ਔਰਤਾਂ ਨਾਲ ਲਗਾਤਾਰ ਵੱਧ ਰਹੇ ਹਨ ਵਧੀਕੀਆਂ ਦੇ ਮਾਮਲੇ
ਇਹ ਰਿਹਾਈ ਕਦੇ ਵੀ ਪੂਰੇ ਸੱਭਿਅਕ ਸਮਾਜ ਲਈ ਕਿਸੇ ਕਲੰਕ ਤੋਂ ਘਟ ਨਹੀਂ ਸਮਝੀ ਜਾਣੀ। ਜ਼ਿਕਰਯੋਗ ਹੈ ਕਿ ਹਾਲਾਤਾਂ ਨੇ ਹੀ ਫੂਲਨ ਦੇਵੀ ਡਕੈਤ ਨੂੰ ਪੈਦਾ ਕੀਤਾ ਸੀ। ਜਬਰ ਜ਼ੁਲਮ ਦੇ ਹਾਲਾਤਾਂ ਨੇ ਹੀ ਉਸਦੇ ਚੂੜੀਆਂ ਵਾਲੇ ਹੱਥਾਂ ਵਿੱਚ ਬੰਦੂਕ ਫੜਾਈ ਸੀ। ਗੰਨ ਕਲਚਰ ਇਨਸਾਫ ਦੀ ਮੰਗ ਨੂੰ ਲੈ ਕੇ ਜੂਝ ਰਹੇ ਸਮੂਹ ਪੀੜਿਤਾਂ ਲਈ ਉਸ ਵੇਲੇ ਵੀ ਇੱਕ ਲੁੜੀਂਦਾ ਰਸਤਾ ਬਣ ਗਿਆ ਸੀ। ਤੁਰੰਤ ਇਨਸਾਫ ਵਾਲੇ ਕਦਮਾਂ ਨਾਲ ਹੀ ਰੁਕ ਸਕਦਾ ਹੈ ਅਜਿਹਾ ਕਲਚਰ ਕਿਓਂਕਿ ਆਮ ਤੌਰ 'ਤੇ ਬੰਦੂਕ ਚੁੱਕਣ ਦਾ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ। ਕਾਸ਼ ਪੀੜਿਤਾਂ ਨੂੰ ਇਨਸਾਫ ਦੇ ਕੇ ਹਰ ਵਾਰ ਸਮੇਂ ਸਿਰ ਹੀ ਰੋਕਿਆ ਜਾ ਸਕੇ। ਅਫਸੋਸ ਕਿ ਇਨਸਾਫ ਦੇਣ ਵੇਲੇ ਕੋਈ ਨ ਕੋਈ ਅੜਿੱਕਾ ਇਸਦਾ ਰਾਹ ਰੋਕ ਲੈਂਦਾ ਹੈ।
ਸਮਾਜਿਕ ਸੰਗਠਨਾਂ ਕੋਲ ਕਿਓਂਕਿ ਆਮ ਤੌਰ 'ਤੇ ਕੋਈ ਹੋਰ ਚਾਰਾ ਨਹੀਂ ਰਹਿੰਦਾ ਇਸ ਲਈ ਉਹ ਅਜਿਹੇ ਕਾਰਿਆਂ ਦੀ ਨਿਖੇਧੀ ਕਰਨ ਤੱਕ ਹੀ ਸੀਮਿਤ ਰਹਿੰਦੇ ਹਨ। ਇਹਨਾਂ ਨਿਖੇਧੀਆਂ ਨਾਲ ਬਾਹੂਬਲੀਆਂ ਦਾ ਵਿਗੜਦਾ ਤਾਂ ਭਾਵੇਂ ਕੁਝ ਵੀ ਨਹੀਂ ਪਰ ਉਹਨਾਂ ਦੇ ਖਿਲਾਫ ਲੋਕ ਰਾਏ ਜ਼ਰੂਰ ਲਾਮਬੰਦ ਹੁੰਦੀ ਹੈ। ਬਿਲਕਿਸ ਬਾਨੋ ਦੇ ਮਾਮਲੇ ਵਿਚ ਵੀ ਇਹੀ ਹੋ ਰਿਹਾ ਹੈ। ਘਰ ਘਰ ਤੱਕ ਇਸ ਬੇਇਨਸਾਫ਼ੀ ਦੀ ਆਵਾਜ਼ ਤੇਜ਼ੀ ਨਾਲ ਪਹੁੰਚ ਰਹੀ ਹੈ।
ਇਸ ਨਾਲ ਜ਼ੁਲਮ ਖਿਲਾਫ ਬੋਲਣ ਵਾਲਿਆਂ ਦਾ ਕਾਫ਼ਿਲਾ ਵੱਡਾ ਹੋ ਰਿਹਾ ਹੈ। ਕੁਝ ਸੰਗਠਨਾਂ ਨੇ ਪੀੜਿਤਾਂ ਲਈ ਕਾਨੂੰਨੀ ਲੜਾਈ ਵੀ ਲੜੀ ਅਤੇ ਕੁਝ ਕੁ ਨੇ ਇਹਨਾਂ ਮਾਮਲਿਆਂ ਨੂੰ ਲੋਕਾਂ ਸਾਹਮਣੇ ਅਸਰਦਾਇਕ ਢੰਗ ਨਾਲ ਉਜਾਗਰ ਵੀ ਕੀਤਾ ਹੈ। ਮਹਿਲਾਵਾਂ ਦੇ ਸਰਗਰਮ ਅਤੇ ਨਿਰਪੱਖ ਸੰਗਠਨ ਵੀ ਆਪੋ ਆਪਣੇ ਢੰਗ ਤਰੀਕਿਆਂ ਨਾਲ ਅਜਿਹੇ ਮਾਮਲਿਆਂ ਲਈ ਜ਼ਿੰਮੇਵਾਰਾਂ ਦਾ ਵਿਰੋਧ ਕਰਦੇ ਆ ਰਹੇ ਹਨ।
ਖੱਬੀਆਂ ਪਾਰਟੀਆਂ ਨਾਲ ਸਬੰਧਤ ਇਸਤਰੀ ਸਭਾਵਾਂ ਵੀ ਇਸ ਪਾਸੇ ਸਰਗਰਮ ਰਹੀਆਂ ਪਰ ਹੁਣ ਖੱਬੀਆਂ ਧਿਰਾਂ ਵੀ ਵੰਡੀਆਂ ਹੋਈਆਂ ਹਨ। ਸਿੱਟੇ ਵੱਜੋਂ ਉਹਨਾਂ ਦੇ ਟਰੇਡ ਯੂਨੀਅਨ ਵੀ ਵੰਡੇ ਗਏ ਹਨ। ਕੌਮੀ ਪੱਧਰ 'ਤੇ ਹੋਈ ਵੰਡ ਕਾਰਨ ਸੂਬਾਈ ਇਕਾਈਆਂ ਵੀ ਵੱਖ ਵੱਖ ਹੋ ਕੇ ਵਿਚਰਦਿਆਂ ਹਨ। ਸਰਹੱਦੀ ਸੂਬੇ ਪੰਜਾਬ ਵਿੱਚ ਪੰਜਾਬ ਇਸਤਰੀ ਸਭਾ ਦੇ ਨਾਲ ਨਾਲ ਜਨਵਾਦੀ ਇਸਤਰੀ ਸਭਾ ਅਤੇ ਆਲ ਇੰਡੀਆ ਪ੍ਰੋਗਰੈਸਿਵ ਵੋਮੈਨ ਐਸੋਸੀਏਸ਼ਨ (AIPWA) ਵਗੈਰਾ ਵੀ ਸਰਗਰਮ ਹਨ।
ਇਹ ਸਾਰੇ ਸੰਗਠਨ ਭਾਵੇਂ ਆਪੋ ਆਪਣੀ ਪਾਰਟੀ ਦੇ ਵਿੰਗ ਵੱਜੋਂ ਹੀ ਕੰਮ ਕਰਦੇ ਹਨ ਇਸ ਲਈ ਵੱਖੋ ਵੱਖ ਵੀ ਹਨ ਪਰ ਇਹਨਾਂ ਦੀ ਸੋਚ ਅਤੇ ਨਿਸ਼ਾਨਿਆਂ ਵਿਚ ਕੋਈ ਬਹੁਤਾ ਫਰਕ ਨਹੀਂ ਹੈ। ਇਹ ਮਹਿਲਾ ਸੰਗਠਨ ਵੀ ਮਾਰਕਸਵਾਦ ਅਤੇ ਲੈਨਿਨਵਾਦ ਨੂੰ ਪ੍ਰਣਾਏ ਹੋਏ ਹਨ। ਕਮਿਊਨਿਸਟ ਪਾਰਟੀਆਂ ਦੇ ਪੁਰਸ਼ ਆਗੂ ਅਤੇ ਹੋਰ ਮੈਂਬਰ ਇਹਨਾਂ ਔਰਤਾਂ ਕਰ ਕੇ ਹੀ ਦਿਨ ਰਾਤ ਇੱਕ ਕਰਕੇ ਪਾਰਟੀ ਅਤੇ ਸਮਾਜ ਦਾ ਕੰਮ ਕਰਦੇ ਹਨ।
ਘਰਾਂ ਨੂੰ ਸੰਭਾਲ ਕੇ ਇਹ ਇਸਤਰੀਆਂ ਹੀ ਉਹਨਾਂ ਨੂੰ ਸਿਆਸੀ ਸਰਗਰਮੀਆਂ ਲਈ ਪੂਰੀ ਤਰ੍ਹਾਂ ਮੁਕਤ ਕਰਦੀਆਂ ਹਨ। ਹੁਣ ਜਦੋਂ ਕਿ ਖੱਬੀਆਂ ਪਾਰਟੀਆਂ ਦਾ ਅਧਾਰ ਬੀਤੇ ਕੁਝ ਸਮਿਆਂ ਵਿਚ ਕਮਜ਼ੋਰ ਹੋਇਆ ਹੈ ਤਾਂ ਇੱਕ ਵਾਰ ਫੇਰ ਇਸਤਰੀਆਂ ਨੇ ਮੈਦਾਨ ਸੰਭਾਲਿਆ ਹੈ। ਇਹਨਾਂ ਦੇ ਜਾਦੂ ਨੇ ਛੇਤੀ ਹੀ ਖੱਬੀਆਂ ਧਿਰਾਂ ਨੂੰ ਇੱਕ ਵਾਰ ਫੇਰ ਅਸਮਾਨ ਛੂਹਣ ਵਾਲੇ ਕਰ ਦੇਣਾ ਹੈ। ਕਿਸਾਨ ਅੰਦੋਲਨ ਵਰਗੇ ਕਈ ਹੋਰ ਮੋਰਚੇ ਨੇੜਲੇ ਭਵਿੱਖ ਵਿੱਚ ਸੰਭਵ ਹਨ। ਇੱਕ ਮੋਰਚਾ ਬਿਲਕਿਸ ਬਾਨੋ ਨਾਲ ਹੋਏ ਜ਼ੁਲਮ ਵਰਗੇ ਮਾਮਲਿਆਂ ਨੂੰ ਲੈ ਕੇ ਵੀ ਤਿਆਰ ਹੋ ਰਿਹਾ ਲੱਗਦਾ ਹੈ।
ਲੁਧਿਆਣਾ ਵਿੱਚ ਹੋਈ ਇਸ ਖਾਸ ਸੂਬਾਈ ਮੀਟਿੰਗ ਵਿੱਚ 13 ਜ਼ਿਲਿਆਂ ਵਿਚ ਸਰਗਰਮ ਮੈਂਬਰ ਇਸਤਰੀਆਂ ਦੇ ਪ੍ਰਤੀਨਿਧਾਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ। ਇਸ ਮੀਟਿੰਗ ਵਿੱਚ ਵੀ ਬਿਲਕਿਸ ਬਾਨੋ ਵਾਲਾ ਮੁੱਦਾ ਉਚੇਚ ਨਾਲ ਵਿਚਾਰਿਆ ਗਿਆ। ਮੀਟਿੰਗ ਵਿਚ ਮੌਜੂਦ ਮੈਂਬਰਾਂ ਨੂੰ ਇਹ ਸਾਰਾ ਮਾਮਲਾ ਵਿਸਥਾਰ ਨਾਲ ਦੱਸੇ ਜਾਣ ਦਾ ਫਾਇਦਾ ਇਹ ਹੋਇਆ ਕਿ ਜਿੱਥੇ ਬਿਲਕਿਸ ਬਾਨੋ ਨਾਲ ਹੋਏ ਜ਼ੁਲਮ ਵਿਰੁੱਧ ਪੈਦਾ ਹੋ ਰਹੀ ਹਵਾ ਹੋਰ ਵੀ ਮਜ਼ਬੂਤ ਹੋ ਰਹੀ ਹੈ ਉੱਥੇ ਇਸਤਰੀ ਸਭਾਵਾਂ ਦੇ ਮੈਂਬਰਾਂ ਨੇ ਵੀ ਆਪਣੇ ਇਸ ਅਹਿਦ ਨੂੰ ਵੀ ਮਜ਼ਬੂਤ ਕੀਤਾ ਕਿ ਅਸੀਂ ਅਜਿਹੇ ਕਾਰਿਆਂ ਨੂੰ ਦੇਖ ਸੁਣ ਕੇ ਹੁਣ ਚੁੱਪ ਰਹਿਣ ਵਾਲੇ ਨਹੀਂ ਹਾਂ।
ਬਿਲਕਿਸ ਨਾਲ ਵਾਪਰੇ ਜਬਰ ਅਤੇ ਉਸਦੇ ਦੋਸ਼ੀਆਂ ਦੀ ਰਿਹਾਈ ਦਾ ਸਾਰਾ ਵੇਰਵਾ ਵੀ ਮੀਟਿੰਗ ਵਿੱਚ ਵਿਸਥਾਰ ਨਾਲ ਦਿੱਤਾ ਗਿਆ। ਇਸ ਨਾਲ ਜਿੱਥੇ ਬਿਲਕਿਸ ਬਾਨੋ ਲਈ ਇਨਸਾਫ ਦੀ ਗੱਲ ਤਾਜ਼ਾ ਹੋਈ ਉੱਥੇ ਅਜਿਹੇ ਹੋਰ ਮਾਮਲਿਆਂ ਪ੍ਰਤੀ ਇਸਤਰੀ ਕਾਰਕੁਨਾਂ ਦੀ ਜਾਗਰੂਕਤਾ ਵਿੱਚ ਵੀ ਵਾਧਾ ਹੋਇਆ। ਸੂਬਾ ਜਨਰਲ ਸਕੱਤਰ ਰਜਿੰਦਰਪਾਲ ਕੌਰ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਤੇ ਅਗਲੇ ਕੰਮਾਂ ਬਾਰੇ ਵਿਚਾਰ ਚਰਚਾ ਕੀਤੀ। ਜਿਸ ਵਿੱਚ ਜ਼ਿਲਾ ਤੇ ਸਟੇਟ ਕਾਨਫਰੰਸ, ਮੈਂਬਰਸ਼ਿਪ ਤੇ ਹੋਰ ਅਹਿਮ ਮੁੱਦੇ ਵਿਚਾਰੇ ਗਏ। ਸ਼ਾਇਦ ਹੀ ਕੋਈ ਦਿਨ ਅਜਿਹਾ ਗੁਜ਼ਰਦਾ ਹੋਵੇ ਜਿਸ ਦਿਨ ਕਿਸੇ ਨ ਕਿਸੇ ਇਸਤਰੀ ਜਾਨ ਲੜਕੀ ਨਾਲ ਕੋਈ ਮੰਦਭਾਗੀ ਘਟਨਾ ਨਾ ਵਾਪਰਦੀ ਹੋਵੇ। ਭਰੋਸੇਜੋਗ ਸੂਤਰਾਂ ਮੁਤਾਬਿਕ ਇਸਤਰੀ ਸੰਗਠਨ ਹੁਣ ਬਾਕਾਇਦਾ ਇੱਕ ਮੋਨੀਟਰਿੰਗ ਸੈਲ ਬਣਾਉਣ ਬਾਰੇ ਵੀ ਸੋਚ ਰਹੀਆਂ ਹਨ ਜਿਹੜਾ ਇਸਤਰੀਆਂ ਨਾਲ ਵਧੀਕੀਆਂ ਦੇ ਹਰ ਮਾਮਲੇ 'ਤੇ ਨਜ਼ਰ ਰੱਖੇਗਾ। ਇਸ ਮਕਸਦ ਲਈ ਮੀਡੀਆ ਦੇ ਨਾਲ ਨਾਲ ਗਲੀ ਮੋਹਲਿਆਂ ਵਿਚ ਸਰਗਰਮ ਇਸਤਰੀ ਆਗੂਆਂ ਨਾਲ ਰਾਬਤਾ ਵੀ ਰੱਖਿਆ ਜਾਏਗਾ। ਬਿਲਕਿਸ ਬਾਨੋ ਨਾਲ ਜਬਰ ਜਨਾਹ ਤੋਂ ਬਾਅਦ ਵੀ ਬਹੁਤ ਕੁਝ ਹੋ ਚੁੱਕਿਆ ਹੈ ਅਤੇ ਉਸਦੇ ਗੁਨਾਹਗਾਰਾਂ ਦੀ ਰਿਹੈ ਤੋਂ ਬਾਅਦ ਵੀ ਇਹਨਾਂ ਵਧੀਕੀਆਂ ਦਾ ਸਿਲਸਿਲਾ ਰੂਕੀਆ ਨਹੀਂ।
ਇਸ ਸਮੇਂ ਸਰਪ੍ਰਸਤ ਨਰਿੰਦਰਪਾਲ ਕੌਰ, ਸੀਨੀਅਰ ਸਕੱਤਰ ਨਰਿੰਦਰ ਸੋਹਲ, ਸੁਰਜੀਤ ਕਾਲੜਾ, ਸੁਮਿਤਰਾ, ਜੋਗਿੰਦਰ ਕੌਰ, ਤ੍ਰਿਪਤ ਕਾਲੀਆ, ਸ਼ਸ਼ੀ ਸ਼ਰਮਾ, ਮਨਜੀਤ ਕੌਰ, ਸੀਮਾ ਸੋਹਲ, ਸਰਬਜੀਤ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਹਰਜੀਤ ਕੌਰ, ਪ੍ਰੇਮ ਲਤਾ, ਅਮਰਜੀਤ ਬਠਿੰਡਾ ਅਤੇ ਕੁਲਵੰਤ ਕੌਰ ਆਦਿ ਵੀ ਹਾਜ਼ਰ ਸਨ।
No comments:
Post a Comment