Sunday: 6th November 2022 at 06:01 PM
ਨਵੀਂ ਚੋਣ ਵਿੱਚ ਪ੍ਰਧਾਨ ਡਾ. ਗੁਰਚਰਨ ਕੋਚਰ ਅਤੇ ਜਨਰਲ ਸਕੱਤਰ ਅਮਰਜੀਤ ਕੌਰ ਗੋਰੀਆ ਬਣੀ
ਤਸਵੀਰਾਂ ਖਿੱਚੀਆਂ ਕਾਮਰੇਡ ਐਮ ਐਸ ਭਾਟੀਆ ਅਤੇ ਉਹਨਾਂ ਦੇ ਸਹਿਯੋਗੀਆਂ ਨੇ
ਲੁਧਿਆਣਾ: 6 ਨਵੰਬਰ 2022 (ਰਿਪੋਰਟ ਐਮ ਐਸ ਭਾਟੀਆ//ਇਨਪੁਟ-ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::ਕੋਈ ਜ਼ਮਾਨਾ ਸੀ ਜਦੋਂ ਪੰਜਾਬ ਇਸਤਰੀ ਸਭਾ ਨੇ ਪੂਰੇ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਭਰ ਦੀ ਇਸਤਰੀ ਲਹਿਰ ਵਿੱਚ ਧੁੰਮਾਂ ਪਾਈਆਂ ਹੋਈਆਂ ਸਨ। ਕੌਮੀ ਅਤੇ ਕੌਮਾਂਤਰੀ ਸ਼ਖਸੀਅਤਾਂ ਇਸਦੀ ਪ੍ਰਸੰਸਾ ਕਰਦੀਆਂ ਸਨ। ਛੇਤੀ ਕੀਤਿਆਂ ਕਿਸੇ ਵੱਡੇ ਤੋਂ ਵੱਡੇ ਨਾਢੂ ਖਾਨ ਦੀ ਵੀ ਹਿੰਮਤ ਨਹੀਂ ਸੀ ਪੈਂਦੀ ਕਿ ਉਹ ਆਪਣੀ ਨੂੰਹ, ਧੀ ਜਾਂ ਕਿਸੇ ਹੋਰ ਇਸਤਰੀ ਨੂੰ ਨਜਾਇਜ਼ ਤੰਗ ਕਰ ਜਾਵੇ। ਦਾਜ-ਦਹੇਜ ਮੰਗਣ ਵਾਲੇ ਅਜਿਹੀ ਕੋਈ ਵੀ ਮੰਗ ਕਰਦਿਆਂ ਹਜ਼ਾਰ ਵਾਰ ਸੋਚਦੇ ਸਨ। ਜੇ ਫਿਰ ਵੀ ਕੋਈ ਅਜਿਹੀ ਹਿਮਾਕਤ ਕਰ ਹੀ ਬੈਠਦਾ ਸੀ ਤਾਂ ਪੰਜਾਬ ਇਸਤਰੀ ਸਭਾ ਉਸ ਦੀ ਪੂਰੀ ਖਬਰ ਲਿਆ ਕਰਦੀ ਸੀ। ਕਾਮਰੇਡ ਸ਼ੀਲਾ ਦੀਦੀ, ਕਾਮਰੇਡ ਵਿਮਲਾ ਡਾਂਗ ਅਤੇ ਕਈ ਹੋਰ ਬਹਾਦਰ ਇਸਤਰੀਆਂ ਇਨਸਾਫ ਦੁਆਉਣ ਲਈ ਚਲਾਈ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਂਦੀਆਂ ਸਨ। ਉਹਨਾਂ ਨੂੰ ਆਪਣੀਆਂ ਮੈਂਬਰ ਸਾਥਣਾਂ ਦੀ ਜੇਬ ਦੇ ਨਾਲ ਨਾਲ ਸਿਹਤ ਦੀ ਹਾਲਤ ਵੀ ਪਤਾ ਹੁੰਦੀ ਅਤੇ ਉਹਨਾਂ ਦੀ ਰਸੋਈ ਵਾਲੀ ਹਾਲਤ ਦਾ ਵੀ ਪੂਰਾ ਪਤਾ ਰਹਿੰਦਾ। ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਨਿਰਾਸ਼ ਨਹੀਂ ਸੀ ਹੋਣ ਦਿੱਤਾ ਜਾਂਦਾ। ਆਪਣੇ ਜੇਬ ਖਰਚ ਵਿੱਚੋਂ ਕੁਝ ਬਚਾ ਕੇ ਲੋੜਵੰਦ ਇਸਤਰੀਆਂ ਦੀ ਮਦਦ ਵੀ ਕੀਤੀ ਜਾਂਦੀ। ਕੋਈ ਵੀ ਇਸਤਰੀ ਲੀਡਰ ਕਦੇ ਵੀ ਕਿਸੇ ਵੀ ਸੰਘਰਸ਼ ਦੌਰਾਨ ਆਪਣੇ ਨਾਲ ਆਈਆਂ ਇਸਤਰੀਆਂ ਤੋਂ ਓਹਲਾ ਕਰ ਕੇ ਕਦੇ ਹਲਕਾ ਜਿਹਾ ਨਾਸ਼ਤਾ ਪਾਣੀ ਵੀ ਨਹੀਂ ਸੀ ਕਰਦੀ। ਜੋ ਵੀ ਪ੍ਰਬੰਧ ਹੁੰਦਾ ਰਲ ਮਿਲ ਕੇ ਨਾਸ਼ਤਾ ਹੁੰਦਾ। ਲੋੜ ਪੈਣ ਤੇ ਆਪੋ ਆਪਣੀ ਵਿੱਤ ਅਨੁਸਾਰ ਯੋਗਦਾਨ ਦਾ ਵੀ ਖੁਲ੍ਹ ਸੱਦਾ ਹੁੰਦਾ ਪਰ ਇਹ ਖੁਲ੍ਹਾ ਸੱਦਾ ਸ਼ਰਤ ਕਦੇ ਵੀ ਨਹੀਂ ਸੀ ਬਣਦਾ। ਕਿਸੇ ਨੂੰ ਵੀ ਉਸਦੀ ਖਾਲੀ ਜੇਬ ਜਾਂ ਘੱਟ ਪੈਸਿਆਂ ਦਾ ਅਹਿਸਾਸ ਨਹੀਂ ਸੀ ਹੋਣ ਦਿੱਤਾ ਜਾਂਦਾ। ਹੱਸਦਿਆਂ ਖੇਡਦਿਆਂ ਨੱਚਦਿਆਂ ਗਾਉਂਦਿਆਂ ਵੀ ਸੰਘਰਸ਼ਾਂ ਦੀ ਗੱਲ ਅੱਗੇ ਤੁਰਦੀ ਰਹਿੰਦੀ। ਇਸਤਰੀਆਂ ਨੇ ਆਪਣੇ ਇਸ ਅੰਦਾਜ਼ ਨਾਲ ਭਿਆਚਾਰਕ ਪਿੜ੍ਹ ਵਿੱਚ ਵੱਡਾ ਯੋਗਦਾਨ ਦਿੱਤਾ।
ਇਹਨਾਂ ਇਸਤਰੀਆਂ ਨੇ ਕਈ ਕਈ ਕਿਲੋਮੀਟਰ ਦੇ ਸਫ਼ਰ ਪੈਦਲ ਕਰਨੇ ਅਤੇ ਭੁੱਜੇ ਛੋਲੇ ਖਾ ਕੇ ਕਾਮਰੇਡੀ ਸਟਾਈਲ ਵਾਲੇ ਲੰਚ ਕਰ ਲੈਣੇ। ਇਹਨਾਂ ਨੇ ਇੱਕ ਇਤਿਹਾਸ ਰਚਿਆ ਸੀ। ਇਸ ਇਤਿਹਾਸ ਸਦਕਾ ਹੀ ਪੰਜਾਬ ਇਸਤਰੀ ਸਭਾ ਨੇ ਕਮਿਊਨਿਸਟ ਪਾਰਟੀ ਨੂੰ ਬਹੁਤ ਸਾਰੀਆਂ ਇਸਤਰੀ ਲੀਡਰ ਦਿੱਤੀਆਂ ਜਿਹਨਾਂ ਨੇ ਵੱਖ ਵੱਖ ਢੰਗ ਤਰੀਕਿਆਂ ਨਾਲ ਇਸਤਰੀਆਂ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਦਾ ਆਧਾਰ ਤਿਆਰ ਕੀਤਾ। ਇਹਨਾਂ ਇਸਤਰੀਆਂ ਨੇ ਹੀ ਟੱਬਰਾਂ ਦੇ ਟੱਬਰ ਇਸ ਖੱਬੀ ਲਹਿਰ ਨਾਲ ਜੋੜੇ ਸਨ। ਸੰਨ 1954 ਤੋਂ ਲੈ ਕੇ ਨੱਬਿਵਿਆਂ ਤੱਕ ਵੀ ਪੰਜਾਬ ਇਸਤਰੀ ਸਭਾ ਦਾ ਇਤਿਹਾਸ ਬਹੁਤ ਹੀ ਸ਼ਾਨਾਂਮੱਤਾ ਰਿਹਾ। ਘਰਾਂ ਦੇ ਅੰਦਰ ਵੀ ਅਤੇ ਘਰਾਂ ਤੋਂ ਬਾਹਰ ਵੀ ਇਹਨਾਂ ਬਹਾਦਰ ਇਸਤਰੀਆਂ ਨੇ ਪਾਰਟੀ ਦੀ ਬੇਹਤਰੀ ਲਈ ਉਹ ਕੰਮ ਕੀਤੇ ਜਿਹਨਾਂ ਨੇ ਲੋਕ ਸ਼ਕਤੀ ਨੂੰ ਮਜ਼ਬੂਤ ਬਣਾਉਣ ਵਿੱਚ ਉਸਾਰੂ ਭੂਮਿਕਾ ਨਿਭਾਈ। ਹਰ ਘਰ ਵਿਚਲੀ ਮਾਂ, ਭੈਣ, ਬੇਟੀ ਅਤੇ ਭਰਜਾਈ ਬਾਰੇ ਉਹਨਾਂ ਘਰਾਂ ਵਿਚ ਆਉਂਦੇ ਜਾਂਦੇ ਕਾਮਰੇਡਾਂ ਨੂੰ ਪਤਾ ਹੁੰਦਾ ਸੀ। ਸਿਰਫ ਪਤਾ ਹੀ ਨਹੀਂ ਸੀ ਹੁੰਦਾ ਬਲਕਿ ਇਹਨਾਂ ਪਾਵਨ ਪਵਿੱਤਰ ਰਿਸ਼ਤਿਆਂ ਦਾ ਅਹਿਸਾਸ ਵੀ ਹੁੰਦਾ ਸੀ। ਹਰ ਭੈਣ ਨੂੰ ਪਤਾ ਹੁੰਦਾ ਸੀ ਕਿ ਉਸਦੇ ਏਨੇ ਭਰਾ ਹਨ ਕਿ ਕੋਈ ਮੁਸੀਬਤਾਂ ਉਹਨਾਂ ਅੱਗੇ ਠਹਿਰ ਨਹੀਂ ਸਕਦੀ।
ਸਭ ਕੁਝ ਬੜਾ ਚੰਗਾ ਚੱਲ ਰਿਹਾ ਸੀ ਕਿ ਅਚਾਨਕ ਹੋਏ ਕੌਮੀ ਅਤੇ ਕੌਮਾਂਤਰੀ ਘਟਨਾਕ੍ਰਮ ਕਾਰਨ ਭਾਰਤੀ ਕਮਿਊਨਿਸਟ ਪਾਰਟੀ ਵੰਡੀ ਗਈ। ਕਰੀਬ ਤਿੰਨ ਕੁ ਦਰਜਨ ਆਗੂਆਂ ਨੇ ਮਾਂ ਪਾਰਟੀ ਸੀਪੀਆਈ ਨਾਲੋਂ ਵੱਖ ਹੋ ਕੇ ਸੀਪੀਆਈ (ਐਮ) ਬਣਾ ਲਈ। ਇਹ ਇੱਕ ਲੰਮੀ ਕਹਾਣੀ ਹੈ ਜਿਸਦੀ ਚਰਚਾ ਬਹੁਤ ਜਲਦੀ ਕਿਸੇ ਵੱਖਰੀ ਪੋਸਟ ਵਿਚ ਕੀਤੀ ਜਾਏਗੀ ਫਿਲਹਾਲ ਏਨਾ ਹੀ ਕਿ ਵੱਖਰੀ ਪਾਰਟੀ ਬਣਨ ਦਾ ਅਸਰ ਪਾਰਟੀ ਦੇ ਸਾਰੇ ਵਿੰਗਾਂ 'ਤੇ ਪਿਆ। ਹਰ ਬ੍ਰਾਂਚ ਤੇ ਵੀ ਪਿਆ। ਖੱਬੀ ਲਹਿਰ ਨਾਲ ਜੁੜੀਆਂ ਸਮੂਹ ਇਸਤਰੀਆਂ ਤੇ ਵੀ ਪਿਆ।
ਆਖਿਰ ਇਸਤਰੀ ਸਭਾ ਵੀ ਦੋਫਾੜ ਹੋ ਗਈ। ਜਨਵਾਦੀ ਇਸਤਰੀ ਸਭਾ ਵੱਖਰੇ ਤੌਰ ਤੇ ਕੰਮ ਕਾਰਨ ਲੱਗ ਪਈ। ਨੌਜਵਾਨ ਸਭਾ ਵੀ ਦੋਫਾੜ ਹੋ ਗਈ ਅਤੇ ਵਿਦਿਆਰਥੀਆਂ ਦੀ ਵੀ ਵੱਖਰੀ ਫੈਡਰੇਸ਼ਨ ਬਣ ਗਈ। ਮਜ਼ਦੂਰਾਂ ਦੇ ਫਰੰਟ ਵੀ ਵੱਖਰੇ ਬਣ ਗਏ। ਦੁਨੀਆ ਭਰ ਕੇ ਮਜ਼ਦੂਰੋ ਇਕ ਹੋ ਜੋ ਵਾਲਾ ਨਾਅਰਾ ਹਵਾ ਵਿੱਚ ਬਿਖਰਦਾ ਨਜ਼ਰ ਆਉਣ ਲੱਗਿਆ। ਸਰਬੱਤ ਦਾ ਭਲਾ ਮੰਗਣ ਵਾਲੀ ਸੋਚ ਨੂੰ ਗਲੇ ਲਾਉਣ ਵਾਲੇ ਤੇਰੀ ਮੇਰੀ ਪਾਰਟੀ ਦੇ ਨਾਮ ਹੇਠ ਇੱਕ ਦੂਜੇ ਦੇ ਆਹਮੋ ਸਾਹਮਣੇ ਖੜੋਣ ਲੱਗੇ। ਅਸੀਂ ਲੋਕ ਨਜ਼ਰਾਂ ਲੱਗਣ ਦੀ ਗੱਲ ਨੂੰ ਨਹੀਂ ਮੰਨਦੇ ਪਰ ਸ਼ਾਇਦ ਕਿਸੇ ਦੋਖੀ ਦੀ ਨਜ਼ਰ ਲੱਗ ਗਈ ਸੀ।
ਇਸੇ ਦੌਰਾਨ ਜਦੋਂ ਕੁਝ ਕੁ ਅਰਸੇ ਮਗਰੋਂ ਪੰਜਾਬ ਦੇ ਹਾਲਾਤ ਖਰਾਬ ਹੋਏ ਤਾਂ ਗੋਲੀਆਂ ਚੱਲਣੀਆਂ ਅਤੇ ਬੰਬ ਧਮਾਕੇ ਆਮ ਹੋ ਗਏ। ਇਹਨਾਂ ਸਾਰੇ ਹਾਲਾਤਾਂ ਵਿੱਚ ਘਰਾਂ ਨੂੰ ਸੰਭਾਲਣਾ ਅਤੇ ਅੰਡਰਗਰਾਊਂਡ ਵਰਗੀਆਂ ਹਾਲਤਾਂ ਵਿੱਚ ਵਿਚਰਦੇ ਕਾਮਰੇਡਾਂ ਦੀਆਂ ਪਾਰਟੀ ਸਰਗਰਮੀਆਂ ਨੰ ਸਫਲ ਬਣਾਉਣ ਦਾ ਸਾਰਾ ਕੰਮ ਇਸਤਰੀ ਸਭਾ ਦੀਆਂ ਬਹਾਦਰ ਮੈਂਬਰਾਂ ਨੇ ਹੀ ਕੀਤਾ। ਜਦੋਂ ਪਤਾ ਹੋਵੇ ਬਾਹਰ ਗੋਲੀਆਂ ਚੱਲਦੀਆਂ ਹਨ। ਬੰਬ ਧਮਕੀ ਹੁੰਦੇ ਹਨ। ਘਾਤ ਲਾ ਕੇ ਹਮਲੇ ਹੁੰਦੇ ਹਨ ਉਦੋਂ ਵੀ ਖੁਦ ਬਾਹਰ ਨਿਕਲਣਾ ਜਾਂ ਆਪਣੇ ਸਾਥੀਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਘਰੋਂ ਬਾਹਰ ਭੇਜਣਾ ਮੈਦਾਨੇ ਜੰਗ ਵਿਚ ਭੇਜਣ ਵਰਗਾ ਹੀ ਹੁੰਦਾ ਸੀ। ਅੱਜ ਵੀ ਇਸਦਾ ਅਹਿਸਾਸ ਨਰਿੰਦਰ ਸੋਹਲ ਵਰਗੀਆਂ ਹੀ ਕਰ ਸਕਦੀਆਂ ਹਨ।
ਨਰਿੰਦਰ ਸੋਹਲ ਨੇ ਅੱਤਵਾਦੀਆਂ ਦੀਆਂ ਗੋਲੀਆਂ ਦਾ ਮੁਕਾਬਲਾ ਵੀ ਕੀਤਾ। ਉਸਦੇ ਪਿਤਾ ਨੇ ਸ਼ਹਾਦਤ ਵੀ ਦਿੱਤੀ।ਵਰ੍ਹਦੀਆਂ ਗੋਲੀਆਂ ਅਤੇ ਹਮਲਾਵਰਾਂ ਦੇ ਲਲਕਾਰਿਆਂ ਦਾ ਇਉ ਖੌਫਨਾਕ ਦ੍ਰਿਸ਼ ਉਸਨੂੰ ਅੱਜ ਵੀ ਯਾਦ ਹੈ। ਅਜਿਹੀਆਂ ਘਟਨਾਵਾਂ ਬਹੁਤ ਸਾਰੀਆਂ ਥਾਂਵਾਂ ਤੇ ਹੋਈਆਂ। ਦੁਸ਼ਮਣ ਕਿਸ ਕਦਮ ਤੇ ਲੁਕਿਆ ਸੀ, ਕਿਸ ਮੋੜ ਤੇ ਖੜੋਤਾ ਸੀ ਇਸਦਾ ਪਤਾ ਆਸਾਨੀ ਨਾਲ ਲੱਗਦਾ ਹੀ ਨਹੀਂ ਸੀ।
ਇੱਕ ਅਜਿਹੀ ਲੜਾਈ ਗੱਲ ਪੈ ਗਈ ਸੀ ਜਿਸਦੇ ਬਾਰਡਰ ਵਾਲੀ ਲਾਈਨ ਦੀ ਸ਼ਨਾਖਤ ਵੀ ਮੁਸ਼ਕਲ ਸੀ। ਇਹਨਾਂ ਹਾਲਾਤਾਂ ਨੇ ਇਸਤਰੀ ਸਭਾ ਦੇ ਅਧਾਰ ਨੂੰ ਵੀ ਖੋਰਾ ਲਾਇਆ ਕਿਓਂਕਿ ਫੀਲਡ ਦੀਆਂ ਸਰਗਰਮੀਆਂ ਬਹੁਤ ਹੀ ਘਟ ਗਈਆਂ ਸਨ। ਉਹ ਖੁਰਿਆ ਹੋਇਆ ਅਧਾਰ ਅਮਨ ਸ਼ਾਂਤੀ ਕਾਇਮ ਹੋਣ ਮਗਰੋਂ ਵੀ ਸੰਭਾਲਿਆ ਨਾ ਜਾ ਸਕਿਆ।
