Friday, November 25, 2022

ਚੰਡੀਗੜ੍ਹ ਦੇ ਮੁਦੇ 'ਤੇ ਕਮਿਊਨਿਸਟ ਧਿਰਾਂ ਖੁੱਲ੍ਹ ਕੇ ਪੰਜਾਬ ਦੇ ਹੱਕ ਵਿੱਚ

ਚੰਡੀਗੜ੍ਹ ਦੇ ਮੁੱਦੇ 'ਤੇ ਪੰਜਾਬ ਸੀ ਪੀ ਆਈ ਦਾ ਅਹਿਮ ਸਟੈਂਡ  


ਚੰਡੀਗੜ੍ਹ: 22 ਨਵੰਬਰ 2022: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::

ਪੰਜਾਬ ਦੇ ਪੁਰਾਣੇ ਨਕਸ਼ੇ ਦੀ ਫੋਟੋ ਧੰਨਵਾਦ ਸਹਿਤ 
ਕਾਮਰੇਡਾਂ 'ਤੇ ਭਾਵੇਂ ਸਿਆਸੀ ਦੂਜਿਆਂ ਸਿਆਸੀ ਧਿਰਾਂ ਵੱਲੋਂ ਪੰਜਾਬ ਦੇ ਦੋਖੋ ਹੋਣ ਦਾ ਦੋਸ਼ ਅਕਸਰ ਲਾਇਆ ਜਾਂਦਾ ਹੈ ਰਿਹਾ ਹੈ ਅਤੇ ਕੁਝ ਦੇਰ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਮਰਥਕਾਂ ਨੇ ਵੀ ਇਸ ਆਸ਼ੇ ਦੀ ਇੱਕ ਵੀਡੀਓ ਜਾਰੀ ਕੀਤੀ ਸੀ। ਜਿਸ ਵਿਚ ਉਹ ਕਮਿਊਨਿਸਟਾਂ ਦੀ ਸਖਤ ਆਲੋਚਨਾ ਕਰਦੇ ਨਜ਼ਰ ਆਉਂਦੇ ਹਨ। 
ਦੂਜੇ ਪਾਸੇ ਬਾਦਲਾਂ ਵਾਲੀ ਅਕਾਲੀ ਸਰਕਾਰ ਸੱਤਾ ਵਿੱਚ ਰਹਿ ਕੇ ਵੀ ਪੰਜਾਬ ਦੇ ਹੱਕਾਂ ਵਿੱਚ ਕੀ ਕੁਝ ਕਰ ਸਕੀ ਇਹ ਸਾਰੇ ਜਾਣਦੇ ਹਨ। ਸੰਨ 1978 ਦੀ ਵਿਸਾਖੀ ਨਕਸਲੀ ਕਾਰਕੁਨਾਂ ਦੇ ਮੁਕਾਬਲੇ ਲੋਕਾਂ ਨੰ ਭੁੱਲੇ ਨਹੀਂ ਹਨ। 
ਕੰਦੁਖੇੜਾ ਕਰੂ ਨਿਬੇੜਾ ਦਾ ਨਾਅਰਾ ਵੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੇ ਕਾਰਜਕਾਲ ਵੇਲੇ ਵੇਲੇ ਬੜਾ ਬੁਲੰਦ ਹੋਇਆ ਸੀ ਪਰ ਕੁਲ ਮਿਲਾ ਕੇ ਪੰਜਾਬ ਦੇ ਨਸੀਰ 'ਤੇ ਲਟਕਦੀ ਤਲਵਾਰ ਕਦੇ ਵੀ ਹਟ ਨਾ ਸਕੀ। ਹੁਣ ਚੰਡੀਗੜ੍ਹ ਦਾ ਮੁੱਦਾ ਫਿਰ ਗਰਮਾਇਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਵੀ ਹੁਣ ਭਾਜਪਾ ਦੀ ਬੁੱਕਲ ਵਿੱਚ ਹਨ ਅਤੇ ਬਾਦਲਾਂ ਨੁਪੰਜਾਬ ਦੇ ਲੋਕਾਂ ਨੇ ਕਦੇ ਵੀ ਭਾਜਪਾ ਤੋਂ ਬਾਹਰ ਨਹੀਂ ਸਮਝਿਆ। ਬਾਕੀ ਬੱਚੀ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ। ਇਹਨਾਂ ਦੋਹਾਂ ਦੀ ਭੂਮਿਕਾ ਵੀ ਪੰਜਾਬ ਦੇ ਲੋਕਾਂ ਸਾਹਮਣੇ ਸਾਫ ਸਪਸ਼ਟ ਹੀ ਹੈ। ਪੰਜਾਬ ਦੀ ਵੰਡ ਇੱਕ ਨਿਰੰਤਰ ਚੱਲੀ ਵਧੀਕੀ ਹੈ। ਪਰ ਕੋਈ ਵੇਲਾ ਸੀ ਜਦੋਂ ਦਿੱਲੀ ਵੀ ਪੰਜਾਬ ਦਾ ਹਿੱਸਾ ਸੀ। ਪੰਜਾਬ ਦੇ ਨਾਲ ਹੋਇਆ ਸਾਜ਼ਿਸ਼ਾਂ ਅਤੇ ਵਧੀਕੀਆਂ ਬਾਰੇ ਕੁਝ ਲੋਕਾਂ ਨੇ ਬਹੁਤ ਚੰਗੀ ਤਰ੍ਹਾਂ ਇਤਿਹਾਸ ਸੰਭਾਲਿਆ ਹੋਇਆ ਹੈ। 

ਚੰਡੀਗੜ੍ਹ ਦੇ ਮਾਮਲੇ ਨੰ ਲੈ ਕੇ ਜਿੱਥੇ ਪੰਜਾਬ ਸੀਪੀਆਈ ਵੀ ਖੁੱਲ੍ਹ ਕੇ ਪੰਜਾਬ ਦੇ ਹੱਕ ਵਿੱਚ ਨਿੱਤਰੀ ਹੈ ਅਤੇ ਹਰਿਆਣਾ ਨੂੰ ਕਿਹਾ ਹੈ ਕਿ ਉਹ ਆਪਣੀ ਵਿਧਾਨ ਸਭਾ ਹਰਿਆਣਾ ਵਿੱਚ ਹੀ ਬਣਾਵੇ। ਚੰਡੀਗੜ੍ਹ ਵਿਚ ਹਰਿਆਣਾ ਸਰਕਾਰ ਵਲੋਂ ਵੱਖਰੀ ਵਿਧਾਨ ਸਭਾ ਦੀ ਉਸਾਰੀ ਵਾਸਤੇ ਉਠਾਏ ਗਏ ਮਸਲੇ ਦੀ ਸੀਪੀਆਈ ਵਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਪੰਜਾਬ ਵਿੱਚ ਵਾਪਰੀਆਂ ਘਟਨਾਵਾਂ 'ਤੇ ਮੁੱਢ ਤੋਂ ਹੀ ਪਾਰਖੂ ਨਜ਼ਰ ਰੱਖਣ ਵਾਲੇ ਕਾਮਰੇਡ ਬੰਤ ਸਿੰਘ ਬਰਾੜ ਹੁਣ ਵੀ ਖੁੱਲ੍ਹ ਕੇ ਪੰਜਾਬ ਦੇ ਹੱਕ ਵਿਚ ਸਾਹਮਣੇ ਆਏ ਹਨ। 

ਅੱਜ ਇਥੇ ਪੰਜਾਬ ਸੀਪੀਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਹੈ ਕਿ ਪੰਜਾਬ ਸੀਪੀਆਈ ਅਤੇ ਸਾਰੀਆਂ ਖੱਬੀਆਂ ਸ਼ਕਤੀਆਂ ਦਾ ਸ਼ੁਰੂ ਤੋਂ ਹੀ ਸਟੈਂਡ ਰਿਹਾ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਦੀ ਵੰਡ ਵੇਲੇ ਹੀ ਪੰਜਾਬ ਨੂੰ ਦਿਤਾ ਜਾਣਾ ਚਾਹੀਦਾ ਸੀ ਤੇ ਹੁਣ ਵੀ ਚੰਡੀਗੜ੍ਹ ਤੇ ਸਿਰਫ ਪੰਜਾਬ ਦਾ ਹੀ ਹੱਕ ਹੈ। ਉਹਨਾਂ ਕਿਹਾ ਕਿ ਬੜੀ ਅਜੀਬ ਅਤੇ ਹਾਸੋਹੀਣੀ ਗੱਲ ਹੈ ਕਿ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਉਹ ਦਸ ਏਕੜ ਜ਼ਮੀਨ ਪੰਚਕੂਲਾ ਦੇ ਚੰਡੀਗੜ੍ਹ ਨਾਲ ਲਗਦੇ ਬਾਰਡਰ ਤੋਂ ਚੰਡੀਗੜ੍ਹ ਯੂਟੀ ਨੂੰ ਦੇ ਕੇ ਰੇਲਵੇ ਸਟੇਸ਼ਨ ਨੇੜੇ ਮੱਧ ਮਾਰਗ ਦੀਆਂ ਲਾਈਟਾਂ ਤੇ ਚੰਡੀਗੜ੍ਹ ਵਿਖੇ ਵਿਧਾਨ ਸਭਾ ਸਥਾਪਤ ਕਰਨ ਦੀ ਕੇਂਦਰ ਤੋਂ ਇਜਾਜ਼ਤ ਮੰਗਦੇ ਹਨ। ਸਾਥੀ ਬਰਾੜ ਨੇ ਕਿਹਾ ਕਿ ਹਰਿਆਣਾ ਸਰਕਾਰ ਖੁਦ ਪੰਚਕੂਲਾ ਦੀ ਧਰਤੀ ’ਤੇ ਜਾ ਕੇ ਹੀ ਆਪਣੀ ਵਿਧਾਨ ਸਭਾ ਕਾਇਮ ਕਰ ਸਕਦੀ ਹੈ। 

ਸਾਥੀ ਬਰਾੜ ਨੇ ਭਾਜਪਾ ਤੇ ਦੋਸ਼ ਲਾਇਆ ਕਿ ਉਹ ਅਜਿਹੇ ਭੜਕਾਊ ਬਿਆਨ ਦੇ ਕੇ ਪੰਜਾਬ ਦੇ ਪਹਿਲਾਂ ਹੀ ਏਜੰਸੀਆਂ ਅਤੇ ਫਿਰਕੂ ਸ਼ਕਤੀਆਂ ਵਲੋਂ ਵਿਗਾੜੇ ਜਾ ਰਹੇ ਮਹੌਲ ਨੂੰ ਤਬਾਹਕੁਨ ਸਥਿਤੀਆਂ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਥੀ ਬਰਾੜ ਨੇ ਚਿੰਤਾ ਪ੍ਰਗਟ ਕਰਦਿਆਂ ਆਖਿਆ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਪੰਜਾਬ ਵਿਰੋਧੀ ਮੁੱਦਿਆਂ ਤੇ ਨਰਮ ਰੁਖ ਅਖਤਿਆਰ ਕਰ ਰਹੀ ਹੈ। ਉਹਨਾਂ ਅਪੀਲ ਕੀਤੀ ਕਿ ਸਮੁਚੇ ਪੰਜਾਬੀਆਂ ਨੂੰ ਇਕਮੁਠ ਹੋ ਕੇ ਅਜਿਹੇ ਪੰਜਾਬ^ਵਿਰੋਧੀ ਕਦਮਾਂ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ।

