Monday, May 10, 2021

ਨਤਾਸ਼ਾ ਨਰਵਾਲ ਦੇ ਪਿਤਾ ਮਹਾਂਵੀਰ ਨਰਵਾਲ ਦਾ ਦੇਹਾਂਤ

 ਜੇਲ੍ਹ ਵਿੱਚ ਬੰਦ ਮਹਿਲਾ ਅਧਿਕਾਰ ਆਗੂ ਦੇ ਸਮਰਥਕਾਂ ਵਿੱਚ ਗਮ ਅਤੇ ਗੁੱਸੇ ਦੀ ਲਹਿਰ 

ਖੱਬੀਆਂ ਧਿਰਾਂ ਵਲੋਂ ਮੋਦੀ ਸਰਕਾਰ ਦੀ ਤਿੱਖੀ ਨਿਖੇਧੀ 
ਲੁਧਿਆਣਾ: 10 ਮਈ 2021: (ਕਾਮਰੇਡ ਸਕਰੀਨ ਬਿਊਰੋ)::

ਝੂਠ ਆਖਦੇ ਨੇ ਉਹ ਲੋਕ
ਜਿਹੜੇ ਪ੍ਰਚਾਰ ਕਰਦੇ ਨੇ ਕਿ ਭਗਤ ਸਿੰਘ ਗੁਆਂਢੀਆਂ ਦੇ ਘਰ ਤਾਂ ਜੰਮੇ ਪਰ ਸਾਡੇ ਘਰ ਨਾ ਜੰਮੇ। ਸੰਘਰਸ਼ਾਂ ਨੂੰ ਪ੍ਰਣਾਏ ਲੋਕ ਹਰ ਰੋਜ਼ ਸਾਬਿਤ ਕਰ ਰਹੇ ਹਨ ਕਿ ਸ਼ਹੀਦ ਭਗਤ ਸਿੰਘ ਅੱਜ ਵੀ ਸਾਡੇ ਵਿੱਚ ਜਿਊਂਦਾ ਹੈ। ਅਸੀਂ ਉਸੇ ਭਾਵਨਾ ਨਾਲ ਕੁਰਬਾਨੀਆਂ ਕਰ ਰਹੇ ਹਾਂ। ਉਹ ਹਰ ਸੰਘਰਸ਼ੀਲ ਲੋਕਾਂ ਦੇ ਹਰ ਘਰ ਵਿਚ ਹੈ. ਤਨ ਵਿਚ ਹੈ, ਮਨ ਵਿਚ ਹੈ। ਇਸ ਜੋਸ਼ ਅਤੇ ਜਨੂੰਨ ਦੇ ਦਰਮਿਆਨ ਹੀ ਸੰਘਰਸ਼ਾਂ ਦੇ ਰਾਹ ਪਏ ਕਾਫਲਿਆਂ ਲਈ ਇੱਕ ਹੋਰ ਉਦਾਸ ਖਬਰ ਆਈ ਹੈ। 
ਨਤਾਸ਼ਾ ਨਰਵਾਲ ਜਿਹੜੀ ਕਿ ਮਹਿਲਾ ਅਧਿਕਾਰਾਂ ਦੀ ਰਾਖੀ ਲਈ ਅਤੇ ਸੀਏਏ ਦੇ ਵਿਰੋਧ ਕਾਰਨ ਯੂਏਪੀਏ ਕਾਨੂੰਨ ਅਧੀਨ ਮੋਦੀ ਸਰਕਾਰ ਵੱਲੋਂ ਲਗਾਤਾਰ ਜੇਲ ਵਿਚ ਡੱਕੀ ਹੋਈ ਸੀ ਉਸਦੇ ਪਿਤਾ ਮਹਾਵੀਰ ਨਰਵਾਲ ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ ਹਨ। ਕਈ ਵਾਰ ਕਹਿਣ ਦੇ ਬਾਵਜੂਦ ਉਸਦੀ ਪਿਤਾ ਨਾਲ ਗੱਲਬਾਤ ਨਹੀਂ ਹੋ ਸਕੀ। ਤਕਰੀਬਨ ਇੱਕ ਹਫਤਾ ਪਹਿਲਾ ਹੀ ਉਹ ਕੋਰੋਨਾ ਪੋਜ਼ੀਟਿਵ ਆਏ ਸਨ ਅਤੇ ਇੱਕ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। 
