Thursday, June 3, 2021

ਇਸ ਸੰਘਰਸ਼ ਦੀ ਜਿੱਤ ਦੇਸ਼ ਦੀ ਜਮੂਹਰੀਅਤ ਨੂੰ ਮਜਬੂਤ ਕਰੇਗੀ

ਕਿਸਾਨ ਅੰਦੋਲਨ, ਚੁਨੌਤੀਆਂ ਤੇ ਉਮੀਦਾਂ  -ਕਾਮਰੇਡ ਰਮੇਸ਼ ਰਤਨ

ਲੁਧਿਆਣਾ//ਨਵੀਂ ਦਿੱਲੀ: 2 ਜੂਨ 2021: (ਕਾਮਰੇਡ ਰਮੇਸ਼ ਰਤਨ//ਕਾਮਰੇਡ ਸਕਰੀਨ)::

ਸਾਲ ਭਰ ਤੋਂ ਚਲ ਰਹੇ ਕਿਸਾਨ ਅੰਦੋਲਨ ਨੂੰ ਦਿੱਲੀ ਦੀਆ ਬਰੂਹਾਂ ਤੇ ਬੈਠੇ ਵੀ ਛੇ ਮਹੀਨੇ ਹੋ ਗਏ ਹਨ।  ਇਸ ਵਿਚ ਲੱਖਾਂ ਲੋਕ ਸਿੱਧੇ  ਤੋਰ ਤੇ ਭਾਗ ਲੈ ਚੁਕੇ ਹਨ ਅਤੇ ਕਰੋੜਾਂ ਲੋਕ ਕਿਸੇ ਨਾ ਕਿਸੇ ਤਰਾਂ ਇਸ ਨਾਲ ਜੁੜ ਚੁਕੇ ਹਨ। ਜਮਹੂਰੀ ਕਦਰਾਂ ਕੀਮਤਾਂ  ਤੋਂ ਢੀਠਾਂ ਵਾਂਗ ਮੂੰਹ ਮੋੜੀ ਅਤੇ  ਹਠਧਰਮੀ ਤੇ ਅੜੀ ਸਰਕਾਰ ਨੂੰ ਚਲਾ ਰਹੀ ਜੁੰਡਲੀ ਨੂੰ ਪਿਘਲਾਉਣ  ਲਈ ਕਿਸਾਨ ਲੀਡਰ ਰੋਜ਼ ਨਵੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੀ ਵਿਉਂਤ ਬੁਣਦੇ ਹਨ ਅਤੇ ਆਮ ਲੋਕ ਉਹਨਾਂ ਵਲੋਂ ਦਿਤੇ ਜਾਂਦੇ ਸੱਦਿਆਂ ਵੱਲ ਨੀਝ ਲਾਈ ਰੱਖਦੇ  ਹਨ।  

ਲੀਡਰਾਂ ਸਾਹਮਣੇ ਚੁਣੌਤੀਆਂ ਸਿਰਫ ਸਰਕਾਰੀ  ਕੁਚਾਲਾਂ ਨੂੰ ਠੁਸ ਕਰਨ ਦੀਆ ਹੀ ਨਹੀਂ ਸਗੋਂ ਕਰੋਨਾ ਵਰਗੀ ਬਿਮਾਰੀ ਸਮੇਂ  ਦਿਲੀ ਦੁਆਲੇ ਆਪਣੇ ਕੈਂਪ ਦੇ ਪ੍ਰਬੰਧ ਸੁਧਾਰਨ, ਕਾਹਲੇ ਪਏ  ਨੌਜਵਾਨਾਂ ਦੇ ਜਜ਼ਬਿਆਂ ਦਾ ਧਿਆਨ ਰੱਖਣ ਦੇ ਨਾਲ ਨਾਲ ਰਾਜਸੀ ਸ਼ਕਤੀਆਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਤੇ ਮੀਡਿਆ ਸਾਹਮਣੇ ਆਪਣਾ ਪੱਖ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀਆ ਵੀ ਹਨ।  
ਫਿਲਹਾਲ ਕਰੋਨਾ ਦੀ ਦੂਜੀ ਲਹਿਰ ਚਲ ਰਹੀ ਹੈ, ਸਰਕਾਰ ਵਲੋਂ ਪੇਸ਼ ਕੀਤੇ ਜਾ ਰਹੇ ਬਿਮਾਰੀ ਤੇ  ਮੌਤ ਦੇ ਆਂਕੜੇ ਵੀ ਡਰਾਵਣੇ ਹਨ ਜਦੋਂ ਸਚਾਈ ਇਸ ਤੋਂ ਵੀ ਵੱਧ ਭਿਆਨਕ ਹੈ। ਇਸ ਮਾੜੀ ਸਥਿਤੀ ਨਾਲ ਨਜਿੱਠਣ ਦੇ ਸਰਕਾਰੀ ਪ੍ਰਬੰਧਾਂ ਵਿਚ ਮੁਜਰਮਾਨਾ ਕਮੀ ਹੈ। ਜਿਨ੍ਹਾਂ ਲੋਕਾਂ ਵਿਚ ਇਨਸਾਨੀਅਤ ਦਾ ਜਜ਼ਬਾ ਕਾਇਮ ਹੈ ਉਹਨਾਂ ਵਲੋਂ ਲੋੜਵੰਦਾਂ ਦੀ ਮਦਦ ਲਈ ਅਨੇਕ ਪ੍ਰਕਾਰ ਦੇ ਉਪਰਾਲੇ ਕੀਤੇ ਜਾ ਰਹੇ ਹਨ, ਸਿੱਖੀ ਪ੍ਰੰਪਰਵਾਂ ਨਾਲ ਸੰਬੰਧਿਤ ਅਨੇਕ ਲੰਗਰ ਚਲਾਏ ਜਾ ਰਹੇ ਹਨ, ਦਵਾਈਆਂ ਦਾ ਅਤੇ ਆਵਾਜਾਈ ਆਦਿ ਦਾ ਇੰਤਜਾਮ ਕੀਤਾ ਜਾ ਰਿਹਾ ਹੈ ਪਰੰਤੂ ਕੁਝ ਲੋਕ ਇਸ ਨੂੰ ਵਰਦਾਨ ਮੰਨਦੇ ਹਨ ਤੇ ਇਸ ਨੂੰ ਲਾਭ ਕਮਾਉਣ ਦਾ ਸੁਨਹਿਰੀ ਮੌਕਾ  ਸਮਝ  ਕੇ ਆਕਸੀਜਨ ਦੇ ਸਿਲੰਡਰ , ਦਵਾਈਆਂ ਇਥੋਂ ਤਕ ਕੇ ਸਿਵਿਆਂ ਦੀਆਂ ਲੱਕੜਾਂ ਵੀ ਬਲੈਕ ਵਿਚ ਵੇਚ ਰਹੇ ਹਨ।  ਸਰਕਾਰ ਦਾ ਰਵਈਆ ਉਸ ਚੋਰ ਦੇ ਮੁਕਾਬਲੇ ਵਾਲਾ ਵੀ  ਨਹੀਂ ਜੋ ਗ਼ਲਤੀ ਨਾਲ ਇਸ ਬਿਮਾਰੀ ਨਾਲ ਸੰਬੰਧਿਤ ਦਵਾਈਆਂ ਚੋਰੀ ਕਰ ਲੈਂਦਾ ਹੈ ਪਰ ਪਤਾ ਲੱਗਣ ਤੇ ਵਾਪਸ ਮੋੜ ਦੇਂਦਾ ਹੈ।  ਸਰਕਾਰ ਚ  ਪ੍ਰਭਾਵੀ ਜੁੰਡਲੀ ਦੀ ਮਾਨਸਿਕਤਾ ਤਾਂ ਬਿਮਾਰੀ ਸਮੇ ਲਗਾਏ ਲਾਕਡਾਊਨ ਤੇ ਕਰਫਿਊ ਦਾ ਲਾਭ ਚੁੱਕਣ ਵਾਲੀ ਹੀ  ਸਾਬਤ ਹੋਈ ਹੈ।  ਕਿਸਾਨਾਂ ਦੇ ਹਿਤਾਂ ਵਿਰੁੱਧ ਕਾਨੂੰਨ ਅਜਿਹੇ ਸਮੇਂ ਬਣਾਏ ਅਤੇ ਪਾਸ ਕੀਤੇ ਗਏ ਜਦੋਂ ਲੋੜ ਕਰੋਨਾ ਬਿਮਾਰੀ ਵਿਰੁੱਧ ਸਾਰੇ ਸਮਾਜ ਨੂੰ ਸਹਿਯੋਗ ਵਿਚ ਲੈ ਕੇ ਚੱਲਣ ਦੀ ਸੀ। ਕਿਸਾਨਾਂ ਦਾ ਸੰਘਰਸ ਅਸਲ ਵਿਚ  ਇਸ ਮਾਨਸਕਤਾ ਵਿਰੁੱਧ ਹੈ। ਇਸ ਮਾਨਸਕਤਾ ਕਾਰਨ ਸਮਾਜ ਦੇ ਹੋਰ ਵੀ ਅਨੇਕ ਤਬਕੇ ਪ੍ਰੇਸ਼ਾਨ ਹਨ ਅਤੇ ਉਹ ਵੀ ਹੁਣ ਇਸ ਅੰਦੋਲਨ ਪ੍ਰਤੀ ਹਮਦਰਦੀ ਰੱਖਦੇ ਹਨ ਤੇ ਸਹਿਯੋਗ ਵੀ ਦੇ ਰਹੇ ਹਨ ਤੇ ਬਹੁਤ ਉੱਮੀਦਾਂ ਵੀ ਰੱਖਦੇ ਹਨ। ਦਿੱਲੀ ਦੇ ਦੁਆਲੇ ਕਿਸਾਨ ਮਜਬੂਰ ਹੋ ਕੇ ਬੈਠੇ ਹਨ। ਉਨ੍ਹਾਂ  ਦਾ ਅੰਦਾਜਾ ਠੀਕ ਨਿਕਲਿਆ ਕੇ ਸੰਘਰਸ਼ ਲੰਬਾ ਚਲੇਗਾ।  
ਨਿਰੰਤਰ ਮਜ਼ਬੂਤ ਹੋ ਰਿਹਾ ਹੈ ਕਿਸਾਨ ਅੰਦੋਲਨ 
ਜਦੋਂ ਅੰਦੋਲਨਕਾਰੀਆਂ ਨੂੰ ਦਿੱਲੀ ਦੁਆਲੇ ਡੇਰੇ ਲਾਉਣੇ ਪਏ ਤਾਂ ਪ੍ਰਬੰਧ ਕਿਸੇ ‘ਲਿਕਾਰਬੂਜ’  ਦੀ ਪਲਾਨ ਦੇ ਅਧਾਰ ਤੇ ਨਹੀ ਸੀ ਕੀਤੇ ਗਏ।  ਪਰ ਹੁਣ ਪਾਣੀ ਦੀ ਲੋੜ , ਸਫ਼ਾਈ ਅਤੇ ਬਿਮਾਰੀ ਨੂੰ ਧਿਆਨ ਵਿਚ ਰੱਖ ਕੇ ਕੈਮ੍ਪ ਨੂੰ ਛੋਟੀਆਂ ਟੁਕੜੀਆਂ ਵਿਚ ਦੂਰ ਤਕ ਫੈਲਾਉਣ ਦੀ ਲੋੜ ਹੈ, ਸਟੇਜ ਤੇ ਗਿਣਤੀ ਸੀਮਤ ਰੱਖੀ ਜਾਵੇ ਅਤੇ ਬਾਕੀ ਲੋਕਾਂ ਨੂੰ ਪ੍ਰਬੰਧ ਲਈ ਵਲੰਟੀਅਰ ਵਜੋਂ ਟ੍ਰਿਨਿੰਗ ਦਿੱਤੀ ਜਾਵੇ। ਨੌਜਵਾਨਾਂ ਦੀ ਸ਼ਕਤੀ, ਜੋਸ਼, ਵਿੱਦਿਆ,ਰਚਣਾਤਮਿਕਤਾ ਦਾ ਇਸਤੇਮਾਲ ਜਿਥੇ ਸੰਭਵ  ਹੋਵੇ ਸਮਾਜਕ ਭਲਾਈ  ਲਈ  ਕੀਤਾ ਜਾਇ। ਨੌਜਵਾਨਾਂ ਨੇ ਇਸ ਅੰਦੋਲਨ ਵਿਚ ਬਹੁਤ ਮਹੱਤਵ ਪੂਰਨ ਭੂਮਿਕਾ ਨਿਭਾਈ ਹੈ, ਟਰਾਲੀਟਾਈਮ ਅਖਬਾਰ , ਕਲਚਰ ਪ੍ਰੋਗਰਾਮ ਨਾਲ ਉਥੇ ਬੈਠੇ ਲੋਕਾਂ ਨੂੰ ਆਪਸ ਵਿਚ ਜੋੜੀ ਰੱਖਿਆ ਅਤੇ ਸੋਸ਼ਲਮੀਡੀਆ ਰਾਹੀਂ ਅੰਦੋਲਨ ਵਾਰੇ  ਪੂਰੇ ਸੰਸਾਰ ਅਗੇ ਆਪਣਾ ਪੱਖ ਰੱਖਿਆ। ਨੌਜਵਾਨਾਂ ਦਾ ਇਕ ਹੋਰ ਵੀ ਗਰੁੱਪ ਹੈ ਜਿਹਨਾਂ ਨੂੰ ਸ਼ਾਇਦ  ਇੰਝ ਲੱਗਦਾ  ਹੈ ਕੇ ਅੰਦੋਲਨ ਦੀ ਮੰਗ  ਕਿਸੇ ਦੁਕਾਨਦਾਰ ਤੋਂ ਸੌਦਾ ਖ੍ਰੀਦਣ ਵਾਂਗ ਹੈ ਨਾ ਕੇ ਸਰਕਾਰ ਦੀ ਕਾਰਪੋਰੇਟ ਪੱਖੀ  ਜੁੰਡਲੀ ਦੀਆ ਲੂੰਬੜ ਚਾਲਾਂ  ਵਿਰੁੱਧ ਸੰਘਰਸ਼ ਹੈ , ਇਹ ਕਾਹਲੇ ਪੈ ਗਏ ਨੌਜਵਾਨਾਂ ਨੂੰ ਸਮਝਾ ਕੇ ਨਾਲ ਰੱਖਣਾ ਵੀ ਵੱਡੀ ਚੁਣੌਤੀ ਹੈ। 
ਅਗਲੀ ਵੱਡੀ ਚੁਣੌਤੀ ਬਣ ਜਾਂਦੀ ਹੈ ਰਾਜਸੀ ਪਾਰਟੀਆਂ ਪ੍ਰਤੀ ਰਵਈਏ ਵਿਚ ਸਮੇ ਦੀ ਲੋੜ ਅਨੁਸਾਰ ਲਚਕੀਲਾਪਨ ਲਿਆਉਣ ਦੀ। ਕਿਸਾਨ ਆਗੂਆਂ ਨੇ ਹੁਣ ਤਕ ਆਪਣੇ ਮੰਚਾਂ ਨੂੰ ਸਿੱਧੇ  ਸਿਆਸੀ ਦਖਲ ਤੋਂ ਬਚਾ ਕੇ ਰੱਖਿਆ ਹੋਇਆ ਹੈ , ਇਹ ਜਰੂਰੀ ਵੀ ਸੀ ਪ੍ਰੰਤੂ ਹੁਣ ਇਹ  ਅੰਦੋਲਨ ਸਰਕਾਰ ਵਿਚ ਭਾਰੂ ਜੁੰਡਲੀ ਵਿਰੁੱਧ ਸਿੱਧਾ ਸੰਘਰਸ਼ ਬਣ ਗਿਆ ਹੈ।  ਇਹ ਜੁੰਡਲੀ ਕਿਸੇ ਵੀ ਤਰਾਂ ਦੀ ਜ਼ਮਹੂਰੀਅਤ ਕਦਰ ਦਾ ਸਤਿਕਾਰ ਕਰਨ ਵਾਲੀ ਨਹੀਂ ਸਗੋਂ ਇਹ ਤਾਂ ਅੰਦੋਲਨ ਵਿਰੁੱਧ ਤਾਕਤ , ਮੀਡਿਆ ਦੇ ਝੂਠੇ ਪ੍ਰਚਾਰ ਆਦਿ ਦਾ  ਬਹੁਮੁਖੀ ਮੋਰਚਾ ਖੋਲ ਕੇ ਬੈਠ ਗਈ ਹੈ।  ਬੀ ਜੇ ਪੀ  ਦੇ ਅਨੇਕਾਂ ਚੁਣੇ ਹੋਏ ਅਸੰਬਲੀ ਮੈਂਬਰਾਂ ਦੇ ਗਰੁੱਪ ਨੇ ਵੀ ਕਿਸਾਨਾਂ ਨਾਲ ਬੈਠ ਕੇ ਮਸਲਾ ਸੁਲਝਾਉਣ ਦੀ ਮੰਗ ਕੀਤੀ ਹੈ ਦੂਜਿਆਂ ਪਾਰਟੀਆਂ ਪਹਿਲਾਂ ਤੋਂ ਕਿਸਾਨਾਂ ਵਿਰੁੱਧ ਜਾਂਦੇ ਕਾਨੂੰਨਾਂ ਨੂੰ ਬਾਪਸ ਲੈਣ ਦੀ ਮੰਗ ਕਰਦੀਆਂ ਆ ਰਹੀਆਂ ਹਨ।  
ਚੰਡੀਗੜ੍ਹ ਵਿੱਚ ਕਿਸਾਨਾਂ ਦੀ ਹਮਾਇਤ 'ਚ ਸੜਕਾਂ ਤੇ ਨਿਕਲੀਆਂ ਔਰਤਾਂ  
ਸਥਿਤੀ ਨੂੰ ਧਿਆਨ ਵਿਚ ਰੱਖ ਕੇ ਸਿਆਸੀ ਪਾਰਟੀਆਂ ਤੋਂ  ਮਿਲਣ ਵਾਲੇ ਸਹਿਯੋਗ ਬਾਰੇ ਅਤੇ ਅਪਣੇ ਮੋਰਚੇ ਦੀ ਤਾਕਤ ਵਧਾਉਣ ਬਾਰੇ ਵਿਚਾਰ ਕਰਨਾ ਬਣਦਾ ਹੈ। ਜਦੋਂ ਕਿਸਾਨ ਕਾਨੂੰਨ ਵਾਪਸ ਕਰਨ ਦੀ ਮੰਗ ਕਰਦੇ ਹਨ ਅਤੇ ਐਮ ਐਸ ਪੀ ਬਾਰੇ ਕਾਨੂੰਨ ਬਣਾਉਣ ਦੀ ਮੰਗ ਕਰਦੇ ਹਨ ਤਾਂ ਸੰਘਰਸ਼ ਵਿਚ ਸਿਆਸਤ ਵਾਲਾ ਤੱਤ ਭਾਰੂ ਹੋ ਹੀ ਗਿਆ ਹੈ।ਇਸ ਗੱਲ ਨਾਲ ਫਰਕ ਨਹੀਂ ਪੈਂਦਾ ਕਿ ਕੋਈ ਪਾਰਟੀ ਕਿਸਾਨਾਂ ਦੀ ਦਿਲ ਤੋਂ ਹਮਾਇਤ ਕਰਦੀ ਹੈ ਜਾਂ ਲੋਕ ਵਿਖਾਵੇ ਵਜੋਂ ਪਰ ਜੋ ਵੀ ਕਿਸਾਨਾਂ ਦੇ ਪੱਖ ਵਿਚ ਬੋਲਦਾ ਹੈ ਉਸ ਨੂੰ ਸਤਿਕਾਰ ਸਹਿਤ ਆਪਣੇ ਨਾਲ ਲੈਣ ਦੀਕੋਸ਼ਿਸ਼ ਹੋਣੀ ਚਾਹੀਦੀ ਹੈ। 
ਅੰਤ ਵਿਚ ਇਕ ਗੱਲ ਕਹਿਣੀ ਜ਼ਰੂਰੀ ਲੱਗਦੀ ਹੈ ਕਿ ਅੰਦੋਲਨ ਆਪਣੇ ਸ਼ਾਂਤਮਈ ਅਤੇ ਜਮਹੂਰੀ ਢੰਗ ਕਾਰਨ ਇਤਿਹਾਸ ਦਾ ਇਕ ਵੱਡਾ ਸਬਕ ਬਣ ਗਿਆ ਹੈ। ਇਸ ਦੀ ਸਭ ਤੋਂ ਨਿਆਰੀ ਤੇ ਵਧੀਆ ਗੱਲ ਹੈ ਆਗੂਆਂ ਦਾ ਪੂਰੇ ਵਿਚਾਰ ਵਟਾਂਦਰੇ ਬਾਅਦ ਜਮਹੂਰੀ ਢੰਗ ਨਾਲ ਫੈਸਲੇ ਕਰਨ ਦੀ ਮਰਿਆਦਾ ਦਾ ਪਾਲਣ ਕਰਨਾ। ਅਜਿਹੇ ਮੌਕੇ ਆਏ ਹਨ ਜਦੋਂ ਕਿਸੇ ਵੱਡੇ ਲੀਡਰ ਨੇ ਨਿਜੀ ਵਿਚਾਰ ਅਧੀਨ ਕਿਸੇ ਅਗਲੀ ਕਾਰਵਾਈ ਦਾ ਐਲਾਨ ਕੀਤਾ ਪ੍ਰੰਤੂ ਜੇ ਕਰ ਸੰਯੁਕਤ ਕਿਸਾਨ ਮੋਰਚੇ ਨੂੰ ਚਲਾ ਰਹੀ ਕਮੇਟੀ ਨੇ ਅਜੇਹੀ ਕਾਰਵਾਈ ਨਾਲ ਸਹਮਤੀ ਨਹੀਂ ਵਿਖਾਈ ਤਾਂ ਕਿਸੇ ਨੇ ਵੀ ਸਾਂਝੀ ਰਾਏ ਅਗੇ ਉਸਨੇ ਆਪਣੇ ਹਉਮੈ ਨੂੰ ਰੁਕਾਵਟ ਨਹੀਂ ਬਣਨ ਦਿੱਤਾ। 
ਇਹ ਸਾਂਝੇ ਸੋਚੇ ਵਿਚਾਰੇ ਫੈਸਲਿਆਂ ਨੂੰ ਉਹ ਕਿਸਾਨ ਜਥੇਬੰਦੀਆਂ ਵੀ ਮਨਦੀਆਂ ਹਨ ਜੋ ਸਿਧੇ ਤੌਰ ਤੇ ਸੰਯੁਕਤ ਕਿਸਾਨ ਕਮੇਟੀ ਦੀਆਂ ਮੇਂਬਰ ਨਹੀਂ ਹਨ। 
ਇਹ ਸੱਚ ਹੈ ਕਿ ਕਿਸਾਨ ਚਰਿਤਰ ਸਕੂਲ ਕਾਲਜ ਵਿਚ ਨਹੀਂ ਸਿਖਾਇਆ ਜਾਂਦਾ ਸਗੋਂ ਇਹ ਇਕ ਸੰਪੂਰਨ ਜੀਵਨ ਜੀਣ ਦੀ ਕਲਾ ਹੈ ਜਿਸਨੂੰ ਕਿਸਾਨ ਖੇਤ ਵਿਚ ਖੜਾ ਕੁਦਰਤੀ ਬਦਲਾਵਾਂ  ਦੀ ਨਿਸ਼ਚਿਤਤਾ ਅਤੇ ਅਨਿਸ਼ਚਿਤਤਾ ਨਾਲ ਵਾਹ ਪਾਉਂਦੇ ਸਿਖ ਜਾਂਦਾ ਹੈ। ਇਸੇ ਲਈ ਕਿਸਾਨ ਨੂੰ ਪ੍ਰਸਥੀਆਂ ਵਿਚ ਆਈ ਤਬਦੀਲੀ ਨੂੰ ਪਰਖਣ ਅਤੇ ਸਮੇ ਅਨੁਸਾਰ ਆਪਣੇ ਆਪ ਨੂੰ ਢਾਲਣ ਵਿਚ ਕਮਾਲ ਦੀ ਮੁਹਾਰਤ ਹੁੰਦੀ ਹੈ। ਕਿਸਾਨਾਂ ਨੂੰ ਇਹ ਸਮਝ ਹੈ ਕੇ ਤਿੰਨੇ ਖੇਤੀ ਸੰਬੰਦੀ ਕਾਨੂੰਨਾਂ ਦੀ ਵਾਪਸੀ ਅਤੇ ਐਮ ਐਸ ਪੀ ਵਾਰੇ ਕਾਨੂੰਨ ਪਾਸ ਕਰਵਾ ਲੈਣ ਨਾਲ ਵੀ ਉਨ੍ਹਾਂ ਨੂੰ ਕੋਈ ਮੁਕਤੀ ਨਹੀਂ ਮਿਲ ਜਾਣੀ ਇਹ ਤਾਂ ਸਿਰਫ ਖੇਤ ਵਿੱਚੋ ਫ਼ਸਲ ਉਜਾੜ ਰਹੇ ਝੋਟੇ ਨੂੰ ਬਾਹਰ ਕੱਢਣ ਜਿਨ੍ਹਾਂ ਹੀ ਹੈ, ਉਸ ਨੂੰ ਆਪਣੇ ਭਵਿੱਖ ਸੁਆਰਨ ਲਈ ਬਹੁਤ ਕੁੱਝ ਕਰਨ ਨੂੰ ਪਿਆ ਹੈ ਪਰ ਕਿਸਾਨਾਂ ਦੇ ਇਸ ਸੰਘਰਸ਼ ਦੀ ਜਿੱਤ ਦੇਸ਼ ਦੀ ਜਮੂਹਰੀਅਤ ਨੂੰ ਮਜਬੂਤ ਕਰੇਗੀ ਅਤੇ ਸਮਾਜ ਦੇ ਬਹੁਤ ਵੱਡੇ ਤਬਕੇ ਲਈ ਮੁਕਤੀ ਦਾ ਰਾਹ ਵੀ ਖੋਲੇਗੀ।  
 
*ਕਾਮਰੇਡ ਰਮੇਸ਼ ਰਤਨ ਆਪਣੀ ਜੁਆਨੀ ਦੇ ਸਮੇਂ ਤੋਂ ਹੀ ਲੋਕ ਸੰਘਰਸ਼ਾਂ ਵਿੱਚ ਸ਼ਾਮਿਲ ਰਹੇ ਹਨ ਅਤੇ ਕਾਫੀ ਕੁਝ ਆਪਣੇ ਪਿੰਡੇ ' ਝੱਲਿਆ ਵੀ ਹੈ। ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜੇ ਹੋਏ ਵੀ ਹਨ ਅਤੇ ਸੀਨੀਅਰ ਅਹੁਦਿਆਂ 'ਤੇ ਵੀ ਹਨ। ਪਰ ਇਸ ਲਿਖਤ ਵਿਚਲੇ ਇਹ ਵਿਚਾਰ ਉਹਨਾਂ ਦੇ ਨਿਜੀ ਵਿਚਾਰ ਹਨ। 
9814273870
ਲੁਧਿਆਣਾ

No comments:

Post a Comment