Thursday, July 22, 2021

ਕਾਮਰੇਡ ਸੋਹਲ ਦੇ ਪਰਿਵਾਰ ਦੀ ਸ਼ਹਾਦਤ ਵਾਲੀ ਰਾਤ ਯਾਦ ਕਰਦਿਆਂ

ਉਹ ਸਮਾਂ ਨਾ ਭੁੱਲਦਾ ਹੈ-ਨਾ ਹੀ ਭੁੱਲਣਾ ਚਾਹੀਦਾ ਹੈ-ਹਾਲਤ ਫੇਰ ਖਰਾਬ ਹਨ 


ਝਬਾਲ
(ਤਰਨਤਾਰਨ): 21 ਜੁਲਾਈ 2021:(ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ):: 

ਅੰਮ੍ਰਿਤਸਰ ਤੋਂ 13 ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਇਸ ਪਿੰਡ ਝਬਾਲ ਕਲਾਂ ਵਿੱਚ ਹੋ ਰਿਹਾ ਸਮਾਗਮ ਅਤੀਤ ਦੇ ਉਹਨਾਂ ਵੇਲਿਆਂ ਦੀ ਯਾਦ ਕਰਵਾ ਰਿਹਾ ਸੀ ਜਦੋਂ ਹਵਾਵਾਂ ਵਿੱਚ ਬਾਰੂਦ ਦੀ ਗੰਧ ਆਉਂਦੀ ਸੀ। ਮਿੱਟੀ ਥਾਂ ਥਾਂ ਡੁੱਲਦੇ ਖੂਨ ਨਾਲ ਲਾਲ ਹੋ ਰਹੀ ਸੀ। ਸਿਆਸਤਦਾਨ ਲਾਸ਼ਾਂ ਗਿਣ ਗਿਣ ਬਾਘੀਆਂ ਪਾ ਰਹੇ ਸਨ। ਲੋਕਾਂ ਵਿੱਚ ਦਹਿਸ਼ਤ ਹੀ ਦਹਿਸ਼ਤ ਸੀ। ਉਦੋਂ ਵੀ ਇਹੀ ਮਹਿਸੂਸ ਹੋਇਆ ਸੀ ਕਿ ਸ਼ਹੀਦਾਂ ਨੂੰ ਲਾਲ ਸਲਾਮ ਕਹਿਣਾ ਵੀ ਬੜਾ ਸੌਖਾ ਜਿਹਾ ਹੀ ਹੈ ਨਿਭਾਉਣਾ ਭਾਵੇਂ ਮੁਸ਼ਕਲ ਹੋਵੇ। ਇਸਦੇ ਨਾਲ ਹੀ ਇਹ ਕਹਿਣਾ ਵੀ ਔਖਾ ਨਹੀਂ ਲੱਗਦਾ ਹੁੰਦਾ ਕਿ 

ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ;                                                                                                          ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ!

