Thursday, June 10, 2021

ਸਰਮਾਏਦਾਰ ਦੀ ਇਛਾ ਮਜ਼ਦੂਰ ਕੋਲੋਂ ਵੱਧ ਤੋਂ ਵੱਧ ਕੰਮ ਲੈਣਾ/ਪਵਨ ਕੌਸ਼ਲ

  Wednesday 9th June 2021 at 1:12 PM

ਉਨ੍ਹਾਂ ਨੂੰ ਕੰਮ ਦੋਰਾਨ ਕੋਈ ਬਰੇਕ (ਕੁੱਝ ਮਿੰਟਾ ਦੀ ਛੁੱਟੀ) ਵੀ ਨਹੀਂ ਮਿਲਦੀ


ਜਿਵੇਂ ਜਿਵੇਂ ਪੂੰਜੀਵਾਦੀ ਢੰਗ ਨਾਲ ਉਤਪਾਦਨ ਅਧੀਨ ਆਰਥਕ ਵਿਕਾਸ ਅਗੇ ਵਧੱਦਾ ਜਾਂਦਾ ਹੈ ਕਾਮਿਆਂ ਦੀ ਦਸ਼ਾ ਓਨੀ ਹੀ ਵਿਗੜਦੀ ਜਾਂਦੀ ਹੈ। ਸਾਮਰਾਜੀ ਵਿਸ਼ਵੀ ਕਰਣ ਦੀਆਂ ਨੀਤੀਆਂ ਅਧੀਨ ਕਾਮਿਆਂ ਦੀ ਦਸ਼ਾ ਸਭ ਤੋਂ ਭੈੜੀ ਹੁੰਦੀ ਹੈ। ਸਰਮਾਏਦਾਰ ਦੇ ਮੁਨਾਫੇ ਵਿੱਚ ਵਾਧਾ ਮਜ਼ਦੂਰ ਦੀ ਉਜਰਤ ਦੇ ਉਲਟ ਅਨੁਪਾਤੀ ਹੁੰਦਾ ਹੈ, ਅਰਥਾਤ ਜਿੰਨਾ ਸਰਮਾਏਦਾਰ ਦੇ ਮੁਨਾਫੇ ਵਿੱਚ ਵਾਧਾ ਹੋਵੇਗਾ ਓਨੀ ਹੀ ਮਜ਼ਦੂਰ ਦੀ ਅਸਲ ਉਜਰਤ ਵਿੱਚ ਕਮੀਂ ਆਏਗੀ। 

ਇਹ ਸਰਮਾਏ ਦੇ ਇਕੱਤਰੀ ਕਰਣ ਦੇ ਅਨੁਕੂਲ ਕਾਮੇਂ ਦੀ ਕੰਗਾਲੀ ਦਾ ਇੱਕਤਰੀ ਕਰਣ ਸਥਾਪਤ ਕਰਦਾ ਹੈ।“ਇਸ ਲਈ ਇੱਕ ਸਿਰੇ ਉਤੇ ਦੌਲਤ ਦਾ ਇੱਕਤਰੀਕਰਣ ਨਾਲ ਹੀ ਦੂਜੇ ਸਿਰੇ ਉਤੇ ਗੁਰਬਤ, ਮੁਸ਼ੱਕਤ ਦੀ ਪੀੜਾ,ਗੁਲਾਮੀ, ਵਹਿਸ਼ੀਪੁਣਾ, ਜਹਾਲਤ, ਦਿਮਾਗੀ ਗਿਰਾਵਟ ਦਾ ਇਕੱਤਰੀਕਰਣ ਹੁੰਦਾ ਹੈ, ਭਾਵ ਉਸ ਜਮਾਤ ਵਾਲੇ ਪਾਸੇ ਜਿਹੜੀ ਸਰਮਾਏ ਦੇ ਰੂਪ ਵਿੱਚ ਆਪਣੀ ਵਸਤ ਨੂੰ ਪੈਦਾ ਕਰਦੀ ਹੈ”। ਉਪਰੰਤ ਸਰਮਾਏ ਵਲੋਂ ਕਿਰਤ ਸ਼ਕਤੀ ਦੀ ਖਪਤ ਏਨੀ ਤੇਜ਼ ਹੁੰਦੀ ਹੈ ਕਿ ਕਾਂਮਾ, ਆਪਣੀ ਜਿੰਦਗੀ ਦੇ ਅੱਧ ਵਿੱਚ ਤਕਰੀਬਨ ਪੂਰੀ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰ ਚੁੱਕਾ ਹੁੰਦਾ ਹੈ।  

