Thursday, July 1, 2021

‌"ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ"//ਨਰਿੰਦਰ ਸੋਹਲ

ਬਸ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ


"ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ,

ਬਸ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ

ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ।"

ਰਿੰਦਰ ਸੋਹਲ

ਗੀਤ ਦੀਆਂ ਇਹ ਸਤਰਾਂ ਸੰਘਰਸ਼ ਕਰਨ ਵਾਲਿਆਂ ਵਿੱਚ ਹਮੇਸ਼ਾ ਉਤਸ਼ਾਹ ਭਰਦੀਆਂ ਅਤੇ ਉਹਨਾਂ ਨੂੰ ਜਿੱਤ ਤੱਕ ਲੜਾਈ ਜਾਰੀ ਰੱਖਣ ਲਈ ਪ੍ਰੇਰਦੀਆਂ ਹਨ। ਸੱਤ ਮਹੀਨੇ ਤੋਂ ਚੱਲ ਰਿਹਾ ਕਿਸਾਨੀ ਅੰਦੋਲਨ ਇਸੇ ਉਮੀਦ ਨਾਲ ਅੱਗੇ ਵੱਧ ਰਿਹਾ ਹੈ। ਅੱਜ ਵੀ ਅੰਦੋਲਨ ਪਹਿਲਾਂ ਜਿਨੇ ਉਤਸ਼ਾਹ ਨਾਲ ਹੀ ਲੜਿਆ ਜਾ ਰਿਹਾ ਹੈ, ਇਹ ਸਾਬਤ ਕੀਤਾ ਚੰਡੀਗੜ੍ਹ ਵਿੱਚ ਹੋਏ ਰੋਸ ਮਾਰਚ ਨੇ। ਜਦੋਂ ਤੋਂ ਅੰਦੋਲਨ ਚੱਲ ਰਿਹਾ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮੇਂ ਸਮੇਂ, ਵੱਖ-ਵੱਖ ਐਕਸ਼ਨ ਕਰਨ ਦਾ ਸੱਦਾ ਦਿੱਤਾ ਜਾਂਦਾ ਰਿਹਾ ਹੈ। ਜਿਸ ਨੂੰ ਆਮ ਲੋਕਾਂ ਨੇ ਹਮੇਸ਼ਾ ਭਰਪੂਰ ਹੁੰਗਾਰਾ ਭਰਿਆ ਹੈ। ਜਦੋਂ ਕੇਂਦਰ ਸਰਕਾਰ ਜਾਣਬੁਝ ਕੇ ਅੱਖਾਂ ਬੰਦ ਕਰੀ ਬੈਠੀ ਹੋਵੇ ਤਾਂ ਉਸ ਦੀਆਂ ਅੱਖਾਂ ਖੋਲ੍ਹਣ ਲਈ ਅਜਿਹੇ ਐਕਸ਼ਨ ਕਰਨੇ ਬਹੁਤ ਜ਼ਰੂਰੀ ਬਣ ਜਾਂਦੇ ਹਨ। ਐਤਕੀਂ 26 ਜੂਨ ਨੂੰ ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋਣ ਦੇ ਨਾਲ-ਨਾਲ, 46 ਸਾਲ ਪਹਿਲਾਂ 1975 ਵਿੱਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 19 ਮਹੀਨੇ ਲਈ ਲਗਾਈ ਗਈ ਐਮਰਜੈਂਸੀ ਦਾ ਦਿਨ ਵੀ ਸੀ। ਅੱਜ ਮੋਦੀ ਸਰਕਾਰ ਅਧੀਨ ਅਸੀਂ ਜਿਨ੍ਹਾਂ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਾਂ,ਉਹ ਵੀ ਕਿਸੇ  ਐਮਰਜੈਂਸੀ ਤੋਂ ਘੱਟ ਨਹੀਂ ਹਨ। ਦੇਸ਼ ਐਮਰਜੈਂਸੀ ਦੇ ਕਾਲੇ ਦੌਰ ਨਾਲੋਂ ਵੀ ਵੱਧ ਭਿਆਨਕ ਅਤੇ ਗੰਭੀਰ ਹਾਲਾਤਾਂ ਵੱਲ ਨੂੰ ਵਧ ਰਿਹਾ ਹੈ। ਜਿਥੇ ਬੋਲਣ ਦੀ ਆਜ਼ਾਦੀ ਅਤੇ ਰੋਸ ਪ੍ਰਦਰਸ਼ਨ ਕਰਨ ਦੇ ਹੱਕ ਖੋਹੇ ਜਾ ਰਹੇ ਹਨ। ਇਸੇ ਕਰਕੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਦਿਨ "ਖੇਤੀ ਬਚਾਓ, ਲੋਕਤੰਤਰ ਬਚਾਓ" ਦੇ ਸੱਦੇ ਅਧੀਨ ਦੇਸ਼ ਭਰ ਦੇ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਰੋਸ ਮਾਰਚ ਕਰਕੇ ਰਾਜਪਾਲਾਂ ਨੂੰ ਮੈਮੋਰੰਡਮ ਦਿੱਤੇ ਗਏ। ਇਸ ਰੋਸ ਮਾਰਚ ਨੇ ਆਮ ਲੋਕਾਂ ਵਿੱਚ ਬਹੁਤ ਉਤਸ਼ਾਹ ਭਰਿਆ ਹੈ।