ਇਸੇ ਦੌਰਾਨ ਪੀਐਸਯੂ ਅਤੇ ਨਕਸਲੀ ਲਹਿਰ ਨਾਲ ਜੁੜੇ ਰਹੇ ਮਾਲਵਿੰਦਰ ਸਿੰਘ ਮਾਲੀ ਜੋ ਇਸ ਵੇਲੇ ਪ੍ਰਮੁੱਖ ਸੁਤੰਤਰ ਚਿੰਤਕ ਵੱਜੋਂ ਵਿਚਰ ਰਹੇ ਹਨ ਅਤੇ ਸੂਝਵਾਨ ਪੰਜਾਬ ਹਿਤੈਸ਼ੀ ਵੱਜੋਂ ਉਭਰ ਕੇ ਸਾਹਮਣੇ ਆਏ ਹਨ; ਨੇ ਉਹਨਾਂ ਪਿੰਡਾਂ ਦੇ ਨਾਂਵਾਂ ਦੀ ਸੂਚੀ ਵੀ ਜਾਰੀ ਕੀਤੀ ਹੈ; ਜਿਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ। ਪੰਜਾਬ ਦੇ ਉਹਨਾਂ ਪੰਜਾਬੀ ਬੋਲਦੇ 28 ਪਿੰਡਾਂ  ਦੇ ਨਾਮ ਜਿਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਸ਼ਹਿਰ ਉਸਾਰਿਆ ਗਿਆ ਸੀ ਇਸ ਪ੍ਰਕਾਰ ਹਨ: 

1 ਬਜਵਾੜੀ ( 23 ਸੈਕਟਰ )

2 ਦਲਹੇੜੀ ਜੱਟਾ ( 28 ਸੈਕਟਰ )

3 ਦਲਹੇੜੀ ( 19 ਸੈਕਟਰ )

4 ਗੁਰਦਾਸਪੁਰਾ ( 28 - ਇਡੰਸਟਰੀਅਲ ਏਰੀਆ )

5 ਹਮੀਰਗੜ ( ਕੰਚਨਪੁਰ ) ( 7-26 ਸੈਕਟਰ )

6 ਕਾਲੀਬੜ ( 4-5-8-9 ਸੈਕਟਰ )

7 ਕੈਲੜ ( 15-16-24 ਸੈਕਟਰ )

8 ਕਾਂਜੀ ਮਾਜਰਾ ( 14 ਸੈਕਟਰ - ਪੰਜਾਬ ਯੂਨੀਵਰਸੀਟੀ ) .

9 ਖੇੜੀ ( 20-30-32 ਚੌਂਕ )

10 ਮਹਿਲਾ ਮਾਜਰਾ ( 2-3 ਸੈਕਟਰ )

11 ਨਗਲਾ ( 27 ਸੈਕਟਰ )

12 ਰਾਮ ਨਗਰ ( ਭੰਗੀ ਮਾਜਰਾ ) ( 6- 7 ਸੈਕਟਰ )

13 ਰੁੜਕੀ ( 17-18-21-22 ਸੈਕਟਰ )

14 ਸੈਣੀ ਮਾਜਰਾ ( 25 ਸੈਕਟਰ )

15 ਸਹਿਜਾਦਪੁਰ ( 11-12 ਸੈਕਟਰ ) ( 31–47 ਸੈਕਟਰ )

16 ਬਜਵਾੜਾ ( 35-36 ਸੈਕਟਰ )

17 ਬਜਵਾੜੀ ਬਖਤਾ ( 37 ਸੈਕਟਰ / ਬੇ - ਚਿਰਾਗ ਪਿੰਡ )

18 ਫਤਿਹਗੜ ( ਮਾਦੜਾਂ ) ( 33-34 ਸੈਕਟਰ )

19 ਗੱਗੜ ਮਾਜਰਾ ( ਏਅਰਪੋਟ ਏਰੀਆ )

20 ਕੰਥਾਲਾ ( 31 ਸੈਕਟਰ , ਟ੍ਰਿਬਿਊਨ ਚੌਂਕ )

21 ਜੈਪੁਰ

22 ਸਲਾਹਪੁਰ

23 ਦਤਾਰਪੁਰ ( ਰਾਮ ਦਰਬਾਰ , ਏਅਰਪੋਟ ਏਰੀਆ )

24 ਚੂਹੜਪੁਰ

25 ਕਰਮਾਣ ( 29 ਸੈਕਟਰ , ਇਡੰਸਟਰੀਅਲ ਏਰੀਆ )

26 ਝੁਮਰੂ ( 49-50 ਸੈਕਟਰ )

27 ਨਿਜਾਮਪੁਰ ( 48 ਸੈਕਟਰ )

28 ਸਾਹਪੁਰ ( 38 ਸੈਕਟਰ )

ਮਨੀ ਮਾਜਰਾ – 13 ਸੈਕਟਰ

ਧਨਾਸ - 14 ਸੈਕਟਰ

ਮਲੋਆ , ਡੱਡੂ ਮਾਜਰਾ - 39 ਸੈਕਟਰ

ਬਡਹੇੜੀ , ਬੁਟੇਰਲਾ - 41 ਸੈਕਟਰ

ਅਟਾਵਾ - 42 ਸੈਕਟਰ

ਬੁੜੈਲ - 45 ਸੈਕਟਰ

ਕਜਹੇੜੀ – 52 ਸੈਕਟਰ ਮਦਨਪੁਰ - 54 ਸੈਕਟਰ

ਪਲਸੋਰਾ - 55 ਸੈਕਟਰ

ਇਹ ਉਜਾੜਾ ਵੀ ਪੰਜਾਬ ਨਾਲ ਵਧੀਕੀ ਸੀ। ਹੁਣ ਨਵੀਆਂ ਵਧੀਕੀਆਂ ਦਾ ਸਿਲਸਿਲਾ ਫਿਰ ਸ਼ੁਰੂ ਹੁੰਦਾ ਕਿਓਂ ਮਹਿਸੂਸ ਹੋ ਰਿਹਾ ਹੈ? ਇਸ ਮੁੱਦੇ 'ਤੇ ਸਮੂਹ ਪੰਜਾਬੀਆਂ ਨੂੰ ਆਪਣੀਆਂ ਸੌਦਿਆਂ ਸਿਆਸਤਾਂ ਤੋਂ ਉੱਠ ਕੇ ਇੱਕ ਜੁੱਟ ਹੋਣਾ ਚਾਹੀਦਾ ਹੈ।
ਇਸ ਪੋਸਟ ਸੰਬੰਧੀ ਫੇਸਬੁੱਕ 'ਤੇ ਕੁਝ ਟਿੱਪਣੀਆਂ ਵੀ ਹਨ। ਇੱਕ ਟਿੱਪਣੀ ਹੈ:ਪੰਜਾਬ ਸ਼ਬਦ ਦੀ ਇਤਿਹਾਸਕ ਮਹੱਤਤਾ ਹੈ, ਖਾਲਿਸਤਾਨ ਦੀ ਗੱਲ ਕਰਕੇ ਤਾਂ ਪੰਜਾਬ ਦੀ ਇਤਿਹਾਸਕ ਮਹੱਤਤਾ ਹੀ ਖਤਮ ਕਰ ਰਹੇ ਹਨ-ਇਹ ਟਿੱਪਣੀ ਕੀਤੀ ਹੈ-Baljit Hayer ਹੁਰਾਂ ਨੇ। ਬਾਕੀ ਟਿੱਪਣੀਆਂ ਤੁਸੀਂ ਪੜ੍ਹ ਸਕਦੇ ਹੋ ਇਥੇ ਕਲਿੱਕ ਕਰ ਕੇ। 

ਇਸ ਮੁੱਦੇ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਵੀ ਰਹੇਗੀ ਹੀ। ਤੁਸੀਂ ਇਥੇ ਕੁਮੈਂਟ ਵੀ ਕਰ ਸਕਦੇ ਹੋ ਅਤੇ ਆਪਣੀਆਂ ਲਿਖਤਾਂ ਈਮੇਲ ਵੀ ਕਰ ਸਕਦੇ ਹੋ-medialink32@gmail.com 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Wednesday, November 23, 2022

ਬਿਲਕਿਸ ਬਾਨੋ ਮਾਮਲੇ ਨਾਲ ਵੱਧ ਰਹੀ ਹੈ ਖੱਬੀਆਂ ਇਸਤਰੀਆਂ ਵਿੱਚ ਨੇੜਤਾ

ਔਰਤਾਂ ਨਾਲ ਲਗਾਤਾਰ ਵੱਧ ਰਹੇ ਹਨ ਵਧੀਕੀਆਂ ਦੇ ਮਾਮਲੇ 


ਲੁਧਿਆਣਾ//ਚੰਡੀਗੜ੍ਹ: 22 ਨਵੰਬਰ 2022: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::

ਬਿਲਕਿਸ ਬਾਨੋ ਨਾਲ ਜੋ ਕੁਝ ਹੋਇਆ ਉਹ ਬਿਨਾ ਸ਼ੱਕ ਵਹਿਸ਼ੀਆਨਾ ਕਾਰਾ ਸੀ। ਉਸ ਅਣਮਨੁੱਖੀ ਕਾਰੇ ਦੀ ਸਖਤ ਤੋਂ ਸਖਤ ਸਜ਼ਾ ਹੀ ਉਸਦੇ ਜ਼ਖ਼ਮਾਂ 'ਤੇ ਕੁਝ ਮਰਹਮ ਲਗਾ ਸਕਦੀ ਸੀ। ਉਸ ਨਾਲ ਸਮੂਹਿਕ ਜਬਰਜਨਾਹ ਕਰਨ ਵਾਲੇ ਸਿਰਫ ਉਸਦੇ ਹੀ ਨਹੀਂ ਬਲਕਿ ਪੂਰੇ ਸਮਾਜ ਦੇ ਦੋਸ਼ੀ ਸਨ ਅਤੇ ਕਾਨੂੰਨ ਦੇ ਵੀ। ਉਹਨਾਂ ਦੇ ਕਾਰੇ ਨੇ ਦੇਸ਼ ਦੀਆਂ ਘੱਟ ਗਿਣਤੀਆਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਅਤੇ ਸੁਆਲ ਪੈਦਾ ਕੀਤੇ। ਇਹਨਾਂ ਸ਼ੰਕਿਆਂ ਅਤੇ ਸੁਆਲਾਂ ਨੇ ਦੇਸ਼ ਦੀ ਏਕਤਾ ਅਖੰਡਤਾ ਵਾਲੀ ਭਾਵਨਾ ਨੂੰ ਵੀ ਕਮਜ਼ੋਰ ਹੀ ਕੀਤਾ। ਬਿਲਕਿਸ ਨਾਲ ਜਬਰ ਜਨਾਹ ਕਰਨ ਵਾਲਿਆਂ ਦੀ ਰਿਹਾਈ ਉਹਨਾਂ ਦੇ ਕੁਕਰਮਾਂ ਨਾਲੋਂ ਵੀ ਵੱਡਾ ਕੁਕਰਮ ਸੀ। ਇਸਨੇ ਪੂਰੇ ਸਮਾਜ ਨੂੰ ਹੀ ਸ਼ਰਮਸਾਰੀ ਦਾ ਅਹਿਸਾਸ ਕਰਾਇਆ। ਇਸਦੇ ਵਿਰੋਧ ਵਿੱਚ ਪੁਰਸ਼ ਵੀ ਅੱਗੇ ਆਏ ਪਰ ਸਭ ਤੋਂ ਵੱਧ ਸ਼ਿੱਦਤ ਨਾਲ ਇਸ ਇਸ ਦਰਦ ਅਤੇ ਵਹਿਸ਼ਤ ਨੂੰ ਔਰਤਾਂ ਨੇ ਹੀ ਮਹਿਸੂਸ ਕੀਤਾ। ਇਸ ਦਰਦ ਨੇ ਦੁਨੀਆ ਭਰ ਦੀਆਂ ਇਸਤਰੀਆਂ ਨੂੰ ਇੱਕ ਹੋਣ ਦਾ ਮੂਕ ਸੱਦਾ ਵੀ ਦਿੱਤਾ। ਦਰਦ ਦੇ ਇਸ ਰਿਸ਼ਤੇ ਨੇ ਇਸਤਰੀ ਸੰਗਠਨਾਂ ਨੂੰ ਵੀ ਇੱਕ ਦੂਜੇ ਦੇ ਨਜ਼ਦੀਕ ਲਿਆਂਦਾ। 

