Thursday, May 27, 2021

ਜਦੋਂ ਕਮਿਊਨਿਸਟ ਅੰਦੋਲਨ ਟਕਰਾਵਾਂ ਅਤੇ ਵਖਰੇਵਿਆਂ ਵਾਲੇ ਮੋੜਾਂ ਤੇ ਪੁੱਜੇ

ਕਮਿਊਨਿਸਟ ਲਹਿਰਾਂ ਦੇ ਨਾਜ਼ੁਕ ਮੋੜਾਂ ਦੀ ਯਾਦ ਦੁਆਉਂਦੀ ਹੈ ਇਹ ਲਿਖਤ  


ਦੋਰਾਹਾ//ਲੁਧਿਆਣਾ: 26 ਮਈ 2021: (ਪਵਨ ਕੌਸ਼ਲ//ਕਾਮਰੇਡ ਸਕਰੀਨ)::

ਲੇਖਕ ਪਵਨ ਕੁਮਾਰ ਕੌਸ਼ਲ 
ਭਾਰਤੀ ਕਮਿਊਨਿਸਟ ਲਹਿਰ ਅਤੇ ਦੱਬੇ ਕੁਚਲਿਆਂ ਦੇ ਇੱਕ ਨਿਧੜਕ ਆਗੂ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦੀ ਅੱਠਵੀਂ ਬਰਸੀ ਮੌਕੇ 27 ਮਈ ਨੂੰ ਯਾਦ ਕਰਦਿਆਂ ਇਥੇ  ਇਹ ਲਿਖਤ ਪ੍ਰਕਾਸ਼ਿਤ ਕੀਤੀ ਜਾ ਰਹੀ ਜਾ ਰਹੀ ਹੈ ਜਿਹੜੀ ਯਾਦ ਕਰਾਉਂਦੀ ਹੈ ਕਿ ਬਹੁਤ ਸਾਰੇ ਮੌਕਿਆਂ ਤੇ ਕਮਿਊਨਿਸਟ ਸਿਧਾਂਤਾਂ ਦੀ ਪਹਿਰੇਦਾਰੀ ਕਰਦੇ ਰਹੇ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ। 

 ਆਪਣੇ ਜੀਵਨ ਦੇ ਸਰਗਰਮ 75 ਸਾਲਾਂ ਤੋਂ ਉੱਪਰ ਦਾ ਜੀਵਨ ਭਾਰਤ ਅਤੇ ਪੰਜਾਬ ਦੀ ਕਮਿਊਨਿਸਟ ਲਹਿਰ ਅਤੇ ਦੇਸ਼ ਦੀ ਦੱਬੀ ਕੁਚਲੀ ਜੰਤਾ ਦੀ ਸੇਵਾ ਲਈ ਸਮਰਪਤ ਕਰਨ ਵਾਲਾ ਅਤੇ 10 ਅਪ੍ਰੈਲ 1917 ਨੂੰ ਜਨਮਿਆ ਯੋਧਾ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ 27 ਮਈ 2013 ਦੀ ਰਾਤ ਨੂੰ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ।ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦਾ ਜੀਵਨ ਕਮਿਊਨਿਸਟ ਲਹਿਰ ਦਾ ਇੱਕ ਸੰਘਰਸ਼ ਸ਼ੀਲ ਇਤਿਹਾਸ ਹੈ।ਕਾਮਰੇਡ ਲਾਇਲਪੁਰੀ ਦੀੇ ਕੌਮੀਂ ਅਤੇ ਕੌਮਾਂਤਰੀ ਪੱਧਰ ਉਤੇ ਕਮਿਊਨਿਸਟ ਲਹਿਰ ਅੰਦਰ ਇੱਕ ਗਿਣਨ ਯੋਗ ਦੇਣ ਹੈ।ਵਿਿਗਆਨ ਦੇ ਵਿਦਿਆਰਥੀ ਸਮੇਂ ਦੌਰਾਨ ਇਨ੍ਹਾਂ ਦੇ ਜੀਵਨ ਅੰਦਰ ਪ੍ਰਸਿਧ ਜੀਵ ਵਿਗਆਨੀ ਚਾਰਲਸ ਡਾਰਵਿਨ ਦੇ “ਵਿਕਾਸ ਸਿਧਾਂਤ” (ਥਿਊਰੀ ਆਫ ਐਵੋਲੁਸ਼ਨ) ਨੇ ਇੱਕ ਗੁਣਾਂਤਮਕ ਤਬਦੀਲੀ ਲੈ ਆਂਦੀ। 