ਚੰਡੀਗੜ੍ਹ ਦੀਆਂ ਸੜਕਾਂ ਦੇ ਆਲੇ ਦੁਆਲੇ ਨਜ਼ਰ ਮਾਰਦਿਆਂ ਸਿੰਘੂ ਬਾਰਡਰ ਦੇ ਪਹਿਲੇ ਦਿਨਾਂ ਵਰਗਾ ਹੀ ਨਜ਼ਾਰਾ ਨਜ਼ਰ ਆਉਂਦਾ ਸੀ। ਰੰਗ ਬਰੰਗੇ ਝੂਲਦੇ ਝੰਡੇ, ਟਰੈਕਟਰਾਂ ਦੇ ਚੱੜੇ ਨੌਜਵਾਨ ਅਤੇ ਉਹੀ ਜੋਸ਼ ਭਰਦੇ ਗੀਤ ਸੁਣਾਈ ਦੇ ਰਹੇ ਸਨ। ਔਰਤਾਂ ਵੱਡੀ ਗਿਣਤੀ ਵਿੱਚ ਇਸ ਮਾਰਚ ਦਾ ਹਿੱਸਾ ਬਣੀਆਂ। ਇਥੇ ਵੀ ਅੰਦੋਲਨ ਨਾਲ ਹਮਦਰਦੀ ਪ੍ਰਗਟ ਕਰਨ ਵਾਲੇ ਵੱਖ-ਵੱਖ ਰੂਪਾਂ ਵਿੱਚ ਮਦਦ ਕਰ ਰਹੇ ਸਨ। ਪਾਣੀ, ਕੇਲੇ,ਜੂਸ, ਬਿਸਕੁਟ ਆਦਿ ਕਿਸੇ ਗੱਲ ਦੀ ਤੋਟ ਨਹੀਂ ਆਉਣ ਦਿੱਤੀ ਜਾ ਰਹੀ ਸੀ। ਇਥੋਂ ਤੱਕ ਕਿ ਕੁੱਝ ਗੱਡੀਆਂ ਦੇ ਡਰਾਈਵਰਾਂ ਵੱਲੋਂ ਸੰਘਰਸ਼ ਵਿੱਚ ਆਉਣ ਵਾਲਿਆਂ ਤੋਂ ਕਿਰਾਇਆ ਵੀ ਨਹੀਂ ਲਿਆ ਜਾ ਰਿਹਾ ਸੀ। ਉਹ ਇਹ ਕਹਿੰਦਿਆਂ ਪੈਸੇ ਲੈਣ ਤੋਂ ਮਨ੍ਹਾਂ ਕਰ ਰਹੇ ਸਨ ਕਿ ਇਹ ਸੰਘਰਸ਼ ਵਿੱਚ ਸਾਡਾ ਹਿੱਸਾ ਸਮਝੋ। 

