Showing posts with label Dr. Gurcharan Gandhi. Show all posts
Showing posts with label Dr. Gurcharan Gandhi. Show all posts

Wednesday, November 23, 2022

ਬਿਲਕਿਸ ਬਾਨੋ ਮਾਮਲੇ ਨਾਲ ਵੱਧ ਰਹੀ ਹੈ ਖੱਬੀਆਂ ਇਸਤਰੀਆਂ ਵਿੱਚ ਨੇੜਤਾ

ਔਰਤਾਂ ਨਾਲ ਲਗਾਤਾਰ ਵੱਧ ਰਹੇ ਹਨ ਵਧੀਕੀਆਂ ਦੇ ਮਾਮਲੇ 


ਲੁਧਿਆਣਾ//ਚੰਡੀਗੜ੍ਹ: 22 ਨਵੰਬਰ 2022: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::

ਬਿਲਕਿਸ ਬਾਨੋ ਨਾਲ ਜੋ ਕੁਝ ਹੋਇਆ ਉਹ ਬਿਨਾ ਸ਼ੱਕ ਵਹਿਸ਼ੀਆਨਾ ਕਾਰਾ ਸੀ। ਉਸ ਅਣਮਨੁੱਖੀ ਕਾਰੇ ਦੀ ਸਖਤ ਤੋਂ ਸਖਤ ਸਜ਼ਾ ਹੀ ਉਸਦੇ ਜ਼ਖ਼ਮਾਂ 'ਤੇ ਕੁਝ ਮਰਹਮ ਲਗਾ ਸਕਦੀ ਸੀ। ਉਸ ਨਾਲ ਸਮੂਹਿਕ ਜਬਰਜਨਾਹ ਕਰਨ ਵਾਲੇ ਸਿਰਫ ਉਸਦੇ ਹੀ ਨਹੀਂ ਬਲਕਿ ਪੂਰੇ ਸਮਾਜ ਦੇ ਦੋਸ਼ੀ ਸਨ ਅਤੇ ਕਾਨੂੰਨ ਦੇ ਵੀ। ਉਹਨਾਂ ਦੇ ਕਾਰੇ ਨੇ ਦੇਸ਼ ਦੀਆਂ ਘੱਟ ਗਿਣਤੀਆਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਅਤੇ ਸੁਆਲ ਪੈਦਾ ਕੀਤੇ। ਇਹਨਾਂ ਸ਼ੰਕਿਆਂ ਅਤੇ ਸੁਆਲਾਂ ਨੇ ਦੇਸ਼ ਦੀ ਏਕਤਾ ਅਖੰਡਤਾ ਵਾਲੀ ਭਾਵਨਾ ਨੂੰ ਵੀ ਕਮਜ਼ੋਰ ਹੀ ਕੀਤਾ। ਬਿਲਕਿਸ ਨਾਲ ਜਬਰ ਜਨਾਹ ਕਰਨ ਵਾਲਿਆਂ ਦੀ ਰਿਹਾਈ ਉਹਨਾਂ ਦੇ ਕੁਕਰਮਾਂ ਨਾਲੋਂ ਵੀ ਵੱਡਾ ਕੁਕਰਮ ਸੀ। ਇਸਨੇ ਪੂਰੇ ਸਮਾਜ ਨੂੰ ਹੀ ਸ਼ਰਮਸਾਰੀ ਦਾ ਅਹਿਸਾਸ ਕਰਾਇਆ। ਇਸਦੇ ਵਿਰੋਧ ਵਿੱਚ ਪੁਰਸ਼ ਵੀ ਅੱਗੇ ਆਏ ਪਰ ਸਭ ਤੋਂ ਵੱਧ ਸ਼ਿੱਦਤ ਨਾਲ ਇਸ ਇਸ ਦਰਦ ਅਤੇ ਵਹਿਸ਼ਤ ਨੂੰ ਔਰਤਾਂ ਨੇ ਹੀ ਮਹਿਸੂਸ ਕੀਤਾ। ਇਸ ਦਰਦ ਨੇ ਦੁਨੀਆ ਭਰ ਦੀਆਂ ਇਸਤਰੀਆਂ ਨੂੰ ਇੱਕ ਹੋਣ ਦਾ ਮੂਕ ਸੱਦਾ ਵੀ ਦਿੱਤਾ। ਦਰਦ ਦੇ ਇਸ ਰਿਸ਼ਤੇ ਨੇ ਇਸਤਰੀ ਸੰਗਠਨਾਂ ਨੂੰ ਵੀ ਇੱਕ ਦੂਜੇ ਦੇ ਨਜ਼ਦੀਕ ਲਿਆਂਦਾ। 

ਇਹ ਰਿਹਾਈ ਕਦੇ ਵੀ ਪੂਰੇ ਸੱਭਿਅਕ ਸਮਾਜ ਲਈ ਕਿਸੇ ਕਲੰਕ ਤੋਂ ਘਟ ਨਹੀਂ ਸਮਝੀ ਜਾਣੀ। ਜ਼ਿਕਰਯੋਗ ਹੈ ਕਿ ਹਾਲਾਤਾਂ ਨੇ ਹੀ ਫੂਲਨ ਦੇਵੀ ਡਕੈਤ ਨੂੰ ਪੈਦਾ ਕੀਤਾ ਸੀ। ਜਬਰ ਜ਼ੁਲਮ ਦੇ ਹਾਲਾਤਾਂ ਨੇ ਹੀ ਉਸਦੇ ਚੂੜੀਆਂ ਵਾਲੇ ਹੱਥਾਂ ਵਿੱਚ ਬੰਦੂਕ ਫੜਾਈ ਸੀ। ਗੰਨ ਕਲਚਰ ਇਨਸਾਫ ਦੀ ਮੰਗ ਨੂੰ ਲੈ ਕੇ ਜੂਝ ਰਹੇ ਸਮੂਹ ਪੀੜਿਤਾਂ ਲਈ ਉਸ ਵੇਲੇ ਵੀ  ਇੱਕ ਲੁੜੀਂਦਾ ਰਸਤਾ ਬਣ ਗਿਆ ਸੀ। ਤੁਰੰਤ ਇਨਸਾਫ ਵਾਲੇ ਕਦਮਾਂ ਨਾਲ ਹੀ ਰੁਕ ਸਕਦਾ ਹੈ ਅਜਿਹਾ ਕਲਚਰ ਕਿਓਂਕਿ ਆਮ ਤੌਰ  'ਤੇ ਬੰਦੂਕ ਚੁੱਕਣ ਦਾ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ। ਕਾਸ਼ ਪੀੜਿਤਾਂ ਨੂੰ ਇਨਸਾਫ ਦੇ ਕੇ ਹਰ ਵਾਰ ਸਮੇਂ ਸਿਰ ਹੀ ਰੋਕਿਆ ਜਾ ਸਕੇ। ਅਫਸੋਸ ਕਿ ਇਨਸਾਫ ਦੇਣ ਵੇਲੇ ਕੋਈ ਨ ਕੋਈ ਅੜਿੱਕਾ ਇਸਦਾ ਰਾਹ ਰੋਕ ਲੈਂਦਾ ਹੈ।  

ਸਮਾਜਿਕ ਸੰਗਠਨਾਂ ਕੋਲ ਕਿਓਂਕਿ ਆਮ ਤੌਰ 'ਤੇ ਕੋਈ ਹੋਰ ਚਾਰਾ ਨਹੀਂ ਰਹਿੰਦਾ ਇਸ ਲਈ ਉਹ ਅਜਿਹੇ ਕਾਰਿਆਂ ਦੀ ਨਿਖੇਧੀ ਕਰਨ ਤੱਕ ਹੀ ਸੀਮਿਤ ਰਹਿੰਦੇ ਹਨ। ਇਹਨਾਂ ਨਿਖੇਧੀਆਂ ਨਾਲ ਬਾਹੂਬਲੀਆਂ ਦਾ ਵਿਗੜਦਾ ਤਾਂ ਭਾਵੇਂ ਕੁਝ ਵੀ ਨਹੀਂ ਪਰ ਉਹਨਾਂ ਦੇ ਖਿਲਾਫ ਲੋਕ ਰਾਏ ਜ਼ਰੂਰ ਲਾਮਬੰਦ ਹੁੰਦੀ ਹੈ। ਬਿਲਕਿਸ ਬਾਨੋ ਦੇ ਮਾਮਲੇ ਵਿਚ ਵੀ ਇਹੀ ਹੋ ਰਿਹਾ ਹੈ। ਘਰ ਘਰ ਤੱਕ ਇਸ ਬੇਇਨਸਾਫ਼ੀ ਦੀ ਆਵਾਜ਼ ਤੇਜ਼ੀ ਨਾਲ ਪਹੁੰਚ ਰਹੀ ਹੈ। 

ਇਸ ਨਾਲ ਜ਼ੁਲਮ ਖਿਲਾਫ ਬੋਲਣ ਵਾਲਿਆਂ ਦਾ ਕਾਫ਼ਿਲਾ ਵੱਡਾ ਹੋ ਰਿਹਾ ਹੈ। ਕੁਝ ਸੰਗਠਨਾਂ ਨੇ ਪੀੜਿਤਾਂ ਲਈ ਕਾਨੂੰਨੀ ਲੜਾਈ ਵੀ ਲੜੀ ਅਤੇ ਕੁਝ ਕੁ ਨੇ ਇਹਨਾਂ ਮਾਮਲਿਆਂ ਨੂੰ ਲੋਕਾਂ ਸਾਹਮਣੇ ਅਸਰਦਾਇਕ ਢੰਗ ਨਾਲ ਉਜਾਗਰ ਵੀ ਕੀਤਾ ਹੈ। ਮਹਿਲਾਵਾਂ ਦੇ ਸਰਗਰਮ ਅਤੇ ਨਿਰਪੱਖ ਸੰਗਠਨ ਵੀ ਆਪੋ ਆਪਣੇ ਢੰਗ ਤਰੀਕਿਆਂ ਨਾਲ ਅਜਿਹੇ ਮਾਮਲਿਆਂ ਲਈ ਜ਼ਿੰਮੇਵਾਰਾਂ ਦਾ ਵਿਰੋਧ ਕਰਦੇ ਆ ਰਹੇ ਹਨ।  

ਖੱਬੀਆਂ ਪਾਰਟੀਆਂ ਨਾਲ ਸਬੰਧਤ ਇਸਤਰੀ ਸਭਾਵਾਂ ਵੀ ਇਸ ਪਾਸੇ ਸਰਗਰਮ ਰਹੀਆਂ ਪਰ ਹੁਣ ਖੱਬੀਆਂ ਧਿਰਾਂ ਵੀ ਵੰਡੀਆਂ ਹੋਈਆਂ ਹਨ। ਸਿੱਟੇ ਵੱਜੋਂ ਉਹਨਾਂ  ਦੇ ਟਰੇਡ ਯੂਨੀਅਨ ਵੀ ਵੰਡੇ ਗਏ ਹਨ। ਕੌਮੀ ਪੱਧਰ 'ਤੇ ਹੋਈ ਵੰਡ ਕਾਰਨ ਸੂਬਾਈ ਇਕਾਈਆਂ ਵੀ ਵੱਖ ਵੱਖ ਹੋ ਕੇ ਵਿਚਰਦਿਆਂ ਹਨ। ਸਰਹੱਦੀ ਸੂਬੇ ਪੰਜਾਬ ਵਿੱਚ ਪੰਜਾਬ ਇਸਤਰੀ ਸਭਾ ਦੇ ਨਾਲ ਨਾਲ ਜਨਵਾਦੀ ਇਸਤਰੀ ਸਭਾ ਅਤੇ ਆਲ ਇੰਡੀਆ ਪ੍ਰੋਗਰੈਸਿਵ ਵੋਮੈਨ ਐਸੋਸੀਏਸ਼ਨ (AIPWA) ਵਗੈਰਾ ਵੀ ਸਰਗਰਮ ਹਨ।

ਇਹ ਸਾਰੇ ਸੰਗਠਨ ਭਾਵੇਂ ਆਪੋ ਆਪਣੀ ਪਾਰਟੀ ਦੇ ਵਿੰਗ ਵੱਜੋਂ ਹੀ ਕੰਮ ਕਰਦੇ ਹਨ ਇਸ ਲਈ ਵੱਖੋ ਵੱਖ ਵੀ ਹਨ ਪਰ ਇਹਨਾਂ ਦੀ ਸੋਚ ਅਤੇ ਨਿਸ਼ਾਨਿਆਂ ਵਿਚ ਕੋਈ ਬਹੁਤਾ ਫਰਕ ਨਹੀਂ ਹੈ। ਇਹ ਮਹਿਲਾ ਸੰਗਠਨ ਵੀ ਮਾਰਕਸਵਾਦ ਅਤੇ ਲੈਨਿਨਵਾਦ ਨੂੰ ਪ੍ਰਣਾਏ ਹੋਏ ਹਨ। ਕਮਿਊਨਿਸਟ ਪਾਰਟੀਆਂ ਦੇ ਪੁਰਸ਼ ਆਗੂ ਅਤੇ ਹੋਰ ਮੈਂਬਰ ਇਹਨਾਂ ਔਰਤਾਂ ਕਰ ਕੇ ਹੀ ਦਿਨ ਰਾਤ ਇੱਕ ਕਰਕੇ ਪਾਰਟੀ ਅਤੇ ਸਮਾਜ ਦਾ ਕੰਮ ਕਰਦੇ ਹਨ। 

ਘਰਾਂ ਨੂੰ ਸੰਭਾਲ ਕੇ ਇਹ ਇਸਤਰੀਆਂ ਹੀ ਉਹਨਾਂ ਨੂੰ ਸਿਆਸੀ ਸਰਗਰਮੀਆਂ ਲਈ ਪੂਰੀ ਤਰ੍ਹਾਂ ਮੁਕਤ ਕਰਦੀਆਂ ਹਨ। ਹੁਣ ਜਦੋਂ ਕਿ ਖੱਬੀਆਂ ਪਾਰਟੀਆਂ ਦਾ ਅਧਾਰ ਬੀਤੇ ਕੁਝ ਸਮਿਆਂ ਵਿਚ ਕਮਜ਼ੋਰ ਹੋਇਆ ਹੈ ਤਾਂ ਇੱਕ ਵਾਰ ਫੇਰ ਇਸਤਰੀਆਂ ਨੇ ਮੈਦਾਨ ਸੰਭਾਲਿਆ ਹੈ। ਇਹਨਾਂ ਦੇ ਜਾਦੂ ਨੇ ਛੇਤੀ ਹੀ ਖੱਬੀਆਂ ਧਿਰਾਂ ਨੂੰ ਇੱਕ ਵਾਰ ਫੇਰ ਅਸਮਾਨ ਛੂਹਣ ਵਾਲੇ ਕਰ ਦੇਣਾ ਹੈ। ਕਿਸਾਨ ਅੰਦੋਲਨ ਵਰਗੇ ਕਈ ਹੋਰ ਮੋਰਚੇ ਨੇੜਲੇ ਭਵਿੱਖ ਵਿੱਚ ਸੰਭਵ ਹਨ।  ਇੱਕ ਮੋਰਚਾ ਬਿਲਕਿਸ ਬਾਨੋ ਨਾਲ ਹੋਏ ਜ਼ੁਲਮ ਵਰਗੇ ਮਾਮਲਿਆਂ ਨੂੰ ਲੈ ਕੇ ਵੀ ਤਿਆਰ ਹੋ ਰਿਹਾ ਲੱਗਦਾ ਹੈ। 

ਔਰਤਾਂ ਖਿਲਾਫ ਹੁੰਦੀਆਂ ਵਧੀਕੀਆਂ ਵਿਰੁੱਧ ਸੰਘਰਸ਼ ਵਿੱਢਣ ਦੀ ਇਹ ਭਾਵਨਾ ਹੁਣ 20 ਨਵੰਬਰ 2022 ਨੂੰ ਐਤਵਾਰ ਵਾਲੇ ਲੁਧਿਆਣਾ ਵਿੱਚ ਵੀ ਮਹਿਸੂਸ ਕੀਤੀ ਗਈ। ਉਸ ਦਿਨ ਪੰਜਾਬ ਇਸਤਰੀ ਸਭਾ ਦੀ ਸੂਬਾ ਕੌਂਸਲ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਮੈਡਮ ਕੁਸ਼ਲ ਭੌਰਾ ਦੀ ਪ੍ਰਧਾਨਗੀ ਹੇਠ ਹੋਈ। ਉਹੀ ਕੁਸ਼ਲ ਭੌਰਾ ਜਿਸਨੇ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਸਿਆਸਤ ਅਤੇ ਸਾਹਿਤ ਦੋਹਾਂ ਖੇਤਰਾਂ ਵਿਚ ਵੀ ਆਪਣਾ ਲੋਹਾ ਮਨਵਾਇਆ। ਸੂਹੀ ਸਵੇਰ ਨਾਮ ਦਾ ਰਸਾਲਾ ਮੈਡਮ ਕੁਸ਼ਲ ਭੌਰਾ ਹੀ ਚਲਾਉਂਦੇ ਹਨ। ਉਹਨਾਂ ਦੇ ਨਾਲ ਕਾਮਰੇਡ ਗੁਰਚਰਨ ਗਾਂਧੀ ਅਤੇ ਕੁਝ ਹੋਰ ਸਾਥੀਆਂ ਦੀ ਟੀਮ ਵੀ ਸਰਗਰਮੀ ਨਾਲ ਕੰਮ ਕਰਦੀ ਹੈ। ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿਚ ਨਵੀਆਂ ਕੁੜੀਆਂ ਦਾ ਇੱਕ ਵੱਡਾ ਕਾਫ਼ਿਲਾ ਨਿਰੰਤਰ ਮੈਡਮ ਕੁਸ਼ਲ ਭੌਰਾ ਦੇ ਸੰਪਰਕ ਵਿਚ ਹਨ। ਮੱਧ ਪ੍ਰਦੇਸ਼ ਦੀ ਕੁਮੁਦ ਸਿੰਘ ਵਾਂਗ ਪੰਜਾਬ ਵਿਚ ਕੁਸ਼ਲ ਭੌਰਾ ਸਰਗਰਮ ਹਨ ਆਉਣ ਵਾਲੇ ਸੰਘਰਸ਼ਾਂ ਵਿਚ ਇਹਨਾਂ ਔਰਤਾਂ ਅਤੇ ਇਹਨਾਂ ਦੀਆਂ ਟੀਮਾਂ ਨੇ ਖਾਸ ਭੂਮਿਕਾ ਨਿਭਾਉਣੀ ਹੈ। 

ਲੁਧਿਆਣਾ ਵਿੱਚ ਹੋਈ ਇਸ ਖਾਸ ਸੂਬਾਈ ਮੀਟਿੰਗ ਵਿੱਚ 13 ਜ਼ਿਲਿਆਂ ਵਿਚ ਸਰਗਰਮ ਮੈਂਬਰ ਇਸਤਰੀਆਂ ਦੇ ਪ੍ਰਤੀਨਿਧਾਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ। ਇਸ ਮੀਟਿੰਗ ਵਿੱਚ ਵੀ ਬਿਲਕਿਸ ਬਾਨੋ ਵਾਲਾ ਮੁੱਦਾ ਉਚੇਚ ਨਾਲ ਵਿਚਾਰਿਆ ਗਿਆ। ਮੀਟਿੰਗ ਵਿਚ ਮੌਜੂਦ ਮੈਂਬਰਾਂ ਨੂੰ ਇਹ ਸਾਰਾ ਮਾਮਲਾ ਵਿਸਥਾਰ ਨਾਲ ਦੱਸੇ ਜਾਣ ਦਾ ਫਾਇਦਾ ਇਹ ਹੋਇਆ ਕਿ ਜਿੱਥੇ ਬਿਲਕਿਸ ਬਾਨੋ ਨਾਲ ਹੋਏ ਜ਼ੁਲਮ ਵਿਰੁੱਧ ਪੈਦਾ ਹੋ ਰਹੀ ਹਵਾ ਹੋਰ ਵੀ ਮਜ਼ਬੂਤ ਹੋ ਰਹੀ ਹੈ ਉੱਥੇ ਇਸਤਰੀ ਸਭਾਵਾਂ ਦੇ ਮੈਂਬਰਾਂ ਨੇ ਵੀ ਆਪਣੇ ਇਸ ਅਹਿਦ ਨੂੰ ਵੀ ਮਜ਼ਬੂਤ ਕੀਤਾ ਕਿ ਅਸੀਂ ਅਜਿਹੇ ਕਾਰਿਆਂ ਨੂੰ ਦੇਖ ਸੁਣ ਕੇ ਹੁਣ ਚੁੱਪ ਰਹਿਣ ਵਾਲੇ ਨਹੀਂ ਹਾਂ। 

ਬਿਲਕਿਸ ਨਾਲ ਵਾਪਰੇ ਜਬਰ ਅਤੇ ਉਸਦੇ ਦੋਸ਼ੀਆਂ ਦੀ ਰਿਹਾਈ ਦਾ ਸਾਰਾ ਵੇਰਵਾ ਵੀ ਮੀਟਿੰਗ ਵਿੱਚ ਵਿਸਥਾਰ ਨਾਲ ਦਿੱਤਾ ਗਿਆ। ਇਸ ਨਾਲ ਜਿੱਥੇ  ਬਿਲਕਿਸ ਬਾਨੋ ਲਈ ਇਨਸਾਫ ਦੀ ਗੱਲ ਤਾਜ਼ਾ ਹੋਈ ਉੱਥੇ ਅਜਿਹੇ ਹੋਰ ਮਾਮਲਿਆਂ ਪ੍ਰਤੀ ਇਸਤਰੀ ਕਾਰਕੁਨਾਂ ਦੀ ਜਾਗਰੂਕਤਾ ਵਿੱਚ ਵੀ ਵਾਧਾ ਹੋਇਆ। ਸੂਬਾ ਜਨਰਲ ਸਕੱਤਰ ਰਜਿੰਦਰਪਾਲ ਕੌਰ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਤੇ ਅਗਲੇ ਕੰਮਾਂ ਬਾਰੇ ਵਿਚਾਰ ਚਰਚਾ ਕੀਤੀ। ਜਿਸ ਵਿੱਚ ਜ਼ਿਲਾ ਤੇ ਸਟੇਟ ਕਾਨਫਰੰਸ, ਮੈਂਬਰਸ਼ਿਪ ਤੇ ਹੋਰ ਅਹਿਮ ਮੁੱਦੇ ਵਿਚਾਰੇ ਗਏ। ਸ਼ਾਇਦ ਹੀ ਕੋਈ ਦਿਨ ਅਜਿਹਾ ਗੁਜ਼ਰਦਾ ਹੋਵੇ ਜਿਸ ਦਿਨ ਕਿਸੇ ਨ ਕਿਸੇ ਇਸਤਰੀ ਜਾਨ ਲੜਕੀ ਨਾਲ ਕੋਈ ਮੰਦਭਾਗੀ ਘਟਨਾ ਨਾ ਵਾਪਰਦੀ ਹੋਵੇ। ਭਰੋਸੇਜੋਗ ਸੂਤਰਾਂ ਮੁਤਾਬਿਕ ਇਸਤਰੀ ਸੰਗਠਨ ਹੁਣ ਬਾਕਾਇਦਾ ਇੱਕ ਮੋਨੀਟਰਿੰਗ ਸੈਲ ਬਣਾਉਣ ਬਾਰੇ ਵੀ ਸੋਚ ਰਹੀਆਂ ਹਨ ਜਿਹੜਾ ਇਸਤਰੀਆਂ ਨਾਲ ਵਧੀਕੀਆਂ ਦੇ ਹਰ ਮਾਮਲੇ 'ਤੇ ਨਜ਼ਰ ਰੱਖੇਗਾ। ਇਸ ਮਕਸਦ ਲਈ ਮੀਡੀਆ ਦੇ ਨਾਲ ਨਾਲ ਗਲੀ ਮੋਹਲਿਆਂ ਵਿਚ ਸਰਗਰਮ ਇਸਤਰੀ ਆਗੂਆਂ ਨਾਲ ਰਾਬਤਾ ਵੀ ਰੱਖਿਆ ਜਾਏਗਾ। ਬਿਲਕਿਸ ਬਾਨੋ ਨਾਲ ਜਬਰ ਜਨਾਹ ਤੋਂ ਬਾਅਦ ਵੀ ਬਹੁਤ ਕੁਝ ਹੋ ਚੁੱਕਿਆ ਹੈ ਅਤੇ ਉਸਦੇ ਗੁਨਾਹਗਾਰਾਂ ਦੀ ਰਿਹੈ ਤੋਂ ਬਾਅਦ ਵੀ ਇਹਨਾਂ ਵਧੀਕੀਆਂ ਦਾ ਸਿਲਸਿਲਾ ਰੂਕੀਆ ਨਹੀਂ। 

ਇਸ ਸਮੇਂ ਸਰਪ੍ਰਸਤ ਨਰਿੰਦਰਪਾਲ ਕੌਰ, ਸੀਨੀਅਰ ਸਕੱਤਰ ਨਰਿੰਦਰ ਸੋਹਲ, ਸੁਰਜੀਤ ਕਾਲੜਾ, ਸੁਮਿਤਰਾ, ਜੋਗਿੰਦਰ ਕੌਰ, ਤ੍ਰਿਪਤ ਕਾਲੀਆ, ਸ਼ਸ਼ੀ ਸ਼ਰਮਾ, ਮਨਜੀਤ ਕੌਰ, ਸੀਮਾ ਸੋਹਲ, ਸਰਬਜੀਤ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਹਰਜੀਤ ਕੌਰ, ਪ੍ਰੇਮ ਲਤਾ, ਅਮਰਜੀਤ ਬਠਿੰਡਾ ਅਤੇ ਕੁਲਵੰਤ ਕੌਰ ਆਦਿ ਵੀ ਹਾਜ਼ਰ ਸਨ। 

Wednesday, August 31, 2022

ਸੀਪੀਆਈ ਕਾਹਨੂੰਵਾਨ ਬਲਾਕ ਦੀ ਚੋਣ ਕਾਨਫਰੰਸ ਸੰਪੰਨ

ਲੋਕ ਫਿਰ ਤਿਆਰ ਹਨ ਲੁਟੇਰਿਆਂ ਦੇ ਖਿਲਾਫ ਆਰਪਾਰ ਦੀ ਜੰਗ ਲਈ

ਕਾਹਨੂੰਵਾਨ (ਗੁਰਦਾਸਪੁਰ): 30 ਅਗਸਤ 2022: (ਕਾਮਰੇਡ ਸਕਰੀਨ ਡੈਸਕ//ਇਨਪੁਟ-ਕਾਰਤਿਕਾ ਸਿੰਘ)::

ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੀ ਸੂਬਾਈ ਕਾਨਫਰੰਸ ਆਉਣ ਵਾਲੀ ਹੈ।  ਇਹ ਕਾਨਫਰੰਸ 8 ਅਤੇ 9 ਸਤੰਬਰ ਨੂੰ ਜਲੰਧਰ ਵਿਖੇ ਹੋ ਰਹੀ ਹੈ। ਇਸ ਤੋਂ ਪਹਿਲਾਂ ਪਹਿਲਾਂ ਸਮੂਹ ਇਕਾਈਆਂ ਦੀਆਂ ਕਾਨਫਰੰਸਾਂ ਵੀ ਕਾਰਵਾਈਆਂ ਜਾ ਰਹੀਆਂ ਹਨ ਅਤੇ ਚੋਣ ਪ੍ਰਕਿਰਿਆ ਵੀ ਨੇਪਰੇ ਚਾਹੜੀ ਜਾ ਰਹੀ ਹੈ। ਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਬੇਹੱਦ ਗੰਭੀਰ ਹਨ,ਕਮਿਊਨਿਸਟਾਂ ਨੇ ਹਮੇਸ਼ਾਂ ਹੀ ਚੁਣੌਤੀਆਂ ਕਬੂਲ ਕੀਤੀਆਂ ਹਨ ਅਤੇ ਹੁਣ ਵੀ ਕਰ ਰਹੇ ਹਨ। ਨੇੜ ਭਵਿੱਖ ਵਿੱਚ ਵੱਡੀ ਚੁਣੌਤੀ ਸੱਤਾ ਅਤੇ ਸਿਆਸੀ ਵਿਰੋਧੀਆਂ ਨਾਲ ਟਾਕਰੇ ਦੀ ਹੈ। ਬੇਕਾਬੂ ਹੋਏ ਇਹਨਾਂ ਲੋਕਾਂ ਨਾਲ ਨਿਬੜਨ ਲਈ ਕਮਿਊਨਿਸਟ ਆਪਣੇ ਸਿਧਾਂਤ ਵੀ ਨਹੀਂ ਛੱਡਣਗੇ ਅਤੇ ਲੜਾਈ ਤੋਂ ਪਿਛੇ ਵੀ ਨਹੀਂ ਹਟਣਗੇ।ਧਰੁਵੀਕਰਨ  ਵਰਗੀਆਂ ਸਾਜ਼ਿਸ਼ਾਂ ਦਾ ਜੁਆਬ ਦੇਣ ਲਈ ਕਮਿਊਨਿਸਟ ਇਹਨਾਂ ਹੋਛਹੇ ਹੱਥਕੰਡਿਆਂ ਨੂੰ ਕਦੇ ਵੀ ਨਹੀਂ ਅਪਣਾਉਣਗੇ ਪਰ ਲੋਕਾਂ ਨੂੰ ਇਹ ਗੱਲ ਜ਼ਰੂਰ ਸਮਝ ਕੇ ਰਹਿਣਗੇ ਕਿ ਅਸਲੀ ਲੜਾਈ ਹਿੰਦੂ ਸਿੱਖ ਜਾਂ ਹਿੰਦੂ ਮੁਸਲਿਮ ਜਾਣਾ ਈਸਾਈ ਦੀ ਨਹੀਂ ਬਲਕਿ ਉਹ ਲੜਾਈ ਹੈ ਜਿਹੜੀ ਸਾਨੂੰ ਉਹਨਾਂ ਡਾਕੂਆਂ ਲੁਟੇਰਿਆਂ ਦੇ ਖਿਲਾਫ ਲੜਨੀ ਪਾ ਰਹੀ ਹੈ ਜਿਹੜੇ ਸਾਡੀ ਕਿਰਤ ਵੀ ਲੁੱਟ ਰਹੇ ਹਨ, ਸਾਡੀ ਕਿਰਤ ਕਮਾਈ ਵੀ। ਅਫਸੋਸ ਹੈ ਕਿ ਖੁਦ ਨੂੰ ਚੌਕੀਂਦਾਰ ਆਖਣ ਵਾਲੇ ਹੀ ਇਹਨਾਂ ਲੁਟੇਰਿਆਂ ਨਾਲ ਰਲੇ ਹੋਏ ਹਨ। ਇਸ ਲਈ ਸਾਡੀ ਅਸਲੀ ਲੜਾਈ ਮਹਿਲਾਂ ਅਤੇ ਢੋਕਾਂ ਵਿਚਾਲੇ ਹੈ। ਲੋਕਾਂ ਅਤੇ ਜੋਕਾਂ ਵਿਚਾਲੇ ਹੈ। 

ਇਸ ਜੰਗ ਵਿੱਚ ਮੁਕਾਬਲਾ ਵੀ ਬੇਕਿਰਕ ਹੋਣਾ ਹੈ। ਭਾਰਤੀ ਕਮਿਉਨਿਸਟ ਪਾਰਟੀ ਦੇ ਰਸਤੇ ਫਿਰ ਮੁਸ਼ਕਲਾਂ ਭਰੇ ਆਉਣ ਵਾਲੇ ਹਨ। ਇਹ ਟਾਕਰਾ ਆਸਾਨ ਨਹੀਂ ਹੋਣਾ। ਇਹਨਾਂ  ਸਾਰੀਆਂ ਚੁਣੌਤੀਆਂ ਲਈ ਸਾਰੇ ਕਮਿਊਨਿਸਟ ਸਾਥੀ ਇੱਕ ਵਾਰ ਫਿਰ ਤਿਆਰ
ਵੀ ਹਨ। ਇਸ ਵਾਰ ਇਹ ਜੰਗ ਆਰਪਾਰ ਦੀ ਹੋਣੀ ਹੈ। ਡਾਕਟਰ ਗੁਰਚਰਨ ਗਾਂਧੀ ਦੱਸਦੇ ਹਨ ਨਾ ਅਸੀਂ ਪਹਿਲਾਂ ਕਦੇ ਡੀਆਰਈ ਸਾਂ ਨਾ ਹੀ ਹੁਣ ਡਰਾਂਗੇ। ਅਸੀਂ ਸੱਚ ਦੇ ਰਾਹ ਤੇ ਹਾਂ, ਨੇਕੀ ਦੇ ਰਸਤੇ ਤੇ ਹਾਂ, ਲੁੱਟਖੋਹ ਦੇ ਖਿਲਾਫ ਹਾਂ ਅਤੇ ਭਾਈ ਲਾਲੋਆਂ ਦੇ ਨਾਲ ਹਾਂ।  ਇਹ ਸਾਰੇ ਕਿਰਤੀ ਵੀ ਸਾਡੇ ਨਾਲ ਹਨ। 

ਕਾਹਨੂੰਵਾਨ ਜਿਲ੍ਹਾ ਗੁਰਦਾਸਪੁਰ ਦਾ ਡੈਲੀਗੇਟ  ਇਜਲਾਸ ਅੱਜ ਪਿੰਡ ਕੋਟ ਖਾਨ ਮੁਹੰਮਦ ਵਿੱਚ ਕਾਮਰੇਡ ਜਸਬੀਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਸੰਪਨ ਹੋਇਆ। ਜਿਸ ਵਿੱਚ ਲਗਾਤਾਰ ਸਰਬਸੰਮਤੀ ਨਾਲ ਡਾਕਟਰ ਗੁਰਚਰਨ ਗਾਂਧੀ ਨੂੰ ਬਲਾਕ ਸਕੱਤਰ ਅਤੇ ਜਸਬੀਰ ਸਿੰਘ ਬਾਜਵਾ ਤੇ ਕਾਮਰੇਡ ਅਤੇ ਕਾਮਰੇਡ ਤਲਵਿੰਦਰ ਸਿੰਘ ਸਹਾਇਕ ਸਕੱਤਰ ਅਤੇ ਤੇਰਾਂ ਮੈਂਬਰੀ ਬਲਾਕ ਕਮੇਟੀ ਤੋ ਇਲਾਵਾ 10 ਸਾਥੀ ਜਿਲ੍ਹੇ ਦੇ ਅਜਲਾਸ ਲਈ ਡੈਲੀਗੇਟ ਚੁਣੇ ਗਏ।

ਇਸ ਕਾਨਫਰੰਸ ਨੂੰ ਡਾਕਟਰ ਗੁਰਚਰਨ ਸਿੰਘ ਗਾਂਧੀ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਸਕੱਤਰ ਕਾਮਰੇਡ ਬਲਬੀਰ ਸਿੰਘ ਕੱਤੋਵਾਲ ਅਤੇ ਖੇਤ ਮਜ਼ਦੂਰ ਆਗੂ ਸੰਤੋਖ਼ ਸਿੰਘ ਸੰਘੇੜਾ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਤੁਰੰਤ ਬਾਅਦ ਹੀ ਦੇਸ਼ ਹਰਪੱਖ ਤੋਂ ਗਿਰਾਵਟ ਵਿੱਚ ਜਾ ਰਿਹਾ ਹੈ। 

ਜੁਮਲਿਆਂ ਦੀ ਇਸ ਸਰਕਾਰ ਨੇ ਦੇਸ਼ ਦੀ ਆਰਥਿਕਤਾ, ਸੁਰੱਖਿਆ, ਬੈਂਕ, ਰੇਲਾਂ, ਬੀਮਾ ਯੋਜਨਾ, ਵਿੱਦਿਆ, ਸੇਹਤ ਸੇਵਾਵਾਂ, ਸਮੇਤ ਸਭ ਕੁੱਝ ਵੇਚ ਦਿੱਤਾ ਹੈ ਤੇ ਕਾਰਪੋਰੇਟ ਘਰਾਣਿਆਂ ਨੂੰ ਸਭ ਕੁਝ ਲੁਟਾਉਣ ਲਈ ਪਬਾਂ ਭਾਰ ਹੋਈ ਫਿਰਦੀ ਹੈ। ਇਸ ਸਭ ਦੇ ਟਾਕਰੇ ਲਈ ਦੇਸ਼ ਦੀਆਂ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੇ ਏਕੇ ਦੀ ਦੇਸ਼ ਨੂੰ ਸਖ਼ਤ ਜਰੂਰਤ ਹੈ।

ਇਸ ਲਈ ਖੱਬੀਆਂ ਧਿਰਾਂ ਦਾ ਏਕਾ ਹੀ ਮਿਹਨਤਕਸ਼ ਲੋਕਾਂ ਨੂੰ ਇਸ ਹਨੇਰ ਗਰਦੀ ਤੇ ਲੁੱਟ ਤੋਂ ਨਿਜਾਤ ਦੁਆਉਣ ਲਈ ਸਮੇਂ ਦੀ ਫੌਰੀ ਤੌਰ ਤੇ ਮੰਗ ਹੈ। ਡਾਕਟਰ ਗੁਰਚਰਨ ਗਾਂਧੀ ਨੇ ਹਾਜ਼ਰ ਸਾਥੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਇਸ ਪਵਿੱਤਰ ਕਾਜ ਲਈ ਤਨੋ ਮਨੋ ਮਜ਼ਦੂਰ ਜਮਾਤ ਨੂੰ ਅਰਪਣ ਰਹਿਣਗੇ। ਹੁਣ ਇੱਕ ਵਾਰ ਫੇਰ ਲਾਲ ਝੰਡੇ ਵਾਲਾ ਰਸਤਾ ਹੀ ਕਿਰਤੀ ਜਮਾਤ ਲਈ ਬਾਕੀ ਬਚਿਆ ਹੈ।

ਅਖੀਰ ਵਿੱਚ ਯਾਦ  ਆ ਰਹੇ ਨੇ ਜਨਾਬ ਫ਼ੈਜ਼ ਅਹਿਮਦ ਫ਼ੈਜ਼ ਸਾਹਿਬ ਅਤੇ ਉਹਨਾਂ ਦੀਆਂ ਦੋ ਸਤਰਾਂ:

ਹਮ ਮਿਹਨਤਕਸ਼ ਇਸ ਦੁਨੀਆ ਸੇ ਜਬ ਆਪਣਾ ਹਿੱਸਾ ਮਾਂਗੇਗੇ!

ਇੱਕ ਬਾਗ ਨਹੀਂ, ਇੱਕ ਖੇਤ ਨਹੀਂ, ਹਮ ਸਾਰੀ ਦੁਨੀਆ ਮਾਂਗੇਂਗੇ!

ਫ਼ੈਜ਼ ਸਾਹਿਬ ਦੀਆਂ ਹੀ ਕੁਝ ਸਤਰਾਂ ਹੋਰ ਅਜੇ ਦੇ ਸੰਘਰਸ਼ਾਂ ਦੀ ਗੱਲ ਕਰਦਿਆਂ:

ਏ ਖਾਕਨਸ਼ੀਨੋਂ, ਉੱਠ ਬੈਠੋ, 

ਵਹ ਵਕਤ ਕਰੀਬ ਆ ਪਹੁੰਚਾ ਹੈ

ਜਬ ਤਖ਼ਤ ਗਿਰਾਏ ਜਾਏਂਗੇ, 

ਜਬ ਤਾਜ ਉਛਾਲੇ ਜਾਏਂਗੇ

ਕਟਤੇ ਭੀ ਚਲੋ, ਬੜਤੇ ਭੀ ਚਲੋ, 

ਬਾਜੂ ਭੀ ਬਹੁਤ ਹੈ, ਸਰ ਭੀ ਬਹੁਤ

ਚਲਤੇ ਹੀ ਚਲੋ ਕਿ: 

ਅਬ ਡੇਰੇ ਮੰਜ਼ਲ ਹੀ ਪੇ ਡਾਲੇ ਜਾਏਂਗੇ

ਬਾਕੀ ਗੱਲਾਂ ਕਿਸੇ ਹੋਰ ਪੋਸਟ ਵਿਚ ਕਰਾਂਗੇ। ਗੱਲਾਂ ਵੀ ਬਹੁਤ ਨੇ ਮੁੱਦੇ ਵੀ। ਹੁਣ ਏਕਾ ਬੜਾ ਜ਼ਰੂਰੀ ਏ।