1934 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਐਸੀ. ਕਰਨ ਉਪਰੰਤ ਆਪਨੇ ਸਰਕਾਰੀ ਕਾਲਜ ਲਾਹੌਰ ਤੋਂ 1940 ਵਿੱਚ ਐਲ.ਐਲ.ਬੀ ਕਰਕੇ ਵਕਾਲਤ ਸ਼ੁਰੂ ਕਰ ਦਿੱਤੀ।ਆਪ ਦਾ ਰਾਜਨੀਤਕ ਜੀਵਨ 1937 ਤੋਂ ਹੀ ਇੱਕ ਕਾਂਗਰਸੀ ਵਰਕਰ ਦੇ ਤੌਰ ਤੇ ਸ਼ੁਰੂ ਹੋ ਚੁੱਕਾ ਸੀ ਅਤੇ ਪੜ੍ਹਾਈ ਦੌਰਾਨ ਹੀ ਆਪ ਕਿਸਾਨ ਲਹਿਰ ਨਾਲ ਜੁੜ ਗਏ ਸੀ। ਇਸੇ ਸਮੇਂ ਦੌਰਾਨ ਆਪ ਕਿਰਤੀ ਕਮਿਊਨਿਸਟ ਪਾਰਟੀ ਜੋ ਉਸ ਸਮੇਂ ਗੈਰ ਕਾਨੂੰਨੀ ਸੀ, ਦੇ ਸੰਪਰਕ ਵਿੱਚ ਆ ਗਏ ਅਤੇ ਆਪ ਨੂੰ ਇਸਦੀ ਕੇਂਦਰੀ ਆਰਗੇਨਾਈਜ਼ੇਸ਼ਨ ਵਿੱਚ ਲੈ ਲਿਆ ਗਿਆ। ਕਿਰਤੀ ਕਮਿਊਨਿਸਟ ਪਾਰਟੀ ਵਲੋਂ ਆਪ ਨੂੰ ਕਿਸਾਨ ਫਰੰਟ ਨੂੰ ਜਥੇਬੰਦ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਅਤੇ ਵਕਾਲਤ ਵਿਚੇ ਹੀ ਛੱਡ ਕੇ ਆਪਨੇ ਕਿਸਾਨ ਮੋਰਚੇ ਉਤੇ ਇੱਕ ਕੁੱਲ ਵਕਤੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸਤੋਂ ਬਾਅਦ ਆਪਨੇ ਆਪਣੀ ਉਮਰ ਦੇ ਅਖੀਰ ਤੱਕ ਪਿਛੇ ਮੁੜਕੇ ਨਹੀਂ ਦੇਖਿਆ। 