ਪੂੰਜੀਵਾਦੀ ਆਧਾਰ ਤੇ ਸਨਅਤੀ ਵਿਕਾਸ ਨੇ ਕਿਰਤੀ ਸਮੂਹ ਅੰਦਰ ਗਰੀਬੀ ਅਤੇ ਦੁਰਦਸ਼ਾ, ਸਮਾਜਿਕ ਹੋਂਦ ਲਈ ਦੁਸ਼ਵਾਰੀਆਂ ਪੈਦਾ ਕਰ ਦਿਤੀਆਂ ਹਨ। ਪੂੰਜੀਪਤੀਆਂ ਦੇ ਹਥਾਂ ਵਿੱਚ ਦੌਲਤ ਦੇ ਇਕੱਤਰੀਕਰਨ ਦਾ ਪ੍ਰਮੁਖ ਸਰੋਤ ਕਾਮਿਆਂ ਦੀ “ਵਾਫਰ ਕਦਰ” ਦੇ ਰੂਪ ਵਿੱਚ ਜਿਹੜੀ ਪੂੰਜੀਵਾਦੀ ਪੈਦਾਵਾਰ ਅਤੇ ਇਸ ਪ੍ਰਬੰਧ ਅਧੀਨ ਕਾਮਿਆਂ ਦੇ ਸੋਸ਼ਣ ਕਾਰਨ ਨਾ-ਅਦਾ ਕੀਤੀ ਉਜਰਤ ਦਾ ਦੱਬ ਲੈਣਾ ਹੈ। ਪੂੰਜੀਵਾਦੀ ਸੰਕਟ ਅਧੀਨ ਕਾਮਿਆਂ ਦੇ ਸੋਸ਼ਣ ਵਿੱਚ ਅੱਤ ਦਰਜੇ ਦਾ ਵਾਧਾ ਹੁੰਦਾ ਹੈ, ਅਤਿ-ਅਮੀਰ ਅਤੇ ਕੰਗਾਲੀ ਵਿੱਚ ਪਾੜਾ ਪਹਿਲਾਂ ਨਾਲੋਂ ਕਿਤੇ ਵੱਧਦਾ ਜਾਂਦਾ ਹੈ। ਪੂੰਜੀਵਾਦੀ ਦੇਸ਼ਾਂ ਅੰਦਰ ਉਜਰਤਾਂ ਦੇ ਲਗਾਤਾਰ ਡਿਗਦੇ ਜਾਣ ਦਾ ਅਤੇ ਉਸੇ ਅਨੁਪਾਤ ਨਾਲ ਮੁਨਾਫੇ ਦੇ ਹਿਸੇ ਦੇ ਵੱਧਦੇ ਜਾਣ ਦਾ ਰੁਝਾਨ ਹੁੰਦਾ ਹੈ। ਕਾਮਿਆਂ ਨੂੰ ਸਮਾਜਿਕ ਤੌਰ ਤੇ ਪ੍ਰਵਾਨਤ ਔਸਤਨ ਘੱਟੋ-ਘੱਟ ਉਜਰਤਾਂ ਦਿੱਤੀਆਂ ਜਾਂਦੀਆ ਹਨ ਜਿਨ੍ਹਾਂ ਨਾਲ ਉਹ ਅਗਲੇ ਦਿਨ ਕੰਮ ਤੇ ਜਾਣ ਲਈ ਕਿਰਤ ਸ਼ਕਤੀ ਪੈਦਾ ਕਰ ਸਕਣ।

ਭਾਰਤ ਦੀਆਂ ਬਹੁਤ ਸਾਰੀਆਂ ਗੈਰ-ਜਥੇਬੰਦ ਖੇਤਰ ਦੀਆਂ ਫੈਕਟਰੀਆਂ ਅੰਦਰ ਕਾਮਿਆਂ ਨੂੰ ਏਨੀਆਂ ਘੱਟ ਉਜਰਤਾਂ ਦਿਤੀਆਂ ਜਾਂਦੀਆ ਹਨ ਕਿ ਉਹ ਆਪਣੀ ਸਾਰੇ ਮਹੀਨੇ ਦੀਆਂ ਉਜਰਤਾਂ ਨਾਲ ਅਜਿਹੀ ਇੱਕ ਵੀ ਵਸਤ ਨਹੀਂ ਖਰੀਦ ਸਕਦੇ ਜਿਹੜੀ ਵੀ ਉਹ ਪੈਦਾ ਕਰਦੇ ਹਨ। ਕਾਂਮੇ ਖਾਸ ਕਰਕੇ ਬਹੁਤੀਆਂ ਇਸਤਰੀਆਂ ਜਿਹੜੀਆਂ ਅਸੰਭਵ ਟੀਚੇ ਪੂਰੇ ਕਰਨ ਤੋਂ ਅਸਮਰਥ ਹੁੰਦੀਆ ਹਨ, ਨੂੰ ਘੂਰਿਆ ਜਾਂਦਾ ਹੈ ਅਤੇ ਕੁੱਤੇ ਤੇ ਗਧੇ ਵਰਗੇ ਸ਼ਬਦਾਂ ਨਾਲ ਬੁਲਾਇਆ ਜਾਂਦਾ ਹੈ। ਬਹੁਤੇ ਕਾਂਮੇ ਜਿਹੜੇ ਆਪਣੇ ਪਰੀਵਾਰ ਦੇ ਪਾਲਣ ਪੋਸ਼ਣ ਨਿਗੂਣੀ ਜਿਹੀ ਉਜਰਤ ਉਤੇ ਲੰਬੇ ਤੇ ਘਟਿੰਆਂ ਬੱਧੀ ਕੰਮ ਕਰਦੇ ਹਨ, ਮਾਲਕਾਂ ਵਲੋਂ ਉਨ੍ਹਾਂ ਨੂੰ ਵਾਧੂ ਸਮੇਂ/ਓਵਰ ਟਾਇਮ ਦੀ ਉਜਰਤ ਨਾਂ ਦੇਕੇ ਉਨ੍ਹਾਂ ਨਾਲ ਧੋਖਾ ਕੀਤਾ ਜਾਂਦਾ ਹੈ। ਅਜਿਹਾ ਸਭ ਤੋਂ ਵੱਧ ਉਨ੍ਹਾਂ ਫੈਕਟਰੀਆਂ ਅੰਦਰ ਵਾਪਰਦਾ ਹੈ ਜਿਹੜੀਆਂ ਬਹੁ-ਕੌਮੀ ਕੰਪਨੀਆਂ ਜਿਵੇਂ ਜੀ ਏ ਪੀ, ਐਚ ਐਂਡ ਐਮ, ਵਾਲਮਾਰਟ ਆਦਿ ਲਈ ਮਾਲ ਖਾਸ ਕਰਕੇ ਕਪੜੇ ਤਿਆਰ ਕਰਦੀਆਂ ਹਨ। ਕਾਮੇਂ ਇਨ੍ਹਾਂ ਫੈਕਟਰੀਆਂ ਅੰਦਰ ਅੱਤ ਭੈੜੀਆਂ, ਗੈਰ-ਸੁਰਖਿਅਤ, ਗੈਰ-ਮਨੁਖੀ ਅਤੇ ਗੈਰ-ਸਿਹਤਮੰਦ ਹਾਲਤਾਂ ਅਧੀਨ ਕੰਮ ਕਰਦੇ ਹਨ। ਉਹ ਬਾਕੀ ਦਾ ਜੀਵਨ ਸੰਤਾਪ ਭੋਗਦੇ ਹਨ ਅਤੇ ਸੰਤਾਪ’ਚ ਹੀ ਮਰਦੇ ਹਨ।

ਕਾਮਿਆਂ ਦੀਆਂ ਘੱਟ ਉਜਰਤਾਂ, ਮਿਥੇ ਘੰਟਿਆ ਤੋਂ ਵਾਧੂ ਲਏ ਕੰਮ ਦੀ ਅਦਾਇਗੀ ਨਾਂ ਕਰਨਾ ਕਾਮਿਆਂ ਦੇ ਕਰਜ਼ੇ ਦੇ ਜਾਲ ਵਿੱਚ ਫਸਣ ਦੇ ਮੁੱਖ ਕਾਰਨ ਹਨ। ਟੀਚੇ ਏਨੇ ਉਚੇ ਹੁੰਦੇ ਹਨ ਕਿ ਪੂਰੇ ਨਹੀਂ ਕੀਤੇ ਜਾ ਸਕਦੇ। ਟੀਚੇ ਪੂਰੇ ਕਰਨ ਲਈ ਏਥੋਂ ਤੱਕ ਕਿ ਉਨ੍ਹਾਂ ਨੂੰ ਕੰਮ ਦੋਰਾਨ ਕੋਈ ਬਰੇਕ (ਕੁੱਝ ਮਿੰਟਾ ਦੀ ਛੁੱਟੀ) ਨਹੀਂ ਮਿਲਦੀ, ਪਾਣੀ ਪੀਣ ਜਾਂ ਟੱਟੀ-ਪਿਸ਼ਾਬ ਆਦਿ ਜਾਣ ਦੀ ਵੀ ਛੁੱਟੀ ਨਹੀਂ ਦਿੱਤੀ ਜਾਂਦੀ। ਕਾਮੇਂ ਗੈਰ-ਮਨੁਖੀ ਹਾਲਤਾਂ ਤੋਂ ਲਗਾਤਾਰ ਪੀੜਤ ਰਹਿੰਦੇ ਹਨ ਅਤੇ ਨਿਗੁਣੀਆਂ ਉਜਰਤਾਂ ਤੇ ਜਿਉਦੇਂ ਰਹਿਣ ਲਈ ਮਜ਼ਬੂਰ ਹੁੰਦੇ ਹਨ। ਇਸ ਸਮੇਂ ਸਭ ਤੋਂ ਵੱਧ ਪਰਫੁਲਤ ਸਨਅਤ “ਗਾਰਮੈਂਟ” (ਸੀਤੇ ਹੋਏ ਕਪੜੇ) ਵਾਲੀ ਸਨਅਤ ਹੈ ਅਤੇ ਓਨੀ ਹੀ ਭੈੜੀ ਦਸ਼ਾ ਇਸ ਸਨਅਤ ਵਿੱਚ ਕੰਮ ਕਰਦੇ ਕਾਂਮਿਆਂ ਦੀ ਹੈ। ਸਰਕਾਰੀ ਅੰਕੜਿਆ ਮੁਤਾਬਕ “ਨੈਸ਼ਨਲ ਟੈਕਸਟਾਇਲ” ਸਨਅਤ ਕੋਈ 55 ਖਰਬ ਡਾਲਰ ਦੀ ਹੈ ਅਤੇ 3.5 ਕਰੋੜ ਲੋਕਾਂ ਨੂੰ ਰੋਜ਼ਗਾਰ ਮਿਿਲਆ ਹੋਇਆ ਹੈ ਅਤੇ 33 ਖਰਬ ਡਾਲਰ ਦੇ ਸੀਤੇ ਕਪੜੇ ਬਰਾਮਦ ਕੀਤੇ ਜਾਂਦੇ ਹਨ। ਇਸ ਸਨਅਤ ਅੰਦਰ ਕੰਮ ਕਰਦੇ ਕਾਮਿਆਂ ਨੂੰ ਅੱਤ ਕਠਿਨ ਹਾਲਤਾਂ ਦਾ ਸਾਮ੍ਹਣਾਂ ਕਰਨਾ ਪੈ ਰਿਹਾ ਹੈ।ਜਿਥੇ ਸਨਅਤ ਦਾ ਕਈ ਗੁਣਾ ਪਸਾਰ ਹੋ ਰਿਹਾ ਹੈ ਉਥੇ ਕਾਮਿਆਂ ਦੀ ਹਾਲਤ’ਚ ਸੁਧਾਰ ਹੋਣ ਦੀ ਥਾਂ ਉਹ ਹਾਲਤ ਲਗਾਤਾਰ ਵਿਗੜ ਰਹੀ ਹੈ। ਕਾਮਿਆਂ ਵਲੋਂ ਕੀਤੇ ਓਵਰ ਟਾਇਮ (ਵਾਧੂ ਸਮਾਂ) ਦੀ ਮਾਲਕਾਂ ਵਲੋਂ ਅਦਾਇਗੀ ਨਾਂ ਕਰਨ ਕਾਰਨ ਉਨ੍ਹਾਂ ਦਾ ਮੁਨਾਫਾ ਲਗਾਤਾਰ ਵੱਧਦਾ ਜਾ ਰਿਹਾ ਹੈ। “ਮਾਲਕਾਂ ਦਾ ਹੋਰ ਅਮੀਰ ਹੋਣਾ ਅਤੇ ਕਾਮਿਆਂ ਦਾ ਹੋਰ ਗਰੀਬ ਹੋਣਾ” ਇੱਕ ਆਮ ਕਹਾਵਤ ਬਣ ਗਈ ਹੈ। ਪ੍ਰੰਤੂ ਪੂੰਜੀ ਇਕੱਲੀ ਕਿਰਤ ਉਪੱਰ ਹੀ ਜੀਵਤ ਨਹੀਂ ਰਹਿੰਦੀ। ਇੱਕ ਜਗੀਰਦਾਰ/ਮਾਲਕ ਇਕੋ ਸਮੇਂ ਰਈਸ ਅਤੇ ਜਾਂਗਲੀ ਹੁੰਦਾ ਹੈ, ਇਹ ਇਸਦੇ ਨਾਲ ਹੀ ਗੁਲਾਮਾਂ ਦੀਆਂ ਲਾਸ਼ਾਂ ਨੂੰ ਕਬਰਾਂ’ਚ ਧੁਹ ਕੇ ਲੈ ਜਾਂਦਾ ਹੈ। ਕਾਮਿਆਂ ਦਾ ਇੱਕ ਪੂਰਾ ਨਰ-ਸੰਹਾਰ ਜਿਹੜੇ ਸੰਕਟ ਦੋਰਾਨ ਖਤਮ ਹੋ ਜਾਂਦੇ ਹਨ। ਤੱਦ ਅਸੀਂ ਦੇਖਦੇ ਹਾਂ, “ਪੂੰਜੀ ਤੇਜੀ ਨਾਲ ਵੱਧਦੀ ਹੈ, ਕਾਮਿਆਂ ਵਿਚਕਾਰ ਮੁਕਾਬਲਾ ਹੋਰ ਜਿਆਦਾ  ਵੱਧਦਾ ਹੈ, ਇਹ ਕਿ ਕਾਮਿਆਂ ਦੇ ਰੁਜ਼ਗਾਰ ਦੇ ਸਾਧਨ, ਜਿਉਦੇਂ ਰਹਿਣ/ਜੀਵਕਾ ਦੇ ਸਾਧਨ ਉਸੇ ਅਨੁਪਾਤ ਨਾਲ ਹੋਰ ਜਿਆਦਾ ਘੱਟਦੇ ਹਨ ਫਿਰ ਵੀ ਪੂੰਜੀ ਦਾ ਤੇਜ਼ੀ ਨਾਲ ਵਾਧਾ ਉਜਰਤੀ ਕਿਰਤ ਲਈ ਸਭ ਤੋਂ ਵੱਧ ਲਾਹੇਵੰਦ ਅਵਸਥਾ ਹੈ। (ਮਾਰਕਸ, ਉਜਰਤ,ਕਿਰਤ ਤੇ ਪੂੰਜੀ)

