Monday, June 21, 2021

26 ਜੂਨ ਵਾਲੇ ਸਮੂਹ ਐਕਸ਼ਨ ਵੱਧ ਤੋਂ ਵੱਧ ਸਫਲ ਬਣਾਉਣ ਦਾ ਸੱਦਾ

 Monday: 21st June 2021 at 4:42 PM

ਕਿਸਾਨਾਂ ਵਿਰੁੱਧ ਸਾਜ਼ਿਸ਼ਾਂ ਨਾਕਾਮ ਕਰੋ-ਪਾੜੂ ਹੱਥਕੰਡੇ ਫੇਲ੍ਹ ਕਰੋ:ਸਾਂਬਰ

ਚੰਡੀਗੜ੍ਹ: 21 ਜੂਨ 2021: (ਕਾਮਰੇਡ ਸਕਰੀਨ ਬਿਊਰੋ):: 

ਕਿਸਾਨਾਂ ਦੇ ਅੰਦੋਲਨ ਨੂੰ ਲੀਹੋਂ ਲਾਹੁਣ, ਨਾਕਾਮ ਕਰਨ, ਬਦਨਾਮ ਕਰਨ ਅਤੇ ਲੋਕਾਂ ਨੂੰ ਇਸ ਬਾਰੇ ਗੁੰਮਰਾਹ ਕਰਨ ਦੀਆਂ ਕੁਚਾਲਾਂ ਤੋਂ ਜਾਰੀ ਹਨ। ਇਹਨਾਂ ਦਾ ਗੰਭੀਰ ਨੋਟਿਸ ਲਿਆ ਹੈ ਖੱਬੇ ਪੱਖੀ ਕਿਸਾਨ ਆਗੂ ਕਾਮਰੇਡ ਭੁਪਿੰਦਰ ਸਾਂਬਰ ਨੇ। 

ਕੁਲ ਹਿੰਦ ਕਿਸਾਨ ਸਭਾ ਦੇ ਵਰਕਿੰਗ ਪ੍ਰੈਜ਼ੀਡੈਂਟ ਭੂਪਿੰਦਰ ਸਾਂਬਰ ਨੇ ਸਿੰਘੂ ਰੋਡ ਖਾਲੀ ਕਰਨ ਦੇ ਨਾਂਅ ਉਤੇ ਕਿਸਾਨਾਂ ਦੇ ਦੇਸ਼-ਵਿਆਪੀ ਘੋਲ ਵਿਰੁੱਧ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਅਤੇ ਕਿਸਾਨਾਂ ਨੂੰ ਇਲਾਕਾਪ੍ਰਸਤ ਆਧਾਰ ਉਤੇ ਵੰਡਣ ਦੇ ਜਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਸਾਥੀ ਸਾਂਬਰ ਨੇ ਚੇਤੇ ਕਰਾਇਆ ਕਿ ਕਿਸਾਨਾਂ ਨੇ ਬਾਰਡਰ ਉਤੇ ਧਰਨੇ ਆਪ ਅਤੇ ਕਿਸੇ ਸੋਚੀ-ਸਮਝੀ ਯੋਜਨਾ ਤਹਿਤ ਨਹੀਂ ਮਾਰੇ, ਬਲਕਿ ਕੇਂਦਰ ਅਤੇ ਹਰਿਆਣਾ ਸਰਕਾਰਾਂ ਨੇ ਅਕੱਥ ਤਸ਼ੱਦਦ, ਲਾਠੀਚਾਰਜ, ਹੰਝੂ ਗੈਸ ਦੇ ਸੈਂਕੜੇ ਗੋਲੇ ਦਾਗ ਕੇ ਉਹਨਾਂ ਨੂੰ ਮਜਬੂਰ ਕੀਤਾ। ਕਿਸਾਨਾਂ ਨਾਲ ਵਿਦੇਸ਼ੀਆਂ ਵਾਂਗ ਵਤੀਰਾ ਧਾਰਨ ਕਰਦਿਆਂ ਇਹਨਾਂ ਸਰਕਾਰਾਂ ਨੇ ਕਿਸਾਨਾਂ ਦਾ ਬੁਰੀ ਤਰ੍ਹਾਂ ਦਮਨ ਕੀਤਾ ਤਾਂ ਕਿ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਕੇਂਦਰ ਵਿਰੂੱਧ ਐਜੀਟੇਸ਼ਨ ਕਰਨ ਅਤੇ ਦਿੱਲੀ ਵਿਚ ਦਾਖਲ ਹੋਣੋ ਰੋਕਿਆ ਜਾਵੇ। 

