Sunday, November 8, 2020

ਇਨਕਲਾਬੀ ਨਾਹਰਿਆਂ ´ਚ CTU ਪੰਜਾਬ ਦਾ ਡੈਲੀਗੇਟ ਇਜਲਾਸ ਸੰਪੰਨ

 ਪਰਮਜੀਤ ਸਿੰਘ ਪ੍ਰਧਾਨ ਅਤੇ ਜਗਦੀਸ਼ ਚੰਦ ਸਕੱਤਰ ਬਣੇ 


ਲੁਧਿਆਣਾ
: 08 ਨਵੰਬਰ 2020: (ਕਾਮਰੇਡ ਸਕਰੀਨ ਬਿਊਰੋ)::

ਪੰਜਾਬ ਦੀ ਲੜਾਕੂ, ਇਨਕਲਾਬੀ ਤੇ ਸਿਰਮੌਰ ਜਥੇਬੰਦੀ ਸੈਂਟਰ ਆਫ ਟਰੇਡ ਯੂਨੀਅਨ ਪੰਜਾਬ (ਸੀ ਟੀ ਯੂ ਪੰਜਾਬ ) ਜਿਲ੍ਹਾ ਲੁਧਿਆਣਾ ਦਾ ਡੈਲੀਗੇਟ ਇਜਲਾਸ ਅੱਜ ਲੁਧਿਆਣਾ ਵਿਖੇ ਪਰਮਜੀਤ ਸਿੰਘ, ਬਲਰਾਮ ਸਿੰਘ, ਪਵਨ ਕੁਮਾਰ ਅਤੇ ਗੁਰਦੀਪ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਹੋਇਆ। ਅੱਜ ਦੇ ਇਜਲਾਸ ਨੂੰ ਸੂਬਾਈ ਪ੍ਰਧਾਨ ਸਾਥੀ ਵਿਜੇ ਮਿਸ਼ਰਾ, ਜ: ਸਕੱਤਰ ਨੱਥਾ ਸਿੰਘ ਅਤੇ ਦੇਵ ਰਾਜ ਵਰਮਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਸੂਬੇ ਦੀ ਕੈਪਟਨ ਸਰਕਾਰ ਸਾਮਰਾਜੀ ਨੀਤੀਆਂ ਤੇ ਚੱਲਦਿਆਂ ਮਜ਼ਦੂਰਾਂ ਵੱਲੋਂ ਲੱੜਕੇ ਬਣਵਾਏ ਕਿਰਤ ਕਾਨੂੰਨ ਖਤਮ ਕਰਕੇ ਮਜ਼ਦੂਰਾਂ ਦੀ ਹੋਰ ਲੁੱਟ ਨੂੰ ਤੇਜ਼ ਕਰ ਰਹੇ ਹਨ। ਉਹਨਾਂ ਆਖਿਆ ਕਿ ਸੀ ਟੀ ਯੂ ਪੰਜਾਬ ਮਜ਼ਦੂਰਾਂ ਨੂੰ ਜਥੇਬੰਦ ਕਰਕੇ ਮਜ਼ਦੂਰਾਂ  ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਤੇਜ਼ ਕਰਨਗੇ। ਸਾਥੀ ਜਗਦੀਸ਼ ਚੰਦ ਵੱਲੋਂ ਪੇਸ਼ ਕੀਤੀ ਰਿਪੋਰਟ ਤੇ ਸਾਥੀਆਂ ਨੇ ਬਹਿਸ ਕੀਤੀ। ਇਸ ਇਜਲਾਸ ਨੂੰ ਭਰਾਤਰੀ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੌਹੀ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਅਮਰਜੀਤ ਮੱਟੂ, ਦਰਸ਼ਣ ਸਿੰਘ ਸਾਇਆ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਭਰਾਤਰੀ ਸੰਦੇਸ਼ ਦਿੰਦਿਆਂ ਸੀ ਟੀ ਯੂ ਪੰਜਾਬ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਡੈਲੀਗੇਟ ਇਜਲਾਸ ਨੇ 33 ਮੈਂਬਰੀ ਜਿਲ੍ਹਾ ਕਮੇਟੀ ਦੀ ਚੌਣ ਕੀਤੀ। ਜਿਸ ਵਿੱਚ ਪਰਮਜੀਤ ਸਿੰਘ ਲੁਧਿਆਣਾ ਪ੍ਰਧਾਨ, ਜਗਦੀਸ਼ ਚੰਦ ਸਕੱਤਰ ਤੇ ਗੁਰਦੀਪ ਸਿੰਘ ਕਲਸੀ ਵਿੱਤ ਸਕੱਤਰ ਚੁਣੇ ਗਏ। ਇਜਲਾਸ ਸ਼ੁਰੂ ਕਰਨ ਤੋਂ ਪਹਿਲਾ ਜਥੇਬੰਦੀ ਦਾ ਝੰਡਾ ਇਨਕਲਾਬੀ ਨਾਹਰਿਆਂ ਦੀ ਗੂੰਜ ਵਿੱਚ ਲਹਿਰਾਇਆ ਗਿਆ ਅਤੇ ਝੰਡੇ ਨੂੰ ਸਲਾਮੀ ਭੇਟ ਕੀਤੀ।

No comments:

Post a Comment