ਕਿਵੇਂ ਗਾਰਮੈਂਟ ਸਨਅਤ ਦੇ ਕਾਮਿਆਂ ਜਿਨ੍ਹਾਂ ਵਿੱਚ 67% ਤੋਂ ਉਪਰ ਇਸਤਰੀ ਕਾਮੇਂ ਹਨ, ਨੂੰ ਦੋ ਵਕਤ ਦੀ ਰੋਟੀ ਲਈ ਅੱਤ ਕਠਨ ਹਾਲਤਾਂ ਅੰਦਰ ਮਜਬੂਰਨ ਵਾਧੂ ਕੰਮ/ਓਵਰ ਟਾਇਮ ਕਰਨਾ ਪੈਂਦਾ ਹੈ, ਰੁਜ਼ਗਾਰ ਦੀਆਂ ਗੈਰ ਯਕੀਨੀ ਹਾਲਤਾਂ ਅਤੇ ਫੈਕਟਰੀ ਅੰਦਰ ਕੰਮ ਵਾਲੀ ਥਾਂ ਤੇ ਤੰਗ ਕਰਨ ਆਦਿ ਹਾਲਤਾਂ ਦਾ ਸਾਮ੍ਹ੍ਹਣਾ ਕਰਨਾ ਪੈਦਾਂ ਹੈ। ਹਰੇਕ ਛੇਵਾਂ ਘਰ ਸਿਧੇ ਜਾਂ ਅਸਿਧੇ ਰੂਪ ਵਿੱਚ ਇਸ ਖੇਤਰ ਉਪਰ ਨਿਰਭਰ ਕਰਦਾ ਹੈ, ਜਿਨ੍ਹਾਂ ਕੋਲ ਜਿਉਦੇਂ ਰਹਿਣ ਜੋਗੀ ਉਜਰਤ ਵੀ ਨਹੀਂ ਹੁੰਦੀ, ਕੋਈ ਰੁਜ਼ਗਾਰ ਦੀ ਸੁਰਖਿਆ ਨਹੀਂ, ਕੋਈ ਓਵਰ ਟਾਈਮ ਦੀ ਅਦਾਇਗੀ ਨਹੀਂ ਹੁੰਦੀ ਅਤੇ ਨਾਂ ਹੀ ਕੋਈ ਯੂਨੀਅਨ ਹੁੰਦੀ ਹੈ ਤੇ ਨਾਂ ਹੀ ਬਨਣ ਦਿੱਤੀ ਜਾਂਦੀ ਹੈ। ਕਿਰਤ ਕਨੂੰਨਾਂ ਦੀ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਧਜੀਆਂ ਉਡਾਈਆਂ ਜਾਂਦੀਆ ਹਨ।

