Saturday: 26th June 2021 at 15:45
ਰਿਪੋਰਟ ਕਾਰਡ ਬਜਾਏ ਚੋਣ ਨੀਤੀਕਾਰਾਂ ਤੇ ਵੱਧ ਰਹੀ ਹੈ ਸਿਆਸੀ ਟੇਕ
ਹੁਣ ਚੋਣਾਂ ਵੀ ਲੰਮੇ ਸਮੇਂ ਤੋਂ ਕਾਰੋਬਾਰ ਬਣ ਗਈਆਂ ਹਨ। ਹੁਣ ਸਿਆਸੀ ਪਾਰਟੀਆਂ ਆਪਣਾ ਰਿਪੋਰਟ ਕਾਰਡ ਦਿਖਾ ਕੇ ਚੋਣਾਂ ਨਹੀਂ ਲੜਦੀਆਂ ਬਲਕਿ ਉਹਨਾਂ ਦੇ ਚੋਣ ਮਾਹਰ ਆਪਣੇ ਢੰਗ ਨਾਲ ਚੋਣਾਂ ਲੜਦੇ ਹਨ। ਪਹਿਲਾਂ ਪਹਿਲ ਸਿਆਸੀ ਪਾਰਟੀਆਂ ਨੇ ਫ਼ਿਲਮੀ ਹੀਰੋ ਹੀਰੋਇਨਾਂ ਦਾ ਸਹਾਰ ਲੈਣਾ ਸ਼ੁਰੂ ਕੀਤਾ ਸੀ ਫਿਰ ਕਲਾਕਾਰਾਂ ਦਾ ਵੀ ਤਜਰਬਾ ਸਫਲ ਰਿਹਾ। ਹੁਣ ਚੋਣਾਂ ਲੜਨ ਵਾਲੇ ਭਲਵਾਨਾਂ, ਮਤਲਬ ਚੋਣ ਰਣਨੀਤੀ ਦੇ ਮਾਹਰਾਂ ਦੀਆਂ ਸੇਵਾਵਾਂ ਮੋਟੀਆਂ ਰਕਮਾਂ ਖਰਚ ਕੇ ਲਈਆਂ ਜਾਂਦੀਆਂ ਹਨ। ਇਹ ਬਾਕਾਇਦਾ ਇੱਕ ਕਾਰੋਬਾਰ ਬਣ ਗਿਆ ਹੈ। ਕਾਮਰੇਡ ਰਮੇਸ਼ ਰਤਨ ਇਸ ਸਾਰੇ ਵਰਤਾਰੇ ਬਾਰੇ ਸੰਖੇਪ ਵਿੱਚ ਗੱਲ ਕਰ ਰਹੇ ਆਪਣੀ ਇਸ ਲਿਖਤ ਵਿੱਚ। ਇਸ ਬਾਰੇ ਤੁਹਾਡੇ ਸਭਨਾਂ ਦੇ ਵਿਚਾਰਾਂ ਦਾ ਵੀ ਸਵਾਗਤ ਰਹੇਗਾ। ਜ਼ਰੂਰ ਦੱਸਣਾ ਤੁਸੀਂ ਕੀ ਸੋਚਦੇ ਹੋ ਇਸ ਸਾਰੇ ਵਰਤਾਰੇ ਬਾਰੇ। -ਸੰਪਾਦਕ

ਇਸ ਵਾਰ ਪੰਜਾਬ ਵਿੱਚ ਸਿਰਫ਼ ਮਾਨਸੂਨ ਹੀ ਸਮੇਂ ਤੋਂ ਪਹਿਲਾਂ ਨਹੀਂ ਪਹੁੰਚੀ ਸਗੋਂ ਅਸੰਬਲੀ ਚੋਣਾਂ ਦੀਆਂ ਤਿਆਰੀਆਂ ਵੀ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਚੋਣ ਸਮਝੌਤਾ ਕਰ ਕੇ ਚੋਣਾਂ ਦੀ ਜੰਗ ਦਾ ਬਿਗਲ ਵਜ੍ਹਾ ਦਿਤਾ ਹੈ। ਹੁਣੇ ਹੀ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਨੇ ਇਸੇ ਸਬੰਧ ਵਿੱਚ ਸ਼੍ਰੀ ਅੰਮ੍ਰਿਤਸਰ ਦੀ ਫੇਰੀ ਪਾ ਲਈ ਹੈ। ਕਿਸਾਨ ਮਾਮਲਿਆਂ , ਕਾਰੋਨਾ ਬਿਮਾਰੀ , ਬੇਰੋਜ਼ਗਾਰੀ ਆਦਿ ਸਮਾਜਿਕ ਏਜੰਡਿਆਂ ਤੋਂ ਇਲਾਵਾ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਨਾਲ ਜਜ਼ਬਾਤੀ ਏਜੰਡੇ ਵੀ ਚੋਣ ਪ੍ਰਕਿਰਿਆ ਦਾ ਮੁੱਦਾ ਬਣ ਰਹੇ ਹਨ। ਬੇਸ਼ੱਕ ਧਰਮ ਅਤੇ ਜਾਤ ਦੇ ਅਧਾਰ ਤੇ ਮੁੱਖਮੰਤਰੀ ਬਣਾਉਣ ਦੀਆਂ ਗੱਲਾਂ ਵੀ ਇਸੇ ਪਾੜੇ ਵਿਚ ਹੀ ਆਉਂਦੀਆਂ ਹਨ।
ਪੰਜਾਬ ਚੋਣਾਂ ਨੂੰ ਪ੍ਰਭਾਵਤ ਕਰਨ ਵਾਲੀਆਂ ਨਵੀਆਂ ਗੱਲਾਂ ਵਿੱਚ ਕਿਸਾਨ ਅੰਦੋਲਨ , ਨਵੇਂ ਨੌਜਵਾਨ ਵੋਟਰ, ਇਲੈਕਸ਼ਨ ਬਾਂਡ , ਸੋਸ਼ਲ ਮੀਡੀਆ ਦੀ ਵਰਤੌਂ ਦੇ ਨਾਲ ਚੋਣਾਂ ਵਿੱਚ ਚੋਣ ਰਣਨੀਤੀਕਾਰਾਂ (ਇਲੈਕਸ਼ਨ ਸਟ੍ਰੇਟੇਜਿਸਟ) ਦੀ ਵਰਤੋਂ ਦਾ ਨਵਾਂ ਰਿਵਾਜ ਵੀ ਵਿਖਾਈ ਦੇਣ ਜਾ ਰਿਹਾ ਹੈ। ਲੱਗਦਾ ਹੈ ਕਿ ਇਲੈਕਸ਼ਨ ਸਟ੍ਰੇਟੇਜਿਸਟ ਇਸ ਚੋਣ ਵਿਚ ਵੱਡਾ ਅਸਰ ਪਾਉਣਗੇ। ਅੱਜ ਦੇ ਸਮੇਂ ਵਿੱਚ ਏਦਾਂ ਮਹਿਸੂਸ ਹੋਣਾ ਸੁਭਾਵਿਕ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਅਨੇਕਾਂ ਥਾਂਵਾਂ ਤੇ ਚੋਣ ਰਣਨੀਤੀਕਾਰਾਂ ਜਾਂ ਚੋਣ ਏਜੰਸੀਆਂ ਦੀ ਵਰਤੋਂ ਦੇ ਨਾਲ ਚੋਣਾਂ ਜਿੱਤਣ ਦੀ ਚਰਚਾ ਹੁਣ ਕੋਈ ਓਹਲੇ ਵਾਲੀ ਗੱਲ ਨਹੀਂ ਰਹੀ। ਇਨ੍ਹਾਂ ਏਜੰਸੀਆਂ ਦੀਆਂ ਸੇਵਾਵਾਂ ਸਿਰਫ਼ ਪਾਰਲੀਮੈਂਟ ਜਾਂ ਅਸੈਂਬਲੀ ਚੋਣਾਂ ਤਕ ਹੀ ਸੀਮਤ ਨਹੀਂ ਸਗੋਂ ਕਈ ਵੱਡੇ ਸ਼ਹਿਰਾਂ ਦੀਆਂ ਕਾਰਪੋਰੇਸ਼ਨ ਚੋਣਾਂ ਵਿੱਚ ਵੀ ਅਜਿਹੀਆਂ ਸੇਵਾਵਾਂ ਲਏ ਜਾਣ ਬਾਰੇ ਸਾਨੂੰ ਪਤਾ ਲੱਗ ਰਿਹਾ ਹੈ।
ਭਾਰਤ ਵਿੱਚ ਇਸ ਦੀ ਸ਼ੁਰੂਆਤ ਪ੍ਰਸ਼ਾਂਤ ਕਿਸ਼ੋਰ ਵੱਲੋਂ ਤਿਆਰ ਕੀਤੀ ਏਜੰਸੀ ਤੋਂ ਮੰਨੀ ਜਾ ਸਕਦੀ ਹੈ ਜਿਸ ਨੇ 2013 ਵਿਚ ਭਾਰਤੀ ਜਨਤਾ ਪਾਰਟੀ ਦੇ ਚੋਣ ਸਿਕੰਦਰ ਮੰਨੇ ਜਾਂਦੇ ਆਗੂ ਦੀ ਇਕ ਵਿਸ਼ੇਸ ਟੀਮ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਹੁਣ ਇਹ ਪ੍ਰਸ਼ਾਂਤ ਕਿਸ਼ੋਰ ਤਾਂ ਕਈ ਤਰ੍ਹਾਂ ਦੇ ਤਜਰਬੇ ਕਰਦਾ ਹੋਇਆ ਪੰਜਾਬ ਦੇ ਮੁੱਖ ਮੰਤਰੀ ਦੀ ਟੀਮ ਦਾ ਹਿੱਸਾ ਬਣ ਗਿਆ ਹੈ ਦੂਜੇ ਬੰਨੇ ਚੋਣਾਂ ਦੀ ਤਿਆਰੀ ਲਈ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਸੇ ਦੇ ਇੱਕ ਪੁਰਾਣੇ ਸਾਥੀ (ਜੋ ਉਸ ਤੋਂ ਵੱਖ ਹੋ ਕੇ ਕੰਮ ਕਰਨ ਲੱਗ ਪਿਆ ਹੈ) ਸੁਨੀਲ ਕਾਨੂਗੋਲੂ ਨੂੰ ਆਪਣੇ ਇਲੈਕਸ਼ਨ ਸਟ੍ਰੇਟੇਜਿਸਟ ਤੈਅ ਕਰ ਲਏ ਜਾਣ ਦੀ ਚਰਚਾ ਅਖ਼ਬਾਰਾਂ 'ਚ ਛਪੀ ਹੈ। ਭਾਵੇਂ ਰਾਜਸੀ ਪਾਰਟੀਆਂ ਪਹਿਲਾਂ ਵੀ ਆਪਣੇ ਚੋਣ ਖੇਤਰ ਦੇ ਕੈਂਡੀਡੇਟ ਤੈਅ ਕਰਨ, ਚੋਣ ਮੁਹਿੰਮ ਦੇ ਨਾਅਰੇ ਕੱਢਣ, ਵਿਸ਼ੇਸ਼ ਲੀਡਰਾਂ ਦਾ ਲੋਕਾਂ ਚ ਪ੍ਰਭਾਵ ਪੈਦਾ ਕਰਨ, ਰਾਜਨੀਤਕ ਪਾਰਟੀਆਂ ਅੰਦਰ ਕੰਮ ਕਰ ਰਹੇ ਪ੍ਰੈਸ਼ਰ ਗਰੁੱਪਾਂ ਦੀ ਹਾਲਤ ਸਮਝਣ ਅਤੇ ਆਪਣੇ ਲਈ ਇਸਤੇਮਾਲ ਕਰਨ, ਪਾਰਟੀਆਂ ਦਾ ਚੋਣ ਮੈਨੀਫੈਸਟੋ ਤਿਆਰ ਕਰਨ ਤੋਂ ਲੈ ਕੇ ਵਿਸ਼ੇਸ਼ ਚੋਣ ਖੇਤਰਾਂ ਦੇ ਲਈ ਵਿਸ਼ੇਸ਼ ਚੋਣ ਮੈਨੀਫੈਸਟੋ ਤਿਆਰ ਕਰਨ ਤਕ ਹਰ ਤਰ੍ਹਾਂ ਦੀ ਮੈਨੇਜਮੈਂਟ ਅਤੇ ਕੰਟਰੋਲ ਕਰਦੀਆਂ ਰਹੀਆਂ ਹਨ। ਪਰ ਅਜੋਕੀਆਂ ਚੋਣਾਂ ਦੇ ਵਿੱਚ ਇਹਨਾਂ ਸਾਰੇ ਕੰਮਾਂ ਲਈ ਇੱਕ ਬਰਾਬਰ ਦਾ ਹਿੱਸਾ ਇਹ ਇਲੈਕਸ਼ਨ ਸਟ੍ਰੈਟਜੀ ਵਾਲੀਆਂ ਜਥੇਬੰਦੀਆਂ ਵੱਲੋਂ ਪਾਇਆ ਜਾਂਦਾ ਹੈ।
ਉਪਰੋਕਤ ਤੋਂ ਇਲਾਵਾ ਇਨ੍ਹਾਂ ਏਜੇਂਸੀਆਂ ਤੋਂ ਅਜੋਕੇ ਡਿਜੀਟਲ ਮੀਡੀਆ ਵਾਲੇ ਯੁੱਗ ਦੇ ਵਿਚ ਕੰਮ ਕਰਨ ਦੇ ਲਈ ਵਿਸ਼ੇਸ਼ ਸੇਵਾਵਾਂ ਲਈਆਂ ਜਾਂਦੀਆਂ ਹਨ ਜਿਵੇਂ ਕਿ ਚੋਣ ਮੈਦਾਨ 'ਚ ਹਰ ਸਮੇਂ ਬਦਲ ਰਹੀ ਸਥਿਤੀ ਅਨੁਸਾਰ ਅਪਣੀ ਗੱਲ, ਨਾਅਰੇ, ਢੰਗ ਤਰੀਕੇ , ਚੋਣ ਟੀਮਾਂ ਅਤੇ ਐਕਸ਼ਨਾਂ ਨੂੰ ਤਬਦੀਲ ਕਰਨਾ, ਸਮਝਾਉਣਾ, ਮਨਾਉਣਾ ਤੇ ਅਮਲ ਵਿੱਚ ਲੈ ਕੇ ਆਉਣ ਵਿੱਚ ਮਦਦ ਕਰਨਾ।
ਇਸ ਡਿਜੀਟਲ ਖੇਤਰ ਵਿੱਚ ਇੱਕ ਵੱਡਾ ਕਾਰਜ ਫੇਕ ਨਿਊਜ਼ ਤੇ ਧਿਆਨ ਦੇਣਾ ਹੁੰਦਾ ਹੈ। ਵਿਰੋਧੀ ਧਿਰ ਦੀ ਫੇਕ ਨਿਊਜ਼ ਸਿਰਫ਼ ਕੱਟਣੀ ਹੀ ਨਹੀਂ ਸਗੋਂ ਆਪਣੇ ਹੱਕ ਦੇ ਵਿੱਚ ਇਸਤੇਮਾਲ ਕਰਨ ਲਈ ਫੇਕ ਨਿਊਜ਼, ਫੇਕ ਸਰਵੇ, ਫੇਕ ਨਿਊਜ਼ ਏਜੰਸੀਆਂ ਦਾ ਨਿਰਮਾਣ ਕਰਨਾ ਤੇ ਇਸਤੇਮਾਲ ਕਰਨਾ ਵੀ ਇਨ੍ਹਾਂ ਦੇ ਕਾਰਜ ਦਾ ਵਿਸ਼ੇਸ ਅੰਗ ਹੁੰਦਾ ਹੈ।
ਅਜੋਕੀ ਡੈਮੋਕਰੇਸੀ ਵਿੱਚ ਚੋਣਾਂ ਦੇ ਸਮੇਂ ਰਾਜਨੀਤਕ ਪਾਰਟੀਆਂ ਇਸਤੇਮਾਲ ਕਰਨ ਲਈ ਕੁਝ ਵੀ ਅਛੂਤਾ ਨਹੀਂ ਛੱਡਦੀਆਂ। ਪਹਿਲਾਂ ਤਾਂ ਸਿਰਫ਼ ਕੰਜ਼ਿਊਮਰ ਪ੍ਰੋਡਕਟ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਹੀ ਆਪਣੀਆਂ ਚੀਜ਼ਾਂ ਵੇਚਣ ਦੇ ਲਈ ਵਿਸ਼ੇਸ਼ ਕਿਸਮ ਦੀਆਂ ਐਡਵਰਟਾਈਜ਼ਮੈਂਟ ਦਾ ਇਸਤੇਮਾਲ ਕੀਤਾ ਜਾਂਦਾ ਸੀ ਪਰੰਤੂ ਹੁਣ ਰਾਜਨੀਤੀ ਦੇ ਖੇਤਰ ਵਿਚ ਖਾਸ ਕਰਕੇ ਚੋਣਾਂ ਸਮੇਂ ਇਹ ਸਾਰੇ ਵਿਖਾਈ ਦੇਣ ਵਾਲੇ ਅਤੇ ਲੁਕਵੇਂ ਢੰਗਾਂ ਦਾ ਇਸਤੇਮਾਲ ਹੋਣਾ ਸ਼ੁਰੂ ਹੋ ਗਿਆ ਹੈ।
ਅਸਿੱਧੇ ਜਾਂ ਲੁਕਵੇਂ ਢੰਗ ਦੇ ਪ੍ਰਚਾਰ ਨੂੰ ਸਮਝਣ ਦੇ ਲਈ ਮਿਸਾਲ ਦੇ ਤੌਰ ਤੇ ਅਸੀਂ ਕ੍ਰਿਕਟ ਦੇ ਮੈਚਾਂ ਦੀ ਪ੍ਰਕਿਰਿਆ ਲੈ ਸਕਦੇ ਹਾਂ। ਅਸੀਂ ਵੇਖਿਆ ਕਿ ਪਿੱਛਲੇ ਸਮਿਆਂ ਵਿੱਚ ਜਦੋਂ ਵੀ ਕ੍ਰਿਕਟ ਦਾ ਮੈਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹੁੰਦਾ ਤੇ ਭਾਰਤ ਮੈਚ ਜਿੱਤਦਾ ਤਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਅਨੇਕ ਥਾਵਾਂ ਤੇ ਪਟਾਕੇ ਛੱਡੇ ਜਾਂਦੇ ਸਨ। ਨਤੀਜਾ ਇਹ ਹੋਇਆ ਕੇ ਜੇਕਰ ਕ੍ਰਿਕਟ ਦਾ ਮੈਚ ਕਿਸੇ ਹੋਰ ਦੇਸ਼ ਦੀ ਟੀਮ ਨਾਲ ਖੇਡਿਆ ਜਾਂਦਾ ਤਾਂ ਸਾਡੇ ਟੀਵੀ ਦੇ ਅੱਗੇ ਬੈਠ ਕੇ ਮੈਚ ਵੇਖਣ ਵਾਲਿਆਂ ਦੀ ਸੰਖਿਆ ਜਾਂ ਮੈਦਾਨਾਂ ਦੇ ਵਿੱਚ ਗਏ ਦਰਸ਼ਕਾਂ ਦੀਆਂ ਸੰਖਿਆ ਉਨ੍ਹਾਂ ਦਿਨਾਂ ਨਾਲੋਂ ਹਮੇਸ਼ਾਂ ਹੀ ਘਟ ਹੁੰਦੀ ਜਦੋਂ ਮੈਚ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਖੇਡਿਆ ਜਾ ਰਿਹਾ ਹੁੰਦਾ। ਹੁਣ ਇਹ ਕ੍ਰਿਕਟ ਦੇ ਮੈਚ ਦਾ ਭਾਰਤ ਦੀਆਂ ਚੋਣਾਂ ਚ ਕਿਵੇਂ ਤੇ ਕਿਸ ਢੰਗ ਦਾ ਇਸਤੇਮਾਲ ਹੋ ਸਕਦਾ ਹੈ, ਇਸ ਦਾ ਕੋਈ ਸਿੱਧਾ ਸਬੰਧ ਤਾਂ ਨਹੀਂ ਹੈ ਪ੍ਰੰਤੂ ਇਨ੍ਹਾਂ ਏਜੇਂਸੀਆਂ ਨੂੰ ਇਹ ਸਮਝਣਾ ਕੀ ਔਖਾ ਹੈ ਕਿ ਪਾਕਿਸਤਾਨ ਦੇ ਵਿਰੁੱਧ ਪੈਦਾ ਕੀਤੇ ਗਏ ਮਾਹੌਲ ਦੀ ਮਾਨਸਿਕਤਾ ਦਾ ਚੋਣਾਂ ਚ ਕਿਵੇਂ ਇਸਤੇਮਾਲ ਹੋ ਸਕਦਾ ਹੈ।
ਅਜਿਹੀਆਂ ਅਨੇਕਾਂ ਹੋਰ ਮਿਸਾਲਾਂ ਵੀ ਦਿੱਤੀਆਂ ਜਾ ਸਕਦੀਆਂ ਹਨ। ਇਹ ਚੋਣ ਏਜੰਸੀਆਂ ਅਜਿਹੀਆਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੀਆਂ ਹਨ ਅਤੇ ਬਹੁਤ ਹੀ ਲੁਕਵੇਂ ਢੰਗ ਦੇ ਨਾਲ ਅਤੇ ਅਸਿੱਧੇ ਢੰਗਾਂ ਦੇ ਨਾਲ ਚੋਣਾਂ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਹਨ। ਚੋਣਾਂ ਵਿੱਚ ਲੱਗੇ ਹੋਏ ਝੰਡੇ ਮਾਟੋ ਪੋਸਟਰ ਤਾਂ ਸਾਨੂੰ ਸਭ ਨੂੰ ਦਿਖਾਈ ਦਿੰਦੇ ਹਨ ਪ੍ਰੰਤੂ ਇਹ ਲੁਕਵੇਂ ਢੰਗ ਦਾ ਪ੍ਰਚਾਰ ਦਿਖਾਈ ਨਹੀਂ ਦਿੰਦਾ ਜੋ ਸਾਡੀ ਫੈਸਲੇ ਲੈਣ ਵਾਲੀ ਮਾਨਸਿਕਤਾ ਨੂੰ ਪ੍ਰਭਾਵਿਤ ਕਰ ਰਿਹਾ ਹੁੰਦਾ ਹੈ।

