Wednesday, November 25, 2020

ਲਿਬਰੇਸ਼ਨ ਪਾਰਟੀ ਵਲੋਂ ਖੱਟਰ ਸਰਕਾਰ ਦੀ ਸਖ਼ਤ ਨਿੰਦਾ

Wednesday: 25th November 2020 at 04:35 PM

 ਹਰਿਆਣਾ ਦਾ ਬਾਰਡਰ ਸੀਲ ਕਰਨਾ ਬੇਹੱਦ ਮੰਦਭਾਗਾ 

ਮਾਨਸਾ: 25 ਨਵੰਬਰ 2020: (ਕਾਮਰੇਡ ਸਕਰੀਨ ਬਿਊਰੋ)::

ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ 26-27 ਨਵੰਬਰ ਨੂੰ ਵਿਰੋਧ ਪ੍ਰਦਰਸ਼ਨ ਕਰਨ ਲਈ ਦਿੱਲੀ ਜਾਣੋ ਰੋਕਣ ਲਈ ਹਰਿਆਣਾ ਵਿੱਚ ਦਾਖ਼ਲ ਹੋਣ ਉਤੇ ਪਾਬੰਦੀਆਂ ਲਾਉਣ ਅਤੇ ਹਰਿਆਣਾ ਦੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਬਦਲੇ ਹਰਿਆਣਾ ਦੀ ਖੱਟਰ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਬੀਜੇਪੀ ਦੀ ਕੇਂਦਰੀਂ ਤੇ ਹਰਿਆਣਾ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇੰਝ ਤਾਨਾਸ਼ਾਹੀ ਢੰਗ ਨਾਲ਼ ਪੰਜਾਬ ਦੇ ਕਿਸਾਨਾਂ ਨੂੰ  ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਅਪਣੀ ਆਵਾਜ਼ ਉਠਾਉਣੋ ਰੋਕਣ ਦੇ ਭਵਿੱਖੀ ਨਤੀਜੇ ਕੀ ਨਿਕਲ ਸਕਦੇ ਹਨ। 

 ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਇਥੋਂ ਜਾਰੀ ਕੀਤੇ ਇਕ ਬਿਆਨ ਵਿਚ ਭਗਤਾ ਭਾਈਕਾ ਵਿੱਚ ਇਕ ਡੇਰਾ ਪ੍ਰੇਮੀ ਦੇ ਹੋਏ ਕਤਲ ਦੀ ਨਿੰਦਾ ਕਰਦਿਆਂ ਕਿਹਾ ਗਿਆ ਹੈ ਕਿ ਇਸ ਵਕਤ ਸਮੁੱਚਾ ਪੰਜਾਬੀ ਸਮਾਜ, ਕਿਸਾਨ ਅੰਦੋਲਨ ਦੇ ਹੱਕ ਵਿੱਚ ਇਕਜੁੱਟ ਹੈ। ਜਿਸ ਕਰਕੇ ਇਥੇ ਬੀਜੇਪੀ ਤੇ ਮੋਦੀ ਸਰਕਾਰ ਨੂੰ ਸਭ ਪਾਸਿਉਂ ਭਾਰੀ ਫਿਟ ਲਾਹਣਤਾਂ ਪੈ ਰਹੀਆਂ ਹਨ। ਪੰਜਾਬੀਆਂ ਦੀ ਇਸ ਇਕਜੁੱਟਤਾ ਤੋਂ ਪ੍ਰੇਸ਼ਾਨ ਸੰਘ-ਬੀਜੇਪੀ ਦੀ ਘੋਰ ਫਿਰਕੂ ਲੀਡਰਸ਼ਿਪ ਵਲੋਂ ਪੰਜਾਬ ਵਿੱਚ ਫਿਰਕੂ ਗੜਬੜ ਤੇ ਦਹਿਸ਼ਤ ਦਾ ਮਾਹੌਲ ਬਣਾ ਕੇ ਜਨਤਾ ਦੀ ਏਕਤਾ ਨੂੰ ਤੋੜਨ ਲਈ ਅੰਦਰਖਾਤੇ ਕਈ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਡੇਰਾ ਪ੍ਰੇਮੀ ਦੇ ਉਕਤ ਕਤਲ ਦੀ ਜ਼ਿੰਮੇਵਾਰੀ ਇਕ ਗੈਂਗਸਟਰ ਵਲੋਂ ਲੈਣ ਤੋਂ ਜ਼ਾਹਿਰ ਹੈ ਕਿ ਕੇਂਦਰੀ ਏਜੰਸੀਆਂ ਨੇ ਸੂਬੇ ਵਿੱਚ ਅਪਣਾ ਪੁਰਾਣਾ ਤੇ ਘਿਨਾਉਣਾ ਖੇਲ੍ਹ ਮੁੜ ਸ਼ੁਰੂ ਕਰ ਦਿੱਤਾ ਹੈ। ਇਸ ਕਰਕੇ ਪੰਜਾਬ ਅਤੇ ਕਿਸਾਨੀ ਦੇ ਹਿੱਤਾਂ ਪ੍ਰਤੀ ਸੁਹਿਰਦ ਸਾਰੀਆਂ ਸ਼ਕਤੀਆਂ ਨੂੰ ਇਸ ਬਾਰੇ ਪੂਰੀ ਤਰ੍ਹਾਂ ਚੌਕਸ ਰਹਿਣ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤੀ ਨਾਲ ਕਾਇਮ ਰੱਖਣ ਦੀ ਅਹਿਮ ਜ਼ਰੂਰਤ ਹੈ। 