ਉਦਾਰੀਕਰਨ ਦੀਆ ਨੀਤੀਆਂ ਭਾਰਤ ਅੰਦਰ 1991 ਤੋਂ ਬੜੇ ਜੋਰ ਸ਼ੋਰ ਨਾਲ ਸ਼ੁਰੂ ਹੋਈਆਂ, ਆਰਥਕ ਉਦਾਰੀਕਰਨ ਦੇ ਲਾਭਾਂ ਦਾ ਫਾਇਦਾ ਕਾਮਿਆਂ ਨੂੰ ਪਹੁਚਾਉਣ ਦੀ ਥਾਂ ਇਨ੍ਹਾਂ ਨੇ ਨਾਂ ਹੀ ਬੇਰੁਜ਼ਗਾਰੀ ਦਾ ਅਤੇ ਨਾਂ ਹੀ ਦੂਸਰੀਆਂ ਸਮਾਜਿਕ ਬੁਰਾਈਆਂ ਦਾ ਕੋਈ ਹੱਲ ਕੀਤਾ ਹੈ। ਭਾਰਤੀ ਮਾਰਕੀਟ ਦੇ ਉਦਾਰੀਕਰਨ ਨੇ ਰਵਾਇਤੀ ਹੈਂਡਲੂਮ/ਖੱਡੀ ਨੂੰ ਬੰਦ ਹੋਣ ਲਈ ਮਜ਼ਬੂਰ ਕਰ ਦਿੱਤਾ ਹੈ ਸਿੱਟੇ ਵਜੋਂ 25 ਲੱਖ ਤੋਂ ਉਪਰ ਕਾਂਮੇ ਆਪਣੇ ਰੋਜ਼ਗਾਰ ਤੋਂ ਹੱਥ ਧੋ ਬੈਠੇ ਹਨ।ਕਾਗਜ਼ਾਂ ਵਿੱਚ ਕੰਮ ਦਿਨ ਭਾਂਵੇ ਅੱਠ ਘੱਟਿਆਂ ਦਾ ਹੈ ਪ੍ਰੰਤੂ ਕਾਮਿਆਂ ਤੋਂ ਜਿਵੇਂ ਸੂਚਨਾ ਤੇ ਤਕਨਾਲੋਜੀ ਸਨਅਤ ਅੰਦਰ ਬਿਨਾ ਓਵਰ ਟਾਇਮ ਦਿੱਤਿਆਂ 10 ਤੋਂ 12 ਘੱੰਟੇ ਕੰਮ ਲਿਆ ਜਾਂਦਾ ਹੈ। ਪ੍ਰਾਜੈਕਟ ਪੂਰੇ ਕਰਨ ਦੇ ਦਬਾਅ ਕਾਰਨ ਕਾਮਿਆਂ ਨੂੰ ਹਫਤਾਵਾਰੀ ਛੁਟੀਆਂ ਵਾਲੇ ਦਿਨਾਂ ਵਿੱਚ ਵੀ ਕੰਮ ਕਰਨਾ ਪੈਂਦਾ ਹੈ। ਇਸ ਤਰ੍ਹਾਂ ਕਾਮੇਂ ਲਗਾਤਾਰ ਮਾਨਸਕਿ ਤਨਾਓ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ, ਜਦੋਂ ਕਿ ਨੌਜਵਾਨ ਇਸਤਰੀ ਕਾਮਿਆਂ ਨੂੰ ਦੇਰ ਰਾਤ ਸ਼ਿਫਟਾਂ ਮਗਰੋਂ ਘਰ ਜਾਣਾ ਇੱਕ ਡਰਾਉਣਾ ਸਪਨਾ ਬਣ ਗਿਆ ਹੈ। ਇਸ ਸਮੇਂ ਦੋਰਾਨ ਇਸ ਕਹੀ ਜਾਂਦੀ ਸਿਲੀਕਾਨ ਵੈਲੀ ਅੰਦਰ ਅਣ-ਗਿਣਤ ਬਲਾਤਕਾਰ ਅਤੇ ਕਤਲ ਦੀਆਂ ਵਾਰਦਾਤਾਂ ਨੇ ਉਨ੍ਹਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ।