ਬੇਸ਼ੱਕ ਬਹੁਤ ਗਰਮੀ ਪੈ ਰਹੀ ਹੈ ਪਰ ਇਸ ਦਿਨ ਕੁਦਰਤ ਨੇ ਵੀ ਪੂਰਾ ਸਾਥ ਦਿੱਤਾ। ਠੰਢੀ ਹਵਾ ਚੱਲਣ ਕਾਰਨ ਮਾਰਚ ਕਰਨ ਵਾਲਿਆਂ ਨੂੰ ਬਹੁਤੀ ਮੁਸ਼ਕਿਲ ਨਹੀਂ ਆਈ।ਬਜ਼ੁਰਗਾਂ ਦਾ ਜੋਸ਼ ਵੇਖਣ ਵਾਲਾ ਸੀ,ਉਹ ਝੰਡੇ ਚੁੱਕੀ ਮਸਤੀ ਨਾਲ ਤੁਰੇ ਜਾ ਰਹੇ ਸਨ। ਆਪਣੀਆਂ ਜ਼ਮੀਨਾਂ ਬਚਾਉਣ ਲਈ ਤੁਰਿਆ ਇਹ ਕਾਫਲਾ ਸਭ ਦਾ ਧਿਆਨ ਖਿੱਚ ਰਿਹਾ ਸੀ। ਪ੍ਰਸ਼ਾਸਨ ਵੱਲੋਂ ਰਾਜ ਭਵਨ ਵੱਲ ਵੱਧ ਰਹੇ ਸ਼ਾਂਤਮਈ ਮਾਰਚ ਨੂੰ ਫੇਲ ਕਰਨ ਲਈ ਗੈਰ ਕਾਨੂੰਨੀ ਢੰਗ ਨਾਲ਼ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਕਿਸਾਨਾਂ ਦੇ ਕਾਫ਼ਲੇ ਨੂੰ ਰੋਕਣ ਲਈ ਪੁਲਿਸ ਵੱਲੋਂ ਬੈਰੀਅਰ ਲਗਾਏ ਗਏ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਜਿਸ ਕਾਰਨ ਕੁੱਝ ਕਿਸਾਨ ਆਗੂਆਂ ਦੀਆਂ ਪੱਗਾਂ ਤੱਕ ਲੱਥ ਗੲੀਆਂ।

ਪੁਲਿਸ ਅਤੇ ਪ੍ਰਸ਼ਾਸਨ ਦੀ ਇਹ ਸ਼ਰਮਨਾਕ ਹਰਕਤ ਸੀ।

ਪਰ ਕਿਸਾਨਾਂ ਦਾ ਕਾਫਲਾ ਰੁਕਣ ਵਾਲਾ ਨਹੀਂ ਸੀ, ਸਭ ਰੋਕਾਂ ਤੋੜ ਕੇ ਅੱਗੇ ਵੱਧ ਗਿਆ। ਰਾਜ ਭਵਨ ਵਿਖੇ ਚੰਡੀਗੜ੍ਹ ਦੇ ਅਧਿਕਾਰੀ ਵੱਲੋਂ ਕਿਸਾਨਾਂ ਵਿੱਚ ਆ ਕੇ ਆਗੂਆਂ ਕੋਲੋਂ ਰੋਸ ਪੱਤਰ ਪ੍ਰਾਪਤ ਕੀਤਾ ਗਿਆ। ਨਾਹਰਿਆਂ ਦੀ ਗੂੰਜ ਵਿੱਚ ਇਹ ਕਾਰਵਾਈ ਸੰਪੂਰਨ ਹੋਈ। ਉਸੇ ਸਮੇਂ ਆਗੂਆਂ ਵੱਲੋਂ ਸਭ ਨੂੰ ਵਾਪਸ ਜਾਣ ਦੀਆਂ ਹਦਾਇਤਾਂ ਹੋਣ ਲੱਗ ਪਈਆਂ। ਜਦਕਿ ਵੱਡੀ ਗਿਣਤੀ ਹਾਲੇ ਵੀ ਮਾਰਚ ਕਰਦੀ ਆ ਰਹੀ ਸੀ। ਇਸ ਐਕਸ਼ਨ ਵਿੱਚ ਹੋਏ ਭਾਰੀ ਇਕੱਠ ਨੇ ਇਹ ਜ਼ਰੂਰ ਸਾਬਤ ਕਰ ਦਿੱਤਾ ਹੈ ਕਿ ਬੇਸ਼ੱਕ ਸੰਘਰਸ਼ ਨੂੰ ਚੱਲਦਿਆਂ ਸੱਤ ਮਹੀਨੇ ਹੋ ਗਏ ਹਨ ਪਰ ਕਿਸਾਨ ਥੱਕੇ ਜਾਂ ਨਿਰਾਸ਼ ਨਹੀਂ ਹੋਏ। ਉਹ ਆਪਣੀਆਂ ਜ਼ਮੀਨਾਂ ਬਚਾਉਣ ਲਈ ਅੱਜ ਵੀ ਪੂਰੇ ਜੋਸ਼ ਨਾਲ ਲੜ ਰਹੇ ਹਨ।