ਕਾਮਰੇਡ ਈ ਐਮ ਐਸ ਦੇ ਨਾਲ ਕਾਮਰੇਡ ਲਾਇਲਪੁਰੀ 
ਆਪਨੇ ਕਿਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ, (ਸੀ ਪੀ ਆਈ) ਦੇ ਰਲੇਵੇਂ ਵਿੱਚ ਅਹਿਮ ਭੂਮਿਕਾ ਨਿਭਾਈ।ਕਿਸਾਨਾਂ ਵਿੱਚਕਾਰ ਜਥੇਬੰਦਕ ਕੰਮ ਕਰਨ ਦੇ ਨਾਲ-ਨਾਲ ਕਾਮਰੇਡ ਲਾਇਲਪੁਰੀ ਨੇ ਪੰਜਾਬ ਦੀ ਕਿਸਾਨੀ ਲਈ ਉਸ ਸਮੇਂ ਦੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਉੱਪਰ ਲਗਾਏ ਖੁਸ਼ਹੈਸੀਅਤ ਟੈਕਸ ਵਿਰੱੁਧ ਸਫਲ ਘੋਲ ਲੜਿਆ।ਕੇਰਲਾ ਦੇ ਤਿਰਚੂਰ ਵਿਖੇ 2 ਅਪ੍ਰੈਲ 1961 ਨੂੰ ਹੋਏ ਕੁੱਲ ਹਿੰਦ ਕਿਸਾਨ ਸਭਾ ਦੇ ਇਜਲਾਸ ਅੰਦਰ ਆਪ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਚੁਣੇ ਗਏ ਅਤੇ 1968 ਤੱਕ ਇਸ ਅਹੁਦੇ ਤੇ ਬਣੇ ਰਹੇ। 

ਅੰਤਰ-ਰਾਸ਼ਟਰੀ ਪੱਧਰ ਤੇ ਕਾਮਰੇਡ ਲਾਇਲਪੁਰੀ ਨੇ ਕਮਿਊਨਿਸਟ ਪਾਰਟੀ ਆਫ ਸੋਵਿਅਟ ਯੂਨੀਅਨ (ਸੀ ਪੀ ਐਸ ਯੂ) ਦੀ ਵੀਹਵੀਂ ਪਾਰਟੀ ਕਾਂਗਰਸ ਵਿੱਚ ਭਾਰਤ ਦੇ ਚਾਰ ਮੈਂਬਰੀ ਡੈਲੀਗੇਸ਼ਨ ਦੇ ਮੈਂਬਰ ਵਜੋਂ ਸ਼ਿਰਕਤ ਕੀਤੀ। ਖਰੁਸ਼ਚੋਵ ਦੀ ਅਗਵਾਈ ਹੇਠ ਸੀ ਪੀ ਐਸ ਯੂ ਵਿੱਚ ਸੋਧਵਾਦ ਭਾਰੂ ਹੋਣ ਦਾ ਪ੍ਰਭਾਵ ਭਾਰਤੀ ਕਮਿਊਨਿਸਟ ਪਾਰਟੀ ਉੱਪਰ ਵੀ ਪ੍ਰਤੱਖ ਦਿਖਾਈ ਦੇ ਰਿਹਾ ਸੀ ।ਇਸ ਲਈ ਇਹ ਅੰਦੇਸ਼ਾ ਸੀ ਕਿ ਸੀ ਪੀ ਆਈ ਅੰਦਰ ਖਰੁਸਚੋਵ ਦੀ ਸੋਧਵਾਦੀ ਲਾਈਨ ਵਿਰੋਧੀੇ ਸਾਥੀਆਂ ਨੂੰ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਕਦੀ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਅਜਿਹੇ ਹਾਲਾਤ ਅੰਦਰ ਆਪਣੀ ਲਾਈਨ ਦੇਣ ਲਈ ਕਿਸੇ ਯੋਗ ਸਾਥੀ ਨੂੰ ਬਾਹਰ ਭੇਜਣ ਦਾ ਵਿਚਾਰ ਬਣਿਆ ਅਤੇ ਇਸ ਕੰਮ ਲਈ ਕਾਮਰੇਡ ਲਾਇਲਪੁਰੀ ਨੂੰ ਚੁਣਿਆ ਗਿਆ ਅਤੇ 2 ਨਵੰਬਰ 1962 ਨੂੰ ਆਪ ਮਾਸਕੋ ਲਈ ਰਵਾਨਾ ਹੋ ਗਏ।ਉੱਧਰ ਉਹੋ ਕੁੱਝ ਹੀ ਵਾਪਰਿਆ ਜਿਸਦਾ ਅੰਦੇਸ਼ਾ ਸੀ।ਕੋਈ ਇੱਕ ਹਜ਼ਾਰ ਦੇ ਕਰੀਬ ਸਾਥੀ ਫੜ ਲਏ ਗਏ।ਮਾਸਕੋ ਵਿਖੇ ਠਹਿਰ ਸਮੇਂ ਕਾਮਰੇਡ ਲਾਇਲਪੁਰੀ ਸੀ.ਪੀ.ਐਸ.ਯੂ. ਦੇ ਵਿਦੇਸ਼ੀ ਮਾਮਲਿਆਂ ਦੇ ਇੰਨਚਾਰਜ ਕਾਮਰੇਡ  ਪੋਨੋਮਾਰੇਵ ਨੂੰ ਮਿਲੇ। ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸੱਕਤਰ ਕਾਮਰੇਡ ਅਦਿੱਤੀ ਅਤੇ ਚੀਨੀ ਰਾਜਦੂਤ ਨੂੰ ਮਿਲਕੇ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਵਾਪਰ ਰਹੀਆਂ ਘਟੱਨਾਵਾਂ ਉਪੱਰ ਵਿਸਥਾਰ ਸਹਿਤ ਚਰਚਾ ਕੀਤੀ। 