ਮੁਨੀਚ ਯੂਨੀਵਰਸਟੀ ਵਿੱਚ ਡਿਜੀਟਲ ਪੌਲੀਟਿਕਸ ਪੜ੍ਹਾਉਣ ਵਾਲੀ ਪ੍ਰੋਫ਼ੈਸਰ ਸ਼ਾਹਾਨਾ ਉਦੁਪਾ ਦਾ ਮੰਨਣਾ ਹੈ ਕਿ 'ਡਿਜੀਟਲ ਬਿਗ ਡਾਟਾ' ਦੀ ਵਰਤੋਂ ਨਾਲ ਅਜੋਕੀ ਜਮਹੂਰੀਅਤ ਵਾਸਤੇ ਬਹੁਤ ਹੀ ਖ਼ਤਰਨਾਕ ਸਥਿਤੀ ਪੈਦਾ ਹੋ ਗਈ ਹੈ। ਇਹ ਏਜੇਂਸੀਆਂ 'ਬਿਗ ਡਾਟਾ ਐਨੈਲੇਸਿਸ ਦੀਆਂ ਤਕਨੀਕਾਂ' ਦੇ ਇਸਤੇਮਾਲ ਰਾਹੀਂ ਸਾਡੇ ਵੋਟਰਾਂ ਦੇ ਸੋਚਣ ਅਤੇ ਫੈਸਲੇ ਲੈਣ ਦੇ ਪੈਟਰਨ ਨੂੰ ਲੱਭ ਸਕਦੀਆਂ ਹਨ , ਉਸਦੀ ਦਿਸ਼ਾ ਸਮਝ ਕੇ ਇਸ ਨੂੰ ਪ੍ਰਭਾਵਿਤ ਕਰਨ ਦਾ ਨਕਸ਼ਾ ਬਣਾ ਸਕਦੀਆਂ ਹਨ ਅਤੇ ਭਵਿੱਖ ਵਿੱਚ ਪੈਣ ਵਾਲੇ ਅਸਰ ਨੂੰ ਵੀ ਤੈਅ ਕਰ ਸਕਦੀਆਂ ਹਨ। ਇੰਝ ਕਰਨ ਦੇ ਨਾਲ ਸਾਧਾਰਨ ਵੋਟਰ ਦੇ ਉਤੇ ਉਸੇ ਤਰ੍ਹਾਂ ਦਾ ਹੀ ਪ੍ਰਭਾਵ ਪੈਂਦਾ ਹੈ ਜਿੱਦਾਂ ਸਾਡੇ ਟੈਲੀਵਿਜ਼ਨ ਤੇ ਆ ਰਹੀਆਂ ਐਡਵਰਟਾਈਜ਼ਮੈਂਟ ਦਾ ਬੱਚਿਆਂ ਦੇ ਮਨਾਂ ਉੱਤੇ। ਇਸ ਕਾਰਨ ਚੋਣਾਂ ਵਿਅਕਤੀਆਂ ਵੱਲੋਂ ਕੀਤਾ ਗਿਆ ਮੱਤਦਾਨ ਨਹੀਂ ਸਗੋਂ ਉਨ੍ਹਾਂ ਤੋਂ ਕਰਵਾਈ ਜਾ ਰਹੀ ਕੋਈ ਤੈਅਸ਼ੁਦਾ ਐਕਸਰਸਾਈਜ਼ ਬਣ ਕੇ ਰਹਿ ਜਾਂਦੀ ਹੈ। ਸਕੂਲਾਂ ਕਾਲਜਾਂ ਵਿੱਚ ਹਾਲੇ ਵੀ ਡੈਮੋਕ੍ਰੇਸੀ ਦੀ ਪਰਿਭਾਸ਼ਾ ਪੜ੍ਹਾਉਣ ਸਮੇਂ ਟੀਚਰ ਇਬਰਾਹਿਮ ਲਿੰਕਨ ਵੱਲੋਂ ਦਿੱਤੀ ਗਈ ਪਰਿਭਾਸ਼ਾ ਦਾ ਹੀ ਇਸਤੇਮਾਲ ਕਰਦੇ ਹਨ ਕਿ "ਡੈਮੋਕਰੇਸੀ ਇਜ ਗਵਰਨਮੈਂਟ ਆਫ ਦਾ ਪੀਪਲ, ਬਾਈ ਦਾ ਪੀਪਲ, ਫਾਰ ਦਾ ਪੀਪਲ" ਪ੍ਰੰਤੂ ਅਸਲ ਵਿੱਚ ਸਰਕਾਰ ਚੋਣਕਾਰਾਂ ਵੱਲੋਂ ਸੋਚ ਸਮਝ ਕੇ ਉਹਨਾਂ ਦੁਆਰਾ ਲਏ ਗਏ ਫ਼ੈਸਲੇ ਦੇ ਆਧਾਰ ਤੇ ਘੱਟ ਬਲਕਿ ਪੈਸੇ ਦੇ ਜ਼ੋਰ, ਤਾਕਤ ਦੇ ਜ਼ੋਰ ਅਤੇ ਉਨ੍ਹਾਂ ਉਤੇ ਪਾਏ ਗਏ ਮਾਨਸਕ ਪ੍ਰਭਾਵ ਨਾਲ ਚੋਣ ਜਿੱਤ ਕੇ ਤੈਅ ਹੁੰਦੀ ਹੈ। ਭਾਵੇਂ ਡੈਮੋਕ੍ਰੇਸੀ ਵਿਚ ਅਨੇਕਾਂ ਹੀ ਨੁਕਸ ਹੋਣ ਪ੍ਰੰਤੂ ਅੱਜ ਤੱਕ ਰਾਜ ਕਰਨ ਵਾਸਤੇ ਬਣੀਆਂ ਹੋਈਆਂ ਹੋਰ ਹਰ ਤਰ੍ਹਾਂ ਦੀਆਂ ਸਰਕਾਰਾਂ ਨਾਲੋਂ ਸਭ ਤੋਂ ਵਧੀਆ ਤਰੀਕਾ ਇਹੀ ਹੈ।
ਬਰਨਾਰਡ ਸ਼ਾਅ ਕਹਿੰਦਾ ਹੈ ਕਿ ਜਮਹੂਰੀਅਤ ਅਜਿਹੀ ਸਰਕਾਰ ਹੁੰਦੀ ਹੈ ਜਿਸ ਨੂੰ ਲੋਕ ਆਪਣੇ ਉੱਤੇ ਰਾਜ ਕਰਨ ਲਈ ਚੁਣਦੇ ਹਨ ਅਤੇ ਸਰਕਾਰ ਓਦਾਂ ਹੀ ਕਰਦੀ ਹੈ ਜਿਸਦੇ ਉਹ ਲਾਇਕ ਹੁੰਦੇ ਹਨ। ਚਾਹੇ ਕੁਝ ਵੀ ਹੋਵੇ ਪਰ ਵੋਟਰ ਆਪਣੀ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ ਕਿ ਉਸ ਨੇ ਤੈਅ ਕਰਨਾ ਹੈ ਕਿ ਉਨ੍ਹਾਂ ਨੂੰ ਇਹ ਸਰਕਾਰ ਉਨ੍ਹਾਂ ਦੇ ਬੁਨਿਆਦੀ ਮਸਲੇ ਜਿਵੇਂ ਕੇ ਬੱਚਿਆਂ ਵਾਸਤੇ ਵਿੱਦਿਆ, ਨੌਜਵਾਨਾਂ ਨੂੰ ਰੁਜ਼ਗਾਰ , ਬੁਢਾਪੇ ਦੀ ਸੰਭਾਲ , ਚੰਗੀ ਸਿਹਤ ਸੇਵਾਵਾਂ, ਕਾਨੂੰਨ ਵਿਵਸਥਾ ਬਣਾਉਣ ਵਾਸਤੇ ਚੁਣਨੀ ਹੈ ਦਾ ਜਾਂ ਉਨ੍ਹਾਂ ਦੇ ਧਰਮ , ਜਾਤ ਆਦਿ ਜਜ਼ਬਾਤੀ ਮਾਮਲਿਆਂ ਦੇ ਨਾਮ ਤੇ ਆਪਣਾ ਸਭ ਕੁੱਝ ਰਾਜਨੀਤੀਵਾਨਾਂ ਦੇ ਹਵਾਲੇ ਕਰ ਦੇਣਾ ਹੈ।
ਰਮੇਸ਼ ਰਤਨ
ਮੋਬਾਈਲ 9814273870
(ਕੋਆਰਡੀਨੇਟਰ, ਪੰਜਾਬ ਚੈਪਟਰ , ਆਲ ਇੰਡੀਆ ਪ੍ਰੋਗਰੈਸਿਵ ਫੋਰਮ)
ਚੋਣਾਂ ਵਿੱਚ ਚੋਣ ਰਣਨੀਤੀਕਾਰਾਂ ਦੇ ਰਿਵਾਜ ਬਾਰੇ ਕਾਮਰੇਡ ਰਮੇਸ਼ ਰਤਨ ਦੀ ਵਿਸ਼ੇਸ਼ ਲਿਖਤ
No comments:
Post a Comment