ਇਸ ਦਿਨ ਨੌਜਵਾਨ ਪੀੜ੍ਹੀ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਈ, ਇਹ ਉਹਨਾਂ ਲੋਕਾਂ ਲਈ ਕਰਾਰਾ ਜਵਾਬ ਸੀ,ਜੋ ਇਹ ਕਹਿੰਦੇ ਸਨ ਕਿ ਜਵਾਨੀ ਹੁਣ ਅੰਦੋਲਨ ਤੋਂ ਦੂਰ ਹੋ ਚੁੱਕੀ ਹੈ। ਨੌਜਵਾਨਾਂ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਉਹ ਆਪਣੇ ਬਜ਼ੁਰਗਾਂ ਦੇ  ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਕਿਉਂਕਿ ਇਹ ਜੰਗ ਉਹਨਾਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਲੜੀ ਜਾ ਰਹੀ ਹੈ। ਮੀਡੀਆ ਵਿੱਚ ਜਿਥੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਐਕਸ਼ਨ ਬਾਰੇ ਗੱਲ ਚੱਲ ਰਹੀ ਸੀ, ਉਥੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਜਾਰੀ ਕਰਨ ਸਬੰਧੀ ਖ਼ਬਰ ਵੀ ਸਾਹਮਣੇ ਆ ਰਹੀ ਸੀ। ਕਿਸਾਨਾਂ ਵੱਲੋਂ ਕੀਤੇ ਜਾਂਦੇ ਸਫਲ ਐਕਸ਼ਨ ਹੀ ਮੰਤਰੀਆਂ ਨੂੰ ਅਜਿਹੇ ਬਿਆਨ ਦੇਣ ਲਈ ਮਜਬੂਰ ਕਰ ਰਹੇ ਹਨ। ਅਸਲ ਵਿੱਚ ਸਰਕਾਰ ਨੇ ਇਸ ਅੰਦੋਲਨ ਨੂੰ ਖ਼ਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਕੇ ਵੇਖ ਲਿਆ ਹੈ ਪਰ ਉਹ ਹੁਣ ਤੱਕ ਨਾਕਾਮਯਾਬ ਹੀ ਰਹੀ ਹੈ। ਅੱਗੇ ਚੱਲ ਕੇ ਹੀ ਪਤਾ ਚੱਲੇਗਾ ਕਿ ਸਰਕਾਰੀ ਊਠ ਕਿਸ ਕਰਵਟ ਬੈਠਦਾ ਹੈ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਕਿਸਾਨਾਂ ਵੱਲੋਂ ਕੀਤਾ ਇਹ ਇੱਕ ਸਫਲ ਐਕਸ਼ਨ ਸੀ। ਜਿਸ ਨੇ ਸਰਕਾਰੀ ਤੰਤਰ ਨੂੰ ਕੰਬਣੀ ਜ਼ਰੂਰ ਛੇੜੀ ਹੈ। ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਕਿਸਾਨ ਆਗੂਆਂ ਉਤੇ ਝੂਠੇ ਪਰਚੇ ਦਰਜ ਕਰ ਦਿੱਤੇ ਗਏ ਹਨ। ਰੋਸ ਅਤੇ ਪ੍ਰਦਰਸ਼ਨ ਕਰਨਾ ਲੋਕਾਂ ਦਾ ਜਮਹੂਰੀ ਸੰਵਾਧਾਨਿਕ ਹੱਕ ਹੈ। ਕਿਸਾਨਾਂ ਨੇ ਕੋਈ ਵੀ ਹਿੰਸਕ ਕਾਰਵਾਈ ਜਾਂ ਭੰਨ ਤੋੜ ਨਹੀਂ ਕੀਤੀ। ਫਿਰ ਵੀ ਕਿਸਾਨ ਆਗੂਆਂ ਉੱਤੇ ਝੂਠੇ ਕੇਸ ਦਰਜ ਕਰਨੇ ਅਤਿ ਨਿੰਦਣਯੋਗ ਹੈ। ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਕਿ ਝੂਠੇ ਪਰਚਿਆਂ ਨਾਲ ਇਹ ਕਾਫ਼ਲੇ ਰੁਕਣ ਵਾਲੇ ਜਾਂ ਹਾਰ ਮੰਨਣ ਵਾਲੇ ਨਹੀਂ। ਜਿੱਤ ਤੱਕ ਇਹ ਲੜਾਈ ਜਾਰੀ ਰਹੇਗੀ, ਜ਼ਿੰਦਾਬਾਦ।

