Monday, June 21, 2021

ਤੇ ਅਸੀਂ ਬਾਸਾਂ ਦੇ ਜੰਗਲ 'ਚੋਂ ਡਾਗਾਂ ਛਾਂਗ ਲਈਆਂ......

Posted On Monday 21st June 2021 at 12:05 AM
ਅਸੀਂ ਮੋਰਖੰਭ ਨਾਲ ਤਲਵਾਰ ਤੇ ਕਵਿਤਾ ਨਹੀਂ ਲਿਖਦੇ !

ਇੱਕ ਸਮਾਂ ਸੀ ਜਦੋਂ ਟਕਸਾਲੀ ਸਿੰਘਾਂ ਵਾਂਗ ਧੁਨ ਦੇ ਪੱਕੇ ਕਾਮਰੇਡ ਵੀ ਬਹੁਤ ਹੁੰਦੇ ਸਨ।  ਸਿਰੜ ਦੇ ਧਨੀ ਅਤੇ ਸਿਧਾਂਤਾਂ ਨੂੰ ਪ੍ਰਣਾਏ ਹੋਏ ਕਾਮਰੇਡ। ਮੁਸੀਬਤਾਂ ਦੇ ਤੂਫ਼ਾਨ ਵੀ ਉਹਨਾਂ ਦੇ ਸਾਹਮਣੇ ਆਉਣੋ ਡਰਦੇ ਸਨ। ਅਜਿਹੇ ਕਾਮਰੇਡ ਘਟਦੇ ਘਟਦੇ ਬਹੁਤ ਹੀ ਥੋਹੜੇ ਰਹਿ ਗਏ।  ਹੁਣ ਉਹਨਾਂ ਦੀਆਂ ਯਾਦਾਂ ਬਾਕੀ ਹਨ। ਕਹਾਣੀਆਂ  ਬਾਕੀ ਹਨ ਜਿਹੜੀਆਂ ਗਾਥਾਵਾਂ ਵਰਗੀਆਂ ਹਨ। ਘਰ ਘਰ ਸੁਣੀਆਂ ਸੁਣਾਈਆਂ ਜਾਣੀਆਂ ਚਾਹੀਦੀਆਂ ਹਨ। ਇਹਨਾਂ ਵਿੱਚੋਂ ਹੀ ਇੱਕ ਸਨ ਕਾਮਰੇਡ ਸੁਰਜੀਤ ਗਿੱਲ। ਉਹਨਾਂ ਦੇ ਹੋਣਹਾਰ ਬੇਟੇ ਅਮਰਦੀਪ ਗਿੱਲ ਹੁਰਾਂ ਨੇ ਇੱਕ ਕਾਵਿ ਰਚਨਾ ਲਿਖੀ ਹੈ ਬਾਪੂ ਨੇ ਕਿਹਾ ਸੀ! ਇਹ ਸ਼ਾਇਦ  ਗਈ ਸੀ ਅਤੇ ਅੱਜ ਦੋਬਾਰਾ ਪੋਸਟ ਹੋਈ ਹੈ ਪਰ ਹਰ ਪ੍ਰਗਤੀਸ਼ੀਲ ਨੂੰ ਇਹ ਕਾਵਿ ਰਚਨਾ ਪੜ੍ਹਨੀ ਚਾਹੀਦੀ ਹੈ। ਜਿਸ ਜਿਸ ਦੇ ਅੰਦਰ ਵੀ ਬੇਇਨਸਾਫੀਆਂ ਅਤੇ ਜ਼ੁਲਮਾਂ ਨੂੰ ਦੇਖ ਕੇ ਕੋਈ ਜਜ਼ਬਾਤ ਉਬਾਲੇ ਖਾਂਦਾ ਹੈ ਉਸਨੂੰ ਇਹ ਪੜ੍ਹਨੀ ਚਾਹੀਦੀ ਹੈ  ਭਾਵੇਂ ਉਸਦੇ ਝੰਡੇ ਜਾਂ ਪੱਗ ਦਾ ਰੰਗ ਕੁਝ ਵੀ ਹੋਵੇ। ਲਓ ਤੁਸੀਂ ਵੀ ਪੜ੍ਹੋ:

ਬਾਪੂ ਨੇ ਕਿਹਾ ਸੀ!