ਇਹ ਰਿਹਾਈ ਕਦੇ ਵੀ ਪੂਰੇ ਸੱਭਿਅਕ ਸਮਾਜ ਲਈ ਕਿਸੇ ਕਲੰਕ ਤੋਂ ਘਟ ਨਹੀਂ ਸਮਝੀ ਜਾਣੀ। ਜ਼ਿਕਰਯੋਗ ਹੈ ਕਿ ਹਾਲਾਤਾਂ ਨੇ ਹੀ ਫੂਲਨ ਦੇਵੀ ਡਕੈਤ ਨੂੰ ਪੈਦਾ ਕੀਤਾ ਸੀ। ਜਬਰ ਜ਼ੁਲਮ ਦੇ ਹਾਲਾਤਾਂ ਨੇ ਹੀ ਉਸਦੇ ਚੂੜੀਆਂ ਵਾਲੇ ਹੱਥਾਂ ਵਿੱਚ ਬੰਦੂਕ ਫੜਾਈ ਸੀ। ਗੰਨ ਕਲਚਰ ਇਨਸਾਫ ਦੀ ਮੰਗ ਨੂੰ ਲੈ ਕੇ ਜੂਝ ਰਹੇ ਸਮੂਹ ਪੀੜਿਤਾਂ ਲਈ ਉਸ ਵੇਲੇ ਵੀ  ਇੱਕ ਲੁੜੀਂਦਾ ਰਸਤਾ ਬਣ ਗਿਆ ਸੀ। ਤੁਰੰਤ ਇਨਸਾਫ ਵਾਲੇ ਕਦਮਾਂ ਨਾਲ ਹੀ ਰੁਕ ਸਕਦਾ ਹੈ ਅਜਿਹਾ ਕਲਚਰ ਕਿਓਂਕਿ ਆਮ ਤੌਰ  'ਤੇ ਬੰਦੂਕ ਚੁੱਕਣ ਦਾ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ। ਕਾਸ਼ ਪੀੜਿਤਾਂ ਨੂੰ ਇਨਸਾਫ ਦੇ ਕੇ ਹਰ ਵਾਰ ਸਮੇਂ ਸਿਰ ਹੀ ਰੋਕਿਆ ਜਾ ਸਕੇ। ਅਫਸੋਸ ਕਿ ਇਨਸਾਫ ਦੇਣ ਵੇਲੇ ਕੋਈ ਨ ਕੋਈ ਅੜਿੱਕਾ ਇਸਦਾ ਰਾਹ ਰੋਕ ਲੈਂਦਾ ਹੈ।  

ਸਮਾਜਿਕ ਸੰਗਠਨਾਂ ਕੋਲ ਕਿਓਂਕਿ ਆਮ ਤੌਰ 'ਤੇ ਕੋਈ ਹੋਰ ਚਾਰਾ ਨਹੀਂ ਰਹਿੰਦਾ ਇਸ ਲਈ ਉਹ ਅਜਿਹੇ ਕਾਰਿਆਂ ਦੀ ਨਿਖੇਧੀ ਕਰਨ ਤੱਕ ਹੀ ਸੀਮਿਤ ਰਹਿੰਦੇ ਹਨ। ਇਹਨਾਂ ਨਿਖੇਧੀਆਂ ਨਾਲ ਬਾਹੂਬਲੀਆਂ ਦਾ ਵਿਗੜਦਾ ਤਾਂ ਭਾਵੇਂ ਕੁਝ ਵੀ ਨਹੀਂ ਪਰ ਉਹਨਾਂ ਦੇ ਖਿਲਾਫ ਲੋਕ ਰਾਏ ਜ਼ਰੂਰ ਲਾਮਬੰਦ ਹੁੰਦੀ ਹੈ। ਬਿਲਕਿਸ ਬਾਨੋ ਦੇ ਮਾਮਲੇ ਵਿਚ ਵੀ ਇਹੀ ਹੋ ਰਿਹਾ ਹੈ। ਘਰ ਘਰ ਤੱਕ ਇਸ ਬੇਇਨਸਾਫ਼ੀ ਦੀ ਆਵਾਜ਼ ਤੇਜ਼ੀ ਨਾਲ ਪਹੁੰਚ ਰਹੀ ਹੈ। 

ਇਸ ਨਾਲ ਜ਼ੁਲਮ ਖਿਲਾਫ ਬੋਲਣ ਵਾਲਿਆਂ ਦਾ ਕਾਫ਼ਿਲਾ ਵੱਡਾ ਹੋ ਰਿਹਾ ਹੈ। ਕੁਝ ਸੰਗਠਨਾਂ ਨੇ ਪੀੜਿਤਾਂ ਲਈ ਕਾਨੂੰਨੀ ਲੜਾਈ ਵੀ ਲੜੀ ਅਤੇ ਕੁਝ ਕੁ ਨੇ ਇਹਨਾਂ ਮਾਮਲਿਆਂ ਨੂੰ ਲੋਕਾਂ ਸਾਹਮਣੇ ਅਸਰਦਾਇਕ ਢੰਗ ਨਾਲ ਉਜਾਗਰ ਵੀ ਕੀਤਾ ਹੈ। ਮਹਿਲਾਵਾਂ ਦੇ ਸਰਗਰਮ ਅਤੇ ਨਿਰਪੱਖ ਸੰਗਠਨ ਵੀ ਆਪੋ ਆਪਣੇ ਢੰਗ ਤਰੀਕਿਆਂ ਨਾਲ ਅਜਿਹੇ ਮਾਮਲਿਆਂ ਲਈ ਜ਼ਿੰਮੇਵਾਰਾਂ ਦਾ ਵਿਰੋਧ ਕਰਦੇ ਆ ਰਹੇ ਹਨ।  

ਖੱਬੀਆਂ ਪਾਰਟੀਆਂ ਨਾਲ ਸਬੰਧਤ ਇਸਤਰੀ ਸਭਾਵਾਂ ਵੀ ਇਸ ਪਾਸੇ ਸਰਗਰਮ ਰਹੀਆਂ ਪਰ ਹੁਣ ਖੱਬੀਆਂ ਧਿਰਾਂ ਵੀ ਵੰਡੀਆਂ ਹੋਈਆਂ ਹਨ। ਸਿੱਟੇ ਵੱਜੋਂ ਉਹਨਾਂ  ਦੇ ਟਰੇਡ ਯੂਨੀਅਨ ਵੀ ਵੰਡੇ ਗਏ ਹਨ। ਕੌਮੀ ਪੱਧਰ 'ਤੇ ਹੋਈ ਵੰਡ ਕਾਰਨ ਸੂਬਾਈ ਇਕਾਈਆਂ ਵੀ ਵੱਖ ਵੱਖ ਹੋ ਕੇ ਵਿਚਰਦਿਆਂ ਹਨ। ਸਰਹੱਦੀ ਸੂਬੇ ਪੰਜਾਬ ਵਿੱਚ ਪੰਜਾਬ ਇਸਤਰੀ ਸਭਾ ਦੇ ਨਾਲ ਨਾਲ ਜਨਵਾਦੀ ਇਸਤਰੀ ਸਭਾ ਅਤੇ ਆਲ ਇੰਡੀਆ ਪ੍ਰੋਗਰੈਸਿਵ ਵੋਮੈਨ ਐਸੋਸੀਏਸ਼ਨ (AIPWA) ਵਗੈਰਾ ਵੀ ਸਰਗਰਮ ਹਨ।

ਇਹ ਸਾਰੇ ਸੰਗਠਨ ਭਾਵੇਂ ਆਪੋ ਆਪਣੀ ਪਾਰਟੀ ਦੇ ਵਿੰਗ ਵੱਜੋਂ ਹੀ ਕੰਮ ਕਰਦੇ ਹਨ ਇਸ ਲਈ ਵੱਖੋ ਵੱਖ ਵੀ ਹਨ ਪਰ ਇਹਨਾਂ ਦੀ ਸੋਚ ਅਤੇ ਨਿਸ਼ਾਨਿਆਂ ਵਿਚ ਕੋਈ ਬਹੁਤਾ ਫਰਕ ਨਹੀਂ ਹੈ। ਇਹ ਮਹਿਲਾ ਸੰਗਠਨ ਵੀ ਮਾਰਕਸਵਾਦ ਅਤੇ ਲੈਨਿਨਵਾਦ ਨੂੰ ਪ੍ਰਣਾਏ ਹੋਏ ਹਨ। ਕਮਿਊਨਿਸਟ ਪਾਰਟੀਆਂ ਦੇ ਪੁਰਸ਼ ਆਗੂ ਅਤੇ ਹੋਰ ਮੈਂਬਰ ਇਹਨਾਂ ਔਰਤਾਂ ਕਰ ਕੇ ਹੀ ਦਿਨ ਰਾਤ ਇੱਕ ਕਰਕੇ ਪਾਰਟੀ ਅਤੇ ਸਮਾਜ ਦਾ ਕੰਮ ਕਰਦੇ ਹਨ। 

ਘਰਾਂ ਨੂੰ ਸੰਭਾਲ ਕੇ ਇਹ ਇਸਤਰੀਆਂ ਹੀ ਉਹਨਾਂ ਨੂੰ ਸਿਆਸੀ ਸਰਗਰਮੀਆਂ ਲਈ ਪੂਰੀ ਤਰ੍ਹਾਂ ਮੁਕਤ ਕਰਦੀਆਂ ਹਨ। ਹੁਣ ਜਦੋਂ ਕਿ ਖੱਬੀਆਂ ਪਾਰਟੀਆਂ ਦਾ ਅਧਾਰ ਬੀਤੇ ਕੁਝ ਸਮਿਆਂ ਵਿਚ ਕਮਜ਼ੋਰ ਹੋਇਆ ਹੈ ਤਾਂ ਇੱਕ ਵਾਰ ਫੇਰ ਇਸਤਰੀਆਂ ਨੇ ਮੈਦਾਨ ਸੰਭਾਲਿਆ ਹੈ। ਇਹਨਾਂ ਦੇ ਜਾਦੂ ਨੇ ਛੇਤੀ ਹੀ ਖੱਬੀਆਂ ਧਿਰਾਂ ਨੂੰ ਇੱਕ ਵਾਰ ਫੇਰ ਅਸਮਾਨ ਛੂਹਣ ਵਾਲੇ ਕਰ ਦੇਣਾ ਹੈ। ਕਿਸਾਨ ਅੰਦੋਲਨ ਵਰਗੇ ਕਈ ਹੋਰ ਮੋਰਚੇ ਨੇੜਲੇ ਭਵਿੱਖ ਵਿੱਚ ਸੰਭਵ ਹਨ।  ਇੱਕ ਮੋਰਚਾ ਬਿਲਕਿਸ ਬਾਨੋ ਨਾਲ ਹੋਏ ਜ਼ੁਲਮ ਵਰਗੇ ਮਾਮਲਿਆਂ ਨੂੰ ਲੈ ਕੇ ਵੀ ਤਿਆਰ ਹੋ ਰਿਹਾ ਲੱਗਦਾ ਹੈ। 

ਔਰਤਾਂ ਖਿਲਾਫ ਹੁੰਦੀਆਂ ਵਧੀਕੀਆਂ ਵਿਰੁੱਧ ਸੰਘਰਸ਼ ਵਿੱਢਣ ਦੀ ਇਹ ਭਾਵਨਾ ਹੁਣ 20 ਨਵੰਬਰ 2022 ਨੂੰ ਐਤਵਾਰ ਵਾਲੇ ਲੁਧਿਆਣਾ ਵਿੱਚ ਵੀ ਮਹਿਸੂਸ ਕੀਤੀ ਗਈ। ਉਸ ਦਿਨ ਪੰਜਾਬ ਇਸਤਰੀ ਸਭਾ ਦੀ ਸੂਬਾ ਕੌਂਸਲ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਮੈਡਮ ਕੁਸ਼ਲ ਭੌਰਾ ਦੀ ਪ੍ਰਧਾਨਗੀ ਹੇਠ ਹੋਈ। ਉਹੀ ਕੁਸ਼ਲ ਭੌਰਾ ਜਿਸਨੇ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਸਿਆਸਤ ਅਤੇ ਸਾਹਿਤ ਦੋਹਾਂ ਖੇਤਰਾਂ ਵਿਚ ਵੀ ਆਪਣਾ ਲੋਹਾ ਮਨਵਾਇਆ। ਸੂਹੀ ਸਵੇਰ ਨਾਮ ਦਾ ਰਸਾਲਾ ਮੈਡਮ ਕੁਸ਼ਲ ਭੌਰਾ ਹੀ ਚਲਾਉਂਦੇ ਹਨ। ਉਹਨਾਂ ਦੇ ਨਾਲ ਕਾਮਰੇਡ ਗੁਰਚਰਨ ਗਾਂਧੀ ਅਤੇ ਕੁਝ ਹੋਰ ਸਾਥੀਆਂ ਦੀ ਟੀਮ ਵੀ ਸਰਗਰਮੀ ਨਾਲ ਕੰਮ ਕਰਦੀ ਹੈ। ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿਚ ਨਵੀਆਂ ਕੁੜੀਆਂ ਦਾ ਇੱਕ ਵੱਡਾ ਕਾਫ਼ਿਲਾ ਨਿਰੰਤਰ ਮੈਡਮ ਕੁਸ਼ਲ ਭੌਰਾ ਦੇ ਸੰਪਰਕ ਵਿਚ ਹਨ। ਮੱਧ ਪ੍ਰਦੇਸ਼ ਦੀ ਕੁਮੁਦ ਸਿੰਘ ਵਾਂਗ ਪੰਜਾਬ ਵਿਚ ਕੁਸ਼ਲ ਭੌਰਾ ਸਰਗਰਮ ਹਨ ਆਉਣ ਵਾਲੇ ਸੰਘਰਸ਼ਾਂ ਵਿਚ ਇਹਨਾਂ ਔਰਤਾਂ ਅਤੇ ਇਹਨਾਂ ਦੀਆਂ ਟੀਮਾਂ ਨੇ ਖਾਸ ਭੂਮਿਕਾ ਨਿਭਾਉਣੀ ਹੈ। 

ਲੁਧਿਆਣਾ ਵਿੱਚ ਹੋਈ ਇਸ ਖਾਸ ਸੂਬਾਈ ਮੀਟਿੰਗ ਵਿੱਚ 13 ਜ਼ਿਲਿਆਂ ਵਿਚ ਸਰਗਰਮ ਮੈਂਬਰ ਇਸਤਰੀਆਂ ਦੇ ਪ੍ਰਤੀਨਿਧਾਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ। ਇਸ ਮੀਟਿੰਗ ਵਿੱਚ ਵੀ ਬਿਲਕਿਸ ਬਾਨੋ ਵਾਲਾ ਮੁੱਦਾ ਉਚੇਚ ਨਾਲ ਵਿਚਾਰਿਆ ਗਿਆ। ਮੀਟਿੰਗ ਵਿਚ ਮੌਜੂਦ ਮੈਂਬਰਾਂ ਨੂੰ ਇਹ ਸਾਰਾ ਮਾਮਲਾ ਵਿਸਥਾਰ ਨਾਲ ਦੱਸੇ ਜਾਣ ਦਾ ਫਾਇਦਾ ਇਹ ਹੋਇਆ ਕਿ ਜਿੱਥੇ ਬਿਲਕਿਸ ਬਾਨੋ ਨਾਲ ਹੋਏ ਜ਼ੁਲਮ ਵਿਰੁੱਧ ਪੈਦਾ ਹੋ ਰਹੀ ਹਵਾ ਹੋਰ ਵੀ ਮਜ਼ਬੂਤ ਹੋ ਰਹੀ ਹੈ ਉੱਥੇ ਇਸਤਰੀ ਸਭਾਵਾਂ ਦੇ ਮੈਂਬਰਾਂ ਨੇ ਵੀ ਆਪਣੇ ਇਸ ਅਹਿਦ ਨੂੰ ਵੀ ਮਜ਼ਬੂਤ ਕੀਤਾ ਕਿ ਅਸੀਂ ਅਜਿਹੇ ਕਾਰਿਆਂ ਨੂੰ ਦੇਖ ਸੁਣ ਕੇ ਹੁਣ ਚੁੱਪ ਰਹਿਣ ਵਾਲੇ ਨਹੀਂ ਹਾਂ। 

ਬਿਲਕਿਸ ਨਾਲ ਵਾਪਰੇ ਜਬਰ ਅਤੇ ਉਸਦੇ ਦੋਸ਼ੀਆਂ ਦੀ ਰਿਹਾਈ ਦਾ ਸਾਰਾ ਵੇਰਵਾ ਵੀ ਮੀਟਿੰਗ ਵਿੱਚ ਵਿਸਥਾਰ ਨਾਲ ਦਿੱਤਾ ਗਿਆ। ਇਸ ਨਾਲ ਜਿੱਥੇ  ਬਿਲਕਿਸ ਬਾਨੋ ਲਈ ਇਨਸਾਫ ਦੀ ਗੱਲ ਤਾਜ਼ਾ ਹੋਈ ਉੱਥੇ ਅਜਿਹੇ ਹੋਰ ਮਾਮਲਿਆਂ ਪ੍ਰਤੀ ਇਸਤਰੀ ਕਾਰਕੁਨਾਂ ਦੀ ਜਾਗਰੂਕਤਾ ਵਿੱਚ ਵੀ ਵਾਧਾ ਹੋਇਆ। ਸੂਬਾ ਜਨਰਲ ਸਕੱਤਰ ਰਜਿੰਦਰਪਾਲ ਕੌਰ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਤੇ ਅਗਲੇ ਕੰਮਾਂ ਬਾਰੇ ਵਿਚਾਰ ਚਰਚਾ ਕੀਤੀ। ਜਿਸ ਵਿੱਚ ਜ਼ਿਲਾ ਤੇ ਸਟੇਟ ਕਾਨਫਰੰਸ, ਮੈਂਬਰਸ਼ਿਪ ਤੇ ਹੋਰ ਅਹਿਮ ਮੁੱਦੇ ਵਿਚਾਰੇ ਗਏ। ਸ਼ਾਇਦ ਹੀ ਕੋਈ ਦਿਨ ਅਜਿਹਾ ਗੁਜ਼ਰਦਾ ਹੋਵੇ ਜਿਸ ਦਿਨ ਕਿਸੇ ਨ ਕਿਸੇ ਇਸਤਰੀ ਜਾਨ ਲੜਕੀ ਨਾਲ ਕੋਈ ਮੰਦਭਾਗੀ ਘਟਨਾ ਨਾ ਵਾਪਰਦੀ ਹੋਵੇ। ਭਰੋਸੇਜੋਗ ਸੂਤਰਾਂ ਮੁਤਾਬਿਕ ਇਸਤਰੀ ਸੰਗਠਨ ਹੁਣ ਬਾਕਾਇਦਾ ਇੱਕ ਮੋਨੀਟਰਿੰਗ ਸੈਲ ਬਣਾਉਣ ਬਾਰੇ ਵੀ ਸੋਚ ਰਹੀਆਂ ਹਨ ਜਿਹੜਾ ਇਸਤਰੀਆਂ ਨਾਲ ਵਧੀਕੀਆਂ ਦੇ ਹਰ ਮਾਮਲੇ 'ਤੇ ਨਜ਼ਰ ਰੱਖੇਗਾ। ਇਸ ਮਕਸਦ ਲਈ ਮੀਡੀਆ ਦੇ ਨਾਲ ਨਾਲ ਗਲੀ ਮੋਹਲਿਆਂ ਵਿਚ ਸਰਗਰਮ ਇਸਤਰੀ ਆਗੂਆਂ ਨਾਲ ਰਾਬਤਾ ਵੀ ਰੱਖਿਆ ਜਾਏਗਾ। ਬਿਲਕਿਸ ਬਾਨੋ ਨਾਲ ਜਬਰ ਜਨਾਹ ਤੋਂ ਬਾਅਦ ਵੀ ਬਹੁਤ ਕੁਝ ਹੋ ਚੁੱਕਿਆ ਹੈ ਅਤੇ ਉਸਦੇ ਗੁਨਾਹਗਾਰਾਂ ਦੀ ਰਿਹੈ ਤੋਂ ਬਾਅਦ ਵੀ ਇਹਨਾਂ ਵਧੀਕੀਆਂ ਦਾ ਸਿਲਸਿਲਾ ਰੂਕੀਆ ਨਹੀਂ। 

ਇਸ ਸਮੇਂ ਸਰਪ੍ਰਸਤ ਨਰਿੰਦਰਪਾਲ ਕੌਰ, ਸੀਨੀਅਰ ਸਕੱਤਰ ਨਰਿੰਦਰ ਸੋਹਲ, ਸੁਰਜੀਤ ਕਾਲੜਾ, ਸੁਮਿਤਰਾ, ਜੋਗਿੰਦਰ ਕੌਰ, ਤ੍ਰਿਪਤ ਕਾਲੀਆ, ਸ਼ਸ਼ੀ ਸ਼ਰਮਾ, ਮਨਜੀਤ ਕੌਰ, ਸੀਮਾ ਸੋਹਲ, ਸਰਬਜੀਤ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਹਰਜੀਤ ਕੌਰ, ਪ੍ਰੇਮ ਲਤਾ, ਅਮਰਜੀਤ ਬਠਿੰਡਾ ਅਤੇ ਕੁਲਵੰਤ ਕੌਰ ਆਦਿ ਵੀ ਹਾਜ਼ਰ ਸਨ। 