ਦੇਸ਼-ਵਿਰੋਧੀ, ਕਿਸਾਨ-ਵਿਰੋਧੀ ਅਤੇ ਨਿਗਮਾਂ-ਪੱਖੀ ਤਿੰਨ ਕੇਂਦਰੀ ਕਾਨੂੰਨਾਂ ਵਿਰੁੱਧ ਕਿਸਾਨੀ ਘੋਲ ਨੂੰ ਕੁਚਲਣ ਲਈ ਜਬਰ ਕਰਕੇ ਕਿਸਾਨਾਂ ਨੂੰ ਨੰਗੇ-ਧੜ ਧਰਨਾ ਮਾਰਨ ਲਈ ਮਜਬੂਰ ਕੀਤਾ। ਸਿਰੇ ਦੀ ਪੋਹ-ਮਾਘ ਦੀ ਠੰਢ, ਜੇਠ ਦੀ ਗਰਮੀ ਝੱਲ ਕੇ ਪੰਜ ਸੌ ਤੋਂ ਵੱਧ ਯੋਧੇ ਸ਼ਹੀਦ ਕਰਵਾ ਕੇ ਕਿਸਾਨ ਅਜੇ ਵੀ ਉਥੇ ਡਟੇ ਹੋਏ ਹਨ। 

ਗਿਆਰਾਂ ਗੇੜ ਦੀ ਗੱਲਬਾਤ ਵਿਚ ਉਠਾਏ ਮੁੱਦਿਆਂ ਵਿਚੋਂ ਕਿਸੇ ਇਕ ਉਤੇ ਵੀ ਸਰਕਾਰ ਕਾਰਵਾਈ ਕਰਨ ਨੂੰ ਤਿਆਰ ਨਹੀਂ, ਕਿਉਂਕਿ ਸਰਕਾਰ ਤੇ ਕਿਸਾਨ ਸਭ ਜਾਣਦੇ ਹਨ ਕਿ ਸਿਰਫ ਇਕ ਚੌਥਾਈ ਕਣਕ ਤੇ ਦਸ ਫੀਸਦੀ ਦਾਲਾਂ ਦਾ ਹੀ ਕਿਸਾਨ ਨੂੰ ਘੱਟੋ-ਘੱਟ ਸਹਾਇਕ ਭਾਅ ਦਿੱਤਾ ਜਾਂਦਾ ਹੈ ਤੇ ਸਰਕਾਰ ਇਹ ਭਾਅ ਵੀ ਦੇਣੋਂ ਭੱਜਣਾ ਚਾਹੁੰਦੀ ਹੈ। ਝੋਨਾ, ਬਾਸਮਤੀ ਬੁਰੀ ਤਰ੍ਹਾਂ ਰੁਲਦੇ ਹਨ।  ਕੇਂਦਰ ਸਰਕਾਰ ਪੰਜਾਬ ਅਸੰਬਲੀ ਦੇ ਪਾਸ ਕੀਤੇ ਬਿੱਲਾਂ ਨੂੰ ਪੂਰੇ ਸਾਲ ਤੋਂ ਦੱਬੀ ਬੈਠੀ ਹੈ।

ਕਿਸਾਨਾਂ ਨਾਲ ਛੇ ਮਹੀਨੇ ਤੋਂ ਕੋਈ ਗੱਲਬਾਤ ਨਹੀਂ ਕਰ ਰਹੀ। ਹੁਣ 26 ਜੂਨ ਦੇ ਕੁਲ ਹਿੰਦ ਕਿਸਾਨ ਐਕਸ਼ਨ ਤੋਂ ਸੱਤ ਦਿਨ ਪਹਿਲਾਂ ਧਰਨਾ ਚੁੱਕਣ ਲਈ ਹਫਤੇ ਦਾ ਨੋਟਿਸ ਦੇਣ ਤੋਂ ਸਪੱਸ਼ਟ ਹੈ ਕਿ ਇਹ ਕਿਸਾਨਾਂ ਵਿਰੁੱਧ ਆਰ ਐੱਸ ਐੱਸ-ਭਾਜਪਾ ਸਰਕਾਰ ਦੀ ਸਾਜ਼ਿਸ਼ ਦਾ ਹਿੱਸਾ ਹੈ। ਉਹਨਾ ਜ਼ੋਰ ਦੇ ਕੇ ਕਿਹਾ ਅਤੇ ਅਪੀਲ ਕੀਤੀ ਕਿ 26 ਜੂਨ ਦੇ ਕੁਲ ਹਿੰਦ ਐਕਸ਼ਨ ਵੱਧ ਤੋਂ ਵੱਧ ਸਫਲ ਕੀਤੇ ਜਾਣਗੇ ਅਤੇ 'ਖੇਤੀ ਬਚਾਓ, ਜਮਹੂਰੀਅਤ ਬਚਾਓ' ਦੇ ਨਾਅਰੇ ਦੇਸ਼ ਵਿਚ ਗੂੰਜਣਗੇ। ਸਰਕਾਰ ਦੀਆਂ ਰਾਸ਼ਟਰ-ਵਿਰੋਧੀ, ਕਿਸਾਨ-ਵਿਰੋਧੀ ਤੇ ਨਿਗਮਾਂ-ਪੱਖੀ ਸਾਜ਼ਿਸ਼ਾਂ ਦਾ ਪਰਦਾ ਫਾਸ਼ ਕੀਤਾ ਜਾਵੇਗਾ।

No comments:

Post a Comment