ਸੀ.ਪੀ.ਆਈ. ਦੀ 25 ਮੈਂਬਰੀ ਕੇਂਦਰੀ ਕਾਰਜਕਾਰਣੀ ਕਮੇਟੀ ਦੇ ਕਾਮਰੇਡ ਲਾਇਲਪੁਰੀ ਵੀ ਇੱਕ ਮੈਂਬਰ ਸਨ। ਪ੍ਰੰਤੂ ਸੀ.ਪੀ.ਆਈ ਦੀ ਸੋਧਵਾਦੀ ਲਾਈਨ ਨੂੰ ਸਦਾ ਲਈ ਅਲਚਿਦਾ ਕਹਿੰਦੇ ਹੋਏ ਹੋਰ ਸਾਥੀਆਂ ਸਮੇਤ ਨਵੀਂ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਸੀ.ਪੀ.ਆਈ (ਐਮ) ਬਨਾਉਣ ਦਾ ਫੈਸਲਾ ਕੀਤਾ। ਸੀ.ਪੀ.ਆਈ (ਐਮ) ਦੀ ਪਹਿਲੀ ਪਾਰਟੀ ਕਾਂਗਰਸ 1964 ਵਿੱਚ ਕਲਕੱਤਾ ਵਿਖੇ ਹੋਈ ਅਤੇ ਕਾਮਰੇਡ ਲਾਇਲਪੁਰੀ 1964 ਦੇ ਪਾਰਟੀ ਪ੍ਰੋਗਰਾਮ ਤਿਆਰ ਕਰਨ ਵਾਲੀ ਖਰੜਾ ਕਮੇਟੀ ਦੇ 12 ਮੈਂਬਰਾਂ ਵਿੱਚੋ ਇੱਕ ਸਨ। ਕਾਮਰੇਡ ਲਾਇਲਪੁਰੀ ਸੀ.ਪੀ.ਆਈ (ਐਮ) ਦੀ ਕੇਂਦਰੀ ਕਮੇਟੀ ਮੈਂਬਰ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਸਨ। ਸੀ.ਪੀ.ਆਈ (ਐਮ) ਦੀ ਕੇਂਦਰੀ ਕਮੇਟੀ ਦੀ ਪਲੇਠੀ ਮੀਟਿੰਗ ਤੋਂ ਪਹਿਲਾਂ ਹੀ ਬਹੁਤੇ ਸਾਥੀ ਫੜੇ ਗਏ ਪ੍ਰੰਤੂ ਕਾਮਰੇਡ ਬਚ ਨਿਕਲੇ ਅਤੇ ਪਾਰਟੀ ਦੇ ਕਲੱਕਤਾ ਵਿਖੇ ਅੰਡਰ-ਗਰਾਊਂਡ ਦਫ਼ਤਰ ਚਲਾਉਣ ਅਤੇ ਪਾਰਟੀ ਅਖਬਾਰ ਪੀਪਲਜ਼ ਡੈਮੋਕਰੇਸੀ ਸ਼ੁਰੂ ਕਰਨ ਵਿੱਚ ਇਨ੍ਹਾਂ ਅਹਿਮ ਭੂਮਿਕਾ ਨਿਭਾਈ। 

ਹੁਣ ਸੀ.ਪੀ.ਆਈ (ਐਮ) ਦੀ ਲੀਡਰਸ਼ਿਪ ਸਾਮ੍ਹਣੇ ਇੱਕ ਸਪੱਸ਼ਟ ਚੈਲੰਜ ਖੜਾ ਸੀ ਕਿ ਕੀ ਉਹ 1964 ਦੇ ਪ੍ਰੋਗਰਾਮ ਦੀ ਸੇਧ ਤੇ ਪੱਕੀ ਖੜਦੀ ਹੈ? ਕੀ ਉਹ ਬੁਰਜੂਆਜ਼ੀ ਪਾਰਲੀਮਾਨੀ ਰਸਤੇ ਪ੍ਰਤੀ ਕ੍ਰਾਂਤੀਕਾਰੀ ਭੂਮਿਕਾ ਨਿਭਾਉਂਦੀ ਹੈ ਜਾਂ ਪਾਰਲੀਮਾਨੀ ਰਸਤੇ ਵੱਲ ਹੀ ਝੁੱਕ ਜਾਂਦੀ ਹੈ। 

ਪਾਰਟੀ ਦੀ ਭਾਰੂ ਲੀਡਰਸ਼ਿਪ ਨੇ ਪਾਰਟੀ ਨੂੰ ਪਾਰਲੀਮਾਨੀ ਰਸਤੇ ਵੱਲ ਮੋੜਾ ਦੇਣਾ ਸ਼ੁਰੂ ਕਰ ਦਿੱਤਾ। ਜਦੋਂ 1967 ਵਿੱਚ ਪੰਜਾਬ ਅੰਦਰ ਯੂਨਾਈਟਡ ਫੰਰਟ ਦੀ ਸਰਕਾਰ ਬਣੀ ਤਾਂ ਕਾਮਰੇਡ ਸੁਰਜੀਤ ਸੀ.ਪੀ.ਆਈ (ਐਮ) ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨਾ ਚਾ ਹੁੰਦਾ ਸੀ ਪ੍ਰੰਤੂ ਕਾਮਰੇਡ ਲਾਇਲਪੁਰੀ ਵਲੋਂ ਪਾਰਟੀ ਪ੍ਰੋਗਰਾਮ ਦਾ ਹਵਾਲਾ ਦੇਕੇ ਇਸ ਪਹੁੰਚ ਦਾ ਵਿਰੋਧ ਕਰਨ ਤੇ ਕਾਮਰੇਡ  ਸੁਰਜੀਤ ਨੂੰ ਪਿੱਛੇ ਹੱਟਣਾ ਪਿਆ ਪ੍ਰੰਤੂ ਸਰਕਾਰ ਚਲਾਉਣ ਲਈ ਬਣਾਈ ਤਾਲਮੇਲ ਕਮੇਟੀ ਜਿਸ ਵਿੱਚ ਜਨ ਸੰਘ ਹੁਣ ਬੀ ਜੇ ਪੀ, ਸਵਤੰਤਰ ਪਾਰਟੀ, ਸੀ ਪੀ ਆਈ ਅਤੇ ਅਕਾਲੀ ਦਲ ਵੀ ਸ਼ਾਮਲ ਸਨ, ਦਾ ਕਨਵੀਨਰ ਬਣਨਾ ਮੰਨ ਲਿਆ। ਕਾਮਰੇਡ ਸੁਰਜੀਤ ਸਮੇਤ ਸੀ.ਪੀ.ਆਈ (ਐਮ) ਦੀ ਬਹੁਤੀ ਲੀਡਰਸ਼ਿਪ ਸਹਿਜੇ-ਸਹਿਜੇ ਸਰਮਾਏਦਾਰੀ ਪਾਰਲੀਮਾਨੀ ਰਸਤੇ ਅਤੇ ਅੱਤ ਦੇ ਸੋਧਵਾਦੀ ਰਸਤੇ ਵੱਲ ਉਲਾਰ ਹੋ ਗਈ ਜਿਸਦਾ ਸਿੱਟਾ ਇਹ ਨਿਕਲਿਆ ਕਿ ਸਾਰਾ ਪਾਰਟੀ ਤੰਤਰ ਸਿਰਫ ਤੇ ਸਿਰਫ ਸਰਮਾਏਦਾਰੀ ਪਾਰਲੀਮਾਨੀ ਰਸਤੇ ਉੱਪਰ ਚੱਲ ਪਿਆ। 