ਪਰ ਜਦੋਂ ਸ਼ਹੀਦ ਹੋਣ ਵਾਲੇ ਆਪਣੇ ਹੀ ਪਰਿਵਾਰ ਦੇ ਮੈਂਬਰ ਹੋਣ। ਉਹਨਾਂ ਨੂੰ ਸ਼ਹੀਦ ਹੁੰਦਿਆਂ ਵੀ ਆਪਣੀ ਅੱਖੀਂ ਦੇਖਿਆ ਹੋਵੇ। ਸਿਰਫ ਦੇਖਿਆ ਹੀ ਨਾ ਹੋਵੇ ਬਲਕਿ ਉਸ ਵੇਲੇ ਹਮਲਾਵਰਾਂ ਦੀਆਂ ਗੋਲੀਆਂ ਖੁਦ ਵੀ ਝੱਲੀਆਂ ਹੋਣ ਤਾਂ ਉਸ ਵੇਲੇ ਹਿੰਮਤ ਕਰ ਕੇ ਮੁਸਕਰਾਉਣਾ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਤੋਂ ਘੱਟ ਨਹੀਂ ਹੁੰਦਾ। ਦਿਨ ਤਾਂ ਸਿਰਫ ਇੱਕੋ ਹੀ ਮਨਾਇਆ ਜਾਂਦਾ ਹੈ 21 ਜੁਲਾਈ ਪਰ ਉਸ ਵਾਰਦਾਤ ਦਾ ਇੱਕ ਇੱਕ ਪਲ ਯਾਦ ਤਾਂ ਹਰ ਵਕਤ ਰਹਿੰਦਾ ਹੈ। ਨਾ ਉਹ ਗੋਲੀਆਂਦੀ ਆਵਾਜ਼ ਭੁੱਲਦੀ ਹੈ। ਨਾ ਹੀ ਹਮਲਾਵਰਾਂ ਦੇ ਲਲਕਾਰੇ ਭੁੱਲਦੇ ਹਨ। ਨਾ ਹੀ ਉਹਨਾਂ ਪਲਾਂ ਦਾ ਖੌਫ ਭੁੱਲਦਾ ਹੈ। ਫਿਰ ਵੀ ਇੱਕ ਭਾਵਨਾ, ਇੱਕ ਯਾਦ ਇਹਨਾਂ ਸਾਰੀਆਂ ਗੱਲਾਂ ਤੇ ਭਾਰੂ ਰਹਿੰਦੀ ਹੈ ਕਿ ਸਾਡੇ ਪੂਰੇ ਪਰਿਵਾਰ ਨੇ ਜ਼ੁਲਮ ਅੱਗੇ ਗੋਡੇ ਨਹੀਂ ਟੇਕੇ। ਅੰਜਾਮ ਸਭ ਨੂੰ ਪਤਾ ਸੀ ਪਰ ਸਿਰ ਚੁੱਕ ਕੇ ਇਸਦਾ ਸਾਹਮਣਾ ਕੀਤਾ। ਕਾਇਰਾਂ ਨੇ ਸਾਡੇ ਸਾਰੇ ਪਰਿਵਾਰ ਨੂੰ ਸੁੱਤਿਆਂ ਪਿਆ ਅਚਾਨਕ ਹਮਲਾ ਕਰਕੇ ਮਾਰਿਆ। ਅੱਜ ਉਹਨਾਂ ਕਾਤਲਾਂ ਦਾ ਕੋਈ ਨਾਮ ਵੀ ਨਹੀਂ ਜਾਣਦਾ ਪਰ ਕਾਮਰੇਡ ਸੋਹਲ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਲੋਕ ਅੱਜ ਵੱਡੇ ਵੱਡੇ ਜੋਸ਼ੀਲੇ ਮਾਰਚ ਵੀ  ਕਰਦੇ ਹਨ, ਮੇਲੇ ਵੀ ਲਾਉਂਦੇ ਹਨ, ਰੈਲੀਆਂ ਵੀ ਕਰਦੇ ਹਨ। ਇੰਝ ਲੱਗਦੈ ਕਾਮਰੇਡ ਸੋਹਲ ਅੱਜ ਵੀ ਸਾਡੇ ਵਿਚਕਾਰ ਹੈ ਇਹਨਾਂ ਲੋਕਾਂ ਦੇ ਰੂਪ ਵਿੱਚ। ਲਾਲ ਝੰਡੇ ਦੀ ਲਾਲੀ ਦੇ ਰੂਪ ਵਿੱਚ। ਇਹ ਸਭ ਕਾਮਰੇਡ ਨਰਿੰਦਰ ਸੋਹਲ ਦੀਆਂ ਅੱਖਾਂ ਬੋਲਦਿਆਂ ਸਨ। ਉਸਦੀ ਚੁੱਪ ਬੋਲਦੀ ਸੀ। ਉਸਦਾ ਜਜ਼ਬਾਤਾਂ ਦੇ ਹੜ੍ਹ ਨਾਲ ਭਰਿਆ ਦਿਲ ਬੋਲਦਾ ਸੀ। ਉਸਦਾ ਚਿਹਰਾ ਬੋਲਦਾ ਸੀ। ਨਰਿੰਦਰ ਸੋਹਲ ਨੂੰ ਇੱਕ ਇੱਕ ਪਲ ਕਲ੍ਹ ਵਾਂਗ ਯਾਦ ਹੈ। ਇਸ ਮਿੱਟੀ ਵਿੱਚ ਡੁੱਲੇ ਖੂਨ ਦੀ ਮਹਿਕ ਉਹ ਅੱਜ ਵੀ ਮਹਿਸੂਸ ਕਰਦੀ ਹੈ। 

ਸ਼ਹੀਦ ਕਾਮਰੇਡ ਸਵਰਨ ਸਿੰਘ ਸੋਹਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ 34ਵੀਂ ਬਰਸੀ ਮੌਕੇ ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਸੁਖਚੈਨ ਸਿੰਘ ਵੱਲੋਂ ਅਦਾ ਕੀਤੀ ਗਈ। ਨਵੇਂ ਉਸਾਰੇ ਦਫ਼ਤਰ ਅਤੇ ਲਾਇਬ੍ਰੇਰੀ ਦਾ ਉਦਘਾਟਨ ਕਾਮਰੇਡ ਹਰਭਜਨ ਸਿੰਘ ਵੱਲੋਂ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਵਲੋਂ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਵੀ ਦਿੱਤੀ ਗਈ

ਸਟੇਟ ਐਗਜ਼ੀਕਿਊਟਿਵ ਮੈਂਬਰ ਕਾਮਰੇਡ ਹਰਭਜਨ ਸਿੰਘ, ਕਾਮਰੇਡ ਸੁਖਚੈਨ ਸਿੰਘ, ਗੋਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬਲਕਾਰ ਵਲਟੋਹਾ, ਕਾਮਰੇਡ ਤਾਰਾ ਸਿੰਘ ਖਹਿਰਾ, ਕਾਮਰੇਡ ਨਰਿੰਦਰ ਸੋਹਲ, ਪੰਜਾਬ ਇਸਤਰੀ ਸਭਾ ਦੇ ਸੂਬਾ ਜਨਰਲ ਸਕੱਤਰ ਰਾਜਿੰਦਰਪਾਲ ਕੌਰ, ਨਰਿੰਦਰਪਾਲ ਪਾਲੀ, ਸੀਮਾ ਸੋਹਲ, ਗੁਰਬਿੰਦਰ ਸਿੰਘ ਸੋਹਲ ਆਦਿ ਹਾਜ਼ਰ ਸਨ। 

ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਾਮਰੇਡ ਸਵਰਨ ਸੋਹਲ ਦੇ ਪੁਰਾਣੇ ਸਾਥੀ ਕਾਮਰੇਡ ਦਵਿੰਦਰ ਸੋਹਲ ਵੱਲੋਂ ਨਿਭਾਈ ਗਈ।ਕਾਮਰੇਡ ਦੇਵਿੰਦਰ ਸੋਹਲ ਨੇ ਵੀ ਉਹ ਸਾਰਾ ਸਮਾਂ ਖੁਦ ਹੱਡੀਂ ਹੰਢਾਇਆ ਹੋਇਆ ਹੈ। ਉਹ ਸਮਾਂ ਜਦੋਂ ਫਿਰਕਾਪ੍ਰਸਤਾਂ ਨੇ ਲੋਕਾਂ ਦੇ ਸਾਹ ਲੈਣ ਤੇ ਵੀ ਪਾਬੰਦੀ ਲਾਇ ਹੋਈ ਸੀ। ਲੋਕ ਸਰਕਾਰੀ ਜਬਰ ਅਤੇ ਫਿਰਕੂ ਜਬਰ ਦੇ ਵਿਚਕਾਰ ਪੀ.ਆਈ.ਐਸ. ਰਹੇ ਸਨ। ਉਦੋਂ ਕਮਿਊਨਿਸਟਾਂ ਨੇ ਹੀ ਆਪਣੀਆਂ ਕੁਰਬਾਨੀਆਂ ਨਾਲ ਇਸ ਖੌਫ ਅਤੇ ਇਸ ਦਹਿਸ਼ਤ ਦੀ ਧੁੰਦ ਨੂੰ ਚੀਰਿਆ। 

ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਚੱਲੇ ਕਾਲੇ ਦੌਰ ਦਾ ਕਮਿਊਨਿਸਟਾਂ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਸ਼ਹਾਦਤ ਦਿੱਤੀ। ਜਿਸ ਦੀ ਬਦੌਲਤ ਪੰਜਾਬ ਦੀ ਭਾਈਚਾਰਕ ਸਾਂਝ ਬਣੀ ਰਹੀ। ਅੱਜ ਫਿਰ ਹਾਲਾਤ ਬਹੁਤ ਚਿੰਤਾਜਨਕ ਬਣੇ ਹੋਏ ਹਨ। ਕਿਸਾਨਾਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦੀ ਜਿੱਤ ਬਹੁਤ ਅਹਿਮੀਅਤ ਰੱਖਦੀ ਹੈ। ਇਸ ਲਈ ਇਸਨੂੰ ਜਿੱਤ ਤੱਕ ਲੈਕੇ ਜਾਣ ਦੀ ਜੁੰਮੇਵਾਰੀ ਸਾਡੇ ਮੋਢਿਆਂ ਉੱਤੇ ਹੈ।

ਅੱਜ ਫਿਰ ਫਿਰਕੂ ਹਨੇਰੀਆਂ ਝੁਲਾਉਣ ਦੀਆਂ ਸਾਜ਼ਿਸ਼ਾਂ ਜ਼ੋਰਾਂ ਤੇ ਹਨ। ਮਹਿੰਗਾਈ, ਬੇਰੋਜ਼ਗਾਰੀ, ਅਮਨ ਕਾਨੂੰਨ ਦੀ ਨਿੱਘਰੀ ਹੋਈ ਸਥਿਤੀ ਅਤੇ ਹੋਰ ਹਾਲਾਤ ਚਿੰਤਾਜਨਕ ਹਨ। ਇਹਨਾਂ ਤੋਂ ਧਿਆਨ ਲਾਂਭੇ ਕਰਨ ਦੀਆਂ ਨਾਪਾਕ ਸਾਜ਼ਿਸ਼ਾਂ ਨੂੰ ਨਾਕਾਮ ਕਰਨਾ ਬਹੁਤ ਜ਼ਰੂਰੀ ਹੈ। ਅੱਜ ਫੇਰ ਹਾਲਾਤ ਚਿੰਤਾਜਨਕ ਹਨ। ਇਸ ਲਈ ਕਾਮਰੇਡ ਸਵਰਨ ਸੋਹਲ ਵਰਗੇ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਜੱਜ ਫੇਰ ਸ਼ਿੱਦਤ ਨਾਲ ਯਾਦ ਕਰਨ ਦੀ ਲੋੜ ਹੈ। 

No comments:

Post a Comment