Sunday, November 6, 2022

ਪੰਜਾਬ ਇਸਤਰੀ ਸਭਾ ਲੁਧਿਆਣਾ ਵੱਲੋਂ ਫਿਰ ਨਵਾਂ ਇਤਿਹਾਸ ਰਚਣ ਦਾ ਅਹਿਦ

Sunday: 6th November 2022 at 06:01 PM

ਔਰਤਾਂ ਨੂੰ ਨਿਆਂ ਤੇ ਬਰਾਬਰੀ ਲਈ ਅੱਗੇ ਆਉਣ ਦਾ ਸੱਦਾ ਵੀ ਦੁਹਰਾਇਆ  

ਨਵੀਂ ਚੋਣ ਵਿੱਚ ਪ੍ਰਧਾਨ ਡਾ. ਗੁਰਚਰਨ ਕੋਚਰ ਅਤੇ ਜਨਰਲ ਸਕੱਤਰ ਅਮਰਜੀਤ ਕੌਰ ਗੋਰੀਆ ਬਣੀ 

ਤਸਵੀਰਾਂ ਖਿੱਚੀਆਂ ਕਾਮਰੇਡ ਐਮ ਐਸ ਭਾਟੀਆ ਅਤੇ ਉਹਨਾਂ ਦੇ ਸਹਿਯੋਗੀਆਂ ਨੇ 

ਲੁਧਿਆਣਾ: 6 ਨਵੰਬਰ 2022 (ਰਿਪੋਰਟ ਐਮ ਐਸ ਭਾਟੀਆ//ਇਨਪੁਟ-ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::

ਕੋਈ ਜ਼ਮਾਨਾ ਸੀ ਜਦੋਂ ਪੰਜਾਬ ਇਸਤਰੀ ਸਭਾ ਨੇ ਪੂਰੇ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਭਰ ਦੀ ਇਸਤਰੀ ਲਹਿਰ ਵਿੱਚ ਧੁੰਮਾਂ ਪਾਈਆਂ ਹੋਈਆਂ ਸਨ। ਕੌਮੀ ਅਤੇ ਕੌਮਾਂਤਰੀ ਸ਼ਖਸੀਅਤਾਂ ਇਸਦੀ ਪ੍ਰਸੰਸਾ ਕਰਦੀਆਂ ਸਨ। ਛੇਤੀ ਕੀਤਿਆਂ ਕਿਸੇ ਵੱਡੇ ਤੋਂ ਵੱਡੇ ਨਾਢੂ ਖਾਨ ਦੀ ਵੀ ਹਿੰਮਤ ਨਹੀਂ ਸੀ ਪੈਂਦੀ ਕਿ ਉਹ ਆਪਣੀ ਨੂੰਹ, ਧੀ ਜਾਂ ਕਿਸੇ ਹੋਰ ਇਸਤਰੀ ਨੂੰ ਨਜਾਇਜ਼ ਤੰਗ ਕਰ ਜਾਵੇ। ਦਾਜ-ਦਹੇਜ ਮੰਗਣ ਵਾਲੇ ਅਜਿਹੀ ਕੋਈ ਵੀ ਮੰਗ ਕਰਦਿਆਂ ਹਜ਼ਾਰ ਵਾਰ ਸੋਚਦੇ ਸਨ। ਜੇ ਫਿਰ ਵੀ ਕੋਈ ਅਜਿਹੀ ਹਿਮਾਕਤ ਕਰ ਹੀ ਬੈਠਦਾ ਸੀ ਤਾਂ ਪੰਜਾਬ ਇਸਤਰੀ ਸਭਾ ਉਸ ਦੀ ਪੂਰੀ ਖਬਰ ਲਿਆ ਕਰਦੀ ਸੀ। ਕਾਮਰੇਡ ਸ਼ੀਲਾ ਦੀਦੀ, ਕਾਮਰੇਡ ਵਿਮਲਾ ਡਾਂਗ ਅਤੇ ਕਈ ਹੋਰ ਬਹਾਦਰ ਇਸਤਰੀਆਂ ਇਨਸਾਫ ਦੁਆਉਣ ਲਈ ਚਲਾਈ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਂਦੀਆਂ ਸਨ। ਉਹਨਾਂ ਨੂੰ ਆਪਣੀਆਂ ਮੈਂਬਰ ਸਾਥਣਾਂ ਦੀ ਜੇਬ ਦੇ ਨਾਲ ਨਾਲ ਸਿਹਤ ਦੀ ਹਾਲਤ ਵੀ ਪਤਾ ਹੁੰਦੀ ਅਤੇ ਉਹਨਾਂ ਦੀ ਰਸੋਈ ਵਾਲੀ ਹਾਲਤ ਦਾ ਵੀ ਪੂਰਾ ਪਤਾ ਰਹਿੰਦਾ। ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਨਿਰਾਸ਼ ਨਹੀਂ ਸੀ ਹੋਣ ਦਿੱਤਾ ਜਾਂਦਾ। ਆਪਣੇ ਜੇਬ ਖਰਚ ਵਿੱਚੋਂ ਕੁਝ ਬਚਾ ਕੇ ਲੋੜਵੰਦ ਇਸਤਰੀਆਂ ਦੀ ਮਦਦ ਵੀ ਕੀਤੀ ਜਾਂਦੀ। ਕੋਈ ਵੀ ਇਸਤਰੀ ਲੀਡਰ ਕਦੇ ਵੀ ਕਿਸੇ ਵੀ ਸੰਘਰਸ਼ ਦੌਰਾਨ ਆਪਣੇ ਨਾਲ ਆਈਆਂ ਇਸਤਰੀਆਂ ਤੋਂ ਓਹਲਾ ਕਰ ਕੇ ਕਦੇ ਹਲਕਾ ਜਿਹਾ ਨਾਸ਼ਤਾ ਪਾਣੀ ਵੀ ਨਹੀਂ ਸੀ ਕਰਦੀ। ਜੋ ਵੀ ਪ੍ਰਬੰਧ ਹੁੰਦਾ ਰਲ ਮਿਲ ਕੇ ਨਾਸ਼ਤਾ ਹੁੰਦਾ। ਲੋੜ ਪੈਣ ਤੇ ਆਪੋ ਆਪਣੀ ਵਿੱਤ ਅਨੁਸਾਰ ਯੋਗਦਾਨ ਦਾ ਵੀ ਖੁਲ੍ਹ ਸੱਦਾ ਹੁੰਦਾ ਪਰ ਇਹ ਖੁਲ੍ਹਾ ਸੱਦਾ ਸ਼ਰਤ ਕਦੇ ਵੀ ਨਹੀਂ ਸੀ ਬਣਦਾ। ਕਿਸੇ ਨੂੰ ਵੀ ਉਸਦੀ ਖਾਲੀ ਜੇਬ ਜਾਂ ਘੱਟ ਪੈਸਿਆਂ ਦਾ ਅਹਿਸਾਸ ਨਹੀਂ ਸੀ ਹੋਣ ਦਿੱਤਾ ਜਾਂਦਾ। ਹੱਸਦਿਆਂ ਖੇਡਦਿਆਂ ਨੱਚਦਿਆਂ ਗਾਉਂਦਿਆਂ ਵੀ ਸੰਘਰਸ਼ਾਂ ਦੀ ਗੱਲ ਅੱਗੇ ਤੁਰਦੀ ਰਹਿੰਦੀ। ਇਸਤਰੀਆਂ ਨੇ ਆਪਣੇ ਇਸ ਅੰਦਾਜ਼ ਨਾਲ ਭਿਆਚਾਰਕ ਪਿੜ੍ਹ ਵਿੱਚ ਵੱਡਾ ਯੋਗਦਾਨ ਦਿੱਤਾ। 

ਇਹਨਾਂ ਇਸਤਰੀਆਂ ਨੇ ਕਈ ਕਈ ਕਿਲੋਮੀਟਰ ਦੇ ਸਫ਼ਰ ਪੈਦਲ ਕਰਨੇ ਅਤੇ ਭੁੱਜੇ ਛੋਲੇ ਖਾ ਕੇ ਕਾਮਰੇਡੀ ਸਟਾਈਲ ਵਾਲੇ ਲੰਚ ਕਰ ਲੈਣੇ। ਇਹਨਾਂ ਨੇ ਇੱਕ ਇਤਿਹਾਸ ਰਚਿਆ ਸੀ। ਇਸ ਇਤਿਹਾਸ ਸਦਕਾ ਹੀ ਪੰਜਾਬ ਇਸਤਰੀ ਸਭਾ ਨੇ ਕਮਿਊਨਿਸਟ ਪਾਰਟੀ ਨੂੰ ਬਹੁਤ ਸਾਰੀਆਂ ਇਸਤਰੀ ਲੀਡਰ ਦਿੱਤੀਆਂ ਜਿਹਨਾਂ ਨੇ ਵੱਖ ਵੱਖ ਢੰਗ ਤਰੀਕਿਆਂ ਨਾਲ ਇਸਤਰੀਆਂ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਦਾ ਆਧਾਰ ਤਿਆਰ ਕੀਤਾ। ਇਹਨਾਂ ਇਸਤਰੀਆਂ ਨੇ ਹੀ ਟੱਬਰਾਂ ਦੇ ਟੱਬਰ ਇਸ ਖੱਬੀ ਲਹਿਰ ਨਾਲ ਜੋੜੇ ਸਨ। ਸੰਨ 1954 ਤੋਂ ਲੈ ਕੇ ਨੱਬਿਵਿਆਂ ਤੱਕ ਵੀ ਪੰਜਾਬ ਇਸਤਰੀ ਸਭਾ ਦਾ ਇਤਿਹਾਸ ਬਹੁਤ ਹੀ ਸ਼ਾਨਾਂਮੱਤਾ ਰਿਹਾ। ਘਰਾਂ ਦੇ ਅੰਦਰ ਵੀ ਅਤੇ ਘਰਾਂ ਤੋਂ ਬਾਹਰ ਵੀ ਇਹਨਾਂ ਬਹਾਦਰ ਇਸਤਰੀਆਂ ਨੇ ਪਾਰਟੀ ਦੀ ਬੇਹਤਰੀ ਲਈ ਉਹ ਕੰਮ ਕੀਤੇ ਜਿਹਨਾਂ ਨੇ  ਲੋਕ ਸ਼ਕਤੀ ਨੂੰ ਮਜ਼ਬੂਤ ਬਣਾਉਣ ਵਿੱਚ ਉਸਾਰੂ ਭੂਮਿਕਾ ਨਿਭਾਈ। ਹਰ ਘਰ ਵਿਚਲੀ ਮਾਂ, ਭੈਣ, ਬੇਟੀ ਅਤੇ ਭਰਜਾਈ ਬਾਰੇ ਉਹਨਾਂ ਘਰਾਂ ਵਿਚ ਆਉਂਦੇ ਜਾਂਦੇ ਕਾਮਰੇਡਾਂ ਨੂੰ ਪਤਾ ਹੁੰਦਾ ਸੀ। ਸਿਰਫ ਪਤਾ ਹੀ ਨਹੀਂ ਸੀ ਹੁੰਦਾ ਬਲਕਿ ਇਹਨਾਂ ਪਾਵਨ ਪਵਿੱਤਰ ਰਿਸ਼ਤਿਆਂ ਦਾ ਅਹਿਸਾਸ ਵੀ ਹੁੰਦਾ ਸੀ। ਹਰ ਭੈਣ ਨੂੰ ਪਤਾ ਹੁੰਦਾ ਸੀ ਕਿ ਉਸਦੇ ਏਨੇ ਭਰਾ ਹਨ ਕਿ ਕੋਈ ਮੁਸੀਬਤਾਂ ਉਹਨਾਂ ਅੱਗੇ ਠਹਿਰ ਨਹੀਂ ਸਕਦੀ। 