1982 ਤੋਂ ਬਾਅਦ ਪੰਜਾਬ ਨੂੰ ਇੱਕ ਖਤਰਨਾਕ ਹਾਲਾਤ ਦਾ ਸਾਮ੍ਹਣਾ ਕਰਨਾ ਪਿਆ। ਜਦੋਂ ਸ੍ਰੀ ਮਤੀ ਇੰਦਰਾ ਗਾਂਧੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਰਾਂਹੀ ਪੰਜਾਬ ਦੀ ਰਾਜਨੀਤੀ ਨੂੰ ਇੱਕ ਖਤਰਨਾਕ ਮੋੜਾ ਦੇ ਦਿੱਤਾ ਗਿਆ। ਅਜਿਹੇ ਹਾਲਾਤ ਵਿੱਚ ਸੀ.ਪੀ.ਆਈ.(ਐਮ) ਵਲੋਂ ਅਸਲ ਕਾਰਨਾਂ ਨੂੰ  ਅਖੋਂ ਪਰੋਖੇ ਕਰਦੇ ਹੋਏ ਕਾਂਗਰਸ ਪਾਰਟੀ ਦਾ ਸਾਥ ਦੇਣ ਦਾ ਫੈਸਲਾ ਕੀਤਾ ਗਿਆ। ਇੱਕ ਵਾਰ ਫਿਰ ਇਸਦਾ ਗੰਭੀਰ ਨੋਟਿਸ ਲੈਦਿਆਂ ਅਤੇ ਪਾਰਟੀ ਦੀ ਪੰਜਾਬ ਅੰਦਰ ਸਾਖ ਨੂੰ ਹੋਰ ਡਿਗਣ ਤੋਂ ਬਚਾਉਣ ਲਈ ਆਪ ਵਲੋਂ ਇਸ ਲਾਈਨ ਦਾ ਖੁੱਲ ਕੇ ਵਿਰੋਧ ਕੀਤਾ ਗਿਆ ਅਤੇ ਜਨਵਰੀ 1985 ਵਿੱਚ “ਪੰਜਾਬ ਸਮਸਿਆ ਅਤੇ ਜਮਹੂਰੀ ਕੰਮ” ਨਾਂ ਦਾ ਇੱਕ ਦਸਤਾਵੇਜ਼ ਪ੍ਰਕਾਸ਼ਿਤ ਕੀਤਾ ਗਿਆ ਜਿਸਤੇ ਸੀ ਪੀ ਆਈ (ਐਮ) ਲੀਡਰਸ਼ਿਪ ਬੁਖਲਾਹਟ ਵਿੱਚ ਆ ਗਈ ਅਤੇ ਆਪ ਵਿਰੁੱਧ ਨਿਰਅਧਾਰ ਅਤੇ ਨਿੱਜੀ ਹਮਲੇ ਸ਼ੁਰੂ ਕਰ ਦਿੱਤੇ। 

ਇਹ ਸੱਭ ਕੁੱਝ ਕਾਮਰੇਡ ਲਾਇਲਪੁਰੀ ਤੋਂ ਝੱਲਿਆ ਨਾਂ ਗਿਆ ਅਤੇ ਕਾ: ਲਾਇਲਪੁਰੀ ਦਾ ਪਾਰਟੀ ਲੀਡਰਸ਼ਿਪ ਨਾਲ ਟਕਰਾ ਵੱਧਦਾ ਗਿਆ ਅਤੇ ਇਨ੍ਹਾਂ ਨੂੰ ਸਾਰੇ ਕੁੱਲ ਹਿੰਦ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਜਦੋਂ ਸੀ.ਪੀ.ਆਈ (ਐਮ) ਨੇ ਆਪਣਾ 1951 ਵਾਲਾ ਦ੍ਰਿਸ਼ਟੀਕੋਣ ਤਿਆਗ ਦਿੱਤਾ 1964 ਦੇ ਮੂਲ ਪਾਰਟੀ ਪ੍ਰੋਗਰਾਮ ਵਿੱਚ ਸੋਧ ਕਰ ਲਈ ਅਤੇ ਸਰਮਾਏਦਾਰ ਪੱਖੀ ਸਨਅਤੀ ਨੀਤੀ ਨੂੰ ਅਗੇ ਲੈ ਆਈ ਤਾਂ ਕਾਮਰੇਡ ਲਾਇਲਪੁਰੀ ਨੇ 1992 ਵਿੱਚ ਇੱਕ ਕਿਤਾਬਚਾ,” ਸੀ.ਪੀ.ਆਈ (ਐਮ), ਕਾਂਗਰਸ ਅਤੇ ਸਟੇਟ” ਲਿਖ ਕੇ ਸੀ.ਪੀ.ਆਈ (ਐਮ) ਦੀ ਕਾਂਗਰਸ ਨਾਲ ਮੇਲ ਮਿਲਾਪ ਦੀ ਨੀਤੀ ਦਾ ਪਾਜ ਉਧੇੜਿਆ। 