ਸਾਮਰਾਜੀ ਵਿਸ਼ਵੀਕਰਨ ਦੀਆਂ ਇਨ੍ਹਾਂ ਨੀਤੀਆਂ ਅਧੀਨ ਸਿਧੇ ਵਿਦੇਸ਼ੀ ਨਿਵੇਸ਼ (ਐਫ. ਡੀ.ਆਈ) ਨੇ ਭਾਰਤੀ ਲੋਕਾਂ ਦੇ ਰੁਜ਼ਗਾਰ ਦੇ ਮੌਕਿਆਂ ਅਤੇ ਦੇਸ਼ ਦੀ ਆਰਥਕਤਾ ਨੂੰ ਬਹੁੱਤ ਜਿਆਦਾ ਨੁਕਸਾਨ ਪਹੁੰਚਾਇਆ ਹੈ। ਸਨਅਤ, ਸੇਵਾਵਾਂ, ਰੀਅਲ ਅਸਟੇਟ (ਮਕਾਨ ਉਸਾਰੀ), ਟੈਲੀਕਾਮ, ਐਲ.ਆਈ.ਸੀ,ਪ੍ਰਚੂਨ ਖੇੱਤਰ ਆਦਿ ਵਿੱਚ ਵਿਦੇਸ਼ੀ ਸਿਧੇ ਨਿਵੇਸ਼ ਨੇ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਤੋਂ ਵਾਂਝੇ ਕਰ ਦਿੱਤਾ ਹੈ, ਘਰੇਲੂ ਸਨਅਤ ਬੰਦ ਹੋ ਰਹੀ ਹੈ, ਉਤਪਾਦਨ ਘੱਟਦਾ ਜਾ ਰਿਹਾ ਹੈ, ਬਰਾਮਦ ਘੱਟ ਗਈ ਹੈ ਅਤੇ ਦੇਸ਼ ਦੀ ਦਰਆਮਦ ਉੱਪਰ ਨਿਰਭਰਤਾ ਵੱਧਦੀ ਜਾ ਰਹੀ ਹੈ,ਵਿਦੇਸ਼ੀ ਕੰਰਸੀ ਦੇ ਭੰਡਾਰ’ਚ ਲਗਾਤਾਰ ਕਮੀਂ ਆ ਰਹੀ ਹੈ ਸਿੱਟੇ ਵਜੋਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਨਿਵਾਂਣਾ ਛੋਹ ਰਹੀ ਹੈ।ਮਹਿੰਗਾਈ, ਰੁਪਏ ਦੀ ਡਿਗਦੀ ਕੀਮਤ ਅਤੇ ਸਿਕੇ ਦੇ ਫੈਲਾਅ ਕਾਰਨ ਦੇਸ਼ ਦੀ ਆਰਥਕਤਾ ਡਾਂਵਾ ਡੋਲ ਹੁੰਦੀ ਜਾ ਰਹੀ ਹੈ ਜਿਸ ਕਾਰਨ ਅੱਜ ਦੇਸ਼ ਆਰਥਕ ਦਿਵਾਲੀਏਪਣ ਦੀ ਕਗਾਰ ਉੱਪਰ ਖੜਾ ਹੈ। 

ਹੋਰ ਜਿਆਦਾ ਮੁਨਾਫਾ ਕਮਾਉਣ ਦੀ ਹਵਸ ਕਾਰਨ ਸਰਮਾਏਦਾਰ ਬਾਲ ਮਜ਼ਦੂਰਾਂ ਅਤੇ ਬੰਧੁਆ ਮਜ਼ਦੂਰਾਂ ਨੂੰ ਕੰਮ ਤੇ ਲਗਾਉਂਦਾ ਹੈ। ਬਧੂੰਆ ਮਜ਼ਦੂਰੀ ਭੱਠਾ ਸਨਅਤ ਅੰਦਰ ਵਿਆਪਕ ਰੂਪ ਵਿੱਚ ਵੇਖਣ ਨੂੰ ਮਿਲਦੀ ਹੈ। ਭੱਠਾ ਸਨਅਤ ਅੰਦਰ ਮੁੱਖ ਤੌਰ ਤੇ ਸਮਾਜ ਦਾ ਪੇਂਡੂ ਗਰੀਬ ਅਤੇ ਕੰਮਜ਼ੋਰ ਵਰਗ ਹੁੰਦਾ ਹੈ। ਭਾਰਤ ਵਿੱਚ ਤਕਰੀਬਨ ਪੰਜਾਹ ਹਜ਼ਾਰ (50,000) ਇਟਾਂ ਦੇ ਭੱਠੇ ਹਨ, ਹਰੇਕ ਭੱਠੇ ਉੱਪਰ ਔਸਤਨ 100 ਮਜ਼ਦੂਰ ਕੰਮ ਕਰਦੇ ਹਨ। ਕੁੱਲ ਮਿਲਾਕੇ ਇਨ੍ਹਾਂ ਬੰਧੁਆ ਮਜ਼ਦੂਰਾਂ ਸਮੇਤ ਕੋਈ 50 ਲੱਖ ਮਜ਼ਦੂਰ ਕੰਮ ਕਰਦੇ ਹਨ।ਬੰਧੂਆ ਮਜ਼ਦੂਰ ਆਪਣੇ ਬਚਿੱਆਂ ਅਤੇ ਪਤਨੀਆਂ ਸਮੇਤ ਇਨ੍ਹਾਂ ਭਠਿਆਂ ਉੱਪਰ ਕੰਮ ਕਰਦੇ ਹਨ। ਇਹ ਬੱਚੇ ਸਿਿਖਆ, ਸਿਹਤ ਅਤੇ ਹੋਰ ਸਹੂਲਤਾਂ ਤੋਂ ਵਾਝੇਂਰਹਿ ਜਾਂਦੇ ਹਨ।ਬਚਿੱਆਂ ਨੂੰ ਬਹੁਤ ਛੋਟੀ ਉਮਰ ਵਿੱਚ ਭਠਿਆਂ ਉੱਪਰ ਕੰਮ ਤੇ ਲਗਾ ਲਿਆ ਜਾਂਦਾ ਹੈ।ਸਾਰੇ ਪਰਵਿਾਰ ਨੂੰ ਆਪਣੇ ਇੱਟਾਂਬਨਾਉਣ ਦੇ ਵਾਹਦੇ, ਜਿਸ ਦੇ ਲਈ ਉਨ੍ਹਾਂ ਨੇ ਭੱਠਾ ਮਾਲਕ ਤੋਂ ਪੇਸ਼ਗੀ ਰਕਮ (ਐਡਵਾਂਸ)ਲਈ ਹੁੰਦੀ ਹੈ,ਨੂੰ ਪੂਰਾ ਕਰਨਾ ਪੈਦਾਂ ਹੈ।ਇਥੋਂ ਹੀ ਉਨ੍ਹਾਂ ਦੇ ਜੀਵਨ ਦਾ ਘਿਨਾਉਣਾਂ ਚੱਕਰ “ਬੰਧੂਆ ਗੁਲਾਮੀ” ਸ਼ੁਰੂ ਹੁੰਦਾ ਹੈ।“ਬੰਧੂਆ ਮਜ਼ਦੂਰ ਮੁਕਤੀ ਮੋਰਚਾ” ਨਾਂ ਦੀ ਇੱਕ ਜਥੇਬੰਦੀ ਅਨੁਸਾਰ 6.5 ਕਰੋੜ ਬਾਲ ਬਧੰੂਆ ਮਜ਼ਦੂਰ ਅਤੇ 30 ਕਰੋੜ ਬਾਲਗ ਬੰਧੂਆ ਮਜ਼ਦੂਰ ਹਨ।ਯੂਨੀਸੈਫ(ਯੂਨਾਈਟਡ ਨੇਸ਼ਨਜ਼ ਇਟੰਰਨੈਸ਼ਨਲ ਚਿਲਡਰਨ ਐਜੁਕੇਸ਼ਨ ਫੰਡ) ਦੀ 2009 ਦੀ ਇੱਕ ਰਿਪੋਰਟ ਅਨੁਸਾਰ 6 ਤੋਂ 14 ਸਾਲ ਦੀ ਉਮਰ ਦੇ 2ਕਰੋੜ 80 ਲੱਖ ਬੱਚੇ ਮਜ਼ਦੂਰੀ ਕਰਦੇ ਹਨ।