ਬਹੁਤੇ ਲੋਕਾਂ ਨੇ ਅੱਤਵਾਦ ਦੀਆਂ ਗੋਲੀਆਂ  ਵਿੱਚ  ਹਨ ਪਰ ਨਰਿੰਦਰ ਕੌਰ ਸੋਹਲ ਨੇ ਵਰ੍ਹਦੀਆਂ ਗੋਲੀਆਂ ਵਿੱਚ ਆਪਣੇ ਪਿਤਾ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੂੰ ਸ਼ਹੀਦ ਹੁੰਦਿਆਂ ਦੇਖਿਆ ਹੈ। ਉਸਨੇ ਦੇਖਿਆ ਹੈ ਕਿ ਅੱਤਵਾਦ ਨੇ ਕਿਵੇਂ  ਘਰਾਂ ਦੇ ਘਰ ਵਿਰਾਨ ਕੀਤੇ ਹਨ। ਇਹ ਅਸਹਿ ਦੁੱਖ ਦਰਦ ਹੰਢਾ ਕੇ ਵੀ ਨਰਿੰਦਰ ਸੋਹਲ ਨੇ ਜ਼ਿੰਦਗੀ ਦੇ ਗੀਤ ਗਾਏ ਹਨ। ਹੌਂਸਲੇ ਦੀਆਂ ਗੱਲਾਂ ਕੀਤੀਆਂ ਹਨ। ਲੋਕ ਅੰਦੋਲਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਨਾਰੀ ਅਧਿਕਾਰਾਂ ਦੀ ਗੱਲ ਕੀਤੀ ਹੈ। ਇਸ ਵਾਰ ਇਸ ਹੱਥਲੀ ਲਿਖਤ ਵਿੱਚ ਵੀ ਇਹੀ ਸੁਨੇਹਾ ਹੈ:

"ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ,

ਬਸ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ

ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ।"

ਨਰਿੰਦਰ ਸੋਹਲ ਨਾਲ ਗੱਲ ਕਰਨ ਲਈ ਉਸਦਾ ਮੋਬਾਈਲ ਸੰਪਰਕ ਨੰਬਰ ਹੈ: 9464113255

ਰਿੰਦਰ ਸੋਹਲ ਦੀਆਂ ਹੋਰ ਲਿਖਤਾਂ  ਵੀ ਜ਼ਰੂਰ ਪੜ੍ਹੋ ਸਿਰਫ ਹੇਠਲੇ ਸਬੰਧਤ ਲਿੰਕ ਤੇ ਕਲਿੱਕ ਕਰ ਕੇ :


ਸਮਾਜ ਵਿੱਚ ਔਰਤ ਨੂੰ ਦਬਾ ਕੇ ਰੱਖਣ ਦੀ ਸੋਚ ਹਮੇਸ਼ਾਂ ਹਾਵੀ ਰਹਿੰਦੀ ਹੈ 

ਅੱਤਵਾਦ ਵੱਲੋਂ  ਦਿੱਤੇ ਜ਼ਖਮ  31 ਸਾਲਾਂ  ਬਾਅਦ  ਵੀ  ਅੱਲੇ 

1 comment: