Wednesday, November 25, 2020

ਲਿਬਰੇਸ਼ਨ ਪਾਰਟੀ ਵਲੋਂ ਖੱਟਰ ਸਰਕਾਰ ਦੀ ਸਖ਼ਤ ਨਿੰਦਾ

Wednesday: 25th November 2020 at 04:35 PM

 ਹਰਿਆਣਾ ਦਾ ਬਾਰਡਰ ਸੀਲ ਕਰਨਾ ਬੇਹੱਦ ਮੰਦਭਾਗਾ 

ਮਾਨਸਾ: 25 ਨਵੰਬਰ 2020: (ਕਾਮਰੇਡ ਸਕਰੀਨ ਬਿਊਰੋ)::

ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ 26-27 ਨਵੰਬਰ ਨੂੰ ਵਿਰੋਧ ਪ੍ਰਦਰਸ਼ਨ ਕਰਨ ਲਈ ਦਿੱਲੀ ਜਾਣੋ ਰੋਕਣ ਲਈ ਹਰਿਆਣਾ ਵਿੱਚ ਦਾਖ਼ਲ ਹੋਣ ਉਤੇ ਪਾਬੰਦੀਆਂ ਲਾਉਣ ਅਤੇ ਹਰਿਆਣਾ ਦੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਬਦਲੇ ਹਰਿਆਣਾ ਦੀ ਖੱਟਰ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਬੀਜੇਪੀ ਦੀ ਕੇਂਦਰੀਂ ਤੇ ਹਰਿਆਣਾ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇੰਝ ਤਾਨਾਸ਼ਾਹੀ ਢੰਗ ਨਾਲ਼ ਪੰਜਾਬ ਦੇ ਕਿਸਾਨਾਂ ਨੂੰ  ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਅਪਣੀ ਆਵਾਜ਼ ਉਠਾਉਣੋ ਰੋਕਣ ਦੇ ਭਵਿੱਖੀ ਨਤੀਜੇ ਕੀ ਨਿਕਲ ਸਕਦੇ ਹਨ। 

 ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਇਥੋਂ ਜਾਰੀ ਕੀਤੇ ਇਕ ਬਿਆਨ ਵਿਚ ਭਗਤਾ ਭਾਈਕਾ ਵਿੱਚ ਇਕ ਡੇਰਾ ਪ੍ਰੇਮੀ ਦੇ ਹੋਏ ਕਤਲ ਦੀ ਨਿੰਦਾ ਕਰਦਿਆਂ ਕਿਹਾ ਗਿਆ ਹੈ ਕਿ ਇਸ ਵਕਤ ਸਮੁੱਚਾ ਪੰਜਾਬੀ ਸਮਾਜ, ਕਿਸਾਨ ਅੰਦੋਲਨ ਦੇ ਹੱਕ ਵਿੱਚ ਇਕਜੁੱਟ ਹੈ। ਜਿਸ ਕਰਕੇ ਇਥੇ ਬੀਜੇਪੀ ਤੇ ਮੋਦੀ ਸਰਕਾਰ ਨੂੰ ਸਭ ਪਾਸਿਉਂ ਭਾਰੀ ਫਿਟ ਲਾਹਣਤਾਂ ਪੈ ਰਹੀਆਂ ਹਨ। ਪੰਜਾਬੀਆਂ ਦੀ ਇਸ ਇਕਜੁੱਟਤਾ ਤੋਂ ਪ੍ਰੇਸ਼ਾਨ ਸੰਘ-ਬੀਜੇਪੀ ਦੀ ਘੋਰ ਫਿਰਕੂ ਲੀਡਰਸ਼ਿਪ ਵਲੋਂ ਪੰਜਾਬ ਵਿੱਚ ਫਿਰਕੂ ਗੜਬੜ ਤੇ ਦਹਿਸ਼ਤ ਦਾ ਮਾਹੌਲ ਬਣਾ ਕੇ ਜਨਤਾ ਦੀ ਏਕਤਾ ਨੂੰ ਤੋੜਨ ਲਈ ਅੰਦਰਖਾਤੇ ਕਈ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਡੇਰਾ ਪ੍ਰੇਮੀ ਦੇ ਉਕਤ ਕਤਲ ਦੀ ਜ਼ਿੰਮੇਵਾਰੀ ਇਕ ਗੈਂਗਸਟਰ ਵਲੋਂ ਲੈਣ ਤੋਂ ਜ਼ਾਹਿਰ ਹੈ ਕਿ ਕੇਂਦਰੀ ਏਜੰਸੀਆਂ ਨੇ ਸੂਬੇ ਵਿੱਚ ਅਪਣਾ ਪੁਰਾਣਾ ਤੇ ਘਿਨਾਉਣਾ ਖੇਲ੍ਹ ਮੁੜ ਸ਼ੁਰੂ ਕਰ ਦਿੱਤਾ ਹੈ। ਇਸ ਕਰਕੇ ਪੰਜਾਬ ਅਤੇ ਕਿਸਾਨੀ ਦੇ ਹਿੱਤਾਂ ਪ੍ਰਤੀ ਸੁਹਿਰਦ ਸਾਰੀਆਂ ਸ਼ਕਤੀਆਂ ਨੂੰ ਇਸ ਬਾਰੇ ਪੂਰੀ ਤਰ੍ਹਾਂ ਚੌਕਸ ਰਹਿਣ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤੀ ਨਾਲ ਕਾਇਮ ਰੱਖਣ ਦੀ ਅਹਿਮ ਜ਼ਰੂਰਤ ਹੈ। 

       ਬਿਆਨ ਵਿੱਚ ਕਿਹਾ ਗਿਆ ਹੈ ਕਿ ਬੀਜੇਪੀ ਇਹ ਨਾ ਭੁੱਲੇ ਕਿ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣੋ ਰੋਕਣ ਦੇ ਜਵਾਬ ਵਿੱਚ ਅਗਰ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿੱਚੋਂ ਲੰਘਦੀਆਂ ਸਾਰੀਆਂ ਸੜਕਾਂ ਜਾਮ ਕਰਕੇ ਸਰਹੱਦੀ ਸੂਬੇ ਪੰਜਾਬ ਸਮੇਤ ਜੰਮੂ ਕਸ਼ਮੀਰ ਤੇ ਹਿਮਾਚਲ ਦੀ ਪੂਰੀ ਸੜਕੀ ਆਵਾਜਾਈ ਨੂੰ ਠੱਪ ਕਰ ਦਿੱਤਾ, ਤਾਂ ਦੇਸ਼ ਸਾਹਮਣੇ ਕਿਹੋ ਜਿਹੀ ਨਾਜ਼ੁਕ ਹਾਲਤ ਪੈਦਾ ਹੋ ਸਕਦੀ ਹੈ? ਇਸ ਹਾਲਤ ਵਿੱਚ ਕਿਸਾਨਾਂ ਨੂੰ ਦਿੱਲੀ ਜਾਣੋ ਡੱਕਣ ਵਾਲੀ ਖੱਟਰ ਸਰਕਾਰ ਵੀ, ਖੁਦ ਅਪਣੀ ਰਾਜਧਾਨੀ ਚੰਡੀਗੜ੍ਹ ਆਉਣ ਜਾਣ ਤੋਂ ਬੇਵੱਸ ਹੋ ਕੇ ਰਹਿ ਸਕਦੀ ਹੈ। 

ਦੇਸ਼ ਭਰ ਦੇ ਕਿਸਾਨਾਂ ਦੇ ਇਸ ਸੰਘਰਸ਼ ਦੀ ਪੂਰਨ ਹਿਮਾਇਤ ਕਰਦਿਆਂ ਪਾਰਟੀ ਨੇ ਮੰਗ ਕੀਤੀ ਹੈ ਕਿ ਮੋਦੀ ਸਰਕਾਰ ਕੌਮਾਂਤਰੀ ਆਰਥਿਕ ਮੰਦਵਾੜੇ ਦੇ ਇਸ ਦੌਰ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਰੋਜ਼ੀ ਰੁਜ਼ਗਾਰ ਪ੍ਰਦਾਨ ਕਰ ਰਹੇ ਦੇਸ਼ ਦੇ ਖੇਤੀ ਖੇਤਰ ਨੂੰ ਤਬਾਹ ਕਰਨ ਤੋਂ ਬਾਜ ਆਵੇ ਅਤੇ ਅਪਣੇ ਇੰਨਾਂ ਕਾਰਪੋਰੇਟਪ੍ਰਸਤ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ।  

ਇਸ ਵਿਰੋਧ ਦੀ ਦਿਨੋਂਦਿਨ ਮਜ਼ਬੂਤ ਹੋ ਰਹੀ ਮੁਹਿੰਮ ਵਿੱਚ ਸ਼ਾਮਲ ਹੋਣ ਦੇ ਇੱਛੁਕ ਜਾਂ ਕੋਈ ਸਪਸ਼ਟੀਕਰਨ ਚਾਹੁਣ ਵਾਲੇ ਸੱਜਣ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਹੁਰਾਂ ਨਾਲ ਉਹਨਾਂ ਦੇ ਮੋਬਾਈਲ ਨੰਬਰ-+91 9417233404 ਤੇ ਸੰਪਰਕ ਕਰ ਸਕਦੇ ਹਨ। 

Sunday, November 8, 2020

ਇਨਕਲਾਬੀ ਨਾਹਰਿਆਂ ´ਚ CTU ਪੰਜਾਬ ਦਾ ਡੈਲੀਗੇਟ ਇਜਲਾਸ ਸੰਪੰਨ

 ਪਰਮਜੀਤ ਸਿੰਘ ਪ੍ਰਧਾਨ ਅਤੇ ਜਗਦੀਸ਼ ਚੰਦ ਸਕੱਤਰ ਬਣੇ 


ਲੁਧਿਆਣਾ
: 08 ਨਵੰਬਰ 2020: (ਕਾਮਰੇਡ ਸਕਰੀਨ ਬਿਊਰੋ)::

ਪੰਜਾਬ ਦੀ ਲੜਾਕੂ, ਇਨਕਲਾਬੀ ਤੇ ਸਿਰਮੌਰ ਜਥੇਬੰਦੀ ਸੈਂਟਰ ਆਫ ਟਰੇਡ ਯੂਨੀਅਨ ਪੰਜਾਬ (ਸੀ ਟੀ ਯੂ ਪੰਜਾਬ ) ਜਿਲ੍ਹਾ ਲੁਧਿਆਣਾ ਦਾ ਡੈਲੀਗੇਟ ਇਜਲਾਸ ਅੱਜ ਲੁਧਿਆਣਾ ਵਿਖੇ ਪਰਮਜੀਤ ਸਿੰਘ, ਬਲਰਾਮ ਸਿੰਘ, ਪਵਨ ਕੁਮਾਰ ਅਤੇ ਗੁਰਦੀਪ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਹੋਇਆ। ਅੱਜ ਦੇ ਇਜਲਾਸ ਨੂੰ ਸੂਬਾਈ ਪ੍ਰਧਾਨ ਸਾਥੀ ਵਿਜੇ ਮਿਸ਼ਰਾ, ਜ: ਸਕੱਤਰ ਨੱਥਾ ਸਿੰਘ ਅਤੇ ਦੇਵ ਰਾਜ ਵਰਮਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਸੂਬੇ ਦੀ ਕੈਪਟਨ ਸਰਕਾਰ ਸਾਮਰਾਜੀ ਨੀਤੀਆਂ ਤੇ ਚੱਲਦਿਆਂ ਮਜ਼ਦੂਰਾਂ ਵੱਲੋਂ ਲੱੜਕੇ ਬਣਵਾਏ ਕਿਰਤ ਕਾਨੂੰਨ ਖਤਮ ਕਰਕੇ ਮਜ਼ਦੂਰਾਂ ਦੀ ਹੋਰ ਲੁੱਟ ਨੂੰ ਤੇਜ਼ ਕਰ ਰਹੇ ਹਨ। ਉਹਨਾਂ ਆਖਿਆ ਕਿ ਸੀ ਟੀ ਯੂ ਪੰਜਾਬ ਮਜ਼ਦੂਰਾਂ ਨੂੰ ਜਥੇਬੰਦ ਕਰਕੇ ਮਜ਼ਦੂਰਾਂ  ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਤੇਜ਼ ਕਰਨਗੇ। ਸਾਥੀ ਜਗਦੀਸ਼ ਚੰਦ ਵੱਲੋਂ ਪੇਸ਼ ਕੀਤੀ ਰਿਪੋਰਟ ਤੇ ਸਾਥੀਆਂ ਨੇ ਬਹਿਸ ਕੀਤੀ। ਇਸ ਇਜਲਾਸ ਨੂੰ ਭਰਾਤਰੀ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੌਹੀ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਅਮਰਜੀਤ ਮੱਟੂ, ਦਰਸ਼ਣ ਸਿੰਘ ਸਾਇਆ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਭਰਾਤਰੀ ਸੰਦੇਸ਼ ਦਿੰਦਿਆਂ ਸੀ ਟੀ ਯੂ ਪੰਜਾਬ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਡੈਲੀਗੇਟ ਇਜਲਾਸ ਨੇ 33 ਮੈਂਬਰੀ ਜਿਲ੍ਹਾ ਕਮੇਟੀ ਦੀ ਚੌਣ ਕੀਤੀ। ਜਿਸ ਵਿੱਚ ਪਰਮਜੀਤ ਸਿੰਘ ਲੁਧਿਆਣਾ ਪ੍ਰਧਾਨ, ਜਗਦੀਸ਼ ਚੰਦ ਸਕੱਤਰ ਤੇ ਗੁਰਦੀਪ ਸਿੰਘ ਕਲਸੀ ਵਿੱਤ ਸਕੱਤਰ ਚੁਣੇ ਗਏ। ਇਜਲਾਸ ਸ਼ੁਰੂ ਕਰਨ ਤੋਂ ਪਹਿਲਾ ਜਥੇਬੰਦੀ ਦਾ ਝੰਡਾ ਇਨਕਲਾਬੀ ਨਾਹਰਿਆਂ ਦੀ ਗੂੰਜ ਵਿੱਚ ਲਹਿਰਾਇਆ ਗਿਆ ਅਤੇ ਝੰਡੇ ਨੂੰ ਸਲਾਮੀ ਭੇਟ ਕੀਤੀ।

Sunday, November 1, 2020

ਖਤਰਨਾਕ ਸਰਕਾਰੀ ਨੀਤੀਆਂ ਨੂੰ ਨਾਕਾਮ ਕਰਨ ਲਈ ਇੱਕਜੁਟ ਹੋਣਾ ਜ਼ਰੂਰੀ

ਏਟਕ ਦੇ ਸ਼ਤਾਬਦੀ ਸਮਾਗਮ ਵੱਲੋਂ 26 ਦੀ ਹੜਤਾਲ ਸਫਲ ਕਰਨ ਦਾ ਸੱਦਾ


ਲੁਧਿਆਣਾ
: 1 ਨਵੰਬਰ 2020:(ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ)::
ਦੇਸ਼ ਦੀ ਪਹਿਲੀ ਕੇਂਦਰੀ ਟਰੇਡ ਯੂਨੀਅਨ ਦੇ ਸ਼ਾਨਦਾਰ ਇਤਿਹਾਸ ਨੂੰ ਯਾਦ ਕਰਨ ਲਈ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਨੇ ਵਰਕਰਾਂ ਦੇ ਸੰਘਰਸ਼-ਅਤੀਤ, ਵਰਤਮਾਨ ਅਤੇ ਭਵਿੱਖ ਦੇ ਵਿਸ਼ੇ 'ਤੇ ਕਾਮਰੇਡ ਰਮੇਸ਼ ਰਤਨ, ਗੁਰਮੇਲ ਮੈਲਡੇ, ਬਲਬੀਰ ਕੌਰ, ਚਮਕੌਰ ਸਿੰਘ ਅਤੇ ਕੇਵਲ ਬਨਵੈਤ ਦੇ ਪ੍ਰਧਾਨਗੀ ਮੰਡਲ ਹੇਠ ਇਕ ਯਾਦਗਾਰੀ ਸੰਮੇਲਨ ਆਯੋਜਿਤ ਕੀਤਾ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਡਾ: ਜੋਗਿੰਦਰ ਦਿਆਲ ਨੇ ਕਿਹਾ ਕਿ ਬ੍ਰਿਟਿਸ਼ ਸਾਮਰਾਜੀਆਂ ਤੋਂ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਭਾਰਤੀ ਮਜ਼ਦੂਰ ਜਮਾਤ ਦੇ ਸੰਘਰਸ਼ ਨੂੰ ਯਾਦ ਕਰਦਿਆਂ ਕਿਹਾ ਕਿ  ਬਸਤੀਵਾਦੀ ਸ਼ਾਸਨ ਵਿਰੁੱਧ ਸੰਘਰਸ਼ਾਂ ਨੇ ਹੀ ਦੇਸ਼ ਭਰ ਦੇ ਮਜ਼ਦੂਰਾਂ ਨੂੰ ਏਕਤਾ ਵਿਚ ਜੋੜ ਦਿੱਤਾ ਸੀ। 
ਏਟਕ ਦੇ ਬੈਨਰ ਹੇਠ ਆਪਣੀਆਂ ਮੰਗਾਂ ਲਈ ਉਨ੍ਹਾਂ ਨੇ ਪਹਿਲੀ ਕਾਨਫਰੰਸ 31 ਅਕਤੂਬਰ 1920 ਨੂੰ ਬੰਬਈ ਵਿਚ ਕੀਤੀ ਸੀ ਜਿਸ ਦੀ ਪ੍ਰਧਾਨਗੀ ਮਹਾਨ ਸੁਤੰਤਰਤਾ ਸੇਨਾਨੀ ਸਹੀਦ ਲਾਲਾ ਲਾਜਪਤ ਰਾਏ ਨੇ ਕੀਤੀ। ਮਜ਼ਦੂਰਾਂ ਨੇ ਆਜ਼ਾਦੀ ਤੋਂ ਬਾਅਦ ਦੇ ਸਮੇਂ ਵਿੱਚ ਧਰਮ ਨਿਰਪੱਖ, ਲੋਕਤੰਤਰੀ ਅਤੇ ਸਵੈ-ਨਿਰਭਰ ਦੇਸ ਦੀ ਉਸਾਰੀ ਅਤੇ ਉਨ੍ਹਾਂ ਦੇ ਯੂਨੀਅਨ ਬਨਾਉਣ ਦੇ ਅਧਿਕਾਰ, ਬਰਾਬਰ ਕੰਮ ਲਈ ਬਰਾਬਰ ਤਨਖਾਹ, ਨੌਕਰੀ ਦੀ ਸੁਰੱਖਿਆ ਅਤੇ ਮਹਿਲਾ ਕਰਮਚਾਰੀਆਂ ਦੇ ਵਿਸੇਸ ਅਧਿਕਾਰਾਂ ਲਈ ਸੰਘਰਸ਼ ਜਾਰੀ ਰੱਖਿਆ। ਪਰ ਹੁਣ ਮਜ਼ਦੂਰਾਂ ਨੂੰ  ਇਤਿਹਾਸ ਵਿਚ ਮੁੜ ਇਕ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਦੇਸ਼ ਵਿਚ ਹੁਣ ਉਨ੍ਹਾਂ ਲੋਕਾਂ ਵੱਲੋਂ ਹਕੂਮਤ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਕਦੇ ਵੀ ਬ੍ਰਿਟਿਸ਼ ਸਾਮਰਾਜ ਨਾਲ ਜੁੜੇ ਆਜ਼ਾਦੀ ਅੰਦੋਲਨ ਵਿਚ ਹਿੱਸਾ ਹੀ ਨਹੀਂ ਸੀ ਲਿਆ। ਇੱਕ ਪ੍ਰਸਿੱਧ ਸ਼ਾਇਰਾ ਸ਼ਬੀਨਾ ਅਦੀਬ ਦੇ ਸ਼ਬਦਾਂ ਵਿੱਚ ਕਹੀਏ ਤਾਂ:
ਗਾਂਧੀ ਕੇ ਸਿੰਘਾਸਨ ਪਰ ਹੈ ਨਾਥੂ ਕੀ ਸੰਤਾਨ! 
ਲਹੂ ਰੋਤਾ ਹੈ ਹਿੰਦੋਸਤਾਨ!ਲਹੂ ਰੋਤਾ ਹੈ ਹਿੰਦੋਸਤਾਨ! 
ਇਸ ਬੇਹੱਦ ਨਾਜ਼ੁਕ ਅਤੇ ਖਤਰਨਾਕ ਹਾਲਤ ਵਿੱਚ ਜਿੱਥੇ ਇਕ ਪਾਸੇ ਆਰਡੀਨੈਂਸਾਂ ਰਾਹੀਂ ਮਜ਼ਦੂਰਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਸਾਰੀਆਂ ਧਰਮ ਨਿਰਪੱਖ ਅਤੇ ਜਮਹੂਰੀ ਕਦਰਾਂ ਕੀਮਤਾਂ, ਸੰਵਿਧਾਨਕ ਜਿੰਮੇਵਾਰੀਆਂ ਅਤੇ ਸੰਸਥਾਵਾਂ ਨੂੰ ਢਾਹ ਲਾਈ ਜਾ ਰਹੀ ਹੈ। ਵਿਰੋਧ ਦੀ ਹਿੰਮਤ ਕਰ ਸਕਣ ਵਾਲਿਆਂ ਉੱਤੇ ਜਬਰ ਜ਼ੁਲਮ ਦਾ ਕੁਹਾੜਾ ਬੜੀ ਹੀ ਬੇਰਹਿਮੀ ਨਾਲ ਚਲਾਇਆ ਜਾ ਰਿਹਾ ਹੈ। ਵਿਦਵਾਨਾਂ ਅਤੇ ਬੁਧੀਜੀਵੀਆਂ ਨੂੰ ਜੇਹਲਾਂ ਵਿੱਚ ਸੁੱਟਿਆ ਗਿਆ ਹੈ। ਹੁਣ ਤੱਕ ਦਾ ਸਭਤੋਂ ਖਤਰਨਾਕ ਮਾਹੌਲ ਹੈ ਜਿਸ ਵਿਹਚ ਸਭਨਾਂ ਲੋਕ ਪੱਖੀ ਤਾਕਤਾਂ ਦਾ ਇਕ ਬੇਹੱਦ ਜ਼ਰੂਰੀ ਹੋ ਗਿਆ ਹੈ। 
ਸਰਕਾਰ ਅੰਤਰਰਾਸ਼ਟਰੀ ਫੋਰਮਾਂ ਅਤੇ ਅੰਤਰਰਾਸ਼ਟਰੀ ਮਜਦੂਰ ਸੰਗਠਨ (ਆਈ ਐਲ ਓ ) ਵਿੱਚ ਦਿੱਤੇ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ।  ਇਸ ਮੌਕੇ ਤੇ ਬੋਲਦਿਆਂ ਸਾਬਕਾ ਐਮ ਐਲ ਏ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਸੰਸਦ ਵਿੱਚ ਬਿਨਾਂ ਕਿਸੇ ਬਹਿਸ ਦੇ ਚਾਰ ਮਜਦੂਰ ਵਰੋਧੀ ਅਤੇ ਕਿਸਾਨ ਵਿਰੋਧੀ ਬਿਲ ਪਾਸ ਕਰਨਾ  ਇਸ ਦੀ ਇੱਕ ਜਿਉਂਦੀ ਜਾਗਦੀ  ਮਿਸਾਲ ਹੈ। ਕੰਮ ਦੇ ਘੰਟਿਆਂ ਨੂੰ 8 ਤੋਂ ਬਦਲ ਕੇ 12 ਕੀਤਾ ਜਾ ਰਿਹਾ ਹੈ, ਮਜਦੂਰਾਂ ਲਈ ਕਿੱਤਾਮੁਖੀ ਸੁਰੱਖਿਆ  ਨੂੰ ਕਮਜੋਰ ਕੀਤਾ ਜਾ ਰਿਹਾ ਹੈ ਅਤੇ ਵਿਰੋਧ ਪ੍ਰਦਰਸ਼ਨ ਅਤੇ ਹੜਤਾਲ ਦੇ ਉਨ੍ਹਾਂ ਦੇ ਬੁਨਿਆਦੀ ਅਧਿਕਾਰ ਖੋਹੇ ਜਾ ਰਹੇ ਹਨ। ਮਜ਼ਦੂਰ ਇਸ ਨੂੰ ਮਹਿਸੂਸ ਕਰ ਰਹੇ ਹਨ ਅਤੇ ਉਹ ਪਹਿਲਾਂ ਨਾਲੋਂ ਵੀ ਵੱਧ ਸੰਗਠਿਤ ਹੋ ਰਹੇ ਹਨ। 
ਕਿਸਾਨ ਆਗੂ ਡਾ: ਜੋਗਿੰਦਰ ਦਿਆਲ ਨੇ ਕਿਹਾ ਕਿ  ਆਰ ਐਸ ਐਸ ਦੀ ਸਰਪ੍ਰਸਤੀ ਵਾਲੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ ਦੇ ਚਲਦਿਆਂ  ਮਜਦੂਰਾਂ ਅਤੇ  ਕਿਸਾਨਾਂ ਦੀਆਂ  ਇਕਜੁੱਟ ਕਾਰਵਾਈਆਂ ਤੇ ਵੱਡੀ ਉਮੀਦ ਹੈ।  ਸਰਕਾਰ ਵਲੋਂ  ਵਿਦੇਸ਼ੀ ਅਤੇ ਸਥਾਨਕ ਪੂੰਜੀਪਤੀਆਂ ਨੂੰ ਭਾਰਤੀ ਆਰਥਿਕਤਾ  ਵੇਚਣ ਦਾ ਮਜਦੂਰ  ਵਿਰੋਧ ਕਰ ਰਹੇ ਹਨ। ਇਹ ਦੇਸ਼ ਦੇ ਲੋਕਾਂ  ਲਈ ਗੰਭੀਰ ਸਮਾਂ ਹੈ  ਕਿਉਂਕਿ ਸਰਕਾਰ ਇੰਨੀ ਜ਼ਾਲਿਮ ਹੈ ਕਿ ਉਹ ਕੋਵਿਡ ਸੰਕਟ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਘੱਟ ਚਿੰਤਤ ਹੈ ਅਤੇ ਇਸ ਦੀ ਬਜਾਏ ਉਹ ਲੋਕਤੰਤਰੀ ਸੰਘਰਸ਼ਾਂ ਨੂੰ ਕੁਚਲਣ ਲਈ ਇਸ ਮਹਾਂਮਾਰੀ ਨੂੰ ਮੌਕੇ ਵੱਜੋਂ ਜ਼ਿਆਦਾ ਵਰਤ ਰਹੀ ਹੈ। ਭਾਵੇ ਪਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ ਕਾਰਪੋਰੇਟਾਂ ਨੂੰ ਅਨੇਕਾਂ ਛੋਟਾਂ ਦਿੱਤੀਆਂ ਗਈਆਂ ਪਰ ਗਰੀਬਾਂ ਲਈ ਵੀ ਮਨਰੇਗਾ ਵਰਗੇ ਤੇ ਆਰ ਟੀ ਆਈ ਵਰਗੇ ਕਈ ਹਾਂ ਪੱਖੀ ਕੰਮ ਵੀ ਹੋਏ।   
ਭਾਰਤੀ ਖੇਤ ਮਜ਼ਦੂਰ ਯੂਨੀਅਨ ਕੌਮੀ ਜਨਰਲ ਸਕੱਤਰ ਗੁਲਜ਼ਾਰ ਗੋਰੀਆ ਨੇ ਕਿਹਾ ਕਿ ਅੱਜ ਖੇਤ ਮਜ਼ਦੂਰ ਏਟਕ ਦਾ ਇੱਕ ਮਜ਼ਬੁਤ ਹਿੱਸਾ ਹਨ।
ਸੰਬੋਧਨ ਕਰਦਿਆਂ ਕਾਮਰੇਡ ਡੀ ਪੀ ਮੌੜ-ਸੀਨੀਅਰ ਮੀਤ ਪ੍ਰਧਾਨ ਏਟਕ ਪੰਜਾਬ ਨੇ ਕਿਹਾ ਕਿ ਦੇਸ਼ ਭਰ ਦੇ ਮਜ਼ਦੂਰ ਸਾਰੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ 26 ਨਵੰਬਰ 2020 ਨੂੰ ਹੜਤਾਲ ਕਰਨਗੇ। ਕਾਮਰੇਡ ਵਿਜੇ ਕੁਮਾਰ-ਜਨਰਲ ਸਕੱਤਰ ਏਟਕ ਲੁਧਿਆਣਾ ਨੇ ਕਿਹਾ ਕਿ ਲੁਧਿਆਣਾ ਵਿਚ 26 ਨਵੰਬਰ ਦੀ ਹੜਤਾਲ ਨੂੰ ਕਾਮਯਾਬ ਕਰਨ ਲਈ ਪੂਰਾ ਜ਼ੋਰ ਲਾਇਆ ਜਾਏਗਾ। 
ਚਰਨ ਸਰਾਭਾ ਨੇ ਸਿੱਖਿਆ ਨੀਤੀ ਦੀ ਵਿਆਖਿਆ ਕੀਤੀ ਤੇ ਇਸਨੂੰ ਆਉਣ ਵਾਲੇ ਸਮੇਂ ਵਿੱਚ ਘਾਤਕ ਦੱਸਆ ਤੇ ਆਰ  ਅੇਸ ਐਸ ਦੀ ਸੋਚ ਦਾ ਹਿੱਸਾ ਦੱਸਿਆ। ਕਿਸਾਨ ਆਗੂ ਚਮਕੌਰ ਸਿੰਘ ਨੇ ਕਿਸਾਨ ਵਿਰੋਧੀ ਬਿਲਾਂ ਦੇ ਵਿਰੋਧ ਵਿਚ ਕਿਸਾਨ ਮਜ਼ਦੂਰ ਏਕੇ ਤੇ ਬਲ ਦਿੱਤਾ। ਇਹਨਾਂ ਤੋਂ ਇਲਾਵਾ ਸੰਬੋਧਨ ਕਰਨ ਵਾਲਿਆਂ ਵਿਚ ਸ਼ਾਮਲ ਸਨ ਕਾਮਰੇਡ ਐਮ ਐਸ ਭਾਟੀਆ-ਡਿਪਟੀ ਜਨਰਲ ਸਕੱਤਰ ਲੁਧਿਆਣਾ, ਚਰਨ ਸਰਾਭਾ, ਡਾ ਅਰੁਣ ਮਿੱਤਰਾ, ਚਮਕੌਰ ਸਿੰਘ। ਭਰਾਤਰੀ ਤੌਰ ਤੇ ਇਸ ਵਿਚ ਸ਼ਾਮਿਲ ਹੋਏ ਮਨਪ੍ਰੀਤ ਕੌਰ, ਸਵਰਨਜੀਤ ਕੌਰ, ਜਗਦੀਸ਼ ਚੰਦ , ਸੁਖਵਿੰਦਰ ਸਿੰਘ ਲੋਟੇ, ਪਰਮਜੀਤ ਸਿੰਘ।
ਇਸ ਮੌਕੇ ਤੇ ਪੁਰਾਣੇ ਬਜ਼ੁਰਗ ਆਗੂਆਂ ਕਾਮਰੇਡ ਇਸਮਾਈਲ ਖ਼ਾਨ, ਜਗਤ ਰਾਮ, ਗੁਰਨਾਮ ਗਿੱਲ, ਚਜਨ ਸਰਾਭਾ, ਸੁਭਾਸ਼  ਚੰਦ, ਹਰਜਿੰਦਰ ਸਿੰਘ ਸੀਲੋਂ, ਬੀਐਮ ਫ਼ਰਡਰਿਕ, ਸੁਖਦੇਵ ਰਾਮ ਸੁੱਖੀ ਨੂੰ ਟ੍ਰੇਡ ਯੂਨੀਅਨ ਲਹਿਰ ਵਿਚ ਉਹਨਾਂ ਦੀ ਦੇਣ ਦੇ ਲਈ ਸਨਮਾਨਿਤ ਵੀ ਕੀਤਾ ਗਿਆ।ਕੁਲ ਮਿਲਾ ਕੇ ਮਾਹੌਲ ਵਿੱਚ ਬਹੁਤ ਹੀ ਸੰਤੁਲਿਤ ਜੋਸ਼ੋ ਖਰੋਸ਼ ਵੀ ਸੀ ਜਿਹੜਾ ਆਉਂਦੇ ਵਕਤ ਦੇ ਬੇਹੱਦ ਜੋਸ਼ੀਲੇ ਸੰਘਰਸ਼ਾਂ ਦੀ ਦਸਤਕ ਵੀ ਦੇ ਰਿਹਾ ਸੀ।