ਪੂੰਜੀਪਤੀ ਦਾ ਧਰਮ ਕੇਵਲ ਤੇ ਕੇਵਲ ਕਿਸੇ ਵੀ ਕੀਮਤ ਉਤੇ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੁੰਦਾ ਹੈ। ਮਾਰਕਸ ਨੇ ਆਪਣੀ ਮਹਾਨ ਕਿਰਤ ਕੈਪੀਟਲ,ਚ ਲਿਿਖਆ ਹੈ, “ਜਿਸ ਤਰ੍ਹਾਂ ਪਹਿਲਾਂ ਕਿਹਾ ਜਾਂਦਾ ਸੀ ਕਿ ਕੁਦਰਤ ਖਲਾਅ ਨਾਲ ਘਿਰਣਾ ਕਰਦੀ ਹੈ ਉਸੇ ਤਰ੍ਹਾਂ ਸਰਮਾਇਆ ਇਸ ਗੱਲ ਨੂੰ ਬਹੁਤ ਨਾਂ ਪਸੰਦਕਰਦਾ ਹੈ ਕਿ ਮੁਨਾਫਾ ਨਾਂ ਹੋਵੇ ਜਾਂ ਬਹੁਤ ਘੱਟ ਹੋਵੇ।ਯੋਗ ਮੁਨਾਫਾ ਹੋਵੇ ਤਾਂ ਸਰਮਾਇਆ ਬਹੁਤ ਹਿਮੰਤ ਵਿਖਾਉਂਦਾ ਹੈ।ਜੇ ਤਕਰੀਬਨ 10% ਮੁਨਾਫਾ ਮਿਲੇ ਤਾਂ ਸਰਮਾਇਆਕਿਸੇ ਵੀ ਥਾਂ ਤੇ ਲਾਇਆ ਜਾ ਸਕਦਾ ਹੈ।ਜੇ 20% ਮੁਨਾਫਾ ਯਕੀਨੀ ਹੋਵੇ ਤਾਂ ਸਰਮਾਏ ਵਿੱਚ ਉਤਸੁਕਤਾ ਵਿਖਾਈ ਦੇਣ ਲੱਗ ਪੈਦੀਂ ਹੈ।50% ਦੀ ਆਸ ਹੋਵੇ ਤਾਂ ਸਰਮਾਇਆ ਸਪਸ਼ਟ ਹੀ ਦਲੇਰ ਬਣ ਜਾਂਦਾ ਹੈ।100% ਦਾ ਮੁਨਾਫਾ ਯਕੀਨੀ ਹੋਵੇ ਤਾਂ ਇਹ ਮਨੁੱਖਤਾ ਦੇ ਸਾਰੇ ਕਾਨੂੰਨਾਂ ਨੂੰ ਪੈਰਾਂ ਥੱਲੇ ਰੋਲਣ ਨੂੰ ਤਿਆਰ ਹੋ ਜਾਂਦਾ ਹੈ ਅਤੇ ਜੇਕਰ 300% ਮੁਨਾਫੇ ਦੀ ਉਮੀਦ ਹੋ ਜਾਵੇ ਤਾਂ ਅਜਿਹਾ ਕੋਈ ਵੀ ਅਪਰਾਧ ਨਹੀਂ ਜਿਸਨੂੰ ਕਰਨ ਵਿੱਚ ਸਰਮਾਏ ਨੂੰ ਸੰਕੋਚ ਹੋਵੇਗਾ ਅਤੇ ਕੋਈ ਵੀ ਖਤਰਾ ਅਜਿਹਾ ਨਹੀਂ ਜਿਸਦਾ ਸਾਮ੍ਹਣਾਂ ਕਰਨ ਲਈ ਉਹ ਤਿਆਰ ਨਹੀਂ ਹੋਵੇਗਾ।ਏਥੋਂ ਤੱਕ ਕਿ ਜੇਕਰ ਸਰਮਾਏ ਦੇ ਮਾਲਕ ਨੂੰ ਫਾਂਸੀ ਉਤੇ ਟੰਗ ਦਿੱਤੇ ਜਾਣ ਦਾ ਖਤਰਾ ਵੀ ਹੋਵੇ ਤਾਂ ਵੀ ਝਿਜਕੇਗਾ ਨਹੀਂ।ਜੇਕਰ ਬੇਚੈਨੀ ਅਤੇ ਝਗੜੇ ਨਾਲ ਮੁਨਾਫਾ ਹੁੰਦਾ ਦਿਸੇ ਤਾਂ ਇਹ ਦੋਨਾਂ ਚੀਜ਼ਾਂ ਨੂੰ ਉਤਸ਼ਾਹ ਦੇਵੇਗਾ”।ਸਮਗਲੰਿਗ, ਕਾਲਾਬਜ਼ਾਰੀ, ਜ਼ਖੀਰੇਬਾਜੀ, ਬੰਧੂਆ ਗੁਲਾਮੀ ਆਦਿ ਇਸ ਦੀਆਂ ਸਪਸ਼ਟ ਉਦਾਹਰਣਾਂ ਹਨ।

