Wednesday, July 21, 2021

"ਕਾਮਰੇਡ ਸੋਹਲ ਅੱਤਵਾਦ ਦੌਰਾਨ ਵੀ ਕਿਸਾਨੀ ਹਿੱਤਾਂ ਲਈ ਡਟ ਕੇ ਖੜ੍ਹੇ ਰਹੇ"

 ਇਹ ਫ਼ਿਲਮੀ ਨਹੀਂ ਬਿਲਕੁਲ ਸੱਚੀ ਕਹਾਣੀ ਹੈ 

21 ਜੁਲਾਈ ਨੂੰ "ਬਰਸੀ 'ਤੇ ਵਿਸ਼ੇਸ਼"                                                     ਨਰਿੰਦਰ ਸੋਹਲ 

ਪੰਜਾਬ ਨੇ ਆਪਣੇ ਪਿੰਡੇ ਉੱਤੇ ਬਹੁਤ ਕੁੱਝ ਹੰਡਾਇਆ ਹੈ। ਪਰ ਵੱਖ-ਵੱਖ ਹਾਲਾਤਾਂ ਵਿੱਚੋਂ ਗੁਜ਼ਰਦਿਆਂ ਵੀ ਇਸਨੇ ਕਦੇ ਹਾਰ ਨਹੀਂ ਮੰਨੀ। ਹਮੇਸ਼ਾ ਜੇਤੂ ਹੋ ਕੇ ਹੀ ਨਿਕਲਿਆ ਹੈ, ਉਹ ਚਾਹੇ ਅੱਤਵਾਦ ਦਾ ਭਿਆਨਕ ਦੌਰ ਕਿਉਂ ਨਾ ਹੋਵੇ। ਅੱਤਵਾਦ ਦੌਰਾਨ ਸੂਰਜ ਰਹਿੰਦਿਆਂ ਵੀ ਹਰ ਪਾਸੇ ਹਨੇਰਾ ਪਸਰ ਜਾਂਦਾ ਸੀ ਅਤੇ ਪਿੰਡਾਂ ਦੀਆਂ ਗਲੀਆਂ ਸੁੰਨੀਆਂ ਹੋ ਜਾਂਦੀਆਂ ਸਨ। ਹਰ ਪਾਸੇ ਮੌਤ ਨੱਚਦੀ ਫਿਰਦੀ, ਘਰੋਂ ਗਏ ਪਰਿਵਾਰਕ ਮੈਂਬਰ ਬਾਰੇ ਯਕੀਨ ਨਹੀਂ ਹੁੰਦਾ ਸੀ ਕਿ ਉਹ ਸਹੀ ਸਲਾਮਤ ਵਾਪਸ ਆ ਜਾਵੇਗਾ। ਅਜਿਹੇ ਮਾਹੌਲ ਤੋਂ ਡਰਦਿਆਂ ਕੲੀ ਪਰਿਵਾਰ ਇਥੋਂ ਹਿਜ਼ਰਤ ਵੀ ਕਰ ਗਏ‌। ਹਜਾਰਾਂ ਬੇਕਸੂਰ ਬੱਚਿਆਂ, ਬਜੁਰਗਾਂ, ਨੌਜਵਾਨਾਂ ਅਤੇ ਔਰਤਾਂ ਦੀ ਜਾਨ ਗਈ। ਪੰਜਾਬ ਦੀ ਇੱਜਤ, ਅਣਖ ਦਾ ਘਾਣ ਹੋਇਆ ਅਤੇ ਆਰਥਿਕ ਪੱਖੋਂ ਵੀ ਮਾਰ ਸਹਿਣੀ ਪਈ। ਉਦੋਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਹ ਦੌਰ ਕਦੇ ਖਤਮ ਹੀ ਨਹੀਂ ਹੋਵੇਗਾ। ਪਰ ਇਸ ਸਭ ਦੇ ਬਾਵਜੂਦ ਹਿੰਦੂ ਸਿੱਖ ਭਾਈਚਾਰਕ ਸਾਂਝ ਕਾਇਮ ਰਹਿਣ ਕਾਰਨ ਪੰਜਾਬ ਦੁਬਾਰਾ ਖੁਸ਼ਹਾਲੀ ਦੇ ਰਾਹ ਪੈ ਗਿਆ।