ਸਭ ਕੁਝ ਬੜਾ ਚੰਗਾ ਚੱਲ ਰਿਹਾ ਸੀ ਕਿ ਅਚਾਨਕ ਹੋਏ ਕੌਮੀ ਅਤੇ ਕੌਮਾਂਤਰੀ ਘਟਨਾਕ੍ਰਮ ਕਾਰਨ ਭਾਰਤੀ ਕਮਿਊਨਿਸਟ ਪਾਰਟੀ ਵੰਡੀ ਗਈ। ਕਰੀਬ ਤਿੰਨ ਕੁ ਦਰਜਨ ਆਗੂਆਂ ਨੇ ਮਾਂ ਪਾਰਟੀ ਸੀਪੀਆਈ ਨਾਲੋਂ ਵੱਖ ਹੋ ਕੇ ਸੀਪੀਆਈ (ਐਮ) ਬਣਾ ਲਈ। ਇਹ ਇੱਕ ਲੰਮੀ ਕਹਾਣੀ ਹੈ ਜਿਸਦੀ ਚਰਚਾ ਬਹੁਤ ਜਲਦੀ ਕਿਸੇ ਵੱਖਰੀ ਪੋਸਟ ਵਿਚ ਕੀਤੀ ਜਾਏਗੀ ਫਿਲਹਾਲ ਏਨਾ ਹੀ ਕਿ ਵੱਖਰੀ ਪਾਰਟੀ ਬਣਨ ਦਾ ਅਸਰ ਪਾਰਟੀ ਦੇ ਸਾਰੇ ਵਿੰਗਾਂ 'ਤੇ ਪਿਆ। ਹਰ ਬ੍ਰਾਂਚ ਤੇ ਵੀ ਪਿਆ। ਖੱਬੀ ਲਹਿਰ ਨਾਲ ਜੁੜੀਆਂ ਸਮੂਹ ਇਸਤਰੀਆਂ ਤੇ ਵੀ ਪਿਆ। 

ਆਖਿਰ ਇਸਤਰੀ ਸਭਾ ਵੀ ਦੋਫਾੜ ਹੋ ਗਈ। ਜਨਵਾਦੀ ਇਸਤਰੀ ਸਭਾ ਵੱਖਰੇ ਤੌਰ ਤੇ ਕੰਮ ਕਾਰਨ ਲੱਗ ਪਈ।  ਨੌਜਵਾਨ ਸਭਾ ਵੀ ਦੋਫਾੜ ਹੋ ਗਈ ਅਤੇ ਵਿਦਿਆਰਥੀਆਂ ਦੀ ਵੀ ਵੱਖਰੀ ਫੈਡਰੇਸ਼ਨ ਬਣ ਗਈ। ਮਜ਼ਦੂਰਾਂ ਦੇ ਫਰੰਟ ਵੀ ਵੱਖਰੇ ਬਣ ਗਏ। ਦੁਨੀਆ ਭਰ ਕੇ ਮਜ਼ਦੂਰੋ ਇਕ ਹੋ ਜੋ ਵਾਲਾ ਨਾਅਰਾ ਹਵਾ ਵਿੱਚ ਬਿਖਰਦਾ ਨਜ਼ਰ ਆਉਣ ਲੱਗਿਆ। ਸਰਬੱਤ ਦਾ ਭਲਾ ਮੰਗਣ ਵਾਲੀ ਸੋਚ ਨੂੰ ਗਲੇ ਲਾਉਣ ਵਾਲੇ ਤੇਰੀ ਮੇਰੀ ਪਾਰਟੀ ਦੇ ਨਾਮ ਹੇਠ ਇੱਕ ਦੂਜੇ ਦੇ ਆਹਮੋ ਸਾਹਮਣੇ ਖੜੋਣ ਲੱਗੇ। ਅਸੀਂ ਲੋਕ ਨਜ਼ਰਾਂ ਲੱਗਣ ਦੀ ਗੱਲ ਨੂੰ ਨਹੀਂ ਮੰਨਦੇ ਪਰ ਸ਼ਾਇਦ ਕਿਸੇ ਦੋਖੀ ਦੀ ਨਜ਼ਰ ਲੱਗ ਗਈ ਸੀ।  

ਇਸੇ ਦੌਰਾਨ ਜਦੋਂ ਕੁਝ ਕੁ ਅਰਸੇ ਮਗਰੋਂ ਪੰਜਾਬ ਦੇ ਹਾਲਾਤ ਖਰਾਬ ਹੋਏ ਤਾਂ ਗੋਲੀਆਂ ਚੱਲਣੀਆਂ ਅਤੇ ਬੰਬ ਧਮਾਕੇ ਆਮ ਹੋ ਗਏ। ਇਹਨਾਂ ਸਾਰੇ ਹਾਲਾਤਾਂ ਵਿੱਚ ਘਰਾਂ ਨੂੰ ਸੰਭਾਲਣਾ ਅਤੇ ਅੰਡਰਗਰਾਊਂਡ ਵਰਗੀਆਂ ਹਾਲਤਾਂ ਵਿੱਚ ਵਿਚਰਦੇ ਕਾਮਰੇਡਾਂ ਦੀਆਂ ਪਾਰਟੀ ਸਰਗਰਮੀਆਂ ਨੰ ਸਫਲ ਬਣਾਉਣ ਦਾ ਸਾਰਾ ਕੰਮ ਇਸਤਰੀ ਸਭਾ ਦੀਆਂ ਬਹਾਦਰ ਮੈਂਬਰਾਂ ਨੇ ਹੀ ਕੀਤਾ। ਜਦੋਂ ਪਤਾ ਹੋਵੇ ਬਾਹਰ ਗੋਲੀਆਂ ਚੱਲਦੀਆਂ ਹਨ। ਬੰਬ ਧਮਕੀ ਹੁੰਦੇ ਹਨ। ਘਾਤ ਲਾ ਕੇ ਹਮਲੇ ਹੁੰਦੇ ਹਨ ਉਦੋਂ ਵੀ ਖੁਦ ਬਾਹਰ ਨਿਕਲਣਾ ਜਾਂ ਆਪਣੇ ਸਾਥੀਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਘਰੋਂ ਬਾਹਰ ਭੇਜਣਾ ਮੈਦਾਨੇ ਜੰਗ ਵਿਚ ਭੇਜਣ ਵਰਗਾ ਹੀ ਹੁੰਦਾ ਸੀ। ਅੱਜ ਵੀ ਇਸਦਾ ਅਹਿਸਾਸ ਨਰਿੰਦਰ ਸੋਹਲ ਵਰਗੀਆਂ ਹੀ ਕਰ ਸਕਦੀਆਂ ਹਨ। 

ਨਰਿੰਦਰ ਸੋਹਲ ਨੇ ਅੱਤਵਾਦੀਆਂ ਦੀਆਂ ਗੋਲੀਆਂ ਦਾ ਮੁਕਾਬਲਾ ਵੀ ਕੀਤਾ। ਉਸਦੇ ਪਿਤਾ ਨੇ ਸ਼ਹਾਦਤ ਵੀ ਦਿੱਤੀ।ਵਰ੍ਹਦੀਆਂ ਗੋਲੀਆਂ ਅਤੇ ਹਮਲਾਵਰਾਂ ਦੇ ਲਲਕਾਰਿਆਂ ਦਾ ਇਉ ਖੌਫਨਾਕ ਦ੍ਰਿਸ਼ ਉਸਨੂੰ ਅੱਜ ਵੀ ਯਾਦ ਹੈ। ਅਜਿਹੀਆਂ ਘਟਨਾਵਾਂ ਬਹੁਤ ਸਾਰੀਆਂ ਥਾਂਵਾਂ ਤੇ ਹੋਈਆਂ। ਦੁਸ਼ਮਣ ਕਿਸ ਕਦਮ ਤੇ ਲੁਕਿਆ ਸੀ, ਕਿਸ ਮੋੜ ਤੇ ਖੜੋਤਾ ਸੀ ਇਸਦਾ ਪਤਾ ਆਸਾਨੀ ਨਾਲ ਲੱਗਦਾ ਹੀ ਨਹੀਂ ਸੀ। 

ਇੱਕ ਅਜਿਹੀ ਲੜਾਈ ਗੱਲ ਪੈ ਗਈ ਸੀ ਜਿਸਦੇ ਬਾਰਡਰ ਵਾਲੀ ਲਾਈਨ ਦੀ ਸ਼ਨਾਖਤ ਵੀ ਮੁਸ਼ਕਲ ਸੀ। ਇਹਨਾਂ ਹਾਲਾਤਾਂ ਨੇ ਇਸਤਰੀ ਸਭਾ ਦੇ ਅਧਾਰ ਨੂੰ ਵੀ ਖੋਰਾ ਲਾਇਆ ਕਿਓਂਕਿ ਫੀਲਡ ਦੀਆਂ ਸਰਗਰਮੀਆਂ ਬਹੁਤ ਹੀ ਘਟ ਗਈਆਂ ਸਨ। ਉਹ ਖੁਰਿਆ ਹੋਇਆ ਅਧਾਰ ਅਮਨ ਸ਼ਾਂਤੀ ਕਾਇਮ ਹੋਣ ਮਗਰੋਂ ਵੀ ਸੰਭਾਲਿਆ ਨਾ ਜਾ ਸਕਿਆ। 

ਫਿਰ ਵੀ ਬੜੀ ਤਸੱਲੀ ਵਾਲੀ ਗੱਲ ਹੈ ਕਿ ਰਾਜਿੰਦਰਪਾਲ ਕੌਰ ਵਰਗੀ ਆਮ ਜਨ ਸਾਧਾਰਨ ਨਾਲ ਜੁੜੀ ਹੋਈ ਬਹੁਤ ਹੀ ਸੂਝਵਾਨ ਲੀਡਰ ਅੱਜ ਵੀ ਇਸਤਰੀ ਸਭਾ ਦੇ ਕੋਲ ਹੈ। ਲੁਧਿਆਣਾ ਦੀ ਮੀਟਿੰਗ ਵਿੱਚ ਉਹਨਾਂ ਦੀ ਮੌਜੂਦਗੀ ਸਭਨਾਂ ਲਈ ਬੜੀ ਖੁਸ਼ੀ ਅਤੇ ਮਾਣ ਦੀ ਗੱਲ ਰਹੀ। 

ਇੱਕ ਲੰਮੇ ਅਰਸੇ ਮਗਰੋਂ ਪੰਜਾਬ ਇਸਤਰੀ ਸਭਾ ਨੇ ਲੁਧਿਆਣਾ ਵਿੱਚ ਅਹਿਦ ਲਿਆ ਹੈ ਕਿ ਜਲਦੀ ਹੀ ਨਾ ਸਿਰਫ ਪੰਜਾਬ ਇਸਤਰੀ ਸਭਾ ਦੀ ਉਹ ਪੁਰਾਣੀ ਸ਼ਾਨ ਬਹਾਲ ਕੀਤੀ ਜਾਏਗੀ ਬਲਕਿ ਨਵੇਂ ਇਤਿਹਾਸ ਵੀ ਰਚੇ ਜਾਣਗੇ। ਨਵੀਂ ਚੁਣੀ ਗਈ ਟੀਮ ਸਾਹਮਣੇ ਕਈ ਚੁਣੌਤੀਆਂ ਹਨ ਜਿਹਨਾਂ ਦਾ ਸਾਹਮਣਾ ਕੀਤੇ ਬਿਨਾ ਗੁਜ਼ਾਰਾ ਨਹੀਂ ਹੋਣਾ। ਇਸਤਰੀਆਂ ਨਾਲ ਘਰੇਲੂ ਹਿੰਸਾਂ, ਦਫ਼ਤਰੀ ਸ਼ੋਸ਼ਣ ਅਤੇ ਕੰਮਾਂ ਕਾਰਣ ਲਈ ਆਉਂਦਿਆਂ ਜਾਂਦਿਆਂ ਰਸਤਿਆਂ ਵਿੱਚ ਅਸੁਰੱਖਿਅਤ ਮਾਹੌਲ ਵਰਗੇ ਕਈ ਮੁੱਦੇ ਹਨ ਜਿਹਨਾਂ 'ਤੇ ਕੰਮ ਕੀਤਾ ਜਾਣਾ ਜ਼ਰੂਰੀ ਵੀ ਹੈ। 

ਲੁਧਿਆਣਾ ਵਾਲੀ ਜ਼ਿਲ੍ਹਾ ਕਾਨਫਰੰਸ ਵਿੱਚ ਇਹਨਾਂ ਸਾਰੇ ਨੁਕਤਿਆਂ 'ਤੇ ਵਿਚਾਰਾਂ ਹੋਈਆਂ। ਪੰਜਾਬ ਇਸਤਰੀ ਸਭਾ ਲੁਧਿਆਣਾ ਦੀ ਜ਼ਿਲ੍ਹਾ ਕਾਨਫਰੰਸ ਅੱਜ ਇਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਡਾ: ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਕੀਤੀ ਗਈ। 

ਕਾਨਫਰੰਸ ਦੇ ਸ਼ੁਰੂ ਵਿਚ ਸਮਾਜ ਸੇਵਕਾ ਇਲਾ ਭੱਟ ਅਤੇ ਹੋਰ ਵਿਛੜੀਆਂ ਸ਼ਖ਼ਸੀਅਤਾਂ ਪ੍ਰਤੀ ਸਨਮਾਨ ਵਜੋਂ ਮੌਨ ਰੱਖਿਆ ਗਿਆ। ਕਾਨਫ਼੍ਰੰਸ ਲਈ ਉਦਘਾਟਨੀ ਭਾਸ਼ਣ ਦਿੰਦੇ ਹੋਏ ਪੰਜਾਬ ਇਸਤਰੀ ਸਭਾ ਦੇ ਸੂਬਾਈ ਜਨਰਲ ਸਕੱਤਰ ਬੀਬੀ ਰਜਿੰਦਰਪਾਲ ਕੌਰ ਨੇ ਕਿਹਾ ਕਿ ਅੱਜ ਸਮਾਜ ਵਿਚ ਜਿਸ ਢੰਗ ਦੇ ਨਾਲ ਬੇਰੁਜ਼ਗਾਰੀ ਅਤੇ ਮਹਿੰਗਾਈ ਵਧ ਰਹੀ ਹੈ ਅਤੇ  ਨਾਬਰਾਬਰੀ ਪੈਦਾ ਹੋ ਗਈ ਹੈ ਅਤੇ ਨਾਲ ਹੀ ਹਿੰਸਾ ਵਧ ਰਹੀ ਹੈ ਇਸ ਦਾ ਸਭ ਤੋਂ ਮਾੜਾ ਪ੍ਰਭਾਵ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਤੇ ਪੈਂਦਾ ਹੈ। ਹਰ ਦਿਨ ਔਰਤਾਂ ਉਪਰ ਅੱਤਿਆਚਾਰ ਦੀਆਂ ਖਬਰਾਂ ਆ ਰਹੀਆਂ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਇੰਨ੍ਹਾਂ  ਕੁਝ ਹੋਣ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਦੇ ਕੰਨਾਂ ਤੇ ਜੂੰ ਤਕ ਨਹੀਂ ਸਰਕਦੀ। 

ਅੱਜ ਵੀ ਦੇਸ਼ ਦੇ ਅਨੇਕਾਂ ਹਿੱਸਿਆਂ ਵਿੱਚ ਬਾਲੜੀਆਂ ਦੇ ਵਿਆਹ ਵੱਡੀ ਉਮਰ ਦੇ ਬੰਦਿਆਂ ਦੇ ਨਾਲ ਕੀਤੇ ਜਾ ਰਹੇ ਹਨ ਅਤੇ ਬਾਲੜੀਆਂ ਨਾਲ ਜ਼ਿਆਦਤੀਆਂ ਹੋ ਰਹੀਆਂ ਹਨ ਪਰ ਪ੍ਰਸ਼ਾਸਨ ਮੂਕ-ਦਰਸ਼ਕ ਬਣਿਆ  ਹੋਇਆ  ਹੈ। ਇਸ ਕਿਸਮ ਦਾ ਕਾਰਾ ਕਰਨ ਵਾਲੇ ਲੋਕਾਂ ਨੂੰ ਰਾਜਨੀਤਿਕ ਸੁਰੱਖਿਆ ਮਿਲਦੀ ਰਹਿੰਦੀ ਹੈ। ਕੰਮ ਵਾਲੀਆਂ  ਥਾਵਾਂ ਤੇ ਵੀ ਸੁਰੱਖਿਆ ਦੀ ਘਾਟ ਹੈ। 

ਬਰਾਬਰ ਕੰਮ ਬਰਾਬਰ ਵੇਤਨ ਹੁਣ ਤੱਕ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ। ਕੇਂਦਰ ਵਿੱਚ ਸੱਤਾ ਤੇ ਕਾਬਜ਼ ਮੋਦੀ ਸਰਕਾਰ ਵੱਲੋਂ ਲੋਕਾਂ ਦਾ ਧਿਆਨ ਵਧ ਰਹੀ ਮਹਿੰਗਾਈ ਅਤੇ ਬੇਰੋਜ਼ਗਾਰੀ ਵੱਲੋਂ ਹਟਾਉਣ ਲਈ ਲੋਕਾਂ ਨੂੰ  ਫਿਰਕੂ ਲੀਹਾਂ ਤੇ ਵੰਡਿਆ ਜਾ ਰਿਹਾ ਹੈ। ਸਿੱਖਿਆ ਅਤੇ ਸਿਹਤ ਸੇਵਾਵਾਂ ਤੋਂ ਸਰਕਾਰ ਨੇ ਹੱਥ ਪਿੱਛੇ ਖਿੱਚ ਲਏ ਹਨ ਜਿਸ ਕਰਕੇ ਇਹ  ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। 

ਇਹਨਾਂ ਸਭ ਖੇਤਰਾਂ ਵਿੱਚ ਪੰਜਾਬ ਇਸਤਰੀ ਸਭਾ ਨੂੰ ਅਨੇਕਾਂ ਸੰਘਰਸ਼ ਵਿੱਢਣੇ ਪੈਣਗੇ ਅਤੇ ਇਸ ਲਈ ਜਥੇਬੰਦੀ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਪੰਜਾਬ ਇਸਤਰੀ ਸਭਾ ਜ਼ਿਲ੍ਹਾ ਲੁਧਿਆਣਾ ਦੀ ਪ੍ਰਧਾਨ ਡਾ: ਗੁਰਚਰਨ ਕੌਰ ਕੋਚਰ ਨੇ ਪ੍ਰੋਗਰਾਮ ਦੇ ਸ਼ੁਰੂ ਵਿਚ ਆਏ ਹੋਏ ਸਾਰੇ ਡੈਲੀਗੇਟਾਂ ਅਤੇ ਸੂਬਾਈ ਸਕੱਤਰ ਦਾ ਸੁਆਗਤ ਕੀਤਾ ਅਤੇ ਨਾਲ ਹੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਅੱਜ ਔਰਤ ਕਿਸੇ  ਤਰ੍ਹਾਂ ਵੀ ਮਰਦਾਂ ਨਾਲੋਂ ਪਿੱਛੇ ਨਹੀਂ ਹੈ ਅਤੇ ਹਰ ਖੇਤਰ ਵਿੱਚ ਅੱਗੇ ਵਧਣਾ ਚਾਹੁੰਦੀ ਹੈ। 

ਸੰਸਥਾ ਦੀ ਜਨਰਲ ਸਕੱਤਰ ਜੀਤ ਕੁਮਾਰੀ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੇ ਲਿਖਤੀ ਸੁਨੇਹਾ ਭੇਜਿਆ ਜੋ ਕਿ ਉੱਥੇ ਪੜ੍ਹ ਕੇ ਸੁਣਾਇਆ ਗਿਆ ਅਤੇ ਕਾਨਫ਼੍ਰੰਸ ਨੇ ਉਹਨਾਂ ਦੀਆਂ 5 ਦਹਾਕਿਆਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਤੇ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਵੀ ਕੀਤੀ। 

ਇਸ ਮੌਕੇ ਮੀਤ ਪਰਧਾਨ ਕੁਸੁਮ ਲਤਾ ਨੇ ਪਿੱਛਲੇ ਕੰਮਾਂ ਦੀ ਕਾਰਗੁਜਾਰੀ ਦੀ ਰਿਪੋਰਟ ਪੇਸ਼ ਕੀਤੀ। ਮੀਤ ਸਕੱਤਰ ਅਵਤਾਰ ਕੌਰ ਐਡਵੋਕੇਟ ਨੇ ਰਿਪੋਰਟ ਤੇ ਬੋਲਦਿਆਂ ਸੱਭ ਡੈਲੀਗੇਟਾਂ ਨੂੰ ਮਜ਼ਬੂਤੀ ਨਾਲ ਇਕੱਠੇ ਹੋ ਕੇ ਆਪਣੀ ਸੰਸਥਾ ਹੋਰ ਮਜ਼ਬੂਤ ਬਣਾਉਣ ਦੀ ਲੋੜ ਤੇ ਜੋਰ ਦਿੱਤਾ। 

ਰਿਪੋਰਟ ਪੇਸ਼ ਕਰਨ ਉਪਰੰਤ ਸ਼ਾਮਿਲ ਡੈਲੀਗੇਟਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਜਿੰਨ੍ਹਾਂ ਵਿੱਚ ਪ੍ਰਮੁੱਖ ਸਨ ਅਨੂ ਬਾਲਾ, ਭਗਵੰਤ ਕੌਰ, ਰਾਜਵਿੰਦਰ ਕੌਰ ਆਦਿ। ਕੁਝ ਵਾਧਿਆਂ ਦੇ ਨਾਲ ਰਿਪੋਰਟ ਸਰਬਸੰਮਤੀ ਨਾਲ ਪਾਸ ਕੀਤੀ। 

ਉਪ੍ਰੰਤ 31 ਮੈਂਬਰੀ ਜ਼ਿਲਾ ਕੌਂਸਲ ਦਾ ਗਠਨ ਕੀਤਾ ਗਿਆ ਜਿਸਨੇ ਤੁਰੰਤ ਬਾਅਦ ਮੀਟਿੰਗ ਕਰਕੇ ਡਾ: ਗੁਰਚਰਨ ਕੌਰ ਕੋਚਰ ਨੂੰ ਫਿਰ ਤੋਂ ਪਰਧਾਨ ਅਤੇ ਬੀਬੀ ਅਮਰਜੀਤ ਕੌਰ ਗੋਰੀਆ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸਦੇ ਨਾਲ ਹੀ ਅਵਤਾਰ ਕੌਰ ਐਡਵੋਕੇਟ, ਬਰਜਿੰਦਰ ਕੌਰ ਅਤੇ ਕੁਸਮ ਲਤਾ ਨੂੰ ਮੀਤ ਪ੍ਰਧਾਨ, ਕੁਲਵੰਤ ਕੌਰ, ਰਾਜਵਿੰਦਰ ਕੌਰ ਨੂੰ ਸਕੱਤਰ, ਵੀਨਾ ਸਚਦੇਵਾ ਨੂੰ ਵਿੱਤ ਸਕੱਤਰ ਅਤੇ ਅਨੂ ਬਾਲਾ ਨੂੰ ਜੱਥੇਬੰਦਕ ਸਕੱਤਰ ਚੁਣਿਆ ਗਿਆ। 

ਬੀਬੀ  ਜੀਤ ਕੁਮਾਰੀ ਅਤੇ ਡਾ ਮਹਿੰਦਰ ਕੌਰ ਗਰੇਵਾਲ ਨੂੰ ਸੰਸਥਾ ਦਾ ਸਰਪ੍ਰਸਤ ਬਣਾਇਆ ਗਿਆ।

ਇਸ ਮੌਕੇ ਤੇ ਸੁਤੰਰਤਾ ਸੇਨਾਨੀ ਪਰਿਵਾਰ ਵਿਚੋਂ  ਬਜ਼ੁਰਗ ਇਸਤਰੀ ਆਗੂ ਬੀਬੀ ਹਰਦੀਪ ਕੌਰ ਨੂੰ ਉਹਨਾਂ ਦੀਆਂ ਸੇਵਾਵਾਂ ਕਰਕੇ ਸਨਮਾਨਤ ਕੀਤਾ ਗਿਆ। ਨਵੀਂ ਚੁਣੀਂ ਜਰਨਲ ਸਕੱਤਰ ਅਮਰਜੀਤ ਕੌਰ ਗੋਰੀਆ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਮੁੱਖਤਾ ਇਸਤਰੀਆਂ ਨੂੰ ਲਾਮਬੰਦ ਕਰਨ ਲਈ ਸਭ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤ ਕਰਨਾ ਹੋਵੇਗਾ। ਇਸ ਮੌਕੇ ਤੇ ਕਾਮਰੇਡ ਡੀ ਪੀ ਮੌੜ, ਡਾਕਟਰ ਅਰੁਣ ਮਿੱੱਤਰਾ ਅਤੇ ਕਾਮਰੇਡ ਐਮ ਐਸ ਭਾਟੀਆ ਨੇ ਵੀ ਸੰਬੋਧਨ ਕੀਤਾ ਤੇ ਭਰਾਤਰੀ ਸੁਨੇਹਾ ਦਿੱਤਾ।

ਸਰਪ੍ਰਸਤ:       :ਬੀਬੀ  ਜੀਤ ਕੁਮਾਰੀ,  

                         :ਡਾ ਮਹਿੰਦਰ ਕੌਰ ਗਰੇਵਾਲ 

ਪਰਧਾਨ:          :  ਡਾ ਗੁਰਚਰਨ ਕੌਰ ਕੋਚਰ 

ਮੀਤ ਪ੍ਰਧਾਨ:      : ਅਵਤਾਰ ਕੌਰ ਐਡਵੋਕੇਟ,

                          :  ਬਰਜਿੰਦਰ ਕੌਰ 

                          :  ਕੁਸਮ ਲਤਾ 

                          :  ਸਰਬਜੀਤ ਕੌਰ ਗਿੱਲ  

ਜਨਰਲ ਸਕੱਤਰ :  ਅਮਰਜੀਤ ਕੌਰ ਗੋਰੀਆ

ਸਕੱਤਰ             :  ਕੁਲਵੰਤ ਕੌਰ, 

                           : ਰਾਜਵਿੰਦਰ ਕੌਰ

ਵਿੱਤ ਸਕੱਤਰ        : ਵੀਨਾ ਸਚਦੇਵਾ 

ਜੱਥੇਬੰਦਕ ਸਕੱਤਰ : ਅਨੂ ਬਾਲਾ

ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਨਵੀਂ ਟੀਮ ਛੇਤੀ ਹੀ ਨਵੇਂ ਕ੍ਰਿਸ਼ਮੇ ਦਿਖਾਏਗੀ ਅਤੇ ਨਵੇਂ ਸੰਘਰਸ਼ਾਂ ਵਿੱਚ ਨਵੀਆਂ ਜਿੱਤਾਂ ਦੀਆਂ ਕਹਾਣੀਆਂ ਆਪਣੇ ਨਾਮ ਕਰੇਗੀ।

ਚੱਲਦੇ ਚੱਲਦੇ:

ਅੱਜ ਇੱਕ ਹੋਰ ਨਾਅਰੇ ਦੀ ਵੀ ਲੋੜ ਹੈ ਜਿਸ ਵਿਚ ਸੰਸਾਰ ਭਰ ਦੀਆਂ ਇਸਤਰੀਆਂ ਨੂੰ ਸੱਦਾ ਦਿੱਤਾ ਜਾਏ ਕਿ ਦੁਨੀਆ ਭਰ ਕੀ ਇਸਤਰੀਓ ਏਕ ਹੋ ਜਾਓ!

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Saturday, November 5, 2022

ਪੰਜਾਬ ਸੀਪੀਆਈ ਵੱਲੋਂ ਅਮਨ ਸ਼ਾਂਤੀ ਦੀ ਰਾਖੀ ਦਾ ਸੱਦਾ

Saturday 5th November 2022 at 3:48 PM

ਕਿਹਾ-ਹਜ਼ਾਰਾਂ ਸਿਰ ਦੇ ਕੇ ਕਾਇਮ ਕੀਤੇ ਅਮਨ -ਭਾਈਚਾਰੇ ਅਤੇ ਏਕੇ ਦੀ ਰਾਖੀ ਲਈ ਸਾਵਧਾਨ ਰਹੋ 

ਚੰਡੀਗੜ੍ਹ : 5 ਨਵੰਬਰ 2022: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::

ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸ੍ਰੀ ਸੁਧੀਰ ਸੂਰੀ ਦੇ ਦਿਨ ਦਿਹਾੜੇ ਕਤਲ ਉਪਰੰਤ ਪੰਜਾਬ ਵਿਚ  ਫੈਲਾਏ ਜਾ ਰਹੇ ਫਿਰਕੂ ਤਣਾਅ ’ਤੇ ਪੰਜਾਬ ਸੀਪੀਆਈ ਨੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਸਮੁਚੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ। ਸੀਪੀਆਈ ਨੇ ਆਖਿਆ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਸ਼ਾਂਤੀ, ਆਪਸੀ ਭਾਈਚਾਰੇ ਤੇ ਏਕਤਾ ਵਿਚ ਫਿਰਕੂ ਜ਼ਹਿਰ ਘੋਲਣ ਅਤੇ ਹਿੰਸਾ ਫੈਲਾਉਣ ਦੀਆਂ ਦੇਸੀ ਅਤੇ ਵਿਦੇਸ਼ੀ ਏਜੰਸੀਆਂ ਵਲੋੱ ਖਤਰਨਾਕ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਵਿਖੇ ਹੋਇਆ ਕਤਲ ਵੀ ਇਹਨਾਂ ਕਾਰਵਾਈਆਂ ਦਾ ਹੀ ਹਿੱਸਾ ਹੈ। 

ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿਚਲੇ ਦੋ ਪ੍ਰਮੁੱਖ ਧਰਮਾਂ ਤੇ ਆਪੇ ਬਣੇ ਅਖਾਉਤੀ ਧਰਮ ਰਕਸ਼ਕਾਂ ਨੇ ਖੁੱਲ੍ਹਕੇ ਫਿਰਕੂ ਤਕਰੀਰਾਂ ਰਾਹੀਂ ਭੜਕਾਊ ਵਾਤਾਵਰਣ ਤਿਆਰ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਪ੍ਰਤੀ ਪੰਜਾਬ ਸਰਕਾਰ ਅਤੇ ਪ੍ਰਮੁੱਖ ਰਾਜਸੀ ਪਾਰਟੀਆਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਆਦਿ ਨੇ ਆਪਣੇ ਸੌੜੇ ਰਾਜਸੀ ਹਿਤਾਂ ਲਈ ਇਹਨਾਂ ਸਰਗਰਮੀਆਂ ਵਿਰੁਧ ਕੋਈ ਵੀ ਕਦਮ ਨਹੀਂ ਚੁਕਿਆ। 

ਪੰਜਾਬ ਸਰਕਾਰ ਦੀ ਗੈਰ ਜ਼ਿੰਮੇਵਾਰੀ ਤੇ ਹਮਲਾ ਕਰਦਿਆਂ ਹੋਇਆਂ ਸੀਪੀਆਈ ਆਗੂਆਂ ਸਰਵਸਾਥੀ ਬੰਤ ਸਿੰਘ ਬਰਾੜ, ਹਰਦੇਵ ਸਿੰਘ ਅਰਸ਼ੀ, ਜਗਰੂਪ ਸਿੰਘ ਅਤੇ ਨਿਰਮਲ ਸਿੰਘ ਧਾਲੀਵਾਲ ਨੇ ਇਕ ਸਾਂਝੇ ਬਿਆਨ ਵਿਚ ਆਖਿਆ ਹੈ ਕਿ ਪੰਜਾਬ ਸਰਕਾਰ ਅਮਨ^ਕਾਨੂੰਨ ਦੀ ਬਹਾਲੀ ਲਈ ਮਾਫੀਆ ਗਰੁੱਪਾਂ, ਫਿਰਕੂ ਤੇ ਵੰਡਪਾਊ ਤੱਤਾਂ ਤੇ ਕਾਬੂ ਪਾਉਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਨਾ ਹੀ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਹਰ ਰੋਜ਼ ਹੁੰਦੀਆਂ ਹਿੰਸਾਤਮਕ ਕਾਰਵਾਈਆਂ ਰੋਕਣ ਵਿਚ ਸਫਲ ਹੋਈ ਹੈ। 

ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ  ਕਿ ਉਹ ਕੇਜਰੀਵਾਲ ਦੀਆਂ ਪੰਜਾਬ ਵਿਰੋਧੀ ਨੀਤੀਆਂ ਦਾ ਸਮਰਥਨ ਕਰਨ ਦੀ ਬਜਾਏ ਪੰਜਾਬ ਦੇ ਹਿਤਾਂ ਦੀ ਰਾਖੀ ਕਰਨ ਵੱਲ ਪੂਰਾ ਧਿਆਨ ਦੇਣ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਫੌਰੀ ਤੌਰ ਤੇ ਸਰਵ ਪਾਰਟੀ ਮੀਟਿੰਗ ਬੁਲਾ ਕੇ ਪ੍ਰਾਂਤ ਵਿਚ ਹਰ ਕੀਮਤ ਤੇ ਅਮਨ^ਸ਼ਾਂਤੀ, ਆਪਸੀ ਭਾਈਚਾਰਾ ਅਤੇ ਏਕਤਾ ਨੂੰ ਕਾਇਮ ਰਖਣ ਲਈ ਸਾਂਝੇ ਉਦਮ ਕਰਨ ਦੀ ਅਪੀਲ ਕੀਤੀ ਹੈ।                           

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।