ਜਨਾਬ ਮਹਾਂਵੀਰ ਨਰਵਾਲ ਪੂਰੀ ਜ਼ਿੰਦਗੀ ਜਨਵਾਦੀ ਸਰੋਕਾਰਾਂ ਨਾਲ ਜੁੜੇ ਰਹੇ ਅਤੇ ਲੋਕਪੱਖੀ ਭੂਮਿਕਾ ਨਿਭਾਉਂਦੇ ਰਹੇ। ਭਾਵੇਂ ਸੀਪੀਆਈ  ਐਮ ਦੇ ਸੀਨੀਅਰ ਮੈਂਬਰ ਸਨ ਪਰ ਲੋਕ ਪੱਖੀ ਸਰਗਰਮੀ ਕਿਧਰੇ ਵੀ ਹੋਵੇ ਉਹ ਯਰੂਰ ਪਹੁੰਚਦੇ ਸਨ। ਇਹ ਜਾਣਕਾਰੀ ਦੇਂਦਿਆਂ ਸਟੀਲ ਐਂਡ ਮੋਲਡਰ ਵਰਕਰਜ਼ ਯੂਨੀਅਨ ਦੇ ਆਗੂ ਕਾਮਰੇਡ ਹਰਜਿੰਦਰ ਸਿੰਘ ਨੇ ਦੱਸਿਆ ਕਿ ਲੋਕ ਪੱਖੀ ਸਫ਼ਾਂ ਵਿੱਚ ਇਸ ਮੌਤ ਨੂੰ ਨੂੰ ਲੈ ਕੇ ਭਾਵੇਂ ਅਫਸੋਸ ਵੀ ਪਾਇਆ ਜਾ ਰਿਹਾ ਹੈ ਪਰ ਇਸ ਨਾਲ ਸਾਡੇ ਸੰਘਰਸ਼ਾਂ ਦੀ ਅਗਨੀ ਹੋਰ ਭੜਕੇਗੀ। ਸਾਡਾ ਰੋਹ ਹੋਰ ਪ੍ਰਚੰਡ ਹੋਵੇਗਾ। ਜਬਰ ਜ਼ੁਲਮ ਦੇ ਇਹ ਝੱਖੜ ਸਾਨੂੰ ਕਮਜ਼ੋਰ ਨਹੀਂ ਕਰ ਸਕਣਗੇ। ਪਿਤਾ ਨੂੰ ਨਾ ਮਿਲ ਸਕਣ ਦਾ ਦੁੱਖ ਨਤਾਸ਼ਾ ਦੇ ਨਾਲ ਨਾਲ ਸਾਨੂੰ ਵੀ ਹਮੇਸ਼ਾਂ ਯਾਦ ਰਹੇਗਾ। ਅਸੀਂ ਇਸ ਲੋਕ ਵਿਰੋਧੀ ਸਿਸਟਮ ਦੇ ਖਿਲਾਫ ਹੋਰ ਤਕੜੇ ਹੋ ਕੇ ਜੂਝਦੇ ਰਹਾਂਗੇ। ਅਤੇ ਇਸ ਵਰਤਾਰੇ ਨੂੰ ਯਾਦ ਰੱਖਾਂਗੇ। 
ਆਪਣੇ ਪਿਤਾ ਮਹਾਵੀਰ ਨਰਵਾਲ ਦੇ ਸੰਸਕਾਰਾਂ ਅਤੇ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਹੀ ਨਤਾਸ਼ਾ ਨਰਵਾਲ ਨੇ ਵੀ ਲੋਕ ਪੱਖੀ ਅੰਦੋਲਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਔਰਤਾਂ ਦੇ ਹੱਕਾਂ ਲਈ ਜ਼ਬਰਦਸਤ ਆਵਾਜ਼ ਬੁਲੰਦ ਕੀਤੀ। ਇਹਨਾਂ ਸਰਗਰਮੀਆਂ ਦੀ ਕੀਮਤ ਹੀ ਉਹ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਰਹਿ ਕੇ ਅਦਾ ਕਰਦੀ ਆ ਰਹੀ ਹੈ। ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਦਾਅਵਾ ਕਰਨ ਵਾਲੇ ਸਿਸਟਮ ਤੇ ਇੱਕ ਬਹੁਤ ਵੱਡਾ ਸੁਆਲ ਹੈ ਜੇਲ੍ਹਾਂ ਵਿਚ ਬੰਦ ਨਤਾਸ਼ਾ ਦੇ ਪਿਤਾ ਦਾ ਉਸਨੂੰ ਦੇਖੇ ਬਿਨਾ ਹੀ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ। ਹੁਣ ਭਾਵੇਂ ਉਸਨੂੰ ਜ਼ਮਾਨਤ ਮਿਲ ਵੀ ਜਾਵੇ ਤਾਂ ਵੀ ਉਹ ਆਪਣੇ ਪਿਤਾ ਨਾਲ ਕਦੇ ਗੱਲ ਨਹੀਂ ਕਰ ਸਕੇਗੀ। ਉਹ ਕਦੇ ਆਪਣੇ ਪਿਤਾ ਦੇ ਗੱਲ ਨਹੀਂ ਲੱਗ ਸਕੇਗੀ। ਇਸ ਸਿਸਟਮ ਨੇ ਉਸਦਾ ਜਮਾਂਦਰੂ ਹੱਕ ਵੀ ਉਸ ਕੋਲੋਂ ਖੋਹ ਲਿਆ। ਜ਼ਿਕਰਯੋਗ ਹੈ ਕਿ ਉਸਦੇ ਪਿਤਾ ਨੇ 10 ਦਸੰਬਰ 2020 ਨੂੰ ਮਨੁੱਖੀ ਅਧਿਕਾਰਾਂ ਦੇ ਦਿਵਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਤਿਕੜੀ ਬਾਰਡਰ ਤੇ ਸੰਬੋਧਨ ਵੀ ਕੀਤਾ ਸੀ। ਉਹਨਾਂ ਅਪੁਨੇ ਭਾਸ਼ਣ ਵਿੱਚ ਇਹ ਖਦਸ਼ਾ ਵੀ ਜ਼ਾਹਰ ਕੀਤਾ ਸੀ ਕਿ ਕੀਤੇ ਅਜਿਹਾ ਹੀ ਨਾ ਹੋਵੇ ਕਿ ਮੈਂ ਤਾਂ ਬਾਹਰ ਬੈਠਾ ਹੀ ਚੱਲ ਵੱਸਾਂ ਪਰ ਮੇਰੀ ਇਹ ਧੀ ਮੇਰੀ ਮੌਤ ਸਮੇਂ ਵੀ ਜੇਲ੍ਹ ਵਿੱਚ ਹੀ ਬੰਦ ਹੋਵੇ। ਇਸਦੇ ਨਾਲ ਕਾਮਰੇਡ ਮਹਾਂਵੀਰ ਨਰਵਾਲ ਨੇ ਮਜ਼ਬੂਤੀ ਨਾਲ ਆਖਿਆ ਸੀ ਕਿ ਅਜਿਹੇ ਜਬਰ ਸਾਨੂੰ ਆਪਣੇ ਰਾਹਾਂ ਤੋਂ ਕਦੇ ਨਹੀਂ ਹਟਾ ਸਕਦੇ। ਮੈਨੂੰ ਆਪਣੀ ਧੀ ਤੇ ਮਾਣ ਹੈ। 
ਇਸ ਮੌਕੇ ਬੁਧੀਜੀਵੀਆਂ ਅਤੇ ਜੇਲ੍ਹਾਂ ਵਿਚ ਬੰਦ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਰਿਹਾਈ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ ਗਈ ਸੀ। ਮਹਾਂਵੀਰ ਨਰਵਾਲ ਨੇ ਇੱਕ ਪਿਤਾ ਵੱਜੋਂ ਆਪਣੀ ਜੇਲ ਵਿੱਚ ਬੰਦ ਬੇਟੀ ਤੇ ਮਾਣ ਹੋਣ ਦਾ ਪ੍ਰਗਟਾਵਾ ਵੀ ਕੀਤਾ ਸੀ। ਇਹ ਸਭ ਕੁਝ ਉਦੋਂ ਹੋਇਆ ਜਦੋਂ ਮੋਦੀ ਸਰਕਾਰ ਨਤਾਸ਼ਾ ਵਰਗੀਆਂ ਮੁਟਿਆਰਾਂ ਨੂੰ ਬਦਨਾਮ ਕਰਕੇ ਲੋਕਾਂ ਦੀ ਹਮਾਇਤ ਅਤੇ ਹਮਦਰਦੀ ਤੋਂ ਵਾਂਝਿਆਂ ਰੱਖਣ ਦੀਆਂ ਚਾਲਾਂ ਵੀ ਚੱਲ ਰਹੀ ਸੀ। ਮਹਾਵੀਰ ਨਰਵਾਲ ਹੁਰਾਂ ਦਾ ਆਪਣੀ ਬੇਟੀ ਦੇ ਹੱਕ ਵਿਚ ਇਹ ਜ਼ੋਰਦਾਰ ਐਲਾਨ ਅਤੇ ਵੱਡੀ ਗਿਣਤੀ ਵਿਚ ਜਮਾ ਸਰੋਤਿਆਂ ਵੱਲੋਂ ਨਤਾਸ਼ਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨਾ ਮੋਦੀ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਵੀ ਸੀ। 
ਮਹਾਂਵੀਰ ਨਰਵਾਲ ਨੇ ਸਪਸ਼ਟ ਆਖਿਆ ਸੀ ਕਿ ਸਾਡੇ ਜਿਗਰ ਦੇ ਟੁਕੜਿਆਂ ਨੂੰ ਸਾਡੇ ਤੋਂ ਦੂਰ ਜੇਲ੍ਹਾਂ ਦੀਆਂ ਔਖੀਆਂ ਹਾਲਤਾਂ ਵਿਚ ਰੱਖ ਕੇ ਵੀ ਇਹ  ਸਰਕਾਰਾਂ ਸਾਡੇ ਹੌਂਸਲੇ ਅਤੇ ਸਿਦਕ ਨੂੰ ਕਮਜ਼ੋਰ ਨਹੀਂ ਕਰ ਸਕਦੀਆਂ। ਉਹ ਆਪਣੇ ਆਖ਼ਿਰੀ ਸਾਹਾਂ ਤੀਕ ਇਸ ਮਜ਼ਬੂਤੀ ਤੇ ਡਟੇ ਵੀ ਰਹੇ। 
ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਨੇ ਇਸ ਜੁਝਾਰੂ ਪਿਤਾ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਲੋਕ ਪੱਖੀ ਸੰਘਰਸ਼ਾਂ ਵਿੱਚ ਸਰਗਰਮ ਹੋਰਨਾਂ ਸੰਗਠਨਾਂ ਨੇ ਵੀ ਇਸ ਵਿਛੋੜੇ ਨੂੰ ਮੋਦੀ ਸਰਕਾਰ ਤੇ ਇੱਕ ਕਲੰਕ ਦੱਸਿਆ ਹੈ। ਇਹੀ ਮੋਦੀ ਸਰਕਾਰ ਨੇ ਜਿਸੇ ਨੇ ਇੱਕ ਧੀ ਨੂੰ ਆਪਣੇ ਪਿਤਾ ਨਾਲ ਨਾਜ਼ੁਕ ਬਿਮਾਰੀ ਦੀ ਹਾਲਤ ਵਿਚ ਵੀ ਨਹੀਂ ਮਿਲਣ ਦਿੱਤਾ। ਇਹ ਜਬਰ ਸੰਘਰਸ਼ਾਂ ਨੂੰ ਹੋਰ ਤਿੱਖਿਆ ਕਰੇਗਾ। 
ਇਸਤਰੀ ਸਭਾਵਾਂ, ਵਿਦਿਆਰਥੀ ਸੰਗਠਨਾਂ, ਮਜ਼ਦੂਰ ਸੰਗਠਨਾਂ ਅਤੇ ਕਿਸਾਨਾਂ ਨੇ ਵੀ ਇਸ ਮੌਕੇ ਨਤਾਸ਼ਾ ਨਾਲ ਇੱਕਜੁੱਟਤਾ ਪ੍ਰਗਟਾ ਹੈ। ਇਹ ਸਾਰੇ ਲੋਕ ਮੋਦੀ ਸਰਕਾਰ ਦੀਆਂ ਬੇਇਨਸਾਫੀਆਂ ਦਾ ਸ਼ਿਕਾਰ ਹੋਈ ਨਤਾਸ਼ਾ ਦੇ ਨਾਲ ਖੜੇ ਹਨ ਅਤੇ ਉਸਦੀ ਤੁਰੰਤ ਰਿਹੈ ਦੀ ਮੰਗ ਕਰਦੇ ਹਨ। 

No comments:

Post a Comment