ਸਾਡੇ ਪਰਿਵਾਰ ਨੇ ਵੀ ਇਹ ਦੌਰ ਆਪਣੇ ਪਿੰਡੇ ਤੇ ਹੰਢਾਇਆ ਹੈ। ਜਿਸ ਕਾਰਨ ਅੱਜ ਵੀ ਜੁਲਾਈ ਮਹੀਨੇ ਦੇ ਆਉਂਦਿਆਂ ਹੀ ਬੀਤਿਆ ਸਮਾਂ ਤੇਜ਼ੀ ਨਾਲ ਅੱਖਾਂ ਅੱਗੋਂ ਗੁਜ਼ਰਨ ਲੱਗਦਾ ਹੈ। ਅੱਜ ਵੀ ਯਾਦ ਹੈ 21 ਜੁਲਾਈ 1987 ਨੂੰ ਕਾਮਰੇਡ ਸਵਰਨ ਸਿੰਘ ਸੋਹਲ ਅਤੇ ਪਰਿਵਾਰ ਦੇ ਹੋਰ ਚਾਰ ਮੈਂਬਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਕਾਮਰੇਡ ਸਵਰਨ ਸਿੰਘ ਸੋਹਲ 1965 ਦੀ ਜੰਗ ਤੋਂ ਬਾਅਦ ਆਪਣੀ ਇੱਛਾ ਨਾਲ ਬਿਨਾਂ ਪੈਨਸ਼ਨ ਦੇ ਫ਼ੌਜ ਦੀ ਨੌਕਰੀ ਛੱਡ ਕੇ ਆ ਗਏ ਸਨ। ਪਿੰਡ ਸੋਹਲ ਜ਼ਿਲ੍ਹਾ ਤਰਨਤਾਰਨ (ਪੁਰਾਣਾ ਅੰਮਿਤਸਰ) ਜਿੱਥੇ ਸਾਡਾ ਜਨਮ ਹੋਇਆ ਉਹਨਾਂ ਦਾ ਨਾਨਕਾ ਪਿੰਡ ਸੀ। ਏਥੇ ਹੀ ਕਾਮਰੇਡ ਕੁੰਦਨ ਲਾਲ (ਕਾਮਰੇਡ ਦਵਿੰਦਰ ਸੋਹਲ ਹੁਰਾਂ ਦੇ ਪਿਤਾ) ਨਾਲ ਨੇੜਤਾ ਉਹਨਾਂ ਨੂੰ ਕਮਿਊਨਿਸਟ ਬਨਣ ਵੱਲ ਲੈ ਆਈ। ਬਹੁਤ ਜਲਦੀ ਹੀ ਇੱਕ ਨਿਧੜਕ ਆਗੂ ਵਜੋਂ ਉਭਰਦਿਆਂ, ਉਹ ਜ਼ਿਲ੍ਹਾ ਕਿਸਾਨ ਸਭਾ ਅਤੇ ਇਲਾਕਾ ਪਾਰਟੀ ਦੋਹਾਂ ਦੇ ਸਹਾਇਕ ਸਕੱਤਰ ਬਣ ਗਏ। ਪਾਰਟੀ ਅਤੇ ਕਿਸਾਨ ਸਭਾ ਵੱਲੋਂ ਲੜੇ ਜਾਂਦੇ ਹਰ ਘੋਲ ਦੀ ਮੂਹਰਲੀ ਕਤਾਰ ਵਿੱਚ ਸ਼ਾਮਲ ਹੁੰਦੇ। ਕਈ ਮੋਰਚਿਆਂ ਦੌਰਾਨ ਭਾਵੇਂ ਜੇਲ੍ਹ ਵੀ ਜਾਣਾ ਪਿਆ ਪਰ ਉਹਨਾਂ ਕਦੇ ਹਿੰਮਤ ਅਤੇ ਹੌਂਸਲਾ ਕਮਜ਼ੋਰ ਨਾ ਪੈਣ ਦਿੱਤਾ। ਲੋਕਾਂ ਵਿੱਚ ਕੰਮ ਕਰਦਿਆਂ ਉਹਨਾਂ ਦੀ ਵਧ ਰਹੀ ਹਰਮਨ ਪਿਆਰਤਾ ਨੂੰ ਇਲਾਕੇ ਅਤੇ ਪਿੰਡ ਦੇ ਧਨਾਢ ਪਸੰਦ ਨਹੀਂ ਕਰਦੇ ਸਨ। ਅਸਲ ਵਿੱਚ ਉਹ ਕਮਿਊਨਿਸਟਾਂ ਦੇ ਵਧਦੇ ਆਧਾਰ ਨੂੰ ਰਾਜਨੀਤਕ ਤੌਰ ’ਤੇ ਆਪਣੇ ਲਈ ਖਤਰਾ ਮਹਿਸੂਸ ਕਰਦੇ ਸਨ। ਇਸੇ ਦੌਰਾਨ ਪੰਜਾਬ ਵਿੱਚ ਅੱਤਵਾਦ ਦਾ ਦੌਰ ਚੱਲਿਆ। ਸਰਮਾਏ ਦੀ ਸਿਆਸਤ ਨੇ ਨੌਜਾਵਨਾਂ ਨੂੰ ਗੁੰਮਰਾਹ ਕਰਦਿਆਂ ਉਹਨਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਦਿੱਤੇ। ਘਰਾਂ ਦੀ ਕਮਜ਼ੋਰ ਆਰਥਿਕ ਸਥਿਤੀ ਨੇ ਬਲਦੀ ‘ਤੇ ਤੇਲ ਪਾਇਆ। ਪੰਜਾਬ ਦੇ ਹੱਸਦੇ-ਵੱਸਦੇ ਘਰਾਂ ਵਿੱਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਘਰਾਂ ਵਿੱਚ ਖੁਸ਼ੀਆਂ ਦੀ ਥਾਂ ਮਾਤਮ ਛਾ ਗਿਆ। ਜਦੋਂ ਆਮ ਪੰਜਾਬੀ ਇਸਦਾ ਸੰਤਾਪ ਭੋਗ ਰਹੇ ਸਨ, ਉੱਜੜ ਰਹੇ ਸਨ ਤਾਂ ਕਈ ਪੁਲਿਸ ਮੁਲਾਜ਼ਮਾਂ, ਸਮੱਗਲਰਾਂ, ਸਿਆਸਤਦਾਨਾਂ, ਕਾਰੋਬਾਰੀਆਂ ਨੇ ਇਸ ਦੌਰ ਨੂੰ ਕਮਾਈ ਦਾ ਸਾਧਨ ਬਣਾ ਲਿਆ। 

ਕਮਿਊਨਿਸਟ ਪਾਰਟੀ ਵੱਲੋਂ ਇਸ ਮਾਹੌਲ ਦੇ ਖਿਲਾਫ ਜੂਨ 1987 ‘ਚ ਇਤਿਹਾਸਕ ਦਸ ਦਿਨਾਂ ਮਾਰਚ ਕੀਤਾ ਗਿਆ। ਜਦੋਂ ਪਿੰਡ ਸੋਹਲ ਵਿੱਚ ਜਲਸਾ ਕੀਤਾ ਜਾ ਰਿਹਾ ਸੀ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਘੁਰ-ਘੁਰ ਕਰਨੀ ਸ਼ੁਰੂ ਕਰ ਦਿੱਤੀ। ਪਰ ਕਾਮਰੇਡ ਸੋਹਲ ਦੇ ਸਟੇਜ ਤੋਂ ਸਿੱਧਾ ਵੰਗਾਰਨ 'ਤੇ ਸ਼ਰਾਰਤੀਆਂ ਨੇ ਓਥੋਂ ਖਿਸਕਣਾ ਹੀ ਠੀਕ ਸਮਝਿਆ। ਫਿਰ 21 ਜੁਲਾਈ ਨੂੰ ਦਿਨ ਵੇਲੇ ਪਿੰਡ ਵਿੱਚ ਖਰਾਬ ਹੋਈ ਕਣਕ ਦੀ ਫਸਲ ਦਾ ਮੁਆਵਜਾ ਵੰਡਿਆ ਜਾ ਰਿਹਾ ਸੀ। ਇਸਦੀ ਵੰਡ ਵਿੱਚ ਹੇਰਾ ਫੇਰੀ ਨਾ ਹੋਵੇ, ਕਿਸਾਨ ਸਭਾ ਦੇ ਆਗੂ ਵਜੋਂ ਕਾਮਰੇਡ ਸੋਹਲ ਸਾਰਾ ਦਿਨ ਮੰਡੀ ਵਿੱਚ ਹਾਜ਼ਰ ਰਹੇ। ਉਹਨਾਂ ਆਪਣੀ ਸੁਰੱਖਿਆ ਦੀ ਵੀ ਪਰਵਾਹ ਨਹੀਂ ਕੀਤੀ, ਜਿਸ ਕਾਰਨ ਉਹ ਅੱਤਵਾਦੀਆਂ ਦੀਆਂ ਨਜ਼ਰਾਂ ਵਿੱਚ ਆ ਗਏ। ਜੋ ਉਹਨਾਂ ਨਾਲ ਸਿੱਧੇ ਮੁਕਾਬਲੇ ਵਿੱਚ ਨਹੀਂ ਸਨ ਪੈਣਾ ਚਾਹੁੰਦੇ, ਸਿਰਫ ਉਸ ਦਿਨ ਕਾਮਰੇਡ ਸੋਹਲ ਦੇ ਅਵੇਸਲੇ ਹੋਣ ’ਤੇ ਹਨੇਰੇ ਦਾ ਲਾਹਾ ਉਠਾ ਗਏ। ਹਮੇਸ਼ਾਂ ਦੀ ਤਰ੍ਹਾਂ ਰਾਤ ਕਾਮਰੇਡ ਅਤੇ ਘਰ ‘ਚ ਕੰਮ ਕਰਦਾ ਕਾਮਾ ਹੀਰਾ ਸਿੰਘ ਛੱਤ ਉੱਤੇ ਤੇ ਬਾਕੀ ਸਾਰਾ ਪਰਵਾਰ ਵਿਹੜੇ ‘ਚ ਸੁੱਤਾ ਪਿਆ ਸੀ। ਉੱਸੇ ਰਾਤ ਦੇ 11 ਵਜੇ ਦੇ ਲਗਭਗ ਅੱਤਵਾਦੀਆਂ ਨੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਉਹਨਾਂ ਛੱਤ ਉੱਤੇ ਚੜ੍ਹ ਕੇ ਕਾਮਰੇਡ ਸੋਹਲ 'ਤੇ ਹੀ ਹਮਲਾ ਕੀਤਾ। ਇਸ ਸਭ ਤੋਂ ਬੇਫ਼ਿਕਰ ਮੈਂ ਜਦੋਂ ਵਿਹੜੇ ਵਿੱਚ ਪਈ ਨੇ ਪਾਸਾ ਲਿਆ ਤਾਂ ਉਪਰ ਖੜੇ ਇੱਕ ਆਦਮੀ ਨੇ ਗੋਲੀ ਚਲਾਈ ਜੋ ਮੇਰੀ ਸੱਜੀ ਲੱਤ ਵਿੱਚ ਆਣ ਵੱਜੀ ਅਤੇ ਮੈਨੂੰ ਇੰਝ ਲੱਗਾ ਜਿਵੇਂ ਲੋਹੇ ਦੀ ਬਹੁਤ ਭਾਰੀ ਚੀਜ ਮੇਰੇ ਉੱਪਰ ਆਣ ਡਿੱਗੀ ਹੋਵੇ। ਸਭ ਤੋਂ ਵੱਡੀ ਭੈਣ ਨੇ ਭੱਜ ਕੇ ਮੈਨੂੰ ਚੁੱਕ ਲਿਆ ਤੇ ਵਿਹੜੇ ਦੇ ਇੱਕ ਪਾਸੇ ਰੁੱਖ ਕੋਲ ਖੜੀ ਟਰਾਲੀ ਦੀ ਓਟ ‘ਚ ਲੈ ਗਈ। ਇੱਥੇ ਦੋ ਭੈਣਾਂ ਸਭ ਤੋਂ ਛੋਟੀ ਅਤੇ ਮੇਰੇ ਤੋਂ ਵੱਡੀ ਜਿਸਦੀ ਰੀੜ ਦੀ ਹੱਡੀ ਕੋਲ ਗੋਲੀ ਲੱਗੀ ਸੀ, ਵੀ ਲੁਕ ਕੇ ਬੈਠੀਆਂ ਸਨ। ਸਮਝ ਤਾਂ ਕੁਝ ਨਹੀਂ ਆ ਰਿਹਾ ਸੀ ਪਰ ਵੱਡੀ ਭੈਣ ਵੱਲੋਂ ਚੁੱਪ ਰਹਿਣ ਦਾ ਕੀਤਾ ਇਸ਼ਾਰਾ ਜ਼ਰੂਰ ਸਮਝ ਆ ਗਿਆ ਸੀ। ਉਹਨਾਂ ਆਪਣੇ ਵੱਲੋਂ ਪੂਰਾ ਪਰਵਾਰ ਖਤਮ ਕਰਨ ਦੀ ਤਸੱਲੀ ਤੱਕ ਗੋਲੀ ਚਲਾਈ। ਪਰ ਉਹ ਘਰ ਦੇ ਅੰਦਰ ਆਉਣ ਦੀ ਹਿੰਮਤ ਨਾ ਕਰ ਸਕੇ।

ਛੱਤ ਤੇ ਕੀ ਵਾਪਰ ਚੁੱਕਾ, ਕਿਸੇ ਨੂੰ ਕੁਝ ਪਤਾ ਨਹੀਂ ਸੀ ਅਤੇ ਨਾ ਹੀ ਵੇਖਣ ਦਾ ਹੌਸਲਾ। ਸਾਡੇ ਦੋਵਾਂ ਭੈਣਾਂ ਦੇ ਜ਼ਖਮਾਂ ਚੋਂ ਵਹਿੰਦੇ ਖੂਨ ਨੂੰ ਰੋਕਣ ਲਈ, ਵੱਡੀ ਭੈਣ ਅਤੇ ਭੂਆ ਨੇ ਆਪਣੇ ਸਿਰਾਂ ਤੋਂ ਚੁੰਨੀਆਂ ਲਾਹ ਕੇ ਜਖਮਾਂ ’ਤੇ ਬੰਨ੍ਹ ਦਿੱਤੀਆਂ। ਅਸੀਂ ਸਾਰੀ ਰਾਤ ਸਾਹ ਰੋਕੀ ਕਦੀ ਅੰਦਰ ਅਤੇ ਕਦੀ ਬਾਹਰ ਤੁਰੇ ਫਿਰਦੇ ਰਹੇ। ਵਿਹੜੇ ਵਿਚ ਹਰ ਪਾਸੇ ਖੂਨ ਹੀ ਖੂਨ ਸੀ। ਸਾਡੀ ਮਾਂ ਗੋਲੀਆਂ ਨਾਲ ਛਨਣੀ ਹੋਈ ਧਰਤੀ ਉੱਤੇ ਪਈ ਸੀ, ਇੱਕ ਮੰਜੇ ਤੇ ਛੋਟੀ ਭੈਣ ਦੀ ਲਾਸ਼ ਅਤੇ ਦੁਜੇ ਮੰਜੇ ਉੱਤੇ ਦਾਦੀ ਦੀ ਲਾਸ਼ ਸੀ, ਜਿਸਦਾ ਅੱਧਾ ਸਰੀਰ ਮੰਜੇ ਉੱਤੇ ਅਤੇ ਅੱਧਾ ਥੱਲੇ ਲਮਕਿਆ ਹੋਇਆ ਸੀ। ਭਰਾ ਦਾ ਮੰਜਾ ਖਾਲੀ ਸੀ ਕਿਉਂਕਿ ਪਾਪਾ ਨੇ ਪਹਿਲਾਂ ਹੀ ਉਸਨੂੰ ਇਸ ਬਾਰੇ ਸੁਚੇਤ ਕੀਤਾ ਹੋਇਆ ਸੀ, ਕਿ ਕਿਸੇ ਵੇਲੇ ਕੁਝ ਵੀ ਵਾਪਰ ਸਕਦਾ, ‘ਤੂੰ ਮੇਰੀ ਚਿੰਤਾ ਨਾ ਕਰੀਂ, ਆਪਣੀ ਜਾਨ ਬਚਾਉਣ ਦੀ ਕੋਸ਼ਿਸ ਕਰੀਂ।’ ਜਿਸ ਕਾਰਨ ਗੋਲੀਆਂ ਦੀ ਆਵਾਜ਼ ਸੁਣ ਕੇ ਉਹ ਘਰ ਦੀ ਇੱਕ ਨੁੱਕਰੇ ਛਿਪ ਗਿਆ ਸੀ।

ਕਾਮਰੇਡ ਸਵਰਨ ਸਿੰਘ ਸੋਹਲ ਦੀ ਬੇਟੀ ਅਤੇ ਇਸ ਲਿਖਤ
ਦੀ ਲੇਖਿਕਾ ਨਰਿੰਦਰ  ਕੌਰ ਸੋਹਲ ਜਿਸ ਨੂੰ ਅੱਜ ਦੇ ਹੀ ਦਿਨ 
ਹਮਲੇ ਦੌਰਾਨ ਲੱਤ ਵਿੱਚ ਗੋਲੀ ਲੱਗੀ ਸੀ
 
ਇਧਰ ਏਨੀ ਵੱਡੀ ਘਟਨਾ ਵਾਪਰ ਚੁੱਕੀ ਸੀ ਤੇ ਓਧਰ ਪਿੰਡ ਦੇ ਦੂਜੇ ਪਾਸੇ ਕਾਮਰੇਡ ਕੁੰਦਨ ਲਾਲ ਇਸ ਗੱਲ ਤੋਂ ਬੇਖਬਰ ਸਨ ਕਿਉਂਕਿ ਰਾਤ ਚੱਲੀਆਂ ਗੋਲੀਆਂ ਨੂੰ ਉਹ "ਕਿਤੇ ਮੁਕਾਬਲਾ ਹੋਇਆ" ਸਮਝਦੇ ਰਹੇ। ਪਤਾ ਲੱਗਣ ਤੇ ਤੁਰੰਤ ਹਰ ਪਾਸੇ ਸੁਨੇਹੇ ਭੇਜ ਦਿੱਤੇ ਗਏ। ਘਰ ਦੇ ਹਰ ਪਾਸੇ ਪਿੰਡ ਅਤੇ ਇਲਾਕੇ ਦੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਚੁੱਕੀ ਸੀ। ਜ਼ਖਮੀ ਭੈਣਾਂ ਨੂੰ ਇੱਕ ਟੈਕਸੀ ਵਿੱਚ ਬਿਠਾ ਲਿਆ ਗਿਆ। ਇਸ ਦੌਰਾਨ ਛੱਤ ਵਾਲੇ ਮੰਜੇ ਨੂੰ ਰੱਸਿਆਂ ਨਾਲ ਬੰਨ ਕੇ ਥੱਲੇ ਲਾਹਿਆ ਜਾ ਰਿਹਾ ਸੀ। ਉਹ ਦਲੇਰ ਇਨਸਾਨ ਜਿਸਤੋਂ ਜਾਲਮ ਤ੍ਰਬਕਦੇ ਸਨ, ਮੰਜੇ ‘ਤੇ ਬੇਜਾਨ ਪਿਆ ਸੀ। ਹਸਪਤਾਲ ਜਾਣ ਕਾਰਨ ਅਸੀਂ ਪਰਿਵਾਰ ਦੀ ਤ੍ਰਾਸਦੀ ਅਤੇ ਸਭਨਾਂ ਦੇ ਮੂੰਹ ਅਖਬਾਰ ਵਿੱਚ ਹੀ ਦੇਖੇ। ਹਫਤੇ ਬਾਅਦ ਜਦੋਂ ਵਾਪਸ ਆਏ ਤਾਂ ਹਮੇਸ਼ਾ ਰੌਣਕ ਲੱਗੀ ਰਹਿਣ ਵਾਲਾ ਘਰ ਵੀਰਾਨ ਹੋਇਆ ਪਿਆ ਸੀ। ਕਾਮਰੇਡ ਸੋਹਲ ਦੀ ਰੋਜ਼ ਪਾਉਣ ਵਾਲੀ ਜੁੱਤੀ, ਬਾਰੀ ਉੱਤੇ ਪਈ, ਉਹਨਾਂ ਦੇ ਮੁੱਕ ਚੁੱਕੇ ਸਫਰ ਨੂੰ ਬਿਆਨ ਕਰ ਰਹੀ ਸੀ। ਬੇਸ਼ੱਕ ਕੁੱਝ ਸਮੇਂ ਬਾਅਦ ਇਹ ਭਿਆਨਕ ਦੌਰ ਗੁਜ਼ਰ ਗਿਆ ਪਰ ਇਸ ਵੱਲੋਂ ਦਿੱਤੇ ਜ਼ਖ਼ਮ ਅੱਜ ਵੀ ਰਿਸਦੇ ਹਨ। 

ਅੱਜ ਜਦੋਂ ਕਾਮਰੇਡ ਸਵਰਨ ਸਿੰਘ ਸੋਹਲ ਅਤੇ ਪਰਿਵਾਰਕ ਮੈਂਬਰਾਂ ਦੀ 34ਵੀਂ ਬਰਸੀ ਉਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਤਾਂ ਸਾਡਾ ਸਮਾਜ ਕਈ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ। ਇੱਕ ਪਾਸੇ ਜਿਥੇ ਕੋਰੋਨਾ ਵਰਗੀ ਮਹਾਂਮਾਰੀ ਕਾਰਨ ਅਣਗਿਣਤ ਲੋਕ ਮੌਤ ਦੇ ਮੂੰਹ ਜਾ ਰਹੇ ਹਨ। ਉਥੇ ਦੁਜੇ ਪਾਸੇ ਵੱਡੀ ਗਿਣਤੀ ਹੱਥੋਂ ਰੁਜ਼ਗਾਰ ਵੀ ਚਲਾ ਗਿਆ ਹੈ। ਘਰਾਂ ਵਿੱਚ ਆਰਥਿਕ ਮੰਦਹਾਲੀ ਪੈਰ ਪਸਾਰ ਰਹੀ ਹੈ। ਇਸ ਮਹਾਂਮਾਰੀ ਦੌਰਾਨ ਹੀ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਮਾਰੂ ਤਿੰਨ ਕਾਲੇ ਕਾਨੂੰਨ ਵੀ ਪਾਸ ਕਰ ਦਿੱਤੇ ਗੲੇ। ਜਿਸਦਾ ਵਿਰੋਧ ਕਰਦਿਆਂ ਕਿਸਾਨ ਲਗਭਗ 8 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਉਤੇ ਬੈਠੇ ਹੋਏ ਹਨ। ਕਿਸਾਨ ਸੰਘਰਸ਼ ਨੇ ਪੂਰੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ ਕਿਉਂਕਿ ਇਹ ਸੰਘਰਸ਼ ਸਿਰਫ ਮੋਦੀ ਸਰਕਾਰ ਦੇ ਵਿਰੁੱਧ ਹੀ ਨਹੀਂ ਸਗੋਂ ਖੂਨ ਪੀਣੇ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ ਵੀ ਹੈ। ਇਸ ਅੰਦੋਲਨ ਨੇ ਨਿਰਾਸ਼ ਹੋਈ ਜਵਾਨੀ ਨੂੰ ਇੱਕ ਮਕਸਦ ਦਿੱਤਾ ਹੈ। ਉਹ ਅੰਦੋਲਨ ਵਿਚ ਸ਼ਾਨਦਾਰ ਰੋਲ ਅਦਾ ਕਰ ਰਹੀ ਹੈ। ਇਸ ਲਈ ਫਸਲਾਂ ਅਤੇ ਨਸਲਾਂ ਬਚਾਉਣ ਲਈ ਲੜੀ ਜਾ ਰਹੀ, ਇਸ ਲੜਾਈ ਨੂੰ ਜਿੱਤ ਤੱਕ ਲੈਕੇ ਜਾਣਾ ਅਤਿ ਜ਼ਰੂਰੀ ਹੈ। ਇਹ ਜਿੱਤ ਉਦੋਂ ਹੋਰ ਵੀ ਅਹਿਮੀਅਤ ਰੱਖਦੀ ਹੈ ਜਦੋਂ ਜਵਾਨੀ ਨੂੰ ਪ੍ਰਬੰਧ ਵੱਲੋਂ ਜ਼ਲੀਲ ਕੀਤਾ ਜਾ ਰਿਹਾ ਹੋਵੇ। ਆਪਣੇ ਹੱਥਾਂ ਲੲੀ ਕੰਮ ਮੰਗਦਿਆਂ ਨੂੰ ਨਿੱਤ ਦਿਨ ਸੜਕਾਂ ਉਤੇ ਕੁਟਿਆ ਜਾ ਰਿਹਾ ਹੋਵੇ। ਵੱਡੀ ਗਿਣਤੀ ਹਾਲਾਤਾਂ ਤੋਂ ਨਿਰਾਸ਼ ਹੋਈ ਵਿਦੇਸ਼ਾਂ ਵੱਲ ਭੱਜ ਰਹੀ ਹੋਵੇ। ਅਜਿਹੇ ਸਮੇਂ ਕਿਸਾਨ ਅੰਦੋਲਨ ਦੀ ਜਿੱਤ ਨੌਜਵਾਨ ਪੀੜੀ ਨੂੰ 'ਰੁਜ਼ਗਾਰ ਦੀ ਗਰੰਟੀ' ਲਈ ਇੱਕਮੁੱਠ ਹੋ ਕੇ ਲੜਨ ਦੀ ਪ੍ਰੇਰਨਾ ਦੇਵੇਗੀ। ਇਸ ਲਈ ਆਓ ਕਿਸਾਨ ਅੰਦੋਲਨ ਨੂੰ ਕਾਮਯਾਬ ਕਰਨ ਲਈ, ਆਪਣੇ ਸ਼ਹੀਦਾਂ ਤੋਂ ਪ੍ਰੇਰਨਾ ਲੈਂਦਿਆਂ ਬਣਦਾ ਫਰਜ਼ ਨਿਭਾਈਏ, ਇਹੀ ਸਾਡੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਜ਼ਿੰਦਾਬਾਦ ਜ਼ਿੰਦਾਬਾਦ। 

ਸੰਪਰਕ: ਨਰਿੰਦਰ ਸੋਹਲ 9464113255

No comments:

Post a Comment