ਫਿਰ ਵੀ ਬੜੀ ਤਸੱਲੀ ਵਾਲੀ ਗੱਲ ਹੈ ਕਿ ਰਾਜਿੰਦਰਪਾਲ ਕੌਰ ਵਰਗੀ ਆਮ ਜਨ ਸਾਧਾਰਨ ਨਾਲ ਜੁੜੀ ਹੋਈ ਬਹੁਤ ਹੀ ਸੂਝਵਾਨ ਲੀਡਰ ਅੱਜ ਵੀ ਇਸਤਰੀ ਸਭਾ ਦੇ ਕੋਲ ਹੈ। ਲੁਧਿਆਣਾ ਦੀ ਮੀਟਿੰਗ ਵਿੱਚ ਉਹਨਾਂ ਦੀ ਮੌਜੂਦਗੀ ਸਭਨਾਂ ਲਈ ਬੜੀ ਖੁਸ਼ੀ ਅਤੇ ਮਾਣ ਦੀ ਗੱਲ ਰਹੀ।
ਇੱਕ ਲੰਮੇ ਅਰਸੇ ਮਗਰੋਂ ਪੰਜਾਬ ਇਸਤਰੀ ਸਭਾ ਨੇ ਲੁਧਿਆਣਾ ਵਿੱਚ ਅਹਿਦ ਲਿਆ ਹੈ ਕਿ ਜਲਦੀ ਹੀ ਨਾ ਸਿਰਫ ਪੰਜਾਬ ਇਸਤਰੀ ਸਭਾ ਦੀ ਉਹ ਪੁਰਾਣੀ ਸ਼ਾਨ ਬਹਾਲ ਕੀਤੀ ਜਾਏਗੀ ਬਲਕਿ ਨਵੇਂ ਇਤਿਹਾਸ ਵੀ ਰਚੇ ਜਾਣਗੇ। ਨਵੀਂ ਚੁਣੀ ਗਈ ਟੀਮ ਸਾਹਮਣੇ ਕਈ ਚੁਣੌਤੀਆਂ ਹਨ ਜਿਹਨਾਂ ਦਾ ਸਾਹਮਣਾ ਕੀਤੇ ਬਿਨਾ ਗੁਜ਼ਾਰਾ ਨਹੀਂ ਹੋਣਾ। ਇਸਤਰੀਆਂ ਨਾਲ ਘਰੇਲੂ ਹਿੰਸਾਂ, ਦਫ਼ਤਰੀ ਸ਼ੋਸ਼ਣ ਅਤੇ ਕੰਮਾਂ ਕਾਰਣ ਲਈ ਆਉਂਦਿਆਂ ਜਾਂਦਿਆਂ ਰਸਤਿਆਂ ਵਿੱਚ ਅਸੁਰੱਖਿਅਤ ਮਾਹੌਲ ਵਰਗੇ ਕਈ ਮੁੱਦੇ ਹਨ ਜਿਹਨਾਂ 'ਤੇ ਕੰਮ ਕੀਤਾ ਜਾਣਾ ਜ਼ਰੂਰੀ ਵੀ ਹੈ।
ਲੁਧਿਆਣਾ ਵਾਲੀ ਜ਼ਿਲ੍ਹਾ ਕਾਨਫਰੰਸ ਵਿੱਚ ਇਹਨਾਂ ਸਾਰੇ ਨੁਕਤਿਆਂ 'ਤੇ ਵਿਚਾਰਾਂ ਹੋਈਆਂ। ਪੰਜਾਬ ਇਸਤਰੀ ਸਭਾ ਲੁਧਿਆਣਾ ਦੀ ਜ਼ਿਲ੍ਹਾ ਕਾਨਫਰੰਸ ਅੱਜ ਇਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਡਾ: ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਕਾਨਫਰੰਸ ਦੇ ਸ਼ੁਰੂ ਵਿਚ ਸਮਾਜ ਸੇਵਕਾ ਇਲਾ ਭੱਟ ਅਤੇ ਹੋਰ ਵਿਛੜੀਆਂ ਸ਼ਖ਼ਸੀਅਤਾਂ ਪ੍ਰਤੀ ਸਨਮਾਨ ਵਜੋਂ ਮੌਨ ਰੱਖਿਆ ਗਿਆ। ਕਾਨਫ਼੍ਰੰਸ ਲਈ ਉਦਘਾਟਨੀ ਭਾਸ਼ਣ ਦਿੰਦੇ ਹੋਏ ਪੰਜਾਬ ਇਸਤਰੀ ਸਭਾ ਦੇ ਸੂਬਾਈ ਜਨਰਲ ਸਕੱਤਰ ਬੀਬੀ ਰਜਿੰਦਰਪਾਲ ਕੌਰ ਨੇ ਕਿਹਾ ਕਿ ਅੱਜ ਸਮਾਜ ਵਿਚ ਜਿਸ ਢੰਗ ਦੇ ਨਾਲ ਬੇਰੁਜ਼ਗਾਰੀ ਅਤੇ ਮਹਿੰਗਾਈ ਵਧ ਰਹੀ ਹੈ ਅਤੇ ਨਾਬਰਾਬਰੀ ਪੈਦਾ ਹੋ ਗਈ ਹੈ ਅਤੇ ਨਾਲ ਹੀ ਹਿੰਸਾ ਵਧ ਰਹੀ ਹੈ ਇਸ ਦਾ ਸਭ ਤੋਂ ਮਾੜਾ ਪ੍ਰਭਾਵ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਤੇ ਪੈਂਦਾ ਹੈ। ਹਰ ਦਿਨ ਔਰਤਾਂ ਉਪਰ ਅੱਤਿਆਚਾਰ ਦੀਆਂ ਖਬਰਾਂ ਆ ਰਹੀਆਂ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਇੰਨ੍ਹਾਂ ਕੁਝ ਹੋਣ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਦੇ ਕੰਨਾਂ ਤੇ ਜੂੰ ਤਕ ਨਹੀਂ ਸਰਕਦੀ।
ਅੱਜ ਵੀ ਦੇਸ਼ ਦੇ ਅਨੇਕਾਂ ਹਿੱਸਿਆਂ ਵਿੱਚ ਬਾਲੜੀਆਂ ਦੇ ਵਿਆਹ ਵੱਡੀ ਉਮਰ ਦੇ ਬੰਦਿਆਂ ਦੇ ਨਾਲ ਕੀਤੇ ਜਾ ਰਹੇ ਹਨ ਅਤੇ ਬਾਲੜੀਆਂ ਨਾਲ ਜ਼ਿਆਦਤੀਆਂ ਹੋ ਰਹੀਆਂ ਹਨ ਪਰ ਪ੍ਰਸ਼ਾਸਨ ਮੂਕ-ਦਰਸ਼ਕ ਬਣਿਆ ਹੋਇਆ ਹੈ। ਇਸ ਕਿਸਮ ਦਾ ਕਾਰਾ ਕਰਨ ਵਾਲੇ ਲੋਕਾਂ ਨੂੰ ਰਾਜਨੀਤਿਕ ਸੁਰੱਖਿਆ ਮਿਲਦੀ ਰਹਿੰਦੀ ਹੈ। ਕੰਮ ਵਾਲੀਆਂ ਥਾਵਾਂ ਤੇ ਵੀ ਸੁਰੱਖਿਆ ਦੀ ਘਾਟ ਹੈ।
ਬਰਾਬਰ ਕੰਮ ਬਰਾਬਰ ਵੇਤਨ ਹੁਣ ਤੱਕ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ। ਕੇਂਦਰ ਵਿੱਚ ਸੱਤਾ ਤੇ ਕਾਬਜ਼ ਮੋਦੀ ਸਰਕਾਰ ਵੱਲੋਂ ਲੋਕਾਂ ਦਾ ਧਿਆਨ ਵਧ ਰਹੀ ਮਹਿੰਗਾਈ ਅਤੇ ਬੇਰੋਜ਼ਗਾਰੀ ਵੱਲੋਂ ਹਟਾਉਣ ਲਈ ਲੋਕਾਂ ਨੂੰ ਫਿਰਕੂ ਲੀਹਾਂ ਤੇ ਵੰਡਿਆ ਜਾ ਰਿਹਾ ਹੈ। ਸਿੱਖਿਆ ਅਤੇ ਸਿਹਤ ਸੇਵਾਵਾਂ ਤੋਂ ਸਰਕਾਰ ਨੇ ਹੱਥ ਪਿੱਛੇ ਖਿੱਚ ਲਏ ਹਨ ਜਿਸ ਕਰਕੇ ਇਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ।
ਇਹਨਾਂ ਸਭ ਖੇਤਰਾਂ ਵਿੱਚ ਪੰਜਾਬ ਇਸਤਰੀ ਸਭਾ ਨੂੰ ਅਨੇਕਾਂ ਸੰਘਰਸ਼ ਵਿੱਢਣੇ ਪੈਣਗੇ ਅਤੇ ਇਸ ਲਈ ਜਥੇਬੰਦੀ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਪੰਜਾਬ ਇਸਤਰੀ ਸਭਾ ਜ਼ਿਲ੍ਹਾ ਲੁਧਿਆਣਾ ਦੀ ਪ੍ਰਧਾਨ ਡਾ: ਗੁਰਚਰਨ ਕੌਰ ਕੋਚਰ ਨੇ ਪ੍ਰੋਗਰਾਮ ਦੇ ਸ਼ੁਰੂ ਵਿਚ ਆਏ ਹੋਏ ਸਾਰੇ ਡੈਲੀਗੇਟਾਂ ਅਤੇ ਸੂਬਾਈ ਸਕੱਤਰ ਦਾ ਸੁਆਗਤ ਕੀਤਾ ਅਤੇ ਨਾਲ ਹੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਅੱਜ ਔਰਤ ਕਿਸੇ ਤਰ੍ਹਾਂ ਵੀ ਮਰਦਾਂ ਨਾਲੋਂ ਪਿੱਛੇ ਨਹੀਂ ਹੈ ਅਤੇ ਹਰ ਖੇਤਰ ਵਿੱਚ ਅੱਗੇ ਵਧਣਾ ਚਾਹੁੰਦੀ ਹੈ।
ਸੰਸਥਾ ਦੀ ਜਨਰਲ ਸਕੱਤਰ ਜੀਤ ਕੁਮਾਰੀ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੇ ਲਿਖਤੀ ਸੁਨੇਹਾ ਭੇਜਿਆ ਜੋ ਕਿ ਉੱਥੇ ਪੜ੍ਹ ਕੇ ਸੁਣਾਇਆ ਗਿਆ ਅਤੇ ਕਾਨਫ਼੍ਰੰਸ ਨੇ ਉਹਨਾਂ ਦੀਆਂ 5 ਦਹਾਕਿਆਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਤੇ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਵੀ ਕੀਤੀ।
ਇਸ ਮੌਕੇ ਮੀਤ ਪਰਧਾਨ ਕੁਸੁਮ ਲਤਾ ਨੇ ਪਿੱਛਲੇ ਕੰਮਾਂ ਦੀ ਕਾਰਗੁਜਾਰੀ ਦੀ ਰਿਪੋਰਟ ਪੇਸ਼ ਕੀਤੀ। ਮੀਤ ਸਕੱਤਰ ਅਵਤਾਰ ਕੌਰ ਐਡਵੋਕੇਟ ਨੇ ਰਿਪੋਰਟ ਤੇ ਬੋਲਦਿਆਂ ਸੱਭ ਡੈਲੀਗੇਟਾਂ ਨੂੰ ਮਜ਼ਬੂਤੀ ਨਾਲ ਇਕੱਠੇ ਹੋ ਕੇ ਆਪਣੀ ਸੰਸਥਾ ਹੋਰ ਮਜ਼ਬੂਤ ਬਣਾਉਣ ਦੀ ਲੋੜ ਤੇ ਜੋਰ ਦਿੱਤਾ।
ਰਿਪੋਰਟ ਪੇਸ਼ ਕਰਨ ਉਪਰੰਤ ਸ਼ਾਮਿਲ ਡੈਲੀਗੇਟਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਜਿੰਨ੍ਹਾਂ ਵਿੱਚ ਪ੍ਰਮੁੱਖ ਸਨ ਅਨੂ ਬਾਲਾ, ਭਗਵੰਤ ਕੌਰ, ਰਾਜਵਿੰਦਰ ਕੌਰ ਆਦਿ। ਕੁਝ ਵਾਧਿਆਂ ਦੇ ਨਾਲ ਰਿਪੋਰਟ ਸਰਬਸੰਮਤੀ ਨਾਲ ਪਾਸ ਕੀਤੀ।
ਉਪ੍ਰੰਤ 31 ਮੈਂਬਰੀ ਜ਼ਿਲਾ ਕੌਂਸਲ ਦਾ ਗਠਨ ਕੀਤਾ ਗਿਆ ਜਿਸਨੇ ਤੁਰੰਤ ਬਾਅਦ ਮੀਟਿੰਗ ਕਰਕੇ ਡਾ: ਗੁਰਚਰਨ ਕੌਰ ਕੋਚਰ ਨੂੰ ਫਿਰ ਤੋਂ ਪਰਧਾਨ ਅਤੇ ਬੀਬੀ ਅਮਰਜੀਤ ਕੌਰ ਗੋਰੀਆ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸਦੇ ਨਾਲ ਹੀ ਅਵਤਾਰ ਕੌਰ ਐਡਵੋਕੇਟ, ਬਰਜਿੰਦਰ ਕੌਰ ਅਤੇ ਕੁਸਮ ਲਤਾ ਨੂੰ ਮੀਤ ਪ੍ਰਧਾਨ, ਕੁਲਵੰਤ ਕੌਰ, ਰਾਜਵਿੰਦਰ ਕੌਰ ਨੂੰ ਸਕੱਤਰ, ਵੀਨਾ ਸਚਦੇਵਾ ਨੂੰ ਵਿੱਤ ਸਕੱਤਰ ਅਤੇ ਅਨੂ ਬਾਲਾ ਨੂੰ ਜੱਥੇਬੰਦਕ ਸਕੱਤਰ ਚੁਣਿਆ ਗਿਆ।
ਬੀਬੀ ਜੀਤ ਕੁਮਾਰੀ ਅਤੇ ਡਾ ਮਹਿੰਦਰ ਕੌਰ ਗਰੇਵਾਲ ਨੂੰ ਸੰਸਥਾ ਦਾ ਸਰਪ੍ਰਸਤ ਬਣਾਇਆ ਗਿਆ।
ਇਸ ਮੌਕੇ ਤੇ ਸੁਤੰਰਤਾ ਸੇਨਾਨੀ ਪਰਿਵਾਰ ਵਿਚੋਂ ਬਜ਼ੁਰਗ ਇਸਤਰੀ ਆਗੂ ਬੀਬੀ ਹਰਦੀਪ ਕੌਰ ਨੂੰ ਉਹਨਾਂ ਦੀਆਂ ਸੇਵਾਵਾਂ ਕਰਕੇ ਸਨਮਾਨਤ ਕੀਤਾ ਗਿਆ। ਨਵੀਂ ਚੁਣੀਂ ਜਰਨਲ ਸਕੱਤਰ ਅਮਰਜੀਤ ਕੌਰ ਗੋਰੀਆ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਮੁੱਖਤਾ ਇਸਤਰੀਆਂ ਨੂੰ ਲਾਮਬੰਦ ਕਰਨ ਲਈ ਸਭ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤ ਕਰਨਾ ਹੋਵੇਗਾ। ਇਸ ਮੌਕੇ ਤੇ ਕਾਮਰੇਡ ਡੀ ਪੀ ਮੌੜ, ਡਾਕਟਰ ਅਰੁਣ ਮਿੱੱਤਰਾ ਅਤੇ ਕਾਮਰੇਡ ਐਮ ਐਸ ਭਾਟੀਆ ਨੇ ਵੀ ਸੰਬੋਧਨ ਕੀਤਾ ਤੇ ਭਰਾਤਰੀ ਸੁਨੇਹਾ ਦਿੱਤਾ।
ਸਰਪ੍ਰਸਤ: :ਬੀਬੀ ਜੀਤ ਕੁਮਾਰੀ,
:ਡਾ ਮਹਿੰਦਰ ਕੌਰ ਗਰੇਵਾਲ
ਪਰਧਾਨ: : ਡਾ ਗੁਰਚਰਨ ਕੌਰ ਕੋਚਰ
ਮੀਤ ਪ੍ਰਧਾਨ: : ਅਵਤਾਰ ਕੌਰ ਐਡਵੋਕੇਟ,
: ਬਰਜਿੰਦਰ ਕੌਰ
: ਕੁਸਮ ਲਤਾ
: ਸਰਬਜੀਤ ਕੌਰ ਗਿੱਲ
ਜਨਰਲ ਸਕੱਤਰ : ਅਮਰਜੀਤ ਕੌਰ ਗੋਰੀਆ
ਸਕੱਤਰ : ਕੁਲਵੰਤ ਕੌਰ,
: ਰਾਜਵਿੰਦਰ ਕੌਰ
ਵਿੱਤ ਸਕੱਤਰ : ਵੀਨਾ ਸਚਦੇਵਾ
ਜੱਥੇਬੰਦਕ ਸਕੱਤਰ : ਅਨੂ ਬਾਲਾ
ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਨਵੀਂ ਟੀਮ ਛੇਤੀ ਹੀ ਨਵੇਂ ਕ੍ਰਿਸ਼ਮੇ ਦਿਖਾਏਗੀ ਅਤੇ ਨਵੇਂ ਸੰਘਰਸ਼ਾਂ ਵਿੱਚ ਨਵੀਆਂ ਜਿੱਤਾਂ ਦੀਆਂ ਕਹਾਣੀਆਂ ਆਪਣੇ ਨਾਮ ਕਰੇਗੀ।
ਚੱਲਦੇ ਚੱਲਦੇ:
ਅੱਜ ਇੱਕ ਹੋਰ ਨਾਅਰੇ ਦੀ ਵੀ ਲੋੜ ਹੈ ਜਿਸ ਵਿਚ ਸੰਸਾਰ ਭਰ ਦੀਆਂ ਇਸਤਰੀਆਂ ਨੂੰ ਸੱਦਾ ਦਿੱਤਾ ਜਾਏ ਕਿ ਦੁਨੀਆ ਭਰ ਕੀ ਇਸਤਰੀਓ ਏਕ ਹੋ ਜਾਓ!
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment