Saturday, April 13, 2013

ਬਿਜਲੀ ਦਰਾਂ ਵਧਾਉਣਾ ਲੋਕਾਂ ਦੇ ਜ਼ਖ਼ਮਾਂ ਤੇ ਨਮਕ ਛਿੜਕਨ ਵਾਲੀ ਗੱਲ

ਸੀ ਪੀ ਆਈ ਨੇ ਕੀਤਾ ਲੁਧਿਆਣਾ ਵਿੱਚ ਜ਼ੋਰਦਾਰ ਰੋਸ ਵਖਾਵਾ 
ਲੁਧਿਆਣਾ 12 ਅਪ੍ਰੈਲ ( ਪੰਜਾਬ ਸਕਰੀਨ//ਰੈਕਟਰ ਕਥੂਰੀਆ ) ਭਾਰਤੀ ਕਮਿਉਨਿਸਟ ਪਾਰਟੀ ਜ਼ਿਲਾ ਲੁਧਿਆਣਾ ਵਲੋਂ ਪਾਰਟੀ ਦੇ ਵਲੋਂ ਸਾਰੇ ਦੇਸ਼ ਵਿੱਚ ਉੜੀਸਾ ਵਿਖੇ ਦੱਖਣੀ ਕੋਰੀਆ ਦੀ ਕੰਪਨੀ ਪੋਸਕੋ ਦੇ ਵਿਰੋਧ ਵਿੱਚ ਚਲ ਰਹੇ ਅੰਦੋਲਨ ਦੇ ਨਾਲ ਇੱਕਮੁਠਤਾ ਪਰਗਟ ਕਰਨ ਦੇ ਲਈ ਸੱਦੇ ਤੇ ਕਚਿਹਰੀਆਂ ਵਿਖੇ ਪਰਦਰਸ਼ਨ ਕੀਤਾ ਅਤੇ ਉਪਰੰਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਇਸ ਵਿੱਚ ਲੋਕਾਂ ਉਪਰ ਕੇਂਦਰੀ ਤੇ ਸੂਬਾਈ ਦੋਨੋ ਸਰਕਾਰਾਂ ਵਲੋਂ ਕੀਤੇ ਜਾ ਰਹੇ ਦਮਨ ਨੂੰ ਬੰਦ ਕਰਨ, ਭਾਰਤੀ ਕਮਿਉਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਕਾ ਅਭੈ ਸਾਹੂ ਸਮੇਤ ਕਈ ਹੋਰਾਂ ਤੇ ਝੂਠੇ ਬਣਾਏ ਕੇਸ ਵਾਪਸ ਲੈਣ, ਲੋਕਾਂ ਦੀ ਜ਼ਮੀਨ ਤੋਂ ਉਹਨਾ ਨੂੰ ਬੇਦਖ਼ਲ ਕਰਨਾ ਬੰਦ ਕਰਨ, ਪੁਲਿਸ ਦੇ ਦਮਨ ਦੌਰਾਨ ਮਾਰੇ ਗਏ ਤੇ ਜ਼ਖ਼ਮੀ ਅੰਦੋਲਨਕਾਰੀਆਂ ਨੂੰ ਉਚਿਤ ਮੁਆਵਜ਼ਾ ਦੇਣ ਅਤੇ ਪਰੀਆਵਰਣ ਸਬੰਧੀ ਸਾਰੀਆਂ ਮੱਦਾਂ ਨੂੰ ਸਹੀ ਢੰਗ ਨਾਲ ਪੂਰਾ ਕਰਨ ਦੀ ਮੰਗ ਕੀਤੀ। ਇਸ ਮੌਕੇ ਤੇ ਬੋਲਦਿਆਂ ਕਾ ਕਰਤਾਰ ਸਿੰਘ ਬੁਆਣੀ ਜ਼ਿਲਾ ਸਕੱਤਰ ਭਾ ਕ ਪਾ ਨੇ ਕਿਹਾ ਕਿ ਇਹ ਅਤੀ ਨਿੰਦਣਯੋਗ ਗੱਲ ਹੈ ਕਿ ਸਾਡੀ ਸਰਕਾਰ ਵਿਕਾਸ ਦੇ ਨਾਮ ਤੇ ਵਿਦੇਸ਼ੀ ਕੰਪਨੀਆਂ ਨੂੰ ਸਾਡੇ ਆਪਣੇ ਲੋਕਾਂ ਦੇ ਹਿੱਤ ਛਿੱਕੇ ਟੰਗ ਕੇ ਖੁੱਲ ਦੇ ਰਹੀ ਹੈ। ਪੋਸਕੋ ਦੇ ਕਾਰਨ ਜਗਤਸਿੰਘਪੁਰਾ ਜ਼ਿਲੇ ਦੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਇਹਨਾ ਨੀਤੀਆਂ ਦੇ ਕਾਰਣ ਸਾਡੇ ਦੇਸ਼ ਵਿੱਚ ਵਿਦੇਸ਼ੀ ਦਖ਼ਲ ਅੰਦਾਜ਼ੀ ਵੱਧ ਗਈ ਹੈ। ਵਿਦੇਸ਼ੀ ਕੰਪਨੀਆਂ ਸਾਡੇ ਸੋਮਿਆਂ ਦੀ ਅੰਨ੍ਹੀ ਲੁੱਟ ਕਰ ਰਹੀਆਂ ਹਨ। ਲੋਕਾਂ ਵਿੱਚ ਆਰਥਿਕ ਤੇ ਸਮਾਜੀ ਪਾੜਾ ਬਹੁਤ ਵੱਧ ਗਿਆ ਹੈ। ਪਾਰਟੀ ਦੇ ਸਹਾਇਕ ਸਕੱਤਰ ਡਾ ਅਰੁਣ ਮਿੱਤਰਾ ਨੇ ਚੇਤਾਵਨੀ ਦਿੱਤੀ ਕਿ ਇਹਨਾ ਨੀਤੀਆਂ ਦੇ  ਸਦਕਾ ਸਾਡੀ ਵਿਕਾਸ ਦਰ ਡਿਗ ਗਈ  ਹੈ ਤੇ ਮਹਿੰਗਾਈ ਬਹੁਤ ਵੱਧ ਗਈ ਹੈ। ਇਹਨਾ ਨੀਤੀਆਂ ਤੇ ਚਲਦੇ ਹੋਏ ਹੀ ਲਗਾਤਾਰ ਮਹਿੰਗਾਈ ਵਧਾਈ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਬਿਜਲੀਆਂ ਦੀਆਂ ਦਰਾਂ ਦਾ ਵਧਾਉਣਾ ਲੋਕਾਂ ਦੇ ਜ਼ਖ਼ਮਾਂ ਤੇ ਨਮਕ ਛਿੜਕਨ ਵਾਲੀ ਗੱਲ ਹੈ।  ਇਹਨਾਂ ਨੀਤੀਆਂ ਦਾ ਵਿਰੋਧ ਅਤੀ ਜ਼ਰੂਰੀ ਹੈ। ਇਸਨੂੰ ਫ਼ੌਰੀ ਵਾਪਸ ਕੀਤਾ ਜਾਏ ਨਹੀਂ ਤਾਂ ਅੰਦੋਲਨ ਤੇਜ਼ ਕੀਤਾ ਜਾਏਗਾ। ਕਾ ਡੀ ਪੀ ਮੌੜ ਨੇ ਕਿਹਾ ਕਿ 20-21 ਫ਼ਰਵਰੀ ਦੀ ਟ੍ਰੇਡ ਯੂਨੀਅਨਾਂ ਦੀ ਹੜਤਾਲ ਨੇ ਲੋਕਾਂ ਦੇ ਰੋਹ ਨੂੰ ਪੂਰੀ ਤਰਾਂ ਉਜਾਗਰ ਕਰ ਦਿੱਤਾ ਹੈ। ਪਰ ਸਰਕਾਰ ਮਿਹਨਤਕਸ਼ ਲੋਕਾਂ ਨਾਲ ਗੱਲਬਾਤ ਕਰਨ ਦੀ ਬਜਾਏ ਵੱਡੇ ਉਦਯੋਗਪਤੀਆਂ ਨਾਲ ਗੱਲਬਾਤ ਕਰ ਰਹੀ ਹੈ। ਉਹਨਾ ਤੋਂ ਇਲਾਵਾ ਰੈਲੀ ਨੂੰ  ਕਾ ਉ ਪੀ  ਮਹਿਤਾ, ਕਾ ਗੁਲਜ਼ਾਰ ਗੋਰੀਆ, ਕਾ ਗੁਰਨਾਮ ਗਿੱਲ, ਕਾ ਮਨਜੀਤ ਸਿੰਘ ਬੂਟਾ, ਕਾ ਵਲਾਇਤੀ ਖ਼ਾਨ, ਕਾ ਮਨਜੀਤ ਸਿੰਘ ਅਦਿ ਨੇ ਸੰਬੋਧਨ ਕੀਤਾ।

ਪੋਸਕੋ ਵਿਰੁਧ ਵਿੱਚ ਚਲ ਰਹੇ ਅੰਦੋਲਨ ਨਾਲ ਇੱਕਮੁਠਤਾ