ਅੱਜ ਬਾਪੂ ਕਾਮਰੇਡ ਸੁਰਜੀਤ ਗਿੱਲ ਨੂੰ
ਸਰੀਰਕ ਤੌਰ 'ਤੇ ਵਿੱਛੜਿਆਂ ਪੂਰੇ ਨੌ ਸਾਲ ਹੋ ਗਏ 
ਸਾਡੇ ਕੋਲ
ਉਦਾਸ ਹੋਣ ਦਾ
ਸਮਾਂ ਨਹੀਂ ,
ਸਾਡੇ ਕੋਲ
ਨਿਰਾਸ਼ ਹੋਣ ਦੀ
ਵਿਹਲ ਨਹੀਂ ।
ਨਹੀਂ ਤਾਂ
ਅਸੀਂ ਕਿਹੜਾ
ਪੱਥਰਾਹਟ ਹਾਂ !
ਅਸੀਂ ਕਿਹੜਾ
ਪਠਾਰ ਹਾਂ !
ਸਾਡੇ ਰੋਮ ਰੋਮ 'ਚ ਵੀ
ਮਿੱਠੇ ਚਸ਼ਮਿਆਂ ਦੀ
ਖਾਰੀ ਸਿੱਲ੍ਹ ਹੈ ,
ਸਾਡੀ ਹਿੱਕ 'ਚ ਵੀ
ਤਲਿਸਮੀ ਝੀਲਾਂ ਦੀਆਂ
ਮਰਮਰੀ ਕੂੰਝਾਂ
ਉੱਡਦੀਆਂ ਹਨ !
ਪਰ ਅਸੀਂ
ਮੋਰਖੰਭ ਨਾਲ
ਤਲਵਾਰ ਤੇ
ਕਵਿਤਾ ਨਹੀਂ ਲਿਖਦੇ !
ਬਾਪੂ ਨੇ ਕਿਹਾ ਸੀ ;
ਦਾਨਾਬਾਦ ਤੀਕ
ਰਾਹ 'ਚ ਆਉਣ ਵਾਲਾ
ਹਰ ਜੰਡ ਛਾਂਗਦੇ ਜਾਇਓ,
ਇੰਨਾਂ ਦੀ ਛਾਂਅ
ਛਲਾਵਾ ਹੁੰਦੀ ਹੈ ਪੁੱਤਰੋ !
ਨਹੀਂ ਤਾਂ
ਸਾਡੇ ਕਿਹੜਾ
ਸੰਘ 'ਚ ਅੜਦੀ ਸੀ
ਪਿੱਛੇ ਪਿੱਛੇ ਆਉਂਦੀ
ਗੁੜ ਘਿਓ ਦੀ ਚੂਰੀ !
ਬੱਸ
ਬਾਪੂ ਨੇ ਕਿਹਾ ਸੀ ;
ਪੁੱਤ
ਨਗਾਰਿਆਂ ਦੀ ਰੁੱਤੇ
ਵੰਝਲੀ
ਉਂਝ ਹੀ ਬੁਰੀ ਲਗਦੀ ਹੈ
ਤੇ ਅਸੀਂ
ਬਾਸਾਂ ਦੇ ਜੰਗਲ 'ਚੋਂ
ਡਾਗਾਂ ਛਾਂਗ ਲਈਆਂ !

(ਅੱਜ ਬਾਪੂ ਕਾਮਰੇਡ ਸੁਰਜੀਤ ਗਿੱਲ ਨੂੰ ਸਰੀਰਕ ਤੌਰ 'ਤੇ ਵਿੱਛੜਿਆਂ ਪੂਰੇ ਨੌ ਸਾਲ ਹੋ ਗਏ ਹਨ)

No comments:

Post a Comment