ ਕਮਜ਼ੋਰ ਨਹੀਂ ਕਰ ਸਕਦੀਆਂ। ਉਹ ਆਪਣੇ ਆਖ਼ਿਰੀ ਸਾਹਾਂ ਤੀਕ ਇਸ ਮਜ਼ਬੂਤੀ ਤੇ ਡਟੇ ਵੀ ਰਹੇ। 
ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਨੇ ਇਸ ਜੁਝਾਰੂ ਪਿਤਾ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਲੋਕ ਪੱਖੀ ਸੰਘਰਸ਼ਾਂ ਵਿੱਚ ਸਰਗਰਮ ਹੋਰਨਾਂ ਸੰਗਠਨਾਂ ਨੇ ਵੀ ਇਸ ਵਿਛੋੜੇ ਨੂੰ ਮੋਦੀ ਸਰਕਾਰ ਤੇ ਇੱਕ ਕਲੰਕ ਦੱਸਿਆ ਹੈ। ਇਹੀ ਮੋਦੀ ਸਰਕਾਰ ਨੇ ਜਿਸੇ ਨੇ ਇੱਕ ਧੀ ਨੂੰ ਆਪਣੇ ਪਿਤਾ ਨਾਲ ਨਾਜ਼ੁਕ ਬਿਮਾਰੀ ਦੀ ਹਾਲਤ ਵਿਚ ਵੀ ਨਹੀਂ ਮਿਲਣ ਦਿੱਤਾ। ਇਹ ਜਬਰ ਸੰਘਰਸ਼ਾਂ ਨੂੰ ਹੋਰ ਤਿੱਖਿਆ ਕਰੇਗਾ। 
ਇਸਤਰੀ ਸਭਾਵਾਂ, ਵਿਦਿਆਰਥੀ ਸੰਗਠਨਾਂ, ਮਜ਼ਦੂਰ ਸੰਗਠਨਾਂ ਅਤੇ ਕਿਸਾਨਾਂ ਨੇ ਵੀ ਇਸ ਮੌਕੇ ਨਤਾਸ਼ਾ ਨਾਲ ਇੱਕਜੁੱਟਤਾ ਪ੍ਰਗਟਾ ਹੈ। ਇਹ ਸਾਰੇ ਲੋਕ ਮੋਦੀ ਸਰਕਾਰ ਦੀਆਂ ਬੇਇਨਸਾਫੀਆਂ ਦਾ ਸ਼ਿਕਾਰ ਹੋਈ ਨਤਾਸ਼ਾ ਦੇ ਨਾਲ ਖੜੇ ਹਨ ਅਤੇ ਉਸਦੀ ਤੁਰੰਤ ਰਿਹੈ ਦੀ ਮੰਗ ਕਰਦੇ ਹਨ।