ਸਨਅਤ ਅਤੇ ਵਪਾਰ ਦਾ ਵਿਸ਼ਾਲ ਰੂਪ ਵਿੱਚ ਚਾਰੇ ਪਾਸੇ ਵਾਧਾ ਹੁੰਦਾ ਜਾ ਰਿਹਾ ਹੈ।ਵਿੱਤੀ ਠੱਗੀ/ਲੁੱਟ ਵਿਸ਼ਵ ਵਿਆਪੀ ਵਿਭਚਾਰ ਅਤੇ ਦੁਰਾਚਾਰ ਦਾ ਰੂਪ ਧਾਰਨ ਕਰ ਗਈ ਹੈ।ਪੂੰਜੀ ਪਤੀ, ਜਨਤਾ ਸਮੂਹ ਦੀ ਮੰਦਹਾਲੀ ਤੇ ਗੁਰਬਤ ਤੋਂ ਆਪਣੇ ਲਿਸ਼ਕਦੇ, ਵੇਸਵਾਪਣ ਅਤੇ ਵਿਲਾਸਮਈ ਚਰਿਤਰਹੀਣਤਾ ਦਾ ਸਫਰ ਸ਼ੁਰੂ ਕਰਦਾ ਹੈ।ਸਿੱਟੇ ਵਜੋਂ “ਉਜਰਤੀ ਕਿਰਤ ਪ੍ਰਬੰਧ ਗੁਲਾਮ ਪ੍ਰਬੰਧ ਹੈ ਅਤੇ ਬਲਕਿ ਗੁਲਾਮੀ ਜਿਹੜੀ ਕਿਰਤ ਦੀਆਂ ਸਮਾਜਿਕ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਦੇ ਉਸੇ ਅਨੁਪਾਤ ਨਾਲ ਹੋਰ ਭੈੜੀ ਹੰੁਦੀ ਜਾਂਦੀ ਹੈ, ਭਾਂਵੇ ਬੇਹਤਰ ਜਾਂ ਅਤਿ ਭੈੜੀ ਅਦਾਇਗੀ ਮਿਲੇ” (ਮਾਰਕਸ ਕਰਿਿਟਕ ਆਫ ਗੋਥਾ ਪਰੋਗਰਾਮ)।ਮਨੁੱਖਤਾ ਦਾ ਭਲਾ ਇਸ ਲੁੱਟ-ਖਸੁੱਟ ਤੇ ਅਧਾਰਤ ਪੂੰਜੀਵਾਦੀ ਪ੍ਰਬੰਧ ਨੂੰ ਇੱਕ ਲੋਕ ਜਮਹੂਰੀ ਇਨਕਲਾਬ ਰਾਂਹੀ ਚਲਦਾ ਕਰਕੇ ਇੱਕ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਕਰਕੇ ਹੀ ਹੋ ਸਕਦਾ ਹੈ।

ਪਵਨ ਕੁਮਾਰ ਕੌਸ਼ਲ      98550-04500

ਵਾਰਡ ਨੰ: 8 ਮਕਾਨ ਨੰ: ਬੀ-4/522,

ਕੌਸ਼ਲ ਗਲੀ,ਦੋਰਾਹਾ,  ਜਿਲਾ ਲੁਧਿਆਣਾ

No comments:

Post a Comment