ਸੀ.ਪੀ.ਆਈ (ਐਮ) ਦੇ 1964 ਦੇ ਬੁਨਿਆਦੀ ਪ੍ਰੋਗਰਾਮ ਦੇ ਆਧਾਰ ਉਤੇ ਕਮਿਊਨਿਸਟ ਪਾਰਟੀ ਨੂੰ ਮੁੜ ਇਨਕਲਾਬੀ ਲੀਹਾਂ ਤੇ ਲਿਆਉਣ ਲਈ 1992 ਵਿੱਚ ਪੰਜਾਬ ਅੰਦਰ “ਮਾਰਕਸੀ ਫੋਰਮ” ਦਾ ਗਠਨ ਕੀਤਾ ਅਤੇ 1998 ਵਿੱਚ ਮਾਰਕਸੀ ਫੋਰਮ ਦਾ ਐਮ. ਸੀ. ਪੀ. ਆਈ ਵਿੱਚ ਰਲੇਵਾਂ ਕਰ ਦਿੱਤਾ ਬਾਅਦ ਵਿੱਚ ਉਹ ਐਮ. ਸੀ. ਪੀ. ਆਈ ਦੇ ਕੁੱਲ ਹਿੰਦ ਜਨਰਲ ਸਕੱਤਰ ਚੁਣੇ ਗਏ। ਸੀ ਪੀ ਆਈ (ਐਮ) ਦੇ 1964 ਦੇ ਪ੍ਰੋਗਰਾਮ ਦੇ ਆਧਾਰ ਤੇ  ਕਾਮਰੇਡ ਲਾਇਲਪੁਰੀ ਕਮਿਊਨਿਸਟ ਗਰੁਪਾਂ ਦੇ ਏਕੀਕਰਨ ਲਈ ਸਦਾ ਯਤਨਸ਼ੀਲ ਰਹੇ। ਇਸੇ ਕੜੀ ਵੱਜੋਂ ਕੇਰਲ, ਪੰਜਾਬ, ਅਤੇ ਦੇਸ਼ ਦੇ ਹੋਰਾਂ ਥਾਂਵਾ ਦੇ ਕਮਿਊਨਿਸਟ ਗਰੁਪਾਂ ਦੇ ਏਕੀਕਰਣ ਨੂੰ ਲੈ ਕੇ 17 ਸੰਤਬਰ ਤੋਂ 20 ਸੰਤਬਰ,2006 ਵਿੱਚ ਚੰਡੀਗੜ ਵਿਖੇ ਇੱਕ ਕੁੱਲ ਹਿੰਦ ਏਕਤਾ ਕਾਨਫੰਰਸ ਰਾਂਹੀ ਐਮ. ਸੀ. ਪੀ. ਆਈ (ਯੂ) ਦਾ ਗਠਨ ਕੀਤਾ ਜਿਸਦੇ ਉਹ ਕੁੱਲ ਹਿੰਦ ਜਨਰਲ ਸਕੱਤਰ ਚੁਣੇ ਗਏ ਅਤੇ ਇਸ ਪਦ ਉੱਪਰ ਉਹ ਆਪਣੀ ਉਮਰ ਦੇ ਆਖਰੀ ਪਲਾਂ ਤੱਕ ਰਹੇ।

ਕਾਮਰੇਡ ਲਾਇਲਪੁਰੀ ਜੀ ਨੇ 2010 ਵਿੱਚ ਆਪਣੀ ਜੀਵਨ ਕਥਾ,”ਮੇਰਾ ਜੀਵਨ ਮੇਰਾ ਯੁੱਗ”ਲਿਖੀ ਜਿਹੜੀ ਵਰਤਮਾਨ ਅਤੇ ਆਉਣ ਵਾਲੀ ਪੀੜੀ ਲਈ ਇੱਕ ਸੰਪਤੀ ਅਤੇ ਮਾਰਕਸਵਾਦ ਲਈ ਇੱਕ ਮਾਰਗਦਰਸ਼ਨ ਹੈ। ਇਸ ਜੀਵਨੀ ਤੋਂ ਪਤਾ ਲਗਦਾ ਹੈ ਕਿ ਇੱਕ ਕਮਿਊਨਿਸਟ ਕਿਹੋ ਜਿਹਾ ਹੁੰਦਾ ਹੈ? ਸਾਡੇ ਵਲੋਂ ਕਾਮਰੇਡ ਲਾਇਲਪੁਰੀ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਉਨ੍ਹਾਂ ਦੁਆਰਾ ਦਰਸਾਏ ਰਾਹ ਉੱਪਰ ਚਲੱਣ ਦਾ ਪ੍ਰਣ ਕਰੀਏ।

Courtesy Photo 

ਇਸ ਲਿਖਤ ਦੇ ਲੇਖਕ ਕਾਮਰੇਡ ਪਵਨ ਕੁਮਾਰ ਕੌਸ਼ਲ ਖੁਦ ਵੀ ਬਜ਼ੁਰਗ ਅਵਸਥਾ ਦੇ ਬਾਵਜੂਦ ਪੂਰੀ ਤਰ੍ਹਾਂ ਸਰਗਰਮ ਹਨ ਉਹਨਾਂ ਨਾਲ ਸੰਪਰਕ ਕਰਨ ਲਈ ਉਹਨਾਂ ਦਾ ਮੋਬਾਈਲ ਨੰਬਰ 98550-04500

No comments:

Post a Comment