       ਬਿਆਨ ਵਿੱਚ ਕਿਹਾ ਗਿਆ ਹੈ ਕਿ ਬੀਜੇਪੀ ਇਹ ਨਾ ਭੁੱਲੇ ਕਿ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣੋ ਰੋਕਣ ਦੇ ਜਵਾਬ ਵਿੱਚ ਅਗਰ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿੱਚੋਂ ਲੰਘਦੀਆਂ ਸਾਰੀਆਂ ਸੜਕਾਂ ਜਾਮ ਕਰਕੇ ਸਰਹੱਦੀ ਸੂਬੇ ਪੰਜਾਬ ਸਮੇਤ ਜੰਮੂ ਕਸ਼ਮੀਰ ਤੇ ਹਿਮਾਚਲ ਦੀ ਪੂਰੀ ਸੜਕੀ ਆਵਾਜਾਈ ਨੂੰ ਠੱਪ ਕਰ ਦਿੱਤਾ, ਤਾਂ ਦੇਸ਼ ਸਾਹਮਣੇ ਕਿਹੋ ਜਿਹੀ ਨਾਜ਼ੁਕ ਹਾਲਤ ਪੈਦਾ ਹੋ ਸਕਦੀ ਹੈ? ਇਸ ਹਾਲਤ ਵਿੱਚ ਕਿਸਾਨਾਂ ਨੂੰ ਦਿੱਲੀ ਜਾਣੋ ਡੱਕਣ ਵਾਲੀ ਖੱਟਰ ਸਰਕਾਰ ਵੀ, ਖੁਦ ਅਪਣੀ ਰਾਜਧਾਨੀ ਚੰਡੀਗੜ੍ਹ ਆਉਣ ਜਾਣ ਤੋਂ ਬੇਵੱਸ ਹੋ ਕੇ ਰਹਿ ਸਕਦੀ ਹੈ। 

ਦੇਸ਼ ਭਰ ਦੇ ਕਿਸਾਨਾਂ ਦੇ ਇਸ ਸੰਘਰਸ਼ ਦੀ ਪੂਰਨ ਹਿਮਾਇਤ ਕਰਦਿਆਂ ਪਾਰਟੀ ਨੇ ਮੰਗ ਕੀਤੀ ਹੈ ਕਿ ਮੋਦੀ ਸਰਕਾਰ ਕੌਮਾਂਤਰੀ ਆਰਥਿਕ ਮੰਦਵਾੜੇ ਦੇ ਇਸ ਦੌਰ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਰੋਜ਼ੀ ਰੁਜ਼ਗਾਰ ਪ੍ਰਦਾਨ ਕਰ ਰਹੇ ਦੇਸ਼ ਦੇ ਖੇਤੀ ਖੇਤਰ ਨੂੰ ਤਬਾਹ ਕਰਨ ਤੋਂ ਬਾਜ ਆਵੇ ਅਤੇ ਅਪਣੇ ਇੰਨਾਂ ਕਾਰਪੋਰੇਟਪ੍ਰਸਤ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ।  

ਇਸ ਵਿਰੋਧ ਦੀ ਦਿਨੋਂਦਿਨ ਮਜ਼ਬੂਤ ਹੋ ਰਹੀ ਮੁਹਿੰਮ ਵਿੱਚ ਸ਼ਾਮਲ ਹੋਣ ਦੇ ਇੱਛੁਕ ਜਾਂ ਕੋਈ ਸਪਸ਼ਟੀਕਰਨ ਚਾਹੁਣ ਵਾਲੇ ਸੱਜਣ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਹੁਰਾਂ ਨਾਲ ਉਹਨਾਂ ਦੇ ਮੋਬਾਈਲ ਨੰਬਰ-+91 9417233404 ਤੇ ਸੰਪਰਕ ਕਰ ਸਕਦੇ ਹਨ। 

No comments:

Post a Comment